BalbirMadhopuri7ਦਲਿਤ ਸਾਹਿਤ ਸੰਬੰਧੀ ਇੱਕੋ-ਇੱਕ ਨਿੱਗਰ ਤੱਥ ਪਰਿਭਾਸ਼ਾ ਵਜੋਂ ਇਹ ਹੈ ਜੋ ਪਿਛਲੇ ਸਾਲਾਂ ਤੋਂ ਪ੍ਰਚਲਿਤ ਹੈ ਤੇ ਉਸ ਨੂੰ ਸਾਹਿਤ ਦੀ ਮੁੱਖਧਾਰਾ ਵਿਚ ...
(4 ਦਸੰਬਰ 2017)

 

ਦਲਿਤ ਅੰਦੋਲਨ:

(ਉਭਾਰ ਦਾ ਪਿਛੋਕੜ)

ਭਾਰਤੀ ਉਪ-ਮਹਾਂਦੀਪ ਵਿਚ ਸਮਾਜਿਕ ਅੰਦੋਲਨਾਂ ਦਾ ਮੁੱਢ ਆਰੀਆ ਲੋਕਾਂ ਦੇ ਇਸ ਖਿੱਤੇ ਵਿਚ ਖ਼ਾਨਾਬਦੋਸ਼ਾਂ-ਘੁਮੰਤੂਆਂ ਤੇ ਆਜੜੀਆਂ ਵਜੋਂ ਤਕਰੀਬਨ 1800 ਸਾਲ ਈਸਾ ਪੂਰਬ ਦਾਖ਼ਲ ਹੋਣ ਨਾਲ ਹੀ ਬੱਝ ਗਿਆ ਸੀ। ਉਨ੍ਹਾਂ ਕੇਂਦਰੀ ਏਸ਼ੀਆ ਦੇ ਵੱਖ-ਵੱਖ ਇਲਾਕਿਆਂ ਤੋਂ ਦੱਰਾ ਖ਼ੈਬਰ ਰਾਹੀਂ ਅਣਵੰਡੇ ਹਿੰਦੋਸਤਾਨ ਦੇ ਉੱਤਰ ਦੇ ਪਾਸਿਓਂ ਪੰਜਾਬ (ਪੰਜ ਨਦ - ਪੰਜ ਨਦੀਆਂ ਸਤਲੁਜ, ਬਿਆਸ, ਰਾਵੀ, ਚਨਾਬ ਤੇ ਜੇਹਲਮ ਭਾਵ ਪਾਣੀਆਂ ਦੇ ਭੂ-ਖੇਤਰ) ਵਿਚ ਪ੍ਰਵੇਸ਼ ਕੀਤਾ। ਭਾਵੇਂ ਉਨ੍ਹਾਂ ਗੋਰੀ-ਚਿੱਟੀ ਚਮੜੀ ਤੇ ਨੀਲੀਆਂ-ਭੂਰੀਆਂ ਅੱਖਾਂ, ਕੱਕੇ-ਭੂਰੇ ਤੇ ਕਾਲੇ ਵਾਲਾਂ ਵਾਲੇ ਆਰੀਆ ਲੋਕਾਂ ਦੀ ਗਿਣਤੀ ਬਹੁਤ ਨਿਗੂਣੀ ਸੀ ਪਰ ਸਰੀਰਕ ਪੱਖੋਂ ਉਹ ਭਰਵੇਂ ਜੁੱਸੇ ਵਾਲੇ ਤੇ ਮਜ਼ਬੂਤ ਕੱਦ-ਕੱਠੀ ਤੇ ਦ੍ਰਿੜ੍ਹ ਇਰਾਦੇ ਵਾਲੇ ਸਨ। ਉਪ-ਮਹਾਂਦੀਪ ਦੇ ਧਰਤ-ਪੁੱਤਰਾਂ ਯਾਨਿ ਮੂਲ-ਨਿਵਾਸੀਆਂ ਦਾ ਉਨ੍ਹਾਂ ਆਰੀਆ ਧਾੜਵੀਆਂ, ਲੁਟੇਰਿਆਂ, ਧੌਂਸਬਾਜ਼ਾਂ ਅਤੇ ਧਰਤੀ-ਧਨ ’ਤੇ ਕਬਜ਼ਾ ਲੈਣ ਵਾਲਿਆਂ ਦੀ ਵਿਸਤਾਰਵਾਦੀ ਆਰੀਆ (ਮਹਾਂ ਪੰਜਾਬ, ਸਿੰਧ, ਹਿਮਾਲਾ - ਦੇ ਕੁਝ ਖੇਤਰ, ਗੁਜਰਾਤ, ਰਾਜਸਥਾਨ, ਪੱਛਮੀ ਉੱਤਰ) ਰੁਚੀ ਵਿਰੁੱਧ ਟਕਰਾਅ ਹੋਣਾ ਸੁਭਾਵਿਕ ਸੀ। ਸਿੱਟੇ ਵਜੋਂ, ਆਰੀਆ ਲੋਕਾਂ ਨੇ ਇਸ ਹਰਿਆਲੇ-ਖ਼ੁਸ਼ਹਾਲੇ ਖਿੱਤੇ ਦੀ ਵਿਸ਼ਵ ਦੀ ਸਭ ਤੋਂ ਪੁਰਾਣੀ ਤੇ ਅਮੀਰ ਸਿੰਧੂ ਘਾਟੀ ਦੀ (2500 ਸਾਲ ਈਸਾ ਪੂਰਬ) ਸਭਿਅਤਾ ਤੇ ਹੜੱਪਾ ਦੀ ਸਭਿਅਤਾ ਤੇ ਸਭਿਆਚਾਰ ਨੂੰ ਤਬਾਹ ਕਰਨ ਲਈ ਪੂਰਾ ਟਿੱਲ ਲਾਇਆ। ਖਿੱਤੇ ਦੇ ਮੂਲ ਨਿਵਾਸੀਆਂ ਵਲੋਂ ਹੜੱਪਾ ਤੇ ਮੋਹਨਜੋਦੜੇ ਵਰਗੇ ਅਤਿ ਵਿਕਸਤ ਕੀਤੇ ਸ਼ਹਿਰਾਂ ਨੂੰ ਬਰਬਾਦ ਕੀਤਾ ਜਿਨ੍ਹਾਂ ਵਿਸ਼ਵ ਦੀ ਸਭਿਅਤਾ ਦੇ ਵਿਕਾਸ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਇੱਥੋਂ ਦੀ ਆਰਥਿਕਤਾ ਨੂੰ ਤਹਿਸ-ਨਹਿਸ ਕਰਨ ਤੇ ਕੁਦਰਤੀ ਸਰੋਤਾਂ ਨੂੰ ਨਸ਼ਟ ਕਰਨ ਦੇ ਉੱਦਮ ਕੀਤੇ। ਉਦਾਹਰਣ ਦੇ ਤੌਰ ਤੇ ਕਈ ਪੁਰਾਤਨ ਗ੍ਰੰਥਾਂ ਸਮੇਤ ਰਿਗਵੇਦ ਵਿਚ ਸਰਸਵਤੀ ਨਦੀ ਦਾ ਭਰਵਾਂ ਜ਼ਿਕਰ ਹੈ। ਸਰਸਵਤੀ ਦੇ ਸੁੱਕ ਜਾਣ ਦਾ ਵਰਣਨ ਵੈਦਿਕ ਰਿਚਾਵਾਂ ਵਿਚ ਵੀ ਨਹੀਂ ਮਿਲਦਾ ਤੇ ਨਾ ਹੀ ਮਹਾਂਭਾਰਤ ਵਿਚ, ਸਗੋਂ ਇਸ ਦੇ ਭਰਵੇਂ ਵਹਿਣ ਦਾ ਚਰਚਾ ਹੈ। ਪਿਛਲੇ 100 ਸਾਲ ਤੋਂ ਵੀ ਵੱਧ ਸਮੇਂ ਤੋਂ ਹੋਈਆਂ ਖੋਜਾਂ ਨੇ ਪੁਸ਼ਟੀ ਕੀਤੀ ਹੈ ਕਿ ਹਾਕੜਾ/ਘੱਗਰ ਦੇ ਸੁੱਕੇ ਨਦੀ ਤਲ ਉੱਤੇ ਹੀ ਸਰਸਵਤੀ ਵਹਿੰਦੀ ਸੀ। ਇਸ ਵਿਸ਼ੇ ’ਤੇ ਲਗਾਤਾਰ ਕੰਮ ਕਰ ਰਹੇ ਵਿਦਵਾਨਾਂ ਦਾ ਮਤ ਹੈ ਸਰਸਵਤੀ ਦੇ ਸੁੱਕਣ ਦਾ ਕਾਰਨ ਸਤਲੁਜ ਦੀ ਜਲ-ਧਾਰਾ ਬਦਲਨਾ ਸੀ। ਨਤੀਜੇ ਵਜੋਂ, ਉਹ ਸਰਸਵਤੀ ਵਿਚ ਨਾ ਮਿਲ ਕੇ ਸਿੰਧੂ ਨਦੀ ਵਿਚ ਮਿਲਣ ਲੱਗੀ। ਯਮੁਨਾ ਦੀ ਧਾਰ ਬਦਲਣ ਨੂੰ (ਪੱਛਮ ਵਿਚ ਨਾ ਵਹਿ ਕੇ ਪੂਰਬ ਵਿਚ ਗੰਗਾ ਨਾਲ ਮਿਲਣਾ) ਉਨ੍ਹਾਂ ਨੇ ਇਸ ਦਾ ਇਕ ਹੋਰ ਕਾਰਨ ਦੱਸਿਆ। (ਜਨਸੱਤਾ, ਰਵਿਵਾਰ 18 ਸਤੰਬਰ 2011, ਸਰਸਵਤੀ-ਖੋ ਗਈ ਥੀ ਜੋ ਨਦੀ - ਬਿਸ਼ਨ ਟੰਡਨ)।

ਉਪਰੋਕਤ ਵਰਣਨ ਦਾ ਅਰਥ ਭਾਰਤੀ ਉਪ-ਮਹਾਂਦੀਪ ਵਿਚ ਆਰੀਆ ਲੋਕਾਂ ਦੇ ਇੱਥੇ ਆਉਣ ਤੋਂ ਪਹਿਲਾਂ ਤੇ ਬਾਅਦ ਦੀ ਸਮਾਜਿਕ-ਆਰਥਿਕ ਸਥਿਤੀ ਨੂੰ ਸਮਝਣ ਲਈ ਤੱਥ ਹਨ ਜਿਨ੍ਹਾਂ ਜ਼ਰੀਏ ਉਨ੍ਹਾਂ ਖ਼ਾਨਾਬਦੋਸ਼ਾਂ-ਘੁਮੰਤੂਆਂ ਨੇ ਆਪਣੇ ਪੈਰ ਪੱਕੇ ਜਮਾਉਣ, ਸੱਤਾ ਪ੍ਰਾਪਤੀ ਲਈ ਹਰ ਹੀਲਾ ਵਰਤਦਿਆਂ ਸਥਾਨਕ ਵਸੋਂ ਨੂੰ ਗੁਲਾਮ ਬਣਾਉਣ ਦਾ ਜਤਨ ਕੀਤਾ। ਉਨ੍ਹਾਂ ਮੂਲ-ਨਿਵਾਸੀਆਂ ਵਿਚ ਪਾੜਾ ਤੇ ਪੁਆੜਾ ਪਾਉਣ ਲਈ ਚਾਰ ਵਰਣਾਂ/ਵਰਗਾਂ ਦੀ ਸਿਰਜਨਾ ਕੀਤੀ ਜਿਵੇਂ ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰ। ਸ਼ੂਦਰਾਂ ਨੂੰ ਆਪਣੇ ਤੋਂ ਉੱਪਰਲੇ ਤਿੰਨ ਵਰਣਾਂ ਲਈ ‘ਸੇਵਾ ਅਧਿਕਾਰ’ ਦੀ ਜ਼ਿੰਮੇਵਾਰੀ ਲਾਈ ਤੇ ਐਲਾਨਿਆ ਕਿ ਇਸ ਸਾਰੇ ਸਿਲਸਿਲੇ ਤੇ ਵਰਣ-ਧਰਮ ਦੀ ਸਥਾਪਨਾ ਪ੍ਰਮਾਤਮਾ ਦੇ ਹੁਕਮ ਨਾਲ ਹੈ ਤੇ ਇਸ ਦੀ ਅਵੱਗਿਆ ਕੋਈ ਵਰਣ ਜਾਂ ਵਿਅਕਤੀ ਨਹੀਂ ਕਰ ਸਕਦਾ। ਸ਼ੂਦਰਾਂ ਨੂੰ ਨਾਗਾ, ਰਾਖ਼ਸ਼, ਅਸੁਰ, ਦਿਰਾਵੜ, ਦਾਨਵ, ਨਿਸ਼ਾਦ, ਕਿੰਨਰ ਆਦਿ ਨਾਂ ਦੇ ਕੇ ਅਪਮਾਨਤ ਕੀਤਾ। ਉਨ੍ਹਾਂ ਮਨੁੱਖ ਜਾਤੀ ਦੀ ਅੱਧੀ ਵਸੋਂ ਯਾਨਿ ਔਰਤ ਦਾ ਸਮਾਜਿਕ ਰੁਤਬਾ ਪਾਪ ਯੋਨੀ ਕਹਿ ਕੇ ਅਤਿ ਨਿਮਨ ਕਰ ਕੇ ਪ੍ਰਚਲਿਤ ਕੀਤਾ। ਸੀਨਾਜ਼ੋਰੀ ਤੇ ਧੱਕੇਸ਼ਾਹੀ ਇੱਥੇ ਹੀ ਖ਼ਤਮ ਨਾ ਹੋਈ। ਆਰੀਆ ਸਮੂਹਾਂ ਨੇ ਮੂਲ ਨਿਵਾਸੀ ਵਸੋਂ ਨੂੰ ਡਰਾਉਣ-ਧਮਕਾਉਣ, ਆਪਣੇ ਖ਼ੂੰਖਾਰ ਤੇ ਖ਼ੌਫਨਾਕ ਹੋਣ ਦਾ ਸਬੂਤ ਦੇਣ ਲਈ ਉਨ੍ਹਾਂ ਦੀ ਨਰ-ਬਲੀ ਤੇ ਇਸਤਰੀ ਸਤੀ ਪ੍ਰਥਾ ਚਲਾਈ। ਉਹ ‘ਜਗ’ ਦੇ ਨਾਂ ’ਤੇ ਸੈਂਕੜੇ-ਹਜ਼ਾਰਾਂ ਪਸ਼ੂਆਂ ਤੇ ਪੰਛੀਆਂ ਦੀ ਬਲੀ ਦਿੰਦੇ। ਮੂਲ ਨਿਵਾਸੀਆਂ ਵਲੋਂ ਇਸ ਦਾ ਵਿਰੋਧ ਕੁਦਰਤੀ ਸੀ ਕਿਉਂਕਿ ਪਸ਼ੂ-ਪਾਲਣ ਉਨ੍ਹਾਂ ਦੀ ਰੋਟੀ-ਰੋਜ਼ੀ ਦਾ ਮੁੱਖ ਸਾਧਨ ਸੀ। ਸ਼ਰਾਬਨੋਸ਼ੀ, ਜੂਏਬਾਜ਼ੀ, ਵਿਭਚਾਰਪੁਣਾ, ਅਨੈਤਿਕ ਪਰਿਵਾਰਕ ਸੰਬੰਧਾਂ ਦਾ ਆਰੀਆ ਲੋਕਾਂ ਵਿਚਾਲੇ ਪ੍ਰਚਲਣ ਆਮ ਸੀ। (ਵਧੇਰੇ ਵੇਰਵੇ ਲਈ ਦੇਖੋ: Glimpse of Dalit Literature, Edited by Dr. V. Munivenkatappa­).

ਆਰੀਆ ਲੋਕਾਂ ਨੇ ਆਪਣੀ ਸਰਵੋਤਮਤਾ ਨੂੰ ਹੋਰ ਮਜ਼ਬੂਤ ਕਰਨ ਲਈ ਵਰਣ-ਵਿਵਸਥਾ ਦੇ ਨਾਲ ਜਾਤ ਪ੍ਰਣਾਲੀ ਨੂੰ ਪ੍ਰਚਲਿਤ ਕਰ ਕੇ ਭਾਰਤੀ ਉਪ-ਮਹਾਂਦੀਪ ਦੀ ਮੂਲ ਨਿਵਾਸੀ ਵਸੋਂ ਦਾ ਹੋਰ ਵੀ ਅਮਾਨਵੀਕਰਨ ਕੀਤਾ ਤੇ ਇਸ ਦਾ ਪ੍ਰਚਾਰ-ਪ੍ਰਸਾਰ ਆਪਣੇ ਧਾਰਮਿਕ ਗ੍ਰੰਥਾਂ ਰਾਹੀਂ ਕੀਤਾ। ‘ਮਨੁ ਸਮ੍ਰਿਤੀ’ ਇਨ੍ਹਾਂ ਤੱਥਾਂ ਦੀ ਵੇਰਵੇ ਸਹਿਤ ਪੁਸ਼ਟੀ ਕਰਦਾ ਗ੍ਰੰਥ ਹੈ। ਉਦਾਹਰਣ ਵਜੋਂ, ਡਾ. ਬੀ. ਆਰ. ਅੰਬੇਡਕਰ ਆਪਣੀ ਪੁਸਤਕ ‘ਹੂ ਵਰ ਦਿ ਸ਼ੂਦਰਾਜ਼’ ਦੀ ਪ੍ਰਸਤਾਵਨਾ ਦੇ ਪੰਨਾ 8-9 ਉੱਤੇ ਲਿਖਦੇ ਹਨ: ‘ਜਿਨ੍ਹਾਂ ਪੁਸਤਕਾਂ ਨੂੰ ਪਵਿੱਤਰ ਗ੍ਰੰਥ ਕਿਹਾ ਜਾਂਦਾ ਹੈ ਉਹ ਅਜਿਹੀਆਂ ਜਾਲਸਾਜ਼ੀਆਂ ਨਾਲ ਭਰੇ ਪਏ ਹਨ ਜਿਨ੍ਹਾਂ ਦੀ ਪ੍ਰਵਿਰਤੀ ਰਾਜਨੀਤਕ ਹੈ, ਜਿਨ੍ਹਾਂ ਦੀ ਰਚਨਾ ਪੱਖਪਾਤੀ ਤੇ ਜਿਨ੍ਹਾਂ ਦਾ ਮੰਤਵ ਤੇ ਮਨੋਰਥ ਹੈ ਕਪਟ ਤੇ ਛਲ। ਮੈਨੂੰ ਉਨ੍ਹਾਂ ਦੀਆਂ ਧਮਕੀਆਂ ਜਾਂ ਆਲੋਚਨਾ ਦੀ ਕੋਈ ਪਰਵਾਹ ਨਹੀਂ ਕਿਉਂਕਿ ਮੈਨੂੰ ਇਹ ਚੰਗੀ ਤਰ੍ਹਾਂ ਪਤਾ ਹੈ ਕਿ ਇਹ ਅਜਿਹੇ ਜਾਅਲੀ ਮੱਲਾਹ ਹਨ ਜਿਨ੍ਹਾਂ ਨੇ ਆਪਣੇ ਧਰਮ ਦੀ ਸੁਰੱਖਿਆ ਦਾ ਬਹਾਨਾ ਕਰਦਿਆਂ-ਕਰਦਿਆਂ ਉਸ (ਧਰਮ) ਨੂੰ ਆਪਣਾ ਵਪਾਰ ਬਣਾ ਲਿਆ ਹੈ। ਸਮੁੱਚੇ ਸੰਸਾਰ ਵਿਚ ਉਨ੍ਹਾਂ ਵਰਗਾ ਸੁਆਰਥੀ ਵਰਗ ਕੋਈ ਨਹੀਂ ਹੈ।’

