BalbirMadhopuri7ਕੁਛ ਤਾਂ ਮੇਰੇ ਧੌਲੇ ਝਾਟੇ ਦੀ ਸ਼ਰਮ ਕਰ ਲਈਂਦੀਬੱਚਾ ਪਿੱਟੀਏ ...
(24 ਜਨਵਰੀ 2021)

 

ਤੇਰੀ ਆ ਜਾਏ ਢਾਈਆਂ ਘੜੀਆਂ ਵਿੱਚ ਸੁਣਾਉਣੀ, ਖੜ੍ਹਾ ਹੋ ਜਰਾ, ਆ ਲੈਣ ਦੇ ਤੇਰੇ ਜਣਦੇ ਨੂੰ, ਦੇਖੀਂ ਦਰੁੱਬੜੀ ਚੜ੍ਹਦੀ, ਤੈਨੂੰ ਕੱਚੇ ਨੂੰ ਲੂਣ ਲਾ ਕੇ ਖਾਮਾਂ ...!” ਹੱਥ ਵਿੱਚ ਜੁੱਤੀ ਫੜੀ ਮੇਰੇ ਪਿੱਛੇ ਦੌੜਦੀ ਮੇਰੀ ਦਾਦੀ ਅਕਸਰ ਇਹੋ ਜਿਹੀ ਸਲੋਕ-ਬਾਣੀ ਪੜ੍ਹਦੀ ਤੇ ਵਿੱਚ-ਵਿਚਾਲੇ ਰਹਾਓ ਦਾ ਘੱਟ ਹੀ ਇਸਤੇਮਾਲ ਕਰਦੀ।

ਗਲ਼ੀ-ਮੁਹੱਲੇ ਦੇ ਲੋਕ ਅਜਿਹੀ ਨਿੱਤ ਵਾਪਰਦੀ ਘਟਨਾ ਨੂੰ ਤੱਕਣ ਲਈ ਪਲਾਂ ਵਿੱਚ ਆ ਜੁੜਦੇ। ਜੱਟਾਂ ਦਾ ਬਹੁਤਾ ਲਾਂਘਾ ਸਾਡੇ ਘਰ ਮੋਹਰਿਓਂ ਦੀ ਸੀ ਤੇ ਹੈ।

ਚੱਲ ਛੱਡ ਬੁੜ੍ਹੀਏ, ਮੁੰਡਾ ਬਸਮਝ ਆ।” ਇਹ ਗੱਲ ਕੋਈ ਜਣਾ ਝਕਦਾ ਝਕਦਾ ਹੀ ਆਖਦਾ ਕਿ ਕਿਤੇ ਉਹਦੀ ਸ਼ਾਮਤ ਨਾ ਆ ਜਾਵੇ।

ਉਹ ਅੱਗੋਂ ਹੋਰ ਭੜਕ ਕੇ ਦੱਸਦੀ, “ਲੋਕਾਂ ਦੇ ਨਿਆਣੇ ਸਕੂਲੋਂ ਦੋ-ਦੋ ਗਲਾਸ ਦੁੱਧ ਦੇ ਲੈ ਆਏ ਤੇ ਇਹ ਟੁੱਟ ਪੈਣਾ, ਜਿਹੜਾ ਸਿਗਾ, ਉਹ ਵੀ ਡੋਲ੍ਹ ਆਇਆ। ਆਵੇ ਸਹੀ, ਇਹਦੀਆਂ ਬੋਟੀਆਂ ਨਾ ਕਰ-ਕਰ ਖਾਧੀਆਂ ਤਾਂ ... ਨਾਲੇ ਰੰਬੇ ਤੇ ਮੁੰਡੇ ਨੂੰ ਜਿੰਨਾ ਚੰਡੀਏ, ਉੰਨਾ ਹੀ ਥੋੜ੍ਹਾ।” ਉਹ ਆਪਣਾ ਪਾਠ ਜਾਰੀ ਰੱਖਦੀ ਹੋਈ ਪਿਛਾਂਹ ਘਰ ਨੂੰ ਮੁੜ ਪੈਂਦੀ।

ਉਨ੍ਹਾਂ ਦਿਨਾਂ ਵਿੱਚ ਸੁੱਕੇ ਦੁੱਧ ਦੇ ਡੱਬੇ ਸਕੂਲ ਵਿੱਚ ਆਉਂਦੇ ਸਨ ਅਤੇ ਉਨ੍ਹਾਂ ਨੂੰ ਸਕੂਲ ਦੇ ਵਿਹੜੇ ਵਿੱਚ ਹੀ ਕੜਾਹੇ, ਵਲਟੋਹੇ ਜਾਂ ਦੇਗ਼ ਵਿੱਚ ਪਾਣੀ ਪਾ ਕੇ ਉਬਾਲਿਆ ਜਾਂਦਾ ਸੀ। ਫਿਰ ਨਿੱਕੇ ਵਿਦਿਆਰਥੀਆਂ ਨੂੰ ਪੀਣ ਲਈ ਦਿੱਤਾ ਜਾਂਦਾ ਸੀ। ਗਰੀਬ ਨਿਆਣੇ ਇਹ ਦੁੱਧ ਘਰਾਂ ਨੂੰ ਚਾਹ ਲਈ ਲੈ ਜਾਂਦੇ ਸਨ।

ਮੈਂ ਥੋੜ੍ਹੇ ਜਿਹੇ ਚਿਰ ਪਿੱਛੋਂ ਇੱਧਰ-ਉੱਧਰ ਗੇੜੀ ਦੇ ਕੇ ਫਿਰ ਆ ਜਾਂਦਾ ਪਰ ਦਾਦੀ ਦਾ ਪਾਰਾ ਸਹਿਜੇ ਕੀਤੇ ਹੇਠਾਂ ਨਾ ਆਉਂਦਾ। ਇੱਕ ਵਾਰ ਕਿਸੇ ਗੱਲੋਂ ਖ਼ਫ਼ਾ ਹੋ ਕੇ ਉਸ ਨੇ ਪਿੱਤਲ ਦਾ ਗਲਾਸ ਵਗਾਹ ਕੇ ਮਾਰਿਆ ਜੋ ਮੇਰੇ ਨੇਫੇ ਦੇ ਉੱਤੇ ਮੇਰੇ ਨੰਗੇ ਢਿੱਡ ਉੱਤੇ ਲੱਗਾ। ਨਾਲ ਹੀ ਗੋਲਾਕਾਰ ਵਿੱਚ ਗਲਾਸ ਦੇ ਕੰਢੇ ਛਪ ਗਏ ਜਿਸਦੇ ਨਿਸ਼ਾਨ ਕਈ ਸਾਲਾਂ ਤਕ ਪਏ ਰਹੇ।

ਦਾਦੀ ਆਪਣੀ ਕਮੀਜ਼ ਦੇ ਖੀਸੇ ਵਿੱਚ ਗੁੜ ਰੱਖਦੀ। ਮੈਂ ਕੋਲ ਬੈਠਾ ਮਲਕ ਦੇਣੀ ਗੁੜ ਦੀ ਪੇਸੀ ਕੱਢਦਾ ਤੇ ਫਿਰ ਬਾਹਰ ਨੂੰ ਖਿਸਕ ਕੇ ਗੱਚੀਆਂ ਵੱਢ-ਵੱਢ ਖਾਂਦਾ।

ਜਦੋਂ ਦਾਦੀ ਸੁਰਾਂ ਵਿੱਚ ਹੁੰਦੀ ਤਾਂ ਸਾਡੇ ਨਾਲ ਮੋਹ ਭਰੀਆਂ ਗੱਲਾਂ ਕਰਦੀ। ਮੈਂ ਲਾਡ ਨਾਲ ਉਹਦੇ ਮਾਸ ਲਮਕਦੇ ਮੋਟੇ ਡੌਲਿਆਂ ਨੂੰ ਵਾਰੀ-ਵਾਰੀ ਫੜਦਾ ਜੋ ਮੇਰੇ ਨਿੱਕੇ ਹੱਥਾਂ ਵਿੱਚ ਨਾ ਆਉਂਦੇ। ਮੈਂ ਆਪਣੇ ਮਾੜਕੂ ਜਿਹੇ ਸਰੀਰ ਵੱਲ ਦੇਖਦਾ ਤੇ ਕਹਿੰਦਾ, “ਮਾਂ ਥੋੜ੍ਹਾ ਜਿਹਾ ਮਾਸ ਮੈਂਨੂੰ ਵੀ ਦੇ ਦੇ।”

ਨਿੱਜ ਹੋਣਿਆਂ ਖਾਇਆ-ਪੀਆ ਕਰ, ਹੋਰ ਉੱਦਾਂ-ਕਿੱਦਾਂ ਲੇਅ ਚੜ੍ਹ ਜਾਣ।” ਉਹ ਖ਼ੁਸ਼ੀ ਨਾਲ ਉੱਲਰ ਕੇ ਮੱਤ ਦਿੰਦੀ। ਇੰਨੇ ਨੂੰ ਸਾਡੇ ਘਰ ਦੀ ਪਿਛਾੜੀ ਰਹਿੰਦੇ ਤਰਖਾਣਾਂ ਦੀ ਕੋਈ ਵਹੁਟੀ ਆ ਜਾਂਦੀ।

ਮਾਈ ਘਰ ਨੂੰ ਆਈਂ ਜ਼ਰਾ।” ਅਸੀਂ ਸਮਝ ਜਾਂਦੇ ਕਿ ਕੰਮ ਕੀ ਹੈ!

ਕਦੀ-ਕਦੀ ਉਹ ਮੈਂਨੂੰ ਆਪਣੇ ਨਾਲ ਲੈ ਜਾਂਦੀ ਤੇ ਮੈਂ ਕੁਕੜੀ ਦੀਆਂ ਦੋਹਾਂ ਲੱਤਾਂ ਨੂੰ ਫੜ ਕੇ, ਪੁੱਠੀ ਲਮਕਾ ਕੇ ਲੈ ਆਉਂਦਾ। ਮਿਸਤਰੀਆਂ ਨੇ ਆਂਡੇ ਵੇਚਣ ਲਈ ਕੁਕੜੀਆਂ ਰੱਖੀਆਂ ਹੋਈਆਂ ਸਨ। ਜਦੋਂ ਕੋਈ ਕੁਕੜੀ ਬੀਮਾਰ ਹੁੰਦੀ ਜਾਂ ਮਰ ਜਾਂਦੀ, ਉਹ ਸਾਨੂੰ ਬੁਲਾ ਕੇ ਚੁੱਕਾ ਦਿੰਦੇ।

