“ਉਹ ਮਜ਼ਾਕ ਨਾਲ ਕਹਿਣ ਲੱਗਾ, “ਬਾਈ ਤਾਂ ਅੱਜ ਛਾਇਆ ਹੋਇਐ ਪੂਰਾ …! ਕਦੇ ਮੀਗਾ, ਕਦੇ ਅਫ਼ਗ਼ਾਨ …”
(14 ਸਤੰਬਰ 2023)
ਮਨੁੱਖ ਵਿੱਚ ਦੂਜੇ ਨੂੰ ਜਾਣਨ, ਪਛਾਣਨ ਤੇ ਉਸ ਬਾਰੇ ਮਨ ਹੀ ਮਨ ਵਿੱਚ ਰਾਇ ਬਣਾਉਣ ਦੀ ਇੱਕ ਕੁਦਰਤੀ ਪ੍ਰਵਿਰਤੀ ਹੈ। ਉਹ ਦੂਰ-ਨੇੜਿਓਂ ਲੰਘ ਰਹੇ ਲੋਕਾਂ ਨੂੰ ਘੋਖਦਾ ਹੈ, ਉਨ੍ਹਾਂ ਦੇ ਪਹਿਰਾਵੇ, ਨੈਣ-ਨਕਸ਼, ਚਾਲ-ਢਾਲ ਬਾਰੇ ਮਨ ਹੀ ਮਨ ਵਿੱਚ ਟਿੱਪਣੀਆਂ ਕਰਦਾ ਹੈ, ਖੁਸ਼ ਹੁੰਦਾ ਹੈ, ਕੁੜ੍ਹਦਾ ਹੈ ਤੇ ਫੇਰ ‘ਚਲੋ ਜੀ, ਆਪਾਂ ਕੀ ਲੈਣਾ’ ਆਖ ਸ਼ਾਂਤ ਚਿੱਤ ਹੋਣ ਦੇ ਆਹਰ ਵਿੱਚ ਜੁਟ ਜਾਂਦਾ ਹੈ ਪਰ ਕਈ ਵਾਰ ਅੱਭੜਵਾਹੇ ਮੂੰਹੋਂ ਨਿੱਕਲੇ ਬੋਲ ਅਜੀਬ ਜਿਹੇ ਹਾਲਾਤ ਪੈਦਾ ਕਰ ਦਿੰਦੇ ਹਨ … ਹੈਰਾਨ ਕਰਨ ਵਾਲੇ, ਮਜ਼ੇਦਾਰ ਤੇ ਹਾਸੋਹੀਣੇ ਵੀ!
ਟਰੱਕ ਚਲਾਉਂਦਿਆਂ ਸਾਨੂੰ ਵੱਖੋ ਵੱਖਰੇ ਲੋਕ ਦੇਖਣ ਨੂੰ ਮਿਲਦੇ ਹਨ। ਵੱਖੋ ਵੱਖਰੇ ਰੰਗ, ਵੱਖੋ ਵੱਖਰੀ ਨਸਲ, ਵੱਖੋ ਵੱਖਰੇ ਸੁਭਾਅ, ਤੁਰਨ-ਫਿਰਨ ਦਾ ਆਪੋ-ਆਪਣਾ ਅੰਦਾਜ਼। ਹੋਰਨਾਂ ਬਾਰੇ ਤਾਂ ਕੁਝ ਨਹੀਂ ਕਹਿ ਸਕਦਾ ਪਰ ਆਪਣੇ ਲੋਕਾਂ ਵਿੱਚ ਦੂਸਰੇ ਵੱਲ ਟਿਕਟਿਕੀ ਲਾ ਕੇ ਦੇਖਣ ਦੀ ਆਦਤ ਹੈ। ਗੋਰੇ, ਕਾਲੇ, ਸਪੈਨਿਸ਼ ਲੋਕਾਂ ਵਿੱਚ ਇਹ ਆਦਤ ਨਹੀਂ ਜਾਪਦੀ ਜਾਂ ਘੱਟ ਹੈ ਜਾਂ ਉਹ ਏਨੇ ਮੀਸਣੇ ਹਨ ਕਿ ਦੂਜੇ ਨੂੰ ਪਤਾ ਨਹੀਂ ਲੱਗਣ ਦਿੰਦੇ। ਘੱਟੋ-ਘੱਟ ਮੇਰਾ ਤਜਰਬਾ ਇਹੀ ਕਹਿੰਦਾ ਹੈ। ਉਹ ਤੁਹਾਡੇ ਕੋਲ਼ੋਂ ਲੰਘਣਗੇ, ਤੁਹਾਡੇ ਵੱਲ ਮੁਸਕਾਨ ਉਛਾਲਣਗੇ ਤੇ ਚਲੇ ਜਾਣਗੇ। ਆਪਣੇ ਲੋਕ, ਕੋਲ਼ੋਂ ਲੰਘ ਰਹੇ ਬੰਦੇ ਨੂੰ ਘੂਰ ਘੂਰ ਕੇ ਅਸਹਿਜ ਕਰ ਦੇਣਗੇ ਤੇ ਆਪਣੇ ਨਾਲ ਦੇ ਨੂੰ ਕਹਿਣਗੇ, “ਲੈ ਦੇਖ, ਇਹਦਾ ਈ ਨੀ ਪਤਾ ਲੱਗਦਾ … ਦੇਖ ਤਾਂ ਸਹੀ, ਕਿੱਦਾਂ ਤੀਂਘੜ ਕੇ ਤੁਰ ਰਿਹਾ ਹੈ … ਲੱਤਾਂ ਤਾਂ ਦੇਖ ਜਿੱਦਾਂ ਝੋਲੇ ਵਿੱਚ ਬੰਬ ਰੱਖਿਆ ਹੁੰਦਾ … ਓਏ ਸਾਲਿਆ ਪੈਂਟ ਸਾਂਭ, ਚਿੱਤੜ ਨੰਗੇ ਹੋਣ ਲੱਗੇ ਤੇਰੇ …।”
