InderjitChugavan7ਚੀਕ-ਚਿਹਾੜਾ ਮਚਿਆ ਪਿਆ ਹੈ। ਸਾਰਾ ਪਿੰਡ ਵਿਹੜੇ ਵਿੱਚ ਜੁੜਿਆ ਹੋਇਆ ਹੈ ...
(9 ਅਗਸਤ 2020)

 

ਸੜਕਾਂ ਬਿਨ ਜ਼ਿੰਦਗੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀਮਾਂਵਾਂ ਬਿਨ ਜ਼ਿੰਦਗੀ ਦੀ ਜੜ੍ਹ ਨਹੀਂ ਲੱਗ ਸਕਦੀਸੜਕਾਂ ਨੇ ਜ਼ਿੰਦਗੀ ਨੂੰ ਰਫ਼ਤਾਰ ਬਖ਼ਸ਼ੀ ਹੈਮਾਂਵਾਂ ਤੇਜ਼ ਰਫ਼ਤਾਰ ਜ਼ਿੰਦਗੀ ਨਾਲ ਕਦਮ ਮਿਲਾਉਣ ਵਿੱਚ ਪੂਰੀ ਵਾਹ ਲਾ ਰਹੀਆਂ ਹਨਆਲੇ-ਦੁਆਲੇ ਦੇ ਹਾਣ ਦਾ ਹੋਣਾ, ਉਸ ਨੂੰ ਸਮਝਣਾ ਤੇ ਆਪਣੀ ਔਲਾਦ ਨੂੰ ਸੰਭਾਵੀ ਖਤਰਿਆਂ ਤੋਂ ਬਚਾ ਕੇ ਰੱਖਣਾ ਇੱਕ ਮਾਂ ਦੀ ਪਰਮ-ਅਗੇਤ ਹੁੰਦੀ ਹੈਬਿਨਾ ਸ਼ੱਕ ਬਾਪ ਵੀ ਬਰਾਬਰ ਦਾ ਜ਼ਿੰਮੇਵਾਰ ਹੁੰਦਾ ਹੈ ਪਰ ਇਹ ਜ਼ਿੰਮੇਵਾਰੀ ਮੁੱਖ ਤੌਰ ’ਤੇ ਮਾਂ ਦੇ ਸਿਰ ਹੀ ਹੁੰਦੀ ਹੈਇਹ ਕੋਈ ਛੋਟਾ-ਮੋਟਾ ਕਾਰਜ ਨਹੀਂ, ਇਹ ਇੱਕ ਵੱਡੀ ਜੱਦੋਜਹਿਦ ਹੈਇਸ ਜੱਦੋਜਹਿਦ ਵਿੱਚ ਕੁਝ ਬਦਕਿਸਮਤ ਮਾਂਵਾਂ ਅਜਿਹੀਆਂ ਵੀ ਹੁੰਦੀਆਂ ਹਨ ਜੋ ਅਵੇਸਲੀਆਂ ਹੋ ਉੱਖੜ ਜਾਂਦੀਆਂ ਹਨ ਤੇ ਉਮਰਾਂ ਦੇ ਜ਼ਖ਼ਮ ਖਾ ਬੈਠਦੀਆਂ ਹਨਅਜਿਹੀਆਂ ਮਾਂਵਾਂ ਬੇਸ਼ਕ ਤੁਹਾਡੇ ਨਾਲ ਕੋਈ ਸੰਬੰਧ ਨਾ ਵੀ ਰੱਖਦੀਆਂ ਹੋਣ ਪਰ ਉਨ੍ਹਾਂ ਦੇ ਜ਼ਖ਼ਮ, ਤੁਹਾਡੇ ਖ਼ੁਦ ਦੇ ਜ਼ਖ਼ਮ ਹਰੇ ਕਰ ਜਾਂਦੇ ਹਨ!

ਗੱਲ ਕੋਈ ਖ਼ਾਸ ਤਾਂ ਨਹੀਂ ਸੀ!
ਜੱਗੋਂ ਤੇਰ੍ਹਵੀਂ ਵੀ ਨਹੀਂ!
ਰੋਜ਼ ਵਾਪਰਦੀਆਂ ਹਨ ਅਜਿਹੀਆਂ ਘਟਨਾਵਾਂ

ਉਫ਼! ਘਟਨਾਵਾਂ ਨਹੀਂ, ਦੁਰਘਟਨਾਵਾਂ!!
ਅਜਿਹਾ ਈ ਹੁੰਦਾ ਹੈ! ਕਿਸਾਨ ਖ਼ੁਦਕੁਸ਼ੀਆਂ ਵਾਂਗ!!