ਇੱਕ ਦਿਨ ਦਾਦੀ ਨੇ ਮੈਂਨੂੰ ਕੁਕੜੀ ਵੱਢਣ ਲਈ ਆਖਿਆ। ਭਾਈਆ ਘਾਹ-ਪੱਠੇ ਲਈ ਅਜੇ ਘਰੋਂ ਨਿੱਕਲਿਆ ਹੀ ਸੀ। ਮੈਂ ਆਗਿਆਕਾਰੀ ਪੁੱਤਰ ਵਾਂਗ ਗੰਨੇ ਛਿੱਲਣ ਵਾਲੀ ਦਾਤੀ ਚੁੱਕੀ ਤੇ ਵਿਹੜੇ ਵਿੱਚ ਖੁਰਲੀ ਵਾਲੀ ਕੰਧ ਨਾਲ ਖੜ੍ਹੇ ਮੰਜੇ ਦੇ ਪਾਵੇ ਉੱਤੇ ਰੱਖ ਕੇ ਵੱਢਣ ਲੱਗਾ। ਕੁਕੜੀ ਦੀ ਧੜ ਮੇਰੇ ਖੱਬੇ ਹੱਥ ਵਿੱਚ ਸੀ। ਮੈਂ ਦੋ ਤਿੰਨ ਵਾਰ ਦਾਤੀ ਮਾਰੀ ਪਰ ਉਹਦੀ ਧੌਣ ਅਲੱਗ ਨਾ ਹੋਈ। ਥੋੜ੍ਹੀ ਵਿੱਥ ਉੱਤੇ ਬੈਠੀ ਦਾਦੀ ਅਬਾ-ਤਬਾ ਬੋਲਣ ਲੱਗੀ, “ਫੁੜਕੀ ਪੈਣਿਆਂ, ਬੁੱਢ-ਵਲੇਦ ਹੋ ਗਿਆਂ ਤੈਨੂੰ ਅਜੇ ...।”

ਬੱਸ ਫਿਰ ਕੀ ਸੀ, ਉਹਦੇ ਇੱਕ ਇਸ਼ਾਰੇ ਨਾਲ ਮੈਂ ਖੱਬੇ ਹੱਥ ਵਿੱਚ ਕੁਕੜੀ ਦੀ ਧੌਣ ਫੜੀ ਤੇ ਸੱਜੇ ਪੈਰ ਹੇਠ ਧੜ ਦੱਬ ਲਈ। ਇੱਕੋ ਵਾਰੀ ਦਾਤੀ ਮਾਰੀ ਤੇ ਕੁਕੜੀ ਦਾ ਗਾਟਾ ਲਹਿ ਗਿਆ।

ਲੌਢੇ ਵੇਲੇ ਦੀ ਇਸ ਹਰਕਤ ਨਾਲ ਮੇਰਾ ਮਨ ਮਸੋਸਿਆ ਗਿਆ। ਕਾਫੀ ਗਈ ਰਾਤ ਤਕ ਮੈਂਨੂੰ ਨੀਂਦ ਨਾ ਆਈ। ਅੱਖਾਂ ਸਾਹਮਣੇ ਉਹਦੀ ਧੌਣ, ਧੜ ਤੇ ਉਹਦੇ ਫੜਕਣ ਦਾ ਦ੍ਰਿਸ਼ ਘੁੰਮਦਾ ਰਿਹਾ। ਮੈਂ ਡਰਦਾ ਮਨ ਹੀ ਮਨ ਰੱਬ ਨੂੰ ਧਿਆਉਣ ਲੱਗ ਪਿਆ। ਵੱਡਾ ਭਰਾ ਮੇਰੇ ਨਾਲ ਪਿਆ ਘੂਕ ਸੁੱਤਾ ਹੋਇਆ ਸੀ। ਪਤਾ ਨਹੀਂ ਮੈਂਨੂੰ ਫਿਰ ਕਦੋਂ ਨੀਂਦ ਆਈ।

ਦਾਦੀ ਕਿਸੇ ਵਿਗੋਚੇ ਜਿਹੇ ਨਾਲ ਅਚਾਨਕ ਗੱਲ ਤੋਰਦੀ, “ਟੁੱਟ ਪੈਣਾ ਹਿੰਦੁਸਤਾਨ-ਪਾਕਸਤਾਨ ਕੀ ਬਣਿਆ-ਖਾਣ-ਪੀਣ ਦੀਆਂ ਉਹ ਗੱਲਾਂ ਈ ਨਹੀਂ ਰਹੀਆਂ। ਰਾਸਗੂੰਆਂ (ਰਾਸਤਗੋ) ਦੇ ਮੁਸਲਮਾਨ ਸਿਰ ’ਤੇ ਗੋਸ਼ਤ ਦੇ ਭਰੇ ਟੋਕਰੇ ਵੇਚਣ ਲਈ ਲਿਆਉਂਦੇ ਸੀ, ਜਿੱਦਾਂ ਸ਼ਹਿਰਾਂ ਵਿੱਚ ਕੇਲੇ-ਸੇਬ ਵੇਚਦੇ ਆ। ਰੱਜ ਰੱਜ ਕੇ ਖਾਈਦਾ ਸੀ।”

ਧੁਆਨੂੰ ਇਨ੍ਹਾਂ ਗੱਲਾਂ ਦਾ ਕੀ ਪਤਾ ਜਦੋਂ ਨਉਕਰਾਂ (ਨੌਕਰਾਂ) ਦਾ ਵੈੜ੍ਹਾ ਬਮਾਰ ਹੋ ਕੇ ਚਾਣਚੱਕ ਮਰਿਆ ਸੀ, ਬੜਾ ਮੋਟਾ-ਤਕੜਾ ਸੀ। ਸਾਰੇ ਘਰਾਂ ਨੇ ਉਹਦਾ ਗੋਸ਼ਤ ਤੱਕੜੀ ਨਾਲ ਵੰਡਿਆ ਸੀ। ਟੁੱਟ ਪੈਣੇ ... ਨੇ ਅਖ਼ੀਰ ਵਿੱਚ ਭੜਥੂ ਪਾ ’ਤਾ ਪਈ ਸਾਨੂੰ ਪਿਛਲੇ ਪੁੜਿਆਂ ਦਾ ਗੋਸ਼ਤ ਕਿਉਂ ਨਹੀਂ ਦਿੱਤਾ।” ਉਹ ਇਉਂ ਦੀਆਂ ਯਾਦਾਂ ਤਾਜ਼ਾ ਕਰਦੀ ਜੋ ਮੇਰੇ ਚੇਤਿਆਂ ਵਿੱਚ ਡੂੰਘੀਆਂ ਲਹਿੰਦੀਆਂ ਜਾਂਦੀਆਂ।

ਪਹਿਲਾਂ ਖਾਣ ਨੂੰ ਅੰਨ ਕਿੱਥੇ ਮਿਲਦਾ ਸੀ! ਜੀਮੀਂਦਾਰਾਂ ਦੇ ਬਾਜਰਾ ਡੁੰਗਣ ਜਾਈਦਾ ਸੀ। ਛਿੱਟੇ ਸੁਕਾਉਣੇ, ਕੁੱਟਣੇ, ਛੜਨੇ, ਪੀਹਣੇ ਫੇ ਕਿਤੇ ਜਾ ਕੇ ਰੋਟੀ ਖਾਣੀ। ਗੋਸ਼ਤ ਦੇ ਸ਼ੋਰੇ ਨਾਲ ਬੜਾ ਸੁਹਣਾ ਬੁੱਤਾ ਸਰ ਜਾਂਦਾ ਸੀ। ਸਿਆਲ ਨੂੰ ਬਥੇਰੇ ਪਸ਼ੂ ਮਰਦੇ ਸੀ। ਗੋਸ਼ਤ ਸੁਕਾ ਕੇ ਰੱਖ ਲਈਦਾ ਸੀ। ਹੱਡ ਸੁਕਾ ਕੇ ਔਹ ਕੋਠੀ ਉੱਤੇ ਜਾਂ ਫੇ ਛੱਤ ਦੀਆਂ ਕੜੀਆਂ ਨਾਲ ਟੰਗ ਦਈਦੇ ਸੀ।” ਦਾਦੀ ਆਪਣੀ ਜ਼ਿੰਦਗੀ ਦਾ ਜਿਵੇਂ ਇੱਕ ਹੋਰ ਅਧਿਆਇ ਸ਼ੁਰੂ ਕਰ ਲੈਂਦੀ ਜਿਸ ਨੂੰ ਕਦੀ ਉਹ ਚਾਅ ਨਾਲ ਤੇ ਕਦੀ ਮਸੋਸੇ ਮਨ ਨਾਲ ਲਗਾਤਾਰ ਸੁਣਾਉਂਦੀ।

ਮੈਂ ਹੁਣ ਥੋੜ੍ਹਾ ਵੱਡਾ ਹੋ ਗਿਆ ਸੀ। ਅਸੀਂ ਫਾਕੇ ਭਾਵੇਂ ਬਥੇਰੇ ਕੱਟੇ ਪਰ ਮੇਰੀ ਸੁਰਤ ਵਿੱਚ ਮਰੇ ਪਸ਼ੂਆਂ ਦਾ ਮਾਸ ਕਦੇ ਘਰ ਨਹੀਂ ਲਿਆਂਦਾ ਗਿਆ ਸੀ। ਸੋ, ਇਸੇ ਕਰ ਕੇ ਦਾਦੀ ਦੀਆਂ ਇਨ੍ਹਾਂ ਗੱਲਾਂ ਵਿੱਚ ਮੇਰੀ ਦਿਲਚਸਪੀ ਹੋਰ ਵਧਣ ਲੱਗ ਪਈ ਸੀ।

ਹਮਲਿਆਂ ਤੋਂ ਥੋੜ੍ਹਾ ਚਿਰ ਪਹਿਲਾਂ ਸਾਰੀ ਚਮਾਰ੍ਹਲੀ ਦੇ ਘਰੀਂ ਪਸ਼ੂਆਂ ਦੀ ਚਰਬੀ ਦੇ ਪੀਪੇ ਭਰੇ ਰਹਿੰਦੇ ਸੀ। ਸਾਰੇ ਇਹਨੂੰ ਘੇ ਮਾਂਗੂ ਵਰਤਦੇ ਸੀ - ਤੁੜਕਾ ਲਾਉਂਦੇ ਸੀ - ਰੋਟੀਆਂ ਚੋਪੜਦੇ ਸੀ।” ਦਾਦੀ ਦੱਸਦੀ। ਮੇਰੀ ਹੈਰਾਨੀ ਦੇ ਹੱਦਾਂ-ਬੰਨੇ ਰੁੜ੍ਹ ਜਾਂਦੇ। ਮੈਂ ਮਾਹੌਲ ਨੂੰ ਢੁੱਕਵਾਂ ਬਣਾਈ ਰੱਖਣ ਦੀ ਹਰ ਸੰਭਵ ਕੋਸ਼ਿਸ਼ ਕਰਦਾ ਕਿ ਦਾਦੀ ਨੂੰ ਕਿਸੇ ਤਰ੍ਹਾਂ ਗੁੱਸਾ ਨਾ ਆਵੇ।

ਓਦੋਂ ਸਰ੍ਹੋਂ ਜਾਂ ਮਿੱਟੀ ਦੇ ਤੇਲ ਦੇ ਦੀਵੇ ਕੌਣ ਬਾਲਦਾ ਸੀ - ਸਾਡੇ ਘਰੀਂ ਚਰਬੀ ਦੇ ਦੀਵੇ ਬਲਦੇ ਸੀ।” ਕੋਲ ਬੈਠਾ ਗਵਾਂਢੀ ਖ਼ੁਸ਼ੀਆ ਦਾਦੀ ਦੇ ਹਲਫ਼ੀਆ ਬਿਆਨ ਦੀ ਪੁਸ਼ਟੀ ਕਰਦਾ ਤੇ ਵੇਰਵੇ ਸਹਿਤ ਇੱਕ-ਇੱਕ ਗੱਲ ਬਰੀਕੀ ਨਾਲ ਦੱਸਣ ਦਾ ਯਤਨ ਕਰਦਾ ਹੋਇਆ ਕਹਿੰਦਾ, “ਤੂੰ ਆਪਣੇ ਭਾਈਏ ਨੂੰ ਪੁੱਛ ਲਾ, ਆਹ, ਛੱਜੂ, ਢੇਰੂ, ਮਾਘੀ, ਸ਼ੀਹਾਂ-ਮੀਹਾਂ, ਪਖੀਰ ਹੁਣੀਂ ਸਾਰੇ ਮਾਸ ਖਾਂਦੇ ਸੀ।”

