BalbirMadhopuri7ਕੇਹਾ ਕਲਜੁਗ ਆ ਗਿਆ, ਮਾਮਾਂ ਪੁੱਤਾਂ ਦੀ ਲੰਮੀ ਉਮਰ ਲਈ ਉਨ੍ਹਾਂ ਨੂੰ ਆਪਣੇ ਹੱਥੀਂ ਘਰੋਂ ਦੂਰ ...
(24 ਮਾਰਚ 2021)
(ਸ਼ਬਦ: 2280)


ਪਿਛਲੇ ਪੰਜਾਂ-ਛੇਆਂ ਸਾਲਾਂ ਤੋਂ ਪੰਜ-ਪਾਣੀਆਂ ਦੇ ਦੇਸ ਦਾ ਖ਼ਲਾਅ ਬਹੁਤ ਖ਼ਾਮੋਸ਼ ਹੋ ਗਿਆ! ਲਗਦਾ ਜਿਵੇਂ ਇਸ ਨੇ ਵੀ ਰਾਜਸੀ ਬੰਦਿਆਂ ਵਾਂਗ ਦਿਨ-ਰਾਤ ਆਪਣੇ ਮਖ਼ੌਟੇ ਬਦਲਣੇ ਸ਼ੁਰੂ ਕਰ ਦਿੱਤੇ ਹੋਣ। ਕਦੀ ਮਹਿਸੂਸ ਹੁੰਦਾ ਕਿ ਦਰਿੰਦਿਆਂ ਵਰਗੇ ਬੰਦਿਆਂ ਨੇ ਕੁਦਰਤ ਉੱਤੇ ਕਬਜ਼ਾ ਕਰਨ ਦੀ ਪੱਕੀ ਠਾਣੀ ਹੋਈ ਹੈ। ਖਾਓ-ਪੀਓ ਵੇਲੇ ਹੀ ਆਦਮੀਆਂ ਵਾਂਗ ਕੁੱਤੇ ਵੀ ਘਰਾਂ ਅੰਦਰ ਡੱਕ ਹੋ ਕੇ ਚੁੱਪ-ਚੁਪੀਤੇ ਬੈਠੇ ਰਹਿੰਦੇ ਜਿਵੇਂ ਭੌਂਕਣਾ ਉਨ੍ਹਾਂ ਦੇ ਸੁਭਾਅ ਵਿੱਚੋਂ ਮਨਫ਼ੀ ਹੋ ਰਿਹਾ ਹੋਵੇ! ਗਲ਼ੀਆਂ ਵਿੱਚ ਪਸਰੇ ਸਨਾਟੇ ਦੀ ਉਨ੍ਹਾਂ ਨੂੰ ਗਹਿਰ-ਗੰਭੀਰ ਸਮਝ ਆਉਣ ਲੱਗ ਪਈ ਹੋਵੇ! ਅਦਿੱਖ
, ਸਾਜ਼ਿਸ਼ੀ ਸੰਨਾਟੇ ਦੀ ਚਾਦਰ ਨੂੰ ਜੇ ਲੀਰੋ-ਲੀਰ ਕਰਦੀ ਤਾਂ ਸਿਰਫ਼ ਠਾਹ-ਠਾਹ ਤੇ ਵੈਣਾਂ-ਸਿਆਪਿਆਂ ਤੇ ਰੋਣੇ-ਧੋਣੇ ਦੀ ਦਿਲ ਚੀਰਵੀਂ ਆਵਾਜ਼! ਜੇ ਕਿਧਰੇ ਮਾਤਮੀ-ਧੁਨ ਦੌਰਾਨ ਮੋਢਿਆਂ ਵਿਚਾਲੇ ਕੋਈ ਧੌਣ ਉੱਚੀ ਉੱਠਦੀ ਦਿਸਦੀ ਤਾਂ ਹਨ੍ਹੇਰੇ ਦੇ ਸੰਗੀਆਂ-ਸਾਥੀਆਂ ਵਲੋਂ ਉਹ ਸਦਾ ਲਈ ਅਲੋਪ ਕਰ ਦਿੱਤੀ ਜਾਂਦੀ - ਵੱਖਰੀ ਪਛਾਣ ਖ਼ਾਤਰ।

ਨਫ਼ਰਤ ਦੀ ਖੇਤੀਬਾੜੀ ਭੜਕਾਊ ਪਾਣੀਆਂ ਦੇ ਸਹਾਰੇ ਸੰਘਣੀ ਤੇ ਉੱਚੀ ਹੁੰਦੀ ਗਈ। ਮਾਲਕਾਂ ਤੇ ਪਾਲਕਾਂ ਨੂੰ ਸਿੱਟੇ’ ਦੀ ਭਰਵੀਂ ਉਮੀਦ ਦਿਸਣ ਲੱਗੀ। ਕੱਚੀਆਂ ਕੁਆਰ ਗੰਦਲਾਂ ਨੂੰ ਬੇਰਹਿਮੀ ਨਾਲ ਤੋੜਦੇ-ਮਰੋੜਦੇ ਹੱਥ ਪਾਕਿ-ਪਵਿੱਤਰ ਗ਼ਰਦਾਨੇ ਜਾਣ ਲੱਗੇ। ਆਪਣਿਆਂ ਦੇ ਲਹੂ ਵਿੱਚ ਪਰਾਏ ਪ੍ਰਵੇਸ਼ ਕਰ ਗਏ ਜਾਪਦੇ ਜਿਸ ਕਾਰਨ ਵੱਖਰੀ ਲੋਚ ਤੇ ਸੋਚ ਦੀ ਸੁਰ ਉੱਭਰਦੀ। ਪਵਿੱਤਰ ਸਥਾਨਾਂ ਤੋਂ ਨਫ਼ਰਤ ਦੇ ਬਰੂਦ ਦੀਆਂ ਭਰੀਆਂ ਮਿਸਾਇਲਾਂ ਭਰਵੇਂ ਰੂਪ ਵਿੱਚ ਦਾਗ਼ੀਆਂ ਜਾਂਦੀਆਂ। ਘਰਾਂ ਅੰਦਰ ਦੀਵਾਰਾਂ ਉਸਰਨ ਲੱਗੀਆਂ।

... ਤੇ ਫ਼ੁਰਸਤ ਦੇ ਪਲਾਂ ਵਿੱਚ ਮੈਂ ਪੰਛੀਆਂ ਨੂੰ ਆਕਾਸ਼ ਵਿੱਚ ਉਡਦਿਆਂ ਦੇਖਦਾ। ਉਹ ਕਦੇ ਕਿਸੇ ਰੁੱਖ ਉੱਤੇ ਤੇ ਕਦੇ ਕਿਸੇ ਘਰ ਦੇ ਬਨੇਰੇ ਉੱਤੇ ਬਹਿੰਦੇ। ਹੱਦਾਂ-ਸਰਹੱਦਾਂ ਤੋਂ ਨਾਵਾਕਿਫ਼ ਤੇ ਇਹ ਸਭ ਕੁਝ ਉਨ੍ਹਾਂ ਲਈ ਅਰਥਹੀਣ ਜਿਵੇਂ ਸਾਰਾ ਜ਼ਮੀਨ-ਆਸਮਾਨ ਉਨ੍ਹਾਂ ਦਾ ਘਰ ਹੋਵੇ। ਮੇਰੀਆਂ ਸੋਚਾਂ ਉਨ੍ਹਾਂ ਦੀਆਂ ਪਰਵਾਜ਼ਾਂ ਦੇ ਮਗਰ-ਮਗਰ ਉਡਦੀਆਂ ਤੇ ਬਹੁਤੀ ਵਾਰ ਮਹਿਸੂਸ ਹੀ ਨਾ ਹੁੰਦਾ ਕਿ ਮੈਂ ਜ਼ਮੀਨ ’ਤੇ ਹਾਂ।

