BalbirMadhopuri7ਮੈਂ ਆਪਣੇ-ਆਪੇ ਨੂੰ ਪਰਤ ਦਰ ਪਰਤ ਉਧੇੜਦਾ - ਸਵੈ ਨਾਲ ਸੰਵਾਦ ਰਚਾਉਂਦਾ ...
(8 ਸਤੰਬਰ 2020)

 

ShangiaRukh2ਸਵੈਜੀਵਨੀ ‘ਛਾਂਗਿਆ ਰੁੱਖ’ ਲਿਖਣ ਦਾ ਮੈਨੂੰ ਨਾ ਚਾਣਚੱਕ ਫ਼ੁਰਨਾ ਫ਼ੁਰਿਆ ਤੇ ਨਾ ਹੀ ਇਸ ਦਾ ਵਿਚਾਰ ਕਦੇ ਮੇਰੇ ਚਿੱਤ-ਚੇਤੇ ਆਇਆ ਇਸ ਦਾ ਸਬੱਬ ਸਹਿਜ ਤੇ ਸਾਧਾਰਣ ਹੈ ਗੱਲ ਇਉਂ ਹੋਈ; ਇਕ ਹਿੰਦੀ ਤ੍ਰੈ-ਮਾਸਿਕ ਵਿਚ ਇਕ ਲੇਖਕ ਦੀ ਆਤਮ-ਕਥਾ ਦਾ ਅੰਸ਼ ਛਪਿਆ ਪੜ੍ਹਨ ਪਿੱਛੋਂ ਮੈਂ ਤੁਰਤ ਆਪਣੇ ਹਿੰਦੀ ਭਾਸ਼ੀ ਦਲਿਤ ਚਿੰਤਕ ਤੇ ਮਿੱਤਰ ਐੱਸ.ਐੱਸ. ਗੌਤਮ ਕੋਲ ਟਿੱਪਣੀ ਕੀਤੀ, ‘ਇਸ ਵਿਚ ਨਾ ਮਹੱਤਵਪੂਰਨ ਘਟਨਾ ਹੈ ਤੇ ਨਾ ਹੀ ਗੰਭੀਰ ਵਿਚਾਰ - ਇਸ ਤੋਂ ਸੰਘਣੀਆਂ ਤੇ ਔਕੜਾਂ ਭਰੀਆਂ ਸਮੱਸਿਆਵਾਂ ਤੇ ਘਟਨਾਵਾਂ ਮੇਰੇ ਅਤੇ ਮੇਰੇ ਪਰਿਵਾਰ ਨਾਲ ਬੀਤੀਆਂ ਹਨ ਪੇਸ਼ਕਾਰੀ ਨਾਲ ਸਹਿਮਤ ਹੋਣਾ ਤਾਂ ਦੂਰ ਦੀ ਗੱਲ ਹੈ ਉਸ ਨੇ ਦੋ ਟੁੱਕ ਸ਼ਬਦਾਂ ਵਿਚ ਕਿਹਾ, ‘ਆਪ ਇਸ ਸੇ ਬੇਹਤਰ ਲਿਖ ਸਕਤੇ ਹੋ ਤੋ ਲਿਖੋ ਮੈਂ ਕੱਚਾ ਜਿਹਾ ਹੋ ਕੇ ਰਹਿ ਗਿਆ ਉਹ ਦੋ-ਤਿੰਨ ਮਹੀਨਿਆਂ ਵਿਚ ਇਕ-ਦੋ ਵਾਰ ਆਪਣੀ ਗੱਲ ਮੈਨੂੰ ਯਾਦ ਕਰਾਉਂਦਾ ਮੈਂ ਸ਼ਸ਼ੋਪੰਜ ਵਿਚ ਘੇਸਲ ਮਾਰ ਕੇ ਗੱਲ ਕੰਨਾਂ ਪਿੱਛੇ ਸੁੱਟ ਰੱਖੀ ... ਤੇ ਆਖ਼ਿਰ ‘ਮੇਰੀ ਦਾਦੀ - ਇਕ ਇਤਿਹਾਸ’ ਲਿਖ ਕੇ ਭਾਪਾ ਪ੍ਰੀਤਮ ਸਿੰਘ ਜੀ ਨੂੰ ਛਾਪਣ ਲਈ ਦੇ ਆਇਆ ਉਨ੍ਹਾਂ ਹੋਰ ਮੈਟਰ ਰੋਕ ਕੇ ‘ਆਰਸੀ’ ਦੇ ਦਸੰਬਰ 1997 ਦੇ ਅੰਕ ਵਿਚ ਛਾਪ ਦਿੱਤਾ ਤੇ ਨਾਲ ਹੀ ਸਲਾਹ ਦਿੱਤੀ, ‘ਸਵੈਜੀਵਨੀ ਲਿਖ, ਮੈਂ ਛਾਪਾਂਗਾ

