InderjitChugavan7ਅੱਜ ਜਦੋਂ ਪੰਜਾਬ ਨਾਲ ਮਿਲਕੇ ਹਰਿਆਣਾ ਤੇ ਹੋਰਨਾਂ ਸੂਬਿਆਂ ਵੱਲੋਂ ਇਤਿਹਾਸ ਨੂੰ ...
(4 ਦਸੰਬਰ 2020)

 

ਪਿੰਦਰ (ਤਪਿੰਦਰਜੀਤ ਕਾਹਲੋਂ) ਮੇਰੇ ਨਾਲ਼ੋਂ ਛੋਟਾ ਹੈਉਸ ਦਾ ਪਿਛੋਕੜ ਲੁਧਿਆਣਾ ਦੇ ਖੰਨਾ ਇਲਾਕੇ ਦਾ ਹੈਉਸ ਦੀ ਮੇਰੇ ਨਾਲ ਸਾਂਝ ਮੇਰੇ ਚਾਚਾ ਗੁਲਜ਼ਾਰ ਸਿੰਘ ਫੌਜ ਕਰਕੇ ਹੈਉਸ ਦੀ ਬਦੌਲਤ ਹੀ ਮੈਂਨੂੰ ਉਸਦੇ ਵੱਡੇ ਭਰਾ ਵਰਿੰਦਰਜੀਤ ਨੇ ਟਰੱਕ ’ਤੇ ਚੜ੍ਹਾਇਆ ਸੀਚਾਚੇ ਫੌਜ ਨਾਲ ਉਸ ਦੀ ਵੀ ਮੇਰੇ ਵਾਂਗ ਹੀ ਯਾਰੀ ਹੈਉਹ ਜਦ ਵੀ ਆਉਂਦਾ ਹੈ ਤਾਂ ਰੌਣਕ ਲਾ ਰੱਖਦਾ ਹੈਇਸ ਵਾਰ ਜਦ ਉਹ ਫੌਜ ਚਾਚੇ ਨੂੰ ਮਿਲਣ ਆਇਆ ਤਾਂ ਸਾਡੀ ਚਰਚਾ ਦਾ ਮੁੱਦਾ ਪੰਜਾਬ ਦਾ ਕਿਸਾਨੀ ਸੰਘਰਸ਼ ਹੀ ਰਿਹਾਗੱਲਬਾਤ ਇੱਥੇ ਆ ਪੁੱਜੀ ਕਿ ਇਹ ਕੇਵਲ ਕਿਸਾਨੀ ਦਾ ਮਸਲਾ ਨਾ ਰਹਿ ਕੇ ਹਰ ਵਰਗ ਦੇ ਲੋਕਾਂ ਦੀ ਰੋਜ਼ੀ-ਰੋਟੀ ਦਾ ਮਸਲਾ ਬਣ ਗਿਆ ਹੈਇਹੀ ਕਾਰਨ ਹੈ ਕਿ ਸਮੁੱਚਾ ਪੰਜਾਬ ਹੀ ਨਹੀਂ, ਹਰਿਆਣਾ ਵੀ ਇਸ ਅੰਦੋਲਨ ਵਿੱਚ ਆ ਜੁੜਿਆ ਹੈਗੱਲ ਚੱਲਦੀ ਚੱਲਦੀ ਪੇਂਡੂ ਲੋਕਾਂ ਦੇ ਆਪਸੀ ਸੰਬੰਧਾਂ, ਸਾਂਝਾ ਤਕ ਚਲੇ ਗਈ ਇਸੇ ਸਿਲਸਿਲੇ ਵਿੱਚ ਜ਼ਿਕਰ ਛਿੜਿਆ ਸਾਡੇ ਪਿੰਡ ਦੇ ਪਰੀਤੂ ਹਰਨ ਦਾ

