InderjitChugavan7ਮੇਰੇ ਜਵਾਬ ਨੇ ਉਸ ਨੂੰ ਹੋਰ ਪਰੇਸ਼ਾਨ ਕਰ ਦਿੱਤਾ। ਅਬਰਾਹਮ ਵੱਲ ਇਸ਼ਾਰਾ ਕਰਕੇ ਮੈਂ ਕਿਹਾ ...
(8 ਜੁਲਾਈ 2022)
ਮਹਿਮਾਨ: 517


ਕੁਝ ਥਾਂਵਾਂ ਅਜਿਹੀਆਂ ਹੁੰਦੀਆਂ ਹਨ ਕਿ ਉਹ ਤੁਹਾਡੇ ਅੰਦਰ ਵਸ ਜਾਂਦੀਆਂ ਹਨ। ਮੇਰੀ ਪਹਿਲੀ ਕੰਪਨੀ ਦਾ ਐਮਾਜ਼ੌਨ ਨਾਲਕੰਟਰੈਕਟ ਸੀ ਇਸ ਕਰਕੇ ਮੈਨੂੰ ਅਮਰੀਕਾ ਦੇ ਬਹੁਤ ਸਾਰੇ ਸੂਬੇ ਘੁੰਮਣ ਦਾ ਮੌਕਾ ਮਿਲਿਆ ’ਤੇ ਬਹੁਤ ਖ਼ੂਬਸੂਰਤ ਥਾਂਵਾਂ ਦੇਖਣ ਦਾ ਵੀ
ਪਰਮਾਊਂਟ ਸ਼ਸਤਾ ਮੇਰੇ ਦਿਲ ਦੇ ਸਭ ਤੋਂ ਕਰੀਬ ਰਹੀ। ਹੁਣ ਮੈਂ ਲੋਕਲ ਡਰਾਈਵਰ ਵਜੋਂ ਕੰਮ ਕਰਦਾ ਹਾਂ ਤੇ ਕੈਲੇਫੋਰਨੀਆ ਦੇ ਵੱਖ ਵੱਖ ਇਲਾਕਿਆਂ ਵਿੱਚ ਜਾਣਾ ਪੈਂਦਾ ਹੈ। ਇਸ ਦੌਰਾਨ ਬਹੁਤ ਖ਼ੂਬਸੂਰਤ ਥਾਂਵਾਂ ਦੇਖਣ ਦਾ ਮੌਕਾ ਮਿਲਿਆ ਹੈ ਪਰ ਜੋ ਸਕੂਨ ਸਲੀਨਸ ਜਾ ਕੇ ਮਿਲਦਾ ਹੈ, ਉਸ ਦਾ ਕੋਈ ਤੋੜ ਨਹੀਂ। ਇੱਥੋਂ ਦਾ ਮੌਸਮ ਬਾਕੀ ਕੈਲੇਫੋਰਨੀਆ ਦੇ ਮੁਕਾਬਲੇ ਬਹੁਤ ਖੁਸ਼ਗਵਾਰ ਹੈ। ਦੂਰ ਦੂਰ ਤਕ ਹਰੇ ਭਰੇ ਖੇਤ ਤੇ ਖੇਤਾਂ ਵਿੱਚ ਕੰਮ ਕਰਦੇ ਕਾਮੇ ਦੇਖਕੇ ਆਪਣਾ ਪੰਜਾਬ ਜੀਊ ਉੱਠਦਾ ਹੈ।