ਲੋਕ ਤੰਗ-ਪਰੇਸ਼ਾਨ ਕਿ ਦਿਨ ਚੜ੍ਹਦਿਆਂ ਹੀ ਕਦੇ ਕਿਸੇ ਪਿੰਡ ਤੇ ਕਦੇ ਕਿਸੇ ਪਿੰਡ ਮੁਕਾਣੀਂ ਜਾਣ ਦੀਆਂ ਤਿਆਰੀਆਂ ਕਰਦੇ। ਮੁਟਿਆਰਾਂ, ਅੱਧਖੜ ਤੇ ਬਜ਼ੁਰਗ ਔਰਤਾਂ ਦੇ ਸਿਰਾਂ ਦੇ ਦੁਪੱਟੇ ਚਿੱਟੇ ਤੇ ਮੂੰਹ ਪੂਣੀ ਵਰਗੇ ਬੱਗੇ ਦਿਸਦੇ। ਸਿਰਾਂ ਦੇ ਲਾਲ ਦੁਪੱਟੇ ਤੇ ਚਿਹਰਿਆਂ ਉੱਤੇ ਭਾ ਮਾਰਦੀ ਲਾਲੀ ਦਿਸ਼ਾਹੀਣ ਹਨ੍ਹੇਰੀ ਨੇ ਆਪਣੇ ਨਾਲ ਹੀ ਜਿਵੇਂ ਉਡਾ ਲਏ ਲਗਦੇ। ਵਿਹੜਿਆਂ ਵਿੱਚ ਫ਼ੂਹੜੀ-ਸੱਥਰ ਵਿਛਣੇ ਆਮ ਜਿਹੀ ਘਟਨਾ ਹੋ ਗਏ। ਇੱਕ ਬਜ਼ੁਰਗ ਸਾਡੇ’ ਗੁਰਦੁਆਰੇ ਦੇ ਪਿੱਪਲ ਦੇ ਥੜ੍ਹੇ ਉੱਤੇ ਬੈਠਾ ਅਕਸਰ ਗੱਲ ਕਰਦਾ, ‘ਮੁਲਕ ਤੇ ਭਾਰੀ ਆ ਲੋਕੋ - ਹਮਲਿਆਂ ਤੋਂ ਬਾਅਦ ਇੱਦਾਂ ਦਾ ਖ਼ੂਨ-ਖ਼ਰਾਬਾ ਦੇਖ ਰਹੇ ਆਂ।’ ਫਿਰ ਜਿਵੇਂ ਲਾਚਾਰੀ ਵਿੱਚ ਕਹਿੰਦਾ, ‘ਸਤਿਗੁਰਾਂ ਦੇ ਅਸਥਾਨਾਂ ਤੇ ਬਹਿ ਕੇ ਜਿਹੜੇ ਸਾਜ਼ਸ਼ਾਂ, ਮਨਸੂਬੇ ਘੜਦੇ ਆ - ਉਨ੍ਹਾਂ ਦੇ ਮਨਾਂ ਵਿੱਚ ਸਤਿਗੁਰ ਆਪ ਬੈਠੇ ਤਾਂ ਇਹ ਕਲ਼ਾ ਨਿੱਬੜਨੀ ਆ - ਚਲੋ, ਕੁਦਰਤ ਇੱਕ ਦਿਨ ਲੋਕਾਂ ਤੇ ਮਿਹਰਬਾਨ ਹੋਊਗੀ। ਧਰਮ ਤੇ ਨਿਆਂ ਕਰ ਕੇ ਧਰਤੀ-ਅਸਮਾਨ ਥੰਮ੍ਹੇ ਖੜ੍ਹੇ ਆ!’

ਰੋਜ਼ਾਨਾ ਨਿਰਦੋਸ਼ਾਂ ਦੇ ਗਾਇਬ ਹੁੰਦੇ ਜਾਣ ਵਾਂਗ, ਭਰ ਗਰਮੀਆਂ ਵਿੱਚ ਬਿਜਲੀ ਦੇ ਦਰਸ਼ਨ-ਦੀਦਾਰੇ ਨਾਂ-ਮਾਤਰ ਹੋਣ ਦੇ ਬਾਵਜੂਦ ਦਹਿਸ਼ਤ ਤੇ ਬੁਰਸ਼ਾਗਰਦੀ ਤੋਂ ਡਰੇ ਹੋਏ ਜਵਾਨ-ਜਹਾਨ ਮੁੰਡੇ ਤੇ ਪਰਿਵਾਰ ਦੇ ਬਾਕੀ ਜੀਅ ਅੰਦਰੀਂ ਹੀ ਸੌਂਦੇ - ਤਾਲੇ ਮਾਰ ਕੇ ਰੱਖਦੇ। ਲੋਕ ਮੁਟਿਆਰ ਕੁੜੀਆਂ ਨੂੰ ਲੁਕੋ-ਲੁਕੋ ਰੱਖਦੇ ਜਿਵੇਂ ਚੋਰੀ ਚੁੱਕ ਲਿਜਾਣ ਵਰਗੀਆਂ ਵਸਤਾਂ ਹੋਣ। ਰੱਖਿਆ ਲਈ ਉੱਠੇ ਹੱਥ ਕਲਮ ਕਰ ਦਿੱਤੇ ਜਾਂਦੇ। ਨਿਰਾ ਯਮ-ਰਾਜ।

ਹਥਿਆਰਾਂ ਨਾਲ ਵਿਚਾਰਾਂ ਨੂੰ ਬਦਲਣ ਦੇ ਅਮੁੱਕ ਉਪਰਾਲੇ ਹੁੰਦੇ‘ਤੁੰਨੀ-ਮੁੰਨੀ’ ਇੱਕ ਬਰਾਬਰ' ਦੇ ਫ਼ਤਵੇ ਜਾਰੀ ਹੁੰਦੇ। ਕੁਝ ਕੁ ਲੋਕਾਂ ਦੀ ਅਜਿਹੀ ਮਾਨਸਿਕ ਚੜ੍ਹਤ ਦੇਖਦਿਆਂ ਇਨਸਾਫ਼ ਪਸੰਦ ਧਰਤ-ਪੁੱਤਰ ਲੋਕਾਂ ਦੀ ਏਕਤਾ ਤੇ ਇੱਕਤਾ ਵਾਸਤੇ ਦਿਨ-ਰਾਤ ਇਸ ਭਰਾ-ਮਾਰੂ ਵਰਤਾਰੇ ਦੇ ਖ਼ਿਲਾਫ਼ ਕਾਫ਼ਲੇ ਬਣਾ ਕੇ ਤੁਰਦੇ। ਲੋਕ-ਮਨ ਦੇ ਡੂੰਘੇ ਫੱਟਾਂ ਉੱਤੇ ਹਮਦਰਦੀ ਭਰੇ ਬੋਲਾਂ ਦੀ ਮੱਲ੍ਹਮ-ਪੱਟੀ ਕਰਦੇਉਨ੍ਹਾਂ ਨੂੰ ਆਪਣੇ ਨਾਲ ਮਿਲਾਉਂਦੇ। ਸ਼ਬਦਾਂ ਦੇ ਚੀਨੇ ਕਬੂਤਰਾਂ ਨੂੰ ਸਰੇਆਮ ਖਲਾਅ ਵਿੱਚ ਉਡਾਉਂਦੇ।