ਮੈਂ ਕੋਈ ਵੱਖਰਾ ਨਹੀਂ, ਭਾਈਚਾਰੇ ਦਾ ਹੀ ਅੰਗ ਹਾਂ। ਮੇਰੀ ਨਜ਼ਰ ਸਾਹਮਣੇ ਵਾਲੇ ਬੰਦੇ ਦੇ ਕੱਪੜਿਆਂ, ਸਰੀਰਕ ਬਣਤਰ ਜਾਂ ਚਾਲ-ਢਾਲ ਵੱਲ ਨਹੀਂ ਹੁੰਦੀ। ਮੇਰੀ ਅੱਖ ਚੋਰੀ ਛੁਪੇ ਉਸ ਦੀਆਂ ਅੱਖਾਂ ਵੱਲ, ਉਸ ਦੇ ਮੱਥੇ ਵੱਲ, ਉਸ ਦੀ ਮੁਸਕਣੀ ਵੱਲ ਹੁੰਦੀ ਹੈ। ਮੈਂ ਇਹ ਅੰਦਾਜ਼ਾ ਲਾਉਣ ਦੀ ਕੋਸ਼ਿਸ਼ ਕਰਦਾ ਹਾਂ ਕਿ ਇਹ ਬੰਦਾ ਖੁਸ਼ ਐ, ਸੰਤੁਸ਼ਟ ਹੇ ਜਾਂ ਟੈਨਸ਼ਨ ਦਾ ਸ਼ਿਕਾਰ ਹੈ … ਕੀ ਕਰਾਂ, ਰਹਿ ਨਹੀਂ ਹੁੰਦਾ! ਐਪਰ, ਇੱਥੇ ਆ ਕੇ ਸਾਹਮਣੇ ਤੁਰੇ ਆ ਰਹੇ ਮਨੁੱਖ ਵੱਲ ਦੇਖ ਮੁਸਕਰਾਉਣਾ ਮੈਂ ਵੀ ਸਿੱਖ ਲਿਆ ਹੈ। ਬੱਚੇ ਅਜਿਹੀਆਂ ਗੱਲਾਂ ਜਲਦੀ ਸਿੱਖ ਲੈਂਦੇ ਹਨ। ਮੈਨੂੰ ਵੀ ਬੇਟੇ ਅਫ਼ਰਾਜ਼ ਨੇ ਹੀ ‘ਮੁਸਕਰਾਉਣ ਦੀ ਕਲਾ’ ਸਿਖਾਈ ਸੀ। ਇਸੇ ਸਿਲਸਿਲੇ ਵਿੱਚ ਮੈਨੂੰ ਇਹ ਵੀ ਤਜਰਬਾ ਹੋਇਆ ਹੈ ਕਿ ਲੋਕ ਮੇਰੇ ਵੱਲ ਵੀ ਗਹੁ ਨਾਲ ਦੇਖਦੇ ਹਨ ਤੇ ਆਪੋ-ਆਪਣੇ ਅੰਦਾਜ਼ੇ ਲਾਉਂਦੇ ਹਨ।
ਇੱਕ ਵਾਰ ਮੇਰੀਲੈਂਡ ਤੋਂ ਵਾਪਸੀ ਵੇਲੇ ਅਸੀਂ ਓਕਲਾਹਾਮਾ ਦੇ ਇੱਕ ਟਰੱਕ ਸਟਾਪ ’ਤੇ ਜਾ ਕੇ ਰੁਕੇ। ਡਰਾਈਵ ਮੇਰਾ ਸਹਿਯੋਗੀ ਕਰ ਰਿਹਾ ਸੀ। ਉਸ ’ਤੇ ਸੁਸਤੀ ਭਾਰੂ ਹੋ ਰਹੀ ਸੀ। ਉਸਨੇ ਸੋਚਿਆ ਕਿ ਕੌਫ਼ੀ ਪੀ ਕੇ ਅੱਗੇ ਤੁਰਦੇ ਹਾਂ। ਮੈਨੂੰ ਸੁੱਤਾ ਪਿਆ ਸਮਝ ਉਹ ਅੰਦਰ ਕੌਫ਼ੀ ਲੈਣ ਚਲੇ ਗਿਆ ਪਰ ਮੈਂ ਜਾਗ ਰਿਹਾ ਸੀ। ਮੈਂ ਵੀ ਰੈੱਸਟ ਰੂਮ ਜਾਣ ਲਈ ਉੱਤਰ ਆਇਆ। ਟਰੱਕ ਨੂੰ ਲੌਕ ਲਗਾ ਕੇ ਤੁਰਿਆ ਹੀ ਸੀ ਕਿ ਮੇਰਾ ਸਹਿਯੋਗੀ ਬਾਹਰ ਨਿਕਲ ਆਇਆ। ਮੈਂ ਉਸ ਨੂੰ ਚਾਬੀ ਫੜਾ ਕੇ ਕਿਹਾ, “ਭਾਜੀ, ਤੁਸੀਂ ਆਰਾਮ ਨਾਲ ਕੌਫ਼ੀ ਪੀਓ, ਵਿੰਡਸ਼ੀਲਡ ਮੈਂ ਆ ਕੇ ਸਾਫ ਕਰ ਲਊਂਗਾ, ਤੁਸੀਂ ਥੋੜ੍ਹਾ ਰਿਲੈਕਸ ਹੋ ਲਓ।”
ਅਸੀਂ ਦੋਵੇਂ ਇਸ ਪੱਖੋਂ ਬੇਖ਼ਬਰ ਸੀ ਕਿ ਸਾਡੇ ਕੋਲ ਵੀ ਕੋਈ ਖੜ੍ਹਾ ਹੈ। ਪਤਾ ਉਦੋਂ ਲੱਗਾ ਜਦੋਂ ਇੱਕ ਨੌਜਵਾਨ ਮੇਰੇ ਮੋਢੇ ’ਤੇ ਹੱਥ ਰੱਖ ਕਹਿਣ ਲੱਗਾ, “ਓਏ ਅੰਕਲ … ਪੰਜਾਬੀ ਓਂ ਤੁਸੀਂ …!” ਮੈਂ ਮੁਸਕਰਾ ਕੇ ਕਿਹਾ, “ਹਾਂਜੀ ਬੇਟਾ ਜੀ … ਪੰਜਾਬੀ ਈ ਆਂ … .ਤੁਹਾਨੂੰ ਕੀ ਲੱਗਾ?”
