“... ਪਰਿਵਾਰ ਲਈ ਆਪਣੇ ਆਪ ਰਾਹ ਖੁੱਲ੍ਹ ਜਾਊ। ਬਾਅਦ ਵਿੱਚ ਤਲਾਕ ਦੇ ਕੇ ‘ਪੱਕਾ ਵਿਆਹ’ ਕਰ ਦਿਆਂਗੇ ...”
(18 ਅਗਸਤ 2021)
ਜਰਨੈਲ ਅੱਜ ਬਹੁਤ ਖੁਸ਼ ਸੀ। ਮੈਂਨੂੰ ਘੁੱਟ ਘੁੱਟ ਜੱਫੀਆਂ ਪਾ ਰਿਹਾ ਸੀ। ਗੱਲ ਹੀ ਇਹੋ ਜਿਹੀ ਸੀ। ਖੁਸ਼ੀ ਨਾਲ ਸਾਡੀਆਂ ਅੱਖਾਂ ਸਿੱਲ੍ਹੀਆਂ ਹੋ ਗਈਆਂ। ਉਹ ਪੁੱਛ ਰਿਹਾ ਸੀ, “ਭਾਜੀ, ਤੈਨੂੰ ਕਿਵੇਂ ਪਤਾ ਸੀ ਕਿ ਇੰਨੀ ਵੱਡੀ ਤਬਦੀਲੀ ਵੀ ਹੋ ਸਕਦੀ ਐ?”
ਗੱਲ ਦਰਅਸਲ ਦੋ ਮਹੀਨੇ ਪੁਰਾਣੀ ਹੈ। ਜਰਨੈਲ ਡਰਾਈਵ ਕਰ ਰਿਹਾ ਸੀ ਤੇ ਮੈਂ ਨਾਲ ਬੈਠਾ ਉਸ ਨਾਲ ਗੱਲੀਂ ਜੁਟਿਆ ਹੋਇਆ ਸੀ। ਫੋਟੋਗਰਾਫ਼ੀ ਮੇਰਾ ਜਨੂੰਨ ਹੈ। ਖਾਸਕਰ ਕੁਦਰਤੀ ਦ੍ਰਿਸ਼ਾਂ ਨੂੰ ਸੰਭਾਲ਼ ਕੇ ਉਨ੍ਹਾਂ ਦੀ ਆਪਣੇ ਵਡੇਰੇ ਪਰਿਵਾਰ ਨਾਲ ਸਾਂਝ ਪੁਆਉਣ ਵਿੱਚ ਮੈਂਨੂੰ ਬਹੁਤ ਸਕੂਨ ਮਿਲਦਾ ਹੈ। ਮੇਰੀ ਇਹ ਆਦਤ ਵੀ ਬਣ ਗਈ ਹੈ ਕਿ ਜਦ ਵੀ ਕਦੇ ਆਲੇ ਦੁਆਲੇ ਮੀਲਾਂ ਤੱਕ ਫੈਲੀਆਂ ਚਰਾਂਦਾਂ ਵਿੱਚ ਗਊਆਂ ਚਰਦੀਆਂ ਦੇਖਦਾ ਹਾਂ ਤਾਂ ਹੱਥ ਆਪ-ਮੁਹਾਰੇ ਫ਼ੋਨ ’ਤੇ ਚਲੇ ਜਾਂਦੇ ਹਨ। ਕੈਮਰਾ ਆਨ ਕਰਕੇ ਤਸਵੀਰਾਂ ਉਤਾਰਨ ਲੱਗ ਜਾਂਦਾ ਹਾਂ। ਪਤਾ ਵੀ ਹੈ ਕਿ ਇੰਨੀ ਦੂਰੋਂ ਫੋਟੋ ਸਾਫ਼ ਨਹੀਂ ਖਿੱਚੀ ਜਾ ਸਕਦੀ ਪਰ ਫੇਰ ਵੀ ਕਲਿੱਕ ਕਰਨੋਂ ਰਿਹਾ ਨਹੀਂ ਜਾਂਦਾ। ਸ਼ਾਇਦ ਇਨ੍ਹਾਂ ਗਊਆਂ ਨੂੰ ਦੇਖ ਕੇ ਮੇਰੇ ਮਨ ਅੰਦਰ ਕਿਤੇ ਆਪਣੀ ਗਾਂ ਦਾ ਹੇਰਵਾ ਜਾਗ ਉੱਠਦਾ ਹੈ! ਬਹੁਤ ਪਿਆਰੀ, ਨਿੱਕੇ-ਨਿੱਕੇ ਸਿੰਙਾਂ ਵਾਲੀ ਮੇਰੀ ਉਸ ਗਾਂ ਦੀ ਮੌਤ ਬਹੁਤ ਦਰਦਨਾਕ ਢੰਗ ਨਾਲ ਹੋਈ ਸੀ। ਕਿਸੇ ‘ਭਲੇ ਮਨੁੱਖ’ ਨੇ ਉਸ ਨੂੰ ਸੂਈਆਂ ਖੁਆ ਦਿੱਤੀਆਂ ਸਨ। ਇਹ ਭੇਤ ਉਸ ਦੀ ਮੌਤ ਤੋਂ ਬਾਅਦ ਸਾਹਮਣੇ ਆਇਆ ਸੀ।
