InderjitChugavan7ਹਾਂ, ਇਹ ਕੰਮ ਸਮਾਂ ਮੰਗਦਾ ਹੈ ਤੇ ਸਮਾਂ ਸਾਨੂੰ ਕੱਢਣਾ ਹੀ ਪੈਣਾ ਹੈ ...
(18 ਮਈ 2020)

 

ਮੇਰੇ ਦੋਸਤ ਬਹੁਤ ਭਾਵੁਕ ਹਨਉਨ੍ਹਾਂ ਨੂੰ ਉੰਨੀ ਆਪਣੀ ਫਿਕਰ ਨਹੀਂ ਜਿੰਨੀ ਦੂਸਰਿਆਂ ਦੀ! ਮੈਂਨੂੰ ਜਿੰਨਾ ਪਿਆਰ ਉਹ ਕਰਦੇ ਹਨ, ਉੰਨਾ ਸ਼ਾਇਦ ਮੈਂ ਵੀ ਆਪਣੇ ਆਪ ਨੂੰ ਨਾ ਕਰਦਾ ਹੋਵਾਂਉਨ੍ਹਾਂ ਦੀ ਇਹ ਸੰਵੇਦਨਸ਼ੀਲਤਾ ਮੇਰੇ ਲਈ ਹਮੇਸ਼ਾ ਫਿਕਰਮੰਦੀ ਦਾ ਸਬੱਬ ਬਣੀ ਰਹਿੰਦੀ ਹੈਬਹੁਤ ਵਾਰ ਸਮਝਾਇਆ ਹੈ ਕਿ ਜ਼ਿੰਦਗੀ ਇੱਦਾਂ ਨਹੀਂ ਚੱਲ ਸਕਦੀ ਕਿ ਸੰਵੇਦਨਸ਼ੀਲਤਾ ਤੁਹਾਡੇ ਤਰਕ ਨੂੰ ਹੀ ਮਾਰ ਦੇਵੇ! ਇਸੇ ਕਾਰਨ ਇਸ ਪਿਆਰ ਦੇ ਨਾਲ ਸਾਡਾ ਤਕਰਾਰ ਵੀ ਹੋ ਜਾਂਦਾ ਹੈਮੇਰੀ ਇਹ ਸਮਝਦਾਰੀ ਹੈ, ਹੋ ਸਕਦਾ ਹੈ ਗਲਤ ਵੀ ਹੋਵੇ, ਕਿ ਜਿਸ ਪਿਆਰ ਵਿੱਚ ਤਕਰਾਰ ਨਹੀਂ, ਉਹ ਪਿਆਰ ਹੋ ਹੀ ਨਹੀਂ ਸਕਦਾ!

‘ਕਰੋਨਾ ਸੰਕਟ’ ਦੇ ਇਨ੍ਹਾਂ ਦਿਨਾਂ ਦੌਰਾਨ ਮੈਂਨੂੰ ਸਖਤ ਹਦਾਇਤ ਹੈ ਕਿ ਘਰੋਂ ਬਾਹਰ ਪੈਰ ਨਹੀਂ ਪਾਉਣਾ ਕਿਉਂਕਿ ਅਮਰੀਕਾ ਦੇ ਹਾਲਾਤ ਬਹੁਤ ਮਾੜੇ ਚੱਲ ਰਹੇ ਹਨਕੋਈ ਵੀ ਖ਼ਬਰ ਹੋਵੇ, ਸਭ ਤੋਂ ਪਹਿਲਾਂ ਉਨ੍ਹਾਂ ਕੋਲ ਪਹੁੰਚਦੀ ਹੈ ਤੇ ਫੇਰ ਮੇਰੇ ਕੋਲਫੇਰ ਨਾਲ ਹੀ ਹਦਾਇਤ ਵੀ, “ਮੈਂਨੂੰ ਪਤਾ ਜਨਾਬ ਦਾ! ਆਪਣੀ ਘੱਟ, ਦੁਨੀਆ ਦੀ ਚਿੰਤਾ ਜ਼ਿਆਦਾ! ਰੱਬ ਦਾ ਵਾਸਤਾ, ਜਾਨ ਐਂ ਤਾਂ ਜਹਾਨ ਹੈ!” ਲੰਮੀਆਂ ਨਸੀਹਤਾਂ ਦਾ ਸਿਲਸਿਲਾ ਚੱਲ ਪੈਂਦਾ ਹੈ। ਵਿੱਚੋਂ ਟੋਕ ਕੇ ਮੈਂਨੂੰ ਕਹਿਣਾ ਪੈਂਦਾ ਹੈ ਕਿ ਖ਼ਬਰ ਬਾਰੇ ਪਤਾ ਜ਼ਰੂਰ ਕਰ ਲਿਆ ਕਰੋ ਪਹਿਲਾਂ ਕਿ ਸੱਚੀ ਵੀ ਐਇਹ ਕਹਿਣ ’ਤੇ ਉਹ ਨਰਾਜ਼ ਹੋ ਕੇ ਫ਼ੋਨ ਕੱਟ ਦਿੰਦੇ ਹਨ ਤੇ ਅਗਲੇ ਦਿਨ ਨਵੀਂ ਖ਼ਬਰ ਸੁਣਾਉਣ ਤਕ ਨਰਾਜ਼ਗੀ ਬਰਕਰਾਰ ਰਹਿੰਦੀ ਹੈ!

ਇਸ ਵਾਰ ਦੋ ਦੋਸਤਾਂ ਵਲੋਂ ਇੱਕੋ ਖ਼ਬਰ ਦੀ ਕਲਿਪਿੰਗ ਵਟਸੈਪ ’ਤੇ ਮਿਲੀਸਵੇਰ ਦਾ ਵੇਲਾ, ਚੈੱਕ ਕਰਦੇ ਸਾਰ ਨਾਲ ਈ ਫ਼ੋਨ, “ਦੇਖੀਂ ਕਿਤੇ ਭਰਾਵਾ ...!” ਖ਼ਬਰ ਕੀ ਹੈ- ਨਿਊ ਯਾਰਕ ਵਿੱਚ ਸ਼ਮਸ਼ਾਨ ਘਾਟਾਂ ਵਿੱਚ ਦਾਹ-ਸੰਸਕਾਰ ਕਰਨ ਵਾਲੇ ਮੁਲਾਜ਼ਮਾਂ ਨੂੰ ਸੌਣ ਦਾ ਵੀ ਸਮਾਂ ਨਹੀਂ ਮਿਲ ਰਿਹਾਇੱਕ ਮਾਈਕਲ ਜੋਨਸ ਨਾਂ ਦਾ ਮੁਲਾਜ਼ਮ ਕੰਮ ਕਰਦਾ ਕਰਦਾ ਥੱਕ ਕੇ ਸੌਂ ਗਿਆ ਤੇ ਦੂਸਰੇ ਮੁਲਾਜ਼ਮਾਂ ਨੇ ਉਸ ਨੂੰ ਉਹ ਵਿਅਕਤੀ ਸਮਝ ਲਿਆ ਜਿਸ ਦੀ ਕਰੋਨਾ ਕਾਰਨ ਮੌਤ ਹੋ ਚੁੱਕੀ ਸੀ ਤੇ ਵਾਰੀ ਉਸੇ ਦਾ ਦਾਹ-ਸੰਸਕਾਰ ਕਰਨ ਦੀ ਸੀਉਣੀਂਦੇ ਦੇ ਝੰਬੇ ਹੋਏ ਮੁਲਾਜ਼ਮਾਂ ਨੇ ਉਸ ਨੂੰ ਚੁੱਕ ਕੇ ਭੱਠੀ ਵਿੱਚ ਰੱਖ ਦਿੱਤਾਇਸ ਤੋਂ ਪਹਿਲਾਂ ਕਿ ਉਨ੍ਹਾਂ ਨੂੰ ਗਲਤੀ ਦਾ ਅਹਿਸਾਸ ਹੁੰਦਾ, ਉਸ ਦਾ ਜਿਊਂਦੇ ਜੀਅ ਭੋਗ ਪੈ ਚੁੱਕਾ ਸੀਮੈਂ ਵੀ ਪਰੇਸ਼ਾਨ ਹੋ ਉੱਠਿਆ ਤੇ ਭਾਵੁਕ ਵੀ! ਮੇਰੀ ਹਮਸਫ਼ਰ ਦੀਆਂ ਅੱਖਾਂ ਵੀ ਭਰ ਆਈਆਂ

