InderjitChugavan7ਆਪਣੇ ਕਿਰਦਾਰ ਤੋਂ ਉਲਟ ਆਪਣੀ ਔਲਾਦ ਤੋਂ ਆਸ ਕਰਨਾ ...
(7 ਜੁਲਾਈ 2020)

 

ਸਾਡੇ ਸੱਭਿਆਚਾਰ ਵਿੱਚ ਪਰਿਵਾਰਕ ਰਿਸ਼ਤੇ ਇੱਕ ਬਹੁਤ ਹੀ ਗੁੰਝਲਦਾਰ ਸ਼ੈਅ ਹਨਵੱਡੀ ਬਹੁਗਿਣਤੀ ਲੋਕ ਆਪਣੇ ਖ਼ੁਦ ਦੇ ਕਿਰਦਾਰ ਦੇ ਉਲਟ ਆਪਣੇ ਰਿਸ਼ਤੇਦਾਰਾਂ, ਖਾਸਕਰ ਆਪਣੀ ਔਲਾਦ ਤੋਂ ਆਸ ਰੱਖਦੇ ਹਨਆਪਣੇ ਬਜ਼ੁਰਗ ਮਾਂ-ਬਾਪ, ਸੱਸ-ਸਹੁਰੇ ਦੀ ਬੇਕਦਰੀ ਕਰਨ ਵਾਲੇ ਆਪਣੇ ਪੁੱਤਰ ਤੋਂ ‘ਸਰਵਣ’ ਬਣਨ ਦੀ ਆਸ ਰੱਖਦੇ ਹਨਅਕਸਰ ਕਿਹਾ ਜਾਂਦਾ ਹੈ ਕਿ ਪੁੱਤ ਕਪੁੱਤ ਹੋ ਸਕਦੇ ਹਨ, ਮਾਪੇ ਕੁਮਾਪੇ ਨਹੀਂ ਹੁੰਦੇ! ਇਹ ਅਖਾਉਤ ਕਿੰਨੀ ਕੁ ਦੇਰ ਸਹੀ ਸਿੱਧ ਹੁੰਦੀ ਰਹੀ ਹੋਵੇਗੀ, ਕਿਹਾ ਨਹੀਂ ਜਾ ਸਕਦਾ ਪਰ ਸੱਚ ਇਹੋ ਹੈ ਕਿ ਰਿਸ਼ਤਿਆਂ ਦੀ ਸੂਰਤ ਅਤੇ ਸੀਰਤ ਮਾਲਕੀ ਦਾ ਅਧਿਕਾਰ ਹੀ ਤੈਅ ਕਰਦਾ ਹੈਇਸ ਅਧਿਕਾਰ ਨੂੰ ਜਦ ਵੀ ਖੋਰਾ ਲਗਦਾ ਪ੍ਰਤੀਤ ਹੁੰਦਾ ਹੈ ਤਾਂ ਰਿਸ਼ਤਿਆਂ ਦੀ ਵੱਖਰੀ ਹੀ ਤਸਵੀਰ ਸਾਹਮਣੇ ਆਉਂਦੀ ਹੈ ਜਿਸ ਨੂੰ ਉਹੀ ਵਿਅਕਤੀ ਮਹਿਸੂਸ ਕਰ ਸਕਦਾ ਹੈ ਜੋ ਹਾਲਾਤ ਦੀ ਚੱਕੀ ਵਿੱਚ ਪਿਸ ਰਿਹਾ ਹੁੰਦਾ ਹੈ ਉਹ ਕਿਸੇ ਨੂੰ ਕੁਝ ਦੱਸ ਵੀ ਨਹੀਂ ਸਕਦਾ ਜਾਂ ਇਸ ਪੱਖੋਂ ਸ਼ਰਮਾ ਜਾਂਦਾ ਹੈ ਕਿ ਲੋਕ ਕੀ ਕਹਿਣਗੇ! ਇਹ ਉਹ ਪਲ ਹੁੰਦੇ ਹਨ ਜਦ ਮਾਪੇ, ਮਾਪੇ ਨਾ ਹੋ ਕੇ ਮਾਲਕ ਬਣਕੇ ਸਾਹਮਣੇ ਆਉਂਦੇ ਹਨ! ਮਾਲਕੀ ਦਾ ਇਹ ਅਧਿਕਾਰ ਸਿਰਫ ਆਪਣੀ ਪਸੰਦ ਦੇ ਰਿਸ਼ਤੇ ਨੂੰ ਹੀ ਪਰਵਾਨ ਕਰਦਾ ਹੈ, ਉਸ ਨੂੰ ਰਿਸ਼ਤੇ ਦਾ ਅਸਲ ਵਜੂਦ ਭਾਉਂਦਾ ਨਹੀਂਜਦ ਵੀ ਉਹ ਰਿਸ਼ਤਾ ਸਹਿਵਨ ਹੀ ਆਪਣੇ ਅਧਿਕਾਰ ਦੀ ਗੱਲ ਕਰ ਬੈਠਦਾ ਹੈ ਤਾਂ ਤੂਫ਼ਾਨ ਉੱਠ ਖੜ੍ਹਦਾ ਹੈਆਮ ਕਰਕੇ ਇਹ ਸਮੱਸਿਆ ਔਰਤ ਦੇ ਵਜੂਦ ਨਾਲ ਜੁੜੀ ਹੁੰਦੀ ਹੈ