ਕੈਲੇਫੋਰਨੀਆ ਦੀ ਮੌਂਟਰੇ ਕਾਊਂਟੀ ਦੇ ਇਸ ਸ਼ਹਿਰ ਤੇ ਇਸਦੇ ਆਲੇ ਦੁਆਲੇ ਨੂੰ “ਵਿਸ਼ਵ ਦਾ ਸਲਾਦ ਪਿਆਲਾ” (ਸੈਲੇਡ ਬੋਅਲ ਆਫ ਦਿ ਵਰਲਡ) ਦਾ ਦਰਜਾ ਹਾਸਲ ਹੈ। ਇੱਥੇ ਸਬਜ਼ੀਆਂ ਦੇ ਬਹੁਤ ਵੱਡੇ ਵੱਡੇ ਕੂਲਰ ਹਨ ਜੋ ਦੁਨੀਆ ਭਰ ਨੂੰ ਆਪਣੇ ਉਤਪਾਦ ਸਪਲਾਈ ਕਰਦੇ ਹਨ। ਇੱਥੇ ਭਰ ਸਰਦੀਆਂ ਦੇ ਦੋ ਕੁ ਮਹੀਨੇ ਛੱਡ ਕੇ ਲੋਡ ਚੁੱਕਣ ਲਈ ਗੇੜੇ ਆਮ ਈ ਵੱਜਦੇ ਰਹਿੰਦੇ ਹਨ। ਸਰਦੀਆਂ ਦੌਰਾਨ ਜਦੋਂ ਸਬਜ਼ੀਆਂ ਦਾ ਉਤਪਾਦਨ ਲਗਭਗ ਬੰਦ ਹੋ ਜਾਂਦਾ ਹੈ, ਸਲੀਨਸ ਦੇ ਗੇੜੇ ਵੀ ਰੁਕ ਜਾਂਦੇ ਹਨ। ਇਸ ਤਰ੍ਹਾਂ ਲੱਗਣ ਲੱਗ ਪੈਂਦਾ ਹੈ ਕਿ ਦਿਲ ਦੀ ਧੜਕਣ ਮੱਠੀ ਪੈ ਰਹੀ ਹੈ। ਫੇਰ ਉਡੀਕ ਰਹਿੰਦੀ ਹੈ ਸਲੀਨਸ ਦੇ ਖੁੱਲ੍ਹਣ ਦੀ!

ਇਸ ਰੁੱਤ ਦੀ ਸਲੀਨਸ ਫੇਰੀ ਦੀ ਸ਼ੁਰੂਆਤ ਡੀ ਅਰੀਗੋ ਕੂਲਰ ਤੋਂ ਹੋਈ। ਇਸ ਕੂਲਰ ਤੋਂ ਲੋਡ ਚੁੱਕਣ ਲਈ ਤੁਰਨ ਵੇਲੇ ਹਮੇਸ਼ਾ ਇਹ ਮਨ ਬਣਾ ਕੇ ਤੁਰਦਾ ਹਾਂ ਕਿ ਵਾਰੀ ਲਈ ਲੰਮੀ ਉਡੀਕ ਕਰਨੀ ਪੈਣੀ ਹੈ। ਜੇ ਥੱਕਿਆ ਨਾ ਹੋਵਾਂ ਤਾਂ ਚੈੱਕ ਇਨ ਕਰਵਾਉਣ ਤੋਂ ਬਾਅਦ ਆਸ-ਪਾਸ ਦੇ ਖ਼ੂਬਸੂਰਤ ਦ੍ਰਿਸ਼ ਦੇਖਣ ਲੱਗ ਜਾਂਦਾ ਹਾਂ ਤੇ ਤਸਵੀਰਕਸ਼ੀ ਤਾਂ ਕਰਨੀ ਹੀ ਹੋਈ।