ਇੰਨੇ ਨੂੰ ਇੰਗਲੈਂਡ ਤੋਂ ਸਾਡੀ ਭੈਣ, ਬੱਚਿਆਂ ਦੀ ਮਾਸੀ ਦਾ ਫ਼ੋਨ ਆ ਗਿਆ ਤੇ ਖ਼ਬਰ ਉਸ ਕੋਲ ਵੀ ਪਹੁੰਚ ਗਈ! ਉਹ ਵੀ ਪਰੇਸ਼ਾਨ ਹੋ ਉੱਠੀ ਪਰ ਇਸ ਖ਼ਬਰ ਦਾ ਪੰਜ-ਦਸ ਮਿੰਟ ਵਿੱਚ ਭੋਗ ਪੈ ਗਿਆ ਕਿਉਂਕਿ ਦੋਹਾਂ ਭੈਣਾਂ ਦੀ ਗੱਲ-ਬਾਤ ਦੇ ਚੱਲਦਿਆਂ ਮੈਂ ਇੰਟਰਨੈੱਟ ’ਤੇ ਜਾ ਕੇ ਚੈੱਕ ਕਰ ਲਿਆ ਸੀ ਕਿ ਇਹ ਸੱਚੀ ਖ਼ਬਰ ਨਹੀਂ, ਸਗੋਂ ਇੱਕ ਕੋਰੀ ਅਫ਼ਵਾਹ ਹੈ

ਐਪਰ ਮੇਰੇ ਦੋਸਤ ਗਲਤ ਨਹੀਂ ਸਨ, ਉਨ੍ਹਾਂ ਦੀ ਫਿਕਰਮੰਦੀ ਗਲਤ ਨਹੀਂ ਸੀਉਨ੍ਹਾਂ ਕੋਲ ਵਿਹਲ ਹਿ ਨਹੀਂ ਹੈ ਕਿ ਖ਼ਬਰ ਨੂੰ ਭਰੋਸੇਯੋਗਤਾ ਦੇ ਪਹਿਲੂ ਤੋਂ ਵੀ ਵਿਚਾਰਨਉਹ ਭੁੱਲ ਗਏ ਹਨ ਕਿ ਖਬਰ ਨੂੰ ਟੁਣਕਾ ਕੇ ਦੇਖਣਾ ਬੇਹੱਦ ਜ਼ਰੂਰੀ ਹੈ ਕਿਉਂਕਿ ਖਪਤਵਾਦੀ ਦੌਰ ਦੌਰਾਨ ਖ਼ਬਰ ਤਾਂ ਕੀ, ਕੋਈ ਸ਼ੈਅ ਵੀ, ਇੱਥੋਂ ਤਕ ਕਿ ਰਿਸ਼ਤੇ ਵੀ ਭਰੋਸੇਯੋਗ ਨਹੀਂ ਰਹੇ

ਖ਼ਬਰ ਪਹਿਲੀ ਨਜ਼ਰੇ ਪਰੇਸ਼ਾਨ ਕਰਨ ਵਾਲੀ ਹੈ ਤੇ ਜਦ ਅਖਬਾਰ ਨੇ ਛਾਪੀ ਹੋਵੇ ਤਾਂ ਫੇਰ ਇੱਕ ਸਧਾਰਨ ਪਾਠਕ ਲਈ ਗਲਤ ਵੀ ਕਿਵੇਂ ਹੋ ਸਕਦੀ ਹੈ! ਜ਼ਮਾਨਾ ਸੋਸ਼ਲ ਮੀਡੀਆ ਦਾ ਹੈ ਤੇ ਫਿਕਰਮੰਦੀ ਜ਼ਾਹਰ ਕਰਨ ਲਈ ਕਿ ਦੇਖੋ ਯਾਰੋ, ਆਹ ਕੀ ਹੋਣ ਲੱਗ ਪਿਆ, ਮੱਲੋ-ਮੱਲੀ ਸ਼ੇਅਰ ਵਾਲਾ ਬਟਨ ਨੱਪਿਆ ਜਾਂਦਾ ਹੈਅੱਗੋਂ ਗਰੁੱਪ ਬਣੇ ਹੋਏ ਹਨ ਤੇ ਇੱਕ ਬੰਦਾ ਦਸ ਦਸ ਗਰੁੱਪਾਂ ਦਾ ਮੈਂਬਰ ਹੁੰਦਾ ਹੈ ਤੇ ਖ਼ਬਰ ਵਰੋਲ਼ਾ ਬਣ ਜਾਂਦੀ ਐਪਤਾ ਕਰਨ ਦੀ, ਕਿੰਤੂ ਕਰਨ ਦੀ ਜ਼ਹਿਮਤ ਕੋਈ ਨਹੀਂ ਉਠਾਉਂਦਾਕੀਹਦੇ ਕੋਲ ਇੰਨਾ ਸਮਾਂ! ਪਰ ਗੱਲ ਅੱਗੇ ਤੋਂ ਅੱਗੇ ਸਾਂਝੀ ਕਰਕੇ ਸਕੂਨ ਤਾਂ ਹਾਸਲ ਕਰਨਾ ਹੀ ਹੋਇਆ! ਇਸ ਤਰ੍ਹਾਂ ਅਣਹੋਈ ਖ਼ਬਰ, ਹੋਣੀ ਬਣ, ਸਮਾਜ ਦੇ ਵੱਡੇ ਹਿੱਸੇ ਦੇ ਜ਼ਿਹਨ ’ਤੇ ਛਾ ਜਾਂਦੀ ਹੈ

ਜੇ ਮੈਂ ਇਸ ਖ਼ਬਰ ਨੂੰ ਉਸੇ ਵੇਲੇ ਚੈੱਕ ਕਰਨ ਦੀ ਜ਼ਹਿਮਤ ਨਾ ਉਠਾਉਂਦਾ ਤਾਂ ਇਹ ਮੇਰੇ ਆਲੇ ਦੁਆਲੇ ਵੀ ਵਰੋਲ਼ਾ ਬਣ ਛਾ ਜਾਣੀ ਸੀਪਰ ਮੈਂ ਜੇ ਰੋਕ ਸਕਿਆਂ ਹਾਂ ਤਾਂ ਆਪਣੇ ਸੀਮਤ ਦਾਇਰੇ ਵਿੱਚਇਹ ਖ਼ਬਰ ਮੇਰੇ ਦੋਸਤਾਂ ਨੇ ਹੋਰਨਾਂ ਨੂੰ ਵੀ ਭੇਜੀ ਹੋਵੇਗੀਉਨ੍ਹਾਂ ਦਾ ਇੱਕੋ-ਇੱਕ ਦੋਸਤ ਮੈਂ ਹੀ ਤਾਂ ਨਹੀਂ ਤੇ ਅੱਗੋਂ ਕਿੰਨਿਆਂ ਨੇ ਇਹ ਚੈੱਕ ਕੀਤੀ ਹੋਵੇਗੀ, ਕਹਿ ਨਹੀਂ ਸਕਦਾ ਕਿਉਂਕਿ ਜ਼ਮਾਨਾ ਹੀ ਪੱਕੀ ਪਕਾਈ ਖਾਣ ਦਾ ਹੈ!

