BalbirMadhopuri7“ਮੇਰੀ ਭੂਮਿਕਾ ਵੱਧ ਤੋਂ ਵੱਧ ਵੀ ਇਕ ਨਿੱਕੀ ਜਿਹੀ ਚੰਗਿਆੜੀ ਦੀ ਕਹੀ ਜਾ ਸਕਦੀ ਹੈ ...
(ਦਸੰਬਰ 2, 2015)

 

(ਭਾਰਤ ਦੇ ਸਮਾਜਕ, ਧਾਰਮਿਕ ਤੇ ਰਾਜਨੀਤਕ ਖੇਤਰ ਵਿਚ ਬਣੇ ਹੋਏ ਅਸਹਿਣਸ਼ੀਲਤਾ ਦੇ ਮਾਹੌਲ ਵਿਰੁੱਧ ਰੋਸ ਪਰਗਟ ਕਰਨ ਵਾਸਤੇ ਬਹੁਤ ਸਾਰੇ ਲੇਖਕਾਂ ਨੇ ਆਪਣੇ ਪੁਰਸਕਾਰ ਸਾਹਿਤ ਅਕਾਦਮੀ ਨੂੰ ਵਾਪਸ ਕਰ ਦਿੱਤੇ। ਪੰਜਾਬੀ ਵਿੱਚੋਂ ਪੁਰਸਕਾਰ ਮੋੜਨ ਵਾਲੇ ਪਹਿਲੇ ਲੇਖਕ ਗੁਰਬਚਨ ਸਿੰਘ ਭੁੱਲਰ ਸਨ। ਇਸ ਸੰਬੰਧ ਵਿਚ ਸ਼੍ਰੀ ਬਲਬੀਰ ਮਾਧੋਪੁਰੀ ਨੇ ਉਹਨਾਂ ਨਾਲ ਮੁਲਾਕਾਤ ਕੀਤੀ। ਇੱਥੇ ਉਸ ਮੁਲਾਕਾਤ ਦੇ ਕੁਝ ਸਵਾਲ-ਜਵਾਬ ਦਿੱਤੇ ਜਾ ਰਹੇ ਹਨ।)

ਮਾਧੋਪੁਰੀ: ਭੁੱਲਰ ਜੀ, ਲੇਖਕਾਂ ਵਿਚ ਦੇਸ ਦੇ ਸਾਹਿਤਕ ਤੇ ਸਭਿਆਚਾਰਕ ਖੇਤਰ ਵਿਚ ਬਣੇ ਹੋਏ ਹਾਲਾਤ ਵਿਰੁੱਧ ਰੋਸ ਹੈ। ਰੋਸ ਵਜੋਂ ਸਾਹਿਤ ਅਕਾਦਮੀ ਨੂੰ ਆਪਣਾ ਪੁਰਸਕਾਰ ਮੋੜਨ ਵਿਚ ਤੁਸੀਂ ਪੰਜਾਬੀ ਲੇਖਕਾਂ ਵਿਚੋਂ ਪਹਿਲ ਕੀਤੀ ਹੈ। ਕੀ ਤੁਸੀਂ ਸਮਝਦੇ ਹੋ, ਇਸ ਨਾਲ ਹਾਲਤ ਵਿਚ ਕੁਝ ਤਬਦੀਲੀ ਆ ਸਕਦੀ ਹੈ?

ਭੁੱਲਰ: ਹਾਲਾਤ ਬਦਲਣੇ ਏਨੇ ਸੌਖੇ ਨਹੀਂ ਹੁੰਦੇ। ਸਨਮਾਨ ਮੋੜਨ ਵੇਲੇ ਮੈਨੂੰ ਇਹ ਆਸ ਵੀ ਨਹੀਂ ਸੀ, ਭੁਲੇਖਾ ਵੀ ਨਹੀਂ ਸੀ ਤੇ ਮੇਰਾ ਇਹ ਉਦੇਸ਼ ਵੀ ਨਹੀਂ ਸੀ। ਮੇਰੇ ਮਨ ਵਿਚ ਸਿਰਫ਼ ਏਨੀ ਗੱਲ ਸੀ, ਖਾਸ ਕਰ ਕੇ ਕਲਬੁਰਗੀ ਦੇ ਕਤਲ ਤੋਂ ਤੇ ਭਗਵਾਨ ਤੇ ਬਸ਼ੀਰ ਨੂੰ ਦਿੱਤੀਆਂ ਗਈਆਂ ਧਮਕੀਆਂ ਤੋਂ ਬਾਅਦ, ਕਿ ਲੋਕਾਂ ਨੂੰ ਪਤਾ ਲੱਗੇ, ਸਾਹਿਤ ਅਤੇ ਸਭਿਆਚਾਰ ਦੇ ਖੇਤਰ ਵਿਚ ਦੇਸ ਦਾ ਮਾਹੌਲ ਠੀਕ ਨਹੀਂ ਹੈ। ਉਹ ਇਸ ਬਾਰੇ ਸੋਚਣ। ਚਿੰਤਨ-ਮੰਥਨ ਦਾ ਮਾਹੌਲ ਬਣੇ।