ਖੁਸ਼ੀਏ-ਬੰਤੇ ਹੁਰੀਂ ਤਾਂ ਹੁਣ ਵੀ ਪਸ਼ੂਆਂ ਦੇ ਪੁੜਿਆਂ ਦਾ ਮਾਸ ਖੱਲ ਲਾਹੁਣ ਵੇਲੇ ਲੈ ਆਉਂਦੇ ਆ - ਸਾਨੂੰ ਕਹਿ ਦਿੰਦੇ ਆ, ਭੋਗਪੁਰੋਂ ਬੱਕਰੇ ਦਾ ਗੋਸ਼ਤ ਲਿਆਂਦਾ।” ਭਾਈਏ ਨੇ ਖੁਸ਼ੀਏ ਦੇ ਜਾਣ ਮਗਰੋਂ ਦੱਸਿਆ।

ਬੀਮਾਰ ਹੋ ਕੇ ਮਰੇ ਪਸ਼ੂਆਂ ਦਾ ਮਾਸ ਖਾਣ ਦੀਆਂ ਘਟਨਾਵਾਂ ਸੁਣ ਕੇ ਦਿਲ ਨੂੰ ਡੋਬੂ ਜਿਹਾ ਪੈਂਦਾ। ਜੰਗਲੀ ਜਾਨਵਰਾਂ ਤੇ ਹੋਰ ਪਸ਼ੂਆਂ ਦਾ ਸ਼ਿਕਾਰ ਕਰ ਕੇ ਤਾਂ ਰਾਜੇ-ਮਹਾਰਾਜੇ ਮਾਸ ਖਾਂਦੇ ਰਹੇ ਹਨ। ਆਦਿ ਮਨੁੱਖ ਦਾ ਜੀਵਨ ਹੀ ਜੰਗਲ ਤੇ ਜੰਗਲੀ ਜੀਵਾਂ ਉੱਤੇ ਨਿਰਭਰ ਰਿਹਾ ਹੈ। ਸਭਿਅਤਾ ਦੇ ਵਿਕਾਸ ਦੀਆਂ ਸਿਖਰਾਂ ਉੱਤੇ ਪਹੁੰਚ ਕੇ ਵੀ ਸਾਡੇ ਇਹ ਲੋਕ ਇਨ੍ਹਾਂ ਹਾਲਾਤ ਵਿੱਚ ਰਹਿਣ ਲਈ ਮਜਬੂਰ ਹਨ। ਮੈਂਨੂੰ ਆਪਣੇ ਦੇਸ਼ ਦੀ ਆਜ਼ਾਦੀ, ਸਭਿਅਤਾ ਤੇ ਸੰਸਕ੍ਰਿਤੀ ਸ਼ਬਦਾਂ ਉੱਤੇ ਪ੍ਰਸ਼ਨ ਚਿੰਨ੍ਹ ਲੱਗਦੇ ਮਹਿਸੂਸ ਹੁੰਦੇ।

ਮੈਂ ਆਪਣੀ ਹੋਸ਼ ਸੰਭਾਲਣ ਤੋਂ ਲੈ ਕੇ ਦਾਦੀ ਨੂੰ ਕਦੇ ਡੱਕਾ ਭੰਨ ਕੇ ਦੋਹਰਾ ਕਰਦਿਆਂ ਨਾ ਦੇਖਿਆ। ਪਰ ਉਹ ਆਪਣੀਆਂ ਤੇ ਹੋਰਾਂ ਦੀਆਂ ਨੂੰਹਾਂ-ਧੀਆਂ ਦੀ ਬਦਖੋਈ ਜ਼ਰੂਰ ਕਰਦੀ, “ਕੰਜਰੀਆਂ, ਦਪੈਹਰ ਤਾਈਂ ਸੁੱਤੀਆਂ ਨਹੀਂ ਉੱਠਦੀਆਂ, ਐਹਲੇ ਤਾਈਂ ਤਾਂ ਅਸੀਂ ਦਹਿ ਸੇਰ ਆਟਾ ਪੀਹ ਲਈਦਾ ਸੀ। ਖ਼ਾਰਾਸ ’ਤੇ ਸਾਡਾ ਆਟਾ ਕੌਣ ਪੀਂਹਦਾ ਸੀ?”

ਉਹ ਆਪਣੇ ਝੱਗੇ-ਸਲਵਾਰ ਨੂੰ ਆਪੇ ਹੀ ਟਾਕੀ-ਟਾਂਕਾ ਲਾ ਲੈਂਦੀ। ਆਪਣੇ ਲੀੜੇ ਆਪੇ ਧੋ ਲੈਂਦੀ। ਜੇਠ ਹਾੜ੍ਹ ਵਿੱਚ ਗਰਮੀ ਬਹੁਤ ਮੰਨਦੀ। ਇਨ੍ਹਾਂ ਦਿਨਾਂ ਵਿੱਚ ਉਹ ਘਰ ਮੋਹਰਲੇ ਪਿੱਪਲ ਥੱਲੇ ਮੰਜੀ ਡਾਹ ਕੇ ਬੈਠੀ ਰਹਿੰਦੀ। ਝੱਗਾ-ਕਮੀਜ਼ ਘੱਟ ਹੀ ਪਾਉਂਦੀ। ਉਹ ਆਪਣੇ ਦੁਪੱਟੇ ਨੂੰ ਇੰਨੀ ਜੁਗਤ ਨਾਲ ਤਨ ਦੁਆਲੇ ਲਪੇਟਦੀ ਕਿ ਉਹ ਸਾੜ੍ਹੀ ਵਿੱਚ ਬਦਲ ਜਾਂਦਾ। ਆਪਣੇ ਸਮੇਂ ਦੌਰਾਨ ਉਹ ਪਿੰਡ ਵਿੱਚ ਸਭ ਤੋਂ ਵੱਧ ਉਮਰ ਦੀ ਸੀ। ਪਰ ਜਦੋਂ ਕੋਈ ਸਿਆਣਾ ਬੰਦਾ ਉਹਦੇ ਕੋਲ ਖੜ੍ਹਾ ਹੋ ਕੇ ਹਾਲ-ਚਾਲ ਪੁੱਛਦਾ ਤਾਂ ਉਹ ਸਿਰ ਉੱਤੇ ਦੁਪੱਟਾ ਚੰਗੀ ਤਰ੍ਹਾਂ ਸੁਆਰ ਕੇ ਲੈ ਲੈਂਦੀ। ਅੰਦਰ-ਬਾਹਰ ਕਿਤੇ ਵੀ ਜਾਂਦੀ, ਦਿੱਬ ਦੀ ਪੱਖੀ ਉਹਦੇ ਹੱਥ ਵਿੱਚ ਰਹਿੰਦੀ।

ਸਿਆਲਾਂ ਨੂੰ ਵੀ ਉਹ ਬਹੁਤੇ ਜਾਂ ਗਰਮ ਕੱਪੜੇ ਨਾ ਪਾਉਂਦੀ। ਮੇਰੇ ਭਾਈਏ ਦੀ ਬੁਣੀ ਹੋਈ ਡੱਬੀ ਖੇਸੀ ਆਪਣੇ ’ਤੇ ਓੜਦੀ ਤੇ ਪੈਰੀਂ ਧੌੜੀ ਦੀ ਜੁੱਤੀ ਰੱਖਦੀ। ਵਿੱਚ-ਵਾਰ ਮੇਰੇ ਪੁਲਸੀਏ ਤਾਏ ਦੀ ਲਾਹੀ ਹੋਈ ਖਾਕੀ ਜਰਸੀ ਪਹਿਨ ਲੈਂਦੀ।

ਦਾਦੀ, ਮੇਰੀ ਮਾਂ ਨੂੰ ਟੋਕਾ-ਟਾਕੀ ਕਰਦੀ ਜਦੋਂ ਭਰ ਸਿਆਲ ਵਿੱਚ ਸਾਡੇ ਨਹਾਉਣ ਲਈ ਉਹ ਪਾਣੀ ਦੇ ਪਤੀਲੇ ਗਰਮ ਕਰਦੀ। ਉਹ ਕਹਿੰਦੀ, “ਨਾ ਸਾਰਾ ਬਾਲਣ ਪਾਣੀ ਤੱਤਾ ਕਰਨ ’ਤੇ ਲਾ ਦੇਣਾ, ਦੋ ਘੜੀਆਂ ਧੁੱਪੇ ਪਿਆ ਰਹਿਣ ਦਿੰਦੀ।”

ਹਾੜ੍ਹ ਜਾਵੇ ਜਾਂ ਸਿਆਲ ਦਾਦੀ ਦੁਪਹਿਰ ਨੂੰ ਨਹਾਉਂਦੀ। ਉਹਦੇ ਲਈ ਪਾਣੀ ਦੀ ਬਾਲਟੀ ਵਿਹੜੇ ਵਿੱਚ ਧੁੱਪ ਆਉਣ ਸਾਰ ਹੀ ਰੱਖ ਦਿੱਤੀ ਜਾਂਦੀ। ਉਹ ਤੇ ਮੇਰੀ ਮਾਂ ਵਿਹੜੇ ਵਿਚਲੇ ਖੁੱਲ੍ਹੇ ਖੁਰੇ ਵਿੱਚ ਮੰਜਾ ਵੱਖੀ ਭਾਰ ਖੜ੍ਹਾ ਕਰ ਕੇ, ਉੱਤੇ ਕੋਈ ਕੱਪੜਾ ਪਰਦੇ ਵਜੋਂ ਪਾ ਕੇ ਨਹਾ ਲੈਂਦੀਆਂ। ਅਸੀਂ ਸਾਰੇ ਜਣੇ ਰਾਤ ਨੂੰ ਇੱਥੇ ਹੀ ਪਿਸ਼ਾਬ ਕਰਦੇ। ਇਸ ਖੁੱਲ੍ਹੇ ਇਸ਼ਨਾਨ-ਸਥਾਨ ਤੋਂ ਪਿਸ਼ਾਬ ਦੀ ਬਦਬੂ ਆਉਂਦੀ ਹੀ ਰਹਿੰਦੀ ਭਾਵੇਂ ਕਿ ਚੱਕੀ ਦੇ ਪੁੜ ਜ਼ਮੀਨ ਖੋਦ ਕੇ ਇਸਦੇ ਬਰਾਬਰ ਟਿਕਾ ਦਿੱਤੇ ਗਏ ਸਨ।