ਸਵਾਲ ਪੈਦਾ ਹੈ ਕਿ ਆਖ਼ਿਰ ਆਰੀਆ ਹੈਨ ਕੌਣ? ਇਸ ਦਾ ਸੰਖੇਪ ਤੇ ਸਪਸ਼ਟ ਜਵਾਬ ਜਰਮਨ ਤਾਨਾਸ਼ਾਹ ਅਡੋਲਫ ਹਿਟਲਰ (1889-1945) ਦੀ ਸਵੈਜੀਵਨੀ ਮੇਰਾ ਸੰਘਰਸ਼ (My Struggle - Mein Kampt) ਵਿੱਚੋਂ ਲੱਭਿਆ ਜਾ ਸਕਦਾ ਹੈ। ਇਸ ਪੁਸਤਕ ਵਿਚ ਲੰਮੀ-ਚੌੜੀ ਚਰਚਾ ਦਰਜਨਾਂ ਪੰਨਿਆਂ ਉੱਤੇ ਫ਼ੈਲੀ ਹੋਈ ਹੋਈ ਹੈ। ਭਾਰਤ ਵਿਚ ਆਰੀਅਨ ਦੇ ਫੈਲਣ ਤੇ ਸੱਤਾ ’ਤੇ ਕਾਬਜ਼ ਹੋਣ ਦੇ ਵਿਸਥਾਰ ਸਹਿਤ ਹਵਾਲੇ ਹਨ। ਇੱਥੇ ਸਿਰਫ਼ ਉਦਾਹਰਣ ਵਜੋਂ ਹੀ ਆਰੀਆ ਲੋਕਾਂ ਬਾਰੇ ਟਿੱਪਣੀ ਦੇਖੀ ਜਾ ਸਕਦੀ ਹੈ ਜੋ ‘ਮੇਰਾ ਸੰਘਰਸ਼’ (ਸਵੈਜੀਵਨੀ) ਦੇ ਕਾਂਡ 11, ਪੰਨਾ 121 (ਪ੍ਰਕਾਸ਼ਕ ਗ੍ਰੇਟ ਬ੍ਰਿਟੇਨ ਫਾਰ ਹਰਸਟ ਐਂਡ ਬਲੈਕੈੱਟ ਲਿਮਟਿਡ, ਪੋਟਰਨੋਸਟਰ ਹਾਊਸ, ਲੰਡਨ, 1938) ਉੱਤੇ ਇਉਂ ਦਰਜ ਹੈ:

ਜੇ ਅਸੀਂ ਮਾਨਵ ਜਾਤੀ ਨੂੰ ਤਿੰਨ ਵਰਗਾਂ ਵਿਚ ਵੰਡਦੇ ਹਾਂ - ਸਭਿਆਚਾਰ ਦੇ ਮੋਢੀ, ਸਭਿਆਚਾਰ ਦੇ ਵਾਹਕ ਤੇ ਸਭਿਆਚਾਰ ਦੇ ਨਾਸ਼ਕ ਤਾਂ ਆਰੀਆ (ਜਿਨ੍ਹਾਂ ਨੂੰ ਹਿਟਲਰ ਖ਼ਾਨਾਬਦੋਸ਼ - ਘੁਮੰਤੂ ਲਿਖਦਾ ਹੈ) ਇਕੱਠੇ ਹੀ ਪਹਿਲੀ ਸ਼੍ਰੇਣੀ ਦੀ ਪ੍ਰਤਿਨਿਧਤਾ ਕਰਨੇ ਵਾਲਿਆਂ ਵਜੋਂ ਵਿਚਾਰੇ ਜਾ ਸਕਦੇ ਹਨ … ਆਰੀਆ ਨਸਲਾਂ ਨੇ ਆਪਣੀ ਨਿਗੂਣੀ ਗਿਣਤੀ ਸਦਕਾ ਹੀ ਊਟਪਟਾਂਗ ਢੰਗ ਨਾਲ ਵਿਦੇਸ਼ੀ ਕੌਮਾਂ ਨੂੰ ਅਕਸਰ ਬਰਬਾਦ ਕੀਤਾ ਤੇ ਨਿਮਨ ਸ਼੍ਰੇਣੀ ਦੇ ਲੋਕਾਂ ਨੇ ਸਹਾਇਤਾ ਕੀਤੀ ਜਿਹੜੇ ਉਨ੍ਹਾਂ ਦੀ ਮਦਦ ਲਈ ਉਨ੍ਹਾਂ ਦੇ ਅਧਿਕਾਰ ਹੇਠ ਹਨ, ਕਬਜ਼ਾ ਕੀਤੇ ਇਲਾਕਿਆਂ ਦੀ ਉਪਜਾਇਕਤਾ, ਪੌਣ-ਪਾਣੀ ਵਿਚ ਜੀਵਨ ਲਈ ਵਿਸ਼ੇਸ਼ ਸਥਿਤੀਆਂ ਦੇ ਅਨੁਸਾਰ ਆਦਿ … ਲਈ ਉਹ ਵਿਕਾਸ ਵਾਸਤੇ ਚਾਲੇ ਪਾਉਂਦੇ ਹਨ।”

ਉੱਪਰਲੇ ਹਵਾਲਿਆਂ ਵਿੱਚੋਂ ਆਰੀਆ ਲੋਕਾਂ ਦੀ ਬਿਰਤੀ ਤੇ ਪ੍ਰਵਿਰਤੀ ਦਾ ਸਹਿਜ ਹੀ ਪਤਾ ਲੱਗ ਜਾਂਦਾ ਹੈ। ਭਾਰਤੀ ਉਪ-ਮਹਾਂਦੀਪ ਵਿਚ ਉਨ੍ਹਾਂ ਦੀ ਦਮਨਕਾਰੀ ਨੀਤੀ ਰਾਜਸੀ ਮਨੋਰਥਾਂ ਦੀ ਪ੍ਰਾਪਤੀ ਲਈ ਸਮਾਜਿਕ-ਵਿਵਸਥਾ ਉੱਤੇ ਕੇਂਦਰਿਤ ਹੋ ਕੇ ਰਹਿ ਗਈ। ਆਪਣੀ ਸਮਰੱਥਾ ਅਨੁਸਾਰ ਖਿੱਤੇ ਦੇ ਮੂਲ ਨਿਵਾਸੀ ਉਨ੍ਹਾਂ ਨਾਲ ਟਕਰਾਉਂਦੇ ਰਹੇ ਤੇ ਉਹ ਆਪਣੀ ਪਛਾਣ ਬਰਕਰਾਰ ਰੱਖਣ, ਆਪਣੇ ਧਰਤੀ, ਧਨ ਤੇ ਧਰਮ (ਆਦਿ ਧਰਮ, ਮੂਲ ਨਿਵਾਸੀਆਂ ਦਾ ਮਾਨਵਵਾਦੀ ਧਰਮ) ਦੀ ਸੁਰੱਖਿਆ ਲਈ ਲਗਾਤਾਰ ਸੰਘਰਸ਼ ਕਰਦੇ ਰਹੇ। ਇਹ ਟਕਰਾਅ ਮੁਖੀ ਅੰਦੋਲਨ ਸਦੀਆਂ ਤੋਂ ਚਲਦਾ ਆ ਰਿਹਾ ਹੈ।

**

ਜਾਤ-ਪਾਤ ਵਿਰੁੱਧ:

ਭਗਤੀ ਅੰਦੋਲਨ

ਮੱਧ-ਕਾਲ ਵਿਚਲੇ ਭਗਤੀ ਅੰਦੋਲਨ ਨੇ ਜਾਤਪਾਤ, ਛੂਤਛਾਤ, ਬ੍ਰਾਹਮਣਵਾਦ ਤੇ ਕਰਮ-ਕਾਂਡ ਦੀ ਮਿਥਿਆ, ਵਹਿਮ-ਭਰਮ, ਆਡੰਬਰ, ਪਾਖੰਡ ਤੇ ਦੰਭ ਵਿਰੁੱਧ ਪ੍ਰਵਚਨ ਲਹਿਰ ਚਲਾਈ। ਇਸ ਦੇ ਮੁੱਖ ਸੰਚਾਲਕਾਂ ਵਿਚ ਮਹਾਂਰਾਸ਼ਟਰ ਦੇ ਸੰਤ ਨਾਮਦੇਵ (1270-1350) ਦਾ ਨਾਂ ਉੱਘੜਵਾਂ ਹੈ। ਉਨ੍ਹਾਂ ਉੱਤਰ ਭਾਰਤ ਦੇ ਮਹਾਂ ਪੰਜਾਬ ਤਕ ਵਰਣ-ਧਰਮ ਉੱਤੇ ਆਪਣੇ ਪ੍ਰਵਚਨਾਂ ਤੇ ਰਚਨਾਤਮਕ ਬਾਣੀ ਰਾਹੀਂ ਵਰਣ-ਧਰਮ, ਰੰਗ ਭੇਤ, ਜਾਤਪਾਤ ਤੇ ਛੂਤਛਾਤ ਦੀਆਂ ਚਾਲਾਂ ’ਤੇ ਤਿੱਖੇ ਹਮਲੇ ਕੀਤੇ। ਜਿਵੇਂ:

ਚੰਦੀ ਹਜਾਰ ਆਲਮ ਏਕਲ ਖਾਨਾਂ॥
ਹਮ ਚੀਨੀ ਪਾਤਸਾਹ ਸਾਂਵਲੇ ਬਰਨਾਂ॥3॥

-ਆਦਿ ਗ੍ਰੰਥ, ਪੰਨਾ 727.

ਇਸੇ ਤਰ੍ਹਾਂ ਹੀ ਗੁਰੂ ਰਵਿਦਾਸ ਤੇ ਗੁਰੂ ਕਬੀਰ ਜੋ ਸਮਕਾਲੀ ਸਨ, ਨੇ ਮਿਲ ਕੇ ਵਿਚਾਰਧਾਰਕ ਨਿਮਨ ਜਾਤੀਆਂ ਤੇ ਸ਼ੂਦਰਾਂ ਵਿਚਾਲੇ ਪ੍ਰਚਾਰਿਆ ਕਿ ਸਭਨਾਂ ਮਨੁੱਖਾਂ ਦੇ ਹੱਡ-ਮਾਸ, ਨਾੜੀ, ਪਿੰਜਰ ਤੇ ਸਾਰੇ ਅੰਗ ਇੱਕੋ ਜਿਹੇ ਤੇ ਇੱਕੋ ਜਿੰਨੇ ਹਨ, ਸਰੀਰਾਂ ਅੰਦਰ ਲਾਲ ਰੰਗ ਦਾ ਖ਼ੂਨ ਹੀ ਵਗਦਾ ਹੈ, ਸੋ, ਸਾਰੇ ਬਰਾਬਰ ਹਨ। ਉੱਤਮ, ਨੀਚ, ਜਾਤਪਾਤ ਤੇ ਛੂਤਛਾਤ ਇਕ ਵਿਸ਼ੇਸ਼ ਵਰਗ ਦੀ ਸਿਰਜੀ ਹੋਈ ਹੈ। ਇਸ ਕਲਪਿਤ ਸਮਾਜਿਕ ਵਿਵਸਥਾ ਉੱਤੇ ਕਬੀਰ ਸਾਹਿਬ ਵਿਅੰਗ ਕਰਦੇ ਹੋਏ ਲਿਖਦੇ ਹਨ:

ਜੌ ਤੂੰ ਬ੍ਰਾਹਮਣ ਬ੍ਰਹਮਣੀ ਜਾਇਆ॥ ਤਊ ਆਨ ਬਾਟ ਕਾਹੇ ਨਹੀਂ ਆਇਆ॥
ਤੁਮ ਕਤ ਬ੍ਰਾਹਮਣ ਹਮ ਕਤ ਸੂਦ॥ ਹਮ ਕਤ ਲੋਹੂ ਤੁਮ ਕਤ ਦੂਧ॥

-ਆਦਿ ਗ੍ਰੰਥ, ਪੰਨਾ 324

ਵੇਦ ਕੀ ਪੁਤ੍ਰੀ ਸਿੰਮ੍ਰਿਤੀ ਭਾਈ॥ ਸਾਂਕਲ ਜੇਵਰੀ ਲੈ ਹੈ ਆਈ॥1॥

-ਆਦਿ ਗ੍ਰੰਥ, ਪੰਨਾ 329

ਇੰਜ ਕਬੀਰ ਸਾਹਿਬ ਵੇਦਾਂ ਤੇ ਉਨ੍ਹਾਂ ਦੀਆਂ ਸਹਾਇਕ ਪੋਥੀਆਂ, ਸਮ੍ਰਿਤੀਆਂ ਨੂੰ ਮੂਲੋਂ ਹੀ ਰੱਦ ਕਰਦੇ ਹਨ ਜਿਨ੍ਹਾਂ ਨੇ ਮਨੁੱਖ ਨੂੰ ਸੰਕੀਰਣਤਾ ਦੀਆਂ ਅੰਨ੍ਹੀਆਂ ਗਲ਼ੀਆਂ ਵਿਚ ਧੱਕਿਆ। ਇਸ ਸੋਚ ਉੱਤੇ ਉਨ੍ਹਾਂ ਬੜੇ ਹੀ ਤਰਕ ਨਾਲ ਵਦਾਣੀ ਸੱਟ ਮਾਰੀ ਹੈ। ਇਉਂ ਹੀ ਗੁਰੂ ਰਵਿਦਾਸ ਨੇ ਆਪਣੀਆਂ ਰਚਨਾਵਾਂ ਵਿਚ ਇਕ ਅਜਿਹੇ ਸਮਾਜ ਦੀ ਸਿਰਜਣਾ ਦਾ ਸੰਕਲਪ ਦਿੱਤਾ ਜੋ ਬ੍ਰਾਹਮਣਵਾਦੀ ਵਰਣ-ਵਿਵਸਥਾ ਨੂੰ ਲਲਕਾਰਦਾ ਹੈ। ਉਦਾਹਰਣ ਵਜੋਂ:

ਬੇਗਮ ਪੁਰਾ ਸਹਰ ਕੋ ਨਾਉ॥ ਦੂਖੁ ਅੰਦੋਹੁ ਨਹੀ ਤਿਹਿ ਠਾਉ॥
ਨਾਂ ਤਸਵੀਸ ਖਿਰਾਜੁ ਨ ਮਾਲ॥ ਖਉਫੁ ਨ ਖਤਾ ਨ ਤਰਸੁ ਜਵਾਲੁ॥
ਅਬ ਮੋਹਿ ਖੂਬ ਵਤਨ ਗਹ ਪਾਈ॥ ਊਹਾਂ ਖੈਰਿ ਸਦਾ ਮੇਰੇ ਭਾਈ॥1॥ਰਹਾਉ॥

ਕਾਇਮੁ ਦਾਇਮੁ ਸਦਾ ਪਾਤਿਸਾਹੀ॥ ਦੋਮ ਨ ਸੇਮ ਏਕ ਸੋ ਆਹੀ॥
ਆਬਾਦਾਨੁ ਸਦਾ ਮਸਹੂਰ॥ ਊਹਾਂ ਗਨੀ ਬਸਹਿ ਮਾਮੂਰ॥2॥
ਤਿਉ ਤਿਉ ਸੈਲ ਕਰਹਿ ਜਿਉ ਭਾਵੈ॥ ਮਹਰਮ ਮਹਲ ਨ ਕੋ ਅਟਕਾਵੈ॥
ਕਹਿ ਰਵਿਦਾਸ ਖਲਾਸ ਚਮਾਰਾ॥ ਜੋ ਹਮ ਸਹਰੀ ਸੁ ਮੀਤੁ ਹਮਾਰਾ॥3॥2॥

-ਆਦਿ ਗ੍ਰੰਥ, ਪੰਨਾ 345

ਭਾਵ ‘ਦੁੱਖ, ਤਕਲੀਫ਼ ਮੁਕਤ ਸ਼ਹਿਰ’ ਜੋ ਜਾਤ-ਰਹਿਤ, ਵਰਣ-ਰਹਿਤ ਸਮਾਜ, ਇਕ ਆਧੁਨਿਕ ਸਮਾਜ, ਮੰਦਰਾਂ ਦੇ ਜ਼ਿਕਰ ਤੋਂ ਰਹਿਤ; ਸ਼ਹਿਰੀ ਸਮਾਜ, ਉਹ ਖਿੱਤਾ ਜਿਸ ਵਿਚ ਵਿਚਰਨ ਵਾਸਤੇ ਕੋਈ ਟੈਕਸ ਨਹੀਂ ਦੇਣਾ ਪੈਂਦਾ ਜਾਂ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ, ਮਨੁੱਖਾਂ ਦੀ ਜਿੱਥੇ ਦਰਜਾਬੰਦੀ ਨਹੀਂ, ਸਗੋਂ ਸਾਰੇ ਬਰਾਬਰ ਹਨ। ਗੁਰੂ ਗ੍ਰੰਥ ਸਾਹਿਬ ਵਿਚ ਦਰਜ ਇਸ ਸ਼ਬਦ ਦੇ ਅਖੀਰ ਵਿਚ ਕਵੀ ਰਵਿਦਾਸ ਕਹਿੰਦੇ ਹਨ ਕਿ ਮੈਂ ਚਮਾਰ ਜਾਤੀ ਨਾਲ ਸੰਬੰਧਿਤ ਬੰਦਾ ਆਜ਼ਾਦ ਹੋ ਚੁੱਕਾ ਹਾਂ ਤੇ ਆਪਣੇ ਮਿੱਤਰਾਂ ਨਾਲ ਆਜ਼ਾਦ ਹੋ ਕੇ ਘੁੰਮਦਾ-ਫਿਰਦਾ ਹਾਂ, ਕਿਧਰੇ ਵੀ ਆਉਣ-ਜਾਣ ਦਾ ਹੱਕ ਹੈ, ਸ਼ਹਿਰ ਜਾਂ ਪਿੰਡ। ਇਕ ਹੋਰ ਕਵਿਤਾ (ਸ਼ਬਦ) ਵਿਚ ਨਿਮਨ ਜਾਤੀ ਕਹੇ ਜਾਂਦੇ ਲੋਕਾਂ ਨੂੰ ਮਿਲ ਕੇ ਰਹਿਣ ਦਾ ਸੰਦੇਸ਼ ਦਿੰਦੇ ਹਨ:

ਤੁਮ ਮਖਤੂਲ ਸੁਪੇਦ ਸਪੀਅਲ ਹਮ ਬਪੁਰੇ ਜਸ ਕੀਰਾ॥
ਸਤਿਸੰਗ ਮਿਲ ਰਹੀਐ ਮਾਧਓੁ ਜੈਸੇ ਮਧੁਪ ਮਖੀਰਾ॥2॥

-ਆਦਿ ਗ੍ਰੰਥ, ਪੰਨਾ 486.

