BalbirMadhopuri7‘ਛਾਂਗਿਆ ਰੁੱਖ’ ਪੰਜਾਬੀ ਵਿਚ ਦੋ ਪ੍ਰਕਾਸ਼ਕਾਂ ਵਲੋਂ ਵਾਰ ਵਾਰ ਛਪਣ ਦੀ ਵਜਾਹ ...
(22 ਫਰਬਰੀ 2018)

 

ShangiaRukh2ਛਾਂਗਿਆ ਰੁੱਖ ਦੀ ਨਵੀਂ ਛਾਪ ਸਾਹਮਣੇ ਪਈ ਹੈ। ਮੇਰਾ ਇਕ ਮਿੱਤਰ ਕਹਿੰਦਾ ਹੁੰਦਾ ਹੈ ਕਿ ਆਪਣੀ ਕਿਤਾਬ ਬਾਰੇ ਆਪ ਹੀ ਲਿਖਣਾ ਆਪਣਾ ਸਿਰ ਆਪ ਮੁੰਨਣ ਤੁੱਲ ਹੈ। ਪਰ ਮੈਨੂੰ ਇਹ ਕੰਮ ਕਰਨਾ ਪੈ ਰਿਹਾ ਹੈ। 1987 ਵਿਚ ਜਦੋਂ ਮੇਰੀ ਬਦਲੀ ਜਲੰਧਰ ਤੋਂ ਦਿੱਲੀ ਦੀ ਹੋਈ ਤਾਂ ਮੇਰਾ ਵਾਸਤਾ ਉਸ ਸਾਹਿਤ ਨਾਲ ਪਿਆ ਜੋ ਸੋਵੀਅਤ ਸਾਹਿਤ ਵਾਂਗ ਸਮਾਜਿਕ-ਆਰਥਿਕ ਤੌਰ ’ਤੇ ਸਮਾਜ ਨੂੰ ਉਹਦਾ ਕਰੂਰ ਚਿਹਰਾ ਦਿਖਾਉਣ ਵਾਲਾ ਸੀ। ਮੇਰੇ ਚਿੱਤ ਵਿਚ ਕਈ ਘਟਨਾਵਾਂ ਉਹ ਉੱਭਰਦੀਆਂ ਜੋ ਭੁਲਾਇਆਂ ਵੀ ਨਾ ਭੁੱਲਦੀਆਂ। ਤੇ ਫਿਰ 1996 ਵਿਚ ਮੈਂ ਸਵੈਜੀਵਨੀ ਲਿਖਣ ਦਾ ਫ਼ੈਸਲਾ ਕਰ ਲਿਆ।