ਮਾਧੋਪੁਰੀ: ਕੀ ਤੁਹਾਡੀ ਇਹ ਇੱਛਾ ਕਿਸੇ ਹੱਦ ਤੱਕ ਪੂਰੀ ਹੋਈ?

ਭੁੱਲਰ: ਬਿਲਕੁਲ ਹੋਈ, ਮੇਰੇ ਕਿਆਸ ਤੋਂ ਵੱਧ ਪੂਰੀ ਹੋਈ। ਖ਼ਬਰ ਪਤਾ ਲਗਦਿਆਂ ਹੀ ਮੈਨੂੰ ਦੇਸ ਵਿੱਚੋਂ ਹੀ ਨਹੀਂ, ਪਰਦੇਸਾਂ ਵਿਚੋਂ ਵੀ ਏਨੇ ਫੋਨ ਆਏ ਕਿ ਮੈਂ ਹੈਰਾਨ ਰਹਿ ਗਿਆ। ਗ਼ਾਲਿਬ ਚਾਚਾ ਜੀ ਤਾਂ ਮਾਯੂਸ ਸਨ ਕਿ “ਆਹ ਕੋ ਚਾਹੀਏ ਇਕ ਉਮਰ ਅਸਰ ਹੋਣੇ ਤੱਕ!” ਮੇਰੀ ਆਹ ਦਾ ਅਸਰ ਏਨਾ ਹੋਇਆ ਤੇ ਏਨੀ ਛੇਤੀ ਹੋਇਆ, ਮੈਨੂੰ ਖ਼ੁਸ਼ੀ ਵੀ ਹੋਈ ਤੇ ਤਸੱਲੀ ਵੀ।

ਮਾਧੋਪੁਰੀ: ਤੁਹਾਡੀ ਖ਼ਬਰ ਛਪਦਿਆਂ ਹੀ ਪੁਰਸਕਾਰ ਵਾਪਸੀਆਂ ਦਾ ਅਜਿਹਾ ਸਿਲਸਿਲਾ ਸ਼ੁਰੂ ਹੋਇਆ ਕਿ ਅਨੇਕ ਪੰਜਾਬੀ ਲੇਖਕਾਂ ਨੇ ਇਹ ਕਦਮ ਚੁੱਕ ਲਿਆ। ਆਪਣੇ ਕਦਮ ਦੇ ਜਿਸ ਅਸਰ ਦੀ ਤੁਸੀਂ ਗੱਲ ਕੀਤੀ ਹੈ, ਕੀ ਇਹ ਵੀ ਉਸੇ ਅਸਰ ਕਾਰਨ ਹੋਇਆ?

