“ਭਾਰਤ ਤੇ ਪਾਕਿਸਤਾਨ ਨੂੰ ਸਰਹੱਦ ਨੇ ਤਾਂ ਵੰਡ ਦਿੱਤਾ ਹੈ, ਪਰ ਇਨ੍ਹਾਂ ਦੋਹਾਂ ਦੇਸ਼ਾਂ ਦੀਆਂ ਸਮੱਸਿਆਵਾਂ ...”
(7 ਫਰਬਰੀ 2018)
ਪਾਕਿਸਤਾਨ ਵਿੱਚ ਸੱਤ ਸਾਲ ਦੀ ਇੱਕ ਮਾਸੂਮ ਬੱਚੀ ਜ਼ੈਨਬ ਅਮੀਨ ਦੇ ਬਲਾਤਕਾਰ ਤੋਂ ਬਾਅਦ ਕਤਲ ਨੇ ਇੱਕ ਵਾਰ ਫਿਰ ਅਜੋਕੇ ਸਮਾਜ ਵਿੱਚ ਬੱਚਿਆਂ ਦੀ ਤਰਸਯੋਗ ਹਾਲਤ ਵੱਲ ਸਾਰੀ ਦੁਨੀਆ ਦਾ ਧਿਆਨ ਖਿੱਚਿਆ ਹੈ। ਜ਼ੈਨਬ ਨਾਲ ਵਾਪਰੇ ਘਿਨਾਉਣੇ, ਵਹਿਸ਼ੀਆਨਾ ਅਪਰਾਧ ਵਿਰੁੱਧ ਲੋਕਾਂ ਵਿੱਚ ਵੱਡੀ ਪੱਧਰ ’ਤੇ ਰੋਹ ਦਾ ਪ੍ਰਗਟਾਵਾ ਹੋਇਆ ਹੈ। ਕੇਵਲ ਪਾਕਿਸਤਾਨ ਵਿੱਚ ਹੀ ਨਹੀਂ, ਦੁਨੀਆ ਭਰ ਵਿੱਚ ਇਸ ਕਤਲ ਵਿਰੁੱਧ ਆਵਾਜ਼ ਉੱਠੀ ਹੈ। ਇਸੇ ਤਰ੍ਹਾਂ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਉਸ ਵੇਲੇ ਹੋਇਆ ਸੀ ਜਦ ਹਰਿਆਣਾ ਵਿੱਚ 24 ਘੰਟਿਆਂ ਅੰਦਰ ਸਮੂਹਿਕ ਬਲਾਤਕਾਰ ਦੀਆਂ ਚਾਰ ਘਟਨਾਵਾਂ ਵਾਪਰੀਆਂ ਸਨ। ਇਹ ਵੀ ਮੌਕਾ ਮੇਲ ਹੀ ਕਿਹਾ ਜਾ ਸਕਦਾ ਹੈ ਕਿ ਜਿਸ ਵੇਲੇ ਜ਼ੈਨਬ ਨਾਲ ਵਾਪਰੀ ਵਹਿਸ਼ਤ ਨੂੰ ਲੈ ਕੇ ਕੁਰਲਾਹਟ ਮਚੀ ਹੋਈ ਹੈ, ਹਰਿਆਣਾ ਦੇ ਜੀਂਦ ਵਿੱਚ ਇੱਕ ਪੰਦਰਾਂ ਸਾਲਾਂ ਬਾਲੜੀ ਦੀ ਬੁਰੀ ਤਰ੍ਹਾਂ ਨੋਚੀ ਹੋਈ ਨਿਰਵਸਤਰ ਲਾਸ਼ ਬਰਾਮਦ ਹੋਈ ਹੈ।
ਭਾਰਤ ਤੇ ਪਾਕਿਸਤਾਨ ਨੂੰ ਸਰਹੱਦ ਨੇ ਤਾਂ ਵੰਡ ਦਿੱਤਾ ਹੈ, ਪਰ ਇਨ੍ਹਾਂ ਦੋਹਾਂ ਦੇਸ਼ਾਂ ਦੀਆਂ ਸਮੱਸਿਆਵਾਂ ਨਹੀਂ ਵੰਡੀਆਂ ਗਈਆਂ। ਸਰਹੱਦ ਦੇ ਦੋਵੇਂ ਪਾਸੇ ਬੱਚਿਆਂ ਨਾਲ ਬਲਾਤਕਾਰ ਤੇ ਫਿਰ ਕਤਲਾਂ ਦੀਆਂ ਘਟਨਾਵਾਂ ਆਮ ਹੀ ਵਾਪਰਦੀਆਂ ਹਨ। ਜਦ ਕੋਈ ਮਾਮਲਾ ਸਾਹਮਣੇ ਆ ਜਾਂਦਾ ਹੈ ਤਾਂ ਇੱਕ ਵਾਰ ਵੱਡੀ ਪੱਧਰ ’ਤੇ ਉਬਾਲ ਉੱਠਦਾ ਹੈ ਤੇ ਫਿਰ ਸਭ ਕੁਝ ਸ਼ਾਂਤ ਹੋ ਜਾਂਦਾ ਹੈ। ਬੱਚਿਆਂ ਨਾਲ ਵਾਪਰੇ ਕੁਕਰਮਾਂ ਦੀਆਂ ਬਹੁਤੀਆਂ ਘਟਨਾਵਾਂ ਸਾਹਮਣੇ ਹੀ ਨਹੀਂ ਆਉਣ ਦਿੱਤੀਆਂ ਜਾਂਦੀਆਂ, ਇਲੈਕਟ੍ਰਾਨਿਕ ਮੀਡੀਆ ਦੀ ਆਮਦ ਕਾਰਨ ਥੋੜ੍ਹਾ ਫਰਕ ਜ਼ਰੂਰ ਪਿਆ ਹੈ।
