BalbirMadhopuri7ਉਹ ਪ੍ਰੇਸ਼ਾਨ ਹੋ ਕੇ ਕਹਿੰਦੇ, “ਇਹ ਹਾਲ ਜੇ ਸਾਡੇ ਬੁੱਧੀਜੀਵੀਆਂ ਦਾ ਹੈ ...
(2 ਅਪਰੈਲ 2020)

 

BhapaPritamS2ਗੱਲ 1987 ਦੀ ਹੈ ਜਦੋਂ ਮੈਂ ਦਿੱਲੀ ਆਇਆ। ਵਜਾਹ ਸੀ ਜਲੰਧਰ ਸਥਿਤ ਭਾਰਤ ਸਰਕਾਰ ਦੇ ਪੱਤਰ ਸੂਚਨਾ ਦਫਤਰ ਤੋਂ ਮੇਰੀ ਬਦਲੀ। ਉਸੇ ਸਾਲ ਦੇ ਅੱਧ ਵਿਚ ਮੇਰੀ ਪਹਿਲੀ ਮੁਲਾਕਾਤ ਭਾਪਾ ਪ੍ਰੀਤਮ ਸਿੰਘ ਨਾਲ ਉਨ੍ਹਾਂ ਦੀ ਨਵਯੁੱਗ ਪੈੱਸ (ਚਾਂਦਨੀ ਚੌਕ) ਵਿੱਚ ਹੋਈ। ਸਬੱਬ ਸੀ ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਨ ਮੰਤਰਾਲਾ ਦਾ ਮਾਸਿਕ ਮੈਗਜ਼ੀਨ ‘ਯੋਜਨਾ’ (ਪੰਜਾਬੀ। ਕਾਲਜ ਦੇ ਦਿਨਾਂ ਤੋਂ ਆਰਸੀ ਅਤੇ ਨਵਯੁਗ ਪਬਲਿਸ਼ਰਜ਼ ਦੀਆਂ ਕਿਤਾਬਾਂ ਪੜ੍ਹਦਿਆਂ ਕਈ ਵਾਰ ਮਨ ਵਿੱਚ ਜਿਸ ਅਦਿੱਖ ਜਗ੍ਹਾ ਨੂੰ ਪਰਵਾਜ਼ ਭਰਦਾ ਰਿਹਾ ਸੀ, ਹੁਣ ਮੈਂ ਦੇਖ ਰਿਹਾ ਸੀ। ਭਾਪਾ ਜੀ ਦੇ ਦਫਤਰ ਦੀਆਂ ਦੀਵਾਰਾਂ ਉੱਤੇ ਟੰਗੀਆਂ ਟਰੌਫੀਆਂ, ਸ਼ੀਲਡਾਂ ਤੇ ਹੋਰ ਬਹੁਤ ਸਾਰੇ ਯਾਦਗਾਰੀ ਚਿੰਨ੍ਹ ਜਿਨ੍ਹਾਂ ਉੱਤੇ ਸਰਵੋਤਮ ਪ੍ਰਕਾਸ਼ਨ ਦੇ ਸ਼ਬਦ ਉੱਕਰੇ ਹੋਏ ਸਨ। ਸਾਰਾ ਕੁਝ ਸ਼ੀਸ਼ਿਆਂ ਵਿੱਚ ਸੰਭਾਲਿਆ ਹੋਇਆ। ਨਾਲ ਦੀ ਨਾਲ ਮੈਂ ਭਾਪਾ ਜੀ ਨੂੰ ਨਿਹਾਰਦਾ ਰਿਹਾ। ਚਿੱਟਾ ਕੁੜਤਾ, ਰੋਹਬਦਾਰ ਪਜਾਮਾ ਅਤੇ ਸਿਰ ਉੱਤੇ ਚਿਣ ਚਿਣ ਕੇ ਬੰਨ੍ਹੀ ਬਰਫ਼ ਵਰਗੀ ਚਿੱਟੀ ਪੱਗ ਉਨ੍ਹਾਂ ਦੇ ਚਿਹਰੇ ਉਤਲੀ ਭਰਵੀਂ ਦਾੜ੍ਹੀ ਨਾਲ ਇਕਮਿਕ ਹੋਈ ਦਿਸਦੀ। ਮੈਂ ਅੰਦਰੋ-ਅੰਦਰ ਖੁਸ਼ ਹੋ ਰਿਹਾ ਸੀ ਕਿ ਮੈਂ ਨਵਯੁਗ ਸ਼ਖ਼ਸੀਅਤਾਂ ਦੇ ਸਾਹਮਣੇ ਹਾਂ।