ਇਹ ਗੱਲ ਆਮ ਹੀ ਸੁਣੀ ਜਾਂਦੀ ਹੈ ਕਿ ਅਸੀਂ ਤਾਂ ਆਪਣੀ ਨੂੰਹ ਨੂੰ ਆਪਣੀ ਧੀ ਬਣਾਕੇ ਰੱਖਿਆ ਹੋਇਆ ਹੈ! ਪਹਿਲੀ ਨਜ਼ਰੇ ਇਸ ਕਥਨ ਵਿੱਚ ਕੋਈ ਬੁਰਾਈ ਨਹੀਂ ਜਾਪਦੀ, ਬੇਗਾਨੀ ਨੂੰ ਆਪਣੀ ਸਮਝਣ ਵਿੱਚ ਤਾਂ ਵਡੱਪਣ ਹੀ ਹੋਣਾ ਚਾਹੀਦਾ ਹੈ ਪਰ ਜ਼ਰਾ ਹਟਕੇ ਸੋਚੋ ਤਾਂ! ਜੇ ਤੁਹਾਡੇ ਪੁੱਤ ਦੀ ਪਤਨੀ, ਤੁਹਾਡੀ ਨੂੰਹ, ਨੂੰਹ ਬਣਕੇ ਰਹੇ ਤਾਂ ਇਸ ਵਿੱਚ ਕੀ ਹਰਜ ਹੈ? ਨਹੀਂ, ਨੂੰਹ ਬਣਕੇ ਰਹਿਣ ਦਾ ਮਤਲਬ ਹੈ ਕਿ ਆਪਣਾ ਹੱਕ ਮੰਗਣਾ, ਘਰ ਵਿੱਚ ਆਪਣੇ ਲਈ ਬਣਦੀ ਥਾਂ ਮੰਗਣਾ! ਇਹ ਕਿਵੇਂ ਹੋ ਸਕਦਾ ਹੈ ਭਲਾ? ਤੁਸੀਂ ਘਰ ਵਿੱਚ ਜਗ੍ਹਾ ਦੇਵੋਗੇ ਤਾਂ ਸਿਰਫ ਆਪਣੀ ਧੀ ਨੂੰ, ਨੂੰਹ ਕੌਣ ਹੁੰਦੀ ਹੈ ਜਗ੍ਹਾ ਮੰਗਣ ਵਾਲੀ?

