InderjitChugavan7ਜਦ ਰਸੀਦਾਂ ਦਿੰਦੇ ਆਂ ਤਾਂ ਕਹਿਣ ਲੱਗ ਪੈਂਦਾ ਕਿ ਇੰਨਾ ਡੀਜ਼ਲ ਕਿਵੇਂ ਖਾ ਲਿਆ … ਦੱਸੋ ਭਲਾ ਅਸੀਂ ਕੀ ...
(25 ਜੂਨ 2022)
ਮਹਿਮਾਨ: 64.


ਉਹ ਸ਼ੁੱਕਰਵਾਰ ਦਾ ਦਿਨ ਕੁਝ ਖਾਸ ਨਹੀਂ ਸੀ
ਲੋਡ ਇੱਕ ਜਗ੍ਹਾ ਤੋਂ ਚੁੱਕਣਾ, ਦੂਸਰੀ ਥਾਂ ’ਤੇ ਲਾਹੁਣਾ ਸੀਰੁਟੀਨ ਜ਼ਿੰਦਗੀ … ਫਰਿਜ਼ਨੋ ਦੇ ਨਾਲ ਲੱਗਦੇ ਸ਼ਹਿਰ ਟਲੈਰੀ ਤੋਂ ‘ਸਪੂਟੋ ਚੀਜ਼’ ਵਾਲਿਆਂ ਦਾ ਲੋਡ ਤੜਕੇ ਚੁੱਕ ਕੇ ਯਾਰਡ ਵਿੱਚ ਲਿਆ ਰਿਹਾ ਸੀ ਤਾਂ ਅਗਲੇ ਪ੍ਰੋਗਰਾਮ ਲਈ ਪੰਜਾਬ ਤੋਂ ਕੰਮ ਚਲਾ ਰਹੇ ਸਾਹਿਲ ਨੂੰ ਫ਼ੋਨ ਲਾ ਦਿੱਤਾ ਬਹੁਤ ਸਾਰੀਆਂ ਟਰੱਕਿੰਗ ਕੰਪਨੀਆਂ ਨੇ ਆਪਣੇ ਕਾਰੋਬਾਰ ਦੀ ਆਊਟਸੋਰਸਿੰਗ ਕੀਤੀ ਹੋਈ ਹੈਪੰਜਾਬ ਬੈਠੇ ਕੁਝ ਨੌਜਵਾਨਾਂ ਲਈ ਰੁਜ਼ਗਾਰ ਦਾ ਇਹ ਵੀ ਇੱਕ ਸਾਧਨ ਹੈ ਤੇ ਕੰਪਨੀਆਂ ਲਈ ਲਾਹੇ ਦੀ ਸੌਦਾ

ਸਾਹਿਲ ਨੇ ਦੱਸਿਆ ਕਿ ਅਗਲਾ ਲੋਡ ਦੋ ਥਾਂਵਾਂ ਤੋਂ ਚੁੱਕਣਾ ਹੈਪਹਿਲਾਂ ਸਟਰੈੱਥਮੋਰ ਤੇ ਬਾਅਦ ਵਿੱਚ ਟੈਰਾ ਬੈਲਾ ਤੋਂ ਪਰ ਟ੍ਰੇਲਰ ਮਡੇਰਾ ਸ਼ਹਿਰ ਦੀ ਬਗ਼ਲ ਵਿੱਚ ਲੀ ਗਰੈਂਡ ਤੋਂ ਲਿਆਉਣਾ ਪੈਣਾ ਸੀ ਜੋ ਦੋ ਦਿਨ ਤੋਂ ਉੱਥੇ ਰੁਕਿਆ ਪਿਆ ਸੀਓਥੋਂ ਟ੍ਰੇਲਰ ਲੈ ਕੇ ਅਜੇ ਟਲੈਰੀ ਨੇੜੇ ਗਿਆ ਹੀ ਸੀ ਕਿ ਕੰਪਨੀ ਮਾਲਕ ਨੇ ਵਾਪਸ ਬੁਲਾ ਲਿਆ ਕਿ ਇਹ ਟਰੱਕ ਟੀਮ ਲੋਡ ਵਾਲੇ ਡਰਾਈਵਰਾਂ ਨੂੰ ਦੇਣਾ ਹੈ, ਤੁਸੀਂ ਦੂਸਰਾ ਟਰੱਕ ਲੈ ਜਾਓਅੱਧੀਓਂ ਵੱਧ ਵਾਟ ਮੁਕਾ ਚੁੱਕਾ ਸੀ ਪਰ ਵਾਪਸ ਤਾਂ ਮੁੜਨਾ ਹੀ ਪੈਣਾ ਸੀਮੈਂ ਕਿਹਾ ਵੀ ਕਿ ਅਜਿਹਾ ਨਾ ਹੋਵੇ ਕਿ ਅੱਗੋਂ ਕੂਲਰ ਹੀ ਬੰਦ ਹੋ ਜਾਵੇ ਪਰ ਨਹੀਂ, ਮਾਲਕ ਤਾਂ ਮਾਲਕ ਹੀ ਹੁੰਦਾ ਹੈ