ਨਾਂਅ ਤਾਂ ਉਸਦਾ ਪਰੀਤਮ ਚੰਦ ਸੀ ਪਰ ਸ਼ਾਇਦ ਹੀ ਕੋਈ ਬੰਦਾ ਅਜਿਹਾ ਹੋਵੇ ਜਿਸ ਨੇ ਉਸ ਨੂੰ ਪਰੀਤਮ ਆਖ ਕੇ ਬੁਲਾਇਆ ਹੋਵੇਉਹ ਪਿੰਡ ਦਾ ਚੌਕੀਦਾਰ ਸੀਪਿੰਡ ਦੇ ਬੱਚੇ ਉਸ ਨੂੰ “ਹਰਨ ਪਰੀਤੂ, ਹਰਨ ਪਰੀਤੂ” ਆਖ ਕੇ ਦੌੜ ਜਾਂਦੇਉਹ ਬੁਰਾ ਨਹੀਂ ਸੀ ਮਨਾਉਂਦਾਹਰਨ ਡੋਡੇ ਪੀਂਦਾ ਸੀ - ਅਮਲੀ ਸੀ ਪੂਰਾ!

ਜਦ ਉਹ ਨਸ਼ੇ ਦੀ ਲੋਰ ਵਿੱਚ ਹੁੰਦਾ ਤਾਂ ਹਿਰਨ ਵਾਂਗ ਚੁੰਗੀਆਂ ਭਰਦਾ ਫਿਰਦਾਇਸੇ ਕਰਕੇ ਉਸ ਦਾ ਨਾਂਅ ਹਰਨ ਪੈ ਗਿਆ ਸੀ ਤੇ ਉਹ ਆਪਣੇ ਇਸ ਨਾਂਅ ਦਾ ਲੁਤਫ਼ ਵੀ ਪੂਰਾ ਉਠਾਉਂਦਾਉਸ ਨੇ ਜਦ ਸਾਨੂੰ ਦੇਖਣਾ ਤਾਂ ਹਸਾਉਣੀਆਂ ਜਿਹੀਆਂ ਹਰਕਤਾਂ ਕਰਨ ਲੱਗ ਪੈਣਾ! ਜਦ ਸਾਹਮਣੇ ਹੋਣਾ ਤਾਂ ਅਸੀਂ ਕਹਿਣਾ, “ਕਿੱਦਾਂ ਤਾਇਆ?” ਉਸਨੇ ਸਾਡੀ ਕੱਛ ਵਿੱਚ ਕੁਤਕੁਤਾਰੀਆਂ ਕੱਢਕੇ ਸਾਨੂੰ ਭਜਾ ਦੇਣਾਜਦ ਦੂਰ ਚਲੇ ਜਾਣਾ ਤਾਂ ਉੱਚੀ ਦੇਣੀ ਅਸੀਂ ਆਖਣਾ? “ਤਾਇਆ ਹਰਨ ... ਤਾਇਆ ਹਰਨ” ਉਸ ਨੇ ਮੁਸਕੜੀਆਂ ਵਿੱਚ ਹੱਸਦੇ ਨੇ ਪੋਲੇ ਪੋਲੇ ਸਾਡੇ ਪਿੱਛੇ ਭੱਜਣਾ

ਤਾਏ ਹਰਨ ਨੇ ਜਦ ਪੂਰੇ ਜਲੌ ਵਿੱਚ ਹੋਣਾ ਤਾਂ ਨਿਆਣਿਆਂ ਦੇ ਕੋਲ ਆਉਣ ’ਤੇ ਛੜੱਪਾ ਮਾਰ ਚਿੱਤੜਾਂ ਨੂੰ ਅੱਡੀ ਮਾਰਨੀ ਤੇ ਕਬੱਡੀ ਦੇ ਖਿਡਾਰੀ ਵਾਂਗ ਇਹ ਕਹਿੰਦਿਆਂ ਦੁੜਕੀ ਲਾ ਦੇਣੀ, “ਕੁਜਰਾਂਵਾਲਾ ਤੋਂ ਜਗਲੰਧਰ ਤੇ ਜਗਲੰਧਰ ਤੇ ਜਗਲੰਧਰ .., ਕੁਜਰਾਂਵਾਲਾ ਤੋਂ ਜਗਲੰਧਰ ...!” ਅਸੀਂ ਨਿਆਣੇ ਤਾਂ ਉਸ ਦੀਆਂ ਇਨ੍ਹਾਂ ਖ਼ਰਮਸਤੀਆਂ ਦਾ ਆਨੰਦ ਮਾਣਦੇ ਹੀ, ਵੱਡੇ ਵੀ ਪੂਰਾ ਮਜ਼ਾ ਲੈਂਦੇਕਾਰਨ, ਉਸਨੇ ਇਹ ਖ਼ਰਮਸਤੀ ਕਰਦਿਆਂ ਕਦੇ ਵੀ ਸਦਾਚਾਰ ਦੀ ਵਲਗਣ ਨਹੀਂ ਸੀ ਉਲੰਘੀ