ਸਭ ਤੋਂ ਪਹਿਲਾਂ ਮੈਂ ‘ਮੇਰੀ ਦਾਦੀ - ਇਕ ਇਤਿਹਾਸ’ ਅਧਿਆਇ ਲਿਖਿਆ ਜਿਸ ਨੂੰ ਭਾਪਾ ਪ੍ਰੀਤਮ ਸਿੰਘ ਨੇ ਦਸੰਬਰ 1997 ਦੇ ‘ਆਰਸੀ’ ਵਿਚ ਛਾਪਿਆ ਤੇ ਨਾਲ ਹੀ ਸਲਾਹ ਦਿੱਤੀ ਕਿ ਪੰਜਾਬੀ ਵਿਚ ਦਲਿਤ ਸਾਹਿਤ ਲਈ ਰੜਾ ਮੈਦਾਨ ਪਿਆ ਹੈ। ਛੇਤੀ ਸਵੈਜੀਵਨੀ ਲਿਖ, ਮੈਂ ਛਾਪਾਂਗਾ। ਇਹ ਅਧਿਆਇ ਛਪਣ ਸਾਰ ਵੱਡੇ ਲੇਖਕਾਂ ਦੇ ਫੋਨ ਆਉਣ ਲੱਗ ਪਏ। ਪਹਿਲਾ ਫੋਨ ਨਾਮਵਰ ਕਹਾਣੀਕਾਰ ਅਜੀਤ ਕੌਰ ਦਾ ਸੀ ਜਿਨ੍ਹਾਂ ਭਰੀ ਸਾਹਿਤਕ ਸਭਾ ਤੇ ਦੂਰਦਰਸ਼ਨ ਦੇ ਪ੍ਰੋਗਰਾਮ ਵਿਚ ਵੀ ਕਿਹਾ, ‘ਲੋਕ ਅਜੀਤ ਕੌਰ ਨੂੰ ਲੱਭਦੇ ਨੇ, ਮੈਂ ਬਲਬੀਰ ਮਾਧੋਪੁਰੀ ਨੂੰ ਲੱਭਿਆ ਏ!’ ਮੁੱਕਦੀ ਗੱਲ ਕਿ 2002 ਵਿਚ ਮੇਰੀ ਸਵੈਜੀਵਨੀ ‘ਛਾਂਗਿਆ ਰੁੱਖ’ ਦੇ ਨਾਂ ਹੇਠ ਛਪੀ। ਸਾਹਿਤਕ ਹਲਕਿਆਂ ਵਿਚ ਵਿਚਰਦੇ ਸਾਹਿਤਕਾਰਾਂ, ਆਲੋਚਕਾਂ, ਵਿਦਵਾਨਾਂ ਅਤੇ ਪਾਠਕਾਂ ਨੇ ਇਸ ਦੀ ਮਕਬੂਲੀਅਤ ਇਸ ਦੀ ਯਥਾਰਥਕ ਸ਼ੈਲੀ, ਪੇਂਡੂ ਚੱਜ ਵਾਲੀ ਮੁਹਾਵਰੇ ਭਰੀ ਭਾਸ਼ਾ, ਰਚਨਾ ਦ੍ਰਿਸ਼ਟੀ ਦੇ ਨਾਲ ਪ੍ਰਕਿਰਤਕ ਦ੍ਰਿਸ਼ਾਂ ਦਾ ਵਰਣਨ-ਬਿਰਤਾਂਤ, ਬੇਬਾਕ ਸਵੈ ਪ੍ਰਗਟਾਵੇ ਨੂੰ ਇਸ ਵਿਚਲੀ ਟੈਕਸਟ ਦੀ ਤਾਕਤ ਦੱਸਿਆ। ਨਾਵਲਕਾਰ ਪ੍ਰੋਫੈਸਰ ਗੁਰਦਿਆਲ ਸਿੰਘ ਨੇ ਮੈਨੂੰ ਨਵੰਬਰ 2002, ਅਗਸਤ, 2003, ਮਾਰਚ 2006 ਤੇ ਜੁਲਾਈ 2007 ਵਿਚ ਚਾਰ ਚਿੱਠੀਆਂ ਲਿਖੀਆਂ ਤੇ ਇਕ ਵਿਚ ਦਰਜ ਹੈ, ‘… ਤੇਰੀ ਸਵੈਜੀਵਨੀ ਵਿਚ ਤੇਰੇ ਪਿੰਡ ਦੀ ਕਹਾਣੀ ਬਹੁਤ ਸੰਵੇਦਨਸ਼ੀਲ, ਦਲਿਤਾਂ ਦੇ ਦੁੱਖ ਦੀ ਗਾਥਾ ਹੈ।’