ਲੋਕਲ ਡਰਾਈਵਰ ਦੀ ਇਹੋ ਪਰੇਸ਼ਾਨੀ ਹੁੰਦੀ ਹੈ ਕਿ ਉਸਦਾ ਕੋਈ ਨਿਰਧਾਰਿਤ ਪ੍ਰੋਗਰਾਮ ਨਹੀਂ ਹੁੰਦਾਲੋਡ ਸਮੇਂ ਸਿਰ ਮਿਲਣਾ ਕਿ ਨਹੀਂ, ਕੁਝ ਵੀ ਕਿਹਾ ਨਹੀਂ ਜਾ ਸਕਦਾਕਈ ਵਾਰ ਲੋਡ ਚੁੱਕਣ ਲਈ ਦਿੱਤੇ ਸਮੇਂ ’ਤੇ ਪਹੁੰਚਣ ਤੋਂ ਪਹਿਲਾਂ ਹੀ ਕੂਲਰ ਬੰਦ ਪਿਆ ਮਿਲਦਾ ਹੈਫਿਰ ਰਾਤ ਓਥੇ ਹੀ ਕੱਟਣੀ ਪੈਂਦੀ ਹੈਨੌਜਵਾਨ ਡਰਾਈਵਰ ਤਾਂ ਕੱਟ ਲੈਂਦੇ ਹਨ ਪਰ ਮੇਰੇ ਵਰਗਿਆਂ ਲਈ ਪਰੇਸ਼ਾਨੀ ਖੜ੍ਹੀ ਹੋ ਜਾਂਦੀ ਹੈ

ਵਾਪਸ ਆ ਕੇ ਟਰੱਕ ਬਦਲ ਕੇ ਸਟਰੈੱਥਮੋਰ ਵਾਲਾ ਲੋਡ ਚੁੱਕਣ ਗਿਆ ਤਾਂ ਸ਼ਾਮ ਦੇ ਅੱਠ ਵੱਜ ਚੁੱਕੇ ਸਨਉਹ ਜਿਵੇਂ ਮੇਰੀ ਹੀ ਉਡੀਕ ਕਰ ਰਹੇ ਹੋਣਅੱਧਾ ਘੰਟਾ ਵੀ ਨਹੀਂ ਲੱਗਾ ਹੋਣਾ ਲੋਡ ਕਰਨ ਨੂੰਸਿਰਫ ਤਿੰਨ ਪੈਲਟ ਸਨਦੋ ਸੰਤਰਿਆਂ ਦੇ ਅਤੇ ਇੱਕ ਨਿੰਬੂਆਂ ਦਾਬਿੱਲ ਲਿਆ ਤੇ ਟੈਰਾ ਬੈਲਾ ਲਈ ਤੁਰ ਪਿਆਜੀ ਪੀ ਐੱਸ ਅਨੁਸਾਰ ਵੀਹ ਕੁ ਮੀਲ ਦੀ ਦੂਰੀ ਸੀਟੈਰਾ ਬੈਲਾ ਪਹੁੰਚ ਕੇ ਸਹੀ ਟਿਕਾਣਾ ਲੱਭਣ ਵਿੱਚ ਥੋੜ੍ਹਾ ਸਮਾਂ ਲੱਗਾ ਕਿਉਂਕਿ ਜੀ ਪੀ ਐੱਸ ਮੈਨੂੰ ਉਸ ਕੰਪਲੈਕਸ ਦੇ ਪਿਛਵਾੜੇ ਲੈ ਗਿਆ ਸੀ