ਇਸੇ ਵੇਲੇ ਇਨ੍ਹਾਂ ਦੀਆਂ ਛਾਪੀਆਂ ਪ੍ਰਗਤੀਵਾਦੀ ਤੇ ਸਮਾਜਵਾਦੀ ਕਿਤਾਬਾਂ ਨਾਲ ਵਾਬਸਤਾ ਇੱਕ ਘਟਨਾ ਮੈਨੂੰ ਯਾਦ ਆ ਗਈ। 1976 ਵਿੱਚ ਪੁਲੀਸ ਨੇ ਮੈਂਨੂੰ ਹਿਸਾਰ ਰੇਲਵੇ ਸਟੇਸ਼ਨ ਉੱਤੇ ਰਾਤ ਨੂੰ ਚੈਕਿੰਗ ਦੌਰਾਨ ਘੇਰ ਲਿਆ। ਬਿੱਲ ਤੇ ਰਸੀਦਾਂ ਦਿਖਾਉਣ ਲਈ ਕਿਹਾ। ਮੈਂ ਤਰਲੇ ਕੀਤੇ ਕਿ ਮੈਂ ਕਿਤਾਬਾਂ ਪੜ੍ਹਦਾ ਹਾਂ, ਚੋਰੀ ਕਰਕੇ ਨਹੀਂ ਲਿਆਇਆ। ਪਰ ਉਹ ਖਿੱਚ-ਧੂਹ ਦੇ ਨਾਲ ਨਾਲ ਸਖ਼ਤ ਸ਼ਬਦ ਵੀ ਇਸਤੇਮਾਲ ਕਰਦੇ ਰਹੇ। ਆਖਿਰ ਉਨ੍ਹਾਂ ਨੂੰ ਮੇਰੇ ਮਾੜਕੂ ਜਿਹੇ ਸਰੀਰ, ਲਿੱਸੋ-ਲੱਥੇ ਤੇ ਖੁਸ਼ਕ ਜਿਹੇ ਮੂੰਹ ’ਤੇ ਤਰਸ ਆ ਗਿਆ। ਇੰਨੇ ਨੂੰ ਗੱਡੀ ਨੇ ਵੀ ਸੀਟੀ ਵਜਾ ਦਿੱਤੀ। ਦਰਅਸਲ ਪ੍ਰਗਤੀ ਮੈਦਾਨ ਵਿੱਚ ਲੱਗੇ ਦੂਜੇ ਵਿਸ਼ਵ ਪੁਸਤਕ ਮੇਲੇ ਵਿੱਚੋਂ ਮੇਰੇ ਵੱਡੇ ਭਰਾ ਨੇ ਮੇਰੇ ਨਾਲ ਜਾ ਕੇ ਕਿਤਾਬਾਂ ਖਰੀਦਣ ਦੇ ਪੈਸੇ ਦਿੱਤੇ ਸਨ। ਇੱਕ ਵੱਡਾ ਥੈਲਾ ਤੇ ਅਟੈਚੀ ਵੀ ਖਰੀਦੇ ਸਨ। ਹੁਣ ਮੈਂ ਚਾਅ ਨਾਲ ਨਵਯੁੱਗ ਦੀਆਂ ਕਿਤਾਬਾਂ ਨਾਲ ਭਰੀ ਦੁਕਾਨ ਦੇਖ ਰਿਹਾ ਸਾਂ। ਮੇਰਾ ਸੰਕੋਚ ਤਾੜਦਿਆਂ ਭਾਪਾ ਜੀ ਨੇ ਆਖਿਆ, “ਆਓ ਮੋਹੇ ਸਾਹਿਬ, ਤੁਹਾਡੇ ਸਹਾਇਕ ਨੂੰ ਪ੍ਰੈੱਸ ਦਿਖਾਈਏ। ਉਨ੍ਹਾਂ ਦੱਸਿਆ, “ਇਹ ਸੋਲਾਂ ਸਫਿਆਂ ਦੀ ਪ੍ਰੈੱਸ ਮਸ਼ੀਨ ਮੈਂਨੂੰ ਸੋਵੀਅਤ ਰੂਸ ਨੇ ਤੋਹਫੇ ਵਜੋਂ ਦਿੱਤੀ ਹੈ। ਇਸ ਤੋਂ ਸੋਵੀਅਤ ਦੇਸ਼, ਸੋਵੀਅਤ ਪੁਸਤਕਾਂ, ਆਰਸੀ ਅਤੇ ਨਵਯੁੱਗ ਦੀਆਂ ਕਿਤਾਬਾਂ ਛਪਦੀਆਂ। ਕੋਲ ਹੀ ਤਿੰਨ ਕੁ ਕਿਰਤੀ ਆਪਣੇ ਧਿਆਨ ਵਿੱਚ ਕਾਹਲੀ ਕਾਹਲੀ ਹੈੱਡ ਕੰਪੋਜਿੰਗ ਕਰ ਰਹੇ ਸਨ।