ਜ਼ੈਨਬ ਨਾਲ ਇਹ ਕਹਿਰ ਉਸ ਵੇਲੇ ਵਾਪਰਿਆ ਜਦ ਉਸ ਦੇ ਮਾਂ-ਬਾਪ ਕਿਸੇ ਧਾਰਮਿਕ ਯਾਤਰਾ ’ਤੇ ਗਏ ਹੋਏ ਸਨ ਤੇ ਉਹ ਆਪਣੇ ਚਾਚਾ-ਚਾਚੀ ਨਾਲ ਰਹਿ ਰਹੀ ਸੀ। ਉਸ ਨਾਲ ਇਹ ਕੁਕਰਮ ਉਸ ਦੇ ਗੁਆਂਢ ਵਿੱਚ ਹੀ ਰਹਿਣ ਵਾਲੇ ਇੱਕ 30-35 ਸਾਲ ਦੇ ਪਸ਼ੂਨੁਮਾ ਵਿਅਕਤੀ ਨੇ ਕੀਤਾ ਦੱਸਿਆ ਜਾ ਰਿਹਾ ਹੈ। ਪਾਕਿਸਤਾਨੀ ਅਧਿਕਾਰੀਆਂ ਅਨੁਸਾਰ ਪਿਛਲੇ ਦੋ ਸਾਲਾਂ ਵਿੱਚ ਬਲਾਤਕਾਰ ਤੋਂ ਬਾਅਦ ਕਤਲ ਕੀਤੀ ਜਾਣ ਵਾਲੀ ਜ਼ੈਨਬ 12ਵੀਂ ਬੱਚੀ ਹੈ। ਕਸੂਰ ਜ਼ਿਲ੍ਹੇ ਵਿੱਚ ਜ਼ੈਨਬ ਤੋਂ ਇਲਾਵਾ ਤਿੰਨ ਲੜਕਿਆਂ ਨੂੰ ਵੀ ਕੁਕਰਮ ਤੋਂ ਬਾਅਦ ਕਤਲ ਕਰਨ ਦੀਆਂ ਘਟਨਾਵਾਂ ਇਸੇ ਸਮੇਂ ਦੌਰਾਨ ਹੀ ਸਾਹਮਣੇ ਆਈਆਂ ਹਨ। ਜ਼ੈਨਬ ਤੋਂ ਪਹਿਲਾਂ 4 ਸਾਲਾ ਏਮਾ ਫਾਤਮਾ, 5 ਸਾਲਾ ਆਇਸ਼ਾ ਆਸਿਫ, 7 ਸਾਲਾਂ ਦੀਆਂ ਨੂਰ ਫਾਤਮਾ ਤੇ ਸਨਾ ਓਮਰ, 8 ਸਾਲ ਦੀ ਕਾਇਨਾਤ ਬਤੂਲ ਅਤੇ 11 ਵਰ੍ਹਿਆਂ ਦੀ ਫੌਜ਼ੀਆ ਇਸ ਵਹਿਸ਼ਤ ਦੀ ਭੇਟ ਚੜ੍ਹ ਚੁੱਕੀਆਂ ਹਨ।
‘ਦਿ ਐਕਸਪ੍ਰੈੱਸ ਟਿ੍ਰਬਿਊਨ’ ਦੀ ਰਿਪੋਰਟ ਅਨੁਸਾਰ 2017 ਵਿੱਚ ਸਿਰਫ ਕਸੂਰ ਜ਼ਿਲ੍ਹੇ ਵਿੱਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੇ 129 ਮਾਮਲੇ ਸਾਹਮਣੇ ਆਏ ਹਨ। 2015 ਵਿੱਚ ਇਸੇ ਜ਼ਿਲ੍ਹੇ ਵਿੱਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਦਾ ਇੱਕ ਵੱਡਾ ਸਕੈਂਡਲ ਸਾਹਮਣੇ ਆਇਆ ਸੀ। ਜਿਸ ਵਿੱਚ 25 ਮਰਦ ਸ਼ਾਮਲ ਸਨ। ਉਨ੍ਹਾਂ 2009 ਤੋਂ 2014 ਵਿਚਕਾਰ ਲੱਗਭੱਗ 300 ਬੱਚਿਆਂ ਨਾਲ ਕੀਤੇ ਕੁਕਰਮ ਦੇ ਸੈਕਸ ਵੀਡੀਓ ਬਣਾਕੇ ਨਾ ਕੇਵਲ ਉਨ੍ਹਾਂ ਨੂੰ ਬਲੈਕਮੇਲ ਕੀਤਾ, ਸਗੋਂ ਉਹ ਵੀਡਿਓ ਅੱਗੇ ਵੇਚ ਕੇ ਉਸ ਤੋਂ ਮੋਟੀਆਂ ਰਕਮਾਂ ਵੀ ਬਣਾਈਆਂ।
ਪਾਕਿਸਤਾਨ ਦੇ ਮਨੁੱਖੀ ਅਧਿਕਾਰਾਂ ਬਾਰੇ ਕੌਮੀ ਕਮਿਸ਼ਨ ਅਨੁਸਾਰ 2015 ਦੇ ਇਸ ਸਕੈਂਡਲ ਤੋਂ ਬਾਅਦ ਉਸ ਨੇ ਬੱਚਿਆਂ ਦੇ ਜਿਨਸੀ ਸ਼ੋਸ਼ਣ ਬਾਰੇ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ, ਪਰ ਸਰਕਾਰ ਨੇ ਉਸ ਵੱਲ ਕੋਈ ਧਿਆਨ ਨਹੀਂ ਦਿੱਤਾ। ਮਨੋਹਰ ਲਾਲ ਖੱਟਰ ਕੇਵਲ ਭਾਰਤ ਵਿੱਚ ਹੀ ਨਹੀਂ, ਸਰਹੱਦ ਤੋਂ ਪਾਰ ਵੀ ਹਨ। ਲਹਿੰਦੇ ਪੰਜਾਬ ਦੇ ਕਾਨੂੰਨ ਮੰਤਰੀ ਰਾਣਾ ਸਨਾਉੱਲ੍ਹਾ ਦਾ ਇਹ ਬਿਆਨ ਕਿ ਬੱਚਿਆਂ ਦੀ ਸੁਰੱਖਿਆ ਉਨ੍ਹਾਂ ਦੇ ਮਾਪਿਆਂ ਦੀ ਜ਼ਿੰਮੇਵਾਰੀ ਹੈ, ਇਹੋ ਦਰਸਾਉਂਦਾ ਹੈ। ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਜੇ ਕੋਈ ਕਦਮ ਉਠਾਏ ਹੁੰਦੇ ਤਾਂ ਜ਼ੈਨਬ ਦੀ ਮਾਸੂਮ ਮੁਸਕਾਨ ਕਬਰ ਵਿੱਚ ਨਹੀਂ ਸੀ ਦੱਬੀ ਜਾਣੀ। ਲੋਕਾਂ ਦਾ ਰੋਹ ਜਦ ਬੇਕਾਬੂ ਹੋ ਗਿਆ, ਉਹ ਜਦੋਂ ਸੜਕਾਂ ’ਤੇ ਉੱਤਰ ਕੇ ਭੰਨ-ਤੋੜ, ਸਾੜਫੂਕ ’ਤੇ ਉੱਤਰ ਆਏ, ਸੋਸ਼ਲ ਮੀਡੀਆ ’ਤੇ ਦੁਨੀਆ ਭਰ ਵਿੱਚ ਲੋਕਾਂ ਹੱਲਾ ਬੋਲ ਦਿੱਤਾ, ਜ਼ੈਨਬ ਦੀ ਤਸਵੀਰ ਸ਼ੇਅਰ ਕਰਕੇ ਲੋਕ ਇਨਸਾਫ ਦੀ ਮੰਗ ਕਰਨ ਲੱਗੇ। ਨਿਊਜ਼ ਚੈਨਲ ‘ਸਮਾਂ’ ਦੀ ਐਂਕਰ ਕਿਰਨ ਨਾਜ਼ ਨੇ ਇੱਕ ਵਿਲੱਖਣ ਤਰੀਕੇ ਨਾਲ ਆਪਣੇ ਰੋਹ ਦਾ ਪ੍ਰਗਟਾਵਾ ਕੀਤਾ। ਉਹ ਖਬਰਾਂ ਦੇ ਪ੍ਰਸਾਰਨ ਵੇਲੇ ਆਪਣੀ ਬੱਚੀ ਨੂੰ ਗੋਦ ਵਿੱਚ ਲੈ ਕੇ ਬੈਠੀ। ਉਸ ਨੇ ਕਿਹਾ, “ਅੱਜ ਮੈਂ ਤੁਹਾਡੀ ਨਿਊਜ਼ ਐਂਕਰ ਕਿਰਨ ਨਾਜ਼ ਨਹੀਂ ਹਾਂ। ਅੱਜ ਮੈਂ ਇੱਕ ਮਾਂ ਹਾਂ। ਇਹੀ ਕਾਰਨ ਹੈ ਕਿ ਇੱਥੇ ਆਪਣੀ ਧੀ ਨਾਲ ਬੈਠੀ ਹਾਂ।” ਆਪਣੇ ਰੋਹ ਤੇ ਭਾਵਨਾਵਾਂ ’ਤੇ ਬੜੀ ਮੁਸ਼ਕਲ ਨਾਲ ਕਾਬੂ ਪਾਉਂਦਿਆਂ ਉਸਨੇ ਕਿਹਾ, “ਇਹ ਸੱਚ ਹੈ ਜਦੋਂ ਆਖੀਦਾ ਹੈ ਕਿ ਸਭ ਤੋਂ ਛੋਟਾ ਜਨਾਜ਼ਾ ਸਭ ਤੋਂ ਭਾਰੀ ਹੁੰਦਾ ਹੈ ਤੇ ਇਸ ਤਰ੍ਹਾਂ ਦਾ ਇੱਕ ਛੋਟਾ ਜਨਾਜ਼ਾ ਕਸੂਰ ਦੀਆਂ ਸੜਕਾਂ ’ਤੇ ਹੈ ਅਤੇ ਪੂਰਾ ਪਾਕਿਸਤਾਨ ਉਸ ਜਨਾਜ਼ੇ ਦੇ ਬੋਝ ਹੇਠ ਦੱਬਿਆ ਪਿਆ ਹੈ।” ਨਾਜ਼ ਦੇ ਇਨ੍ਹਾਂ ਬੋਲਾਂ ਨੇ ਲੋਕਾਂ ਦੀਆਂ ਭਾਵਨਾਵਾਂ ਨੂੰ ਜ਼ੁਬਾਨ ਦਿੱਤੀ। ਉਸ ਨੇ ਕਿਹਾ, “ਇਹ ਕੇਵਲ ਜ਼ੈਨਬ ਨਹੀਂ, ਜਿਸ ਦੀ ਮੌਤ ਹੋਈ ਹੈ, ਇਹ ਪੂਰੀ ਮਾਨਵਤਾ ਦੀ ਮੌਤ ਹੈ।” ਇਸ ਤੋਂ ਬਾਅਦ ਹੀ ਪੰਜਾਬ ਦੇ ਮੁੱਖ ਮੰਤਰੀ ਸ਼ਹਿਬਾਜ਼ ਸ਼ਰੀਫ ਦੀ ਅੱਖ ਖੁੱਲ੍ਹੀ ਤੇ ਉਸ ਨੇ 24 ਘੰਟੇ ਅੰਦਰ ਕਾਤਲ ਦੀ ਗਿ੍ਰਫਤਾਰੀ ਦੇ ਹੁਕਮ ਦਿੱਤੇ। 9 ਜਨਵਰੀ ਨੂੰ ਕੂੜੇ ਦੇ ਢੇਰ ਤੋਂ ਜ਼ੈਨਬ ਦੀ ਲਾਸ਼ ਮਿਲਣ ਤੋਂ ਦੋ ਹਫਤੇ ਬਾਅਦ 23 ਜਨਵਰੀ ਨੂੰ ਕਾਤਲ ਦੀ ਗ੍ਰਿਫਤਾਰੀ ਦਾ ਐਲਾਨ ਕੀਤਾ ਗਿਆ।