... ਤੇ ਖਲਾਅ ਨੇ ਬੇਜ਼ੁਬਾਨਾਂ ਦੀ ਜ਼ੁਬਾਨ ਆਪਣੇ ਅੰਦਰ ਸਮੋ ਲਈ ਤੇ ਨਿੱਤ ਵਾਪਰਦੀਆਂ ਅਨੇਕ ਦਿਲ ਕੰਬਾਊ ਵਾਰਦਾਤਾਂ ਦਾ ਗਵਾਹ ਅਤੇ ਨਿਓਟਿਆਂ ਦੀ ਓਟ ਬਣ ਗਿਆ। ਫਿਰ ਉਹ ਦਿਨ ਆ ਗਏ ਜਦੋਂ ਖਲਾਅ ਖ਼ੁਦ ਦੀਵਾਰ ਬਣ ਗਿਆ - ਇੱਕ ਨਿਰੀ ਫ਼ੌਲਾਦੀ ਢਾਲ, ਜਿਸ ਦੀ ਉਹ ਹੀ ਮਿਸਾਲ। ਇੱਕ ਆਵਾਜ਼, ਜਿਸ ਨੇ ਹੋਰਾਂ ਦੀ ਜ਼ੁਬਾਨ ਨੂੰ ਬੰਦ ਕਰਨਾ ਚਾਹਿਆ, ਉਹ ਚੁੱਪ ਕਰਾ ਦਿੱਤੀ ਗਈ। ਗੋਡਿਆਂ ਤੋਂ ਲੰਮੇ ਲਮਕਦੇ ਹੱਥ ਧਰਤੀ ਉੱਤੇ ਬੇਹਰਕਤ ਹੋ ਕੇ ਰਹਿ ਗਏ। ਸਿਫ਼ਤੀ ਦਾ ਘਰ ਛਲਨੀ-ਛਲਨੀ ਹੋ ਗਿਆ।

... ਖਲਾਅ ਵਿੱਚ ਸਰਕਾਰੀ ਸਹਿਮ ਤੇ ਧੜਕਣ ਰਹਿਤ ਮਰੀਅਲ ਜਿਹੀ ਜ਼ਿੰਦਗੀ ਮੈਂ ਪਹਿਲੀ ਵਾਰ ਤੱਕੀ। ਜਲੰਧਰ ਸ਼ਹਿਰ ਵਿੱਚ ਅੰਗਰੇਜ਼ੀ ਹਕੂਮਤ ਵੇਲੇ ਇੱਕ ਵਾਰ ਕਰਫਿਊ ਲੱਗਾ ਸੁਣਿਆ ਸੀ, ਉੱਥੇ ਦੂਜੀ ਵਾਰ ਤੇ ਸਮੁੱਚੇ ਪੰਜਾਬ ਵਿੱਚ ਪਹਿਲੀ ਵਾਰ ਇਹ ਦ੍ਰਿਸ਼ ਦੇਖਿਆ। ਟਾਵੇਂ-ਟਾਵੇਂ ਕੁੱਤਿਆਂ ਤੇ ਪੰਛੀਆਂ ਸਮੇਤ ਸੜਕਾਂ ਉੱਤੇ ਫ਼ੌਜੀ, ਨੀਮ-ਫ਼ੌਜੀ ਦਸਤੇ ਘੁੰਮਦੇ। ਕਰਫਿਊ ਲੱਗੇ ਸ਼ਹਿਰ ਵਿੱਚ ਸੱਚਮੁੱਚ ਵੀਰਾਨਗੀ ਪ੍ਰਤੱਖ ਦਿਸਦੀ। ਜਿਨ੍ਹਾਂ ਗਲ਼ੀਆਂ-ਬਾਜ਼ਾਰਾਂ ਵਿੱਚ ਦੋ-ਤਿੰਨ ਦਿਨ ਪਹਿਲਾਂ ਰੌਣਕਾਂ ਤੇ ਬੱਚਿਆਂ ਦੇ ਖੇਡਣ-ਮੱਲ੍ਹਣ ਦੇ ਨਜ਼ਾਰੇ ਦੇਖੇ ਸਨ, ਉੱਥੇ ਕੁੱਤਾ ਘੜੀਸਿਆ ਲਗਦਾ। ਸੱਚਮੁੱਚ ਜਿਵੇਂ ਸ਼ਹਿਰ ਵਿੱਚੋਂ ਬੰਦੇ, ਤੀਵੀਆਂ ਤੇ ਬੱਚੇ ਆਦਿ ਕਿਧਰੇ ਚਲੇ ਗਏ ਹੋਣ! ਖ਼ੌਫ਼ ਨੇ ਮਾਸੂਮਾਂ ਹੱਥੋਂ ਗ਼ੁਬਾਰੇ ਤੇ ਛੋਟਿਆਂ ਵੱਡਿਆਂ ਦੇ ਬੁੱਲ੍ਹਾਂ ਤੋਂ ਝਰਦੇ ਹਾਸਿਆਂ ਦੇ ਫ਼ੁਆਰੇ ਖੋਹ ਲਏ। ਦੁਕਾਨ-ਮਕਾਨ ਖੰਡਰਾਂ ਦੀ ਡਰਾਉਣੀ ਚੁੱਪ ਵਿੱਚ ਤਬਦੀਲ ਹੋ ਗਏ। ਵਿੱਚ-ਵਿੱਚ ਮੈਂ ਮਹਿਸੂਸ ਕਰਦਾ ਕਿ ਕੋਈ ਮੇਰਾ ਪਿੱਛਾ ਕਰਦਾ ਆ ਰਿਹਾ ਹੈ। ਮੈਂ ਮੁੜ-ਮੁੜ ਪਿਛਾਂਹ ਨੂੰ ਦੇਖਦਾ - ਮੇਰੇ ਆਪਣੇ ਹੀ ਵਹਿਮ ਤੋਂ ਬਿਨਾਂ ਕੋਈ ਨਾ ਹੁੰਦਾ।