ਕਾਫ਼ੀ ਦੇਰ ਬਾਅਦ ਜਰਨੈਲ ਸਿੰਘ ਨਾਲ ਟੀਮ-ਲੋਡ ਲੈ ਕੇ ਜਾਣ ਦਾ ਸਬੱਬ ਬਣਿਆ ਸੀ। ਰਸਤੇ ਵਿੱਚ ਜਦ ਗਊਆਂ ਚਰਦੀਆਂ ਦੇਖੀਆਂ ਤਾਂ ਹੱਥ ਆਪਣਾ ਕੰਮ ਕਰਨ ਲੱਗ ਪਏ। ਜਰਨੈਲ ਇਹ ਦੇਖ ਕੇ ਹੱਸਿਆ, “ਗਊਆਂ ਦੇਖ ਕੇ ਮੈਂ ਸੋਚ ਰਿਹਾ ਸੀ ਕਿ ਦੇਖੋ ਭਾਜੀ ਫੋਟੋ ਖਿੱਚਦੇ ਆ ਜਾਂ ਨਹੀਂ ਪਰ ਤੁਹਾਨੂੰ ਚੇਤਾ ਨਹੀਂ ਭੁੱਲਿਆ। ਤੁਹਾਡੇ ਫ਼ੋਨ ਵਿਚਲੀਆਂ ਫੋਟੋਆਂ ਵਿੱਚ ਕਾਫ਼ੀ ਹਿੱਸਾ ਤਾਂ ਗਊਆਂ ਦਾ ਈ ਹੋਣਾ ਹੈ!”
ਮੈਂ ਹੱਸ ਪਿਆ ਪਰ ਉਸ ਦੀ ਗੱਲ ਦਾ ਜਵਾਬ ਨਹੀਂ ਦਿੱਤਾ। ਪਰ ਉਹ ਪਤਾ ਨਹੀਂ ਕਿਹੜੇ ਰੌਂ ਵਿੱਚ ਸੀ ਕਿ ਗਊਆਂ ਦੀ ਗੱਲ ਦਾ ਖਹਿੜਾ ਹੀ ਨਹੀਂ ਸੀ ਛੱਡ ਰਿਹਾ। ਮੈਂ ਰੋਕਿਆ ਵੀ, ਪਰ ਕਿੱਥੇ! ਪੁੱਛਣ ਲੱਗਾ, “ਭਾਜੀ, ਵਲੈਤੀ ਗਊਆਂ ਦੇ ਸਿੰਗ ਕਿਉਂ ਦਾਗ ਦਿੱਤੇ ਜਾਂਦੇ ਐ?”
ਗੱਲ ਖਤਮ ਕਰਨ ਲਈ ਮੈਂ ਕਿਹਾ, “ਚੱਲ ਛੱਡ ਵੀ ਹੁਣ! ਦੇਸੀ ਗਊਆਂ ਦੇ ਸਿੰਗ ਤੁਸੀਂ ਨਾ ਦਾਗਿਆ ਕਰੋ।”
ਉਹ ਬੋਲਿਆ, “ਦੇਸੀ ਗਊਆਂ ਰਹੀਆਂ ਹੀ ਕਿੱਥੇ ਆ!”
ਥੋੜ੍ਹੀ ਦੇਰ ਅਟਕ ਕੇ ਡੂੰਘਾ ਸਾਹ ਲੈ ਕੇ ਉਸ ਨੇ ਕਿਹਾ, “ਗਊ ਤਾਂ ਗਊ ਈ ਐ, ਦੇਸੀ ਜਾਂ ਵਲੈਤੀ …! ਸੇਵਾ ਉੰਨੀ ਦੇਰ ਜਿੰਨੀ ਦੇਰ ਦੁੱਧ ਦਿੰਦੀ ਰਹੇ। ਦੋ ਵਾਰ ਗੱਭਣ ਨਾ ਹੋਵੇ ਤਾਂ ਚੱਲ ਬੁੱਚੜਾਂ ਹਵਾਲੇ! … ਮੇਰਾ ਵੱਸ ਚੱਲੇ ਤਾਂ ਸਾਰੀਆਂ ਗਊਆਂ ਦੇ ਸਿੰਗ ਤਿੱਖੇ ਕਰ ਦਿਆਂ!”