ਡੀ ਅਰੀਗੋ ਕੰਪਲੈਕਸ ਵਿੱਚ ਪਹੁੰਚ ਕੇ ਦੇਖਿਆ ਤਾਂ ਸਾਰੇ ਡੌਕ ਡੋਰ ਭਾਵੇਂ ਬੁੱਕ ਸਨ ਪਰ ਪਾਰਕਿੰਗ ਵਿੱਚ ਕਾਫ਼ੀ ਜਗ੍ਹਾ ਖਾਲੀ ਸੀ। ਜਾਪ ਰਿਹਾ ਸੀ ਕਿ ਵਾਰੀ ਲਈ ਬਾਹਲ਼ੀ ਉਡੀਕ ਨਹੀਂ ਕਰਨੀ ਪੈਣੀ। ਮੈਂ ਚੈੱਕ ਇਨ ਕਰਵਾਉਣ ਤੋਂ ਬਾਅਦ ਟਰੱਕ ਦੇ ਕੈਬਿਨ ਵਿੱਚ ਬੈਠ ਕੇ ਚਾਹ ਦਾ ਕੱਪ ਪੀਣ ਲੱਗਾ। ਇੰਨੇ ਨੂੰ ਮੱਠੀ ਮੱਠੀ ਫੁਹਾਰ ਵਾਲੀ ਬਾਰਿਸ਼ ਸ਼ੁਰੂ ਹੋ ਗਈ। ਮੈਂ ਆਪਣੇ ਆਪ ਨੂੰ ਕਿਹਾ, “ਤੋਰਾ ਫੇਰਾ ਰੱਦ … ਕੋਈ ਹੋਰ ਜੁਗਤ ਸੋਚ …!” ਕਿਤਾਬ ਕੋਲ ਹੈ ਨਹੀਂ ਸੀ ਤੇ ਯੂਟਿਊਬ ’ਤੇ ਜਾ ਕੇ ਕੋਈ ਪੁਰਾਣੇ ਗੀਤ ਸੁਣਨ ਦੀ ਸੁੱਝੀ। ਯੂਟਿਊਬ ’ਤੇ ਜਾਂਦਿਆਂ ਹੀ ਸਾਹਮਣੇ ਪੂਰਨ ਚੰਦ ਵਡਾਲੀ ਆਪਣੇ ਸਪੂਤ ਲਖਵਿੰਦਰ ਵਡਾਲੀ ਨਾਲ ਨਜ਼ਰ ਆਏ। ਗੀਤ ਸੀ, “ਮੌਲਾ” …! ਸੁਣਨ ਵਾਲਾ ਗੀਤ ਹੈ, “ਤੇਰਾ ਰਾਮ ਤੇ ਮੇਰਾ ਮੌਲਾ ਏ, ਬੱਸ ਇਸੇ ਈ ਗੱਲ ਦਾ ਰੌਲ਼ਾ ਏ …!” ਕਿਆ ਬਾਤ ਹੈ …! ਇਹ ਗੀਤ ਸੁਣਕੇ ਯੂਟਿਊਬ ਬੰਦ ਕਰ ਦਿੱਤਾ। ਬਹੁਤ ਵਧੀਆ ਮੂਡ ਬਣ ਗਿਆ ਸੀ ਤੇ ਕੋਈ ਹੋਰ ਗੀਤ ਸੁਣਕੇ ਇਸ ਵਿੱਚ ਕੋਈ ਖੋਟ ਨਹੀਂ ਸੀ ਰਲਣ ਦੇਣਾ ਚਾਹੁੰਦਾ। ਅੱਖਾਂ ਮੀਟ ਲਈਆਂ ਤੇ ਇਸ ਗੀਤ ਦੇ ਬੋਲਾਂ ਬਾਰੇ ਸੋਚਦਿਆਂ ਆਪਣੇ ਪੰਜਾਬ ਬਾਰੇ ਸੋਚਣ ਲੱਗਾ ਕਿ ਕਿਵੇਂ ਇੱਕ ਅਫ਼ਵਾਹ ਮਾਹੌਲ ਵਿੱਚ ਜ਼ਹਿਰ ਘੋਲ ਦਿੰਦੀ ਹੈ। ਇਸੇ ਦੌਰਾਨ ਹੀ ਇੱਕ ਗੁਰਦੁਆਰੇ ਵਿੱਚ ਸਿੰਘਾਂ ਦੇ ਪੱਗੋ-ਹੱਥੀ ਹੋਣ ਦੀ ਖ਼ਬਰ ਵੀ ਅੱਖਾਂ ਸਾਹਵਿਓਂ ਘੁੰਮ ਗਈ। ਮਨ ਖਰਾਬ ਹੋਣ ਲੱਗਾ ਸੀ ਕਿ ਕਾਲ ਆ ਗਈ, “ਮੂਵ ਟੂ ਡੋਰ ਨੰਬਰ 25, ਸਲਾਈਡ ਦਿ ਟੈਂਡਮ ਟੂ ਦਿ ਬੈਕ …!” ਇਸ ਫ਼ੋਨ ਕਾਲ ਨੇ ਮੂਡ ਖਰਾਬ ਹੋਣੋਂ ਬਚਾ ਲਿਆ।