ਉਪਰੋਕਤ ਤੁਕਾਂ ਦਾ ਆਦਿ ਯਾਨਿ ਮੂਲ ਨਿਵਾਸੀ ਦ੍ਰਿਸ਼ਟੀ ਤੋਂ ਇਸ ਦੀ ਸੰਖੇਪ ਵਿਆਖਿਆ ਇਸ ਤਰ੍ਹਾਂ ਹੈ: ਕਿ ਆਦਿ ਵਾਸੀਆਂ/ਆਦਿ ਲੋਕਾਂ ਦੇ ਸਮੂਹਾਂ ਨੂੰ ਇਉਂ ਮਿਲ ਕੇ ਰਹਿਣਾ ਚਾਹੀਦਾ ਹੈ ਜਿਵੇਂ ਸ਼ਹਿਦ ਦੀਆਂ ਮੱਖੀਆਂ ਇੱਕੋ ਛੱਤੇ ਉੱਤੇ ਰਹਿੰਦੀਆਂ-ਬਹਿੰਦੀਆਂ ਹਨ। ਉਹ ਆਪਣੀ ਆਗੂ ਮੱਖੀ ਦੇ ਫਰਮਾਨਾਂ ਨੂੰ ਮੰਨਦੀਆਂ ਹੋਈਆਂ ਹਰਕਤ ਵਿਚ ਆ ਕੇ ਆਪਣੇ ਟੀਚੇ ਨੂੰ ਪ੍ਰਾਪਤ ਕਰਦੀਆਂ ਹਨ। ਉਹ ਦੂਰ-ਦੂਰ ਦੇ ਇਲਾਕਿਆਂ ਵਿਚ ਜਾ ਕੇ ਪੂਰੀ ਤਨਦੇਹੀ ਨਾਲ ਮਿਹਨਤ ਕਰ ਕੇ ਕਤਰਾ-ਕਤਰਾ ਸ਼ਹਿਦ ਇਕੱਤਰ ਕਰਦੀਆਂ ਹਨ। ਆਪਣੀ ਇਸ ਵਿਰਾਸਤ ਨੂੰ ਲੋਕ ਕਲਿਆਣ ਹਿਤ ਉਨ੍ਹਾਂ ਦੇ ਜੀਵਨ ਨੂੰ ਮਿਠਾਸ ਬਖ਼ਸ਼ਦੀਆਂ ਹਨ। ਆਪਸੀ ਸਾਂਝ ਭਰੇ ਸਲੂਕ ਦੀ ਉਦਾਹਰਣ ਬਣਦੀਆਂ ਹਨ। ਪਰ ਜੇ ਕੋਈ ਬਾਹਰੀ ਤਾਕਤ ਹਮਲੇ ਕਰੇ ਤਾਂ ਉਸ ਨੂੰ ਆਪਣਾ ਦੁਸ਼ਮਣ ਮੰਨ ਕੇ ਚੁਫੇਰਿਓਂ ਧਾਵਾ ਬੋਲਦੀਆਂ ਹਨ ਕਿ ਉਨ੍ਹਾਂ ਨੂੰ ਘਰੋਂ-ਬੇਘਰ ਕਰਨ ਦੀ ਮਨਸ਼ਾ ਨਾਲ ਉਨ੍ਹਾਂ ਵਲ ਉਂਗਲ ਚੁੱਕਣ ਵਾਲਿਆਂ ਨੂੰ ਬਰਦਾਸ਼ਤ ਨਹੀਂ ਕਰਦੀਆਂ ਸਗੋਂ ਜਾਨਲੇਵਾ ਰੂਪ ਅਖ਼ਤਿਆਰ ਕਰ ਲੈਂਦੀਆਂ ਹਨ। ਇਕੱਠ ਵਿਚ ਬਰਕਤਾਂ ਹਨ ਤੇ ਇਕੱਠ ਹੈ ਲੋਹੇ ਦੀ ਲੱਠ। ਇਉਂ ਕਵੀ ਗੁਰੂ ਰਵਿਦਾਸ ਨੇ ਹੱਕਾਂ ਦੀ ਰਖਵਾਲੀ ਤੇ ਖੁਸੇ ਹੱਕਾਂ ਨੂੰ ਹਾਸਿਲ ਕਰਨ ਦੀ ਜੁਗਤ ਦੱਸੀ ਹੈ। ਇਉਂ ਉਨ੍ਹਾਂ ਮੂਲ ਨਿਵਾਸੀਆਂ ਤੇ ਸਾਰੇ ਕਾਰੀਗਰ ਭਾਈਚਾਰਿਆਂ ਨੂੰ ਇਕਜੁੱਟ ਕਰਨ ਦੀ ਵਾਹ ਲਾਈ। ਗੌਰਤਲਬ ਹਕੀਕਤ ਇਹ ਹੈ ਮੱਧ ਕਾਲ ਦੇ ਜਾਤਪਾਤ ਤੇ ਛੂਤਛਾਤ ਵਿਰੋਧੀ 15 ਸੰਤ-ਕਵੀਆਂ ਜੋ ਬੰਗਾਲ, ਰਾਜਪੂਤਾਨਾ, ਪੰਜਾਬ, ਮਹਾਂਰਾਸ਼ਟਰ, ਸਿੰਧ, ਉੱਤਰ ਪ੍ਰਦੇਸ਼ ਤੇ ਅਵਧ ਆਦਿ ਦੇ ਸਨ ਤੇ ਉਨ੍ਹਾਂ ਦੀਆਂ ਰਚਨਾਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ ਤੇ ਅੱਗੇ ਜਾ ਕੇ ਗੁਰੂ ਸਾਹਿਬਾਨ ਨੇ ਭਗਤੀ ਅੰਦੋਲਨ ਦੀ ਵਿਚਾਰਧਾਰਾ ਨੂੰ ਗੁਰਮਤਿ ਦੇ ਰੂਪ ਵਿਚ ਪ੍ਰਚਾਰਿਆ। ਇਸ ਦ੍ਰਿਸ਼ਟੀ ਤੋਂ ਕਈ ਵਿਦਵਾਨ ਗੁਰੂ ਗ੍ਰੰਥ ਦੀ ਸਮੁੱਚੀ ਟੈਕਸਟ ਨੂੰ ਦਲਿਤ ਟੈਕਸਟ ਵਜੋਂ ਵੀ ਵਿਚਾਰਦੇ ਹਨ। ਸਿੱਖ ਗੁਰੂਆਂ ਨੇ ਸੰਸਕ੍ਰਿਤ ਤੇ ਉਹਦੀ ਸੰਸਕ੍ਰਿਤੀ ਨੂੰ ਨਾ ਸਵੀਕਾਰਿਆ ਸਗੋਂ ਉਨ੍ਹਾਂ ਮੂਰਤੀ ਪੂਜਾ ਤੇ ਕਰਮ-ਕਾਂਡ ਦਾ ਖੰਡਨ ਕੀਤਾ ਤੇ ਆਪਣੀ ਸਥਾਨਕ ਬੋਲੀ ਪੰਜਾਬੀ/ਗੁਰਮੁਖੀ ਵਿਚ ਆਪਣੇ ਬੁਲੰਦ ਵਿਚਾਰਾਂ ਨੂੰ ਪ੍ਰਗਟਾਇਆ ਤੇ ਨਾਲ ਹੀ ‘ਮਾਨਸ ਕੀ ਜਾਤ ਸਬੈ ਏਕੋ ਪਹਿਚਾਨਬੋ’ ਦਾ ਨਾਅਰਾ ਹਕੀਕਤ ਵਿਚ ਬਦਲਣ ਦਾ ਸੰਦੇਸ਼ ਦਿੱਤਾ।

**

ਪੰਜਾਬ ਵਿਚ ਆਦਿ ਧਰਮ ਅੰਦੋਲਨ ਤੇ ਸਮਾਜਿਕ ਸਥਿਤੀਆਂ:

ਪੰਜਾਬ 1920ਵਿਆਂ ਵਿਚ ਸਮੁੱਚੇ ਹਿੰਦੁਸਤਾਨ ਵਾਂਗ ਊਚ-ਨੀਚ, ਛੂਤ-ਛਾਤ, ਭਿੱਟ ਅਤੇ ਜਾਤਪਾਤ ਦੇ ਬੇਰਹਿਮ ਸ਼ਿਕੰਜੇ ਵਿਚ ਕੱਸਿਆ ਹੋਇਆ ਸੀ। ਅਛੂਤਾਂ/ਆਦਿ ਧਰਮੀਆਂ, ਅੱਜ ਦੀਆਂ ਅਨੁਸੂਚਿਤ ਜਾਤੀਆਂ ਯਾਨਿ ਦਲਿਤ ਲੋਕਾਂ ਨੂੰ ਕਾਵਾਂ ਤੇ ਕੁੱਤਿਆਂ, ਬਿੱਲੀਆਂ ਨਾਲੋਂ ਵੀ ਗਏ ਗੁਜ਼ਰੇ ਸਮਝਿਆ ਜਾਂਦਾ ਸੀ। ਉਨ੍ਹਾਂ ਤੋਂ ਕਈ ਤਰ੍ਹਾਂ ਦੀ ਬੇਗਾਰ ਕਰਵਾਈ ਜਾਂਦੀ ਸੀ। ਜਿਵੇਂ ਕਿਸੇ ਪੁਲਸੀਏ ਨੂੰ ਸਰਕਾਰੀ ਮੁਲਾਜ਼ਮ ਵਜੋਂ ਪਿੰਡ ਆਉਣਾ-ਜਾਣਾ ਪਵੇ ਤਾਂ ਉਹਦਾ ਸਾਮਾਨ, ਬਿਸਤਰਾ ਠਾਣੇ ਤੋਂ ਲਿਆਉਣਾ ਤੇ ਲਿਜਾਣਾ। ਠਾਣੇਦਾਰ ਦੀ ਘੋੜੀ ਲਈ ਘਾਹ ਦਾ ਪ੍ਰਬੰਧ ਕਰਨਾ। ਲੰਬੜਦਾਰ, ਸਫ਼ੈਦਪੋਸ਼ ਤੇ ਜ਼ੈਲਦਾਰ ਦੀਆਂ ਘੋੜੀਆਂ ਦੀਆਂ ਵਾਗਾਂ ਫੜ ਕੇ ਨਾਲ-ਨਾਲ ਤੁਰਨਾ ਜਾਂ ਦੌੜਨਾ। ਉਨ੍ਹਾਂ ਵਿੱਚੋਂ ਕੋਈ ਹੁੱਕਾ ਪੀਂਦਾ ਹੋਵੇ ਤਾਂ ਸਿਰ ’ਤੇ ਹੁੱਕਾ ਚੁੱਕ ਕੇ ਦੂਹੋ-ਦੂਹ ਤੁਰਦੇ ਜਾਣਾ ਤਾਂ ਕਿ ਉਹ ਘੋੜੀ ਉੱਤੇ ਸਵਾਰ ਹੋਇਆ ਹੁੱਕੇ ਦੇ ਸੂਟੇ ਭਰਦਾ ਰਹੇ। ਜੇ ਮੁਸਲਮਾਨਾਂ ਦਾ ਧਾਰਮਿਕ ਆਗੂ ਸਈਅਦ ਪਿੰਡ ਵਿਚ ਆਵੇ ਤਾਂ ਉਸ ਨੂੰ ਕੰਧੇੜੀ ਚੁੱਕ ਕੇ ਦੂਜੇ ਪਿੰਡ ਲਿਜਾਣਾ ਅਛੂਤਾਂ ਦੀ ਜ਼ਿੰਮੇਵਾਰੀ ਹੁੰਦੀ ਸੀ। ਉੱਚ ਜਾਤੀ ਆਖੇ ਜਾਂਦੇ ਜਾਂ ਜ਼ਿਮੀਂਦਾਰ ਆਪਸ ਵਿਚ ਲੜ ਕੇ ਮਰ ਜਾਂਦੇ ਤਾਂ ਉਨ੍ਹਾਂ ਦੀਆਂ ਲਾਸ਼ਾਂ ਜ਼ਿਲ੍ਹਾ ਹੈੱਡਕੁਆਰਟਰ ਚੁੱਕ ਕੇ ਲਿਜਾਉਣੀਆਂ ਪੈਂਦੀਆਂ ਸਨ। ਕਈ ਵਾਰ ਫਾਸਲਾ ਵੀਹ ਮੀਲ ਤਕ ਹੁੰਦਾ। ਜੇ ਅਛੂਤ ਪਰਿਵਾਰ ਦਾ ਆਦਮੀ ਬਿਮਾਰ ਜਾਂ ਘਰ ਨਾ ਹੁੰਦਾ ਤਾਂ ਲਾਸ਼ ਚੁੱਕ ਲਿਜਾਣ ਦਾ ਫ਼ਰਜ਼ ਉਸ ਦੇ ਪਰਿਵਾਰ ਦੀ ਕਿਸੇ ਔਰਤ ਨੂੰ ਬਾਕੀ ਅਛੂਤਾਂ ਨਾਲ ਨਿਭਾਉਣਾ ਪੈਂਦਾ। ਜੇ ਲੀੜਾ-ਕੱਪੜਾ ਉੱਚ-ਜਾਤੀ ਦੇ ਵਿਅਕਤੀ ਨਾਲ ਛੋਹ ਜਾਂਦਾ ਤਾਂ ਭਿੱਟ ਮੰਨੀ ਜਾਂਦੀ। ਨਤੀਜੇ ਵਜੋਂ, ਅਛੂਤ ਨੂੰ ਫੈਂਟਾ ਚਾੜ੍ਹਿਆ ਜਾਂਦਾ। ਰਾਜਪੂਤਾਂ ਦੇ ਪਿੰਡਾਂ ਵਿਚ ਅਛੂਤ ਭਰ ਗਰਮੀ ਵਿਚ ਵੀ ਆਪਣੇ ਘਰਾਂ ਦੀ ਛੱਤ ਉੱਤੇ ਸੌਂ ਨਾ ਸਕਦੇ। ਵਿਆਹਾਂ-ਸ਼ਾਦੀਆਂ ਵਿਚ ਬਰਾਤਾਂ ਨੂੰ ਮਠਿਆਈ ਪਾਉਣ ਦੀ ਮਨਾਹੀ ਸੀ। ਬਾਜਾ ਵਜਾਉਣਾ, ਵਿਆਹੀ ਵਹੁਟੀ ਨੂੰ ਡੋਲੀ ਵਿਚ ਪਾ ਕੇ ਲਿਜਾਣ ਦੀ ਆਗਿਆ ਨਹੀਂ ਸੀ। ਹਮੀਰਪੁਰ-ਕਾਂਗੜਾ ਦੇ ਪਾਸੇ ਤਾਂ ਅਛੂਤਾਂ ਨੂੰ ਸਿਰਾਂ ਉੱਤੇ ਪੱਗਾਂ ਬੰਨ੍ਹਣ ਤੇ ਲਾਲ ਕੱਪੜਾ ਪਹਿਨਣ ਦੀ ਵਰਜਣਾ ਸੀ। ਜਦੋਂ ਰਾਜਪੂਤਾਂ ਦੇ ਮੁੰਡੇ ਦਾ ਵਿਆਹ ਹੁੰਦਾ ਤਾਂ ਅਛੂਤ ਦੀ ਪਿੱਠ ਉੱਤੇ ਨਗਾਰਾ ਬੰਨ੍ਹਿਆ ਜਾਂਦਾ ਤੇ ਕੋਈ ਹਿੰਦੂ ਵਿਅਕਤੀ ਉਸ ਨੂੰ ਵਜਾਉਂਦਾ ਸੀ।

ਅਛੂਤਾਂ ਨੂੰ ਖੂਹਾਂ ਤੋਂ ਪਾਣੀ ਭਰਨਾ ਵਰਜਿਤ ਸੀ। ਕਈ ਥਾਵਾਂ ਉੱਤੇ ਤਲਾਵਾਂ ਤੇ ਛੱਪੜਾਂ ਵਿੱਚੋਂ ਪਾਣੀ ਲੈਣਾ ਵੀ ਮਨ੍ਹਾ ਸੀ। ਮੰਦਰਾਂ ਤੇ ਸਕੂਲਾਂ ਵਿਚ ਪ੍ਰਵੇਸ਼ ਦੀ ਆਗਿਆ ਨਹੀਂ ਸੀ। ਨਾਈ ਉਨ੍ਹਾਂ ਦੇ ਵਾਲ ਨਹੀਂ ਮੁੰਨਦੇ ਸਨ। ਪੈਸੇ ਦੇ ਕੇ ਵੀ ਉਹ ਦੁਕਾਨ ਤੋਂ ਖਾਣਾ ਨਹੀਂ ਖਾ ਸਕਦੇ ਸਨ। ਅਛੂਤਾਂ ਦਾ ਪਰਛਾਵਾਂ ਲੈਣਾ ਵਰਜਿਤ ਸੀ।