ਭੁੱਲਰ: ਓ ਨਹੀਂ ਭਾਈ ਬਲਬੀਰ, ਨਹੀਂ! ਮੈਂ ਅਜਿਹੀ ਹਉਮੈ ਦਾ ਕਸੂਰਵਾਰ ਨਹੀਂ ਬਣਨਾ ਚਾਹੁੰਦਾ। ਹਰ ਸਮਝਦਾਰ ਆਦਮੀ ਦੇਸ ਦੀ ਹਾਲਤ ਤੋਂ ਫ਼ਿਕਰਮੰਦ ਹੈ। ਕੁਦਰਤੀ ਹੈ, ਲੇਖਕ ਕੋਮਲਭਾਵੀ ਹੋਣ ਕਰਕੇ ਸਭ ਤੋਂ ਵੱਧ ਫ਼ਿਕਰਮੰਦ ਹਨ। ਸਨਮਾਨ ਵਾਪਸ ਕਰਨ ਵਾਲੇ ਸਾਰੇ ਹੀ ਪੰਜਾਬੀ ਲੇਖਕ ਮੇਰੇ ਮਿੱਤਰ ਨੇ। ਕਈ ਤਾਂ ਮੈਥੋਂ ਵੱਡੇ ਵੀ ਨੇ। ਉਹਨਾਂ ਦੇ ਦਿਲ ਵੀ ਮੇਰੇ ਵਾਂਗ ਹੀ ਰੋਸ ਤੇ ਚਿੰਤਾ ਨਾਲ ਭਰੇ ਪਏ ਸਨ। ਆਪਣੀ ਭਾਵਨਾ ਪਰਗਟ ਕਰਨ ਦੇ ਕਈ ਤਰੀਕੇ ਹੋ ਸਕਦੇ ਨੇ। ਕਈ ਵਾਰ ਬੰਦਾ ਦੁਬਿਧਾ ਵਿਚ ਹੁੰਦਾ ਹੈ ਕਿ ਉਹ ਕਿਹੜਾ ਰਾਹ ਚੁਣੇ। ਕੋਈ ਇਕ ਜਣਾ ਕੋਈ ਇਕ ਰਾਹ ਚੁਣ ਲੈਂਦਾ ਹੈ ਤਾਂ ਦੂਜਾ ਸੋਚਦਾ ਹੈ, ‘ਹਾਂ ਯਾਰ, ਐਹ ਤਰੀਕਾ ਵਧੀਆ ਹੈ!’ਤੁਸੀਂ ਸਮਾਜ ਵਿਚ ਕਈ ਮੌਕਿਆਂ ਉੱਤੇ ਇਹ ਹੁੰਦਾ ਦੇਖਿਆ ਹੋਵੇਗਾ। ਹੋ ਸਕਦਾ ਹੈ, ਕੁਝ ਲੇਖਕ ਮਿੱਤਰਾਂ ਦੇ ਮਾਮਲੇ ਵਿਚ ਅਜਿਹਾ ਹੋਇਆ ਹੋਵੇ। ਮੇਰੀ ਭੂਮਿਕਾ ਵੱਧ ਤੋਂ ਵੱਧ ਵੀ ਇਕ ਨਿੱਕੀ ਜਿਹੀ ਚੰਗਿਆੜੀ ਦੀ ਕਹੀ ਜਾ ਸਕਦੀ ਹੈ। ਲੇਖਕ ਮਿੱਤਰਾਂ ਦੇ ਆਪਣੇ ਮਨ ਰੋਸ ਤੇ ਰੋਹ ਦੇ ਸੁੱਕੇ ਬਾਲਣ ਨਾਲ ਪਹਿਲਾਂ ਹੀ ਭਰੇ ਹੋਏ ਸਨ। ਹਰ ਲੇਖਕ ਦੇ ਇਸ ਕਦਮ ਦਾ ਸਿਹਰਾ ਉਸੇ ਨੂੰ ਜਾਂਦਾ ਹੈ।

ਮਾਧੋਪੁਰੀ: ਸਰਕਾਰ ਤੁਹਾਨੂੰ ਪੁਰਸਕਾਰ ਮੋੜਨ ਵਾਲੇ ਲੇਖਕਾਂ ਨੂੰ ਕਾਂਗਰਸ ਤੇ ਖੱਬੀਆਂ ਪਾਰਟੀਆਂ ਦੇ ਇਸ਼ਾਰੇ ਉੱਤੇ ਚੱਲਣ ਵਾਲੇ ਆਖ ਰਹੀ ਹੈ। ਤੁਸੀਂ ਇਸ ਬਾਰੇ ਕੀ ਕਹੋਗੇ?

ਭੁੱਲਰ: ਪਹਿਲੀ ਗੱਲ, ਕਾਂਗਰਸੀ ਜਾਂ ਕਮਿਊਨਿਸਟ ਹੋਣਾ ਕੋਈ ਕਾਨੂੰਨੀ ਅਪਰਾਧ ਨਹੀਂ। ਲੱਖਾਂ ਲੋਕ ਇਹਨਾਂ ਪਾਰਟੀਆਂ ਨਾਲ ਜੁੜੇ ਹੋਏ ਹਨ। ਦੂਜੀ ਗੱਲ, ਇਹ ਆਖ ਕੇ ਸਰਕਾਰ ਸਾਨੂੰ ਬੁੱਧੀਹੀਣ ਆਖ ਰਹੀ ਹੈ। ਸਾਨੂੰ ਆਪਣੀ ਕੋਈ ਅਕਲ ਨਹੀਂ। ਕਾਂਗਰਸ ਜਾਂ ਕਮਿਊਨਿਸਟ ਪਾਰਟੀ ਨੇ ਆਖ ਦਿੱਤਾ, ਅਸੀਂ ਸਨਮਾਨ ਵਾਪਸ ਕਰ ਦਿੱਤੇ। ਸਰਕਾਰ ਦੀ ਇਸ ਗੱਲ ਤੋਂ ਸਾਨੂੰ ਗੁੱਸੇ ਨਹੀਂ ਹੋਣਾ ਚਾਹੀਦਾ, ਹੱਸ ਛੱਡਣਾ ਚਾਹੀਦਾ ਹੈ। ਇਹਨਾਂ ਦੀ ਬੁੱਧੀ ਦਾ ਘੇਰਾ ਖੂਹ ਦੇ ਡੱਡੂ ਜਿੰਨਾ ਹੀ ਹੈ। ਇਹਨਾਂ ਬਿਚਾਰਿਆਂ ਨੂੰ ਕੀ ਪਤਾ ਹੈ ਕਿ ਸਾਹਿਤ ਕੀ ਹੁੰਦਾ ਹੈ ਤੇ ਸਾਹਿਤਕਾਰ ਕੀ। ਜੇ ਹੁਣ ਮੰਤਰੀ ਅਤੇ ਹਾਕਮ ਧਿਰ ਦੇ ਹੋਰ ਆਗੂ ਪਰੇਸ਼ਾਨ ਹੋਏ ਇਕ ਇਕ ਕਰ ਕੇ ਸਾਡੇ ਵਿਰੁੱਧ ਵਿਹੁ ਘੋਲ ਰਹੇ ਨੇ, ਇਹ ਸਾਡੀ ਸਾਂਝੀ ਜੱਦੋਜਹਿਦ ਦੀ ਹੀ ਕਰਾਮਾਤ ਹੈ।

ਮਾਧੋਪੁਰੀ: ਤੁਸੀਂ ਅੱਜ-ਕੱਲ੍ਹ ਲਗਭਗ ਹਰ ਰੋਜ਼ ਹੀ ਕਿਸੇ ਨਾ ਕਿਸੇ ਪ੍ਰਮੁੱਖ ਟੀਵੀ ਚੈਨਲ ਉੱਤੇ ਸਿਰਫ਼ ਪੰਜਾਬੀ ਲੇਖਕਾਂ ਵਲੋਂ ਹੀ ਨਹੀਂ, ਪੂਰੇ ਭਾਰਤ ਦੀਆਂ ਜ਼ੁਬਾਨਾਂ ਦੇ ਲੇਖਕਾਂ ਵਲੋਂ ਬੜੀ ਸੂਰਬੀਰਤਾ ਨਾਲ ਬਹਿਸੀ ਯੁੱਧ ਲੜ ਰਹੇ ਹੋ।

ਭੁੱਲਰ: ਮੈਂ ਕਦੀ-ਕਦਾਈਂ ਦੂਰਦਰਸ਼ਨ ਦੇ ਪੰਜਾਬੀ ਪਰੋਗਰਾਮ ਵਿਚ ਸ਼ਾਮਲ ਹੁੰਦਾ ਰਿਹਾ ਹਾਂ। ਕਿਸੇ ਵੱਡੀ ਚੈਨਲ ਦੀ ਅਜਿਹੀ ਕਿਸੇ ਬਹਿਸ ਵਿਚ ਜਾਣ ਦਾ ਮੇਰਾ ਕਦੀ ਸਬੱਬ ਨਹੀਂ ਸੀ ਬਣਿਆ। ਦੋਵਾਂ ਵਿਚ ਬਹੁਤ ਵੱਡਾ ਫ਼ਰਕ ਹੈ। ਸਾਹਿਤ ਬਾਰੇ ਵਿਚਾਰ-ਚਰਚਾ ਹੁੰਦੀ ਹੈ, ਉੱਥੇ ਸੰਘ-ਪਾੜ ਬਹਿਸਾਂ ਹੁੰਦੀਆਂ ਹਨ। ਸਾਹਿਤਕ ਚਰਚਾ ਰਿਕਾਰਡ ਹੁੰਦੀ ਹੈ, ਜਿਸ ਕਰਕੇ ਬੋਲਣ ਵੇਲੇ ਮੁਕੰਮਲ ਸਹਿਜਤਾ ਰਹਿੰਦੀ ਹੈ। ਜੇ ਕੁਝ ਗ਼ਲਤ ਵੀ ਬੋਲਿਆ ਜਾਵੇ, ਮਗਰੋਂ ਕੱਟਿਆ-ਬਦਲਿਆ ਜਾ ਸਕਦਾ ਹੈ। ਉੱਥੇ ਨਾਲੋ-ਨਾਲ ਪ੍ਰਸਾਰਨ ਹੁੰਦਾ ਹੈ, ਸ਼ਬਦੀ ਤੀਰ ਨਾਲੋ-ਨਾਲ ਕਮਾਨੋਂ ਨਿਕਲਦੇ ਜਾਂਦੇ ਹਨ, ਮੁੜ ਕੇ ਵਾਪਸ ਨਹੀਂ ਆਉਂਦੇ। ਪਹਿਲਾ ਪਰੋਗਰਾਮ ਹੀ ਨਾਲੋ-ਨਾਲ ਸੀ ਪਰ ਮੁਢਲੀ ਝਿਜਕ ਮਗਰੋਂ ਵਧੀਆ ਨਿਭ ਗਿਆ।