ਸਰਹੱਦ ਦੇ ਇਸ ਪਾਰ, ਸਾਡੇ ਆਪਣੇ ਵਿਹੜੇ ਸੂਰਤ-ਇ-ਹਾਲ ਕੀ ਹੈ? ਤਾਜ਼ਾ ਸਰਕਾਰੀ ਅੰਕੜਿਆਂ ਅਨੁਸਾਰ ਹਰ 15 ਮਿੰਟ ਵਿੱਚ ਇੱਕ ਬੱਚਾ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੁੰਦਾ ਹੈ। ਕੌਮੀ ਅਪਰਾਧ ਰਿਕਾਰਡ ਬਿਊਰੋ ਵੱਲੋਂ ਜਾਰੀ ਰਿਪੋਰਟ ਤੋਂ ਪਤਾ ਲੱਗਦਾ ਹੈ ਕਿ ਬੱਚਿਆਂ ਵਿਰੁੱਧ ਅਪਰਾਧਾਂ ਦੀਆਂ ਘਟਨਾਵਾਂ ਵਧ ਰਹੀਆਂ ਹਨ। ਇਹ ਵਹਿਸ਼ੀ ਜਬਰ ਹਾਲ ਹੀ ਦੇ ਮਹੀਨਿਆਂ ਵਿੱਚ ਉਸ ਵੇਲੇ ਚਰਚਾ ਦੇ ਕੇਂਦਰ ਵਿੱਚ ਆਇਆ ਸੀ ਜਦੋਂ ਇੱਕ 10 ਸਾਲ ਦੀ ਬਲਾਤਕਾਰ ਪੀੜਤ ਬਾਲੜੀ ਨੂੰ ਇੱਕ ਬੱਚੇ ਨੂੰ ਜਨਮ ਦੇਣ ਲਈ ਮਜਬੂਰ ਹੋਣਾ ਪਿਆ ਸੀ। ਉਸ ਦੇ ਬਲਾਤਕਾਰੀ ਉਸਦੇ ਅਤਿ ਨਜ਼ਦੀਕੀ ਰਿਸ਼ਤੇਦਾਰ ਸਨ, ਜਿਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ।
ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਵੱਲੋਂ 2016 ਵਿੱਚ ਦੇਸ਼ ਅੰਦਰ ਵਾਪਰੇ ਅਪਰਾਧਾਂ ਦੀ ਜਾਰੀ ਇੱਕ ਰਿਪੋਰਟ ਅਨੁਸਾਰ 2016 ਵਿੱਚ ਬੱਚਿਆਂ ਵਿਰੁੱਧ ਅਪਰਾਧਾਂ ਦੇ 1,06,958 ਮਾਮਲੇ ਰਿਕਾਰਡ ਕੀਤੇ ਗਏ। ਇਨ੍ਹਾਂ ਵਿੱਚੋਂ 36,022 ਕੇਸ ਬੱਚਿਆਂ ਦੀ ਜਿਨਸੀ ਹਮਲਿਆਂ ਤੋਂ ਸੁਰੱਖਿਆ ਬਾਰੇ ਕਾਨੂੰਨ (ਪੋਕਸੋ), ਜੋ 2012 ਵਿੱਚ ਬਣਾਇਆ ਗਿਆ ਸੀ, ਅਧੀਨ ਰਿਕਾਰਡ ਕੀਤੇ ਗਏ। ਇਸ ਤਰ੍ਹਾਂ ਭਾਰਤ, ਵਿਸ਼ਵ ਵਿੱਚ ਸਭ ਤੋਂ ਵੱਧ ਜਿਨਸੀ ਸ਼ੋਸ਼ਣ ਤੋਂ ਪੀੜਤ ਬੱਚਿਆਂ ਦਾ ਦੇਸ਼ ਹੈ।
ਇਹ ਉਹ ਅੰਕੜੇ ਹਨ, ਜਿਹੜੇ ਪੁਲਸ ਕੋਲ ਦਰਜ ਹਨ। ਇਹ ਗਿਣਤੀ ਕਿਤੇ ਜ਼ਿਆਦਾ ਵਧ ਸਕਦੀ ਹੈ ਜੇ ਹਰ ਅਪਰਾਧ ਦਰਜ ਹੋਣ ਲੱਗੇ। ਅਜਿਹੀਆਂ ਘਟਨਾਵਾਂ ਬਾਰੇ ਆਮ ਤੌਰ ’ਤੇ ਲੋਕਾਂ ਵਿੱਚ ਝਿਜਕ ਹੈ। ਉਹ ਗੱਲ ਕਰਨ ਵਿੱਚ ਸ਼ਰਮ ਮਹਿਸੂਸ ਕਰਦੇ ਹਨ। ਉਹ ਅਪਰਾਧੀ ’ਤੇ ਉਂਗਲ ਉਠਾਉਣੋਂ ਡਰਦੇ ਹਨ, ਜੋ ਆਮ ਤੌਰ ’ਤੇ ਪਰਵਾਰ ਵਿੱਚੋਂ ਜਾਂ ਪਰਵਾਰ ਦਾ ਕੋਈ ਨਜ਼ਦੀਕੀ ਹੁੰਦਾ ਹੈ। ਬਾਲ ਕਿਰਤੀਆਂ ਨਾਲ ਤਾਂ ਅਕਸਰ ਹੀ ਇਹ ਘਟਨਾਵਾਂ ਵਾਪਰ ਜਾਂਦੀਆਂ ਹਨ ਪਰ ਉਹ ਜ਼ੁਬਾਨ ਨਹੀਂ ਖੋਲ੍ਹ ਪਾਉਂਦੇ। ਸਾਡੇ ਸਮਾਜ ਅੰਦਰ ਸ਼ਰਮ ਤੇ ਭੈਅ ਦਾ ਇੰਨਾ ਜ਼ਿਆਦਾ ਪਸਾਰਾ ਹੈ ਕਿ ਜ਼ੁਬਾਨਾਂ ਠਾਕੀਆਂ ਜਾਂਦੀਆਂ ਹਨ। ਸਾਨੂੰ ਇਹ ਸਵੀਕਾਰ ਕਰਨ ਵਿੱਚ ਹੀ ਦਹਾਕੇ ਲੱਗ ਗਏ ਕਿ ਬੱਚਿਆਂ ਨਾਲ ਜਿਨਸੀ ਅਪਰਾਧ ਵਾਪਰਦੇ ਹਨ ਤਾਂ ਇਨ੍ਹਾਂ ਅਪਰਾਧਾਂ ਬਾਰੇ ਜ਼ੁਬਾਨ ਖੁੱਲ੍ਹਣ ਵਿੱਚ ਅਜੇ ਵਕਤ ਤਾਂ ਲੱਗੇਗਾ ਹੀ।
ਭਾਰਤ ਦੇ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਵੱਲੋਂ 2007 ਵਿੱਚ ਕੀਤੇ ਗਏ ਇੱਕ ਅਧਿਐਨ ਅਧੀਨ 53 ਫੀਸਦੀ ਬੱਚਿਆਂ ਨੇ ਇਹ ਗੱਲ ਕਹੀ ਹੈ ਕਿ ਉਨ੍ਹਾਂ ਨਾਲ ਕਿਸੇ ਨਾ ਕਿਸੇ ਰੂਪ ਵਿੱਚ ਜਿਨਸੀ ਛੇੜਛਾੜ ਹੋਈ ਹੈ ਤੇ ਇਹ ਹਰਕਤ ਕਰਨ ਵਾਲਿਆਂ ਵਿੱਚ ਮਾਪੇ, ਰਿਸ਼ਤੇਦਾਰ ਤੇ ਸਕੂਲ ਅਧਿਆਪਕ ਤੱਕ ਸ਼ਾਮਲ ਹਨ।
ਇੱਕ ਅਧਿਐਨ ਅਨੁਸਾਰ ਹਰ ਪੰਜ ਲੜਕੀਆਂ ਵਿੱਚੋਂ ਇੱਕ ਅਤੇ ਹਰ ਦਸ ਲੜਕਿਆਂ ਵਿੱਚੋਂ ਇੱਕ ਲੜਕਾ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੁੰਦਾ ਹੈ।
2012 ਵਿੱਚ ਦਿੱਲੀ ਵਿੱਚ ਵਾਪਰੇ ਨਿਰਭੈਆ ਕਾਂਡ ਨੇ ਵਿਸ਼ਵ ਭਰ ਦਾ ਧਿਆਨ ਭਾਰਤ ਵਿੱਚ ਔਰਤਾਂ ਅਤੇ ਬੱਚਿਆਂ ਵਿਰੁੱਧ ਜਿਨਸੀ ਹਿੰਸਾ ਵੱਲ ਖਿੱਚਿਆ ਸੀ। ਬਹੁਤ ਤੁਫਾਨ ਖੜ੍ਹਾ ਹੋਇਆ। ਅਖਬਾਰਾਂ, ਇਲੈਕਟ੍ਰਾਨਿਕ ਮੀਡੀਆ, ਸਭ ਪਾਸੇ ਇਸ ਮੁੱਦੇ ’ਤੇ ਚਰਚਾ ਹੋ ਰਹੀ ਸੀ। ਜਾਪਦਾ ਸੀ ਕਿ ਹੁਣ ਤਬਦੀਲੀ ਜ਼ਰੂਰ ਆਵੇਗੀ, ਪਰ ਨਹੀਂ। ਔਰਤਾਂ ਤੇ ਬੱਚਿਆਂ ਵਿਰੁੱਧ ਅਪਰਾਧ ਜਿਓਂ ਦੇ ਤਿਓਂ ਜਾਰੀ ਹਨ।
ਸਾਡੇ ਘਰਾਂ ਵਿੱਚ ਕੀ-ਕੁਝ ਵਾਪਰਦਾ ਹੈ? ਔਰਤਾਂ ਨੂੰ ਖੁੱਲ੍ਹ ਕੇ ਆਪਣੀ ਗੱਲ ਕਰਨ ਦੀ ਆਜ਼ਾਦੀ ਕਿੰਨੇ ਕੁ ਘਰਾਂ ਵਿੱਚ ਹੈ? ਅਜਿਹੀਆਂ ਸਮੱਸਿਆਵਾਂ ਬਾਰੇ ਜਾਗਰੂਕਤਾ ਫੈਲਾਉਣ ਲਈ ਸਰਗਰਮ ਇੱਕ ਸੰਸਥਾ ‘ਬਟਰਫਲਾਈਜ਼’ ਨੇ ਨਿਰਭੈਆ ਕਾਂਡ ਤੋਂ ਬਾਅਦ ਇਸ ਵਿਸ਼ੇ ’ਤੇ ਗੱਲ ਕਰਨ ਲਈ ਗਭਰੇਟ ਲੜਕੇ ਤੇ ਲੜਕੀਆਂ ਨੂੰ ਇਕੱਠੇ ਕੀਤਾ। ਉਸ ਗੱਲਬਾਤ ਵਿੱਚ ਲੜਕੀਆਂ ਨੇ ਆਪਣੀ ਗੱਲ ਖੁੱਲ੍ਹ ਕੇ ਕਹੀ। ਉਨ੍ਹਾਂ ਦਾ ਕਹਿਣਾ ਸੀ, “ਸਾਡੇ ਭਰਾ ਹਰ ਰੋਜ਼ ਆਪਣੇ ਘਰਾਂ ਵਿੱਚ ਕੀ ਦੇਖਦੇ ਹਨ? ਉਹ ਸਾਡੇ ਬਾਪ ਨੂੰ ਸਾਡੀ ਮਾਂ ’ਤੇ, ਸਾਡੇ ’ਤੇ ਜਬਰ ਕਰਦਿਆਂ ਦੇਖਦੇ ਹਨ। ਉਹ ਸਾਡੀ ਕੁੱਟਮਾਰ, ਸਾਨੂੰ ਗਾਲ਼ਾਂ ਪੈਂਦੀਆਂ ਦੇਖਦੇ ਹਨ। ਉਹ ਬਚਪਨ ਤੋਂ ਹੀ ਇਹ ਸਭ ਕੁਝ ਦੇਖਦਿਆਂ ਵੱਡੇ ਹੁੰਦੇ ਹਨ ਤੇ ਔਰਤਾਂ ਨੂੰ ਗਾਲਾਂ ਕੱਢਣਾ, ਜਿਨਸੀ ਸ਼ੋਸ਼ਣ, ਤੇ ਕੁੱਟਮਾਰ ਨੂੰ ਉਹ ਆਪਣਾ ਅਧਿਕਾਰ ਸਮਝਣ ਲੱਗਦੇ ਹਨ।”
ਇਹ ਪਿਤਾ-ਪੁਰਖੀ ਢਾਂਚਾ ਔਰਤਾਂ ਤੇ ਬਾਲੜੀਆਂ ਨੂੰ ਨਿਮਾਣੀਆਂ-ਨਿਤਾਣੀਆਂ ਬਣਾ ਦਿੰਦਾ ਹੈ। ਇਹ ਢਾਂਚਾ ਸਾਡੇ ਸੱਭਿਆਚਾਰ ਦੀ ਬੁਨਿਆਦ ਹੈ, ਜੋ ਗਲ-ਸੜ ਚੁੱਕੀ ਹੈ। ਸਮੇਂ ਦੇ ਵਹਿਣ ਦੇ ਨਾਲ ਇਸ ਵਿੱਚ ਤਬਦੀਲੀ ਹੋਣੀ ਚਾਹੀਦੀ ਸੀ, ਪਰ ਹੋਈ ਨਹੀਂ। ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ, ਸਾਡੀਆਂ ਧੀਆਂ-ਭੈਣਾਂ ਮਾਣ-ਸਨਮਾਨ ਨਾਲ ਜ਼ਿੰਦਗੀ ਜਿਊਣ, ਉਹ ਹਰ ਵੇਲੇ, ਹਰ ਥਾਂ ਸੁਰੱਖਿਅਤ ਰਹਿਣ ਤਾਂ ਸਭ ਤੋਂ ਲਾਜ਼ਮੀ ਹੈ ਕਿ ਇਸ ਪਿਤਾ-ਪੁਰਖੀ ਢਾਂਚੇ ਨੂੰ ਤਬਾਹ ਕੀਤਾ ਜਾਵੇ। ਇਸ ਪਹਿਲੂ ’ਤੇ ਗੰਭੀਰਤਾ ਨਾਲ ਸੋਚਣਾ ਹੋਵੇਗਾ ਕਿ ਆਪਣੇ ਪਰਵਾਰ ਵਿੱਚ ਔਰਤਾਂ ਨਾਲ, ਬੱਚਿਆਂ ਨਾਲ ਕਿਸ ਤਰ੍ਹਾਂ ਦਾ ਵਿਹਾਰ ਕਰਨਾ ਹੈ? ਬੱਚਿਆਂ ਨੂੰ ਕਿਸ ਮਾਹੌਲ ਵਿੱਚ ਪਾਲਣਾ-ਪੋਸ਼ਣਾ ਹੈ? ਇਹ ਤਬਦੀਲੀ ਉਸ ਵਕਤ ਹੀ ਹੋ ਸਕੇਗੀ, ਜਦੋਂ ਅਸੀਂ ਔਰਤਾਂ ਤੇ ਬੱਚਿਆਂ ਪ੍ਰਤੀ ਜਿਨਸੀ ਅਪਰਾਧਾਂ ਦੇ ਮਾਰੂ ਸਿੱਟਿਆਂ ਨੂੰ ਗੰਭੀਰਤਾ ਨਾਲ ਮਹਿਸੂਸ ਕਰਾਂਗੇ ਕਿ ਪੀੜਤ ਬੱਚੇ ਜਾਂ ਔਰਤ ਨੂੰ ਕਿੰਨੀ ਜਿਸਮਾਨੀ, ਮਾਨਸਿਕ ਤੇ ਭਾਵਨਾਤਮਕ ਕੀਮਤ ਅਦਾ ਕਰਨੀ ਪੈਂਦੀ ਹੈ। ਇਹ ਤਬਦੀਲੀ ਕੋਈ ਸੌਖਾ ਕਾਰਜ ਨਹੀਂ ਹੈ।
ਸਰਮਾਏਦਾਰੀ ਵਿਵਸਥਾ ਵਿੱਚ ਔਰਤ ਨੂੰ ਇੱਕ ਇਨਸਾਨ ਵਜੋਂ ਘੱਟ, ਭੋਗ-ਵਿਲਾਸ ਦੀ ਵਸਤੂ ਵਜੋਂ ਵਧੇਰੇ ਪੇਸ਼ ਕੀਤਾ ਅਤੇ ਸਮਝਿਆ ਜਾਂਦਾ ਹੈ। ਸਾਮਰਾਜੀ ਹਮਲੇ ਦੇ ਇਸ ਦੌਰ ਵਿੱਚ, ਜਦੋਂ ਬਰਾਬਰੀ ਦੇ ਮੌਕੇ ਵਾਲੀ ਗੱਲ ਖਤਮ ਹੋ ਗਈ ਹੈ, ਕੁਝ ਵੀ ਗਲਤ ਨਹੀਂ ਤੇ ਸਭ ਕੁਝ ਜਾਇਜ਼ ਹੀ ਸਮਝਿਆ ਜਾਣ ਲੱਗਾ ਹੈ, ਸੱਭਿਆਚਾਰਕ ਕਦਰਾਂ-ਕੀਮਤਾਂ ਹੋਰ ਵੀ ਰਸਾਤਲ ਵੱਲ ਗਈਆਂ ਹਨ। ਪਿਛਲੇ ਸਾਲ ਅਕਤੂਬਰ ਮਹੀਨੇ ਵਿੱਚ ਹਾਲੀਵੁੱਡ ਨਿਰਮਾਤਾ ਹਾਰਵੀ ਵਾਈਨਟੀਨ ’ਤੇ ਲੱਗੇ ਜਿਨਸੀ ਸ਼ੋਸ਼ਣ ਦੇ ਕਈ ਦੋਸ਼ਾਂ ਤੋਂ ਬਾਅਦ ਸੋਸ਼ਲ ਮੀਡੀਆ ’ਤੇ ‘ਹੈਸ਼ਟੈਗ ਮੀ ਟੂ’ ਮੁਹਿੰਮ ਚੱਲੀ ਸੀ। ਇਸ ਮੁਹਿੰਮ ਤੋਂ ਬਾਅਦ ਇਸ ਇੰਡਸਟਰੀ ਵਿੱਚ ਇਸੇ ਬੁਰਾਈ ਖਿਲਾਫ ‘ਟਾਈਮਜ਼ ਅੱਪ’ ਮੁਹਿੰਮ ਚੱਲ ਰਹੀ ਹੈ ਤੇ ਇਨ੍ਹਾਂ ਮੁਹਿੰਮਾਂ ਵਿੱਚ ਰੀਜ਼ ਵਿਦਰਸਪੂਨ, ਨਿਕੋਲ ਕਿਡਮੈਨ, ਜੈਨੀਫਰ-ਏਨਿਸਟਨ, ਐਸ਼ਲੋ ਜੂਡ, ਏਮਾ ਸਟੋਨ ਸਮੇਤ ਵੱਡੇ ਨਾਵਾਂ ਵਾਲੀਆਂ ਅਭਿਨੇਤਰੀਆਂ ਦੀ ਲੰਮੀ ਕਤਾਰ ਲੱਗ ਗਈ ਹੈ, ਜਿਨ੍ਹਾਂ ਆਪਣੇ ਨਾਲ ਹੋਏ ਸ਼ੋਸ਼ਣ ਖਿਲਾਫ ਜ਼ੁਬਾਨ ਖੋਲ੍ਹੀ ਹੈ। ਸਾਡੇ ਆਪਣੇ ਦੇਸ਼ ਦੀਆਂ ਸੋਨਮ ਕਪੂਰ ਵਰਗੀਆਂ ਅਭਿਨੇਤਰੀਆਂ ਨੇ ਵੀ ਹੁਣ ਇਹ ਗੱਲ ਖੁੱਲ੍ਹਕੇ ਕਹੀ ਹੈ ਕਿ ਉਨ੍ਹਾਂ ਨਾਲ ਵੀ ਜਿਸਮਾਨੀ ਛੇੜਛਾੜ ਹੋਈ ਸੀ। ਇਹ ਉਹ ਔਰਤਾਂ ਹਨ ਜਿਹੜੀਆਂ ਦੱਬੇ ਕੁਚਲੇ ਵਰਗ ਵਿੱਚੋਂ ਨਹੀਂ ਹਨ, ਇਹ ਉਹ ਔਰਤਾਂ ਹਨ ਜਿਹੜੀਆਂ ਕਿਸੇ ਦਬਾਅ ਹੇਠ ਨਹੀਂ ਸਮਝੀਆਂ ਜਾਂਦੀਆਂ ਪਰ ਜਿਨਸੀ ਸੋਸ਼ਣ ਤੇ ਜਿਸਮਾਨੀ ਛੇੜਛਾੜ ਬਾਰੇ ਜ਼ੁਬਾਨ ਖੋਲ੍ਹਣ ਲੱਗਿਆਂ ਇਨ੍ਹਾਂ ਨੂੰ ਵੀ ਵਰ੍ਹੇ ਲੱਗ ਗਏ।
ਇਹ ਇੱਕ ਮਿਸਾਲ ਹੈ ਕਿ ਸਰਮਾਏਦਾਰੀ ਪ੍ਰਬੰਧ ਹੇਠ ਔਰਤਾਂ ਦੀ ਦਸ਼ਾ ਕਿਹੋ ਜਿਹੀ ਹੈ। ਸਾਡੇ ਆਪਣੇ ਦੇਸ਼ ਵਿੱਚ ਮੋਦੀ ਦੀ ਅਗਵਾਈ ਹੇਠ ਆਰ ਐੱਸ ਐੱਸ ਦੇ ਸੱਤਾ ਦੇ ਹਰ ਮੋਰਚੇ ’ਤੇ ਕਾਬਜ਼ ਹੋਣ ਉਪਰੰਤ ਸੱਭਿਆਚਾਰ ਨੂੰ ਜੋ ਮਨੂੰਵਾਦੀ ਪੁੱਠ ਚਾੜ੍ਹੀ ਜਾ ਰਹੀ ਹੈ, ਉਸ ਨੇ ਹਾਲਾਤ ਹੋਰ ਵਿਗਾੜ ਦਿੱਤੇ ਹਨ। ਸੰਘ ਦੇ ਐਲਾਨੀਆਂ ਝੰਡਾ ਬਰਦਾਰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵਰਗੇ ਆਗੂ ਬਲਾਤਕਾਰ ਵਰਗੀ ਲਾਹਣਤ ਲਈ ਵਿਵਸਥਾ ਨੂੰ ਘੱਟ, ਔਰਤ ਨੂੰ ਵੱਧ ਦੋਸ਼ੀ ਦੱਸਦੇ ਹਨ ਤੇ ਬਾਕੀ ਦੋਸ਼ ਮੀਡੀਆ ਸਿਰ ਮੜ੍ਹ ਦਿੰਦੇ ਹਨ ਕਿ ਅਜਿਹੇ ਮਾਮਲਿਆਂ ਨੂੰ ਬਿਨਾਂ ਵਜ੍ਹਾ ਤੂਲ ਦਿੱਤੀ ਜਾ ਰਹੀ ਹੈ।
ਕਰਨਾ ਕੀ ਚਾਹੀਦਾ ਹੈ?
