InderjitChugavan7ਸਾਡੀ ਆਪਣੀ ਹੀ ਚੁੱਪ ਨੇ ਸਾਡਾ ਕਿੰਨਾ ਨੁਕਸਾਨ ਕਰਕੇ ਰੱਖ ...
(26 ਅਪਰੈਲ 2020)

 

ਤੂਫ਼ਾਨ ਮੱਚਿਆ ਪਿਆ ਹੈ ਯਾਰੋ! ਇੱਕ ਗੀਤ ਵਿੱਚ ਇੰਨਾ ਮਾਦਾ ਕਿ ਹਾਹਾਕਾਰ ਮਚ ਜਾਵੇ? ਤੇ ਗੀਤ ਵੀ ਕਿਹੜਾ ਕਿ ‘ਮੇਰਾ ਕੀ ਕਸੂਰ!’ ਕਸੂਰ ਲੱਭਣ ਲਈ ਸਿਰਦਰਦੀ ਤਾਂ ਲੈਣੀ ਹੀ ਪਊ! ਫੇਰ ਹੀ ਗੁਨਾਹਗਾਰ ਦਾ ਪਤਾ ਲੱਗੂ! ਗੀਤ ਸ਼ੁਰੂ ਹੁੰਦਾ ਹੈ ਇੱਕ ਸਵਾਲ ਨਾਲ ਤੇ ਸਵਾਲ ਵੀ ਅਜਿਹਾ ਕਿ ਝੁਣਝੁਣੀ ਛੇੜਦਾ ਹੈ! ਕਮਾਲ ਹੋ ਗਈ ਇਹ ਤਾਂ! ਲੱਭਣ ਤਾਂ ਲੱਗੇ ਸੀ ਕਸੂਰਵਾਰ ਤੇ ਛਿੜ ਗਈ ਝੁਣਝੁਣੀ! ਬੱਲੇ ਓਏ ਬਾਵਾ! ਬੱਲੇ ਓਏ ਬੀਰ ਸਿੰਹਾਂ! ਗੁਨਾਹ ਤਾਂ ਕੋਈ ਕੀਤਾ ਹੋਣਾ ਹੈ ਮਿੱਤਰੋ! ਐਵੇਂ ਤਾਂ ਨਹੀਂ ਬਨੇਰਿਆਂ ’ਤੇ ਬੈਠੇ ਤਮਾਸ਼ਬੀਨ? ਚਲੋ, ਹੁਣ ਆਪਾਂ ਦੇਖਣਾ ਹੈ ਕਿ ਇਹ ਤਮਾਸ਼ਾ ਐ ਜਾਂ ਬਗ਼ਾਵਤ?

ਬੀਰ-ਬਾਵਾ ਦੀ ਜੋੜੀ ਨੇ ਕਿਹਾ ਕੀ ਐ, ਆਓ ਜ਼ਰਾ ਗਹੁ ਨਾਲ ਵਿਚਾਰੀਏ! ਵਿਚਾਰਨ ਲਈ ਕਿਹਾ ਹੈ ਭਾਈ, ਸੁਣਨ ਲਈ ਨਹੀਂ!

ਇਹ ਕਿਉਂ ਕਿਹਾ? ਕਿਉਂਕਿ ਬਾਣੀ ਦਾ ਪਾਠ ਨਿੱਤ ਸੁਣਦੇ ਓ ਤੁਸੀਂ, ਪਰ ਵਿਚਾਰਦੇ ਉੱਕਾ ਨਹੀਂ! ਜੇ ਵਿਚਾਰਦੇ ਹੁੰਦੇ, ਵਿਚਾਰ ਕੇ ਜ਼ਮੀਨ ’ਤੇ ਉਤਾਰਦੇ ਹੁੰਦੇ ਤਾਂ ਇਨ੍ਹਾਂ ਮੁੰਡਿਆਂ ਨੂੰ ਕੀ ਪੁੱਛਣ ਦੀ ਲੋੜ ਸੀ ਕਿ ਮੇਰਾ ਕੀ ਕਸੂਰ ਆ!

ਕੀ ਕਹਿ ਰਹੀ ਐ ਬੀਰ-ਬਾਵਾ ਦੀ ਜੋੜੀ;

“ਕੈਸੀ ਤੇਰੀ ਮੱਤ ਲੋਕਾ,
ਕੈਸੀ ਤੇਰੀ ਬੁੱਧ ਆ

ਭੁੱਖਿਆਂ ਲਈ ਮੁੱਕੀਆਂ,
ਤੇ ਪੱਥਰਾਂ ਨੂੰ ਦੁੱਧ ਆ

ਜੇ ਮੈਂ ਸੱਚ ਬਹੁਤਾ ਬੋਲਿਆ,
ਤਾਂ ਮਚ ਜਾਣਾ ਯੁੱਧ ਆ

ਗ਼ਰੀਬੜੇ ਦੀ ਛੋਹ ਮਾੜੀ,
ਗਊ ਦਾ ਮੂਤ ਸ਼ੁੱਧ ਆ

ਚਲੋ ਮੰਨਿਆ ਬਈ ਤਕੜਾ ਏਂ,
ਤੇਰਾ ਆਪਣਾ ਗਰੂਰ ਆ
ਜੇ ਮੈਂ ਮਾੜੇ ਘਰ ਜੰਮਿਆਂ
ਤਾਂ ਮੇਰਾ ਕੀ ਕਸੂਰ ਆ

ਗਾਤਰੇ ਜਨੇਊ,
ਤੇ ਕਰਾਸ ਗੱਲ ਪਾ ਲਏ

ਵਿਚਾਰ ਅਪਣਾਏ ਨਾ,
ਤੇ ਬਾਣੇ ਅਪਣਾ ਲਏ

ਚੌਧਰਾਂ ਦੇ ਭੁੱਖਿਆਂ,
ਅਸੂਲ ਸਾਰੇ ਖਾ ਲਏ

...