ਬੋਲੀ ਦੇ ਲਹਿਜ਼ੇ ਤੋਂ ਉਹ ਮੈਨੂੰ ਹਰਿਆਣਵੀ ਜਾਪਿਆ। ਉਸ ਨੇ ਆਪਣੇ ਅੰਦਾਜ਼ ਵਿੱਚ ਕਿਹਾ, “ਤੁਸੀਂ ਤਾਂ ਜਮ੍ਹਾਂ ਈ ਭੈਂਚੋ ਮੀਗੇ ਈ ਲੱਗਦੇ ਓਂ … ਸੱਚੀਂ ਅੰਕਲ …!” ਉਸ ਦੀ ਗਾਲ਼ ਦਾ ਮੈਂ ਬੁਰਾ ਨਹੀਂ ਮਨਾਇਆ … ਸਹਿਵਨ ਕਹੇ ਅਜਿਹੇ ਲਫ਼ਜ਼ ਗਾਲ਼ ਨਹੀਂ ਸਮਝਣੇ ਚਾਹੀਦੇ। ਮੈਂ ਹੱਸਦਿਆਂ ਉਸ ਨੂੰ ਕਲਾਵੇ ਵਿੱਚ ਲੈਂਦਿਆਂ ਪੁੱਛਿਆ, “ਜੇ ਮੈਂ ਮੀਗਾ ਹੁੰਦਾ, ਤੈਨੂੰ ਖੁਸ਼ੀ ਤਾਂ ਹੋਣੀ ਸੀ ਜਾਂ ਹੁਣ ਮੇਰੇ ਪੰਜਾਬੀ ਹੋਣ ’ਤੇ?”
ਉਸ ਨੂੰ ਕੁਝ ਨਾ ਅਹੁੜਿਆ। ਭੋਲੇਪਨ ਨਾਲ ਕਹਿਣ ਲੱਗਾ, “ਬੱਸ ਊਂ ਈ ਅੰਕਲ!”
“ਜੀਓ ਪੁੱਤਰ ਜੀ” ਕਹਿ ਮੈਂ ਉਸ ਦੇ ਨਾਲ ਹੀ ਅੰਦਰ ਚਲੇ ਗਿਆ। ਅੰਦਰੋਂ ਅੰਦਰ ਮੈਂ ਉਸ ਮੁੰਡੇ ਦੇ ਭੋਲ਼ੇਪਨ ’ਤੇ ਖੁਸ਼ ਹੋ ਰਿਹਾ ਸੀ।
‘ਮੀਗਾ’ ਲਫ਼ਜ਼ ਸਪੈਨਿਸ਼ ਭਾਸ਼ਾ ਦੇ ‘ਅਮੀਗੋ’ ਦਾ ਪੰਜਾਬੀਆਂ ਵੱਲੋਂ ਵਿਗਾੜਿਆ ਗਿਆ ਰੂਪ ਐ। ਸਪੈਨਿਸ਼ ਭਾਸ਼ਾ ਵਿੱਚ ਦੋਸਤ ਨੂੰ ‘ਅਮੀਗੋ’ ਆਖਦੇ ਹਨ ਤੇ ਪੰਜਾਬੀਆਂ ਨੇ ਇਸ ਨੂੰ ਆਪਣੇ ਹਿਸਾਬ ਨਾਲ ਮਾਂਜ ਕੇ ‘ਮੀਗਾ’ ਕਰ ਲਿਆ ਹੈ, ਜਿਸ ਤਰ੍ਹਾਂ ਹਿੰਦੀ ਭਾਸ਼ੀ ਲੋਕਾਂ ਵੱਲੋਂ ਭਰਾ ਲਈ ਵਰਤੇ ਜਾਂਦੇ ‘ਬਈ੍ਹਆ’ ਲਫ਼ਜ਼ ਨੂੰ ‘ਭਈਆ’ ਬਣਾ ਛੱਡਿਆ ਹੈ। ਜਿਸ ਤਰ੍ਹਾਂ ਆਪਣੇ ਲੋਕ ‘ਬਈ੍ਹਆ’ ਦੀ ਭਾਵਨਾ ਨੂੰ ਲਾਂਭੇ ਕਰਕੇ ਤ੍ਰਿਸਕਾਰ ਨਾਲ ‘ਭਈਆ’ ਲਫ਼ਜ਼ ਵਰਤਦੇ ਹਨ, ਇਹੋ ਜਿਹਾ ਈ ‘ਅਮੀਗੋ’ ਦਾ ਹਾਲ ਐ। ਆਪਣੇ ਭਾਈਚਾਰੇ ਦਾ ਵੱਡਾ ਹਿੱਸਾ ਸਪੈਨਿਸ਼ ਮੂਲ ਦੇ ਲੋਕਾਂ ਨੂੰ ‘ਚੋਰ-ਉਚੱਕੇ’ ਸਮਝਦਾ ਹੈ ਜਦੋਂ ਕਿ ਇਹ ਲੋਕ ਜੀ-ਤੋੜ ਮਿਹਨਤ ਕਰਨ ਵਾਲੇ ਹਨ ਤੇ ਬਹੁਤ ਹੀ ਮਿਲਾਪੜੇ। ਅਮਰੀਕਾ-ਕੈਨੇਡਾ ਵਿੱਚ ਲੁੱਟਾਂ-ਖੋਹਾਂ ਕਰਨ ਵਾਲਿਆਂ ਵਿੱਚ ਪੰਜਾਬੀਆਂ ਦੀ ਵੀ ਝੰਡੀ ਹੋਣ ਦੇ ਬਾਵਜੂਦ ਸਾਡੇ ਲਈ ਇਹ ਲੋਕ ‘ਮੀਗੇ’ ਹੀ ਹਨ ਤੇ ਅਸੀਂ ਖੁਦ ‘ਸਾਧ’!