ਟਰੱਕ ਦਿੱਤੇ ਗਏ ਡੋਰ ’ਤੇ ਲਾਉਣ ਤੋਂ ਪਹਿਲਾਂ ਲੋਡ-ਲਾਕ ਬਾਹਰ ਉਤਾਰ ਕੇ ਰੱਖਣੇ ਜ਼ਰੂਰੀ ਸਨ। ਜੇ ਨਾ ਉਤਾਰੇ ਜਾਣ ਤਾਂ ਇਹ ਲੋਡ-ਲਾਕ ਕਈ ਵਾਰ ਕੂਲਰ ਦੇ ਅੰਦਰ ਹੀ ਰਹਿ ਜਾਂਦੇ ਹਨ ਤੇ ਇਨ੍ਹਾਂ ਤੋਂ ਬਿਨਾ ਲੋਡ ਪਹਾੜੀ ’ਤੇ ਚੜ੍ਹਦੇ ਵਕਤ ਖਿਲਰ ਜਾਂਦਾ ਹੈ ਤੇ ਉਸਦੀ ਰੀਸਟੈਕਿੰਗ ਕਰਵਾਉਣੀ ਪੈਂਦੀ ਹੈ ਜੋ ਕੰਮ ਖ਼ਰਚੀਲਾ ਤਾਂ ਹੈ ਹੀ, ਖੱਜਲ-ਖੁਆਰੀ ਵੀ ਬਹੁਤ ਹੁੰਦੀ ਹੈ।

ਬਾਹਰ ਹਲਕੀ ਹਲਕੀ ਬਾਰਿਸ਼ ਸ਼ੁਰੂ ਹੋ ਗਈ ਸੀ। ਨਾਲ ਲਗਦੀਆਂ ਪਹਾੜੀਆਂ ਦਾ ਹੁਸਨ ਇਸ ਬਾਰਿਸ਼ ਨੇ ਹੋਰ ਵੀ ਨਿਖਾਰ ਦਿੱਤਾ ਸੀ। ਇਸੇ ਦੌਰਾਨ ਮੇਰੀ ਨਜ਼ਰ ਸੱਜੇ ਪਾਸੇ ਵਾਲੇ ਟਰੱਕ ਕੋਲ ਖੜ੍ਹੇ ਇੱਕ ਕਾਲੇ ਡਰਾਈਵਰ ’ਤੇ ਪਈ। ਉਹ ਟਰੱਕ ਵਿੱਚ ਬੈਠੇ ਡਰਾਈਵਰ ਨਾਲ ਕੋਈ ਗੱਲ ਕਰ ਰਿਹਾ ਸੀ। ਉਸ ਡਰਾਈਵਰ ਨੇ ਆਪਣੇ ਸ਼ੀਸ਼ੇ ਉੱਪਰ ਚੜ੍ਹਾ ਲਏ ਤੇ ਉਹ ਕਾਲਾ ਡਰਾਈਵਰ ਮੇਰੇ ਕੋਲ ਆ ਗਿਆ। ਉਸ ਨੂੰ ਦੇਖਕੇ ਮੈਂ ਆਪਣਾ ਸ਼ੀਸ਼ਾ ਹੇਠਾਂ ਕਰ ਲਿਆ।

ਹਾਇ ਬਰੋ … ਕੈਨ ਯੂ ਡੂ ਮੀ ਆ ਫੇਵਰ?” ਕਾਲੇ ਡਰਾਈਵਰ ਦਾ ਮੈਨੂੰ ਸਵਾਲ ਸੀ। ਸਮਝਣ ਵਿੱਚ ਦੇਰ ਨਾ ਲੱਗੀ ਕਿ ਨਾਲ ਵਾਲੇ ਡਰਾਈਵਰ ਤੋਂ ਉਸ ਨੂੰ ਨਾਂਹ ਸੁਣਨੀ ਪਈ ਸੀ। ਮੈਂ ਕਿਹਾ ਕਿ ਜੇ ਮੇਰੇ ਵੱਸ ਵਿੱਚ ਹੋਇਆ ਤਾਂ ਨਾਂਹ ਨਹੀਂ ਕਰਾਂਗਾ। ਉਸਨੇ ਮੇਰੇ ਕੋਲ਼ੋਂ ਲੋਡ-ਲਾਕ ਦੀ ਮੰਗ ਕੀਤੀ। ਉਸਦਾ ਨਾਂਅ ਅਬਰਾਹਮ ਸੀ।