ਮਾੜਾ ਕੀ ਹੈ ਇਸ ਗੀਤ ਵਿੱਚ? ਸਾਡੇ ਬਾਬੇ ਨਾਮਦੇਵ, ਭਗਤ ਕਬੀਰ, ਸਾਡੇ ਰਹਿਬਰ ਬਾਬਾ ਰਵਿਦਾਸ ਨੇ ਵੀ ਤਾਂ ਇਹੋ ਕੁਝ ਕਿਹਾ ਸੀਇਹ ਆਵਾਜ਼ ਤਾਂ ਸਦੀਆਂ ਤੋਂ ਉੱਠ ਰਹੀ ਐ! ਜੇ ਇੱਕ ਪਸ਼ੂ ਦੇ ਮੂਤਰ ਦਾ ਸੇਵਨ ਕੀਤਾ ਜਾ ਸਕਦਾ ਹੈ, ਜੇ ਉਸ ਪਸ਼ੂ ਦੀ ਪੂਜਾ ਕੀਤੀ ਜਾ ਸਕਦੀ ਹੈ ਤਾਂ ਇੱਕ ਖ਼ਾਸ ਵਰਗ ਦੇ ਲੋਕਾਂ ਦੀ ਛੋਹ ਮਾਤਰ ਨਾਲ ਤੁਸੀਂ ਅਪਵਿੱਤਰ ਕਿਵੇਂ ਹੋ ਸਕਦੇ ਹੋ? ਉਹ ਵੀ ਉਨ੍ਹਾਂ ਦੀ ਛੋਹ ਨਾਲ ਜੋ ‘ਮਾਂ’ ਕਹੀ ਜਾਂਦਾ ਗਾਂ ਦੀ ਦੇਖ-ਭਾਲ ਕਰਦੇ ਹਨਉਨ੍ਹਾਂ ਦੇ ਹੱਥਾਂ ਦਾ ਚੋਇਆ ਹੋਇਆ ਦੁੱਧ ਤਾਂ ਤੁਸੀਂ ਮਜ਼ੇ ਨਾਲ ਪੀ ਜਾਂਦੇ ਹੋ! ਜੇ ਇਹ ਵਧੀਕੀ ਸਮਾਜ ਵਿੱਚ ਨਹੀਂ ਹੈ ਤਾਂ ਗਾਇਕ-ਗੀਤਕਾਰ ਦੋਵੇਂ ਦੋਸ਼ੀ ਹਨਦੂਸਰੀ ਗੱਲ, ਇਹ ਗੀਤ ਕਿਸੇ ਵੀ ਧਰਮ ਦੇ ਵਿਰੁੱਧ ਹੈ ਹੀ ਨਹੀਂ! ਇਹ ਤਾਂ ਗਾਤਰਾ, ਜਨੇਊ ਤੇ ਕਰਾਸ ਪਾਈ ਫਿਰਦੇ ਬਹੁਰੂਪੀਆਂ ’ਤੇ ਵਾਰ ਕਰਦਾ ਹੈਇਹ ਗੀਤ ਤਾਂ ਬਾਣੇ ਦੀ ਥਾਂ ਬਾਣੀ ਦੀ ਗੱਲ ਕਰਦਾ ਹੈ!

ਕਿਵੇਂ ਇਨਕਾਰ ਕਰੋਗੇ ਕਿ ਮੰਦਰਾਂ, ਗੁਰਦੁਆਰਿਆਂ, ਚਰਚਾਂ, ਮਸੀਤਾਂ ’ਤੇ ਛਲ-ਕਪਟ ਦਾ ਰਾਜ ਨਹੀਂ ਹੈ? ਜੇ ਅਜਿਹਾ ਨਾ ਹੁੰਦਾ ਤਾਂ ਆਸਾਰਾਮ, ਸਿਰਸੇ ਵਾਲੇ ਗੁਰਮੀਤ ਵਰਗੇ ਜੇਲ ਦੀ ਹਵਾ ਨਾ ਖਾ ਰਹੇ ਹੁੰਦੇਧੀ ਮਾਰਨ ਦੇ ਦੋਸ਼ ਹੇਠ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਨੂੰ ਸੀਖਾਂ ਨਾ ਦੇਖਣੀਆਂ ਪੈਂਦੀਆਂ!