ਮੇਰੇ ਕੰਨ ਖੜ੍ਹੇ ਹੋ ਗਏ। ਉਸ ਦਾ ਅਕਸ ਮੇਰੇ ਮਨ ਵਿੱਚ ਇੱਕ ਅਗਾਂਹਵਧੂ ਸਿੱਖ ਵਾਲਾ ਸੀ ਜੋ ਬਾਣੀ ਦੀ ਵਿਆਖਿਆ ਵੀ ਵਿਗਿਆਨਿਕ ਨਜ਼ਰੀਏ ਤੋਂ ਕਰਦਾ ਹੈ। ਪਰ ਇਹ ਤਾਂ ਅਗਾਂਹਵਧੂ ਸਿੱਖ ਵਾਲੀ ਸੋਚਣੀ ਨਹੀਂ ਹੈ! ਟੋਹਣ ਲਈ ਆਰ ਲਾਉਂਦਿਆਂ ਮੈਂ ਕਿਹਾ, “ਭਗਵਾਂ ਰੰਗ ਕਿਹੜੇ ਲਲਾਰੀ ਤੋਂ ਚੜ੍ਹਾਇਐ ਸਿੰਘ ਸਾਹਿਬ ਜੀ?”
“ਕੋਈ ਰੰਗ ਨਹੀਂ ਚੜ੍ਹਿਆ! ਮੈਂ ਦੂਸਰੀਆਂ ਗਊਆਂ ਦੀ ਗੱਲ ਕਰ ਰਿਹਾਂ … ਦੋ ਲੱਤਾਂ ਵਾਲ਼ੀਆਂ ਭੋਡੀਆਂ ਗਊਆਂ ਦੀ …!” ਉਹ ਸੋਚਾਂ ਵਿੱਚ ਡੁੱਬਾ ਕਿਤੇ ਦੂਰ ਪਹੁੰਚਿਆ ਹੋਇਆ ਸੀ! ਮੈਂ ਉਸ ਨੂੰ ਹੋਰ ਕੁਰੇਦਣਾ ਚਾਹੁੰਦਾ ਸੀ ਪਰ ਮੌਕਾ ਢੁੱਕਵਾਂ ਨਹੀਂ ਸੀ। ਥੋੜ੍ਹੀ ਦੇਰ ਬਾਅਦ ਟੀ ਏ ਟਰੱਕ ਸਟਾਪ ਸੀ, ਜਿੱਥੇ ਅਸੀਂ ਰੁਕਣਾ ਸੀ ਫਿਊਲਿੰਗ ਲਈ ਤੇ ਇਸ਼ਨਾਨ-ਪਾਣੀ ਲਈ। ਸੋ ਇੰਤਜ਼ਾਰ ਕਰਨਾ ਬਿਹਤਰ ਸਮਝਿਆ।
ਮੈਂ ਕਿਸਾਨ ਮੋਰਚੇ ਬਾਰੇ ਵੀਡਿਓ ਦੇਖ ਕੇ ਹਟਿਆ ਸੀ ਤੇ ਉਸ ਬਾਰੇ ਜਰਨੈਲ ਨਾਲ ਗੱਲ ਕਰਨੀ ਚਾਹੁੰਦਾ ਸੀ ਪਰ ਉਸ ਨੇ ਮੌਕਾ ਨਹੀਂ ਦਿੱਤਾ। ਟਰੱਕ ਸਟਾਪ ਤੋਂ ਤੁਰਦੇ ਸਾਰ ਉਹ ਬੋਲਿਆ, “ਸੌਣਾਂ ਤਾਂ ਨਹੀਂ ਭਾਜੀ?”