ਰੈੱਸਟ ਰੂਮ ਵਿੱਚ ਜਦੋਂ ਮੈਂ ਹੱਥ-ਮੂੰਹ ਧੋ ਕੇ ਫਰੈੱਸ਼ ਹੋ ਰਿਹਾ ਸੀ ਤਾਂ ਮੇਰੇ ਕੰਨੀਂ ਕੁਝ ਬੋਲ ਪਏ ਪਰ ਸਮਝ ਨਾ ਆਏ। ਸੋਚਿਆ ਕਿ ਨਾਲ ਖੜ੍ਹਾ ਬੰਦਾ ਫੋਨ ’ਤੇ ਕਿਸੇ ਨਾਲ ਗੱਲ ਕਰ ਰਿਹਾ ਹੋਣਾ ਹੈ, ਇਸ ਲਈ ਕੋਈ ਧਿਆਨ ਨਾ ਦਿੱਤਾ। ਸ਼ੀਸ਼ੇ ਵਿੱਚ ਦੇਖਿਆ ਤਾਂ ਉਹ ਬੰਦਾ ਮੈਨੂੰ ਹੀ ਮੁਖ਼ਾਤਬ ਸੀ। ਉਸ ਵੱਲ ਦੇਖਦਿਆਂ ਮੈਂ ਪੁੱਛਿਆ, “ਸੌਰੀ ਬਰੋ, ਯੂ ਆਸਕਡ ਮੀ ਸਮਥਿੰਗ?”
ਉਸਨੇ ਪੂਰੇ ਗਹੁ ਨਾਲ ਮੇਰੇ ਵੱਲ ਦੇਖਦਿਆਂ ਪੁੱਛਿਆ, “ਆਰ ਯੂ ਐੱਨ ਅਫਗ਼ਾਨ?”
“ਨੋ ਨੋ ਬਰੋ … ਆਈ ਐੱਮ ਏ ਪੰਜਾਬੀ ...” ਮੇਰਾ ਜਵਾਬ ਸੁਣਕੇ ਉਸਨੇ ਹੈਰਾਨ ਹੋ ਕਿ ਕਿਹਾ, “ਓ ਰੀਅਲੀ … .!” ਉਹ ਖੁਦ ਅਫ਼ਗ਼ਾਨ ਸੀ। ਮੈਂ ਉਸ ਨਾਲ ਗਰਮਜ਼ੋਸ਼ੀ ਨਾਲ ਹੱਥ ਮਿਲਾਉਂਦਿਆਂ ਕਿਹਾ, “ਨੋ ਮੈਟਰ, ਵੁਈ ਆਰ ਬ੍ਰਦਰਜ਼ … ਬਿਲੌਂਗ ਟੂ ਸੇਮ ਰੀਜਨ।”
ਮੇਰੇ ਹੁੰਗਾਰੇ ਤੋਂ ਉਹ ਖੁਸ਼ ਜਾਪ ਰਿਹਾ ਸੀ। ਮੈਂ ਸੋਚ ਰਿਹਾ ਸੀ ਕਿ ਗੜਬੜ ਮਾਰੇ ਖਿੱਤੇ ਦਾ ਇਹ ਮਨੁੱਖ ਜ਼ਰੂਰ ਕੋਈ ਆਪਣਾ ਹਮਵਤਨ ਭਾਲ ਰਿਹਾ ਹੈ ਜਿਸ ਨਾਲ ਉਹ ਖੁੱਲ੍ਹ ਕੇ ਗੱਲ ਕਰ ਸਕੇ। ਮੈਨੂੰ ਉਸ ਨਾਲ ਮਨੋ-ਮਨੀ ਹਮਦਰਦੀ ਹੋ ਗਈ। ਤੇ ਨਾਲ ਹੀ ਮੈਂ ਆਪਣੀ ਪਛਾਣ ਨੂੰ ਲੈ ਕੇ ਇੱਕੋ ਵੇਲੇ ਹੋਏ ਦੋ ਤਜਰਬਿਆਂ ਨੂੰ ਲੈ ਕੇ ਹੈਰਾਨ ਸੀ।
ਜਦੋਂ ਮੈਂ ਆਪਣੇ ਦੂਸਰੇ ਤਜਰਬੇ ਬਾਰੇ ਆਪਣੇ ਸਹਿਯੋਗੀ ਨਾਲ ਗੱਲ ਕੀਤੀ ਤਾਂ ਉਹ ਮਜ਼ਾਕ ਨਾਲ ਕਹਿਣ ਲੱਗਾ, “ਬਾਈ ਤਾਂ ਅੱਜ ਛਾਇਆ ਹੋਇਐ ਪੂਰਾ …! ਕਦੇ ਮੀਗਾ, ਕਦੇ ਅਫ਼ਗ਼ਾਨ …!” ਕੋਈ ਸ਼ੱਕ ਨਹੀਂ ਕਿ ਮੈਂ ਖੁਸ਼ ਸੀ ਪਰ ਅੰਦਰੋਂ-ਅੰਦਰ ਸੋਚ ਵੀ ਰਿਹਾ ਸੀ ਕਿ ਮਨੁੱਖ ਆਪਣੇ ਸਾਹਮਣੇ ਵਾਲੇ ਇਨਸਾਨ ਵਿੱਚੋਂ ਆਖ਼ਰ ਕੀ ਭਾਲ਼ ਰਿਹਾ ਹੁੰਦਾ ਹੈ …!