ਇਹ ਖ਼ਬਰ ਦਰਅਸਲ ਸਭ ਤੋਂ ਪਹਿਲਾਂ ਇੱਕ ਵੈੱਬਸਾਈਟ “ਵੀਕਲੀ ਇਨਕੁਆਇਰਰ” ’ਤੇ ਪੋਸਟ ਕੀਤੀ ਗਈਇੱਥੋਂ ਇਹ ਖ਼ਬਰ ਵੱਖ ਵੱਖ ਵੈੱਬਸਾਈਟਾਂ ਤੇ ਅਖ਼ਬਾਰਾਂ ਨੇ ਲੈ ਕੇ ਆਪੋ-ਆਪਣੇ ਪਾਠਕਾਂ ਨੂੰ ਪਰੋਸ ਦਿੱਤੀਦੇਖਣ ਨੂੰ ਇਹ ਇੱਕ ਆਮ ਗੱਲ ਜਾਪ ਸਕਦੀ ਹੈ ਪਰ ਇਸ ਪਿੱਛੇ ਇੱਕ ਬਹੁਤ ਹੀ ਖ਼ਤਰਨਾਕ ਖੇਡ ਹੈ, ਜਿਸ ਨੂੰ ਸਮਝਣਾ ਬੇਹੱਦ ਜ਼ਰੂਰੀ ਹੈ ਤੇ ਉਹ ਵੀ ਇਸ ਦੌਰ ਵਿੱਚ ਜਦੋਂ ਪੂਰੀ ਦੁਨੀਆਂ ਆਪੋ-ਆਪਣੇ ਘਰਾਂ ਵਿੱਚ ਕੈਦ ਭੁਗਤ ਰਹੀ ਹੈ

ਸਾਨੂੰ ਇੱਕ ਜਿਊਂਦੇ ਬੰਦੇ ਨੂੰ ਲਾਸ਼ ਮੰਨਣ ਲਈ ਕਿਹਾ ਜਾਂਦਾ ਹੈ ਤੇ ਫੇਰ ਉਸ ਜਿਊਂਦੀ ਲਾਸ਼ ਨੂੰ ਫੂਕਣ ਦਾ ਨਾਟਕ ਕਰਕੇ ਸਾਡੀ ਸੰਵੇਦਨਾ ਨੂੰ ਪਰਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈਅਸੀਂ ਮਨੁੱਖ ਹਾਂ ਯਾਰੋ! ਇੱਕ ਜਿਊਂਦੇ ਮਨੁੱਖ ਨੂੰ ਭੱਠੀ ਵਿੱਚ ਝੋਕਣ ਦਾ ਖਿਆਲ ਵੀ ਸਾਨੂੰ ਝੰਜੋੜ ਕੇ ਰੱਖ ਦਿੰਦਾ ਹੈਗੱਲ ਇੱਥੇ ਹੀ ਨਹੀਂ ਖਤਮ ਹੋ ਜਾਂਦੀ, ਸਾਡੇ ਨਾਲ ਫੇਰ ਅਜਿਹਾ ਨਾਟਕ ਖੇਡਿਆ ਜਾਂਦਾ ਹੈਅਸੀਂ ਮੁੜ ਹਾਏ-ਤੌਬਾ ਮਚਾਉਂਦੇ ਹਾਂ ਤੇ ਫੇਰ ਸ਼ਾਂਤ ਹੋ ਜਾਂਦੇ ਹਾਂਇਹ ਨਾਟਕ ਜਦ ਵਾਰ-ਵਾਰ ਸਾਡੇ ਅੱਗੇ ਦੁਹਰਾਇਆ ਜਾਵੇਗਾ ਤਾਂ ਫੇਰ ਅਸੀਂ ਕੋਈ ਪ੍ਰਤਿਕਿਰਿਆ ਕਰਨੋਂ ਹਟ ਜਾਵਾਂਗੇਅੰਤ ਕੀ ਹੋਵੇਗਾ? ਉਹ ਸੱਚਮੁੱਚ ਸਾਡੇ ਵਿੱਚੋਂ ਕਿਸੇ ਨੂੰ ਜਿਊਂਦੇ ਜੀਅ ਚੁੱਕ ਕੇ ਭੱਠੀ ਵਿੱਚ ਰੱਖ ਦੇਣਗੇ ਤੇ ਅਸੀਂ ਸਮਝਾਂਗੇ ਕਿ ਇਹ ਸਭ ਨਾਟਕ ਹੋ ਰਿਹਾ ਹੈ। ਪਰ ਉਹ ਨਾਟਕ ਨਹੀਂ ਹੋਵੇਗਾ, ਸਗੋਂ ਹਕੀਕਤ ਹੋਵੇਗੀ! ਅੱਜ ਇਹ ਮਾਈਕਲ ਦੇ ਨਾਂਅ ’ਤੇ ਹੋਇਆ ਹੈ, ਭਲਕੇ ਮਲਕੀਤ ਦੇ ਨਾਂਅ ’ਤੇ ਹੋਵੇਗਾ ਤੇ ਫੇਰ ਮੁਹੰਮਦ ਦੇ ਨਾਂਅ ’ਤੇ! ਜਦ ਤਕ ਸਾਨੂੰ ਪਤਾ ਲੱਗੇਗਾ, ਬਹੁਤ ਦੇਰ ਹੋ ਚੁੱਕੀ ਹੋਵੇਗੀ ਤੇ ਅਸੀਂ ਥੋੜ੍ਹਾ ਬਹੁਤ ਹਾਏ-ਤੌਬਾ ਮਚਾ ਕੇ ਫੇਰ ਸ਼ਾਂਤ ਹੋ ਜਾਵਾਂਗੇ

ਇਹ ਹੈ ਸਮਾਜ ਦੀ ਸੰਵੇਦਨਸ਼ੀਲਤਾ ਦਾ ਸਮੂਹਿਕ ਉਧਾਲ਼ਾ! ਤੁਸੀਂ ਆਪਣੇ ਆਪ ਨੂੰ ਸੰਵੇਦਨਸ਼ੀਲ ਸਮਝੋਗੇ ਤੇ ਬਿਨਾ ਸ਼ੱਕ ਹੋਵੋਗੇ ਵੀ, ਪਰ ਤੁਹਾਨੂੰ ਪਤਾ ਨਹੀਂ ਚੱਲੇਗਾ ਕਿ ਤੁਸੀਂ ਹਾਅ ਦਾ ਨਾਅਰਾ ਮਾਰਨਾ ਕਿਸ ਦੇ ਹੱਕ ਵਿੱਚ ਹੈ... ਤੇ ਇਹ ਹੋ ਰਿਹਾ ਹੈ, ਬਿਨਾ ਸ਼ੱਕ ਸਾਡੀਆਂ-ਤੁਹਾਡੀਆਂ ਅੱਖਾਂ ਅੱਗੇ ਹੋ ਰਿਹਾ ਹੈ!

ਇਹ ਕੋਈ ਇਕੱਲੀ ਕਾਰੀ ਘਟਨਾ ਨਹੀਂ, ਇਸ ਕਿਸਮ ਦੀਆਂ ਘਟਨਾਵਾਂ ਦਾ ਸਿਲਸਿਲਾ ਬੱਝਿਆ ਚਲਿਆ ਆ ਰਿਹਾ ਹੈਇਸ ਤੋਂ ਪਹਿਲਾਂ ਨਿਜ਼ਾਮੁਦੀਨ ਮਰਕਜ਼ ਨਾਲ ਜੋੜ ਕੇ ਇੱਕ ਨਹੀਂ, ਕਈ ਵੀਡੀਓ ਚਰਚਾ ਵਿੱਚ ਆ ਚੁੱਕੇ ਹਨਇੱਕ ਵੀਡੀਓ ਵਿੱਚ ਮੁਸਲਮ ਵਿਅਕਤੀ ਪਲੇਟਾਂ ਨੂੰ ਥੁੱਕ ਲਾ ਰਹੇ ਹਨ ਤੇ ਚਮਚੇ ਮੂੰਹ ਵਿੱਚ ਪਾ ਕੇ ਇੱਕ ਪਾਸੇ ਰੱਖ ਰਹੇ ਹਨਨਾਲ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਤਬਲੀਗੀ ਜਮਾਤ ਵੱਲੋਂ ਕਰੋਨਾ ਵਾਇਰਸ ਫੈਲਾਉਣ ਦੀ ਸਾਜ਼ਿਸ਼ ਅਧੀਨ ਹੋ ਰਿਹਾ ਹੈਜਦ ਇਹ ਵੀਡੀਓ ਮੈਂਨੂੰ ਭੇਜੀ ਗਈ ਤਾਂ ਮੈਂ ਆਪਣੇ ਦੋਸਤ ਨੂੰ ਕਿਹਾ ਕਿ ਇੰਝ ਨਹੀਂ ਹੋ ਸਕਦਾ ਯਾਰ! ਜ਼ਰਾ ਸੋਚ ਕਿ ਇਹ ਬਰਤਨ ਹੋਰ ਕਿਸੇ ਨੇ ਨਹੀਂ ਵਰਤਣੇ, ਮੁਸਲਮ ਵਿਅਕਤੀ ਹੀ ਵਰਤਣਗੇ ਤੇ ਕੋਈ ਮੁਸਲਮਾਨ ਦੂਸਰੇ ਮੁਸਲਮਾਨ ਬਾਰੇ ਬੁਰਾ ਕਿਉਂ ਸੋਚੇਗਾ? ਤੇ ਇਹ ਵੀ ਹੋ ਸਕਦਾ ਹੈ ਕਿ ਵੀਡੀਓ ਨਾਲ ਛੇੜ-ਛਾੜ ਕੀਤੀ ਗਈ ਹੋਵੇ! ਜਵਾਹਰ ਵਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਆਗੂ ਕਨ੍ਹਈਆ ਕੁਮਾਰ ਨਾਲ ਅਜਿਹਾ ਵਾਪਰੇ ਨੂੰ ਕੋਈ ਜ਼ਿਆਦਾ ਦੇਰ ਨਹੀਂ ਹੋਈ ਤੇ ਇਹ ਮਾਮਲਾ ਅੱਜ ਵੀ ਜਾਰੀ ਹੈ... ਤੇ ਹੋਇਆ ਵੀ ਇੰਝ ਹੀ!

ਇਹ ਵੀਡੀਓ ਮੁਸਲਮ ਭਾਈਚਾਰੇ ਦਾਊਦੀ ਬੋਹਰਾ ਨਾਲ ਸੰਬੰਧਤ ਇੱਕ ਫਿਰਕੇ ਦੇ ਬੀਤੇ ਸਾਲ ਹੋਏ ਇੱਕ ਸਮਾਗਮ ਦੀ ਨਿਕਲੀਇਸ ਭਾਈਚਾਰੇ ਦੀ ਰਵਾਇਤ ਹੈ ਕਿ ਅੰਨ ਦਾ ਇੱਕ ਵੀ ਦਾਣਾ ਅਜਾਈਂ ਨਹੀਂ ਜਾਣ ਦੇਣਾਇਸ ਲਈ ਸਮਾਗਮਾਂ ਦੌਰਾਨ ਉਹ ਬਰਤਨ ਸਾਫ਼ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਚੱਟਦੇ ਹਨਸੰਬੰਧਤ ਵੀਡੀਓ ਵਿੱਚ ਇਹੋ ਕੁਝ ਹੋ ਰਿਹਾ ਹੈ ਪਰ ਉਸ ਨੂੰ ਪੇਸ਼ ਇਸ ਢੰਗ ਨਾਲ ਕੀਤਾ ਗਿਆ ਕਿ ਹਰ ਦੇਖਣ ਸੁਣਨ ਵਾਲੇ ਦੇ ਮਨ ਅੰਦਰ ਮੁਸਲਮ ਭਾਈਚਾਰੇ ਵਿਰੁੱਧ ਨਫ਼ਰਤ ਭਰ ਜਾਵੇ ਇਸਦਾ ਧਰਮਗੁਰੂ ਸਈਦਨਾ ਸੈਫੂਦੀਨ ਭਾਜਪਾ ਦਾ ਨਜਦੀਕੀ ਹੈ ਤੇ ਉਸ ਦੇ ਸਮਾਗਮਾਂ ਵਿੱਚ ਮੋਦੀ ਆਮ ਹੀ ਦੇਖੇ ਜਾਂਦੇ ਹਨ ਪਰ ਭਾਜਪਾ ਦੇ ਆਈਟੀ ਸੈੱਲ ਨੇ ਆਪਣਾ ਹਿਤ ਸਾਧਣ ਲਈ ਆਪਣੇ ਹੀ ਨਜ਼ਦੀਕੀ ਦੀ ਵੀਡੀਓ ਵਰਤਣ ਵਿੱਚ ਜ਼ਰਾ ਜਿੰਨੀ ਵੀ ਸੰਗ-ਸ਼ਰਮ ਮਹਿਸੂਸ ਨਹੀਂ ਕੀਤੀਬਰਤਨ ਚੱਟਣ ਦੀ ਇਸ ਰਵਾਇਤ ਨੂੰ ਅੰਧ-ਸ਼ਰਧਾ ਕਿਹਾ ਜਾ ਸਕਦਾ ਹੈ, ਇਸ ਵਿਰੁੱਧ ਲਿਖਿਆ ਜਾ ਸਕਦਾ ਹੈ, ਇਸੇ ਭਾਈਚਾਰੇ ਵਿੱਚ ਇਸਦੇ ਮਾੜੇ ਪ੍ਰਭਾਵ ਬਾਰੇ ਜਾਗਰੂਕਤਾ ਪੈਦਾ ਕੀਤੀ ਜਾਣੀ ਚਾਹੀਦੀ ਹੈ ਪਰ ਇਸ ਵੀਡੀਓ ਨੂੰ ਅਸਲੋਂ ਵੱਖਰੇ ਢੰਗ ਨਾਲ ਪੇਸ਼ ਕੀਤਾ ਜਾਣਾ ਤਾਂ ਸਧਾਰਨ ਲੋਕਾਂ ਦੀ ਮਾਸੂਮੀਅਤ ਨਾਲ ਧ੍ਰੋਹ ਕਮਾਉਣਾ ਹੈ

