BalbirMadhopuri7ਜੀਅ ਕਰਦਾ ਕਿ ਭਾਈਏ ਨੂੰ ਕਹਾਂ ਕਿ ਮੱਝ ਅਸੀਂ ਰੱਖ ਲਈਏਘਰ ਦਾ ਲੱਸੀ-ਦੁੱਧ ...
(5 ਅਕਤੂਬਰ 2020)

 

ਸਾਰੀ ਚਮਾਰ੍ਹਲੀ ਦਾ ਜੁੱਤੀਆਂ ਮਾਰ-ਮਾਰ ਸਿਰ ਪੋਲਾ ਨਾ ਕਰ ’ਤਾ ਤਾਂ ਮੈਂਮ੍ਹੀਂ ਜੱਟ ਦਾ ਪੁੱਤ ਨੲ੍ਹੀਂ!’ ਗੱਭਲੀ ਬੀਹੀ ਥਾਣੀ ਦਗੜ-ਦਗੜ ਕਰਦੇ ਆਏ ਇੱਕ ਜ਼ਿਮੀਂਦਾਰ ਨੇ ਸਾਡੇ ਘਰ ਮੋਹਰਲੇ ਬੋਹੜ-ਪਿੱਪਲ ਥੱਲੇ ਆ ਕੇ ਆਪਣੇ ਗੁੱਸੇ ਦਾ ਭਰਿਆ ਭਾਂਡਾ ਜ਼ੋਰ ਨਾਲ ਭੰਨਿਆ

ਕੀ ਹੋ ਗਿਆ ਸਰਦਾਰਾ, ਅਈਨਾ ਤਲਖੀ ’ਚ ਆਂ?’ ਬਜ਼ੁਰਗ ਤਾਏ ਬੰਤੇ ਨੇ ਇੱਕ ਹੱਥ ਵਿੱਚ ਨਲੀਆਂ ਵਾਲਾ ਛਿੱਕੂ ਤੇ ਇੱਕ ਹੱਥ ਹੁੱਕੇ ਦੀ ਚਿਲਮ ਫੜੀ ਆਪਣੇ ਘਰੋਂ ਆਉਂਦਿਆਂ ਪੁੱਛਿਆ

ਘਾਹ ਖੋਤਣ ਦੇ ਪੱਜ ਮੇਰਾ ਗਾਚਾ-ਚਰ੍ਹੀ ਮੁੱਛ ਲਿਆਈਆਂ! ਜਿੱਦਾਂ ਇਨ੍ਹਾਂ ਦੇ ਪੇ ਦਾ ਖੇਤ ਹੋਬੇ!’

ਇਨ੍ਹਾਂ ਉੱਚੇ ਬੋਲਾਂ ਨੂੰ ਸੁਣਦਿਆਂ ਹੀ ਸਾਡੇ ਆਲੇ-ਦੁਆਲੇ ਦੇ ਘਰਾਂ ਦੇ ਨਿਆਣੇ-ਸਿਆਣੇ ਇਕੱਠੇ ਹੋ ਗਏਉਨ੍ਹਾਂ ਦੇ ਲੀੜੇ ਮੈਲ਼ੇ-ਕੁਚੈਲ਼ੇ, ਟਾਕੀਆਂ ਲੱਗੇ ਜਾਂ ਉਨ੍ਹਾਂ ਨੂੰ ਲਗਾਰ ਆਏ ਹੋਏ ਸਨ, ਜਿਨ੍ਹਾਂ ਵਿੱਚੋਂ ਪਸੀਨੇ ਦੀ ਹਲਕੀ ਜਿਹੀ ਬੂ ਚੁਫ਼ੇਰੇ ਫੈਲ ਰਹੀ ਸੀਉਨ੍ਹਾਂ ਦੇ ਪੈਰ ਨੰਗੇ ਸਨਬਹੁਤੀਆਂ ਤੀਵੀਂਆਂ ਦੇ ਪੈਰ ਬਿਆਈਆਂ ਨਾਲ ਪਾਟੇ ਹੋਏ ਸਨ ਤੇ ਉਨ੍ਹਾਂ ਅੰਦਰ ਜੰਮੀ ਮੈਲ ਦੀਆਂ ਕਾਲੀਆਂ ਵਿੰਗੀਆਂ ਟੇਢੀਆਂ ਲੀਕਾਂ ਪਰਤੱਖ ਦਿਸ ਰਹੀਆਂ ਸਨ ਜਿਵੇਂ ਬਰਸਾਤ ਵਿੱਚ ਔੜ ਮਾਰੇ ਇਨ੍ਹੀਂ ਦਿਨੀਂ ਖੇਤਾਂ ਵਿੱਚ ਭੱਦਾਂ ਪਾਟੀਆਂ ਹੋਈਆਂ ਹੋਣਉਹ ਸਾਰੇ ਡੌਰ-ਭੌਰ ਹੋਏ ਅਰਧ-ਗੋਲਾਕਾਰ ਬਣਾ ਕੇ ਖੜ੍ਹੇ ਸਨ ਤੇ ਬਿਨਾਂ ਬੋਲਿਆਂ ਇੱਕ ਦੂਜੇ ਦੇ ਮੂੰਹਾਂ ਵੱਲ ਦੇਖ ਰਹੇ ਸਨਮੈਂਨੂੰ ਲੱਗਿਆ ਕਿ ਹੁਣੇ ਹੀ ਕਿਸੇ ਦੀ ਸ਼ਾਮਤ ਆ ਜਾਵੇਗੀਮੇਰਾ ਡਰ ਦੇ ਮਾਰੇ ਦਾ ਦਿਲ ਤੇਜ਼-ਤੇਜ਼ ਤੇ ਉੱਚੀ-ਉੱਚੀ ਧੜਕਣ ਲੱਗ ਪਿਆ

ਅਸੀਂ ਦਿਨ-ਰਾਤ ਸੱਪਾਂ ਦੀਆਂ ਸਿਰੀਆਂ ਮਿੱਧ-ਮਿੱਧ ਫਸਲਾਂ ਪਾਲਦੇ ਆਂ ਤੇ ਇਹ ਚੌਣਾ ਜਿੱਧਰ ਜਾਂਦਾ ਉਜਾੜਾ ਪਾ ਆਉਂਦਾਕਦੀ ਛੱਲੀਆਂ ਮਰੋੜ ਲਿਆਏ, ਕਦੀ ਸਾਗ ਤੋੜ ਲਿਆਏ, ਕਦੀ ਗੰਨੇ ਭੰਨ ਲਿਆਏ, ਕਦੀ ਛੋਲੀਆ ਪੱਟ ਲਿਆਏ।’ ਉੱਚੀ-ਉੱਚੀ ਤੇ ਲਗਾਤਾਰ ਬੋਲਦਿਆਂ ਉਹਦੇ ਬੁੱਲ੍ਹਾਂ ਦੇ ਸਿਰਿਆਂ ਨਾਲ ਥੁੱਕ ਦੀ ਝੱਗ ਦੇ ਚਿੱਟੇ ਤੇ ਪਾਣੀ ਰੰਗੇ ਬਰੀਕ-ਬਰੀਕ ਕਣ ਲਗਾਤਾਰ ਜੁੜ ਰਹੇ ਸਨ ਜਿਨ੍ਹਾਂ ਨੂੰ ਉਹ ਥੂਹ-ਥੂਹ ਕਰ ਕੇ ਥੁੱਕ ਦਿੰਦਾ

ਸਰਦਾਰਾ, ਤੂੰ ਦੱਸ ਕਿਹੜੀ-ਕਿਹੜੀ ਸਿਗੀ? ਮੈਂ ਪੁੱਛਦਾਂ ਤੇਰੇ ਸਾਹਮਣੇ!’ ਤਾਏ ਨੇ ਠਰ੍ਹੰਮੇ ਨਾਲ ਪੁੱਛਿਆ

ਹੱਦ ਹੋ ਗਈ! ਹੋਰ ਕਿਤੇ ਲਾਂਭਲੇ ਪਿੰਡੋਂ ਆ ਗਈਆਂ? ਸਾਰੀਆਂ ਤਾਂ ਇੱਕੋ ਜਿਹੀਆਂ ਸਿਗੀਆਂ! ਹੁਣ ਕੋਈ ਪੈਰਾਂ ’ਤੇ ਪਾਣੀ ਨੲ੍ਹੀਂ ਪੈਣ ਦਿੰਦਾ! ਜੇ ਮੈਮ੍ਹੀਂ ਖੇਤਾਂ ਵਿੱਚ ਈ ਸਿਰਾਂ ਤੋਂ ਲੀੜੇ ਲਾਹੁੰਦਾ ਤਾਂ ਫੇ ਚੰਗਾ ਰੲ੍ਹੀਂਦਾ!’ ਉਹਨੇ ਫਿਰ ਥੂਹ-ਥੂਹ ਕੀਤਾਉਹਦੀ ਇਸ ਆਦਤ ਕਰ ਕੇ ਪਿੰਡ ਵਿੱਚ ਉਹਦੀ ਅੱਲ ‘ਥੂਹ-ਥੂਹਸੀ

ਅਸੀਂ ਕੰਮੀਆਂ-ਕਮੀਣਾਂ ਨੇ ਹੋਰ ਕਿੱਥੇ ਜਾਣਾ! ਧੁਆਡੇ ਬੱਟਾਂ-ਬੰਨ੍ਹਿਆ ਤੋਂ ਈ ਘਾਹ-ਪੱਠਾ ਖੋਤਣਾ ਆਨਾਲੇ ਧੁਆਡੀਆਂ ਮੱਝਾਂ ਦੀ ਟਹਿਲ-ਸੇਬਾ ਕਰਦੇ ਆਂ!’ ਤਾਏ ਬੰਤੇ ਨੇ ਗੱਲ ਨਿਬੇੜਨ ਦੇ ਲਹਿਜ਼ੇ ਨਾਲ ਆਖਿਆ

ਬਹੁਤੀਆਂ ਖਚਰੀਆਂ ਗੱਲਾਂ ਨਾ ਕਰ ਕਰ ਦੱਸ! ਸਾਡੀਆਂ ਅਧਿਆਰੀਆਂ ਮੱਝਾਂ ਲੈ ਕੇ ਆ ਗਿਆ, ਜਿੱਦਾਂ ਧੁਆਨੂੰ ਅੱਧ ਨੲ੍ਹੀਂ ਮਿਲਦਾ-ਕਦੀ ਹਿੱਕ ਚੌੜੀ ਕਰ ਕੇ ਕਹਿੰਦੇ ਆ, ਅਖੇ ਤਿੰਨ ਹਿੱਸੇ ਸਾਡੇ ਤੇ ਦੋ ਧੁਆਡੇ!’

ਗੱਲ ਦਾ ਰੁਖ਼ ਆਪੋ-ਆਪਣੇ ਹੱਕਾਂ ਵੱਲ ਬਦਲਣ ਕਰਕੇ ਮਾਹੌਲ ਮਘਣ ਲੱਗ ਪਿਆਪਰ ਤਾਏ ਬੰਤੇ ਨੇ ਥੋੜ੍ਹੀ ਕੁ ਦੇਰ ਚੁੱਪ ਰਹਿ ਕੇ ਹਲੀਮੀ ਨਾਲ ਵਿੱਚੋਂ ਟੋਕਦਿਆਂ ਫਿਰ ਆਖਿਆ, ‘ਸਰਦਾਰਾ, ਜਿਹੜੀ ਪੰਜ-ਦਵੰਜੀ ਅਧਿਆਰੀ ਦੀ ਤੂੰ ਗੱਲ ਕਰਦਾਂ, ਉਹ ਕਈ-ਕਈ ਬਾਰੀ ਫਿਰ ਜਾਂਦੀ ਆ, ਕਈ ਬਾਰੀ ਫੰਡਰ ਰਹਿ ਜਾਂਦੀ ਆ, ਅਖੀਰ ਬੁੱਚੜਾਂ ਨੂੰ ਈ ਰੱਸਾ ਫੜਾਉਣਾ ਪਈਂਦਾ ਆ - ਹਾਅ ਠਾਕਰ ਨੇ ਬੂਰੀ ਮੱਝ ਦੀ ਦੋ-ਢਾਈ ਸਾਲ ਰੱਜ ਕੇ ਸੇਬਾ ਕੀਤੀ, ਸੂਣ ਤੋਂ ਪਹਿਲਾਂ ਉਹ ਦੰਦਾ ਦਿੰਦੀ ਰਹੀ ਤੇ ਸੂਣ ਬੇਲੇ ਮਰ ਗਈਅਸੀਂ ਬੀ ਇੱਦਾਂ ਸੱਟਾਂ ਝੱਲਦੇ ਈ ਆਂਨਾਲੇ ਕਿਹੜਾ ਤੇਰੇ ਟੱਕ ਤੋਂ ਬੱਢ ਲਿਆਈਆਂ!’

ਮੇਰੇ ਨਾ ਬਹੁਤੀ ਘੈਂਸ-ਘੈਂਸ ਨਾ ਕਰੋ, ਆਪੇ ਈ ਬਕ ਪਬੋ ਪਈ ਕੇਹਨੇ ਮੇਰੀ ਫਸਲ ਦਾ ਸੱਤਿਆਨਾਸ ਮਾਰਿਆ? ਨੲ੍ਹੀਂ ਤਾਂ ਮੈਂ ਪੰਚੈਤ ਕਰਨੀ ਆ!’