ਪਹਿਲਾਂ ਪਹਿਲ ਸੁਰਖ਼ੀਆਂ ਬਣਦੀ ਰਹੀ ਇਹ ਖ਼ਬਰ ਕਿਸੇ ਅੰਦਰਲੇ ਸਫੇ ਦੀ ਥਾਂ-ਭਰਾਵੀ ਬਣਨ ਲੱਗ ਪਈ ਹੈ!

ਟਰੱਕ ਚਲਾਉਂਦਿਆਂ ਸੜਕ ’ਤੇ ਰੁਲਦੇ ਪਸ਼ੂਆਂ ਦੇ ਕਈ ਮੁਰਦਾਰ ਰੋਜ਼ ਦੇਖਦੇ ਹਾਂ ਜਿਨ੍ਹਾਂ ਵਿੱਚ ਵੱਡੀ ਗਿਣਤੀ ਹਿਰਨਾਂ ਦੀ ਹੁੰਦੀ ਹੈਇਸ ਬਾਰੇ ਆਪਸ ਵਿੱਚ ਚਰਚਾ ਵੀ ਕਰਦੇ ਹਾਂ! “ਕੋਈ ਚੁੱਕ ਕੇ ਪਾਸੇ ਵੀ ਨਹੀਂ ਕਰਦਾ ਯਾਰ ਇਨ੍ਹਾਂ ਨੂੰ! ਹਿਰਨ ਦਾ ਤਾਂ ਸ਼ਿਕਾਰ ਕਰਕੇ ਖਾਂਦੇ ਹਨ ਆਪਣੇ ਲੋਕ,” ਮੇਰੇ ਸਹਿਯੋਗੀ ਡਰਾਈਵਰ ਦਲਜੀਤ ਨੇ ਇੱਕ ਦਿਨ ਆਖਿਆ ਸੀ

“ਆਪਣੇ ਤਾਂ ਇੰਨੀ ਦੇਰ ਨੂੰ ਦੇਗ਼ ਵਿੱਚ ਪਿਆ ਰਿੱਝਦਾ ਹੋਣਾ ਸੀ।” ਮੇਰਾ ਜਵਾਬ ਸੀਭਾਵੇਂ ਇਹ ਜੰਗਲੀ ਜਾਨਵਰ ਹੀ ਹਨ, ਫੇਰ ਵੀ ਮਨ ਦੇ ਕਿਸੇ ਕੋਨੇ ਵਿੱਚੋਂ ਇਨ੍ਹਾਂ ਬੇਜ਼ੁਬਾਨਿਆਂ ਲਈ ਹਾਅ ਨਿੱਕਲ ਜਾਂਦੀ ਹੈਇਸ ਗੱਲ ਦਾ ਸ਼ੁਕਰ ਮਨਾਈਦਾ ਸੀ ਕਿ ਸਾਡੇ ਟਰੱਕ ਥੱਲੇ ਕੋਈ ਜਾਨਵਰ ਨਹੀਂ ਆਇਆਪਰ ਉਸ ਦਿਨ ਇਹ ਹਾਦਸਾ ਸਾਡੀਆਂ ਅੱਖਾਂ ਸਾਹਮਣੇ ਵੀ ਵਾਪਰ ਗਿਆ ਤੇ ਵਾਪਰਿਆ ਵੀ ਅੱਖ ਦੇ ਫੋਰ ਵਿੱਚ