ਦਿਨਾਂ ਅੰਦਰ ਹੀ ਪ੍ਰਸਿੱਧ ਗਲਪਕਾਰਾ ਅਜੀਤ ਕੌਰ ਦਾ ਅਕੈਡਮੀ ਆਫ਼ ਫ਼ਾਈਨ ਆਰਟਸ ਐਂਡ ਲਿਟਰੇਚਰ ਤੋਂ ਫ਼ੋਨ ਆਇਆ ਜਿਸ ਦੇ ਉਹ ਬਾਨੀ ਪ੍ਰਧਾਨ ਹਨ ਉਨ੍ਹਾਂ ਭਰਵੀਂ ਪ੍ਰਸ਼ੰਸਾ ਕੀਤੀ ਮੈਨੂੰ ਅਕੈਡਮੀ ਦੀਆਂ ਮਾਸਿਕ ਸਾਹਿਤਕ ਇਕੱਤਰਤਾਵਾਂ ਵਿਚ ਪੰਜਾਬੀ ਦੇ ਪ੍ਰਤਿਨਿਧ ਲੇਖਕ ਵਜੋਂ ਪੇਸ਼ ਕੀਤਾ ਜਾਣ ਲੱਗਾ ਉਨ੍ਹਾਂ ਦੂਰਦਰਸ਼ਨ ਤੇ ਲਿਖਤੀ ਮੁਲਾਕਾਤਾਂ ਵਿਚ ਮੇਰੇ ਨਜ਼ਰੀਏ ਦੀ ਵਡਿਆਈ ਕੀਤੀ ਮੇਰਾ ਹੌਸਲਾ ਵਧਿਆ ਤੇ ਮੈਂ ਆਪਣੀ ਜੀਵਨੀ ਲਿਖਣ ਵਲ ਵਧੇਰੇ ਰੁਚਿਤ ਹੋ ਗਿਆ

ਮੈਂ ਆਪਣੇ-ਆਪੇ ਨੂੰ ਪਰਤ ਦਰ ਪਰਤ ਉਧੇੜਦਾ - ਸਵੈ ਨਾਲ ਸੰਵਾਦ ਰਚਾਉਂਦਾ, ਆਪੇ ਦੀ ਪਛਾਣ ਦੀ ਤਲਾਸ਼ ਕਰਦਾ ਤਾਂ ਲਿਖਣ ਦਾ ਮਨ ਬਣਾਉਂਦਾ ਸੱਚ ਜਾਣਿਓਂ, ਕਈ ਜੀਵਨੀ ਵੇਰਵਿਆਂ ਨੂੰ ਜਦੋਂ ਮੈਂ ਲਿਖ ਕੇ ਖ਼ੁਦ ਹੀ ਪੜ੍ਹਿਆ ਤਾਂ ਮੇਰੀਆਂ ਅੱਖਾਂ ਵਿਚ ਪਾਣੀ ਤੇ ਗੱਚ ਭਰ ਆਇਆ ਪੜ੍ਹਦਿਆਂ-ਪੜ੍ਹਦਿਆਂ ਕਈ ਵਾਰ ਰੁਕਣਾ ਪਿਆ ਸੋਚਦਾ ਕਿ ਮੇਰੇ ਪੁਰਖਿਆਂ ਨੇ ਕਿੰਨੇ ਦੁੱਖ ਝੱਲੇ ਹੋਣਗੇ!