ਧੁਆਡੀਆਂ ਸਰਦਾਰੀਆਂ ਕੈਮ ਰਹਿਣ, ਹਊ-ਪਰੇ ਕਰ ਹੁਣ ...।’ ਤਾਏ ਨੇ ਗੱਲ ਮੁਕਾਉਂਦਿਆਂ ਕਿਹਾ ਅਤੇ ਨਲ਼ੀਆਂ ਵਾਲਾ ਛਿੱਕੂ ਭੁੰਜੇ ਰੱਖ ਕੇ ਸਿਰ ਮੋਹਰਲੇ ਗੰਜ ਤੇ ਟੋਟਰ ਉੱਤੇ ਹੱਥ ਨਾਲ ਖਾਜ ਕੀਤੀ

ਇੱਦਾਂ ਨੲ੍ਹੀਂ ਮੰਨਣ ਆਲਾ ਇਹ ਚਮਾਰ-ਬਾਧਾ!’ ਥੂਹ-ਥੂਹ ਨੇ ਗੁੱਸੇ ਵਿੱਚ ਉੱਲਰ ਕੇ ਟੋਕਦਿਆਂ ਆਖਿਆ ਤੇ ਨਾਲ ਹੀ ਸੱਜੀ ਲੱਤ ਪਿਛਾਂਹ ਨੂੰ ਮੋੜ ਕੇ ਹੱਥ ਨਾਲ ਪੈਰੋਂ ਧੌੜੀ ਦੀ ਜੁੱਤੀ ਲਾਹੁਣ ਦੀ ਕੋਸ਼ਿਸ਼ ਕੀਤੀ

ਜਾਹ ਜੋ ਕਰਨਾ ਤੂੰ ਕਰਲਾ, ... ਖਾਹ-ਮਖਾਹ ਸਿਰ ’ਤੇ ਚੜ੍ਹੀ ਜਾਨਾਂਮੋਹਰੇ ਕੋਈ ਕੁਸਕਦਾ ਨੲ੍ਹੀਂ ਤਾਂ ਕਰ ਕੇ! ਜਾਹ ਪੲ੍ਹੀਲਾਂ ਨਾਂਗਿਆਂ ਦੇ ਬੁੜ੍ਹੇ ਨੂੰ ਪੁੱਛ, ਓਦਣ ਮੇਰੇ ਕੋਲੋਂ ਹੱਥ ਜੋੜ ਕੇ ਬਚ ਗਿਆ ... ਨੲ੍ਹੀਂ ਤਾਂ ਦਾਤੀ ਨਾ ਆਂਦਰਾਂ ਧੂਹ ਲੈਣੀਆਂ ਸੀ!’ ਦਸਵੀਂ ਵਿੱਚ ਪੜ੍ਹਦੇ ਮੇਰੇ ਤਾਏ ਦੇ ਪੁੱਤ ਫੁੰਮ੍ਹਣ ਨੇ ਅਚਾਨਕ ਗੁੱਸੇ ਨਾਲ ਸੱਜੀ ਬਾਂਹ ਹਵਾ ਵਿੱਚ ਉਲਾਰਦਿਆਂ ਆਖਿਆ

ਚੁਫੇਰੇ ਮਾਹੌਲ ਵਿੱਚ ਤੂਫ਼ਾਨ ਜਿਹਾ ਆ ਗਿਆਸਾਰੇ ਜਣੇ ਹੱਕੇ-ਬੱਕੇ ਰਹਿ ਗਏਡਰ ਨਾਲ ਮੇਰੀਆਂ ਲੱਤਾਂ ਕੰਬ ਗਈਆਂ ਤੇ ਸਰੀਰ ਝੁਣਝਣੀ ਖਾ ਗਿਆਕੋਲ ਖੜ੍ਹੀ ਮੇਰੀ ਮਾਂ ਨੇ ਹੱਥ ਭਰ ਕੱਢੇ ਘੁੰਡ ਵਿੱਚੀਂ ਮੇਰੇ ਵੱਲ ਦੇਖਿਆ ਤੇ ਮੇਰੀ ਛੋਟੀ ਭੈਣ ਨੂੰ ਮੇਰੇ ਕੁੱਛੜ ਚੜ੍ਹਾ ਕੇ ਆਪ ਘਰ ਨੂੰ ਚਲੀ ਗਈਵਿਹੜੇ ਦੀਆਂ ਮੇਰੀਆਂ ਚਾਚੀਆਂ-ਤਾਈਆਂ ਘੁੰਡ ਕੱਢੀ ਖੜ੍ਹੀਆਂ ਸਨ ਜੋ ਮੋਹਰਿਓਂ ਪੱਲਾ ਹੱਥ ਨਾਲ ਥੋੜ੍ਹਾ ਜਿਹਾ ਇੱਧਰ-ਉੱਧਰ ਕਰਕੇ ਦੇਖ ਰਹੀਆਂ ਸਨ

ਫੁੰਮ੍ਹਣ ਨੂੰ ਤਾਇਆ ਬੰਤਾ ਤੇ ਹੋਰ ਬਾਹੋਂ ਫੜ ਕੇ ਉਰ੍ਹਾਂ-ਪਰ੍ਹਾਂ ਕਰਨ ਦੀ ਵਾਹ ਲਾ ਰਹੇ ਸਨ ਪਰ ਉਹ ਗੁੱਸੇ ਵਿੱਚ ਫ਼ਰਾਟੇ ਮਾਰਦਾ ਕਿਸੇ ਦੀ ਸੁਣ ਹੀ ਨਹੀਂ ਰਿਹਾ ਸੀ ਤੇ ਜ਼ੋਰ-ਜ਼ੋਰ ਦੀ ਕਾਹਲੀ-ਕਾਹਲੀ ਬੋਲੀ ਜਾ ਰਿਹਾ ਸੀ, ‘ਜੋ ਲੱਲੂ ਪੰਜੂ ਉੱਠਦਾ ਮਾੜੀ ਧਾੜ ਚਮਾਰ੍ਹਲੀ ਆ ਜਾਂਦਾ! ਕਦੀ ਸਾਡੀਆਂ ਮਾਂਮਾਂ-ਭੈਣਾਂ ਹੱਥੋਂ ਰੰਬੇ-ਦਾਤੀਆਂ ਖੋਹ ਲਈਂਦੇ ਆ, ਕਦੀ ਸਿਰਾਂ ਤੋਂ ਦੁਪੱਟੇ ਲਾਹ ਲਈਂਦੇ ਆ! ਕੀ ਰਵਿੱਦ ਭਾਲਿਆ ਇਨ੍ਹਾਂ ਨੇ! ਭਾਮੇ ਇਨ੍ਹਾਂ ਦੇ ਬੰਦਿਆਂ ਨੇ ਪੱਠੇ, ਗਾਚਾ ਬੱਢ ਲਿਆ ਹੋਬੇ, ਤਾਂਮ੍ਹੀਂ ਸਾਡੇ ਸਿਰ ਮੜ੍ਹ ਦਿੰਦੇ ਆਕੋਈ ਸੁਣਨ ਆਲਾ ਈ ਨੲ੍ਹੀਂ!’

ਚੰਗਾ ਫੇ ਠਾਣੇ ਸਿੱਝਦਾਂ ਪੁੱਤ, ਉੱਥੇ ਦੇਖਦਾਂ ਜਿਹੜਾ ਤੂੰ ਧੌਣ ਅਕੜਾ-ਅਕੜਾ ਗੱਲ ਕਰਦਾਂ!’ ਥੂਹ-ਥੂਹ ਨੇ ਇੱਕ ਹੋਰ ਧਮਕੀ ਦਿੱਤੀ

ਕਿਸੇ ਹੋਰ ਨੂੰ ਧੌਂਸ ਦਈਂ,ਉਹ ਜ਼ਮਾਨਾ ਗਿਆ ਜਦੋਂ ਇਹ ਸਾਰੇ ਧੁਆਡੇ ਅੱਗੇ ਰੀਂ-ਰੀਂ ਕਰਦੇ ਹੁੰਦੇ ਸੀ!’ ਫੁੰਮ੍ਹਣ ਨੇ ਮੋੜਵਾਂ ਜਵਾਬ ਦਿੱਤਾਪਲ ਕੁ ਰੁਕ ਕੇ ਉਸ ਨੇ ਫਿਰ ਆਖਿਆ, ‘ਹੁਣ ਸੱਚੀਆਂ ਸੁਣ ਕੇ ਤੜਿੰਗ ਲੱਗਦਾ! ਆਪੂੰ ਰੋਜ਼ ਇੱਥੇ ਲਾਹ-ਪਾਹ ਕਰ ਕੇ ਚਲੇ ਜਾਂਦੇ ਆ।’

ਮੈਂਨੂੰ ਕਦੀ ਲੱਗਦਾ ਕਿ ਹੁਣ ਹੱਥੋਪਾਈ ਹੋ ਜਾਣੀ ਹੈ ਤੇ ਕਦੀ ਲੱਗਦਾ ਗੱਲ ਮੁੱਕ ਗਈ ਹੈਬਾਕੀਆਂ ਦੇ ਚਿਹਰਿਆਂ ਉੱਤੇ ਪਸਰੀ ਘਬਰਾਹਟ ਨੂੰ ਦੇਖ ਕੇ ਮੈਂ ਸੱਚਮੁੱਚ ਹੋਰ ਡਰ ਗਿਆਮੇਰਾ ਸੰਘ ਖ਼ੁਸ਼ਕ ਹੋ ਗਿਆ ਤੇ ਥੁੱਕ ਦੀ ਲਵ ਨੂੰ ਅੰਦਰ ਲੰਘਾਉਣਾ ਔਖਾ ਹੋ ਗਿਆਲੱਤਾਂ ਬੇਜਾਨ ਹੋ ਗਈਆਂ ਤੇ ਪਿੰਡਾਂ ਠਰ ਜਿਹਾ ਗਿਆਮੈਂਨੂੰ ਲੱਗਿਆ ਕਿ ਮੈਂ ਹੁਣੇ ਹੀ ਧੜੰਮ ਕਰ ਕੇ ਭੁੰਜੇ ਡਿੱਗ ਜਾਣਾ ਹੈ ਤੇ ਕੁੱਛੜ ਚੁੱਕੀ ਭੈਣ ਸਿਰ ਭਾਰ ਡਿੱਗ ਪੈਣੀ ਹੈ

ਪਟੱਕ-ਪਟੱਕ ਜੁੱਤੀਆਂ ਲੱਗੀਆਂ ਤਾਂ ਆਪੇ ਈ ਸਿੱਧੇ ਹੋ ਜਾਣਾ ਸਾਰਿਆਂ ਨੇ, ਜਿਹੜੇ ਬਾਹਬਰ-ਬਾਹਬਰ ਬੋਲਦੇ ਆਂਰੰਡੀ (ਮੇਰੀ ਤਾਈ ਵੱਲ ਇਸ਼ਾਰਾ) ਦਾ ਪੁੱਤ, ਸੁਦਾਗਰ ਦਾ ਘੋੜਾ ਕਦੀ ਸਿੱਧੇ ਰਾਹ ਨੲ੍ਹੀਂ ਤੁਰਦੇ!’ ਥੂਹ-ਥੂਹ ਨੇ ਫਿਰ ਆਪਣੀ ਭੜਾਸ ਕੱਢੀਜ਼ਰਾ ਕੁ ਰੁਕ ਕੇ ਪਹਿਲਾਂ ਨਾਲੋਂ ਮੱਠੀ ਆਵਾਜ਼ ਵਿੱਚ ਆਖਿਆ, ‘ਚਿੜੀ, ਚੂਹੇ, ਚਮਾਰ ਦਾ ਸਾਲਾ ਬਾਧਾ ਈ ਬਹੁਤ ਆ।’

ਮੂੰਹ ਸਮ੍ਹਾਲ ਕੇ ਗੱਲ ਕਰ, ਨੲ੍ਹੀਂ ਤਾਂ ਮੂੰਈਂ ਜਿਹੀ ਪੱਟ ਕੇ ਹੱਥ ਫੜਾ ਦਊਂ! ਨਾਲੇ ਆਪਣੇ ਪਤੰਦਰ ਨੂੰ ਪੲ੍ਹੀਲਾਂ ਪੁੱਛ ਜੇਨੇ ਮੇਰੀ ਮਾਂ ਦੇ ਪਰੈਣ ਮਾਰੀ ਸੀਉਹਦੀਆਂ ਨੱਕ ਨਾ ਲੀਕਾਂ ਕਢਾਈਆਂ ਸੀ ਠਾਣੇ! ਜਦ ਤਈਨੂੰ ਸਾਰੇ ਕਹਿੰਦੇ ਆ ਪਈ ਭਾਮੇ ਗੁਰਦੁਆਰੇ ਚੜ੍ਹਾ ਲਾ ਜੇ ਤੇਰਾ ਇਨ੍ਹਾਂ ਨੇ ਨਕਸਾਨ ਕੀਤਾ ਤਾਂ -ਤੂੰ ਤਾਂਮ੍ਹੀ ਉੱਤੇ-ਦੇ-ਉੱਤੇ ਚੜ੍ਹੀ ਜਾਨਾਂ!’ ਫੁੰਮ੍ਹਣ ਨੇ ਪੂਰੇ ਜੋਸ਼ ਵਿੱਚ ਨਿਧੜਕ ਹੋ ਕੇ ਤਾਏ ਬੰਤੇ ਤੇ ਹੋਰ ਬੁੜ੍ਹੀਆਂ ਤੋਂ ਛੁੱਟਦਿਆਂ ਕਿਹਾਹੁਣ ਉਹਦੇ ਭਰਵੱਟੇ ਕਾਫ਼ੀ ਸੁੰਗੜ ਗਏ ਤੇ ਮੱਥੇ ਉੱਤੇ ਤਿਊੜੀਆਂ ਉੱਭਰ ਆਈਆਂ ਸਨਉੱਚੀ-ਉੱਚੀ ਜ਼ੋਰ ਨਾਲ ਬੋਲਦਿਆਂ ਉਹਦੇ ਮੂੰਹੋਂ ਵੀ ਥੁੱਕ ਦੇ ਕਣ ਨਿੱਕਲ ਕੇ ਹਵਾ ਵਿੱਚ ਰਲ ਰਹੇ ਸਨ

