“ਆਸ-ਪਾਸ ਖੜ੍ਹੇ ਦੋ ਚਾਰ ਨੌਜਵਾਨਾਂ ਨੇ ਮੈਨੂੰ ਕਿਹਾ, ”ਅੰਕਲ, ਤੂੰ ਇਸ਼ਾਰਾ ਤਾਂ ਕਰ ...”
(17 ਜਨਵਰੀ 2022)
ਗੱਲ ਤਾਂ ਕੁੱਝ ਵੀ ਨਹੀਂ ਸੀ, ਘੱਟੋ-ਘੱਟ ਮੇਰੇ ਵਾਸਤੇ ਤਾਂ ਕੋਈ ਖਾਸ ਗੱਲ ਨਹੀਂ ਸੀ ਪਰ ਇਸ ਘਟਨਾ ਨੇ ਆਪਣਿਆਂ ਦੀ ਜ਼ਿਹਨੀਅਤ ਬਾਰੇ ਸੋਚਣ ਲਈ ਮਜਬੂਰ ਜ਼ਰੂਰ ਕਰ ਦਿੱਤਾ ਸੀ ਤੇ ਮੈਂ ਕਾਫ਼ੀ ਦੇਰ ਨਾਪ-ਤੋਲ ਵਿੱਚ ਜੁਟਿਆ ਰਿਹਾ ਕਿ ਸਭ ਤੋਂ ਪੁਰਾਣੀ ਸੱਭਿਅਤਾ ਦਾ ਦਮ ਭਰਨ ਵਾਲੇ ਅਸੀਂ ਲੋਕ ਕਿੱਥੇ ਖੜ੍ਹੇ ਹਾਂ।
ਇਨਸਾਨ ਦੀ ਜ਼ਹਿਨੀਅਤ ਉਸਦਾ ਆਲਾ-ਦੁਆਲਾ ਤੈਅ ਕਰਦਾ ਹੈ। ਜਦ ਉਹ ਫੁੱਲਾਂ ਸੰਗ ਰਹੇਗਾ, ਉਸਦਾ ਮਿਜ਼ਾਜ ਕੋਮਲ ਹੋਣਾ ਤੈਅ ਹੈ। ਪੱਥਰ-ਲੋਹੇ ਨਾਲ ਰੋਜ਼ਾਨਾ ਘੁਲਣ ਵਾਲਾ ਮਨੁੱਖ ਸਖ਼ਤ ਜਾਨ ਹੋ ਜਾਂਦਾ ਹੈ। ਹਸਪਤਾਲ ਵਿੱਚ ਕੰਮ ਕਰਦੇ ਮੁਲਾਜ਼ਮ ਲਈ ਕਿਸੇ ਇਨਸਾਨ ਦੀ ਮੌਤ ਇੱਕ ਆਮ ਗੱਲ ਹੋ ਜਾਂਦੀ ਹੈ। ਜਦ ਤੁਹਾਡੇ ਦੁਆਲੇ ਨਿੱਤ ਦਿਨ ਹਾਦਸੇ ਵਾਪਰਦੇ ਰਹਿੰਦੇ ਹਨ ਤਾਂ ਤੁਸੀਂ ਥੱਕ ਹਾਰ ਕੇ ‘ਹੋਊ ਪਰੇ’ ਕਰਨ ਲੱਗ ਜਾਂਦੇ ਓ! ਐਪਰ ਇਸਦਾ ਅਰਥ ਇਹ ਨਹੀਂ ਹੁੰਦਾ ਕਿ ਤੁਹਾਡੇ ਅੰਦਰਲਾ ਇਨਸਾਨ ਮਰ-ਮੁੱਕ ਗਿਆ ਹੈ। ਉਹ ਜਿਊਂਦਾ ਹੁੰਦੈ, ਲੋੜ ਉਸ ਨੂੰ ਜਗਾਉਣ ਦੀ ਹੁੰਦੀ ਹੈ। ਲੋੜ ਉਸ ਨੂੰ ਬਚਾ ਕੇ ਰੱਖਣ ਦੀ ਹੁੰਦੀ ਹੈ। …ਤੇ ਇਹ ਕੋਈ ਸੌਖਾ ਨਹੀਂ, ਬਹੁਤ ਟੇਢਾ ਕਾਰਜ ਹੈ। ਤੁਹਾਡੇ ਆਲੇ-ਦੁਆਲੇ ਸਿਰਜਿਆ ਮਾਹੌਲ ਤੁਹਾਡੀਆਂ ਸੰਵੇਦਨਾਵਾਂ ਨੂੰ ਖਤਮ ਕਰਨ ’ਤੇ ਤੁੱਲਿਆ ਹੁੰਦਾ ਹੈ। ਤੁਸੀਂ ਇਸ ਗੁੱਝੇ ਹਮਲੇ ਤੋਂ ਕਿਵੇਂ ਬਚਣਾ ਹੈ, ਇਸਦੇ ਢੰਗ-ਤਰੀਕੇ ਤੁਹਾਨੂੰ ਖ਼ੁਦ ਲੱਭਣੇ ਪੈਂਦੇ ਹਨ।
ਗੱਲ ਪਿਛਲੇ ਦਿਨਾਂ ਦੀ ਹੈ। ਮਨਟਿਕਾ (ਕੈਲੀਫੋਰਨੀਆ ਦਾ ਇੱਕ ਸ਼ਹਿਰ) ਗਿਆ ਹੋਇਆ ਸੀ ਲੋਡ ਲੈ ਕੇ। ਕੰਪਲੈਕਸ ਬਹੁਤ ਵੱਡਾ ਸੀ। ਟਰੱਕ ਪਾਰਕਿੰਗ ਪੂਰਬ-ਪੱਛਮ ਵਾਲੇ ਪਾਸੇ ਸੀ। ਓਥੇ ਟਰੱਕ ਪਾਰਕ ਕਰਕੇ ਚੈੱਕ-ਇਨ ਵਾਸਤੇ ਕਾਫ਼ੀ ਦੂਰ ਸਥਿੱਤ ਦਫਤਰ ਤੁਰਕੇ ਜਾਣਾ ਪੈਣਾ ਸੀ। ਸਮੇਂ ਦੀ ਬੱਚਤ ਲਈ ਮੂੰਹ ’ਤੇ ਮਾਸਕ ਪਾ ਕੇ, ਛੋਹਲੇ ਕਦਮੀ ਪੈਦਲ ਚੱਲਣ ਲਈ ਬਣੀ ਪੱਟੀ ਦੀ ਵਰਤੋਂ ਕਰਦਿਆਂ ਆਪਣੇ ਧਿਆਨ ਜਾ ਰਿਹਾ ਸੀ। ਅਚਾਨਕ ਇੱਕ ਕਾਰ ਮੇਰੇ ਬਿਲਕੁਲ ਨਾਲ ਦੀ ਹੋ ਕੇ ਲੰਘੀ। ਮੈਂ ਸੋਚਿਆ ਕਿ ਗਲਤੀ ਮੇਰੀ ਸੀ, ਮੈਨੂੰ ਦੇਖਕੇ ਤੁਰਨਾ ਚਾਹੀਦਾ ਸੀ। ਏਨੇ ਨੂੰ ਕਾਰ ਚਾਲਕ ਨੇ ਬ੍ਰੇਕ ਮਾਰੀ। ਵਿੱਚੋਂ ਉਤਰ ਕੇ ਉਹ ਮੇਰੇ ਵੱਲ ਆਉਣ ਲੱਗਾ। ਮੈਂ ਸੋਚਿਆ ਕਿ ਮੇਰੇ ਗਲ਼ ਪਵੇਗਾ ਕਿ ਕਿੱਧਰ ਮੂੰਹ ਚੁੱਕਿਆ ਤੇਰਾ, ਦੇਖ ਕੇ ਨਹੀਂ ਤੁਰ ਹੁੰਦਾ। ਅਜਿਹੇ ਮੌਕੇ ਆਪਾਂ ਸਭ ਅਜਿਹੇ ਦ੍ਰਿਸ਼ ਦੀ ਆਸ ਹੀ ਕਰ ਸਕਦੇ ਹਾਂ। ਕਾਰ ਵਾਲਾ ਸਾਈਕਲ ਸਵਾਰ ਦੇ ਗਲ਼ ਹੀ ਪਵੇਗਾ, ਗਲਤੀ ਭਾਵੇਂ ਖ਼ੁਦ ਉਸੇ ਦੀ ਹੋਵੇ। ਗੱਲ ਔਕਾਤ ਦੀ ਹੁੰਦੀ ਹੈ, ਕਾਰ ਸਵਾਰ ਅੱਗੇ ਆਮ ਬੰਦੇ ਦੀ ਕੀ ਔਕਾਤ! ਮੈਂ ਆਪਣੇ ਆਪ ਨੂੰ ਹਾਲਾਤ ਦਾ ਸਾਹਮਣਾ ਕਰਨ ਲਈ ਤਿਆਰ ਕਰ ਰਿਹਾ ਸੀ। ਸੋਚਿਆ, ਗੁਜ਼ਾਰੇ ਯੋਗ ਅੰਗਰੇਜ਼ੀ ਆਉਂਦੀ ਐ, ਡਰਨ ਦੀ ਕੀ ਲੋੜ ਐ! ਪਰ ਇਹ ਕੀ! ਤਸਵੀਰ ਅਸਲੋਂ ਵੱਖਰੀ ਸੀ।
ਕੋਟ-ਪੈਂਟ ਵਾਲਾ ਇੱਕ ਬਣਦਾ-ਫਬਦਾ ਮਨੁੱਖ ਮੇਰੇ ਅੱਗੇ ਇੱਕ ਹੱਥ ਛਾਤੀ ‘ਤੇ ਰੱਖ ਕੇ ਲਿਫ਼ਿਆ ਖੜ੍ਹਾ ਸੀ। ਕਾਰ ਵਿੱਚੋਂ ਉੱਤਰ ਕੇ ਇੱਕ ਸੋਹਣੀ ਸੁਨੱਖੀ ਬੀਬੀ ਵੀ ਉਸ ਨਾਲ ਉਸੇ ਮੁਦਰਾ ਵਿੱਚ ਆ ਖੜੋਈ ਸੀ। ਮੈਂ ਸਗੋਂ ਉਨ੍ਹਾਂ ਨੂੰ ਕਹਿ ਰਿਹਾ ਸਾਂ, “ਨੋ ਨੋ ਸਰ, ਇੱਟ ਵਾਜ਼ ਮਾਈ ਫਾਲਟ … ਕੁੱਡ ਨਾਟ ਨੋਟਿਸ ਯੂਅਰ ਕਾਰ!” ਪਰ ਉਹ ਦੋਵੇਂ ਫੇਰ ਵੀ ਵਾਰ ਵਾਰ ਮੈਥੋਂ ਮੁਆਫ਼ੀ ਮੰਗੀ ਜਾ ਰਹੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਕਾਰ ਵਿੱਚ ਸਨ ਤੇ ਇੱਕ ਪੈਦਲ ਵਿਅਕਤੀ ਦੀ ਸੁਰੱਖਿਆ ਉਨ੍ਹਾਂ ਦੀ ਜ਼ਿੰਮੇਵਾਰੀ ਸੀ! ਮੈਂ ਉਨ੍ਹਾਂ ਨੂੰ ਇਹ ਕਹਿਕੇ ਸ਼ਾਂਤ ਕੀਤਾ ਕਿ ਇਹ ਕੋਈ ਵੱਡਾ ਮਸਲਾ ਨਹੀਂ, ਉਹ ਆਰਾਮ ਨਾਲ ਜਾ ਸਕਦੇ ਹਨ। ਮੇਰਾ ਸਾਰਾ ਧਿਆਨ ਜਲਦੀ ਤੋਂ ਜਲਦੀ ਚੈੱਕ-ਇਨ ਕਰਵਾ ਕੇ ਸਮਾਂ ਬਚਾਉਣ ਵੱਲ ਸੀ। ਉਹ ਖੁਸ਼ ਸਨ ਕਿ ਮੈਂ ਉਨ੍ਹਾਂ ਨੂੰ ਮੁਆਫ ਕਰ ਦਿੱਤਾ ਹੈ।
