“ਇਹ ਕਹਾਣੀ ਸੁਣਾਉਂਦਿਆਂ ਬਾਪੂ ਅਣਖੀ ਦੇ ਚਿਹਰੇ ਦੀ ਲਾਲੀ ...”
(8 ਜੂਨ 2020)
ਬਾਪੂ ਗੁਰਦੀਪ ਸਿੰਘ ‘ਅਣਖੀ’ ਇੱਕ ਸਹਿਜ ਸੁਭਾਅ ਦੇ ਮਾਲਕ ਹਨ। ਨਿੱਕੇ ਨਿੱਕੇ ਮਜ਼ਾਕ ਕਰਨਾ, ਹਮੇਸ਼ਾ ਮੁਸਕਰਾਉਂਦੇ ਰਹਿਣਾ, ਹਾਲਾਤ ਨੂੰ ਸਮਝਦਿਆਂ ਚੱਲਣਾ ਉਨ੍ਹਾਂ ਨੂੰ ਆਉਂਦਾ ਹੈ। ਉਨ੍ਹਾਂ ਕੋਲ ਸਮੇਂ ਮੁਤਾਬਕ ਆਪਣੀ ਗੱਲ ਕਹਿਣ ਦਾ ਹੁਨਰ ਹੈ। ਉਮਰ ਦਾ ਨੌਵਾਂ ਦਹਾਕਾ ਪੂਰਾ ਕਰਨ ਵੱਲ ਵਧ ਰਹੇ ਬਾਪੂ ਅਣਖੀ ਦੀ ਯਾਦਦਾਸ਼ਤ ਕਮਾਲ ਦੀ ਹੈ। ਇਕੱਲਾ ਇਕੱਲਾ ਉਹ ਪਿੰਡ ਜੋ ਭਾਵੇਂ ਉਨ੍ਹਾਂ ਗਾਹਿਆ ਸੀ ਜਾਂ ਉਨ੍ਹਾਂ ਦੇ ਦੂਸਰੇ ਯੁੱਧਸਾਥੀਆਂ ਨੇ, ਉਨ੍ਹਾਂ ਨੂੰ ਚੰਗੀ ਤਰ੍ਹਾਂ ਯਾਦ ਹੈ ਤੇ ਜਥਿਆਂ ਵਿੱਚ ਸ਼ਾਮਲ ਲਗਭਗ ਸਭਨਾਂ ਸਾਥੀਆਂ ਦੇ ਨਾਂਅ ਵੀ ਯਾਦ ਹਨ। ਉਹ ਜਿੱਥੇ ਵੀ ਹੁੰਦੇ ਹਨ, ਜਥਾ ਬਣਾ ਲੈਂਦੇ ਹਨ।
ਉਨ੍ਹਾਂ ਨਾਲ ਗੱਲਬਾਤ ਦੌਰਾਨ ਜਦ ਆਬਾਦਕਾਰਾਂ ਦਾ ਜ਼ਿਕਰ ਆਇਆ ਤਾਂ ਇੱਕ ਸ਼ਾਨਦਾਰ ਵਿਰਾਸਤ ਸਾਹਮਣੇ ਆਈ ਤੇ ਇਸ ਵਿਰਾਸਤ ਦੀ ਗਾਥਾ ਉਹ ਬੜੇ ਮਾਣ ਨਾਲ ਦੱਸਦੇ ਹਨ। ਜਦ ਉਹ ਯਾਦਾਂ ਦੀ ਪਟਾਰੀ ਖੋਲ੍ਹ ਰਹੇ ਸਨ ਤਾਂ ਮਹਾਨ ਸ਼ਾਇਰ ਪ੍ਰੋ. ਮੋਹਨ ਸਿੰਘ ਹੁਰਾਂ ਦੀ ਕਵਿਤਾ ਵਾਰ ਵਾਰ ਜ਼ਿਹਨ ਵਿੱਚ ਆ ਰਹੀ ਸੀ;
ਦੋ ਟੋਟਿਆਂ ਦੇ ਵਿੱਚ ਭੋਂ ਟੁੱਟੀ
ਇੱਕ ਮਹਿਲਾਂ ਦਾ ਇੱਕ ਢੋਕਾਂ ਦਾ
ਦੋ ਧੜਿਆਂ ਵਿੱਚ ਖਲਕਤ ਵੰਡੀ
ਇੱਕ ਲੋਕਾਂ ਦਾ ਇੱਕ ਜੋਕਾਂ ਦਾ।
ਉਹਨਾਂ ਨੂੰ ਯਾਦ ਹੈ ਕਿ ਮੰਡ ਦੇ ਆਬਾਦਕਾਰ ਕਿਸ ਤਰ੍ਹਾਂ ਮੁੱਢ ਤੋਂ ਹੀ ਹਕੂਮਤਾਂ, ਅਫਸਰਸ਼ਾਹੀ ਤੇ ਸਰਕਾਰੀ ਤੰਤਰ ਦੀ ਸ਼ਹਿ ਪ੍ਰਾਪਤ ਗੁੰਡਾ ਅਨਸਰਾਂ ਦੀ ਧੱਕੇਸ਼ਾਹੀ ਦਾ ਸ਼ਿਕਾਰ ਹੁੰਦੇ ਰਹੇ ਹਨ ਤੇ ਇਸ ਧੱਕੇ ਵਿਰੁੱਧ ਲੜਦੇ ਵੀ ਰਹੇ ਹਨ। ਬਹੁਤ ਦੁਖੀ ਮਨ ਨਾਲ ਬਾਪੂ ਅਣਖੀ ਨੇ ਕਿਹਾ, “ ਸਾਡੇ ਭਗਤ, ਸਰਾਭਿਆਂ, ਸਾਡੇ ਗਦਰੀ ਬਾਬਿਆਂ ਇਹੋ ਜਿਹੇ ਹਿੰਦੁਸਤਾਨ ਦਾ ਸੁਪਨਾ ਤਾਂ ਨਹੀਂ ਸੀ ਲਿਆ। ਉਹ ਤਾਂ ਚਾਹੁੰਦੇ ਸਨ ਇੱਕ ਅਜਿਹਾ ਹਿੰਦੁਸਤਾਨ, ਜਿੱਥੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਨਾ ਹੋਵੇ, ਜਿੱਥੇ ਧਰਮ ਲੋਕਾਂ ਨੂੰ ਪਾੜਨ ਦਾ ਜ਼ਰੀਆ ਨਾ ਬਣੇ, ਜਿੱਥੇ ਮਜ਼ਦੂਰ-ਕਿਸਾਨ ਦੇ ਪਸੀਨੇ ਦਾ ਸਹੀ ਮੁੱਲ ਪਵੇ। ਜਿਵੇਂ ਦਸਮ ਗ੍ਰੰਥ ਵਿੱਚ ਗੁਰੂ ਗੋਬਿੰਦ ਸਿੰਘ ਜੀ ਲਿਖਦੇ ਹਨ;