ਮੇਰੇ ਨਾਲੋਂ ਅੱਠ-ਦਸ ਸਾਲ ਵੱਡੇ ਮੁੱਛ-ਫੁੱਟ ਫੁੰਮ੍ਹਣ ਦੀ ਦਲੇਰੀ ਤੇ ਦਲੀਲਬਾਜ਼ੀ ਸੁਣ ਕੇ ਮੇਰੀਆਂ ਲੱਤਾਂ ਵਿੱਚ ਜਿਵੇਂ ਫਿਰ ਜਾਨ ਆ ਗਈ ਸੀਪਲ ਦੀ ਪਲ ਮੇਰੇ ਚਿੱਤ ਵਿੱਚ ਵਿਚਾਰ ਆਇਆ ਕਿ ਮੈਂ ਫੁੰਮ੍ਹਣ ਵਾਂਗ ਨਿਡਰ ਤੇ ਹੌਸਲਾ-ਬੁਲੰਦ ਹੋ ਜਾਵਾਂਡਰਾਉਣ-ਧਮਕਾਉਣ ਵਾਲਿਆਂ ਨਾਲ ਡਟ ਕੇ ਸਿੱਝਾਂਵੱਡਾ ਹੋ ਕੇ ਮੈਂ ਵੀ ਗੜ੍ਹਕੇ ਨਾਲ ਗੱਲ ਕਰਾਂ ਤੇ ਕਿਸੇ ਦੀ ਈਨ ਨਾ ਮੰਨਾਮੇਰੀਆਂ ਵੀ ਪੈਲੀਆਂ ਹੋਣ ਤੇ ਮੈਂ ਵੱਟਾਂ ਉੱਤੇ ਮੁੱਛਾਂ ਨੂੰ ਤਾਅ ਦਿੰਦਾ ਹੋਇਆ ਲੰਬੜਾਂ ਦੇ ਮੁੰਡਿਆਂ ਵਾਂਗ ਘੁੰਮਾਂ

ਇਸੇ ਦੌਰਾਨ ਮੇਰਾ ਤਾਇਆ ਰਾਮਾ (ਰਾਮ ਲਾਲ) ਆ ਗਿਆ ਤੇ ਆਉਂਦਿਆਂ ਹੀ ਉਸ ਨੇ ਫੁੰਮ੍ਹਣ ਨੂੰ ਦਬਕਿਆ, ‘ਕੀ ਝਾਜੂਆਣਾ ਪਾਇਆ ਉਏ ਤੂੰ, ਘਰ ਨੂੰ ਬਗ ਜਾਹ ਨੲ੍ਹੀਂ ਤਾਂ ਸੌ ਜੁੱਤੀ ਮਾਰੂੰ!’

ਜਿਹੜੇ ਇਹ ਨਿੱਤ ਆ ਕੇ ਛਿੰਝ ਪਾਉਂਦੇ ਆ, ਇਨ੍ਹਾਂ ਨੂੰ ਕੋਈ ਕੁਛ ਨੲ੍ਹੀਂ ਕਹਿੰਦਾ ਪਈ ਅਸੀਂ ਕਿਤੇ ਬਾਹਰੋਂ ਆਇਓਂ ਆਂ ਜਿਹੜਾ ਪੈਰ-ਪੈਰ ’ਤੇ ਸਾਡਾ ਜੀਣਾ ਹਰਾਮ ਕੀਤਾ ਆਹਰ ਬੇਲੇ ਰੋਹਬ, ਹਰ ਬੇਲੇ ਦਬ-ਦਬਾਇਨ੍ਹਾਂ ਕੋਲ ਜ਼ਮੀਨਾਂ ਕੀ ਹੋਈਆਂ, ਸਾਡੇ ਰੱਬ ਬਣ ਗਏ ਆਆ ਗਏ ਬੜੇ ਅੰਨ-ਦਾਤੇ! ਜੇ ਸਾਡੇ ਬੰਦੇ ਧੁਆਡੇ ਖੇਤਾਂ ਵਿੱਚ ਇੰਨੀ ਹੱਡ ਭੰਨਮੀਂ ਮਿਹਨਤ ਨਾ ਕਰਨ ਤਾਂ ਤੁਸੀਂ ਭੁੱਖੇ ਮਰ ਜਾਓਂਤਕਾਲ਼ਾਂ ਨੂੰ ਪੀ ਕੇ ਬੱਕਰੇ ਬੁਲਾਉਣੋ ਬੀ ਹਟ ਜਾਓਂ।’ ਫੁੰਮ੍ਹਣ ਦੇ ਗੁੱਸੇ ਨਾਲ ਲਗਾਤਾਰ ਬੋਲੀ ਜਾਣ ਦੌਰਾਨ ਥੁੱਕ ਦੇ ਨਿੱਕੇ-ਨਿੱਕੇ ਕਣ ਅਜੇ ਵੀ ਖਲਾਅ ਵਿੱਚ ਡਿੱਗ ਰਹੇ ਸਨਉਹਦੀਆਂ ਅੱਖਾਂ ਲਾਲ ਹੋ ਗਈਆਂ ਸਨ ਤੇ ਕਾਲਾ ਜਿਹਾ ਸਰੀਰ ਤਣਿਆ ਹੋਇਆ ਸੀ

ਫੁੰਮ੍ਹਣ ਨੂੰ ਇਸ ਤਰ੍ਹਾਂ ਬੋਲਦਿਆਂ ਮੈਂ ਪਹਿਲੀ ਵਾਰ ਦੇਖਿਆ ਸੀਉਂਝ ਉਹਦੇ ਗੁੱਸੇਖੋਰ ਤੇ ਕੱਬੇ ਹੋਣ ਦਾ ਸਾਰਿਆਂ ਨੂੰ ਪਤਾ ਸੀ ਕਿ ਜਿੱਥੇ ਉਹ ਸੱਚਾ ਹੋਵੇ ,ਉੱਥੇ ਉਹ ਅੜ੍ਹ ਜਾਂਦਾ, ਚਟਾਨ ਵਾਂਗ ਖੜ੍ਹ ਜਾਂਦਾਅੱਜ ਦੀ ਤੂੰ-ਤੂੰ, ਮੈਂ-ਮੈਂ ਨੂੰ ਦੇਖ ਮੈਂ ਦੰਗ ਰਹਿ ਗਿਆਮੈਂਨੂੰ ਲੱਗਿਆ ਕਿ ਜ਼ਿਮੀਦਾਰ ਫਿਰ ਹਵਾ ਵਿੱਚ ਡਾਂਗਾਂ ਉਲਾਰਦੇ ਇੱਕ-ਦੂਜੇ ਤੋਂ ਮੋਹਰੇ ਹੁੰਦੇ ਹੋਏ ਨੱਠ ਕੇ ਆ ਜਾਣਗੇ

ਇੰਨੇ ਨੂੰ ਛਣ-ਛਣ ਕਰਦੇ ਘੁੰਗਰੂਆਂ ਦੀ ਆਵਾਜ਼ ਆਈ ਤੇ ਸਾਰਿਆਂ ਦੀਆਂ ਨਜ਼ਰਾਂ ਇਕਦਮ ਉੱਧਰ ਹੋ ਗਈਆਂਉਹ ਇੱਕ ਸੰਨਿਆਸੀ ਸਾਧੂ ਸੀਪਹਿਲਾਂ ਹੀ ਜੁੜੇ ਮਜਮੇ ਵਿੱਚ ਉਹ ਵੀ ਆ ਖੜ੍ਹਾ ਹੋਇਆ ਪਰ ਆਪਣੇ ਦੋਵੇਂ ਪੈਰ ਵਾਰੋ-ਵਾਰੀ ਉੱਪਰ-ਹੇਠਾਂ ਕਰਦਾ ਰਿਹਾ ਜਿਵੇਂ ਮੈਂ ਪਿੰਡ ਦੇ ਸਕੂਲ ਵਿੱਚ ਹੋਰ ਵਿਦਿਆਰਥੀਆਂ ਨਾਲ ‘ਇੱਕ-ਦੋ’ ‘ਇੱਕ-ਦੋਬੋਲਦੇ ਹੋਏ ਕਦਮ-ਤਾਲ ਕਰਦਾ ਹੁੰਦਾ ਸੀਮੈਂਨੂੰ ਪਹਿਲੀ ਤਣਾਓ ਭਰੀ ਘਟਨਾ ਪਲ ਦੀ ਪਲ ਭੁੱਲ ਗਈ ਤੇ ਮੈਂ ਵੀ ਸਹਿਜੇ ਸਹਿਜੇ ਉਸ ਸੰਨਿਆਸੀ ਦੀ ਰੀਸ ਕਰਨ ਲੱਗ ਪਿਆਮੈਂ ਇਹ ਹਰਕਤ ਕਰਨੋਂ ਉਦੋਂ ਰੁਕਿਆ ਜਦੋਂ ਉਹਨੇ ਸਹਿਬਨ ਹੀ ਪੁੱਛਿਆ, ‘ਜ਼ਮੀਨ ਦੀ ਕਿਆ ਗੱਲ ਕਰ ਰਹੇ ਥੇ, ਭਾਈ, ਇੱਥੇ ਹੀ ਸਭ ਕੁਛ ਰਹਿ ਜਾਨਾਸਾਥ ਕੁਛ ਨਹੀਂ ਜਾਏਗਾ।’

ਸੰਨਿਆਸੀ ਸਾਧੂ ਨੇ ਰਲੀ-ਮਿਲੀ ਪੰਜਾਬੀ-ਹਿੰਦੀ ਬੋਲੀ ਅਤੇ ਉਹ ਲਗਾਤਾਰ ਕਦਮ-ਤਾਲ ਕਰਦਾ ਰਿਹਾਕੁੜੀਆਂ-ਬੁੜ੍ਹੀਆਂ ਘਰਾਂ ਨੂੰ ਚਲੇ ਗਈਆਂਬੰਦੇ ਸੰਨਿਆਸੀ ਦੀਆਂ ਗੱਲਾਂ ਸੁਣਦੇ ਰਹੇਉਸ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਉੱਤੇ ਕਾਬੂ ਪਾਉਣ ਲਈ ਬਚਨ ਉਚਾਰੇ ਅਤੇ ਅਖੀਰ ਜਤ-ਸਤ ਵਜੋਂ ਤੇੜ ਦਾ ਸਾਫ਼ਾ ਉਤਾਂਹ ਚੁੱਕ ਕੇ ਤਾਂਬੇ ਦੇ ਕੜੇ ਨਾਲ ਵਿੰਨ੍ਹੀ ਆਪਣੀ ਇੰਦਰੀ ਦਿਖਾਈਅਸੀਂ ਸਾਰੇ ਨਿਆਣੇ ਹੈਰਾਨ ਹੋ ਕੇ ਰਹਿ ਗਏਉਸ ਨੇ ਵੈਰਾਗ ਦੀਆਂ ਗੱਲਾਂ ਕੀਤੀਆਂਪਲਾਂ ਵਿੱਚ ਹੀ ਸਾਰਾ ਮਾਹੌਲ ਬਦਲ ਗਿਆਤਾਏ ਨੇ ‘ਥੂਹ-ਥੂਹਨੂੰ ਕਿਹਾ, ‘ਮੈਂ ਸਮਝਾਉਨਾ ਸਾਰਿਆਂ ਨੂੰ! ਅੱਗੇ ਤੋਂ ਤੇਰਾ ਨਕਸਾਨ ਨੲ੍ਹੀਂ ਹੋਊਗਾ, ਫ਼ਿਕਰ ਨਾ ਕਰ, ਹੁਣ ਗੱਲ ਛੱਡ ਤੂੰ।’

ਤੂੰ ਪੰਚੈਤ ਮਿੰਬਰ ਆਂ, ਤੇਰਾ ਕਹਿਣਾ ਥੋੜ੍ਹੋ ਮੋੜ ਸਕਦਾਂਫੁੰਮ੍ਹਣ ਨੂੰ ਕਹੀਂ ਪਈ ਨਮਾ ਖੂਨ ਆ, ਜ਼ਰਾ ਹੋਸ਼ ਨਾ ਗੱਲ ਕਰਿਆ ਕਰੇਮੁੰਡਿਆਂ ਨੂੰ ਪਤਾ ਲੱਗੂ ਤਾਂ ਨਾ ਜਾਣੀਏ ਤੱਤੇ ਹੋ ਜਾਣ ਨਾਲੇ ਭੂਤਰਿਆ ਜੱਟ ਛੇ ਕਨਾਲੀਂ ਜ਼ਮੀਨ ਬੈਅ ਕਰ ਦਏ ਤਾਂ ਬੰਦਾ ਮਾਰ ਦਿੰਦਾ ਆ।’