ਮਾਂ ਜਦੋਂ ਕੱਪੜੇ ਧੋਣ ਵਾਲੇ ਸਾਬਣ ਨਾਲ ਸਾਨੂੰ ਨੁਹਾਉਂਦੀ ਤਾਂ ਦਾਦੀ ਫਿਰ ਆਪਣਾ ਓਹੀ ਰਾਗ ਸ਼ੁਰੂ ਕਰ ਲੈਂਦੀ, “ਸਾਬਣਾਂ ਨਾ ਨਲ੍ਹਾਉਣ ਲੱਗ ਪਈ ਆ, ਆ ਗਈ ਬੜੇ ਰਜੁਆੜੇ ਦੀ ਧੀ। ਅਸੀਂ ਤਾਂ ਟੱਲੇ-ਲੀੜੇ ਰੇਹ (ਕੱਲਰ ਦੀ ਬਰੀਕ ਜਿਹੀ ਮੁਲਾਇਮ ਧੁੱਦਲ-ਮਿੱਟੀ) ਨਾ ਧੋ ਲਈਦੇ ਸੀ। ਸਿਰ ਲੱਸੀ-ਦਹੀਂ ਨਾ ਧੋ ਲਈਦਾ ਸੀ। ਹੁਣ ਨਮੀਆਂ ਦੀ ਤਬਾ ਦਾ ਪਤਾ ਨਹੀਂ ਲਗਦਾ।”

ਇਹ ਸੁਣ ਕੇ ਵੀ ਮਾਂ ਚੁੱਪ ਰਹਿੰਦੀ। ਉਹ ਉਹਦੇ ਕੁਰਖ਼ਤ ਸੁਭਾ ਤੋਂ ਇਉਂ ਡਰਦੀ ਜਿਵੇਂ ਧੁਣਖੀ ਤੋਂ ਕਾਂ। ਗੱਲ ਕੀ ਮੇਰੀ ਮਾਂ ਨਾ ਦਾਦੀ ਮੋਹਰੇ ਕੁਸਕਦੀ ਤੇ ਨਾ ਹੀ ਉਹਦੇ ਹੁਕਮ ਅੱਗੇ ਹੁੱਤ ਕਰਦੀ। ਕਈ ਵਾਰ ਲਗਦਾ ਜਿਵੇਂ ਉਹਦੀ ਜ਼ਬਾਨ ਕਿਧਰੇ ਗ਼ਾਇਬ ਹੋ ਗਈ ਹੋਵੇ।

... ਕਦੀ-ਕਦੀ ਪਿੰਡ ਦੀ ਕੋਈ ਜੱਟੀ ਦਾਦੀ ਨੂੰ ਮਲਕ ਦੇਣੀ ਕਹਿੰਦੀ, “ਹਰੋ, ਘਰ ਨੂੰ ਆਈਂ ਜ਼ਰਾ!”

ਉਹ ਬਿਨਾਂ ਕਿਸੇ ਹੀਲ-ਹੁੱਜਤ ਦੇ ਆਪਣੀ ਡੰਗੋਰੀ ਫੜ ਕੇ ਉਹਦੇ ਮਗਰ-ਮਗਰ ਤੁਰ ਪੈਂਦੀ। ਉਹ ਪਲਾਂ ਵਿੱਚ ਉਨ੍ਹੀਂ ਪੈਰੀਂ ਮੁੜ ਆਉਂਦੀ। ਉਹਦੇ ਗੋਰੇ ਨਿਛੋਹ ਚਿਹਰੇ ਦੀਆਂ ਝੁਰੜੀਆਂ ਸਮੁੰਦਰੀ ਛੱਲਾਂ ਵਰਗੀਆਂ ਲਗਦੀਆਂ। ਉਹ ਸਰਦਲ ਲੰਘਦੀ ਤਾਂ ਉਲਟੇ ਦਾਅ ਹਰੇ ਰੰਗ ਦੀਆਂ ਜ਼ਮੀਨ ਵਿੱਚ ਦੱਬੀਆਂ ਬੋਤਲਾਂ ਉੱਤੇ ਪੁਰਾਣੇ ਖੱਸੜ-ਖਾਧੇ ਬੂਹੇ ਦੀਆਂ ਚੀਥੀਆਂ ਬਿਨਾਂ ਕਿਸੇ ਚੀਂ-ਚੀਂ ਦੇ ਅੰਦਰ ਵੱਲ ਨੂੰ ਘੁੰਮ ਜਾਂਦੀਆਂ ਜਿਵੇਂ ਕੋਈ ਨਿਆਣਾ ਅੱਡੀ ਭਾਰ ਸੰਤੁਲਨ ਬਣਾ ਕੇ ਘੁੰਮਦਾ ਹੈ। ਉਹ ਹੁਕਮ ਕਰਦੀ, “ਕਿੱਧਰ ਸਾਰਾ ਵਲੇਦਾ ਮਰ ਗਿਆ, ਮੰਜਾ ਡਾਹੋ।”

ਸਾਡੇ ਵਿੱਚੋਂ ਕੋਈ ਜਣਾ ਫੁਰਤੀ ਨਾਲ ਅਮਲ ਕਰਦਾ। ਉਹ ਜਿਵੇਂ ਕਿਸੇ ਖਾਸ ਪ੍ਰਾਪਤੀ ਦੇ ਨਤੀਜੇ ਵਜੋਂ, ਖੁਸ਼ੀ ਦੀ ਰੌਂ ਵਿੱਚ ਆਪਣੇ ਦੁਪੱਟੇ ਜਾਂ ਕਿਸੇ ਕੱਪੜੇ ਵਿੱਚ ਲਿਆਂਦੇ ਰੋਟੀਆਂ ਦੇ ਟੁਕੜੇ ਕਾਹਲੀ ਨਾਲ ਸੁੱਕਣੇ ਪਾਉਣ ਲੱਗ ਪੈਂਦੀ। ਇਹ ਟੁਕੜੇ ਵਿਆਹ, ਕੁੜਮਾਈ ਜਾਂ ਪਾਠ ਦੇ ਭੋਗ ਤੋਂ ਬਾਅਦ ਦੀ ਬਚ-ਖੁਚ ਹੁੰਦੇ। ਜਦੋਂ ਇਨ੍ਹਾਂ ਨੂੰ ਗੁੜ-ਪਾਣੀ ਵਿੱਚ ਰਿੰਨ੍ਹਿਆਂ ਜਾਂਦਾ ਤਾਂ ਮੂੰਹੋਂ ਨਾ ਲੱਥਦੇ। ਕਈ ਵਾਰ ਇਨ੍ਹਾਂ ਨੂੰ ਗੰਨਿਆਂ ਦੇ ਰਸ ਦੀ ਆਖਰੀ ਪੱਤ ਦੇ ਕੜਾਹੇ ਦੀ ਧੋਣ ਵਿੱਚ ਰਿੰਨ੍ਹਿਆਂ ਜਾਂਦਾ। ਮਹਿਕ ਨਾਲ ਹੀ ਮੂੰਹ ਪਾਣੀ ਨਾਲ ਭਰ ਜਾਂਦਾ। ਸੁਆਦ ਖਾਧਿਆਂ ਹੀ ਪਤਾ ਲੱਗਦਾ।

ਮੇਰੀ ਦਾਦੀ ਕਦੇ ਗੁਰਦੁਆਰੇ ਨਾ ਗਈ ਭਾਵੇਂ ਕਿ ਸਾਡੇ ਘਰ ਤੇ ਗੁਰਦੁਆਰੇ ਵਿਚਾਲੇ ਇੱਕ ਗਲੀ ਹੀ ਪੈਂਦੀ ਹੈ। ਹਾਂ, ਜਦੋਂ ਬਰਸਾਤਾਂ ਨੂੰ ਔੜ ਲੱਗ ਜਾਂਦੀ ਤਾਂ ਜੱਟ ਖ਼ਵਾਜ਼ਾ-ਖ਼ਿਜ਼ਰ ਦਾ ਦਲ਼ੀਆ ਦਿੰਦੇ। ਸਾਡੇ ਮੁਹੱਲੇ ਜਾਗਰ ਚੌਕੀਦਾਰ ਹੋਕਾ ਦਿੰਦਾ, “ਗੁਰਦੁਆਰਿਓਂ ਸਾਰੇ ਜਣੇ ਦਲ਼ੀਆ ਲੈ ਆਓ ਬਈ।” ‘ਲੈ ਆਓ ਬਈ’ ਨੂੰ ਉਹ ਕਿਸੇ ਹੇਕ ਵਾਂਗ ਲੰਮੀ ਆਵਾਜ਼ ਵਿੱਚ ਕਹਿੰਦਾ ਅੱਗੇ ਤੋਂ ਅੱਗੇ ਤੁਰਿਆ ਜਾਂਦਾ।

ਦਾਦੀ ਆਪਣੀ ਥਾਲੀ ਝੱਟ ਭਰਵਾ ਲਿਆਉਂਦੀ। ਫਿਰ ਵਿੱਚ ਦੇਸੀ ਘਿਓ ਪਾ ਕੇ ਖਾਂਦੀ। ਉਂਜ ਸੰਗਰਾਂਦ ਨੂੰ ਕਦੀ ਪ੍ਰਸ਼ਾਦ ਲੈਣ ਨਾ ਗਈ, ਨਾ ਕਦੀ ਕਥਾ-ਕੀਰਤਨ ਸੁਣਿਆ ਅਤੇ ਨਾ ਹੀ ਕਦੀ ਕਿਸੇ ਖ਼ਾਨਗਾਹ ਉੱਤੇ ਦੀਵਾ ਬਾਲਿਆ। ਦੀਵਾਲੀ ਨੂੰ ਵੀ ਕਦੀ ਦੀਵੇ ਨਾ ਜਗਾਏ। ਉਹਨੂੰ ਧਾਰਮਕ ਰੀਤਾਂ ਨੂੰ ਦਿਖਾਵੇ ਵਜੋਂ ਪਾਲਣ ਦਾ ਸ਼ੌਕ ਨਹੀਂ ਸੀ, ਸਗੋਂ ਉਲਟਾ ਕਹਿੰਦੀ, “ਬੰਦਾ ਦਸਾਂ ਨੌਂਹਾਂ ਦੀ ਕਮਾਈ ਕਰੇ, ਨਿੰਦਿਆ-ਚੁਗਲੀ ਨਾ ਕਰੇ, ਨੇਕ ਨੀਤ ਨੂੰ ਮੁਰਾਦਾਂ। ਹੋਰ ਭਲਾ ਰੱਬ ਨੂੰ ਅੱਗ ਲਾਉਣੀ ਆਂ।”

... ਹੁਣ ਉਹਦੇ ਦੀਦਿਆਂ ਦੀ ਜੋਤ ਪਹਿਲਾਂ ਵਰਗੀ ਨਾ ਰਹੀ। ਬੰਦਾ ਸਿਆਣਨ ਲਈ ਉਹ ਅੱਖਾਂ ਉੱਤੇ ਹੱਥ ਦਾ ਛੱਪਰ ਜਿਹਾ ਬਣਾਉਂਦੀ। ਕਈ ਸਾਲ ਹੋਏ ਉਹਦੀ ਖੱਬੀ ਅੱਖ ਦਾ ਅਪ੍ਰੇਸ਼ਨ ਹੋਇਆ ਤਾਂ ਉਹਦੇ ਉੱਤੇ ਹਰੀ ਪੱਟੀ ਬੱਝੀ ਪਰ ਉਹ ਤਾਂ ਵੀ ਟਿਕ ਕੇ ਨਾ ਬੈਠੀ। ਉਹਨੇ ਆਪਣਾ ਫੇਰਾ-ਤੋਰਾ ਬਰਕਰਾਰ ਰੱਖਿਆ। ਇੰਨਾ ਕੁ ਫਰਕ ਜ਼ਰੂਰ ਪੈ ਗਿਆ ਸੀ ਕਿ ਉਹ ਹੱਥ ਵਿੱਚ ਸੋਟਾ ਪੱਕੇ ਤੌਰ ’ਤੇ ਹੀ ਰੱਖਣ ਲੱਗ ਪਈ। ਘਰ ਵਿੱਚ ਰੋਹਬ ਤੇ ਬਾਹਰ ਦਬਦਬਾ ਲਗਾਤਾਰ ਕਾਇਮ ਸੀ। ਜਦੋਂ ਟਾਵਾਂ-ਟਾਵਾਂ ਨਿਆਣਾ ਉਹਨੂੰ ਖਿਝਾਉਣ ਲਈ ਖਰੂਦ ਕਰਦਾ ਤਾਂ ਟੁੱਟ ਕੇ ਪੈਂਦੀ, “ਕਿਹੜੀ ਜਾਇਆਂ ਵੱਢੀ ਦਾ? ਆਪਣੀ ਮਾਂ ਮੋਹਰੇ ਜਾ ਕੇ ਕੂਕਾਂ ਮਾਰ, ਹਰਾਮਦਿਆ!”