ਕੁਝ ਜੀਵਨੀ ਲੇਖ ਸਿਰਜਣਾ, ਸ਼ਬਦ, ਪ੍ਰੀਤਲੜੀ, ਨਵਾਂ ਜ਼ਮਾਨਾ, ਕਲਾ ਸਿਰਜਕ ਆਦਿ ਵਿਚ ਛਪੇ ਤਾਂ ਚੋਟੀ ਦੇ ਲੇਖਕਾਂ ਦੇ ਫ਼ੋਨ ਤੇ ਖ਼ਤ ਆਏ ਕਿ ਖ਼ੁਸ਼ੀ ਦੀ ਗੱਲ ਹੈ ਕਿ ਇਸ ਵਿਸ਼ੇ ’ਤੇ ਤੂੰ ਲਿਖ ਰਿਹਾ ਹੈਂ - ਪਹਿਲਾਂ ਇਹ ਰੜਾ-ਮੈਦਾਨ ਸੀ ਅਜਿਹੀਆਂ ਦਿਲ-ਵਧਾਊ ਟਿੱਪਣੀਆਂ ਨੇ ਇਹ ਪੁਸਤਕ ਛਪਵਾਉਣ ਲਈ ਮੈਨੂੰ ਉਤਸ਼ਾਹਿਤ ਕੀਤਾ, ਨਹੀਂ ਤਾਂ ਕੁਝ ਕੁ ਲੇਖਕਾਂ ਦਾ ਸੁਝਾਅ ਸੀ ਕਿ ਅਜੇ ਸਵੈਜੀਵਨੀ ਲਿਖਣ ਦੀ ਉਮਰ ਨਹੀਂ ਤੇ ਅਜਿਹੀਆਂ ਸਾਹਿਤਕ ਪ੍ਰਾਪਤੀਆਂ ਵੀ ਨਹੀਂ ਜਿਨ੍ਹਾਂ ਦੇ ਬਹਾਨੇ ਪੁਸਤਕ ਛਪਵਾਈ ਜਾਵੇ ਸ਼ਾਇਦ ਇਨ੍ਹਾਂ ਗੱਲਾਂ ਦੀ ਦੁਬਿਧਾ ਤੇ ਵਕਤ ਦੀ ਘਾਟ ਕਰ ਕੇ ਮੈਨੂੰ ਆਪਣੀ ਜੀਵਨੀ ਲਿਖਣ ਲਈ ਤਕਰੀਬਨ 4-5 ਸਾਲ ਲੱਗ ਗਏ