ਤਾਏ ਹਰਨ ਦਾ ਪਰਿਵਾਰ ਸਾਡੇ ਪਿੰਡ ਦਾ ਮੂਲ ਵਾਸੀ ਸੀਦੋ ਪਰਿਵਾਰ ਹੋਰ ਸਨ ਜੋ ਮੂਲ ਵਾਸੀ ਸਨ ਜਦਕਿ ਬਾਕੀ ਸਾਰੇ ਪਰਿਵਾਰ ‘ਉੱਜੜ ਕੇ’ ਆਏ ਸਨ “ਕੁਜਰਾਂਵਾਲਾ ਤੋਂ ਜਗਲੰਧਰ” ਵਾਲਾ ਉਸਦਾ ਅਲਾਪ ਉੱਜੜ ਕੇ ਆਏ ਪਰਿਵਾਰਾਂ ਦੇ ਸੰਬੰਧ ਵਿੱਚ ਹੀ ਸੀ, ਇਹ ਮੈਂਨੂੰ ਬਾਅਦ ਵਿੱਚ ਸਮਝ ਆਈਕੁਜਰਾਂਵਾਲਾ ਤੋਂ ਭਾਵ ਸੀ ਗੁੱਜਰਾਂਵਾਲਾ ਤੇ ਜਗਲੰਧਰ ਤੋਂ ਭਾਵ ਸੀ ਜਲੰਧਰ!

ਅਜਿਹਾ ਵੀ ਨਹੀਂ ਸੀ ਕਿ ਤਾਇਆ ਹਰਨ ਖ਼ਰਮਸਤੀਆਂ ਹੀ ਕਰਦਾ ਰਹਿੰਦਾ ਸੀਉਸ ਵਿੱਚ ਗ਼ੈਰਤ ਵੀ ਪੂਰੀ ਸੀਇੱਕ ਵਾਰ ਉਹ ਸਾਡੇ ਹੀ ਖੇਤਾਂ ਵਿੱਚ ਵਾਢੀ ’ਤੇ ਲੱਗਾ ਹੋਇਆ ਸੀਸਾਡੇ ਵਿਚਕਾਰਲੇ ਬਾਬੇ ਪੰਛੀ, ਜਿਸਦਾ ਲੱਠਮਾਰ ਵਜੋਂ ਇਲਾਕੇ ਵਿੱਚ ਪੂਰਾ ਵੱਜਕਾ ਸੀ, ਨੇ ਉਸ ਨੂੰ ਕੋਈ ਕੰਮ ਆਖ ਦਿੱਤਾਥੱਕੇ-ਟੁੱਟੇ ਹਰਨ ਨੇ ਨਾਂਹ ਕਰ ਦਿੱਤੀਬਾਬੇ ਨੇ ਦਬਕਾ ਮਾਰਿਆ, “ਕੁੱਤਿਆ ਹਰਨਾ ... ਪਤਾ ਮੇਰਾ? ਬੰਦਾ ਗਾਇਬ ਕਰ ਦਿੰਦਾਂ ਮੈਂ ਤੇ ਖ਼ਬਰ ਨਹੀਂ ਲੱਗਣ ਦਿੰਦਾ?” ਤਾਏ ਹਰਨ ਨੇ ਸਾਫ਼ਾ ਝਾੜਕੇ ਮੋਢੇ ’ਤੇ ਰੱਖਿਆ ਤੇ ਪਿੰਡ ਨੂੰ ਤੁਰ ਪਿਆਉਸ ਨੂੰ ਪੁੱਛਿਆ ਕਿ ਕਿੱਧਰ ਚੱਲਿਆਂ ਤਾਂ ਉਸ ਦਾ ਜਵਾਬ ਸੀ, “ਨਾ ਬਈ, ਇਹ ਤਾਂ ਬੰਦਾ ਗਾਇਬ ਕਰ ਦਿੰਦਾ ਹੁੰਦਾ, ਇਹਦਾ ਕੀ ਪਤਾ?” ਵਾਹ ਜਹਾਨ ਦੀ ਲਾ ਲਾਈ, ਤਾਏ ਹਰਨ ਨੇ ਮੁੜਕੇ ਦਾਤੀ ਨਹੀਂ ਫੜੀਦੂਸਰੇ ਪਰਿਵਾਰ ਦੇ ਜਾ ਕੇ ਵਾਢੀ ਕਰਨ ਲੱਗ ਪਿਆ