ਕੋਈ ਵੀ ਦੇਸ਼ ਸਿਰਫ ਭਾਵਨਾਵਾਂ ਆਸਰੇ ਨਹੀਂ ਚੱਲ ਸਕਦਾ, ਉਸ ਨੂੰ ਚਲਾਉਣ ਲਈ ਇੱਕ ਸੰਵਿਧਾਨ ਹੁੰਦਾ ਹੈਸਾਡੇ ਦੇਸ਼ ਦਾ ਵੀ ਇੱਕ ਸੰਵਿਧਾਨ ਹੈ ਤੇ ਇਹ ਸੰਵਿਧਾਨ ਬੋਲਣ-ਲਿਖਣ ਦੀ ਆਜ਼ਾਦੀ ਦਾ ਹੱਕ ਆਪਣੇ ਹਰ ਨਾਗਰਿਕ ਨੂੰ ਦਿੰਦਾ ਹੈਬੀਰ-ਬਾਵਾ ਨੇ ਸਮਾਜ ਵਿਚਲੇ ਕੋਹੜ ਵੱਲ ਉਂਗਲ ਕੀਤੀ ਹੈ ਤੇ ਅਜਿਹਾ ਕਰਨਾ ਕੋਈ ਗੁਨਾਹ ਨਹੀਂ ਹੈਬਿਮਾਰੀ ਦੇ ਇਲਾਜ ਲਈ ਉਸ ਦੀ ਸ਼ਨਾਖ਼ਤ ਤਾਂ ਬਹੁਤ ਜ਼ਰੂਰੀ ਹੈ ਇੰਨੀ ਕੁ ਗੱਲ ਨਾਲ ਭਾਵਨਾਵਾਂ ਨੂੰ ਸੱਟ ਲੱਗ ਗਈ? ਜੇ ਭਾਵਨਾਵਾਂ ਇੰਨੀਆਂ ਹੀ ਕਮਜ਼ੋਰ ਹਨ ਤਾਂ ਉਨ੍ਹਾਂ ਨੂੰ ਹੁਣ ਤਕ ਤਾਂ ਮਰ-ਮੁੱਕ ਜਾਣਾ ਚਾਹੀਦਾ ਸੀ ਕਿਉਂਕਿ ਦੇਸ਼ ’ਤੇ ਰਾਜ ਕਰ ਰਹੀ ਪਾਰਟੀ, ਭਾਰਤੀ ਜਨਤਾ ਪਾਰਟੀ ਦੇ ਆਗੂ ਸੰਗੀਤ ਸੋਮ ਦੀ ਕੰਪਨੀ ਬੀਫ ਐਕਸਪੋਰਟ ਕਰਨ ਵਾਲੀਆਂ ਕੰਪਨੀਆਂ ਦੀ ਮੋਹਰਲੀ ਕਤਾਰ ਵਿੱਚ ਸ਼ਾਮਲ ਹੈਇਨ੍ਹਾਂ ਭਾਵਨਾਵਾਂ ਨੇ ਆਪਣੇ ਆਗੂ ਦੇ ਕਾਰੋਬਾਰ ਨੂੰ ਸ਼ਾਇਦ ਨੱਕ ’ਤੇ ਰੁਮਾਲ ਰੱਖ ਕੇ ਬਰਦਾਸ਼ਤ ਕਰ ਲਿਆ ਹੈ! ਭਾਵਨਾਵਾਂ ਦੇ ਵਪਾਰੀ ਇੰਨੇ ਸ਼ਾਤਿਰ ਹਨ ਕਿ ਇੱਕ ਮੁਕੱਦਮਾ ਕਰਕੇ ਹਿੰਦੂ ਧਰਮ ਦਾ ਠੇਕੇਦਾਰ ਬਣਦਾ ਹੈ ਤੇ ਦੂਸਰਾ ਆਪਣੀ ਝੰਡੀ ਉੱਚੀ ਕਰਨ ਲਈ ਬਾਵਾ ਦਾ ਮੂੰਹ ਕਾਲਾ ਕਰਨ ਵਾਲੇ ਨੂੰ ਇੱਕ ਲੱਖ ਰੁਪਏ ਦੇ ਇਨਾਮ ਦਾ ਐਲਾਨ ਕਰਦਾ ਹੈਪਹਿਲੀ ਗੱਲ ਇਹ ਕਿ ਇਹ ਆਗੂ ਇਨਾਮ ਦਾ ਐਲਾਨ ਹੀ ਕਿਉਂ ਕਰੇ? ਜੇ ਇਹ ‘ਨੇਕ ਕੰਮ’ ਕਰਕੇ ਉਸ ਦੀਆਂ ਜ਼ਖ਼ਮੀ ਭਾਵਨਾਵਾਂ ਨੂੰ ਠੰਢ ਪੈਂਦੀ ਐ ਤਾਂ ਉਹ ਆਪਣੇ ਹੱਥੀਂ ਕਿਉਂ ਨਹੀਂ ਕਰ ਲੈਂਦਾ? ਦੂਸਰਿਆਂ ਦੇ ਪੁੱਤਾਂ ਨੂੰ ਕਿਉਂ ਉਕਸਾਵੇ ਦੇ ਰਿਹਾ ਹੈ? ਦੂਸਰੀ ਗੱਲ ਇਹ ਕਿ ਕੋਈ ਕਾਨੂੰਨ ਦਾ ਰਾਜ ਹੈ ਵੀ ਕਿ ਨਹੀਂ? ਅਜਿਹੀਆਂ ਭੜਕਾਹਟਾਂ ਪੈਦਾ ਕਰਨ ਵਾਲੇ ਵਿਰੁੱਧ ਪੰਜਾਬ ਸਰਕਾਰ ਕੇਸ ਕਿਉਂ ਨਹੀਂ ਦਰਜ ਕਰਦੀ? ਜੇ ਪੰਜਾਬ ਸਰਕਾਰ ਇਹ ਫਰਜ਼ ਨਹੀਂ ਨਿਭਾਉਂਦੀ ਤਾਂ ਸੂਬੇ ਦੀ ਹਾਈ ਕੋਰਟ ਇਸ ਭੜਕਾਹਟ ਦਾ ਖ਼ੁਦ ਨੋਟਿਸ ਲੈ ਕੇ ਕਿਉਂ ਨਹੀਂ ਮੁਕੱਦਮਾ ਚਲਾਉਂਦੀ?