... ਹਾਂ, ਸਵੈਜੀਵਨੀ ਵਿਚਲੀਆਂ ਘਟਨਾਵਾਂ ਸੌ ਫ਼ੀਸਦੀ ਸੱਚ ਹਨ ਤੇ ਦੋਂਹ ਪਾਤਰਾਂ ਦੇ ਨਾਂ ਉਨ੍ਹਾਂ ਦੀ ਪ੍ਰਚਲਿਤ ਅੱਲ ਵਜੋਂ ਹੀ ਰੱਖੇ ਹਨ ਗੱਲ ਦੀ ਲੜੀ ਤੇ ਤਰਤੀਬ ਕਾਇਮ ਰੱਖਣ ਲਈ ਨਾਂ-ਮਾਤਰ ਕਲਪਨਾ ਦਾ ਸਹਾਰਾ ਲਿਆ ਹੈ ਤਾਂ ਕਿ ਪ੍ਰਸੰਗਿਕਤਾ ਬਰਕਰਾਰ ਰਹੇ ਕੱਥ ਤੇ ਵੱਥ ਨੂੰ ਆਪਣੇ ਪੇਂਡੂ ਮਾਹੌਲ ਤੇ ਸੱਭਿਆਚਾਰ ਅਨੁਸਾਰ ਰੱਖਣ ਲਈ ਮੈਂ ਕੋਈ ਉਚੇਚ ਨਹੀਂ ਕੀਤੀ ਤੇ ਇਸੇ ਵਿੱਚੋਂ ਜੀਵਨੀ ਲਿਖਣ ਦਾ ਮੰਤਵ ਉੱਭਰਦਾ ਹੈ ਕਿ ਦਲਿਤ ਭਾਈਚਾਰੇ ਕੋਲ ਗਰੀਬੀ ਦੀ ਵਿਰਾਸਤ ਸਣੇ ਉਸ ਨਾਲ ਪੈਰ-ਪੈਰ ’ਤੇ ਹੁੰਦੀਆਂ ਵਧੀਕੀਆਂ ਦੇ ਕਰੂਰ ਯਥਾਰਥ ਤੋਂ ਆਪਣੇ ਸਮਕਾਲੀਆਂ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਾਣੂ ਕਰਾਵਾਂ

ਜੀਵਨੀ ਲਿਖਦਿਆਂ ਇਕ ਗੱਲ ਮੇਰੇ ਧਿਆਨ ਵਿਚ ਨਿਰੰਤਰ ਰਹੀ ਕਿ ਉਨ੍ਹਾਂ ਸਮੱਸਿਆਵਾਂ, ਘਟਨਾਵਾਂ ਨੂੰ ਬਿਨਾਂ ਉਲਾਰ ਤੇ ਉਪ-ਭਾਵੁਕ ਹੋਇਆਂ ਪੇਸ਼ ਕਰਾਂ ਜਿਨ੍ਹਾਂ ਦੀ ਸਮਾਜਿਕ-ਆਰਥਿਕ ਦ੍ਰਿਸ਼ਟੀ ਤੋਂ ਸਾਰਥਿਕਤਾ ਹੈ ਤੇ ਮੇਰੇ ਨਾਲ ਉਨ੍ਹਾਂ ਦਾ ਗੂੜ੍ਹਾ ਵਾਸਤਾ ਹੈ ਇਉਂ ਸਮਾਜ ਦੀਆਂ ਵੱਡੀਆਂ ਸਮੱਸਿਆਵਾਂ ਨਾਲ ਜੂਝਦਿਆਂ ਆਪਣਾ ਛੋਟਾ ਜਿਹਾ ਯਤਨ ਪੇਸ਼ ਕਰ ਰਿਹਾ ਹਾਂ, ਜੋ ਮੇਰੀ ਉਮਰ ਦੇ 45 ਵਰ੍ਹਿਆਂ (ਸੰਨ 2000 ਤਕ) ਨੂੰ ਆਪਣੇ ਘੇਰੇ ਹੇਠ ਲੈਂਦਾ ਹੈ