ਫਿਰ ਮੇਲ-ਮੁਲਾਕਾਤਾਂ ਦਾ ਸਿਲਸਿਲਾ ਸੰਘਣਾ ਹੁੰਦਾ ਗਿਆ। ਕਾਰੋਬਾਰੀ ਗੱਲ ‘ਯੋਜਨਾ’ ਤੱਕ ਸੀਮਤ ਨਾ ਰਹੀ। ਮੈਂ ਭਾਪਾ ਜੀ ਦੇ ਠਰ੍ਹੰਮੇ, ਖੁਸ਼ ਮਿਜ਼ਾਜ ਤੇ ਸਹਿਜ ਸੁਭਾਅ ਦਾ ਨਿੱਘ ਮਾਣਦਾ ਗਿਆ। ਵਿਸ਼ਵ ਸਾਹਿਤ ਬਾਰੇ ਡੂੰਘੀ ਸੂਝ-ਸਮਝ ਤੇ ਰਮਜ਼, ਪ੍ਰਗਤੀਵਾਦੀ ਵਿਚਾਰਧਾਰਾ ਦੇ ਸਮਰਥਕਾਂ, ਲੇਖਕਾਂ, ਬੁੱਧੀਜੀਵੀਆਂ ਤੇ ਰਾਜਸੀ ਆਗੂਆਂ ਨਾਲ ਨੇੜਤਾ ਦੀ ਜਾਣਕਾਰੀ ਮੈਂਨੂੰ ਉਨ੍ਹਾਂ ਦੀ ਗੱਲਬਾਤ ਤੋਂ ਹਾਸਿਲ ਹੁੰਦੀ ਰਹਿੰਦੀ। ਕੁਝ ਸਾਲਾਂ ਬਾਅਦ ਉਹ ਨਵਯੁਗ ਦਾ ਕਾਰੋਬਾਰ ਆਪਣੇ ਨਵਯੁਗ ਫਾਰਮ (ਮਹਿਰੌਲੀ) ਲੈ ਗਏ। ਕਦੀ ਕਦੀ ਭਾਪਾ ਜੀ ਫੋਨ ਕਰਦੇ, ਮਿਲ ਤੇ ਜਾ। ਉਨ੍ਹਾਂ ਦੀ ਵਡੱਤਣ ਤੇ ਸਤਿਕਾਰ ਪਹਿਲਾਂ ਹੀ ਮਨ ਵਿੱਚ ਡੂੰਘਾ ਲੱਥਾ ਹੋਇਆ ਸੀ। ਮੇਰੇ ਨਾਲੋਂ ਇਕਤਾਲੀ ਸਾਲ ਵੱਡੇ ਹੋਣ ਕਰ ਕੇ ਇੱਕ-ਦੋ ਵਾਰ ਉਨ੍ਹਾਂ ਆਖਿਆ ਸੀ, “ਨਾਲ ਇਆਣੇ ਦੋਸਤੀ, ਕਦੇ ਨਾ ਆਵੇ ਰਾਸ’, ਪਰ ਉਨ੍ਹਾਂ ਆਪ ਹੀ ਇਹਦੇ ਵਿੱਚ ਸੋਧ ਕਰ ਲਈ ਸੀ ਤੇ ਫਿਰ ਅਸੀਂ ਇੱਕ-ਦੂਜੇ ਦੇ ਰਾਜ਼ਦਾਰ ਬਣ ਗਏ।