ਅਮਰੀਕਾ ਦੇ ਫ਼ਰੀਵੇ ’ਤੇ ਮੋਟਰ ਗੱਡੀਆਂ, ਖਾਸਕਰ ਟਰੱਕ ਗੋਲੀ ਦੀ ਰਫ਼ਤਾਰ ਨਾਲ ਚੱਲਦੇ ਹਨਸੱਤਰ ਤੋਂ ਅੱਸੀ ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਦੇ ਇਨ੍ਹਾਂ ਟਰੱਕਾਂ ਨੂੰ ਫ਼ੌਰੀ ਤੌਰ ’ਤੇ ਰੋਕਣਾ ਸੰਭਵ ਨਹੀਂ ਹੁੰਦਾਡਰਾਈਵਰਾਂ ਨੂੰ ਚੌਕਸ ਕਰਨ ਲਈ ਥਾਂ ਥਾਂ ਜਿੱਥੇ ਮਿਥੀ ਰਫ਼ਤਾਰ, ਕੂਹਣੀ ਮੋੜਾਂ ਬਾਰੇ ਤੇ ਹੋਰ ਟ੍ਰੈਫਿਕ ਸਾਈਨ ਬੋਰਡ ਲੱਗੇ ਹੋਏ ਹਨ, ਉੱਥੇ ਜੰਗਲੀ ਇਲਾਕਿਆਂ ਵਿੱਚ ਅਜਿਹੇ ਬੋਰਡ ਵੀ ਹਨ ਜੋ ਤੁਹਾਨੂੰ ਖ਼ਬਰਦਾਰ ਕਰਦੇ ਹਨ ਕਿ ਇਸ ਇਲਾਕੇ ਵਿੱਚ ਜੰਗਲੀ ਜਾਨਵਰ ਅਚਾਨਕ ਤੁਹਾਡੇ ਸਾਹਮਣੇ ਆ ਸਕਦਾ ਹੈ, ਇਸ ਲਈ ਆਪਣੇ ਬਚਾਅ ਲਈ ਤਿਆਰ ਬਰ ਤਿਆਰ ਰਹੋ

ਸਪੋਕੇਨ (ਵਾਸ਼ਿੰਗਟਨ) ਤੋਂ ਟਰੇਸੀ (ਕੈਲੀਫੋਰਨੀਆ) ਜਾ ਰਹੇ ਸੀਸਟੀਅਰਿੰਗ ਵ੍ਹੀਲ ’ਤੇ ਦਲਜੀਤ ਸੀ ਤੇ ਮੈਂ ਨਾਲ ਬੈਠਾ ਕੁਦਰਤ ਦੇ ਨਜ਼ਾਰਿਆਂ ਨੂੰ ਕੈਦ ਕਰਨ ਦੀ ਆਪਣੀ ਲਲਕ ਪੂਰੀ ਕਰਨ ਵਾਸਤੇ ਆਈ-ਫ਼ੋਨ ਲਈ ਬੈਠਾ ਸਾਂਅਚਾਨਕ ਖੱਬੇ ਪਾਸੇ ਨਜ਼ਰ ਗਈਇੱਕ ਬਹੁਤ ਹੀ ਮਲੂਕ ਜਿਹਾ ਹਿਰਨ-ਬਾਲ ਸਾਹਮਣੇ ਆਇਆਬੱਗਾ ਰੰਗ, ਕੰਨ ਖੜ੍ਹੇ, ਡੌਰ-ਭੌਰ ਅੱਖਾਂ! ਜੀ ਕੀਤਾ ਕਿ ਫੋਟੋ ਖਿੱਚ ਲਵਾਂ, ਪਰ ਨਹੀਂ! ਉਹ ਡਰਿਆ ਹੋਇਆ ਸੀ

ਮੇਰਾ ਜੀ ਕੀਤਾ ਕਿ ਉਸ ਨੂੰ ਕੁੱਛੜ ਚੁੱਕ ਲਵਾਂ, ਪਰ ਨਹੀਂ! ਉਸ ਨੇ ਅਚਾਨਕ ਛਾਲ ਮਾਰ ਦਿੱਤੀ! ਮੈਂ ਹਿੱਲ ਗਿਆ, ਮੇਰੇ ਹੱਥੋਂ ਮੋਬਾਇਲ ਡਿਗ ਪਿਆ! ਦਲਜੀਤ ਦੇ ਮੂੰਹੋਂ ਨਿਕਲਿਆ, “ਉਹ ਤੇਰੀ!”

“ਸ਼ੁਕਰ ਆ, ਬਚ ਗਿਆ।” ਮੇਰੇ ਮੂੰਹੋਂ ਨਿਕਲਿਆਪਰ ਨਹੀਂ! ਨਾਲ ਆਉਂਦੇ ਟਰੱਕ ਨੇ ਉਸ ਨੂੰ ਲਪੇਟ ਲਿਆ ਸੀ! ਉਫ਼, ਮੇਰਿਆ ਰੱਬਾ!!