ਖ਼ਿਆਲ ਆਉਂਦਾ ਹੈ ਕਿ ਪਹਿਲਾਂ ਛਟਾਲਾ ਹੁੰਦਾ ਸੀ - ਫਿਰ ਬਰਸੀਨ ਆ ਗਿਆ ਲਾਲ ਚੌਲਾਂ ਵਾਲੀ ਮੁੰਜੀ ਦੀ ਥਾਂ ਚਿੱਟੇ ਚੌਲਾਂ ਦੀਆਂ ਵਧੇਰੇ ਝਾੜ ਵਾਲੀਆਂ ਬੇਸ਼ੁਮਾਰ ਜਿਣਸਾਂ ਆ ਗਈਆਂ ਕਣਕਾਂ-ਕਪਾਹਾਂ ਤੇ ਹੋਰ ਫ਼ਸਲਾਂ ਵਿਚ ਵੱਡੇ ਪਰਿਵਰਤਨ ਹੋ ਗਏ ਹਨ     ਰੇਗਿਸਤਾਨ ਹਰੇ-ਭਰੇ ਹੋ ਰਹੇ ਹਨ - ਉੱਚੇ ਪਹਾੜਾਂ ਨੂੰ ਢਾਹ ਲਾ ਕੇ ਲੋਕ ਹਿੱਤ ਲਈ ਸੁਰੰਗਾਂ ਕੱਢੀਆਂ ਜਾ ਰਹੀਆਂ ਹਨ ਵਿਗਿਆਨ ਤੇ ਤਕਨਾਲੋਜੀ ਨੇ ਸਮਾਜ ਦੀ ਤਸਵੀਰ ਬਦਲ ਦਿੱਤੀ ਹੈ ਤੇ ਭਾਰਤ ਦੇ ਬਹੁਜਨਾਂ ਦੇ ਜੀਵਨ ਵਿਚ ਕਿੰਨੀ ਕੁ ਤਬਦੀਲੀ ਆਈ ਹੈ? ਸੋਚਦਾ ਹਾਂ ਕਿ ਦਲਿਤ ਵਰਗ ਦੇ ਖ਼ਿਲਾਫ਼ ਸਾਜ਼ਿਸ਼ਾਂ ਦੇ ਰਚਨਕਾਰਾਂ ਵਿਰੁੱਧ ਪ੍ਰਗਤੀਸ਼ੀਲ ਬੁੱਧੀਜੀਵੀ ਕਿਉਂ ਮੌਨ ਧਾਰ ਕੇ ਬੈਠੇ ਹਨ? ਸਮਾਜਿਕ-ਆਰਥਿਕ ਪਰਿਵਰਤਨ ਸੰਭਵ ਹੈ - ਕੋਸ਼ਿਸ਼ ਵਜੋਂ, ਇਸ ਇਮਾਰਤ ਦੀ ਨੀਂਹ ਵਿਚ ਮੈਂ ਵੀ ਇਕ ਪੱਥਰ ਰੱਖ ਰਿਹਾ ਹਾਂ

**

ਪੰਜਾਬੀ ਦੇ ਜਿਨ੍ਹਾਂ ਵਿਦਵਾਨਾਂ, ਲੇਖਕਾਂ ਤੇ ਆਲੋਚਕਾਂ ਨੇ ਮੇਰੇ ਜੀਵਨੀ-ਉੱਦਮ, ਬੋਲੀ-ਭਾਸ਼ਾ ਤੇ ਦ੍ਰਿਸ਼ਟੀਕੋਣ ਦਾ ਭਰਪੂਰ ਸਮਰਥਨ ਕੀਤਾ, ਉਨ੍ਹਾਂ ਸਭਨਾਂ ਸ਼ਖ਼ਸੀਅਤਾਂ ਦਾ ਸ਼ੁਕਰੀਆ ਅਦਾ ਕਰਨਾ ਮੇਰੀ ਨੈਤਿਕ ਜ਼ਿੰਮੇਵਾਰੀ ਹੈ

‘ਛਾਂਗਿਆ ਰੁੱਖ’ ਵਿਚਲੇ ਕੁਝ ਸ਼ਬਦ-ਸੰਦਰਭਾਂ ਨੂੰ ਹੋਰ ਨਿਖਾਰਨ ਵਿਚ ਮੇਰੀ ਪਤਨੀ ਹਰਜਿੰਦਰ ਕੌਰ ਨੇ ਕਈ ਪਾਇਦਾਰ ਸੁਝਾਅ ਦਿੱਤੇ ਤੇ ਪੁਸਤਕ ਦੇ ਲਿਖੇ ਜਾਣ ਵਿਚ ਪਹਿਲਾਂ ਵਾਂਗ ਭਰਵਾਂ ਸਹਿਯੋਗ ਦਿੱਤਾ