ਦਗ਼ਦੀ-ਮਘਦੀ ਸਿਰ-ਪੈਰ ਰਹਿਤ ਅੱਗ ਕਿਸੇ ਦਾ ਲਿਹਾਜ਼ ਨਾ ਕਰਦੀ ਤੇ ਅਖੀਰ ਤਖ਼ਤ ਨੂੰ ਜਾ ਪਈ। ਕੌਮੀ ਤੇ ਕੌਮਾਂਤਰੀ ਆਵਾਜ਼ ਰਾਜਧਾਨੀ ਵਿੱਚ ਹੀ ਸਦਾ ਲਈ ਖ਼ਾਮੋਸ਼ ਕਰ ਦਿੱਤੀ ਗਈ। ‘ਵੱਡਾ ਦਰਖਤ ਡਿਗਿਆ, ਧਰਤੀ ਕੰਬ ਗਈ!’ ਦਿਨ-ਰਾਤ ਬਦਲਾਖੋਰ ਬਣ ਗਏ। ਨਿਰਦੋਸ਼ ਤੇ ਮਾਸੂਮ ਹੱਥ ਜ਼ਿੰਦਗੀ ਦੀ ਖ਼ੈਰ ਮੰਗਦੇ, ਆਪਸ ਵਿੱਚ ਜੁੜੇ ਹੀ ਰਹਿ ਗਏ। ਘਰਾਂ ਅੰਦਰ ਭੈ-ਭੀਤ ਤੇ ਆਂਢ-ਗਵਾਂਢ ਵਿੱਚ ਪਨਾਹ ਲੈ ਕੇ ਬੈਠੇ ਲੋਕ ਅੱਗ ਦੀ ਬਲੀ ਚੜ੍ਹਾ ਦਿੱਤੇ ਗਏ, ਜਿਵੇਂ ਉਨ੍ਹਾਂ ਨੇ ਹੀ ਗੁਨਾਹ ਭਰਿਆ ਕਾਰਾ ਕੀਤਾ ਹੋਵੇ। ‘ਜਾਦੂ ਸਿਰ ਚੜ੍ਹ ਕੇ ਬੋਲਿਆ - ਲੋਥਾਂ ਉੱਤੇ ਪਿਸ਼ਾਬ, ਬੇਕਿਰਕ ਕਤਲ, ਗਲ਼ਾਂ ਵਿੱਚ ਬਲਦੇ ਟਾਇਰ ਤੇ ਜਬਰ-ਜਨਾਹ ਦੀਆਂ ਘਟਨਾਵਾਂ ਇਸ ਤਰ੍ਹਾਂ ਵਾਪਰਦੀਆਂ ਜਿਵੇਂ ਪਰਾਏ ਮੁਲਕ ਦੇ ਧਾੜਵੀ ਕਰ-ਕਰਵਾ ਰਹੇ ਹੋਣ। ‘ਖ਼ੂਨ ਕਾ ਬਦਲਾ ਖ਼ੂਨ ਸੇ ਲੇਂਗੇ’ ਦੇ ਨਾਅਰੇ ਬਿਜਲਈ ਮਾਧਿਅਮਾਂ ਉੱਤੇ ਸੁਣਦੇ।

ਨਿਆਂ-ਪਸੰਦ ਤੇ ਸੰਵੇਦਨਸ਼ੀਲ ਵਿਅਕਤੀ ਅਮਨ-ਸ਼ਾਂਤੀ ਦੀਆਂ ਅਪੀਲਾਂ ਕਰਦੇ। ਬਹੁਤਿਆਂ ਦੀ ਰਾਤਾਂ ਦੀ ਨੀਂਦ ਹਨ੍ਹੇਰਿਆਂ ਵਿੱਚ ਹੀ ਗੁਆਚ ਗਈ। ਕਈ ਵਾਰ ਗੱਲ ਪੂਰੀ ਨਾ ਹੁੰਦੀ, ਬੁੱਲ੍ਹ ਫ਼ਰਕ ਕੇ ਰਹਿ ਜਾਂਦੇ।

ਇਨ੍ਹਾਂ ਗ਼ੈਰਯਕੀਨੀ ਤੇ ਸ਼ੱਕੀ ਹਾਲਾਤ ਵਿੱਚ ਭਾਈਏ ਨੇ ਮੈਂਨੂੰ ਸਲਾਹ ਦਿੱਤੀ, ‘ਪੱਗ ਲਾਹ ਕੇ ਤੇ ਵਾਲ ਥੋੜ੍ਹੇ ਹੋਰ ਛੋਟੇ ਕਰਾ ਕੇ ਦਿੱਲੀ ਨੂੰ ਵਗ ਜਾਬਖਸ਼ੀ ਸਣੇ ਸਾਰੇ ਰਿਸ਼ਤੇਦਾਰਾਂ ਨੂੰ ਅੱਖੀਂ ਦੇਖ ਕੇ ਆਹੁਣ ਕੱਟ-ਵੱਢ ਰੁਕ ਗਈ ਲਗਦੀ ਆ।’

ਦਿੱਲੀ ਬੱਸ ਅੱਡੇ ਤੋਂ ਵੱਡੇ ਭਰਾ ਕੋਲ ਜਾਂਦਿਆਂ ਚੁਫ਼ੇਰੇ ਫ਼ੈਲੇ ਸਹਿਮ ਨੂੰ ਮਹਿਸੂਸ ਕੀਤਾ। ਆਲਾ-ਦੁਆਲਾ ਵੱਢ-ਖਾਣ ਨੂੰ ਪੈਂਦਾ। ਧੁੰਆਂਖੇ ਘਰਾਂ ਨੂੰ ਦੇਖ ਕੇ ਮੈਂਨੂੰ ਆਪਣੇ ਘਰ ਬਿਜਲੀ ਦੇ ਮੀਟਰ ਕੋਲ ਚਿੜੀ ਵਲੋਂ ਬਣਾਏ ਉਸ ਦੇ ਆਹਲਣੇ ਦਾ ਖ਼ਿਆਲ ਆਇਆ ਜਿਸ ਨੂੰ ਤੀਲਾ-ਤੀਲਾ ਜੋੜ ਕੇ ਬਣਾਉਂਦਿਆਂ ਮੈਂ ਦੇਖਿਆ ਸੀ। ਪਰ ਜਦੋਂ ਅਚਾਨਕ ਨ੍ਹੇਰੀ-ਝੱਖੜ ਆਇਆ ਤਾਂ ਉਹਦਾ ਕੱਖ-ਕੱਖ ਉਡ ਗਿਆ ਤੇ ਫਿਰ ਮੀਟਰ ਦੀਆਂ ਤਾਰਾਂ ਵਿੱਚੋਂ ਚਿੰਗਾੜੇ ਨਿਕਲ ਪਏ ਸਨ ਤੇ ਚਿੜੀ ਆਪਣੇ ਪਰਿਵਾਰ ਸਮੇਤ ਪਲਾਂ ਵਿੱਚ ਹੀ ਰਾਖ ਹੋ ਗਈ ਸੀ ... ਤੇ ਦਿਲ-ਦਿਮਾਗ਼ ਵਿੱਚ ਇੰਨਾ ਕੁਝ ਭਰ ਗਿਆ ਕਿ ਅਗਲੇ ਦਿਨ ਹੀ ਮੈਂ ਦਿੱਲੀਓਂ ਪਰਤ ਆਇਆ। ਮਾਨਵਤਾ ਕਿਧਰੇ ਅਲੋਪ ਹੋ ਗਈ ਲਗਦੀ। ਦਿਨਾਂ-ਮਹੀਨਿਆਂ ਬਾਅਦ ਕਵਿਤਾਵਾਂ ਆਪ ਮੁਹਾਰੇ ਫੁੱਟ ਪਈਆਂ ...!