ਜਦ ਮੈਂ ਚੈੱਕ-ਇਨ ਕਰਵਾ ਕੇ ਦਫਤਰ ਵਿੱਚੋਂ ਵਾਪਸ ਪੌੜੀਆਂ ਉੱਤਰਿਆ ਤਾਂ ਉੱਥੇ ਬੈਠਾ ਕੰਪਨੀ ਮੁਲਾਜ਼ਮ ਮੈਨੂੰ ਕਹਿਣ ਲੱਗਾ ਕਿ ਤੂੰ ਖੁਸ਼ਕਿਸਮਤ ਰਿਹਾ ਕਿ ਬਚ ਗਿਆ। ਮੈਂ ਫੇਰ ਕਿਹਾ ਕਿ ਇਹ ਕੋਈ ਵੱਡੀ ਗੱਲ ਨਹੀਂ। ਉਸ ਕੋਲ਼ੋਂ ਮੈਨੂੰ ਪਤਾ ਲੱਗਾ ਕਿ ਕਾਰ ਸਵਾਰ ਉਸ ਕੰਪਨੀ ਦਾ ਕੋਈ ਸੀਨੀਅਰ ਅਫਸਰ ਸੀ। ਅਹੁਦਾ ਉਸਨੇ ਦੱਸਿਆ ਸੀ ਪਰ ਮੈਨੂੰ ਯਾਦ ਨਹੀਂ ਰਿਹਾ।
ਮੈਂ ਆਪਣੇ ਟਰੱਕ ਵਿੱਚ ਆ ਕੇ ਲੰਮਾ ਪੈ ਗਿਆ ਤੇ ਵਾਪਰੀ ਇਸ ਘਟਨਾ ਬਾਰੇ ਸੋਚਣ ਲੱਗਾ। ਸੋਚਾਂ ਦੀ ਤੰਦ ਗੁਰੂ ਨਾਨਕ ਚੌਕ ਜਲੰਧਰ ਤੱਕ ਚਲੇ ਗਈ। ਤਕੜਾ ਜਾਮ ਲੱਗਾ ਹੋਇਆ ਸੀ। ਦੂਸਰੇ ਨੂੰ ਮਿੱਧ ਕੇ ਆਪਣਾ ਰਾਹ ਪੱਧਰਾ ਕਰਨ ਦੀ ਵਾਦੀ ਹਾਲਾਤ ਨੂੰ ਹੋਰ ਵੀ ਪੇਚੀਦਾ ਬਣਾ ਰਹੀ ਸੀ। ਆਪਣੇ ਮੋਟਰ ਸਾਈਕਲ ’ਤੇ ਇੱਕ ਪਾਸੇ ਖੜ੍ਹੇ ਹੋਣ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਸੀ। ਅਚਾਨਕ ਇੱਕ ਐੱਸ ਯੂ ਵੀ ਨੇ ਮੈਨੂੰ ਟੱਕਰ ਮਾਰ ਦਿੱਤੀ ਤੇ ਮੋਟਰ ਸਾਈਕਲ ਡਿਗ ਪਿਆ। ਮੈਂ ਕਿਉਂਕਿ ਖੜ੍ਹਾ ਸੀ, ਇਸ ਲਈ ਸੱਟ ਲੱਗਣ ਦਾ ਤਾਂ ਸੁਆਲ ਈ ਨਹੀਂ ਸੀ। ਮੈਂ ਦੇਖਿਆ ਕਿ ਇੱਕ ਅਮੀਰਜ਼ਾਦਾ ਆਪਣੀ ਨਵ-ਵਿਆਹੀ ਨਾਲ ਬੈਠਾ ਮੇਰੇ ਵੱਲ ਹਿਕਾਰਤ ਭਰੀ ਨਜ਼ਰ ਨਾਲ ਦੇਖ ਰਿਹਾ ਸੀ। ਏਥੇ ਈ ਬੱਸ ਨਹੀਂ, ਉਹ ਹੌਲੀ ਹੌਲੀ ਆਪਣੀ ਗੱਡੀ ਦਾ ਦਬਾਅ ਮੇਰੇ ਮੋਟਰਸਾਈਕਲ ’ਤੇ ਵਧਾਈ ਜਾ ਰਿਹਾ ਸੀ।
