BalbirMadhopuri7ਉਹਨੇ ਮੱਝ ਦੇ ਪਿੰਡੇ ’ਤੇ ਥਾਪੀ ਦਿੱਤੀ ਤੇ ਉਹਦੇ ਚੱਡੇ ਤੋਂ ਚਿੱਚੜੀਆਂ ...
(28 ਸਤੰਬਰ 2020)

 

‘ਹਾਅ ਚਮ੍ਹਾਰਲੀ ਨੂੰ ਦਬਕਾ ਮਾਰ ਕੇ ਪਰੇ ਠਾਅ ਜ਼ਰਾ!’ ਗੁਰਦੁਆਰੇ ਦੀ ਇਮਾਰਤ ਦੀਆਂ ਤਾਕੀਆਂ ਨਾਲ ਸਾਨੂੰ ਚੁੰਬੜਿਆਂ ਤੇ ਇੱਕ ਦੂਜੇ ਦੇ ਉੱਤੋਂ ਦੀ ਪੱਬਾਂ ਭਾਰ ਸੀਖਾਂ ਫੜ-ਫੜ ਅੰਦਰ ਨੂੰ ਝਾਕਦਿਆਂ ਵੱਲ ਦੇਖ ਕੇ, ਪ੍ਰਸ਼ਾਦ ਵੰਡਦਾ ਪਿੰਡ ਦਾ ਜੱਟ ‘ਭਾਈਆਪਣੇ ਕੋਲ ਖੜ੍ਹੇ ਕਿਸੇ ਨੂੰ ਅਕਸਰ ਹੀ ਸੰਗਰਾਂਦ ਜਾਂ ਗੁਰਪੁਰਬ ਦੇ ਮੌਕੇ ਕਹਿੰਦਾਅਸੀਂ ਖਿੜਕੀਆਂ ਨਾਲ ਲਮਕਦੇ ਤੇ ਚੁੰਬੜੇ ਹੋਏ ਸਾਰੇ ਨਿਆਣੇ ਪਲ ਦੀ ਪਲ ਜੁੱਤੀਆਂ ਮਿੱਧਦੇ ਪਿਛਾਂਹ ਹਟ ਜਾਂਦੇਉਹਦਾ ਮੂੰਹ ਦੂਜੇ ਪਾਸੇ ਹੁੰਦਾ ਤਾਂ ਅਸੀਂ ਫਿਰ ਆਪਣੀ ਆਨੇ ਵਾਲੀ ਥਾਂ ਹੁੰਦੇ

ਖਿਝੂ ਜਿਹੇ ਸੁਭਾਅ ਦੇ ਉਸ ‘ਭਾਈਦੇ ਤੇੜ ਸਿੱਖੀ ਸਰੂਪ ਦੀ ਦਿੱਖ ਵਾਲਾ ਕੱਛਾ, ਗੱਲ ਮਲੇਸ਼ੀਏ ਦਾ ਛਣ ਚੁੱਕਾ ਝੱਗਾ ਤੇ ਸਿਰ ’ਤੇ ਪੱਗ ਇੰਨੇ ਮੈਲ਼ੇ ਹੁੰਦੇ ਕਿ ਉਹਦੀਆਂ ਤੇਲ ਜਾਂ ਪਸੀਨੇ ਨਾਲ ਤਰ ਹੋਈਆਂ ਲੱਤਾਂ ਨਾਲ ਮੇਲ ਖਾਂਦੇ ਦਿਸਦੇਉਹਦੇ ਮੂੰਹ ਉਤਲੇ ਮਾਤਾ ਦੇ ਵਿਰਲੇ-ਵਿਰਲੇ ਮੋਟੇ ਦਾਗ਼ ਇਉਂ ਲਗਦੇ ਜਿਵੇਂ ਪਾਥੀਆਂ ਦੀ ਸਲੇਟੀ ਰੰਗੀ ਸੁਆਹ ਉੱਤੇ ਛਿੱਟਾਂ ਪਈਆਂ ਹੋਣਜਦੋਂ ਉਹ ਚੱਬ ਕੇ ਗੱਲ ਕਰਦਾ ਤਾਂ ਉਹਦੀ ਤਿਕੋਨੀ ਜਿਹੀ ਚਿੱਟੀ ਦਾਹੜੀ ਵੀ ਹਿੱਲਦੀਉਹਦੀਆਂ ਚੁੰਨ੍ਹੀਆਂ ਅੱਖਾਂ ਦੀਆਂ ਅਸੀਂ ਸਾਂਗਾਂ ਲਾਉਂਦੇ

ਚੰਨਣਾ ਤੇਰੇ ਕੋਲੋਂ ਨਈਂ ਕਾਬੂ ਆਉਣੇ ਇਹ ਚੀਂਗੜਬੋਟ, ਮੈਂ ਦਿੰਨਾ ਦਾਖੂ ਦਾਣਾ ਇਨ੍ਹਾਂ ਮਾਂ ਦਿਆਂ ...!’ ਉਹ ਫਿਰ ਉੱਲਰ ਕੇ ਸਾਨੂੰ ਅਧੂਰੀ ਗਾਲ੍ਹ ਕੱਢਦਾ ਜਿਸ ਦੀ ਖ਼ਾਲੀ ਥਾਂ ਸਾਡੇ ਮਨਾਂ ਵਿੱਚ ਆਪਣੇ ਆਪ ਭਰ ਜਾਂਦੀਪ੍ਰਸ਼ਾਦ ਲਈ ਸਭ ਤੋਂ ਬਾਅਦ ਜਦੋਂ ਸਾਡੀ ਵਾਰੀ ਆਉਂਦੀ ਤਾਂ ਉਹ ਝਿੜਕ ਕੇ ਕਹਿੰਦਾ, ‘ਕਮਜਾਤੋ ਧੁਆਨੂੰ ਇੱਕ ਬਾਰੀ ਨਈਂ ਕਿਹਾ ਪਈ ਰਾਮ ਨਾ ਬਹਿ ਜਾਓ।’ ਪਰ ਅਸੀਂ ਖੜ੍ਹੇ-ਖੜ੍ਹੇ ਇੱਕ ਦੂਜੇ ਤੋਂ ਮੋਹਰੇ ਦੋਹਾਂ ਹੱਥਾਂ ਦੇ ਨਿੱਕੇ-ਨਿੱਕੇ ਬੁੱਕ ਬਣਾ ਕੇ ਉਹਦੇ ਵੱਲ ਵਧਾਉਂਦੇਉਹ ਬਿਨਾਂ ਝੁਕਿਆਂ ਪ੍ਰਸ਼ਾਦ ਵਰਤਾਉਂਦਾ ਤੇ ਅਸੀਂ ਫ਼ੁਰਤੀ ਨਾਲ ਉੱਤੋਂ ਹੀ ਬੋਚ ਲੈਂਦੇਕਦੀ ਕਦੀ ਕਿਸੇ ਦੇ ਬੁੱਕ ਵਿੱਚ ਪ੍ਰਸ਼ਾਦ ਨਾ ਆਉਂਦਾ ਤੇ ਭੁੰਜੇ ਡਿਗ ਪੈਂਦਾ ਅਤੇ ਉਹ ਰੋਣਹਾਕਾ ਹੋ ਜਾਂਦਾਜਦੋਂ ਉਹ ਭੁੰਜਿਉਂ ਚੁੱਕਣ ਲੱਗਦਾ ਤਾਂ ਇੰਨੇ ਨੂੰ ਤਾੜ ਵਿੱਚ ਬੈਠਾ ਡੱਬੂ ਆਪਣੀ ਜੀਭ ਨਾਲ ਪ੍ਰਸ਼ਾਦ ਛਕ ਜਾਂਦਾ ਇੱਦਾਂ ਹੀ ਇੱਕ-ਦੋ ਵਾਰ ਮੇਰੀ ਕੌਲੀ ਉਸ ਵੇਲੇ ਹੱਥੋਂ ਛੁੱਟ ਕੇ ਥੱਲੇ ਡਿਗ ਪਈ ਜਦੋਂ ‘ਭਾਈਕਾਹਲੀ-ਕਾਹਲੀ ਜ਼ੋਰ-ਜ਼ੋਰ ਨਾਲ ਛੱਡਵਾਂ ਜਿਹਾ ਪ੍ਰਸ਼ਾਦ ਉੱਤੋਂ ਹੀ ਸੁੱਟ ਰਿਹਾ ਸੀ ਕਿ ਕਿਤੇ ਉਹਦਾ ਹੱਥ ਕੌਲੀ ਜਾਂ ਹੱਥਾਂ ਨੂੰ ਨਾ ਛੋਹ ਜਾਵੇਅਜਿਹੀ ਘਟਨਾ ਨਾਲ ਮੇਰੇ ਚਿਹਰੇ ’ਤੇ ਖੁਸ਼ੀ ਦੀ ਚੜ੍ਹੀ ਲਫ਼ ਇਕਦਮ ਲਹਿ ਕੇ ਕਿਤੇ ਦੂਰ ਚਲੇ ਜਾਂਦੀ ਜੋ ਸਹਿਜੇ ਕੀਤੇ ਮੇਰੇ ਵੱਲ ਛੇਤੀ ਨਾ ਪਰਤਦੀ

ਕਦੀ ਉਹ ਕਿਸੇ ਨੂੰ ਕਹਿੰਦਾ, ‘ਤੂੰ ਪਈ੍ਹਲਾਂ ਨਹੀਂ ਲਿਆ ਓਏ!’

ਨਈਂ ਬਾਬਾ, ਮੈਂ ਨਈਂ ਲਿਆ ਹਾਲੇ!’ ਪ੍ਰਸ਼ਾਦ ਲੁਕੋ ਕੇ ਖਾਣ ਪਿੱਛੋਂ ਹੱਥ ਕੱਛੇ ਦੀ ਪਿਛਾੜੀ ਨਾਲ ਪੂੰਝ ਕੇ ਸਾਡੇ ਵਿੱਚੋਂ ਕੋਈ ਜਣਾ ਦੱਸਦਾ

ਘਰਾਂ ਨੂੰ ਮੁੜਦੀ ਸਾਡੀ ਢਾਣੀ ਇਉਂ ਖੁਸ਼ ਹੁੰਦੀ ਜਿਵੇਂ ਵੱਡੀ ਮੱਲ ਮਾਰੀ ਹੋਵੇਅਸੀਂ ਇੱਕ ਦੂਜੇ ਨੂੰ ਦੱਸਦੇ, ‘ਮੈਂਮ੍ਹੀਂ ਅੱਜ ਤੇਹਰਾ ਗੱਫ਼ਾ ਲਿਆ!’

ਅੱਗੇ ਨਈਂ ਪਤਾ, ਕਾਣਾ-ਬੰਡਾ ਕਰਦਾ ਇਹ ਮੁਚਰੂ ਜਿਹਾਅੰਦਰ ਬਈਠਿਆਂ ਨੂੰ ਤਾਂ ਮੁੱਠਾਂ ਭਰ-ਭਰ ਦਿੰਦਾ ਤੇ ਹਮ੍ਹਾਤੜਾਂ ਨੂੰ ਝੁੱਗੇ ਵਿੱਚੋਂ ਓੲ੍ਹੀਓ ਚੂੰਢੀਆਂ ਜਿਹੀਆਂ ...।’ ਕੋਲੋਂ ਦੀ ਲੰਘ ਰਹੇ ਮੱਸੇ ਦੇ ਬੋਲ ਮੈਂਨੂੰ ਸੁਣੇ ਜਿਨ੍ਹਾਂ ਸਦਕਾ ਮੇਰੇ ਮਨ ਵਿੱਚ ਕੁਝ ਤਿੜਕ ਗਿਆ, ਜਿਵੇਂ ਭੁਚਾਲ ਨਾਲ ਸਾਡੀ ਕੋਠੜੀ ਦੀ ਗੁਰਦੁਆਰੇ ਵੱਲ ਦੀ ਕੰਧ ਵਿੱਚ ਤੇੜ ਆ ਗਈ ਸੀ

ਜਦੋਂ ਮੈਂ ਇਕੱਲਾ ਹੁੰਦਾ ਤਾਂ ਮੇਰੀਆਂ ਸੋਚਾਂ ਫਿਰ ਗੁਰਦੁਆਰੇ ਦੇ ਬਾਹਰ ਕਿਸੇ ਅਰਦਾਸੀਏ ਵਾਂਗ ਜਾ ਖੜ੍ਹੀਆਂ ਹੁੰਦੀਆਂ, ਜਿਨ੍ਹਾਂ ਦੀ ਮੂਕ ਆਵਾਜ਼ ਮੇਰੇ ਸਿਵਾਏ ਕਿਸੇ ਨੂੰ ਨਾ ਸੁਣਦੀਅੰਦਰ ਬੈਠੇ ਮੇਰੇ ਹਾਣ ਦੇ ਕੁੜੀਆਂ-ਮੁੰਡਿਆਂ ਦੇ ਸਜੇ-ਸੰਵਰੇ ਹੋਣ ਤੇ ਮੈਂਨੂੰ ਆਪਣੇ ਵਿਚਕਾਰ ਆਪਣੇ ਨੰਗ ਢਕਣ ਲਈ ਤੇੜ ਕੱਛਾ ਤੇ ਰੰਗ ਦਾ ਫ਼ਰਕ ਹੀ ਦਿਸਦਾਚਾਣਚੱਕ ਪਾਠੀ-ਭਾਈ ਦੀ ‘ਕਰਮਾਂਦੇ ਪ੍ਰਸੰਗ ਵਿੱਚ ਲੰਮੀ-ਚੌੜੀ ਵਿਆਖਿਆ ਪਿੰਡ ਦੇ ਵੱਡੇ ਸਾਰੇ ਗੋਰੇ ਛੱਪੜ ਵਾਂਗ ਆ ਖੜ੍ਹਦੀ ਜਿਸਦੇ ਡੂੰਘੇ ਪਾਣੀ ਉੱਤੋਂ ਦੀ ਤਰ ਕੇ ਦੂਜੇ ਪਾਸੇ ਜਾਣ ਦਾ ਮੇਰਾ ਜਿਗਰਾ ਨਾ ਪੈਂਦਾਕੋਠੜੀ ਦੀ ਕੰਧ ਦੀ ਤੇੜ ਵੱਡੀ ਦਰਾੜ ਵਿੱਚ ਬਦਲਦੀ ਤੇ ਛੱਤ ਡਿਗੂੰ-ਡਿਗੂੰ ਕਰਦੀ ਦਿਸਦੀਵਿੱਚ-ਵਿੱਚ ਮੇਰੀਆਂ ਅੱਖਾਂ ਸਾਹਮਣੇ ਆਪਣੇ ਨਾਨਕੇ ਪਿੰਡ ਆਈ ਮੇਰੀ ਉਮਰ ਦੀ ਉਸ ਭੋਲੀ ਜਿਹੀ ਕੁੜੀ ਦਾ ਚਿਹਰਾ ਮੁੜ-ਮੁੜ ਸਾਕਾਰ ਹੁੰਦਾ ਜਦੋਂ ਮੇਰਾ ਪ੍ਰਸ਼ਾਦ ਕੁੱਤਾ ਖਾ ਗਿਆ ਸੀ ਤੇ ਉਹ ਰੋਣਹਾਕੀ ਹੋ ਗਈ ਸੀਉਹ ਆਪਣੇ ਛੋਟੇ ਜਿਹੇ ਬੁੱਕ ਵਿੱਚੋਂ ਜਦੋਂ ਮੈਂਨੂੰ ਪ੍ਰਸ਼ਾਦ ਦੇਣ ਲੱਗੀ ਸੀ ਤਾਂ ਇੱਕ ਤੀਵੀਂ ਉਹਦੀਆਂ ਦੋਵੇਂ ਨਿੱਕੀਆਂ-ਨਿੱਕੀਆਂ ਚੂੰਡੀਆਂ ਫੜ ਕੇ ਉਹਨੂੰ ਧੂਹ ਕੇ ਲੈ ਗਈ ਸੀਤੇ ਉਹ ‘ਮਾਮੀ-ਮਾਮੀਕਹਿੰਦੀ ਪੈਰ ਘਸੀਟਦੀ ਹੋਈ ਉਹਦੇ ਮੋਹਰੇ-ਮੋਹਰੇ ਤੁਰ ਪਈ ਸੀਇਨ੍ਹੀਂ ਵਿਚਾਰੀਂ ਪਿਆ ਅਖੀਰ ਮੈਂ ਚਿੱਤ ਵਿੱਚ ਪੱਕੀ ਧਾਰ ਲੈਂਦਾ, ‘ਅੱਗੇ ਤੋਂ ਗੁਰਦੁਆਰੇ ਦੇ ਵਿਹੜੇ ਪੈਰ ਨਈਂ ਪਾਉਣਾ, ਇੱਦਾਂ ਦੇ ਪ੍ਰਸ਼ਾਦ ਲੈਣ ਖੁਣੋ ਕੀ ਥੁੜਿਆ ਆ।’

ਇਸੇ ਦੌਰਾਨ ਕਈ ਵਾਰ ਵਲੀਆਂ ਦੇ ਬਿੱਕਰ ਦੀ ਲਾਲ-ਚਿੱਟੀ ਡੱਬ-ਖੜੱਬੀ ਘੋੜੀ ਸਾਡੀ ਨਜ਼ਰੇ ਪੈਂਦੀਸਾਡੀ ਸਾਰੀ ਢਾਣੀ ਚਾਂਗਰਾਂ ਮਾਰਦੀ ਉੱਧਰ ਨੂੰ ਹੋ ਜਾਂਦੀ

ਬਿੱਕਰ ਜਦੋਂ ਸਾਡੇ ਘਰਾਂ ਕੋਲੋਂ ਦੀ ਲੰਘਦਾ ਤਾਂ ਘੋੜੀ ਦੀਆਂ ਵਾਗਾਂ ਫੜੀ ਉਹ ਉਸ ਤੋਂ ਮੋਹਰੇ-ਮੋਹਰੇ ਤੁਰਿਆ ਹੁੰਦਾਘੋੜੀ ਆਪਣੀ ਪੂਛ ਵਾਰ-ਵਾਰ ਹੇਠਾਂ ਉੱਤੇ ਤੇ ਆਲੇ-ਦੁਆਲੇ ਨੂੰ ਹਿਲਾਉਂਦੀ-ਘੁਮਾਉਂਦੀਅਸੀਂ ਹੈਕਨਾ, ਨਾਂਗਿਆਂ ਤੇ ਸ਼ੇਖਚਿਲੀਆਂ ਦੀਆਂ ਹਵੇਲੀਆਂ ਸਾਹਮਣਿਓਂ ਦੀ ਲੰਘਦੇ ਘੋੜਿਆਂ ਤੇ ਮੰਤਰੀਆਂ ਦੀ ਹਵੇਲੀ ਤਕ ਘੋੜੀ ਦੇ ਪਿੱਛੇ ਤੁਰੇ ਰਹਿੰਦੇਮੇਰਾ ਚਿੱਤ ਘੋੜੀ ਦੀ ਨਿੱਕੀ ਜਿਹੀ ਵਛੇਰੀ ’ਤੇ ਪਲਾਕੀ ਮਾਰ ਕੇ ਚੜ੍ਹਨ ਨੂੰ ਕਰਦਾ ਜੋ ਘੋੜੀ ਦੀਆਂ ਮੋਹਰਲੀਆਂ ਤੇ ਕਦੀ ਪਿਛਲੀਆਂ ਲੱਤਾਂ ਵਿੱਚ ਆਪਣੀ ਬੂਥੀ ਵਾੜ ਲੈਂਦੀ ਸੀਪਰ ‘ਕਰਮਾਂ ਦਾ ਖੇਲ੍ਹਮੇਰਾ ਖਹਿੜਾ ਨਾ ਛੱਡਦਾ ਤੇ ਵਛੇਰੀ ਉੱਤੇ ਚੜ੍ਹ ਝੂਟੇ ਲੈਣ ਦਾ ਖ਼ਿਆਲ ਛੱਡ ਦੇਣ ਲਈ ਨਾਲ ਦੀ ਨਾਲ ਪ੍ਰੇਰਦਾਤੇ ਫਿਰ ਕਈ ਵਾਰ ਅਸੀਂ ਉਦੋਂ ਪਿਛਾਂਹ ਨੂੰ ਕੂਕਾਂ ਮਾਰਦੇ ਮੁੜਦੇ ਜਦੋਂ ਘੋੜੀ ਖੜ੍ਹੀ ਹੋ ਕੇ ਲਿੱਦ ਕਰਨ ਲੱਗ ਪੈਂਦੀ ਇੱਕ ਵਾਰੀ ਨਾਂਗਿਆਂ ਦੇ ਛੱਪੜ ਕੋਲ ਗਏ ਤਾਂ ਮੇਰੇ ਨਾਲ ਦੇ ਮੁੰਡੇ ਛੱਪੜ ਦੇ ਪਾਣੀ ਉੱਤੇ ਕੁੱਜਿਆਂ-ਬੁੱਘਿਆਂ ਦੀਆਂ ਠੀਕਰੀਆਂ ਦੀਆਂ ਤਾਰੀਆਂ ਲਾਉਣ ਲੱਗ ਪਏਉੱਥੇ ਹੀ ਮੇਰੀ ਨਿਗਾਹ ਅੰਬ ਦੇ ਨਵੇਂ ਉੱਗੇ ਬੂਟਿਆਂ ਉੱਤੇ ਪਈਇਨ੍ਹਾਂ ਦੀਆਂ ਹੇਠਲੀਆਂ ਪੱਤੀਆਂ ਹਰੀਆਂ ਤੇ ਕਰੂੰਬਲਾਂ ਨਾਲ ਦੀਆਂ ਨਸਵਾਰੀ ਸਨਮੈਂ ਇੱਕ ਬੂਟੇ ਦੀ ਚਕਲੀ ਕੱਢਣੀ ਚਾਹੀ ਪਰ ਕੋਈ ਗੱਲ ਨਾ ਬਣੀ ਤੇ ਹੌਲੀ-ਹੌਲੀ ਹੁਸ਼ਿਆਰੀ ਨਾਲ ਇੱਕ ਬੂਟਾ ਜੜ੍ਹਾਂ ਸਣੇ ਪੁੱਟ ਲਿਆਇਆ