... ਤੇ 24 ਜੁਲਾਈ, 1985 ਮੇਰਾ ਤੀਹਵਾਂ ਜਨਮ ਦਿਨ ਤੇ ਦੇਸ਼ ਲਈ ਇਤਿਹਾਸਕ। ਗਿਆਰਾਂ ਸੂਤਰੀ ਰਾਜੀਵ ਲੌਂਗੋਵਾਲ ਸਮਝੌਤਾ -ਲੋਕ ਅਖ਼ਬਾਰਾਂ ਪੜ੍ਹਦੇ, ਖ਼ਬਰਾਂ ਸੁਣਦੇ - ਚੰਡੀਗੜ੍ਹ ਪੰਜਾਬ ਨੂੰ ਤੇ ਬਦਲੇ ਵਿੱਚ ਪੰਜਾਬ ਦੇ ਹਿੰਦੀ ਬੋਲਦੇ ਇਲਾਕੇ ਹਰਿਆਣੇ ਨੂੰ, ਰਾਵੀ-ਬਿਆਸ ਦੇ ਪਾਣੀਆਂ ਦੀ ਵੰਡ ਟ੍ਰਿਬਿਊਨਲ ਦੇ ਹਵਾਲੇ, ਕਾਨਪੁਰ ਤੇ ਬੋਕਾਰੋ ਦੇ ਨਵੰਬਰ ਦੰਗਿਆਂ ਦੀ ਜਾਂਚ, ਆਨੰਦਪੁਰ ਸਾਹਿਬ ਮਤਾ ਸਰਕਾਰੀਆ ਕਮਿਸ਼ਨ ਦੇ ਸਪੁਰਦ, ਫ਼ੌਜ ਤੋਂ ਭਗੌੜਿਆਂ ਦਾ ਪੁਨਰਵਾਸ ਆਦਿ ...। ਦਿੱਲੀ ਵਿੱਚ ਸਿੱਖ ਵਿਰੋਧੀ ਦੰਗਿਆਂ ਦੀ ਪੜਤਾਲ ਵਾਸਤੇ ਪਹਿਲਾਂ ਹੀ ਰੰਗਨਾਥ ਮਿਸ਼ਰ ਕਮਿਸ਼ਨ ਬੈਠਾ ਦਿੱਤਾ ਹੋਇਆ ਸੀ। ਸਮਝੌਤਾ ਧਿਰਾਂ ਦੇ ਮੁਖੀ ਰਾਤੋ-ਰਾਤ ਅਮਨ ਦੇ ਮਸੀਹਾ ਬਣ ਗਏ। ਖੱਬੇ ਪੱਖੀ ਲੋਕਾਂ ਦੀ ਇਸ ਪਾਸੇ ਨਿਭਾਈ ਜਾ ਰਹੀ ਭੂਮਿਕਾ ਤੇ ਯੋਗਦਾਨ ਨੂੰ ਬਹੁਤਾ ਵਜ਼ਨ ਹੀ ਨਾ ਦਿੱਤਾ ਗਿਆ।

ਅੱਤਵਾਦ ਦੇ ਖ਼ਿਲਾਫ਼ ਨਰਮ ਦਲੀਆਂ ਵਲੋਂ ਵੀ ਹੁਣ ਸ਼ਾਂਤੀ ਤੇ ਭਾਈਚਾਰੇ ਦੀਆਂ ਗੱਲਾਂ ਸੁਣਨ ਨੂੰ ਮਿਲਣ ਲੱਗੀਆਂ। ਥਾਂ-ਥਾਂ ਗੱਲਾਂ ਹੁੰਦੀਆਂ, ‘ਜੇ ਸਹੀ ਨੀਤ ਨਾਲ ਸਮਝੌਤਾ ਲਾਗੂ ਹੋ ਜਾਵੇ ਤਾਂ ਪੰਜਾਬ ਤੇ ਦੇਸ਼ ਦੋਖੀਆਂ ਨੂੰ ਸਬਕ ਸਿਖਾਇਆ ਜਾ ਸਕਦਾ।’

ਪੰਜਾਬੀ-ਹਿੰਦੀ ਇਲਾਕਿਆਂ ਦੇ ਦੇਣ-ਲੈਣ ਦੀ ਗੱਲ ‘ਕੁੰਦੂਖੇੜਾ ਕਰੂ ਨਿਬੇੜਾ’ ਉੱਤੇ ਆ ਕੇ ਮੁੱਕਦੀ। ... ਫਿਰ ਕੁਝ ਜਨੂੰਨੀ ਲੋਕ ਸਰਕਾਰੀ ਅਫਸਰਾਂ ਅੱਗੇ ਪੰਜਾਬੀ ਵਿੱਚ ਕਹਿੰਦੇ ਸੁਣੇ, ‘ਸਾਡੀ ਮਾਂ ਬੋਲੀ ਹਿੰਦੀ ਲਿਖੋ ਜੀ!’ ... ਤੇ ਇਉਂ ਗਿਆਰਾਂ ਕੁ ਮਹੀਨੇ ਭੰਬਲ਼ਭੂਸਿਆਂ ਵਿੱਚ ਬੀਤ ਗਏ। ਪੰਜਾਬ ਦਾ ਸੰਤਾਪ ਜਿਉਂ ਦਾ ਤਿਉਂ, ਨਾ ਹਾਲਾਤ ਬਦਲੇ ਨਾ ਅਮਨ ਪਰਤਿਆ।

ਮਾਹੌਲ ਉਸ ਵਕਤ ਹੋਰ ਡਰਾਉਣਾ ਤੇ ਭਿਆਨਕ ਹੋ ਗਿਆ ਜਦੋਂ ਧਰਮ-ਯੁੱਧ ਮੋਰਚੇ ਦੇ ਡਿਕਟੇਟਰ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਸੰਗਰੂਰ ਤੋਂ ਤੀਹ ਕਿਲੋਮੀਟਰ ਦੂਰ ਅੱਤਵਾਦੀਆਂ ਨੇ ਗੋਲੀਆਂ ਮਾਰ ਕੇ ਹੱਤਿਆ (20 ਅਗਸਤ 1986) ਕਰ ਦਿੱਤੀ ਜਦੋਂ ਉਹ ਸ਼ੇਰਪੁਰ ਪਿੰਡ ਦੇ ਗੁਰਦੁਆਰੇ ਅੰਦਰ ਆਪਣਾ ਭਾਸ਼ਨ ਦੇ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕ ਰਹੇ ਸਨ। ਪੰਜਾਬ ਵਿੱਚ ਸੋਗ ਦੀ ਲਹਿਰ ਹੋਰ ਸੰਘਣੀ ਹੋ ਗਈ।

ਨਰਮ ਤੇ ਗਰਮ ਦਲਾਂ ਅਤੇ ਸਰਕਾਰ ਦੇ ਬਦਲਦੇ ਪੈਂਤੜਿਆਂ ਕਾਰਨ ਆਮ ਜਨਤਾ ਦਹਿਸ਼ਤ ਤੇ ਕਤਲੋਗ਼ਾਰਤ ਦੇ ਪੁੜਾਂ ਵਿਚਾਲੇ ਲਗਾਤਾਰ ਪਿਸਦੀ ਨਜ਼ਰ ਆਉਂਦੀ। ਅਮਨ, ਏਕਤਾ ਹਰ ਹਾਲਤ ਵਿੱਚ ਬਣਾਈ ਰੱਖਣ ਤੇ ਬੁਰਸ਼ਾਗ਼ਰਦੀ ਦਾ ਮੂੰਹ-ਤੋੜਵਾਂ ਜਵਾਬ ਦੇਣ ਦੀਆਂ ਅਪੀਲਾਂ ਹੁੰਦੀਆਂ। ਕੁਝ ਅਖ਼ਬਾਰਾਂ ਦੇ ਪ੍ਰਤਿਬੱਧ ਮਾਲਕ ਤੇ ਕਰਿੰਦੇ ਲੋਕਾਂ ਨਾਲ ਖੜ੍ਹਦੇ ਤੇ ਕੁਝ ਵਕਤੀ ਤੌਰ ’ਤੇ ਖਾੜਕੂਆਂ ਦੀਆਂ ਕੋਝੀਆਂ ਚਾਲਾਂ ਦਾ ਸ਼ਿਕਾਰ ਹੁੰਦੇ ਗਏ।