ਟਿਕਾਣੇ ’ਤੇ ਪਹੁੰਚ ਕੇ ਦੇਖਿਆ ਤਾਂ ਟਰੱਕ ਪਾਰਕ ਕਰਨ ਲਈ ਜਗ੍ਹਾ ਵੀ ਮੁਸ਼ਕਲ ਨਾਲ ਮਿਲੀਟੈਨਸ਼ਨ ਤਾਂ ਹੋਣੀ ਹੀ ਸੀਪਤਾ ਸੀ ਕਿ ਲੋਡ ਛੇਤੀ ਕੀਤਿਆਂ ਮਿਲਣ ਵਾਲਾ ਨਹੀਂਚੈੱਕ-ਇਨ ਕਰਵਾ ਕੇ ਆਪਣੇ ਟਰੱਕ ਦੇ ਕੈਬਿਨ ਵਿੱਚ ਖਾਣਾ ਗਰਮ ਕੀਤਾ ਤੇ ਘਰ ਫ਼ੋਨ ਕਰਕੇ ਕਿਹਾ, “ਮੇਰੀ ਉਡੀਕ ਕੀਤੇ ਬਿਨਾ ਸੌਂ ਜਾਇਓ, ਦੇਰ ਹੋ ਜਾਣੀ ਆਂਲੋਡ ਪਤਾ ਨਹੀਂ ਕਦੋਂ ਮਿਲਣਾ।”

ਬਾਰਾਂ ਕੁ ਵਜੇ ਦੇ ਕਰੀਬ ਡੌਕ ਡੋਰ ਮਿਲ ਗਿਆਟ੍ਰੇਲਰ ਦਿੱਤੇ ਗਏ ਡੋਰ ’ਤੇ ਲਾ ਕੇ ਡੌਕ ਫਲੋਰ ’ਤੇ ਜਾ ਖੜ੍ਹਾ ਹੋਇਆਜਿਨ੍ਹਾਂ ਡਰਾਈਵਰਾਂ ਨੂੰ ਲੋਡ ਮਿਲ ਗਏ ਸਨ, ਉਹ ਲੋਡ-ਲਾਕ ਫਿੱਟ ਕਰਕੇ ਤੁਰਨ ਦੀ ਤਿਆਰੀ ਕਰ ਰਹੇ ਸਨਮੈਂ ਦੇਖਿਆ ਕਿ ਇੱਕ ਭਰ ਜਵਾਨ ਮੁੰਡਾ ਮੇਰੇ ਵੱਲ ਦੇਖ ਰਿਹਾ ਸੀਮੈਂ ਉਸ ਵੱਲ ਦੇਖਕੇ ਮੁਸਕਰਾਇਆ ਤਾਂ ਉਹ ਮੇਰੇ ਕੋਲ ਆ ਗਿਆਫ਼ਤਿਹ ਬੁਲਾ ਕੇ ਉਹ ਪੁੱਛਣ ਲੱਗਾ, “ਅੰਕਲ, ਕਿੱਧਰ ਨੂੰ ਚੱਲਦੇ ਓ?”

ਮੈਂ ਕਿਹਾ, “ਮੈਂ ਤਾਂ ਲੋਕਲ ਡਰਾਈਵ ਹੀ ਕਰਦਾਂ ਬੇਟਾ ਜੀਇੱਥੋਂ ਇਹ ਲੋਡ ਫਰਿਜ਼ਨੋ ਕੰਪਨੀ ਯਾਰਡ ਵਿੱਚ ਲੈ ਕੇ ਜਾਣਾ