ਗਲਤ ਫ਼ਹਿਮੀ ਵਿੱਚ ਨਾ ਰਹਿਣਾ! ਧੀ ਲਈ ਵੀ ਉੰਨੀ ਦੇਰ ਹੀ ਜਗ੍ਹਾ ਹੈ, ਜਿੰਨੀ ਦੇਰ ਉਹ ਤੁਹਾਡੀ ਛਤਰ-ਸਾਇਆ ਹੇਠ ਰਹੇਗੀ! ਉਸ ਨੇ ਵੀ ਜਦ ਜ਼ਰਾ ਜਿੰਨਾ ਸਿਰ ਤੁਹਾਡੀ ਛਤਰੀ ਵਿੱਚੋਂ ਬਾਹਰ ਕੱਢਿਆ ਤਾਂ ਜਗ੍ਹਾ ਉਸ ਲਈ ਵੀ ਨਹੀਂ ਬਚੇਗੀ! ‘ਅਣਖ ਦੀ ਖਾਤਰ ਕੁਰਬਾਨ’ ਕਰ ਦਿੱਤੀ ਜਾਵੇਗੀ ਉਹ! ਫੇਰ ਆਤਮਾ ਦੀ ਸ਼ਾਂਤੀ ਦੀ ਅਰਦਾਸ ਤੇ ਉਸ ਤੋਂ ਬਾਅਦ ਸਭ ਕੁਝ ਸ਼ਾਂਤ! ਅਜਿਹੇ ‘ਅਣਖੀਲੇ ਮਾਪੇ’ ਸਾਡੇ ‘ਨਾਇਕ’ ਵੀ ਬਣ ਜਾਂਦੇ ਹਨ ਅਕਸਰਉਹ ਸੱਤਾ ਦੀ ਲਾਠੀ ਨਾਲ ਇਸਤਰੀ ਦਲ ਦੇ ਮੁਖੀਏ ਬਣਦੇ ਹਨਸੱਤਾ ਜੇਲ ਅੰਦਰ ਵੀ ਉਨ੍ਹਾਂ ਨੂੰ ਪੂਰਾ ਸੁਖ ਸਹੂਲਤ ਦਿੰਦੀ ਹੈਦੋ ਚਾਰ ਦਿਨ ਦੇ ਸ਼ੋਰ ਤੋਂ ਬਾਅਦ ਸਾਡਾ ਵੱਡਾ ਹਿੱਸਾ ਇਸ ਵਰਤਾਰੇ ਨੂੰ ‘ਰੱਬ ਦੀ ਰਜ਼ਾ’ ਵਾਂਗ ਪਰਵਾਨ ਕਰਕੇ ਆਖਦਾ ਪ੍ਰਤੀਤ ਹੁੰਦਾ ਹੈ, ”ਵਿਗੜੀ ਔਲਾਦ ਦਾ ਇਹੋ ਹਸ਼ਰ ਹੋਣਾ ਚਾਹੀਦਾ ਹੈ।”

ਮੇਰਾ ਇੱਕ ਦੋਸਤ ਪ੍ਰਗਤੀਸ਼ੀਲ ਵਿਚਾਰਧਾਰਾ ਨੂੰ ਪ੍ਰਣਾਇਆ ਹੋਇਆ ਹੈਉਸ ਦੇ ਬੇਟੇ ਦੇ ਇੱਕ ਲੜਕੀ ਨਾਲ ਪ੍ਰੇਮ-ਸੰਬੰਧ ਸਨਉਸ ਨੂੰ ਵੀ ਕੋਈ ਇਤਰਾਜ਼ ਨਹੀਂ ਸੀਉਸ ਨੇ ਖ਼ੁਦ ਪਹਿਲ ਕਰਕੇ ਲੜਕੀ ਦੇ ਬਾਪ ਨਾਲ ਗੱਲ ਕੀਤੀ ਕਿ ਆਪਾਂ ਨੂੰ ਇਨ੍ਹਾਂ ਦਾ ਵਿਆਹ ਕਰ ਦੇਣਾ ਚਾਹੀਦਾ ਹੈਉਹ ਦਿਨ ਵੀ ਆ ਗਿਆ ਜਦ ਇਸ ਰਿਸ਼ਤੇ ਨੂੰ ਪੱਕਾ ਕਰਨ ਲਈ ਲੜਕੀ ਵਾਲ਼ਿਆਂ ਦੇ ਘਰ ਪੁੱਜ ਗਏਸਭ ਕੁਝ ਖ਼ੁਸ਼ੀ ਖ਼ੁਸ਼ੀ ਸਿਰੇ ਚੜ੍ਹ ਗਿਆ ਤਾਂ ਤੁਰਨ ਲੱਗਿਆਂ ਉਸ ਲੜਕੀ ਨੂੰ ਗੱਲ ਲਾ ਕੇ ਮੇਰਾ ਦੋਸਤ ਕਹਿਣ ਲੱਗਾ, “ਧੀ ਬਣਕੇ ਆਈਂ ਰਾਜੇ! ਧੀਆਂ ਵਾਂਗ ਰੱਖਾਂਗੇ, ਮਾਂ-ਬਾਪ ਦੀ ਕਮੀ ਮਹਿਸੂਸ ਨਹੀਂ ਹੋਣ ਦਿਆਂਗੇ!”