ਗੱਲ ਜਲਦੀ ਹੀ ਮੇਰੀ ਸਮਝ ਵਿੱਚ ਆ ਗਈ। ਉਸਦੀ ਨਜ਼ਰ ਵਿੱਚ ਮੈਂ ਇੱਕ ਪੇਂਡੂ ਅਨਪੜ੍ਹ ਸੀ, ਜੋ ਸ਼ਹਿਰ ਦੁੱਧ ਵੇਚਣ ਆਇਆ ਹੋਇਐ। ਮੇਰੇ ਮੋਟਰ ਸਾਈਕਲ ਨਾਲ ਟੰਗੀ ਦੁੱਧ ਵਾਲੀ ਕੇਨੀ ਉਲਟ ਗਈ ਸੀ ਤੇ ਸਾਰਾ ਦੁੱਧ ਵਾਹਨਾਂ ਨਾਲ ਹਫੀ ਪਈ ਸੜਕ ਦਾ ਮੂੰਹ ਥੰਦਾ-ਤਰ ਕਰ ਰਿਹਾ ਸੀ। ਮੇਰੇ ਲਈ ਇਹ ਕੇਵਲ ਦੁੱਧ ਨਹੀਂ ਸੀ! ਇਹ ਮੇਰੀ ਹਮਸਫ਼ਰ ਪੰਮ ਦੇ ਪਸੀਨੇ ਦੀ ਪੈਦਾਵਾਰ ਸੀ! ਪਰਛਾਵੇਂ ਵਾਂਗ ਮੱਝਾਂ-ਗਾਂਵਾਂ ਦੇ ਨਾਲ ਰਹਿਕੇ, ਉਨ੍ਹਾਂ ਦੀ ਦੇਖ-ਭਾਲ ਕਰਕੇ ਬਾਲ਼ਟੀ ਦਾ ਸ਼ਿੰਗਾਰ ਬਣੇ ਦੁੱਧ ਦੀ ਕੀਮਤ ਇੱਕ ਪਸ਼ੂ-ਪਾਲਕ ਹੀ ਜਾਣਦਾ ਹੈ! ਦੂਸਰੇ ਲੋਕ ਸਿਰਫ ਦੁੱਧ ਦੀ ਕੁਆਲਟੀ ਤੇ ਕੀਮਤ ਹੀ ਜਾਣ ਸਕਦੇ ਹਨ!
ਮੇਰੀ ਮਦਦ ਲਈ ਬਹੁੜੇ ਆਸ-ਪਾਸ ਖੜ੍ਹੇ ਦੋ ਚਾਰ ਨੌਜਵਾਨਾਂ ਨੇ ਮੈਨੂੰ ਕਿਹਾ, ”ਅੰਕਲ, ਤੂੰ ਇਸ਼ਾਰਾ ਤਾਂ ਕਰ ...!” ਪਰ ਨਹੀਂ, ਮੈਂ ਹੰਗਾਮਾ ਨਹੀਂ ਸੀ ਚਾਹੁੰਦਾ। ਲੋਕ ਪਹਿਲਾਂ ਹੀ ਜਾਮ ਨੇ ਪ੍ਰੇਸ਼ਾਨ ਕਰ ਰੱਖੇ ਸਨ ਪਰ ਇਹ ਹੈਂਕੜਬਾਜ਼ ਸੁੱਕਾ ਚਲੇ ਜਾਵੇ, ਇਹ ਵੀ ਨਹੀਂ ਸੀ ਚਾਹੁੰਦਾ। ਮੋਟਰ ਸਾਈਕਲ ਉਨ੍ਹਾਂ ਨੌਜਵਾਨਾਂ ਨੇ ਸਾਂਭ ਲਿਆ। ਮੈਂ ਬਿਨ ਭੜਕਾਹਟ ਉਸ ਅਮੀਰਜ਼ਾਦੇ ਕੋਲ ਗਿਆ ਤੇ ਜੇਬ ਵਿੱਚੋਂ ਆਪਣਾ ਸ਼ਨਾਖ਼ਤ ਕਾਰਡ ਕੱਢਕੇ ਉਸਦੀ ਨਵ-ਵਿਆਹੀ ਦੇ ਹੱਥ ਦੇ ਕੇ ਪਿੱਛੇ ਹੋ ਗਿਆ। ਉਸਨੇ ਸ਼ਨਾਖ਼ਤੀ ਕਾਰਡ ਆਪਣੇ ਪਤੀ ਸਾਹਿਬ ਅੱਗੇ ਕਰ ਦਿੱਤਾ ਤੇ ਕੰਨ ਫੜਕੇ ਬੈਠ ਗਈ। ਕੋਈ ਕੁੜਤਾ-ਪਜਾਮਾ ਧਾਰੀ, ਇੱਕ ਪੇਂਡੂ ਜਿਹਾ ਕਿਸੇ ਅਖਬਾਰ ਦਾ ਸਮਾਚਾਰ ਸੰਪਾਦਕ ਵੀ ਹੋ ਸਕਦੈ, ਇਹ ਗੱਲ ਉਸਦੇ ਸੁਪਨੇ ਵਿੱਚ ਵੀ ਨਹੀਂ ਆਈ ਹੋਣੀ।
ਪੈਂਟ-ਕਮੀਜ਼ ਮੇਰੀ ਪਹਿਲੀ ਪਸੰਦ ਨਹੀਂ। ਮੈਂ ਕੁੜਤੇ—ਜਾਮੇ ਵਿੱਚ ਜ਼ਿਆਦਾ ਸਹਿਜ ਮਹਿਸੂਸ ਕਰਦਾ ਹਾਂ। ਪੈਂਟ-ਕਮੀਜ਼ ਸਰਦੀਆਂ ਦੇ ਮੌਸਮ ਵਿੱਚ ਹੀ ਪਹਿਨੀ ਦੀ ਸੀ। ‘ਨਵਾਂ ਜ਼ਮਾਨਾ’ ਆਉਣ ਲੱਗੇ ਆਪਣੇ ਦੋਸਤ ਲਾਭ ਸਿੰਘ ਵਾਸਤੇ ਪਿੰਡੋਂ ਦੁੱਧ ਲੈ ਆਉਣਾ ਕਿਉਂਕਿ ਖ਼ਾਲਸ ਦੁੱਧ ਸ਼ਹਿਰ ਵਿੱਚ ਭਾਲਿਆਂ ਨਹੀਂ ਮਿਲਦਾ। ਜਦ ਸੁਸ਼ੀਲ-ਕਮਲ ਦੁਸਾਂਝ ਜਲੰਧਰ ਰਹਿੰਦੇ ਸਨ, ਉਨ੍ਹਾਂ ਨੂੰ ਵੀ ਮੈਂ ਦੁੱਧ ਲਿਆ ਕੇ ਦਿੰਦਾ ਸੀ। ਲਾਭ ਸਿੰਘ ਦੇ ਨਾਲ ਦੇ ਘਰ ਵਿੱਚ ਜਾਗਰਣ ਵਾਲਾ ਰਿਸ਼ੀ ਨਾਗਰ ਰਹਿੰਦਾ ਸੀ। ਉਸਨੇ ਮਜ਼ਾਕ ਵਿੱਚ ਮੈਨੂੰ ਦੇਖਕੇ ਉੱਚੀ ਆਵਾਜ਼ ‘ਚ ਕਹਿਣਾ, ” ਦੋਧੀ ਆ ਗਿਆ ਬਈ ਓਏ ...!” ਇਹ ਕੰਮ ਕੋਈ ਮਾੜਾ ਨਹੀਂ ਪਰ ਮੈਂ ਸਿਰਫ ਆਪਣੇਦੋਸਤਾਂ ਖਾਤਰ ਇਹ ਸੇਵਾ ਨਿਭਾਉਂਦਾ ਸੀ। ਜੋ ਲੋਕ ਮੈਨੂੰ ਨਹੀਂ ਸੀ ਜਾਣਦੇ, ਉਨ੍ਹਾਂ ਵਾਸਤੇ ਤਾਂ ਮੈਂ ਇੱਕ ਦੋਧੀ ਹੀ ਸੀ ਤੇ ਇਸ ਅਮੀਰਜ਼ਾਦੇ ਨੇ ਵੀ ਮੈਨੂੰ ਇੱਕ ਦੋਧੀ ਹੀ ਸਮਝਿਆ ਹੋਣੈਂ! ਦੋਧੀ ਦਾ ਕੀ ਐ, ਜਿਹੜਾ ਚਾਹੇ ਬੇਇੱਜ਼ਤ ਕਰਕੇ ਤੁਰਦਾ ਬਣੇ … ਕੌਣ ਐ ਰੋਕਣ ਵਾਲਾ!