ਜਦੋਂ ਪਿੰਡ ਦੀ ਕੋਈ ਜੱਟੀ ਜਾਂ ਹੋਰ ਤੀਵੀਂ ਬਿਨਾਂ ਬੁਲਾਏ ਉਹਦੇ ਕੋਲੋਂ ਲੰਘਦੀ ਤਾਂ ਉਹਦੀ ਬੋਲ-ਬਾਣੀ ਦੀ ਸੁਰ ਉੱਚੀ ਹੋ ਜਾਂਦੀ, “ਪਤਾ ਨਹੀਂ ਕਿਹੜੀ ਯਾਰਾਂ-ਪਿੱਟੀ ਹੰਕਾਰੀਊ ਪਰਿਓਂ ਪਰਿਓਂ ਦੀ ਨੰਘ ਗਈ ਆ।”

ਪਿੱਪਲ ਹੇਠ ਬੈਠੀਆਂ ਤਾਸ਼ ਖਿਡਾਰੀਆਂ ਦੀਆਂ ਢਾਣੀਆਂ, ਬਾਰਾਂ ਟਾਹਣੀ ਖੇਡਦੇ ਜਾਂ ਬੰਟੇ ਖੇਡਦੇ ਨਿਆਣਿਆਂ-ਸਿਆਣਿਆਂ ਦੀਆਂ ਨਜ਼ਰਾਂ ਇਕਦਮ ਦਾਦੀ ਦੇ ਮੰਜੇ ਉੱਤੇ ਕੇਂਦਰਤ ਹੋ ਜਾਂਦੀਆਂ। ਉਹ ਗੱਲ ਦਾ ਵੇਰਵਾ ਜਾਨਣ ਲਈ ਤਾਂਘ ਨਾਲ ਦੇਖਦੇ ਰਹਿੰਦੇ।

ਇਹ ਕਿਹੜੀ ਸੀ ਕੰਜਰੀ?” ਉਹ ਵਰੋਲੇ ਵਾਂਗ ਲੰਘ ਗਈ ਜ਼ਨਾਨੀ ਦਾ ਅੱਗਾ-ਪਿੱਛਾ ਨੌਲਦੀ। ਕੋਲ ਬੈਠੇ ਜਾਂ ਕੋਲੋਂ ਲੰਘਦੇ-ਵੜਦੇ ਤੋਂ ਗੁੱਸੇ ਨਾਲ ਪੁੱਛ ਪੜਤਾਲ ਕਰਦੀ।

ਇਉਂ ਜਿਹੜੀ ਉਹਨੂੰ ਬਿਨਾਂ ਬੁਲਾਏ ਲੰਘਦੀ ਉਹਦੇ ਭਾ ਦੀ ਬਣ ਜਾਂਦੀ। ਉਹ ਉਲਾਂਭੇ ਦਿੰਦੀ। ਮਿਹਣਿਆਂ ’ਤੇ ਉੱਤਰ ਆਉਂਦੀ। ਸੁਲ੍ਹਾ ਉਦੋਂ ਹੀ ਹੁੰਦੀ ਜਦੋਂ ਖੇਤੋਂ ਮੁੜਦੀ ਹੋਈ ਇੱਕ ਤਰ੍ਹਾਂ ਆਪਣੀ ‘ਗਲਤੀ’ ਦਾ ਇਹਸਾਸ ਨਾ ਕਰ ਲੈਂਦੀ, “ਮੈਨੂੰ ਰਤਾ ਛੇਤੀ ਸੀ, ਮਾਂ, ਆਹ ਲੈ ਤੱਤਾ-ਤੱਤਾ ਗੁੜ, ਵੇਲਣਾ ਵਗਦਾ।”

ਉਹਨੂੰ ਬੈਠੀ ਨੂੰ ਰਸ, ਗੁੜ, ਦਹੀਂ, ਸਾਗ, ਮੱਖਣ ਤੇ ਗੰਨੇ ਆ ਜਾਂਦੇ। ਇਨ੍ਹਾਂ ਚੀਜ਼ਾਂ ਵਿੱਚੋਂ ਉਹ ਥੋੜ੍ਹਾ ਸਾਨੂੰ ਤੇ ਥੋੜ੍ਹਾ ਆਪਣੇ ਦੂਜੇ ਪੋਤੇ-ਪੋਤੀਆਂ ਨੂੰ ਦੇ ਦਿੰਦੀ।

ਮਾਂ ਪੈਰੀਂ ਪਈਨੀ ਆਂ!” ਕੋਈ ਹੋਰ ਜਣੀ ਲੰਘਦੀ ਕਹਿੰਦੀ। ਇਹ ਸੁਣ ਕੇ ਉਹਦੇ ਅੰਦਰ ਉੱਠੇ ਭਾਂਬੜ ਉੱਤੇ ਜਿਵੇਂ ਮੀਂਹ ਦਾ ਛੱਰਾਟਾ ਪੈ ਜਾਂਦਾ।

ਗੁਰੂ ਭਲਾ ਕਰੇ!” ਉਹ ਕਿਸੇ ਕਿਸੇ ਨੂੰ ਅਸੀਸਾਂ ਦੀ ਝੜੀ ਲਾ ਦਿੰਦੀ। ਉਹ ਕਈਆਂ ਦੇ ਸਿਫ਼ਤਾਂ ਦੇ ਪੁਲ ਬੰਨ੍ਹਦੀ ਨਾ ਥੱਕਦੀ ਤੇ ਕਹਿੰਦੀ, “ਹਾਅ ਗੰਗੀ ਦੀ ਪੋਤ-ਨੋਂਹ ਕਲਬਿੰਦਰ ਹੋਈ, ਗੁੱਜਰ ਸੁੰਹ ਦੀ ਲਾਲ ਮੂੰਹੀਂ ਹੋਈ, ਬਿਨਾਂ ਬੁਲਾਇਆਂ ਨਹੀਂ ਨੰਘਦੀਆਂ। ਮੇਰੇ ਲਈ ਚੰਗੀਆਂ, ਬਥੇਰਾ ਆਦਰ-ਮਾਣ ਕਰਦੀਆਂ, ਐਵੇਂ ਕਹੀਏ।”

ਕਈ ਘਰ ਉਹਨੂੰ ਪੀਰਾਂ ਵਾਂਗ ਮੰਨਦੇ। ਦਿਨ-ਤਿਓਹਾਰ ’ਤੇ ਕਈ ਕੁਝ ਖਾਣ ਨੂੰ ਦੇ ਜਾਂਦੇ। ਲੋਹੜੀ ਤੋਂ ਅਗਲੇ ਦਿਨ ਗੰਨੇ ਦੀ ਰਸ ਵਿੱਚ ਬਣੀ ਚੌਲਾਂ ਦੀ ਖੀਰ ਕਈ ਜੱਟ ਘਰਾਂ ਤੋਂ ਆਉਂਦੀ। ਇਹ ਖਾਣ ਨੂੰ ਸਾਡਾ ਦੋ-ਦੋ ਦਿਨ ਦਾਅ ਲੱਗਾ ਰਹਿੰਦਾ। ਇਹੋ ਜਿਹੇ ਮੌਕਿਆਂ ਉੱਤੇ ਦਾਦੀ ਮੈਂਨੂੰ ਬਹੁਤ ਚੰਗੀ ਲਗਦੀ। ਜਦੋਂ ਘਰ ਵਿੱਚ ਚਾਹ ਲਈ ਗੁੜ ਨਾ ਹੁੰਦਾ ਤਾਂ ਉਹ ਆਪਣੇ ਕੋਲੋਂ ਦੋ ਪੇਸੀਆਂ ਦੇ ਦਿੰਦੀ। ਸਾਰਾ ਟੱਬਰ ਉਹਦਾ ਸ਼ੁਕਰਗੁਜ਼ਾਰ ਹੋ ਜਾਂਦਾ।

ਵਿੱਚ-ਵਿਚਾਲੇ ਮੇਰੀ ਛੋਟੀ ਭੂਆ ਕਰਮੀ ਆਪਣੀ ਮਾਂ ਅਤੇ ਮੇਰੀ ਦਾਦੀ ਦੀ ਸੁਖ-ਸਾਂਦ ਪੁੱਛਣ ਲਈ ਗੇੜਾ ਲਾਉਂਦੀ। ਉਹ ਘੰਟਿਆਂ-ਬੱਧੀ ਗੱਲਾਂ ਕਰ ਕੇ ਵੀ ਨਾ ਥੱਕਦੀਆਂ। ਭੂਆ ਮੈਂਨੂੰ ਸੈਨਤ ਮਾਰਦੀ ਤੇ ਹੌਲੀ ਦੇਣੀ ਕਹਿੰਦੀ, ਨੰਤੀ ਦਿਓਂ ਕਲੀ (ਹੁੱਕੀ) ਤਾਂ ਫੜ ਲਿਆ ਪੁੱਤ।”

ਮੈਂ ਚਾਅ ਨਾਲ ਹੁੱਕੀ ਵਿੱਚ ਨਵਾਂ ਪਾਣੀ ਪਾਉਂਦਾ। ਹੁੱਕੀ ਬੁਲਾਉਣ ਲਈ ਕਦੀ ਲੰਮਾ ਸੂਟਾ ਖਿੱਚ ਹੋ ਜਾਂਦਾ ਤਾਂ ਮੇਰੇ ਮੂੰਹ ਵਿੱਚ ਪਾਣੀ ਭਰ ਜਾਂਦਾ-ਹੁੱਥੂ ਛਿੜ ਪੈਂਦਾ। ਅੰਦਰ ਬੈਠੀ ਭੂਆ ਸਮਝ ਜਾਂਦੀ ਕਿ ਸਭ ਕੁਝ ਤਿਆਰ ਹੈ। ਉਹ ਦਾਦੀ ਤੋਂ ਪਰਦੇ ਨਾਲ ਹੁੱਕੀ ਪੀਂਦੀ ਸੀ ਕਿਉਂਕਿ ਉਹਨੂੰ ਇਸ ਗੁੜਗੁੜ ਤੇ ਧੂੰਏਂ ਤੋਂ ਸਖ਼ਤ ਨਫ਼ਰਤ ਸੀ। ਕਦੀ ਕਦੀ ਉਹ ਮੇਰੇ ਭਾਈਏ ਨੂੰ ਬੁਰਾ-ਭਲਾ ਬੋਲਦੀ, “ਤੇਰੇ ਮੂੰਹ ਵਿੱਚ ਤਾਂ ਨੜੀ ਰਹਿੰਦੀ ਆ, ਅੱਗ ਲਾ ਪਰੇ ਇਹਨੂੰ!”