ਮੇਰੇ ਕੁਲੀਗ ਵਿਜੇ ਸਿੰਘ ਨੇ ਪੁਸਤਕ ਖਰੜਾ ਕੰਪੋਜ਼ ਕਰਦਿਆਂ ਮੇਰੇ ਵਲੋਂ ਕਾਂਟ-ਛਾਂਟ ਨੂੰ ਖਿੜੇ-ਮੱਥੇ ਸੋਧਿਆ ਤੇ ਕਈ ਰਾਵਾਂ ਦਿੱਤੀਆਂ ਮੈਂ ਉਸ ਦਾ ਧੰਨਵਾਦੀ ਹਾਂ

ਆਪਣੇ ਅਤਿ ਸਤਿਕਾਰਯੋਗ ਭਾਪਾ ਪ੍ਰੀਤਮ ਸਿੰਘ ਜੀ ਦਾ ਸ਼ੁਕਰਗੁਜ਼ਾਰ ਹਾਂ ਕਿ ਉਨ੍ਹਾਂ ਮੇਰੀਆਂ ਕਿਰਤਾਂ ਨੂੰ ਹਮੇਸ਼ਾ ਵਰਨਣਯੋਗ ਹੁਲਾਰਾ ਦਿੱਤਾ ਤੇ ਹਥਲੀ ਪੁਸਤਕ ਛਾਪ ਕੇ ਮੈਨੂੰ ਆਪਣਾ ਥਾਪੜਾ ਦਿੱਤਾ

ਇਹ ਪੁਸਤਕ ਮੈਂ ਆਪਣੇ ਪੂਜਨੀਕ ਮਾਤਾ ਤੇ ਪਿਤਾ ਜੀ ਨੂੰ ਸਮਰਪਤ ਕਰਦਾ ਹਾਂ, ਜਿਨ੍ਹਾਂ ਉਮਰ ਭਰ ਹਨੇਰਾ ਢੋਂਦਿਆਂ ਮੈਨੂੰ ਵਿੱਦਿਆ ਦਾ ਚਾਨਣ ਬਖ਼ਸ਼ਿਆ

ਬਲਬੀਰ ਮਾਧੋਪੁਰੀ

(28 ਸਤੰਬਰ, 2002)

**

ਪ੍ਰਕਾਸ਼ਕ: ਨਵਯੁਗ ਪਬਲਿਸ਼ਰਜ਼, K-24,

ਹੌਜ਼ ਖ਼ਾਸ, ਨਵੀਂ ਦਿੱਲੀ -110016

ਟਾਈਪਸੈਟਿੰਗ ਅਤੇ ਛਾਪਕ: ਜਨਤਕ ਪ੍ਰੈੱਸ,

ਪਲੱਈਅਰ ਗਾਰਡਨ ਮਾਰਕੀਟ,

ਚਾਂਦਨੀ ਚੌਕ, ਦਿੱਲੀ - 110 006

** 

ਲੇਖਕ ਦੀਆਂ ਹੋਰ ਪੁਸਤਕਾਂ:

1. ਆਦਿ ਧਰਮ ਦੇ ਬਾਨੀ - ਗ਼ਦਰੀ ਬਾਬਾ ਮੰਗੂ ਰਾਮ - 2010.

2. ਮਾਰੂਥਲ ਦਾ ਬਿਰਖ (ਕਾਵਿ ਸੰਗ੍ਰਹਿ)।

3. ਭਖਦਾ ਪਤਾਲ (ਕਾਵਿ ਸੰਗ੍ਰਹਿ)।

4. ਦਿੱਲੀ ਇਕ ਵਿਰਾਸਤ (ਇਤਿਹਾਸਕ ਯਾਦਗਾਰਾਂ)।

5. ਸਮੁੰਦਰ ਦੇ ਸੰਗ-ਸੰਗ (ਸਫ਼ਰਨਾਮਾ)।

6. ਦਿੱਲੀ ਦੇ ਦਸ ਇਤਿਹਾਸਕ ਗੁਰਦੁਆਰੇ।

7.  ਸਾਹਿਤਕ ਮੁਲਾਕਾਂਤਾਂ।

ਅਨੁਵਾਦ:

1. ਐਡਵਿਨਾ ਤੇ ਨਹਿਰੂ (ਇਤਿਹਾਸਕ ਨਾਵਲ), ਕੈਥਰੀਨ ਕਲੈਮਾ।

2. ਲੱਜਾ (ਨਾਵਲ), ਤਸਲੀਮਾ ਨਸਰੀਨ।

3. ਸਭਿਆਚਾਰਕ ਵਿਆਹਾਂ ਨਾਲ ਸੰਬੰਧਤ ਮਸਲੇ; ਟੂਲੀਆ ਡੇਵਿਡ ਬਸੋਵਾ।

4. ਨਾਟਕਾਂ ਦੇ ਦੇਸ਼ ਵਿਚ।

5. ਸਮੁੰਦਰ ਦੇ ਟਾਪੂ (ਹਿੰਦੀ ਕਹਾਣੀਆਂ)

6. ਸ਼ਹੀਦਾਂ ਦੇ ਖ਼ਤ।

7. ਕ੍ਰਾਂਤੀਕਾਰੀਆਂ ਦਾ ਬਚਪਨ।

8. ਭਾਰਤ ਦੀਆਂ ਪੁਰਾਣੀਆਂ ਯਾਦਗਾਰਾਂ।

9. ਚਿੱਟਾ ਘੋੜਾ।

10. ਪਰਮੇਸ਼ਰ ਦੇ ਪਾਸੇ ਲੱਗੋ।

11. ਪਾਣੀ (ਰਮਨ)।

12. ਨੀਲੀ ਝੀਲ (ਕਮਲੇਸ਼ਵਰ)।

13. ਡਾਇਬਟੀਜ਼ ਦੇ ਸੰਗ, ਜੀਣ ਦਾ ਢੰਗ।

14. ਮਨੁੱਖ ਦੀ ਕਹਾਣੀ।

15. ਡਾ. ਬੀ. ਆਰ. ਅੰਬੇਡਕਰ - ਆਪ ਬੀਤੀਆਂ ਤੇ ਯਾਦਾਂ।

15. ਮਨ ਦੀ ਦੁਨੀਆਂ।

17. ਗੁਰੂ ਰਵਿਦਾਸ ਦੀ ਮੂਲ ਵਿਚਾਰਧਾਰਾ।

18. ਬੁੱਧ ਤੇ ਉਨ੍ਹਾਂ ਦਾ ਧੰਮ।

19. ਕ੍ਰਾਂਤੀਦੂਤ ਅਜ਼ੀਮਉੱਲਾ ਖ਼ਾਂ।

20. ਮੇਰਾ ਬਚਪਨ ਮੇਰੇ ਮੋਢੇ (ਸਵੈਜੀਵਨੀ: ਸ਼ਿਓਰਾਜ ਸਿੰਘ ਬੇਚੈਨ)।

21. ਨਵਾਬ ਰੰਗੀਲੇ (ਐਨ ਬੀ ਟੀ)।

22. ਰਾਜਕਮਲ ਚੌਧਰੀ ਸੰਕਲਿਤ ਕਹਾਣੀਆਂ।

23. ਡਾਇਬਟੀਜ਼ ਦੇ ਨਾਲ ਜੀਣ ਦੀ ਕਲਾ।

ਸੰਪਾਦਨ: 33 ਪੁਸਤਕਾਂ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2331)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com)

About the Author

ਬਲਬੀਰ ਮਾਧੋਪੁਰੀ

ਬਲਬੀਰ ਮਾਧੋਪੁਰੀ

Delhi, India.
Phone: (011 - 91 - 93505 - 48100)

Email: (bmadhopuri@yahoo.in)