ਇੱਕ ਹੋਰ ਵੀਡੀਓ ਹੈ ਜਿਸ ਨੂੰ ਨਿਜਾਮੁਦੀਨ ਮਰਕਜ਼ ਨਾਲ ਜੋੜ ਕੇ ਘੁਮਾਇਆ ਗਿਆ ਹੈ ਜਿਸ ਵਿੱਚ ਪੁਲਿਸ ਵੈਨ ਵਿੱਚ ਬੈਠਾ ਇੱਕ ਵਿਅਕਤੀ ਸਾਹਮਣੇ ਬੈਠੇ ਪੁਲਿਸ ਮੁਲਾਜ਼ਮਾਂ ’ਤੇ ਥੁੱਕ ਰਿਹਾ ਹੈਜਦ ਮੇਰੇ ਇੱਕ ਦੋਸਤ ਨੇ ਇਹ ਵੀਡੀਓ ਭੇਜ ਕੇ ਪੁੱਛਿਆ ਕਿ ਠੀਕ ਹੈ, ਆਪਾਂ ਘੱਟ ਗਿਣਤੀਆਂ ਦੇ ਹਮਾਇਤੀ ਹਾਂ ਪਰ ਇਹਨੂੰ ਕਿਸ ਤਰ੍ਹਾਂ ਵਾਜਬ ਠਹਿਰਾਵਾਂਗੇ? ਮੈਂ ਉਸੇ ਵਕਤ ਆਪਣੇ ਦੋਸਤ ਨੂੰ ਕਿਹਾ ਕਿ ਮਸਲਾ ਇਹ ਨਹੀਂ, ਤੁਸੀਂ ਦੇਖ ਕੀ ਰਹੇ ਓ, ਮਸਲਾ ਇਹ ਐ ਕਿ ਤੁਹਾਨੂੰ ਦਿਖਾ ਕੌਣ ਰਿਹਾ ਹੈਚੰਗੀ ਗੱਲ ਇਹ ਰਹੀ ਕਿ ਮੇਰਾ ਇਹ ਦੋਸਤ ਫ਼ੌਰੀ ਤੌਰ ’ਤੇ ਸੰਭਲ ਗਿਆ ਤੇ ਕਹਿਣ ਲੱਗਾ, “ਯਾਰ, ਇਹ ਗੱਲ ਮੇਰੇ ਜ਼ਿਹਨ ਵਿੱਚ ਕਿਉਂ ਨਹੀਂ ਆਈ!” ਮੈਂ ਕਿਹਾ ਕਿ ਮਸਲਾ ਇਹ ਨਹੀਂ ਕਿ ਤੇਰੇ ਜ਼ਿਹਨ ਵਿੱਚ ਪਹਿਲਾਂ ਕਿਉਂ ਨਹੀਂ ਆਈ, ਮਸਲਾ ਇਹ ਐ ਕਿ ਜਿਸਦੇ ਜ਼ਿਹਨ ਵਿੱਚ ਵੀ ਆਈ, ਉਸ ਨੇ ਅੱਗੇ ਗੱਲ ਕੀਤੀ ਜਾਂ ਨਹੀਂ? ਹੁਣ ਤੇਰੇ ਜ਼ਿਹਨ ਵਿੱਚ ਜੇ ਆ ਗਈ ਐ ਤਾਂ ਇਹ ਤੇਰੇ ਕੋਲ ਈ ਨਹੀਂ ਰਹਿਣੀ ਚਾਹੀਦੀ! ਇਹ ਵੀਡੀਓ ਵੀ ਪੁਰਾਣੀ ਨਿਕਲੀ ਜੋ ਇੱਕ ਕੈਦੀ ਨੇ ਪੁਲਿਸ ਵੱਲੋਂ ਘਰ ਦਾ ਬਣਿਆ ਖਾਣਾ ਨਾ ਖਾਣ ਦਿੱਤੇ ਜਾਣ ਕਾਰਨ ਪੈਦਾ ਹੋਈ ਤਲਖ਼ੀ ਦੌਰਾਨ ਕੀਤੀ ਗਈ ਹਰਕਤ ਨਾਲ ਸੰਬੰਧਤ ਹੈ

ਵਰਗਲਾਵੇ ਦੀ ਵਗ ਰਹੀ ਹਵਾ ਦੇ ਲਪੇਟੇ ਵਿੱਚ ਆ ਜਾਣ ਵਾਲੇ ਆਪਣੇ ਦੋਸਤਾਂ ਨੂੰ ਮੈਂ ਕਸੂਰਵਾਰ ਨਹੀਂ ਕਹਾਂਗਾ, ਉਲਟਾ ਕਸੂਰਵਾਰ ਮੈਂ ਹੋਵਾਂਗਾ ਜੇ ਮੌਕੇ ਸਿਰ ਬਾਂਹ ਫੜਕੇ ਉਨ੍ਹਾਂ ਨੂੰ ਮੈਂ ਲੀਹ ਉੱਤੇ ਨਹੀਂ ਲਿਆਉਂਦਾਦੇਸ਼ ਦੇ ਮੀਡੀਆ ਦਾ ਬਹੁਤ ਵੱਡਾ ਹਿੱਸਾ ਵਰਗਲਾਵੇ ਦਾ ਕੰਮ ਹੀ ਕਰ ਰਿਹਾ ਹੈਕਰੋਨਾ ਵਾਇਰਸ ਨਾਲ ਜੋੜਕੇ ਉੱਪਰ ਚਰਚਿਤ ਵੀਡੀਓ ਦੇਸ਼ ਦੇ ਪਰਮੁੱਖ ਟੀਵੀ ਨਿਊਜ਼ ਚੈਨਲਾਂ ਨੇ ਇੰਝ ਸਨਸਨੀਖ਼ੇਜ਼ ਢੰਗ ਨਾਲ ਪ੍ਰਸਾਰਿਤ ਕੀਤੇ ਹਨ ਤੇ ਖ਼ਬਰਾਂ ਪ੍ਰਮੁੱਖ ਅਖ਼ਬਾਰਾਂ ਨੇ ਪ੍ਰਕਾਸ਼ਿਤ ਕੀਤੀਆਂ ਹਨ ਕਿ ਸਧਾਰਨ ਮਨੁੱਖ ਤਾਂ ਕੀ, ਪੜ੍ਹਿਆ-ਲਿਖਿਆ ਸਮਝਿਆ ਜਾਂਦਾ ਹਿੱਸਾ ਵੀ ਲਪੇਟੇ ਵਿੱਚ ਆ ਜਾਂਦਾ ਹੈ

ਜ਼ਰਾ ਗਹੁ ਨਾਲ ਦੇਖੋ ਨਿਊਜ਼ ਚੈਨਲਾਂ ਦੀ ਪੇਸ਼ਕਾਰੀ; ਮਰਕਜ਼ ਕੀ ਲਾਪਰਵਾਹੀ, ਕਰੋਨਾ ਹੂਆ ਹਾਵੀ! ... ਭਾਰਤ ਮੇਂ ਕਰੋਨਾ ਸਾਜ਼ਿਸ਼ ਪਰ ਬਹੁਤ ਬੜਾ ਖੁਲਾਸਾ! ... ਕੈਸੇ ਰੁਕੇਗਾ ਥੂ-ਥੂ ਗੈਂਗ ਕਾ ਅਸ਼ਲੀਲਤਾ ਵਾਲਾ ਆਤੰਕ! ਜ਼ੀ ਨਿਊਜ਼, ਆਜ ਤਕ, ਨਿਊਜ਼ ਇੰਡੀਆ, ਏ ਐੱਨ ਆਈ ਵਰਗੇ ਚੈਨਲਾਂ ਨੇ ਮੁਸਲਮ ਭਾਈਚਾਰੇ ਵਿਰੁੱਧ ਅਜਿਹੇ ਬੁਲੇਟਿਨ ਪ੍ਰਸਾਰਿਤ ਕਰਕੇ ਨਫ਼ਰਤ ਫੈਲਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ

ਬਾਂਦਰਾ ਵਿੱਚ ਜੋ ਕਹਿਰ ਮਜ਼ਦੂਰਾਂ ਉੱਪਰ ਢਾਹਿਆ ਗਿਆ ਹੈ, ਉਸ ਪਿੱਛੇ ਭਲਾ ਕੀ ਕਾਰਨ ਸੀ? ਉਹ ਵੀ ਗੋਦੀ ਮੀਡੀਆ ਦੀ ਪੂਰੀ ਵਿਓਂਤਬੰਦੀ ਨਾਲ ਵਾਪਰਿਆ ਹੈਪਹਿਲਾਂ ‘ਏਬੀਪੀ-ਮਰਾਠੀ’ ਇਹ ਖਬਰ ਦਿੰਦਾ ਹੈ ਕਿ ਇਸ ਤਰੀਕ ਨੂੰ ਬਾਂਦਰਾ ਤੋਂ ਲੰਮੀ ਦੂਰੀ ਵਾਲੀਆਂ ਗੱਡੀਆਂ ਚੱਲਣਗੀਆਂਪਰਵਾਸੀ ਮਜ਼ਦੂਰਾਂ ਲਈ ਕੰਮ ਕਰਨ ਵਾਲੀ ਐੱਨ ਜੀ ਓ ਇਸ ਖ਼ਬਰ ’ਤੇ ਭਰੋਸਾ ਕਰਕੇ ਮਜ਼ਦੂਰਾਂ ਨੂੰ ਬਾਂਦਰਾ ਸਟੇਸ਼ਨ ਆਉਣ ਲਈ ਕਹਿੰਦੀ ਹੈ ਤੇ ਨਤੀਜਾ ਤੁਹਾਡੇ ਸਾਹਮਣੇ ਹੈਦੂਸਰੇ ਪਾਸੇ ਇਸੇ ਕੰਪਨੀ ਦਾ ਨੈਸ਼ਨਲ ਚੈਨਲ, ਏ ਬੀ ਪੀ ਨਿਊਜ਼ ਖ਼ਬਰ ਬੁਲੇਟਿਨ ਨੂੰ ਹੋਰ ਸਨਸਨੀਖ਼ੇਜ਼ ਬਣਾ ਕੇ ਪੇਸ਼ ਕਰਦਾ ਹੋਇਆ ਦਾਅਵਾ ਕਰਦਾ ਹੈ ਕਿ ਮਜ਼ਦੂਰਾਂ ਨੂੰ ਬਾਂਦਰਾ ਸਟੇਸ਼ਨ ’ਤੇ ਇਕੱਠਾ ਕਰਨ ਦੀ ਸਾਜ਼ਿਸ਼ ਨਾਲ ਲਗਦੀ ਮਸਜਿਦ ਵਿੱਚ ਘੜੀ ਗਈ ਸੀਇੱਕ ਹੀ ਨਿਊਜ਼ ਚੈਨਲ ਸੂਬੇ ਵਿੱਚ ਹੋਰ ਬੋਲੀ ਬੋਲਦਾ ਹੈ ਤੇ ਦੇਸ਼-ਪੱਧਰ ’ਤੇ ਹੋਰ ਬੋਲੀ ਬੋਲਦਾ ਹੈਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਸਰਕਾਰ ਨੇ ਝੂਠੀ ਖ਼ਬਰ ਪ੍ਰਸਾਰਿਤ ਕਰਨ ਦੇ ਦੋਸ਼ ਹੇਠ ਏਬੀਪੀ-ਮਰਾਠੀ ਵਿਰੁੱਧ ਪਰਚਾ ਵੀ ਦਰਜ ਕੀਤਾ ਹੈਇਸੇ ਤਰ੍ਹਾਂ ਯੂ ਪੀ ਪੁਲਿਸ ਜ਼ੀ ਨਿਊਜ਼ ਦੀਆਂ ਕਰੋਨਾ ਵਾਇਰਸ ਨੂੰ ਮੁਸਲਮ ਭਾਈਚਾਰੇ ਨਾਲ ਜੋੜ ਕੇ ਪ੍ਰਸਾਰਿਤ ਕੀਤੀਆਂ ਗਈਆਂ ਛੇ ਖ਼ਬਰਾਂ ਦਾ ਖੰਡਨ ਕਰ ਚੁੱਕੀ ਹੈ ਇਸਦੇ ਬਾਵਜੂਦ ਕੂੜ ਪਸਾਰੇ ਦਾ ਸਿਲਸਿਲਾ ਜਾਰੀ ਹੈਭਰੋਸੇਯੋਗਤਾ ਕਿੱਧਰ ਚਲੇ ਗਈ? ਇਹ ਇੱਕ ਪਰੇਸ਼ਾਨ ਕਰਨ ਵਾਲਾ ਸਵਾਲ ਹੈ

ਲੋਕਾਂ ਨੂੰ ਇਹ ਨਹੀਂ ਦੱਸਿਆ ਦਾ ਰਿਹਾ ਕਿ ਖਤਰਨਾਕ ਬਿਮਾਰੀ ਦੇ ਪਸਾਰੇ ਨੂੰ ਰੋਕਣ ਲਈ ਸਰੀਰਕ ਦੂਰੀ ਚਾਹੀਦੀ ਹੈ, ਨਾ ਕਿ ਮਨਾ ਵਿੱਚ ਦੂਰੀ! ਸਮਾਜਿਕ ਦੂਰੀ (ਸੋਸ਼ਲ ਡਿਸਟੈਂਸਿੰਗ) ਲਫ਼ਜ਼ ਦੀ ਵਰਤੋਂ ਹੀ ਗਲਤ ਹੈਮੀਡੀਆ ਦਾ ਜ਼ੋਰ ਤਾਂ ਇਸ ਗੱਲ ’ਤੇ ਲੱਗਾ ਹੋਇਆ ਕਿ ਹਰ ਬਿਮਾਰੀ, ਹਰ ਸਮੱਸਿਆ ਲਈ ਮੁਸਲਮ ਭਾਈਚਾਰਾ ਹੀ ਦੋਸ਼ੀ ਹੈਜਦ ਕੰਨਾਂ ਵਿੱਚ ਹਰ ਪਾਸਿਓਂ ਅਜਿਹੀਆਂ ਆਵਾਜ਼ਾਂ ਹੀ ਪੈਣ ਤਾਂ ਵਰਗਲਾਵੇ ਦੀ ਸੰਭਾਵਨਾ ਤੋਂ ਕੌਣ ਇਨਕਾਰ ਕਰ ਸਕਦਾ ਹੈ!

ਅਸੀਂ ਜਦੋਂ ਪ੍ਰਾਇਮਰੀ ਸਕੂਲ ਵਿੱਚ ਪੜ੍ਹਦੇ ਸੀ ਤਾਂ ਇੱਕ ਬੋਧ ਕਥਾ ਸਾਡੇ ਪਾਠਕ੍ਰਮ ਦਾ ਹਿੱਸਾ ਹੁੰਦੀ ਸੀਪੂਰੀ ਤਾਂ ਯਾਦ ਨਹੀਂ, ਸੰਖੇਪ ਵਿੱਚ ਉਹ ਕਥਾ ਇੰਝ ਸੀ ਕਿ ਇੱਕ ਆਜੜੀ ਆਪਣੇ ਅੱਲ੍ਹੜ ਪੁੱਤ ਨੂੰ ਸ਼ਹਿਰ ਲੇਲਾ ਵੇਚ ਕੇ ਸੌਦਾ ਲੈਣ ਭੇਜਦਾ ਹੈਰਸਤੇ ਵਿੱਚ ਠੱਗ ਉਸ ਮਗਰ ਲੱਗ ਜਾਂਦੇ ਹਨਉਹ ਵਾਰੋ-ਵਾਰੀ ਉਸ ਕੋਲੋਂ ਲੰਘਦੇ ਹੋਏ ਲੇਲੇ ਨੂੰ ਕੁੱਤਾ ਕਹਿਕੇ ਪੁੱਛਦੇ ਹਨ ਕਿ ਉਹ ਇਹ ਕੁੱਤਾ ਕਿਉਂ ਚੁੱਕੀ ਫਿਰ ਰਿਹਾ ਹੈ? ਉਹ ਅੱਲ੍ਹੜ ਠੱਗਾਂ ਦੀਆਂ ਗੱਲਾਂ ਵਿੱਚ ਆ ਕੇ ਆਪਣੇ ਲੇਲੇ ਨੂੰ ਕੁੱਤਾ ਸਮਝ ਬੈਠਦਾ ਹੈ ਤੇ ਉਸ ਨੂੰ ਛੱਡ ਦਿੰਦਾ ਹੈ ਅਤੇ ਠੱਗ ਉਸਦਾ ਲੇਲਾ ਲੈ ਕੇ ਰਫ਼ੂਚੱਕਰ ਹੋ ਜਾਂਦੇ ਹਨ! ਇਸ ਕਹਾਣੀ ਦਾ ਤੱਤਸਾਰ ਇਹ ਸੀ ਕਿ ਲੋਕ ਕੀ ਕਹਿੰਦੇ ਹਨ, ਉਸ ’ਤੇ ਯਕੀਨ ਕਰਨ ਤੋਂ ਪਹਿਲਾਂ ਠੰਢੇ ਦਿਮਾਗ਼ ਨਾਲ ਵਾਰ-ਵਾਰ ਸੋਚੋ ਤੇ ਖ਼ੁਦ ਨਿਰਣਾ ਕਰੋ ਕਿ ਠੀਕ ਕੀ ਐ ਤੇ ਗਲਤ ਕੀ!