ਮੈਨੂੰ ਯਾਦ ਆਇਆ ਕਿ ਇੱਕ ਵਾਰ ਨੇਵਾਡਾ ਸੂਬੇ ਦੇ ਸ਼ਹਿਰ ਰੀਨੋ ਤੋਂ ਵਾਪਸੀ ਵੇਲੇ ਜਦੋਂ ਮੈਂ ਕੈਲੇਫੋਰਨੀਆ ਵਿੱਚ ਦਾਖਲ ਹੋਣ ਲੱਗਾ ਤਾਂ ਉੱਥੇ ਐਗਰੀਕਲਚਰਲ ਚੈੱਕ ਪੋਸਟ ’ਤੇ ਲਾਜ਼ਮੀ ਜਾਂਚ ਲਈ ਕਤਾਰ ਵਿੱਚ ਲੱਗ ਗਿਆ। ਹੋਰ ਕਿਸੇ ਵੀ ਸੂਬੇ ਵਿੱਚ ਅਜਿਹੀ ਕੋਈ ਚੈੱਕ ਪੋਸਟ ਨਹੀਂ ਲੱਭੀ। ਇਨ੍ਹਾਂ ਚੈੱਕਪੋਸਟਾਂ ’ਤੇ ਕੈਲੀਫੋਰਨੀਆ ਵਿੱਚ ਬਾਹਰੋਂ ਆ ਰਹੇ ਖੇਤੀ ਉਤਪਾਦ ਨੂੰ ਪਰਖਿਆ ਜਾਂਦਾ ਹੈ। ਜੇ ਅਜਿਹੀ ਪਰਖ ਦਾ ਕੋਈ ਸਰਟੀਫਿਕੇਟ ਤੁਹਾਡੇ ਕੋਲ ਹੈ ਤਾਂ ਤੁਹਾਨੂੰ ਜਾਣ ਦੀ ਖੁੱਲ੍ਹ ਹੁੰਦੀ ਹੈ। ਅਜਿਹਾ ਸਰਟੀਫਿਕੇਟ ਨਾ ਹੋਣ ’ਤੇ ਟਰੱਕ ਲਾਜ਼ਮੀ ਪ੍ਰਕਿਰਿਆ ਪੂਰੀ ਹੋਣ ਤਕ ਰੋਕ ਲਿਆ ਜਾਂਦਾ ਹੈ।
ਹੌਲੀ ਹੌਲੀ ਟਰੱਕ ਅੱਗੇ ਤੁਰ ਰਹੇ ਸਨ। ਮੈਂ ਦੇਖਿਆ ਕਿ ਕਾਗਜ਼ਾਂ ਦੀ ਪਰਖ ਕਰਨ ਵਾਲਾ ਅਫਸਰ ਇੱਕ ਪੰਜਾਬੀ ਸਿੱਖ ਸੀ। ਉਸ ਨੂੰ ਦੇਖਦਿਆਂ ਹੀ ਮਨ ਖੁਸ਼ ਹੋ ਗਿਆ। ਮੇਰਾ ਟ੍ਰੇਲਰ ਖਾਲੀ ਸੀ, ਇਸ ਲਈ ਕਾਗਜ਼ ਦਿਖਾਉਣ ਦੀ ਲੋੜ ਨਹੀਂ ਸੀ। ਜਦੋਂ ਮੇਰੀ ਵਾਰੀ ਆਈ ਤਾਂ ਮੈਂ ਕਿਹਾ, “ਭਾਜੀ, ਖਾਲੀ ਐ ਟ੍ਰੇਲਰ।”
“ਵ੍ਹਾਟ?” ਉਸ ਨੇ ਸਵਾਲੀਆ ਨਜ਼ਰਾਂ ਨਾਲ ਦੇਖਦਿਆਂ ਪੁੱਛਿਆ।
ਮੈਂ ਸਮਝਿਆ ਕਿ ਟਰੱਕ ਦੀ ਆਵਾਜ਼ ਕਾਰਨ ਉਸ ਨੂੰ ਸੁਣਿਆ ਨਹੀਂ। ਉੱਚੀ ਆਵਾਜ਼ ਵਿੱਚ ਮੈਂ ਕਿਹਾ, “ਸਤਿ ਸ੍ਰੀ ਅਕਾਲ ਭਾਜੀ … ਮੇਰੇ ਟ੍ਰੇਲਰ ਵਿੱਚ ਕੁਝ ਵੀ ਨਹੀਂ ਜੀ, ਖਾਲੀ ਐ!”