ਇਸ ਕਾਲ਼ੇ-ਕਾਲ ਦੌਰਾਨ ਮੇਰੀ ਨੌਕਰੀ ਦੇ ਪ੍ਰੋਬੇਸ਼ਨ ਤੋਂ ਬਾਅਦ ਤਰੱਕੀ ਹੋ ਗਈ ਤੇ ਮੈਂ ਗ਼ਜ਼ਟਿਡ ਅਫਸਰ ਬਣ ਗਿਆ। ਆਪਣੀ ਖ਼ੁਸ਼ੀ ਦੀ ਖ਼ਬਰ ਦੇਣ ਮੈਂ ਪਾਰਟੀ ਦਫਤਰ ਗਿਆ।

ਵਧਾਈ! ਹੁਣ ਤੂੰ ਮੈਨੇਜਮੈਂਟ ਦਾ ਹਿੱਸਾ ਬਣ ਗਿਆਂ - ਅਸੀਂ ਚਾਹਾਂਗੇ ਤੂੰ ਬਹੁਤਾ ਨਾ ਇੱਥੇ ਆਵੇਂਨਾਲ਼ੇ ਪਿਛਲੇ ਸਾਲਾਂ ਤੋਂ ਤੂੰ ਕਿਹੜਾ ਕਾਰਡ ਹੋਲਡਰ ਆਂ!’ ਜ਼ਿਲ੍ਹਾ ਸਕੱਤਰ ਨੇ ਮੈਂਨੂੰ ਦੋ-ਟੁਕ ਸਲਾਹ ਦਿੱਤੀ, ‘ਇਹਦੇ ਵਿੱਚ ਤੇਰੀ ਬਿਹਤਰੀ ਆ!’

ਮੈਂਨੂੰ ਆਪਣਾ ਬਹੁਤ ਕੁਝ ਖੁੱਸਦਾ ਜਾਪਿਆ। ਪਿਛਲੇ ਬਾਰਾਂ ਸਾਲਾਂ ਤੋਂ ਕਈ ਸਿਆਣੇ ਸਾਥੀਆਂ ਦਾ ਨਿੱਘਾ ਪਿਆਰ, ਅਪਣੱਤ ਤੇ ਸੁਚੱਜੀ ਅਗਵਾਈ ਤੋਂ ਇਕਦਮ ਵਿਰਵਾ ਮਹਿਸੂਸ ਹੋਇਆ, ਜਿਵੇਂ ਮੋਰਚੇ ਉੱਤੇ ਸ਼ਿੱਦਤ ਤੇ ਸੁਹਿਰਦਤਾ ਨਾਲ ਡਟਿਆ ਕੋਈ ਸਿਪਾਹੀ ਜ਼ਖ਼ਮੀ ਤੇ ਫਿਰ ਅਪਾਹਜ ਹੋ ਗਿਆ ਹੋਵੇ। ਤਨ ਦੀਆਂ ਸਰਗਰਮੀਆਂ ਮਨ ਦੀਆਂ ਸਰਗਰਮੀਆਂ ਵਿੱਚ ਅਨੁਵਾਦ ਹੋਣ ਲੱਗੀਆਂ। ਕਾਲੇ-ਚਿੱਟੇ ਸ਼ਬਦਾਂ ਦੀਆਂ ਗੋਲ਼ੀਆਂ ਬੇਇਨਸਾਫ਼ੀ, ਅਮਨ-ਭਾਈਚਾਰੇ ਨੂੰ ਸੰਨ੍ਹ ਲਾ ਰਹੇ ਦੁਸ਼ਟਾਂ ਤੇ ਸਮਾਜਿਕ ਅਬਰਾਬਰੀ ਵਿਰੁੱਧ ਦਾਗਣ ਦਾ ਪੱਕਾ ਫ਼ੈਸਲਾ ਮੈਂ ਮਨ ਵਿੱਚ ਪਿੰਡ ਨੂੰ ਬੱਸ ਵਿੱਚ ਜਾਂਦਿਆਂ ਕਰ ਲਿਆ।

ਮੇਰੀ ਬਦਲੀ ਦਿੱਲੀ ਦੀ ਹੋ ਗਈ ...!’ ਮੈਂ ਘਰ ਦੇ ਵਿਹੜੇ ਵਿੱਚ ਪੈਰ ਪਾਉਂਦਿਆਂ ਭਾਈਏ ਤੇ ਮਾਂ ਨੂੰ ਦੱਸਿਆ।

ਰੱਬ ਦਾ ਸ਼ੁਕਰ ਆ, ਜਿਹਨੇ ਇੰਨਾ ਨੇੜੇ ਹੋ ਕੇ ਸੁਣੀ ...।’ ਮਾਂ ਨੇ ਮੇਰੀ ਅਧੂਰੀ ਗੱਲ ਸੁਣ ਕੇ ਕਾਹਲੀ ਨਾਲ ਆਖਿਆ ਤੇ ਧਰਤੀ ਨਮਸਕਾਰੀ। ਅਚਾਨਕ ਖਿੜਿਆ ਉਹਦਾ ਚਿਹਰਾ ਮੇਰੇ ਲਈ ਹੈਰਾਨੀ ਦਾ ਸਬੱਬ ਬਣ ਗਿਆ। ਮੇਰਾ ਸਿਰ ਪਲੋਸਦਿਆਂ ਉਹਨੇ ਪੁੱਛਿਆ, ‘ਕਦੋਂ ਜਾਣਾ? ਮੈਂ ਤਾਂ ਕਈਨੀ ਆਂ ਪਈ ਜਿਹੜਾ ਭਲਕੇ ਜਾਣਾ, ਅੱਜ ਈ ਦਿੱਲੀ ਦੀ ਗੱਡੀ ਚੜ੍ਹ ਜਾ ...

ਜ਼ਰਾ ਕੁ ਰੁਕ ਕੇ ਉਹਨੇ ਆਪਣੇ ਚਿੱਤ ਦੀ ਗੱਲ ਦੱਸੀ, ਕਾਮਰੇਟ ਕੁਲਵੰਤ (ਦੋ ਵਾਰ ਰਹਿ ਚੁੱਕੇ ਐੱਮ.ਐੱਲ.ਏ., ਕਾਮਰੇਡ ਕੁਲਵੰਤ ਸਿੰਘ) ਰਾਹ ਬਦਲ ਬਦਲ ਕੇ ਤਈਨੂੰ ਫਿਰਨੀ ਦੇ ਮੋੜ ਤੇ ਛੱਡ ਕੇ ਜਾਂਦਾ - ਕਦੀ ਕਿਸੇ ਬੇਲੇ ਆਉਨਾ, ਕਦੀ ਕਿਸੇ ਬੇਲੇਜਿੰਦਗੀ ਦਾ ਕੀ ਭਰੋਸਾ ਰਹਿ ਗਿਆਹਰ ਦਮ ਜਾਨ ਸੁੱਕਦੀ ਰਹਿੰਦੀ ਆ। ਦਿੱਲੀ ਬੜੇ ਭਰਾ ਕੋਲ ਰਹੂੰਗਾ ਤਾਂ ਸਾਨੂੰ ਚਿੰਤਾ ਤਾਂ ਨਾ ਰਹੂ ...।”

ਸਾਧ ਦੇ ਕੁੱਤੇ ਆਂਙੂੰ ਜਿੱਥੇ ਕੋਈ ਕਾਮਰੇਡ ਦੇਖਿਆ, ਉਹਦੇ ਮਗਰ ਤੁਰ ਪਿਆ। ਸਾਡੇ ਵਰਜਿਆਂ ਤਾਂ ਉਨ੍ਹਾਂ ਪਿੱਛਿਓਂ ਹਟਿਆ ਨਹੀਂ ਸੀ, ਚੱਲ ਹੁਣ ...।” ਭਾਈਏ ਨੇ ਕਿਹਾ ਤੇ ਉਹਦੇ ਚਿਹਰੇ ਉੱਤੇ ਕਿਸੇ ਜੇਤੂ ਵਾਂਗ ਖ਼ੁਸ਼ੀ ਦੀ ਲਹਿਰ ਦੌੜਦੀ ਦਿਸੀ।

ਮੇਰੀ ਤਰੱਕੀ ...।” ਮੇਰੀ ਗੱਲ ਨੂੰ ਮਾਂ ਨੇ ਅੱਧ-ਵਿਚਾਲੇ ਫਿਰ ਟੋਕ ਕੇ ਆਖਿਆ, ਲੀੜਾ-ਕੱਪੜਾ ਕਦੋਂ ਨੂੰ ਰੱਖਣਾ?”