ਰੰਬੇ ਨਾਲ ਵਿਹੜੇ ਵਿੱਚ ਬੂਟਾ ਲਾਉਣ ਲਈ ਮਿੱਟੀ ਪੁੱਟ ਹੀ ਰਿਹਾ ਸੀ ਕਿ ਭਾਈਆ ਮੇਰੇ ਹੱਥੋਂ ਰੰਬਾ ਖੋਹ ਕੇ ਕਹਿਣ ਲੱਗਾ, ‘ਮਾਮਾ ਤੂੰ ਜੱਟਾਂ ਦੀਆਂ ਰੀਸਾਂ ਕਰਦਾਂ - ਉਨ੍ਹਾਂ ਦੀਆਂ ਤਾਂ ਛੇ-ਛੇ ਕਨਾਲਾਂ ਵਿੱਚ ਹਬੇਲੀਆਂ ਆਂ! ਸਾਡੇ ਕੋਲ ਤਾਂ ਇਹੋ ਕੁਛ ਈ ਆ ਬਹਿਣ-ਖਲੋਣ ਨੂੰ।’

ਅੰਬ ਦੇ ਬੂਟੇ ਵਾਂਗ ਮੇਰਾ ਮਨ ਵੀ ਮੁਰਝਾਉਣਾ ਸ਼ੁਰੂ ਹੋ ਗਿਆਕਿਸੇ ਤੂਫ਼ਾਨੀ ਝੱਖੜ ਨੇ ਮੇਰੀਆਂ ਰੀਝਾਂ ਦੇ ਬੂਰ ਨੂੰ ਬੇਵਕਤਾ ਹੀ ਹਲੂਣ ਕੇ ਝਾੜ ਸੁੱਟਿਆਮੈਂ ਤਾਂ ਵੀ ਸੋਚਦਾ, ‘ਸਾਡੇ ਵਿਹੜੇ ਬੀ ਕੋਈ ਰੁੱਖ ਹੋਬੇ - ਚਿੜੀਆਂ, ਘੁੱਗੀਆਂ ਤੇ ਤੋਤੇ ਆ ਕੇ ਬੈਠਣ।’

ਅਜੇ ਇਨ੍ਹਾਂ ਖ਼ਿਆਲਾਂ ਵਿੱਚ ਹੀ ਗੁਆਚਿਆ ਹੋਇਆ ਸੀ ਕਿ ਮੇਰੇ ਹਾਣੀ ਪਾਸ਼ ਨੇ ਅਚਾਨਕ ਸੂਰਜ ਡੁੱਬਣ ਤੋਂ ਥੋੜ੍ਹਾ ਜਿਹਾ ਪਹਿਲਾਂ ਆ ਕੇ ਮੈਂਨੂੰ ਦੱਸਿਆ, ‘ਆਪਣੇ ਸਿਵਿਆਂ ਦੇ ਰਾਹ ਵਿੱਚ ਛਲੇਡਾ ਰਹਿੰਦਾ, ਗੁੱਡ।’

ਦੌੜ ਕੇ ਆਏ ਦੱਸਦੇ ਦਾ ਉਹਦਾ ਸਾਹ ਨਾਲ ਸਾਹ ਨਹੀਂ ਰਲ ਰਿਹਾ ਸੀਮੈਂ ਡੈਂਬਰ ਗਿਆ

ਕਿੱਦਾਂ ਦਾ ਹੁੰਦਾ ਓਹੋ?

ਕਹਿੰਦੇ ਇੱਛਾਧਾਰੀ ਹੁੰਦਾ, ਕਦੀ ਆਦਮੀ ਬਣ ਜਾਂਦਾ, ਕਦੀ ਬੱਕਰੀ, ਕਦੀ ਕਉਡੀਆਂ ਆਲਾ ਖੜੱਪਾ ਸੱਪ ਤੇ ਕਦੀ ਕੁਛ!’ ਉਹਦੀ ਘਾਬਰੀ ਜ਼ਬਾਨ ਨਾਲ ਮੈਂ ਹੋਰ ਵੀ ਦਹਿਲ ਗਿਆ

ਕਈਆਂ ਨੇ ਤਾਂ ਉਹਨੂੰ ਦੇਖਿਆ, ਦੱਸਦੇ ਆ ਪਈ ਉਹ ਬਾਂਬਰੀਆਂ ਆਲਾ ਬੌਨਾ ਸਾਧ ਬੀ ਬਣ ਜਾਂਦਾ ਤੇ ਉੰਨੇ ਕਾਲੇ ਲੀੜੇ ਪਾਇਓ ਹੁੰਦੇ ਆ।’ ਪਾਸ਼ ਦੀਆਂ ਅੱਖਾਂ ਦੀਆਂ ਪੁਤਲੀਆਂ ਕਦੀ ਫੈਲ ਜਾਂਦੀਆਂ ਤੇ ਕਦੀ ਅੱਖਾਂ ਸੁੰਗੜ ਜਾਂਦੀਆਂਉਹਦੇ ਚਿਹਰੇ ’ਤੇ ਇੱਕ ਰੰਗ ਆਉਂਦਾ ਤੇ ਇੱਕ ਜਾਂਦਾ

ਮੇਰੀਆਂ ਹੈਰਾਨੀ ਭਰੀਆਂ ਅੱਖਾਂ ਮੋਹਰੇ ਇਹ ਸਾਰਾ ਕੁਝ ਸਾਕਾਰ ਹੁੰਦਾਸਿਵਿਆਂ ਵਿੱਚ ਬਿੱਜੂ ਮਰੇ ਨਿਆਣਿਆਂ ਨੂੰ ਜ਼ਮੀਨ ਹੇਠੋਂ ਪੁੱਟਦੇ ਦਿਸਦੇ ਜਿਨ੍ਹਾਂ ਬਾਰੇ ਮੈਂ ਪਹਿਲਾਂ ਆਪਣੀ ਦਾਦੀ ਤੇ ਹਾਣੀਆਂ ਤੋਂ ਸੁਣਿਆ ਹੋਇਆ ਸੀ

ਤਾਹੀਓਂ ਮੋਹਣ ਲਾਲ ਡਾਕੀਆ ਆਪਣੇ ਹੱਥ ਵਿੱਚ ਬਰਛਾ ਰੱਖਦਾ ਇਸੇ ਕਰਕੇ ਉਹਨੇ ਡਾਂਗ ਦੇ ਸਿਰੇ ਉੱਤੇ ਲੱਗੇ ਬਰਛੇ ਦੇ ਐਨ ਹੇਠਾਂ ਘੁੰਗਰੂ ਬੰਨ੍ਹਿਓਂ ਆਂ - ਜਦੋਂ ਉਹ ਆਪਣੇ ਛੋਹਲੇ-ਛੋਹਲੇ ਪੈਰ ਪੱਟਦਾ ਆ ਤਾਂ ਘੁੰਗਰੂ-ਬੱਧੇ-ਬਰਛੇ ਬਾਲੀ ਡਾਂਗ ਬੀ ਫ਼ੁਰਤੀ ਨਾਲ ’ਗਾਂਹ ਰੱਖਦਾ ਆਘੁੰਗਰੂਆਂ ਦੀ ਛਣਕ-ਛਣਕ ਤੇ ਡਾਂਗ ਦੀ ਠੱਕ-ਠੱਕ ਨਾਲ ਛਲੇਡਾ ਡਰਦਾ ਮਾਰਾ ਰਾਹ ਤੋਂ ਲਾਂਭੇ ਹੋ ਜਾਂਦਾ ਹੋਣਾ।’ ਮੈਂ ਸੋਚਿਆਉਹਦੇ ਸਿਰ ਉਤਲੀ ਖ਼ਾਕੀ ਥੈਲੀ ਮੈਂਨੂੰ ਸੁਲੇਮਾਨੀ ਟੋਪੀ ਵਰਗੀ ਲੱਗੀ ਜਿਵੇਂ ਮੈਂ ਆਪਣੀ ਦਾਦੀ ਤੋਂ ਬਾਤਾਂ-ਕਹਾਣੀਆਂ ਸੁਣਦਿਆਂ ਕਲਪਨਾ ਕੀਤੀ ਹੁੰਦੀ ਸੀਦਾਦੀ ਦੱਸਦੀ, ‘ਇਸ ਟੋਪੀ ਨਾਲ ਸਾਰੀਆਂ ਆਫ਼ਤਾਂ ਰਫ਼ੂ ਹੋ ਜਾਂਦੀਆਂ।’

ਉਸ ਰਾਤ ਮੈਂਨੂੰ ਹਲਕਾ ਜਿਹਾ ਤਾਪ ਚੜ੍ਹ ਗਿਆਛਲੇਡੇ ਬਾਰੇ ਖ਼ਿਆਲਾਂ ਦੀ ਲੜੀ ਮੁੱਕਣ-ਟੁੱਟਣ ਵਿੱਚ ਹੀ ਨਹੀਂ ਆ ਰਹੀ ਸੀਮੈਂ ਸਹਿਮਿਆ ਹੋਇਆ ਕਦੀ ਅੱਖਾਂ ਮੀਟ ਲੈਂਦਾ ਤੇ ਕਦੀ ਖੋਲ੍ਹ ਲੈਂਦਾਦਲਾਨ ਦੀ ਗਭਲੀ ਕੰਧ ਦੇ ਆਲੇ ਵਿੱਚ ਜਗਦਾ ਮਿੱਟੀ ਦੇ ਤੇਲ ਦਾ ਨਿੱਕਾ ਜਿਹਾ ਲੋਹੇ ਦਾ ਕਾਲਾ ਹੋ ਚੁੱਕਾ ਦੀਵਾ ਮੇਰੇ ਅੰਦਰ ਖ਼ੌਫ਼ ਦੇ ਉੱਠਦੇ ਉੱਚੇ-ਉੱਚੇ ਜਵਾਰਭਾਟਿਆਂ ਨੂੰ ਠੱਲ੍ਹ ਪਾਉਂਦਾਜਦੋਂ ਦੀਵੇ ਦੀ ਲਾਟ ਕੰਬਦੀ ਤਾਂ ਮੇਰੀ ਕੋਠੀ ਵਿਚਲਾ ਦਿਲ ਹੋਰ ਵੀ ਡੋਲ ਜਿਹਾ ਜਾਂਦਾਮੈਂ ਸੋਚਦਾ, ‘ਸੁਲੇਮਾਨੀ ਟੋਪੀ ਮੈਂਨੂੰ ਬੀ ਕਿਤਿਓਂ ਮਿਲ ਜਾਵੇ!’

... ਤੇ ਅਗਲੇ ਦਿਨ ਤੋਂ ਹੀ ਮੈਂ ਪਿੰਡ ਤੋਂ ਲਹਿੰਦੇ ਪਾਸੇ ਢੱਡਾ-ਸਨੌਰਾ ਪਿੰਡ ਨੂੰ ਜਾਂਦੇ ਰਾਹ ਵੱਲ ਨਾ ਗਿਆ ਤੇ ਨਿਆਈਆਂ ਵਿੱਚ ਟੱਟੀ ਫਿਰ ਕੇ ਘਰ ਨੂੰ ਛੂਟ ਵੱਟ ਕੇ ਦੌੜਦਾ ਆ ਰਿਹਾ ਸੀਗਲੀ ਵਿੱਚ ਮਾਈ ਈਸਰੀ ਨਾਲ ਆਹਮੋ-ਸਾਹਮਣੇ ਟੱਕਰ ਹੋ ਗਈਭਾਵੇਂ ਉਹ ਕੁੱਬੀ ਹੋ ਕੇ ਤੁਰਦੀ ਸੀ ਪਰ ਸ਼ੁਕਰ ਇਹ ਕਿ ਡਿਗਦੀ ਡਿਗਦੀ ਕੰਧ ਦੇ ਸਹਾਰੇ ਨਾਲ ਸੰਭਲ ਗਈਉਹਤੋਂ ਮੈਂ ਪਛਾਣਿਆ ਨਾ ਗਿਆ ਤੇ ਉਲਾਮੇ ਤੋਂ ਬਚ ਗਿਆ

ਦੇਖ ਤਾਂ ਗੰਦ ਨਾ ਕਿੱਦਾਂ ਪੈਰ ਲਬੇੜ ਲਿਆਇਆ!’ ਘਰ ਦੇ ਵਗਲੇ ਦੇ ਬੂਹੇ ਕੋਲ ਇੱਟਾਂ-ਰੋੜਿਆਂ ਦੇ ਬਣਾਏ ਖੁਰੇ ਉੱਤੇ ਮੇਰੇ ਪੈਰ ਧੋਂਦੀ ਮੇਰੀ ਮਾਂ ਨੇ ਆਖਿਆਫਿਰ ਉਹਨੇ ਦਲਾਨ ਪਿਛਲੀ ਕੋਠੜੀ ਅੰਦਰ ਜਾ ਕੇ ਮੈਂਨੂੰ ਹਾਕ ਮਾਰੀ, ‘ਆਈਂ ਮੇਰਾ ਪੁੱਤ, ਆਹ ਦਾਣਿਆਂ ਦੀ ਚੁੰਗ ਝੱਗੇ ਦੀ ਝੋਲੀ ਵਿੱਚ ਲੈ ਜਾ ਤੇ ਰੱਤੇ ਦਿਓਂ ਚਾਹ-ਪੱਤੀ ਲੈ ਆ।’

ਮੈਂ ਅਕਸਰ ਹੀ ਪਿੰਡ ਦੀ ਗਭਲੀ ਬੀਹੀ ਦੇ ਗੱਭੇ ਜਿਹੇ ਰੱਤੇ ਬਾਹਮਣ ਦੀ ਹੱਟੀ ਨੂੰ ਜਾਂਦਾਦੇਖਦਾ, ਸਵੇਰੇ-ਸਵੇਰੇ ਝੀਰਾਂ ਦਾ ਕਿੱਛੀ ਤੇ ਪਾਸ਼ੂ ਜੱਟਾਂ, ਬਾਹਮਣਾਂ ਤੇ ਸੁਨਿਆਰਿਆਂ ਦੇ ਘਰਾਂ ਨੂੰ ਪਾਣੀ ਭਰੇ ਘੜੇ ਲਿਜਾ ਰਹੇ ਹੁੰਦੇਉਨ੍ਹਾਂ ਨੇ ਖੱਬੇ ਮੋਢੇ ਉੱਤੇ ਘੜੇ, ਛੋਟੀ ਮਟਕੀ ਨੂੰ ਬੜੀ ਜੁਗਤ ਨਾਲ ਧੌਣ ਦਾ ਸਹਾਰਾ ਦਿੱਤਾ ਹੁੰਦਾਖੱਬੇ-ਸੱਜੇ ਦੋਹਾਂ ਬਾਂਹਾਂ-ਹੱਥਾਂ ਨਾਲ ਘੜਿਆਂ ਦਾ ਗਲਮਾ ਘੁੱਟ ਕੇ ਫੜਿਆ ਹੁੰਦਾਉਹ ਆਪਣੀ ਚੜ੍ਹਦੀ ਉਮਰ ਵਿੱਚ ਵੀ ਕਿਸੇ ਬੁੱਢੇ-ਠੇਰੇ ਵਾਂਗ ਕੁੱਬੇ ਹੋ ਕੇ ਤੁਰਦੇਘੜਿਆਂ ਦੇ ਭਾਰ ਥੱਲੇ ਕਾਹਲੀ-ਕਾਹਲੀ ਤੁਰਿਆਂ ਉਨ੍ਹਾਂ ਨੂੰ ਹੌਂਕਣੀ ਚੜ੍ਹੀ ਹੁੰਦੀਮੇਰੇ ਚਿੱਤ ਵਿੱਚ ਆਉਂਦਾ ਕਿ ਘੜੇ ਵਿੱਚ ਇੱਟ ਮਾਰ ਕੇ ਘੜਾ ਤੋੜ ਦਿਆਂ ਤੇ ਮੇਰੇ ਨਾਲੋਂ ਪੰਜ-ਛੇ ਸਾਲ ਵੱਡੇ ਪਾਸ਼ੂ ਦਾ ਭਾਰ ਤੋਂ ਛੁਟਕਾਰਾ ਹੋ ਜਾਵੇਪਾਣੀ ਭਰੇ ਛਲਕਦੇ ਘੜਿਆਂ ਕਾਰਣ ਉਨ੍ਹਾਂ ਦੇ ਗੱਲ ਦੇ ਕੱਪੜੇ ਭਿੱਜੇ ਹੋਏ ਹੁੰਦੇਥੋੜ੍ਹੇ ਚਿਰ ਪਿੱਛੋਂ ਉਨ੍ਹਾਂ ਸਕੂਲ ਨੂੰ ਦੜੁੱਕੀ ਲਾਈ ਹੁੰਦੀਉਨ੍ਹਾਂ ਦਾ ਪਿਓ ਦੀਵਾਨ ਵੀ ਵਹਿੰਗੀ ਵਿੱਚ ਪਾਣੀ ਭਰੇ ਘੜੇ ਢੋਂਦਾਉਹ ਉੱਲਰ-ਉੱਲਰ ਕੇ ਪੈਰ ਪੁੱਟਦਾਵਹਿੰਗੀ ਦੀਆਂ ਰੱਸੀਆਂ-ਤਣੀਆਂ ਅੰਦਰ ਰੱਖੇ ਘੜੇ ਹੁਲਾਰੇ ਲੈਂਦੇ ਦਿਸਦੇ

ਕੋਈ ਤੀਵੀਂ ਬੂਹੇ ਵਿੱਚ ਖੜ੍ਹੀ ਹੋ ਕੇ ਕਹਿੰਦੀ, ‘ਦਬਾਨ ਅੱਜ ਪਾਣੀ ਪੲ੍ਹੀਲਾਂ ਸਾਡੇ ਦੇ ਦੇ, ਅਸੀਂ ਮਕਾਣੇ ਜਾਣਾ।’

ਪੰਚਾ, ਬੜਾ ਮੁੜ੍ਹਕੋ-ਮੁੜ੍ਹਕੀ ਹੋਇਆ ਆਂ ਸਬੱਖਤੇ ਈ।’ ਕੋਈ ਜੱਟ ਦੀਵਾਨ ਦੇ ਪਸੀਨੇ ਨਾਲ ਭਿੱਜੇ ਲੀੜਿਆਂ ਵਲ ਦੇਖ ਕੇ ਪੁੱਛਦਾ

ਕਿਧਰੇ ਜਾਣਾ ਈ, ਸੋਚਿਆ ਜ਼ਰਾ ਛੇਤੀ ਹੱਲਾ ਮਾਰ ਲਾਂ।’ ਉਹ (ਆਪਣੀ ਮਾਝੇ ਵਾਲੀ ਬੋਲੀ ਵਿੱਚ) ਦੱਸਦਾ

ਕਈ ਵਾਰ ਤਾਈ ਸੀਬੋ (ਝੀਊਰੀ) ਤੇ ਉਹਦਾ ਪੁੱਤ ਜੀਤ ਵੀ ਲੋਕਾਂ ਦੇ ਘਰੀਂ ਪਾਣੀ ਭਰਦੇ ਮੇਰੀ ਨਜ਼ਰੀਂ ਪੈਂਦੇਨਾਲ ਹੀ ‘ਕਰਮਾਂ ਦੇ ਖੇਲ੍ਹਦੀ ਮਾਲ੍ਹ ਵਗਦੇ ਖੂਹ ਵਾਂਗ ਲਗਾਤਾਰ ਚੱਲਣ ਲੱਗ ਪੈਂਦੀਪਾਣੀ ਭਰੀਆਂ ਟਿੰਡਾਂ ‘ਭਾਈਦੇ ਪ੍ਰਵਚਨਾਂ ਦੀ ਸੱਚੀ ਸਾਖੀ ਤੇ ਮੋਰੀਆਂ ਵਾਲੀਆਂ ਪੁਰਾਣੀਆਂ ਖਾਲੀ ਆਈਆਂ ਟਿੰਡਾਂ ਇੱਕ ਮਨ-ਘੜਤ ਅਕੱਥ-ਕਥਾ ਦੀ ਸਾਖੀ ਭਰਦੀਆਂ ਜਾਪਦੀਆਂਹੱਟੀ ਨੂੰ ਆਉਂਦੇ-ਜਾਂਦੇ ਦੇ ਮੇਰੇ ਕੰਨੀਂ ਗੁਰਦੁਆਰੇ ਦੇ ਭਾਈ ਦੇ ਪਾਠ ਦੀ ਆਵਾਜ਼ ਪੈਂਦੀਪਰ ਭਾਈਆ ਕਈ ਵਾਰ ਕਹਿੰਦਾ, ‘ਖਬਨੀ ਭਾਈ ਅੱਜ ਮੂੰਹ ਵਿੱਚ ਈ ਮਿਣ-ਮਿਣ ਕਰੀ ਜਾਂਦਾ, ਕੱਲ੍ਹ ਤਾਂ ਕੁੱਕੜ ਦੀ ਬਾਂਗ ਨਾਲ ਈ ਦੁਹਾਈ ਪਾਉਣ ਡੈਹ ਪਿਆ ਸੀ।’