ਲਿਖਣ ਨੂੰ ਸਮਾਂ ਲੱਗ ਰਿਹਾ ਹੈ!
ਹੱਥ ਕੰਬ ਰਹੇ ਹਨ!
ਅੱਖਾਂ ਵਿੱਚ ਝੜੀ ਹੈ!
ਇੱਕ ਖੂਬਸੂਰਤ ਅਣਭੋਲ ਜੀਅ ਪਲ ਭਰ ਵਿੱਚ ਸੜਕ ਨੇ ਨਿਗਲ ਲਿਆ!
ਅੱਖ ਦੇ ਫੋਰ ਵਿੱਚ ਸਭ ਕੁਝ ਖਤਮ!
ਇੱਕ ਅਜੀਬ ਜਿਹੀ ਆਵਾਜ਼ ਆਈ ‘ਕਰਰਰਚ ਤੇ ਬੱਸ!!

ਸਾਡਾ ਟਰੱਕ ਬਹੁਤ ਦੂਰ ਨਿਕਲ ਚੁੱਕਾ ਸੀ ਪਰ ਮੈਂ ਉੱਥੇ ਹੀ ਖੜ੍ਹਾ ਸੀਉਹ ਹਿਰਨ-ਬਾਲ ਖੂਨ ਨਾਲ ਲੱਥ-ਪੱਥ ਨਿੱਕੇ-ਨਿੱਕੇ ਟੋਟਿਆਂ ਵਿੱਚ ਬਦਲਿਆ ਪਿਆ ਸੀਉਸ ਦੀਆਂ ਅੱਖਾਂ ਉਵੇਂ ਹੀ ਖੁੱਲ੍ਹੀਆਂ ਪਈਆਂ ਤਕ ਰਹੀਆਂ ਸਨ! ਸਾਰੇ ਜੰਗਲ ਵਿੱਚ ਕੋਹਰਾਮ ਸੀ! ਉਸ ਦੀ ਮਾਂ ਉਸਦਾ ਸਿਰ ਗੋਦ ਵਿੱਚ ਲਈ ਵਿਰਲਾਪ ਕਰ ਰਹੀ ਸੀ! ਕੋਸ ਰਹੀ ਸੀ ਉਸ ਘੜੀ ਨੂੰ ਜਦ ਉਹ ਅਵੇਸਲਾ ਹੀ ਆਪਣਾ ਹੱਥ ਛੁਡਾ ਨਿਕਲ ਤੁਰਿਆ ਤੇ ਪਲ ਭਰ ਵਿੱਚ ਹੀ ਉਸ ਨੂੰ ਸੜਕ ਨਿਗਲ ਗਈਉਸ ਦਾ ਬਾਪ ਪਾਗਲ ਹੋ ਗਿਆ ਸੀਉਹ ਦਰਖ਼ਤਾਂ ਗੱਲ ਲੱਗ ਉੱਚੀ ਉੱਚੀ ਹੱਸ ਰਿਹਾ ਸੀ! ... ਤੇ ਦੂਸਰੇ ਜਾਨਵਰ ਉਸ ਨੂੰ ਫੜ ਕੇ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ

ਅਚਾਨਕ ਇਸ ਜੰਗਲ ਨੇ ਸਾਡੇ ਵਿਹੜੇ ਦਾ ਰੂਪ ਧਾਰ ਲਿਆਚੀਕ-ਚਿਹਾੜਾ ਮਚਿਆ ਪਿਆ ਹੈਸਾਰਾ ਪਿੰਡ ਵਿਹੜੇ ਵਿੱਚ ਜੁੜਿਆ ਹੋਇਆ ਹੈਛੋਟੀ ਭਾਬੀ ਡੇਢ ਕੁ ਸਾਲ ਦੇ ਆਪਣੇ ਪੁੱਤ ਮੋਲੀ ਨੂੰ ਝੋਲੀ ਵਿੱਚ ਲਈ ਵੈਣ ਪਾ ਰਹੀ ਸੀਉਹ ਭੁੱਲ ਗਈ ਸੀ ਕਿ ਕੂਲਰ ਸ਼ਾਟ ਮਾਰਦਾ ਹੈਮੋਲੀ ਨੂੰ ਨੁਹਾ ਕੇ, ਫ਼ਰਸ਼ ’ਤੇ ਵਿਛੀ ਚਟਾਈ ਉੱਪਰ ਬੈਠਾ ਕੇ, ਉਸਨੇ ਰਸੋਈ ਵਿੱਚ ਅਜੇ ਪੈਰ ਨਹੀਂ ਸੀ ਪਾਇਆ ਕਿ ਮੋਲੀ ਕੂਲਰ ਨੂੰ ਜਾ ਲੱਗਾ ਤੇ ਪਲ ਭਰ ਵਿੱਚ ਖੇਲ ਖਤਮਜਦ ਮੈਂ ਉਸ ਨੂੰ ਆਪਣੇ ਬੈੱਡ ’ਤੇ ਲਿਟਾ ਦਿੰਦਾ ਤਾਂ ਉਹ ਪਲਸੇਟੀ ਮਾਰ ਇੱਕ ਦਮ ਸਿੱਧਾ ਹੋ ਜਾਂਦਾ ਤੇ ਦੋਵੇਂ ਹੱਥ ਉੱਪਰ ਵੱਲ ਕਰਕੇ ਇੱਕ ਅਜੀਬ ਜਿਹੀ ਹਰਕਤ ਕਰਦਾ, ਬਿਲਕੁਲ ਮੱਛੀ ਵਾਂਗ! ਜਦ ਵੀ ਅਕੇਵਾਂ ਭਾਰੂ ਹੋਣਾ ਤਾਂ ਉਸ ਦੀ ਇਹ ਹਰਕਤ ਦੇਖਣ ਲਈ ਮੈਂ ਉਸ ਨੂੰ ਚੁੱਕ ਲੈਣਾ। ਬੈੱਡ ’ਤੇ ਲਿਟਾ ਕੇ ਹੋਰਨਾਂ ਨੂੰ ਵੀ ਆਵਾਜ਼ਾਂ ਮਾਰਨੀਆਂ ਕਿ ਆਹ ਦੇਖੋ! ਬਾਕੀ ਪਰਿਵਾਰ ਨੇ ਕਹਿਣਾ ਕਿ ਮੋਲੀ ਨੇ ਤਾਂ ਤਾਇਆ ਸ਼ੁਦਾਈ ਬਣਾ ਦਿੱਤਾ! ਪਰ ਹੁਣ ਮੋਲੀ ਕੁਝ ਵੀ ਨਹੀਂ ਸੀ ਕਰ ਰਿਹਾ! ਤਾਏ ਵੱਲ ਦੇਖ ਕੇ ਅਹੁਲਣ ਵਾਲਾ ਮੋਲੀ ਬੇਹਰਕਤ ਪਿਆ ਹੋਇਆ ਸੀ! ਮੋਲੀ ਦਾ ਬਾਪ, ਮੇਰਾ ਭਰਾ ਸਦਮੇ ਵਿੱਚ ਪਾਗਲ ਹੋ ਗਿਆ ਸੀ! ਪਰਿਵਾਰ ਕੀ, ਸਾਰਾ ਪਿੰਡ ਸੁੰਨ ਹੋਇਆ ਪਿਆ ਸੀਮੋਲੀ ਨੂੰ ਸ਼ਮਸ਼ਾਨ ਘਰ ਤਕ ਮੈਂ ਚੁੱਕ ਕੇ ਲੈ ਕੇ ਗਿਆ ਸੀਮੈਂ ਆਪਣੀ ਜ਼ਿੰਦਗੀ ਵਿੱਚ ਇੰਨਾ ਭਾਰੀ ਬੋਝ ਅੱਜ-ਤਕ ਨਹੀਂ ਉਠਾਇਆ ਤੇ ਇਹੋ ਦੁਆ ਹੈ ਕਿ ਕਿਸੇ ਵੀ ਮਾਂ-ਬਾਪ ਨੂੰ ਆਪਣੀ ਜ਼ਿੰਦਗੀ ਵਿੱਚ ਅਜਿਹਾ ਬੋਝ ਕਦੇ ਨਾ ਉਠਾਉਣਾ ਪਵੇਮੋਲੀ ਦਾ ਮਾਮਾ ਉਸ ਨੂੰ ਆਪਣੀਆਂ ਬਾਹਾਂ ਵਿੱਚ ਲੈਣਾ ਚਾਹੁੰਦਾ ਸੀ ਪਰ ਮੇਰੀਆਂ ਬਾਹਾਂ ਜਿਵੇਂ ਪੱਥਰ ਹੋ ਗਈਆਂ ਸਨ, ਚਾਹੁੰਦਿਆਂ ਵੀ ਮੇਰੀਆਂ ਬਾਹਾਂ ਖੁੱਲ੍ਹ ਨਹੀਂ ਸਨ ਰਹੀਆਂ!