ਮਾਧੋਪੁਰੀ: ਕੋਈ ਦਿਲਚਸਪ ਅਨੁਭਵ ਹੋਏ ਹੋਣ ਤਾਂ ਸਾਡੇ ਨਾਲ ਸਾਂਝੇ ਕਰੋ।

ਭੁੱਲਰ: ਬੜੇ ਕਮਾਲ ਦੇ ਅਨੁਭਵ ਹੁੰਦੇ ਹਨ। ਵੱਖਰੀ ਹੀ ਦੁਨੀਆ ਹੈ। ਕਈ ਵਾਰ ਠੱਗੀ ਵੀ ਹੋ ਜਾਂਦੀ ਹੈ। ਇਕ ਦਿਨ ਲੋਕਸਭਾ ਟੀਵੀ ਨੇ ਘੰਟੇ ਦੇ ਲਾਈਵ ਪਰੋਗਰਾਮ ਲਈ ਬੁਲਾ ਲਿਆ। ਮੈਂ ਫੋਨ ਕਰਨ ਵਾਲੀ ਕੁੜੀ ਨੂੰ ਪੁੱਛਿਆ, ਨਾਲ ਕੌਣ ਹੋਣਗੇ? ਉਹ ਕਹਿੰਦੀ, ਹਿੰਦੀ ਕੇ ਦੋ ਵਰਿਸ਼ਟ ਪੱਤਰਕਾਰ ਹੋਂਗੇ। ਜਦੋਂ ਮੈਂ ਗਿਆ, ਇਕ ਤਾਂ ਆਰ ਐਸ ਐਸ ਦੇ ਸਪਤਾਹਿਕ ਦਾ ਸਾਬਕਾ ਸੰਪਾਦਕ ਜੋ ਇਕ ਵੀ ਪੁਸਤਕ ਨਾ ਲਿਖੀ ਹੋਣ ਦੇ ਬਾਵਜੂਦ ਹੁਣ ਨੈਸ਼ਨਲ ਬੁੱਕ ਟਰਸਟ ਦਾ ਮੁਖੀ ਥਾਪ ਦਿੱਤਾ ਗਿਆ ਹੈ। ਦੂਜਾ ਇਕ ਹਿੰਦੀ ਪੱਤਰ ਦਾ ਸੰਪਾਦਕ, ਭਾਜਪਾ ਦਾ ਪੂਰਾ ਭਗਤ। ਪਹਿਲਾਂ ਚਾਹ ਪੀਂਦਿਆਂ ਐਂਕਰ ਦੀਆਂ ਗੱਲਾਂ ਤੋਂ ਵੀ ਮੈਂ ਉਹਦੀ ਸਰਕਾਰ-ਭਗਤੀ ਸਮਝ ਗਿਆ। ਜਾ ਕੇ ਕੁਰਸੀਆਂ ਉੱਤੇ ਬੈਠੇ ਤਾਂ ਦਿੱਲੀ ਦੀ ਸਾਬਕਾ ਭਾਜਪਾ ਮੇਅਰ ਆ ਬੈਠੀ। ਮੈਂ ਹੈਰਾਨ ਵੀ ਤੇ ਕੁਝ ਪਰੇਸ਼ਾਨ ਵੀ। ਉਹ ਚਾਰ, ਮੈਂ ਇਕੱਲਾ! ਪਰ ਉੱਥੇ ਪਰੇਸ਼ਾਨੀ ਦਿਖਾਉਣਾ ਤਾਂ ਕੀ, ਇਹ ਉਲਾਂਭਾ ਦੇਣਾ ਵੀ ਬਣਦਾ ਨਹੀਂ ਸੀ ਕਿ ਇਕੱਲੇ ਦੇ ਮੁਕਾਬਲੇ ਤੁਸੀਂ ਚਾਰ ਹੋ ਗਏ। ਸੋਚਦੇ, ਪਹਿਲਾਂ ਹੀ ਡਰ ਗਿਆ। ਮੈਂ ਕਿਹਾ, ਮਨਾ, ਚੇਤ ਸ਼ਬਦ-ਭਗੌਤੀ। ... ਬੜਾ ਵਧੀਆ ਨਿਭਿਆ। ਬਹੁਤ ਫੋਨ ਆਏ। ਲੋਕਾਂ ਨੇ ਬੜਾ ਪਸੰਦ ਕੀਤਾ।