ਜਾਹ ਬਗ ਜਾ ਪਰੇ ...।’ ਤਾਏ ਨੇ ਦਬਕਾ ਜਿਹਾ ਮਾਰਦਿਆਂ ਕਿਹਾ

ਇੰਨੇ ਨੂੰ ਮੇਰੇ ਤਾਇਆਂ ਦੀਆਂ ਨੋਹਾਂ ਸਾਡੇ ਘਰ ਦੇ ਬੂਹੇ ਮੋਹਰੇ ਆ ਖੜ੍ਹੀਆਂ ਹੋਈਆਂਮੈਂ ਮਜਮਾਂ ਛੱਡ ਕੇ ਘਰ ਵੱਲ ਨੂੰ ਅਹੁਲਿਆਜੀਤੋ ਭਾਬੀ ਨੇ ਉੱਚੀ ਆਵਾਜ਼ ਵਿੱਚ ਕਿਹਾ, ‘ਚਾਚੀ ਗੁੱਡ ਨੂੰ ਰੋਟੀ ਲਈ ਘੱਲਦੇ।’

ਮੈਂ ਆਪਣੀ ਛੋਟੀ ਭੈਣ ਨੂੰ ਘਰ ਛੱਡ ਕੇ ਛੰਨਾ ਤੇ ਪੋਣਾ ਚੁੱਕ ਕੇ ਆਪਣੀਆਂ ਭਰਜਾਈਆਂ ਨਾਲ ਤੁਰ ਪਿਆਇਹ ਕੰਮ ਮੇਰੇ ਨਿੱਤ ਦੇ ਕੰਮਾਂ ਵਿੱਚ ਸ਼ਾਮਲ ਸੀਭਾਈਏ ਹੁਰੀਂ ਕਦੀ ਕਿਸੇ ਜ਼ਿਮੀਦਾਰ ਦੇ ਦਿਹਾੜੀ-ਡਗਾਰੇ ਲਈ ਜਾਂਦੇ ਤੇ ਕਦੀ ਕਿਸੇ ਦੇਅਸੀਂ ਉਨ੍ਹਾਂ ਦੇ ਘਰਾਂ ਦੇ ਵਿਹੜੇ ਵਿੱਚ ਆਪਣੀਆਂ ਬਾਟੀਆਂ-ਛੰਨੇ ਰੱਖ ਕੇ ਭੁੰਜੇ ਬਹਿ ਜਾਂਦੇਜੱਟੀਆਂ ਥੋੜ੍ਹਾ ਕੁ ਝੁਕ ਕੇ ਉੱਤੋਂ ਹੀ ਰੋਟੀਆਂ ਇਉਂ ਸੁੱਟਦੀਆਂ ਕਿ ਅਸੀਂ ਦੋਹਾਂ ਹੱਥਾਂ ਦੀ ਬਣਾਈ ‘ਪੱਤਲਉੱਤੇ ਬੜੀ ਜੁਗਤ ਨਾਲ ਉਨ੍ਹਾਂ ਨੂੰ ਸੰਭਾਲ ਲੈਂਦੇਦਾਲ-ਸਾਗ ਦੀਆਂ ਭਰੀਆਂ ਕੜਛੀਆਂ ਵੀ ਇਸੇ ਤਰ੍ਹਾਂ ਉੱਤੋਂ ਹੀ ਭਾਂਡਿਆਂ ਵਿੱਚ ਪਾਉਂਦੀਆਂ ਜਿਨ੍ਹਾਂ ਦੇ ਗਰਮ-ਗਰਮ ਛਿੱਟੇ ਕਈ ਵਾਰ ਸਾਡੇ ਪੈਰਾਂ ਉੱਤੇ ਡਿੱਗ ਜਾਂਦੇ ਤੇ ਫਿਰ ਉਨ੍ਹਾਂ ਨਾਲ ਨਿੱਕੇ-ਵੱਡੇ ਛਾਲੇ ਪੈ ਜਾਂਦੇ

ਇਨ੍ਹਾਂ ਮੌਕਿਆਂ ਉੱਤੇ ਅਕਸਰ ਮੇਰੀਆਂ ਸੋਚਾਂ ਬਿਨਾਂ ਸਮਾਂ ਲੱਗੇ ਪਛਾਂਹ ਨੂੰ ਪਰਤ ਜਾਂਦੀਆਂਕਦੀ ਮੈਂਨੂੰ ਭਾਈਏ ਹੁਰੀਂ ਇਕਬਾਲ ਸੁੰਹ ਹੁਰਾਂ ਦੇ ਘਰ ਕਣਕ-ਮੱਕੀ ਦੇ ਬੋਹਲ ਨੂੰ ਕੋਠੀਆਂ-ਬਹਾਰੀਆਂ ਵਿੱਚ ਪਾਉਂਦੇ ਦਿਸਦੇ ਤੇ ਕਦੀ ਗੱਲਾਂ ਕਰਦੇ ਸੁਣਦੇ-ਦਿਸਦੇ, ‘ਅੱਜ ਅਸੀਂ ਬੋਹਲ ਵਿੱਚ ਨੰਗੇ ਪੈਰੀਂ ਤੁਰਦੇ-ਫਿਰਦੇ ਆਂ, ਜਦੋਂ ਦਾਣੇ ਕੋਠੀ ਪੈ ਗਏ ਤਾਂ ਭਿੱਟ ਹੋਣ ਦਾ ਡਰ ਆਨਾਲ਼ੇ ਭਲਕੇ ਕੇਨੇ ਫੜਕਣ ਦੇਣਾ ਸਾਨੂੰ ਇੱਥੇ।’

ਭਿੱਟ ਸ਼ਬਦ ਨਾਲ ਮੇਰੇ ਮੁੜ-ਮੁੜ ਟੱਕ ਪੈਂਦਾ ਜਿਵੇਂ ਸਾਡੇ ਖੂਹ ਦੀ ਮੌਣ ਅੰਦਰ ਲੱਜ ਨਾਲ ਝਰੀਆਂ ਪਈਆਂ ਹੋਈਆਂ ਸਨਮੇਰਿਆਂ ਖ਼ਿਆਲਾਂ ਨੂੰ ਪਰ ਪਤਾ ਨਹੀਂ ਕਿਵੇਂ ਬਰਸਾਤੀ ਕੀੜਿਆਂ, ਪਤੰਗਿਆਂ ਵਾਂਗ ਅਚਾਨਕ ਉੱਗ ਆਉਂਦੇਸੋਚਦਾ, ਜਿਮੀਂਦਾਰ ਆਪ ਪਸ਼ੂਆਂ ਨੂੰ ਮਲ-ਮਲ ਨਲ੍ਹਾਉਂਦੇ, ਪਾਣੀ ਡਾਹੁੰਦੇ ਤੇ ਹਰ ਤਰ੍ਹਾਂ ਖ਼ਿਆਲ ਰੱਖਦੇ ਆ, ਉਨ੍ਹਾਂ ਦਾ ਕੁੱਤਾ ਕਦੀ ਦਲਾਨ ਅੰਦਰ ਤੇ ਕਦੀ ਰਸੋਈ ਵਿੱਚ ਬਿਨਾਂ ਕਿਸੇ ਰੋਕ-ਟੋਕ ਦੇ ਜਾਂਦਾ, ਬਿੱਲੀ ਮੋਹਰੇ ਉਨ੍ਹਾਂ ਦੇ ਨਿਆਣੇ ਮਿਆਊਂ-ਮਿਆਊਂ ਕਰਦੇ ਫਿਰਦੇ ਆ, ਬਲੂੰਗੜਿਆਂ ਨੂੰ ਦੁੱਧ ਬਾਟੀ ਵਿੱਚ ਪਾ ਕੇ ਮੋਹਰੇ ਕਰਦੇ ਆ, ... ਤੇ ਉੱਧਰ ਭਾਈਏ ਹੁਰੀਂ ਆਪਣੇ ਘਰੋਂ ਗਲਾਸ-ਕੌਲੀ ਲੈ ਕੇ ਜਾਂਦੇ ਆ, ਸਾਰਾ ਦਿਨ ਉਨ੍ਹਾਂ ਲਈ ਜਾਨ-ਮਾਰ ਕੇ ਕੰਮ ਕਰਦੇ ਆ ਤੇ ਇਨ੍ਹਾਂ ਨਾਲੋਂ ਤਾਂ ਜਾਨਵਰ ਚੰਗੇ ਜਿਹੜੇ ਗੰਦ ਪਾ ਕੇ ਵੀ ਪਿਆਰ ਨਾਲ ਪੁਕਾਰੇ-ਪੁਚਕਾਰੇ ਜਾਂਦੇ ਆਮੇਰੇ ਚਿੱਤ ਵਿੱਚ ਫਿਰ ਖਿਆਲ ਆਉਂਦਾ ਕਿ ਬੁੱਤੀਆਂ-ਵਗਾਰਾਂ ਨਾਲ ਮੇਰਾ ਵਾਹ ਨਾ ਪਵੇਜਿਵੇਂ ਕਿਵੇਂ ਪੜ੍ਹ ਜਾਵਾਂ, ਵੱਡਾ ਹੋ ਕੇ ਦਿੱਲੀ ਵਸਦੇ ਆਪਣੇ ਭੂਆ ਦੇ ਪੁੱਤਾਂ ਵਾਂਗ ਨੌਕਰੀ ਕਰਾਂਦਿੱਲੀ ਰਹਾਂ ਤੇ ਨਵੀਆਂ-ਨਵੀਆਂ ਪੈਂਟਾਂ-ਕਮੀਜ਼ਾਂ ਪਾ ਕੇ ਘੁੰਮਾਨਾ ਕਿਸੇ ਦਾ ਹਿਰਖ ਨਾ ਕਿਸੇ ਦੀ ਝਿੜਕ ਹੋਵੇ

ਕਈ ਵਾਰ ਭਾਈਏ ਹੁਰਾਂ ਨੂੰ ਮਜਬੂਰੀ ਵੱਸ ਉਨ੍ਹਾਂ ਜ਼ਿਮੀਂਦਾਰਾਂ ਦੇ ਦਿਹਾੜੀ ਜਾਣਾ ਪੈਂਦਾ ਜਿਨ੍ਹਾਂ ਦੇ ਘਰ ਦੀ ਦਾਲ-ਰੋਟੀ ਸਾਨੂੰ ਉੱਕਾ ਪਸੰਦ ਨਹੀਂ ਸੀਭਾਈਆ ਦਿਲ ਦੀ ਗੱਲ ਸਾਂਝੀ ਕਰਦਾ, ‘ਉਸ ਕਤਿੱਥੀ ਜਿਹੀ ਦੇ ਹੱਥਾਂ ਦੀ ਬਣੀ ਰੋਟੀ ਖਾ ਕੇ ਬਾਹਰ ਆਉਣ ਨੂੰ ਕਰਦੀ ਰੲ੍ਹੀਂਦੀ ਆਬਾਜਰੇ ਦੀਆਂ ਦੁੱਪੜਾਂ ਮਸਰਾਂ ਦੀ ਦਾਲ ਨਾਲ ਮੱਥੇ ਮਾਰ ਕੇ ਡੰਗ ਸਾਰ ਦਿੰਦੀ ਆਸਬਿਹਾਰ ਨੂੰ ਕੋਈ ਧੀਆਂ-ਪੁਤਾ ਨੲ੍ਹੀਂ, ਮਾੜੀ ਨੀਤ ਆਲੀ ਦਾ।’

ਬਹੁਤੀ ਵਾਰ ਭਾਈਏ ਦੀ ਦਿਹਾੜੀ ਦੇ ਇਵਜ਼ ਵਿੱਚ ਮੇਰੀ ਮਾਂ ਜੱਟੀਆਂ ਤੋਂ ਗੁੜ, ਸੱਕਰ, ਗੰਢੇ, ਲਸਣ, ਆਲੂ, ਕਣਕ, ਮੱਕੀ, ਮਾਂਹ, ਮੋਠ, ਮਸਰ ਜਾਂ ਕੋਈ ਹੋਰ ਸ਼ੈਅ ਲੈ ਆਉਂਦੀਪਰ ਇਹ ਸਭ ਦੇਖ ਕੇ ਭਾਈਆ ਨਹੋਰੇ ਨਾਲ ਕਹਿੰਦਾ, ‘ਆਪਣੀਆਂ ਜਿਣਸਾਂ ਦੇ ਭਾਅ ਮਰਜ਼ੀ ਨਾਲ ਵਧਾ ਲੲ੍ਹੀਂਦੇ ਆਸਾਡੀ ਦਿਹਾੜੀ ਨੲ੍ਹੀਂ ਵਧਾਉਂਦੇਪਸ਼ੂਆਂ ਆਂਗੂੰ ਸਾਰਾ ਦਿਨ ਬਗੀਦਾ ਆ।’

ਚੱਲ ਛੱਡ, ਬੜਾ ਸੁਹਣਾ ਔਖਾ-ਸਉਖਾ ਬੁੱਤਾ ਲੱਗੀ ਜਾਂਦਾ।’ ਮਾਂ ਨੇ ਗੱਲ ਨੂੰ ਲੰਮੀ ਹੁੰਦੀ ਦੇਖ ਕੇ ਆਖਿਆ

ਜਿਹੜਾ ਸਾਡਾ ਚੰਮ ਲੂਸਦਾ, ਧੁਆਨੂੰ ਉਹਦਾ ਕੀ ਪਤਾ ਅੰਦਰ ਬਈਠੀਆਂ ਨੂੰ!’

ਤੇਰੇ ਨਾ ਕਿਹੜਾ ਆਢਾ ਲਾਵੇ, ਅਖੇ ਅੰਦਰ ਬਈਠੀਆਂ ਰਹਿੰਦੀਆਂ!’ ਆਮ ਵਾਂਗ ਚਿਤਾਰ ਕੇ ਮਾਂ ਪਿਛਲੀ ਕੋਠੜੀ ਅੰਦਰ ਕਿਸੇ ਕੰਮ ਚਲੀ ਗਈ

ਅਖੀਰ ਭਾਈਆ ਥੱਕੇ-ਹਾਰੇ ਬੌਲਦ ਵਾਂਗ ਧੜੰਮ ਕਰ ਕੇ ਮੰਜੇ ’ਤੇ ਬਹਿ ਜਾਂਦਾ ਤੇ ਕਦੀ ਲੰਮਾ ਪੈ ਜਾਂਦਾਫਿਰ ਝੋਰੇ ਜਿਹੇ ਨਾਲ ਆਪੇ ਨਾਲ ਗੱਲ ਕਰਨ ਲੱਗ ਪੈਂਦਾ, ‘ਜੇ ਚਾਰ ਸਿਆੜ ਸਾਡੇ ਬੀ ਹੁੰਦੇ, ਬੜੀ ਸੁਹਣੀ ਗੁਜ਼ਾਰ-ਬਸਰ ਹੋਈ ਜਾਣੀ ਸੀਪਤਾ ਨੲ੍ਹੀਂ ਕਿਹੜੇ ਕੰਜਰ ਨੇ ਸਾਨੂੰ ਜ਼ਮੀਨਾਂ ਤੋਂ ਬਿਰਵੇ ਰੱਖਿਆਜੇ ਮਿਲੇ ਤਾਂ ਸਾਲ਼ੇ ਨੂੰ ਪੁੱਛੀਏ ਪਈ ਮਾਮਾ ਤੂੰ ਸਾਡੇ ਆਂਗੂੰ ਦੂਜੇ ਦਾ ਅੱਝਾ ਹੋ ਕੇ ਦੇਖ, ਦੋਂਹ ਦਿਨਾਂ ਵਿੱਚ ਈ ਢੂਹਾ ਨਾ ਪਾਟ ਜਾਏ ਤਾਂ ਮਈਨੂੰ ਫੜ ਲੈਣਾ।’

ਭਾਈਏ ਦੇ ਚਿਹਰੇ ਉੱਤੇ ਤਣਾਅ, ਅੱਖਾਂ ਵਿੱਚ ਲਾਲੀ ਅਤੇ ਭਰਵੱਟੇ ਸੁੰਗੜੇ ਹੋਏ ਹੁੰਦੇਉਹਦੇ ਬੋਲ ਖਰ੍ਹਵੇ ਤੇ ਉਨ੍ਹਾਂ ਵਿੱਚ ਕਾਹਲ ਹੁੰਦੀਇਸੇ ਦੌਰਾਨ ਮੈਂ ਸੋਚਦਾ, ਵੱਡਾ ਹੋ ਕੇ ਜ਼ਮੀਨ ਖਰੀਦ ਕੇ ਕੇਲੇ, ਅੰਬ ਦੇ ਬੂਟੇ ਤੇ ਗੁਲਾਬ ਦੀਆਂ ਦਾਬਾਂ ਲਾ ਲੈਣੀਆਂ ਜਿੱਦਾਂ ਪਿੰਡ ਦੇ ਕਈ ਜੱਟਾਂ ਦੇ ਖੂਹਾਂ ’ਤੇ ਆ

ਮੈਂ ਦੇਖਦਾ ਕਿ ਘਰ ਵਿੱਚ ਤੰਗੀ-ਤੁਰਸ਼ੀ ਕਾਰਣ ਨਿੱਤ ਨਵਾਂ ਕਲਾ-ਕਲੇਸ਼ ਰਹਿੰਦਾਖਾਓ-ਪੀਓ ਵੇਲੇ ਇਸਦੀ ਸਿਖਰ ਹੁੰਦੀਭਾਈਆ ਗੁੱਸੇ ਵਿੱਚ ਬਾਟੀ-ਗਲਾਸ ਚੁੱਕ-ਚੁੱਕ ਮਾਰਦਾਛਤੜੀ ਵਿੱਚ ਉਨ੍ਹਾਂ ਦੇ ਆਪਸ ਵਿੱਚ ਖੜਕਣ ਦੀ ਆਵਾਜ਼ ਦਲਾਨ ਅੰਦਰ ਬੈਠਿਆਂ ਨੂੰ ਸੁਣਦੀਇਉਂ ਲਗਦਾ ਕਿ ਹੁਣ ਚੁੱਲ੍ਹੇ ਵਿਚਲੀ ਅੱਗ ਨੇ ਭਾਂਬੜ ਬਣ ਮਚ ਪੈਣਾ ਹੈਮੈਂ ਅਕਸਰ ਡਰ ਜਾਂਦਾ ਕਿ ਭਾਈਆ ਹੁਣੇ ਹੀ ਉੱਠ ਕੇ ਮਾਂ ਦੇ ਦੋ-ਚਾਰ ਥੱਪੜ ਜਾਂ ਪਿੱਠ ਉੱਤੇ ਹੂਰੇ ਮਾਰ ਕੇ ਆਪਣਾ ਉਬਾਲ ਕੱਢ ਲਏਗਾ ਤੇ ਫਿਰ ਸੁੰਨ-ਵੱਟਾ ਬਣ ਕੇ ਬਹਿ ਜਾਵੇਗਾ ਤੇ ਅਖੀਰ ਬਿਨਾਂ ਹੋਰ ਬੋਲਿਆਂ ਸੌਂ ਜਾਵੇਗਾ

ਇਨ੍ਹਾਂ ਹੀ ਦਿਨਾਂ ਵਿੱਚ ਮਾਂ ਸਾਡੇ ਦੋਹਾਂ ਭਰਾਵਾਂ ਵੱਲ ਦੇਖ ਕੇ ਝੂਰਦੀ ਜਿਹੀ ਗੱਲ ਕਰਨ ਲੱਗੀ ਪਰ ਭਾਈਆ ਪਹਿਲਾਂ ਹੀ ਭੜਕ ਪਿਆ ਸੀ, ‘ਕਿੱਥੇ ਫਾਹਾ ਲੈ ਲਮਾਂ? ਤਈਨੂੰ ਬੀਹ ਬਾਰੀ ਦੱਸਿਆ ਪਈ ਪੈਹਿਆਂ ਨੂੰ ਕਿਤੇ ਹੱਥ ਨੲ੍ਹੀਂ ਅੜਿਆਨਿੱਤ ਓੲ੍ਹੀਓ ਘੈਂਸ-ਘੈਂਸ, ਹਰ ਬੇਲੇ ਬੱਢੂੰ-ਟੁੱਕੂੰ, ਤੇਰੇ ਜਾਦੇ ਆ ਤੇ ਮੇਰੇ ਘੱਟ!’ ਭਾਈਏ ਨੇ ਜਿਵੇਂ ਆਪਣੀ ਬੇਵਸੀ ਤੇ ਲਾਚਾਰੀ ਦਾ ਰੋਹ ਭਰਿਆ ਬਿਆਨ ਦਿੱਤਾ ਹੋਵੇ

ਐਮੀ ਨਹਿਰੀਆਂ ਬੱਟ-ਬੱਟ ਨਾ ਮੇਰੇ ਅਲ ਦੇਖੀ ਜਾ, ਮਹੀਨਾ ਤਾਂ ਹੋ ਚੱਲਾ!’

ਮੈਂ ਕਿੱਥੇ ਡਾਕਾ ਮਾਰ ਲਮਾਂ? ਬਥੇਰਿਆਂ ਨੂੰ ਪੁੱਛ ਲਿਆਮੰਗਿਓ ਤਾਂ ਕੋਈ ਦੁਆਨੀ ਨੲ੍ਹੀਂ ਦਿੰਦਾ।’ ਭਾਈਏ ਨੇ ਮਾਂ ਦੀ ਗੱਲ ਵਿੱਚੋਂ ਹੀ ਟੋਕਦਿਆਂ ਝਈ ਜਿਹੀ ਲੈ ਕੇ ਪੈਂਦਿਆਂ ਆਖਿਆਫਿਰ ਪਤਾ ਨੲ੍ਹੀਂ ਉਹਦੇ ਚਿੱਤ ਵਿੱਚ ਕੀ ਆਇਆ ਤੇ ਬੋਲਣ ਲੱਗ ਪਿਆ, ‘ਬਥੇਰਾ ਭੱਸੜ ਭਨਾਉਨਾ, ਫੇ ਬੀ ਦੱਥੇ ਨਾ ਦੱਥਾ ਨੲ੍ਹੀਂ ਲਗਦਾ, ਸਾਡੀ ਸਾਲ਼ੀ ਕਿਸਮਤ ਈ ਇੱਦਾਂ ਦੀ ਆ, ਖ਼ਬਰੇ ਕਿਹੜੇ ਕਰਮਾਂ ਦੀ ਸਜ਼ਾ ਭੁਗਤਦੇ ਆਂਇਹਦੇ ਨਾਲੋਂ ਨਾ ਈ ਜੰਮਦੇ ਤਾਂ ਚੰਗਾ ਸੀਕੀ ਥੁੜਿਆ ਸੀ ਇੱਦਾਂ ਦੇ ਜੰਮਣ ਖੁਣੋ ...ਉੱਤੋਂ ਤੂੰ ...।’

ਜ਼ਰਾ ਸਬਰ ਰੱਖਿਆ ਕਰ, ਅਗਲੇ ਦੀ ਬੀ ਸੁਣ ਲਿਆ ਕਰ! ਮੈਂ ਤਾਂ ਕਹਿੰਨੀ ਆਂ ਪਈ ਭਲਕੇ ਬਸੋਆ (ਵਿਸਾਖੀ) ਆ ਤੇ ਲੁਆਲਾ ਲੱਗਣ ਤੋਂ ਪੲ੍ਹੀਲਾਂ ਈ ਨਲ਼੍ਹਾ ਲਿਆ।’

ਮਘਦੇ ਕੋਲਿਆਂ ਉੱਤੇ ਜਿਵੇਂ ਮੀਂਹ ਦੀਆਂ ਕਣੀਆਂ ਪੈ ਗਈਆਂ ਹੋਣਭਾਈਏ ਨੇ ਆਪਣੇ ਸਿਰ ਉੱਤੇ ਬੱਧੇ ਪਰਨੇ ਦੇ ਹੇਠਾਂ ਵਾਲਾਂ ਵਿੱਚ ਉਂਗਲਾਂ ਫੇਰਦਿਆਂ ਬਿਨਾਂ ਕਿਸੇ ਗੱਲ ਦੇ ‘ਚੰਗਾ, ਜਿੱਦਾਂ ਕਹੇਂਕਹਿ ਕੇ ਹਾਂ ਕਰ ਦਿੱਤੀ

ਤੜਕੇ ਹੀ ਭਾਈਆ ਮੈਂਨੂੰ ਤੇ ਬਿਰਜੂ ਨੂੰ ਪਿੰਡ ਤੋਂ ਦੱਖਣ ਵੱਲ ਲੈ ਕੇ ਤੁਰ ਪਿਆਅਸੀਂ ਚੁੱਪ-ਚਾਪ ਜਾ ਰਹੇ ਸੀ ਤੇ ਚੰਦ ਵੀ ਜਿਵੇਂ ਸਾਡੇ ਨਾਲੋ-ਨਾਲ ਤੁਰਦਾ ਜਾ ਰਿਹਾ ਸੀਰਾਹ ਕਿਨਾਰੇ ਜਦੋਂ ਕਿਤੇ ਕਾਨਿਆਂ-ਬੂਝਿਆਂ ਦੀ ਪਾਲ ਆਉਂਦੀ ਤਾਂ ਉਨ੍ਹਾਂ ਵਿੱਚ ਹਵਾ ਨਾਲ ਸਰਸਰ ਹੁੰਦੀਪਲ ਦੀ ਪਲ ਮੇਰੇ ਅੰਦਰ ਡਰ ਦੀ ਲਹਿਰ ਹਵਾ ਨਾਲੋਂ ਤੇਜ਼ ਦੌੜ ਜਾਂਦੀਮੈਂ ਲੰਮੀ ਲਾਂਘ ਪੁੱਟ ਕੇ ਵੱਡੇ ਭਰਾ ਦਾ ਹੱਥ ਫੜ ਲੈਂਦਾਜੰਡੀਰ ਪਿੰਡ ਦੀ ਫਿਰਨੀ ਉੱਤੇ ਗਏ ਤਾਂ ਚੁੱਭੇ ਅੰਦਰੋਂ ਇੱਕ ਕੁੱਤੀ ਨਿੱਕਲ ਕੇ ਭੌਂਕੀਉਹਦੇ ਤਿੰਨ-ਚਾਰ ਕਤੂਰੇ ਉਹਦੇ ਮਗਰ-ਮਗਰ ਦੌੜੇ ਆਏਭਾਈਏ ਨੇ ਦਬਕਾ ਮਾਰਿਆ ਤਾਂ ਉਹ ਸਾਰੇ ਆਪਣੀ ਥਾਂ ਰੁਕ ਗਏ ਤੇ ਨਾਲ ਹੀ ਸਾਨੂੰ ਕਿਹਾ, ‘ਦਬਾਦਬ ਪੈਰ ਸਿੱਟੋ!’