“ਭਾਜੀ, ਇੰਨਾ ਵੀ ਦਿਲ ਨੂੰ ਨਹੀਂ ਲਾਈਦਾ! ਆਪਾਂ ਕਰ ਵੀ ਕੀ ਸਕਦੇ ਸੀਨਾਲੇ ਇਹੋ ਜਿਹੇ ਸੀਨ ਤਾਂ ਆਪਾਂ ਰੋਜ਼ ਦੇਖਦੇ ਆਂ।” ਦਲਜੀਤ ਬੋਲਿਆ!

ਦਲਜੀਤ ਦੇ ਇਨ੍ਹਾਂ ਬੋਲਾਂ ਨੇ ਮੈਂਨੂੰ ਵਰਤਮਾਨ ਵਿੱਚ ਲੈ ਆਂਦਾਮੇਰਾ ਸਰੀਰ ਸਾਹ-ਸਤ ਹੀਣ ਹੋਇਆ ਪਿਆ ਸੀਮੇਰੀਆਂ ਬਾਹਾਂ ਠੰਢੀਆਂ ਸੀਤ ਹੋ ਗਈਆਂ ਸਨਦਲਜੀਤ ਨੂੰ ਮੈਂ ਕੋਈ ਜਵਾਬ ਨਾ ਦੇ ਸਕਿਆਆਪਣੀਆਂ ਬਾਹਾਂ ਘੁੱਟ ਕੇ ਸਹਿਜ ਹੋਣ ਦੀ ਕੋਸ਼ਿਸ਼ ਕੀਤੀਦਲਜੀਤ ਦੀਆਂ ਗੱਲਾਂ ਵੱਲ ਧਿਆਨ ਲਾ ਕੇ ਆਪਣੇ ਆਪ ਨੂੰ ਇਸ ਤੂਫ਼ਾਨੀ ਵਰੋਲੇ ਵਿੱਚੋਂ ਵਕਤੀ ਤੌਰ ’ਤੇ ਕੱਢਣ ਵਿੱਚ ਕਾਮਯਾਬ ਵੀ ਹੋ ਗਿਆ

ਬਹੁਤ ਕੋਸ਼ਿਸ਼ ਕੀਤੀ ਭੁਲਾਉਣ ਦੀ ਪਰ ਇਹ ਹਾਦਸਾ ਮੇਰੀ ਛਾਤੀ ਤੋਂ ਪਾਸੇ ਨਹੀਂ ਸੀ ਹਟ ਰਿਹਾਕਦੇ ਉਹ ਹਿਰਨ-ਬਾਲ, ਕਦੇ ਮੇਰਾ ਮੋਲੀ ਮੇਰੀ ਛਾਤੀ ’ਤੇ ਚੜ੍ਹ ਮੈਂਨੂੰ ਪਰੇਸ਼ਾਨ ਕਰਦੇ ਰਹੇਇੱਕ ਵਾਰ ਫੇਰ ਸਪੋਕੇਨ ਦਾ ਲੋਡ ਮਿਲ ਗਿਆਵੀਡਜ ਸ਼ਹਿਰ ਲੰਘਦੇ ਸਾਰ ਅਚਾਨਕ ਹਿਰਨ ਬਾਲ ਸੜਕ ਵੱਲ ਆਉਂਦੇ ਨਜ਼ਰੀਂ ਪਏਅਸੀਂ ਕੰਬ ਗਏ ਪਰ ਉਸੇ ਪਲ ਉਨ੍ਹਾਂ ਦੀ ਮਾਂ ਆ ਹਾਜ਼ਰ ਹੋਈਉਹ ਮਾਂ ਦੇ ਨਾਲ ਜਾ ਲੱਗੇ, ਜਿਵੇਂ ਮਾਂ ਨੇ ਬੁੱਕਲ ਵਿੱਚ ਲੈ ਲਏ ਹੋਣਮਾਂ ਆਪਣੀ ਇਹ ਸਾਰੀ ਦੁਨੀਆਂ ਲੈ ਕੇ ਪਿੱਛੇ ਵੱਲ ਜੰਗਲ ਵਿੱਚ ਚਲੇ ਗਈਇਹ ਭਾਵ-ਪੂਰਤ ਦ੍ਰਿਸ਼ ਦੇਖ ਕੇ ਅੱਖਾਂ ਇੱਕ ਵਾਰ ਫੇਰ ਨਮ ਹੋ ਗਈਆਂ ਪਰ ਹੁਣ ਇਹ ਹੰਝੂ ਖ਼ੁਸ਼ੀ ਦੇ ਸਨਇਨ੍ਹਾਂ ਹੰਝੂਆਂ ਨੇ ਮੇਰੀ ਛਾਤੀ ਉੱਪਰਲਾ ਬੋਝ ਵੀ ਜਿਵੇਂ ਲਾਹ ਦਿੱਤਾ ਹੋਵੇਮੈਂ ਕਾਫ਼ੀ ਰਾਹਤ ਮਹਿਸੂਸ ਕਰ ਰਿਹਾ ਹਾਂ