ਮਾਧੋਪੁਰੀ: ਇਕ ਦਿਨ ਤਾਂ ਤੁਸੀਂ ਦੋ ਚੈਨਲਾਂ ਉੱਤੇ ਡਟੇ ਹੋਏ ਸੀ?

ਭੁੱਲਰ: ਉਸ ਦਿਨ ਦੋ ਨਹੀਂ, ਤਿੰਨ ਚੈਨਲਾਂ ਭੁਗਤਾਉਣੀਆਂ ਪਈਆਂ। ਤੁਹਾਨੂੰ ਪਤਾ ਹੈ, ਲਗਭਗ ਸਭ ਚੈਨਲਾਂ ਨੋਇਡਾ ਦੇ ਫ਼ਿਲਮ ਸਿਟੀ ਵਿਚ ਹੀ ਹਨ। ਮੈਨੂੰ ‘ਆਜ ਤੱਕ’ ਨੇ ਬੁਲਾਇਆ ਤੇ ਇਕ ਘੰਟੇ ਦੀ ਬੜੀ ਤਿੱਖੀ ਬਹਿਸ ਹੋਈ। ਮੈਨੂੰ ਇਹ ਪਤਾ ਨਹੀਂ ਸੀ ਕਿ ਚੈਨਲਾਂ ਵਾਲੇ ਨਾਲੋ-ਨਾਲ ਦੂਜੀਆਂ ਚੈਨਲਾਂ ਉੱਤੇ ਵੀ ਅੱਖ ਰੱਖਦੇ ਹਨ। ਬਾਹਰ ਤੱਕ ਛੱਡਣ ਆਈ ਕੁੜੀ ਨੇ ਇਕ ਹੋਰ ਕੁੜੀ ਨੂੰ ਬੁਲਾ ਕੇ ਕਿਹਾ, ਸਰ ਇਹਦੀ ਬੇਨਤੀ ਜ਼ਰੂਰ ਮੰਨ ਲਵੋ। ਉਹ ‘ਆਈ ਬੀ ਐਨ 7’ ਤੋਂ ਆਈ ਸੀ। ਉੱਥੇ ਮੇਰੇ ਇਕ ਮਨਪਸੰਦ ਪੱਤਰਕਾਰ ਰਾਜੀਵ ਸਾਰਦੇਸਾਈ ਨੇ ਮੇਰੇ ਨਾਲ ਤੇ ਪੁਰਸਕਾਰ ਨਾ ਮੋੜਨ ਵਾਲੀ ਮ੍ਰਿਦੁਲਾ ਗਰਗ ਨਾਲ ਲੰਮੀ ਗੱਲਬਾਤ ਕੀਤੀ। ਉੱਥੋਂ ਨਿਕਲਿਆ ਤਾਂ ‘ਐਨ ਡੀ ਟੀ ਵੀ’ ਵਾਲਿਆਂ ਦਾ ਬੰਦਾ ਖਲੋਤਾ ਸੀ। ਉੱਥੇ ਇਕ ਘੰਟੇ ਦੀ ਉਹੋ ਤਿੱਖੀ ਬਹਿਸ। ਹੁਣ ਵੀ ਕਈ ਦਿਨਾਂ ਵਾਸਤੇ ਸੁਨੇਹੇ ਆ ਗਏ ਹਨ। ਮੇਰਾ ਹਾਲ ਸਰਾਧਾਂ ਦੇ ਬਾਹਮਣ ਵਾਲਾ ਹੋਇਆ ਪਿਆ ਹੈ। ਮੁਸ਼ਕਿਲ ਤਾਂ ਹੈ, ਪਰ ਮੈਨੂੰ ਖ਼ੁਸ਼ੀ ਤੇ ਤਸੱਲੀ ਹੈ ਕਿ ਸਭ ਸਨਮਾਨ-ਤਿਆਗੀ ਲੇਖਕਾਂ ਦੇ ਪੱਖ ਦੀ ਰਾਖੀ ਕਰ ਰਿਹਾ ਹਾਂ। ਇਹ ਬਹੁਤ ਅਹਿਮ ਕਾਰਜ ਹੈ। ਬਹਿਸਾਂ ਵਿਚ ਮੈਂ ਆਪਣੇ ਸਾਥੀਆਂ ਦੇ ਇਸ ਕਦਮ ਅਤੇ ਨਜ਼ਰੀਏ ਨੂੰ ਸੂਤ-ਭਰ ਵੀ ਨੀਵਾਂ ਨਹੀਂ ਹੋਣ ਦਿੱਤਾ ਤੇ ਨਾ ਹੀ ਹੋਣ ਦੇਵਾਂਗਾ।