“ਓਹ ਤੁਹਾਡਾ ਭਲਾ ਹੋਜੇ … ਤੁਸੀਂ ਪੰਜਾਬੀ ਓਂ?” ਹੈਰਾਨ ਹੁੰਦਿਆਂ ਉਸਨੇ ਪੁੱਛਿਆ।
“ਜੀ ਭਾਜੀ, ਦੁਆਬੀਆ ਪੰਜਾਬੀ …!” ਮੈਂ ਹੱਸਦਿਆਂ ਕਿਹਾ ਤੇ ਨਾਲ ਹੀ ਪੁੱਛਿਆ ਕਿ ਉਸ ਨੂੰ ਕੀ ਜਾਪਿਆ ਸੀ।
“ਮੈਂ ਤਾਂ ਸੋਚਿਆ ਕਿ ਕੋਈ ਫਲਸਤੀਨੀ ਜਾਪ ਰਿਹਾ ਹੈ ਪਰ ਤੁਸੀਂ ਤਾਂ ਆਪਣੇ ਹੀ ਨਿਕਲੇ।” ਉਸਨੇ ਖੁਸ਼ ਹੁੰਦਿਆਂ ਕਿਹਾ ਤੇ ਮੇਰੇ ਕੋਲ ਆ ਕੇ ਗਰਮਜੋਸ਼ੀ ਨਾਲ ਹੱਥ ਮਿਲਾਇਆ।
ਦਰਅਸਲ ਮੇਰੇ ਸਿਰ ’ਤੇ ਪਿੜੀਆਂ ਵਾਲਾ ਸਾਫ਼ਾ ਬੰਨ੍ਹਿਆ ਹੋਇਆ ਸੀ। ਗਰਮੀ ਬਹੁਤ ਸੀ ਤੇ ਖੱਬੇ ਪਾਸੇ ਤੋਂ ਪੈਣ ਵਾਲੀ ਤਿੱਖੀ ਧੁੱਪ ਦੇ ਡੰਗ ਤੋਂ ਬਚਣ ਲਈ ਮੈਂ ਇਹ ਸਾਫ਼ਾ ਇਸ ਅੰਦਾਜ਼ ਨਾਲ ਬੰਨ੍ਹਿਆ ਹੋਇਆ ਸੀ ਕਿ ਦੋਵੇਂ ਮੋਢੇ ਢਕੇ ਜਾਣ ਤੇ ਚਿਹਰਾ ਵੀ। ਮੈਂ ਮਹਿਸੂਸ ਕੀਤਾ ਕਿ ਸਾਫ਼ੇ ਦਾ ਇਹ ਅੰਦਾਜ਼ ਮਰਹੂਮ ਫ਼ਲਸਤੀਨੀ ਆਗੂ ਯਾਸਰ ਅਰਾਫ਼ਾਤ ਦੇ ਸਾਫ਼ੇ ਨਾਲ ਮੇਲ ਖਾ ਗਿਆ ਸੀ। ਉਸ ਅਫਸਰ ਨੇ ਮੇਰੇ ਸਾਫੇ ਵੱਲ ਦੇਖ ਕੇ ਸੋਚ ਰੱਖਿਆ ਸੀ ਕਿ ਇਹ ਮਨੁੱਖ ਫ਼ਲਸਤੀਨੀ ਹੈ ਤੇ ਉਸ ਨਾਲ ਅੰਗਰੇਜ਼ੀ ਵਿੱਚ ਹੀ ਗੱਲ ਕਰੇਗਾ। ਪੰਜਾਬੀ ਲਈ ਉਹ ਤਿਆਰ ਨਹੀਂ ਸੀ। ਅੱਭੜਵਾਹੇ ਆਪਣੀ ਬੋਲੀ ਸੁਣਕੇ ਉਸ ਦੇ ਕੰਨਾਂ ਨੂੰ ਯਕੀਨ ਨਹੀਂ ਆਇਆ। ਘਰ ਆ ਕੇ ਸ਼ੀਸ਼ੇ ਮੋਹਰੇ ਖੜੋ ਕੇ ਮੈਂ ਆਪਣੇ ਆਪ ਵਿੱਚੋਂ ਅਰਾਫ਼ਾਤ ਲੱਭਣ ਦੀ ਕੋਸ਼ਿਸ਼ ਕਰਦਾ ਰਿਹਾ। ਜਦੋਂ ਇਹ ਗੱਲ ਬੇਟੇ ਅਫ਼ਰਾਜ਼ ਨਾਲ ਸਾਂਝੀ ਕੀਤੀ ਤਾਂ ਉਹ ਵੀ ਬਹੁਤ ਖੁਸ਼ ਹੋਇਆ।
ਇਸੇ ਤਰ੍ਹਾਂ ਇੱਕ ਵਾਰ ਇੱਕ ਕਾਲਾ ਡਰਾਈਵਰ ਮੈਨੂੰ ਈਰਾਨ ਬਾਰੇ ਪੁੱਛੀ ਜਾਵੇ। ਜਦੋਂ ਉਸ ਨੂੰ ਮੈਂ ਆਪਣੀ ਪਛਾਣ ਦੱਸੀ ਤਾਂ ਉਹ ਮੰਨੇ ਨਾ। ਜਦੋਂ ਲਾਈਸੰਸ ਦਿਖਾਇਆ, ਤਾਂ ਉਸ ਨੂੰ ਯਕੀਨ ਆਇਆ ਕਿ ਮੈਂ ਈਰਾਨੀ ਨਹੀਂ, ਪੰਜਾਬੀ ਹਾਂ।