ਮੂੰਹ ਸਮ੍ਹਾਲ ਕੇ ਬੋਲਿਆ ਕਰ, ਕੋਈ ਸੁਣ ਲਊ ਤਾਂ ਕੀ ਕਹੂ?’ ਮਾਂ ਨੇ ਹੌਲੀ ਦੇਣੀ ਭਾਈਏ ਨੂੰ ਕਿਹਾ

ਮੇਰਾ ਪਿੰਡ ਜਿਹੜਾ ਰਾਤ ਵੇਲੇ ਸੰਘਣੇ ਹਨ੍ਹੇਰਿਆਂ ਵਿੱਚ ਗੁਆਚ ਜਾਂਦਾ, ਦਿਨ ਦੇ ਚੜ੍ਹਾ ਨਾਲ ਪ੍ਰਗਟ ਹੋ ਕੇ ਫਿਰ ਇਸ ਤਰ੍ਹਾਂ ਹਰਕਤ ਵਿੱਚ ਆ ਜਾਂਦਾਤੇ ਭਾਈਆ ਹੁੱਕੇ ਦੇ ਲੰਮੇ-ਲੰਮੇ ਘੁੱਟ ਭਰਨ ਮਗਰੋਂ ਪਿੱਤਲ ਦਾ ਗਲਾਸ ਚੁੱਕਦਾ ਇੰਨੇ ਨੂੰ ਮੇਰੇ ਤਾਇਆਂ ਦੇ ਪੁੱਤ ਵੀ ਆ ਜਾਂਦੇਉਨ੍ਹਾਂ ਨੇ ਹੱਥਾਂ ਵਿੱਚ ਜਾਂ ਕਈ ਵਾਰ ਜੇਬ ਵਿੱਚ ਜਾਂ ਪਰਨੇ ਦੇ ਲੜ ਬਾਟੀ-ਗਲਾਸ ਬੰਨ੍ਹਿਆ ਹੁੰਦਾ ਤੇ ਦਿਹਾੜੀ-ਡਗਾਰੇ (ਅੱਧੀ ਦਿਹਾੜੀ) ਲਈ ਘਰੋਂ ਨਿਕਲ ਜਾਂਦੇ

ਮੇਰੀਆਂ ਅੱਖਾਂ ਉਨ੍ਹਾਂ ਦੀਆਂ ਪਿੱਠਾਂ ਦਾ ਪਿੱਛਾ ਕਰਦੀਆਂਉਹ ਪਿਛਾਂਹ ਨੂੰ ਝਾਕ ਕੇ ਕਹਿੰਦੇ, ‘ਜਿਨ੍ਹਾਂ ਦੇ ਜਾਣਾ ਉਨ੍ਹਾਂ ਦੇ ਘਰੀਂ ਸਾਡੇ ਲਈ ਭਾਂਡਿਆਂ ਦੀ ਟੋਟ ਈ ਰਹਿੰਦੀ ਆ, ਹੋਰ ਦੱਸ!’

ਮੈਂ ਬੇਵਾਕ ਜਿਹਾ ਹੋ ਜਾਂਦਾ ਤੇ ਸੋਚਦਾ, ‘ਅਨਪੜ੍ਹਾਂ ਤੋਂ ਲਿਖੇ ਅੱਖਰ ਨਈਂ ਪੜ੍ਹ ਹੁੰਦੇ ਪਰ ਮੂੰਹ ’ਤੇ ਅਣਲਿਖੇ ਨੂੰ ਕਿੱਦਾਂ ਪੜ੍ਹ ਲੈਂਦੇ ਆ! '

ਪਰ ਮੇਰਾ ਮਨ ਛਲੇਡੇ ਦੀ ਕਲਪਨਾ ਕਰ-ਕਰ ਆਪੇ ਹੀ ਮੱਕੜੀ ਜਾਲ ਬੁਣਦਾ ਤੇ ਆਪੇ ਹੀ ਫ਼ਸ ਜਾਂਦਾ... ਤੇ ਇਉਂ ਕਿੰਨੀ-ਕਿੰਨੀ ਰਾਤ ਲੰਘ ਜਾਂਦੀ ਇਸੇ ਦੌਰਾਨ ਗਿੱਦੜ ਕੂਕਾਂ ਮਾਰਨ ਲੱਗ ਪੈਂਦੇ ਜੋ ਰੋਣਹਾਕੀਆਂ ਤੇ ਡਰਾਉਣੀਆਂ ਹੁੰਦੀਆਂਮੇਰੇ ਦਿਲ ਦੀ ਧੜਕਣ ਮੈਂਨੂੰ ਕੰਨਾਂ ਥਾਣੀ ਸੁਣਦੀਸਿਆਲਾਂ ਦੀਆਂ ਰਾਤਾਂ ਮੁੱਕਣ ਵਿੱਚ ਹੀ ਨਾ ਆਉਂਦੀਆਂਜਦੋਂ ਕਮਾਦ ਦੇ ਇਸ ਵੱਡੇ ਇਲਾਕੇ ਦੀ ਫ਼ਸਲ ਖ਼ਤਮ ਹੁੰਦੀ ਤਾਂ ਗਿੱਦੜਾਂ ਦੀਆਂ ਆਵਾਜ਼ਾਂ ਟਾਵੀਆਂ-ਟਾਵੀਆਂ ਹੀ ਸੁਣਦੀਆਂ

ਉੱਧਰ, ਵੱਡੇ ਤੜਕੇ ਲੰਬੜਾਂ ਦੇ ਦਾਸ (ਗੁਰਦਾਸ ਸਿੰਘ) ਦੀ ਅਤਿ ਉੱਚੀ ਆਵਾਜ਼, ‘ਜੈ-ਅਲੀ, ਜੈ-ਅਲੀ', ਸਿਆਲ ਦੀਆਂ ਰਾਤਾਂ ਦੇ ਸਨਾਟੇ ਨੂੰ ਚੀਰਦੀ ਹੋਈ ਸਾਡੇ ਕੰਨੀਂ ਪੈਂਦੀਨਿੱਘ ਵਿੱਚ ਵੀ ਕੁਝ ਪਲਾਂ ਲਈ ਮੈਂਨੂੰ ਕੰਬਣੀ ਜਿਹੀ ਛਿੜ ਪੈਂਦੀਆਪਣੇ ਨਾਲ ਸੁੱਤੇ ਵੱਡੇ ਭਰਾ ਬਿਰਜੂ ਨੂੰ ਮੈਂ ਘੁੱਟ ਕੇ ਲਪੇਟਾ ਜਿਹਾ ਮਾਰ ਲੈਂਦਾਮੈਂ ਡਰ ਦਾ ਮਾਰਾ ਅਦਿੱਖ ਪ੍ਰਮਾਤਮਾ ਨੂੰ ਮਨ ਹੀ ਮਨ ਧਿਆਉਣ ਲੱਗ ਪੈਂਦਾਕਈ ਵਾਰ ਗੂੜ੍ਹੀ ਨੀਂਦ ਤੜਕ ਸਾਰ ਹੀ ਆਉਂਦੀ

ਸਵੇਰ ਨੂੰ ਦਾਸ ਸਾਡੇ ਘਰ ਮੋਹਰਿਓਂ ਦੀ ਲੰਘਦਾਉਹਦੇ ਕੇਸ ਖੁੱਲ੍ਹੇ ਤੇ ਗਿੱਲੇ ਹੁੰਦੇਉਹਨੂੰ ਭਰਵੀਂ ਚਿੱਟੀ-ਕਾਲੀ ਦਾਹੜੀ ਫੱਬਦੀ ਪਰ ਉਹ ਕੋਈ ਦਿਓ ਜਾਂ ਜਿੰਨ-ਭੂਤ ਲੱਗਦਾਉਹਦੇ ਤੇੜ ਉੱਚੀ ਜਿਹੀ ਧੋਤੀ ਤੇ ਗੱਲ ਨਿਹੰਗਾਂ ਵਰਗਾ ਕੁੜਤਾ ਹੁੰਦਾਉਹਦੇ ਸੱਜੇ ਹੱਥ ਲੋਹੇ ਦੀ ਬਾਲਟੀ ਤੇ ਖੱਬੇ ਮੋਢੇ ਉੱਤੇ ਗੰਨਿਆਂ ਦਾ ਇੱਕ ਭਾਰਾ ਹੁੰਦਾਉਹਦੀ ਇਸ ਤਰ੍ਹਾਂ ਦੀ ਦਿੱਖ ਦੇਖ ਕੇ ਮੇਰਾ ਤ੍ਰਾਹ ਨਿਕਲ ਜਾਂਦਾਮੈਂ ਫ਼ੁਰਤੀ ਨਾਲ ਆਪਣੇ ਘਰ ਦੇ ਬਾਹਰਲੇ ਬੂਹੇ ਦੇ ਤਖ਼ਤੇ ਉਹਲੇ ਲੁਕ ਜਾਂਦਾ

ਧਰਮ ਨਾ ਰਸ ਦੀ ਚਾਟੀ ਪੀ ਜਾਂਦਾ, ਲੰਬੜਪੰ-ਸੱਤ ਦਿਨ ਹੋਏ ਤਾਂ ਮੁੰਡਿਆਂ ਨੇ ਚੱਕ-ਚਕਾ ਕੇ ਬੇਲਣੇ ’ਤੇ ਰਸ ਦੀ ਚਾਟੀ ਪਲਾਤੀ - ਜਦੋਂ ਮੂੰਧਾ ਹੋਇਆ ਤਾਂ ਬੱਘ-ਬੱਘ ਕਰਨ ਡੈਹ ਪਿਆ।’ ਇੱਕ ਦਿਨ ਸਵਰਨੇ ਨੇ ਦਾਸ ਨੂੰ ਆਉਂਦਿਆਂ ਦੇਖ ਕੇ ਆਪਣੇ ਬੂਹੇ ਮੋਹਰੇ ਖੜ੍ਹੇ ਮੇਰੇ ਭਾਈਏ ਨਾਲ ਸਰਸਰੀ ਲਹਿਜ਼ੇ ਨਾਲ ਗੱਲ ਤੋਰੀ

ਖ਼ਬਰੇ ਕੀ ਰੁੰਨ੍ਹਣਾ ਇਨ੍ਹਾਂ ਦੇ ਘਰ! ਕਿੱਡਾ ਉੱਚਾ-ਲੰਮਾ ਜਵਾਨ ਆ ਪਰ ਅੱਧੀ ਰਾਤੀਂ ਖੂਹ ਗੇੜਨ ਲੱਗ ਪਈਂਦਾ!’ ਭਾਈਏ ਨੇ ਗੱਲ ਨੂੰ ਵਿਸਥਾਰ ਦਿੱਤਾ

ਸਾਰਾ ਤਾਂ ਮਾਮਿਆਂ ਨੇ ਤਕੀਆ ਬਲਿਆ (ਵਗਲਿਆ) ਆ, ਪੀਰ ਨੇ ਆਪੇ ਈ ਸਿਰ ਚੜ੍ਹ ਕੇ ਬੋਲਣਾ - ਮੁਸਲਮਾਨ ਪਖੀਰ ਸੲ੍ਹੀਜੇ ਕੀਤੇ ਪਿੱਛਾ ਥੋੜ੍ਹੋ ਛੱਡਦੇ ਆ।’ ਸਵਰਨੇ ਨੇ ਲੋਕਾਂ ਦੇ ਮੂੰਹ ਚੜ੍ਹੀ ਗੱਲ ਨੂੰ ਦੁਹਰਾਇਆ

ਖੰਡ-ਪਾਠ ਤਾਂ ਬਥੇਰੇ ਕਰਾਉਂਦੇ ਆ, ਫੇ ਬੀ ...!’ ਭਾਈਏ ਨੇ ਆਖਿਆ ਇੰਨੇ ਨੂੰ ਦਾਸ ਕੋਲ ਆ ਕੇ ਖੜ੍ਹਾ ਹੋ ਗਿਆਮੈਂ ਤਖ਼ਤੇ ਦੀ ਵਿਰਲ ਥਾਣੀ ਦੇਖਦਾ-ਸੁਣ ਰਿਹਾ ਸੀ

ਠਾਕਰਾ, ਮੈਂ ਸਰੀਰ ਤੋੜ-ਤੋੜ ਸਿਟਦਾਂ, ਸਿਰ ਘਮਾਉਨਾ, ਅਈਨਾ ਉੱਚੀ ਬੋਲਦਾਂ, ਓਅਹਲੇ ਸੁੱਧ-ਬੁੱਧ ਨਈਂ ਰਹਿੰਦੀਪੀਰ ਕਹਿੰਦਾ ਪਈ ਮੇਰੀ ਕਬਰ ਕਿਉਂ ਪੱਟੀ ਆ - ਮੇਰੀ ਖ਼ਾਨਗਾਹ ਬਣਾਓ, ਬੀਰਬਾਰ ਦੇ ਬੀਰਬਾਰ ਚਿਰਾਗ ਕਰੋ! ਨਿਆਜ ਦਿਓਪਰ ਘਰ ਵਿੱਚ ਮੇਰੀ ਪੁੱਗਦੀ ਹੋਬੇ ਤਾਂ ਆ ਨਾ!’ ਦਾਸ ਨੇ ਹੱਥ ਵਿੱਚ ਫੜੀ ਬਾਲਟੀ ਨੂੰ ਉੱਤੇ-ਹੇਠਾਂ ਕਰਦਿਆਂ ਆਪਣੀ ਵਿਥਿਆ ਸੰਖੇਪ ਵਿੱਚ ਦੱਸੀ

ਪੀਰ ਦੀ ਕਬਰ ਬੀ ਨਈਂ ਰਹੀ, ਫੇ ਉਹ ਰਹਿੰਦਾ ਕਿੱਥੇ ਆ, ਬੋਲਦਾ ਕਿੱਦਾਂ ਆ! ਰਾਤਾਂ ਨੂੰ ਡਰਾਉਣ ਬਾਲਾ ਦਿਨੇ ਕਿਹਤੋਂ ਡਰਦਾ ਆ!’ ਮੈਂ ਮਨ ਵਿੱਚ ਸੋਚਿਆ

ਪਲ ਕੁ ਪਿੱਛੋਂ ਦਾਸ ਆਖਣ ਲੱਗਾ, ‘ਸਵਰਨਿਆਂ ਚੱਲ ਖੂਹ ਨੂੰ, ਤੇਰਾ ਬੇਲਣਾ ਬਗਦਾ ਆ ਨਾ? ਛੇਤੀ ਚੱਲ।’

ਸਬੇਰੇ ਈ ਡੌਂਅ ਲੱਗ ਗਿਆ ਲੰਬੜਾ?’ ਭਾਈਏ ਨੇ ਪੁੱਛਿਆ

ਧਰਮ ਨਾ ਤੜਸ਼ ਲੱਗੀਊ ਆ, ਅੰਦਰ ਤਾਂ ਅਈਦਾਂ ਜਿੱਦਾਂ ਅੱਗ ਲੱਗੀਊ ਹੁੰਦੀ ਆ।’

ਜਦੋਂ ਦਾਸ ਤੇ ਸਵਰਨਾ ਬੋਹੜ ਵਾਲਿਆਂ ਦੇ ਘਰਾਂ ਕੋਲ ਚਲੇ ਗਏ ਤਾਂ ਮੈਂ ਤੇ ਹੋਰ ਨਿਆਣੇ ਰਾਹ ਵਿੱਚ ਆ ਕੇ ਇੱਕ ਆਵਾਜ਼ ਵਿੱਚ ਕਹਿਣ ਲੱਗ ਪਏ, ‘ਜੈ-ਅਲੀ, ਜੈ-ਅਲੀ।’

ਸਵਰਨੇ ਨੇ ਤਰਦੀ ਜਿਹੀ ਨਜ਼ਰ ਪਿਛਾਂਹ ਨੂੰ ਮਾਰੀ ਪਰ ਦਾਸ ਪਿੱਛੇ ਨੂੰ ਚੰਗੀ ਤਰ੍ਹਾਂ ਨਾ ਦੇਖ ਸਕਿਆ

... ਤੇ ਇੱਧਰ ਭਾਈਆ ਰਾਹ ਦੇ ਨਾਲ ਹੀ ਬੋਹੜ-ਪਿੱਪਲ ਥੱਲੇ ਬੱਝੀਆਂ ਗਾਂ ਤੇ ਮੱਝ ਕੋਲ ਗਿਆਉਹਨੇ ਮੱਝ ਦੇ ਪਿੰਡੇ ’ਤੇ ਥਾਪੀ ਦਿੱਤੀ ਤੇ ਉਹਦੇ ਚੱਡੇ ਤੋਂ ਚਿੱਚੜੀਆਂ ਲਾਹੁਣ ਲੱਗ ਪਿਆਉਹ ਲਾਹੀ ਹੋਈ ਚਿੱਚੜੀ ਨੂੰ ਭੁੰਜੇ ਰੱਖ ਕੇ ਉੱਤੇ ਸੱਜੇ ਹੱਥ ਦੀ ਪਹਿਲੀ ਉਂਗਲ ਘਸਾਵੇ ਪਰ ਕੋਈ-ਕੋਈ ਮੁੜ ਦੌੜਨ ਲੱਗ ਪਵੇਫਿਰ ਉਹਨੇ ਬਾਂਹ ਲੰਮੀ ਕਰਕੇ ਇੱਕ ਠੀਕਰੀ ਚੁੱਕ ਕੇ ਆਪਣੇ ਸੱਜੇ ਪੈਰ ਨੇੜੇ ਰੱਖ ਲਈ ਤੇ ਕਿਹਾ, ‘ਸਾਲੀਆਂ ਕਿੱਦਾਂ ਘੇਸਲ ਮਾਰ ਕੇ ਪਈਆਂ ਆਂ, ਹੁਣ ਕਰਦਾਂ ਅਲਾਜ ਧੁਆਡਾ।’ ਇਸ ਚਿੱਚੜੀ-ਮਾਰ ਸਿਲਸਿਲੇ ਦੌਰਾਨ ਮੈਂ ਦੇਖਿਆ ਕਿ ਮੱਝ ਅੱਖਾਂ ਮੀਟ ਕੇ ਜੁਗਾਲੀ ਕਰਨ ਲੱਗ ਪਈ ਸੀ ਇੰਨੇ ਨੂੰ ਪਤਾ ਨਹੀਂ ਭਾਈਏ ਨੂੰ ਕੀ ਸੁੱਝਿਆ, ਮੈਂਨੂੰ ਕਹਿਣ ਲੱਗਾ, ‘ਗੁੱਡ ਘਰੋਂ ਖੁਰਲੀ ਕੋਲ ਪਿਆ ਮੇਰਾ ਪਾਟਾ ਕੱਛਾ ਚੱਕ ਲਿਆ।’

ਮੈਂ ਝੱਟ ਦੇਣੀ ਹਰਕਤ ਵਿੱਚ ਆ ਗਿਆ

ਦੇਖ ਤਾਂ ਕਿੱਦਾਂ ਖੌਹੜਾ ਜੰਮਿਆਂ ਆ।’ ਮੱਝ ਦੇ ਪਿੰਡੇ ’ਤੇ ਜ਼ੋਰ ਨਾਲ ਲੀੜਾ ਘਸਾਉਂਦਿਆਂ ਬੋਲਿਆ‘ਤੇਰਾ ਬੀ ਬੇਧਾ (ਵੇਹਧਾ) ਲਾਹੁੰਨਾ।’ ਭਾਈਏ ਨੇ ਲਾਖੀ ਗਾਂ ਵਲ ਭਰਵੀਂ ਨਜ਼ਰ ਮਾਰਦਿਆਂ ਆਖਿਆ ਮੈਂਨੂੰ ਲੱਗਿਆ ਜਿਵੇਂ ਉਹ ਗਾਂ ਨਾਲ ਗੱਲਾਂ ਕਰ ਰਿਹਾ ਹੋਵੇ