ਇਹ ਮੁੰਡਾ ਮਨਵੀਰ ਲੁਧਿਆਣੇ ਜ਼ਿਲ੍ਹੇ ਨਾਲ ਸੰਬੰਧਤ ਸੀ

ਲੋਕਲ ਡਰਾਈਵਰ ਦੀ ਕੋਈ ਪੱਕੀ ਰੁਟੀਨ ਨਹੀਂ ਹੁੰਦੀਇਸ ਉਮਰ ਵਿੱਚ ਔਖਾ ਤਾਂ ਲੱਗਦਾ ਹੋਊਗਾ ਅੰਕਲ? ਮੈਂ ਤਿੰਨ ਵਜੇ ਦਾ ਆਇਆ ਹੋਇਆਂ ਤੇ ਲੋਡ ਗਿਆਰਾਂ ਵਜੇ ਮਿਲਿਆਪੰਜ ਪੈਲਟ ਆ ਸਾਰੇ … ਅਜੇ ਕੋਈ ਲੜ ਪੱਲਾ ਨਜ਼ਰ ਨਹੀਂ ਆ ਰਿਹਾ!” ਮਨਵੀਰ ਨੇ ਹੋਰ ਸਵਾਲ ਕਰ ਦਿੱਤਾ

ਕੰਮ ਤਾਂ ਕਰਨਾ ਹੀ ਪੈਣਾ ਪੁੱਤ ਜੀ …! ਜਿੰਨੀ ਦੇਰ ਹਿੰਮਤ ਹੈ, ਡਟੇ ਰਹਾਂਗੇ” ਮੈਂ ਉਸ ਕੋਲ ਆਪਣੀ ਮਨੋਦਸ਼ਾ ਜ਼ਾਹਰ ਨਹੀਂ ਸੀ ਕਰਨੀ ਚਾਹੁੰਦਾਇਸੇ ਦੌਰਾਨ ਉਸ ਦੇ ਲੋਡ ਦੀ ਵਾਰੀ ਆ ਗਈਉਹ ਆਪਣੇ ਟ੍ਰੇਲਰ ਕੋਲ ਚਲਾ ਗਿਆ

ਇੰਨੇ ਨੂੰ ਇੱਕ ਜੋੜਾ ਨਜ਼ਰੀਂ ਪਿਆਕੁੜਤਾ-ਪਜਾਮਾ ਪਾਈ ਉਹ ਭਾਈ ਵੀ ਬੇਸ਼ਕ ਵੱਖਰਾ ਨਜ਼ਰ ਆ ਰਿਹਾ ਸੀ ਪਰ ਸਲਵਾਰ-ਕਮੀਜ਼, ਸਿਰ ’ਤੇ ਚੁੰਨੀ, ਮੋਢੇ ’ਤੇ ਲਟਕਦੇ ਸ਼ਾਲ ਵਾਲੀ ਉਸਦੀ ਸਾਥਣ ਅਸਲੋਂ ਅਲੱਗ ਜਾਪ ਰਹੀ ਸੀਉਹ ਮੇਰੇ ਹਮਉਮਰ ਹੀ ਜਾਪ ਰਹੇ ਸਨਤਿੱਖੇ ਤਿੱਖੇ ਨੈਣ-ਨਖ਼ਸ਼, ਜਗਿਆਸੂ ਨਜ਼ਰ ਵਾਲੀ ਇਹ ਬੀਬੀ ਪਹਿਲਾਂ ਉਸ ਮੁੰਡੇ ਵੱਲ ਦੇਖ ਕੇ ਮੁਸਕਰਾਈ ਤੇ ਫੇਰ ਮੇਰੇ ਕੋਲ ਆ ਕੇ ਥੋੜ੍ਹਾ ਰੁਕ ਕੇ ਪੁੱਛਣ ਲੱਗੀ, “ਚੈੱਕ ਇਨ … ਵੇਅਰ?” ਮੈਂ ਉਸਦੇ ਹਾਵ ਭਾਵ ਤੋਂ ਅੰਦਾਜ਼ਾ ਲਾ ਲਿਆ ਸੀ ਕਿ ਇਹ ਪੰਜਾਬੀ ਹੀ ਹਨ ਪਰ ਉਸ ਨੂੰ ਮੇਰੇ ਪੰਜਾਬੀ ਹੋਣ ਬਾਰੇ ਯਕੀਨ ਨਹੀਂ ਸੀ