ਓਅਹ ਮਰ ਗਿਆ!’ ਪੋਹਲੀ ਦਾ ਇੱਕ ਸੁੱਕਾ ਹੋਇਆ ਬੂਟਾ ਹਵਾ ਨਾਲ ਜ਼ਮੀਨ ਉੱਤੇ ਰਿੜ੍ਹ-ਰਿੜ੍ਹ ਕੇ ਅਚਾਨਕ ਮੇਰੇ ਪੈਰ ਹੇਠਾਂ ਆ ਗਿਆ ਸੀਮੇਰਾ ਛੜੱਪੇ ਮਾਰ-ਮਾਰ ਤੁਰਨਾ ਥਾਂ ਹੀ ਰੁਕ ਗਿਆ ਤੇ ਛੇਤੀ ਨਾਲ ਥੱਲਾ ਲਾ ਕੇ ਬਹਿ ਗਿਆਫਿਰ ਭਾਈਏ ਨੇ ਮੇਰੇ ਪੈਰਾਂ ਦੀਆਂ ਤਲੀਆਂ ਵਿੱਚੋਂ ਕੰਡੇ ਕੱਢੇ ਤੇ ਹੱਥ ਫੇਰਦਿਆਂ ਪੁੱਛਿਆ, ‘ਹੁਣ ਤਨੀ ਰੜਕਦੇ?’

ਥੋੜ੍ਹਾ ਗੌਰ ਨਾਲ ਦੇਖਿਆ ਤਾਂ ਮੈਂਨੂੰ ਲੱਗਾ ਕਿ ਇਹ ਓਹੀ ਘੱਗਾਂ ਵਾਲੀ ਥਾਂ ਹੈ ਜਿੱਥੇ ਮੰਗੀ (ਤਾਏ ਤਾਂ ਪੁੱਤ) ਤੇ ਮੈਂ ਹੋਰਾਂ ਨਾਲ ਪਿਛਲੇ ਸਾਲ ਵਿਸਾਖੀ ਦਾ ਮੇਲਾ ਦੇਖਣ ਆਏ ਸੀਪਿੰਡ ਦੇ ਦੀਵਾਨ ਨੇ ਗੋਲ-ਗੱਪਿਆਂ ਦੀ ਛਾਬੜੀ ਲਾਈ ਹੋਈ ਸੀਕਿੱਛੀ ਤੇ ਪਾਸ਼ੂ ਗਾਹਕਾਂ ਦੇ ਜੂਠੇ ਭਾਂਡੇ ਧੋਂਦੇ ਤੇ ਪਾਣੀ ਪਿਲਾਉਂਦੇ ਸਨਪਕੌੜਿਆਂ ਤੇ ਮਠਿਆਈ ਦੀਆਂ ਕਈ ਦੁਕਾਨਾਂ ਸਜੀਆਂ ਸਨਕਬੱਡੀ ਦਾ ਦਮ ਪਾਉਂਦੇ ਮੁੰਡੇ ਮੇਰੇ ਮਨ ਦੇ ਸ਼ੀਸ਼ੇ ਉੱਤੇ ਫਿਰ ਉੱਭਰੇ ਤੇ ਪਿੜ ਦੁਆਲੇ ਗੋਲ ਦਾਇਰੇ ਵਿੱਚ ਬੈਠੇ-ਖੜ੍ਹੇ ਨਿਆਣਿਆਂ-ਸਿਆਣਿਆਂ ਦੀ ਭੀੜਘਰ ਨੂੰ ਮੁੜਦਿਆਂ ਸਾਰੀ ਵਾਟ ਬਜਾਏ ਅਲਗੋਜ਼ੇ ਦੀ ਆਵਾਜ਼ ਮੈਂਨੂੰ ਇੱਕ ਵਾਰ ਫਿਰ ਸੁਣੀ

ਝੱਗੇ ਲਾਹੋ, ਨ੍ਹਾ ਲਬੋ ਦਬਾਸੱਟ, ਘਰ ਨੂੰ ਮੁੜੀਏ ਫੇਕਣਕ ਬੱਢਣ ਬੀ ਜਾਣਾ ਕਬਾਲ ਸੁੰਹ ਦੇ ਰੱਕੜ।’ ਭਾਈਏ ਨੇ ਸਾਨੂੰ ਹੁਕਮ ਜਿਹਾ ਕੀਤਾਉਸ ਨੇ ਆਪਣੀ ਮੈਲਖੋਰੀ ਕਮੀਜ਼ ਲਾਹੁੰਦਿਆਂ ਹਦਾਇਤ ਕੀਤੀ, ‘ਅਈਥੇ ਕੰਢੇ ਬਹਿ ਕੇ ਨ੍ਹਾ ਲਬੋ, ਅਈਧਰ ਡੁੰਮ੍ਹ ਆ।’

ਚੜ੍ਹਦੇ ਪਾਸਿਓਂ ਆਉਂਦਾ ਪਾਣੀ ਘਾਹ-ਬੂਟ, ਕਾਹੀ-ਕਾਨਿਆਂ ਦੇ ਬੂਝਿਆਂ ਥਾਣੀ ਮੱਠੀ ਜਿਹੀ ਕਲਕਲ ਕਰਦਾ ਵਗ ਰਿਹਾ ਸੀਚੰਦ ਦੀ ਚਾਨਣੀ ਨਾਲ ਡੁੰਮ੍ਹ ਵਿੱਚ ਟਾਹਲੀਆਂ ਦੀ ਪਾਲ ਦੇ ਡਾਹਣਿਆਂ-ਟਾਹਣੀਆਂ ਤੇ ਪੱਤਿਆਂ ਦੇ ਪ੍ਰਛਾਵੇਂ ਡੱਬ-ਖੜੱਬੀ ਛਾਂ ਵਰਗੇ ਦਿਸਦੇ ਜੋ ਹਿੱਲਦੇ ਵੀ ਸਨ

ਜਦੋਂ ਅਸੀਂ ਲੀੜੇ ਪਾ ਲਏ ਤਾਂ ਭਾਈਏ ਨੇ ਝੋਲੇ ਵਿੱਚੋਂ ਦਾਤੀ ਕੱਢੀਪੰਜ ਮੁੱਠਾਂ ਸਰਵਾੜ ਦੀਆਂ ਵੱਢੀਆਂਸਿਰ ਝੁਕਾ ਕੇ ਧਰਤੀ ਨਮਸਕਾਰੀ ਤੇ ਕਿਹਾ, ‘ਜਾ ਮਾਲਕਾ ਰਹਿਮ ਕਰ, ਮੁੰਡਿਆਂ ਦੇ ਇਹੋ ਜਿਹੀ ਖਾਜ ਮੁੜ ਕੇ ਨਾ ਪਬੇ।’

ਦਰਅਸਲ, ਸਾਡੇ ਦੋਹਾਂ ਭਰਾਵਾਂ ਦੇ ਪਿੰਡਿਆਂ ਉੱਤੇ ਖੱਸੜੇ-ਖਾਧੇ ਕੁੱਤਿਆਂ ਵਾਂਗ ਖ਼ੁਰਕ ਪੈ ਗਈ ਸੀਖਾਜ ਕਰਦਿਆਂ-ਕਰਦਿਆਂ ਖ਼ੁਸ਼ਕ ਥਾਵਾਂ ਉੱਤੋਂ ਪਾਣੀ ਸਿੰਮਣ ਲੱਗ ਪੈਂਦਾਆਲੇ-ਦੁਆਲੇ ਦੇ ਘਰਾਂ ਦੇ ਨਿਆਣੇ ਸਾਡੇ ਨਾਲ ਨਾ ਖੇਡਦੇਸਾਡੇ ਘਰਦੇ ਵੀ ਸਾਨੂੰ ਬਹੁਤਾ ਬਾਹਰ ਨਾ ਨਿਕਲਣ ਦਿੰਦੇ ਕਿ ਸਾਡੇ ਨਾਲੋਂ ਕਿਸੇ ਹੋਰ ਨੂੰ ਇਹ ਬਿਮਾਰੀ ਨਾ ਲੱਗ ਜਾਵੇਝਹਿਰ ਜਿਹੀ ਛਿੜਨ ’ਤੇ ਅਸੀਂ ਦਿਨ-ਰਾਤ ਪਿੰਡੇ ਉੱਤੇ ਕਾਹਲੀ-ਕਾਹਲੀ ਖਨੂਹਾ ਫੇਰਦੇ ਰਹਿੰਦੇਸਾਡੀ ਕੋਈ ਪੇਸ਼ ਨਾ ਜਾਂਦੀਗੁੱਸਾ ਆ ਜਾਂਦਾਰੋਣਹਾਕੇ ਹੋ ਜਾਂਦੇ

ਸਕੂਲੋਂ ਕਾਫ਼ੀ ਦਿਨਾਂ ਤੋਂ ਛੁੱਟੀਆਂ ਸਨ ਕਿਉਂਕਿ ਨਵੀਆਂ ਜਮਾਤਾਂ ਚੜ੍ਹਨ ਦਾ ਵਕਤ ਆ ਗਿਆ ਸੀਕੁਝ ਦਿਨ ਪਹਿਲਾਂ ਨਤੀਜੇ ਬੋਲ ਚੁੱਕੇ ਸਨਮੈਂ ਤੀਜੀ ਵਿੱਚ ਹੋ ਗਿਆਜੇ ਸਕੂਲ ਦੀ ਪੜ੍ਹਾਈ ਦੌਰਾਨ ਇਹ ਸਭ ਕੁਝ ਵਾਪਰ ਗਿਆ ਹੁੰਦਾ ਤਾਂ ਮੈਂਨੂੰ ਵੀ ਆਪਣੇ ਨਾਲ ਪੜ੍ਹਦੇ ਸੋਹਣ ਵਾਂਗ ਘਰ ਬੈਠਣਾ ਪੈਂਦਾਖੇਡਣਾ ਤੇ ਦੌੜਨਾ, ਕੁੱਦਣਾ ਬੰਦ ਹੋ ਜਾਂਦਾਮੈਂ ਰਾਹ ਵਿੱਚ ਤੁਰਿਆਂ ਆਉਂਦਿਆਂ ਇਉਂ ਦਾ ਸੋਚ ਕੇ ਸੰਤੋਖ ਕਰ ਲਿਆ

ਘਰ ਪਹੁੰਚੇ ਤਾਂ ਮਾਂ ਦੇ ਚਿਹਰੇ ਉੱਤੇ ਇੱਕ ਵਿਸ਼ਵਾਸ ਦੀ ਝਲਕ ਪ੍ਰਤੱਖ ਦਿਸ ਰਹੀ ਸੀਉਸ ਨੇ ਸਾਨੂੰ ਸਮਝਾਇਆ ਤੇ ਦਿਲਾਸਾ ਦਿੱਤਾ, ‘ਹਾਅ ਸਾਰੇ ਚਰ੍ਹਗਲ ਭਰ ਜਾਣੇ ਆ ਹੁਣ ਨਹੁੰ ਮਾਰ-ਮਾਰ ਪਿੰਡਾ ਨਾ ਖੁਰਚਿਓ ਜ਼ਰਾ ਕੁ ਰੁਕ ਕੇ ਫਿਰ ਆਖਿਆ, ‘ਆਪੇ ਈ ਰੱਬ ਰਾਮ ਦਊਗਾ, ਅਸੀਂ ਕਿਹੜਾ ਉਹਦੇ ਮਾਂਹ ਮਾਰਿਓ ਆ!’