... ਤੇ ਸਿਆਲ ਆਪਣੇ ਆਖ਼ਰੀ ਦਿਨ ਗਿਣ ਰਿਹਾ ਸੀਮੈਂ ਤੇ ਮੇਰੇ ਹਾਣੀ ਬੋਹੜ-ਪਿੱਪਲ ਦੇ ਪੱਤਿਆਂ ਦੀਆਂ ਭੰਬੀਰੀਆਂ ਬਣਾਉਣ-ਉਡਾਉਣ ਵਿੱਚ ਰੁੱਝੇ ਰਹਿੰਦੇਪਿੱਪਲ ਦੇ ਡਾਹਣਿਆਂ ਦੀਆਂ ਟਾਹਣੀਆਂ ਨਿਰਪੱਤੀਆਂ ਹੋ ਗਈਆਂ ਸਨਨਵੀਆਂ ਲਾਲ-ਸੂਹੀਆਂ ਕਰੂੰਬਲਾਂ ਫੁੱਟਣ ਨੂੰ ਉਤਾਵਲੀਆਂ ਸਨਇਸ ਪੱਤਝੜ (1962) ਦੇ ਖ਼ਾਤਮੇ ਨਾਲ ਹੀ ਮੇਰਾ ਸਕੂਲ ਜਾਣ ਦਾ ਸਿਲਸਿਲਾ ਸ਼ੁਰੂ ਹੋ ਗਿਆ

ਸਕੂਲ ਜਾਣ ਤੋਂ ਪਹਿਲਾਂ ਵੀ ਮੈਂ ਅਨੇਕ ਵਾਰ ਸਕੂਲ ਜਾ ਚੁੱਕਾ ਸੀ ਪਰ ਛੂਹਣ-ਛੂਹਾਈ ਲਈਮੈਂ, ਪਾਸ਼ ਤੇ ਧਿਆਨ ਤਿੰਨੋਂ ਜੋਟੀਦਾਰ ਕਈ ਵਾਰ ਸਕੂਲ ਦੇ ਵਿਹੜੇ ਵਿਚਲੀ ਹਲਟੀ ਨੂੰ ਗੇੜਦੇ ਰਹਿੰਦੇਇਹ ਇੰਨੀ ਰੈਲ਼ੀ ਸੀ ਕਿ ਅਸੀਂ ਇਕੱਲਾ-ਇਕੱਲਾ ਵੀ ਗਾਧੀ ਦਾ ਪੂਰਾ ਗੇੜਾ ਦੇ ਦਿੰਦੇਲੋਹੇ ਦੀਆਂ ਨਿੱਕੀਆਂ-ਨਿੱਕੀਆਂ ਪਾਣੀ ਭਰੀਆਂ ਟਿੰਡਾਂ ਬੈੜ ਦੇ ਸਿਖਰ ਉੱਤੇ ਜਾ ਮੂਧੀਆਂ ਹੋਣ ’ਤੇ ਖਾਲੀ ਹੁੰਦੀਆਂ ਤੇ ਪਾਰਸ਼ੇ ਦੇ ਪਾਣੀ ਦੀ ਨਸਾਰ ਨਾਲ ਇਹ ਵੱਡੀ ਸਾਰੀ ਖੁਰਲੀ ਤਾਲੋਤਾਲ ਭਰ ਜਾਂਦੀਮੈਂ ਘਰ ਜਾ ਕੇ ਇਹ ਸਭ ਕੁਝ ਹੁੱਬ ਕੇ ਭਾਈਏ ਨੂੰ ਦੱਸਦਾ

ਇਹ ਜਾਨ ਮੁਹੰਮਦ ਹੁਣਾ ਦੀ ਹਬੇਲੀ ਸੀਉਨ੍ਹਾਂ ਨੇ ਬੜੇ ਸ਼ੌਕ ਨਾ ਇਹਦੇ ਬਰਾਂਡੇ, ਕਮਰੇ ਤੇ ਮਸੀਤ ਬਣਾਏ ਸੀ।’ ਭਾਈਏ ਨੇ ਦੱਸਿਆਅਸੀਂ ਸਾਰਾ ਟੱਬਰ ਬੜੇ ਗਹੁ ਨਾਲ ਸੁਣਨ ਲੱਗ ਪਏਮੈਂ ਦੇਖਿਆ ਕਿ ਭਾਈਏ ਦਾ ਚਿਹਰਾ ਉੱਤਰ ਜਿਹਾ ਗਿਆ ਸੀ

ਭਾਈਏ ਨੇ ਕੁਝ ਚੇਤਾ ਜਿਹਾ ਕਰਦਿਆਂ ਆਖਿਆ, ‘ਇੱਕ ਦਿਨ ਐਹਲੇ ਕੁ ਲਊਢੇ ਬੇਲੇ ਜਦੋਂ ਮੈਂ ਦੌੜ ਕੇ ਜਾ ਕੇ ਤਕਈਏ ’ਤੇ ਬਈਠੇ ਮੋਹਕੂ ਨੂੰ ਦੱਸਿਆ ਪਈ ਧੁਆਡਾ ਜਾਨ ਔਹ ਲੜੋਏ ਦੇ ਰਾਹੇ ਆਉਂਦਾ ਤਾਂ ਉੱਥੇ ਬਈਠਿਆਂ ਵਿੱਚੋਂ ਕਿਸੇ ਨੇ ਬੀ ਮੇਰਾ ਅਤਬਾਰ ਈ ਨਾ ਕੀਤਾਉਦੋਂ ਮੈਂ ਹੌਲਾ ਜਿਹਾ ਈ ਸਿਗਾ।’ ਮੈਂ ਦੇਖਿਆ ਕਿ ਹੁਣ ਭਾਈਏ ਦੇ ਮੂੰਹ ’ਤੇ ਖ਼ੁਸ਼ੀ ਦੀ ਇੱਕ ਲਹਿਰ ਸੀ

ਮੈਂ ਫੇ ਕਿਹਾ ਪਈ ਜਾ ਕੇ ਦੇਖ ਲਬੋਮੋਹਕੂ ਉੱਠ ਕੇ ਖੜ੍ਹਾ ਹੋਇਆ ਤੇ ਦੂਹੋ ਦੂਹ ਤੁਰ ਪਿਆਫੇ ਕੀ ਸੀ, ਉਹਨੇ ਜਾਨ ਨੂੰ ਕਲਾਵੇ ਵਿੱਚ ਘੁੱਟ ਲਿਆ।’ ਭਾਈਆ ਇਉਂ ਦੱਸ ਰਿਹਾ ਸੀ ਜਿਵੇਂ ਉਸਨੇ ਕੋਈ ਵੱਡਾ ਮਾਅਰਕਾ ਮਾਰਿਆ ਹੋਵੇ

ਉਹ ਕਿਤੇ ਰੁੱਸ ਕੇ ਚਲਾ ਗਿਆ ਸੀ?’ ਮੈਂ ਪੁੱਛਿਆ ਤਾਂ ਭਾਈਏ ਦੇ ਬਰੀਕ ਦੰਦਾਂ ਦਾ ਮਜ਼ਬੂਤ ਪੀੜ ਪਲ ਭਰ ਲਈ ਦਿਖਾਈ ਦਿੱਤਾ

ਨਈਂ, ਉਹ ਫੌਜ ਵਿੱਚ ਸੀਦੂਜੀ ਬੜੀ ਜੰਗ ਵਿੱਚ ਕਿੰਨਾ ਚਿਰ ਉਹਦੀ ਨਾ ਕੋਈ ਚਿੱਠੀ ਆਈ ਤੇ ਨਾ ਈ ਕੋਈ ਉੱਘ-ਸੁੱਘ ਲੱਗੀਸਾਰਿਆਂ ਨੇ ਬੇਅਮੀਦੀ (ਬੇਉਮੀਦੀ) ਕਰ ’ਤੀ ਸੀ!’ ਭਾਈਏ ਵਲੋਂ ਚਾਅ ਨਾਲ ਸੁਣਾਈ ਜਾ ਰਹੀ ਇਹ ਕਹਾਣੀ ਮੁੱਕਣ ਵਿੱਚ ਹੀ ਨਹੀਂ ਆ ਰਹੀ ਸੀ

ਧਰਮ ਨਾ ਜੀਮਾਂ (ਜੀਵਾਂ) ਨੇ ਬੜੀ ਖੁਸ਼ੀ ਮਨਾਈਸਾਡੇ ਘਰੀਂ ਲੱਡੂ ਬੰਡੇਜਿੱਦਣ ਨਿਆਜ ਬੰਡੀ ਓਦਣ ਸਾਰਿਆਂ ਤੋਂ ਪਈ੍ਹਲਾਂ ਮਈਨੂੰ ਘਰ ਆ ਕੇ ਚਉਲ ਦੇਣ ਆਈ, ਪਈ ਤੂੰ ਮੇਰੇ ਪੁੱਤ ਦੀ ਆਮਦ ਦੀ ਖ਼ਬਰ ਲੈ ਕੇ ਆਇਆ ਸੀ।’ ਭਾਈਏ ਨੇ ਸਕੂਲ ਦੀ ਇਮਾਰਤ ਤੋਂ ਜਾਨ ਮੁਹੰਮਦ ਦੀ ਹਵੇਲੀ ਤਕ ਜਾਣ ਲਈ ਆਪਣੀਆਂ ਯਾਦਾਂ ਦਾ ਘੋੜਾ ਪਿਛਾਂਹ ਵਲ ਨੂੰ ਸਰਪੱਟ ਦੌੜਾਇਆ ਹੋਇਆ ਸੀ

ਜਾਨ ਮੁਹੰਮਦ ਦਾ ਛੋਟਾ ਭਰਾ ਅਜ਼ੀਜ਼ ਮੁਹੰਮਦ ਮੇਰਾ ਜਿਗਰੀ ਦੋਸਤ ਸੀ।’ ਭਾਈਏ ਦੀ ਆਵਾਜ਼ ਪਹਿਲਾਂ ਨਾਲੋਂ ਮੱਠੀ ਤੇ ਥੋੜ੍ਹੀ ਜਿਹੀ ਭਾਰੀ ਹੋ ਗਈ ਸੀਉਹਦੀਆਂ ਲਾਖੇ ਰੰਗ ਦੀਆਂ ਗੱਲ੍ਹਾਂ ਢਿੱਲੀਆਂ ਜਿਹੀਆਂ ਪੈ ਗਈਆਂਸਾਹਮਣੇ ਪਏ ਉਹਦੇ ਹੱਥਾਂ ਦੇ ਖੱਡੀ ’ਤੇ ਬੁਣੇ ਸਿਲਕੀ ਥਾਨ ਦੀਆਂ ਪਤਲੀਆਂ-ਪਤਲੀਆਂ ਤਹਿਆਂ ਖੁੱਲ੍ਹ ਕੇ ਮੇਰੇ ਮਨ ਵਿੱਚ ਜਿਵੇਂ ਵਿਛਣੀਆਂ ਸ਼ੁਰੂ ਹੋ ਗਈਆਂ

ਕਿੱਸਾ-ਕੋਤਾ ਅਈਥੇ ਮੁੱਕਦਾ ਪਈ ਭਾਮੇ ਬੱਢ-ਟੁੱਕ ਕਿਤੇ-ਕਿਤੇ ਹੋਣ ਲੱਗ ਪਈ ਸੀ ਪਰ ਉਹ ਸਾਰੇ ਟੱਬਰ ਅਈਥੋਂ ਸੲ੍ਹੀ ਸਲਾਮਤ ਚਲੇ ਗਏਸਾਰਾ ਪਿੰਡ ਤਾਂ ’ਕੱਠਾ ਹੋਇਆ ਸੀ ਜਿਹਲਾਂ ਉਹ ਟਰੱਕ ਵਿੱਚ ਬਈਠੇਜੀਮਾਂ ਤੇ ਮੋਹਕੂ ਧਰਮ ਨਾ ਢਾਹੀਂ ਰੋ ਪਏ ਅਜ਼ੀਜ਼ ਮੇਰੇ ਗੱਲ ਲੱਗ ਲੱਗ ਰੋਬੇ ...ਜੰਮਣ-ਭੋਂ ਛੱਡਣੀ ਕਿਤੇ ਸਉਖੀ ਆ...।’ ਭਾਈਏ ਤੋਂ ਅੱਗੇ ਬੋਲਿਆ ਨਾ ਗਿਆ

ਥੋੜ੍ਹਾ ਕੁ ਰੁਕ ਕੇ ਉਸ ਨੇ ਆਖਿਆ, ‘ਜਦੋਂ ਟਰੱਕ ਤੁਰਨ ਲੱਗਾ ਤਾਂ ਅਜ਼ੀਜ਼ ਮੇਰੇ ਅਲ ਇੱਕ ਟੱਕ ਦੇਖੀ ਜਾਬੇਉਹਦਾ ਮੂੰਹ ਸੂਤਿਆ ਜਿਹਾ ਲਗਦਾ ਸੀ, ਜਿੱਦਾਂ ਬਮਾਰ ਉੱਠਿਆ ਹੋਬੇਧਰਮ ਨਾ ਉਹਦੀਆਂ ਭੁੱਬਾਂ ਨਿਕਲ ਗਈਆਂਮੈਂ ਬੀ ਬੇਵਸੀ ਵਿੱਚ ਉਹਨੂੰ ਝੂਰਦਾ ਰਿਹਾਮੇਰੀਆਂ ਅੱਖਾਂ ਵਿੱਚ ਬੀ ਪਾਣੀ ਭਰ ਆਇਆ ਤੇ ਝਉਲਾ ਝਉਲਾ ਦਿਸਣ ਲੱਗ ਪਿਆ... ਤੇ ਓਦਣ ਤਕਾਲਾਂ ਨੂੰ ਈ ਸਾਰਾ ਪਿੰਡ ਸੁਸਰੀ ਆਂਗੂੰ ਸੌਂ ਗਿਆ ਸੀ, ਜਿੱਦਾਂ ਕੋਈ ਦੇਅ ਫਿਰ ਗਿਆ ਹੋਬੇ... ਬੇੜੀਆਂ ਵਿੱਚ ਬੱਟੇ ਪਾ ’ਤੇ ਬੇਈਮਾਨ ਲੀਡਰਾਂ ਨੇ।’

ਰਾਤ ਨੂੰ ਸੌਣ ਵੇਲੇ ਮੈਂਨੂੰ ਵੱਢ-ਟੁੱਕ, ਗੱਲ ਲੱਗ ਰੋਣ ਤੇ ਪਿੰਡ ਵਿੱਚ ਪਸਰੀ ਖ਼ਾਮੋਸ਼ੀ ਦਾ ਕਲਪਤ ਦ੍ਰਿਸ਼ ਮੁੜ-ਮੁੜ ਦਿਸਦਾਸਕੂਲ ਦੇ ਵਿਹੜੇ ਵਿੱਚ ਅਡੋਲ ਖੜ੍ਹੀ ਜਾਮਣ ਦੇ ਪੱਤੇ ਟਾਹਣੀਆਂ ਨਾਲੋਂ ਟੁੱਟ-ਟੁੱਟ ਡਿਗਦੇ ਦਿਸਦੇ ਤੇ ਮਸੀਤ ਨ੍ਹੇਰੇ ਨਾਲ ਭਰੀ ਹੋਈਸੋਚਦਾ, ‘ਪਹਿਲਾਂ ਤੋਂ ਉਲਟ ਭਾਈਏ ਨੇ ਹੁੱਕੇ ਦਾ ਘੁੱਟ ਕਿਉਂ ਨਹੀਂ ਭਰਿਆ? ਉਹਦੀ ਆਵਾਜ਼ ਕਿਉਂ ਭਾਰੀ ਹੋ ਗਈ ਸੀ?’ ਮਨ ਉੱਤੇ ਜ਼ੋਰ ਪਾਉਣ ’ਤੇ ਵੀ ਬਹੁਤੀਆਂ ਗੱਲਾਂ ਦਾ ਮੈਂਨੂੰ ਸਿਰਾ ਨਾ ਮਿਲਦਾਪਤਾ ਨਹੀਂ ਮੈਂਨੂੰ ਫਿਰ ਕਦੋਂ ਨੀਂਦ ਆਉਂਦੀਸਵੇਰ ਨੂੰ ਇਹ ਸੋਚਾਂ ਇਉਂ ਮਿਟੀਆਂ ਹੁੰਦੀਆਂ ਜਿਵੇਂ ਮੈਂ ਆਪਣੀ ਫੱਟੀ ਉੱਤੇ ਤਾਜ਼ਾ ਪੋਚਾ ਫੇਰਿਆ ਹੋਵੇਪਰ ਖੌਪੀਏ ਵੇਲੇ ਫਿਰ ਪੂਰਨਿਆਂ ਉੱਤੇ ਲਿਖੇ ਓਹੀ ਅੱਖਰ ਗੂੜ੍ਹੇ ਹੁੰਦੇ ਦਿਸਦੇ

ਮੇਰੇ ਮਨ ਤੋਂ ਡਰ-ਭੌ ਦੀ ਮੋਟੀ ਪਰਤ ਪਿਘਲਣ ਵਿੱਚ ਹੀ ਨਹੀਂ ਆ ਰਹੀ ਸੀਮੇਰੀਆਂ ਸੋਚਾਂ ਦੀਆਂ ਲੰਮੀਆਂ ਉਡਾਰੀਆਂ ਦੇ ਪਰ ਜਿਵੇਂ ਸੁੰਗੜ ਕੇ ਇੱਕ ਬਿੰਦੂ ਵਿੱਚ ਬਦਲ ਗਏ ਹੋਣਇਨ੍ਹਾਂ ਹੀ ਦਿਨਾਂ ਵਿੱਚ ਮੇਰੀਆਂ ਰਾਤਾਂ ਹੋਰ ਲੰਮੀਆਂ ਹੋ ਗਈਆਂ

ਇਹ ਘਟਨਾ ਤ੍ਰਕਾਲਾਂ ਦੀ ਸੀ ਜਦੋਂ ਘਾਹ-ਪੱਠਾ ਖੋਤਣ ਨਿਕਲੀਆਂ ਸਾਡੇ ਵਿਹੜੇ ਦੀਆਂ ਤੀਵੀਆਂ ਮੁੜਦੇ ਪੈਰੀਂ ਆ ਕੇ ਹੋਰਾਂ ਨੂੰ ਦੱਸਣ ਲੱਗ ਪਈਆਂ, ‘ਲੰਬੜਾਂ ਦੀ ਹਬੇਲੀ ਠਾਣਾ ਬਈਠਾ ਆ!’