ਮਾਧੋਪੁਰੀ: ਕੁਝ ਲੇਖਕਾਂ ਨੇ ਪੁਰਸਕਾਰ ਮੋੜਨ ਤੋਂ ਇਨਕਾਰ ਵੀ ਕੀਤਾ ਹੈ। ਉਹਨਾਂ ਬਾਰੇ ਤੁਹਾਡਾ ਕੀ ਵਿਚਾਰ ਹੈ?

ਭੁੱਲਰ: ਹਰ ਕੋਈ ਆਪਣੀ ਮਰਜ਼ੀ ਦਾ ਮਾਲਕ ਹੈ। ਸਾਡੀ ਤਾਂ ਇਹ ਪੁਸਕਾਰ-ਤਿਆਗ ਲੜਾਈ ਹੀ ਵਿਚਾਰਾਂ ਦੀ ਤੇ ਬੋਲਣ ਦੀ ਆਜ਼ਾਦੀ ਲਈ ਹੈ। ਅਸੀਂ ਕਿਸੇ ਉੱਤੇ ਸਨਮਾਨ ਮੋੜਨ ਦਾ ਦਬਾਅ ਕਿਵੇਂ ਪਾ ਸਕਦੇ ਹਾਂ! ਹਰ ਇਨਕਾਰੀ ਲੇਖਕ ਦੇ ਆਪਣੇ ਕੁਝ ਕਾਰਨ ਵੀ ਹੋ ਸਕਦੇ ਨੇ। ਉਹ ਬੀਜੇਪੀ ਦੇ ਵਿਚਾਰਾਂ ਦਾ ਸਮਰਥਕ ਹੋ ਸਕਦਾ ਹੈ। ਪੈਸੇ ਦਾ ਮੋਹ ਵੀ ਹੁੰਦਾ ਹੈ। ਸਰਕਾਰ ਦਾ ਗੁੱਸਾ ਸਾਰੀਆਂ ਭਵਿੱਖੀ ਸਹੂਲਤਾਂ ਰੋਕ ਸਕਦਾ ਹੈ। ਰਚਨਾ-ਕਾਰਜ ਦੀ ਮਿਹਨਤ ਤਾਂ ਹਰ ਲੇਖਕ ਕਰਦਾ ਹੀ ਹੈ, ਕਿਸੇ ਨੇ ਵੱਖਰੀ ਮਿਹਨਤ ਵੀ ਕੀਤੀ ਹੋ ਸਕਦੀ ਹੈ। ਉਹਨਾਂ ਨੂੰ ਇਨਾਮ ਦੇਣ ਵਾਲਿਆਂ ਦਾ ਪਤਾ ਕਰਨਾ ਪੈਂਦਾ ਹੈ। ਘਰ ਘਰ ਜਾ ਕੇ ਉਹਨਾਂ ਨੂੰ ਅਨੇਕ ਝੂਠੀਆਂ-ਸੱਚੀਆਂ ਤੰਗੀਆਂ-ਤੁਰਸ਼ੀਆਂ ਦਾ ਰੁਦਣ ਸੁਣਾਉਣਾ ਪੈਂਦਾ ਹੈ ਤੇ ਮਿੰਨਤਾਂ-ਤਰਲਿਆਂ ਨਾਲ ਮਨਾਉਣਾ ਪੈਂਦਾ ਹੈਇਉਂ ਹਾਸਲ ਕੀਤਾ ਇਨਾਮ ਮੋੜਨਾ ਸੌਖਾ ਨਹੀਂ!