ਇਹ ਕੋਈ ਛੋਟੀਮੋਟੀ ਜ਼ਿੰਮੇਵਾਰੀ ਨਹੀਂ ਹੈ, ਖਾਸਕਰ ਉਸ ਵੇਲੇ ਜਦ ਦੇਸ਼ ਦੀ ਸੁਪਰੀਮ ਕੋਰਟ ਨੇ ਹੱਥ ਖੜ੍ਹੇ ਕਰ ਦਿੱਤੇ ਹੋਣ! ਕਰੋਨਾ ਵਾਇਰਸ ਦੇ ਪਸਾਰੇ ਲਈ ਮੁਸਲਮ ਭਾਈਚਾਰੇ ਨੂੰ ਦੋਸ਼ੀ ਠਹਿਰਾਏ ਜਾਣ ਵਾਲੀਆਂ ਖ਼ਬਰਾਂ ’ਤੇ ਰੋਕ ਲਾਉਣ ਲਈ ਜਮੀਅਤ ਉਲਾਮਾ-ਇ-ਹਿੰਦ ਨੇ ਸੁਪਰੀਮ ਕੋਰਟ ਦਾ ਕੁੰਡਾ ਜਾ ਖੜਕਾਇਆ ਹੈ ਜਿਸ ਵੱਲੋਂ ਪੇਸ਼ ਹੋਏ ਉੱਘੇ ਵਕੀਲ ਏਜਾਜ਼ ਮਕਬੂਲ ਨੇ ਕਿਹਾ ਕਿ ਪ੍ਰਿੰਟ, ਇਲੈਕਟਰਾਨਿਕ ਤੇ ਸੋਸ਼ਲ ਮੀਡੀਆ ਦੇ ਇੱਕ ਹਿੱਸੇ ਵੱਲੋਂ ਕਰੋਨਾ ਦੇ ਪਸਾਰੇ ਨੂੰ ਤਬਲੀਗੀ ਜਮਾਤ ਦੀ ਨਿਜਾਮੁਦੀਨ ਮਰਕਜ਼ ਨਾਲ ਜੋੜਿਆ ਜਾ ਰਿਹਾ ਹੈ ਤੇ ਇਸ ਨੂੰ ‘ਕਰੋਨਾ ਜਿਹਾਦ’ ਤੇ ‘ਕਰੋਨਾ ਅੱਤਵਾਦ’ ਦਾ ਨਾਂਅ ਦਿੱਤਾ ਜਾ ਰਿਹਾ ਹੈ। ਪੁਰਾਣੇ ਵੀਡੀਓ ਇਸ ਮਰਕਜ਼ ਨਾਲ ਜੋੜ ਕੇ ਦਿਖਾਏ ਜਾ ਰਹੇ ਹਨਮਕਬੂਲ ਨੇ ਕਿਹਾ ਕਿ ਅਜਿਹਾ ਕਰਨਾ ਸੰਵਿਧਾਨ ਦੀ ਧਾਰਾ 21 ਦੀ ਉਲੰਘਣਾ ਹੈਅਜਿਹੀਆਂ ਝੂਠੀਆਂ ਖ਼ਬਰਾਂ ’ਤੇ ਰੋਕ ਲਾਉਣ ਲਈ ਹਦਾਇਤ ਜਾਰੀ ਕਰਨ ਵਿੱਚ ਦੇਰੀ ਮੁਸਲਮ ਭਾਈਚਾਰੇ ਵਿਰੁੱਧ ਮੰਦਭਾਵਨਾ, ਦੁਸ਼ਮਣੀ ਤੇ ਨਫ਼ਰਤ ਨੂੰ ਬੜ੍ਹਾਵਾ ਦੇਵੇਗੀਦੇਸ਼ ਦੇ ਪ੍ਰਮੁੱਖ ਜੱਜ, ਜਸਟਿਸ ਐੱਸ ਏ ਬੋਬੜੇ ਦੀ ਅਗਵਾਈ ਵਾਲੇ ਬੈਂਚ ਨੇ ਕੋਈ ਫ਼ੌਰੀ ਹਦਾਇਤ ਜਾਰੀ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਅਸੀਂ ਮੀਡੀਆ ’ਤੇ ਕੋਈ ਰੋਕ ਨਹੀਂ ਲਾ ਸਕਦੇਹੁਣ ਦੇਸ਼ ਦੀ ਸਰਵ-ਉੱਚ ਅਦਾਲਤ ਇਸ ਬਾਰੇ ਕੀ ਫੈਸਲਾ ਲੈਂਦੀ ਹੈ ਤੇ ਕਦੋਂ ਲੈਂਦੀ ਹੈ, ਇਹ ਤਾਂ ਕਿਹਾ ਨਹੀਂ ਜਾ ਸਕਦਾ ਪਰ ਇਹ ਗੱਲ ਪੱਕੀ ਹੈ ਕਿ ਮੀਡੀਆ ਉਸ ਵੇਲੇ ਤਕ ਕਾਫ਼ੀ ਨੁਕਸਾਨ ਕਰ ਚੁੱਕਾ ਹੋਵੇਗਾ

ਇਸ ਸੰਬੰਧ ਵਿੱਚ ਅਮਰੀਕੀ ਅਸ਼ਵੇਤ ਅਧਿਕਾਰ ਅੰਦੋਲਨ ਦੇ ਆਗੂ ਤੇ ਮਨੁੱਖੀ ਅਧਿਕਾਰ ਕਾਰਕੁੰਨ ਮਾਲਕਮ ਐਕਸ ਦਾ ਇਹ ਕਥਨ ਅੱਜ ਬਹੁਤ ਈ ਪ੍ਰਸੰਗਕ ਹੈ; ਜੇ ਤੁਸੀਂ ਚੌਕੰਨੇ ਨਹੀਂ ਰਹੋਗੇ ਤਾਂ ਅਖਬਾਰ ਤੁਹਾਨੂੰ ਉਨ੍ਹਾਂ ਲੋਕਾਂ ਨਾਲ ਨਫ਼ਰਤ ਕਰਨਾ ਸਿਖਾ ਦੇਣਗੇ ਜਿਨ੍ਹਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਲੋਕਾਂ ਨੂੰ ਪਿਆਰ ਕਰਨਾ ਸਿਖਾ ਦੇਣਗੇ ਜਿਹੜੇ ਸ਼ੋਸ਼ਣ ਕਰ ਰਹੇ ਹਨ