ਇਸੇ ਦੌਰਾਨ ਮੈਂਨੂੰ ਤਿੰਨ ਖ਼ਾਕੀ ਵਰਦੀਧਾਰੀ ਉੱਚੇ-ਲੰਮੇ ਪੁਲਸੀਏ ਦਿਸੇਪੁਲਿਸ ਮੈਂ ਪਹਿਲੀ ਵਾਰ ਦੇਖੀ ਸੀਉਨ੍ਹਾਂ ਨੇ ਨਿੱਕਰਾਂ-ਕਮੀਜ਼ਾਂ ਪਹਿਨੀਆਂ ਤੇ ਪੱਗਾਂ ਬੰਨ੍ਹੀਆਂ ਹੋਈਆਂ ਸਨਉਨ੍ਹਾਂ ਦੇ ਹੱਥਾਂ ਵਿੱਚ ਰੂਲ ਸਨਉਨ੍ਹਾਂ ਗਰਮੀਆਂ ਵਿੱਚ ਵੀ ਗਰਮ ਖ਼ਾਕੀ ਜ਼ੁਰਾਬਾਂ ਜੋ ਗਿੱਟਿਆਂ ਤਕ ਮੋੜ ਕੇ ਦੋਹਰੀਆਂ ਕੀਤੀਆਂ ਹੋਈਆਂ ਸਨ, ਬੂਟਾਂ-ਸੈਂਡਲਾਂ ਸਣੇ ਪਾਈਆਂ ਹੋਈਆਂ ਸਨਸਾਡੇ ਘਰ ਮੋਹਰਲੇ ਪੂਰੇ ਰਾਹ ਵਿੱਚ ਸੁੰਨਸਾਨ ਸੀਨਾ ਕੋਈ ਬੰਦਾ ਤੇ ਨਾ ਕੋਈ ਪਰਿੰਦਾ ਦਿਸਦਾ ਸੀ

ਸਾਡੇ ਘਰ ਦੇ ਬੂਹੇ ਪਿੱਛੇ ਲੁਕ ਕੇ ਖੜ੍ਹੀਆਂ ਬੁੜ੍ਹੀਆਂ ਦੇ ਚਿਹਰੇ ਘਬਰਾਏ ਤੇ ਮਸੋਸੇ ਹੋਏ ਸਨਉਨ੍ਹਾਂ ਦੇ ਹੱਥਾਂ ਵਿਚਲੇ ਰੰਬੇ-ਦਾਤੀਆਂ ਹੌਲੀ ਹੌਲੀ ਕੰਬਦੇ ਜਿਹੇ ਲਗਦੇਉਹ ਘੁਸਰ-ਮੁਸਰ ਕਰ ਰਹੀਆਂ ਸਨ, ‘ਹਾਅ ਪਨਾਹਗੀਰਾਂ ਦੀ ਮਿੰਦ੍ਹੋ ਕਿਸੇ ਨਾ ਨਿਕਲੀ ਥੋੜ੍ਹੋ ਸੀ, ਦੱਸਦੇ ਆ ਪਈ ਇਨ੍ਹਾਂ ਨੇ ਉਹਦੇ ਤਿੰਨ ਡੱਕਰੇ ਕਰ ਕੇ, ਬੋਰੀ ਵਿੱਚ ਪਾ ਕੇ ‘ਪਾਣੀ ਧੱਕਾਂਦੇ ਸਿੰਬਲ ਆਲੇ ਖੂਹ ਵਿੱਚ ਸਿੱਟ ਦਿੱਤੀ ਆ!’ ਕੋਲ ਖੜ੍ਹੇ ਦੀਆਂ ਮੇਰੀਆਂ ਲੱਤਾਂ ਮੇਰਾ ਭਾਰ ਨਹੀਂ ਸਹਾਰ ਰਹੀਆਂ ਸਨ

ਜਦੋਂ ਪੁਲਿਸੀਏ ਲੰਘ ਗਏ ਤਾਂ ਬੂਹਾ ਖੋਲ੍ਹਿਆ ਗਿਆ

ਹਾਅ ਤਲੰਗਾ ਜਿਹਾ ਪਤਾ ਨਈਂ ਕਿਹੜੇ ਕੰਜਰ ਨੇ ਭਰਤੀ ਕਰ ਲਿਆ, ਤੇ ਔਹ ਪਿਛਲਾ ਸਾਲਾ ਕਿੱਦਾਂ ਫਿੱਟਾ ਆ, ਢਿੱਡਲ ਜਿਹਾ -ਬਗਾਨਾ ਮਾਲ ਖਾ-ਖਾ ਕੇ।’ ਭਾਈਏ ਨੇ ਇਕਹਿਰੇ ਤੇ ਗੋਗੜ ਵਾਲੇ ਪੁਲਸੀਆਂ ਬਾਰੇ ਹੋਰਾਂ ਨੂੰ ਸੁਣਾ ਕੇ ਕਿਹਾਸਾਰਿਆਂ ਦਾ ਇੱਕੋ ਵੇਲੇ ਨਿੱਕਾ ਜਿਹਾ ਹਾਸਾ ਨਿਕਲ ਗਿਆ

ਭਾਈਏ ਨੇ ਫਿਰ ਟਿੱਪਣੀ ਕੀਤੀ, ‘ਸਾਲੇ ਅਣਖਾਂ ਦੇ, ਹਰਾਮਦੀ ਨੂੰ ਕਿਤੇ ਹੋਰ ਦਫ਼ਾ ਕਰ ਦਿੰਦੇ! ਬਾਰੀਆਂ (ਪਾਕਿਸਤਾਨ ਦੇ ਬਾਰ ਇਲਾਕੇ ਵਿੱਚੋਂ ਆਏ ਜੱਟਾਂ) ਦਾ ਕੀ ਖੁੱਸ ਗਿਆ! ਜੱਟਾਂ ਦਾ ਸੱਤੀ ਬੀਹੀਂ ਸੌ ਐਵੀਂ ਥੋੜ੍ਹੋ ਕਹਿੰਦੇ ਆ! ਹੁਣ ਉਮਰ ਕੈਦਾਂ ਕੱਟਣਗੇ ਸਾਲੇ! ਨਾਲੇ ਇਨ੍ਹਾਂ ਦੀ ਕਰਮੀ ਨਈਂ ਰੱਖੀਊ ਗੁਰਮੁਖ (ਬਾਰੀਆਂ ਦੇ ਪਰਿਵਾਰ ਵਿੱਚੋਂ) ਨੇ! ਰੱਖੇ (ਕਰਮੀ ਦਾ ਪਤੀ) ਮੂਜੀ ਨੂੰ ਘਰ ਵਿੱਚ ਕੌਣ ਪੁੱਛਦਾ!’

ਦਿਨ ਵੇਲੇ ਖੇਡੇ ਖਿੱਦੋ-ਖੂੰਡੀ ਦੇ ਉੱਧੜੇ ਖਿੱਦੋ ਦੀਆਂ ਰੰਗ-ਬੇਰੰਗੀਆਂ ਟੱਲੀਆਂ-ਟਾਕੀਆਂ ਵਾਂਗ ਉਲਝੀਆਂ ਮੇਰੀਆਂ ਸੋਚਾਂ ਮੇਰੇ ਕਾਬੂ ਤੋਂ ਬਾਹਰ ਸਨ

ਮਰੀ ਹੋਈ ਮਿੰਦ੍ਹੋ ਮੈਂਨੂੰ ਕਦੀ ਆਪਣੇ ਪਿਓ ਲਈ ਭੱਤਾ, ਕਦੀ ਚਾਹ-ਪਾਣੀ ਤੇ ਕਦੀ ਨੰਗੇ ਪੈਰੀਂ ਪੱਠਿਆਂ ਦੀ ਪੰਡ ਚੁੱਕੀ ਜਾਂਦੀ ਦਿਸਦੀਉਹ ਮੈਂਨੂੰ ਰਾਹ ਗਲ਼ੀ ਕਦੀ ਕਿਸੇ ਨਾਲ ਗੱਲਾਂ ਕਰਦੀ ਦਿਸਦੀ ਤੇ ਕਦੀ ਕਿਸੇ ਨਾਲਉਹਦੀ ਅਣਦੇਖੀ ਲੋਥ ਦੇ ਤਿੰਨ ਡੱਕਰਿਆਂ ਵਿੱਚ ਧੌਣ, ਧੜ ਤੇ ਲੱਤਾਂ ਜੁਦਾ-ਜੁਦਾ ਹੋਏ ਦਿਸਦੇਰਾਤ ਨੂੰ ਨੀਂਦ ਤੋਂ ਪਹਿਲਾਂ ਸਿੰਬਲ ਵਾਲੇ ਖੂਹ ’ਤੇ ਲੋਕਾਂ ਦੀ ਇਕੱਠੀ ਹੋਈ ਭੀੜ ਦਿਸਦੀ ਤੇ ਪੁਲਿਸ ਪਨਾਹਗੀਰਾਂ ਦੇ ਸਾਰੇ ਟੱਬਰ ਨੂੰ ਧੂਹ ਕੇ ਲਿਜਾਂਦੀ ਹੋਈਮੈਂ ਵੱਡੇ ਭਰਾ ਨਾਲ ਗੱਲ ਕਰਦਾ ਤਾਂ ਉਹ ਕਹਿੰਦਾ, ‘ਰੱਬ ਦਾ ਨਾਂ ਲਈ ਜਾਹ, ਆਪੇ ਈ ਨੀਂਦ ਆ ਜਾਣੀ ਆ।’

ਅਜਿਹੀਆਂ ਵਾਪਰਦੀਆਂ ਘਟਨਾਵਾਂ ਦੀ ਮੇਰੇ ਅੰਦਰ ਭੱਜ-ਟੁੱਟ ਹੁੰਦੀ ਰਹਿੰਦੀਮਨ ਹੀ ਮਨ ਬਹੁਤ ਕੁਝ ਗੁਣਾ ਤੇ ਤਕਸੀਮ ਹੁੰਦਾ ਰਹਿੰਦਾਇਹ ਸਭ ਕੁਝ ਜਾਰੀ ਸੀ ਕਿ ਕਿਸੇ ਨੇ ਬੋਹੜ ਥੱਲੇ ਖੱਡੀਆਂ ਵਿੱਚ ਆ ਕੇ ਦੱਸਿਆ, ‘ਦੁਰਗੇ ਬਾਹਮਣ ਦੇ ਰੇੜੀਉ ’ਤੇ ਖ਼ਬਰ ਆਈ ਆ ਪਈ ਚੀਨ ਨੇ ਦਗਾ ਕੀਤਾ - ਹਿੰਦਸਤਾਨ ਤੇ ਚੀਨ ਦੀ ਲੜਾਈ ਲੱਗ ਗਈ ਆ! ਸਰਕਾਰ ਨੇ ਫੌਜ ਦੀ ਭਰਤੀ ਖੋਲ੍ਹਤੀ ਆ! '

ਸਾਰੇ ਜਣੇ ਹੱਕੇ-ਬੱਕੇ ਰਹਿ ਗਏ ਤੇ ਹੁੱਕਿਆਂ ਦੀਆਂ ਨੜੀਆਂ ਦੀ ਦਿਸ਼ਾ ਬਦਲ ਗਈਤਣੀਆਂ ਹੋਈਆਂ ਤਾਣੀਆਂ ਵਿੱਚ ਜਿਵੇਂ ਝੋਲ ਪੈ ਗਈ, ਉਹ ਲਪੇਟ ਹੋਣ ਲੱਗ ਪਈਆਂਹਰਨਾੜੀ ਕੀਤੇ ਬਲਦ ਆਪਣੀਆਂ ਹਵੇਲੀਆਂ ਵੱਲ ਪਰਤ ਰਹੇ ਸਨ

ਇਨ੍ਹਾਂ ਕਨਸੋਆਂ ਨੇ ਮੇਰੇ ਨਿੱਕੇ ਜਿਹੇ ਤਨ ਦੇ ਮਨ ਵਿੱਚ ਵੱਡੀ ਜੰਗ ਛੇੜ ਦਿੱਤੀਡਰ ਤੇ ਸਹਿਮ ਨੇ ਜਿਵੇਂ ਮੇਰੇ ਚਿੱਤ ਵਿੱਚ ਪੱਕੀ ਛਾਉਣੀ ਪਾ ਲਈ ਹੋਵੇਘੁਸਮੁਸੇ ਤੋਂ ਲੈ ਕੇ ਚਾਨਣੀਆਂ ਰਾਤਾਂ ਵਿੱਚ ਬੋਹੜ-ਪਿੱਪਲ ਥੱਲੇ ਖੇਡੀ ‘ਭੰਡਾ-ਭੰਡਾਰੀਆਖੇਡ ਜਿੱਥੇ ਮੈਂਨੂੰ ਚੇਤੇ ਆਉਂਦੀ, ਉੱਥੇ ਮੇਰੇ ਅੰਦਰ ਖ਼ੌਫ਼ ਦੇ ਵਰ੍ਹਦੇ ਬੱਦਲਾਂ ਦੀ ਵਿਆਖਿਆ ਕਰਦੀ ਜਾਪਦੀ

... ਤੇ ਇੱਕ ਦਿਨ ਮਾਂ ਨੇ ਮੈਂਨੂੰ ਨਹਾ ਲੈਣ ਲਈ ਹਾਕ ਮਾਰ ਕੇ ਸੱਦਿਆ ਪਰ ਭਾਣਾ ਕੁਝ ਹੋਰ ਹੀ ਵਾਪਰ ਗਿਆ ਸੀ

ਦੱਸ ਮਾਮਾ ਫੇ ਖਾਊਂਗਾ ਮਿੱਟੀ?’ ਭਾਈਏ ਨੇ ਚਾਣਚੱਕ ਮੇਰਾ ਸੱਜਾ ਗੁੱਟ ਆਪਣੇ ਸੱਜੇ ਹੱਥ ਵਿੱਚ ਫੜ ਕੇ ਤੇ ਖੂਹ ਅੰਦਰ ਲਮਕਾਅ ਕੇ ਪੁੱਛਿਆਨਿੱਖਰੇ ਦਿਨ ਵਿੱਚ ਬੱਦਲ ਪਤਾ ਨਹੀਂ ਇਕਦਮ ਕਿਵੇਂ ਗੜ੍ਹਕ ਪਿਆ ਸੀਮੇਰਾ ਹੇਠਲਾ ਸਾਹ ਹੇਠਾਂ ਤੇ ਉਤਲਾ ਉੱਤੇ ਰਹਿ ਗਿਆਮੇਰੇ ਦਿਲ ਦੀ ਧੜਕਣ ਤੇਜ਼ ਤੇ ਉੱਚੀ ਹੋ ਗਈ ਜੋ ਮੇਰੇ ਕੰਨਾਂ ਵਿੱਚ ਲੁਹਾਰਾਂ ਦੇ ਕਰਖਾਨੇ ਦੇ ਘਣ ਵਾਂਗ ਠੱਕ-ਠੱਕ ਵੱਜਦੀ ਸੁਣਦੀ ਸੀ

ਭਾਈਆ ਫਿਰ ਪੁੱਛੇ, ‘ਦੱਸ ਮਾਮਾ ਫੇ ਖਾਊਂਗਾ ਮਿੱਟੀ?

ਇਸ ਅਸਮਾਨੀ ਬਿਜਲੀ ਦੀ ਤਾਰ ਮੇਰੇ ਤਨ-ਮਨ ਵਿੱਚ ਬੇਰਹਿਮੀ ਨਾਲ ਫਿਰ ਗਈਮੇਰੇ ਕੋਲੋਂ ਰੋਇਆ ਵੀ ਨਹੀਂ ਜਾ ਰਿਹਾ ਸੀ ਬੱਸ ਲੰਮੇ ਹਉਕੇ ਨਿਕਲ ਰਹੇ ਸਨ ਤੇ ਕਾਲਜਾ ਮੂੰਹ ਥਾਣੀ ਬਾਹਰ ਆਉਣ ਨੂੰ ਕਰਦਾ ਸੀ

ਖੂਹ ਦੀ ਮੌਣ ਦੇ ਕੋਲ ਹੀ ਇੱਟਾਂ ਦੇ ਖੜੰਗੇ ਲੱਗੇ ਫ਼ਰਸ਼ ਉੱਤੇ ਬੈਠੀ ਕੱਪੜੇ ਧੋਂਦੀ ਮੇਰੀ ਮਾਂ ਵਿੱਚ ਹੀ ਛੱਡ ਕੇ ਗੁੱਸੇ ਨਾਲ ਤਿੱਖੀ ਸੁਰ ਵਿੱਚ ਬੋਲੀ, ‘ਫੇ ਈ ਕੱਢੂੰਗਾ ਜਦੋਂ ਮੁੰਡੇ ਵਿੱਚ ਸਾਹ-ਸਤ ਨਾ ਰਹੂ?

ਫਿਰ ਉਹ ਉੱਠ ਕੇ ਖੜ੍ਹੀ ਹੋ ਗਈ, ‘ਜੇ ਤੇਰੇ ਹੱਥੋਂ ਮੁੰਡੇ ਦੀ ਬਾਂਹ ਛੁੱਟ ਗਈ ਤਾਂ ...!’

ਬਥੇਰਾ ਪਤਿਆ ਕੇ ਦੇਖ ਲਿਆ, ਇਹਦਾ ਸਾਲੇ ਦਾ ਇੱਦਾਂ ਭੁਸ ਨਈਂ ਹਟਣਾ!’ ਭਾਈਏ ਨੇ ਵੀ ਅੱਗੋਂ ਉਸੇ ਲਹਿਜ਼ੇ ਵਿੱਚ ਜਵਾਬ ਦਿੱਤਾ

ਮੈਂ ਕਦੇ ਉਤਾਂਹ ਨੂੰ ਤਰਲੇ ਭਰੀ ਨਿਗਾਹ ਨਾਲ ਭਾਈਏ ਦੇ ਮੂੰਹ ਵਲ ਤੇ ਕਦੇ ਹੇਠਾਂ ਨੂੰ ਪਾਣੀ ਵੱਲ ਦੇਖਦਾ ਜੋ ਮੇਰੇ ਨਿੱਕੇ ਕੱਦ ਤੋਂ ਮਸਾਂ ਪੰਜ-ਛੇ ਹੱਥ ਨੀਵਾਂ ਸੀ

ਮੁੰਡਾ ਲੇਰਾਂ ਮਾਰੀ ਜਾਂਦਾ ਤੂੰ ਫੇ ਬੀ ...।’ ਮਾਂ ਭਾਈਏ ਨੂੰ ਝਈ ਜਿਹੀ ਲੈ ਕੇ ਬਾਹਬਰ ਕੇ ਬੋਲੀ ਉਹਨੇ ਮੈਂਨੂੰ ਦਬਾਸਟ ਬਾਹਰ ਕੱਢ ਲਿਆਮੇਰਾ ਸਰੀਰ ਬੇਜਾਨ ਜਿਹਾ ਹੋ ਗਿਆ ਸੀਸਿਆਲ ਮਹੀਨੇ ਦੇ ਗਿਆਰਾਂ-ਬਾਰਾਂ ਵਜੇ ਵਾਪਰੀ ਪੰਦਰਾਂ ਵੀਹ ਸਕਿੰਟਾਂ ਦੀ ਇਸ ਘਟਨਾ ਨਾਲ ਮੇਰਾ ਅਲਫ਼ ਨੰਗਾ ਪਿੰਡਾ ਹਲਕਾ ਜਿਹਾ ਤਰ ਹੋ ਗਿਆ ਸੀ

ਥੋੜ੍ਹੀ ਕੁ ਦੇਰ ਬਾਅਦ ਮੈਂਨੂੰ ਤਾਜ਼ਾ ਲੰਘੀ ਬਰਸਾਤ ਦਾ ਬਦੋਬਦੀ ਚੇਤਾ ਆ ਗਿਆਉਦੋਂ ਮੀਂਹ ਦਾ ਪਾਣੀ ਤੇ ਖੂਹ ਦਾ ਪਾਣੀ ਜ਼ਮੀਨ ਦੇ ਬਰੋ-ਬਰੋਬਰ ਹੋ ਗਿਆ ਸੀਜਦੋਂ ਮੀਂਹ ਹੱਲ੍ਹਾ ਹੋਇਆ ਸੀ ਤਾਂ ਜ਼ਮੀਨ ਤੋਂ ਦੋ ਕੁ ਰੱਦੇ ਮੌਣ ਪੂਰੀ ਨੰਗੀ ਹੋ ਗਈ ਸੀਨਿੱਕੇ-ਵੱਡੇ ਡੱਡੂ ਖੂਹ ਵਿੱਚ ਤਾਰੀਆਂ ਲਾਉਂਦੇ ਦਿਸੇਉਨ੍ਹਾਂ ਦਾ ਖੂਹ ਵਿੱਚੋਂ ਨਾ ਨਿਕਲ ਸਕਣ ਦੀ ਚਿੰਤਾ ਮੈਂਨੂੰ ਕਈ ਦਿਨਾਂ ਤਕ ਲੱਗੀ ਰਹੀ ਸੀ ਪਰ ਤ੍ਰਕਾਲਾਂ ਨੂੰ ਖੂਹ ਦੇ ਬਾਹਰ ਕਈ ਡੱਡੂ ਛੜੱਪੇ ਮਾਰਦੇ ਦਿਸੇ ਤੇ ਗੜੈਂ-ਗੜੈਂ ਦੀਆਂ ਆਵਾਜ਼ਾਂ ਸੁਣੀਆਂ ਸਨਨਾਲ ਹੀ ਮੈਂਨੂੰ ਆਪਣਾ ਖ਼ਿਆਲ ਆਉਂਦਾ, ‘ਜੇ ਭਾਈਏ ਦੇ ਹੱਥੋਂ ਮੇਰੀ ਬਾਂਹ ਛੁੱਟ ਜਾਂਦੀ ਤਾਂ ਕੀ ਮੈਂ ਡੱਡੂ ਵਾਂਗ ਤਰ ਸਕਦਾ ਸੀ।’ ਮੈਂ ਚਿੱਤ ਵਿੱਚ ਭਾਈਏ ਨੂੰ ਗਾਲ੍ਹਾਂ ਕੱਢੀਆਂ ਤੇ ਉਹਦੇ ਖ਼ਿਲਾਫ਼ ਕਈ ਮਨਸੂਬੇ ਸੋਚੇ, ‘ਜਦੋਂ ਦਾਅ ਲੱਗਾ, ਭਾਈਏ ਦੀ ਸ਼ਰਾਬ ਦੀ ਬੋਤਲ ਮੂਤ ਕੇ ਭਰ ਦੇਣੀ ਆਨਈਂ ਤਾਂ ਚਿਲਮ ਵਿਚਲਾ ਮਘਦਾ ਕੋਲਾ ਉਹਦੇ ਹੱਥ ’ਤੇ ਕਿਸੇ ਤਰ੍ਹਾਂ ਸਿੱਟ ਦੇਣਾ।’

ਭਾਈਏ ਦੀ ਇਹ ਕਾਰਵਾਈ ਜਦੋਂ ਵੀ ਮੇਰੇ ਮਨ ਵਿੱਚ ਆਉਂਦੀ ਤਾਂ ਮੇਰਾ ਤਨ ਝੁਣਝੁਣੀ ਖਾ ਜਾਂਦਾਦਿਲ ਨੂੰ ਹੌਲ ਜਿਹਾ ਪੈਂਦਾਲਗਦਾ, ਜਿਵੇਂ ਉਡਦਾ ਪੰਛੀ ਗੁਲੇਲ ਨਾਲ ਫੁੰਡਿਆ ਗਿਆ ਹੋਵੇ