ਮੈਂ ਅੱਗੇ ਕੁਝ ਕਹਿੰਦਾ, ਮਾਂ ਆਪੇ ਆਪਣੇ ਦਿਲ ਦੀ ਗੱਲ ਦੱਸਣ ਲੱਗੀ, ਇਨ੍ਹਾਂ ਚੰਦਰੇ ਦਿਨਾਂ ਤੇ ਕਲਹਿਣੀਆਂ ਰਾਤਾਂ ਨੇ ਮਾਵਾਂ ਦੇ ਸਰੂਆਂ ਵਰਗੇ ਪੁੱਤ ਨਿਗਲਣ ਦਾ ਦਾਈਆ ਬੰਨ੍ਹਿਆ ਹੋਇਆ - ਇਸ ਕਰ ਕੇ ਪੁੱਤ ਮੈਂ ਕਈਨੀ ਆਂ ਪਈ ਤੂੰ ਇੱਥੋਂ ਦੂਰ ਚਲੇ ਜਾ।” ਮਾਂ ਨੇ ਆਪਣੀਆਂ ਅੱਖਾਂ ਵਿੱਚੋਂ ਡਿਗਣ-ਡਿਗਣ ਕਰਦੇ ਹੰਝੂਆਂ ਨੂੰ ਦੁਪੱਟੇ ਦੇ ਲੜ ਨਾਲ ਪੂੰਝਦਿਆਂ ਆਖਿਆ, ਕੇਹਾ ਕਲਜੁਗ ਆ ਗਿਆ, ਮਾਮਾਂ ਪੁੱਤਾਂ ਦੀ ਲੰਮੀ ਉਮਰ ਲਈ ਉਨ੍ਹਾਂ ਨੂੰ ਆਪਣੇ ਹੱਥੀਂ ਘਰੋਂ ਦੂਰ ਭੇਜ ਕੇ ਦੁਆਮਾਂ ਕਰਦੀਆਂ ਤੇ ਫਿਰ ਮਿਲਣ ਲਈ ਤੜਫਦੀਆਂ ਤੇ ਵਿਲਕਦੀਆਂ ...

ਮਾਂ ਦਾ ਗਲ਼ਾ ਜਿਵੇਂ ਬੈਠ ਜਿਹਾ ਗਿਆ ਤੇ ਉਹਦੇ ਕਈ ਬੋਲ ਉਹਦੇ ਮੂੰਹ ਵਿੱਚ ਹੀ ਰਹਿ ਗਏ। ਮੈਂ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਕਿ ਮੈਂ ਵੱਡੇ ਦਿਲ ਤੇ ਜਿਗਰੇ ਵਾਲਾ ਹਾਂ ਪਰ ਅੰਦਰੋਂ ਬਰਫ਼ ਦੇ ਡਲ਼ੇ ਵਾਂਗ ਖੁਰਨ ਲੱਗ ਪਿਆ ਤੇ ਮਨ ਵਿੱਚ ਮੇਰੇ ਤਾਇਆਂ ਦੇ ਫ਼ੌਜੀ ਪੁੱਤਾਂ ਨੋਹਣੇ, ਫੁੰਮ੍ਹਣ ਤੇ ਮੱਦੀ ਬਾਰੇ ਤੁਲਨਾ ਹੁੰਦੀ ਦਿਸੀ। ਉਨ੍ਹਾਂ ਦੇ ਛੁੱਟੀ ਕੱਟ ਕੇ ਜਾਣ ਵੇਲੇ ਵਿਹੜੇ ਦੀਆਂ ਅੱਧੀਆਂ ਕੁੜੀਆਂ-ਬੁੜ੍ਹੀਆਂ ਤੇ ਨਿਆਣੇ-ਸਿਆਣੇ ਇਕੱਠੇ ਹੁੰਦੇ। ਗੱਲਾਂ ਹੁੰਦੀਆਂ, ‘ਗਿਣਤੀ ਦੇ ਦਿਨ ਚੁਟਕੀ ਵਿੱਚ ਮੁੱਕ ਜਾਂਦੇ ਆ, ਲਗਦਾ ਈ ਨਹੀਂ ਪਈ ਨੋਹਣਾ ਮਹੀਨੇ ਦੀ ਛੁੱਟੀ ਆਇਆ ਹੋਵੇ ...।’

ਕੋਈ ਦੱਸਦਾ, ‘ਨਦੀ ਨਾਮ ਸੰਯੋਗੀ ਮੇਲੇ ... ਚਲੋ ਤੰਦਰੁਸਤੀ ਰਹਿਣੀ ਚਾਹੀਦੀ ਆਢਿੱਡ ਵਿੱਚ ਝੁਲਕਾ ਪਾਉਣ ਲਈ ਹੀਲਾ-ਵਸੀਲਾ ਤਾਂ ਕਰਨਾ ਈ ਪਈਂਦਾ!’

ਮੈਂ ਦੇਖਦਾ ਕਿ ਮੇਰੀਆਂ ਤਾਈਆਂ, ਉਨ੍ਹਾਂ ਦੀਆਂ ਨੂੰਹਾਂ-ਧੀਆਂ ਸੇਜਲ ਅੱਖਾਂ ਨਾਲ ਉਨ੍ਹਾਂ ਨੂੰ ਤੋਰਦੀਆਂਮਾਹੌਲ ਵਿੱਚ ਕੁਝ ਚਿਰ ਵਾਸਤੇ ਮੱਲੋਮੱਲੀ ਚੁੱਪ ਵਰਤ ਜਾਂਦੀ।

ਮੇਰੇ ਚੇਤਿਆਂ ਦੀ ਲੜੀ ਭਾਈਏ ਦੇ ਹੁੱਕੇ ਦੀ ਮੂੰਹ ਵਿਚਲੀ ਨੜੀ ਦੀ ਗੁੜਗੁੜ ਨਾਲ ਟੁੱਟੀ।

ਗੁੱਡ! ਬੁਢਾਪਾ ਸਾਡੇ ’ਤੇ ਛਾਲਾਂ ਮਾਰਦਾ ਚੜ੍ਹਦਾ ਆ ਰਿਹਾ ਹੁਣਇਹ ਨਾ ਹੋਵੇ ਪਈ ਮੁੜ ਕੇ ਪਿੰਡ ਨੂੰ ਬੱਤੀ ਨਾ ਵਾਹੇਂ! ਦੱਸਦੇ ਆ ਜਿਹੜਾ ਦਿੱਲੀ ਜਾਂਦਾ, ਉੱਥੇ ਦਾ ਹੋ ਕੇ ਰਹਿ ਜਾਂਦਾ! ਅਜੇ ਸਾਰੀ ਕਬੀਲਦਾਰੀ ਨਜਿੱਠਣ ਆਲੀ ਆ!” ਭਾਈਏ ਦੀਆਂ ਅੱਖਾਂ ਵਿੱਚ ਮਜਬੂਰੀਆਂ ਤੇ ਬੇਯਕੀਨੀ ਦਾ ਵਗਦਾ ਦਰਿਆ ਮੈਂ ਤੱਕਿਆ ਜੋ ਕੰਢਿਆਂ ਤੋਂ ਬਾਹਰ ਉਛਲਣ ਲਈ ਉਤਾਵਲਾ ਸੀ।