‘ਛਾਂਗਿਆ ਰੁੱਖ’ ਪੰਜਾਬੀ ਵਿਚ ਦੋ ਪ੍ਰਕਾਸ਼ਕਾਂ ਵਲੋਂ ਵਾਰ ਵਾਰ ਛਪਣ ਦੀ ਵਜਾਹ ਧਰਮ ਕੱਟੜਤਾ ਦੇ ਸ਼ਿਕੰਜੇ ਤੋਂ ਮੁਕਤ ਜਾਂ ਉਦਾਰ ਤੇ ਮਾਨਵਵਾਦੀ ਪਹੁੰਚ ਵਾਲੇ ਦਲਿਤਾਂ, ਗ਼ੈਰ-ਦਲਿਤਾਂ ਤੇ ਤਰਕਸ਼ੀਲ ਵਿਚਾਰਧਾਰਾ ਨਾਲ ਜੁੜੀਆਂ ਜਥੇਬੰਦੀਆਂ ਨੇ ਖੁਦ ਸੈਂਕੜੇ ਕਿਤਾਬਾਂ ਖਰੀਦ ਕੇ ਲੋਕਾਂ ਵਿਚ ਵੰਡੀਆਂ। ਹੁਣ ਤਕ ‘ਛਾਂਗਿਆ ਰੁੱਖ’ ਨੂੰ ਦੇਸ਼-ਵਿਦੇਸ਼ ਵਿਚਲੇ ਅੱਠ ਪੰਜਾਬੀ ਮੈਗਜ਼ੀਨਾਂ/ਅਖ਼ਬਾਰਾਂ ਨੇ ਲੜੀਵਾਰ ਛਾਪਿਆ ਹੈ।

2007 ਵਿਚ ‘ਛਾਂਗਿਆ ਰੁੱਖ ਦਾ ਹਿੰਦੀ ਵਿਚ ਅਨੁਵਾਦ ਸੁਭਾਸ਼ ਨੀਰਵ ਨੇ ਕੀਤਾ। ਭੂਮਿਕਾ ਵਿਚ ਕਮਲੇਸ਼ਵਰ ਹੁਰਾਂ ਲਿਖਿਆ ਸੀ, ‘ਆਤਮ-ਕਥਾ ‘ਛਾਂਗਿਆ ਰੁੱਖ’ ਦਾ ਸਾਹਿਤ ਦੀ ਮਹਤੱਵਪੂਰਨ ਕ੍ਰਿਤ ਦੇ ਰੂਪ ਵਿਚ ਨਿਸਚੇ ਹੀ ਸਨਮਾਨ ਤੇ ਸਵਾਗਤ ਹੋਵੇਗਾ ਤੇ ਇਹ ਕ੍ਰਿਤ ਪੰਜਾਬੀ ਜਾਂ ਹਿੰਦੀ ਤਕ ਸੀਮਤ ਨਹੀਂ ਰਹੇਗੀ।’ ਤੇ 2010 ਵਿਚ ‘ਛਾਂਗਿਆ ਰੁੱਖ’ ਨੂੰ ਆਕਸਫੋਰਡ ਯੂਨੀਵਰਸਿਟੀ ਪ੍ਰੈੱਸ ਨੇ ਛਾਪਿਆ ਜੋ ਅਗਲੇ ਸਾਲ ਕਰੌਸਵਰਡ ਵਾਸਤੇ ਨਾਮਜ਼ਦ ਹੋਈ। ਪਰ ਇਸ ਤੋਂ ਪਹਿਲਾਂ ‘ਤਹਿਲਕਾ’ ਨੇ ਪੰਜਾਬੀ ਤੋਂ ਅੰਗਰੇਜ਼ੀ ਵਿਚ ਅਨੁਵਾਦ ਕਰਾ ਕੇ ਕੁਝ ਅੰਸ਼ ਛਾਪੇ ਤੇ ਮਗਰੋਂ ‘ਦਿ ਹਿੰਦੂ’ ਨੇ ਦੋ ਅਧਿਆਇ ਸੰਖੇਪ ਕਰ ਕੇ।

‘ਛਾਂਗਿਆ ਰੁੱਖ’ ਨੂੰ ਲਾਹੌਰ ਤੋਂ ਸ਼ਾਹਮੁਖੀ ਵਿਚ ਛਪਦੇ ‘ਪੰਚਮ’ ਮੈਗਜ਼ੀਨ ਨੇ ਲੜੀਵਾਰ ਛਾਪਿਆ ਜਿਸ ਦਾ ਉਲਥਾ ਨਾਮੀ ਲੇਖਕ ਸਾਕਿਬ ਮਕਸੂਦ ਨੇ ਕੀਤਾ ਤੇ 2007 ਵਿਚ ਇਸ ਨੂੰ ਕਿਤਾਬੀ ਸ਼ਕਲ ਵਿਚ ਅਦੀਬਾਂ ਸਾਹਮਣੇ ਲਿਆਂਦਾ।