ਭਾਪਾ ਜੀ ਨੇ ਪੰਜਾਬੀ ਸਾਹਿਤ ਸਭਾ ਦੇ ਚੇਅਰਮੈਨ ਵਜੋਂ 1990 ਵਿੱਚ ਇੰਦਰ ਕੁਮਾਰ ਗੁਜਰਾਲ ਤੋਂ ਪੰਜਾਬੀ ਭਵਨ ਦਾ ਨੀਂਹ ਪੱਥਰ ਰਖਵਾਇਆ। ਇਮਾਰਤ ਮੁਕੰਮਲ ਹੋਈ ਤਾਂ ਬੇਹੱਦ ਖੁਸ਼ ਸਨ ਕਿ ਉਨ੍ਹਾਂ ਦਾ ਸੁਪਨਾ ਹਕੀਕਤ ਵਿੱਚ ਬਦਲ ਗਿਆ ਹੈ। 1995 ਵਿੱਚ ਭਵਨ ਦੀ ਚੱਠ ਤੋਂ ਲੈ ਕੇ ਅਣਗਿਣਤ ਸਮਾਗਮਾਂ ਦਾ ਸਿਲਸਿਲਾ ਚੱਲਿਆ।

ਫਿਰ 1994 ਦੀਆਂ ਗਰਮੀਆਂ ਦੇ ਇੱਕ ਦਿਨ ਭਾਪਾ ਜੀ ਨੇ ਮੈਂਨੂੰ ਹੌਜ਼ ਖਾਸ ਆਪਣੇ ਘਰ ਸੱਦਿਆ। ਚਾਹ ਪੀਂਦਿਆਂ ਉਨ੍ਹਾਂ ਗੱਲ ਤੋਰੀ, ਅਸੀਂ ਸਾਹਿਤ ਸਭਾ ਵੱਲੋਂ ਮਾਸਿਕ ਕੱਢਣਾ ਚਾਹੁੰਦੇ ਹਾਂ। ਇਹਦਾ ਨਾਂ ਸੋਚ ਤੇ ਮੈਂ ਵੀ ਸੋਚਦਾਂ। ਨਾਂ ਅਤੇ ਰਜਿਸਟਰੇਸ਼ਨ ਦਾ ਕੰਮ ਤੇਰੇ ਜ਼ਿੰਮੇ। ਆਪਣੇ ਲਈ ਫ਼ਖ਼ਰ ਭਰੇ ਇਹ ਸ਼ਬਦ ਅਜੇ ਸੁਣੇ ਹੀ ਸਨ ਕਿ ਉਨ੍ਹਾਂ ਦੱਸਿਆ, “ਇਸ ਵਿੱਚ ਅਸੀਂ ਹਿੰਦੁਸਤਾਨ ਦੀਆਂ ਜ਼ੁਬਾਨਾਂ ਦਾ ਤੇ ਹੋਰ ਚੋਣਵਾਂ ਸਾਹਿਤ ਛਾਪਾਂਗੇ। ਨਾਂ ‘ਸਮਕਾਲੀ ਸਾਹਿਤ’ ਬਾਰੇ ਕੀ ਵਿਚਾਰ ਹੈ?”