ਇਸ ਨਵ-ਵਿਆਹੇ ਜੋੜੇ ਵੱਲ ਕੌੜ ਨਾਲ ਦੇਖਦਿਆਂ ਮੈਂ ਕਿਹਾ, “ਬੁਲਾਵਾਂ ਮੀਡੀਆ?”
ਦੇਖਿਆ ਭਾਵੇਂ ਮੈਂ ਕੌੜ ਨਾਲ ਸੀ ਪਰ ਆਪਾ ਬੇਕਾਬੂ ਨਹੀਂ ਹੋਣ ਦਿੱਤਾ ਮੈਂ। ਨਵ-ਵਿਆਹੀ ਤਰਲੇ ਕਰਨ ਲੱਗੀ, ਉਹ ਖ਼ੁਦ ਜਿਵੇਂ ਮਿੱਟੀ ਹੋ ਗਿਆ ਹੋਵੇ। ਕੋਈ ਬੋਲ ਨਹੀਂ, ਨੀਵੀਂ ਪਾਈ ਸਟੀਅਰਿੰਗ ਫੜੀ ਬੈਠਾ ਰਿਹਾ। ਉਸ ਨਵ-ਵਿਆਹੀ ਨੇ ਇਹ ਕਹਿਕੇ ਮੈਨੂੰ ਗ਼ੁੱਸਾ ਚੜ੍ਹਾ ਦਿੱਤਾ, “ਅੰਕਲ, ਜੇ ਸਾਨੂੰ ਪਤਾ ਹੁੰਦਾ ਕਿ ਤੁਸੀਂ ਪੱਤਰਕਾਰ ਓ, ਅਸੀਂ ਭਲਾ ਇਸ ਤਰ੍ਹਾਂ ਕਰ ਸਕਦੇ ਸੀ!”
ਕਮਾਲ ਦੀ ਗੱਲ ਨਹੀਂ … ਉਹ ਮੁਆਫ਼ੀ ਇਸ ਕਰਕੇ ਨਹੀਂ ਸੀ ਮੰਗ ਰਹੀ ਕਿ ਉਨ੍ਹਾਂ ਨੇ ਇੱਕ ਮਨੁੱਖ ਨੂੰ ਗੱਡੀ ਹੇਠ ਦੇਣ ਦੀ ਭੁੱਲ ਕੀਤੀ ਸੀ, ਮੁਆਫ਼ੀ ਇਸ ਕਰਕੇ ਮੰਗੀ ਜਾ ਰਹੀ ਸੀ ਕਿ ਉਨ੍ਹਾਂ ਇੱਕ ਰਸੂਖਦਾਰ ਸਮਝੇ ਜਾਂਦੇ ਭਾਈਚਾਰੇ ਦੇ ਇੱਕ ਮੈਂਬਰ ਨਾਲ ਆਢਾ ਲੈ ਲਿਆ ਹੈ।
ਖਿਝ ਤਾਂ ਬਹੁਤ ਆਈ ਪਰ ਹਾਲਾਤ ਜ਼ਬਤ ਵਿੱਚ ਰਹਿਣ ਦੀ ਮੰਗ ਕਰ ਰਹੇ ਸਨ। ਆਪਣਾ ਗ਼ੁੱਸਾ ਕੱਢਣ ਲਈ ਮੈਂ ਉਨ੍ਹਾਂ ਦੋਹਾਂ ਨੂੰ ਸੁਆਲ ਕੀਤਾ, “ਸਕੂਲੇ ਵੀ ਗਏਂ ਓਂ ਕਦੇ?”