ਉਸਦੇ ਆਪਣੇ ਲੋਡ-ਲਾਕ ਟ੍ਰੇਲਰ ਵਿੱਚ ਹੀ ਸਨ ਪਰ ਉਸਦੀ ਪਹੁੰਚ ਤੋਂ ਬਾਹਰ ਸਨ ਤੇ ਉਨ੍ਹਾਂ ਨੂੰ ਖਿੱਚ ਕੇ ਬਾਹਰ ਉਤਾਰਨ ਲਈ ਉਸ ਨੂੰ ਇੱਕ ਲੋਡ-ਲਾਕ ਚਾਹੀਦਾ ਸੀ। ਦਰਅਸਲ, ਉਹ ਬੰਦਾ ਬਹੁਤ ਜ਼ਿਆਦਾ ਮੋਟਾ ਸੀ। ਕੱਦ ਵਿੱਚ ਮੇਰੇ ਤੋਂ ਛੋਟਾ ਪਰ ਵਜ਼ਨ ਵਿੱਚ ਤਿਗੁਣਾ …! ਕੋਈ ਬਿਮਾਰੀ ਹੋਵੇਗੀ ਇਸ ਮੁਟਾਪੇ ਦਾ ਕਾਰਨ। ਉਸ ਲਈ ਟ੍ਰੇਲਰ ’ਤੇ ਚੜ੍ਹਨਾ ਕਿਸੇ ਵੀ ਹਾਲਤ ਵਿੱਚ ਮੁਮਕਿਨ ਨਹੀਂ ਸੀ। ਇਸ ਲਈ ਨਾਂਹ ਕਰਨ ਦਾ ਤਾਂ ਸਵਾਲ ਹੀ ਨਹੀਂ ਸੀ। ਮੇਰੇ ਹਾਂ ਕਹਿਣ ’ਤੇ ਉਹ ਮੇਰੇ ਟ੍ਰੇਲਰ ਦੇ ਪਿਛਲੇ ਪਾਸੇ ਵੱਲ ਤੁਰ ਪਿਆ। ਉਸ ਨੂੰ ਪਿੱਛਿਓਂ ਦੇਖਕੇ ਖਿਆਲ ਆਇਆ ਕਿ ਜੇ ਉਸਦੇ ਲੋਡ-ਲਾਕ ਬਹੁਤ ਪਿੱਛੇ ਪਏ ਹੋਏ ਤਾਂ ਇਸ ਵਾਸਤੇ ਮੁਸ਼ਕਲ ਖੜ੍ਹੀ ਹੋ ਜਾਵੇਗੀ। ਬਿਨਾ ਕਿਸੇ ਦੇਰੀ ਦੇ ਮੈਂ ਟਰੱਕ ਵਿੱਚੋਂ ਉੱਤਰਿਆ ਤੇ ਉਸਦੇ ਟ੍ਰੇਲਰ ਕੋਲ ਚਲਾ ਗਿਆ। ਜਾ ਕੇ ਦੇਖਿਆ ਤਾਂ ਲੋਡ-ਲਾਕ ਸੱਚ-ਮੁੱਚ ਉਸਦੀ ਪਹੁੰਚ ਵਿੱਚ ਨਹੀਂ ਸਨ। ਮੇਰੇ ਲੋਡ-ਲਾਕ ਵਰਤ ਕੇ ਵੀ ਨਹੀਂ। ਮੈਂ ਉਸਦੇ ਆਉਣ ਤੋਂ ਪਹਿਲਾਂ ਈ ਟ੍ਰੇਲਰ ਵਿੱਚ ਚੜ੍ਹਕੇ ਉਸਦੇ ਲੋਡ-ਲਾਕ ਉਤਾਰ ਦਿੱਤੇ। ਅਬਰਾਹਮ ਬਹੁਤ ਖੁਸ਼ ਹੋਇਆ, ਇੰਨਾ ਕਿ ਆਪਣਾ ਸਿਰ ਦੋਹਾਂ ਹੱਥਾਂ ਵਿੱਚ ਲੈ ਕੇ ਕਹਿਣ ਲੱਗਾ, “ਓ ਮਾਈ ਗਾਡ … ਓ ਮਾਈ ਗਾਡ … ਓ ਮਾਈ ਗਾਡ!” ਉਹ ਛਾਤੀ ’ਤੇ ਹੱਥ ਰੱਖਕੇ, ਨਿਵ ਕੇ ਮੇਰਾ ਸ਼ੁਕਰੀਆ ਅਦਾ ਕਰ ਰਿਹਾ ਸੀ। ਉਸਦੇ ਮੋਢੇ ’ਤੇ ਹੱਥ ਰੱਖਕੇ ਮੈਂ ਕਿਹਾ, “ਯੂ ਕਾਲਡ ਮੀ ਬਰੋ … ਇਫ ਆਈ ਅਮ ਯੂਅਰ ਬਰੋ, ਦੈੱਨ ਦਿਸ ਇਜ਼ ਨਥਿੰਗ …!” ਉਸਨੇ ਖੁਸ਼ ਹੋ ਕੇ ਮੇਰੇ ਪੰਜੇ ਵਿੱਚ ਪੰਜਾ ਮਾਰ ਕੇ ਕਿਹਾ, “ਯਾਹ … ਯੂ ਆਰ ਮਾਈ ਪਾਕੀ ਬਰੋ … ਵਿੱਲ ਟੈੱਲ ਮਾਈ ਡੌਟਰ …”