ਮੈਂ ਸਲਾਹ ਵਜੋਂ ਆਖਿਆ, “ਬਹੁਤ ਵਧੀਆ!” ਉਨ੍ਹਾਂ ਦੇ ਇਹ ਸ਼ਬਦ ਮੇਰੇ ਸਾਹਿਤਕ ਸਫ਼ਰ ਲਈ ਮਾਣਮੱਤੇ ਹੋ ਗਏ।

ਇਉਂ ਹੀ ਆਰਸੀ ਬੰਦ ਕਰਨ ਤੋਂ ਬਾਅਦ ਉਨ੍ਹਾਂ ਲਿਖਤੁਮ ਦਾ ਕੰਮ ਮੈਂਨੂੰ ਸੌਂਪਿਆ ਸੀ। ਅਸੀਂ ਜਦੋਂ ਵੀ ਮਿਲਦੇ, ਮੈਂਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ। ਚਾਹ ਪਾਣੀ ਪੀਂਦਿਆਂ, ਸਹਿਜ ਬੈਠਿਆਂ ਅਤੇ ਸੈਰਾਂ ਕਰਦਿਆਂ ਸਮੁੱਚੀਆਂ ਗੱਲਾਂ ਲੇਖਕਾਂ ਅਤੇ ਉਨ੍ਹਾਂ ਦੀਆਂ ਲਿਖਤਾਂ ਬਾਰੇ ਹੁੰਦੀਆਂ। ਰੌਂਅ ਵਿੱਚ ਹੁੰਦੇ ਤਾਂ ਲੇਖਕ ਲੇਖਕਾਵਾਂ ਨਾਲ ਜੁੜੇ-ਜੋੜੇ ਲਤੀਫੇ ਸੁਣਾਉਂਦੇ। ਅਸੀਂ ਦੋਵੇਂ ਠਹਾਕੇ ਮਾਰ ਕੇ ਹੱਸਦੇ। ਉਹ ਵੱਖ ਵੱਖ ਲੇਖਕਾਂ ਦੀਆਂ ਰਚਨਾਵਾਂ ਦਾ ਬੜਾ ਸਟੀਕ ਵਿਸ਼ਲੇਸ਼ਣ ਕਰਦੇ। ਕੁਝ ਕੁ ਬਾਰੇ ਉਹ ਦੱਸਦੇ, ਫਲਾਣੇ ਲੇਖਕ ਨੂੰ ਆਪਣੀ ਜਾਤ ਦਾ ਬਹੁਤ ਹੰਕਾਰ ਹੈ। ਜਾਤ ਦੇ ਗੁੱਝੇ ਤੇ ਜ਼ਾਹਿਰਾ ਮਿਹਣਿਆਂ ਬਾਰੇ ਦੱਸਦੇ ਉਹ ਪ੍ਰੇਸ਼ਾਨ ਹੋ ਕੇ ਕਹਿੰਦੇ, “ਇਹ ਹਾਲ ਜੇ ਸਾਡੇ ਬੁੱਧੀਜੀਵੀਆਂ ਦਾ ਹੈ ...?” ਫਿਰ ਸਰਪ੍ਰਸਤ-ਬਜ਼ੁਰਗ ਵਾਂਗ ਨਸੀਹਤ ਦਿੰਦੇ, “ਤੂੰ ਧੜੇਬਾਜ਼ੀ ਵਿੱਚ ਨਾ ਆਵੀਂ, ਆਪਣਾ ਪੜ੍ਹ-ਲਿਖ। ਇੱਕ ਦਿਨ ਤੇਰੀ ਮਿਹਨਤ ਨੂੰ ਫ਼ਲ ਲੱਗੇਗਾ। ਜੋ ਤੂੰ ਲਿਖਦਾਂ, ਪੰਜਾਬੀ ਵਿੱਚ ਪਹਿਲਾਂ ਇੰਨੀ ਸ਼ਿੱਦਤ ਨਾਲ ਕਿਸੇ ਨੇ ਦਲਿਤ ਸਮਾਜ ਬਾਰੇ ਨਹੀਂ ਲਿਖਿਆ।” ਉਨ੍ਹਾਂ ਮੇਰੇ ਮਾਨਵ-ਮੁਖੀ ਸਾਹਿਤ ਦੀ ਪਛਾਣ ਕੀਤੀ ਅਤੇ ਚੜ੍ਹਦੀ ਕਲਾ ਲਈ ਥਾਪੜਾ ਦਿੱਤਾ।