ਉਹ ਬੰਦਾ ਤਾਂ ਘੁੱਗੂ-ਬਾਟਾ ਬਣਿਆਂ ਬੈਠਾ ਸੀ, ਨਵ-ਵਿਆਹੀ ਨੇ ਹੀ ਜੁਆਬ ਦਿੱਤਾ, “ਅੰਕਲ, ਮੈਂ ਐੱਮ ਐੱਸਸੀ ਹਾਂ ਤੇ ਇਹ ਵੀ ਪੋਸਟ ਗ੍ਰੈਜੂਏਟ ਹਨ।”
ਮੈਂ ਇਹ ਕਹਿਕੇ ਆਪਣਾ ਮੋਟਰ ਸਾਈਕਲ ਸਾਂਭਿਆ, “ਪੋਸਟਗ੍ਰੈਜੂਏਟ ਭਾਵੇਂ ਤੁਸੀਂ ਦੋਵੇਂ ਈ ਓ ਪਰ ਸਕੂਲੇ ਤੁਸੀਂ ਇੱਕ ਦਿਨ ਵੀ ਨਹੀਂ ਗਏ। ਬਜ਼ਾਰੋਂ ਕਾਇਦਾ ਲੈ ਕੇ ਊੜਾ-ਐੜਾ ਮੁੜ ਤੋਂ ਪੜ੍ਹਿਓ …!” ਉਹ ਮੇਰੇ ਵੱਲ ਸਵਾਲੀਆ ਨਜ਼ਰ ਨਾਲ ਤੱਕ ਰਹੀ ਸੀ। ਉਹਨੂੰ ਸ਼ਾਇਦ ਕਾਇਦੇ ਦਾ ਮਤਲਬ ਈ ਨਹੀਂ ਸੀ ਸਮਝ ਆਇਆ, ਊੜਾ ਐੜਾ ਤਾਂ ਦੂਰ ਦੀ ਗੱਲ ਸੀ।
ਇਹ ਸਭ ਕਾਫ਼ੀ ਦੇਰ ਇੱਕ ਫਿਲਮ ਵਾਂਗ ਜ਼ਿਹਨ ਵਿੱਚ ਚੱਲਦਾ ਰਿਹਾ। ਮੈਂ ਸੋਚ ਰਿਹਾ ਹਾਂ ਕਿ ਚੱਜ-ਆਚਾਰ, ਸ਼ਿਸ਼ਟਾਚਾਰ ਸਾਡੇ ਸੱਭਿਆਚਾਰ ਵਿੱਚੋਂ ਖੰਭ ਲਾ ਕੇ ਕਿੱਥੇ ਉਡ ਗਏ ਹਨ। ਕੋਠੀਆਂ, ਕਾਰਾਂ ਤਾਂ ਖ਼ੂਬ ਨਜ਼ਰੀਂ ਪੈਂਦੀਆਂ ਹਨ ਪਰ ਘਰ ਨਹੀਂ ਨਜ਼ਰ ਆ ਰਹੇ ਜਿਨ੍ਹਾਂ ਦੀ ਛੱਤਾਂ ਹੇਠ ਮਨੁੱਖ ਦਾ ਵਾਸਾ ਹੁੰਦਾ ਸੀ ...! ਇਹ ਸਵਾਲ ਵਾਰ ਵਾਰ ਜ਼ਿਹਨ ਵਿੱਚ ਸਿਰ ਚੁੱਕ ਰਿਹੈ ਕਿ ਸਾਨੂੰ ਊੜੇ-ਐੜੇ ਵਾਲੇ ਕਾਇਦੇ ਵੱਲ ਫੇਰ ਤੋਂ ਮੁੜਨ ਦੀ ਲੋੜ ਤਾਂ ਨਹੀਂ ਹੈ?
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3287)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)