ਉਸ ਨੂੰ ਵਿੱਚੋਂ ਟੋਕ ਕੇ ਮੈਂ ਕਿਹਾ ਕਿ ਮੈਂ ਪਾਕਿਸਤਾਨੀ ਨਹੀਂ ਹਾਂ। “ਓਹ … ਦੈੱਨ ਇੰਡੀਅਨ?” ਉਸਦਾ ਸਵਾਲੀਆ ਜਵਾਬ ਸੀ। ਮੈਂ ਭਾਰਤੀ ਹੋਣ ਤੋਂ ਵੀ ਨਾਂਹ ਕਰ ਦਿੱਤੀ ਤਾਂ ਉਹ ਸਵਾਲੀਆ ਨਜ਼ਰਾਂ ਨਾਲ ਮੇਰੇ ਵੱਲ ਦੇਖਣ ਲੱਗਾ। ਉਸਦੀ ਪਰੇਸ਼ਾਨੀ ਦੂਰ ਕਰਦਿਆਂ ਮੈਂ ਕਿਹਾ, “ਮੈਂ ਪਾਕੀ ਵੀ ਹਾਂ ਤੇ ਭਾਰਤੀ ਵੀ …! ਦਰਅਸਲ ਮੈਂ ਪੰਜਾਬੀ ਹਾਂ ਤੇ ਪੰਜਾਬ ਦੋਂਹ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ … ਅੱਧਾ ਪਾਕਿਸਤਾਨ ਵਿੱਚ ਹੈ ਤੇ ਅੱਧਾ ਭਾਰਤ ਵਿੱਚ। ਮੇਰੇ ਵਾਲਾ ਹਿੱਸਾ ਭਾਰਤ ਵਿੱਚ ਹੈ ਤੇ ਮੇਰੇ ਮਾਪਿਆਂ ਦਾ ਹਿੱਸਾ ਪਾਕਿਸਤਾਨ ਵਿੱਚ।”

ਅਬਰਾਹਮ ਸੁਣਕੇ ਹੈਰਾਨ ਹੋਇਆ ਤੇ ਪੰਜਾਬੀਆਂ ਬਾਰੇ ਹੋਰ ਜਾਣਨ ਦੀ ਇੱਛਾ ਜ਼ਾਹਰ ਕੀਤੀ। ਸਮੇਂ ਨੂੰ ਧਿਆਨ ਵਿੱਚ ਰੱਖਦਿਆਂ ਮੈਂ ਲੰਮੀ ਕਹਾਣੀ ਨਹੀਂ ਪਾਈ। ਇੰਨਾ ਹੀ ਕਿਹਾ ਕਿ ਜੇ ਖਬਰਾਂ ਵੱਲ ਧਿਆਨ ਰੱਖਦਾ ਹੋਏਂਗਾ ਤਾਂ ਹਾਲ ਹੀ ਵਿੱਚ ਇੱਕ ਕਿਸਾਨ ਅੰਦੋਲਨ ਹੋਇਆ ਸੀ, ਉਹ ਅਸੀਂ ਪੰਜਾਬੀਆਂ ਨੇ ਸ਼ੁਰੂ ਕੀਤਾ ਸੀ ਤੇ ਸਾਰੇ ਸੂਬਿਆਂ, ਸਭ ਭਾਈਚਾਰਿਆਂ ਦੇ ਸਾਥ ਸਦਕਾ ਇਤਿਹਾਸਕ ਜਿੱਤ ਹਾਸਲ ਕੀਤੀ। ਅਬਰਾਹਮ ਇਸ ਅੰਦੋਲਨ ਤੋਂ ਚੰਗੀ ਤਰ੍ਹਾਂ ਜਾਣੂ ਨਿਕਲਿਆ ਤੇ ਉਸਨੇ ਪੰਜਾਬੀਆਂ ਦੀ ਸਿਫ਼ਤ ਕਰਦਿਆਂ ਮੇਰਾ ਹੱਥ ਘੁੱਟਕੇ ਕਿਹਾ, “ਯੂ ਪੀਪਲ … ਵੈਰੀ ਗ੍ਰੇਟ …! ਯੂ ਆਰ ਗੁੱਡ ਫਾਈਟਰ ਬਰੋ!”