ਟੀਵੀ ਚੈਨਲਾਂ/ ਅਖ਼ਬਾਰਾਂ ਤੋਂ ਨਰਾਜ਼ ਨਹੀਂ ਹੋਣਾ ਚਾਹੀਦਾ ਕਿਉਂਕਿ ਉਹ ਉਹੀ ਕੰਮ ਕਰ ਰਹੇ ਹਨ ਜੋ ਉਨ੍ਹਾਂ ਦੇ ਮਾਲਕ ਕਹਿ ਰਹੇ ਹਨਹਾਂ ਗੁੱਸੇ ਜ਼ਰੂਰ ਹੋਣਾ ਚਾਹੀਦਾ ਹੈ, ਗੁੱਸਾ ਇਨ੍ਹਾਂ ਦਾ ਬਾਈਕਾਟ ਕਰਕੇ ਕੱਢਿਆ ਜਾ ਸਕਦਾ ਹੈ ਪਰ ਸੋਸ਼ਲ ਮੀਡੀਆ ਦਾ ਕੀ ਕੀਤਾ ਜਾਵੇ? ਇਹ ਇੱਕ ਅਹਿਮ ਸਵਾਲ ਹੈ! ਇਹ ਗੱਲ ਆਮ ਹੀ ਕਹੀ-ਸੁਣੀ ਜਾਂਦੀ ਹੈ ਕਿ ਮਨੁੱਖ ਸੁਭਾਅ ਪੱਖੋਂ ਇੱਕ ਸਮਾਜੀ ਪ੍ਰਾਣੀ ਹੈਉਹ ਆਪਣੇ ਆਲੇ-ਦੁਆਲੇ ਲੋਕਾਂ ਨਾਲ ਬਣਾ ਕੇ ਰੱਖਦਾ ਹੈ, ਸਫ਼ਾਈ ਰੱਖਦਾ ਹੈ, ਦੂਸਰੇ ਦੀਆਂ ਭਾਵਨਾਵਾਂ ਦਾ ਖਿਆਲ ਰੱਖਦਾ ਹੈ, ਉਨ੍ਹਾਂ ਦਾ ਦੁੱਖ-ਦਰਦ ਵੰਡਾਉਂਦਾ ਹੈ, ਦੂਸਰੇ ਲੋਕਾਂ ਖ਼ਾਤਰ ਆਪਣੇ ਹਿਤ ਅਕਸਰ ਪਿੱਛੇ ਰੱਖ ਦਿੰਦਾ ਹੈਸਭ ਤੋਂ ਵੱਡੀ ਗੱਲ ਕਿ ਉਸ ਵਿੱਚ ਅੱਖ-ਸ਼ਰਮ ਹੈ ਜੋ ਉਸ ਨੂੰ ਬਾਕੀ ਜੀਵਾਂ ਨਾਲ਼ੋਂ ਅਲੱਗ ਕਰਦੀ ਹੈਕੀ ਕਾਰਨ ਹੈ ਕਿ ਸੋਸ਼ਲ ਮੀਡੀਆ ’ਤੇ ਅੱਖ-ਸ਼ਰਮ ਗਾਇਬ ਹੈ? ਦਰਅਸਲ, ਇਸ ਮੀਡੀਆ ’ਤੇ ਵੀ ਰਾਜ ਕਰ ਰਹੀ ਹਾਕਮ ਜਮਾਤ ਬੁਰੀ ਤਰ੍ਹਾਂ ਕਾਬਜ਼ ਹੈ ਤੇ ਉਹ ਇਸ ਨੂੰ ਆਪਣੇ ਰਾਜਸੀ ਮਨੋਰਥਾਂ ਲਈ ਇੱਕ ਹਥਿਆਰ ਵਜੋਂ ਵਰਤ ਰਹੀ ਹੈਭਾਜਪਾ ਦਾ ਆਈਟੀ ਸੈੱਲ ਕੂੜ ਤੋਲਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡ ਰਿਹਾਇਸ ਮਾਹੌਲ ਵਿੱਚ ਜਾਗਰੂਕ ਤਬਕੇ ਦੀ ਜ਼ਿੰਮੇਵਾਰੀ ਬਹੁਤ ਵਧ ਗਈ ਹੈਉਸ ਨੂੰ ਚਾਹੀਦਾ ਹੈ ਕਿ ਸਮਾਜ ਦੀ ਸੰਵੇਦਨਸ਼ੀਲਤਾ ਦਾ ਸਮੂਹਿਕ ਉਧਾਲ਼ਾ ਨਾ ਹੋਣ ਦੇਵੇਜਦ ਵੀ ਤੁਹਾਡੇ ਕੋਲ ਕੋਈ ਖ਼ਬਰ, ਕੋਈ ਵੀਡੀਓ ਆਉਂਦੀ ਹੈ ਤਾਂ ਉਸ ਨੂੰ ਅੱਗੇ ਤੋਰਨ ਦੀ ਕਾਹਲ ਨਾ ਕਰੋਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਫ਼ੌਰੀ ਤੌਰ ’ਤੇ ਕਿਹੜੀ ਚੀਜ਼ ਆਪਣੇ ਦਾਇਰੇ ਨਾਲ ਸਾਂਝੀ ਕਰਨੀ ਹੈਹਰ ਖ਼ਬਰ, ਹਰ ਵੀਡੀਓ ਦੀ ਤਹਿ ਤਕ ਲਾਜ਼ਮੀ ਜਾਇਆ ਜਾਣਾ ਚਾਹੀਦਾ ਹੈਜੇ ਜ਼ਹਿਰ ਦੇ ਵਪਾਰੀਆਂ ਨੇ ਇੰਟਰਨੈੱਟ ਰਾਹੀਂ ਹਨੇਰੀ ਲਿਆਂਦੀ ਹੋਈ ਹੈ ਤਾਂ ਇਸਦਾ ਤੋੜ ਵੀ ਉਸੇ ਜਗ੍ਹਾ ਪਿਆ ਹੈਹਥਿਆਰ ਇੱਕ ਹੀ ਹੁੰਦਾ ਹੈ, ਉਹ ਜਾਨ ਬਚਾਉਂਦਾ ਹੈ ਵੀ ਹੈ ਜਾਨ ਲੈਂਦਾ ਵੀ ਹੈ! ਫਰਕ ਇਸ ਗੱਲ ਦਾ ਹੁੰਦਾ ਹੈ ਕਿ ਉਹ ਕਿਸ ਦੇ ਹੱਥ ਵਿੱਚ ਹੈ ਤੇ ਉਸ ਦਾ ਮੂੰਹ ਕਿਸ ਵੱਲ ਹੈ! ਇੰਟਰਨੈੱਟ ’ਤੇ ਕਿਸੇ ਵੀ ਖ਼ਬਰ/ ਤੱਥ ਦੀ ਭਰੋਸੇਯੋਗਤਾ ਪਰਖੀ ਜਾ ਸਕਦੀ ਹੈਹਾਂ, ਇਹ ਕੰਮ ਸਮਾਂ ਮੰਗਦਾ ਹੈ ਤੇ ਸਮਾਂ ਸਾਨੂੰ ਕੱਢਣਾ ਹੀ ਪੈਣਾ ਹੈ! ਮਿਸ਼ਨਰੀ ਭਾਵਨਾ ਨਾਲ ਕੰਮ ਕਰਨ ਵਾਲੇ ਇਹੋ ਜਿਹੇ ਸਮਰਪਿਤ ਗਰੁੱਪਾਂ, ਸੰਸਥਾਵਾਂ ਦਾ ਗਠਨ ਬੇਹੱਦ ਜ਼ਰੂਰੀ ਹੋ ਗਿਆ ਹੈ ਜੋ ਕੂੜ-ਪਸਾਰੇ ਵਿਰੁੱਧ ਨਿਰੰਤਰ ਪਹਿਰੇਦਾਰੀ ਰੱਖਣ ਤੇ ਲੋਕਾਂ ਵਿੱਚ “ਜਾਗਦੇ ਰਹੋ“ ਦਾ ਹੋਕਾ ਦਿੰਦੇ ਰਹਿਣ!

ਜਾਤੀ ਵਿਤਕਰੇ ਤੋਂ ਰਹਿਤ, ਹਕੀਕੀ ਨਾਰੀ ਮੁਕਤੀ ਵਾਲਾ. ਇੱਕ ਜਮਾਤ ਰਹਿਤ ‘ਬੇਗ਼ਮਪੁਰਾ’ ਸਿਰਜਣ ਲਈ, ਸਰਬੱਤ ਦੇ ਭਲੇ ਵਾਸਤੇ ਇਹ ਹੋਕਾ, ਇਹ ਪਹਿਰੇਦਾਰੀ ਬਹੁਤ ਜ਼ਰੂਰੀ ਹੈ!

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2136) 

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਇੰਦਰਜੀਤ ਚੁਗਾਵਾਂ

ਇੰਦਰਜੀਤ ਚੁਗਾਵਾਂ

Fresno, California, USA.
Phone: (1 - 559 - 779 - 9805)
Email: (ranapamm@gmail.com)