ਚੌਕੀਦਾਰਾ ਕਰਦਿਆਂ ਉਸ ਦੇ ਜ਼ਿਹਨ ਵਿੱਚ ਭਾਈਚਾਰਾ ਸਭ ਤੋਂ ਉੱਪਰ ਹੁੰਦਾ ਸੀਵੰਡ ਵੇਲੇ ਉੱਜੜ ਕੇ ਆਏ ਸਾਡੇ ਪਰਿਵਾਰਾਂ ਨੂੰ ਪੈਰ ਜਮਾਉਣ ਲਈ ਡਾਢੀ ਮੁਸ਼ੱਕਤ ਕਰਨੀ ਪਈਗੁਜ਼ਾਰਾ ਬਹੁਤ ਮੁਸ਼ਕਲ ਨਾਲ ਹੁੰਦਾ ਸੀਮਜ਼ਬੂਰੀ ਵਿੱਚ ਸ਼ਰਾਬ ਕੱਢਕੇ ਵੀ ਵੇਚਣੀ ਪਈਬੈਂਕ ਤੋਂ ਲਏ ਕਰਜ਼ੇ ਦੀਆਂ ਕਿਸ਼ਤਾਂ ਮੋੜਨ ਵਿੱਚ ਅਕਸਰ ਦੇਰੀ ਹੋ ਜਾਂਦੀ! ਇਸ ਹਾਲਤ ਵਿੱਚ ਪੁਲਿਸ ਦਾ ਆਉਣਾ ਇੱਕ ਆਮ ਗੱਲ ਹੋ ਗਈ ਸੀ ਪੁਲਿਸ ਵਾਲੇ ਚੌਕੀਦਾਰ (ਤਾਏ ਹਰਨ ਪਰੀਤੂ) ਨੂੰ ਲੈ ਕੇ ਸੰਬੰਧਤ ਕਿਸਾਨ ਦੇ ਘਰ ਜਾਂਦੇ ਤੇ ਉਸ ਦੀ ਪੂਰੀ ਵਾਹ ਹੁੰਦੀ ਕਿ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਖ਼ਬਰ ਉਸ ਪਰਿਵਾਰ ਤਕ ਪਹੁੰਚ ਜਾਵੇ ਤਾਂਕਿ ਉਹ ਲਾਂਭੇ ਹੋ ਸਕੇਕਈ ਵਾਰ ਤਾਂ ਆਹਮੋ-ਸਾਹਮਣੇ ਟੱਕਰ ਹੀ ਹੋ ਜਾਂਦੀਅਜਿਹੀ ਹਾਲਤ ਵਿੱਚ ਤਾਏ ਹਰਨ ਦੀ ਹਾਜ਼ਰ-ਦਿਮਾਗੀ ਕਮਾਲ ਦੀ ਹੁੰਦੀ ਸੀਉੱਪਰ ਦੱਸੀ ਘਟਨਾ ਤੋਂ ਥੋੜ੍ਹੀ ਦੇਰ ਬਾਅਦ ਬੈਂਕ ਵਾਲੇ ਪੁਲਿਸ ਲੈ ਕੇ ਸਾਡੇ ਬਾਬਾ ਪੰਛੀ ਨੂੰ ਫੜਨ ਆ ਗਏਤਾਇਆ ਹਰਨ ਪੁਲਿਸ ਲੈ ਕੇ ਘਰ ਵੱਲ ਜਾ ਹੀ ਰਿਹਾ ਸੀ ਕਿ ਬਾਬਾ ਸਾਹਮਣੇ ਟੱਕਰ ਪਿਆਕੋਈ ਹੋਰ ਹੁੰਦਾ ਤਾਂ ਜ਼ਰੂਰ ਬਾਬਾ ਮੌਕੇ ’ਤੇ ਫੜਿਆ ਜਾਂਦਾ ਪਰ ਉੱਥੇ ਤਾਂ ਤਾਇਆ ਹਰਨ ਸੀਉਹ ਬਾਬੇ ਨੂੰ ਆਖਣ ਲੱਗਾ?” ਪੰਛੀਆ, ਚੰਨਣ ਸਿੰਹੁ (ਬਾਬੇ ਦਾ ਪੂਰਾ ਨਾਂਅ) ਨਹੀਂ ਦੇਖਿਆ ਕਿਤੇ ... ਆਹ ਬੈਂਕ ਵਾਲੇ ਆਏ ਸੀ।”