ਆਹ ਦੇਖੋ, ਤੁਹਾਡੇ ਨਾਲ ਹੀ ਐ ਭੈਣ ਮੇਰੀਏ … ਕਲਿੱਪਬੋਰਡ ਚੁੱਕ ਕੇ ਸਾਰੀ ਲੋਡ ਇਨਫਰਮੇਸ਼ਨ ਭਰ ਦਿਓ।” ਮੇਰੇ ਪੰਜਾਬੀ ਵਿੱਚ ਜਵਾਬ ਨੇ ਉਸ ਨੂੰ ਸਹਿਜ ਕਰ ਦਿੱਤਾ ਲਗਦਾ ਸੀਬਾਅਦ ਵਿੱਚ ਮੈਨੂੰ ਜਾਪਿਆ ਕਿ ਉਸ ਨੂੰ ਕੁਝ ਸਮਝ ਨਹੀਂ ਆ ਰਿਹਾਮੈਂ ਕੋਲ ਜਾ ਖੜ੍ਹਾ ਹੋਇਆ ਤੇ ਦੇਖਿਆ ਕਿ ਸਾਰਾ ਕੁਝ ਸਹੀ ਭਰਿਆ ਸੀ ਉਸਨੇਮੇਰੇ ਵੱਲ ਦੇਖਕੇ ਪੁੱਛਣ ਲੱਗੀ, “ਵੀਰੇ, ਭਲਾ ਆਹ ਕੀ ਹੋਇਆ … ਮੈਨ ਡੀ ਟਰੀ?”

ਇਸਦੀ ਕੋਈ ਲੋੜ ਨਹੀਂ ਭੈਣ ਜੀ, ਤੁਸੀਂ ਬਿਲਕੁਲ ਸਹੀ ਭਰਿਐ” ਮੈਂ ਜਵਾਬ ਦਿੱਤਾਉਸ ਦੀ ਹੱਥ-ਲਿਖਤ ਤੋਂ ਪਤਾ ਲੱਗ ਰਿਹਾ ਸੀ ਕਿ ਉਹ ਜ਼ਿਆਦਾ ਪੜ੍ਹੀ ਲਿਖੀ ਨਹੀਂ

ਉਹ ਤਾਂ ਹੋਇਆ, ਮੈਨੂੰ ਇਹਦਾ ਮਤਲਬ ਤਾਂ ਦੱਸੋਕਿਤੇ ਲੋੜ ਹੀ ਪੈ ਜਾਂਦੀ ਐ” ਉਸਦਾ ਇਹ ਅੰਦਾਜ਼ ਮੈਨੂੰ ਚੰਗਾ ਲੱਗਾ

ਇਹ ਲਫ਼ਜ਼ ਹੈ ਮੈਂਡੇਟੋਰੀ … ਇਸਦਾ ਮਤਲਬ ਐ ਲਾਜ਼ਮੀ, ਜ਼ਰੂਰੀ …” ਮੈਂ ਸਮਝਾਇਆ

ਲੈ ਹੁਣ ਨਹੀਂ ਭੁੱਲਦੀ ਵੀਰੇ, ਜਦੋਂ ਮਰਜ਼ੀ ਪੁੱਛ ਲਵੀਂ, “ਉਸਦੇ ਇਸ ਜਵਾਬ ਵਿਚਲੀ ਮਾਸੂਮੀਅਤ ਤੋਂ ਮੈਂ ਪ੍ਰਭਾਵਤ ਹੋਏ ਬਿਨਾ ਰਹਿ ਨਹੀਂ ਸਕਿਆ

ਬਾਅਦ ਵਿੱਚ ਉਹ ਬੀਬੀ ਆਪਣੇ ਆਪ ਹੀ ਦੱਸਣ-ਪੁੱਛਣ ਲੱਗ ਪਈ, “ਅਸੀਂ ਮੋਗੇ ਤੋਂ ਆਂ ਵੀਰੇ, ਤੁਸੀਂ ਕਿੱਥੋਂ?”