“ਅਜੇ ਕਿੱਥੇ ਜਰਨੈਲ। … ਥੋੜ੍ਹਾ ਅਟਕ ਕੇ ਫੇਰ ਦੇਖੂੰ ਜੇ ਨੀਂਦ ਆ ਜਾਵੇ ਤਾਂ।” ਮੇਰਾ ਜਵਾਬ ਸੀ। ਪਤਾ ਲੱਗ ਗਿਆ ਸੀ ਮੈਂਨੂੰ ਕਿ ਹੁਣ ਜਨਾਬ ਖ਼ੁਦ-ਬ-ਖੁਦ ਦੱਸਣਗੇ! ਜਰਨੈਲ ਕਹਿਣ ਲੱਗਾ, “ਆ ਜਾਓ, ਨਾਲ ਬੈਠੋ ਫੇਰ। ਗੱਲਾਂ-ਬਾਤਾਂ ਕਰਦੇ ਆਂ।”
ਤੇ ਫੇਰ ਜਰਨੈਲ ਮਨ ਦਾ ਬੋਝ ਲਾਹੁਣ ਹੋ ਤੁਰਿਆ, ““ਲੱਖਾ ਯਾਦ ਐ, ਇੱਕ ਵਾਰ ਰਸਤੇ ਵਿੱਚ ਮਿਲਾਇਆ ਸੀ ਤੁਹਾਨੂੰ! ਉਹੀ ਜਿਸਦਾ ਆਪਣੇ ਚਾਚੇ ਨਾਲ ਝਗੜਾ ਚੱਲ ਰਿਹਾ ਸੀ, ਜਿਸ ਦੀ ਇੱਕ ਵੀਡਿਓ ਬਣਾ ਕੇ ਉਸ ਦੀ ਬਦਨਾਮੀ ਕੀਤੀ ਸੀ ਉਸ ਨੇ! ਉਸ ਦਾ ਕੇਸ ਦੋ ਸਾਲ ਅੱਗੇ ਜਾ ਪਿਆ ਹੈ।” ਇਹ ਕਹਿ ਕੇ ਜਰਨੈਲ ਰੁਕਿਆ ਤੇ ਡੂੰਘਾ ਸਾਹ ਲੈ ਕੇ ਫੇਰ ਬੋਲਣ ਲੱਗਾ, “ਹੁਣ ਉਸ ਨੇ ਆਪਣੀ ਨਿੱਕੀ ਭੈਣ ਦਾ ਰਿਸ਼ਤਾ ਇੱਥੇ ਬਲਬੀਰ ਨਾਲ ਕਰ ਦਿੱਤੈ। ਭੈਣ ਉਸ ਦੀ ਬੀਐੱਸਸੀ ਕਰ ਰਹੀ ਐ। … ਤੇ ਬਲਬੀਰ ਦਾ ਹਿਸਾਬ ਤੁਸੀਂ ਖ਼ੁਦ ਲਾ ਲਓ ਕਿ ਉਸ ਦੀ ਧੀ ਲੱਖੇ ਦੀ ਭੈਣ ਨਾਲ਼ੋਂ ਵੱਡੀ ਐ ਤੇ ਉਸ ਨੇ ਆਪਣੀ ਪਹਿਲੀ ਘਰਵਾਲੀ ਨੂੰ ਕਾਗਜ਼ੀ ਤਲਾਕ ਦਿੱਤਾ ਹੋਇਆ ਹੈ। ... ਲੱਖਾ ਸੋਚਦੈ ਕਿ ਜੇ ਕੇਸ ਵੱਲ ਦੇਖਦਾ ਰਿਹਾ ਤਾਂ ਉਹ ਆਪਣਾ ਪਰਿਵਾਰ ਛੇਤੀ ਨਹੀਂ ਮੰਗਵਾ ਸਕੇਗਾ। ਇਸ ਲਈ ਉਸ ਨੇ ਇਹ ਰਾਹ ਕੱਢਿਐ ਕਿ ਕੁੜੀ ਦਾ ਵਿਆਹ ਬਲਬੀਰ ਨਾਲ ਕਰ ਦਿੰਦੇ ਆਂ। ਬਲਬੀਰ ਨੂੰ ਹੁਣੇ ਸਿਟੀਜ਼ਨਸ਼ਿੱਪ ਮਿਲੀ ਐ, ਕੁੜੀ ਜਲਦੀ ਪੱਕੀ ਹੋ ਜਾਊ ਤੇ ਫੇਰ ਬਾਕੀ ਪਰਿਵਾਰ ਲਈ ਆਪਣੇ ਆਪ ਰਾਹ ਖੁੱਲ੍ਹ ਜਾਊ। ਬਾਅਦ ਵਿੱਚ ਤਲਾਕ ਦੇ ਕੇ ‘ਪੱਕਾ ਵਿਆਹ’ ਕਰ ਦਿਆਂਗੇ। ਮਾਂ-ਬਾਪ, ਛੋਟਾ ਭਰਾ ਸਭ ਨੂੰ ਕੁੜੀ ਇੱਧਰ ਬੁਲਾ ਲਏਗੀ ਤੇ ਘਰਵਾਲੀ ਦਾ ਵੀ ਕੋਈ ਇਹੋ ਜਿਹਾ ਜੁਗਾੜ ਹੋ ਜਾਊ …!”
“ਇਹਦੇ ਵਿੱਚ ਤੇਰੀ ਪਰੇਸ਼ਾਨੀ ਕੀ ਐ? ਤੂੰ ਕੁਝ ਵੀ ਨਹੀਂ ਕਰ ਸਕਦਾ, ਐਵੇਂ ਟੈਨਸ਼ਨ ਨਾ ਲਿਆ ਕਰ। ਉਹ ਕੁੜੀ ਵੀ ਤਾਂ ਪੜ੍ਹੀ ਲਿਖੀ ਐ … ਉਹਦੇ ਮੂੰਹ ਵਿੱਚ ਜ਼ੁਬਾਨ ਤਾਂ ਹੋਵੇਗੀ।” ਮੈਂ ਹਰਨੈਲ ਨੂੰ ਸ਼ਾਂਤ ਕਰਨ ਲਈ ਆਖਿਆ।
ਉਹ ਫੇਰ ਸ਼ੁਰੂ ਹੋ ਗਿਆ, “ਕੁੜੀ ਬਾਰੇ ਪਤਾ ਲੱਗਿਐ ਕਿ ਉਹ ਬਹੁਤ ਰੋਈ ਕੁਰਲਾਈ ਸੀ ਪਰ ਉਹਦੀ ਸੁਣੀ ਕਿਸੇ ਨੇ ਨਹੀਂ। ਬਲਬੀਰ ਨਾਲ ਦਸ ਹਜ਼ਾਰ ਡਾਲਰ ਵਿੱਚ ਸੌਦਾ ਹੋਇਆ ਹੈ ਲੱਖੇ ਦਾ। ਸ਼ਰਤ ਇਹ ਐ ਕਿ ਕੁੜੀ ਸਿਟੀਜ਼ਨਸ਼ਿੱਪ ਮਿਲਣ ਤੱਕ ਉਹਦੇ ਨਾਲ ਈ ਰਹੇਗੀ। ਮੇਰੀ ਪਰੇਸ਼ਾਨੀ ਇਹ ਐ ਕਿ ਬਾਣੇ ਪੱਖੋਂ ਲੱਖਾ ਤੇ ਬਲਬੀਰ ਪੂਰੇ ਗੁਰਸਿੱਖ ਹਨ। ਗੁਰਦੁਆਰਾ ਕਮੇਟੀਆਂ ਵਿੱਚ ਪੂਰਾ ਰਸੂਖ਼ ਐ ਪਰ ਕਰਤੂਤਾਂ ਕੀ ਕਰ ਰਹੇ ਐ! … ਆਪਣੇ ਧਰਮ ਵਿੱਚ ਗੱਲੀਂਬਾਤੀਂ ਤਾਂ ਔਰਤ ਨੂੰ ਪੂਰਾ ਸਤਿਕਾਰ ਦਿੱਤਾ ਗਿਆ ਹੈ ਪਰ ਹਕੀਕਤ ਕੀ ਐ? ਦੱਸਣ ਦੀ ਲੋੜ ਐ ਭਲਾ! ਕੁੜੀਆਂ ਬੇਚਾਰੀਆਂ ਤਾਂ ਭੋਡੀਆਂ ਗਊਆਂ ਹਨ ਇਨ੍ਹਾਂ ਲਈ, ਇੱਕ ਕੀਲੇ ਤੋਂ ਦੂਸਰੇ ਕੀਲੇ ਜਦ ਚਾਹੋ ਬੰਨ੍ਹ ਦਿਓ। ਜਦ ਚਾਹੋ ਰੱਸਾ ਕਿਸੇ ਦੇ ਵੀ ਹੱਥ ਫੜਾ ਦਿਓ …! ਇਹ ਤਾਂ ਗ਼ੁਰਬਤ ਦਾ ਸਾਗਰ ਪਾਰ ਕਰਨ ਵਾਲਾ ਜਹਾਜ਼ ਬਣਾ ਰੱਖੀਆਂ ਇਨ੍ਹਾਂ ਕੰਜਰਾਂ ਨੇ! ਗਾਉਂਦੇ ਹੁੰਦੇ ਆ ਨਾ … ਸਤਿਗੁਰਾਂ ਨੇ ਜਹਾਜ਼ ਬਣਾਇਆ, ਆਜੋ ਜੀਹਨੇ ਪਾਰ ਲੰਘਣਾ!” ਉਹ ਚੁੱਪ ਹੋ ਗਿਆ ਸੀ ਪਰ ਸ਼ਾਂਤ ਨਹੀਂ। ਸਟੀਅਰਿੰਗ ’ਤੇ ਉਂਗਲਾਂ ਨਾਲ ਵੱਜ ਰਿਹਾ ਤਬਲਾ ਉਸ ਅੰਦਰ ਉੱਠ ਰਹੀਆਂ ਤੇਜ਼ ਛੱਲ੍ਹਾਂ ਦੀ ਗਵਾਹੀ ਭਰ ਰਿਹਾ ਸੀ। ਉਹ ਜਦ ਵੀ ਪਰੇਸ਼ਾਨ ਹੁੰਦਾ ਹੈ, ਤਬਲਾ ਵਜਾਉਣ ਲੱਗ ਪੈਂਦਾ ਹੈ। ਤਬਲਾਵਾਦਨ ਉਸ ਨੂੰ ਸਕੂਨ ਦਿੰਦਾ ਹੈ, ਇਹ ਗੱਲ ਮੈਂਨੂੰ ਪਤਾ ਹੈ।