ਹਿੰਦੂ ਤੁਰਕ ਕੋਊ ਰਾਫਜ਼ੀ ਇਮਾਮ ਸਾਫੀ ਮਾਣਸ ਕੀ ਜਾਤ ਸਭੈ ਏਕੈ ਪਹਿਚਾਨਬੋ॥
ਤੇ ਗੁਰੂ ਅਰਜਨ ਦੇਵ ਜੀ ਨੇ ਵੀ ਲਿਖਿਆ ਹੈ:
ਸਭੈ ਸਾਂਝੀਵਾਲ ਸਦਾਇਨ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ॥
ਦੇਸ਼ ਭਗਤਾਂ ਦਾ ਇਹ ਸੁਪਨਾ ਹਕੀਕਤ ਵਿੱਚ ਬਦਲ ਨਹੀਂ ਸਕਿਆ, ਜਾਂ ਇਹ ਕਹਿ ਲਵੋ ਕਿ ਅਸੀਂ ਇਸ ਸੁਪਨੇ ਨੂੰ ਹਕੀਕਤ ਵਿੱਚ ਬਦਲ ਨਹੀਂ ਸਕੇ। ਇਹ ਹੁਣ ਤੁਹਾਡਾ ਕੰਮ ਐ, ਸਾਡੀ ਸੰਤਾਨ ਦਾ। ਤੁਸੀਂ ਇਸ ਸੁਪਨੇ ਨੂੰ ਬਦਲੋ ਹਕੀਕਤ ਵਿੱਚ!”
ਬਾਪੂ ਅਣਖੀ ਚੁੱਪ ਹੋ ਗਏ। ਮੈਂ ਡੂੰਘੀਆਂ ਸੋਚਾਂ ਵਿੱਚ ਉੱਤਰ ਗਿਆ ਕਿ ਨੁਕਸ ਕਿੱਥੇ ਹੈ ਤੇ ਸੀ, ਜਿਸ ਲਹਿਰ ਵੱਲ ਲੋਕ ਬਹੁਤ ਆਸ ਲਾ ਕੇ ਦੇਖਿਆ ਕਰਦੇ ਸਨ, ਉਸ ਨੂੰ ਗੈਰਪ੍ਰਸੰਗਿਕਤਾ ਦੀ ਹੱਦ ਤਕ ਧੱਕਣ ਲਈ ਟਿੱਲ ਲਾਉਣ ਵਾਲੇ ਕੌਣ ਹਨ?
ਮੇਰੀਆਂ ਸੋਚਾਂ ਦੀ ਲੜੀ ਬਾਪੂ ਦੇ ਖੰਘੂਰੇ ਨਾਲ ਟੁੱਟੀ। ਉਹ ਬੋਲਣ ਲੱਗੇ, “ਬਰਤਾਨੀਆ ਤੋਂ ਮੁਕਤੀ ਤਾਂ ਮਿਲ ਗਈ, ਸਾਮਰਾਜ ਫਿਰ ਬੂਹੇ ਮੱਲੀ ਬੈਠਾ ਹੈ। ਜੇ ਕੁਝ ਬਦਲਿਆ ਹੈ ਤਾਂ ਇਹ ਕਿ ਟੋਪ ਦੀ ਥਾਂ ਟੋਪੀ ਨੇ ਲੈ ਲਈ ਹੈ। ਆਬਾਦਕਾਰਾਂ ਨਾਲ ਉਦੋਂ ਵੀ ਧੱਕਾ ਹੁੰਦਾ ਸੀ, ਅੱਜ ਵੀ ਧੱਕਾ ਹੋ ਰਿਹਾ ਹੈ। ਵੰਡ ਤੋਂ ਬਾਅਦ ਵੀ ਆਬਾਦਕਾਰਾਂ ਦੀ ਰਾਖੀ ਲਈ ਕਮਿਊਨਿਸਟ ਆਏ ਸਨ, ਹੁਣ ਵੀ ਉਹੋ ਈ ਢਾਲ ਬਣੇ ਹੋਏ ਹਨ। ਕਾਕਾ, ਜਿੰਨੀ ਮਿਹਨਤ ਮੰਡ ਨੂੰ ਆਬਾਦ ਕਰਨ ਲਈ ਇਨ੍ਹਾਂ ਆਬਾਦਕਾਰਾਂ ਨੇ ਕੀਤੀ ਹੈ, ਉਸ ਦਾ ਮੁੱਲ ਤਾਂ ਕੋਈ ਤਾਰ ਈ ਨਹੀਂ ਸਕਦਾ। ਕਾਹੀ, ਕਾਨੇ ਪੁੱਟ ਕੇ, ਜ਼ਹਿਰੀਲੇ ਸੱਪਾਂ ਤੇ ਹੋਰ ਖਤਰਨਾਕ ਜਾਨਵਰਾਂ ਨਾਲ ਆਢਾ ਲੈ ਕੇ ਜ਼ਮੀਨ ਨੂੰ ਵਾਹੀਯੋਗ ਬਣਾਉਣਾ ਕੋਈ ਖੇਡ ਨਹੀਂ ਸੀ। ਇੰਨਾ ਝੱਲ ਮੱਲਿਆ ਪਿਆ ਸੀ ਕਿ ਬੰਦਾ ਤਾਂ ਕੀ, ਹਾਥੀ ਵੀ ਨਜ਼ਰ ਨਾ ਆਵੇ।