ਵਰਣ-ਵਿਵਸਥਾ ਦੇ ਪਾਲਕਾਂ-ਪੋਸ਼ਕਾਂ ਦੀ ਸ਼ਹਿ ਉੱਤੇ ਕੁਝ ਕਾਨੂੰਨ ਬਰਤਾਨਵੀ ਹਕੂਮਤ ਨੇ ਬਣਾਏ। ਜਿਵੇਂ ਲੈਂਡ ਰੈਵੇਨਿਊ ਐਕਟ, 1887 ਦੀ ਪੈਰਵੀ ਵਿਚ ਇੰਤਕਾਲ ਇਰਾਜ਼ੀ ਐਕਟ-1900 (ਲੈਂਡ ਏਲੀਏਨੇਸ਼ਨ ਐਕਟ, 1900) ਅਤੇ ਗੌਰਮਿੰਟ ਆਫ਼ ਇੰਡੀਆ ਐਕਟ ਆਫ਼ 1919 ਬਣਾਏ ਜੋ ਜ਼ਿਮੀਂਦਾਰਾਂ ਨੂੰ ਜ਼ਮੀਨ ਖ਼ਰੀਦਣ-ਵੇਚਣ ਦੇ ਅਧਿਕਾਰ ਦਿੰਦੇ ਸਨ ਪਰ ਅਛੂਤਾਂ ਉੱਤੇ ਪਾਬੰਦੀ ਲਾਉਂਦੇ ਸਨ ਕਿ ਉਹ ਮਕਾਨ ਪਾਉਣ ਲਈ ਜ਼ਮੀਨ ਨਹੀਂ ਖ਼ਰੀਦ ਸਕਦੇ। ਜ਼ਿਕਰਯੋਗ ਹਕੀਕਤ ਹੈ ਕਿ ਜਿਨ੍ਹਾਂ ਘਰਾਂ ਵਿਚ ਅਛੂਤ ਰਹਿੰਦੇ ਸਨ ਤੇ ਉਹ ਜ਼ਮੀਨ ਜਿੰਨੀ ਮਕਾਨ ਹੇਠ ਆਉਂਦੀ, ਜ਼ਿਮੀਦਾਰ ਦੀ ਹੁੰਦੀ ਸੀ (ਜਿਸ ਨੂੰ ਮੌਰੂਸੀ ਕਹਿੰਦੇ ਸਨ)। ਜਦ ਕਿਸੇ ਜ਼ਿਮੀਂਦਾਰ ਦਾ ਹੁਕਮ ਨਾ ਮੰਨਿਆ ਜਾਂਦਾ ਤਾਂ ਉਹ ਹੁਕਮ ਚਾੜ੍ਹਦਾ ਕਿ ਮੁਫ਼ਤ ਕੰਮ (ਬੇਗਾਰ) ਨਹੀਂ ਕਰਨਾ ਤਾਂ ਆਪਣਾ ਮੰਜਾ-ਬਿਸਤਰਾ ਚੁੱਕ ਲਿਜਾਵੋ। ਅਛੂਤ ਆਪਣੇ ਘਰਾਂ ਦੇ ਵਿਹੜੇ ਵਿਚ ਜੇ ਕੋਈ ਦਰਖ਼ਤ ਪੁੱਤਾਂ ਵਾਂਗ ਆਸਰੇ ਲਈ ਪਾਲਦਾ ਤਾਂ ਜ਼ਿਮੀਂਦਾਰ ਉਸ ਨੂੰ ਵੱਢ ਲਿਜਾਂਦਾ। ਮਕਾਨ ਵਾਸਤੇ ਜਗ੍ਹਾ ‘ਰਜਤਨਾਮਾ’ ਵਜੋਂ ਹੁੰਦੀ।

ਅਛੁਤਾਂ ਉੱਤੇ ਅੱਤਿਆਚਾਰ ਕਈ ਰੂਪਾਂ ਵਿਚ ਹੁੰਦੇ। ਅਛੂਤ ਔਰਤਾਂ ਛੂਤ-ਛਾਤ ਤੋਂ ਪਰ੍ਹੇ ਸਨ। ਜਬਰ-ਜਨਾਹ ਦੀਆਂ ਘਟਨਾਵਾਂ ਨਿੱਤ ਵਾਪਰਦੀਆਂ। ਹਿੰਦੂਆਂ ਵਾਂਗ ਜਾਤ-ਅਭਿਮਾਨੀ ਸਿੱਖ ਭਿੱਟ, ਛੂਤਛਾਤ ਤੇ ਜਾਤਪਾਤ ਨੂੰ ਮੰਨਦੇ। ਪਿੰਡਾਂ ਦੇ ਗੁਰਦੁਆਰਿਆਂ ਵਿਚ ਉਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਨਾ ਟੇਕਣ ਦਿੰਦੇ। 1920ਵਿਆਂ ਵਿਚ ਵੀ ਦਰਬਾਰ ਸਾਹਿਬ ਦੇ ਪੁਜਾਰੀ ਅਖੌਤੀ-ਪਛੜੀਆਂ ਜਾਤਾਂ ਦੇ ਸਿੱਖਾਂ ਦਾ ਪ੍ਰਸਾਦ ਕਬੂਲ ਨਹੀਂ ਕਰਦੇ ਸਨ। ਫਿਰ ਵੀ ਅਛੂਤ ਭਾਈਚਾਰਾ ਸਿੱਖੀ ਨਾਲ ਨਜ਼ਦੀਕੀ ਰੱਖਦਾ ਕਿ ਉਨ੍ਹਾਂ ਦੇ ਆਪਣੇ ਸੰਤਾਂ-ਮਹਾਂਪੁਰਸ਼ਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ। ਉਹ ਧਾਰਮਿਕ ਦੀਵਾਨਾਂ ਵਿਚ ਉਚਾਰਦੇ ਕਿ ਦਸ਼ਮੇਸ਼ ਪਿਤਾ-ਦਰਵੇਸ਼ ਬਾਦਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਕੋ ਬਾਟੇ ਵਿਚ ਸਭਨਾਂ ਵਰਣਾਂ-ਜਾਤੀਆਂ ਨੂੰ ਅੰਮ੍ਰਿਤ ਛਕਾ ਕੇ ਬਰਾਬਰੀ ਦਾ ਕ੍ਰਾਂਤੀਕਾਰੀ ਸੰਦੇਸ਼ ਦਿੱਤਾ ਹੈ। ਇਸ ਕਰਕੇ ਵੀ ਅਨੇਕ ਸ਼ੂਦਰਾਂ-ਅਛੂਤਾਂ ਨੇ ਗੁਰੂ ਸਾਹਿਬ ਦਾ ਸਾਥ ਦਿੱਤਾ ਤੇ ਸ਼ਹਾਦਤਾਂ ਦਿੱਤੀਆਂ ਸਨ। ਫਿਰ ਵੀ ਸਮਾਜਿਕ ਬਰਾਬਰੀ ਦਾ ਰੁਤਬਾ ਨਹੀਂ ਹਾਸਿਲ ਹੋ ਸਕਿਆ।

ਓਧਰ, ਆਰੀਆ ਸਮਾਜ ਜਿਸ ਦੀ ਸਥਾਪਨਾ 1875 ਈ. ਵਿਚ ਸਵਾਮੀ ਦਇਆਨੰਦ ਸਰਸਵਤੀ ਨੇ ਕੀਤੀ। ਉਨ੍ਹਾਂ ‘ਸ਼ੁੱਧੀ’ ਰਾਹੀਂ ਦੂਜੇ ਧਰਮਾਂ ਵਿਚ ਗਏ ਅਛੂਤਾਂ ਨੂੰ ਹਿੰਦੂਆਂ ਵਿਚ ਰਲਾਉਣ ਲਈ ਬੀੜਾ ਚੁੱਕਿਆ। ਉਨ੍ਹਾਂ ਹੀ ਸਮਿਆਂ ਵਿਚ 1861 ਈ. ਵਿਚ ਰਾਧਾ ਸੁਆਮੀ ਸਤਿਸੰਗ ਬਿਆਸ ਦੀ ਸਥਾਪਨਾ ਹੋਈ ਤੇ 1887 ਈ. ਵਿਚ ਦੇਵ ਸਮਾਜ ਦੀ। ਜਲੰਧਰ, ਅੰਬਾਲਾ, ਲਾਹੌਰ ਤੇ ਸਿਆਲਕੋਟ ਵਿਖੇ ਅਮਰੀਕੀ ਮਿਸ਼ਨਰੀਆਂ ਨੇ ਆਪਣੀਆਂ ਸਰਗਰਮੀਆਂ ਵਧਾ ਲਈਆਂ। ਅਹਿਮਦੀਆਂ ਸੰਪਰਦਾ 1879 ਈ. ਵਿਚ ਸਥਾਪਤ ਹੋਈ ਤੇ ਉਸ ਵਿਚ ਹਿੰਦੂ-ਸਿੱਖਾਂ ਵਾਂਗ ਅਛੂਤਾਂ ਪ੍ਰਤਿ ਨਫ਼ਰਤ ਤੇ ਛੂਤਛਾਤ ਨਹੀਂ ਸੀ। ਅਛੂਤ ਦੂਜੇ ਧਰਮਾਂ-ਮਤਾਂ ਵੱਲ ਖਿੱਚੇ ਗਏ ਕਿਉਂਕਿ ਹਜ਼ਾਰਾਂ ਸਾਲ ਪਹਿਲਾਂ ਇੱਥੋਂ ਦੇ ਮੂਲ ਨਿਵਾਸੀਆਂ ਦੇ ਧਰਤੀ, ਧਨ ਤੇ ਧਰਮ ਨੂੰ ਆਰੀਆ ਲੋਕਾਂ ਨੇ ਖੋਹ ਲਿਆ ਸੀ।

20ਵੀਂ ਸਦੀ ਦੇ ਸ਼ੁਰੂ ਵਿਚ ਸਮੁੱਚੇ ਹਿੰਦੁਸਤਾਨ ਵਿਚ ਆਦਿ ਅੰਦੋਲਨ ਸ਼ੁਰੂ ਹੋਏ। ਮੂਲ ਨਿਵਾਸੀਆਂ (ਦਲਿਤ, ਸ਼ੂਦਰਾਂ, ਅਤਿ ਸ਼ੂਦਰਾਂ ਨੂੰ ਇਕ ਜੁੱਟ ਤੇ ਇਕਮੁੱਠ ਕਰਨ ਲਈ ਕਈ ਅਛੂਤ ਨੇਤਾ ਉੱਠ ਖੜ੍ਹੇ ਹੋਏ। ਉਨ੍ਹਾਂ ਮਨੁੱਖੀ ਅਧਿਕਾਰਾਂ ਦੀ ਮੰਗ ਨੂੰ ਅਛੂਤਾਂ ਵਿਚਾਲੇ ਪ੍ਰਚਾਰਿਆ ਤੇ ਪਰਸਾਰਿਆ। ਉਸ ਸਮੇਂ ਦੇ ਵੱਖ-ਵੱਖ ਪ੍ਰਾਂਤਾਂ ਦੇ ਉੱਘੇ ਅਛੂਤ ਆਗੂ ਸਨ; ਕੇਰਲ ਵਿਚ ਆਇਨਲਕਲੀ (1863-1941), ਮਦਰਾਸ ਵਿਚ ਐੱਮ. ਸੀ. ਰਾਜਾ (1883-1943), ਸ੍ਰੀਨਿਵਾਸਨ, ਬੰਗਾਲ ਵਿਚ ਗੁਰੂ ਚਾਂਦ, ਉੱਤਰ ਪਰਦੇਸ਼ ਵਿਚ ਸਵਾਮੀ ਅਛੂਤਾਨੰਦ ਹਰਿਹਰ (1879-1933) ਮਹਾਂਰਾਸ਼ਟਰ ਵਿਚ ਡਾ. ਬੀ. ਆਰ. ਅੰਬੇਡਕਰ (1891-1956), ਪੰਜਾਬ ਵਿਚ ਬਾਬੂ ਮੰਗੂ ਰਾਮ ਮੁੱਗੋਵਾਲ (1886-1980) ਆਦਿ। ਇਹ ਸਾਰੇ ਨੇਤਾ ਆਪਣੇ ਆਪ ਨੂੰ ਹਿੰਦੂ ਕਹੇ ਜਾਣ ਦਾ ਵਿਰੋਧ ਕਰਦੇ ਸਨ। ਉਹ ਆਪਣੀ ਪਛਾਣ ਲਈ ਆਪਣੇ ਧਰਮ ਅਤੇ ਦਰਸ਼ਨ ਦੀ ਸਥਾਪਨਾ ਵਿਚ ਦਿਨ-ਰਾਤ ਜੁਟੇ ਹੋਏ ਸਨ। ਜਿਵੇਂ ਬੰਗਾਲ ਵਿਚ ਗੁਰੂ ਚਾਂਦ ਨੇ 1838 ਈ. ਵਿਚ ਪੂਰੇ ਬੰਗਾਲ ਵਿਚ ਅੰਦੋਲਨ ਕੀਤਾ ਤੇ ‘ਮਤੂਆ ਧਰਮ’ ਦੀ ਸਥਾਪਨਾ ਕੀਤੀ। ਪੰਜਾਬ ਵਿਚ ਬਾਬੂ ਮੰਗੂ ਰਾਮ ਨੇ 1926 ਵਿਚ ਅਦਿ ਧਰਮ ਦੀ ਸਥਾਪਨਾ ਕੀਤੀ। 1932 ਈ. ਵਿਚ ਲਾਰਡ ਲੋਥੀਅਨ ਕਮੇਟੀ ਦੇ ਭਾਰਤ ਆਉਣ ਅਤੇ ਅਪ੍ਰੈਲ ਵਿਚ ਲਾਹੌਰ ਵਿਖੇ ਮੀਟਿੰਗ ਦੌਰਾਨ ਬਾਬਾ ਸਾਹਿਬ ਡਾ. ਅੰਬੇਡਕਰ ਦੀ ਸਹਾਇਤਾ ਨਾਲ ਬਾਬੂ ਜੀ ਨੇ ਆਦਿ ਧਰਮ ਨੂੰ ਰਿਕੋਗਨਾਈਜ਼ ਕਰਵਾਇਆ। ਮਤੂਆ ਧਰਮ ਅਤੇ ਆਦਿ ਧਰਮ ਨੇ ਹਿੰਦੂ ਧਰਮ ਨੂੰ ਖਾਰਜ ਕਰਦਿਆਂ ਆਪਣੀ ਪਛਾਣ ਲਈ ਯਤਨ ਜਾਰੀ ਰੱਖੇ।

ਪੰਜਾਬ ਵਿਚ ਅਛੂਤਾਂ ਦੇ ਕਈ ਡੇਰਿਆ ਅੰਦਰ ਵਰਣ-ਵਿਵਸਥਾ, ਜਾਤਪਾਤ ਅਤੇ ਛੂਤਛਾਤ ਦੇ ਵਿਰੋਧ ਵਿਚ ਤਿੱਖੀਆਂ ਤੇ ਖਾੜਕੂ ਆਵਾਜ਼ਾਂ ਉੱਠੀਆਂ। ਇਸੇ ਦੌਰਾਨ ਉੱਤਰੀ ਭਾਰਤ ਦੇ ਅਣਵੰਡੇ ਪੰਜਾਬ ਵਿਚ ਇਕ ਅਣਖੀ, ਜੋਸ਼ੀਲਾ ਤੇ ਗ਼ਦਰ ਪਾਰਟੀ ਦਾ ਸੂਰਮਾ ਨੌਜਵਾਨ ਮੰਗੂ ਰਾਮ (ਮੁੱਗੋਵਾਲ) ਆ ਪ੍ਰਗਟ ਹੋਇਆ। ਇਹ ਧਰਤੀ ਪੁੱਤਰ ਸੀ ਜਿਹੜਾ 1909 ਵਿਚ ਕਮਾਈਆਂ ਕਰਨ ਲਈ ਅਮਰੀਕਾ ਨੂੰ ਆਪਣੇ ਪਿੰਡ ਦੇ ਜ਼ਿਮੀਂਦਾਰਾਂ ਕੋਲ ਗਿਆ ਸੀ।

ਅਮਰੀਕਾ ਦੀਆਂ ਇਨ੍ਹਾਂ ਥਾਵਾਂ ਉੱਤੇ ਰਹਿੰਦਿਆਂ ਉਨ੍ਹਾਂ ਮਹਿਸੂਸ ਕੀਤਾ ਕਿ ਉੱਥੇ ਕਿਧਰੇ ਵੀ ਛੂਤਛਾਤ ਨਹੀਂ ਤੇ ਨਾ ਹੀ ਹਿੰਦੁਸਤਾਨ ਵਾਂਗ ਊਚ-ਨੀਚ ਦਾ ਸਮਾਜਿਕ ਕੋਹੜ ਹੈ। ਉੱਥੋਂ ਦੇ ਕਾਲੇ ਲੋਕ ਆਪਣੇ ਵਿਰੁੱਧ ਹੁੰਦੇ ਝਗੜਿਆਂ ਵਿਚ ਗੋਰਿਆਂ ਨੂੰ ਕਾਨੂੰਨੀ ਤੌਰ ’ਤੇ ਜਿੱਤ ਲੈਂਦੇ। ਜਦੋਂ ਗੋਰੇ ਲੋਕ ਹਿੰਦੁਸਤਾਨੀਆਂ ਨੂੰ ‘ਹਿੰਦੂ ਸਲੇਵ’ ਕਹਿ ਕੇ ਮਿਹਣੇ ਮਾਰਦੇ ਤਾਂ ਇਹ ਵਿਚਾਰ ਉਨ੍ਹਾਂ ਦੇ ਦਿਲ ਵਿਚ ਕਟਾਰ ਵਾਂਗ ਖੁੱਭ ਜਾਂਦੇ। ਉਨ੍ਹਾਂ ਦੀਆਂ ਅੱਖਾਂ ਮੂਹਰੇ ਆਪਣੇ ਮੁਲਕ ਵਿਚ ਅਛੂਤਾਂ ਦੀ ਤਿੰਨ ਤਰ੍ਹਾਂ ਦੀ ਗ਼ੁਲਾਮੀ ਆ ਜਾਂਦੀ। ਬਾਬੂ ਮੰਗੂ ਰਾਮ ਅਨੁਸਾਰ ਬਰਤਾਨਵੀ ਹਕੂਮਤ ਦੀ ਗ਼ੁਲਾਮੀ, ਹਿੰਦੂ ਰਾਜਿਆਂ ਤੇ ਫਿਰ ਹਿੰਦੂ ਸਮਾਜ ਦੀ ਗ਼ੁਲਾਮੀ।

**

ਆਦਿ ਧਰਮ ਦੀ ਸਥਾਪਨਾ:

ਆਦਿ ਧਰਮ ਮੰਡਲ ਪੰਜਾਬ ਦੀ ਸਥਾਪਨਾ ਬਾਬੂ ਮੰਗੂ ਰਾਮ ਮੁੱਗੋਵਾਲ ਨੇ 11-12 ਜੂਨ 1926 ਨੂੰ ਆਪਣੇ ਪਿੰਡ ਮੁੱਗੋਵਾਲ ਵਿਖੇ ਭਾਰੀ ਕਾਨਫਰੰਸ ਵਿਚ ਕੀਤੀ। ਕਾਨਫਰੰਸ ਵਿਚ ਚੂਹੜੇ, ਚਮਾਰ, ਰਵਿਦਾਸੀਏ, ਸਾਂਸੀ, ਭੰਜੜੇ, ਗਧੀਲੇ, ਬਰੜ, ਮੇਘ, ਕਬੀਰ ਪੰਥੀ, ਮਹਾਸ਼ੇ, ਡੋਮ, ਜਟੀਏ ਆਦਿ 5000 ਤੋਂ ਵੱਧ ਗਿਣਤੀ ਵਿਚ ਸ਼ਾਮਿਲ ਹੋਏ। ਮੰਡਲ ਨੇ ਐਲਾਨਿਆ ਕਿ ਅਸੀਂ ਅਛੂਤ ਤੇ ਨਿਮਨ ਆਖੀਆਂ ਜਾਂਦੀਆਂ 36 ਜਾਤੀਆਂ ਹਿੰਦੂ, ਸਿੱਖ, ਮੁਸਲਮਾਨ ਤੇ ਈਸਾਈ ਨਹੀਂ ਹਾਂ। ਇਹ ਸਾਡੇ ਵਿੱਚੋਂ ਨਹੀਂ ਤੇ ਨਾ ਅਸੀਂ ਇਨ੍ਹਾਂ ਵਿੱਚੋਂ ਹਾਂ। ਅਸੀਂ ਇਸ ਦੇਸ਼ ਦੇ ਮੂਲ ਨਿਵਾਸੀ ਹਾਂ ਤੇ ਸਾਡੇ ਦੇਸ਼ ਉੱਤੇ ਕੇਂਦਰੀ ਏਸ਼ੀਆ ਤੋਂ ਆਏ ਆਰੀਆ ਲੋਕਾਂ ਨੇ ਕਬਜ਼ਾ ਕੀਤਾ ਹੋਇਆ ਹੈ। ਅਸੀਂ ਤਿੰਨ ਤਰ੍ਹਾਂ ਦੀ ਗੁਲਾਮੀ ਕਰਦੇ ਹਾਂ; 1) ਅੰਗਰੇਜ਼ਾਂ ਦੀ ਗੁਲਾਮੀ, 2) ਹਿੰਦੂ ਰਾਜਿਆਂ ਦੀ ਗੁਲਾਮੀ ਤੇ 3) ਰਿਆਸਤਾਂ ਵਿਚ ਹਿੰਦੂ ਸਮਾਜ ਦੀ। ਵੱਡਾ ਐਲਾਨ ਇਹ ਕੀਤਾ ਗਿਆ ਕਿ ਇਸ ਲਾਹਣਤ ਤੋਂ ਛੁਟਕਾਰਾ ਪਾਉਣ ਲਈ ਆਪਾਂ ਸਾਰੇ ਅੱਜ ਤੋਂ ‘ਆਦਿ ਕੌਮ’ ਆਦਿ ਧਰਮੀ ਬਣ ਜਾਈਏ। ਯਾਨਿ ਮੂਲ ਨਿਵਾਸੀਆਂ ਦਾ ਆਪਣਾ ਮਾਨਵਵਾਦੀ ਧਰਮ ਭਾਵ ਸਾਰੇ ਦੇਸ਼ ਤੇ ਵਿਦੇਸ਼ ਦੇ ਨਿਵਾਸੀ ਇਕ ਸਮਾਨ ਹਨ।

ਗੌਰਤਲਬ ਹੈ ਕਿ ਆਦਿ ਧਰਮ 26 ਫਰਵਰੀ 1930 ਨੂੰ ਬ੍ਰਿਟਿਸ਼ ਇੰਡੀਆ ਸਰਕਾਰ ਕੋਲ ਰਜਿਸਟਰ ਹੋਇਆ ਤੇ 1931 ਦੀ ਮਰਦਮਸ਼ੁਮਾਰੀ ਵਿਚ ਤਕਰੀਬਨ ਸਾਢੇ 4 ਲੱਖ ਲੋਕਾਂ ਨੇ ਆਪਣੇ-ਆਪਣੇ ਨੂੰ ਆਦਿ ਧਰਮੀ ਵਜੋਂ ਧਰਮ ਦੇ ਖ਼ਾਨੇ ਵਿਚ ਲਿਖਵਾਇਆ। 1937 ਵਿਚ ਬ੍ਰਿਟਿਸ਼ ਭਾਰਤ ਵਿਚ ਵਿਧਾਨ ਸਭਾਵਾਂ ਦੀਆਂ ਚੋਣਾਂ ਵਿਚ ਪੰਜਾਬ ਵਿਚ ਆਦਿ ਧਰਮ ਦੇ 8 ਐੱਮ. ਐੱਲ. ਏ ਬਣੇ। ਆਦਿ ਧਰਮ ਮੰਡਲ ਦੀ ਮੰਗ ਵੱਖਰੀ ਚੋਣ ਪ੍ਰਣਾਲੀ ਦੀ ਸੀ। ਮਾਨਤਾ ਪ੍ਰਾਪਤ ਇਸ ਆਦਿ ਧਰਮ ਦਾ 1951 ਦੀ ਮਰਦਮਸ਼ੁਮਾਰੀ ਵਿੱਚੋਂ ਖ਼ਾਨਾ ਖ਼ਤਮ ਕਰ ਦਿੱਤਾ ਗਿਆ।

ਆਦਿ ਧਰਮ ਮੰਡਲ ਨੇ ਉੱਤਰੀ ਭਾਰਤ ਖ਼ਾਸ ਤੌਰ ’ਤੇ ਮਹਾਂ ਪੰਜਾਬ ਵਿੱਚੋਂ ਬੋਝਾ-ਬੇਗਾਰ, 1900 ਦਾ ਇੰਤਕਾਲੇ ਇਰਾਜ਼ੀ ਕਾਨੂੰਨ ਨੂੰ ਖਤਮ ਕਰਾਇਆ ਜਿਸ ਨਾਲ ਅਛੂਤਾਂ ਨੂੰ ਤੇ ਗ਼ੈਰ-ਮਾਰੂਸੀ ਲੋਕਾਂ ਨੂੰ ਜ਼ਮੀਨ ਖਰੀਦਣ ਦਾ ਹੱਕ ਮਿਲ ਗਿਆ। ਰਈਅਤਨਾਮੇ ਜਾਂ ਰਜ਼ਤਨਾਮੇ ਖਤਮ ਕਰਵਾਏ ਤੇ ਆਦਿ ਧਰਮੀ ਘਰਾਂ ਦੇ ਮਾਲਕ ਬਣੇ। ਵੋਟ ਦਾ ਹੱਕ ਲੈ ਕੇ ਦਿੱਤਾ ਤੇ ਜ਼ਿਲ੍ਹਾ ਬੋਰਡਾਂ ਤੇ ਵਿਧਾਨ ਸਭਾ ਦੇ ਮੈਂਬਰ ਭਾਵ ਐੱਮ. ਐੱਲ. ਏ. ਬਣਨ ਦੇ ਹੱਕ ਲੈ ਕੇ ਦਿੱਤੇ। ਫੌਜ ਤੇ ਪੁਲਿਸ ਵਿਚ ਅਛੂਤਾਂ/ਮੂਲ ਨਿਵਾਸੀਆਂ (ਆਦਿ ਧਰਮੀਆਂ) ਲਈ ਭਰਤੀ ਖੁੱਲ੍ਹਵਾਈ। ਪੰਚਾਇਤਾਂ ਦੇ ਮੈਂਬਰ-ਪੰਚ ਤੇ ਸਰਪੰਚ ਬਣਨ ਦੇ ਅਧਿਕਾਰ ਲੈ ਕੇ ਦਿੱਤੇ। ਆਦਿ ਧਰਮੀ ਬੱਚਿਆਂ ਦੇ ਸਕੂਲਾਂ, ਕਾਲਜਾਂ ਦੀਆਂ ਫ਼ੀਸਾਂ ਮਾਫ ਕਰਵਾਈਆਂ। ਅਛੂਤਾਂ ਨੂੰ ਆਪਸ ਵਿਚ ਰਿਸ਼ਤੇਦਾਰੀਆਂ ਕਾਇਮ ਕਰਨ ਦਾ ਤੇ ਸਿਰਫ਼ ਗੁਰੂ ਰਵਿਦਾਸ, ਗੁਰੂ ਕਬੀਰ, ਸਤਿਗੁਰੂ ਨਾਮਦੇਵ, ਸਤਿਗੁਰੂ ਸਧਨਾ, ਗੁਰੂ ਸੈਣ, ਸ਼ੰਬੂਕ ਰਿਸ਼ੀ ਤੇ ਰਿਸ਼ੀ ਬਾਲਮੀਕੀ ਨੂੰ ਧਰਮ-ਗੁਰੂ ਮੰਨਣ ਦਾ ਸੰਦੇਸ਼ ਦਿੱਤਾ।

ਦੱਸਣਾ ਜ਼ਰੂਰੀ ਜਾਪਦਾ ਹੈ ਬਾਬੂ ਮੰਗੂ ਰਾਮ 1909 ਵਿਚ ਅਮਰੀਕਾ ਨੂੰ ਹੋਰ ਲੋਕਾਂ ਵਾਂਗ ਕਮਾਈਆਂ ਕਰਨ ਚਲੇ ਗਏ ਸਨ। ਉਹ ਉੱਥੇ ਹਿੰਦੁਸਤਾਨ ਆਜ਼ਾਦ ਕਰਾਉਣ ਲਈ 1913 ਵਿਚ ਬਣੀ ਗ਼ਦਰ ਪਾਰਟੀ ਵਿਚ ਸ਼ਾਮਿਲ ਹੋ ਗਏ ਸਨ। ਉਹ ਸਾਨ ਫ਼ਰਾਸਿਸਕੋ ਵਿਚ ‘ਗ਼ਦਰ’ ਦੀ ਪ੍ਰੈੱਸ ਵਿਚ ਕੰਮ ਕਰਦੇ ਰਹੇ। ਸਰਕਾਰੀ ਰਿਕਾਰਡ ਅਨੁਸਾਰ ਉਨ੍ਹਾਂ ਨੂੰ ਬਹੁਤ ਖਤਰਨਾਕ ਸਮਝਿਆ ਜਾਂਦਾ ਸੀ। ਉਹ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਲਈ ਅਮਰੀਕਾ ਤੋਂ ਹਿੰਦੁਸਤਾਨ ਨੂੰ ਹਥਿਆਰਾਂ ਦੀ ਸਮਗਲਿੰਗ ਦੇ ਕੇਸ ਵਿਚ 4 ਹੋਰ ਜੁਝਾਰੂ ਦੇਸ਼ ਭਗਤਾਂ ਸਮੇਤ ਰਸਤੇ ਵਿਚ ਫੜੇ ਗਏ। ਜੇਲ੍ਹਾਂ ਕੱਟੀਆਂ, ਖ਼ੂਨੀ ਵਾਰੰਟ ਨਿਕਲੇ ਪਰ ਉਹ ਕਈ ਵਾਰ ਮੌਤ ਦੇ ਮੂੰਹ ਜਾਂਦੇ-ਜਾਂਦੇ ਬਚੇ। 1925 ਦੇ ਅਖੀਰ ਵਿਚ ਉਹ ਹਿੰਦੁਸਤਾਨ ਪਰਤੇ। ਉਨ੍ਹਾਂ ਅਮਰੀਕਾ ਰਹਿੰਦਿਆਂ ਗੁਲਾਮੀ ਤੇ ਆਜ਼ਾਦੀ ਦੇ ਅਰਥਾਂ ਨੂੰ ਚੰਗੀ ਤਰ੍ਹਾਂ ਸਮਝ ਲਿਆ ਸੀ। ਇਸੇ ਕਰਕੇ ਉਨ੍ਹਾਂ ਦੀਆਂ ਲਿਖਤਾਂ ਅਨੁਸਾਰ ਉਨ੍ਹਾਂ ਅਛੂਤਾਂ ਦੇ ਮਾਨਵੀ ਅਧਿਕਾਰਾਂ ਦੀ ਪ੍ਰਾਪਤੀ ਵਾਸਤੇ ਆਦਿ ਧਰਮ ਲਹਿਰ ਚਲਾਈ। ਉਨ੍ਹਾਂ ਦੀ ਕਾਵਿ-ਪੁਸਤਕ ‘ਆਦਿ ਦੁੱਖੜੇ’ ਅਤੇ ਉਨ੍ਹਾਂ ਦੇ ਲੇਖ ਪੜ੍ਹਨ ਤੇ ਗੌਲਣਯੋਗ ਹਨ।

**

ਪੰਜਾਬੀ ਵਿਚ ਦਲਿਤ ਸਾਹਿਤ:

ਦਲਿਤ ਸ਼ਬਦ ਤੇ ਦਲਿਤ ਸਾਹਿਤ

ਸਮੁੱਚੇ ਭਾਰਤ ਵਿਚ ਵੱਖ-ਵੱਖ ਭਾਸ਼ਾਵਾਂ ਵਿਚ ਲਿਖੇ ਜਾਂਦੇ ਸਾਹਿਤ ਵਿਚ ਦਲਿਤ ਸ਼ਬਦ ਤੇ ਦਲਿਤ ਸਾਹਿਤ ਨਾਲ ਜੁੜੇ ਸਮਾਜਿਕ ਸਰੋਕਾਰਾਂ, ਪਿਛੋਕੜ ਵਿਚ ਪਏ ਮੰਤਵਾਂ, ਮਨੋਰਥਾਂ, ਉਦੇਸ਼ਾਂ, ਵਰਣ-ਆਸ਼ਰਮ ਦੀ ਪੁਰਾਤਨ ਵਿਵਸਥਾ, ਜਾਗੀਰਦਾਰੀ ਪ੍ਰਣਾਲੀ, ਪੂੰਜੀਵਾਦੀ ਨਿਜ਼ਾਮ ਤੇ ਵਿਸ਼ਵੀਕਰਣ ਦੇ ਸਮਿਆਂ ਵਿਚ ਬਦਲਦੇ ਪ੍ਰਸੰਗਾਂ ਵਿਚ ਸਮਾਜਿਕ ਤੇ ਸਭਿਆਚਾਰਕ ਕਦਰਾਂ-ਕੀਮਤਾਂ ਉੱਤੇ ਸੰਖੇਪ ਚਰਚਾ ਕਰਨੀ ਜ਼ਰੂਰੀ ਹੈ। ਦਲਿਤ ਸ਼ਬਦ ਦੀ ਵਰਤੋਂ ਸੰਸਕ੍ਰਿਤ, ਉਸ ਦੀ ਸੰਸਕ੍ਰਿਤੀ ਤੇ ਧਾਰਮਿਕ ਦਿੱਖ ਵਾਲੀਆਂ ਪੋਥੀਆਂ ਵਿਚ ਹੋਈ ਮਿਲਦੀ ਹੈ ਜਿਨ੍ਹਾਂ ਦਾ ਉਦੇਸ਼ ਰਾਜਨੀਤਕ ਹੋਣ ਕਾਰਨ ਦੇਸ਼ ਦੇ ਸਮੂਹ ਲੋਕਾਂ ਖ਼ਾਸ ਤੌਰ ’ਤੇ ਮੂਲ ਨਿਵਾਸੀਆਂ ਦੀ ਦਰਜਾਬੰਦੀ ਕਰ ਕੇ ਉਨ੍ਹਾਂ ਦਾ ਸ਼ੋਸ਼ਣ ਕਰਨਾ ਹੈ। ਮੂਲ ਨਿਵਾਸੀਆਂ ਨੂੰ ਅਪਮਾਨਤ ਕਰਨ ਹਿਤ ਕਈ ਨਾਵਾਂ ਨਾਲ ਪੁਕਾਰਿਆ ਜਾਂਦਾ ਰਿਹਾ ਤੇ ਫਿਰ ਜਨਮ ਨਾਲ ਜੋੜੀ ਜਾਤ ਪ੍ਰਣਾਲੀ ਵਿਚ ਮੂਲ ਨਿਵਾਸੀਆਂ ਖ਼ਾਸ ਤੌਰ ਤੇ ‘ਪੰਚਮ’ ਲੋਕਾਂ ਨੂੰ ‘ਅਛੂਤ’ ਕਹਿ ਕੇ ਸਮਾਜ ਤੋਂ ਛੇਕਿਆ ਗਿਆ। ਆਧੁਨਿਕ ਸਮਿਆਂ ਵਿਚ ਹਿੰਦੂਆਂ ਤੇ ਕਾਂਗਰਸ ਦੇ ਆਗੂ ਮੋਹਨ ਦਾਸ ਕਰਮ ਚੰਦ ਗਾਂਧੀ ਨੇ ਅਛੂਤਾਂ ਨਾਲ ‘ਹਮਦਰਦੀ’ ਪ੍ਰਗਟਾਉਂਦਿਆਂ ਉਨ੍ਹਾਂ ਨੂੰ ‘ਹਰੀਜਨ’ ਦਾ ਨਾਂ ਦਿੱਤਾ। ਭਾਰਤ ਦੇ ਅਛੂਤਾਂ ਨੇ ਇਸ ਨੂੰ ਆਪਣੇ ਲਈ ਹੋਰ ਵੀ ਅਪਮਾਨ ਭਰਿਆ ਸ਼ਬਦ ਸਮਝਿਆ ਕਿਉਂਕਿ ਇਸ ਦਾ ਅਰਥ ਦੇਵਦਾਸੀਆਂ ਦੀ ਸੰਤਾਨ ਤੋਂ ਸੀ, ਭਾਵ ਬ੍ਰਾਹਮਣਾਂ-ਪੁਜਾਰੀਆਂ ਦੀ ਨਜਾਇਜ਼ ਔਲਾਦ। ਇਸ ‘ਹਰੀਜਨ’ ਸ਼ਬਦ ਦਾ ਤਿੱਖਾ ਵਿਰੋਧ ਵੀਹਵੀਂ ਸਦੀ ਦੇ ਮੁਢਲੇ ਦੋ ਦਹਾਕਿਆਂ ਦੌਰਾਨ ਸਮੁੱਚੇ ਹਿੰਦੁਸਤਾਨ ਵਿਚ ਹੋਇਆ। ਪਰ ਹੁਣ ਇਸ ਸ਼ਬਦ ਦੀ ਵਰਤੋਂ ਦੇਸ਼ ਦੀ ਸਰਬ-ਉੱਚ ਅਦਾਲਤ ਵਲੋਂ ਪਾਬੰਦੀਸ਼ੁਦਾ ਹੈ ਤੇ ਇਤਿਹਾਸ ਦਾ ਹਿੱਸਾ ਬਣ ਕੇ ਰਹਿ ਗਿਆ ਹੈ। ਅਛੂਤ ਆਖੀਆਂ ਜਾਂਦੀਆਂ ਜਾਤੀਆਂ ਭਾਰਤੀ ਸੰਵਿਧਾਨ ਅਨੁਸਾਰ ‘ਅਨੁਸੂਚਿਤ ਜਾਤੀਆਂ’ ਹਨ। ਜਿੱਥੋਂ ਤਕ ਦਲਿਤ ਸ਼ਬਦ ਦੇ ਅਰਥ ਤੇ ਇਸ ਦੀ ਵਰਤੋਂ ਦਾ ਸਵਾਲ ਹੈ, ਉਸ ਉੱਤੇ ਵੀ ਤਰਦੀ ਜਿਹੀ ਨਜ਼ਰ ਮਾਰਨੀ ਜ਼ਰੂਰੀ ਹੈ।