ਇਸ ਸਮੁੱਚੇ ਘਟਨਾਕ੍ਰਮ ਨੂੰ ਲੈ ਕੇ ਵਾਰ ਵਾਰ ਮਾਂ ਦੇ ਰੋਲ ਬਾਰੇ ਸੋਚ ਰਿਹਾ ਹਾਂ! ਮਾਂ ਦੀ ਥਾਂ ਕੋਈ ਨਹੀਂ ਲੈ ਸਕਦਾਇਹ ਵੀ ਸੋਚ ਰਿਹਾ ਹਾਂ ਕਿ ਇਸ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਮਾਂ ਦਾ ਪੜ੍ਹੇ-ਗੁੜ੍ਹੇ ਹੋਣਾ ਕਿੰਨਾ ਲਾਜ਼ਮੀ ਹੈ! ਪੜ੍ਹ-ਲਿਖ ਤਾਂ ਬਹੁਤ ਜਾਂਦੇ ਹਨ ਪਰ ਪੜ੍ਹਾਈ ਨੂੰ ਹਾਲਾਤ ਮੁਤਾਬਕ ਜ਼ਮੀਨ ’ਤੇ ਉਤਾਰਨ ਦੀ ਜੁਗਤ ਜਿਸ ਨੂੰ ਆ ਜਾਵੇ, ਉਹੀ ਪੜ੍ਹਿਆ-ਗੁੜ੍ਹਿਆ ਅਖਵਾ ਸਕਦਾ ਹੈ

ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਸੁਰੱਖਿਅਤ ਰਹਿਣ ਤਾਂ ਧੀਆਂ ਨੂੰ ਪੜ੍ਹਾ ਕੇ ਜ਼ਮਾਨੇ ਨੂੰ ਪੜ੍ਹੀਆਂ-ਗੁੜ੍ਹੀਆਂ ਮਾਂਵਾਂ ਦੇਣ ਦਾ ਫਰਜ਼ ਵੀ ਨਿਭਾਓ! ਸਿਰਫ ਸੜਕਾਂ ਦਾ ਜਾਲ ਹੀ ਤਰੱਕੀ ਦਾ ਪੈਮਾਨਾ ਨਹੀਂ ਹੋ ਸਕਦਾਕਿਸੇ ਵੀ ਸਮਾਜ ਦੀ ਤਰੱਕੀ ਦੀ ਕਲਪਨਾ ਪੜ੍ਹੀਆਂ-ਗੁੜ੍ਹੀਆਂ ਮਾਂਵਾਂ ਤੋਂ ਬਿਨਾ ਕੀਤੀ ਹੀ ਨਹੀਂ ਜਾ ਸਕਦੀ

ਮੈਂਨੂੰ ਤੇ ਮੇਰੀ ਹਮਸਫ਼ਰ ਨੂੰ ਮਾਣ ਹੈ ਕਿ ਅਸੀਂ ਜ਼ਮਾਨੇ ਨੂੰ ਦੋ ਸਮਰੱਥ ਮਾਂਵਾਂ ਦਿੱਤੀਆਂ ਹਨ!

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2287)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com

About the Author

ਇੰਦਰਜੀਤ ਚੁਗਾਵਾਂ

ਇੰਦਰਜੀਤ ਚੁਗਾਵਾਂ

Fresno, California, USA.
Phone: (1 - 559 - 779 - 9805)
Email: (ranapamm@gmail.com)

More articles from this author