ਅਜੇ ਇਹ ਗੱਲਾਂ ਚੱਲ ਹੀ ਰਹੀਆਂ ਸਨ ਕਿ ਬਾਹਰਲੇ ਬੂਹੇ ’ਤੇ ਅਚਾਨਕ ਇੱਕ ਹੀ ਸੁਰ ਵਿੱਚ ਆਵਾਜ਼ਾਂ ਆਈਆਂ:

‘ਬਾਰਾਂ ਵਰਸ਼ ਕੀ ਹੋਈ ਰੇ ਗੌਰਜਾਂ
ਪਾਰਵਤੀ ਜੀ ਇਸ਼ਨਾਨ ਕਰਨਗੇ
ਸ਼ਿਵਾ ਜੀ ਦਰਸ਼ਨ ਕਰਨਗੇ ...।’

ਸਿਰਾਂ ਉਤਲੀਆਂ ਪਾਧਾ-ਪੱਗਾਂ ਉੱਤੇ ਮੋਰਾਂ ਦੇ ਖੰਭ ਬੰਨ੍ਹੀ ਉਹ ਤਿੰਨੋਂ ਬਾਵੇ ਗੌਰਜਾਂ ਗਾ ਕੇ ਦਰ-ਦਰ ਮੰਗਦੇਸ਼ੁਰੂਆਤ ਸਾਡੇ ਘਰ ਤੋਂ ਕਰਦੇ ਕਿਉਂਕਿ ਪਿੰਡ ਦੀ ਮੁੱਖ ਗਲੀ ਇੱਥੋਂ ਹੀ ਸ਼ੁਰੂ ਹੁੰਦੀ ਹੈਉਹ ਟੱਲੀਆਂ ਵਜਾਉਂਦੇਇੱਕ ਜਣਾ ਇੱਕ ਤੁਕ ਬੋਲਦਾ ਤੇ ਦੋ ਉਸ ਤੋਂ ਅਗਲੀਉਨ੍ਹਾਂ ਬਰਫ਼ ਵਰਗੇ ਚਿੱਟੇ ਕੱਪੜੇ ਪਾਏ ਹੁੰਦੇ ਤੇ ਤੇੜ ਦੀਆਂ ਧੋਤੀਆਂ ਦੇ ਲੜ ਪਿਛਾਂਹ ਲੱਕ ਦੇ ਬੰਨ੍ਹ ਵਿੱਚ ਟੰਗੇ ਹੁੰਦੇਮੋਢਿਆਂ ਉੱਤੇ ਭਗਵੇਂ ਸਾਫ਼ੇ ਹੇਠਾਂ ਨੂੰ ਲਮਕਦੇ ਹੁੰਦੇ

ਮੈਂ ਕੋਠੜੀ ਵਿਚਲੇ ਘੜੇ ਵਿੱਚੋਂ ਆਟੇ ਦੀ ਕੌਲੀ ਭਰ ਕੇ ਇੱਕ ਬਾਵੇ ਦੀ ਬਗਲ ਵਾਲੀ ਝੋਲੀ ਵਿੱਚ ਪਾਉਣ ਲਈ ਗਿਆ ਤਾਂ ਭਾਈਏ ਨੇ ਤਲਖੀ ਨਾਲ ਕਿਹਾ, ‘ਥੋੜ੍ਹਾ ਨੲ੍ਹੀਂ ਸੀ ਪਈਂਦਾ, ਅੱਗੇ ਈ ਤੇਰ੍ਹਵਾਂ ਮਹੀਨਾ ਚੱਲਣ ਡਿਆ ਆਇਸ ਮੰਗ-ਖਾਣੀ ਜਾਤ ਦਾ ਤਾਂ ਕੰਮ ਈ ਇਹੋ ਆ ਦਿਨ ਬੀ ਨੲ੍ਹੀਂ ਚੜ੍ਹਨ ਦਿੰਦੇ ... ਆ ਜਾਂਦੇ ਆ ਮੂੰਹ ਚੱਕ ਕੇ।’

ਪਤਾ ਨੲ੍ਹੀਂ ਕਦੋਂ ਦੇ ਤੁਰਿਓ ਹੋਣਗੇ ...।’ ਮਾਂ ਨੇ ਸਹਿਜੇ ਜਿਹੇ ਆਖਿਆ

ਹਈਥੇ ਭੋਗਪੁਰ ਮਿੱਲ੍ਹ ਦੀਆਂ ਟੀਨਾਂ ਥੱਲੇ ਬਈਠਿਓ ਆ ... ਹੋਰ ਇਹੋ ਨਮੇਂ ਸ਼ਹਿਰੋਂ ਹੁਣੇ ਈ ਆ ਗਏ ਆ।’ ਭਾਈਏ ਨੇ ਗੱਲ ਜਾਰੀ ਰੱਖਦਿਆਂ ਦੱਸਿਆ, ‘ਹੈਗੇ ਤਾਂ ਆਪਣੇ ਬੰਦੇ ਈ ਆ ਪਰ ਇਹ ਸਾਲ਼ੇ ਸ਼ਿਬ ਦੇ ਬਣਿਓ ਆ, ਉਹਦੀ ਗੋਰੀ-ਚਿੱਟੀ ਰੰਨ ਦੇ ਸੋਹਲੇ ਗਾ-ਗਾ ਆਪਣੀ ਗੱਡੀ ਰੇੜ੍ਹੀ ਜਾਂਦੇ ਆ।’

ਮੰਗਣਾ ਕਿਤੇ ਸਉਖਾ ਆ, ਤੂੰਮ੍ਹੀਂ ਮੰਗ ਕੇ ਦਖਾਲ ਤਾਂ ...।’

ਮੇਰੇ ਕੀੜੇ ਪਇਓ ਆ, ਜਿਹੜਾ ਮੰਗਣ ਤੁਰ ਪਮਾਂ ...।’ ਭਾਈਏ ਦੀ ਅਮੁੱਕ ਬਹਿਸ ਨੂੰ ਵਿੱਚ ਹੀ ਛੱਡ ਕੇ ਮਾਂ ਛੱਤੜੀ ਵਿੱਚੋਂ ਦਲਾਨ ਅੰਦਰ ਚਲੇ ਗਈ ਤੇ ਮੈਂ ਬਾਵਿਆਂ ਦੇ ਮਗਰ-ਮਗਰ ਅਗਲੇ ਘਰ

ਬਾਵਿਆਂ ਦੇ ਬੋਲ ਮੈਂ ਗਹੁ ਨਾਲ ਸੁਣਦਾਪਰ ਨਾਲ ਹੀ ਬੋਹੜ ਵਾਲਿਆਂ ਦੇ ਗੁਰਦਾਸ ਹੁਰਾਂ ਦੇ ਵਿਹੜੇ ਵਿਚਲੀ ਜਗ੍ਹਾ ਉੱਤੇ ਸ਼ੀਸ਼ੇ ਵਿੱਚ ਜੜੀ ਸ਼ਿਵ-ਪਾਰਵਤੀ ਦੀ ਰੰਗ-ਬਰੰਗੀ ਤਸਵੀਰ ਮੇਰੀਆਂ ਅੱਖਾਂ ਮੋਹਰੇ ਆ ਜਾਂਦੀਪਾਰਵਤੀ ਤਲਾਅ ਵਿੱਚ ਨਹਾਉਂਦੀ ਮੈਂਨੂੰ ਕਿੰਨਾ-ਕਿੰਨਾ ਚਿਰ ਮੁੜ-ਮੁੜ ਦਿਸਦੀਮੈਂਨੂੰ ਇਉਂ ਲਗਦਾ ਜਿਵੇਂ ਕੁਝ ਪਲਾਂ ਲਈ ਮੈਂ ਸ਼ਿਵ ਬਣ ਗਿਆ ਹੋਵਾਂਮੈਂਨੂੰ ਚੰਗਾ-ਚੰਗਾ ਲਗਦਾ ਪਰ ਕਿਸੇ ਨਾਲ ਇਸਦਾ ਕੋਈ ਜ਼ਿਕਰ ਨਾ ਕਰਦਾ

ਮਾਂ ਬਾਹਰਲੇ ਬੂਹੇ ਦੀ ਸਰਦਲ ਉੱਤੇ ਖੜ੍ਹੀ ਖੱਬੇ ਹੱਥ ਵਿੱਚ ਸਿਲਵਰ (ਅਲਮੀਨੀਅਮ) ਜਾਂ ਪਿੱਤਲ ਦੀ ਛੋਟੀ ਬਾਲਟੀ ਫੜੀ ਤੇ ਸੱਜੇ ਹੱਥ ਨਾਲ ਆਪਣੇ ਵਲ ਆਉਣ ਲਈ ਸੈਨਤ ਮਾਰਦੀ ਅਤੇ ਨਾਲ ਹੀ ਆਵਾਜ਼ ਮਾਰਦੀ, ‘ਗੁੱਡ ਦੌੜ ਕੇ ਪਾਲੋ ਦਿਓਂ ਲੱਸੀ ਲੈ ਆ।’

ਮੈਂ ਜੱਟਾਂ ਦੀ ਗਲੀ ਥਾਣੀ ਬਾਲਟੀ ਨੂੰ ਘੁਮਾਉਂਦਾ-ਹਿਲਾਉਂਦਾ ਦੁੜੰਗੇ ਮਾਰਦਾ ਜਾਂਦਾਜਦੋਂ ਗੁਰਦੁਆਰੇ ਤੋਂ ਅੱਗੇ ਸ਼ੇਖਚਿਲੀਆਂ ਦੇ ਘਰ ਲਾਗੇ ਪਹੁੰਚਦਾ ਤਾਂ ਮੇਰੇ ਲੱਤਾਂ-ਪੈਰਾਂ ਵਿੱਚ ਪਹਿਲਾਂ ਵਰਗੀ ਫ਼ੁਰਤੀ ਨਾ ਰਹਿੰਦੀਸੋਚਦਾ, ਭਾਈਆ ਮੱਝਾਂ ਦੀ ਟਹਿਲ-ਸੇਵਾ ਕਰਦਾ, ਨਲ੍ਹਾਉਂਦਾ-ਧੁਲਾਉਂਦਾ, ਧੁੱਪੇ-ਛਾਵੇਂ ਕਰਦਾ, ਬਰਸਾਤਾਂ ਨੂੰ ਸੁੱਕੇ ਥਾਂ ਬੰਨ੍ਹਦਾ, ਪੱਠਾ-ਦੱਥਾ ਕਰਦਾ ਪਰ ਸੂਣ ਤੋਂ ਪਹਿਲਾਂ ਹੀ ਮੱਝ ਕਿਸੇ ਹੋਰ ਦੇ ਘਰ ਚਲੀ ਜਾਂਦੀ ਹੈਜੀਅ ਕਰਦਾ ਕਿ ਭਾਈਏ ਨੂੰ ਕਹਾਂ ਕਿ ਮੱਝ ਅਸੀਂ ਰੱਖ ਲਈਏ, ਘਰ ਦਾ ਲੱਸੀ-ਦੁੱਧ ਪੀਈਏ, ਨਾਲੇ ਮੈਂ ਕੱਟੂ-ਵੱਛੂ ਨਾਲ ਖੇਲ੍ਹਾਂਕਦੀ-ਕਦੀ ਮੈਂਨੂੰ ਲਗਦਾ ਕਿ ਭਾਈਏ ਨੂੰ ਵੀ ਪਤਾ ਈ ਆ ਜਦੋਂ ਬਾਬਾ ਮਿਲਖਾ ਸਿੰਘ (ਜੱਟ) ਆਪਣੇ ਪੋਤੇ ਦੇ ਸਰੀਰੋਂ ਤਕੜੇ ਹੋਣ ਬਾਰੇ ਲੋਕਾਂ ਨੂੰ ਹੁੱਬ ਕੇ ਸਿਫ਼ਤਾਂ ਕਰਦਾ ਹੋਇਆ ਦੱਸਦਾ, ‘ਸਾਡਾ ਤੋਚੀ (ਤਰਲੋਚਨ ਸਿੰਘ) ਤਾਂ ਦੁੱਧ ਪੀਂਦਾ, ਦੁੱਧ ਈ ਮੂਤਦਾ।’ ਮੈਂਨੂੰ ਖਿਆਲ ਆਉਂਦਾ ਕਿ ਮੈਂ ਵੀ ਉੱਚਾ-ਲੰਮਾ ਤੇ ਤਕੜਾ ਜਵਾਨ ਹੋ ਜਾਵਾਂ

ਮੈਂ ‘ਬਾਰੀਆਂਦੇ ਖੁੱਲ੍ਹੇ-ਵੱਡੇ ਵਿਹੜੇ ਵਿੱਚ ਬਾਲਟੀ ਜਾਂ ਡੋਲੂ ਰੱਖਦਾ ਤੇ ਨੀਵੀਂ ਪਾ ਕੇ ਖੜ੍ਹਾ ਰਹਿੰਦਾਨਾਲ ਹੀ ਲੱਸੀ ਮੰਗਣ ਬਾਰੇ ਬੇਸ਼ੁਮਾਰ ਖ਼ਿਆਲ ਨਿੱਕੇ ਨਿੱਕੇ ਬੱਦਲ-ਬੱਦਲੀਆਂ ਵਾਂਗ ਇੱਕ ਘਟਾ ਦੇ ਰੂਪ ਵਿੱਚ ਆ ਜੁੜਦੇ ਅਤੇ ਮਨ ਦੇ ਆਕਾਸ਼ ਉੱਤੇ ਘੋਰ ਨਿਰਾਸ਼ਾ ਤੇ ਉਦਾਸੀ ਦੀ ਬਾਰਿਸ਼ ਕਰਦੇ ਪ੍ਰਤੀਤ ਹੁੰਦੇਮੇਰਾ ਤਨ-ਮਨ ਨਮੋਸ਼ੀ ਦੇ ਇਸ ਹੜ੍ਹ ਵਿੱਚ ਹੜ੍ਹ ਰਿਹਾ ਜਾਪਦਾਮੈਂਨੂੰ ਆਪਣੇ ਸਿਰ-ਧੜ ਤੇ ਲੱਤਾਂ ਦਾ ਪਤਾ ਹੀ ਨਾ ਲਗਦਾ ਕਿ ਇਹ ਆਪਸ ਵਿੱਚ ਇੱਕ ਹਨਮੇਰੀਆਂ ਸੋਚਾਂ ਦੇ ਲਗਾਤਾਰ ਚਲਦੇ ਕਾਫ਼ਲੇ ਉਦੋਂ ਹੀ ਰੁਕਦੇ ਜਦੋਂ ਪਾਲੋ ਅੰਦਰੋਂ ਹੀ ਕਹਿੰਦੀ, ‘ਗੁੱਡ ਜ਼ਰਾ ਕੁ ਠਹਿਰ ਕੇ ਆਈਂ, ਮੈਂ ਲੱਗੀ ਆਂ ਦੁੱਧ ਰਿੜਕਣ।’