ਦਾਦੀ ਦਾ ਗੜ੍ਹਕਾ ਜਾਰੀ ਸੀ। ਇੱਕ ਦਿਨ ਤਾਈ ਤਾਰੋ (ਜੱਟੀ) ਤੇ ਚਾਚੀ ਛਿੰਨੀ ਪਿੱਪਲ ’ਤੇ ਪਾਈ ਪੀਂਘ ਝੂਟ ਰਹੀਆਂ ਸਨ ਕਿ ਦਾਦੀ ਨੂੰ ਪਤਾ ਨਹੀਂ ਕੀ ਸੁੱਝਿਆ ਕਿ ਉੱਚੀ-ਉੱਚੀ ਦੁਹਾਈ ਪਾਉਂਦੀ ਆਈ, “ਇਨ੍ਹਾਂ ਨਟਣੀਆਂ, ਲੁੱਚੀਆਂ ਨੂੰ ਇਹੋ ਕੰਮ ਰਹਿ ਗਿਆ। ਆਦਮੀਆਂ ਦੀ ਪ੍ਰਵਾਹ ਈ ਨਹੀਂ ਪਈ ਥੱਕੇ-ਹਾਰੇ ਆਏ ਆ। ਬਦਮਾਸ਼ਾਂ ਕਿਸੇ ਥਾਂ ਦੀਆਂ।”

ਇਹ ਸੁਣਦਿਆਂ ਹੀ ਪੀਂਘ ਹੇਠਾਂ ਆ ਗਈ। ਸਿਖਰ ਦੁਪਹਿਰ ਦਾ ਸੂਰਜ ਜਿਵੇਂ ਅਸਤ ਹੋਣ ਲਈ ਕਾਹਲਾ ਪੈ ਗਿਆ ਹੋਵੇ। ਚਿਹਰਿਆਂ ਉੱਤੇ ਚੜ੍ਹੀ ਲਾਲੀ ਫਿੱਕੀ ਪੈ ਗਈ। ਤਮਾਸ਼ਬੀਨ ਖਿਸਕਣ ਲੱਗ ਪਏ। ਉਹ ਅਜੇ ਨਹਿਰੀਆਂ ਵੱਟਦੀ ਅੱਗੇ ਵਧ ਹੀ ਰਹੀ ਸੀ ਕਿ ਸਾਰੀ ਮਢੀਰ ਤਿੱਤਰ-ਬਿੱਤਰ ਹੋ ਗਈ।

ਦਾਦੀ ਨਾਲ ਤਾਈ ਤਾਰੋ ਦੀ ਬਣਦੀ ਵੀ ਬਹੁਤ ਸੀ। ਤਾਈ ਦਾਲ-ਸਬਜ਼ੀ ਨੂੰ ਤੁੜਕਾ ਲਾਉਂਦੀ ਤਾਂ ਆਲੇ-ਦੁਆਲੇ ਦੇ ਕਈ ਘਰਾਂ ਵਿੱਚ ਖ਼ਬਰ ਹੋ ਜਾਂਦੀ ਕਿ ਉਸ ਨੇ ਅੱਜ ਕੀ ਭੁੰਨਿਆ ਹੈ। ਦਾਦੀ ਨੂੰ ਇਸਦਾ ਦਸਵੰਧ ਆਪਣੇ ਆਪ ਪਹੁੰਚ ਜਾਂਦਾ।

ਤਾਈ ਹੁਰੀਂ ਤਿੰਨ ਦਰਾਣੀਆਂ-ਜਠਾਣੀਆਂ ਸਨ। ਜਦੋਂ ਮੁਕਾਣੇ ਜਾਂ ਵਾਂਢੇ ਜਾਂਦੀਆਂ, ਕੁੰਜੀਆਂ ਦਾਦੀ ਨੂੰ ਫੜਾ ਜਾਂਦੀਆਂ। ਉਹ ਹੁੱਬ ਕੇ ਰਾਹ ਜਾਂਦਿਆਂ ਨੂੰ ਸੁਣਾ ਕੇ ਦੱਸਦੀ, “ਆਹ ਚੰਦਾ ਸੁੰਹ ਦੀਆਂ ਨੋਹਾਂ, ਕਿਤੇ ਜਾਣਾ ਹੋਏ, ਮੈਂਨੂੰ ਕੁੰਜੀਆਂ ਸਮ੍ਹਾਲ ਜਾਂਦੀਆਂ। ਮੇਰਾ ਚੌਣਾਂ ਤਿੰਨ ਦਿਨ ਵੱਢਦੇ ਰਹੋ ਤਾਂ ਨਾ ਮੁੱਕੇ, ਮੇਰੀਆਂ ਮੈਂਨੂੰ ਪੁੱਛਦੀਆਂ ਈ ਨਹੀਂ।”

ਇੱਕ ਵਾਰ ਦਾਦੀ ਤਾਈ ਨਾਲ ਮਿਹਣ-ਕੁਮਿਹਣੇ ਹੋ ਪਈ। ਉਦੋਂ ਤਾਇਆ ਊਧਮ ਸਿੰਘ, ਜਿਸ ਨੂੰ ਸਾਰੇ ਪਿੰਡ ਵਾਸੀ ਸ਼ਹੀ ਕਹਿੰਦੇ ਸਨ, ਮਰ ਗਿਆ ਹੋਇਆ ਸੀ। ਉਹ ਘੋੜੀ ਵਾਲੇ ਬਿੱਕਰ ਸਿੰਘ ਨਾਲ ਗੱਡਾ ਵਾਹੁੰਦਾ ਹੁੰਦਾ ਸੀ। ਦਾਦੀ ਨੇ ਆਪਣਾ ਹੀ ਲਹੂਰ ਪਾਇਆ ਹੋਇਆ ਸੀ। ਉਸ ਨੇ ਰਾਹ ਵਿੱਚ ਖੜ੍ਹੀ ਹੋ ਕੇ ਆਖ ਦਿੱਤਾ, “ਤੂੰ ਪਿੰਡ ਦੀਆਂ ਬਥੇਰੀਆਂ ਰੰਡੀਆਂ ਕਰਤੀਆਂ ਪਰ ਤੂੰ ਰੰਡੀ ਹੋ ਕੇ ਵੀ ਰੰਡੀ ਨਾ ਹੋਈ।” ਕਟਾਰਾਂ ਵਰਗੀਆਂ ਇਨ੍ਹਾਂ ਟਾਹਰਾਂ ਨੂੰ ਸੁਣ ਕੇ ਸਾਰੇ ਨਿੰਮੋਝੂਣੇ ਹੋ ਗਏ।

ਤੈਨੂੰ ਚੇਤਾ ਭੁੱਲ ਗਿਆ ਜਦੋਂ ਮੈਂ ਵਿਆਹੀ ਆਈ ਸੀ? ਉਦੋਂ ਤੇਰਾ ਸਹੁਰਾ ਅਜੇ ਸਬਿਹਾਰ ਨੂੰ ਜਾਂਘੀਆ ਲਾ ਕੇ ਨੰਗਾ-ਧੜੰਗਾ ਦੁੜੰਗੇ ਲਾਉਂਦਾ ਹੁੰਦਾ ਸੀ। ਆ ਗਈ ਮੇਰੇ ਨਾਲ ਆਢਾ ਲਾਉਣ, ਸੈਂਤਲਬਾਜ਼ ਕਿਸੇ ਥਾਂ ਦੀ।” ਅੱਗੋਂ ਤਾਈ ਨੇ ਹੱਸ ਛੱਡਿਆ ਤੇ ਗੱਲ ਆਈ ਗਈ ਹੋ ਗਈ।

ਮੈਂਨੂੰ ਯਾਦ ਹੈ ਪਿੰਡ ਦੇ ਕਈ ਬਜ਼ੁਰਗ ਜੱਟ ਵਿਆਹਾਂ-ਕਾਰਜਾਂ ਸੰਬੰਧੀ ਮੇਰੀ ਦਾਦੀ ਤੋਂ ਸਲਾਹਾਂ ਲੈਣ ਆਉਂਦੇ ਹੁੰਦੇ ਸਨ। ਉਹ ਜਿਵੇਂ ਦੱਸਦੀ ਉਵੇਂ ਹੀ ਸਾਰੇ ਕਾਰਜ ਨੇਪਰੇ ਚੜ੍ਹਾਏ ਜਾਂਦੇ। ਉਹ ਕਿਸੇ ਬਜ਼ੁਰਗ ਜੱਟ ਦੇ ਆਉਣ ’ਤੇ ਕਦੀ ਵੀ ਆਪਣੀ ਮੰਜੀ ਤੋਂ ਨਹੀਂ ਉੱਠਦੀ ਸੀ ਜਿਵੇਂ ਮੇਰਾ ਤਾਇਆ ਰਾਮਾ ਜੱਟ ਨੂੰ ਮੰਜੇ ਉੱਤੇ ਬਿਠਾ ਦਿੰਦਾ ਸੀ ਤੇ ਆਪ ਭੁੰਜੇ ਬਹਿ ਜਾਂਦਾ ਹੁੰਦਾ ਸੀ। ਇਹੋ ਜਿਹੀਆਂ ਦੋਹਾਂ ਸਥਿਤੀਆਂ ਵਿੱਚ ਮੈਂਨੂੰ ਜਾਤਾਂ ਦੇ ਪਾੜੇ ਪੂਰ ਹੁੰਦੇ ਦਿਸਦੇ। ਆਦਰ-ਸਤਿਕਾਰ ਦੀ ਇੱਕ ਮਿਸਾਲ ਕਾਇਮ ਹੁੰਦੀ ਜਾਪਦੀ। ਜਦੋਂ ਭਾਈਏ, ਤਾਏ ਹੁਰੀਂ ਜੱਟਾਂ ਦੀਆਂ ਹਵੇਲੀਆਂ ਜਾਂ ਘਰੀਂ ਜਾਂਦੇ ਤਾਂ ਉਨ੍ਹਾਂ ਨੂੰ ਕੋਈ ਬਰਾਬਰ ਤਾਂ ਕੀ ਉਂਜ ਹੀ ਬੈਠਣ ਲਈ ਨਾ ਕਹਿੰਦਾ। ਇਹ ਖ਼ਿਆਲ ਸੋਚਾਂ ਦਾ ਲੰਮਾ ਰਾਹ ਬਣਦਾ।