ਚੁੱਪ ਤੋੜਨ ਲਈ ਮੈਂ ਕਿਹਾ, “ਮੇਰੇ ਜ਼ਾਕਿਰ ਹੁਸੈਨ …, ਇਹ ਤਾਂ ਹੋ ਗਿਆ ਆਪਣਾ ਰੋਣ-ਧੋਣ! ਤੂੰ ਆਪਣਾ ਗੁੱਭ-ਗਲ੍ਹਾਟ ਕੱਢ ਲਿਐ, ਚੰਗੀ ਗੱਲ ਐ। ਮਸਲੇ ਦਾ ਹੱਲ ਕੀ ਐ ਤੇਰੇ ਕੋਲ?” ਮੈਂ ਜਰਨੈਲ ਵੱਲ ਗਹੁ ਨਾਲ ਦੇਖਦਿਆਂ ਕਿਹਾ।
“ਜੇ ਹੱਲ ਹੁੰਦਾ ਤਾਂ ਤੈਨੂੰ ਰਮਾਇਣ ਕਿਉਂ ਸੁਣਾਉਂਦਾ, ਇਸੇ ਲਈ ਤਾਂ ਰੋਣਾ ਰੋਇਆ ਤੇਰੇ ਕੋਲ।” ਉਸ ਦਾ ਜਵਾਬ ਸੀ।
ਕਾਫ਼ੀ ਦੇਰ ਚੁੱਪ ਪਸਰੀ ਰਹੀ। ਮੇਰੇ ਜ਼ਿਹਨ ਵਿੱਚ ਕੇਸਕੀ ਸਜਾਈ ਉਹ ਕੁੜੀ ਬੇਚਾਰੀ ਜਿਹੀ ਬਣ ਕੇ ਖੜ੍ਹ ਗਈ, ਜਿਵੇਂ ਮੇਰੇ ਵੱਲ ਮਦਦ ਲਈ ਹੱਥ ਵਧਾ ਕੇ ਹਾੜ੍ਹੇ ਕੱਢ ਰਹੀ ਹੋਵੇ। ਅਚਾਨਕ ਇੱਕ ਖਿਆਲ ਮਨ ਵਿੱਚ ਆਇਆ। ਮੈਂ ਜਰਨੈਲ ਨੂੰ ਕਿਹਾ ਕਿ ਉਹ ਕਿਸੇ ਤਰ੍ਹਾਂ ਉਸ ਕੁੜੀ ਨੂੰ ਦਿੱਲੀ ਵਿੱਚ ਚੱਲ ਰਹੇ ਕਿਸਾਨ ਮੋਰਚੇ ਵਿੱਚ ਭੇਜੇ। ਆਸ-ਪਾਸ ਤੋਂ ਕੋਈ ਜਥਾ ਜਾ ਰਿਹਾ ਹੋਵੇ ਤਾਂ ਉਸ ਨਾਲ ਉਹ ਜਾ ਸਕਦੀ ਐ।
“ਇਹਦੇ ਨਾਲ ਕੀ ਫਰਕ ਪਊ?” ਜਰਨੈਲ ਦਾ ਜਵਾਬ ਸੀ।
“ਦੇਖਦੇ ਆਂ, ਸ਼ਾਇਦ ਕੋਈ ਫਰਕ ਪੈ ਈ ਜਾਵੇ।” ਮੈਂ ਕਿਹਾ। ਮੈਂਨੂੰ ਇਹ ਤਾਂ ਉਮੀਦ ਸੀ ਕਿ ਫਰਕ ਤਾਂ ਪਵੇਗਾ ਪਰ ਕਿੰਨਾ ਪਵੇਗਾ, ਇਸ ਬਾਰੇ ਕੁਝ ਵੀ ਕਹਿ ਨਹੀਂ ਸੀ ਸਕਦਾ। ਨੀਂਦ ਆ ਰਹੀ ਸੀ ਤੇ ਜਰਨੈਲ ਤੋਂ ਇਜਾਜ਼ਤ ਲੈ ਕੇ ਮੈਂ ਲੇਟ ਗਿਆ। ਪੂਰੇ ਟਰਿੱਪ ਦੌਰਾਨ ਮੁੜ ਕੇ ਇਹ ਮੁੱਦਾ ਉਸ ਨੇ ਨਹੀਂ ਛੇੜਿਆ।