ਇਸ ਵਾਰ ਮੇਰੀਲੈਂਡ ਦੇ ਹਯਾਟਸਵਿਲ ਸ਼ਹਿਰ ਵਿੱਚ ਹੋਲ ਫੂਡਜ਼ ਦਾ ਲੋਡ ਡਲਿਵਰ ਕਰਨ ਲਈ ਚੈੱਕ-ਇਨ ਕਰਵਾਉਣ ਲੱਗਾ ਤਾਂ ਡਿਊਟੀ ਦੇ ਰਹੇ ਮੁਲਾਜ਼ਮ ਨੇ ਮੈਨੂੰ ਸੰਬੋਧਨ ਕਰਦਿਆਂ ਕਿਹਾ, “ਹਾਏ ਮਿਸਟਰ ਸਿੰਘ … ਹਾਉ’ਜ਼ ਯੂਅਰ ਡੇ …!” ਉਸ ਦਾ ਇਹਸੰ ਬੋਧਨ ਮੈਨੂੰ ਚੰਗਾ ਲੱਗਾ। ਮੈਂ ਉਸ ਨੂੰ ਪਹਿਲੀ ਵਾਰ ਮਿਲ ਰਿਹਾ ਸੀ। ਮੈਂ ਪੁੱਛਿਆ ਕਿ ਉਸ ਨੂੰ ਕਿਵੇਂ ਪਤਾ ਹੈ ਕਿ ਮੈਂ ਸਿੰਘ ਹਾਂ। ਉਸਦਾ ਜਵਾਬ ਸੀ, “ਮੇਰਾ ਸਿੰਘਾਂ ਨਾਲ ਵਾਹ ਰਹਿੰਦਾ ਹੈ ਤੇ ਮੈਂ ਦੂਰੋਂ ਹੀ ਪਛਾਣ ਲੈਂਦਾ ਹਾਂ।” ਮਨ ਹੀ ਮਨ ਵਿੱਚ ਸੋਚਿਆ ਕਿ ਬੰਦਾ ਚੰਗਾ ਹੈ, ਇਸ ਨੇ ਸਿੰਘਾਂ ਦਾ ਨਾਂਅ ਨਹੀਂ ਵਿਗਾੜਿਆ। ਚੰਗੇ ਬੰਦੇ ਸਮਝ ਰਿਹਾ ਹੋਣਾ ਸਾਨੂੰ! ਅਸੀਂ ਤਾਂ ਇਸ ਨੂੰ ਵੀ ‘ਸਾਲ਼ਾ ਕਾਲ਼ਾ’ ਹੀ ਕਹਿਣਾ ਹੈ!
ਇੱਕ ਗੱਲ ਜ਼ਰੂਰ ਹੈ ਕਿ ਬਦੇਸ਼ਾਂ ਵਿੱਚ ਪੰਜਾਬੀਆਂ ਦੀ ਪਛਾਣ ‘ਸਿੰਘ’ ਕਰਕੇ ਹੀ ਹੁੰਦੀ ਹੈ। ਮੇਰੇ ਸਿਰ ’ਤੇ ਨਾ ਪੱਗ ਸੀ, ਨਾ ਹੀ ਸਾਫ਼ਾ ਬੰਨ੍ਹਿਆ ਹੋਇਆ ਸੀ, ਇਹ ਮਨੁੱਖ ਫਿਰ ਵੀ ਮੈਨੂੰ ‘ਸਿੰਘ’ ਆਖ ਕੇ ਸੰਬੋਧਨ ਕਰ ਰਿਹਾ ਸੀ। ਚੰਗਾ ਚੰਗਾ ਲੱਗਾ ਮੈਨੂੰ ਪਰ ਨਾਲ ਹੀ ਇਹ ਵੀ ਸੋਚਣ ਲਈ ਮਜਬੂਰ ਹੋ ਗਿਆ ਕਿ ਨਾਂਅ ਦੇ ਪਿੱਛੇ ‘ਸਿੰਘ’ ਲਿਖਕੇ ਹੀ ਮਾਣ ਮਹਿਸੂਸ ਕਰਨਾ ਕਿੱਥੋਂ ਤਕ ਵਾਜਬ ਹੈ! ਸਿੰਘ ਉਹ ਵੀ ਹਨ ਜੋ ਦੋ ਡੰਗ ਦੀ ਰੋਟੀ ਦਾ ਜੁਗਾੜ ਕਰਦਿਆਂ ਹੀ ਸਾਰੀ ਉਮਰ ਹੰਢਾ ਜਾਂਦੇ ਹਨ, ਸਿੰਘ ਉਹ ਵੀ ਹਨ ਜਿਨ੍ਹਾਂ ਨੂੰ ਮਾਣ ਹਾਸਲ ਹੈ ਕਿ ਉਨ੍ਹਾਂ ਦੇ ਇੱਕ ਸੂਰਬੀਰ ਨੇ ਨੌਂਵੇਂ ਗੁਰੂ ਦਾ ਸੀਸ ਜਬਰ ਦੇ ਝੱਖੜ ਦਾ ਸਾਹਮਣਾ ਕਰਦਿਆਂ ਦਸਵੇਂ ਗੁਰੁ ਹਵਾਲੇ ਕੀਤਾ ਸੀ ਪਰ ਉਨ੍ਹਾਂ ਨੂੰ ਆਪਣੇ ਕੁਨਬੇ ਵਾਸਤੇ ਵੱਖਰੇ ਗੁਰੂਘਰ ਬਣਾਉਣੇ ਪਏ ਤੇ ਸਿੰਘ ਉਹ ਵੀ ਹਨ ਜੋ ਸਾਰੇ ਪੰਜਾਬ ਨੂੰ ਲਾਂਬੂ ਲਾ ਕੇ, ਰੇਤ-ਬੱਜਰੀ ਖਾ ਕੇ, ਜਵਾਨੀ ਦੇ ਖੂਨ ਨੂੰ ‘ਚਿੱਟਾ’ ਕਰਕੇ ‘ਪੰਥ ਰਤਨ’ ਦੀ ਕਲਗੀ ਲਾਈ ਫਿਰਦੇ ਹਨ। ਦਾਅਵਾ ਹਰ ‘ਸਿੰਘ’ ਕਰੀ ਜਾਂਦਾ ਹੈ ਕਿ ਉਹ ਉਸ ਮਹਾਂਬਲੀ ਦਾ ‘ਸੱਚਾ ਸਿੱਖ’ ਹੈ, ਜੋ ਜ਼ੁਲਮ ਤੇ ਜਾਬਰ ਵਿਰੁੱਧ ਲੜਦਿਆਂ ਸਰਬੰਸ ਵਾਰ ਗਿਆ ਸੀ!