ਦਲਿਤ ਸ਼ਬਦ ਦਾ ਅਰਥ ਉਸ ਮਨੁੱਖ ਤੋਂ ਹੈ ਜੋ ਅਲਹਿਦਾ ਕੀਤਾ ਹੋਇਆ ਤੇ ਸਮਾਜ ਵਿੱਚੋਂ ਛੇਕਿਆ ਹੋਇਆ ਹੋਵੇ। ਸਮਾਜਿਕ ਬਣਤਰ ਤੇ ਸਥਿਤੀ ਅਨੁਸਾਰ ਦਲਿਆ, ਪਛੜਿਆ ਤੇ ਜਨਮ-ਜਾਤ ਨਾਲ ਜੁੜਿਆ ਹੋਣ ਕਾਰਨ ਮੂਲ ਨਿਵਾਸੀ/ਅਛੂਤ/ਹਰੀਜਨ/ ਅਨੁਸੂਚਿਤ ਜਾਤੀ ਦਾ ਹੀ ਰਾਜਨੀਤਕ ਤੌਰ ’ਤੇ ਬਦਲਵਾਂ ਆਧੁਨਿਕ ਨਾਮ ਹੈ ਜੋ ਸਮਾਜਿਕ ਪਰਿਵਰਤਨ, ਸਮਾਜਿਕ ਕ੍ਰਾਂਤੀ ਲਈ ਤਰਕ-ਭਰਪੂਰ ਚੇਤਨਾ ਤੇ ਮਾਨਵਵਾਦੀ ਦ੍ਰਿਸ਼ਟੀ ਦਾ ਪ੍ਰਤੀਕ ਹੈ। ਇਹ ਸਮੂਹ ਅਛੂਤਾਂ/ਅਨੁਸੂਚਿਤ ਜਾਤੀਆਂ ਨੂੰ ਆਪਣੇ ਕਲਾਵੇ ਵਿਚ ਲੈ ਕੇ ਉਨ੍ਹਾਂ ਨੂੰ ਇਕਜੁਟ ਕਰਦਾ ਹੈ ਤੇ ਸਮਾਜਿਕ-ਆਰਥਿਕ ਤੇ ਰਾਜਨੀਤਕ ਚੇਤਨਾ ਦੇ ਨਾਲ-ਨਾਲ ਉਨ੍ਹਾਂ ਦੇ ਸਮਾਜਿਕ ਸਨਮਾਨ ਹਿਤ ਅਤੇ ਆਰਥਿਕ ਸ਼ੋਸ਼ਣ ਤੇ ਰੰਗ-ਭੇਦ ਤੇ ਨਸਲਵਾਦ ਵਿਰੁੱਧ ਲਾਮਬੰਦ ਹੋ ਕੇ ਮਨੁੱਖੀ ਅਧਿਕਾਰਾਂ ਦੀ ਪ੍ਰਾਪਤੀ ਤਕ ਜੂਝਣ ਲਈ ਉਤਸ਼ਾਹਿਤ ਕਰਦਾ ਹੈ। ਇਹ ਸਮੂਹ ਸਮਾਜ ਨੂੰ ਇਕ ਵਰਗ ਵਜੋਂ ਵਿਚਾਰਦਾ ਹੈ।

ਦਲਿਤ ਸ਼ਬਦ ਦੀ ਵਰਤੋਂ ਪੰਜਾਬੀ ਦੀ ‘ਦੇਸ਼ ਸੇਵਕ’ ਅਖ਼ਬਾਰ ਵਿਚ ਮਾਰਚ 1928 ਵਿਚ ਹੋਇਆ ਮਿਲਦਾ ਹੈ। ਜਦੋਂ ਆਦਿ ਧਰਮ ਮੰਡਲ, ਪੰਜਾਬ ਦੇ ਪ੍ਰਧਾਨ ਗ਼ਦਰੀ ਬਾਬਾ ਮੰਗੂ ਰਾਮ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਸਾਈਮਨ ਕਮਿਸ਼ਨ ਨੂੰ ਲਾਹੌਰ ਵਿਖੇ ਅਛੂਤਾਂ ਦੀ ਸਮਾਜਿਕ ਸਥਿਤੀ ਤੇ ਮਨੁੱਖੀ ਅਧਿਕਾਰਾਂ ਦੀ ਪ੍ਰਾਪਤੀ ਲਈ ਦਿੱਤੇ ਮੈਮੋਰੰਡਮ ਦਾ ਪੰਜਾਬੀ ਅਨੁਵਾਦ ਛਪਿਆ। ਦਲਿਤ ਸ਼ਬਦ ਡਿਪਰੈਸਡ ਤੇ ਓਪਰੈਸਡ ਕਲਾਸਿਜ਼ ਲਈ ਹੋਇਆ ਹੈ। ਹੋਰ ਤਾਂ ਹੋਰ 1938 ਵਿਚ ‘ਦਲਿਤ ਬੰਧੂ’ ਨਾਂ ਦਾ ਇਕ ਰਸਾਲਾ ਛਪਦਾ ਰਿਹਾ ਜਿਸ ਦੇ ਸੰਪਾਦਕ ਯਸ਼ਵੰਤ ਰਾਏ ਤੇ ਪ੍ਰਿਥੀ ਸਿੰਘ ਆਜ਼ਾਦ ਸਨ। ਡਾ. ਬੀ. ਆਰ. ਅੰਬੇਡਕਰ ਨੇ ਆਪਣੀਆਂ ਸ਼ੁਰੂਆਤੀ ਮਰਾਠੀ ਲਿਖਤਾਂ ਵਿਚ ਦਲਿਤ ਸ਼ਬਦ ਦੀ ਵਰਤੋਂ ਕੀਤੀ ਸੀ।

ਦਲਿਤ ਸਾਹਿਤ ਸੰਬੰਧੀ ਇੱਕੋ-ਇੱਕ ਨਿੱਗਰ ਤੱਥ ਪਰਿਭਾਸ਼ਾ ਵਜੋਂ ਇਹ ਹੈ ਜੋ ਪਿਛਲੇ ਸਾਲਾਂ ਤੋਂ ਪ੍ਰਚਲਿਤ ਹੈ ਤੇ ਉਸ ਨੂੰ ਸਾਹਿਤ ਦੀ ਮੁੱਖਧਾਰਾ ਵਿਚ ਸਥਾਨ ਵੀ ਪ੍ਰਾਪਤ ਹੋ ਗਿਆ ਹੈ, ‘ਦਲਿਤਾਂ ਵਲੋਂ ਦਲਿਤਾਂ ਦੀ ਸਮਾਜਿਕ-ਆਰਥਿਕ ਪੀੜਾ, ਰੋਹ-ਵਿਦਰੋਹ, ਸਮਾਜਿਕ ਪਰਿਵਰਤਨ ਲਈ ਚੇਤਨਾ ਤੇ ਸਮਾਜਿਕ ਸਮਤਾ ਲਈ ਲਿਖਿਆ ਸਾਹਿਤ ਹੀ ਦਲਿਤ ਸਾਹਿਤ ਹੈ।’ ਅਜਿਹੇ ਸਾਹਿਤ ਦੀ ਸ਼ੁਰੂਆਤ ਪੰਜਾਬੀ ਵਿਚ ਬਾਬੂ ਮੰਗੂ ਰਾਮ ਦੀ ਕਾਵਿ-ਪੁਸਤਕ ‘ਆਦਿ ਦੁੱਖੜੇ’ ਤੇ ‘ਆਦਿ ਪੈਗਾਮ’- ਸੰਤ ਰਾਮ ਬੋਹਣ ਤੇ ਆਦਿ ਧਰਮ ਮੰਡਲ, ਪੰਜਾਬ ਵਲੋਂ 1929-30 ਵਿਚ ਛਪਾਏ ਟਰੈਕਟਾਂ ਨਾਲ ਹੋਈ ਜਿਨ੍ਹਾਂ ਵਿਚ ਦਲਿਤ ਸ਼ਬਦ ਦੀ ਵਰਤੋਂ ਹੋਈ ਮਿਲਦੀ ਹੈ। ਇਨ੍ਹਾਂ ਅੰਦਰ ਸਿੱਖਿਆ, ਸੰਗਠਨ ਦੇ ਸਮਾਜਿਕ ਮਨੁੱਖੀ ਚੇਤਨਾ ਲਈ ਤੇ ਪ੍ਰੇਰਨਾ ਕਾਵਿ-ਪ੍ਰਸੰਗ ਹਨ।

**

ਅਜੋਕਾ ਦਲਿਤ ਸਾਹਿਤ:

ਪੰਜਾਬੀ ਦਲਿਤ ਕਵਿਤਾ

ਵਰਤਮਾਨ ਪੰਜਾਬੀ ਦਲਿਤ ਕਵਿਤਾ ਨੇ ਵੀਹਵੀਂ ਸਦੀ ਦੇ ਤੀਜੇ ਦਹਾਕੇ ਤੋਂ ਲੈ ਕੇ ਅਛੂਤ ਤੇ ਇਸ ਦੇ ਵੰਚਿਤ ਵਰਗ ਨੂੰ ਚੇਤਨ ਕਰਨ ਹਿਤ ਇਕ ਕਾਵਿ-ਅੰਦੋਲਨ ਕੀਤਾ ਹੋਇਆ ਹੈ। ਇਸ ਵਿਚ ਵਿਕਾਸ ਦੀਆਂ ਸੰਭਾਵਨਾਵਾਂ ਹਮੇਸ਼ਾ ਰਹੀਆਂ ਹਨ। ਪਹਿਲਾਂ-ਪਹਿਲਾਂ ਇਸ ਕਵਿਤਾ ਨੂੰ ਆਦਿ ਧਰਮ ਦੀ ਕਵਿਤਾ ਤੇ ਕਵੀਆਂ ਨੂੰ ਆਦਿ ਧਰਮ ਦੇ ਕਵੀ ਕਿਹਾ ਜਾਂਦਾ ਸੀ। ਸਟੇਜਾਂ ਤੋਂ ਗੀਤ/ਪ੍ਰਗੀਤਕ ਕਵਿਤਾਵਾਂ ਸੁਣਨ-ਸੁਣਾਉਣ ਦਾ ਸਿਲਸਿਲਾ ਅੱਜ ਵੀ ਜਾਰੀ ਹੈ। ਇਨ੍ਹਾਂ ਵਿਚ ਦਲਿਤ ਮਨੁੱਖ ਦੀ ਵੇਦਨਾ-ਸੰਵੇਦਨਾ ਤੇ ਮਨੋਵੇਗ ਨੂੰ ਬਹੁ-ਵਿਆਪੀ ਚੇਤਨਾ ਵਜੋਂ ਪ੍ਰਗਟਾਇਆ ਗਿਆ ਹੈ। ਕਈ ਵਾਰ ਇਹ ਨਿੱਜ-ਮੁਖੀ ਹੁੰਦਿਆਂ ਸਮੂਹ ਸਮਾਜ ਨੂੰ ਆਪਣੇ ਘੇਰੇ ਹੇਠ ਲੈਂਦੀ ਹੈ। ਇਸ ਵਿਚ ਦਲਿਤ ਔਰਤ ਨੂੰ ਵੀ ਦਲਿਤ ਮਨੁੱਖ ਦੇ ਬਰਾਬਰ ਜਾਂ ਕਹੋ ਕਿ ਉਸ ਤੋਂ ਵੱਧ ਸਰੀਰਕ ਤੇ ਮਾਨਸਿਕ ਪੀੜਾ ਭੋਗਦੀ ਦਰਸਾਇਆ ਗਿਆ ਹੈ। ਇਹ ਕਵਿਤਾ ਸਮੂਹ ਸਮਾਜ, ਪ੍ਰਕਿਰਤੀ, ਕੁਦਰਤੀ ਸਰੋਤਾਂ ਨੂੰ ਪਿਆਰਦੀ ਹੋਈ ਹਰੇਕ ਨੂੰ ਸਮ-ਦ੍ਰਿਸ਼ਟੀ ਨਾਲ ਦੇਖਦੀ ਹੈ। ਦਲਿਤ ਤੇ ਗ਼ੈਰ-ਦਲਿਤ ਨੂੰ ਸਮਾਨ ਅਧਿਕਾਰਾਂ, ਗੁਲਾਮੀ ਮੁਕਤ ਸਮਾਜ ਤੇ ਆਰਥਿਕ ਸੋਮਿਆਂ ਉੱਤੇ ਸਭ ਦੇ ਅਧਿਕਾਰ ਦੀ ਲੋਅ ਨੂੰ ਵਾਤਾਵਰਣ ਪ੍ਰਦਾਨ ਕਰਦੀ ਹੈ। ਬਾਬੂ ਮੰਗੂ ਰਾਮ ਮੁੱਗੋਵਾਲ, ਗੁਰਦਾਸ ਰਾਮ ਮੁਢਲੇ ਕਵੀਆਂ ਤੋਂ ਅੱਗੇ ਆਉਂਦੇ ਨੇ ਸੰਤ ਰਾਮ ਉਦਾਸੀ ਤੇ ਕ੍ਰਾਂਤੀਕਾਰੀ ਦਲਿਤ ਕਵੀ ਲਾਲ ਸਿੰਘ ਦਿਲ। ਦਿਲ ਬਹੁਤ ਹੀ ਸੂਖਮ ਵਿਅੰਗ ਕੱਸਦਾ ਹੈ:

ਮੈਨੂੰ ਪਿਆਰ ਕਰਦੀਏ
ਪਰ-ਜਾਤ ਕੁੜੀਏ
ਸਾਡੇ ਸਕੇ ਮੁਰਦੇ ਵੀ
ਇਕ ਥਾਂ ’ਤੇ ਨਹੀਂ ਜਲਾਉਂਦੇ।

ਬਲਬੀਰ ਮਾਧੋਪੁਰੀ ਦੀ ਕਵਿਤਾ ਦੇਖੋ ਜੋ ਸੰਵਾਦ ਦੇ ਰੂਪ ਵਿਚ ਹੈ:

ਉਸ ਨੇ ਕਿਹਾ
ਮੈਂ ਬਹੁਤ ਚਿਰ ਤੁਹਾਡੇ ਪਿੱਛੇ ਤੁਰਿਆ ਹਾਂ
ਹੁਣ ਤੁਸੀਂ ਮੇਰੇ ਪਿੱਛੇ ਤੁਰੋ

ਉਨ੍ਹਾਂ ਆਖਿਆ ਸਾਡੇ ਕੋਲ ‘ਮੂੰਹ’ ਹੈ
ਤੇ ਤੇਰੇ ਕੋਲ ਪੈਰ ਨੇ
ਪੈਰਾਂ’ ਦਾ ਧਰਮ ਤੁਰਨਾ ਹੁੰਦਾ ਹੈ।

ਇਸੇ ਤਰ੍ਹਾਂ 40 ਤੋਂ ਵੱਧ ਦਲਿਤ ਕਵੀ ਨੇ ਜਿਨ੍ਹਾਂ ਵਿੱਚੋਂ ਮਦਨਵੀਰਾ, ਗੁਰਮੀਤ ਕਲਰਮਾਜਰੀ, ਬੂਟਾ ਸਿੰਘ ਅਸ਼ਾਂਤ, ਮੋਹਨ ਤਿਆਗੀ, ਕਮਲ ਦੇਵ ਪਾਲ, ਜੈ ਪਾਲ ਆਦਿ ਪ੍ਰਮੁੱਖ ਤੇ ਮੁੱਖ ਧਾਰਾ ਦੇ ਕਵੀ ਹਨ। ਇਨ੍ਹਾਂ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਦੇਸ਼-ਵਿਦੇਸ਼ ਦੀਆਂ ਭਾਸ਼ਾਵਾਂ ਵਿਚ ਅਨੁਵਾਦ ਹੋ ਚੁੱਕੀਆਂ ਹਨ। ਸਕੂਲਾਂ ਤੇ ਕਾਲਜਾਂ ਦੇ ਸਿਲੇਬਸਾਂ ਵਿਚ ਸ਼ਾਮਿਲ ਹਨ। ਸਮੁੱਚੀ ਦਲਿਤ ਕਵਿਤਾ ਪ੍ਰੇਰਨਾ ਦਾ ਸਰੋਤ ਹੈ ਤੇ ਨਵੇਂ ਮਾਨਵਵਾਦੀ ਸਮਾਜ ਦੀ ਸਿਰਜਣਾ ਲਈ ਪ੍ਰੇਰਨਾ ਸਰੋਤ।

ਪੰਜਾਬੀ ਦਲਿਤ ਗਲਪ ਸਾਹਿਤ:

ਪੰਜਾਬੀ ਦਲਿਤ ਸਾਹਿਤ ਨੂੰ ਅਮੀਰ ਬਣਾਉਣ ਵਿਚ ਕਈ ਚੇਤਨ ਦਲਿਤ ਸਾਹਿਤਕਾਰ ਆਪਣੀ ਵਿਸ਼ੇਸ਼ ਭੂਮਿਕਾ ਲਗਾਤਾਰ ਨਿਭਾ ਰਹੇ ਹਨ। ਇਨ੍ਹਾਂ ਵਿਚਲਾ ਕਰੂਰ ਯਥਾਰਥ ਦਲਿਤ ਸਵੈਜੀਵਨੀਆਂ ਵਾਂਗ ਹੀ ਸਮਾਜ ਨੂੰ ਉਹਦਾ ਕਰੂਪ ਚਿਹਰਾ ਦਿਖਾਉਂਦਾ ਹੈ। ਮਿਸਾਲ ਦੇ ਤੌਰ ’ਤੇ ਡਾ. ਗੁਰਚਰਨ ਸਿੰਘ ਰਾਓ ਆਪਣੇ ਨਾਵਲ ‘ਮਸ਼ਾਲਚੀ’ ਵਿਚ ਪਿੰਡਾਂ ਵਿਚ ਵਸਦੇ ਅਛੂਤਾਂ ਯਾਨਿ ਦਲਿਤਾਂ ਦੀ ਘੱਟ ਗਿਣਤੀ ਹੈ ਤੇ ਉਹ ਆਰਥਿਕ ਤੌਰ ’ਤੇ ਜ਼ਮੀਨ ਮਾਲਕਾਂ ਉੱਤੇ ਨਿਰਭਰ ਹਨ। ਉਹ ਇਨ੍ਹਾਂ ਜਾਗੀਰੂ ਰੁਚੀਆਂ ਦੇ ਧਨੀ ਕਿਸਾਨਾਂ ਦਾ ਸਰੀਰਕ ਤੇ ਮਾਨਸਿਕ ਤਸ਼ੱਦਦ ਬਰਦਾਸ਼ਤ ਕਰਦੇ ਹਨ। ਨਾਵਲਕਾਰ ਪਰੰਪਰਕ ਪ੍ਰਗਤੀਵਾਦੀ ਸਾਹਿਤਕਾਰਾਂ ਤੇ ਮਾਰਕਸਵਾਦੀ ਆਲੋਚਕਾਂ ਦੀਆਂ ਬੌਧਿਕ ਸੀਮਾਵਾਂ ਉੱਤੇ ਉਂਗਲੀ ਧਰਦਾ ਹੈ। ‘ਮਸ਼ਾਲਚੀ’ ਨੂੰ ਦਲਿਤ ਜੀਵਨ ਦਾ ਪਹਿਲਾ ਯਥਾਰਥਵਾਦੀ ਤੇ ਕਲਾਸਿਕ ਨਾਵਲ ਹੋਣ ਦਾ ਗੌਰਵ ਹਾਸਿਲ ਹੈ।

ਪੰਜਾਬੀ ਕਹਾਣੀ ਵਿਚ ਆਪਣੀ ਨਿਵੇਕਲੀ ਦਲਿਤ ਦ੍ਰਿਸ਼ਟੀ ਸਦਕਾ ਪ੍ਰੇਮ ਗੋਰਖੀ, ਅਤਰਜੀਤ, ਭਗਵੰਤ ਰਸੂਲਪੁਰੀ, ਸਰੂਪ ਸਿਆਲਵੀ, ਦੇਸ ਰਾਜ ਕਾਲੀ, ਮੱਖਣ ਮਾਨ, ਗੁਰਮੀਤ ਕੜਿਆਲਵੀ, ਅਜਮੇਰ ਸਿੱਧੂ, ਨਛੱਤਰ ਆਦਿ ਉੱਘੜਵੇਂ ਹਸਤਾਖਰ ਹਨ। ਇਨ੍ਹਾਂ ਦੀਆਂ ਕਹਾਣੀਆਂ ਵਿਚਲੇ ਸਮਾਜਿਕ-ਯਥਾਰਥਕ ਪਾਤਰ ਹੱਕ, ਸੱਚ ਤੇ ਨਿਆਂ ਲਈ ਜੂਝਦੇ ਪ੍ਰਤੱਖ ਦਿਖਾਈ ਦਿੰਦੇ ਹਨ। ਬਿਰਤਾਂਤ ਇੰਨੇ ਦਿਲ-ਟੁੰਬਵੇਂ ਹਨ ਕਿ ਪਾਠਕ ਆਪਣੀ ਸਹਿਜ ਬਿਰਤੀ ਤੋਂ ਡੋਲਦਾ ਹੋਇਆ ਇਨ੍ਹਾਂ ਨਿਮਾਣਿਆਂ-ਨਿਤਾਣਿਆਂ ਦੇ ਪੱਖ ਵਿਚ ਭੁਗਤਣ ਨੂੰ ਕਾਹਲਾ ਪੈਂਦਾ ਜਾਪਦਾ ਹੈ। ਇਨ੍ਹਾਂ ਕਹਾਣੀਕਾਰਾਂ ਦੀਆਂ ਕੁਝ ਕਹਾਣੀਆਂ ਉੱਤੇ ਪੰਜਾਬੀ ਫਿਲਮਾਂ ਵੀ ਬਣ ਗਈਆਂ ਹਨ।

**

ਸਵੈਜੀਵਨੀਆਂ:

19ਵੀਂ ਸਦੀ ਦੇ ਅੰਤ ਤੇ 20ਵੀਂ ਸਦੀ ਦੇ ਸ਼ੁਰੂ ਵਿਚ ਅਛੂਤ ਅੰਦੋਲਨਾਂ ਨੇ ਸਾਹਿਤਕਾਰਾਂ ਨੂੰ ਦਲਿਤ ਸਾਹਿਤ ਦੀ ਸਿਰਜਣਾ ਲਈ ਪ੍ਰੇਰਿਆ। ਉਨ੍ਹਾਂ ਕਵਿਤਾ, ਕਹਾਣੀ, ਨਾਵਲ, ਨਾਟਕ, ਜੀਵਨੀਆਂ, ਸਵੈਜੀਵਨੀਆਂ ਤੇ ਲੇਖ ਲਿਖੇ। ਸਭ ਵਿਧਾਵਾਂ ਦੇ ਕਿਤਾਬੀ ਰੂਪ ਬਾਜ਼ਾਰ ਵਿਚ ਉਪਲਬਧ ਹਨ। ਦਲਿਤ ਦੇ ਦੁੱਖ-ਦਰਦ, ਰੋਹ-ਵਿਦਰੋਹ, ਸਮਾਜਿਕ ਯਥਾਰਥ ਤੇ ਸਮਾਜਿਕ ਬਰਾਬਰੀ ਲੋੜਦੀਆਂ ਸਵੈਜੀਵਨੀਆਂ ਨੇ ਸਮਾਜ ਨੂੰ ਉਸ ਦਾ ਅਸਲੀ ਤੇ ਕਰੂਰ ਰੂਪ ਦਿਖਾਇਆ। ਪੰਜਾਬੀ ਵਿਚ ਗ਼ਦਰੀ ਬਾਬਾ ਮੰਗੂ ਰਾਮ ਦੀ ਸਵੈਜੀਵਨੀ ਦੇ ਕੁਝ ਅੰਸ਼ 1971 ਵਿਚ ‘ਰਵਿਦਾਸ ਪੱਤ੍ਰਕਾ’ ਵਿਚ ‘ਮੇਰਾ ਜੀਵਨ ਬਿਰਤਾਂਤ ਤੇ ਮੇਰੀ ਵਿਦੇਸ਼ ਯਾਤਰਾ’ ਨਾਂ ਹੇਠ ਛਪੇ। ਇਨ੍ਹਾਂ ਵਿਚ ਗੁਲਾਮੀ, ਬੇਗਾਰ, ਜਬਰ-ਜਿਨਾਹ ਤੇ ਅਤਿਆਚਾਰ ਦੇ ਦਿਲ ਦਹਿਲਾ ਦੇਣ ਵਾਲੇ ਵੇਰਵੇ ਹਨ। ਆਦਿ ਧਰਮ ਦੇ ਕ੍ਰਾਂਤੀਕਾਰੀ ਕਵੀ ਗੁਰਦਾਸ ਰਾਮ ਆਲਮ ਨੇ ‘ਮੇਰਾ ਜੀਵਨ ਪੰਧ’ ਹੇਠ ‘ਜਨਤਕ ਲਹਿਰ’ ਅਖ਼ਬਾਰ ਵਿਚ 1988 ਵਿਚ 15 ਸਵੈਜੀਵਨੀ ਕਾਂਡ ਛਪਵਾਏ। ਕਹਾਣੀਕਾਰ ਪ੍ਰੇਮ ਗੋਰਖੀ ਦੀ ਸਵੈਜੀਵਨੀ ‘ਗ਼ੈਰ-ਹਾਜ਼ਰ ਆਦਮੀ’ (1995) ਵਿਚ ਦਲਿਤ ਸਮਾਜ ਨਾਲ ਹੁੰਦੇ ਅਨਿਆਂ ਦਾ ਵਿਸਥਾਰ ਹੈ। ਨਕਸਲਵਾਦੀ ਕਵੀ ਲਾਲ ਸਿੰਘ ਦਿਲ (11.4.1943-14.8.2007) ਆਪਣੀ ‘ਦਾਸਤਾਨ’ (1998) ਵਿਚ ਲਿਖਦਾ ਹੈ ਕਿ ਪੁਲਿਸ ਵਾਲੇ ਮੇਰੇ ’ਤੇ ਜ਼ਿਆਦਾ ਡੰਡੇ ਇਸ ਕਰਕੇ ਮਾਰ ਦਿੰਦੇ ਸਨ ਕਿਉਂਕਿ ਉਨ੍ਹਾਂ ਨੂੰ ਮੇਰੀ ਜਾਤ ‘ਚਮਾਰ’ ਹੋਣ ਦਾ ਪਤਾ ਸੀ। ਸਕੂਲ ਵਿਚ ਕਈ ਵਾਰ ਜਾਤ ਦੇ ਮਿਹਣੇ ਵੀ ਸੁਣਨੇ ਪੈਂਦੇ ਸੀ। ਪਹਿਲਾਂ-ਪਹਿਲਾਂ ਲਾਲ ਸਿੰਘ ਦਿਲ ਸਿੱਖ ਬਣਿਆ, ਉੱਥੇ ਵੀ ਜਾਤ ਦੇ ਵਿਤਕਰਿਆਂ ਤੇ ਊਚ-ਨੀਚ ਤੋਂ ਉਹਦਾ ਖਹਿੜਾ ਨਾ ਛੁੱਟਿਆ। ਸਰਗਰਮ ਨਕਸਲਵਾਦੀ ਵਜੋਂ ਉਹ ਇਸ ਲਹਿਰ ਦੇ ਚੜ੍ਹਤ ਦੇ ਦਿਨਾਂ (1968-1972) ਦੌਰਾਨ ਮੁਸਲਮਾਨ ਬਣ ਗਿਆ। ਉੱਤਰ ਪ੍ਰਦੇਸ਼ ਵਿਚ ਲੁਕ-ਛਿਪ ਕੇ ਰਹਿੰਦਾ ਰਿਹਾ ਉੱਘਾ ਕਵੀ, ਕਦੀ ਦਿਹਾੜੀਦਾਰ ਕਦੀ ਚੌਕੀਦਾਰ, ਤੇ ਕਦੀ ਚਾਹ ਦਾ ਖੋਖਾ ਚਲਾਉਂਦਾ ਰਿਹਾ। ਪਰ ਲਗਾਤਾਰ ਲਿਖਦਾ ਰਿਹਾ। ਤੇ ਆਖ਼ਿਰ ਉਹ ਅਣਵਿਆਹਿਆ ਹੀ ਪੰਜਾਬ ਵਿਚ ਲੁਧਿਆਣਾ ਦੇ ਇਕ ਸ਼ਹਿਰ ਸਮਰਾਲਾ ਵਿਚ ਗੁਜ਼ਰ ਗਿਆ। ਸਰੂਪ ਸਿਆਲਵੀ ਦੀ ਸਵੈਜੀਵਨੀ ‘ਜ਼ਲਾਲਤ’ ਵਿਚ ਪਾਕਿਸਤਾਨ ਤੋਂ ਉਜੜ ਕੇ ਚੜ੍ਹਦੇ ਪੰਜਾਬ ਵਿਚ ਆ ਵੱਸਣ ਵਾਲੇ ਦਲਿਤ ਪਰਿਵਾਰ ਨੂੰ ਘਰ ਟਿਕਾਣਾ ਨਾ ਮਿਲਣਾ, ਉੱਚੀਆਂ ਜਾਤਾਂ ਵਲੋਂ ਖੂਹ ਤੋਂ ਪਾਣੀ ਨਾ ਭਰਨ ਦੇਣਾ, ਜ਼ਿਮੀਦਾਰਾਂ ਵਲੋਂ ਸ਼ਾਮਲਾਤ ਦੀ ਜ਼ਮੀਨ ਤੋਂ ਬਾਰ-ਬਾਰ ਉਠਾਉਣਾ, ਬਾਰ-ਬਾਰ ਕੇਸ ਦਰਜ ਹੋਣੇ ਤੇ ਪਰੇਸ਼ਾਨ ਹੁੰਦੇ ਰਹਿਣ ਦੇ ਬੇਸ਼ੁਮਾਰ ਵੇਰਵੇ ਹਨ। ਸਿੱਖ ਹੁੰਦੇ ਹੋਏ ਵੀ ਸਿੱਖਾਂ ਵਲੋਂ ਅਤਿਆਚਾਰ ਨੂੰ ਬਰਦਾਸ਼ਤ ਕਰਨਾ ਬਹੁਤ ਹੀ ਤਰਸਯੋਗ ਸਥਿਤੀਆਂ ਦਾ ਵਰਣਨ ਹੈ। ਅਤਰਜੀਤ ਦੀ ‘ਅੱਕ ਦਾ ਦੁੱਧ’ ਤੇ ਮੀਤ ਖਟੜਾ ਦੀ ਸਵੈਜੀਵਨੀ ‘ਤਿਣਕਾ ਤਿਣਕਾ ਆਲ੍ਹਣਾ’ ਪੜ੍ਹਨਯੋਗ ਹਨ। ਬਲਬੀਰ ਮਾਧੋਪੁਰੀ ਦੀ ‘ਛਾਂਗਿਆ ਰੁੱਖ (2002) ਦਾ ਔਕਸਫੋਰਡ ਯੂਨੀਵਰਸਿਟੀ ਪ੍ਰੈੱਸ ਵਲੋਂ 2010 ਵਿਚ, ਪਾਕਿਸਤਾਨ ਵਿਚ ਸ਼ਾਹਮੁਖੀ ਵਿਚ 2010 ਤੇ ਹਿੰਦੀ ਵਿਚ 2007 ਵਿਚ ਪ੍ਰਕਾਸ਼ਿਤ ਹੋਣ ਨਾਲ ਇਸ ਦੀ ਦੇਸ਼-ਵਿਦੇਸ਼ ਵਿਚ ਵਿਸ਼ੇਸ਼ ਸਾਹਿਤਕ ਸਥਾਨ ਸਥਾਪਤ ਹੋਇਆ। ਵਿਦਵਾਨ ਆਲੋਚਕਾਂ ਵਲੋਂ ਇਸ ਸਵੈਜੀਵਨੀ ਨੂੰ ਪਹਿਲੀ ਦਲਿਤ ਪੰਜਾਬੀ ਸਵੈਜੀਵਨੀ ਇਸ ਵਿਚਲੇ ਦਲਿਤ ਸਾਹਿਤ-ਸ਼ਾਸਤਰ ਤੇ ਦਲਿਤ ਸਮਾਜ ਸ਼ਾਸਤਰ ਦੇ ਮਸਲੇ ਜਗਾਉਣ ਵਾਲੀ ਐਲਾਨਿਆ ਗਿਆ ਤੇ ਨਿਵੇਕਲੀ ਟੈਕਸਟ ਦੇ ਚਰਚੇ ਕੀਤੇ ਗਏ ਹਨ।

ਇਹ ਪੰਜਾਬੀ ਦਲਿਤ ਸਵੈਜੀਵਨੀਆਂ ਹੀ ਹਨ ਜਿਨ੍ਹਾਂ ਨੇ ਪੰਜਾਬੀ ਦਲਿਤ ਸਾਹਿਤ ਦੀ ਪਛਾਣ ਬਣਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਤੇ ਵੱਖਰੇ ਦਲਿਤ ਸਾਹਿਤ ਸ਼ਾਸਤਰ ਲਈ ਮਾਪਦੰਡ ਨਿਰਧਾਰਤ ਕੀਤੇ ਤੇ ਪਹਿਲੀਆਂ ਪਰੰਪਰਕ ਪੂਰਵ ਧਾਰਨਾਵਾਂ ਦੀ ਥਾਂ ਨਵਾਂ ਬਦਲ ਪੇਸ਼ ਕੀਤਾ। ਆਪਣੀਆਂ ਸਮਾਜਿਕ ਸਥਿਤੀਆਂ ਦੇ ਨਾਲ-ਨਾਲ ਜਾਤ, ਜਮਾਤ, ਧਰਮ ਤੇ ਨਸਲ ਦੇ ਮਸਲੇ ਗੰਭੀਰਤਾ ਤੇ ਸੁਹਿਰਦਤਾ ਨਾਲ ਅਤੇ ਇਕ ਆਦਰਸ਼ ਜਾਤ-ਰਹਿਤ ਸਮਾਜ ਦੀ ਸਿਰਜਣਾ ਲਈ ਆਪਣੇ ਮਾਨਦੰਡ ਸਾਹਮਣੇ ਲਿਆਂਦੇ।