ਸਾਡੇ ਹਰ ਘਰ ਵਿਚਲੀ ਜ਼ੈਨਬ ਖੁੱਲ੍ਹੀ ਹਵਾ ਵਿੱਚ ਸਾਹ ਲੈ ਸਕੇ, ਉਸਦੀ ਮੁਸਕਾਨ ਕਬਰ ਵਿੱਚ ਦਫਨ ਨਾ ਹੋਵੇ? ਇਸ ਵਾਸਤੇ ਸਾਨੂੰ ਇੱਕ ਲੋਕ ਜਮਹੂਰੀ ਸੱਭਿਆਚਾਰ ਵਿਕਸਤ ਕਰਨ ਦੀ ਲੋੜ ਹੈ, ਜਿਸ ਵਿੱਚ ਮਰਦ, ਔਰਤ ਤੇ ਬੱਚਿਆਂ ਨੂੰ ਜਿਊਣ ਦੇ ਬਰਾਬਰ ਮੌਕੇ ਮੁਹੱਈਆ ਹੋਣ। ਇਸ ਵਾਸਤੇ ਸਾਨੂੰ ਲੱਚਰ ਸੱਭਿਆਚਾਰ ਖਿਲਾਫ਼ ਆਵਾਜ਼ ਬੁਲੰਦ ਕਰਨੀ ਹੋਵੇਗੀ ਤੇ ਸਿਹਤਮੰਦ ਸੱਭਿਆਚਾਰ ਦੇ ਪੈਰੋਕਾਰਾਂ ਨੂੰ ਅੱਗੇ ਲਿਆਉਣਾ ਹੋਵੇਗਾ। ਸਾਨੂੰ ਆਪਣੇ ਬੱਚਿਆਂ ਨੂੰ ਘਰ ਵਿੱਚ ਤੇ ਬਾਹਰ ਚੰਗੀ ਤੇ ਮਾੜੀ ਛੋਹ ਵਿਚਲੇ ਫਰਕ ਨੂੰ ਸਮਝਾਉਣਾ ਹੋਵੇਗਾ। ਉਨ੍ਹਾਂ ਨੂੰ ਦੱਸਣਾ ਹੋਵੇਗਾ ਕਿ ਜਦ ਕੋਈ ਅਜਨਬੀ ਕੋਈ ਅਜੀਬੋ-ਗਰੀਬ ਹਰਕਤ ਕਰੇ ਤਾਂ ਉਸ ਵੇਲੇ ਕਿਸ ਤਰ੍ਹਾਂ ਜੁਆਬ ਦੇਣਾ ਹੈ। ਜੇ ਕੋਈ ਵੀ ਕਿਤੇ ਵੀ ਗਲਤ ਢੰਗ ਨਾਲ ਛੂੰਹਦਾ ਹੈ ਤਾਂ ਘਰ ਆ ਕੇ ਜ਼ਰੂਰ ਗੱਲ ਕਰਨੀ ਹੈ। ਬੱਚਿਆਂ ਨੂੰ ਸਮਝਾਉਣਾ ਹੋਵੇਗਾ ਕਿ ਉਨ੍ਹਾਂ ਨਾਲ ਹੋਈ ਗਲਤ ਹਰਕਤ ਲਈ ਉਨ੍ਹਾਂ ਨੂੰ ਸ਼ਰਮਿੰਦਗੀ ਮਹਿਸੂਸ ਕਰਨ ਦੀ ਲੋੜ ਨਹੀਂ, ਸ਼ਰਮਿੰਦਾ ਤਾਂ ਉਹ ਹੋਵੇਗਾ ਜਿਸ ਨੇ ਹਰਕਤ ਕੀਤੀ ਹੋਵੇਗੀ। ਬੱਚਿਆਂ ਨੂੰ ਸਿਖਾਉਣਾ ਹੋਵੇਗਾ ਕਿ ਚੁੱਪ ਰਹਿਣਾ ਵੀ ਬਰਾਬਰ ਦਾ ਅਪਰਾਧ ਹੈ। ਤੇ ਖੁਦ ਵੀ ਇਸ ਗੱਲ ਦਾ ਖਿਆਲ ਰੱਖਣਾ ਹੋਵੇਗਾ ਕਿ ਜਦ ਵੀ ਬੱਚਾ ਅਜਿਹੀ ਗੱਲ ਘਰ ਆ ਕੇ ਦੱਸੇ ਤਾਂ ਉਸ ਨੂੰ ਠਰ੍ਹੰਮੇ ਨਾਲ ਸੁਣਿਆ ਜਾਵੇ, ਉਸ ਨੂੰ ਹੌਸਲਾ ਦਿੱਤਾ ਜਾਵੇ ਤੇ ਉਸ ਵਿਚਲੀ ਅਸੁਰੱਖਿਆ ਦੀ ਭਾਵਨਾ ਨੂੰ ਸਮਝਦਿਆਂ ਉਸ ਨੂੰ ਹੋਰ ਖੁੱਲ੍ਹ ਕੇ ਬੋਲਣ ਦੀ ਹੱਲਾਸ਼ੇਰੀ ਦਿੱਤੀ ਜਾਵੇ। ਅਤੇ, ਸੱਭ ਤੋਂ ਵੱਧ, ਪੂੰਜੀਵਾਦੀ ਲੁੱਟ ’ਤੇ ਖੜ੍ਹੇ ਇਸ ਪਿੱਤਰੀ ਪ੍ਰਧਾਨ ਸਮਾਜ ਨੂੰ ਬਰਾਬਰਤਾ ’ਤੇ ਆਧਾਰਤ ਨਿਆਂਸੰਗਤ ਸਮਾਜ ਵਿਚ ਬਦਲਣ ਲਈ ਆਪਣੀ ਵੱਧ ਤੋਂ ਵੱਧ ਸ਼ਕਤੀ ਜੁਟਾਈ ਜਾਵੇ।
ਕੋਈ ਵੀ ਸਮਾਜ ਓਨੀ ਦੇਰ ਤੱਕ ਸਿਹਤਮੰਦ ਨਹੀਂ ਅਖਵਾ ਸਕਦਾ ਜਿੰਨੀ ਦੇਰ ਤੱਕ ਉਸ ਦੀਆਂ ਔਰਤਾਂ ਆਜ਼ਾਦ ਨਹੀਂ, ਉਸ ਦੀਆਂ ਬੱਚੀਆਂ ਖ਼ੌਫ਼ਜ਼ਦਾ ਹਨ। ਉਹ ਸਮਾਜ ਜਿਸ ਦੀ ਜ਼ੈਨਬ ਚੀਥੜਿਆਂ ਦੀ ਹਾਲਤ ਵਿਚ ਕਬਰ ਵਿੱਚ ਦਫਨ ਹੋਵੇ, ਜਿਸ ਦੀ ਜ਼ੈਨਬ ਜੰਗਲ ਵਿੱਚ ਨਿਰਵਸਤਰ ਲਾਸ਼ ਦੀ ਸ਼ਕਲ ਵਿੱਚ ਪਈ ਮਿਲੇ, ਮਨੁੱਖੀ ਸਮਾਜ ਨਹੀਂ ਅਖਵਾ ਸਕਦਾ। ਜ਼ੈਨਬਾਂ ਨੂੰ ਤਾਂ ਖੁੱਲ੍ਹੇ ਅੰਬਰ ਦੀ ਲੋੜ ਹੈ ਤੇ ਇਸ ਖੁੱਲ੍ਹੇ ਅੰਬਰ ਲਈ ਸਾਨੂੰ ਆਪਣੇ ਘਰ ਵਿਚਲੇ ਅੰਬਰ ਨੂੰ ਵੀ ਮੋਕਲਾ ਕਰਨਾ ਹੋਵੇਗਾ।
ਉੱਠੋ, ਜਾਗੋ! ... ਤੁਹਾਡੀ ਜ਼ੈਨਬ ਤੁਹਾਨੂੰ ਉਡੀਕ ਰਹੀ ਹੈ!
*****
(1003)
ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)