ਵੈਸੇ ਇਨ੍ਹਾਂ ਭਗਵੇਂ ਸਿਪਾਹ ਸਿਲਾਰਾਂ ਨੂੰ ਇੱਕ ਹੋਰ ਸ਼ਖ਼ਸ ਦਾ ਮੂੰਹ ਵੀ ਲੱਗੇ ਹੱਥ ਕਾਲਾ ਕਰ ਈ ਦੇਣਾ ਚਾਹੀਦਾ ਹੈਉਹ ਸ਼ਖ਼ਸ ਹੈ ਪਾਰੇਸ਼ ਰਾਵਲ, ਅਹਿਮਦਾਬਾਦ ਤੋਂ ਭਾਰਤੀ ਜਨਤਾ ਪਾਰਟੀ ਦਾ ਲੋਕ ਸਭਾ ਮੈਂਬਰਪਾਰੇਸ਼ ਰਾਵਲ ਇੱਕ ਕਮਾਲ ਦਾ ਅਦਾਕਾਰ ਹੈਉਸ ਦੀ ਫਿਲਮ ‘ਓ ਮਾਈ ਗਾਡ’ ਦੇਖਣ ਵਾਲੀ ਹੈਉਸ ਦਾ ਇੱਕ ਡਾਇਲਾਗ ਹੈ, ”ਜਹਾਂ ਧਰਮ ਹੈ ਵਹਾਂ ਸੱਤਿਆ ਕੇ ਲੀਏ ਜਗ੍ਹਾ ਨਹੀਂ ਹੈ ਔਰ ਜਹਾਂ ਸੱਤਿਆ ਹੈ ਵਹਾਂ ਧਰਮ ਕੀ ਜ਼ਰੂਰਤ ਹੀ ਨਹੀਂ ਹੈ।” ਇਸੇ ਫਿਲਮ ਵਿੱਚ ਹੀ ਪਾਰੇਸ਼ ਰਾਵਲ ਕਹਿੰਦਾ ਹੈ, “ਮੰਦਰ ਮੇਂ ਆਨੇ ਵਾਲਾ ਏਕ ਏਕ ਸ਼ਖ਼ਸ ਵੋ ਪੱਥਰ ਪੇ ਦੂਧ ਡਾਲਨੇ ਕੀ ਬਜਾਇ ਕਿਸੀ ਗਰੀਬ ਕੇ ਪੇਟ ਮੇਂ ਡਾਲੇ ਤੋਂ ਸਬ ਸੇ ਬੜਾ ਪੁੰਨਿਆ ਮਿਲੇਗਾ।” ਇਹ ਡਾਇਲਾਗ ਤਾਂ ਇਸ ਗਾਣੇ ਨਾਲ਼ੋਂ ਵੀ ਜ਼ਿਆਦਾ ਤਿੱਖੇ ਹਨਪਰ ਨਹੀਂ, ਹੁਣ ਕਿਉਂਕਿ ਪਾਰੇਸ਼ ਰਾਵਲ ਉਨ੍ਹਾਂ ਦਾ ਆਪਣਾ ਹੋ ਗਿਆ ਹੈ, ਉਹ ਅਜਿਹਾ ਨਹੀਂ ਕਰਨਗੇ