ਸਮੁੱਚੀਆਂ ਸਵੈਜੀਵਨੀਆਂ ਦਾ ਵਰਨਣਯੋਗ ਸਾਂਝਾ ਪੱਖ ਇਹ ਹੈ ਕਿ ਇਨ੍ਹਾਂ ਦੇ ਬਿਰਤਾਂਤ ਲਈ ਸਿਰਫ ਲਿਪੀਆਂ ਦਾ ਫ਼ਰਕ ਹੈ ਪਰ ਸਥਿਤੀਆਂ ਦਾ ਨਹੀਂ। ਇਨ੍ਹਾਂ ਸਾਰੀਆਂ ਸਵੈਜੀਵਨੀਆਂ ਵਿੱਚੋਂ ਇੱਕੋ ਜਿਹੀ ਰੋਹ-ਵਿਦਰੋਹ ਤੇ ਸਮਜਿਕ ਪਰਿਵਰਤਨ ਦੀ ਸੁਰ ਨਿਕਲਦੀ ਹੈ। ਵਰਤਮਾਨ ਦਲਿਤ ਸਾਹਿਤ ਤੇ ਦਲਿਤ ਸਾਹਿਤਕਾਰਾਂ ਦੀਆਂ ਸਵੈਜੀਵਨੀਆਂ ਦੇ ਅਧਿਐਨ ਮਗਰੋਂ ਇਉਂ ਪ੍ਰਤੀਤ ਹੁੰਦਾ ਹੈ ਕਿ ਦਲਿਤ ਸਾਹਿਤ ਦਾ ਭਵਿੱਖ ਬਹੁਤ ਉੱਜਲ ਹੈ ਜਿਵੇਂ ਭਾਰਤ ਵਿਚ ਮੂਲ ਨਿਵਾਸੀ ਵਿਚਾਰਧਾਰਾ ਦਾ। ਜਦੋਂ ਨਸਲ, ਰੰਗ, ਜਾਤ, ਛੂਤਛਾਤ ਤੇ ਭਿੱਟ ਵਰਗੇ ਮਨੁੱਖ-ਦੋਖੀ ਜਾਂ ਇਉਂ ਕਿਹਾ ਜਾਵੇ ਕਿ ਮਨੁੱਖ ਨੂੰ ਮਨੁੱਖ ਮੰਨਣ ਤੋਂ ਇਨਕਾਰੀ ਹੋਣ ਦੀ ਸਮਾਜਿਕ ਵਿਵਸਥਾ ਸਮੁੱਚੇ ਭਾਰਤੀ ਉਪ-ਮਹਾਂਦੀਪ ਵਿਚ ਨਿਰਵਿਘਨ ਪ੍ਰਚਲਿਤ ਹੈ ਤਾਂ ਇਉਂ ਲਗਦਾ ਹੈ ਕਿ ਜਿਵੇਂ ਦਲਿਤ ਸਾਹਿਤਕਾਰ ਹੀ ਆਪਣੇ ਮਨੁੱਖੀ ਅਧਿਕਾਰਾਂ ਦੀ ਪ੍ਰਾਪਤੀ ਲਈ ਚੇਤਨਾ ਦਾ ਫੈਲਾਅ ਕਰ ਰਹੇ ਹਨ ਜਾਂ ਇਉਂ ਕਿਹਾ ਜਾ ਸਕਦਾ ਹੈ ਕਿ ਇਸ ਪੁਰਾਤਨ-ਸਨਾਤਨ ਸੰਸਕ੍ਰਿਤੀ ਵਿਰੁੱਧ ਦਲਿਤ ਸਾਹਿਤ ਹੀ ਆਪੋਜ਼ੀਸ਼ਨ ਦੀ ਨਿੱਗਰ ਭੂਮਿਕਾ ਨਿਭਾਅ ਰਿਹਾ ਹੈ। ਭਾਰਤੀ ਉਪ-ਮਹਾਂਦੀਪ ਤੋਂ ਅੱਗੇ ਤੁਲਨਾਤਮਕ ਤੌਰ ’ਤੇ ਦਲਿਤ ਸਾਹਿਤ ਦਾ ਪਸਾਰਾ ਦੱਖਣੀ ਅਫ਼ਰੀਕਾ ਦੇ ਅਠਵੰਜਾ ਦੇਸ਼ਾਂ ਤਕ ਸਹਿਜ ਹੀ ਰਲਦਾ-ਮਿਲਦਾ ਹੋ ਜਾਂਦਾ ਹੈ ਜਦ ਇਨ੍ਹਾਂ ਅਣਮਨੁੱਖੀ ਵਤੀਰੇ ਭਰੇ ਤੱਥਾਂ ਨੂੰ ਆਧੁਨਿਕ ਬਲੈਕ ਲਿਟਰੇਚਰ ਵਿਚ ਦੇਖਦੇ ਹਾਂ। ਉਦਾਹਰਣ ਵਜੋਂ, ‘ਸਪਾਰਟਕਸ’ ਨਾਵਲ ਲੂੰ-ਕੰਡੇ ਖੜ੍ਹੇ ਕਰਨ ਵਾਲਾ ਹੈ ਜਿਸਦਾ ਲੇਖਕ ਅਮਰੀਕੀ ਨਾਵਲਕਾਰ ਹਾਵਰਡ ਫਾਸਟ (1914-1992) ਹੈ, ਨੇ ਗੁਲਾਮੀ ਦੀ ਪ੍ਰਥਾ ਨੂੰ ਖ਼ਤਮ ਕਰਨ ਲਈ ਖੱਬੇ ਪੱਖੀ ਦ੍ਰਿਸ਼ਟੀ ਤੋਂ ਜਿਵੇਂ ਦਾ ਬਿਰਤਾਂਤ ਪੇਸ਼ ਕੀਤਾ ਹੈ, ਉਹ ਬੇਮਿਸਾਲ ਹੈ, ਸੰਘਰਸ਼ ਲਈ ਪ੍ਰੇਰਨਾ ਦਾ ਵੱਡਾ ਸਰੋਤ ਹੈ - ਮਾਨਵੀ ਅਧਿਕਾਰਾਂ ਦੀ ਪ੍ਰਾਪਤੀ ਤਕ। ਜਦੋਂ ਨਗੂਗੀ ਵਾ ਥਿਓਂਗੋ, ਬੇਨ ਓਕਰੀ, ਰਿਚਰਡ ਰਾਇਵ, ਅਲੈਕਸ ਲਾਗੁਮਾ, ਐਲਨ ਪੈਟਨ ਦੀਆਂ ਰਚਨਾਵਾਂ ਪੜ੍ਹਦੇ ਹਾਂ - ਉਨ੍ਹਾਂ ਵਿਚ ਸਵੈਜੀਵਨੀ ਅੰਸ਼ ਤਾਂ ਹਨ ਹੀ, ਪੂਰੇ ਸਮਾਜਿਕ ਤੇ ਆਰਥਿਕ ਤਾਣੇ-ਬਾਣੇ ਉੱਤੇ ਗੋਰਾਸ਼ਾਹੀ ਦਾ ਨਸਲੀ ਰਵੱਈਆ ਕਾਬਜ਼ ਹੈ ਜਿਸ ਕਾਰਨ ਉਹ ਭਾਰਤ ਦੇ ਮੂਲ ਨਿਵਾਸੀਆਂ ਵਾਂਗ ਆਪਣੇ ਕੁਦਰਤੀ ਸਰੋਤਾਂ, ਪ੍ਰਕਿਰਤੀ ਨਾਲ ਸਹਿਵਾਸ ਦੇ ਨੇਮਾਂ, ਮਾਂ-ਬੋਲੀ ਤੇ ਸਮੁੱਚੇ ਸਭਿਆਚਾਰ ਤੋਂ ਵਿਰਵੇ ਹੋ ਗਏ ਹਨ। ਜੇ ਉੱਥੋਂ ਦੇ ਨਵੇਂ ਲੇਖਕਾਂ ਵਿੱਚੋਂ ਸਿਰਫ ਉਦਾਹਰਣ ਦੇ ਤੌਰ ਤੇ ਅਮਰੀਕਾ ਦੇ 44ਵੇਂ ਰਾਸ਼ਟਰਪਤੀ ਬਰਾਕ ਉਬਾਮਾ ਦੀ ਸਵੈਜੀਵਨੀ ‘ਡਰੀਮਜ਼ ਫਰੌਮ ਮਾਈ ਫਾਦਰ’ ਲਈਏ ਤਾਂ ਉਹ ਸੰਵੇਦਨਸ਼ੀਲ ਆਦਮੀ ਨੂੰ ਝੰਜੋੜਦੀ, ਨਸਲ ਤੇ ਵਿਰਾਸਤ ਨੂੰ ਤੱਥਾਂ ਤੇ ਹੱਕਾਂ ਦੇ ਟਕਰਾਅ ਵਜੋਂ ਦੁਨੀਆ ਸਾਹਮਣੇ ਪੇਸ਼ ਕਰਦੀ ਹੈ। ਇੱਥੇ ਮੈਨੂੰ ਅਫਰੀਕੀ ਅਮਰੀਕੀ ਲੇਖਕ ਪਾਲ ਬੀਟੀ (Paul Beatty) ਦੇ ਨਾਵਲ ‘ਸੈੱਲਆਊਟ’ ਦੇ ਬਹਾਨੇ ਮਾਇਆ ਐਂਗੇਲੋ (Maya Angelou) ਦੀ ਪੁਸਤਕ ‘ਆਈ ਨੋ ਵਾਈ ਦਿ ਕੇਜਡ ਬਰਡ ਸਿੰਗਜ਼’ ਦੇ ਅਰਥ ਹੀ ਸਾਰੀ ਸਥਿਤੀ ਨੂੰ ਬਿਆਨ ਦਿੰਦੇ ਹਨ ਕਿ ਨਸਲਾਂ-ਰੰਗਾਂ ਦਾ ਅਤਿਆਚਾਰੀ ਰੂਪ-ਕਰੂਪ ਕਿਵੇਂ ਦਾ ਹੁੰਦਾ ਹੈ।

ਮੁੱਕਦੀ ਗੱਲ ਕਿ ਦਲਿਤ ਸਾਹਿਤ ਤੇ ਬਲੈਕ ਲਿਟਰੇਚਰ ਹੀ ਹੁਣ ਵਿਸ਼ਵ ਸਾਹਿਤ ਵਜੋਂ ਵਿਚਾਰਿਆ ਜਾ ਰਿਹਾ ਹੈ। ਇਹ ਹਕੀਕਤ ਵੀ ਗੰਭੀਰ ਤਵੱਜੋ ਦੀ ਮੰਗ ਕਰਦੀ ਹੈ ਕਿ ਗ਼ੈਰ ਦਲਿਤ ਸਾਹਿਤਕਾਰ ‘ਧਰਤੀ, ਧਨ ਨਾ ਆਪਣਾ’ ਜਗਦੀਸ਼ ਚੰਦਰ ਨੂੰ ਕਿਸੇ ਤਰ੍ਹਾਂ ਵੀ ਦਲਿਤ ਸਾਹਿਤ ਵਿੱਚੋਂ ਖਾਰਜ ਨਹੀਂ ਕੀਤਾ ਜਾ ਸਕਦਾ ਜਿਵੇਂ ਬਲੈਕ ਲਿਟਰੇਚਰ ਵਿੱਚੋਂ ਹਾਵਰਡ ਫਾਸਟ ਨੂੰ ਕਿਉਂਕਿ ਇਨ੍ਹਾਂ ਲੇਖਕਾਂ ਅੰਦਰ ਮਾਨਵੀ-ਸੰਵੇਦਨਾ ਸਹਿਤ ਸੰਪੂਰਨ ਸੁਹਿਰਦਤਾ ਹੈ। ਇਹ ਵੱਖਰੀ ਗੱਲ ਹੈ ਕਿ ਸਿਰਫ ‘ਰਾਖ ਜਾਣਦੀ ਹੈ ਸੜ ਜਾਣ ਦਾ ਦਰਦ।’ ਕਾਸ਼! ਸਾਡੇ ਗ਼ੈਰ-ਦਲਿਤ ਸਾਹਿਤਕਾਰ ਵੀ ਏਹੋ ਜਿਹੀ ਦ੍ਰਿਸ਼ਟੀ ਅਪਣਾ ਲੈਣ।

**

ਸਮਾਪਤੀ ਟਿੱਪਣੀਆਂ:

ਜਿਵੇਂ ਕਿ ਦਲਿਤ ਸਾਹਿਤਕਾਰ ਮੰਨਦੇ ਹਨ ਕਿ ਸਿਰਫ ਰਾਖ ਜਾਣਦੀ ਹੈ ਜਲ਼ ਜਾਣ ਦਾ ਅਨੁਭਵ। ਇਸੇ ਨਜ਼ਰੀਏ ਤੋਂ ਗ਼ੈਰ-ਦਲਿਤ ਸਾਹਿਤਕਾਰ ਏਨੀ ਸ਼ਿੱਦਤ, ਡੂੰਘਾਈ ਤੇ ਯਥਾਰਥ ਨਾਲ ਦਲਿਤ ਜੀਵਨ ਨੂੰ ਉਭਾਰ ਸਕਣ ਵਿਚ ਸਫਲ ਨਹੀਂ ਹੋਏ। ਉਨ੍ਹਾਂ ਦਾ ਲਿਖਿਆ ‘ਦਲਿਤ ਸਾਹਿਤ’ ਹਮਦਰਦੀ ਵਾਲਾ ਜਾਂ ਸ਼ੁਹਰਤ ਹਾਸਿਲ ਕਰਨ ਦਾ ਇਕ ਹਿੱਸਾ ਬਣ ਕੇ ਰਹਿ ਜਾਂਦਾ ਹੈ। ਇਹ ਵੀ ਸੱਚ ਹੈ ਕਿ ਕਿਸੇ ਗ਼ੈਰ-ਦਲਿਤ ਵਿਦਵਾਨ, ਚਿੰਤਕ ਤੇ ਦਾਰਸ਼ਨਿਕ ਨੇ ਨਫ਼ਰਤ ਫੈਲਾਉਣ ਵਾਲੀ ਵਰਣ-ਵਿਵਸਥਾ, ਜਾਤਪਾਤ ਤੇ ਛੂਤਛਾਤ ਵਿਰੁੱਧ ਕੋਈ ਅੰਦੋਲਨ ਨਹੀਂ ਚਲਾਇਆ ਸਗੋਂ ਮੂਕ ਬਣ ਕੇ ਪ੍ਰਚਲਿਤ ਸਮਾਜਿਕ ਵਿਵਸਥਾ ਦਾ ਪੱਖ ਪੂਰਦੇ ਹੋਏ ਪੋਸ਼ਿਕ ਪ੍ਰਤੀਤ ਹੁੰਦੇ ਹਨ। ਦਲਿਤ ਸਮਾਜ ਦਾ ਆਪਣਾ ਮਨੁੱਖਵਾਦੀ ਦਰਸ਼ਨ ਹੈ ਜੋ ਵਰਣ-ਧਰਮ ਨੂੰ ਮੂਲੋਂ ਹੀ ਰੱਦ ਕਰਦਾ ਹੈ। ਉਸ ਦਾ ਮੰਨਣਾ ਹੈ ਕਿ ਦਲਿਤ ਸਮਾਜ ਬ੍ਰਾਹਮਣਾਂ, ਬੋਧੀਆਂ, ਜੈਨੀਆਂ ਤੇ ਸਿੱਖਾਂ ਤੇ ਮੁਸਲਮਾਨਾਂ ਦਾ ਹਿੱਸਾ ਨਹੀਂ ਸਗੋਂ ਭਾਰਤ ਵਿਚ ਵਸਦੇ ਮੂਲ ਨਿਵਾਸੀਆਂ ਦਾ ਵਿਸ਼ਾਲ ਸਮਾਜ ਹੈ ਜਿਸ ਨੂੰ ਸਵਾਰਥੀ ਲੋਕਾਂ ਨੇ ਗੁਲਾਮ ਬਣਾਇਆ ਹੋਇਆ ਹੈ। ਦਲਿਤ ਚਿੰਤਕ ਸੰਘਰਸ਼ ਕਰਦੇ ਹੋਏ ਮਰ-ਖਪ ਜਾਂਦੇ ਹਨ ਤੇ ਗ਼ੈਰ ਦਲਿਤ ਉਨ੍ਹਾਂ ਦੀ ਮਾਨਵਵਾਦੀ ਦ੍ਰਿਸ਼ਟੀ ਦਾ ਪੱਖ ਨਹੀਂ ਪੂਰਦੇ। ਇਸੇ ਕਰਕੇ ਭਾਰਤ ਦੇ ਸਮੁੱਚੇ ਤੇ ਸਮੂਹਿਕ ਮਾਨਵੀ ਵਿਕਾਸ ਵਿਚ ਨਿੱਗਰ ਵਾਧਾ ਨਹੀਂ ਹੋ ਰਿਹਾ ਸਗੋਂ ਅੜਿੱਕਾ ਬਣੀ ਹੋਈ ਹੈ ਵਰਣ-ਧਰਮ ਦੀ ਵਿਵਸਥਾ। ਇਨ੍ਹਾਂ ਸਭ ਲੋਭੀ, ਦੰਭੀ ਤੇ ਅਮਾਨਵੀ ਰੁਚੀਆਂ ਦਾ ਪਰਦਾ ਫਾਸ਼ ਕਰਦਾ ਦਰਸ਼ਨ ਗ੍ਰੰਥ ਜਨਵਰੀ 2017 ਵਿਚ ‘ਮਹਾਨ ਆਜੀਵਕ: ਕਬੀਰ, ਰੈਦਾਸ ਔਰ ਗੋਸਾਲ’ ਆਇਆ ਹੈ। ਇਸ ਦੇ ਲੇਖਕ ਹਨ - ਡਾ. ਧਰਮਵੀਰ।

ਗੱਲ ਸਮੇਟਦਿਆਂ ਕਹਿਣਾ ਉਚਿਤ ਹੋਵੇਗਾ ਕਿ ਵਰਤਮਾਨ ਅਤੀਤ ਦਾ ਆਧਾਰ ਹੁੰਦਾ ਹੈ ਤੇ ਅਤੀਤ ਹਮੇਸ਼ਾ ਭਵਿੱਖ ਵਾਸਤੇ ਕੰਮ ਕਰਦਾ ਹੈ। ਇਸ ਦ੍ਰਿਸ਼ਟੀ ਤੋਂ ਦੇਖਦਿਆਂ ਮਹਿਸੂਸ ਹੁੰਦਾ ਹੈ ਕਿ ਸਾਹਿਤ ਖ਼ਾਸ ਤੌਰ ’ਤੇ ਦਲਿਤ ਸਾਹਿਤ ਸਮੁੱਚੇ ਸਮਾਜਿਕ ਪਰਿਵਰਤਨ ਲਈ ਵਿਲੱਖਣ ਤੇ ਵੱਡੀ ਭੂਮਿਕਾ ਨਿਭਾ ਰਿਹਾ ਹੈ। ਇੱਥੇ ਕਹਿਣ ਦਾ ਭਾਵ ਪੰਜਾਬੀ ਦਲਿਤ ਸਾਹਿਤ ਭਾਰਤੀ ਦਲਿਤ ਸਾਹਿਤ ਦੇ ਚਿੰਤਨ ਤੇ ਚੇਤਨਾ ਵਿਚ ਲਗਾਤਾਰ ਪਾਇਦਾਰ ਵਾਧਾ ਕਰ ਕੇ ਗ਼ੈਰ ਦਲਿਤ ਸਾਹਿਤਕਾਰਾਂ ਤੇ ਪੂਰੇ ਭਾਰਤੀ ਸਮਾਜ ਨੂੰ ਮਨੁੱਖਵਾਦੀ ਪਹੁੰਚ ਅਪਣਾਉਣ ਲਈ ਪ੍ਰੇਰਿਤ ਕਰ ਰਿਹਾ ਹੈ।

Balbir Madhopuri.
9Director, Punjabi Bhawan)
Punjabi Sahit Sabha, New Delhi, India.

*****

(919)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)