ਸ਼ਰਮ ਕਰ ਕੁਛ, ਉਹ ਪੲ੍ਹੀਲਾਂ ਈ ਢਾਹੀਂ ਰੋਈ ਜਾਂਦਾ ਤੇ ਉੱਤੋਂ ਫੁੱਲ ਭਰ ਮੁੰਡੇ ਦੀਆਂ ਪੁੜਪੁੜੀਆਂ ਚਪੇੜਾਂ ਮਾਰ-ਮਾਰ ਲਾਲ ਕਰਤੀਆਂ ਤੂੰ।’ ਭਾਈਏ ਨੂੰ ਅਵਾ-ਤਵਾ ਬੋਲਦੀ ਮਾਂ ਦਾ ਆਪਣਾ ਮੂੰਹ ਲਾਲ ਹੋ ਗਿਆ ਸੀਮੈਂ ਮਾਂ ਦੀਆਂ ਲੱਤਾਂ ਨੂੰ ਚਿੰਬੜਿਆ ਹੋਇਆ ਸੀ

ਮਾਂ ਦਾ ਇੰਨਾ ਗੁੱਸਾ ਮੈਂ ਪਹਿਲਾਂ ਕਦੇ ਨਹੀਂ ਦੇਖਿਆ ਸੀਭਾਈਏ ਦੀ ਨਿੱਤ ਦੀ ਗਾਲੋਬਾਲ਼ੀ ਤੇ ਧੌਲ-ਧੱਫ਼ੇ ਦਾ ਉਹਨੇ ਕਦੇ ਮੋੜਵਾਂ ਜਵਾਬ ਨਹੀਂ ਸੀ ਦਿੱਤਾਪਰ ਉਹਦੇ ਗ਼ੁੱਸੇ ਦਾ ਨਿਆਰਾ ਰੂਪ ਦੇਖ ਕੇ ਮੈਂ ਵੀ ਡਰ ਨਾਲ ਕੰਬ ਗਿਆ ਸੀਫਿਰ ਉਸ ਨੇ ਬਹਿ ਕੇ ਮੈਂਨੂੰ ਕਲਾਵੇ ਵਿੱਚ ਲੈ ਕੇ ਹਿੱਕ ਨਾਲ ਲਾ ਲਿਆ ਤੇ ਮੇਰੇ ਹੰਝੂਆਂ ਦੀਆਂ ਮੁੜ ਵਗਣ ਲੱਗ ਪਈਆਂ ਧਰਾਲ਼ਾਂ ਨੂੰ ਪੂੰਝਣ ਲੱਗ ਪਈ

ਉਹਨੇ ਜ਼ਰਾ ਕੁ ਰੁਕ ਕੇ ਫਿਰ ਕਿਹਾ, ‘ਤਈਨੂੰ ਆਪਣਾ ਨਹੀਂ ਚੇਤਾ, ਰਾਹ-ਗਲੀ ਤੇ ਖੇਤਾਂ ਵਿੱਚ ਕੋਈ ਭੁੱਗੀ (ਠੀਕਰੀਆਂ ਜੋ ਪੁਰਾਣੀਆਂ ਹੋ ਕੇ ਕੱਚੀਆਂ-ਪਿੱਲੀਆਂ ਹੋ ਜਾਂਦੀਆਂ ਹਨ) ਨਈਂ ਛੱਡਦਾਦੇਖ ਤਾਂ ਹੁੱਕੇ ਦੇ ਭੁਸ ਨਾ ਮੂੰਹ ਵਿੱਚੋਂ ਕਿੱਦਾਂ ਮੁਸ਼ਕ ਆਉਂਦਾ ਆਜਾਹ ਬਗ ਜਾ ਪਰੇ ਘਰ ਨੂੰ।’

ਮੇਰੀ ਮਾਂ ਦੀਆਂ ਅੱਖਾਂ ਵਿੱਚੋਂ ਲਾਲਗੀ ਤੇ ਨਮੀਂ ਨਾਲੋ-ਨਾਲ ਦਿਖਾਈ ਦੇ ਰਹੀਆਂ ਸਨਭਾਈਆ ਦਾਸ ਹੁਰਾਂ ਦੀ ਪੱਕੀ ਖੁਰਲੀ ਦੇ ਨਾਲ-ਨਾਲ ਪੰਜਾਹ ਕੁ ਕਦਮਾਂ ਦੀ ਵਿੱਥ ’ਤੇ ਸਾਡੇ ਘਰ ਵਲ ਨੂੰ ਤੁਰਿਆ ਜਾਂਦਾ ਫ਼ਰਸ਼ ਉੱਤੇ ਜੰਮੀ ਹਰਿਆਈ ਤੋਂ ਤਿਲਕ ਗਿਆ ਪਰ ਡਿਗਣੋਂ ਸੰਭਲ ਗਿਆਤੇ ਫਿਰ ਵੀ ਦੱਬਵੀਂ ਜਿਹੀ ਜੀਭੇ ਕਹਿੰਦਾ ਸੁਣਿਆ, ‘ਕਮੂਤ ਦੀ ਮਾਰ ਕਿੱਦਾਂ ਲਾਹ-ਪਾਹ ਕਰੀ ਜਾਂਦੀ ਆ।’

ਨਾ ਆਪੇ ਈ ਤਾਂ ਨਾਲ ਲਜਾਂਦਾ ਸੀ ਜਦੋਂ ਹਾਅ ਫਿਰਨੀ ’ਤੇ ਲੜੋਏ ਆਲੇ ਰਾਹ ਵਿੱਚ ਮਿੱਟੀ ਪਈਂਦੀ ਸੀ ਉੱਥੇ ਖਤਾਨਾਂ ਵਿੱਚ ਖੇਲ੍ਹਦਾ-ਖੇਲ੍ਹਦਾ ਮਿੱਟੀ ਖਾਣੀ ਗਿੱਝ ਗਿਆ।’ ਮਾਂ ਨੇ ਕੋਲ ਖੜ੍ਹੀ ਦਾਸ ਦੀ ਨੂੰਹ ਮਿੰਦ੍ਹੋ ਨੂੰ ਦੱਸਿਆ ਜੋ ਮੇਰੇ ਵੱਲ ਦੇਖ ਰਹੀ ਸੀ

ਮਰੱਬੇਬੰਦੀ ਕਾਹਦੀ ਹੋਈ ਆ, ਸਾਡੇ ਘਰ ਤਾਂ ਪਾਟਕ ਪਿਆ ਆ, ਸਾਨੂੰ ਕਿੱਡਾ ਜ਼ਮੀਨਾਂ ਮਿਲ ਗਈਆਂ!’ ਫਿਰ ਰੁਕ ਕੇ ਕਹਿਣ ਲੱਗੀ, ‘ਹੂੰ! ਜਿੱਦਾਂ ਸਾਡੇ ਉੱਥੋਂ ਦੀ ਗੱਡੇ ਨੰਘਣੇ ਆ ਮਿੱਲ੍ਹ ਨੂੰ! ਅਜੇ ਤਾਂ ਥੇਹ ਪੈਣੇ ਕਹਿੰਦੇ ਸੀ ਪਈ ਸਾਰੀ ਫਿਰਨੀ ’ਤੇ ਤੁਸੀਂ ਮਿੱਟੀ ਪਾਓ, ਅਖੇ ਬਿਹਲੇ ਈ ਰਹਿੰਦੇ ਆ, ਇਹ ਤਾਂ ਸਾਡੇ ਬੰਦਿਆਂ ਨੇ ਲੜ-ਭਿੜ ਕੇ ਘਰ-ਪਰਤੀ ਮਿੱਟੀ ਪੁਆਈ ਪਈ ਬਗਾਰਾਂ-ਬੁੱਤੀਆਂ ਦਾ ਜ਼ਮਾਨਾ ਗਿਆ ਹੁਣ!’ ਮਾਂ ਨੇ ਧੌਣ ਅਕੜਾ ਕੇ ਕਿਹਾਸ਼ਾਇਦ ਉਹ ਦੱਸਣਾ ਚਾਹੁੰਦੀ ਸੀ ਕਿ ਲਗਾਤਾਰ ਪੰਦਰਾਂ-ਵੀਹ ਦਿਨ ਮਿੱਟੀ ਫਿਰਨੀ ਉੱਤੇ ਪਾਉਂਦਿਆਂ ਮੈਂ ਮਿੱਟੀ ਖਾਣ ਲੱਗ ਪਿਆ ਸੀ

ਇੰਨੇ ਨੂੰ ਰਾਓ ਦਾ ਗੇਲੂ ਮੈਂਨੂੰ ਬੁੱਸ-ਬੁੱਸ ਕਰਦੇ ਨੂੰ ਬਾਹੋਂ ਫੜ ਕੇ ਬੋਹੜ ਹੇਠਾਂ ਨੱਕਾ-ਪੂਰ ਖੇਡਦੀ ਢਾਣੀ ਕੋਲ ਲਿਜਾ ਕੇ ਪੁੱਛਣ ਲੱਗਾ, ‘ਫਲਾਤੂ, ਦੱਸ ਫੇ ਤੇਰੇ ਸਹੁਰੇ ਕਿੱਥੇ ਆ?

ਮੈਂ ਚੁੱਪ ਰਿਹਾ

ਮੇਰਾ ਆੜੀ ਬਣ ਕੇ ਦੱਸ ਤੇਰੇ ਸਹੁਰੇ ਕਿੱਥੇ ਆ?

ਕਧਾਲੇ (ਮੇਰਾ ਨਾਨਕਾ ਪਿੰਡ, ਕੰਧਾਲਾ ਸ਼ੇਖਾਂ, ਜ਼ਿਲ੍ਹਾ ਹੁਸ਼ਿਆਰਪੁਰ) ਹੋਰ ਕਿੱਥੇ!’ ਮੇਰੇ ਬੋਲਾਂ ਨਾਲੋਂ ਉਨ੍ਹਾਂ ਦਾ ਹਾਸਾ ਉੱਚਾ ਹੋ ਗਿਆ

ਗੇਲੂ ਮੈਂਨੂੰ ਹੋਰਨਾਂ ਦੇ ਸਾਹਮਣੇ ਅਕਸਰ ਇਉਂ ਹੀ ਪੁੱਛਦਾ ਜਿਵੇਂ ਉਹ ਮਦਾਰੀ ਹੋਵੇ ਤੇ ਮੈਂ ਉਹਦਾ ਜਮੂਰਾਪਰ ਲੋਕਾਂ ਦੇ ਹੱਸਣ ਦੀ ਵਜਾਹ ਮੈਂਨੂੰ ਸਮਝ ਨਾ ਆਉਂਦੀ

ਸਵੇਰ ਨੂੰ ਸਵਖਤੇ ਹੀ ਭਾਈਆ ਮੈਥੋਂ ਤੇ ਵੱਡੇ ਭਰਾ ਤੋਂ ਖੇਸੀ ਜਾਂ ਰਜਾਈ ਲਾਹ ਕੇ ਪੈਂਦ ਵੱਲ ਵਗਾਹ ਮਾਰਦਾਮਾਂ ਕਹਿੰਦੀ, ‘ਪੁੱਤ ਉੱਠੋ ਹੁਣ! ਗੋਡੇ-ਗੋਡੇ ਦਿਨ ਚੜ੍ਹ ਗਿਆ!’ ਜਾਂ ਫਿਰ ਕਹਿੰਦੀ, ‘ਗੁੱਡ ਭਗਤਾਂ ਦਿਓਂ ਗੋਹਟੇ ’ਤੇ ਅੱਗ ਲੈ ਆ - ਚਾਹ ਧਰਨੀ ਰੱਖੀਏ।’

ਸਾਡੇ ਘਰਾਂ ਦੇ ਚੁੱਲ੍ਹਿਆਂ ਵਿੱਚ ਰਾਤ ਨੂੰ ਹੀ ਸਵੇਰ ਵਾਸਤੇ ਭੁੱਬਲ ਵਿੱਚ ਅੱਗ ਦਬਾ ਦਿੱਤੀ ਜਾਂਦੀ ਸੀਜਦ ਕਦੀ ਯਾਦ ਭੁੱਲ ਜਾਂਦਾ ਤਾਂ ਅੱਗ ਇੱਕ ਦੂਜੇ ਦੇ ਘਰੋਂ ਮੰਗ ਲਿਆਉਂਦੇਤੀਲਾਂ ਦੀਆਂ ਡੱਬੀਆਂ ਸਰਫ਼ੇ-ਸੰਕੋਚ ਨਾਲ ਹੀ ਵਰਤਦੇਸਿਆਲ ਦੀਆਂ ਸੰਘਣੀਆਂ ਧੁੰਦਾਂ ਦੌਰਾਨ ਅਸੀਂ ਚੁੱਲ੍ਹੇ ਮੁੱਢ ਬੈਠੇ ਰਹਿੰਦੇ ਤੇ ਖੋਰੀ ਦੀਆਂ ਗੁੱਛੀਆਂ ਬਣਾ-ਬਣਾ ਝੁਲਕਾ ਪਾਉਂਦੇ ਜਾਂ ਰਾਹਾਂ ਵਿੱਚੋਂ ਗੰਨਿਆਂ ਦੇ ਹੂੰਝ ਕੇ ਲਿਆਂਦੇ ਛਿੱਲੜਦਲਾਨ ਅਤੇ ਵਗਲੇ ਦੀ ਕੰਧ ਦੇ ਆਸਰੇ ਚਾਰ ਕੌਲਿਆਂ ਉੱਤੇ ਉਸਾਰੀ ਸਾਡੀ ਛੱਤੜੀ (ਰਸੋਈ) ਦਾ ਕੋਈ ਬੂਹਾ-ਬਾਰੀ ਨਹੀਂ ਸੀਲਹਿੰਦੀ ਬਾਹੀ ਕਾਨਿਆਂ-ਨੜਿਆਂ ਦਾ ਟਿੱਟਾ ਸੀ ਜੋ ਲਿੱਪਿਆ-ਪੋਚਿਆ ਹੋਣ ਕਰਕੇ ‘ਕੰਧਦਾ ਝਉਲਾ ਪਾਉਂਦਾਸਵਾ-ਡੇਢ ਖ਼ਾਨੇ ਦੀ ਇਹਦੀ ਛੱਤ ਕਾਨਿਆਂ-ਕੜੀਆਂ ਦੀ ਸੀਧੂੰਏਂ ਦੀ ਕਾਲੋਂ ਜੰਮੀ ਮੋਟੀ ਤੈਅ ਕਾਰਨ ਕਾਨਿਆਂ-ਸਰਵਾੜ੍ਹ ਦੀ ਕੋਈ ਵੱਖਰੀ ਪਛਾਣ ਨਹੀਂ ਸੀਛੱਤ ਤੋਂ ਲਮਕਦਾ ਸਰਵਾੜ੍ਹ ਧੂੰਏਂ ਨਾਲ ਹਿੱਲਦਾ ਤੇ ਉਸ ਉਤਲੀ ਕਾਲੋਂ ਉਦੋਂ ਕਦੀ ਹੀ ਕਿਸੇ ਫੰਬੇ ਵਾਂਗ ਡਿਗਦੀ ਜਦੋਂ ਉਹਦੇ ਤੋਂ ਉਹਦਾ ਭਾਰ ਨਾ ਚੁੱਕਿਆ ਜਾਂਦਾ

ਮੈਂਨੂੰ ਗਲਾਸ ਵਿੱਚੋਂ ਚਾਹ ਨਿਤਾਰ ਕੇ ਬਾਟੀ ਵਿੱਚ ਪਾਉਂਦੇ ਨੂੰ ਦੇਖ ਕੇ ਭਾਈਆ ਕਹਿੰਦਾ, ‘ਡੱਫ਼ ਲਾ ਹੁਣ, ਬਰਸਾਤ ਆ ਕਿਤੇ ਹੁਣ, ਜਿਹੜਾ ਕੀੜੇ ਤਰਦੇ ਦੇਖਦਾ ਆਂਇਨ੍ਹਾਂ ਦਿਨਾਂ ਵਿੱਚ ਗੁੜ ਵਿੱਚ ਕੀੜੇ ਨਈਂ ਪਈਂਦੇ।’

ਇਸ ਭਰੋਸੇ ਪਿੱਛੋਂ ਮੈਂ ਚਾਹ ਪਾਣੀ ਵਾਂਗ ਚਾੜ੍ਹ ਜਾਂਦਾ ਪਰ ਬਰਸਾਤੀ ਦਿਨਾਂ ਦੇ ਚਿੱਟੇ ਕੀੜੇ ਚਾਹ ’ਤੇ ਤਰਦੇ ਮੈਂਨੂੰ ਅਜੇ ਵੀ ਦਿਸਣੋਂ ਨਾ ਹਟਦੇ ਜਿਨ੍ਹਾਂ ਨੂੰ ਮਾਂ ਨੇ ਆਪਣੇ ਸਿਰ ਦੇ ਟੱਲੇ ਦਾ ਲੜ ਰੱਖ ਕੇ ਪੁਣਿਆ ਹੁੰਦਾਕਾਲੀ ਚਾਹ ਪੱਤੀ ਉੱਤੇ ਮਰੇ ਪਏ ਚਿੱਟੇ ਕੀੜੇ ਫੁੱਲ ਕੇ ਹੋਰ ਮੋਟੇ ਹੋਏ ਦਿਸਦੇ

ਸਿਆਲਾਂ ਨੂੰ ਸਾਡੇ ਘਰ ਦੇ ਮੋਹਰੇ ਧੂਣੀ ਲਗਦੀਨਿਆਣੇ ਸਿਆਣੇ ਅੱਗ ਸੇਕਦੇਸਾਡੇ ਵਿੱਚੋਂ ਜਿਹੜਾ ਆਪਣੇ ਘਰੋਂ ਬਾਲਣ ਨਾ ਲਿਆਉਂਦਾ, ਉਹਨੂੰ ਅੱਗ ਸੇਕਣੋਂ ਰੋਕਣ ਲਈ ਹੱਥੋਪਾਈ ਵੀ ਹੋ ਜਾਂਦੇਧੂਣੀ ਦੀਆਂ ਲੰਬਾਂ ਵਿੱਚ ਅਸੀਂ ਆਪਣੇ ਬਰਫ਼ ਵਰਗੇ ਠੰਢੇ ਪੈਰ ਲਿਜਾਂਦੇ ਤੇ ਫਿਰ ਸਕੂਲ ਨੂੰ ਦੌੜ ਜਾਂਦੇਸਾਡੇ ਵਿੱਚੋਂ ਕਿਸੇ ਜਣੇ ਦੇ ਵੀ ਪੈਰੀਂ ਜੁੱਤੀ ਨਾ ਹੁੰਦੀਉੱਧਰ ਜਿਮੀਂਦਾਰਾਂ ਦੇ ਕੁੜੀਆਂ-ਮੁੰਡਿਆਂ ਨੇ ਦੋਹਰੇ ਸਵੈਟਰ ਪਾਏ ਹੁੰਦੇਮੈਂ ਸੋਚਦਾ, ‘ਕੋਈ ਜਣਾ ਇੱਕ ਸੁਆਟਰ ਮੈਂਨੂੰ ਦੇ ਦੇਬੇ - ਮੈਂ ਬੀ ਇਹਦਾ ਨਿੱਘ ਲੈ ਕੇ ਦੇਖਾਂ।’ ਮੇਰੇ ਇਨ੍ਹਾਂ ਖ਼ਿਆਲਾਂ ਦੀ ਲੜੀ ਉਦੋਂ ਹੀ ਟੁੱਟਦੀ ਜਦੋਂ ਮੈਂ ਹੋਰ ਨਿਆਣਿਆਂ ਨਾਲ ਉੱਚੀ ਹੇਕ ਵਿੱਚ ਕਹਿੰਦਾ:

ਸੂਰਜਾ-ਸੂਰਜਾ ਫੱਟੀ ਸੁਕਾ
ਨਹੀਂ ਸੁਕਾਉਣੀ ਘਰ ਨੂੰ ਜਾਹ

ਪਲ ਦੋ ਪਲ ਪਿੱਛੋਂ ਮੇਰਾ ਖ਼ਿਆਲ ਫਿਰ ਆਪਣੇ ਫ਼ਾਂਟਾਂ ਵਾਲੇ ਕੱਛੇ ਤੇ ਗੱਲ ਦੇ ਝੱਗੇ ’ਤੇ ਜਾਂਦਾ ਜੋ ਠੰਢ ਰੋਕਣ ਨਾਲੋਂ ਵਗਦੇ ਸੀਂਢ ਨੂੰ ਹੇਠਾਂ ਡਿਗਣੋਂ ਰੋਕਣ ਦੇ ਜ਼ਿਆਦਾ ਕੰਮ ਆਉਂਦਾਮੇਰੇ ਲੀੜੇ ਐਤਵਾਰ ਦੇ ਐਤਵਾਰ ਧੋ ਹੁੰਦੇਖੁਰਲੀ ਦੇ ਓਹਲੇ ਬੈਠ ਕੱਛੇ ਦੇ ਨੇਫ਼ੇ ਵਿੱਚੋਂ ਜੂੰਆਂ ਟੋਲ੍ਹ-ਟੋਲ੍ਹ ਮਾਰਨ ਨੂੰ ਮੇਰਾ ਕਿੰਨਾ-ਕਿੰਨਾ ਚਿਰ ਲੱਗ ਜਾਂਦਾਮਨ ਅੱਕ ਜਿਹਾ ਜਾਂਦਾ ਤੇ ਧੌਣ ਦੁਖਣ ਲੱਗ ਪੈਂਦੀਜਦੋਂ ਮਾਂ ਮੈਂਨੂੰ ਖੂਹ ’ਤੇ ਨਹਾਉਂਦੀ ਤਾਂ ਮੇਰੇ ਪੈਰਾਂ ਤੇ ਸੱਜੇ ਹੱਥ ਦਾ ਅੰਗੂਠਾ ਜ਼ੋਰ ਨਾਲ ਰਗੜ ਕੇ ਕਹਿੰਦੀ, ‘ਦੇਖ ਤਾਂ ਮੈਲ ਦੀਆਂ ਪੇਪੜੀਆਂ ਕਿੱਦਾਂ ਜੰਮੀਆਂ ਆ।’ ਪਰ ਮੈਂਨੂੰ ਆਪਣੀਆਂ ਲੱਤਾਂ ਤੇ ਮੈਲ ਜੰਮੇ ਪੈਰਾਂ ਵਿੱਚ ਬਹੁਤਾ ਫ਼ਰਕ ਨਾ ਦਿਸਦਾਮੈਂ ਫਿਰ ਇਨ੍ਹਾਂ ਲੰਮੀਆਂ ਸੋਚਾਂ ਤੋਂ ਮੁੜ ਆਉਂਦਾ ਪਰ ‘ਸੂਰਜਾ ਸੂਰਜਾ ਫੱਟੀ ਸੁਕਾ ...ਦੀ ਹੇਕ ਬਹੁਤ ਮੱਠੀ ਪੈ ਜਾਂਦੀ