ਤੁਸੀਂ ਵੀ ਡਰਾਈਵ ਕਰ ਲੈਂਦੇ ਓ?” ਮੈਂ ਪੁੱਛਿਆ

ਉਹ ਫੇਰ ਸ਼ੁਰੂ ਹੋ ਗਈ, “ਕਾਹਨੂੰ ਡਰਾਈਵ ਕਰ ਲੈਂਦੀ ਆਂ … ਤੁਹਾਡੇ ਭਰਾ ਨੂੰ ਪੜ੍ਹਨਾ ਲਿਖਣਾ ਨਹੀਂ ਆਉਂਦਾ, ਨਾ ਅੰਗਰੇਜ਼ੀ ਬੋਲਣੀ ਆਉਂਦੀ ਐਜਦੋਂ ਹੀ ਐੱਲ ਡੀ ਸ਼ੁਰੂ ਹੋਈ, ਇਹ ਤਾਂ ਘਰ ਹੀ ਬੈਠ ਗਿਆਫੇਰ ਮੈਂ ਸੋਚਿਆ ਕਿ ਮੈਂ ਕੰਮ ਨਾ ਕਰੂੰ ਤਾਂ ਗੁਜ਼ਾਰਾ ਹੋ ਜਾਊ, ਇਹ ਬੈਠ ਗਿਆ ਤਾਂ ਦਿਨ ਕਿਵੇਂ ਲੰਘਣਗੇਮੈਂ ਪੰਜਾਬੀ ਸਟੋਰ ਵਿੱਚ ਕੰਮ ਕਰਦੀ ਸੀਉਹ ਮਰ ਜਾਣੇ ਪੂਰੇ ਪੈਸੇ ਨਹੀਂ ਸੀ ਦਿੰਦੇਡਰਾਈਵਰੀ ਵਿੱਚ ਤਾਂ ਚਾਰ ਪੈਸੇ ਬਣ ਜਾਂਦੇ ਆਮੈਂ ਆਪਣਾ ਕੰਮ ਛੱਡਿਆ ਤੇ ਇਹਨੂੰ ਕਿਹਾ ਭਾਈ ਹਾਰੀਂ ਨਾ … ਹੋ ਤਕੜਾ, ਪੜ੍ਹੀ ਲਿਖੀ ਬੋਲੀ ਮੈਂ ਜਾਊਂ, ਤੂੰ ਟਰੱਕ ਚਲਾਈ ਜਾਈਂ … ਇਕੱਲਾ ਬੰਦਾ ਤਾਂ ਕੋਈ ਵੀ ਪਰਿਵਾਰ ਨਹੀਂ ਚਲਾ ਸਕਦਾਰਲ਼ਮਿਲ਼ ਚੱਲੀ ਜਾਨੇ ਆਂ …! ਬੁੱਤਾ ਸਾਰ ਲੈਨੀ ਆਂ ਮੈਂ, ਦੋ ਕੁ ਅੱਖਰ ਆਉਂਦੇ ਐ ਗੁਜ਼ਾਰੇ ਜੋਗੇ …! ਇਹਦੇ ਵਿੱਚ ਇਹ ਭੈੜ ਆ ਕਿ ਸਿੱਖਦਾ ਹੀ ਨਹੀਂ, ਜੀ ਪੀ ਐੱਸ ’ਤੇ ਐਡਰੈੱਸ ਨਹੀਂ ਪਾ ਸਕਦਾ ਇਹ …

ਉਸਦਾ ਸਾਥੀ ਬੋਲਿਆ, “ਨਹੀਂ ਆਉਂਦਾ, ਦੱਸ ਮੈਂ ਕੀ ਕਰਾਂ! ਜਦ ਸਹੁਰੀ ਸਿੱਖਣ ਦੀ ਉਮਰ ਸੀ, ਘਰਦਿਆਂ ਨੇ ਖੇਤੀ ਤੋਂ ਸਿਰ ਨਹੀਂ ਚੁੱਕਣ ਦਿੱਤਾ ਪਰ ਮੈਂ ਭੈਣ-ਭਰਾ ਪੜ੍ਹਾ ਦਿੱਤੇਫੇਰ ਇੱਧਰ ਆ ਗਏ, ਪਿਛਲਾ ਖੂਹ ਭਰਨ ਵਿੱਚ ਹੀ ਲੱਗੇ ਰਹੇਛੋਟਾ ਭਰਾ ਮੇਰੇ ਭੇਜੇ ਪੈਸਿਆਂ ’ਤੇ ਜਾਇਦਾਦ ਆਪਣੇ ਨਾਂਅ ਦੀ ਬਣਾ ਗਿਆ … ਆਪਾਂ ਖਾਲੀ ਹੱਥ …! ਹੁਣ ਜਾ ਕੇ ਬੱਚੇ ਆਏ ਇੱਧਰ … ਮੇਰੇ ਕੋਲ਼ੋਂ ਤਾਂ ਸਹੁਰਾ ਘਰ ਨਹੀਂ ਲੈ ਹੋਇਆ ਅੱਜ ਤਕ …! ਜੇ ਇਹ ਨਾ ਹੁੰਦੀ ਤਾਂ ਅਸਲੋਂ ਨੰਗ ਹੋ ਜਾਣਾ ਸੀ ਮੈਂ …!” ਅਸਲੋਂ ਸਧਾਰਨ ਨਜ਼ਰ ਆ ਰਹੇ ਇਹ ਮਨੁੱਖ ਹੁਣ ਮੇਰੇ ਲਈ ਖਾਸ ਹੋ ਗਏ ਸਨ