ਬਾਬਾ ਸਮਝ ਗਿਆ ਤੇ ਆਖਣ ਲੱਗਾ ਕਿ ਉਹ ਤਾਂ ਲਾਂਬੜੇ ਵੱਲ ਜਾਂਦਾ ਦੇਖਿਆ ਮੈਂ ਸਵੇਰੇਤਾਇਆ ਹਰਨ ਬੈਂਕ ਵਾਲ਼ਿਆਂ ਨੂੰ ਕਹਿਣ ਲੱਗਾ, “ਲਓ ਜੀ, ਉਹ ਜਾ ਵੜਿਆ ਗਾਂਧਰਾਂ, ਆਪਣੇ ਸਹੁਰੀਂ ... ਹੁਣ ਨਹੀਂ ਆਉਂਦਾ ਹਫ਼ਤਾ ਭਰ?” ਇਸ ਤਰ੍ਹਾਂ ਬੈਂਕ ਤੇ ਪੁਲਿਸ ਵਾਲ਼ਿਆਂ ਨੂੰ ਟਰਕਾਅ ਦਿੱਤਾ ਤੇ ਇਹ ਵੀ ਯਕੀਨੀ ਬਣਾ ਦਿੱਤਾ ਕਿ ਉਹ ਹਫ਼ਤਾ ਭਰ ਇੱਧਰ ਮੂੰਹ ਨਾ ਕਰਨ ਉੰਨੀ ਦੇਰ ਕੋਈ ਨਾ ਕੋਈ ਜੁਗਾੜ ਤਾਂ ਹੋ ਹੀ ਜਾਵੇਗਾ ਇਸੇ ਤਰ੍ਹਾਂ ਮੇਰੇ ਸਾਹਮਣੇ ਸਾਡੇ ਭਾਪਾ ਜੀ ਨੂੰ ਵੀ ਤਾਏ ਹਰਨ ਨੇ ਇਸੇ ਤਰ੍ਹਾਂ ਬਚਾਇਆ ਸੀਕਹਿਣ ਲੱਗਾ, “ਓ ਵੈਦਾ ... ਨਿਰਮਲ ਸਿੰਹੁ ਨਹੀਂ ਦੇਖਿਆ ਕਿਤੇ?” ਅੱਗੋਂ ਉਹੀ ਸਿਲਸਿਲਾ ...!