ਪਾਲੋ ਦੇ ਅਸੀਂ ਦੁੱਧ ਦੀ ਬਾਨ੍ਹ ਵੀ ਲਾਈਓ ਹੁੰਦੀ ਸੀਸਵੇਰੇ-ਸਵੇਰੇ ਮੇਰਾ ਪਹਿਲਾ ਗੇੜਾ ਉਨ੍ਹਾਂ ਦੇ ਘਰੋਂ ਦੁੱਧ ਲੈਣ ਜਾਣ ਲਈ ਲਗਦਾ, ਕਦੀ ਪਾਈਆ ਤੇ ਕਦੀ ਅੱਧਾ ਕਿਲੋ ਪਰ ਲੱਸੀ ਲਈ ਕਈ ਵਾਰ ਮੇਰੇ ਦੋ-ਦੋ ਗੇੜੇ ਲੱਗ ਜਾਂਦੇਉੱਧਰ ਭਾਈਆ ਮੈਂਨੂੰ ਉੱਲਰ-ਉੱਲਰ ਪੈਂਦਾ ਤੇ ਕਹਿੰਦਾ, ‘ਹੁਣ ਤਾਂ ਚਲੇ ਜਾ ਮਾਮਾ, ਸੌ ਬਾਰੀ ਦੱਸਿਆ ਪਈ ਲੱਸੀ ਤੋਂ ਬਿਨਾਂ ਮੈਤੋਂ ਨੲ੍ਹੀਂ ਰਹਿ ਹੁੰਦਾ।’

ਜੇ ਇੱਡੀ ਲੋੜ ਆ ਤਾਂ ਐਂਤਕੀਂ ਮੀਣੀ ਤੇ ਬੂਰੀ ਦੋਮੇ ਕੀਲੇ ’ਤੇ ਬੱਝੀਆਂ ਰਹਿਣ ਦਈਂ, ਨਾਲੇ ਨਿਆਣੇ ਖਾਣ ਪੀਣਗੇ।’ ਮਾਂ ਨੇ ਤਰਕ ਮਾਰੀ

ਕਿੱਦਾਂ ਮੂੰਹ ਭਰ ਕੇ ਬਕੀ ਜਾਂਦੀ ਆ, ਜਿਹੜੀ ਤੇਰੇ ਕੁਲਗਦਿਆਂ ਤੋਂ ਰਕਮ ਲਈਓ ਆ ਕੋਠੇ ਦੇ ਕੌਲ਼ੇ ਕੱਢਣ ਲਈ, ਉਹ ਤੇਰੇ ਪੇ ਨੇ ਦੇਣੀ ਆਂ?’

ਜਦੋਂ ਬੋਲਦਾ ਮੇਰੇ ਜਣਦਿਆਂ ਤਕ ਜਾਂਦਾ, ... ਖਾਹ-ਮਖਾਹ ਗੱਲ ਪਈ ਜਾਂਦਾਗੱਲ ਕਿੱਧਰ ਦੀ ਹੁੰਦੀ ਆ, ਲੈ ਕਿੱਧਰ ਨੂੰ ਜਾਂਦਾ ਆ।’

ਸਾਰਾ ਦਿਨ ਖੋਤੇ ਆਂਙੂੰ ਵਗੀਦਾ ਆ ਤੇ ਇਹ ...।’ ਤੇ ਫਿਰ ਖਿਝਿਆ ਹੋਇਆ ਭਾਈਆ ਮੂੰਹ ਵਿੱਚ ਬੁੜਬੁੜ ਕਰਨ ਲੱਗ ਪਿਆ ਤੇ ਚਿਲਮ ਵਿਚਲੀ ਸੁਆਹ ਗੁੱਲ ਕਰ ਕੇ, ਕੈਂਕਰੀ ਨੂੰ ਸਹੀ ਤਰ੍ਹਾਂ ਟਿਕਾ ਕੇ ਤਮਾਖੂ ਪਾਉਣ ਲੱਗ ਪਿਆ

ਕਦੀ-ਕਦੀ ਮੇਰੇ ਚਿੱਤ ਵਿੱਚ ਆਉਂਦਾ ਕਿ ਭਾਈਏ ਨੂੰ ਕਿਸੇ ਦਿਨ ਕਹਿ ਦਿਆਂ ਕਿ ਮੇਰੇ ਕੋਲੋਂ ਨੲ੍ਹੀਂ ਅੱਧਾ ਪਿੰਡ ਲੰਘ ਕੇ ਲੱਸੀ ਲੈਣ ਜਾ ਹੁੰਦਾ, ਮੈਂਨੂੰ ਸ਼ਰਮ ਆਉਂਦੀ ਆਖ਼ੈਰ, ਮੈਂ ਫਿਰ ਅਗਲੀ ਸਵੇਰ ਬਾਲਟੀ ਜਾਂ ਡੋਲੂ ਹੱਥ ਵਿੱਚ ਫੜ ਕੇ ਕਦੀ ਕਿਸੇ ਦੇ ਘਰ ਲੱਸੀ ਮੰਗਣ ਜਾਂਦਾ ਤੇ ਕਦੀ ਕਿਸੇ ਦੇਇਹ ਸਿਲਸਿਲਾ ਜਾਰੀ ਰਹਿੰਦਾਤ੍ਰਕਾਲਾਂ-ਸਵੇਰ ਨੂੰ ਲੱਸੀ ਦਾ ਖੱਟਾ ਪੀ ਕੇ ਸੁਆਦ ਜਿਹਾ ਆ ਜਾਂਦਾਜੇ ਦਾਲ-ਸਬਜ਼ੀ ਨਾ ਬਣਦੀ ਤਾਂ ਵੀ ਉਸ ਡੰਗ ਦਾ ਬੁੱਤਾ ਸਰ ਜਾਂਦਾਖਾਡਰੇ ਦੇ ਇਨ੍ਹਾਂ ਦਿਨਾਂ ਵਿੱਚ ਮੱਝਾਂ-ਗਊਆਂ ਦੇ ਦੁੱਧ ਸੁੱਕ ਜਾਂਦੇ ਤੇ ਸਾਨੂੰ ਲੱਸੀ ਦੀ ਕਾਫ਼ੀ ਤੰਗੀ ਆ ਜਾਂਦੀਲੱਸੀ ਪੀਣ ਦੀ ਇੱਛਾ ਬਰਕਰਾਰ ਰਹਿੰਦੀਚਾਹ ਤਾਂ ਕਈ ਵਾਰ ਅਸੀਂ ਬਿਨਾਂ ਦੁੱਧ ਦੇ ਹੀ ਪੀ ਲੈਂਦੇ ਸੀਤੇ ਭਾਈਆ ਕਿਸਮਤ ਨੂੰ ਗਾਲ੍ਹਾਂ ਕੱਢ-ਕੱਢ ਆਪਣਾ ਤਪਦਾ ਸੀਨਾ ਠਾਰਨ ਦੀ ਫਜ਼ੂਲ ਕੋਸ਼ਿਸ਼ ਕਰਦਾ

ਇਨ੍ਹੀਂ ਸੋਚੀਂ ਪਿਆਂ ਮੈਂਨੂੰ ਗਲੀ ਵਿੱਚ ਮਾਣਕਢੇਰੀ ਵਾਲਾ ਬਾਵਾ ਦੋਹਾਂ ਬਗਲਾਂ ਵਿੱਚ ਲੰਮੀਆਂ ਝੋਲੀਆਂ ਪਾਈ ਮੰਗਦਾ ਦਿਸਦਾਮੋਟੇ ਖੱਦਰ ਦੀ ਇੱਕ ਝੋਲੀ ਵਿੱਚ ਆਟਾ ਤੇ ਇੱਕ ਵਿੱਚ ਦਾਣੇ ਪੁਆਉਂਦਾਉਹਨੇ ਮੱਥੇ ਟਿੱਕਾ ਤੇ ਭਗਵੇਂ ਕੱਪੜੇ ਪਾ ਕੇ ਸਾਧੂਆਂ ਵਰਗਾ ਭੇਸ ਬਣਾਇਆ ਹੁੰਦਾਦਰਾਂ ਮੋਹਰੇ ਉੱਚੀ-ਉੱਚੀ ਬੋਲ ਕੇ ਦੱਸਦਾ, ‘ਬੀਬੀ ਭਲਕੇ ਪੁੰਨਿਆਂ ਨਾਲੇ ਗ੍ਰਹਿਣ ਲੱਗਣਾ।’

ਛੋਟਾ ਜਿਹਾ ਮੇਰਾ ਤਨ-ਮਨ ਵੱਡੀਆਂ ਸੋਚਾਂ ਸੋਚਦਾ ਕਿ ਇਹਨੂੰ ਕਿਵੇਂ ਪਤਾ ਕਿ ਕੱਲ੍ਹ ਨੂੰ ਗ੍ਰਹਿਣ ਲੱਗਣਾ? ਤੇ ਮੈਂਨੂੰ ਉਦੋਂ ਸਮਝ ਪਈ ਜਦੋਂ ਉਹ ਪਤਲੀ-ਲੰਮੀ ਜਿਹੀ ਕਿਤਾਬ ਵਿੱਚੋਂ ਕਿਸੇ ਨੂੰ ਕੁਝ ਪੜ੍ਹ ਕੇ ਦੱਸਦਾ ਤੇ ਕਿਸੇ ਨੂੰ ਕੁਝਮੇਰੇ ਚਿੱਤ ਵਿੱਚ ਆਉਂਦਾ ਕਿ ਜਦੋਂ ਸਾਡੇ ਘਰ ਮੰਗਣ ਆਵੇਗਾ ਤਾਂ ਮੈਂ ਪੁੱਛਾਂਗਾ - ਮੀਣੀ ਮੱਝ ਸਾਡੇ ਘਰ ਹੀ ਰਹੇਗੀ? ਜੇ ਨਹੀਂ, ਤਾਂ ਕੋਈ ਉਪਾਅ ਕਰ ਦੇਵੇ ਜਿਵੇਂ ਹੋਰਾਂ ਦਿਓਂ ਕਣਕ ਦੇ ਦਾਣੇ ਲੈ ਕੇ ਕਰਦਾ ਹੈ। ਨਾਲ਼ੇ ਇਹ ਵੀ ਪੁੱਛਾਂਗਾ ਕਿ ਰੱਤੇ ਬਾਹਮਣ ਦੇ ਵੱਡੇ ਸਾਰੇ ਘਰ ਤੇ ਚੁਬਾਰੇ ਵਰਗਾ ਸਾਡਾ ਘਰ ਕਦੋਂ ਬਣੇਗਾ? ਕਹਾਂਗਾ, ਕੋਈ ਰੇਖ ਵਿੱਚ ਮੇਖ ਮਾਰ ਜਿਵੇਂ ਉਹਨੂੰ ਪਿੰਡ ਦੇ ਲੋਕ ਕਹਿੰਦੇ ਹਨਪਰ ਮੇਰੇ ਦਿਲ ਦੀਆਂ ਗੱਲਾਂ ਦਿਲ ਵਿੱਚ ਹੀ ਰਹਿ ਜਾਂਦੀਆਂ ਤੇ ਉਹ ਸਾਡੇ ਕੋਲ ਦੇ ਤਾਈ ਤਾਰੋ (ਜੱਟਾਂ) ਦੇ ਘਰੋਂ ਚਾਹ-ਪਾਣੀ ਪੀ ਕੇ ਪਿਛਾਂਹ ਗਲੀਂ ਵਿੱਚੀਂ ਮੁੜ ਜਾਂਦਾਨਾਲ ਹੀ ਮਨ ਦਾ ਸ਼ੀਸ਼ਾ ਤਿੜਕ ਜਾਂਦਾ, ਜਿਸ ਦੀ ਖ਼ਾਮੋਸ਼ ਵਿਥਿਆ ਮੇਰੇ ਤਨ ਵਿਚਲੇ ਲਹੂ ਵਾਂਗ ਗੇੜੇ ਕੱਢਦੀ ਰਹਿੰਦੀ ਅਤੇ ਇਹ ਸਵਾਲ-ਖਿਆਲ ਲਗਾਤਾਰ ਬਣਿਆ ਰਹਿੰਦਾ ਕਿ ਉਹ ਬਾਵਾ-ਸਾਧੂ ਹੋ ਕੇ ਸਾਡੇ ਵਿਹੜੇ ਮੰਗਣ ਕਿਉਂ ਨਹੀਂ ਆਉਂਦਾ!

**

(ਅਗਾਂਹ ਪੜ੍ਹੋ ਕਾਂਡ ਪੰਜਵਾਂ: ਥੋਹਰਾਂ ਉੱਤੇ ਉੱਗੇ ਫੁੱਲ)

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2365)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com)

About the Author

ਬਲਬੀਰ ਮਾਧੋਪੁਰੀ

ਬਲਬੀਰ ਮਾਧੋਪੁਰੀ

Delhi, India.
Phone: (011 - 91 - 93505 - 48100)

Email: (bmadhopuri@yahoo.in)

More articles from this author