ਫਿਲੌਰ ਸ਼ਹਿਰ ਦੇ ਨਾਲ ਲਗਦੇ ਮੰਡ ਦੀ ਚਾਰ ਪੰਜ ਪਿੰਡਾਂ ਦੀ ਸੱਤ ਸੌ ਏਕੜ ਜ਼ਮੀਨ ਦਰਿਆਈ ਬੰਨ੍ਹ ਤੋਂ ਬਾਹਰ ਸੀ। ਕੋਈ ਸੜਕ ਨਹੀਂ, ਆਉਣ ਜਾਣ ਬਹੁਤ ਮੁਸ਼ਕਲ ਸੀ। ਗਰੀਬ ਆਬਾਦਕਾਰ ਆਪਣੀ ਜ਼ਮੀਨ ਵਿੱਚ ਕਾਹੀ-ਕਾਨਿਆਂ ਦੇ ਛੱਪਰ ਬਣਾ ਕੇ ਰਹਿੰਦੇ ਸਨ। ਨਾ ਬੱਚਿਆਂ ਦੀ ਪੜ੍ਹਾਈ ਲਈ ਕੋਈ ਸਕੂਲ, ਨਾ ਕੋਈ ਡਾਕਟਰ। ਦਵਾ ਦਾਰੂ ਲਈ, ਇੱਥੋਂ ਤਕ ਕਿ ਸੌਦਾ ਪੱਤਾ ਲੈਣ ਲਈ ਵੀ ਮੀਲਾਂ ਦਾ ਸਫਰ ਕਰਨਾ ਪੈਂਦਾ। ਬਹੁਤ ਤਰਸਯੋਗ ਹਾਲਤ ਸੀ ਉਨ੍ਹਾਂ ਸਮਿਆਂ ਵਿੱਚ ਆਬਾਦਕਾਰਾਂ ਦੀ।
ਵੰਡ ਤੋਂ ਬਾਅਦ ਇਨ੍ਹਾਂ ਇਹ ਸੋਚ ਕੇ ਮਿਹਨਤ ਕੀਤੀ ਕਿ ਹੁਣ ਕਾਹਦਾ ਡਰ! ਅਸੀਂ ਆਜ਼ਾਦ ਆਂ, ਸਰਕਾਰ ਸਾਡੀ ਆਪਣੀ ਹੈ। ਜ਼ਮੀਨ ਵਿਹਲੀ ਪਈ ਐ, ਪੱਧਰੀ ਕਰਕੇ ਚਾਰ ਸਿਆੜ ਮੱਕੀ ਬਾਜਰਾ ਬੀਜ ਲਵਾਂਗੇ ਬੱਚਿਆਂ ਦਾ ਪੇਟ ਪਾਲਣ ਲਈ। ਪਰ ਇਨ੍ਹਾਂ ਦਾ ਭਰਮ ਛੇਤੀ ਹੀ ਟੁੱਟ ਗਿਆ।”
ਲੜੀ ਜੋੜਦਿਆਂ ਬਾਪੂ ਅਣਖੀ ਦੱਸਣ ਲੱਗੇ, “ਇਨ੍ਹਾਂ ਆਬਾਦਕਾਰਾਂ ਦੀਆਂ ਮੁਸ਼ਕਲਾਂ, ਤਕਲੀਫਾਂ ਕਮਿਊਨਿਸਟ ਪਾਰਟੀ ਕੋਲ ਪੁੱਜ ਰਹੀਆਂ ਸਨ। ਜਨਵਰੀ 1968 ਵਿੱਚ ਇਨ੍ਹਾਂ ਨੂੰ ਜਥੇਬੰਦ ਕਰਨ ਦਾ ਮੁੱਢ ਬੱਝਾ ਜਦ ਸੀਪੀਆਈ ਐੱਮ ਦੀ ਫਿਲੌਰ ਤਹਿਸੀਲ ਦਾ ਪਹਿਲਾ ਅਜਲਾਸ ਪਿੰਡ ਰਾਮਗੜ੍ਹ ਵਿੱਚ ਹੋਇਆ। ਤਾਰਾ ਸਿੰਘ ਪੁਆਦੜਾ ਸਰਬ ਸੰਮਤੀ ਨਾਲ ਇਸ ਤਹਿਸੀਲ ਕਮੇਟੀ ਦੇ ਸਕੱਤਰ ਚੁਣੇ ਗਏ ਸਨ ਤੇ ਬਖਤੌਰ ਸਿੰਘ ਬੜਾ ਪਿੰਡ, ਸਰਵਣ ਸਿੰਘ ਚੀਮਾ, ਕਰਤਾਰ ਸਿੰਘ ਦੁਸਾਂਝ, ਠਾਕਰ ਦਾਸ ਦਿਧਰਾ, ਮਹਿੰਦਰ ਸਿੰਘ ਜੌਹਲ, ਜੁਗਿੰਦਰ ਸਿੰਘ ਪੁਆਦੜਾ, ਮਿਹਰ ਸਿੰਘ ਬੜਾ ਪਿੰਡ ਤੇ ਮੈਂ ਖੁਦ (ਗੁਰਦੀਪ ਸਿੰਘ ਅਣਖੀ) ਕਮੇਟੀ ਮੈਂਬਰ ਚੁਣੇ ਗਏ ਸਨ। ਇਸ ਕਮੇਟੀ ਦੀ ਪਹਿਲੀ ਮੀਟਿੰਗ ਵਿੱਚ ਫੈਸਲਾ ਹੋਇਆ ਕਿ ਤਹਿਸੀਲ ਫਿਲੌਰ ਦੇ ਦਰਿਆ (ਸਤਲੁਜ) ਨਾਲ ਲਗਦੇ ਇਲਾਕੇ ਦੇ ਸਾਰੇ ਪਿੰਡਾਂ ਵਿੱਚ ਮੰਡ ਦੀ ਜ਼ਮੀਨ ਨੂੰ ਆਬਾਦ ਕਰਨ ਵਾਲੇ ਗਰੀਬ ਖੇਤ ਮਜ਼ਦੂਰਾਂ, ਕਿਸਾਨਾਂ ਨੂੰ ਕਿਸਾਨ ਸਭਾ ਦੇ ਝੰਡੇ ਹੇਠ ਜਥੇਬੰਦ ਕਰਕੇ ਉਨ੍ਹਾਂ ਨੂੰ ਆਪਣੀਆਂ ਮੁਸ਼ਕਲਾਂ ਦੇ ਜਥੇਬੰਦਕ ਹੱਲ ਲਈ ਤਿਆਰ ਕੀਤਾ ਜਾਵੇ। ਇਕੱਲਾ ਬੰਦਾ ਹਮੇਸ਼ਾ ਮਾਰ ਈ ਖਾਂਦੈ। ਜਥੇਬੰਦੀ ਤੋਂ ਬਿਨਾਂ ਕਿਸੇ ਵੀ ਥਾਂ ਰਿਹਾ ਨਹੀਂ ਜਾ ਸਕਦਾ। ਸਾਡਾ ਮਕਸਦ ਸੀ ਆਬਾਦਕਾਰਾਂ ਨੂੰ ਜ਼ਮੀਨ ਦੇ ਮਾਲਕੀ ਹੱਕ ਦਿਵਾਉਣ ਲਈ ਇੱਕ ਜੁਝਾਰੂ ਜਥੇਬੰਦੀ ਉਸਾਰਨਾ। ਕਾਮਰੇਡ ਸਰਵਣ ਸਿੰਘ ਚੀਮਾ ਨੂੰ ਇਸ ਫਰੰਟ ਦਾ ਇਨਚਾਰਜ ਬਣਾਇਆ ਗਿਆ। ਇਸਦੇ ਨਾਲ ਹੀ ਸਨਅਤੀ ਮਜ਼ਦੂਰਾਂ ਨੂੰ ਵੀ ਜਥੇਬੰਦ ਕਰਨ ਦਾ ਫੈਸਲਾ ਲਿਆ ਗਿਆ। ਉਨ੍ਹੀਂ ਦਿਨੀਂ ਲਾਂਡਰਾ ਟੋਕਾ ਫੈਕਟਰੀ ਵਿੱਚ ਹੜਤਾਲ ਚੱਲ ਰਹੀ ਸੀ, ਜੋ 66 ਦਿਨ ਚੱਲੀ ਸੀ। ਇਸ ਫੈਕਟਰੀ ਦਾ ਮਾਮਲਾ ਲੇਬਰ ਕੋਰਟ ਵਿੱਚ ਚਲਾ ਗਿਆ ਜਿਸ ਦੀ ਪੈਰਵੀ ਦੀ ਡਿਊਟੀ ਕਾਮਰੇਡ ਠਾਕਰ ਦਾਸ ਦੀ ਲਗਾਈ ਗਈ ਸੀ। ਮਜ਼ਦੂਰਾਂ ਨਾਲ ਰਾਬਤਾ ਕਾਇਮ ਰੱਖਣ ਲਈ ਇਹ ਫੈਸਲਾ ਕੀਤਾ ਗਿਆ ਕਿ ਫੈਕਟਰੀ ਅੱਗੇ ਨੂਰ ਮਹਿਲ ਰੋਡ ’ਤੇ ਸ਼ਿਵ ਦਿਆਲ ਲਾਂਦੜਾ ਦੀ ਫੈਕਟਰੀ ਦੇ ਸਾਹਮਣੇ ਚਾਹ ਦੀ ਦੁਕਾਨ ਖੋਲ੍ਹ ਕੇ ਉਸ ਤੋਂ ਪਾਰਟੀ ਦਫਤਰ ਦਾ ਕੰਮ ਲਿਆ ਜਾਵੇ।
ਇਹ ਦੁਕਾਨ ਖੋਲ੍ਹਣ ਦੀ ਜ਼ਿੰਮੇਵਾਰੀ ਮੇਰੇ (ਖੁਦ ਅਣਖੀ ਜੀ) ਸਿਰ ਪਾਈ ਗਈ। ਆਬਾਦਕਾਰਾਂ ਦੇ ਮਸਲੇ ’ਤੇ ਜ਼ਿਲ੍ਹਾ ਪੱਧਰ ’ਤੇ ਵੀ ਫੈਸਲਾ ਲਿਆ ਗਿਆ ਕਿ ਪੰਜਾਬ ਕਿਸਾਨ ਸਭਾ ਫਿਲੌਰ ਤੇ ਨਕੋਦਰ ਤਹਿਸੀਲ ਵਿੱਚ ਸਤਲੁਜ ਦਰਿਆ ਦੇ ਮੰਡ ਦੇ ਆਬਾਦਕਾਰਾਂ ਨੂੰ ਜਥੇਬੰਦ ਕਰਨ ਲਈ ਉਚੇਚੀ ਮੁਹਿੰਮ ਚਲਾਵੇ।
ਦਰਅਸਲ ਮੰਡ ਦੀ ਇਸ ਜ਼ਮੀਨ ’ਤੇ ਮੰਤਰੀਆਂ ਤੇ ਅਫਸਰਸ਼ਾਹੀ ਦੀ ਅੱਖ ਸੀ। ਆਬਾਦ ਹੋਈ ਜ਼ਮੀਨ ਉਹ ਵਿੰਗੇ ਟੇਢੇ ਢੰਗ ਨਾਲ ਹਾਸਲ ਕਰਨਾ ਚਾਹੁੰਦੇ ਸਨ। (ਹਾਲਾਤ ਅੱਜ ਵੀ ਉਹੀ ਹਨ।) ਇਸ ਮਕਸਦ ਦੀ ਪ੍ਰਾਪਤੀ ਲਈ ਉਨ੍ਹਾਂ ਗੁੰਡਾ ਅਨਸਰਾਂ ਨੂੰ ਪੂਰੀ ਖੁੱਲ੍ਹ ਦੇ ਰੱਖੀ ਸੀ। ਇਹ ਗੁੰਡਾ ਅਨਸਰ ਹਰ ਸਮੇਂ ਆਬਾਦਕਾਰਾਂ ਨੂੰ ਪ੍ਰੇਸ਼ਾਨ ਕਰਦੇ ਰਹਿੰਦੇ। ਉਨ੍ਹਾਂ ਦੀਆਂ ਕੁੱਲੀਆਂ ਢਾਹ ਦਿੰਦੇ ਜਾਂ ਅੱਗ ਲਾ ਦਿੰਦੇ। ਆਬਾਦਕਾਰ ਪੁਲਿਸ ਕੋਲ ਸ਼ਿਕਾਇਤ ਕਰਦੇ ਪਰ ਕੋਈ ਸੁਣਵਾਈ ਨਾ ਹੁੰਦੀ। ਉਲਟਾ ਉਨ੍ਹਾਂ ਨੂੰ ਜ਼ਲੀਲ ਕੀਤਾ ਜਾਂਦਾ। ਆਬਾਦ ਕੀਤੀਆਂ ਜ਼ਮੀਨਾਂ ਸਰਕਾਰੀ ਆਖ ਕੇ ਉੱਥੋਂ ਭਲੀਭਾਂਤ ਹਟ ਜਾਣ ਦੀਆਂ ਸਮਝੌਣੀਆਂ ਦਿੱਤੀਆਂ ਜਾਂਦੀਆਂ। ਅਜਿਹੇ ਮੌਕੇ ਇਨ੍ਹਾਂ ਭਾਈ ਲਾਲੋਆਂ ਦੀ ਬਾਂਹ ਫੜਨੀ ਬੇਹੱਦ ਜ਼ਰੂਰੀ ਸੀ ਤੇ ਇਹ ਕੰਮ ਬਾਬਾ ਨਾਨਕ ਦੇ ਵਾਰਿਸ ਹੀ ਕਰ ਸਕਦੇ ਸਨ। ਇਸ ਲਈ ਇਹ ਜ਼ਿੰਮੇਵਾਰੀ ਕਬੂਲਦਿਆਂ ਸੀ ਪੀ ਆਈ ਐੱਮ ਦੀ ਅਗਵਾਈ ਵਾਲੀ ਪੰਜਾਬ ਕਿਸਾਨ ਸਭਾ ਨੇ ਝੰਡਾ ਚੁੱਕਿਆ। ਫੈਸਲਾ ਲਿਆ ਗਿਆ ਕਿ ਸਰਕਾਰ, ਅਫਸਰਸ਼ਾਹੀ ਤੇ ਗੁੰਡਾ ਅਨਸਰਾਂ ਦੀ ਧੱਕੇਸ਼ਾਹੀ ਦੇ ਟਾਕਰੇ ਲਈ ਆਬਾਦਕਾਰਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕੀਤਾ ਜਾਵੇ, ਕੁੱਲੀਆਂ ਤਕ ਜਾ ਕੇ ਉਨ੍ਹਾਂ ਨਾਲ ਨੇੜਲੇ ਸੰਬੰਧ ਬਣਾਕੇ, ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਨੇੜਿਉਂ ਹੋ ਕੇ ਸਮਝਿਆ ਜਾਵੇ। ਫਿਰ ਉਨ੍ਹਾਂ ਦੀਆਂ ਮੰਗਾਂ ਦਾ ਚਾਰਟਰ ਤਿਆਰ ਕਰਕੇ ਇੱਕ ਕਾਨਫਰੰਸ ਕੀਤੀ ਜਾਵੇ ਤੇ ਲਾਮਬੰਦੀ ਦੌਰਾਨ ਉਨ੍ਹਾਂ ਵਿੱਚੋਂ ਨਵੀਂ ਲੀਡਰਸ਼ਿੱਪ ਉਭਾਰੀ ਜਾਵੇ।
ਬਾਪੂ ਅਣਖੀ ਦੱਸਦੇ ਹਨ, “ਕਾਮਰੇਡ ਚੀਮਾ ਦੀ ਰਹਿਨੁਮਾਈ ਹੇਠ ਆਬਾਦਕਾਰਾਂ ਦੀ ਲਾਮਬੰਦੀ ਲਈ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ। ਮੰਡ ਵਿੱਚ ਥਾਂ ਥਾਂ ਜਥੇ ਆਬਾਦਕਾਰਾਂ ਦੀਆਂ ਕੁੱਲੀਆਂ ਤਕ ਪਹੁੰਚ ਕਰਨ ਲੱਗੇ। ਕਿਸਾਨ ਸਭਾ ਨੇ ਜੋ ਨਾਅਰੇ ਆਬਾਦਕਾਰਾਂ ਨੂੰ ਜਥੇਬੰਦ ਕਰਨ ਲਈ ਘੜੇ ਸਨ, ਉਹ ਆਪਣਾ ਰੰਗ ਦਿਖਾ ਰਹੇ ਸਨ; ਵਾਹੀਆਂ ਜ਼ਮੀਨਾਂ ਨਹੀਂ ਛੱਡਾਂਗੇ, ਆਬਾਦਕਾਰਾਂ ਦੇ ਹੱਕਾਂ ਦੀ ਰਾਖੀ ਅਸੀਂ ਕਰਾਂਗੇ, ਸਰਕਾਰੀ ਧੱਕੇਸ਼ਾਹੀ ਮੁਰਦਾਬਾਦ, ਗੁੰਡਾਗਰਦੀ ਮੁਰਦਾਬਾਦ, ਪੰਜਾਬ ਕਿਸਾਨ ਸਭਾ ਜ਼ਿੰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ, ਲਾਲ ਝੰਡਾ ਉੱਚਾ ਹੋ! ਇਹ ਉਹ ਨਾਅਰੇ ਸਨ ਜੋ ਆਬਾਦਕਾਰਾਂ ਨਾਲ ਨੇੜਿਓਂ ਜੁੜੇ ਹੋਏ ਸਨ, ਸਿੱਟੇ ਵਜੋਂ ਉਹ ਕਿਸਾਨ ਸਭਾ ਵੱਲ ਖਿੱਚੇ ਚਲੇ ਆ ਰਹੇ ਸਨ। ਜ਼ਿਲ੍ਹਾ ਕਮੇਟੀ ਦੇ ਫੈਸਲੇ ਅਨੁਸਾਰ ਦੋ ਜਥੇ ਆਬਾਦਕਾਰਾਂ ਦੀ ਕਿਸਾਨ ਸਭਾ ਵਿੱਚ ਭਰਤੀ ਲਈ ਹਰ ਕੁੱਲੀ ਤਕ ਪਹੁੰਚ ਕਰਨ ਤੁਰ ਪਏ। ਇੱਕ ਜਥਾ ਕਾਮਰੇਡ ਤਾਰਾ ਸਿੰਘ ਪੁਆਦੜਾ ਦੀ ਅਗਵਾਈ ਹੇਠ ਤੁਰਿਆ ਜਿਸ ਵਿੱਚ ਬਾਬਾ ਭੋਲਾ ਸਿੰਘ ਚੀਮਾ, ਤਲਵਣ, ਉੱਪਲ ਭੂਪਾ, ਸੰਗੋਵਾਲ ਤੇ ਬਿਲਗਾ ਦੇ ਸਾਥੀ ਸ਼ਾਮਲ ਸਨ। ਇਸ ਜਥੇ ਨੇ ਤਲਵਣ, ਗਦਰੇ, ਭੋਡੇ, ਸੰਗੋਵਾਲ, ਕੁੱਲੀਆਂ ਟਹਿਲ ਸਿੰਘ, ਮੌ ਸਾਹਿਬ, ਮੀਓਂਵਾਲ, ਆਲੋਵਾਲ, ਭੋਲੇਵਾਲ, ਰਾਮਗੜ੍ਹ, ਨੰਗਲ, ਗੰਨਾ ਪਿੰਡ ਆਦਿ ਵਿੱਚ ਪਹੁੰਚ ਕਰਕੇ ਆਬਾਦਕਾਰਾਂ ਨੂੰ ਕਿਸਾਨ ਸਭਾ ਵਿੱਚ ਭਰਤੀ ਕੀਤਾ। ਥਾਂ ਥਾਂ ਮੀਟਿੰਗਾਂ ਕਰਕੇ ਉਨ੍ਹਾਂ ਵਿੱਚ ਉਭਾਰ ਲਿਆਂਦਾ। ਜਿਸ ਪਿੰਡ ਜਥਾ ਰਾਤ ਠਹਿਰਦਾ, ਉੱਥੇ ਰਾਤ ਨੂੰ ਜਲਸਾ ਜ਼ਰੂਰ ਕੀਤਾ ਜਾਂਦਾ।
ਫਿਲੌਰ ਵਾਲੇ ਜਥੇ ਵਿੱਚ ਕਾਮਰੇਡ ਜੁਗਿੰਦਰ ਸਿੰਘ ਫਿਲੌਰ, ਬਖਤੌਰ ਸਿੰਘ ਬੜਾ ਪਿੰਡ, ਪਿਆਰਾ ਸਿੰਘ ਲਾਂਦੜਾ, ਮਹਿੰਦਰ ਸਿੰਘ ਜੌਹਲ, ਅਜੀਤ ਸਿੰਘ ਪੰਛੀ ਰਾਮਗੜ੍ਹ, ਚੂਨੀ ਲਾਲ ਅਸ਼ਾਹੂਰ, ਮਲਕੀਤ ਸਿੰਘ, ਜਸਵੰਤ ਸਿੰਘ ਬੁੱਕਣ, ਕਰਤਾਰ ਸਿੰਘ ਦੁਸਾਂਝ, ਸਰਵਣ ਸਿੰਘ ਚੀਮਾ, ਬਾਬਾ ਬੰਤਾ ਸਿੰਘ, ਬਾਬਾ ਢੇਰੂ ਰਾਮ ਤੇ ਕਈ ਹੋਰ ਸਾਥੀ ਸ਼ਾਮਲ ਸਨ।”
ਬਾਪੂ ਅਣਖੀ ਅਨੁਸਾਰ ਇਸ ਜਥੇ ਨੇ ਪਹਿਲਾਂ ਪਾਰਟੀ ਹਮਦਰਦਾਂ ਨੂੰ ਲੈ ਕੇ ਫਿਲੌਰ ਦੇ ਪਿੰਡਾਂ ਗੜ੍ਹਾ, ਬੱਛੋਵਾਲ, ਸੈਫਾਬਾਦ, ਰਸੂਲਪੁਰ, ਚਾਣਚੱਕ ਆਦਿ ਵਿੱਚ ਮਾਰਚ ਕੀਤਾ। ਰਾਤ ਨੂੰ ਫਿਲੌਰ ਵਿੱਚ ਕਿਸਾਨਾਂ ਦੇ ਮੁਹੱਲੇ ਇੱਕ ਪ੍ਰਭਾਵਸ਼ਾਲੀ ਜਲਸਾ ਕੀਤਾ। ਦੂਸਰੇ ਦਿਨ ਇਹ ਜੱਥਾ ਫਿਲੌਰ ਕਿਲੇ ਦੇ ਨਾਲ ਲਗਦੇ ਬੰਨ੍ਹ ਰਾਹੀਂ ਮੰਡ ਵਿੱਚ ਦਾਖਲ ਹੋਇਆ। ਮੰਡ ਦੇ ਆਬਾਦਕਾਰਾਂ ਨੂੰ ਜਥੇ ਦੀ ਆਮਦ ਬਾਰੇ ਪਹਿਲਾਂ ਹੀ ਖਬਰ ਸੀ। ਇਸ ਲਈ ਜਥੇ ਦੇ ਸਵਾਗਤ ਲਈ ਉਤਸ਼ਾਹ ਦੇਖਿਆਂ ਈ ਬਣਦਾ ਸੀ। ਬੱਚੇ, ਬੁੱਢੇ, ਬੀਬੀਆਂ ਸਭ ਨਾਅਰੇ ਲਾਉਂਦੇ ਜਥੇ ਵਿੱਚ ਸ਼ਾਮਲ ਹੋ ਗਏ। ਇਹ ਉਤਸ਼ਾਹ ਇੱਕ ਇੱਕ ਕੁੱਲੀ ਤਕ ਕੀਤੀ ਗਈ ਪਹੁੰਚ ਦਾ ਨਤੀਜਾ ਸੀ। ਆਬਾਦਕਾਰਾਂ ਨੇ ਜਥੇ ਦੇ ਸੁਆਗਤ ਵਿੱਚ ਕੋਈ ਕਸਰ ਬਾਕੀ ਨਾ ਛੱਡੀ। ਉਹ ਨਾਅਰੇ ਮਾਰਦੇ ਜਥੇ ਨੂੰ ਡੁਮੇਲੀ ਵਾਲਿਆਂ ਦੀਆਂ ਕੁੱਲੀਆਂ ਵਿੱਚ ਲੈ ਗਏ। ਬਹੁਤ ਚਾਅ ਤੇ ਉਤਸ਼ਾਹ ਨਾਲ ਜਥੇ ਨੂੰ ਚਾਹ-ਪਾਣੀ ਛਕਾਇਆ ਗਿਆ। ਇਕੱਠ ਬਹੁਤ ਹੀ ਪ੍ਰਭਾਵਸ਼ਾਲੀ ਸੀ। ਕਾਮਰੇਡ ਸਵਰਣ ਸਿੰਘ ਚੀਮਾ ਨੇ ਬਹੁਤ ਹੀ ਸਿੱਧੀ ਤੇ ਸਰਲ ਭਾਸ਼ਾ ਵਿੱਚ ਕਿਸਾਨ ਸਭਾ ਬਾਰੇ ਲੋਕਾਂ ਨੂੰ ਦੱਸਿਆ। ਫਿਰ ਉਨ੍ਹਾਂ ਦੀਆਂ ਦੁੱਖ ਤਕਲੀਫਾਂ ਬਾਰੇ ਵੀ ਖੁੱਲ੍ਹ ਕੇ ਗੱਲਾਂ ਕੀਤੀਆਂ ਤੇ ਕਿਹਾ ਕਿ ਇਨ੍ਹਾਂ ਦਾ ਸਾਹਮਣਾ ਕੋਈ ਇਕੱਲਾ ਬੰਦਾ ਨਹੀਂ ਕਰ ਸਕਦਾ, ਸਿਰਫ ਤੇ ਸਿਰਫ ਏਕਾ ਕਰਕੇ ਹੀ ਸਾਹਮਣਾ ਤੇ ਹੱਲ ਕੀਤਾ ਜਾ ਸਕਦਾ ਹੈ ਤੇ ਕਿਸਾਨ ਸਭਾ ਤੁਹਾਡੀ ਬਾਂਹ ਫੜਨ ਲਈ ਤਿਆਰ ਹੈ। ਹੋਰ ਬੁਲਾਰੇ ਵੀ ਬੋਲੇ। ਮੁਸੀਬਤਾਂ, ਦੁੱਖ-ਤਕਲੀਫਾਂ ਦੇ ਭੰਨੇ ਆਬਾਦਕਾਰਾਂ ’ਤੇ ਕਿਸਾਨ ਆਗੂਆਂ ਦੀ ਅਪੀਲ ਦਾ ਜਾਦੂਈ ਅਸਰ ਹੋਇਆ। ਉਸੇ ਦਿਨ ਹੀ ਕਿਸਾਨ ਸਭਾ ਦੀ ਭਰਤੀ ਤਿੰਨ ਸੌ ਹੋ ਗਈ। ਤਿੰਨ ਪਿੰਡਾਂ ਦੀਆਂ ਦੋ ਕਮੇਟੀਆਂ ਬਣਾ ਦਿੱਤੀਆਂ ਗਈਆਂ। ਚੋਣ ਕਰਕੇ ਕਿਸਾਨ ਸਭਾ ਦਾ ਝੰਡਾ ਲਾ ਦਿੱਤਾ ਗਿਆ।
ਇਹ ਕਹਾਣੀ ਸੁਣਾਉਂਦਿਆਂ ਬਾਪੂ ਅਣਖੀ ਦੇ ਚਿਹਰੇ ਦੀ ਲਾਲੀ ਦੇਖਿਆਂ ਹੀ ਬਣਦੀ ਸੀ। ਉਹ ਦੱਸ ਰਹੇ ਸਨ, “ਵੀਹ ਸਾਥੀਆਂ ਦਾ ਜਥਾ ਲਗਾਤਾਰ ਪੰਜ ਦਿਨ ਮੰਡ ਫਿਲੌਰ, ਮੰਡ ਗੜ੍ਹਾ, ਚਾਣਚੱਕ, ਫਤਿਹਗੜ੍ਹ ਲੱਖਾ, ਝੁੱਗੀਆਂ, ਕਤਪਾਲੋਂ, ਅਸ਼ਾਹੂਰ, ਕਡਿਆਣਾ, ਝੰਡੀ ਪੀਰ, ਰਾਏਪੁਰ ਅਰਾਈਆਂ, ਸੇਲਕੀਆਣਾ, ਪੁਆਰੀ, ਮੰਡ ਲਸਾੜਾ ਆਦਿ ਦੇ ਹਰ ਡੇਰੇ, ਜਿੱਥੇ ਵੀ ਕੋਈ ਕੁੱਲੀ ਸੀ, ਜਿੱਥੇ ਵੀ ਬੰਨ੍ਹ ਅੰਦਰ ਜ਼ਮੀਨ ਸੀ, ਉੱਥੇ ਜਾ ਕੇ ਆਬਾਦਕਾਰਾਂ ਨਾਲ ਸੰਪਰਕ ਕਰਦਾ, ਮੀਟਿੰਗਾਂ ਕਰਦਾ, ਰਾਤ ਨੂੰ ਜਲਸੇ ਕਰਦਾ। ਮੰਡ ਤੋਂ ਉੱਪਰਲੇ ਪਿੰਡਾਂ ਨਗਰ, ਥਲਾ, ਬਾਂਸੀਆਂ, ਭਾਰ ਸਿੰਘਪੁਰਾ, ਸੁਲਤਾਨਪੁਰ, ਢਕ ਮਜਾਰਾ, ਦਿਆਲਪੁਰ, ਸੇਲਕੀਆਣਾ ਹੁੰਦੇ ਹੋਏ ਇਸ ਜੱਥੇ ਨੇ ਆਖਰੀ ਪੜਾਅ ਲਸਾੜੇ ਕੀਤਾ। ਲਸਾੜਾ ਪਿੰਡ ਵਿੱਚ ਰਾਤ ਨੂੰ ਜਲਸੇ ਵਿੱਚ ਬਹੁਤ ਹੀ ਭਰਵਾਂ ਇਕੱਠ ਹੋਇਆ। ਇਸ ਜਲਸੇ ਵਿੱਚ ਮੰਡ ਵਿੱਚੋਂ ਆਬਾਦਕਾਰ ਹੱਥਾਂ ਵਿੱਚ ਝੰਡੇ ਲੈ ਕੇ ਨਾਅਰੇ ਮਾਰਦੇ ਪੂਰੇ ਜੋਸ਼ ਨਾਲ ਸ਼ਾਮਲ ਹੋਏ। ਆਬਾਦਕਾਰਾਂ ਦੇ ਜਥਿਆਂ ਵਿੱਚ ਵੱਡੀ ਗਿਣਤੀ ਔਰਤਾਂ ਵੀ ਸਨ ਤੇ ਉਨ੍ਹਾਂ ਸਭਨਾਂ ਦੇ ਹੱਥਾਂ ਵਿੱਚ ਝੰਡੇ ਫੜੇ ਹੋਏ ਸਨ। ਉਨ੍ਹਾਂ ਦੇ ਇਸ ਉਤਸ਼ਾਹ ਨੂੰ ਦੇਖ ਕਿਸਾਨ ਆਗੂਆਂ ਨੂੰ ਵੀ ਹੌਸਲਾ ਹੋਇਆ ਕਿ ਉਨ੍ਹਾਂ ਦੀ ਮਿਹਨਤ ਰੰਗ ਲਿਆ ਰਹੀ ਹੈ। ਮੰਚ ਤੋਂ ਜਦ ਆਗੂਆਂ ਨੇ ਐਲਾਨ ਕੀਤਾ ਕਿ ਕਿਸਾਨ ਸਭਾ, ਜਿੰਨੀ ਮਰਜ਼ੀ ਕੁਰਬਾਨੀ ਕਰਨੀ ਪਵੇ, ਇੱਕ ਵੀ ਆਬਾਦਕਾਰ ਦਾ ਉਜਾੜਾ ਨਹੀਂ ਹੋਣ ਦੇਵੇਗੀ ਤੇ ਸਰਕਾਰੀ ਜਬਰ, ਗੁੰਡਾ ਗਿਰੋਹਾਂ ਦਾ ਪੂਰਾ ਮੁਕਾਬਲਾ ਕਰੇਗੀ।
ਬਾਪੂ ਅਣਖੀ ਦੱਸਦੇ ਹਨ ਕਿ ਇਹ ਸਮਾਂ ਇੱਕ ਸਿਫਤੀ ਤਬਦੀਲੀ ਵੱਲ ਇਸ਼ਾਰਾ ਕਰ ਰਿਹਾ ਸੀ। ਸਰਕਾਰੀ ਅਫਸਰਸ਼ਾਹੀ ਤੇ ਗੁੰਡਾ ਗਿਰੋਹਾਂ ਦੇ ਸਤਾਏ ਆਬਾਦਕਾਰ ਹੁਣ ਅੱਖਾਂ ਵਿੱਚ ਅੱਖਾਂ ਪਾਉਣ ਲੱਗੇ ਸਨ। ਉਨ੍ਹਾਂ ਵਿੱਚ ਇੱਕ ਉਭਾਰ ਸਪਸ਼ਟ ਨਜ਼ਰ ਆ ਰਿਹਾ ਸੀ। ਇਹ ਉਭਾਰ ਕਮਿਊਨਿਸਟ, ਕਿਸਾਨ ਆਗੂਆਂ ਲਈ ਜਿੱਥੇ ਤਸੱਲੀ ਦਾ ਸਬੱਬ ਬਣ ਰਿਹਾ ਸੀ, ਉੱਥੇ ਅਫਸਰਸ਼ਾਹੀ ਤੇ ਉਸ ਦੇ ਪਾਲੇ ਗੁੰਡਾ ਗਿਰੋਹਾਂ ਲਈ ਵੱਡੀ ਸਿਰਦਰਦੀ ਵੀ ਬਣ ਰਿਹਾ ਸੀ ਜਿਨ੍ਹਾਂ ਦੀ ਅੱਖ ਆਬਾਦ ਹੋਈ ਜ਼ਮੀਨ ਨੂੰ ਹਰ ਹੀਲਾ ਵਰਤ ਕੇ ਹਥਿਆਉਣ ’ਤੇ ਸੀ। ਦੋ ਧਿਰਾਂ ਆਪੋ ਆਪਣੇ ਹਿਤਾਂ ਖਾਤਰ ਇਕੱਠੀਆਂ ਹੋ ਰਹੀਆਂ ਸਨ, ਦੋਹਾਂ ਵਿਚਕਾਰ ਵਾਹੀ ਗਈ ਲਕੀਰ ਦਿਨੋ ਦਿਨ ਹੋਰ ਡੂੰਘੀ ਹੋ ਰਹੀ ਸੀ।
(ਅਗਾਂਹ ਪੜ੍ਹੋ ਭਾਗ ਦੂਜਾ)
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2183)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)