ਪਰ ਦਾਦੀ ਦੀ ਮੈਂਨੂੰ ਉਹ ਘਟਨਾ ਕਦੀ ਨਹੀਂ ਭੁੱਲੀ ਜਿਨ੍ਹਾਂ ਦਿਨਾਂ ਵਿੱਚ ਮੀਂਹ ਨਹੀਂ ਸੀ ਪੈ ਰਿਹਾ ਤੇ ਔੜ ਦਾ ਕਹਿਰ ਲਗਾਤਾਰ ਜਾਰੀ ਸੀ। ਪਿੰਡ ਦੀਆਂ ਤੀਵੀਆਂ ਪਾਣੀ ਵਿੱਚ ਗੋਹਾ-ਮਿੱਟੀ ਰਲਾ ਕੇ ਇੰਦਰ ਦੇਵਤੇ ਨੂੰ ਰਿਝਾਉਣ ਲਈ ਆਪਸ ਵਿੱਚ ਹੋਲੀ ਖੇਡ ਰਹੀਆਂ ਸਨ।” ਨੋਬਿਆਂ ਦੀ ਸੀਬੋ ਨੇ ਦਾਦੀ ਉੱਤੇ ਇਸ ਘੋਲ ਦੀ ਬਾਲਟੀ ਮੂਧੇਰ ਦਿੱਤੀ। ਨਾਲ ਹੀ ਅਖੰਡ ਪ੍ਰਵਾਹ ਸ਼ੁਰੂ ਹੋ ਗਿਆ।

ਜੱਧੀਊ ਕਿਸੇ ਥਾਂ ਦੀ, ਚਗ਼ਲ ਜਿਹੀ। ਕੁਛ ਤਾਂ ਮੇਰੇ ਧੌਲੇ ਝਾਟੇ ਦੀ ਸ਼ਰਮ ਕਰ ਲਈਂਦੀ, ਬੱਚਾ ਪਿੱਟੀਏ।” ਉਹ ਨਿਸੰਗ ਹੋ ਕੇ ਗਾਲ੍ਹਾਂ ਕੱਢਦੀ ਉਹਦੇ ਘਰ ਤਕ ਗਈ। ਫਿਰ ਉਨ੍ਹੀਂ ਪੈਰੀਂ ਮੁੜ ਆਈ ਕਿਉਂਕਿ ਉਹਦੇ ਨਾਲ ਮੱਥਾ ਲਾਉਣ ਵਾਲਾ ਕੋਈ ਨਹੀਂ ਸੀ। ਮਸਲਾ ਉਦੋਂ ਹੀ ਮੁੱਕਿਆ ਜਦੋਂ ਉਸ ਨੇ ਘਰ ਆ ਕੇ ਦਾਦੀ ਤੋਂ ਮਾਫ਼ੀ ਮੰਗੀ। ਇਸ ਦੌਰਾਨ ਉਹ ਤਿੰਨ ਮਹੀਨੇ ਸਾਡੇ ਘਰ ਮੁਹਰਿਓਂ ਦੀ ਨਾ ਲੰਘੀ ਜਿੱਥੋਂ ਦੀ ਉਹਦਾ ਨਿੱਤ ਦਾ ਲਾਂਘਾ ਸੀ।

ਦਾਦੀ ਦਾ ਅੜਬ ਸੁਭਾਅ ਉਹਦੀ ਬਿਰਧ ਉਮਰ ਨਾਲ ਵੀ ਨਹੀਂ ਬਦਲਿਆ ਸੀ।

ਅਸੀਂ ਘਰ ਦੇ ਸਾਰੇ ਜੀਅ ਸੋਚਦੇ ਕਿ ਦਾਦੀ ਦੇ ਕੱਪੜੇ ਮੇਰੀ ਮਾਂ ਧੋ ਦਿਆ ਕਰੇ। ਪੁੱਛਣ ’ਤੇ ਅੱਗੋਂ ਦਾਦੀ ਉੱਖੜੀ ਕੁਹਾੜੀ ਵਾਂਗ ਪੈਂਦੀ, “ਮੈਂ ਨਹੀਂ ਕਿਸੇ ਦੀ ਮੁਥਾਜ ਹੋਣਾ, ਇਹਦੇ ਨਾਲੋਂ ਤਾਂ ਰੱਬ ਪੜਦਾ ਦੇ ਦੇਵੇ।”

ਉਹਦੀ ਸੁਰਤੀ ਅਜੇ ਚੰਗੀ ਸੀ। ਜਦੋਂ ਅਸੀਂ ਉਹਦੀਆਂ ਗੱਲਾਂ ਨੂੰ ਗਹੁ ਨਾਲ ਸੁਣਦੇ ਤਾਂ ਉਹ ਕਈ ਪੁਰਾਣੇ ਪ੍ਰਸੰਗ ਛੋਹ ਲੈਂਦੀ, “ਹੁਣ ਦੀਆਂ ਨੂੰ ਦੋ ਪੈਰ ਤੁਰਨੇ ਭਾਰੇ ਆ, ਮੈਂ ਤੁਰ ਕੇ ਲਾਹੌਰ ਨੂੰ ਚਲੀ ਜਾਂਦੀ ਸੀ।”

ਅੰਗਰੇਜ਼ਾਂ ਦੇ ਰਾਜ ਦੀ ਗੱਲ ਤੁਰਦੀ ਤਾਂ ਉਹ ਮਹਾਰਾਣੀ ਅਲੈਜ਼ਬੈੱਥ ਬਾਰੇ ਝੱਟ ਟਿੱਪਣੀ ਕਰਦੀ, “ਰੰਡੀ ਅਜੇ ਕੱਲ੍ਹ ਤਾਂ ਮਲਕਾ ਟਿੱਕੀ ਆ।” ‘ਜਾਰਜ ਪੰਚਮ’ ਅਤੇ ‘ਐਡਵਰਡ’ ਦੇ ਨਾਂ ਦੇ ਸਿੱਕਿਆਂ ਬਾਰੇ ਸ਼ਬਦ ਮੈਂ ਉਹਦੇ ਕੋਲੋਂ ਹੀ ਪਹਿਲੀ ਵਾਰ ਸੁਣੇ ਸਨ।

ਦਾਦੀ ਦੀ ਸਿਹਤ ਦਿਨ ਪੁਰ ਦਿਨ ਢਹਿੰਦੀਆਂ ਕਲਾਂ ਦੀਆਂ ਸਿਖਰਾਂ ਵੱਲ ਨੂੰ ਵਧਦੀ ਜਾਣ ਲੱਗ ਪਈ ਪਰ ਉਹਦੇ ਖਾਣ-ਪੀਣ ਵਿੱਚ ਬਹੁਤਾ ਫਰਕ ਨਾ ਪਿਆ। ਲੱਸੀ, ਗੰਨੇ ਦੀ ਰਸ, ਮੈਲ, ਸਾਗ, ਮੱਖਣ, ਮੱਕੀ ਦੀ ਰੋਟੀ ਪਹਿਲਾਂ ਵਾਂਗ ਹੀ ਖਾਂਦੀ-ਪੀਂਦੀ। ਕਦੀ ਉਹ ਕੌਲ ਵਿੱਚ ਤੇ ਕਦੀ ਮੱਕੀ ਦੀ ਰੋਟੀ ਉੱਤੇ ਸੱਬਰਕੱਤਾ ਸਾਗ ਰੱਖ ਕੇ ਉਹਦੇ ਗੱਭੇ ਇੱਕ ਟੋਆ ਜਿਹਾ ਬਣਾ ਕੇ ਮੱਖਣ ਰੱਖ ਲੈਂਦੀ। ਜੇ ਮੱਖਣ ਨਾ ਹੁੰਦਾ ਤਾਂ ਦਹੀਂ ਪਾ ਲੈਂਦੀ। ਰੋਟੀ ਖਾਣ ਤੋਂ ਪਹਿਲਾਂ ਰੋਟੀ ਦਾ ਨਿੱਕਾ-ਨਿੱਕਾ ਚੂਰਾ ਕਰਦੀ ਤੇ ਚਿੜੀਆਂ ਨੂੰ ਚੋਗੇ ਵਜੋਂ ਪਾਉਂਦੀ। ਵੀਹ-ਤੀਹ ਚਿੜੀਆਂ ਉਹਦੇ ਕੋਲ ਮੰਜੇ ਉੱਤੇ ਆ ਬਹਿੰਦੀਆਂ। ਇਹ ਦ੍ਰਿਸ਼ ਦਿਲ ਨੂੰ ਧੂਹ ਪਾਉਣ ਵਾਲਾ ਹੁੰਦਾ। ਕੁੱਤਿਆਂ ਨੂੰ ਦਰਵੇਸ਼ ਸਮਝ ਕੇ ਰੋਟੀ ਦੀਆਂ ਬੁਰਕੀਆਂ ਪਾਉਂਦੀ। ਆਖ਼ਰੀ ਉਮਰੇ ਇੱਕ ਦੋ ਕੁੱਤੇ ਉਹਦੇ ਪੱਕੇ ਸੰਗੀ-ਸਾਥੀ ਬਣ ਗਏ।

... ਤੇ ਫਿਰ ਉਹਦਾ ਗੜ੍ਹਕਾ ਪਹਿਲਾਂ ਵਾਲਾ ਨਾ ਰਿਹਾ। ਨਿਆਣੇ ਉਹਦੇ ਕੋਲੋਂ ਦੀ ਕੂਕਾਂ ਮਾਰਦੇ ਹੋਏ ਸ਼ੂਟਾਂ ਵੱਟ ਜਾਂਦੇ। ਜੇ ਕੋਈ ਨਿਆਣਾ-ਸਿਆਣਾ ਟਾਂਚ ਕਰਦਾ ਤਾਂ ਕਹਿੰਦੀ, “ਰੱਬ ਕਰ ਕੇ ਧੁਆਡੇ ’ਤੇ ਵੀ ਇਹ ਦਿਨ ਆਉਣ।”

ਦਾਦੀ ਦੀ ਬਦਲੀ ਸੁਰ ਉੱਤੇ ਹੈਰਾਨੀ ਹੁੰਦੀ ਕਿ ਹੁਣ ਉਹਦੀਆਂ ਪਹਿਲਾਂ ਵਾਂਗ ਨਹੀਂ ਚੱਲਦੀਆਂ। ਮੈਂਨੂੰ ਉਹਦੀਆਂ ਮਾਸ ਖਾਣ ਨਾਲ ਸੰਬੰਧਤ ਕੁਝ ਹੋਰ ਗਾਲ੍ਹਾਂ ਜੋ ਅਕਸਰ ਮੈਂਨੂੰ ਤੇ ਹੋਰ ਸ਼ਰਾਰਤੀ ਨਿਆਣਿਆਂ ਨੂੰ ਕੱਢਦੀ, ਦਾ ਚੇਤਾ ਆਉਂਦਾ ਜੋ ਇਸ ਕਿਸਮ ਦੀਆਂ ਸਨ, “ਤੇਰਾ ਕੀਮਾ ਬਣਾ ਕੇ ਖਾਮਾਂ', “ਤੇਰਾ ਕਾਲਜਾ ਕੱਢ ਕੇ ਖਾਮਾਂ', “ਤੇਰਾ ਗੋਸ਼ਤ ਬਣਾ ਕੇ ਖਾਮਾਂ', “ਤੇਰਾ ਭੁੜਥਾ ਬਣਾ ਕੇ ਖਾਮਾਂ', “ਤੇਰੀ ਮਿੱਝ ਕੱਢ ਕੇ ਖਾਮਾਂ', “ਤੇਰੇ ਸੀਰਮੇ ਪੀਮਾਂ', “ਤੇਰੇ ਰੁੱਕੜੇ ਕੱਢ ਕੇ ਖਾਮਾਂ।”