ਉਹ ਆਪਣੇ ਕਿਸੇ ਨਜ਼ਦੀਕੀ ਰਿਸ਼ਤੇਦਾਰ ਦਾ ਟਰੱਕ ਚਲਾਉਂਦੇ ਹਨਉਹ ਰਿਸ਼ਤੇਦਾਰ ਡਰਾਈਵਰ ਦੀ ਮਜਬੂਰੀ ਦੀ ਪੂਰਾ ਫ਼ਾਇਦਾ ਉਠਾ ਰਿਹਾ ਹੈਮਿਹਨਤ ਦਾ ਨਾ ਪੂਰਾ ਮੁੱਲ ਦਿੰਦਾ ਹੈ ਤੇ ਨਾ ਸਮੇਂ ਸਿਰ ਅਦਾਇਗੀਬੀਬੀ ਦੱਸਣ ਲੱਗੀ, “ਸਾਨੂੰ ਕਹਿੰਦਾ, ਡੀਜ਼ਲ ਆਪਣੇ ਕੋਲ਼ੋਂ ਪੁਆ ਲਿਆ ਕਰੋ ਤੇ ਰਸੀਦਾਂ ਦਿਖਾ ਕੇ ਪੈਸੇ ਲੈ ਲਿਆ ਕਰੋਜਦ ਰਸੀਦਾਂ ਦਿੰਦੇ ਆਂ ਤਾਂ ਕਹਿਣ ਲੱਗ ਪੈਂਦਾ ਕਿ ਇੰਨਾ ਡੀਜ਼ਲ ਕਿਵੇਂ ਖਾ ਲਿਆ … ਦੱਸੋ ਭਲਾ ਅਸੀਂ ਕੀ ਕਰਨਾ ਡੀਜ਼ਲ?

ਉਹ ਮਿੰਨਤਾਂ ਕਰਨ ਲੱਗੀ ਕਿ ਉਨ੍ਹਾਂ ਨੂੰ ਕਿਸੇ ਵਧੀਆ ਕੰਪਨੀ ਵਿੱਚ ਕੰਮ ਦਿਵਾ ਦਿਓਉਸਨੇ ਸਾਡੇ ਫ਼ੋਨ ਨੰਬਰ ਵੀ ਲੈ ਲਏ ਤੇ ਆਪਣੇ ਟਰੱਕ ਵੱਲ ਤੁਰਨ ਲੱਗਿਆਂ ਕਹਿਣ ਲੱਗੀ, “ਇਹਦੀ ਸਿਹਤ ਨਹੀਂ ਠੀਕ ਰਹਿੰਦੀਜਿੰਨਾ ਚਿਰ ਮੈਂ ਆਂ, ਓਨਾ ਚਿਰ ਤਾਂ ਕੁਝ ਨਹੀਂ ਹੋਣ ਦਿੰਦੀ … ਬਾਕੀ ਸਾਹ ਦਾ ਕੀ ਭਰੋਸਾ …!”

ਉਹ ਚਲੇ ਗਏ ਤਾਂ ਕੋਲ ਖੜ੍ਹਾ ਇੱਕ ਤੀਸਰਾ ਬੋਲਿਆ, “ਬਾਹਲ਼ੀ ਤੇਜ਼ ਆ ਯਾਰ …!”