ਮੇਰੇ ਜ਼ਿਹਨ ਵਿੱਚ ਆਪਣੇ ਲੋਕਾਂ ਦੀਆਂ ਧੜੇਬੰਦੀਆਂ, ਚਿੱਕੜ-ਉਛਾਲੀ, ਇੱਕ-ਦੂਸਰੇ ਦੀ ਵੱਢ-ਟੁੱਕ ਆ ਗਈ। ਮੈਂ ਕਿਹਾ, “ਹਾਂ ਅਬਰਾਹਮ, ਅਸੀਂ ਲੜਾਕੇ ਆਂ ਤੇ ਵਧੀਆ ਲੜਾਕੇ ਆਂ … ਦੁਸ਼ਮਣ ਸਾਹਮਣੇ ਹੋਵੇ ਤਾਂ ਮਿਲਕੇ ਢਾਹ ਲੈਨੇ ਆਂ, ਕਿਤੇ ਕੁਦਰਤੀ ਆਫ਼ਤ ਆ ਜਾਵੇ ਤਾਂ ਬਿਨ ਪੁੱਛਿਆ ਲੰਗਰ ਲਗਾ ਦਿੰਦੇ ਆਂ ਤੇ ਜਦੋਂ ਕੁਝ ਵੀ ਕਰਨ ਨੂੰ ਨਾ ਹੋਵੇ ਤਾਂ ਅਸੀਂ ਆਪਸ ਵਿੱਚ ਹੀ ਯੁੱਧ ਛੇੜ ਲੈਂਦੇ ਆਂ … ਸਾਨੂੰ ਲੜਨਾ ਚੰਗਾ ਲਗਦਾ ਹੈ … ਜਾਨ ਵੀ ਚਲੀ ਜਾਵੇ, ਅਸੀਂ ਲੜਨੋਂ ਨਹੀਂ ਰਹਿ ਸਕਦੇ …!”

ਅਬਰਾਹਮ ਆਪਣਾ ਹਾਸਾ ਰੋਕ ਕੇ ਪੁੱਛਣ ਲੱਗਾ, “ਸੱਚ ਕਹਿ ਰਿਹਾ ਹੈਂ?” ਮੈਂ ਦਿਲ ’ਤੇ ਹੱਥ ਰੱਖਕੇ ਕਿਹਾ, “ਝੂਠ ਨਹੀਂ ਕਹਿ ਰਿਹਾ …!”

ਸੋ ਫਨੀ ਪੀਪਲ …!” ਇਹ ਕਹਿਕੇ ਉਹ ਇੰਨਾ ਹੱਸਿਆ ਕਿ ਸੰਤੁਲਨ ਗਵਾ ਬੈਠਾ ਤੇ ਭੁੰਜੇ ਡਿਗ ਪਿਆ। ਜਿਸ ਡਰਾਈਵਰ ਨੇ ਉਸ ਨੂੰ ਨਾਂਹ ਕੀਤੀ ਸੀ, ਉਸ ਨੂੰ ਜ਼ਮੀਨ ’ਤੇ ਡਿਗਦੇ ਨੂੰ ਦੇਖ ਕੇ ਆਪਣੇ ਟਰੱਕ ਤੋਂ ਹੇਠਾਂ ਉੱਤਰ ਆਇਆ ਤੇ ਪੁੱਛਣ ਲੱਗਾ, “ਐਵਰੀਥਿੰਗ ਓਕੇ? ਵ੍ਹੱਟ ਹੈਪੰਡ …?”