ਮੈਂ ਬੱਚਾ ਹੀ ਸੀ ਤੇ ਭਾਪਾ ਜੀ ਨੂੰ ਇਸ ਬਾਰੇ ਸਵਾਲ ਕਰਨਾ ਹੀ ਸੀਭਾਪਾ ਜੀ ਦਾ ਜਵਾਬ ਸੀ, “ਪੁੱਤ ਉਹ ਚੌਕੀਦਾਰ ਐ ਪਿੰਡ ਦਾ ... ਪੁਲਸ ਦੇ ਅੱਗੇ ਹੋ ਕੇ ਤੁਰਨਾ ਉਹਦਾ ਫਰਜ਼ ਐ ਪਰ ਉਹ ਪਿੰਡ ਦਾ ਵਾਸ਼ਿੰਦਾ ਵੀ ਹੈ, ਸਾਡਾ ਭਰਾ ਵੀਆਪਣੇ ਭਰਾਵਾਂ ਨੂੰ ਜ਼ਿੱਲਤ ਤੋਂ ਬਚਾਉਣ ਨੂੰ ਉਹ ਆਪਣਾ ਸਭ ਤੋਂ ਪਹਿਲਾ ਫਰਜ਼ ਸਮਝਦੈ” ਅਜਿਹੀ ਘਟਨਾ ਤੋਂ ਬਾਅਦ ਉਹ ਸੰਬੰਧਤ ਘਰ ਜਾਂਦਾ ਤੇ ਸਮੇਂ ਸਿਰ ਜੁਗਾੜ ਲਾਉਣ ਲਈ ਕਹਿੰਦਾ ਤੇ ਉਹ ਪਰਿਵਾਰ ਤਾਏ ਹਰਨ ਨੂੰ ਸੇਰ ਗੁੜ ਦੇ ਦਿੰਦਾ ਜਾਂ ਹਾੜਾ ਲੁਆ ਦਿੰਦਾਤਾਇਆ ਹਰਨ ਇੰਨੇ ਵਿੱਚ ਈ ਖੁਸ਼ ਹੋ ਜਾਂਦਾ

ਅੱਜ ਜਦੋਂ ਇੱਕ ‘ਚੌਕੀਦਾਰ’ ਹੀ ਪੂਰਾ ਦੇਸ਼ ਆਪਣੇ ਚਹੇਤੇ ਦੋ-ਚਾਰ ਪਰਿਵਾਰਾਂ ਨੂੰ ਥਾਲੀ ਵਿੱਚ ਪਰੋਸ ਕੇ ਦੇਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ, ਜਦ ਉਹ ‘ਚੌਕੀਦਾਰ’ ਹੀ ਦੇਸ਼ ਦੀ ਕਿਰਸਾਨੀ ਖਤਮ ਕਰਨ ’ਤੇ ਤੁਲਿਆ ਹੋਇਆ ਹੈ, ਜਦ ਉਹ ‘ਚੌਕੀਦਾਰ’ ਹੀ ਆਪਣਾ ਦਰਦ ਸੁਣਾਉਣ ਆ ਰਹੇ ਲੋਕਾਂ ਦੇ ਰਾਹ ਨੂੰ ਟੋਏ ਪੁੱਟ ਕੇ, ਬੁਲਡੋਜ਼ਰ ਖੜ੍ਹੇ ਕਰਕੇ ਰੋਕਣ ਤਕ ਚਲੇ ਗਿਆ ਹੈ, ਜਦ ਉਹ ‘ਚੌਕੀਦਾਰ’ ਲੋਕਾਂ ਵੱਲ ਅੱਥਰੂ ਗੈਸ ਦੇ ਗੋਲ਼ੇ ਵਰ੍ਹਾ ਰਿਹਾ ਹੈ, ਉਦੋਂ ਮੈਂਨੂੰ ਆਪਣਾ ਤਾਇਆ ਹਰਨ ਪਰੀਤੂ ਯਾਦ ਆ ਰਿਹਾ ਹੈਪਹਿਲਾਂ ਜਿਹੜਾ ਹਰਨ ਪਰੀਤੂ ਇੱਕ ਸਧਾਰਨ, ਅਮਲੀ, ਇੱਕ ਨਿਮਾਣਾ ਜਿਹਾ ਬੰਦਾ ਪ੍ਰਤੀਤ ਹੁੰਦਾ ਸੀ, ਉਹੀ ਹਰਨ ਪਰੀਤੂ ਮੈਂਨੂੰ ਇੱਕ ਦਿਓਕੱਦ, ਨਿਰਛਲ ਇਨਸਾਨ ਦੇ ਰੂਪ ਵਿੱਚ ਮੁਸਕਰਾਉਂਦਾ ਨਜ਼ਰ ਆ ਰਿਹਾ ਹੈ! ਉਹ ਮੇਰੇ ਪਿੰਡ ਦਾ ਚੌਕੀਦਾਰ ਸੀ ਤੇ ਪਿੰਡ ਨਾਲ ਉਸਨੇ ਕਦੇ ਵੀ ਦਗ਼ਾ ਨਹੀਂ ਸੀ ਕਮਾਇਆ!