ਮਨਵੀਰ ਉਸ ਦੇ ਗਲ਼ ਪੈ ਗਿਆ, “ਉਹ ਪਤਾ ਨਹੀਂ ਕਿੰਨੇ ਦੁਖੀ ਆ, ਤੂੰ ਕਹੀ ਜਾਂਦਾ ਹੈ ਬਾਹਲ਼ੀ ਤੇਜ਼ ਆ … ਉਹ ਕੰਜਰ ਜਿਹੜਾ ਇਨ੍ਹਾਂ ਨੂੰ ਖਾਈ ਜਾ ਰਿਹਾ ਹੈ, ਉਹ ਵੀ ਭਲਾ ਕੋਈ ਮਨੁੱਖ ਹੋਊਗਾ … ਕੋਈ ਗੱਲ ਨਹੀਂ ਅੰਕਲ, ਮੈਂ ਸੋਚੂੰਗਾ ਇਨ੍ਹਾਂ ਬਾਰੇ …!” ਮਨਵੀਰ ਦੇ ਆਪਣੇ ਚਾਰ ਟਰੱਕ ਹਨ

ਮੈਨੂੰ ਉਹ ਮੁੰਡਾ ਬਹੁਤ ਚੰਗਾ ਲੱਗਾਉਸ ਨੂੰ ਮੋਢਿਓਂ ਫੜ ਆਪਣੇ ਨਾਲ ਲਾ ਕੇ ਸ਼ਾਬਾਸ਼ ਦਿੱਤੀਹਨੇਰੇ ਵਿੱਚ ਓਝਲ ਹੋ ਗਏ ਇਸ ਜੋੜੇ ਬਾਰੇ ਮੈਂ ਮਨ ਹੀ ਮਨ ਵਿੱਚ ਸੋਚ ਰਿਹਾ ਸੀ ਕਿ ਸੱਤਿਆਵਾਨ ਲਈ ਸਵਿੱਤਰੀ ਵੀ ਇਸੇ ਤਰ੍ਹਾਂ ਯਮਰਾਜ ਨਾਲ ਜੂਝੀ ਹੋਵੇਗੀ … ਉਹ ਸਵਿੱਤਰੀ ਤਾਂ ਮਿਥਿਹਾਸ ਦੀ ਇੱਕ ਨਾਇਕਾ ਹੈ ਪਰ ਇਹ ਤਾਂ ਇੱਕ ਜਿਊਂਦੀ ਜਾਗਦੀ ਸਾਖਸ਼ਾਤ ਸਵਿੱਤਰੀ ਹੈ …!

ਉਸ ਬਾਰੇ ਸੋਚ ਕੇ ਮੈਂ ਥੋੜ੍ਹਾ ਮੁਸਕਰਾ ਪਿਆ … ਮੇਰੀਆਂ ਅੱਖਾਂ ਪਤਾ ਨਹੀਂ ਕਿਉਂ ਨਮ ਸਨ! ਮੇਰੀ ਆਪਣੀ ਪਰੇਸ਼ਾਨੀ ਪਤਾ ਨਹੀਂ ਕਿੱਥੇ ਖੰਭ ਲਾ ਕੇ ਉੱਡ ਗਈ ਸੀ!

ਮੇਰੇ ਦੁਆਲ਼ੇ ਅਜੇ ਵੀ ਉਸ ਸਵਿੱਤਰੀ ਦਾ ਬਾਰਾ-ਪਹਿਰਾ ਹੈ …!

ਜ਼ਿੰਮੇਵਾਰੀਆਂ ਨੂੰ ਗੰਢ ਦੇ ਕੇ, ਹੌਸਲੇ ਦੀ ਪੰਡ ਲੈ ਕੇ ਉਹ ਸੱਤਿਆਵਾਨ ਨੂੰ ਲਈ ਘੁੰਮੀ ਜਾ ਰਹੀ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3648)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਇੰਦਰਜੀਤ ਚੁਗਾਵਾਂ

ਇੰਦਰਜੀਤ ਚੁਗਾਵਾਂ

Fresno, California, USA.
Phone: (1 - 559 - 779 - 9805)
Email: (ranapamm@gmail.com)

More articles from this author