ਕਿਹਾ ਜਾ ਰਿਹਾ ਹੈ ਕਿ ਬਾਵਾ ਨੇ ਮੁਆਫ਼ੀ ਮੰਗ ਲਈ ਹੈ! ਇਹ ਮੁਆਫ਼ੀ ਉਨ੍ਹਾਂ ਲਈ ਖ਼ਬਰ ਹੋ ਸਕਦੀ ਹੈ ਜਿਨ੍ਹਾਂ ਦਾ ਕੰਮ ਸਿਰਫ ਅੱਖਾਂ ਮੀਟ ਕੇ ਕੱਛਾਂ ਵਜਾਉਣਾ ਹੁੰਦਾ ਹੈ ਇਹ ਮੁਆਫ਼ੀ ਉਨ੍ਹਾਂ ਨੂੰ ਆਨੰਦ ਦੇ ਸਕਦੀ ਹੈ ਜੋ ਵਿਆਹਾਂ ਵਿੱਚ ਡੀਜੇ ’ਤੇ ਚੱਲ ਰਹੇ “ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ, ਤੇਰੇ ਵਿੱਚੋਂ ਤੇਰਾ ਯਾਰ ਬੋਲਦਾ” ਗਾਣੇ ਦੀ ਧੁਨ ’ਤੇ ਆਪਣੀ ਹੀ ਧੀ-ਭੈਣ ਵੱਲ ਇਸ਼ਾਰੇ ਕਰ ਕਰਕੇ ਨੱਚ ਸਕਦੇ ਹਨ ਪਰ ਹਨੇਰਿਆਂ ਨੂੰ ਵੰਗਾਰ ਸਕਣ ਦਾ ਹੌਸਲਾ ਰੱਖਣ ਵਾਲ਼ਿਆਂ ਨੂੰ ਇਸੇ ਗੱਲ ਦਾ ਫ਼ਖ਼ਰ ਐ ਕਿ ਉਨ੍ਹਾਂ ਦੇ ਖਿਆਲਾਂ ਦੀ ਰੌਸ਼ਨੀ ਲਈ ਉਨ੍ਹਾਂ ਨੂੰ ਇੱਕ ਅਜਿਹਾ ਗੀਤ ਮਿਲ ਗਿਆ ਹੈ ਜਿਸ ਨੇ ਮਜ਼ਹਬੀ ਜਨੂੰਨੀਆਂ ਵਿੱਚ ਤਰਥੱਲੀ ਮਚਾ ਕੇ ਰੱਖ ਦਿੱਤੀ ਹੈ ਤੇ ਬੀਰ-ਬਾਵਾ ਦੀ ਜੋੜੀ ਇਸ ਲਈ ਵਧਾਈ ਦੀ ਹੱਕਦਾਰ ਐਸਮਾਂ ਮੰਗ ਕਰਦਾ ਹੈ ਕਿ ਇਸ ਜੋੜੀ ਦੇ ਸਮਰਥਨ ਵਿੱਚ ਖੁੱਲ੍ਹਕੇ ਮੈਦਾਨ ਵਿੱਚ ਆਇਆ ਜਾਵੇ

ਤੁਹਾਡੀਆਂ ਅੱਖਾਂ ਸਾਹਮਣੇ ਜੇ ਕਿਸੇ ਨਿਮਾਣੇ-ਨਿਤਾਣੇ ਨਾਲ ਵਧੀਕੀ ਹੋ ਰਹੀ ਹੋਵੇ ਤਾਂ ਤੁਸੀਂ ਉਸ ਵਕਤ ਚੁੱਪ ਵੱਟ ਲਓ ਤੇ ਬਾਅਦ ਵਿੱਚ ਉਸ ਵਧੀਕੀ ਵਰਗੇ ਗੁਨਾਹਾਂ, ਜ਼ੁਲਮਾਂ ਬਾਰੇ ਪਰ੍ਹਿਆ ਵਿੱਚ ਜਾਂ ਸਟੇਜਾਂ ਤੋਂ ਪ੍ਰਵਚਨ ਸੁਣਾਓ ਤਾਂ ਤੁਹਾਡੇ ਤੋਂ ਵੱਡਾ ਅਪਰਾਧੀ ਕੋਈ ਹੋ ਹੀ ਨਹੀਂ ਸਕਦਾ! ਤੁਹਾਡੇ ਸਾਹਮਣੇ ਸੱਚ ਦੀ ਆਵਾਜ਼ ਦਾ ਗਲ਼ਾ ਘੁੱਟਿਆ ਜਾ ਰਿਹਾ ਹੋਵੇ ਤੇ ਤੁਸੀਂ ਚੁੱਪ ਰਹੋ ਤਾਂ ਤੁਸੀਂ ਵੀ ਕਾਤਲਾਂ ਦੀ ਕਤਾਰ ਵਿੱਚ ਹੀ ਖੜ੍ਹੇ ਕੀਤੇ ਜਾਓਗੇਜ਼ਰਾ ਕੁ ਅੰਦਰ ਝਾਤੀ ਮਾਰੋਗੇ ਤਾਂ ਤੁਹਾਡੇ ਅੰਦਰਲਾ ਹੀ ਤੁਹਾਨੂੰ ਲਾਹਣਤਾਂ ਪਾਵੇਗਾ ਕਿ ਜੇ ਤੂੰ ਉਸ ਵਕਤ ਜ਼ੁਬਾਨ ਖੋਲ੍ਹ ਲੈਂਦਾ, ਜੇ ਤੂੰ ਨਿਮਾਣੇ-ਨਿਤਾਣੇ ਦੇ ਹੱਕ ਵਿੱਚ ਹਾਅ ਦਾ ਨਾਅਰਾ ਸਮੇਂ ਸਿਰ ਮਾਰਿਆ ਹੁੰਦਾ ਤਾਂ ਜ਼ੁਲਮਾਂ ਦੀ ਲੜੀ ਨਹੀਂ ਸੀ ਲੱਗਣੀ! ਜ਼ਰਾ ਅੰਦਰ ਝਾਤ ਮਾਰ ਕੇ ਸੋਚਣਾ ਕਿ ਜੇ ‘ਕੰਮੀ-ਕਮੀਣ’ ਵਰਗੇ ਨਫ਼ਰਤੀ ਲਫ਼ਜ਼ ਅੱਜ ਵੀ ਕੰਨੀ ਪੈ ਜਾਂਦੇ ਹਨ ਤਾਂ ਗੁਨਾਹਗਾਰ ਕੌਣ ਐਂ? ਹਾਂ, ਅਸੀਂ ਹਾਂ ਗੁਨਾਹਗਾਰ! ਕੋਈ ਸ਼ੱਕ ਨਹੀਂ ਕਿਉਂਕਿ ਅਸੀਂ ਵੇਲੇ ਸਿਰ ਬੋਲੇ ਹੀ ਨਹੀਂ!

ਜ਼ਰਾ ਵਿਚਾਰਿਓ ਤਾਂ ਸਹੀ ਕਿ ਸਾਡੀ ਆਪਣੀ ਹੀ ਚੁੱਪ ਨੇ ਸਾਡਾ ਕਿੰਨਾ ਨੁਕਸਾਨ ਕਰਕੇ ਰੱਖ ਦਿੱਤਾ ਹੈਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਦੇ ਨਾਂਅ ਹੇਠ ਜ਼ੁਬਾਨਬੰਦੀ ਦਾ ਹਥਿਆਰ ਇਸੇ ਚੁੱਪ ਦਾ ਹੀ ਨਤੀਜਾ ਹੈਭਾਰਤੀ ਦੰਡਾਵਲੀ ਦੀ ਧਾਰਾ 295-ਏ ਬਰਤਾਨਵੀ ਸਾਮਰਾਜ ਦੀ ਗੁਲਾਮੀ ਵੇਲੇ ਦੀ ਦੇਣ ਹੈਉਦੋਂ ਇਸਦਾ ਮਕਸਦ ਕੌਮੀ ਮੁਕਤੀ ਲਹਿਰ ਨੂੰ ਕਮਜ਼ੋਰ ਕਰਨ ਲਈ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ਅਧੀਨ ਫਿਰਕੂ ਵੰਡ ਨੂੰ ਪੱਕਾ ਕਰਨਾ ਸੀਆਜ਼ਾਦੀ ਤੋਂ ਬਾਅਦ ਚਾਹੀਦਾ ਤਾਂ ਇਹ ਸੀ ਕਿ ਇਸ ਕਾਨੂੰਨ ਨੂੰ ਰੱਦ ਕੀਤਾ ਜਾਂਦਾ ਪਰ ਸਾਡੇ ਆਪਣੇ ਹੁਕਮਰਾਨਾਂ ਨੇ ਇਸ ਨੂੰ ਹੋਰ ਵੀ ਸਖ਼ਤ ਕਰ ਦਿੱਤਾਦੇਸ਼ ਦੀ ਵੰਡ ਤੋਂ ਪਹਿਲਾਂ ਇਸ ਕਾਨੂੰਨ ਅਧੀਨ ਸਜ਼ਾ ਇੱਕ ਸਾਲ ਦੀ ਕੈਦ ਸੀ ਜੋ ਬਾਅਦ ਵਿੱਚ ਵਧਾ ਕੇ ਦੋ ਸਾਲ ਕਰ ਦਿੱਤੀ ਗਈਮਾਮਲਾ ਇੱਥੇ ਹੀ ਨਹੀਂ ਰੁਕਿਆ, ਅਕਾਲੀ-ਕਾਂਗਰਸੀ ਹਾਕਮਾਂ ਨੇ ਕੁਝ ਖ਼ਾਸ ਹਾਲਾਤ ਵਿੱਚ ਇਹ ਸਜ਼ਾ ਵਧਾ ਕੇ 10 ਸਾਲ ਕਰ ਦਿੱਤੀ ਹੋਈ ਹੈਕਾਰਨ? ਕਿਉਂਕਿ ਅਸੀਂ ਚੁੱਪ ਰਹੇ! ਸਾਡੀ ਚੁੱਪ ਹੀ ਹੈ ਕਿ ਉਹ ਸਾਨੂੰ ਕਦੇ ਗ੍ਰੰਥ ਸਾਹਿਬ ਦੀ ਬੇਹੁਰਮਤੀ ਦੇ ਨਾਂਅ ’ਤੇ, ਕਦੇ ਗੁਟਕੇ ਦੀ ਸਹੁੰ ਦਾ ਆਡੰਬਰ ਰਚ ਕੇ ਗੁਮਰਾਹ ਕਰ ਜਾਂਦੇ ਹਨ