ਮਾਧੋਪੁਰੀ: ਇਹ ਜਜ਼ਬਾਤੀ ਫ਼ੈਸਲਾ ਲਿਆਂ ਬਹੁਤ ਦਿਨ ਹੋ ਗਏ ਨੇ। ਹੁਣ ਸੋਚ ਕੇ ਕਿਵੇਂ ਲਗਦਾ ਹੈ?

ਭੁੱਲਰ: ਉਹੋ ਤਸੱਲੀ, ਸਨਮਾਨ ਛੱਡਣ ਵਾਲੇ ਦਿਨ ਵਾਲੀ ਤਸੱਲੀ ਹੈ। ਜਦੋਂ ਮੈਂ ਸੱਜੇ-ਖੱਬੇ ਦੇਖਦਾ ਹਾਂ, ਆਪਣੇ ਆਪ ਨੂੰ, ਮਿਸਾਲ ਵਜੋਂ, ਦਲੀਪ ਕੌਰ ਟਿਵਾਣਾ ਤੋਂ ਸ਼ੁਰੂ ਕਰ ਕੇ ਪੰਜਾਬੀ ਦੇ ਅਨੇਕ ਆਪਣਿਆਂ ਤੋਂ ਇਲਾਵਾ ਨੈਣਤਾਰਾ ਸਹਿਗਲ, ਸ਼ਸ਼ੀ ਦੇਸਪਾਂਡੇ, ਕ੍ਰਿਸ਼ਨਾ ਸੋਬਤੀ, ਸਾਰਾ ਜੋਜ਼ਫ਼, ਅਸ਼ੋਕ ਵਾਜਪਈ, ਗਣੇਸ਼ ਦੇਵੀ ਵਰਗੇ ਦੂਜੀਆਂ ਜ਼ਬਾਨਾਂ ਦੇ ਮਾਣਜੋਗ ਸ਼ਬਦ-ਸਮਰਾਟਾਂ ਵਿਚਕਾਰ ਖਲੋਤਾ ਦੇਖ ਕੇ ਬਹੁਤ ਚੰਗਾ ਲਗਦਾ ਹੈ। ਇਹ ਵੀ ਸਪਸ਼ਟ ਕਰ ਦੇਵਾਂ, ਮਾਇਆ ਨੂੰ ਮੈਂ ਕਦੀ ਵੀ ਸਵੈਮਾਨ ਨਾਲੋਂ ਵੱਧ ਮਹੱਤਵ ਨਹੀਂ ਦਿੱਤਾ ਤੇ ਨਾਂ ਦੇ ਨਾਲ ‘ਸਾਹਿਤ ਅਕਾਦਮੀ ਪੁਰਸਕਾਰ-ਵਿਜੈਤਾ’ ਜਾਂ ਹੋਰ ਕਿਸੇ ਵੀ ਪੁਰਸਕਾਰ ਦਾ ਵਿਜੈਤਾ ਮੈਂ ਕਦੀ ਪਹਿਲਾਂ ਹੀ ਨਹੀਂ ਲਿਖਿਆ, ਜੋ ਹੁਣ ਛੱਡਣਾ ਪਵੇ। ਮੈਂ ਲੇਖਕ ਦੇ ਰੂਪ ਵਿਚ ਸਿਰਫ਼ ਤੇ ਸਿਰਫ਼ ਗੁਰਬਚਨ ਸਿੰਘ ਭੁੱਲਰ ਹਾਂ; ਇਹੋ ਹੀ ਪੁਰਸਕਾਰ ਮਿਲਣ ਪਿੱਛੋਂ ਰਿਹਾ ਸੀ ਤੇ ਇਹੋ ਹੀ ਪੁਰਸਕਾਰ ਵਾਪਸ ਕਰ ਕੇ ਹੁਣ ਹਾਂ!

*****

(125)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਬਲਬੀਰ ਮਾਧੋਪੁਰੀ

ਬਲਬੀਰ ਮਾਧੋਪੁਰੀ

Delhi, India.
Phone: (011 - 91 - 93505 - 48100)

Email: (bmadhopuri@yahoo.in)

More articles from this author