ਇਹ ਦੁਹਰਾਉਣਾ ਵੀ ਵਿੱਚੇ ਹੀ ਛੱਡ ਕੇ ਮੈਂ, ਖੁਸ਼ੀਆ, ਭੀਮਾ ਜਾਂ ਉਹਦੇ ਛੋਟੇ ਭਰਾ ਪਿਆਰੀ (ਜਿਸ ਨੂੰ ਪਿੰਡ ਦੇ ਬਹੁਤੇ ਮੁੰਡੇ ਆਸ਼ਕ ਸੱਦਦੇ ਕਿਉਂਕਿ ਉਹਦਾ ਰੰਗ ਕਾਲਾ, ਸਰੀਰ ਲਿੱਸਾ ਤੇ ਤੋਰ ਨਿਆਰੀ ਸੀ) ਨੂੰ ਕਿਸੇ ਕੱਟੂ-ਵੱਛੂ ਨੂੰ ਚੁੱਕ ਕੇ ਸਕੂਲ ਮੋਹਰਿਓਂ ਦੀ ਲਿਜਾਂਦਿਆਂ ਦੇਖਦਾਇਨ੍ਹਾਂ ਦਿਨਾਂ ਵਿੱਚ ਅਕਸਰ ਹੀ ਕੱਟੇ-ਵੱਛੇ, ਬੁੱਢੇ ਬਲਦ ਤੇ ਗਊਆਂ ਮਰਦੇ ਰਹਿੰਦੇਬੁੱਢੇ ਝੋਟਿਆਂ ਨੂੰ ਤਾਂ ਜੱਟ ਪਹਿਲਾਂ ਹੀ ਮੰਡੀ ਵੇਚ ਆਉਂਦੇ ਸਨਉਨ੍ਹਾਂ ਨੇ ਮੁਰਦਾਰ ਦੀਆਂ ਚੌਹਾਂ ਲੱਤਾਂ ਨੂੰ ਖੁਰਾਂ ਕੋਲੋਂ ਨੂੜ ਕੇ ਇਸ ਜੁਗਤ ਨਾਲ ਬੰਨ੍ਹਿਆ ਹੁੰਦਾ ਕਿ ਲੱਤਾਂ ਦੇ ਦੋਸਾਂਗੜ ਵਿਚਾਲਿਓਂ ਦੀ ਬਾਂਸ ਦੀ ਮੋਟੀ ਕੜੀ ਲੰਘਾਈ ਹੁੰਦੀਮੋਢਿਆਂ ਉੱਤੇ ਰੱਖਿਆ ਮੋਟਾ ਡੰਡਾ ਜਾਂ ਬੱਲੀ ਉਨ੍ਹਾਂ ਦੇ ਅੱਗੇ-ਪਿੱਛੇ ਹੋ ਕੇ ਤੁਰਨ ਵਿੱਚ ਅੜਿੱਕਾ ਨਾ ਬਣਦੇਪੁੱਠਾ ਲਮਕਿਆ ਕੱਟਾ-ਵੱਛਾ ਝੂਟੇ ਲੈਂਦਾ ਲਗਦਾਉਹਦੀ ਧੌਣ ਤੇ ਲਮਕਦੇ ਕੰਨ ਹੁਲਾਰੇ ਲੈਂਦੇ ਜਾਪਦੇ

ਵੱਡੇ ਮੁਰਦਾਰ ਨੂੰ ਪੰਜ-ਛੇ ਜਣੇ ਘੜੀਸ ਕੇ ਲਿਜਾਂਦੇ ਇੱਕ ਦੂਜੇ ਨੂੰ ਕਹਿੰਦੇ, ‘ਪਿਆਰੀ ਸਾਮਾਂ ਹੋ ਕੇ ਖਿੱਚ, ਸਾਰਾ ਭਾਰ ਮੇਰੇ ਗੱਲ ਪਈ ਜਾਂਦਾ।’

ਪਿੱਠ ਭਾਰ ਧੂਹੇ ਜਾ ਰਹੇ ਮੁਰਦਾਰ ਦੀਆਂ ਅਗਲੀਆਂ-ਪਿਛਲੀਆਂ ਲੱਤਾਂ ਵਿੱਚੀਂ ਲੰਘਾਈਆਂ ਮੋਟੀਆਂ ਕੜੀਆਂ ਮੋਢਿਆਂ ਉੱਤੇ ਰੱਖ ਕੇ ਇਉਂ ਖਿੱਚਦੇ ਕਿ ਉਨ੍ਹਾਂ ਦਾ ਸਿਰ-ਧੜ ਚੂਲੇ ਤੋਂ ਕਾਫ਼ੀ ਅੱਗੇ ਵੱਲ ਨੂੰ ਝੁਕਿਆ ਤੇ ਤਣਿਆ ਹੁੰਦਾਉਨ੍ਹਾਂ ਦਾ ਆਪਣਾ ਸਾਰਾ ਭਾਰ ਪੰਜਿਆਂ ਉੱਤੇ ਹੁੰਦਾ ਤੇ ਗੋਡੇ ਅਗਾਂਹ ਵਲ ਨੂੰ ਤਿੱਖੀ ਤਿਕੋਨ ਬਣਾਉਂਦੇ ਦਿਸਦੇਕਈ ਵਾਰ ਉਨ੍ਹਾਂ ਵਿੱਚੋਂ ਕੋਈ ਜਣਾ ਬੀਂਡੀ ਜੁੜਿਆ ਹੁੰਦਾਜਦੋਂ ਉਹ ਦਮ ਮਾਰਨ ਲਈ ਰੁਕਦੇ ਤਾਂ ਆਪਣੇ ਮੱਥਿਆਂ ਤੋਂ ਪਸੀਨਾ ਮੋਢੇ ਉਤਲੇ ਪਰਨਿਆਂ ਨਾਲ ਪੂੰਝਦੇਪਰ ਅਸੀਂ ਠੁਰ-ਠੁਰ ਕਰਦੇ

ਕਦੀ-ਕਦੀ ਤਫ਼ਰੀਹ (ਅੱਧੀ ਛੁੱਟੀ) ਵੇਲੇ ਮੈਂ ਤੇ ਸਾਡੀ ਬਿਰਾਦਰੀ ਦੇ ਹੋਰ ਨਿਆਣੇ ਦੌੜ ਕੇ ਭੀਮੇ ਹੁਰਾਂ ਨਾਲ ਜਾ ਰਲਦੇਘੜੀਸੇ ਜਾ ਰਹੇ ਮੁਰਦਾਰ ਦੇ ਸਿੰਗ ਜ਼ਮੀਨ ਨਾਲ ਰਗੜ ਹੁੰਦੇ ਦੇ ਨਿਸ਼ਾਨ ਵਾਂਗ ਦੋ ਲੀਕਾਂ ਬਰੋ-ਬਰੋਬਰ ਵਗਦੀਆਂ ਜਾਂਦੀਆਂਪਿੱਠ ਤੇ ਪੁੜਿਆਂ ਕੋਲ ਦੇ ਹੱਡਾਂ ਨਾਲ ਹੋਰ ਲੀਕਾਂ ਵਹਿੰਦੀਆਂ ਜਾਂਦੀਆਂਮੁਰਦਾਰ ਦੀਆਂ ਅੱਖਾਂ ਸਿਰ ਨਾਲੋਂ ਥੋੜ੍ਹੀਆਂ ਬਾਹਰ ਨੂੰ ਉੱਭਰੀਆਂ ਤੇ ਖੁੱਲ੍ਹੀਆਂ ਹੁੰਦੀਆਂਮੂੰਹ ਵੀ ਖੁੱਲ੍ਹਾ ਹੁੰਦਾ ਤੇ ਦੰਦਾਂ ਦਾ ਹੇਠਲਾ ਇੱਕੋ ਇੱਕ ਜਬਾੜ੍ਹਾ ਤੇ ਬਰਾਛਾਂ ਅਗਾਂਹ ਤਕ ਦਿਸਦੇਮੈਂ ਕਈ ਵਾਰ ਮੁਰਦਾਰ ਦਾ ਪੁੱਠਾ ਹੋਇਆ ਸਿਰ ਸਿੱਧਾ ਫੜੀ ਰੱਖਦਾ ਕਿ ਆਲੇ-ਦੁਆਲੇ ਨੂੰ ਨਾ ਡੁਲਕੇਸੋਚਦਾ, ‘ਉਹਦਾ ਪਿੰਡਾਂ ਛਿੱਲ ਨਾ ਹੋਬੇ।’ ਕਈ ਵਾਰ ਮਰੇ ਪਸ਼ੂ ਨੂੰ ਗੱਡੇ ਉੱਤੇ ਲੱਦ ਕੇ ਲਿਜਾਇਆ ਜਾਂਦਾ ਤੇ ਅਸੀਂ ਨਿਆਣੇ ਮਗਰੋਂ ਧੱਕਾ ਲਾ ਕੇ ਹੁੱਬਦੇਕਿੰਨੀ ਦੂਰੋਂ ਮੁੜਦੇ ਹੋਏ ਆਲੇ-ਦੁਆਲੇ ਦੇ ਖੇਤਾਂ ਵਿੱਚੋਂ ਸਰ੍ਹੋਂ ਦੇ ਪੀਲੇ ਫੁੱਲ ਤੋੜ ਲੈਂਦੇ

ਜਦੋਂ ਮੈਂ ਹੱਡਾ-ਰੋੜੀ ਤੋਂ ਮੁੜ ਕੇ ਆ ਕੇ ਜਾਂ ਆਮ ਦਿਨਾਂ ਵਿੱਚ ਨਲਕੇ ’ਤੇ ਪਾਣੀ ਪੀਂਦਾ ਤਾਂ ਜੱਟਾਂ ਦਾ ਜਿਹੜਾ ਮੁੰਡਾ ਵੀ ਮੇਰੇ ਤੋਂ ਬਾਅਦ ਪਾਣੀ ਪੀਂਦਾ ਤਾਂ ਉਹ ਪਹਿਲਾਂ ਨਲਕੇ ਨੂੰ ਚੰਗੀ ਤਰ੍ਹਾਂ ਧੋ ਕੇ ਸੁੱਚਾ ਕਰਦਾਮੈਂ ਸੋਚਦਾ, ‘ਮੇਰੇ ਹੱਥਾਂ ਨੂੰ ਭਲਾ ਕੀ ਲੱਗਾ ਆ-ਇਹ ਆਪ ਬੀ ਤਾਂ ਉਨ੍ਹਾਂ ਦੀਆਂ ਪੂਛਾਂ ਮਰੋੜਦੇ ਆ।’

ਮਰਿਆ ਪਸ਼ੂ ਜਦੋਂ ਸਾਡੀ ਬਿਰਾਦਰੀ ਦੇ ਬੰਦਿਆਂ ਨੇ ਚੁੱਕ ਲਿਆ ਹੁੰਦਾ ਤਾਂ ਜੱਟੀਆਂ ਪਿੱਛੇ-ਪਿੱਛੇ ਜਲ ਦੇ ਛਿੱਟੇ ਦਿੰਦੀਆਂ ਤੇ ਮੂੰਹੋਂ ‘ਸਤਨਾਮ ਵਾਖਰੂਕਹਿ ਕੇ ਹਵੇਲੀ ਦਾ ਵਿਹੜਾ ਪਵਿੱਤਰ ਕਰਦੀਆਂਮੈਂ ਸੋਚਦਾ, ‘ਇਹ ਕੋਈ ਜਾਦੂ-ਮੰਤਰ ਹੋਣਾ, ਪਰ ਇਹ ਕਿਸ ਨੂੰ ਸੁਣਾਇਆ ਗਿਆ ਹੋਵੇਗਾ! ਮੁਰਦਾਰ ਨੂੰ? ਮੁਰਦਾਰ ਚੁੱਕਣ ਵਾਲਿਆਂ ਨੂੰ? ਜਾਂ ਫਿਰ ਬੋਲਣ ਵਾਲੀ ਨੇ ਆਪਣੇ ਆਪ ਨੂੰ ਸੁਣਾਇਆ?’ ਮੈਂਨੂੰ ਲਗਦਾ ਭਾਈਏ ਦੀ ਉਲਝੀ ਤਾਣੀ ਵਾਂਗ ਮੇਰੀਆਂ ਸੋਚਾਂ ਨੂੰ ਗਲੁੰਝ ਪੈ ਗਏ ਹਨ ਜਿਨ੍ਹਾਂ ਨੂੰ ਸਿੱਧਿਆਂ ਕਰਨ ਲਈ ਕੋਈ ਹੱਲ ਨਾ ਅਹੁੜਦਾ

ਕਈ ਵਾਰ ਮੱਸਾ ਲੰਮੇ ਪਏ ਤੇ ਮਰ ਰਹੇ ਬਲਦ ਜਾਂ ਗਾਂ ਕੋਲ ਬਹਿ ਕੇ ਉੱਚੀ ਉੱਚੀ ਗੀਤਾ ਦਾ ਪਾਠ ਪੜ੍ਹਦਾ ਉੱਧਰ ਮਰ ਰਿਹਾ ਪਸ਼ੂ ਤੜਫ਼ ਤੜਫ਼ ਕੇ ਅਗਲੀਆਂ-ਪਿਛਲੀਆਂ ਲੱਤਾਂ ਜ਼ੋਰ ਨਾਲ ਖਿੱਚ-ਖਿੱਚ ਮਾਰਦਾਮੱਸਾ ਕਹਿੰਦਾ, ‘ਬੱਸ, ਗਤੀ ਹੋ ਗਈ ਸਮਝੋ।’

ਮੱਸਿਆ, ਬੜਾ ਲਹਿਣਾ ਦਿੱਤਾ ਮੀਣੇ ਨੇ!’ ਇਕਬਾਲ ਸਿੰਘ ਦੇ ਭਾਈਏ ਊਧਮ ਸਿੰਘ ਨੇ ਇੱਕ ਵਾਰ ਆਪਣੇ ਬਲਦ ਦਾ ਅਫ਼ਸੋਸ ਕਰਦਿਆਂ ਕਿਹਾ ਪਰ ਮੱਸਾ ਕਣਕ ਦੇ ਦਾਣਿਆਂ ਦੀ ਮਗਰੀ ਪਿੱਠ ’ਤੇ ਲਾ ਕੇ ਤੁਰ ਪਿਆ ਸੀ

ਮੱਸਾ ਖੱਡੀ ਬੁਣਦਾ ਜਦੋਂ ਕਿਸੇ ਨਾਲ ਵੀ ਗੱਲ ਕਰਦਾ ਤਾਂ ਇਉਂ ਲੱਗਦਾ ਜਿਵੇਂ ਉਹਨੂੰ ਗੁਰਦੁਆਰੇ ਦੇ ਪਾਠੀ ਨਾਲੋਂ ਵੀ ਜ਼ਿਆਦਾ ਗਿਆਨ ਹੋਵੇਉਹ ਮਹਾਂਭਾਰਤ ਤੇ ਰਾਮਾਇਣ ਦੇ ਹਾਵਾਲਿਆਂ ਸਮੇਤ ਗੁਰਬਾਣੀ ਦੀਆਂ ਤੁਕਾਂ ਦੀ ਵਿਆਖਿਆ ਕਰ ਕੇ ਸੁਣਨ ਵਾਲੇ ਨੂੰ ਭਰਮਾ ਲੈਂਦਾ ਮੈਂਨੂੰ ਕੋਲ ਖੜ੍ਹੇ ਨੂੰ ਅਕਸਰ ਕਹਿੰਦਾ, ‘ਗੁੱਡ, ਕਲੀ ਦੀ ਚਿਲਮ ਵਿੱਚ ਅੱਗ ਧਰ ਦੇ।’

ਉਹਦੇ ਬਾਰੇ ਘਰ ਵਿੱਚ ਗੱਲ ਤੁਰਦੀ ਤਾਂ ਭਾਈਆ ਦਬਾਸਟ ਕਹਿੰਦਾ, ‘ਐਮੀਂ ਮਾਮਾ ਅਗੰਮ ਦੀਆਂ ਗੱਲਾਂ ਮਾਰਦਾ ਰਹਿੰਦਾਅਈਦਾਂ ਬਾਂਨ੍ਹ ਬੰਨ੍ਹ ਲਈਂਦਾ ਜਿੱਦਾਂ ਰੱਬ ਨੂੰ ਹੁਣੇ ਈ ਮਿਲ ਕੇ ਆਇਆ ਹੋਬੇਕੋਈ ਪੁੱਛਣ ਆਲਾ ਹੋਬੇ ਪਈ ਭਲਿਆ ਮਾਣਸਾ ਅੱਜ ਤਾਈਂ ਰੱਬ ਕਿਸੇ ਨੇ ਦੇਖਿਆ ਬੀ ਆ?’ ਇਸ ਨਵੇਂ ਸਵਾਲ ਨਾਲ ਕਦੀ ਮੈਂਨੂੰ ਮੱਸਾ ਸੱਚਾ ਲਗਦਾ ਤੇ ਕਦੀ ਭਾਈਆ ਮੈਂਨੂੰ ਖ਼ਿਆਲ ਆਉਂਦਾ, ‘ਕੀ ਸੱਚ-ਮੁੱਚ ਪਾਠ ਨਾਲ ਪਸ਼ੂ ਛੇਤੀ ਮਰ ਜਾਂਦਾ ਹੋਵੇਗਾ! ਕੀ ਉਹ ਪਾਠ ਦੀ ਪੰਜਾਬੀ ਜਾਂ ਹਿੰਦੀ ਸਮਝਦਾ ਹੋਵੇਗਾ?’ ਗਤੀ ਬਾਰੇ ਤੇਜ਼ ਗਤੀ ਨਾਲ ਫ਼ੁਰਨੇ ਫ਼ੁਰਦੇ ਪਰ ਜਲੇਬੀ ਚੱਕਰ ਵਾਂਗ ਦੋਹਾਂ ਦੇ ਭੇਤ ਦੀ ਹਾਥ ਨਾ ਲਗਦੀ ਕਿ ਕਿੱਥੋਂ ਸ਼ੁਰੂ ਹੁੰਦੇ ਤੇ ਕਿੱਥੇ ਮੁੱਕਦੇ ਹਨਮੇਰੀਆਂ ਸੋਚਾਂ ਦੂਰ ਕਿਸੇ ਦਿਸਹੱਦੇ ਉੱਤੇ ਜਾਂਦੀਆਂ ਤੇ ਉਸੇ ਵੇਲੇ ਸੱਖਣੀਆਂ ਪਰਤ ਆਉਂਦੀਆਂ ਮੈਂਨੂੰ ਲਗਦਾ ਕਿ ਦਿਨੇ ਹੀ ਹਨੇਰਾ ਪਸਰ ਗਿਆ ਹੈ