ਇਸ ਦੌਰਾਨ ਮੈਂ ਆਪਣੀ ਸਵੈ-ਜੀਵਨੀ ਦਾ ਅੰਸ਼ ਆਰਸੀ ਲਈ ਦੇ ਆਇਆ। ਛਪਣ ਸਾਰ ਅਜੀਤ ਕੌਰ ਨੇ ਕਿਹਾ ਸੀ, ਲੋਕੀਂ ਅਜੀਤ ਕੌਰ ਨੂੰ ਲੱਭਦੇ ਨੇ, ਮੈਂ ਬਲਬੀਰ ਨੂੰ ਲੱਭਿਆ ਏ।”

ਸਵੈ-ਜੀਵਨੀ ਮੁਕੰਮਲ ਨਾ ਹੁੰਦੀ ਦੇਖ ਭਾਪਾ ਜੀ ਮਜ਼ਾਕ ਨਾਲ ਕਹਿੰਦੇ, “ਉਦੋਂ ਲਿਖੇਗਾ, ਜਦੋਂ ਮੈਂ ਮਰ ਜਾਵਾਂਗਾ। ਕਿਤਾਬ ਛੇਤੀ ਪੂਰੀ ਕਰ ਕੇ ਲਿਆ, ਛਾਪੀਏ।” ਜਦੋਂ ਛਾਂਗਿਆ ਰੁੱਖ ਤਿਆਰ ਹੋ ਗਈ ਤਾਂ ਕਹਿੰਦੇ, “ਤੂੰ ਬੜੀ ਦਲੇਰੀ ਨਾਲ ਸਮਾਜ ਦਾ ਕੋਹੜ ਲਿਖਿਆ। ਨਹੀਂ ਤਾਂ ਬਹੁਤੇ ਦਲਿਤ ਆਪਣੀ ਜਾਤ ਲੁਕੋਣ ਲਈ ਟਿਲ ਲਾ ਦਿੰਦੇ ਨੇ।

ਭਾਪਾ ਜੀ ਪੰਜਾਬੀ ਪ੍ਰਕਾਸ਼ਨ ਵਿੱਚ ਪਹਿਲੇ ਸ਼ਖ਼ਸ ਹਨ ਜਿਨ੍ਹਾਂ ਕੌਮਾਂਤਰੀ ਸਾਹਿਤਕ ਮਿਆਰ ਸਥਾਪਤ ਕੀਤੇ। ਨਿੱਗਰ, ਨਰੋਆ ਤੇ ਗਿਆਨ-ਵਿਗਿਆਨ ਵਾਲਾ ਸਾਹਿਤ ਉਭਾਰਿਆ। ਕਿਤਾਬਾਂ ਦੀ ਜਿਲਦਬੰਦੀ ਬੇਮਿਸਾਲ ਹੋ ਨਿੱਬੜੀ। ਉਹ ਮੂੰਹ-ਮੁਲਾਹਜ਼ਾ ਨਾ ਨਵਯੁਗ ਲਈ ਕਰਦੇ ਤੇ ਨਾ ਆਰਸੀ ਲਈ। ਪੁਸਤਕਾਂ ਦੇ ਖਰੜੇ ਮੋੜ ਦਿੰਦੇ।