ਰਸਤੇ ਵਿੱਚ ਮੈਂ ਉਸ ਦੀ ਇਸ ਗੱਲ ’ਤੇ ਇਤਰਾਜ਼ ਜਿਤਾਇਆ ਪਰ ਗੱਲ ਉਸਦੀ ਸਮਝ ਵਿੱਚ ਨਾ ਪਈ! ਮੈਂ ਉਸ ਨੂੰ ਸਮਝਾਇਆ ਕਿ ਤੇਰੇ ਕਥਨ ਪਿੱਛੇ ਕੋਈ ਮੰਦਭਾਵਨਾ ਨਹੀਂ ਹੈ ਪਰ ਉਸਦਾ ਅਰਥ ਇਹ ਹੈ ਕਿ ਧੀ ਤੋਂ ਬਿਨਾਂ ਤੇਰੇ ਘਰ ਵਿੱਚ ਹੋਰ ਕਿਸੇ ਦੂਸਰੇ ਲਈ ਕੋਈ ਜਗ੍ਹਾ ਨਹੀਂ! ਦੂਸਰੇ ਅਰਥਾਂ ਵਿੱਚ ਇਹ ਕਿ ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਨੂੰਹ ਕਿਸੇ ਵੀ ਹਾਲ ਵਿੱਚ ਚੰਗੀ ਨਹੀਂ ਹੋ ਸਕਦੀਮਾਂ-ਬਾਪ ਦੀ ਕਮੀ ਮਹਿਸੂਸ ਨਾ ਹੋਣ ਦੇਣ ਦਾ ਅਸਲ ਅਰਥ ਇਹ ਹੁੰਦਾ ਹੈ ਕਿ ਸਾਡੀ ਮਰਜ਼ੀ ਮੁਤਾਬਕ ਨੂੰਹ ਚੱਲੇਗੀ ਤਾਂ ਸਭ ਠੀਕ ਨਹੀਂ ਤਾਂ ਆਪਣੇ ਮਾਂ-ਬਾਪ ਨੂੰ ਯਾਦ ਵੀ ਨਹੀਂ ਕਰ ਸਕੇਗੀ, ਗੱਲ ਕਰਨੀ ਤਾਂ ਦੂਰ!

ਮੇਰਾ ਦੋਸਤ ਸੀ, ਮੈਂ ਉਸ ਨੂੰ ਆਪਣੀ ਗੱਲ ਸਮਝਾਉਣ ਵਿੱਚ ਸਫਲ ਵੀ ਹੋ ਗਿਆ ਤੇ ਉਸਨੇ ਇਹ ਗੱਲ ਵੀ ਫਰਾਖਦਿਲੀ ਨਾਲ ਕਹੀ, “ਯਾਰ, ਇਸ ਪਹਿਲੂ ਤੋਂ ਕਦੇ ਸੋਚਿਆ ਹੀ ਨਹੀਂ ਸੀ।” ਪਰ ਕਿੰਨੇ ਲੋਕ ਹਨ, ਜੋ ਇਸ ਵੱਡੀ ਖ਼ਾਮੀ ਨੂੰ ਬਿਨਾ ਸੰਕੋਚ ਮੰਨਣ ਦਾ ਹੌਸਲਾ ਰੱਖਦੇ ਹੋਣ?

ਮੇਰਾ ਇੱਕ ਦੋਸਤ ਹੈ, ਉਮਰ ਵਿੱਚ ਕਾਫ਼ੀ ਛੋਟਾ ਪਰ ਬਹੁਤ ਹੀ ਸੰਜੀਦਾਜੇ ਉਹ ਚਾਹੁੰਦਾ ਤਾਂ ਆਪਣੀ ਪਸੰਦ ਦੀ ਲੜਕੀ ਨਾਲ ਵਿਆਹ ਕਰਵਾ ਸਕਦਾ ਸੀ ਪਰ ਨਹੀਂ! ਮਾਪਿਆਂ ਦੀ ਪਸੰਦ ਨਾਲ ਵਿਆਹ ਕਰਵਾਇਆਉਸ ਦਾ ਵਿਆਹੁਤਾ ਜੀਵਨ ਮਸਾਂ ਸਾਲ ਕੁ ਹੀ ਸੁੱਖੀਂ-ਸਾਂਦੀ ਲੰਘਿਆ ਤੇ ਫੇਰ ਖਿੱਚੋਤਾਣ ਸ਼ੁਰੂ ਹੋ ਗਈਮੀਆਂ-ਬੀਵੀ ਵਿੱਚ ਨਹੀਂ, ਮਾਪਿਆਂ ਨਾਲ! ਕਾਰਨ, ਬੱਚਾ ਨਹੀਂ ਸੀ ਹੋ ਰਿਹਾ! ਆਪ ਪਸੰਦ ਕਰਕੇ ਲਿਆਂਦੀ ਨੂੰਹ ਵਿੱਚ ਹੁਣ ਨੁਕਸ ਹੀ ਨੁਕਸ ਸਨ! ਕਦੇ ਕਹਿਣ ਕਿ ਇਹ ਮੋਟੀ ਬਹੁਤ ਐ, ਇਹਦੇ ਬੱਚਾ ਕਿੱਥੋਂ ਹੋ ਜਾਊ! ਕਦੇ ਕਹਿਣ ਕਿ ਇਹਦੀ ਮੱਤ ਬਹੁਤ ਮੋਟੀ ਐ ਮੈਂਨੂੰ ਹੈਰਾਨੀ ਤੇ ਪਰੇਸ਼ਾਨੀ ਹੋ ਰਹੀ ਸੀ ਕਿ ਮੇਰੇ ਮਿੱਤਰ ਦਾ ਬਾਪ ਇੱਕ ਪੜ੍ਹਿਆ ਲਿਖਿਆ ਆਦਮੀ, ਜੋ ਰੇਡੀਓ ਸਟੇਸ਼ਨ ’ਤੇ ਨੌਕਰੀ ਕਰ ਚੁੱਕਾ ਹੈ, ਇਸ ਤਰ੍ਹਾਂ ਕਿਵੇਂ ਕਰ ਸਕਦਾ ਹੈ! ਉਸ ’ਤੇ ਤਲਾਕ ਲਈ ਜ਼ੋਰ ਪੈਣ ਲੱਗਾ ਪਰ ਉਹ ਨਹੀਂ ਮੰਨਿਆ! ਉਸਦਾ ਕਹਿਣਾ ਸੀ ਕਿ ਨੁਕਸ ਮੇਰੇ ਵਿੱਚ ਵੀ ਤਾਂ ਹੋ ਸਕਦਾ ਹੈਇਹ ਕੋਈ ਵੱਡਾ ਮੁੱਦਾ ਨਹੀਂਅਸੀਂ ਇਲਾਜ ਵੀ ਕਰਵਾ ਸਕਦੇ ਹਾਂ ਪਰ ਮਾਂ-ਬਾਪ ਨੇ ਉਸਦਾ ਜਿਊਣਾ ਮੁਹਾਲ ਕਰਕੇ ਰੱਖ ਦਿੱਤਾਭੈਣਾਂ ਵੀ ਮਾਪਿਆਂ ਨਾਲ ਸਨਇੱਕੋ ਜ਼ਿੱਦ ਕਿ ਉਸ ਨੂੰ ਛੱਡ! ਇਸ ਤਣਾਅ ਭਰੇ ਮਾਹੌਲ ਕਾਰਨ ਮੇਰਾ ਦੋਸਤ ਸ਼ੂਗਰ ਦਾ ਮਰੀਜ਼ ਹੋ ਗਿਆਮਾਂ-ਬਾਪ ਨੂੰ ਪਤਾ ਵੀ ਲੱਗ ਗਿਆ ਉਸ ਦੀ ਬਿਮਾਰੀ ਦਾ ਪਰ ਇੱਕ ਵਾਰ ਵੀ ਉਸ ਪ੍ਰਤੀ ਫਿਕਰਮੰਦੀ ਜ਼ਾਹਰ ਨਹੀਂ ਕੀਤੀ! ਉਨ੍ਹਾਂ ਤਾਂ ਲੱਤ ਥੱਲਿਓਂ ਲੰਘਾਉਣਾ ਸੀ, ਪੁੱਤ ਐ ਤਾਂ ਕੀ ਹੋਇਆ ਘਰ ਤਾਂ ਸਾਡਾ ਹੀ ਐ!

ਮੇਰੇ ਦੋਸਤ ਨੇ ਆਪਣੀ ਆਪਣੀ ਪਤਨੀ ਤਾਂ ਨਹੀਂ ਛੱਡੀ, ਆਪਣੇ ਮਾਂ-ਬਾਪ ਦਾ ਘਰ ਛੱਡ ਦਿੱਤਾ! ਆਪਣੇ ਦਮ ’ਤੇ ਛੋਟਾ ਜਿਹਾ ਮਕਾਨ ਲੈ ਕੇ ਰਹਿਣ ਲੱਗ ਪਏਪੜ੍ਹੀ-ਲਿਖੀ ਹੋਣ ਕਾਰਨ ਉਸ ਦੀ ਪਤਨੀ ਨੇ ਬੁਟੀਕ ਤੇ ਬਿਊਟੀਸ਼ਨ ਦਾ ਕੰਮ ਸ਼ੁਰੂ ਲਿਆ ਤੇ ਆਲੇ-ਦੁਆਲੇ ਆਪਣੀ ਥਾਂ ਬਣਾ ਲਈਖ਼ੁਸ਼ੀ ਵਾਲੀ ਗੱਲ ਇਹ ਕਿ ਤਣਾਅ-ਮੁਕਤ ਮਾਹੌਲ ਵਿੱਚ ਵੱਖਰੇ ਹੋ ਕੇ ਰਹਿਣ ਦੇ ਦੋ ਸਾਲ ਦੇ ਅੰਦਰ-ਅੰਦਰ ਉਨ੍ਹਾਂ ਦੀ ਝੋਲੀ ਇੱਕ ਬਹੁਤ ਹੀ ਪਿਆਰੀ ਧੀ ਨੇ ਭਰ ਦਿੱਤੀ! ਪਰ ਮਾਂ-ਬਾਪ ਅਜੇ ਵੀ ਪਿਘਲੇ ਨਹੀਂਇਸ ਸਮੁੱਚੇ ਤਣਾਅ ਭਰੇ ਮਾਹੌਲ ਵਿੱਚ ਮੈਂ ਆਪਣੇ ਇਸ ਮਿੱਤਰ ਦੇ ਮੂੰਹੋਂ ਇੱਕ ਵਾਰ ਵੀ ਆਪਣੇ ਮਾਪਿਆਂ ਖ਼ਿਲਾਫ਼ ਕੋਈ ਮੰਦਾ ਲਫ਼ਜ਼ ਨਹੀਂ ਸੁਣਿਆ! ਇਹੋ ਆਖਦਾ ਹੈ ਹਰ ਵਾਰ, “ਉਹਨਾਂ ਦੀ ਮਰਜ਼ੀ ਭਾਜੀ, ਹੁਣ ਮਾਪਿਆਂ ਨਾਲ ਕਿਹੜਾ ਲੜੇ! ਮੈਂ ਤਾਂ ਆਪਣਾ ਹਿੱਸਾ ਵੀ ਤਿਆਗ ਦਿੱਤਾ ਐਖੁਸ਼ ਰਹਿਣ ਬੱਸ!” ਇੱਥੇ ਕਿਸ ਰਿਸ਼ਤੇ ਅੱਗੇ “ਕ” ਲਾਇਆ ਜਾਵੇ?

ਸਮੱਸਿਆ ਦੀ ਸਾਰੀ ਜੜ੍ਹ ਦਰਅਸਲ ਮਾਲਕੀ ਦਾ ਅਧਿਕਾਰ ਹੀ ਹੈਹੋਣਾ ਤਾਂ ਇਹ ਚਾਹੀਦਾ ਹੈ ਕਿ ਹਰ ਰਿਸ਼ਤੇ ਨੂੰ ਉਸ ਦੀ ਬਣਦੀ ਜਗ੍ਹਾ ਦਿੱਤੀ ਜਾਵੇ, ਕਿਸੇ ਵੀ ਰਿਸ਼ਤੇ ’ਤੇ ਆਪਣਾ ਹੀ ਹੱਕ ਨਾ ਜਿਤਾਇਆ ਜਾਵੇਤੁਹਾਡੇ ਹੀ ਬੱਚੇ ਹਨ, ਉਨ੍ਹਾਂ ਨੂੰ ਪਾਲਣਾ ਤੁਹਾਡੀ ਜ਼ਿੰਮੇਵਾਰੀ ਹੈ ਪਰ ਇਹ ਕਦੇ ਵੀ ਨਾ ਸੋਚੋ ਕਿ ਉਹ ਤੁਹਾਡੇ ਵਾਂਗ ਹੀ ਸੋਚਣ!