ਇਸ ਮਨੋ-ਅਵਸਥਾ ਵਿੱਚ ਮੈਂ ਸਾਰੀਆਂ ਘਟਨਾਵਾਂ ਨੂੰ ਰਿੜਕਦਾ ਹਾਂ। ਸੋਚਦਾ ਹਾਂ ਕਿ ਮੈਂ ਹਾਂ ਤਾਂ ਇੱਕੋ ਮਨੁੱਖ, ਇੱਕ ਪੰਜਾਬੀ! ਪਰ ਮੇਰੇ ਵਿੱਚੋਂ ਹਰ ਬੰਦਾ ਵੱਖੋ ਵੱਖਰਾ ਮਨੁੱਖ ਕਿਉਂ ਭਾਲ ਰਿਹਾ ਹੈ!
ਕੋਈ ਮੇਰੇ ਵਿੱਚੋਂ ਸਪੈਨਿਸ਼, ਕੋਈ ਅਫਗ਼ਾਨ, ਕੋਈ ਫ਼ਲਸਤੀਨੀ, ਕੋਈ ਈਰਾਨੀ ਲੱਭ ਰਿਹਾ ਹੈ ਤੇ ਕੋਈ ਵਿਰਲਾ ਮੈਨੂੰ ਸਿੰਘ ਆਖ ਰਿਹਾ ਹੈ!
ਆਖਰ ਬੰਦਾ ਤਾਂ ਮੈਂ ਇੱਕ ਹੀ ਹਾਂ ਨਾ! ... ਸਾਂਝੀਵਾਲਤਾ ਅਤੇ ਸਰਬੱਤ ਦੇ ਭਲੇ ਦਾ ਸੰਦੇਸ਼ ਦੇਣ ਵਾਲੇ ਬਾਬੇ ਦੀਆਂ ਲੀਹਾਂ ’ਤੇ ਚੱਲਣ ਦੀ ਕੋਸ਼ਿਸ਼ ਕਰਨ ਵਾਲਾ ਇੱਕ ਅਸਲੋਂ ਸਧਾਰਨ ਜਿਹਾ ਬੰਦਾ!
ਬੁਰਾ ਨਹੀਂ ਲੱਗ ਰਿਹਾ ਸਗੋਂ ਖੁਦ ਨਾਲ ਹੋਰ ਜ਼ਿਆਦਾ ਪਿਆਰ ਕਰਨ ਲੱਗਾ ਹਾਂ! ਜੋ ਮਨੁੱਖ ਖੁਦ ਨਾਲ ਪਿਆਰ ਨਹੀਂ ਕਰਦਾ, ਉਹ ਦੂਸਰੇ ਨੂੰ ਭਲਾ ਕੀ ਪਿਆਰ ਕਰੇਗਾ! ਇਹੋ ਪ੍ਰੇਮ-ਭਾਵਨਾ ਹੈ ਕਿ ਮੈਂ ਆਪਣੇ ਆਪ ਨੂੰ ਸਭਨਾਂ ਮਨੁੱਖੀ ਨਸਲਾਂ ਦਾ ਇੱਕ ਸਾਂਝਾ ਪ੍ਰਤੀਨਿਧ ਸਮਝ ਰਿਹਾ ਹਾਂ!
ਬਾਬੇ ਆਦਮ ਤੇ ਬੇਬੇ ਹਵਾ ਦਾ ਜਾਇਆ!
ਮੈਂ ਕੁੱਲ ਆਲਮ ਦਾ, ਕੁੱਲ ਆਲਮ ਮੇਰਾ!
ਮੇਰੇ ਜ਼ਿਹਨ ਵਿੱਚ ਫ਼ੱਕਰ ਸ਼ਾਇਰ ਉਲਫਤ ਬਾਜਵਾ ਦਾ ਇਹ ਸ਼ਿਅਰ ਗੂੰਜ ਰਿਹਾ ਹੈ:
ਨਾ ‘ਇਹ ਸਤਾਨ’ ਮੇਰਾ, ਨਾ ‘ਉਹ ਸਤਾਨ’ ਮੇਰਾ,
ਸਾਰੇ ਜਹਾਨ ਦਾ ਮੈਂ, ਸਾਰਾ ਜਹਾਨ ਮੇਰਾ!
ਕਿਸ ਨੂੰ ਕਹਾਂ ਮੈਂ ਆਪਣਾ ਤੇ ਗ਼ੈਰ ਕਿਸ ਨੂੰ ਆਖਾਂ,
‘ਇੱਕ ਜਾਤ’ ਆਦਮੀ ਦੀ, ਇੱਕ ਖ਼ਾਨਦਾਨ ਮੇਰਾ!
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4222)
(ਸਰੋਕਾਰ ਨਾਲ ਸੰਪਰਕ ਲਈ: (