ਭਾਈਆ, ਤੂੰ ਫਿਕਰ ਨਾ ਕਰ, ਮੈਂ ਤੇਰੇ ਨਾਲ ਆਂ ...।” ਆਪਣੀ ਜ਼ਿੰਮੇਵਾਰੀ ਸਮਝਦਿਆਂ ਮੈਂ ਦ੍ਰਿੜ੍ਹ ਇਰਾਦੇ ਨਾਲ ਭਰੋਸਾ ਦਿਵਾਇਆ।

ਭਾਈਆ-ਭਾਈਆ ਕਰਦਾਂ, ਇਹਦਾ ਮਤਲਬ ਪਤਾ?ਆਪਣੇ ਜਿਸਮ ਵਲ ਹੱਥ ਨਾਲ ਇਸ਼ਾਰਾ ਕਰਦਿਆਂ ਉਹਨੇ ਆਖਿਆ, ਇਸ ਸਰੀਰ ਦੇ ਬਹਾਨੇ ਤੂੰ ਪੈਦਾ ਹੋਇਆ, ਇਸ ਸਰੀਰ ਦਾ ਤੂੰ ਹਿੱਸਾ ਆਂ। ਸੋ ਆਪਾਂ ਇਸ ਤਰੀਕੇ ਦੋਵੇਂ ਜਣੇ ਭਾਈ ਆਂ” ਭਾਈਏ ਨੇ ਕਿਸੇ ਗੁਣੀ-ਗਿਆਨੀ ਵਾਂਗ ਗੱਲ ਕੀਤੀ ਜਿਸ ਵਿੱਚੋਂ ਨਹੋਰਾ ਵੀ ਸਾਫ਼ ਝਲਕਦਾ ਦਿਖਾਈ ਦਿੱਤਾ।

ਰਾਤ-ਭਰ ਮੈਂ ਆਪਣੇ ਹੀ ਅਦਿੱਖ ਖ਼ਿਆਲਾਂ ਦੇ ਘੇਰੇ ਵਿੱਚ ਘਿਰਿਆ ਰਿਹਾ। ਦੋਸਤਾਂ-ਮਿੱਤਰਾਂ, ਜੋ ਪੈਰ-ਪੈਰ ਤੇ ਮੇਰੇ ਅੰਗ-ਸੰਗ ਰਹੇ, ਤੋਂ ਇਕਦਮ ਅਚਨਚੇਤ ਚਾਰ ਸੌ ਕਿਲੋਮੀਟਰ ਦੂਰ ਦੇ ਮਹਾਂਨਗਰ ਦਾ ਸੋਚ ਕੇ ਦਿਲ ਭਾਰਾ ਜਿਹਾ ਹੁੰਦਾ ਰਿਹਾ।

ਅਗਲੀ ਸਵੇਰ (28 ਮਾਰਚ, 1987) ਨੂੰ ਮੇਰੀ ਮਾਂ ਤੇ ਭੈਣਾਂ ਮੇਰੇ ਤੋਂ ਪਹਿਲਾਂ ਉੱਠ ਕੇ ਮੇਰੇ ਜਾਣ ਦੀ ਤਿਆਰੀ ਦੇ ਆਹਰ ਵਿੱਚ ਕਾਹਲੀ-ਕਾਹਲੀ ਕਦੀ ਦਲਾਨ ਅੰਦਰ ਤੇ ਕਦੀ ਰਸੋਈ ਵਿੱਚ ਆਉਂਦੀਆਂ-ਜਾਂਦੀਆਂ ਨਜ਼ਰੀਂ ਪਈਆਂ।

ਭਾਈਆ! ਸਾਇਕਲ ਮੈਂ ਸ਼ਰਮੇ ਦੀ ਦੁਕਾਨ ਤੇ ਖੜ੍ਹਾ ਕਰ ਜਾਊਂਗਾ!” ਮੈਂ ਸਾਇਕਲ ’ਤੇ ਲੱਤ ਦਿੱਤੀ ਤੇ ਦਿੱਲੀ ਲਈ ਰਵਾਨਾ ਹੋ ਗਿਆ। ਕੁਝ ਪੈਡਲ ਮਾਰਨ ਤੋਂ ਬਾਅਦ ਜਦੋਂ ਥੋੜ੍ਹਾ ਅੱਗੇ ਜਾ ਕੇ ਮੈਂ ਕੈਰੀਅਰ ਉਤਲੇ ਬੈਗ ਨੂੰ ਟੋਹਿਆ ਤੇ ਪਿਛਾਂਹ ਮੁੜ ਕੇ ਦੇਖਿਆ, ਭਾਈਆ ਮੇਰੀ ਨਿਗਾਹ ਨਾ ਪਿਆ। ਮਾਂ, ਭੈਣਾਂ ਤੇ ਛੋਟਾ ਭਰਾ ਕੁਲਦੀਪ ਅਜੇ ਉੱਥੇ ਫਿਰਨੀ ਤੇ ਖੜ੍ਹੇ ਮੇਰੇ ਤੇਜ਼ ਦੌੜਦੇ ਸਾਇਕਲ ਵਲ ਦੇਖ ਰਹੇ ਸਨ। ਸੜਕ ਦੇ ਦੁਵੱਲੇ ਪੱਕ ਰਹੀਆਂ ਲਹਿਲਾਉਂਦੀਆਂ ਕਣਕਾਂ ਜਿਵੇਂ ਮੈਂਨੂੰ ਆਪਣੀਆਂ ਜਵਾਨ ਤੇ ਵਿਆਹੁਣ ਯੋਗ ਹੋ ਰਹੀਆਂ ਭੈਣਾਂ ਦਾ ਇਹਸਾਸ ਕਰਵਾ ਰਹੀਆਂ ਹੋਣ। ਮੈਂਨੂੰ ਮਹਿਸੂਸ ਹੁੰਦਾ ਜਿਵੇਂ ਸਾਰਾ ਪਰਿਵਾਰ ਮੇਰੇ ਨਾਲ-ਨਾਲ ਮੇਰਾ ਪਿੱਛਾ ਕਰਦਾ ਆ ਰਿਹਾ ਹੋਵੇ।

**

(ਅਗਾਂਹ ਪੜ੍ਹੋ, ਕਾਂਡ ਉੰਨ੍ਹੀਵਾਂ: ਜ਼ਿੰਦਗੀ ਅਤੇ ਮੌਤ ਵਿਚਾਲੇ)

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2665)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਬਲਬੀਰ ਮਾਧੋਪੁਰੀ

ਬਲਬੀਰ ਮਾਧੋਪੁਰੀ

Delhi, India.
Phone: (011 - 91 - 93505 - 48100)

Email: (bmadhopuri@yahoo.in)

More articles from this author