ਹਰੇਕ ਨਿਆਣਾ-ਸਿਆਣਾ ਖੇਤਾਂ ਵਿੱਚ ਜਾ ਕੇ ਪੀਪਾ ਪਰਾਤ ਖੜਕਾਬੇ, ਸਿਲ੍ਹਾ (ਸਲ੍ਹਾ) ਆ ਰੲ੍ਹੀ ਆ, ਜੁਆਰ (ਮੱਕੀ) ਦੀ ਫ਼ਸਲ ਬਚਾਓ ਬਈਓ।’ ਜਾਗਰ ਚੌਕੀਦਾਰ ਦੇ ਹੋਕੇ ਨਾਲ ਲੁਆਲਾ ਲੱਗਣ ਵੇਲੇ ਮੇਰੀ ਅੱਖ ਖੁੱਲ੍ਹੀ ਤੇ ਨੱਸ ਕੇ ਬੂਹਿਓਂ ਬਾਹਰ ਚਲਾ ਗਿਆਉਸ ਨੇ ਪੁਰਾਣੇ ਟੁੱਟੇ ਹੋਏ ਜੰਗਾਲ ਖਾਧੇ ਨਸਵਾਰੀ ਰੰਗ ਵਿੱਚ ਬਦਲ ਚੁੱਕੇ ਪੀਪੇ ਉੱਤੇ ਤੂਤ ਦੀ ਛਿਟੀ ਮਾਰ-ਮਾਰ ਉਹਨੂੰ ਚਿੱਬਾ ਜਿਹਾ ਕਰ ਦਿੱਤਾ ਸੀਉਹ ਡੌਂਡੀ ਪਿੱਟਦਾ ਕਾਹਲੀ-ਕਾਹਲੀ ਪਿੰਡ ਦੀ ਗਭਲੀ ਗਲੀ ਵਿੱਚ ਚਲਾ ਗਿਆ ਸੀ ਪਰ ਉਹਦੇ ਉੱਚੇ ਬੋਲ, ‘ਜੁਆਰ ਦੀ ਫ਼ਸਲ ਬਚਾਓ ਬਈਓਅਜੇ ਵੀ ਸੁਣ ਰਹੇ ਸਨਉਦੋਂ ਮੈਂ ਦੂਜੀ ਜਮਾਤ (1963) ਵਿੱਚ ਹੋ ਗਿਆ ਸੀ

ਲੋਕਾਂ ਦੀਆਂ ਹੇੜ੍ਹਾਂ ਵਾਹੋਦਾਹੀ ਖੇਤਾਂ ਵੱਲ ਦੌੜਦੀਆਂ ਜਾ ਰਹੀਆਂ ਸਨਅਸੀਂ ਵੀ, ਯਾਨੀ ਭਾਈਆ, ਵੱਡਾ ਭਰਾ ਤੇ ਮੈਂ ਜਿਸਦੇ ਜੋ ਹੱਥ ਆਇਆ, ਲੈ ਕੇ, ਫਿਰਨੀ ਦੇ ਨਾਲ ਲਗਦੇ ‘ਅੱਲਬਲੱਲਿਆਂਦੇ ਖੇਤ ਵਿੱਚ ਜਾ ਕੇ ਪੀਪਾ, ਪਰਾਤ ਤੇ ਥਾਲ ਜਿੱਡੀ ਕਹੇਂ ਦੀ ਥਾਲੀ ਖੜਕਾਉਣ ਲੱਗ ਪਏਅਸੀਂ ਉਨ੍ਹਾਂ ਦੇ ਖੇਤ ਵਿੱਚ ਆਪਣੇ ਪਸ਼ੂਆਂ ਦਾ ਢੇਰ (ਗੋਹਾ-ਕੂੜਾ) ਪਾ ਕੇ ਅੱਧ ਉੱਤੇ ਮੱਕੀ ਬੀਜੀ ਹੋਈ ਸੀਮੱਕੀ ਦੇ ਕਈ ਬੂਟੇ ਮੇਰੀ ਗਿੱਠ-ਗਿੱਠ ਜਿੱਡੇ ਸਨ ਤੇ ਕਈ ਵੱਡੇਐਨ ਹਰੇ ਕਚੂਰ, ਨਰਮ-ਨਰਮਅਸੀਂ ਥੋੜ੍ਹੇ ਜਿਹੇ ਖੇਤ ਦੀ ਇੱਕ ਦਿਨ ਪਹਿਲਾਂ ਗੋਡੀ ਕੀਤੀ ਸੀ

ਜਿੱਥੇ ਤਕ ਆਸੇ-ਪਾਸੇ ਤੇ ਉਤਾਂਹ ਨੂੰ ਨਜ਼ਰ ਜਾਂਦੀ, ਸਿਲ੍ਹਾ (ਟਿੱਡੀ ਦਲ) ਦਾ ਅਮੁੱਕ ਕਾਫ਼ਲਾ ਪਿੰਡ ਦੇ ਦੱਖਣ ਤੋਂ ਪਹਾੜ (ਉੱਤਰ) ਵੱਲ ਨੂੰ ਉੱਡਦਾ ਜਾ ਰਿਹਾ ਸੀਥੋੜ੍ਹਾ ਕੁ ਚਿਰ ਪਹਿਲਾਂ ਨਿਕਲੇ ਸੂਰਜ ਦੀਆਂ ਕਿਰਨਾਂ ਇਸ ਸੰਘਣੇ ਉੱਡਦੇ ਟਿੱਡੀ ਦਲ ਥਾਣੀ ਛਣ ਹੋ ਕੇ ਆ ਰਹੀਆਂ ਸਨਜਿੱਥੇ-ਜਿੱਥੇ ਇਸ ਕਾਫ਼ਲੇ ਦਾ ਉਤਾਰਾ ਹੁੰਦਾ ਮੱਕੀ, ਚਰ੍ਹੀ, ਬਾਜਰੇ, ਟਾਹਲੀਆਂ ਦੇ ਪੱਤਿਆਂ ਨੂੰ ਖਾ ਜਾਂਦਾਟਿੱਡੀ ਦਲ ਬਹਿੰਦਾ ਹੀ ਚੌਲਾਂ ਦੇ ਦਾਣਿਆਂ ਵਰਗੇ ਚਿੱਟੇ-ਲੰਮੇ ਆਂਡੇ ਦੇ ਦਿੰਦਾਇਨ੍ਹਾਂ ਤੋਂ ਉੱਠਦੀ ਬੂ ਨਾਲ ਖਾਲੀ ਪੇਟ ਵੀ ਉਲਟੀ ਆਉਣ ਨੂੰ ਕਰਦੀ ਤੇ ਆਂਡੇ ਦੇਖ-ਦੇਖ ਅਤੇ ਉਨ੍ਹਾਂ ਉੱਤੇ ਪੈਰ ਰੱਖ ਹੋਣ ਨਾਲ ਕਾਣਤ ਜਿਹੀ ਆਉਂਦੀ

ਤਈਨੂੰ ਮੈਂ ਤਾਅਨਾਂ ਕਢਾਉਂਦਾਂ ਮਾਮਾ ਹੀਰ ਦਿਆ!’ ਭਾਈਏ ਨੇ ਦੂਰੋਂ ਹੀ ਆਪਣੇ ਮੂੰਹ ਮੋਹਰਿਉਂ ਸੱਜੇ ਹੱਥ ਨਾਲ ਸਿਲ੍ਹਾ ਹਟਾਉਂਦਿਆਂ ਕਿਹਾਹੁਣ ਮੈਂ ਥਾਲੀ ਉੱਤੇ ਇੱਕ ਟਾਹਣੀ ਦਾ ਬਣਾਇਆ ਡਗਾ ਹੋਰ ਉੱਚੀ ਤੇ ਫ਼ੁਰਤੀ ਨਾਲ ਮਾਰਨ ਲੱਗ ਪਿਆ ਸੀਨਾਲ ਹੀ ਮੈਂਨੂੰ ਖ਼ਿਆਲ ਆਇਆ, ‘ਸਿਲ੍ਹਾ ਇੰਨੀ ਰਫ਼ਤਾਰ ਨਾਲ ਉੱਡਦੀ ਜਾਂਦੀ ਆ ਤੇ ਜਾਗਰ ਚੌਕੀਦਾਰ ਨੂੰ ਇੰਨਾ ਪੲ੍ਹੀਲਾਂ ਕਿੱਦਾਂ ਪਤਾ ਲੱਗ ਗਿਆ? '

ਸੂਰਜ ਹੁਣ ਕਾਫ਼ੀ ਉੱਤੇ ਨੂੰ ਆ ਗਿਆ ਸੀਕਾਫ਼ਲੇ ਨਾਲੋਂ ਖੁੰਝੀ ਟਾਵੀਂ-ਟਾਵੀਂ ਟਿੱਡੀ ਪਿੱਛੇ ਰਹਿ ਗਈ ਸੀ ਜਿਸ ਨੂੰ ਅਸੀਂ ਹੁਸ਼ਿਆਰੀ ਨਾਲ ਮਾਰ ਦਿੰਦੇ ਇੰਨੀਆਂ ਕੀੜੀਆਂ ਵੀ ਪਤਾ ਨਹੀਂ ਕਿੱਥੋਂ ਆ ਗਈਆਂ ਜੋ ਟਿੱਡੀ ਦਲ ਦੀਆਂ ਲਾਸ਼ਾਂ ਨੂੰ ਖਾਣ ਤੇ ਧੂਹਣ ਲੱਗ ਪਈਆਂਇਸ ਟਿੱਡੀ ਦਲ ਦੇ ਪਰ ਮੈਂਨੂੰ ਆਦਮਪੁਰ ਹਵਾਈ ਅੱਡੇ ਤੋਂ ਉੱਡਦੇ ਹਵਾਈ ਜਹਾਜ਼ਾਂ ਵਰਗੇ ਲਗਦੇਪੀਲੇ ਰੰਗ ਦੀਆਂ ਇਨ੍ਹਾਂ ਟਿੱਡੀਆਂ ਦੇ ਲੰਬੂਤਰੇ ਢਿੱਡ ਉੱਤੇ ਥੋੜ੍ਹੀ ਥੋੜ੍ਹੀ ਵਿੱਥ ਉੱਤੇ ਕਾਲੀਆਂ ਧਾਰੀਆਂ ਸਨ ਜੋ ਬਹੁਤ ਖ਼ੂਬਸੂਰਤ ਲੱਗਦੀਆਂ ਸਨ

ਲੋਕ ਘਰਾਂ ਨੂੰ ਮੁੜਨ ਲੱਗ ਪਏਲੰਬੜਾਂ ਦੀ ਹਵੇਲੀ ਵਾਲੇ ਤਿਰਾਹੇ ਕੋਲ ਆ ਕੇ ਤਾਏ (ਵਿਹੜੇ ਵਿੱਚੋਂ ਲਗਦੇ) ਬੰਤੇ ਨੇ ਗੱਲ ਤੋਰੀ, ‘ਧੁਆਡੇ ਚਾਰ ਮਣ ਦਾਣੇ ਹੋਣਗੇ ਸਰਦਾਰ ਜੀ ਤਾਂ ਸਾਡੇ ਘਰੀਂ ਬੀ ਦਹਿਸੇਰ ਆਉਣਗੇ।’

ਰੱਬ ਦਾ ਸ਼ੁਕਰ ਆ ਪਈ ਬਹੁਤਾ ਨਕਸਾਨ ਨਈਂ ਹੋਇਆ!’ ਕਿਸੇ ਨੇ ਕਿਹਾ

ਅਫ਼ਰੀਨ ਆ ਬਈ ਜਾਗਰ ਦੇ, ਜਿਹਲਾਂ ਈ ਠਾਣਿਓਂ ਚਪਾਹੀ (ਸਿਪਾਹੀ) ਅਤਲਾਹ (ਇਤਲਾਹ) ਦੇਣ ਆਇਆ, ਓਹਅਲਾਂ ਈ ਉਹ ਡੌਂਡੀ ਪਿੱਟਣ ਡੈਹ ਪਿਆ।’ ਤਾਏ ਨੇ ਦੱਸਿਆ

ਦੱਸਦੇ ਆ ਠਾਣੇ ਬੈਰਲਸ ਆਈ ਸੀ ਜਲੰਧਰੋਂ।’

ਹਮਲਿਆਂ ਤੋਂ ਬਾਅਦ (1950 ਵਿਚ) ਜਦੋਂ ਸਿਲ੍ਹਾ (ਸਲ੍ਹਾ) ਆਈ ਸੀ ਉਦੋਂ ਤਾਂ ਦਰਖਤਾਂ ਦੇ ਪੱਤੇ ਬੀ ਚੱਟ ਗਈ ਸੀ - ਐਨ੍ਹ ਡੁੰਡ ਕਰਤੇ ਸੀ ਤੇ ਆਹ ਜੁਆਰਾਂ ਉਹਦੇ ਮੋਹਰੇ ਕੀ ਸਿਗੀਆਂਦੱਸਦੇ ਆ, ਕਈ ਥਾਂਮਾਂ ਤੇ ਤਾਂ ਗੱਡੀਆਂ ਰੁਕ ਗਈਆਂ ਸੀ।’ ਭਾਈਏ ਨੇ ਇੱਕ ਲੜੀ ਜੋੜਨ ਦੀ ਕੋਸ਼ਿਸ਼ ਕੀਤੀਮੈਂ ਕੋਲ ਖੜ੍ਹਾ ਉਨ੍ਹਾਂ ਸਾਰਿਆਂ ਦੇ ਬੇਰੌਣਕ ਜਿਹੇ ਮੂੰਹਾਂ ਵਲ ਦੇਖ ਰਿਹਾ ਸੀਪਰ ਭਾਈਏ ਹੁਰੀਂ ਗੱਲਾਂ ਕਰਦੇ ਕਰਦੇ ਘਰਾਂ ਵਲ ਨੂੰ ਤੁਰਨ ਲਈ ਮੂੰਹ ਕਰ ਲਏ ਸਨ

ਆਈਂ ਮੇਰਾ ਪੁੱਤ, ਹਾਅ ਟਾਹਲੀ ਦੀਆਂ ਛਿੰਗਾਂ ਚੁਗ ਲਿਆਧੂੰਣੀ ਲਾਈਏ।’ ਤਾਏ ਬੰਤੇ ਨੇ ਵਿੱਚੋਂ ਗੱਲ ਟੋਕ ਕੇ ਮੈਂਨੂੰ ਸੈਨਤ ਮਾਰਦਿਆਂ ਆਖਿਆਮੈਂ ਸੋਚਿਆ, ‘ਤਾਏ ਨੇ ਆਪਣੀ ਜੇਬ ਵਿਚਲੀ ਧੁਤਰੂ ਵਰਗੀ ਸੁਲਫ਼ੀ ਵਿੱਚ ਅੱਗ ਬਣਾ ਕੇ ਪਾਉਣੀ ਹੋਣੀ ਆ।’

ਮੈਂ ਤੇ ਤਾਏ ਬੰਤੇ ਦਾ ਖੁਸ਼ੀਆ ਨਿੱਕੀਆਂ ਸੁੱਕੀਆਂ ਟਾਹਣੀਆਂ ਇਕੱਠੀਆਂ ਕਰ ਲਿਆਏਇੰਨੇ ਨੂੰ ਰਾਹ ਵਿੱਚੋਂ ਤਾਏ ਨੇ ਘਾਹ-ਫੂਸ ਹੂੰਝ ਲਿਆ ਸੀ ਜਿਸ ਉੱਤੇ ਸਾਡਾ ਲਿਆਂਦਾ ਬਾਲਣ ਰੱਖ ਕੇ ਉਹਨੇ ਤੀਲੀ ਨਾਲ ਅੱਗ ਲਾ ਦਿੱਤੀਜਦੋਂ ਲੰਬ ਮੱਠੀ ਹੋਈ ਤਾਂ ਉਹਨੇ ਆਪਣੇ ਪਰਨੇ ਦੇ ਲੜ ਬੱਧੀ ਗੰਢ ਨੂੰ ਖੋਲ੍ਹਿਆਇਹ ਮਰੀ ਹੋਈ ਸਿਲ੍ਹਾ ਸੀਉਸ ਨੇ ਇਸ ਨੂੰ ਅੱਗ ਉੱਤੇ ਸੁੱਟਿਆਫਿਰ ਹੱਥ ਵਿੱਚ ਫੜੀ ਟਾਹਣੀ ਨਾਲ ਹਿਲਾਇਆ ਤੇ ਕਿਹਾ, ‘ਚੱਬ ਲਓ, ਹੋਲ਼ਾਂ ਬਣ ਗਈਆਂ।’

ਇਹ ਸੁਣ ਕੇ ਮੈਂ ਤਾਏ ਦੇ ਮੂੰਹ ਵੱਲ ਦੇਖਦਾ ਹੀ ਰਹਿ ਗਿਆ

ਤਾਏ ਨੇ ਭੁੰਨੀ ਹੋਈ ਇੱਕ ਟਿੱਡੀ ਆਪ ਮੂੰਹ ਵਿੱਚ ਪਾ ਕੇ ਇੱਕ ਮੈਂਨੂੰ ਫੜਾਉਂਦਿਆਂ ਆਖਿਆ, ‘ਚੱਬ ਜਾ ਚੱਬ, ਇਹਦੇ ਵਿੱਚ ਕਿਹੜੀਆਂ ਹੱਡੀਆਂ!’ ਨਿੱਕੇ ਜਿਹੇ ਹਾਸੇ ਦੌਰਾਨ ਉਸ ਨੇ ਫਿਰ ਕਿਹਾ, ‘ਆਪਾਂ ਤਾਂ ਬਥੇਰੇ ਹੱਡ ਚਰੂੰਡਦੇ ਰੲ੍ਹੇ ਆਂ, ਆਅ।’

ਮੈਂ ਝਿਜਕਦੇ ਨੇ ਖਿੱਲ ਹੋਈ ਟਿੱਡੀ ਖਾ ਲਈਬੜੀ ਸਲੂਣੀ ਤੇ ਸੁਆਦ ਲੱਗੀਫਿਰ ਮੈਂ ਆਪ ਹੀ ਅੱਗ ਫ਼ਰੋਲ ਕੇ ਟਿੱਡੀ-ਹੋਲ਼ਾਂ ਖਾਣ ਲੱਗ ਪਿਆਖੁਸ਼ੀਏ ਦੇ ਹੱਥ ਤੇ ਮੂੰਹ ਕਾਫ਼ੀ ਤੇਜ਼ ਹਰਕਤ ਵਿੱਚ ਸਨ

ਮੇਰੇ ਟਿੱਡੀ ਖਾਣ ਦੀ ਘਟਨਾ ਸਕੂਲ ਵਿੱਚ ਅਫ਼ਵਾਹ ਵਾਂਗ ਫੈਲ ਗਈ ਤੇ ਨਿਆਣੇ ਮੈਂਨੂੰ,ਟਿੱਡੀ ਖਾਣਾ - ਟਿੱਡੀ ਖਾਣਾਜਾਂ ‘ਟਿੱਡੀ ਖਾਣਾ ਸੱਪਕਹਿ ਕੇ ਚਿੜਾਉਂਦੇਸੱਪ ਸ਼ਬਦ ਉਨ੍ਹਾਂ ਮੇਰੇ ਕਾਲੇ-ਲਾਖੇ ਰੰਗ ਸਦਕਾ ਜੋੜ ਲਿਆ ਸੀਮੈਂ ਇਸ ਨਮੋਸ਼ੀ ਦੇ ਭਾਰ ਥੱਲੇ ਲਗਾਤਾਰ ਦੱਬਦਾ ਜਾ ਰਿਹਾ ਸੀ ਜਿਸ ਹੇਠੋਂ ਯਤਨ ਕਰਨ ’ਤੇ ਵੀ ਮੈਥੋਂ ਨਿਕਲ ਨਾ ਹੁੰਦਾਕਦੀ ਮੈਂਨੂੰ ਆਪਣੀ ਟਿੱਡੀ-ਹੋਲ਼ਾਂ ਖਾਣ ਵਾਲੀ ਘਟਨਾ ਘਿਨਾਉਣੀ ਤੇ ਕਦੀ ਸਹਿਜ ਜਾਪਦੀਮਨ ਵਿੱਚ ਦਲੀਲ ਉੱਠਦੀ, ‘ਦੀਵਾਲੀ-ਦੁਸਹਿਰੇ ਨੂੰ ਸਾਰਿਆਂ ਦੇ ਘਰੀਂ ਬੱਕਰੇ ਦਾ ਮਾਸ ਰਿੱਝਦਾ ਉਨ੍ਹਾਂ ਨੂੰ ਤਾਂ ਕੋਈ ਕੁਝ ਨਹੀਂ ਕਹਿੰਦਾ ਪਰ ਪੰਜਾਂ-ਸੱਤਾਂ ਦਿਨਾਂ ਵਿੱਚ ਹੀ ਇਹ ਸੰਬੋਧਨ ਟਿੱਡੀ ਦਲ ਵਾਂਗ ਕਿਤੇ ਦੂਰ ਉਡ ਗਿਆ ਤੇ ਮੇਰਾ ਮਨ ਇਸ ਸੂਖਮ ਅਸਹਿ ਬੋਝ ਤੋਂ ਮੁਕਤ ਹੋ ਗਿਆਮੈਂ ਫਿਰ ਹਵਾ ਵਿੱਚ ਉੱਡਦੀਆਂ ਤਿਤਲੀਆਂ ਤੇ ਰਾਤਾਂ ਨੂੰ ਟਟਹਿਣਿਆਂ ਪਿੱਛੇ ਦੌੜਨ ਲੱਗ ਪਿਆ

**

(ਅਗਾਂਹ ਪੜ੍ਹੋ ਕਾਂਡ ਚੌਥਾ: ਤਿੜਕੇ ਸ਼ੀਸ਼ੇ ਦੀ ਵਿਥਿਆ)

*****

 

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2353)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com)

About the Author

ਬਲਬੀਰ ਮਾਧੋਪੁਰੀ

ਬਲਬੀਰ ਮਾਧੋਪੁਰੀ

Delhi, India.
Phone: (011 - 91 - 93505 - 48100)

Email: (bmadhopuri@yahoo.in)

More articles from this author