ਇਹ ਸਾਰੀ ਖੇਡ ਬਹੁਤ ਹੀ ਖ਼ਤਰਨਾਕ ਹੈ, ਜਿਸ ਦੀ ਸਾਨੂੰ ਆਮ ਲੋਕਾਂ ਨੂੰ ਛੇਤੀ ਕੀਤਿਆਂ ਸਮਝ ਹੀ ਨਹੀਂ ਪੈਂਦੀਬਰਤਾਨਵੀ ਹੁਕਮਰਾਨਾਂ ਦਾ ਮਕਸਦ ਜੇ ਕੌਮੀ ਮੁਕਤੀ ਲਹਿਰ ਨੂੰ ਕਮਜ਼ੋਰ ਕਰਨਾ ਸੀ ਤਾਂ ‘ਸਾਡੇ ਆਪਣਿਆਂ’ ਦਾ ਮਕਸਦ ਉਨ੍ਹਾਂ ਦੀਆਂ ਜੜ੍ਹਾਂ ਨੂੰ ਖੋਖਲਾ ਕਰਨ ਵਾਲੇ ਤਰਕਸ਼ੀਲ, ਫਿਰਕਾ ਰਹਿਤ ਸੁਚੱਜੇ ਸਮਾਜਿਕ ਵਿਹਾਰ ਨੂੰ ਉੱਭਰਨੋ ਰੋਕਣਾ ਅਤੇ ਮੌਜੂਦਾ ਪ੍ਰਬੰਧ ਨੂੰ ਮਜ਼ਬੂਤੀ ਬਖ਼ਸ਼ਣ ਵਾਲੇ ਪਾਖੰਡੀ, ਢੌਂਗੀ ਬਾਬਿਆਂ, ਡੇਰਿਆਂ ਵੱਲੋਂ ਲੋਕਾਂ ਨੂੰ ਮਾਨਸਿਕ ਗੁਲਾਮ ਬਣਾਕੇ ਉਨ੍ਹਾਂ ਦੀ ਕੀਤੀ ਜਾਂਦੀ ਲੁੱਟ ਖ਼ਿਲਾਫ਼ ਬੋਲਣ ਦੀ ਜੁਰਅਤ ਰੱਖਣ ਵਾਲ਼ਿਆਂ ਦੀ ਜ਼ੁਬਾਨਬੰਦੀ ਹੈਭੁੱਲੇ ਤਾਂ ਸ਼ਾਇਦ ਨਹੀਂ ਹੋਵੋਗੇ, ਫਿਰ ਵੀ ਯਾਦ ਕਰਵਾਉਣਾ ਬਣਦਾ ਹੈ ਕਿ ਇਸ ਹਥਿਆਰ ਦੀ ਵਰਤੋਂ ਉੱਘੇ ਕਵੀ ਸੁਰਜੀਤ ਗੱਗ, ਨਾਮਵਰ ਲੇਖਕ ਬਲਦੇਵ ਸਿੰਘ ਸੜਕਨਾਮਾ ਖ਼ਿਲਾਫ਼ ਹਾਲ ਹੀ ਵਿੱਚ ਹੋ ਚੁੱਕੀ ਐਤਰਕਸ਼ੀਲ ਆਗੂ ਮੇਘ ਰਾਜ ਮਿੱਤਰ, ਅਮਿੱਤ ਮਿੱਤਰ, ਵਰਿੰਦਰ ਦੀਵਾਨਾ ਵੀ ਇਸਦੇ ਸ਼ਿਕਾਰਾਂ ਦੀ ਕਤਾਰ ਵਿੱਚ ਹਨ

ਕਿਹਾ ਜਾਂਦਾ ਹੈ ਕਿ ਸੰਗੀਤ ਰੂਹ ਨੂੰ ਸਕੂਨ ਦਿੰਦਾ ਹੈਜ਼ਿਆਦਾਤਰ ਗੀਤ ਅਜਿਹੇ ਹੀ ਹੁੰਦੇ ਹਨ ਜੋ ਪਲ ਭਰ ਦਾ ਆਨੰਦ ਦਿੰਦੇ ਹਨ ਤੇ ਫਿਰ ਵਿੱਸਰ ਜਾਂਦੇ ਹਨਵਿਰਲੇ ਈ ਹੁੰਦੇ ਹਨ ਜੋ ਲੰਮਾ ਸਮਾਂ ਤੁਹਾਡੇ ਜ਼ਿਹਨ ’ਤੇ ਛਾਏ ਰਹਿੰਦੇ ਹਨ, ਤੁਹਾਡਾ ਸਕੂਨ ਖੋਹ ਲੈਂਦੇ ਹਨ, ਤੁਹਾਨੂੰ ਪਰੇਸ਼ਾਨ ਕਰ ਦਿੰਦੇ ਹਨਇਹ ਉਹ ਗੀਤ ਹੁੰਦੇ ਹਨ, ਜਿਨ੍ਹਾਂ ਵਿੱਚ ਕੋਈ ਵਿਚਾਰ ਹੁੰਦਾ ਹੈ ਤੇ ਵਿਚਾਰ ਕਦੇ ਛੇਤੀ ਕੀਤੇ ਦਮ ਨਹੀਂ ਤੋੜਦਾ! ਇਹ ਗੀਤ ਵੀ ਅਜਿਹਾ ਹੀ ਹੈਇਹ ਵੀ ਉਨ੍ਹਾਂ ਕਿਰਤਾਂ ਵਿੱਚ ਜਾ ਸ਼ਾਮਲ ਹੋਇਆ ਹੈ ਜਿਨ੍ਹਾਂ ਦੀ ਲੋਅ ਉੰਨੀ ਦੇਰ ਕਾਇਮ ਰਹੇਗੀ, ਜਿੰਨੀ ਦੇਰ ਗੈਰ-ਬਰਾਬਰੀ ਦੀ ਦਲਦਲ ਦਾ ਖ਼ਾਤਮਾ ਕਰਕੇ ‘ਬੇਗਮਪੁਰੇ ਦੀ ਸਿਰਜਣਾ’ ਨਹੀਂ ਹੋ ਜਾਂਦੀ!