ਆਪਣੇ ਰਿਸ਼ਤਿਆਂ ਵਿੱਚ “ਅਸਹਿਮਤੀ” ਲਈ ਜਗ੍ਹਾ ਜ਼ਰੂਰ ਰੱਖੋ! ਅਜਿਹਾ ਕਰਨ ਨਾਲ ਅਸੁਖਾਵੇਂ ਮੌਕਿਆਂ ਤੋਂ ਬਚ ਸਕਦੇ ਓ, ਕਿਉਂਕਿ ਤੁਸੀਂ ਪਹਿਲਾਂ ਹੀ ਆਪਣੇ ਆਪ ਨੂੰ ਤਿਆਰ ਕੀਤਾ ਹੋਇਆ ਹੈ ਕਿ ਤੁਹਾਡੀ ਗੱਲ ਮੰਨੀ ਜਾਣੀ ਜ਼ਰੂਰੀ ਨਹੀਂ! ਤੁਹਾਡੇ ਘਰ ਦਾ ਮਾਹੌਲ ਇਸ ਕਰਕੇ ਨਹੀਂ ਵਿਗੜੇਗਾ ਕਿ ਤੁਹਾਡੇ ਘਰ ਨੂੰਹ ਆਈ ਹੈ, ਉਹ ਤੁਹਾਡੇ ਲੜਕੇ ਕਰਕੇ ਵਿਗੜੇਗਾ ਜੋ ਤੁਹਾਡੀ ਪੈਦਾਵਾਰ ਹੈਉਸ ਕੋਲ ਤੁਹਾਡੇ ਦਿੱਤੇ ਸੰਸਕਾਰ ਹਨ ਨੂੰਹ ਦੇ ਆਉਂਦਿਆਂ ਹੀ ਜੇ ਉਹ ਬਦਲ ਗਿਆ ਹੈ ਤਾਂ ਕਸੂਰ ਨੂੰਹ ਦਾ ਨਹੀਂ. ਉਸ ’ਤੇ ਤੁਹਾਡੀ ਸ਼ਖ਼ਸੀਅਤ ਦਾ ਪਰਛਾਵਾਂ ਹੈ!

ਜਿਹੋ ਜਿਹਾ ਵਿਹਾਰ ਤੁਸੀਂ ਆਪਣੇ ਮਾਂ-ਬਾਪ ਨਾਲ ਕਰਦੇ ਰਹੇ ਓ, ਆਪਣੇ ਬੱਚੇ ਤੋਂ ਉਸ ਤੋਂ ਵੱਖਰੇ ਦੀ ਆਸ ਨਾ ਰੱਖੋ!

ਬਿਹਤਰੀ ਇਸੇ ਵਿੱਚ ਹੈ ਕਿ ਆਪਣੇ ਬੱਚਿਆਂ ਨਾਲ ਵਕਤ ਗੁਜ਼ਾਰੋ! ਉਨ੍ਹਾਂ ਦੀ ਸੁਣੋ, ਉਨ੍ਹਾਂ ਦੀਆਂ ਨਿੱਕੀਆਂ ਨਿੱਕੀਆਂ ਖੁਸ਼ੀਆਂ ਵਿੱਚ ਸ਼ਾਮਲ ਹੋਵੋ! ਧੀ-ਪੁੱਤ ਵਿੱਚ ਫਰਕ ਕਰਕੇ ਉਨ੍ਹਾਂ ਨੂੰ ਇੱਕ-ਦੂਜੇ ਦੇ ਸ਼ਰੀਕ ਨਾ ਬਣਾਓ! ਆਪਣੇ ਧੀਆਂ-ਪੁੱਤਰਾਂ ਨੂੰ ਘਰ ਵਿੱਚ ਆਪਣੀ ਮਾਂ, ਦਾਦਾ-ਦਾਦੀ, ਭੈਣਾਂ-ਭਰਾਵਾਂ ਨਾਲ ਆਦਰ-ਮਾਣ ਨਾਲ ਪੇਸ਼ ਆਉਣਾ ਸਿਖਾਓ ਤਾਂ ਕਿ ਉਹ ਘਰੋਂ ਬਾਹਰ ਇੱਕ ਵਧੀਆ ਇਨਸਾਨ ਦੇ ਰੂਪ ਵਿੱਚ ਵਿਚਰਨ!