ਪੰਜਾਬੀ ਪਾਠਕਾਂ ਉੱਤੇ ਇਸ ਦਾ ਇਹ ਪ੍ਰਭਾਵ ਪਿਆ ਕਿ ਉਨ੍ਹਾਂ ਇਸ ਨੂੰ ਪ੍ਰੇਰਨਾ-ਪੁਸਤਕ ਤੇ ਇਸ ਵਿਚਲੇ ਸਵੈ-ਬਿਰਤਾਂਤ ਦੀ ਤਰਕ-ਜੁਗਤ ਜ਼ਰੀਏ ਅਧਿਕਾਰ ਚੇਤਨਾ, ਸਮਾਜਿਕ ਆਰਥਿਕ ਬਰਾਬਰੀ, ਜਾਤਪਾਤ, ਛੂਤਛਾਤ, ਊਚ-ਨੀਚ ਵਿਰੁੱਧ ਇਕ ਦਸਤਾਵੇਜ਼ ਆਖਿਆ। ਕੁਝ ਬਜ਼ੁਰਗ ਜ਼ਿਮੀਂਦਾਰਾਂ ਨੇ ਆਪਣੇ ਭਾਈਚਾਰੇ ਵਲੋਂ ‘ਕਿਰਤੀ-ਕੰਮੀਂ’ ਲੋਕਾਂ ਉੱਤੇ ਕੀਤੀਆਂ ਜ਼ਿਆਦਤੀਆਂ ਤੇ ਧੱਕੇਸ਼ਾਹੀ ਦੀ ਮਾਫ਼ੀ ਮੰਗਦਿਆਂ ਹਮਦਰਦੀ ਪ੍ਰਗਟਾਈ। ਕੁਝ ਵਿਦਿਆਰਥੀਆਂ ਨੇ ‘ਜਾਤ ਦੇ ਗਰਭ’ ਤੋਂ ਬਚ ਕੇ ਜਿਉਣ ਦੀ ਸਵੈ-ਇੱਛਾ ਸਾਂਝੀ ਕੀਤੀ। ਸਵੈਜੀਵਨੀ ਵਿਚਲੇ ‘ਰੇਗਿਸਤਾਨ ਵਿਚ ਵਗਿਆ ਦਰਿਆ’ ਕਾਂਡ ਨੂੰ ਪੜ੍ਹ ਕੇ ਕਈ ਜੱਟ ਬੀਬੀਆਂ ਤੇ ਹੋਰ ਔਰਤਾਂ ਨੇ ਰੋਂਦਿਆਂ ਹੋਇਆ ਮੈਨੂੰ ਮਿਲ ਕੇ ਫੋਨਾਂ ’ਤੇ ਗੱਲ ਕੀਤੀ ਕਿ ਇਸ ਵਿਚਲੇ ਬਿਰਤਾਂਤ ਵੇਰਵੇ ਤੇ ਤੇਰੀ ਜੱਟੀ ਤਾਈ ਮਲਕੀਤ ਕੌਰ ਤੇ ਤਾਇਆ ਜੀਤ ਸਿੰਘ ਦੀ ਤੇਰੇ ਪਰਿਵਾਰ ਨਾਲ ਸਾਂਝ ਇਨਸਾਨੀਅਤ ਦੀ ਮਿਸਾਲ ਹੈ। ਡਾ. ਸੁਤਿੰਦਰ ਸਿੰਘ ਨੂਰ ਨੇ 2007 ਵਿਚ ‘ਛਾਂਗਿਆ ਰੁੱਖ’ ਦਾ ਸਾਹਿਤਕ ਤੇ ਸਮਾਜਿਕ ਮੁਲੰਕਣ’ ਨਾਂ ਦੀ 208 ਸਫਿਆਂ ਦੀ ਕਿਤਾਬ ਛਾਪੀ।

ਛਾਂਗਿਆ ਰੁੱਖ’ ਦੀ ਸ਼ੁਹਰਤ ਦੇ ਬਾਵਜੂਦ ਮੇਰੇ ਕੁਝ ਨਜ਼ਦੀਕੀ ਰਿਸ਼ਤੇਦਾਰਾਂ ਨਾਲ ਤੋੜ-ਵਿਛੋੜਾ ਹੋ ਗਿਆ, ਭੈਣ-ਭਾਈ ਤੇ ਦੋਸਤ ਨਰਾਜ਼ ਹੋ ਗਏ। ਪਰ ਕਈ ਨਵੇਂ ਮਿੱਤਰ ਦੇਸ਼-ਵਿਦੇਸ਼ ਵਿਚ ਬਣੇ ਜਿਨ੍ਹਾਂ ਵਿੱਚੋਂ ਪਹਿਲਾਂ-ਪਹਿਲਾਂ ਇਕ-ਦੋ ਜਾਤ ਦੇ ਹੰਕਾਰ ਵਿਚ ਮਿਹਣੇ ਮਾਰਨ ਲੱਗ ਪਏ ਸਨ ਤੇ ਫਿਰ ਉਨ੍ਹਾਂ ਨੇ ਹੀ ਆਪਣੀਆਂ ਵੈੱਬਸਾਈਟਾਂ ’ਤੇ ਇਸ ਨੂੰ ਲੜੀਵਾਰ ਛਾਪਿਆ ਹੋਇਆ ਹੈ। ਇਸ ਦੇ ਹੋਰ ਅਨੁਵਾਦ ਭਾਰਤੀ ਭਾਸ਼ਾਵਾਂ ਵਿਚ ਹੋ ਰਹੇ ਹਨ।

ਹੁਣ ਇਹ ਸਵੈਜੀਵਨੀ ਯੂ.ਜੀ.ਸੀ ਦੇ ਸਿਲੇਬਸਾਂ ਵਿਚ ਸ਼ਾਮਿਲ ਹੈ ਤੇ ‘ਹੰਡਰਡ ਕਲਾਸਿਕ ਬੁੱਕਸ ਆਫ ਦਾ ਵਰਲਡ’ ਵਿਚ ਵੀ ਕੁਝ ਸਾਲ ਰਹੀ ਹੈ।

ਅੰਗਰੇਜ਼ੀ ਵਿਚ ‘ਛਾਂਗਿਆ ਰੁੱਖ’ ਛਪਣ ਦੀ ਦਾਸਤਾਨ ਵੀ ਨਿਰਾਲੀ ਹੈਪ੍ਰੋਫੈਸਰ ਹਰੀਸ਼ਪੁਰੀ ਹੁਰਾਂ ਨੂੰ ਆਪਣੀ ਇਹ ਸਵੈਜੀਵਨੀ ਮੈਂ ਪੜ੍ਹਨ ਲਈ ਭੇਜੀ। ਉਦੋਂ ਅਸੀਂ ਇਕ-ਦੂਜੇ ਨੂੰ ਜਾਣਦੇ-ਪਛਾਣਦੇ ਨਹੀਂ ਸੀ। ਕਈ ਮਹੀਨਿਆਂ, ਸ਼ਾਇਦ ਸਾਲ-ਦੋ ਸਾਲ ਮਗਰੋਂ ਉਨ੍ਹਾਂ ਦਾ ਫ਼ੋਨ ਆਇਆ ਕਿ ਕਿਤਾਬ ਪੜ੍ਹ ਲਈ ਹੈ, ਇਕ ਤਰ੍ਹਾਂ ਨਾਲ ਸਮਾਜਿਕ-ਆਰਥਿਕ ਸਟੱਡੀ ਹੈ।’ ਮਗਰੋਂ ਗੱਲ ਆਈ-ਗਈ ਹੋ ਗਈ। ਉਨ੍ਹਾਂ ਦੇ ਦੱਸਣ ਮੁਤਾਬਿਕ ਕਿ ਕਿਤਾਬ ਨੂੰ ਦੂਜੀ-ਤੀਜੀ ਵਾਰ ਪੜ੍ਹ ਰਿਹਾ ਸਾਂ ਕਿ ਮੇਰੇ ਅਮਰੀਕੀ ਦੋਸਤ ਪ੍ਰੋਫੈਸਰ ਵੈੱਬਸਟਰ ਆਏ। ਹਾਲ-ਚਾਲ ਪੁੱਛਣ ਮਗਰੋਂ ਉਨ੍ਹਾਂ ਪੁੱਛਿਆ ਕਿ ਇਹ ਕਿਹੜੀ ਕਿਤਾਬ ਪੜ੍ਹ ਰਹੇ ਹੋ? ਉਨ੍ਹਾਂ ਦੱਸਿਆ ਕਿ ਇਹ ਸਵੈਜੀਵਨੀ ‘ਛਾਂਗਿਆ ਰੁੱਖ’ ਮੇਰੇ ਦਿਮਾਗ ਵਿੱਚੋਂ ਨਹੀਂ ਨਿਕਲ ਰਹੀ। ਪ੍ਰੋ. ਵੈੱਬਸਟਰ ਨੇ ਕਿਹਾ, ‘ਦੋ ਘੰਟਿਆਂ ਤੋਂ ਇਸ ਕਿਤਾਬ ਦਾ ਜ਼ਿਕਰ ਸੁਣ ਰਿਹਾ ਹਾਂ - ਹੁਣ ਬੰਦ ਕਰੋ ਤੇ ਔਕਸਫੋਰਡ ਨੂੰ ਤੁਸੀਂ ਆਪਣੇ ਤੇ ਮੇਰੇ ਵਲੋਂ ਛਾਪਣ ਲਈ ਸਿਫ਼ਾਰਸ਼ੀ ਈਮੇਲ ਭੇਜੋ। ਤੇ ਤੀਜੇ ਦਿਨ ਔਕਸਫੋਰਡ ਤੋਂ ਫੋਨ ਤੇ ਈਮੇਲ ਮੈਨੂੰ ਵੀ ਆ ਗਏ। ਡਾ. ਤ੍ਰਿਪਤੀ ਜੈਨ ਨਾਲ ਔਕਸਫੋਰਡ ਨੇ ਅਨੁਵਾਦ ਲਈ ਸੰਪਰਕ ਕੀਤਾ ਤੇ ਆਖਰ ਇਹ 2010 ਵਿਚ ਛਪ ਗਈ। ਮਗਰੋਂ ਪ੍ਰੋਫੈਸਰ ਹਰੀਸ਼ਪੁਰੀ, ਤ੍ਰਿਪਤੀ ਜੈਨ ਤੇ ਪੁਸਤਕ ਸੰਪਾਦਨ ਡਾ. ਮਿੰਨੀ ਕ੍ਰਿਸ਼ਨਨ ਨਾਲ ਮੇਰੇ ਸਤਿਕਾਰ ਭਰੇ ਰਿਸ਼ਤੇ ਗੂਹੜੇ ਹੋ ਗਏ। ਹੜੱਪਾ ਦਾ ਮਾਨਵਵਾਦੀ ਸਭਿਆਚਾਰ ਮੇਰੇ ਚੇਤਿਆਂ ਵਿਚ ਡੂੰਘਾ ਲੱਥ ਗਿਆ।

*****

(1026)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਬਲਬੀਰ ਮਾਧੋਪੁਰੀ

ਬਲਬੀਰ ਮਾਧੋਪੁਰੀ

Delhi, India.
Phone: (011 - 91 - 93505 - 48100)

Email: (bmadhopuri@yahoo.in)

More articles from this author