ਦਾਦੀ ਦੇ ਮੰਜੀ ਮੱਲ ਲੈਣ ’ਤੇ ਮੇਰੀ ਮਾਂ ਨੂੰ ਭਾਵੁਕ ਜਿਹਾ ਮੋਹ ਜਾਗਦਾ। ਉਹ ਸਾਨੂੰ ਦੱਸਦੀ, “ਸਾਡੀ ਮਾਂ ਵਰਗੀਆਂ ਘਰ-ਘਰ ਥੋੜ੍ਹੋ ਜੰਮਣੀਆਂ। ਪੰਤਾਲੀ-ਪੰਜਾਹ ਸਾਲ ਰੰਡੇਪਾ ਕੱਟਿਆ, ਨਿਆਣੇ ਪਾਲੇ, ਵਿਆਹੇ ਪਰ ਮਜ਼ਾਲ ਆ ਕਿਸੇ ਦੀ ਈਨ ਮੰਨੀ ਹੋਵੇ।”

ਘਰ ਵਿੱਚ ਗੱਲਾਂ ਹੋਣ ਲੱਗ ਪਈਆਂ, “ਪਤਾ ਨਹੀਂ ਮਾਂ ਨੇ ਸਿਆਲ ਕੱਢਣਾ ਕਿ ਨਹੀਂ, ਮਾਂ ਸੌ ਸਾਲ ਦੇ ਕਰੀਬ ਆ, ਨਹੀਂ ਤਾਂ ਦੋ-ਚਾਰ ਸਾਲ ਘੱਟ ਹੋਊ।”

ਸਿਆਲ ਵਿੱਚ ਦਾਦੀ ਦੀ ਮੰਜੀ ਪਿਛਲੀ ਕੋਠੜੀ ਵਿੱਚ ਹੁੰਦੀ ਅਤੇ ਉੱਥੇ ਹੀ ਪਸ਼ੂ ਬੰਨ੍ਹੀਦੇ ਸੀ। ਦਿਨ ਵੇਲੇ ਉਹਦੀ ਮੰਜੀ ਵਿਹੜੇ ਵਿੱਚ ਧੁੱਪੇ ਡਾਹ ਦਿੱਤੀ ਜਾਂਦੀ।

ਪਿੰਡ ਦੇ ਕਈ ਸਿਆਣੇ ਤੀਵੀਆਂ-ਬੰਦੇ ਉਹਦੀ ਮੰਜੀ ਕੋਲ ਆ ਕੇ ਸਲਾਹ ਦਿੰਦੇ, “ਹਰੋ, ਰੱਬ-ਰੱਬ ਕਰਿਆ ਕਰ।”

ਸਿਆਲ ਲੰਘ ਗਿਆ, ਗਰਮੀਆਂ ਆ ਗਈਆਂ। ਕਣਕਾਂ ਦੀਆਂ ਵਾਢੀਆਂ ਪੈ ਗਈਆਂ। ਭਾਈਆ ਤੇ ਮੇਰੇ ਤਾਇਆਂ ਦੇ ਪੁੱਤ ਗੱਲਾਂ ਕਰਦੇ, “ਕਿਤੇ ਵਾਢੀਆਂ ਵਿੱਚ ਈ ਮਾਂ ...।”

ਉਹ ਮੰਜੀ ਉੱਤੇ ਪਈ ਰਹਿੰਦੀ। ਉਹਦਾ ਕੱਪੜਾ-ਲੀੜਾ ਧੋ ਕੇ ਮੇਰੀ ਮਾਂ ਉਹਦੇ ਗੱਲ ਤੇ ਤੇੜ ਪਾਉਂਦੀ। ਉਹ ਨਿਆਣਿਆਂ ਵਾਂਗ ਸੁਆਰਦੀ, ਵਾਲ ਵਾਹੁੰਦੀ। ਲੋਕ ਮੇਰੀ ਮਾਂ ਦਾ ਜੱਸ ਕਰਦੇ ਹੋਏ ਕਹਿੰਦੇ, “ਬਈ ਸੀਬੋ ਨਹੀਂ ਰੀਸਾਂ ਤੇਰੀਆਂ, ਬਥੇਰੀ ਟਹਿਲ-ਸੇਵਾ ਕਰਦੀ ਆਂ, ਰੱਬ ਤੇਰੇ ਵੀ ਦਿਨ ਫੇਰੂਗਾ।”

ਦਾਦੀ ਦਾ ਮੇਰੀ ਮਾਂ ਪ੍ਰਤਿ ਰਵੱਈਆ ਨਰਮ ਹੋ ਗਿਆ। ਉਹਦੀ ਜ਼ਬਾਨ ’ਤੇ ਅਸੀਸਾਂ ਆਉਣ ਲੱਗ ਪਈਆਂ, “ਰੱਬ ਤਈਨੂੰ, ਤੇਰੇ ਪੁੱਤਾਂ ਨੂੰ ਬਹੁਤਾ ਦੇਵੇ। ਤੇਰੀ ਔਲਾਦ ਚੰਗੀ ਆ, ਮੈਂ ਨਾ ਦੇਖੂੰ ਪਰ ਤੇਰਾ ਰਾਜਭਾਗ ਜੱਗ ਦੇਖੂ!”

ਇਨ੍ਹਾਂ ਦਿਨਾਂ ਵਿੱਚ ਦਾਦੀ ਮੱਤਾਂ ਦੇਣ ਵਰਗੀਆਂ ਗੱਲਾਂ ਕਰਨ ਲੱਗ ਪਈ। ਇੰਨੇ ਨੂੰ ਪਿੰਡ ਦਾ ਕੋਈ ਆਦਮੀ ਜਾਂ ਤੀਵੀਂ ਆ ਕੇ ਕਹਿੰਦਾ, “ਹਰੋ, ਰੱਬ-ਰੱਬ ਕਰਿਆ ਕਰ। ਸੁਰਤੀ ਰੱਬ ਦੇ ਪਾਸੇ ਲਾ, ਜ਼ਰਾ ਛੇਤੀ ਛੁਟਕਾਰਾ ਹੋ ਜਾਊ।”

ਬਥੇਰੀ ਅੱਗ ਲਾਉਂਨੀ ਆਂ ਬੱਚਾ ਪਿੱਟੇ ਨੂੰ, ਨਹੀਂ ਆਉਂਦੀ ਤਾਂ ਮੈਂ ਕੀ ਕਰਾਂ।” ਉਹ ਆਪਣੇ ਪੋਪਲੇ ਮੂੰਹੋਂ ਇਹੋ ਇੱਕੋ-ਇੱਕ ਜਵਾਬ ਦਿੰਦੀ। ਉਹਦੇ ਆਖ਼ਰੀ ਦਿਨੀਂ ਜਦੋਂ ਚਮਚੇ ਨਾਲ ਕੁਝ ਖੁਆਉਂਦੇ ਤਾਂ ਉਹਦੇ ਮੂੰਹ ਵਿੱਚ ਨਵੇਂ ਉੱਗਦੇ ਦੰਦ ਰੜਕਦੇ।

ਮਾਂ, ਦੱਸ ਕਿਹੜੀ ਚੀਜ਼ ਖਾਣ ਨੂੰ ਤੇਰਾ ਚਿੱਤ ਕਰਦਾ?” ਇੱਕ ਦਿਨ ਅਸੀਂ ਪੁੱਛਿਆ।

ਉਸ ਨੇ ਸਾਫ਼ ਸ਼ਬਦਾਂ ਵਿੱਚ ਦੋ-ਟੁੱਕ ਆਖਿਆ, “ਗੋਸ਼ਤ ਦਾ ਸ਼ੋਰਾ।”

ਭਾਈਆ ਤ੍ਰਕਾਲਾਂ ਨੂੰ ਬੱਕਰੇ ਦਾ ਮਾਸ ਖ਼ਰੀਦ ਲਿਆਇਆ। ਰਾਤ ਨੂੰ ਇੱਕ ਕੌਲੀ ਮਾਸ-ਤਰੀ ਦੀ ਭਰ ਕੇ ਦਾਦੀ ਨੂੰ ਦਿੱਤੀ। ਉਹਨੇ ਆਪਣੇ ਹੱਥੀਂ ਕਣਕ ਦੀ ਰੋਟੀ ਤਰੀ ਨਾਲ ਖਾਧੀ।

ਅਗਲੇ ਦਿਨ ਦਾਦੀ ਤੁੜ੍ਹਕ ਪਈ। ਉਹਨੇ ਮੇਰੀ ਮਾਂ ਨਾਲ ਕਈ ਗੱਲਾਂ ਕੀਤੀਆਂ। ਪਰ ਇਹ (2 ਮਈ 1976) ਉਹਦੇ ਸਵਾਸਾਂ ਦਾ ਆਖ਼ਰੀ ਦਿਨ ਹੋ ਨਿੱਬੜਿਆ। ਅੱਧਾ ਪਿੰਡ ਇਕੱਠਾ ਹੋ ਗਿਆ। ਉਹਦੀ ਮ੍ਰਿਤਕ ਦੇਹ ਕੋਲ ਉਹਦੀਆਂ ਸਿਫ਼ਤਾਂ ਹੋਣ ਲੱਗੀਆਂ।

ਕੰਙਣ ਮਾਂਗੂ ਖੜਕਦੀ ਸੀ ਹਰੋ। ਰੰਡੇਪਾ ਕੱਟਿਆ ਇੱਜ਼ਤ ਨਾਲ। ਵਾਖਰੂ ਝੂਠ ਨਾ ਬੁਲਾਵੇ, ਅੰਗਰੇਜਣਾਂ ਨੂੰ ਮਾਤ ਪਾਉਂਦਾ ਸੀ ਉਹਦਾ ਰੰਗ-ਰੂਪ। ਧਰਮ ਨਾ ਬੜੀ ਜਬ੍ਹੇ ਵਾਲੀ ਸੀ ਬੁੜ੍ਹੀ।” ਮੈਂਨੂੰ ਲੱਗਿਆ ਤਾਈ ਤਾਰੋ ਜਿਵੇਂ ਉਹਨੂੰ ਸ਼ਰਧਾਂਜਲੀ ਭੇਂਟ ਕਰ ਰਹੀ ਹੋਵੇ।

ਮੇਰੀ ਮਾਂ ਰੋ ਰਹੀ ਸੀ। ਅਸੀਂ ਮਸੋਸੇ ਗਏ ਸਾਂ।

ਨੜੋਏ ਪਿੱਛੇ ਲੋਕਾਂ ਦਾ ਇੱਕ ਦਰਿਆ ਸੀ ਜੋ ਸਿਵਿਆਂ ਨੂੰ ਜਾਂਦੇ ਸਾਰੇ ਰਾਹ ਵਿੱਚ ਦੂਰ-ਦੂਰ ਤਕ ਫੈਲਿਆ ਦਿਖਾਈ ਦੇ ਰਿਹਾ ਸੀ। ਅਰਥੀ ਉੱਤੇ ਬੰਨ੍ਹੇ ਗ਼ੁਬਾਰੇ ਹਵਾ ਵਿੱਚ ਉੱਪਰ ਨੂੰ ਉਡ ਰਹੇ ਸਨ ਜਿਵੇਂ ਉਹਦੇ ਸਵੈ-ਸਨਮਾਨ ਦੀ ਹਾਮੀ ਭਰ ਰਹੇ ਹੋਣ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2544)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਬਲਬੀਰ ਮਾਧੋਪੁਰੀ

ਬਲਬੀਰ ਮਾਧੋਪੁਰੀ

Delhi, India.
Phone: (011 - 91 - 93505 - 48100)

Email: (bmadhopuri@yahoo.in)

More articles from this author