ਭਾਪਾ ਜੀ ਦੀ ਸ਼ੁਰੂ ਕੀਤੀ ਸਾਲਾਨਾ ਧੁੱਪ ਦੀ ਮਹਿਫ਼ਲ ਵਿੱਚ ਦੇਸ਼-ਵਿਦੇਸ਼ ਤੋਂ ਲੇਖਕ ਨਵਯੁੱਗ ਫਾਰਮ ਉੱਤੇ ਅੱਜ ਵੀ ਜੁੜਦੇ ਹਨ। ਉਹ ਭਾਪਾ ਜੀ ਵੱਲੋਂ ਪੰਜਾਬੀ ਸਾਹਿਤ ਸਭਾ ਲਈ ਦਿਹਾਤੀ ਲਾਇਬਰੇਰੀ ਸਕੀਮ ਦਾ ਚਰਚਾ ਕਰਦੇ ਸੁਣੇ ਜਾ ਸਕਦੇ ਹਨ। ਜਿਹੜਾ ਕੰਮ ਸਰਕਾਰ ਨਹੀਂ ਕਰ ਸਕੀ, ਉਹ ਭਾਪਾ ਜੀ ਨੇ ਕਰ ਦਿਖਾਇਆ। ਫਾਰਮ ਵਿਚਲੇ ਫੁੱਲ-ਕਲੀਆਂ ਦੀ ਮਹਿਕ ਵਾਂਗ ਨਵਯੁੱਗ ਦੀਆਂ ਮਿਆਰੀ ਕਿਤਾਬਾਂ ਦਾ ਪ੍ਰਕਾਸ਼ਨ ਅੱਜ ਵੀ ਉਨ੍ਹਾਂ ਦੀ ਨਿੱਘੀ ਯਾਦ ਨੂੰ ਤਾਜ਼ਾ ਕਰਦਾ ਹੈ।

ਮੈਂਨੂੰ ਫ਼ਖ਼ਰ ਹੈ ਕਿ ਭਾਪਾ ਪ੍ਰੀਤਮ ਸਿੰਘ (1914-31 ਮਾਰਚ 2005) ਦੀ ਸੋਹਬਤ ਵਿੱਚ ਮੈਂ 18 ਸਾਲ ਬਿਤਾਏ ਤੇ ਉਨ੍ਹਾਂ ਦੇ ਆਰੰਭੇ ਕਾਰਜਾਂ ਨੂੰ ਜਾਰੀ ਰੱਖਣ ਵਿੱਚ ਸਭਾ ਨਾਲ ਜੁੜਿਆ ਹੋਇਆ ਹਾਂ। ਉਨ੍ਹਾਂ ਦਾ ਆਖਿਆ ਮੈਂਨੂੰ ਕਦੇ ਨਹੀਂ ਭੁੱਲਦਾ - ਬੰਦੇ ਨੂੰ ਜਿਊਣ ਲਈ ਖਾਣਾ ਚਾਹੀਦਾ ਹੈ, ਨਾ ਕਿ ਖਾਣ ਲਈ ਜਿਊਣਾ ਚਾਹੀਦਾ ਹੈ। ਜ਼ਿੰਦਗੀ ਕੰਮ ਕਰਨ ਲਈ ਹੈ, ਵਿਹਲੇ ਬਹਿ ਕੇ ਗੁਆਉਣ ਲਈ ਨਹੀਂ। ਵੱਖ ਵੱਖ ਮੌਕਿਆਂ ਉੱਤੇ ਉਨ੍ਹਾਂ ਦਾ ਕਿਹਾ ਯਾਦ ਆਉਂਦਾ ਹੈ - ਬੰਦਾ ਚੰਗੀ ਸੰਗਤ ਤੇ ਚੰਗੇ ਦੋਸਤਾਂ ਤੋਂ ਪਛਾਣਿਆ ਜਾਂਦਾ ਹੈ।

ਇਉਂ ਭਾਪਾ ਪ੍ਰੀਤਮ ਸਿੰਘ ਨੇ ਮੇਰੀ ਸਾਹਿਤਕ ਜ਼ਿੰਦਗੀ ਵਿੱਚ ਵੱਡਾ ਹਿੱਸਾ ਪਾਇਆ ਹੈ।

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2033)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਬਲਬੀਰ ਮਾਧੋਪੁਰੀ

ਬਲਬੀਰ ਮਾਧੋਪੁਰੀ

Delhi, India.
Phone: (011 - 91 - 93505 - 48100)

Email: (bmadhopuri@yahoo.in)

More articles from this author