ਦੋ ਮਹੀਨੇ ਬਾਅਦ ਜਰਨੈਲ ਨਾਲ ਅਚਾਨਕ ਇੱਕ ਮਾਰਕਿਟ ਪਲਾਜ਼ੇ ਵਿੱਚ ਟਾਕਰੇ ਹੋ ਗਏ। “ਭਾਜੀ ਕਮਾਲ ਈ ਹੋ ਗਈ! ਲੱਖੇ ਦੀ ਭੈਣ ਨੇ ਉਹ ਰਿਸ਼ਤਾ ਠੁਕਰਾ ਦਿੱਤੈ … ਸਾਰਾ ਪਰਿਵਾਰ ਬਥੇਰਾ ਕਲਪਿਆ ਪਰ ਉਹ ਨਹੀਂ ਮੰਨੀ।” ਉਹ ਦੱਸ ਰਿਹਾ ਸੀ ਤੇ ਪੁੱਛ ਰਿਹਾ ਸੀ ਕਿ ਮੈਂਨੂੰ ਕਿਵੇਂ ਪਤਾ ਸੀ ਕਿ ਇੰਨੀ ਵੱਡੀ ਤਬਦੀਲੀ ਵੀ ਹੋ ਸਕਦੀ ਐ।
“ਜਰਨੈਲ, ਹਰ ਸ਼ੈਅ, ਹਰ ਜੀਵ ਵਿੱਚ ਅੱਗ ਹੁੰਦੀ ਐ ਪਰ ਉਹ ਸਾਨੂੰ ਉਸ ਵੇਲੇ ਈ ਨਜ਼ਰ ਆਉਂਦੀ ਐ ਜਦ ਲਾਟ ਬਣ ਕੇ ਸਾਹਮਣੇ ਆਵੇ। ਲੋੜ ਬੱਸ ਉਸ ਅੱਗ ਵਿਚਲੀ ਚੰਗਿਆੜੀ ਨੂੰ ਹਵਾ ਦੇਣ ਦੀ ਹੁੰਦੀ ਐ। ਨਤੀਜਾ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਚੰਗਿਆੜੀ ਨੂੰ ਹਵਾ ਦੇਣ ਵਾਲਾ ਕੌਣ ਐਂ! ਸਾਫ਼ ਨੀਅਤ ਵਾਲਾ ਹੋਵੇ ਤਾਂ ਚੰਗਿਆੜੀ ਤੋਂ ਬਣਨ ਵਾਲੀ ਲਾਟ ਹੋਰਨਾਂ ਦਾ ਵੀ ਰਾਹ ਰੁਸ਼ਨਾਏਗੀ, ਮਾੜੀ ਨੀਤ ਵਾਲਾ ਹੋਇਆ ਤਾਂ ਚੰਗਿਆੜੀ ਭਾਂਬੜ ਬਣ ਕੇ ਆਸ-ਪਾਸ ਤਬਾਹੀ ਮਚਾ ਦੇਵੇਗੀ। ਦਿੱਲੀ ਦੀਆਂ ਬਰੂਹਾਂ ’ਤੇ ਲੱਗਾ ਹੋਇਆ ਕਿਸਾਨ ਮੋਰਚਾ ਸਮਾਜ ਦੇ ਹਰ ਹਿੱਸੇ ਵਿੱਚ ਤਬਦੀਲੀ ਦਾ ਸਰੋਤ ਬਣਿਆ ਹੋਇਆ ਹੈ। ਇਸ ਮੋਰਚੇ ਨੇ ਵੱਡੀ ਸਿਰਜਣ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਐ। ਮੈਂਨੂੰ ਪੂਰਾ ਯਕੀਨ ਸੀ ਕਿ ਸਿੰਘੂ ਬਾਰਡਰ ਜਾ ਕੇ ਇਹ ਕੁੜੀ ਜਦ ਉੱਥੇ ਔਰਤਾਂ ਨੂੰ ਮੋਹਰੇ ਹੋ ਕੇ ਕੰਮ ਕਰਦਿਆਂ, ਸਟੇਜ ਤੋਂ ਬੋਲਦਿਆਂ, ਕਵਿਤਾਵਾਂ ਸੁਣਾਉਂਦਿਆਂ, ਰੂੜ੍ਹੀਵਾਦੀ ਸੰਸਕਾਰਾਂ ਨੂੰ ਵੰਗਾਰਦਿਆਂ ਦੇਖੇਗੀ ਤਾਂ ਉਸ ਅੰਦਰਲਾ ਰੋਹ ਜ਼ਰੂਰ ਜਾਗੇਗਾ।” ਮੇਰੀ ਇਹ ਗੱਲ ਸੁਣ ਕੇ ਜਰਨੈਲ ਨੇ ਇੱਕ ਵਾਰ ਫੇਰ ਘੁੱਟ ਕੇ ਮੈਂਨੂੰ ਕਲਾਵੇ ਵਿੱਚ ਲੈ ਲਿਆ।