ਅੱਜ ਜਦੋਂ ਮੇਰੇ ਲੋਕ ਇਕੱਠੇ ਹੋ ਕੇ ਦਿੱਲੀ ਦੇ ਗੱਲ ਪੈਣ ਲਈ ਅੱਗੇ ਵਧ ਰਹੇ ਹਨ, ਅੱਜ ਜਦ ਜਲ-ਤੋਪਾਂ ’ਤੇ ਚੜ੍ਹਕੇ ਜਵਾਨੀ ਨਿਰਦਈ ਸੱਤਾ ਦੇ ਹਥਿਆਰ ਨਕਾਰਾ ਕਰਨ ’ਤੇ ਉੱਤਰ ਆਈ ਹੈ, ਅੱਜ ਜਦੋਂ ਪੰਜਾਬ ਨਾਲ ਮਿਲਕੇ ਹਰਿਆਣਾ ਤੇ ਹੋਰਨਾਂ ਸੂਬਿਆਂ ਵੱਲੋਂ ਇਤਿਹਾਸ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਜਾ ਰਹੀ ਹੈ, ਇੱਕ ਖਿਆਲ ਜਨਮ ਲੈ ਰਿਹਾ ਹੈ ਕਿ ਕਿਉਂ ਨਾ ਪਿੰਡ-ਪਿੰਡ ਅਜਿਹੇ ਚੌਕੀਦਾਰ ਤਾਇਨਾਤ ਕੀਤੇ ਜਾਣ ਜੋ ਚੁੰਗੀਆਂ ਭਰਦੇ ਗਲ਼ੀਆਂ ਵਿੱਚੋਂ ਲੰਘਣ, ਸੁੱਤੇ ਹੋਏ ਲੋਕਾਂ ਦੀਆਂ ਅੱਖਾਂ ’ਤੇ ਚਾਨਣ ਦੇ ਛੱਟੇ ਮਾਰਨ, ਸਿਰ ’ਤੇ ਹੱਥ ਫੇਰ ਕੇ ਆਖਣ:

ਉੱਠੋ, ਜਾਗੋ! ਹੁਣ ਜਾਗਣ ਦਾ ਵੇਲਾ ...!
ਉੱਠੋ, ਜਾਗੋ! ਹੁਣ ਦਿੱਲੀ ਘੇਰਨ ਦਾ ਵੇਲਾ ...!
ਉੱਠੋ, ਜਾਗੋ! ਹੁਣ ਸੂਹੀ ਚਿਣਗ ਤੱਕਣ ਦਾ ਵੇਲਾ ...!
ਉੱਠੋ, ਸਾਂਭੋ! ਇਹ ਤੁਹਾਡਾ ਹੈ ਅੰਮ੍ਰਿਤ ਵੇਲਾ ...!

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2446)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਇੰਦਰਜੀਤ ਚੁਗਾਵਾਂ

ਇੰਦਰਜੀਤ ਚੁਗਾਵਾਂ

Fresno, California, USA.
Phone: (1 - 559 - 779 - 9805)
Email: (ranapamm@gmail.com)

More articles from this author