ਪਰਿਵਾਰ ਦੀ ਹਰ ਸਮੱਸਿਆ ਦੇ ਹੱਲ ਵਿੱਚ ਆਪਣੇ ਧੀਆਂ-ਪੁੱਤਰਾਂ ਨੂੰ ਜ਼ਰੂਰ ਸ਼ਾਮਲ ਕਰੋ! ਉਨ੍ਹਾਂ ਨੂੰ ਜ਼ਿੰਮੇਵਾਰੀਆਂ ਵੰਡੋ, ਸੰਕਟ-ਨਿਵਾਰਨ ਦੀ ਜੁਗਤ ਸਿਖਾਓ ਤੇ ਉਨ੍ਹਾਂ ਤੋਂ ਵੀ ਸਮੇਂ ਦੇ ਹਾਣ ਦੀਆਂ ਨਵੀਂਆਂ ਜੁਗਤਾਂ ਸਿੱਖੋ! ਅਜਿਹਾ ਕਰਨ ਨਾਲ ਰਿਸ਼ਤਿਆਂ ਦੀ ਪਾਕੀਜ਼ਗੀ ਤਾਂ ਬਣੀ ਹੀ ਰਹੇਗੀ, ਇਨ੍ਹਾਂ ਦੀਆਂ ਨਸਾਂ ਵਿੱਚ ਸਿਹਤਮੰਦ ਸੰਵੇਦਨਾ ਦਾ ਸੰਚਾਰ ਵੀ ਹੋਵੇਗਾ!

ਧੀਆਂ ਨੂੰ ਘਰ ਵਿੱਚ ਉਨ੍ਹਾਂ ਦੀ ਬਣਦੀ ਥਾਂ ਦਿਓ, ਉਨ੍ਹਾਂ ਨੂੰ ਜ਼ਰੂਰ ਪੜ੍ਹਾਓ ਤੇ ਆਤਮ-ਨਿਰਭਰ ਬਣਨਾ ਸਿਖਾਓ, ਤਾਂਕਿ ਸਮਾਂ ਆਉਣ ’ਤੇ ਬੇਚਾਰੀਆਂ ਬਣਨ ਦੀ ਥਾਂ ਹਾਲਾਤ ਦਾ ਸਵੈ-ਭਰੋਸੇ ਨਾਲ ਸਾਹਮਣਾ ਕਰ ਸਕਣ!

ਮੁੱਕਦੀ ਗੱਲ ਕਿ ਰਿਸ਼ਤਿਆਂ ਦੇ ਮਾਲਕ ਨਹੀਂ, ਰਿਸ਼ਤਿਆਂ ਦੇ ਪਾਲਕ ਬਣੋ! ਆਪਣੇ ਕਿਰਦਾਰ ਤੋਂ ਉਲਟ ਆਪਣੀ ਔਲਾਦ ਤੋਂ ਆਸ ਕਰਨਾ ਬਾਬਾ ਫਰੀਦ ਦੇ ਇਸ ਕਥਨ ਵਾਂਗ ਹੀ ਹੈ:

ਫਰੀਦਾ ਲੋੜੈ ਦਾਖ ਬਿਜਉਰੀਆਂ ਕਿਕਰਿ ਬੀਜੈ ਜਟੁ ॥

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2239)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com)

About the Author

ਇੰਦਰਜੀਤ ਚੁਗਾਵਾਂ

ਇੰਦਰਜੀਤ ਚੁਗਾਵਾਂ

Fresno, California, USA.
Phone: (1 - 559 - 779 - 9805)
Email: (ranapamm@gmail.com)

More articles from this author