ਮਾੜੇ ਗੀਤਾਂ, ਗਾਇਕਾਂ ਦੀ ਭੰਡੀ ਤਾਂ ਬਹੁਤ ਹੁੰਦੀ ਹੈ ਪਰ ਉਸ ਦੇ ਬਰਾਬਰ ਹੀ ਚੰਗੇ ਗੀਤਕਾਰਾਂ-ਗਾਇਕਾਂ ਨੂੰ ਹੱਲਾਸ਼ੇਰੀ ਦੇਣਾ ਬੇਹੱਦ ਜ਼ਰੂਰੀ ਹੋ ਜਾਂਦਾ ਹੈ! ਆਓ, ਪੂਰਾ ਪੰਜਾਬ ਇੱਕਮੁੱਠ ਹੋ ਕੇ ਬੀਰ-ਬਾਵਾ ਦੀ ਜੋੜੀ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੋਈਏ!

ਅਜਿਹੇ ਗੀਤ ਮੁਕੱਦਮਿਆਂ-ਮੁਆਫੀਆਂ ਤੋਂ ਉੱਪਰ ਉੱਠ ਜਾਂਦੇ ਹਨ! ਇਨ੍ਹਾਂ ਗੀਤਾਂ ਨੇ ਤਾਂ ਨਾਬਰੀ ਦੀ ਆਵਾਜ਼ ਨੂੰ ਜਰਜਰ ਹੋ ਚੁੱਕੇ ਇਸ ਨਿਜ਼ਾਮ ਲਈ ਕੰਨਪਾੜਵੀਂ ਦਹਾੜ ਵਿੱਚ ਬਦਲਣਾ ਹੈ! ਇਨ੍ਹਾਂ ਗੀਤਾਂ ਨੇ ਤਾਂ ਹਵਾਵਾਂ ਵਿੱਚ ਬਾਗ਼ੀਆਨਾ ਮਹਿਕ ਘੋਲਣੀ ਹੈ ਤੇ ਹਵਾਵਾਂ ਦੀ ਬਗ਼ਾਵਤ ਨੂੰ ਕੋਈ ਰੋਕ ਸਕਿਆ ਹੈ ਭਲਾ?

ਇਹ ਗੀਤ ਤਾਂ ਅੱਥਰੇ ਫੁੱਲ ਹਨ, ਜਿਨ੍ਹਾਂ ਦੀ ਖੁਸ਼ਬੂ ਕਿਸੇ ਵੀ ਸੀਮਾ, ਕਿਸੇ ਵੀ ਬੰਦਿਸ਼ ਤੋਂ ਨਾਬਰ ਹੋ ਜਾਂਦੀ ਹੈ ਤੇ ਉਹ ਖੁਸ਼ਬੂ ਵੀ ਕੀ ਹੋਈ ਜੋ ਕਿਸੇ ਦੀ ਗੁਲਾਮ ਹੋ ਜਾਵੇ?

ਇਹ ਸਦੀਆਂ ਤੋਂ ਦੱਬੇ ਕੁਚਲੇ ਜਾ ਰਹੇ ਲੋਕਾਂ ਦੀ ਪਰ੍ਹਿਆ ਵਿੱਚੋਂ ਉੱਠਿਆ ਸਵਾਲ ਹੈ ਤੇ ਪਰ੍ਹਿਆ ਵਿੱਚੋਂ ਉੱਠਿਆ ਸਵਾਲ ਕਦੇ ਖਤਮ ਨਹੀਂ ਹੁੰਦਾ, ਉਹ ਤਾਂ ਜਵਾਬ ਹਾਸਲ ਕਰਕੇ ਹੀ ਦਮ ਲੈਂਦਾ ਹੈ!

ਆਓ ਮਾੜੇ ਨੂੰ ਮਾੜਾ ਕਹੀਏ ਤੇ ਚੰਗਾ ਕਰਨ ਵਾਲ਼ਿਆਂ ਨੂੰ ਇਕੱਲੇ ਨਾ ਛੱਡੀਏ! ਆਓ ਇੱਕ ਆਵਾਜ਼ ਵਿੱਚ ਆਖੀਏ, “ਬਾਵਾ-ਬੀਰ ਸਿੰਹਾਂ, ਘਬਰਾਉਣਾ ਨਹੀਂ ਸ਼ੇਰੋ!! ਅਸੀਂ “ਰਾਜੇ ਸ਼ੀਂਹ ਮੁਕੱਦਮ ਕੁੱਤੇ” ਕਹਿਣ ਦਾ ਮਾਦਾ ਰੱਖਣ ਵਾਲੇ ਬਾਬੇ ਦੀ ਔਲਾਦ, ਤੁਹਾਡੇ ਨਾਲ ਹਾਂ! ... ਤੇ ਇਹ ਆਵਾਜ਼ ਉੰਨੀ ਦੇਰ ਬੰਦ ਨਹੀਂ ਹੋਣੀ ਚਾਹੀਦੀ ਜਿੰਨੀ ਦੇਰ ਤਕ ਜ਼ੁਬਾਨਬੰਦੀ ਵਾਲਾ ਇਹ ਕਾਨੂੰਨ (ਆਈ ਪੀ ਸੀ ਦੀ ਧਾਰਾ 295-ਏ), ਇਹ ਹਥਿਆਰ ਨਸ਼ਟ ਨਹੀਂ ਹੁੰਦਾ!

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2157) 

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਇੰਦਰਜੀਤ ਚੁਗਾਵਾਂ

ਇੰਦਰਜੀਤ ਚੁਗਾਵਾਂ

Fresno, California, USA.
Phone: (1 - 559 - 779 - 9805)
Email: (ranapamm@gmail.com)

More articles from this author