ਮੇਰੇ ਜਵਾਬ ਨੇ ਉਸ ਨੂੰ ਹੋਰ ਪਰੇਸ਼ਾਨ ਕਰ ਦਿੱਤਾ। ਅਬਰਾਹਮ ਵੱਲ ਇਸ਼ਾਰਾ ਕਰਕੇ ਮੈਂ ਕਿਹਾ, “ਨਥਿੰਗ ਮੈਨ … ਲਾਫਿੰਗ ਬੁੱਧਾ ਵਿਦ ਫਨੀ ਪੰਜਾਬੀ …!” ਉਹ ਤਾਂ ਸਿਰ ਖੁਰਕਦਾ ਵਾਪਸ ਚਲੇ ਗਿਆ ਪਰ ਅਬਰਾਹਮ ਮੇਰੇ ਵੱਲੋਂ ਦਿੱਤੇ “ਲਾਫਿੰਗ ਬੁੱਧਾ” ਦੇ ਖ਼ਿਤਾਬ ਤੋਂ ਖਿੜਕੇ ਹੋਰ ਜ਼ਿਆਦਾ ਲੇਟਣੀਆਂ ਖਾਣ ਲੱਗਾਮੈਂ ਉਸ ਨੂੰ ਹੱਥ ਦੇ ਕੇ ਉਠਾਇਆ ਤੇ ਉਸਨੇ ਮੈਨੂੰ ਬਾਂਹਾਂ ਵਿੱਚ ਲੈ ਕੇ ਉੱਪਰ ਚੁੱਕ ਲਿਆਆਪਣੇ ਕੈਬਿਨ ਵਿੱਚ ਜਾ ਕੇ ਮੈਨੂੰ ਚਾਕਲੇਟ ਭੇਟ ਕਰਕੇ ਕਹਿਣ ਲੱਗਾ, “ਦਿਸ ਵਾਜ ਏ ਗ੍ਰੇਟ ਡੇ … ਥੈਂਕ ਯੂ ਮਾਈ ਪੰਜਾਬੀ ਬਰੋ …!”

ਲਾਫਿੰਗ ਬੁੱਧਾ” ਦੀ ਮੂਰਤੀ ਨੂੰ ਖੁਸ਼ੀ, ਖ਼ੁਸ਼ਹਾਲੀ ਤੇ ਸਬਰ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਲੋਕ ਉਸ ਦੀਆਂ ਮੂਰਤੀਆਂ ਇਸੇ ਮਕਸਦ ਨਾਲ ਆਪਣੇ ਘਰਾਂ ਵਿੱਚ ਰੱਖਦੇ ਹਨ। ਪਤਾ ਨਹੀਂ ਇਹ ਮੂਰਤੀਆਂ ਰੱਖਣ ਵਾਲੇ ਲੋਕਾਂ ਦੇ ਘਰਾਂ ਵਿੱਚ ਖੁਸ਼ੀ, ਖ਼ੁਸ਼ਹਾਲੀ, ਸਬਰ, ਸੰਤੋਖ ਆਉਂਦਾ ਹੈ ਜਾਂ ਨਹੀਂ, ਮੈਂ ਇਸ “ਲਾਫਿੰਗ ਬੁੱਧਾ” ਦੀ ਮੂਰਤੀ ਆਪਣੇ ਸੀਨੇ ਵਿੱਚ ਹਮੇਸ਼ਾ ਰੱਖਦਾ ਹਾਂ। ਖ਼ੁਸ਼ਹਾਲੀ ਦਾ ਪਤਾ ਨਹੀਂ, ਖੁਸ਼ ਜ਼ਰੂਰ ਰਹਿੰਦਾ ਹਾਂ। ਆਸ ਹੈ “ਲਾਫਿੰਗ ਬੁੱਧਾ” ਵੀ “ਫਨੀ ਪੰਜਾਬੀ” ਨਾਲ ਖੁਸ਼ ਰਹਿੰਦਾ ਹੋਵੇਗਾ …!

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3674)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਇੰਦਰਜੀਤ ਚੁਗਾਵਾਂ

ਇੰਦਰਜੀਤ ਚੁਗਾਵਾਂ

Fresno, California, USA.
Phone: (1 - 559 - 779 - 9805)
Email: (ranapamm@gmail.com)

More articles from this author