ਅਸੀਂ ਦੋਵੇਂ ਖੁਸ਼ ਹਾਂ ਕਿ ਅਸੀਂ ਇੱਕ ਪੜ੍ਹੀ ਲਿਖੀ ਕੁੜੀ ਅੰਦਰਲੀ ਅੱਗ ਨੂੰ ਲਾਟ ਵਿੱਚ ਬਦਲਣ ਵਿੱਚ ਸਫਲ ਰਹੇ ਹਾਂ। ਜਰਨੈਲ ਅਨੁਸਾਰ ਹੁਣ ਉਹ ਕੁੜੀ ‘ਭੋਡੀ ਗਊ’ ਨਹੀਂ ਰਹੀ, ਨਾ ਹੀ ਗ਼ੁਰਬਤ ਪਾਰ ਕਰਵਾਉਣ ਵਾਲਾ ਜਹਾਜ਼। ਪਹਿਲਾਂ ਸਿਰਫ ਵੇਸ ਸਿੰਘਣੀ ਵਾਲਾ ਸੀ ਪਰ ਹੁਣ ਉਹ ਅਸਲ ਸਿੰਘਣੀ ਬਣੀ ਹੈ।
ਮੈਂ ਉਸ ਵੇਲੇ ਦਿੱਲੀ ਨਾਲ ਮੋਰਚਾ ਲਾਈ ਬੈਠੇ ਕਿਸਾਨਾਂ-ਮਜ਼ਦੂਰਾਂ ਨੂੰ ਮਨ ਹੀ ਮਨ ਸਿਜਦਾ ਕੀਤਾ ਜੋ ਦੇਸ਼ ਦੇ ਦੱਬੇ ਕੁਚਲੇ ਲੋਕਾਂ ਨੂੰ ਆਪਣਾ ਦਰਦ ਬਿਆਨ ਕਰਨ ਲਈ ਹੌਸਲਾ ਤੇ ਜ਼ੁਬਾਨ ਦੇ ਰਹੇ ਹਨ।
ਸਮਾਂ ਬਹੁਤ ਬਦਲ ਗਿਆ ਹੈ। ਅਸੀਂ ਅਜੇ ਵੀ ‘ਪਰਵਾਰ ਦੀ ਇੱਜ਼ਤ’ ਦੇ ਨਾਂਅ ’ਤੇ ਆਪਣੀਆਂ ਧੀਆਂ-ਭੈਣਾਂ ਨਾਲ ਜ਼ੁਲਮ ਕਮਾ ਰਹੇ ਹਾਂ। ਧੀਆਂ-ਭੈਣਾਂ ਵੀ ਮਾਨਵੀ ਜੀਵ ਹਨ। ਉਨ੍ਹਾਂ ਕੋਲ ਵੀ ਆਪਣਾ ਦਿਮਾਗ਼ ਹੈ, ਆਪਣਾ ਵਿਵੇਕ ਹੈ! ਉਹ ਭੋਡੀਆਂ ਗਊਆਂ ਨਹੀਂ ਤੇ ਨਾ ਹੀ ਪਰਿਵਾਰ ਦੀ ਗਰੀਬੀ ਕੱਢਣ ਵਾਲਾ ਜਹਾਜ਼!
ਉਨ੍ਹਾਂ ਅੰਦਰ ਵੀ ਦਿਲ ਧੜਕਦਾ ਹੈ!
ਉਨ੍ਹਾਂ ਵਿੱਚ ਵੀ ਸੰਵੇਦਨਾ ਹੈ!
ਉਨ੍ਹਾਂ ਕੋਲ ਵੀ ਵਿਵੇਕ ਹੈ!
ਉਨ੍ਹਾਂ ਨੂੰ ਵੀ ਚੰਗੇ-ਮਾੜੇ ਦੀ ਪਛਾਣ ਹੈ!
ਉਨ੍ਹਾਂ ਨਾਲ ਮਨੁੱਖਾਂ ਵਾਂਗ ਵਿਹਾਰ ਕਰੋ! ਉਨ੍ਹਾਂ ’ਤੇ ਫ਼ੈਸਲੇ ਠੋਸੋ ਨਾ, ਖ਼ੁਦ ਕਰਨ ਦਿਉ ਉਨ੍ਹਾਂ ਨੂੰ ਆਪਣੇ ਫ਼ੈਸਲੇ!
ਉਹ ਵੀ ਮਨੁੱਖ ਹਨ, ਆਦਮ ਤੇ ਹਵਾ ਦੀਆਂ ਜਾਈਆਂ!!
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2959)
(ਸਰੋਕਾਰ ਨਾਲ ਸੰਪਰਕ ਲਈ: