BalbirMadhopuri7ਮੇਰੀਆਂ ਸਾਹਿਤਕ ਤੇ ਸਿਆਸੀ ਸਰਗਰਮੀਆਂ ਦਾ ਦਾਇਰਾ ਉਦੋਂ ਹੋਰ ਮੋਕਲਾ ਹੋ ਗਿਆ ਜਦੋਂ ...
(17 ਮਾਰਚ 2021)
(ਸ਼ਬਦ 4930)


ਮੈਂ ਆਪਣਾ ਮੰਜਾ ਅਤੇ ਕਿਤਾਬਾਂ ਚੁੱਕੀਆਂ ਤੇ ਕਿਸੇ ਪਨਾਹਗੀਰ ਵਾਂਗ ਆਰਜ਼ੀ ਤੌਰ ’ਤੇ ਸਭ ਤੋਂ ਵੱਡੇ ਤਾਏ ਦੇ ਘਰ ਵਿਚਲੀ ਬੈਠਕ ਦੀ ਬਿਨਾਂ ਤਾਕੀਆਂ ਵਾਲੀ ਖਿੜਕੀ ਮੋਹਰੇ ਡੇਰਾ ਲਾ ਲਿਆ
ਇੱਟਾਂ ਚਿਣ-ਚਿਣ ਕੇ ਉਨ੍ਹਾਂ ਉੱਤੇ ਕਿਤਾਬਾਂ ਦੀ ਟੇਕਣ ਲਾ ਲਈ ਤੇ ਟੇਬਲ ਲੈਂਪ ਟਿਕਾ ਲਿਆਖਿੜਕੀ ਦੇ ਸਿਖਰ ਦੇ ਲੰਮੇ-ਦਾਅ ਸਰੀਏ ਉੱਤੋਂ ਇੱਕ ਚਾਦਰ ਪਰਦੇ ਵਜੋਂ ਲਮਕਾ ਲਈ‘ਆਪਣੇਕਮਰੇ ਦੀਆਂ ਦੀਵਾਰਾਂ ਤੋਂ ਉੱਖੜੇ ਸੀਮਿੰਟ ਵਾਲੀਆਂ ਕੁਝ ਥਾਵਾਂ ਦੀਆਂ ਕਈ ਤਸਵੀਰਾਂ ਬਣਦੀਆਂ ਨਜ਼ਰ ਆਉਂਦੀਆਂਕਈ ਉਦਾਸ ਤੇ ਕਈ ਖ਼ੁਸ਼ੀ ਦੀ ਰੌਂ ਵਿੱਚ ਨੱਚਦੀਆਂ-ਟੱਪਦੀਆਂ ਤੀਵੀਆਂ ਤੇ ਆਦਮੀਆਂ ਦੀਆਂਕਿਸੇ ਵਿੱਚੋਂ ਸ਼ਹੀਦ ਭਗਤ ਸਿੰਘ ਦਾ ਹੈਟ ਵਾਲਾ ਸਿਰ, ਨਿੱਕੀਆਂ-ਤਿੱਖੀਆਂ ਮੁੱਛਾਂ ਵਾਲਾ ਚਿਹਰਾ, ਕਿਸੇ ਵਿੱਚੋਂ ਲੈਨਿਨ-ਮਾਰਕਸ ਦੇ ਨੈਣ-ਨਕਸ਼ ਉੱਭਰਦੇ ਦਿਖਾਈ ਦਿੰਦੇਮਨ ਹੀ ਮਨ ਮੈਂਨੂੰ ਮਹਿਸੂਸ ਹੁੰਦਾ ਕਿ ਇਹ ਛੋਟਾ ਜਿਹਾ ਕਮਰਾ ਮੇਰੇ ਇੱਥੇ ਆਉਣ ਨਾਲ ਫੱਬ ਗਿਆ ਹੈ ਜਾਂ ਇਹਦੇ ਨਾਲ ਮੈਂ ਸਜ ਗਿਆ ਹਾਂ

ਪੰਜਾਂ-ਸੱਤਾਂ ਦਿਨਾਂ ਮਗਰੋਂ ਹੀ ਪੁੰਨਿਆਂ ਦਾ ਚੰਦ ਜਿਵੇਂ ਮੱਸਿਆ ਤੋਂ ਬਾਅਦ ਵਾਲੇ ਕਮਾਨ ਦੇ ਨਿਸ਼ਾਨ ਵਿੱਚ ਬਦਲ ਗਿਆ ਹੋਵੇਖ਼ਿਆਲਾਂ ਦੇ ਖਲਾਅ ਵਿੱਚ ਉਡਦਾ ਗੁਬਾਰਾ ਫ਼ੂਕ ਨਿਕਲਣ ਕਾਰਨ ਜਿਵੇਂ ਧਰਤੀ ਉੱਤੇ ਇਕਦਮ ਆ ਡਿੱਗਿਆ ਹੋਵੇ

ਦਰਅਸਲ, ਇੱਕ ਰਾਤ ਅਚਾਨਕ ਮੀਂਹ-ਹਨੇਰੀ ਆ ਗਏਖਿੜਕੀ ਦੀ ਪਰਦਾ-ਚਾਦਰ ਤੇਜ਼ ਹਵਾ ਦੇ ਝਟਕੇ ਨਾਲ ਅੰਦਰ ਵਲ ਨੂੰ ਉਡੀਟੇਬਲ-ਲੈਂਪ ਮੰਜੇ ਦੇ ਪਾਵੇ ਨਾਲ ਟਕਰਾਅ ਗਿਆਮੈਂ ਉੱਬੜਵਾਹੇ ਉੱਠ ਕੇ ਕਿਤਾਬਾਂ ਨੂੰ ਮੀਂਹ ਦੇ ਭਿੱਜਣ ਤੋਂ ਬਚਾਉਣ ਲੱਗਾਸੱਜੇ ਪੈਰ ਦੀ ਤਲ਼ੀ ਵਿੱਚ ਚਿਮਨੀ ਦੇ ਸ਼ੀਸ਼ੇ ਦੇ ਟੁਕੜੇ ਖੁੱਭ ਗਏਕਾਨਿਆਂ ਦੀ ਛੱਤ ਅਗਲੇ ਦਿਨ ਵੀ ਟਪਕ ਰਹੀ ਸੀ ਜਿਵੇਂ ਰਾਤ ਨੂੰ ਮੇਰੇ ਪੈਰ ਵਿੱਚੋਂ ਲਹੂਇਸ ਦੌਰਾਨ ਮੇਰੇ ਖ਼ਿਆਲਾਂ ਦੇ ਘੋੜੇ ਦੌੜੇ ਤੇ ਮੈਂ ਭਾਈਏ ਨੂੰ ਆਖਿਆ, “ਜੇ ਹਰੀ ਰਾਮ ਦੀ ਬੈਠਕ ਪੜ੍ਹਨ ਲਈ ਮਿਲ ਜਾਏ ਤਾਂ ...!”

ਭਾਈਏ ਦੇ ਅੱਧੇ ਬੋਲ ’ਤੇ ਹੀ ਹਰੀ ਰਾਮ ਨੇ ਬੈਠਕ ਮੇਰੇ ਹਵਾਲੇ ਕਰ ਦਿੱਤੀਦੂਜੇ ਦਿਨ ਵੱਡੇ ਭਰਾ ਨੇ ਖਿੜਕੀਆਂ ਲਈ ਪਰਾਲ਼ੀ ਦੀਆਂ ਟਿੱਟੀਆਂ ਬਣਾ ਕੇ ਉਨ੍ਹਾਂ ਵਿੱਚ ਜੜ ਦਿੱਤੀਆਂ ਮੈਂਨੂੰ ਲੱਗਿਆ ਜਿਵੇਂ ਪੱਤਝੜ ਵਿੱਚ ਰੁੱਖਾਂ ਦੇ ਪੁੰਗਾਰੇ ਕਾਹਲੀ ਨਾਲ ਫੁੱਟ ਪਏ ਹੋਣ ਤੇ ਉਨ੍ਹਾਂ ਦੀ ਛਾਂ ਸਾਡੇ ਸਾਰੇ ਵਿਹੜੇ ਵਿੱਚ ਫੈਲ ਗਈ ਹੋਵੇ

ਇਸ ਕਮਰੇ ਨਾਲ ਮੇਰਾ ਇੰਨਾ ਭਾਵੁਕ ਮੋਹ ਤੇ ਲਗਾਅ ਹੋ ਗਿਆ ਕਿ ਗਰਮੀਆਂ ਵਿੱਚ ਚਾਹੇ ਕਣਕ ਵੱਢ ਕੇ ਮੁੜਾਂ, ਚਾਹੇ ਮੱਕੀ ਜਾਂ ਕਮਾਦ ਗੁੱਡਣ ਦੀ ਦਿਹਾੜੀ ਕਰ ਕੇ, ਇਸ ਅੰਦਰ ਗੇੜਾ ਜ਼ਰੂਰ ਮਾਰਦਾਥੋੜ੍ਹਾ ਕੁ ਚਿਰ ਕੋਈ ਕਿਤਾਬ ਨਿੱਤ-ਨੇਮ ਨਾਲ ਪੜ੍ਹਦਾ ਮੈਂਨੂੰ ਥਕੇਵਾਂ ਲੱਥਦਾ ਮਹਿਸੂਸ ਹੁੰਦਾਹੌਲੀ-ਹੌਲੀ ਘਰ ਨਾਲ ਮੇਰਾ ਵਾਸਤਾ ਕੰਮਾਂ ਜਾਂ ਰੋਟੀ ਖਾਣ ਤਕ ਹੋ ਕੇ ਰਹਿ ਗਿਆ ਵਿੱਚ-ਵਿਚਾਲੇ ਤੇ ਵੇਲੇ-ਕੁਵੇਲੇ ਭਾਈਆ ਛਾਪਾ ਮਾਰਦਾਪੁੱਛਦਾ, “ਪੜ੍ਹਦਾ ਬੀ ਹੁੰਨਾ ਕਿ ਸੁੱਤਾ ਈ ਰਹਿਨਾ? ਇੱਕ ਗੱਲ ਗਹੁ ਨਾਲ ਸੁਣ ਲਾ-ਨਿਰਾ ਸ਼ੇਅਰੋ-ਸ਼ੇਅਰੀ ਨੇ ਢਿੱਡ ਨਹੀਂ ਭਰਨਾਪਈਲਾਂ ਚੌਦਾਂ ਪਾਸ ਕਰ ਲਾ, ਫੇ ਜੋ ਮਰਜਿ ਇਹ ਕੁੱਤਖ਼ਾਨਾ ਲਿਖਦਾ ਰਹੀਂ।”

ਭਾਈਏ ਵਲੋਂ ਚਿਤਾਰੀ ਇਹ ਗੱਲ ਸੁਣਦਿਆਂ ਮੈਂਨੂੰ ਉਹ ਦਿਨ ਚੇਤੇ ਆਇਆ ਜਦੋਂ ਜੁੱਤੀ ਖਰੀਦਣ ਲਈ ਉਹਤੋਂ ਪੈਸੇ ਲੈ ਕੇ ਗਿਆ ਸੀ ਤੇ ਕਾਲਜ ਵਿੱਚ ਪੰਜਾਬ ਬੁੱਕ ਸੈਂਟਰ ਵਲੋਂ ਲਗਾਈ ਪੁਸਤਕ-ਪ੍ਰਦਰਸ਼ਨੀ ਵਿੱਚੋਂ ਮਾਰਕਸਵਾਦੀ-ਲੈਨਿਨਵਾਦੀ ਅਤੇ ਰੂਸੀ ਸਾਹਿਤ ਦੀਆਂ ਕਿਤਾਬਾਂ ਖਰੀਦ ਲਿਆਇਆ ਸੀਅਜਿਹਾ ਸਾਹਿਤ ਪੜ੍ਹਨ ਦਾ ਮੈਂਨੂੰ ਇੰਨਾ ਭੁਸ ਪੈ ਗਿਆ ਕਿ ਕੋਈ ਬਹਾਨਾ ਮਾਰ ਕੇ ਘਰੋਂ ਜਾਂ ਦਿਹਾੜੀ ਕਰ ਕੇ ਕਿਤਾਬਾਂ ਖ਼ਰੀਦ ਲੈਂਦਾ

ਮੈਕਸਿਮ ਗੋਰਕੀ ਦਾ ਨਾਵਲ ‘ਮਾਂਅਤੇ ਤਿੰਨ ਹਿੱਸਿਆਂ ਵਿੱਚ ਉਹਦੀ ਜੀਵਨੀ ਨੇ ਤਾਂ ਮੈਂਨੂੰ ਝੰਜੋੜ ਸੁੱਟਿਆਮੈਂ ਇਨ੍ਹਾਂ ਵਿੱਚੋਂ ਚੋਣਵੀਆਂ ਗੱਲਾਂ ਆਪਣੇ ਮਾਂ-ਪਿਓ, ਤਾਈਆਂ, ਉਨ੍ਹਾਂ ਦੇ ਪੁੱਤਾਂ ਤੇ ਦੋਸਤਾਂ ਨੂੰ ਚਾਅ ਨਾਲ ਪੜ੍ਹ ਕੇ ਸੁਣਾਉਂਦਾਕਈ ਵਾਰ ਗੱਚ ਭਰ ਆਉਂਦਾ ਤੇ ਕਦੇ ਹਾਲਾਤ ਨਾਲ ਜੂਝਦੇ ਮਨੁੱਖ ਦੀ ਕਾਮਯਾਬੀ ਦਾ ਸੋਚ ਮਨ ਖ਼ੁਸ਼ ਹੋ ਜਾਂਦਾ

ਕਾਲਜ ਦੇ ਮੇਰੇ ਇਨ੍ਹਾਂ ਦਿਨਾਂ ਵਿੱਚ ਸੋਵੀਅਤ ਸੰਘ ਵਲੋਂ ਸੰਸਾਰ ਅਮਨ ਦੀ ਲਹਿਰ, ਖ਼ਾਸ ਕਰ ਕੇ ਤੀਜੀ ਦੁਨੀਆਂ ਦੇ ਦੇਸ਼ਾਂ ਵਿੱਚ ਬੜੇ ਉੱਦਮ ਤੇ ਉਤਸ਼ਾਹ ਨਾਲ ਖੜ੍ਹੀ ਕਰਨ ਦੇ ਉਪਰਾਲਿਆਂ, ਖੱਬੀ ਧਿਰ ਦੀਆਂ ਲੋਕ-ਪੱਖੀ ਸਰਗਰਮੀਆਂ, ਧਰਨੇ, ਮੁਜ਼ਾਹਰੇ, ਜਲਸੇ-ਜਲੂਸਾਂ ਆਦਿ ਨੂੰ ਦੇਖਦਿਆਂ ਮੇਰਾ ਝੁਕਾਅ ਕਮਿਊਨਿਸਟ ਪਾਰਟੀ ਵਲ ਹੋਇਆਕਾਮਰੇਡਾਂ ਤੋਂ ਦੇਸ਼-ਬਦੇਸ਼ ਦੀਆਂ ਵੱਖ-ਵੱਖ ਸਮੱਸਿਆਵਾਂ ਬਾਰੇ ਵਿਸਥਾਰ ਸਹਿਤ ਭਾਸ਼ਨ-ਨੁਮਾ ਘੰਟਿਆਂ-ਬੱਧੀ ਗੱਲਾਂ ਸੁਣਦਾਮੇਰੀ ਦਿਲਚਸਪੀ ਵਧੇਰੇ ਜਾਣਕਾਰੀ ਹਾਸਿਲ ਕਰਨ ਲਈ ਗੂੜ੍ਹੀ ਸ਼ਿੱਦਤ ਵਿੱਚ ਬਦਲਣ ਲੱਗੀਸਮਾਜਵਾਦੀ ਸਾਹਿਤ ਨੂੰ ਸਮਝਣ ਦੀ ਕੋਸ਼ਿਸ਼ ਕਰਦਾ... ਤੇ ਆਖ਼ਰ ਆਪਣੀ ਉਮਰ ਦੇ ਉੰਨ੍ਹੀਵੇਂ-ਵੀਹਵੇਂ ਵਰ੍ਹੇ (1974-75) ਵਿੱਚ ਭਾਰਤੀ ਕਮਿਊਨਿਸਟ ਪਾਰਟੀ ਦਾ ਕਾਰਕੁਨ ਬਣ ਗਿਆ

ਪਿੰਡ ਦੀ ਪਾਰਟੀ ਬਰਾਂਚ ਤੇ ਬਲਾਕ ਪੱਧਰ ਦੀ ਬਰਾਂਚ ਦੀਆਂ ਬਾਕਾਇਦਾ ਬੈਠਕਾਂ ਹੁੰਦੀਆਂਕਿਸਾਨਾਂ-ਮਜ਼ਦੂਰਾਂ ਦੀਆਂ ਸਮੱਸਿਆਵਾਂ ਉੱਤੇ ਆਮ ਹੀ ਭਰਵੀਂ ਤੇ ਅਮੁੱਕ ਚਰਚਾ ਹੁੰਦੀਮੈਂ ਇਨ੍ਹਾਂ ਵਿੱਚ ਹਿੱਸਾ ਲੈਂਦਾਗੱਲ ਸਾਂਝੇ ਮਸਲਿਆਂ ਭਾਵ ਬੇਤਹਾਸ਼ਾ ਆਬਾਦੀ ਵਾਧੇ, ਮਹਿੰਗਾਈ, ਬੇਰੁਜ਼ਗਾਰੀ ਤੋਂ ਅਚਾਨਕ ‘ਤੁਹਾਡੇ ਬੰਦੇ', ‘ਤੁਹਾਡੀ ਬਿਰਾਦਰੀ’, ‘ਤੁਹਾਡੇ ਵਿਹੜੇ’, ‘ਆਦਿ ਧਰਮੀਆਂਆਦਿ ਸ਼ਬਦਾਂ ਉੱਤੇ ਕੇਂਦਰਤ ਹੋ ਜਾਂਦੀਜਿਵੇਂ ਕੋਈ ਜਿਮੀਂਦਾਰ ਸਾਥੀ ਸਲਾਹ ਦਿੰਦਾ, “ਐਮੇਂ ਨਾ ਗੱਲ ਵਧਾਓ ... ਜਾਤ ਨੂੰ ਗੋਲੀ ਮਾਰੋ, ਜਮਾਤ ਦੀ ਗੱਲ ਕਰੋਨਾਲ਼ੇ ਜਦੋਂ ਆਰਥਿਕ ਹਾਲਾਤ ਬਰਾਬਰ ਹੋ ਗਏ, ਫਿਰ ਜਾਤ ਨੂੰ ਕਿਹਨੇ ਪੁੱਛਣਾ ...!”

... ਤੇ ਜ਼ਮੀਨ ਦੀ ਹੱਦਬੰਦੀ ਦੀਆਂ ਜਿਹੜੀਆਂ ਗੱਲਾਂ ਚੱਲਦੀਆਂ, ਸਾਡੇ ਉੱਪਰਲੇ ਸਾਥੀਆਂ ਨੂੰ ਇਹਦੇ ਬਾਬਤ ਸਰਕਾਰ ਉੱਤੇ ਦਬਾ ਵਧਾਉਣ ਲਈ ਜ਼ੋਰ ਦੇਣਾ ਚਾਹੀਦਾ ...।” ਇੱਕ ਸਰਵਹਾਰਾ ਸਾਥੀ ਨੇ ਵਿੱਚੋਂ ਟੋਕਦਿਆਂ ਆਖਿਆ

ਬਈ ਮੈਂ ਪਾਰਟੀ ਲਾਈਨ ਨਾਲ ਸਹਿਮਤ ਨਹੀਂ ਕਿ ਰਿਜ਼ਰਵੇਸ਼ਨ ਜਾਤ ਦੇ ਆਧਾਰ ’ਤੇ ਹੋਵੇਇਹਦਾ ਆਧਾਰ ਆਰਥਕਤਾ ਹੋਣਾ ਚਾਹੀਦਾਨਾਲ਼ੇ ਲਿਆਕਤ ਨਾਲ ਜੋੜੇ ਜਾਣ ਦੀ ਲੋੜ ਆ ...।” ਸਾਥੀ ਸ਼ਰਮਾ ਨੇ ਜਿਵੇਂ ਮਾਹੌਲ ਦਾ ਰੁਖ਼ ਬਦਲਦਿਆਂ ਕਿਹਾ

ਕਾਮਰੇਡ, ਜਿਨ੍ਹਾਂ ਸਰਵਹਾਰਾ ਲੋਕਾਂ ਦੇ ਸਹਾਰੇ ਆਪਾਂ ਇਨਕਲਾਬ ਲਿਆਉਣ ਦੇ ਦਾਈਏ ਬੰਨ੍ਹਦੇ ਆਂ. ਉਨ੍ਹਾਂ ਕੋਲ ਤਾਂ ਮਨੁੱਖੀ ਅਧਿਕਾਰ ਵੀ ਨਹੀਂਸਮਾਜਕ ਤੌਰ ’ਤੇ ਅਬਰਾਬਰੀ, ਆਰਥਿਕ ਮੰਦਹਾਲੀ ਤੋਂ ਬਗੈਰ ਉਨ੍ਹਾਂ ਪੱਲੇ ਹੈ ਕੀ? ਉਨ੍ਹਾਂ ’ਚੋਂ ਕਿੰਨੇ ਕੁ ਪੜ੍ਹੇ-ਲਿਖੇ ਆ? ਕਿੰਨਿਆਂ ਕੁ ਨੂੰ ਨੌਕਰੀਆਂ ਮਿਲ ਗਈਆਂ? ਨਾਲੇ ਸਰਕਾਰ ਨੇ ਨਿਯਮ ਬਣਾਏ ਹੋਏ ਆਕੋਈ ਉਮੀਦਵਾਰ ਸ਼ਰਤਾਂ ਪੂਰੀਆਂ ਕਰੇ ਤਾਂ ਹੀ ਨੌਕਰੀ ਮਿਲਦੀ ਆ! ਦੂਜੀ ਗੱਲ, ਭਲਕੇ ਉਹ ਕਹਿਣ ਪਈ ਜ਼ਮੀਨ ਸਾਨੂੰ ਦੇ ਦਿਓ ਤੇ ਨੌਕਰੀਆਂ ਤੁਸੀਂ ਲੈ ਲਓ, ਹੁਣ ਦੋਹਰਾ ਗੱਫ਼ਾ ਲੈਣਾ ਬੰਦ ਕਰੋ, ਤਾਂ ਤੁਸੀਂ ਕੀ ਕਰੋਗੇ? ਨਾਲ਼ੇ ਆਪਾਂ ਸਮਾਜ ਦੀ ਇਕਸਾਰ ਤਰੱਕੀ ਬਾਰੇ ਵਿਚਾਰ-ਵਟਾਂਦਰਾ ਕਰਦੇ ਰਹਿੰਦੇ ਆਂ ...!” ਮੈਂ ਦਖ਼ਲ ਦਿੱਤਾ ਤੇ ਮੁੜ ਆਖਿਆ, “ਸਮਾਜਕ ਬਰਾਬਰੀ ਖਾਤਰ ਅੰਤਰ-ਜਾਤੀ ਜਾਂ ਪਿਆਰ-ਵਿਆਹਾਂ ਨੂੰ ਹੱਲਾਸ਼ੇਰੀ ਦਿੱਤੀ ਜਾਣੀ ਚਾਹੀਦੀ ਆ।”

ਬਈ ਪਾਣੀ ਰਿੜਕਣ ਦਾ ਕੋਈ ਫ਼ਾਇਦਾ ਨਹੀਂਜੋ ਸੰਭਵ ਨਹੀਂ, ਉਹਦੇ ’ਤੇ ਵਕਤ ਬਰਬਾਦ ਨਾ ਕਰੋਜ਼ਮੀਨ ਜੱਟ ਦੀ ਜਾਨ ਆ ... ਜ਼ਮੀਨ ਦੀ ਹੱਦਬੰਦੀ ਬਾਰੇ ਸੋਚਣ ਦਾ ਕੰਮ ਸਾਡੇ ਲੀਡਰਾਂ ਦਾ, ਹਮ੍ਹਾਂ-ਤੁਮ੍ਹਾਂ ਦਾ ਨਹੀਂ।” ਇੱਕ ਹੋਰ ਜਿਮੀਂਦਾਰ ਸਾਥੀ ਬੋਲਿਆ

ਮੁੱਕਦੀ ਗੱਲ ਇਹ ਆ ਪਈ ਬਿਜਲੀ ਚੌਵੀ ਘੰਟੇ ਕਰਾਉਣ ਤੇ ਖਾਦਾਂ ਉੱਤੇ ਸਬਸਿਡੀ ਵਧਾਉਣ ਲਈ ਭਲਕੇ ਦੇ ਮੁਜ਼ਾਹਰੇ ਲਈ ਤੁਸੀਂ ਆਪਣੇ ਕਿੰਨੇ ਬੰਦੇ ਲਿਜਾਓਗੇ!” ਸਾਡਾ ਆਗੂ ਗੱਲ ਸਮੇਟਦਾ

ਇਉਂ, ਪਾਰਟੀ ਸਰਗਰਮੀਆਂ ਵਿੱਚ ਮੇਰੇ ਬੇਝਿਜਕ ਹੋ ਕੇ ਹਿੱਸਾ ਲੈਣ ਦੇ ਸਿੱਟੇ ਵਜੋਂ ਛੇ ਮਹੀਨਿਆਂ ਦੇ ਅੰਦਰ ਹੀ ਸਮਾਜਕ ਵਿਵਸਥਾ ਦੀ ਨੰਗੀ ਅਸਲੀਅਤ ਉਦੋਂ ਸਾਹਮਣੇ ਆ ਗਈ ਜਦੋਂ ਮੇਰੇ ਪਿੰਡ ਦੇ ਇੱਕ ‘ਪੁਰਾਣੇ ਤੇ ‘ਧਾਕੜਕਾਮਰੇਡ ਦੇ ‘ਅੰਦਰਲਾਜਾਗ ਪਿਆ ਤੇ ਉਹ ਪਾਰਟੀ ਛੱਡ ਗਿਆਅੰਮ੍ਰਿਤ ਛਕ ਕੇ ਗਾਤਰਾ ਕਮੀਜ਼ ਦੇ ਉੱਤੋਂ ਦੀ ਰੱਖਣ ਲੱਗ ਪਿਆ

ਪਾਰਟੀ ਫ਼ਰਮਾਨਾਂ ਮੁਤਾਬਿਕ ਮੈਂ ‘ਆਪਣੇ ਵਿਹੜੇਦੇ ਵੱਧ ਤੋਂ ਵੱਧ ਬੰਦੇ ਲਿਜਾਣ ਲਈ ਕੋਸ਼ਿਸ਼ ਕਰਦਾਪਰ ਜਦੋਂ ਸੋਵੀਅਤ ਸਾਹਿਤ ਜਿਸਦੇ ਲੇਖਕਾਂ ਵਿੱਚ ਦੋਸਤੋਵਸਕੀ, ਗਗੋਲ, ਸ਼ੋਲੋਖੋਵ, ਚੈਖੋਵ, ਅਕਸਦ ਮੁਖ਼ਤਾਰ, ਚੰਗੇਜ਼ ਆਇਤਮਾਤੋਵ ਸ਼ਾਮਿਲ ਹਨ, ਦੇ ਪਾਤਰਾਂ, ਅਸਲ ਵਿੱਚ ਬਾਲਸ਼ਵਿਕਾਂ (ਬਹੁਜਨਾਂ) ਵਲੋਂ ਸੋਵੀਅਤ ਲੋਕਾਂ ਦੀ ਇਕਸਾਰ ਤਰੱਕੀ, ਦੇਸ਼ ਦੀ ਪ੍ਰਗਤੀ ਲਈ ਦਿਨ-ਰਾਤ ਇੱਕ ਕਰਨ ਦੇ ਇਮਾਨਦਾਰ ਤੇ ਦ੍ਰਿੜ੍ਹ ਇਰਾਦੇ ਦੀ ਮੇਰੇ ਮਨ ਵਿੱਚ ਭਾਰਤ ਦੇ ਭੂਮੀਹੀਣ ਮਜ਼ਦੂਰਾਂ, ਧਰਮ ਦੀ ਆੜ ਹੇਠ ਸਮਾਜਿਕ-ਆਰਥਿਕ ਤੇ ਸਮਾਜਿਕ ਸਮਾਨਤਾ ਤੋਂ ਵੰਚਿਤ ਕੀਤੀਆਂ ਜਾਤੀਆਂ ਦੀ ਤੁਲਨਾ ਅਕਸਰ ਹੁੰਦੀ ਤਾਂ ਸੋਚਾਂ ਵਿੱਚ ਖ਼ਲਬਲੀ ਮਚਦੀਸੋਚਦਾ, ਸੋਵੀਅਤ ਸਮਾਜਾਂ ਵਿੱਚ ਕਿਰਤ ਦੀ ਵਡੱਤਣ, ਸਮੂਹ ਸਮਾਜ ਲਈ ਸਹਿਕਾਰਤਾ, ਸਿਹਤ, ਸਿੱਖਿਆ ਲਈ ਸਰਕਾਰੀ ਉਪਰਾਲੇ ਤੇ ਇੱਥੇ ਮਿਹਨਤ-ਮਜ਼ਦੂਰੀ ਤੇ ਗੰਦ-ਮੰਦ ਦੀ ਸਫ਼ਾਈ ਬਦਲੇ ਗੰਦੇ-ਮੰਦੇ ਨਫ਼ਰਤ ਭਰੇ ਬੋਲ, ਜਾਤ ਦੇ ਮਿਹਣੇ, ਧੌਲ਼-ਧੱਫ਼ਾ ਤੇ ਇਸ ਸਭ ਕਾਸੇ ਦੇ ਨਤੀਜੇ ਵਜੋਂ ਕੰਮੀਆਂ ਨੂੰ ਮਨੁੱਖ ਹੀ ਨਾ ਸਮਝਣ ਦੀ ਬੇਈਮਾਨੀ ਨੂੰ ਕਾਇਮ ਰੱਖਣ ਦੀਆਂ ਸਾਜ਼ਿਸ਼ਾਂ ਤੋਂ ਇਲਾਵਾ ਹੈ ਕੀ?

ਇਨ੍ਹਾਂ ਵਿਚਾਰਾਂ ਨੇ ਮੇਰੀਆਂ ਕਵਿਤਾਵਾਂ ਦੇ ਸਰੋਕਾਰ ਨੂੰ ਹੋਰ ਪ੍ਰਚੰਡ ਕਰ ਦਿੱਤਾਕਿਰਤੀ-ਕਾਮੇ, ਜਾਤ-ਵੰਡ, ਅਧਿਕਾਰ ਰਹਿਤ ਲੋਕ ਇਨ੍ਹਾਂ ਵਿੱਚ ਵਧੇਰੇ ਥਾਂ ਮੱਲਦੇ ਗਏਸਮਾਜਿਕ ਵਿਵਸਥਾ ਦੇ ਰੋਹ-ਵਿਦਰੋਹ ਵਜੋਂ ਮੈਂ ਆਪਣਾ ਨਾਂ ਪਹਿਲਾਂ ਹੀ ਆਪੇ ਬਦਲ ਕੇ ਬਲਬੀਰ ਮਾਧੋਪੁਰੀ ਰੱਖ ਲਿਆ ਸੀ ਫਿਰ ਵੀ, ਸਾਹਿਤ ਤੇ ਸਿਆਸਤ ਵਲ ਮੇਰਾ ਝੁਕਾਅ ਵੱਡੇ ਛੜੱਪੇ ਮਾਰ ਕੇ ਵਧਣ ਲੱਗਾਬਠਿੰਡਾ ਪਾਰਟੀ ਕਾਂਗਰਸ, ਦਿੱਲੀ, ਚੰਡੀਗੜ੍ਹ, ਪਟਿਆਲਾ, ਜਲੰਧਰ ਦੇ ਜਲਸੇ-ਜਲੂਸਾਂ ਵਿੱਚ ਸਾਥੀਆਂ ਨਾਲ ਜਾਣਾ, ਹਮਦਰਦਾਂ ਨੂੰ ਭਰਵੀਂ ਗਿਣਤੀ ਵਿੱਚ ਲਿਜਾਣਾ, ਮਨ ਨੂੰ ਸਕੂਨ ਦਿੰਦਾਲੋਕਾਂ ਦਾ ਹੜ੍ਹ, ਹੱਥਾਂ ਵਿੱਚ ਲਾਲ ਝੰਡੇ ਦੇਖ ਹੌਸਲਾ ਤੇ ਪਰੇਰਨਾ ਮਿਲਦੇਅਸੀਂ ਇਨ੍ਹਾਂ ਜਲਸੇ-ਜਲੂਸਾਂ ਵਿੱਚ ਜੋਸ਼ ਨਾਲ ਨਾਅਰੇ ਲਾਉਂਦੇ:

“ਇੰਦਰਾ ਗਾਂਧੀ ਦਾ ਦੇਖੋ ਖੇਲ੍ਹ’ - ਇੱਕ ਜਣਾ ਬੋਲਦਾ

‘ਖਾ ਗਈ ਬਿਜਲੀ, ਪੀ ਗਈ ਤੇਲ’ - ਬਾਕੀ ਅੱਗੋਂ ਬੋਲ ਚੁੱਕਦੇ

‘ਜਿੱਥੇ ਖ਼ੂਨ ਮਜ਼ਦੂਰ ਦਾ ਡੁੱਲ੍ਹੂ’ - ਇੱਕ ਸਾਥੀ ਨਾਅਰਾ ਮਾਰਦਾ

‘ਉੱਥੇ ਲਾਲ ਹਨ੍ਹੇਰੀ ਝੁੱਲੂ’ - ਸਾਰੇ ਸਾਥੀ ਜਵਾਬ ਵਿੱਚ ਬੋਲਦੇ

ਕਾਂਗਰਸ ਤੇ ਅਕਾਲੀਆਂ ਵਿਰੁੱਧ ਅਸੀਂ ਹੇਠਲੇ ਕਾਰਕੁਨ ਤਿੱਖੀ ਸੁਰ ਵਿੱਚ ਗੱਲ ਕਰਦੇਅਕਾਲੀਆਂ ਨੂੰ ‘ਫ਼ਿਰਕੂ’ ਤੇ ਕਾਂਗਰਸ ਨੂੰ ‘ਸਰਮਾਏਦਾਰਾਂਦੀ ਪਾਰਟੀ ਕਹਿ ਕੇ ਲੰਮੀਆਂ ਟਿੱਪਣੀਆਂ ਕਰਦੇਕਈ ਲੋਕ ਸਾਨੂੰ ‘ਸਿਰ ਫਿਰੇ ਨਾਸਤਿਕਕਹਿੰਦੇਤਣਾਅ ਵਧਦਾ ਤੇ ਮਨ-ਮੁਟਾਵਾ ਵੀ ਹੋ ਜਾਂਦਾਗੱਲ ਕੀ, ਅਸੀਂ ਪਾਰਟੀ ਲਾਈਨ ਉੱਤੇ ਠੋਕ ਕੇ ਪਹਿਰਾ ਦਿੰਦੇਸਰਬ ਭਾਰਤ ਨੌਜਵਾਨ ਸਭਾ ਵਲੋਂ ਬੰਤ ਬਰਾੜ ਤੇ ਤਾਰਾ ਸਿੰਘ ਸੰਧੂ ਜਲੰਧਰ, ਭੋਗਪੁਰ ਤੇ ਤਹਿਸੀਲ ਪੱਧਰ ਉੱਤੇ ਸਾਡੀ ਸਕੂਲਿੰਗ ਕਰਦੇ

ਭਾਰਤੀ ਕਮਿਊਨਿਸਟ ਪਾਰਟੀ ਵਲੋਂ ਐਮਰਜੰਸੀ, ਬੈਂਕਾਂ ਦੇ ਰਾਸ਼ਟਰੀਕਰਣ, ਰਾਜਿਆਂ-ਮਹਾਰਾਜਿਆਂ ਦੇ ਭੱਤਿਆਂ ਉੱਤੇ ਪਾਬੰਦੀ, ਜ਼ਮੀਨ ਦੀ ਹੱਦਬੰਦੀ ਬਾਰੇ ਕਾਨੂੰਨ, ਸੋਵੀਅਤ ਯੂਨੀਅਨ ਨਾਲ ਹੋਰ ਗੂੜ੍ਹੇ ਰਿਸ਼ਤੇ, ਗੁੱਟ-ਨਿਰਲੇਪ ਦੇਸ਼ਾਂ ਦੀ ਜਥੇਬੰਦੀ ਰਾਹੀਂ ਸੰਸਾਰ ਅਮਨ ਦੀ ਸਲਾਮਤੀ ਵਾਸਤੇ ਭਾਰਤ ਦੀ ਮੋਹਰੀ ਭੂਮਿਕਾ ਜਿਹੇ ਸਮਾਜਵਾਦੀ ਕਾਰਜਾਂ ਸਦਕੇ ਕਾਂਗਰਸ ਨੂੰ ਭਰਵੇਂ ਸਹਿਯੋਗ ਤੇ ਸਮਰਥਨ ਨਾਲ ਪਾਰਟੀ ਅੰਦਰ ਕੁਝ ਮੱਤਭੇਦ ਉੱਭਰੇਪਾਰਟੀ ਵਿੱਚ ‘ਜਮਹੂਰੀਅਤਕਾਰਨ ਆਲੋਚਨਾ ਹੋਈ ਤੇ ਆਪਣੇ ਅੰਦਰ ਝਾਤੀ ਮਾਰਨ ਦੀ ਗੱਲ ਤੁਰੀਪਰ ਮੈਂ ਆਪਣੀ ਧੁਨ ਵਿੱਚ ਪੂੰਜੀਵਾਦੀ ਮੁਲਕਾਂ ਦੇ ਸਰਦਾਰ ਅਮਰੀਕਾ ਖ਼ਿਲਾਫ਼ ਕਵਿਤਾਵਾਂ ਲਿਖ ਕੇ ਆਪਣੀ ਭੜਾਸ ਕੱਢਦਾਜਿਵੇਂ:

ਮੈਂ ਜ਼ਿੰਦਗੀ ਦੇ ਫ਼ਿਕਰਾਂ ਨਾਲ ਲੈਸ ਹਾਂ ਇੰਜ,
ਡੀਗੋਗਾਰਸ਼ੀਆ ਜਿਵੇਂ ਹਥਿਆਰਾਂ ਨਾਲ

**

ਮੇਰਾ ਤਨ ਮਨ ਉਸ ਕੋਲ ਹੈ ਇਸ ਤਰ੍ਹਾਂ,
ਅਮਰੀਕਾ ਕੋਲ ਜਿਵੇਂ ਗਿਰਵੀ ਪਾਕਿਸਤਾਨ

ਅਜਿਹੀਆਂ ਕਵਿਤਾਵਾਂ ‘ਨਵਾਂ ਜ਼ਮਾਨਾ’ ਤੇ ਹੋਰ ਅਖ਼ਬਾਰਾਂ ਵਿੱਚ ਛਪਦੀਆਂਰੂਸੀ ਸਾਹਿਤ ਵਿੱਚੋਂ ਪੰਜਾਬੀ ਵਿੱਚ ਕੀਤਾ ਅਨੁਵਾਦ ਵੀ ਕਦੀ-ਕਦਾਈਂ ਛਪ ਜਾਂਦਾਆਈ. ਸੇਰੇਬਰੀਆਕੋਵ ਦੀ ਪੁਸਤਕ ‘ਪੰਜਾਬੀ ਸਾਹਿਤਅਤੇ ‘ਗੁਰੂ ਨਾਨਕਲੇਖ ਸੰਗ੍ਰਹਿ (ਮਾਸਕੋ ਪ੍ਰਗਤੀ ਪ੍ਰਕਾਸ਼ਨ) ਨੇ ਮੇਰੇ ਦ੍ਰਿਸ਼ਟੀਕੋਣ ਨੂੰ ਨਿਖਾਰਨ ਵਿੱਚ ਪਾਇਦਾਰ ਮਦਦ ਕੀਤੀ

ਮੇਰੀਆਂ ਸਾਹਿਤਕ ਸਰਗਰਮੀਆਂ ਨੂੰ ਹੁਲਾਰਾ ਮਿਲਿਆ ਜਦੋਂ ਭਾਈਏ ਵਲੋਂ ਮੇਰੀ ਅਗਲੇਰੀ ਪੜ੍ਹਾਈ ਬਾਰੇ ਹੱਥ ਖੜ੍ਹੇ ਕਰਨ ਦੇ ਬਾਵਜੂਦ ਮੈਂ ਕਹਿ-ਕਹਾ ਕੇ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਪੰਜਾਬੀ ਵਿਭਾਗ ਵਿੱਚ ਐੱਮ.ਏ. ਵਿੱਚ ਦਾਖ਼ਲਾ ਲੈ ਲਿਆਇਸ ਪਿੱਛੇ ਮੇਰੀ ਦਲੀਲ ਸੀ ਕਿ ਬਖਸ਼ੀ ਪਿਛਲੇ ਤਕਰੀਬਨ ਤਿੰਨ ਸਾਲਾਂ ਤੋਂ ਦਿੱਲੀ ਪੁਲਿਸ ਵਿੱਚ ਹੈ ਤੇ ਅਸੀਂ ਸਾਰੇ ਆਪੋ-ਆਪਣੇ ਥਾਂ ਕੰਮ ਕਰਦੇ ਹਾਂਖ਼ੈਰ, ਕਾਲਜ ਦਾ ਮਾਹੌਲ ਅਤਿਅੰਤ ਸਾਜ਼ਗਾਰ, ਅਧਿਆਪਕ ਪ੍ਰਗਤੀਵਾਦੀ ਵਿਚਾਰਾਂ ਦੇ ਧਾਰਨੀ ਤੇ ਮਿਲਾਪੜੇ ਜਿਵੇਂ ਟਾਂਡਾ ਕਾਲਜ ਵਿੱਚ ਪ੍ਰੋ. ਦੀਦਾਰ ਸਿੰਘ (1954 ਵਿੱਚ ਲਿਖੀ ‘ਲੂਣਾਦੇ ਕਵੀ ਤੇ ਕਾਵਿ ਨਾਟਕਕਾਰ) ਵਿਦਿਆਰਥੀਆਂ ਅੰਦਰ ਸਾਹਿਤਕ ਤੇ ਸਭਿਆਚਾਰਕ ਚੇਟਕ ਨੂੰ ਕਾਇਮ ਰੱਖਣ ਦਾ ਉਪਰਾਲਾ ਕਰਦੇ ਸਨਮੈਂਨੂੰ, ਮਿਸਰਦੀਪ ਭਾਟੀਆ ਤੇ ਹੋਰਾਂ ਨੂੰ ਕਵਿਤਾ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਦੂਜੇ ਕਾਲਜਾਂ ਵਿੱਚ ਭੇਜਦੇ ਸਨਖ਼ਾਲਸਾ ਕਾਲਜ ਪੜ੍ਹਦਿਆਂ ਮੇਰੀ ਜ਼ਿੰਦਗੀ ਦਾ ਉਹ ਇਤਿਹਾਸਕ ਦਿਨ ਹੋ ਨਿੱਬੜਿਆ ਜਿਸ ਦਿਨ ਓਪਨ ਏਅਰ ਥੀਏਟਰ ਵਿੱਚ ਹੋਏ ਕਵੀ ਦਰਬਾਰ ਵਿੱਚ ਪਾਸ਼, ਸੰਤ ਰਾਮ ਉਦਾਸੀ ਤੇ ਹੋਰ ਜੁਝਾਰੂ ਕਵੀਆਂ ਨੇ ਕਵਿਤਾਵਾਂ ਪੜ੍ਹੀਆਂ ਤੇ ਵਿਭਾਗ ਵਲੋਂ ਮੈਂ ਇਸ ਵਿੱਚ ਸ਼ਾਮਿਲ ਹੋਇਆ ਸੀ

ਦੂਜਾ, ਜਲੰਧਰ ਸਾਹਿਤ ਤੇ ਸਿਆਸਤ ਦਾ ਗੜ੍ਹ - ਮੇਰੇ ਪੂਰੀ ਤਰ੍ਹਾਂ ਰਾਸਵਜ੍ਹਾ, ਪੰਜਾਬੀ, ਹਿੰਦੀ, ਉਰਦੂ ਵਿੱਚ ਛਪਦੇ ਅਖ਼ਬਾਰ-ਰਸਾਲੇ, ਰੇਡੀਓ ਸਟੇਸ਼ਨ ਤੇ ਦੂਰਦਰਸ਼ਨ ਕੇਂਦਰ ਦੀ ਹੋਂਦਰੂਸੀ ਲੇਖਕਾਂ ਤੇ ਸਿਆਸਤਦਾਨਾਂ ਦੇ ਵਫ਼ਦਾਂ ਦੀ ਆਮਦਕਾਮਰੇਡ ਜਗਜੀਤ ਸਿੰਘ ਆਨੰਦ ਵਲੋਂ ਉਨ੍ਹਾਂ ਦੇ ਵਿਚਾਰਾਂ ਦਾ ਪੰਜਾਬੀ ਵਿੱਚ ਤਰਜਮਾ ਤੇ ਜੋਸ਼ ਵਿੱਚ ਲੋਕਾਂ ਦੀਆਂ ਲੰਮੀਆਂ ਤਾੜੀਆਂਇਹ ਦੇਖਦਿਆਂ-ਸੁਣਦਿਆਂ ਮਨ ਇਨਕਲਾਬ ਖ਼ਾਤਰ ਸਿਰ ਤਲ਼ੀ ’ਤੇ ਧਰਨ ਨੂੰ ਕਰਦਾ

ਸਰਦੀਆਂ ਦੇ ਇੱਕ ਨਿੱਖਰੇ ਦਿਨ ਦੀਆਂ ਤ੍ਰਕਾਲਾਂ ਨੂੰ ਦੇਸ਼ ਭਗਤ ਯਾਦਗਾਰ ਹਾਲ ਦੇ ਹਰੇ-ਭਰੇ ਲਾਅਨ ਵਿੱਚ ਸ਼੍ਰੀ ਇੰਦਰ ਕੁਮਾਰ ਗੁਜਰਾਲ ਸੋਵੀਅਤ ਸੰਘ ਵਿੱਚ ਭਾਰਤ ਦੇ ਰਾਜਦੂਤ ਨੂੰ ਲੋਕਾਂ ਨੇ ਘੰਟਿਆਂ ਬੱਧੀ ਉਡੀਕਿਆਮੌਸਮ ਦੀ ਖ਼ਰਾਬੀ, ਜਹਾਜ਼ ਤਾਸ਼ਕੰਦ ਤੋਂ ਅੰਮ੍ਰਿਤਸਰ ਪਹੁੰਚਣ ਵਿੱਚ ਦੇਰੀ ਦੱਸੀ ਗਈਲੈਨਿਨ-ਕੱਟ ਦਾਹੜੀ ਵਾਲੀ ਪ੍ਰਭਾਵਸ਼ਾਲੀ ਸ਼ਖ਼ਸੀਅਤ ਤੋਂ ਸੋਵੀਅਤ ਸੰਘ ਬਾਰੇ ਗੱਲਾਂ ਸੁਣਦਿਆਂ ਹੈਰਾਨੀ ਹੁੰਦੀਮਜ਼ਦੂਰਾਂ ਦੀ ਤਾਨਾਸ਼ਾਹੀ ਤਹਿਤ ਜਮਹੂਰੀਅਤਵਫ਼ਦ ਵਿੱਚ ਆਏ ਰੂਸੀ ਲੇਖਕਾਂ, ਚਿੰਤਕਾਂ ਦੇ ਖ਼ਿਆਲ ਮਨ ਨੂੰ ਟੁੰਬਦੇਅਜਿਹਾ ਸਿਲਸਿਲਾ ਲਗਾਤਾਰ ਚਲਦਾ

ਸੋਚਾਂ ਆਉਂਦੀਆਂ, ਸੋਵੀਅਤ ਸੰਘ ਵਰਗਾ ਰਾਜਸੀ, ਸਰਕਾਰੀ ਪ੍ਰਬੰਧ ਸਾਡੇ ਦੇਸ਼ ਵਿੱਚ ਛੇਤੀ ਤੋਂ ਛੇਤੀ ਹੋ ਜਾਵੇਆਰਥਿਕ ਬਰਾਬਰੀ ਕਿਸੇ ਜਾਦੂ ਵਾਂਗ ਆ ਜਾਵੇ ਤੇ ਜਾਤ ਦੇ ਧੱਬੇ ਸਮਾਜ ਦੇ ਰੂਪ-ਸਰੂਪ ਤੋਂ ਹਮੇਸ਼ਾ ਲਈ ਲੱਥ ਜਾਣਸਾਰੇ ਲੋਕ ਹੱਥੀਂ ਕੰਮ ਕਰਨ, ਨਾ ਕੋਈ ਕਿਸੇ ਦਾ ਹੱਕ ਮਾਰੇ ਤੇ ਨਾ ਹੀ ਕੋਈ ਕੰਮੀਆਂ-ਕਿਰਤੀਆਂ, ਨਿਮਨ ਤੇ ਅਛੂਤਾਂ ਉੱਤੇ ਦਬਦਬਾ ਜਾਂ ਧੌਂਸ ਜਮਾ ਕੇ ਰੱਖੇਸਾਡੇ ਵਿਹੜੇ ਆ ਕੇ ਬੱਕਰੇ ਬੁਲਾਉਂਦੇ ਜ਼ਿਮੀਂਦਾਰਾਂ ਦੀ ਸੋਚ ਤੇ ਵਿਹਾਰ ਵਿੱਚ ਤਬਦੀਲੀ ਤੁਰਤ ਆ ਜਾਵੇ ‘ਘੜੇ ਦੀ ਮੱਛੀ’, ‘ਦਾਲ ਬਰੋਬਰ ਮੁਰਗੀਤੇ ‘ਚਮਾਰੀ, ਜਿੱਥੇ ਦੇਖੀ ਉੱਥੇ ...ਵਰਗੀਆਂ ਹੋਛੀਆਂ ਸਮਾਜਿਕ ਧਾਰਨਾਵਾਂ ਤੋਂ ਪਿੱਛਾ ਛੁੱਟ ਜਾਵੇ ਤੇ ਗਰੀਬਾਂ-ਕੰਮੀਆਂ ਦਾ ਆਦਰ-ਸਤਿਕਾਰ ਵਧੇ

ਮੇਰੀਆਂ ਸਾਹਿਤਕ ਤੇ ਸਿਆਸੀ ਸਰਗਰਮੀਆਂ ਦਾ ਦਾਇਰਾ ਉਦੋਂ ਹੋਰ ਮੋਕਲਾ ਹੋ ਗਿਆ ਜਦੋਂ 1978 ਵਿੱਚ ਮੈਂ ਭਾਰਤੀ ਖ਼ੁਰਾਕ ਨਿਗਮ (ਐੱਫ.ਸੀ.ਆਈ.) ਵਿੱਚ ਭਰਤੀ ਹੋ ਗਿਆ ਤੇ ਅਗਲੇ ਸਾਲ ਇਸਦੀ ਯੂਨੀਅਨ ਦਾ ਜ਼ਿਲ੍ਹਾ ਜਨਰਲ ਸਕੱਤਰ ਚੁਣਿਆ ਗਿਆ, ਉਹ ਵੀ ਬਹੁਤ ਸਾਰੀਆਂ ਵੋਟਾਂ ਦੇ ਫ਼ਰਕ ਨਾਲਇਸ ਪਿੱਛੇ ਮੁਲਾਜ਼ਮਾਂ ਦੀ ਯੂਨੀਅਨ ਵਿੱਚ ਪਾਰਟੀ ਦੇ ਕਾਰਕੁਨਾਂ ਤੇ ਹਮਦਰਦਾਂ ਦਾ ਹੋਣਾ ਸਪਸ਼ਟ ਦਿਖਾਈ ਦਿੰਦਾ ਸੀ ਮੈਂਨੂੰ ਆਪਣੀ ਲਿਆਕਤ ਬਾਰੇ ਕੋਈ ਭੁਲੇਖਾ ਹੈ ਹੀ ਨਹੀਂ ਸੀ

ਭੁਲੱਥ (ਜ਼ਿਲ੍ਹਾ ਕਪੂਰਥਲਾ) ਵਿਖੇ ਇਸ ਜਨਤਕ ਅਦਾਰੇ ਵਿੱਚ ਬੇਸ਼ੁਮਾਰ ਤਲਖ਼ ਤਜਰਬੇ ਹੋਏਕਣਕ, ਚੌਲਾਂ ਤੇ ਝੋਨੇ ਦੇ ਭਰੇ ਟਰੱਕ ਆਉਂਦੇਗੁਦਾਮਾਂ ਅੰਦਰ ਲਹਿੰਦੇ ਤੇ ਫਿਰ ਇੱਥੋਂ ਜਾਂਦੇਅਨਾਜ ਦੇ ਵੱਡੇ-ਉੱਚੇ ਚੱਕਿਆਂ ਨੂੰ ਸਕਿੰਟਾਂ ਵਿੱਚ ਹੇਠਾਂ ਸੁੱਟ ਲਿਆ ਜਾਂਦਾ ਤੇ ਫਿਰ ਬੋਰੀਆਂ ‘ਬਣਾਈਆਂਜਾਂਦੀਆਂ ਮੈਂਨੂੰ ਅਕਸਰ ਆਖਿਆ ਜਾਂਦਾ, “ਕਾਮਰੇਡ ਐਸ਼ ਕਰ ਤੂੰ, ਪੜ੍ਹ-ਲਿਖ ਲਾ, ਕੰਮ ਚੱਲੀ ਜਾਂਦਾ!”

ਬਣਾਈਆਂ ਹੋਈਆਂ’ ਬੋਰੀਆਂ ਸ਼ਾਮ ਨੂੰ ਜੇਬਾਂ ਵਿੱਚ ਪੈ ਜਾਂਦੀਆਂਗੱਲਾਂ ਤੁਰਦੀਆਂ-ਤੁਰਦੀਆਂ ਮੇਰੇ ਤਕ ਪਹੁੰਚਦੀਆਂ, “ਕਾਮਰੇਡ ਨੂੰ ਕਿਸੇ ਤਰ੍ਹਾਂ ਕਾਣਾ ਕਰੋ, ਪੈਸੇ ਨਹੀਂ ਲੈਂਦਾ ਹੈਗਾ, ਸ਼ਰਾਬ ਨਹੀਂ ਪੀਂਦਾ ਹੈਗਾ, ਹੋਰ ਨਹੀਂ ਤਾਂ ਕਿਸੇ ਬਾਜ਼ੀਗਰਨੀ ਨੂੰ ਮਗਰ ਪਾ ਦਿਓ!”

ਡੂੰਘੀ ਸ਼ਾਮ ਨੂੰ ਥਕੇਵਾਂ ਲਾਹੁਣ ਲਈ ‘ਮਹਿਫ਼ਿਲਜੁੜਦੀਲਤੀਫ਼ੇਬਾਜ਼ੀ ਹੁੰਦੀ ਜਿਸਦਾ ਕੇਂਦਰ-ਬਿੰਦੂ ਔਰਤ ਹੁੰਦੀਕਈ ਉਨ੍ਹਾਂ ਔਰਤਾਂ ਦਾ ਜ਼ਿਕਰ ਹੁੰਦਾ ਜੋ ਗੁਦਾਮ ਅੰਦਰ ਕੰਮ ਕਰਨ ਆਉਂਦੀਆਂ

ਮੇਰੇ ਦਿਲ ’ਤੇ ਛੁਰੀ ਫਿਰਦੀ ਜਿਵੇਂ ਕਣਕ ਜਾਂ ਚੌਲਾਂ ਦਾ ਚੱਕਾ ਸੁੱਟਣ ਲਈ ਫੇਰੀ ਜਾਂਦੀਮਨ ਵਿੱਚ ਉਨ੍ਹਾਂ ਔਰਤਾਂ ਦਾ ਸ਼ੌਕ ਤੇ ਮਜਬੂਰੀ ਆਪਸ ਵਿੱਚ ਵਾਰ-ਵਾਰ ਬਦਲਦੇਨਤੀਜੇ ਵਜੋਂ, ਗੁਦਾਮ ਅੰਦਰ ਕੰਮ ਕਰਨ ਆਉਂਦੀਆਂ ਔਰਤਾਂ ਨੂੰ ਮੈਂ ਸਮਝਾਉਂਦਾ ਕਿ ਇੱਜ਼ਤ ਨਾਲ ਰਹਿੰਦਿਆਂ ਕਿਵੇਂ ਰਹਿਣਾ-ਬਹਿਣਾ ਹੈ

ਸਮਝਾ ’ਤਾ? ਆਪਣੀਆਂ ਮਾਵਾਂ-ਭੈਣਾਂ ਨੂੰ!” ਇੱਕ ਦਿਨ ਚੱਕੇ ਉਹਲਿਓਂ ਅਚਾਨਕ ਨਿਕਲੇ ਮੁਲਾਜ਼ਮ ਸਾਥੀ ਨੇ ਮੈਂਨੂੰ ਟਿੱਚਰ ਕਰਦਿਆਂ ਕਿਹਾ

ਹਾਂ, ਹਾਲਾਤ ਦਾ ਨਜਾਇਜ਼ ਫ਼ਾਇਦਾ ਉਠਾਉਣ ਵਾਲਿਆਂ ਦੇ ਖ਼ਿਲਾਫ਼ ਕੁਝ ਕਰਨਾ ਹੀ ਪਊਗਾ ...।”

ਨਾ ਗੱਲ ਬਣੇ ਤਾਂ ਮਾਂ-ਭੈਣ ਬਣਾ ਲਓ, ਬੱਲੇ ਓ ਧੁਆਡੇ ਵੱਡੇ ਕਾਮਰੇਡੋ! ਧੁਆਡੀ ਯੂਨੀਅਨ ਦਾ ਜਿਹੜਾ ਬੜਾ ਲੀਡਰ ਬਣਿਆ ਫਿਰਦਾ, ਉਹਦੀਆਂ ਕਰਤੂਤਾਂ ਕਿਹਤੋਂ ਗੁੱਝੀਆਂ? ਢਕੀਆਂ ਰਹਿਣ ਦੇ, ਮੈਂਨੂੰ ਅੱਖਾਂ ਲਾਲ ਕਰ ਕੇ ਦਿਖਾਉਣ ਦੀ ਲੋੜ ਨਹੀਂ।” ਉਹਨੇ ਮੂੰਹ ਉੱਤੇ ਰੁਮਾਲ ਫੇਰਨ ਤੇ ਦਾਹੜੀ ਨੂੰ ਸੁਆਰਨ ਪਿੱਛੋਂ ਫਿਰ ਕਿਹਾ, “ਤੂੰ ਅਜੇ ਨਮਾਂ-ਨਮਾਂ, ਹੋਰ ਦੋ ਸਾਲਾਂ ਨੂੰ ਤੂੰ ਆਪੇ ਈ ਇਸ ਲੀਹੇ ਤੁਰ ਪੈਣਾ!”

ਆਪਣੇ ਯੂਨੀਅਨ ਪ੍ਰਧਾਨ ਬਾਰੇ ਸੁਣ ਕੇ ਮੇਰੀ ਜ਼ਬਾਨ ਨੂੰ ਤਾਲਾ ਲੱਗ ਗਿਆ ਜਿਵੇਂ ਗੁਦਾਮ ਦਾ ਸ਼ਟਰ ਇੱਕ ਫ਼ੁਰਤੀਲੇ ਝਟਕੇ ਨਾਲ ਬੰਦ ਕਰ ਦਿੱਤਾ ਗਿਆ ਸੀਮੈਂ ਦੰਦ ਪੀਹ ਕੇ ਤੇ ਕੱਚਾ ਜਿਹਾ ਹੋ ਕੇ ਰਹਿ ਗਿਆ

‘ਮਹਿਫ਼ਿਲਦਾ ਦੂਜਾ ਪੜਾਅ ਸ਼ੁਰੂ ਹੁੰਦਾ ਜਦੋਂ ‘ਅੰਦਰ ਗਈਆਪਣਾ ਜਲਵਾ ਦਿਖਾਉਂਦੀਦਿਨ ਵੇਲੇ ਦੇ ਚੰਗੇ-ਭਲੇ ਬੰਦਿਆਂ ਵਿੱਚ ਸ਼ਾਮ ਨੂੰ ਜਿਵੇਂ ਉਨ੍ਹਾਂ ਅੰਦਰ ਕੋਈ ਹੋਰ ਬੋਲਣ ਲੱਗ ਪੈਂਦਾ, “ਜੱਟ ਦੇ ਹੱਥ ਨਹੀਂ ਲੱਗੇ ਹਾਲੇ, ‘ਜੱਟ ਟੁੱਟ ਸਕਦਾ, ਲਿਫ਼ ਨਹੀਂ ਸਕਦਾ', ਜੱਟ ਨਾਲ ਪੰਗਾ ਲਿਆ ਤਾਂ ਮਹਿੰਗਾ ਪਊ’, ‘ਜੱਟ ਧੁਆਡੇ ਵਰਗੀ ਲੁੰਡੀ-ਬੁੱਚੀ ਨੂੰ ਟਿੱਚ ਸਮਝਦਾ ਹੈਗਾ’, ‘ਇੱਥੇ ਤਾਂ ਐਸ਼ ਕਰਨ ਆਈਦਾ, ਪੱਚੀ ਘੁਮਾਂ ਪੈਲ਼ੀ ਆ ਜੱਟ ਦੀ

ਇਉਂ ਦੀਆਂ ਨਿੱਤ ਦੀਆਂ ਯੱਭਲ਼ੀਆਂ ਤੋਂ ਤੰਗ-ਪਰੇਸ਼ਾਨ ਹੋ ਕੇ ਇੱਕ ਦਿਨ ਮੈਂ ਕਿਹਾ, “... ਸਾਹਬ, ਜੇ ਇਨ੍ਹਾਂ ਸ਼ਬਦਾਂ ਦੀ ਵਾਰ-ਵਾਰ ਰਟ ਨਾ ਲਾਓ ਤਾਂ ਚੰਗਾ, ਨਾਲ਼ੇ ਇੰਨੇ ਪੜ੍ਹੇ-ਲਿਖੇ ਹੋ ...।”

ਕਾਮਰੇਡ ਤੇਰੀ ਗੱਲ ਠੀਕ ਹੈਗੀ, ਪਰ ਜੱਟ ਸ਼ਬਦ ਮੂੰਹ ਚੜ੍ਹਿਆ ਹੈਗਾਨਾਲ਼ੇ ਸੁਭਾਅ ਈ ਬਣ ਗਿਆ ਹੋਇਆ ਹੈਗਾ!” ... ਸਾਹਿਬ ਨੇ ਵਿੱਚੋਂ ਟੋਕਦਿਆਂ ਆਖਿਆ

ਥੋੜ੍ਹੇ ਕੁ ਦਿਨਾਂ ਬਾਅਦ ਮੇਰੇ ਬਿਆਨ ਦੀ ਮੈਂਨੂੰ ਸਜ਼ਾ ਮਿਲ ਗਈ, ਦੂਰ ਦੀ ਬਦਲੀ ਦੀ ਸ਼ਕਲ ਵਿੱਚਮੇਰਾ ਪੈਂਡਾ ਹੋਰ ਵਧ ਗਿਆਸਾਇਕਲ ਉੱਤੇ ਪੈਂਤੀ ਕਿਲੋਮੀਟਰ ਜਾਣ ਤੇ ਪੈਂਤੀ ਕਿਲੋਮੀਟਰ ਆਉਣਘਰ ਨੂੰ ਹਫ਼ਤੇ ਵਿੱਚ ਇੱਕ-ਦੋ ਵਾਰ ਗੇੜਾ ਲਗਦਾਮੇਰੇ ਲਈ ਇਸ ਨਵੇਂ ਇਲਾਕੇ ਵਿੱਚ ਨਾ ਕਿਸੇ ਨਾਲ ਜਾਣ ਨਾ ਪਛਾਣਚੌਥਾ ਦਰਜਾ ਮੁਲਾਜ਼ਮ (ਫ਼ੌਜੀ) ਬੇਲਾ ਸਿੰਘ ਹੀ ਮੇਰਾ ਸੰਗੀ-ਸਾਥੀਖ਼ਰਚਾ ਹੋਰ ਵਧ ਗਿਆਘਰਦੇ ਸੋਚਦੇ, ਖ਼ਬਰੇ ਕਿਹੜੇ ਕੰਮੀਂ ਤਨਖ਼ਾਹ ਰੋੜ੍ਹੀ ਜਾਂਦਾ

ਲੋਕ ਤਾਂ ਮੰਡੀ ਵਿੱਚੋਂ ਲੁੱਟ ਪਾ ਕੇ ਮੁੜਦੇ ਆ ਤੇ ਤੂੰ?” ਇੱਕ ਦਿਨ ਭਾਈਏ ਨੇ ਪੁੱਛ ਹੀ ਲਿਆ

ਮੈਂ ਚੁੱਪ ਰਿਹਾਉਹਨੇ ਫਿਰ ਦੱਸਿਆ, “ਨਡਾਲੇ-ਬੇਗੋਆਲ ਦੀਆਂ ਤੀਮੀਆਂ ਵੈਲੀ ਆਬੰਦਿਆਂ ਲਈ ਖ਼ੁਦ ਸ਼ਰਾਬ-ਕਬਾਬ ਖਰੀਦ ਕੇ ਲਿਆਉਂਦੀਆਂ! ਜ਼ਰਾ ਸੰਭਲ ਕੇ ਰਹਿਣਾ ...।”

ਜਿਵੇਂ-ਕਿਵੇਂ ਦੋ ਸੀਜ਼ਨ ਮੈਂ ਝੋਨਾ-ਮੰਡੀ ਕੱਟੇਫਿਰ ਵੀ ਪੈਰ ਨਾ ਲੱਗਣ ਦਿੱਤੇ ਤੇ ਗੁਦਾਮ ਇੰਚਾਰਜ ਬਣਾ ਕੇ ਭੁਲੱਥ ਤੋਂ ਦੂਰ ਫਿਰ ਭੇਜ ਦਿੱਤਾਰੁਝੇਵਾਂ ਇੰਨਾ ਕਿ ਪਲ ਭਰ ਵੀ ਵਿਹਲ ਨਾ ਲਗਦਾ, ਸਿਵਾਏ ਲੜਨ-ਝਗੜਨ ਦੇ, ਜਦੋਂ ਝੋਨੇ ਦੀਆਂ ਘੱਟ ਲਿਆਂਦੀਆਂ ਬੋਰੀਆਂ ਦਾ ਮੈਂਨੂੰ ਪਤਾ ਲੱਗ ਜਾਂਦਾਗੱਲ ਜਿਵੇਂ ਅਜੇ ਵੀ ਨਾ ਮੁੱਕੀ ਹੋਵੇਹੁਣ ਮੇਰੀ ਡਿਊਟੀ ਅਕਸਰ ਕਰਤਾਰਪੁਰ ਰੇਲ-ਹੈੱਡ ਉੱਤੇ ਅਨਾਜ ਦੀ ਲਦਾਈ ਲਈ ਲਗਦੀਪਿੰਡ ਤੋਂ ਪੰਜਾਹ ਕਿਲੋਮੀਟਰ ਦੂਰਨੌਕਰ ਕੀ ਤੇ ਨਖ਼ਰਾ ਕੀ? ਨੂੰ ਮੈਂ ਆਪਣੀ ਜ਼ਿੰਦਗੀ ਵਿੱਚ ਢਾਲ ਲਿਆ

ਜਦੋਂ ਕੋਈ ਚੌਲ-ਕਣਕ ਚੋਰੀ ਕਰ ਕੇ ਦੌੜ ਜਾਂਦਾ, ਮੈਂ ਉਹਦਾ ਦੋ-ਦੋ ਕਿਲੋਮੀਟਰ ਤਕ ਪਿੱਛਾ ਕਰਦਾ

ਇਨ੍ਹਾਂ ਦਾ ਪਿੱਛਾ ਨਾ ਕਰਿਆ ਕਰ, ਕਰਨਾ ਤਾਂ ਇਨ੍ਹਾਂ ਦਾ ਕਰਿਆ ਕਰ!” ਇੱਕ ਦਿਨ ਮੇਰੇ ਵਲੋਂ ਦੂਰੋਂ ਫੜ ਕੇ ਲਿਆਂਦੇ ਪੱਲੇਦਾਰ ਨੂੰ ਦੇਖ ਮੇਰੇ ਇੱਕ ਮੁਲਾਜ਼ਮ ਸਾਥੀ ਨੇ ਮੁਸਕਰਾ ਕੇ ਆਖਿਆ ਤੇ ਨਾਲ ਹੀ ਪਟੜੀ ਵਿਚਾਲਿਓਂ ਕੋਲਾ ਚੁਗਦੀ ਇੱਕ ਪਕਰੋੜ ਜਿਹੀ ਔਰਤ ਵਲ ਇਸ਼ਾਰਾ ਕੀਤਾ

ਇਹਦੇ ਵਿੱਚ ਕੰਡ ਈ ਨਹੀਂ ਜਿੱਦਾਂ ਇੱਥੇ ਗੰਗਾ ਵਗਦੀ ਆ, ਭਾਮੇਂ ਰਾਤ-ਦਿਨ ਚੁੱਭੀਆਂ ਮਾਰੇਇੱਕ ਹੋਰ ਨੇ ਉਕਸਾਉਣ ਲਈ ਤਰਕ ਮਾਰੀ

ਇੰਨੇ ਨੂੰ ਉੱਚੀ-ਉੱਚੀ ਤਾੜੀਆਂ ਤੇ ਆਵਾਜ਼ਾਂ ਸੁਣੀਆਂ ਜਿਨ੍ਹਾਂ ਸਾਡਾ ਧਿਆਨ ਖਿੱਚਿਆ, “ਟਰੱਕ ਮੇਂ ਦਾਨੇ ਇਕੱਠੇ ਕਰਤੀ ਹਮਾਰੀ ਬਿਮਲਾ ਕੋ ਭਗਾ ਕੇ ਲੇ ਗਿਆ, ਹਮਾਰੀ ਬਿਮਲਾ ਕੋ ਲੇ ਗਿਆ ...।”

ਦੱਖਣੀ ਭਾਰਤ ਤੋਂ ਆਏ ਖੁਸਰਿਆਂ ਦੀ ਇੱਕ ਟੋਲੀ ਅਜੇ ਵੀ ਦੁਹਾਈ ਪਾਈ ਜਾ ਰਹੀ ਸੀ ਮੈਂਨੂੰ ਲੱਗਿਆ ਕਿ ਉਹ ਜਿਉਂਦੇ ਰਹਿਣ ਲਈ ਪੇਟ ਦੀ ਭੁੱਖ ਮਿਟਾਉਣ ਖ਼ਾਤਰ ਇੰਨੀ ਦੂਰੋਂ ਆਏ ਹੋਏ ਹਨ ਤੇ ਡਰੈਵਰ ਆਪਣੀ ਭੁੱਖ ਮਿਟਾਉਣ ਲਈ ਕੀ ਘਟੀਆ ਕਾਰਾ ਕਰ ਗਿਆ ਹੈ

ਮੇਰੇ ਖ਼ਿਆਲਾਂ ਵਿੱਚ ਇਹ ਵਿਚਾਰ ਭਾਰੂ ਹੋਣ ਲੱਗ ਪਿਆ ਕਿ ਐੱਫ.ਸੀ.ਆਈ. ਛੱਡ ਦਿਆਂ, ਹੋਰ ਕਿਸੇ ਮਹਿਕਮੇ ਵਿੱਚ ਨੌਕਰੀ ਲਈ ਕੋਸ਼ਿਸ਼ ਕਰਾਂ

ਇਨ੍ਹਾਂ ਦਿਨਾਂ ਵਿੱਚ ਮੈਂ ਐੱਮ.ਏ., ਭਾਗ ਦੂਜਾ ਪ੍ਰਾਈਵੇਟ ਇਮਤਿਹਾਨ ਦੇ ਕੇ ਪਾਸ ਕਰ ਲਿਆ ਤੇ ਪਿੰਡ ਨੇੜੇ ਦੇ ਕਸਬੇ ਭੋਗਪੁਰ ਦੀ ਬਦਲੀ ਕਰਵਾ ਲਈ, ਜਿੱਥੇ ਮੇਰੇ ਹਮ-ਖ਼ਿਆਲ ਸਾਥੀ ਸਨ

ਸਰਦੀਆਂ ਦੇ ਇੱਕ ਦਿਨ ਮੈਂ ਐੱਫ.ਸੀ.ਆਈ. ਦੇ ਆਪਣੇ ਦੋ ਸੁਹਿਰਦ ਮਿੱਤਰਾਂ ਨੂੰ ਫਿਰ ਭੁਲੱਥ ਮਿਲਣ ਗਿਆਅੱਡੇ ’ਤੇ ਮੇਰੀ ਮੁਲਾਕਾਤ 23-24 ਵਰ੍ਹਿਆਂ ਦੇ ਨੌਜਵਾਨ ਰਾਜੇਂਦਰ ਯਾਦਵ ਨਾਲ ਹੋਈਉਹਦੇ ਦੋਵੇਂ ਕੱਟੇ-ਹੱਥਾਂ ਨੂੰ ਦੇਖ ਦੰਗ ਰਹਿ ਗਿਆਆਪਣੀਆਂ ਮਜਬੂਰੀ ਭਰੀਆਂ ਅੱਖਾਂ ਨਾਲ ਮੇਰੇ ਵਲ ਦੇਖਦਿਆਂ ਉਸ ਨੇ ਕਿਹਾ, “ਭਾਈ ਮੇਰੇ ਪਾਸ ਪੈਸੇ ਨਹੀਂ ਹੈ ... ਅਗਰ ...!”

ਜ਼ਰਾ ਕੁ ਰੁਕ ਕੇ ਉਸ ਨੇ ਫਿਰ ਦੱਸਿਆ, “ਪਿਛਲੇ ਦਿਨੋਂ ਮੇਂ ਮਸ਼ੀਨ ਪਰ ਚਾਰਾ ਕੁਤਰਤੇ ਵਕਤ ਮੇਰੇ ਹਾਥ ਕਟ ਗਏ ਹੈਂਮੈਂ ਆਦਮੀ ਕੱਠਾ ਕੀਆਸਰਦਾਰ ਨੇ ਮੇਰੇ ਕੋ ਪਿਛਲੇ ਛੇ ਮਹੀਨੇ ਕੀ ਮੇਰੀ ਮਿਹਨਤ ਔਰ ਹਾਥੋਂ ਦਾ ਚਾਰ ਹਜ਼ਾਰ ਦੇਨਾ ਮਾਨਾ, ਲੇਕਿਨ ਮੁੱਕਰ ਗਿਆਮੇਰੇ ਕੋ ਗਾਂਵ (ਤਲਵੰਡੀ ਹੁਸੈਨਵਾਲ, ਜ਼ਿਲ੍ਹਾ ਕਪੂਰਥਲਾ) ਸੇ ਭਗਾ ਦੀਆਂਮੇਰੀ ਬਹਨਾ ਇੰਤਜ਼ਾਰ ਕਰਤੀ ਹੋਗੀ, ਰਕਸ਼ਾ ਬੰਧਨ ਸੇ ਪੰਦਰਹ ਦਿਨ ਪਹਲੇ ਯੇਹ ਹਾਦਸਾ ਹੂਆ ...।”

ਹਮ ਕੁਛ ਲੋਗ ਉਸ ਕੋ ਦੋਬਾਰਾ ਮਿਲਤੇ ਹੈਂ ...।”

ਕੋਈ ਫ਼ਾਇਦਾ ਨਹੀਂ ...!”

ਇਸ ਦੁੱਖ ਭਰੀ ਘਟਨਾ ਦੇ ਵਾਪਰਨ ਦੇ ਤੁਰੰਤ ਬਾਅਦ ਭਈਏ ਨੂੰ ਹਸਪਤਾਲ ਨਾ ਲਿਜਾਣ ਦੀ ਹਕੀਕਤ ਨੇ ਮੇਰੇ ਜ਼ਿਹਨ ਵਿੱਚ ਖਲਬਲੀ ਮਚਾ ਦਿੱਤੀਮੈਂ ਸਲਾਹ ਦਿੱਤੀ, “ਮੇਰੇ ਸਾਥ ਚੱਲ, ਬਿਹਾਰ ਜਾਣ ਦਾ ਤੇਰਾ ਬੰਦੋਬਸਤ ਕਰਤੇ ਹੈਂ ...।”

ਅਗਲੇ ਦਿਨ ਰਾਜੇਂਦਰ ਲਈ ਘਰੋਂ ਕੱਪੜਿਆਂ ਦਾ ਝੋਲਾ ਭਰ ਕੇ ਆਪਣੇ ਗੂੜ੍ਹੇ ਮਿੱਤਰ ਸਾਥੀ ਪ੍ਰਸ਼ੋਤਮ ਸ਼ਰਮਾ ਨੂੰ ਭਈਏ ਸਣੇ ਮਿਲਿਆਰਾਤ ਅਸੀਂ ਉਹਦੇ ਘਰ ਰੁਕੇਭਈਏ ਤੋਂ ਬਿਹਾਰ ਬਾਰੇ ਕਾਫ਼ੀ ਗੱਲਾਂ ਪੁੱਛੀਆਂਰੋਟੀ ਖਾਣ ਮਗਰੋਂ ਆਪਣੇ ਟੁੰਡ-ਨੁਮਾ ਹੱਥਾਂ ਨੂੰ ਧੋ ਕੇ ਮੁੜ ਬੈਠਕ ਅੰਦਰ ਆਉਂਦਿਆਂ ਉਹਨੇ ਅੰਗੀਠੀ ਤੇ ਦੀਵਾਰ ਉੱਤੇ ਲੱਗੀਆਂ ਤਸਵੀਰਾਂ ਵਲ ਗਹੁ ਨਾਲ ਦੇਖਿਆਪੁੱਛਿਆ, “ਕਿਆ ਆਪ ਚਮਾਰ ਹੋ? ‘

ਸ਼ਰਮਾ ਨੇ ਆਪਣੀ ਦਿੱਖ ਦਾ ਧਰਮ-ਨਿਰਪੇਖ ਪ੍ਰਭਾਵ ਦੇਣ ਲਈ ਹਿੰਦੂ ਦੇਵੀ-ਦੇਵਤਿਆਂ, ਸਿੱਖ ਗੁਰੂਆਂ ਤੇ ਸੰਤਾਂ-ਭਗਤਾਂ ਦੀਆਂ ਤਸਵੀਰਾਂ ਸ਼ੀਸ਼ਿਆਂ ਵਿੱਚ ਜੜਾ ਕੇ ਰੱਖੀਆਂ ਹੋਈਆਂ ਸਨ

ਭਈਆ ਪਹਲੇ ਪੂਛਨਾ ਥਾ?

ਕਿਆ ਬਾਤ ਹੂਈ?” ਮੈਂ ਪੁੱਛਿਆ

ਵੋਹ ਰੈਦਾਸ ਦੀ ਤਸਵੀਰ ਹੈ ਨਾ? ਸ਼ਰਮਾ ਤੋਂ ਚਮਾਰ ਨਹੀਂ ਹੋਤੇ!” ਭਈਏ ਨੇ ਪੁੱਛਿਆਪਲ ਕੁ ਪਿੱਛੋਂ ਉਸ ਨੇ ਕਿਹਾ, “ਅਬ ਤੋਂ ਖਾਨਾ ਹੋ ਗਿਆ ...।”

ਉਲਟੀ ਕਰ ਦੇ ਅਗਰ ਘ੍ਰਿਣਾ ਲਗਤੀ ਹੈ!” ਮੈਂ ਆਖਿਆ

ਭਗਵਾਨ ਕੀ ਕ੍ਰਿਪਾ ਸੇ ਦਹਿਨੇ ਹਾਥ ਕਾ ਅੰਗੂਠਾ ਬਚ ਗਿਆ, ਇਸ ਸੇ ਰੋਟੀ, ਕੁਰਲਾ ਔਰ ਬਾਕੀ ਕਾਮ ਹੋ ਜਾਤੇ ਹੈਂ!” ਉਸ ਨੇ ਕੱਚਾ ਜਿਹਾ ਹੋ ਕੇ ਗੱਲ ਦਾ ਰੁਖ਼ ਬਦਲਿਆ

ਖ਼ੈਰ, ਅਸੀਂ ਉਸ ਨੂੰ ਗੱਡੀ ਦਾ ਟਿਕਟ ਖਰੀਦ ਦਿੱਤਾ ਤੇ ਲੋਕਾਂ ਤੋਂ ਸਹਾਇਤਾ ਵਜੋਂ ਇਕੱਠੀ ਰਕਮ ਵੱਖਰੇ ਤੌਰ ’ਤੇ ਮਨੀਆਰਡਰ ਕਰ ਦਿੱਤੀ

ਇਹ ਖ਼ਿਆਲ ਮੈਂਨੂੰ ਕਈ ਦਿਨਾਂ ਤਕ ਪਰੇਸ਼ਾਨ ਕਰਦਾ ਰਿਹਾ ਕਿ ਉਹ ਭਈਆ ਅੰਗਹੀਣ ਤੇ ਮਾਲੀ ਪੱਖੋਂ ਬੇਸਹਾਰਾ ਹੋ ਕੇ ਵੀ ਜਾਤ-ਵਿਵਸਥਾ ਮਾਨਸਿਕ ਤੌਰ ’ਤੇ ਛੱਡਣ ਨੂੰ ਤਿਆਰ ਨਹੀਂਮਜ਼ਦੂਰੀ ਕਰਨ ਆਏ ਪ੍ਰਦੇਸੀ ਭਈਏ ਦੀ ਨਜ਼ਰ ਵਿੱਚ ਵੀ ਨਿਮਨ ਜਾਤੀ ਦੇ ਇਨਸਾਨ ਦੀ ਕੋਈ ਵੁੱਕਤ ਨਹੀਂ

ਸੋਚਦਾ- ਹੋਲਟਾਈਮਰ ਬਣ ਜਾਵਾਂਬੇਜ਼ਮੀਨੇ ਮਜ਼ਦੂਰਾਂ, ਦੱਬੇ-ਕੁਚਲੇ ਲੋਕਾਂ ਤੇ ਗਰੀਬਾਂ ਲਈ ਕੰਮ ਕਰਾਂਉਨ੍ਹਾਂ ਅੰਦਰ ਅਧਿਕਾਰ-ਚੇਤਨਾ ਪੈਦਾ ਕਰਨ ਲਈ ਟਿੱਲ ਲਾਵਾਂ ਪਾਰਟੀ ਵਿਚਾਰਾਂ ਨੂੰ ਪਿੰਡ-ਪਿੰਡ, ਘਰ-ਘਰ ਪਹੁੰਚਾਉਣ ਦੇ ਹਾਲਾਤ ਦਾ ਖ਼ਿਆਲ ਆਉਂਦਾ ਤਾਂ ਮੈਂ ਕੰਬ ਕੇ ਰਹਿ ਜਾਂਦਾ ਨੌਜਵਾਨ ਸਾਥੀਆਂ ਕੋਲ ਸਾਇਕਲ ਨੂੰ ਪੈਂਚਰ ਲੁਆਉਣ ਤੇ ਮਰਜ਼ੀ ਨਾਲ ਚਾਹ-ਪਾਣੀ ਪੀਣ ਲਈ ਪੈਸੇ ਹੀ ਨਾ ਹੁੰਦੇ, ਬਦਲਣ ਲਈ ਢੁੱਕਵੇਂ ਕੱਪੜੇ ਨਾ ਹੁੰਦੇਉਨ੍ਹਾਂ ਦੀ ਪ੍ਰਤਿਭਾ ਤੇ ਪ੍ਰਤਿਬੱਧਤਾ ਦਾ ਸੋਚ ਕੇ ਮੇਰੇ ਮਨ ਵਿੱਚ ਉਨ੍ਹਾਂ ਪ੍ਰਤਿ ਸਤਿਕਾਰ ਹੋਰ ਵਧ ਜਾਂਦਾ

... ਤੇ ਖੁੱਲ੍ਹੇ ਆਕਾਸ਼ ਵਲ ਇੱਕ ਖਿੜਕੀ ਮੇਰੇ ਲਈ ਖੁੱਲ੍ਹੀਦਿੱਲੀ ਵਸਦੇ ਮੇਰੀ ਭੂਆ ਦੇ ਵੱਡੇ ਪੁੱਤ ਦੌਲਤ ਰਾਮ ਕੋਰੋਟਾਨੀਆ, ਯੋਜਨਾ ਆਯੋਗ ਵਿੱਚ ਉੱਚ ਅਧਿਕਾਰੀ, ਨੇ ਸੂਚਨਾ ਤੇ ਪ੍ਰਸਾਰਣ ਮੰਤਰਾਲਾ ਵਿੱਚ ਯੂ.ਪੀ.ਐੱਸ.ਸੀ. ਦੀਆਂ ਨੌਕਰੀਆਂ ਲਈ ਇੱਕ ਫਾਰਮ ਭੇਜਿਆ ਤੇ ਨਾਲ ਹੀ ਹਿਦਾਇਤਾਂ, ਜਿਨ੍ਹਾਂ ਮੁਤਾਬਿਕ ਮੈਂ ਅੰਗਰੇਜ਼ੀ ਤੋਂ ਪੰਜਾਬੀ ਤੇ ਪੰਜਾਬੀ ਤੋਂ ਅੰਗਰੇਜ਼ੀ ਵਿੱਚ ਅਨੁਵਾਦ ਕਰਨ ਦਾ ਅਭਿਆਸ ਕਰਨ ਲੱਗਾਜਦੋਂ ਟੈਸਟ ਪਾਸ ਕਰ ਲਿਆ ਤਾਂ ਭਾ ਜੀ ਨੇ ਇੰਟਰਵਿਊ ਦੀ ਤਿਆਰੀ ਕਿਵੇਂ ਕਰਨੀ ਹੈ, ਬੋਰਡ ਸਾਹਮਣੇ ਭਰੋਸੇ ਨਾਲ ਕਿਵੇਂ ਗੱਲ ਕਰਨੀ ਹੈ, ਜੋ ਨਹੀਂ ਪਤਾ, ਕਹਿ ਦੇਣਾ ਕਿ ਪਤਾ ਨਹੀਂ ਤੇ ਹੋਰ ਕਿੰਨੇ ਨੁਕਤੇ ਸਮਝਾਏਇਸ ਸਬੱਬ ਨਾਲ ਮੇਰੀ ਐੱਫ.ਸੀ.ਆਈ. ਤੋਂ ਜਾਨ ਛੁੱਟ ਗਈਮੈਂ ਭਾਰਤ ਸਰਕਾਰ ਦੇ ਜਲੰਧਰ ਸਥਿਤ ਪੱਤਰ ਸੂਚਨਾ ਦਫਤਰ (ਪ੍ਰੈੱਸ ਇਨਫਰਮੇਸ਼ਨ ਬਿਊਰੋ) ਵਿੱਚ ਬਤੌਰ ਕਲਾਸ ਟੂ ਨਾਨ-ਗਜ਼ਟਿਡ ਅਫਸਰ ਵਜੋਂ ਜੂਨ 1983 ਵਿੱਚ ਜਾਇਨ ਕਰ ਲਿਆ... ਅੱਤਵਾਦ ਦੀ ਚੜ੍ਹਤ ਦੇ ਦਿਨ-ਜਨਤਾ ਲਈ ਕਾਲਾ ਦੌਰ

ਪੰਜਾਬੀ ਵਿੱਚ ਖ਼ਬਰਾਂ ਦਾ ਅਨੁਵਾਦ, ਵਿਹਲੇ ਵਕਤ ‘ਨਵਾਂ ਜ਼ਮਾਨਾਵਿੱਚ ਕਾਮਰੇਡ ਸੁਰਜਨ ਜ਼ੀਰਵੀ ਕੋਲ ਬੈਠਣ ਨਾਲ ਕੁਝ ਸਵੈ-ਭਰੋਸਾ ਵਧਿਆਉਹ ਲਤੀਫ਼ੇ ਸੁਣਾਉਂਦੇ ਤੇ ਤਾਰਾਂ-ਡਸਪੈਚ ਮੇਰੇ ਵਲ ਵਧਾਉਂਦਿਆਂ ਵਿਅੰਗ ਨਾਲ ਕਹਿੰਦੇ, “ਲੈ ਬਈ ਭੋਗਾਂ (ਪਾਠ-ਭੋਗ) ਦੀਆਂ ਬਣਾ ਖ਼ਬਰਾਂ!”

ਇਸਦੇ ਨਾਲ-ਨਾਲ ਪ੍ਰਸਿੱਧ ਰੂਸੀ ਲੇਖਕ ਅਲੈਕਸਾਂਦਰ ਰਸਕਿਨ ਦੀ ਕਿਤਾਬ ‘ਜਦੋਂ ਡੈਡੀ ਛੋਟਾ ਮੁੰਡਾ ਸੀਦਾ ‘ਨਵਾਂ ਜ਼ਮਾਨਾਵਿੱਚ ਐਤਵਾਰ ਨੂੰ ਲੜੀਵਾਰ ਅਨੁਵਾਦ ਛਪਣ ਲੱਗਾਪਾਠਕਾਂ ਦੀਆਂ ਚਿੱਠੀਆਂ ਤੇ ਨਿੱਜੀ ਮੁਲਾਕਾਤਾਂ ਸਦਕਾ ਮੇਰੇ ਇਸ ਰੁਝਾਨ ਨੂੰ ਹੁਲਾਰਾ ਮਿਲਦਾਖੱਬੇ-ਪੱਖੀ ਵਿਚਾਰਧਾਰਾ, ਉਸ ਨਾਲ ਸੰਬੰਧਤ ਕਿਤਾਬਾਂ ਅਤੇ ਸੋਵੀਅਤ ਯੂਨੀਅਨ ਦੇ ਭੂਗੋਲਿਕ, ਸਭਿਆਚਾਰਕ, ਪ੍ਰਬੰਧਕੀ ਢਾਂਚੇ, ਤੀਜੀ ਜੰਗ (ਸੰਭਾਵੀ), ਵਿਗਿਆਨਕ ਤੇ ਤਕਨੀਕੀ ਤਰੱਕੀ ਦੇ ਵੱਖ-ਵੱਖ ਪਹਿਲੂਆਂ ਬਾਰੇ ਮੇਰੇ ਲੇਖ ‘ਨਵਾਂ ਜ਼ਮਾਨਾਅਤੇ ‘ਅਜੀਤਵਿੱਚ ਛਪਣ ਲੱਗੇਕਈ ਲੇਖਕਾਂ ਨਾਲ ਜਾਣ-ਪਛਾਣ ਹੋਈ ਤੇ ਕਈਆਂ ਨਾਲ ਦੋਸਤੀ ਪਈਕੁਝ ਮੈਂਨੂੰ ਸੋਵੀਅਤ ਯੂਨੀਅਨ ਦਾ ਪ੍ਰਤਿਨਿਧ ਪੱਤਰਕਾਰ ਕਹਿ ਕੇ ਮਖ਼ੌਲ ਕਰਦੇ ਵਿੱਚ-ਵਿਚਾਲੇ ਅੱਤਵਾਦ ਦਾ ਵਿਰੋਧ ਕਰਦੀਆਂ ਕਵਿਤਾਵਾਂ ਤੇ ਚਿੱਠੀਆਂ ਲਿਖਦਾ-ਛਪਵਾਉਂਦਾ

ਰੋਜ਼ਾਨਾ ਕਿਤੇ ਨਾ ਕਿਤੇ ਕੋਈ ਵੱਡਾ ਅਣਮਨੁੱਖੀ ਅੱਤਵਾਦੀ ਕਾਰਾ ਹੋ ਜਾਂਦਾਕੋਈ ਸਰਕਾਰ ਨੂੰ ਦੋਸ਼ੀ ਸਮਝਦਾ ਕਿ ਬੇਵਸੀ ਦੀ ਹਾਲਤ ਕਿਉਂ ਜ਼ਾਹਿਰ ਕਰ ਰਹੀ ਹੈ, ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈਕੋਈ ਕਹਿੰਦਾ ਕਿ ਅੱਤਵਾਦ ਦਾ ਬੂਟਾ ਸਰਕਾਰ ਨੇ ਖ਼ੁਦ ਹੀ ਲਾਇਆ, ਪਾਣੀ ਪਾ-ਪਾ ਵੱਡਾ ਕੀਤਾ, ਜਿਸ ਦਿਨ ਚਾਹੇਗੀ, ਜੜ੍ਹੋਂ ਪੁੱਟ ਦੇਵੇਗੀਕਈ ਨਰਮ-ਗਰਮ ਸਿੱਖ ਜਥੇਬੰਦੀਆਂ ਦੀ ਆਲੋਚਨਾ ਕਰਦੇ ਕਿ ਉਹ ਨਿਰਦੋਸ਼ਾਂ ਦੇ ਕਤਲਾਂ ਦੀ ਨਿੰਦਿਆ ਨਹੀਂ ਕਰਦੇ ਤੇ ਇਸ ਬਹਾਨੇ ਬਰਾਬਰ ਦੇ ਭਾਈਵਾਲ ਹਨਲੋਕਾਂ ਵਿੱਚ ਇੰਨੀ ਹਾਹਾਕਾਰ ਕਿ ਸ਼ਾਮ ਨੂੰ ਅੱਠ ਵਜੇ ਹੀ ਪਿੰਡਾਂ ਦੀਆਂ ਗਲ਼ੀਆਂ ਸੁੰਨੀਆਂ ਹੋ ਜਾਂਦੀਆਂਰਾਤ ਨੂੰ ਗਲੀਆਂ ਵਿੱਚ ਪੈਛੜ ਸੁਣ ਕੇ ਘਰਾਂ ਅੰਦਰ ‘ਬੰਦੀਹੋਏ ਜੀਅ ਚੌਕੰਨੇ ਹੋ ਜਾਂਦੇ

ਖੱਬੀਆਂ ਧਿਰਾਂ ਅਮਨ ਰੈਲੀਆਂ ਵਿੱਚ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਬਰਕਰਾਰ ਰੱਖਣ ਲਈ ਅਪੀਲਾਂ ਕਰਦੀਆਂਸ਼ਹੀਦਾਂ ਦੀਆਂ ਪਾਲਾਂ ਲਾਉਣ ਦੇ ਦਾਹਵੇ ਕਰਦੀਆਂ, ਜਿਨ੍ਹਾਂ ਵਿੱਚੋਂ ਮਾਯੂਸੀ ਤੇ ਲਾਚਾਰੀ ਵੀ ਪ੍ਰਤੱਖ ਝਲਕਦੀ ਦਿਸਦੀਖ਼ੈਰ, ਲੋਕ ਧਰਮ, ਜਾਤ ਤੇ ਹੋਰ ਰੰਜਸ਼ਾਂ ਭੁੱਲ ਕੇ ਇੱਕ ਮਜ਼ਬੂਤ ਏਕੇ ਦਾ ਮੁਜ਼ਾਹਰਾ ਕਰਦੇਸਿੱਖ ਇੱਕ ਵੱਖਰੀ ਕੌਮ', ‘ਖ਼ਾਲਸੇ ਦਾ ਬੋਲਬਾਲ਼ਾ’, ‘ਖ਼ਾਲਸਾ ਰਾਜ’ ਤੇ ‘ਇਕ ਸਿੱਖ ਦੇ ਹਿੱਸੇ ਪੈਂਤੀ ਹਿੰਦੂ ਆਉਂਦੇ ਹਨ’, ‘ਸਿੱਖਾਂ ਦਾ ਧਰਮ ਤੇ ਸਿਆਸਤ ਇੱਕ ਹਨਦੇ ਬਾਵਜੂਦ, ਕਤਲ ‘ਸਕੋਰਦੇ ਉੱਚਾ ਹੁੰਦੇ ਜਾਣ ਦੇ ਬਾਅਦ ਵੀ ਹਿੰਦੂਆਂ-ਸਿੱਖਾਂ ਵਿਚਾਲੇ ਕੋਈ ਲਕੀਰ ਨਜ਼ਰ ਨਾ ਆਉਂਦੀਇਸ ਇਕਜੁੱਟਤਾ ਤੇ ਇਕਮੁੱਠਤਾ ਸਦਕਾ ਖੱਬੀਆਂ ਤਾਕਤਾਂ ਤੇ ਨਿਰਪੱਖ ਸੋਚ ਦੇ ਲੋਕਾਂ ਦਾ ਹੌਸਲਾ ਬੁਲੰਦ ਹੁੰਦਾ ‘ਬੰਦਦੇ ਸੱਦੇ ਕਾਮਯਾਬ ਹੁੰਦੇ

... ਤੇ ਇੱਕ ਦਿਨ ਅਚਾਨਕ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕਦੀ ਮਹਿਸੂਸ ਹੋਈ ਜਦੋਂ ਮੇਰੇ ਗਿਆਰ੍ਹਵੀਂ ਤੋਂ ਐੱਮ.ਏ. ਤਕ ਜਮਾਤੀ ਰਹਿ ਚੁੱਕੇ ਗੂੜ੍ਹੇ ਮਿੱਤਰ ਨੇ ਬੜੇ ਠਰ੍ਹੰਮੇ ਨਾਲ ਆਖਿਆ, “ਖ਼ਾਲਿਸਤਾਨ ਬਣ ਗਿਆ ਤਾਂ ਸਾਡੇ ਵਰਗੇ ਜੱਟਾਂ ਨੇ ਡੀ.ਸੀ., ਐੱਸ.ਪੀ. ਲੱਗਣਾ! ਸਿੱਖਾਂ ’ਚੋਂ ਕਿੰਨੇ ਕੁ ਲੋਕ ਪੜ੍ਹੇ-ਲਿਖੇ ਆ? ਖ਼ਾਲਸਾ ਰਾਜ ਦੀ ਸਥਾਪਨਾ ਲਈ ਸਾਨੂੰ ਸਭ ਨੂੰ ਮਦਦ ਕਰਨੀ ਚਾਹੀਦੀ ਹੈਤੇ ਇਹ ਕੋਈ ਲਾਲਚ ਨਹੀਂ, ਆਪਣੀ ਤਾਂ ਪਹਿਲਾਂ ਹੀ ਪੈਲ਼ੀ ਬਥੇਰੀ ਆ, ਵੱਡਾ ਭਰਾ ਐੱਮ.ਬੀ.ਬੀ.ਐੱਸ. ਆਉਹਦੇ ਘਰੋਂ ਸਾਡੀ ਭਰਜਾਈ ਵੀ ਡਾਕਟਰ ਆਅਸੀਂ ਹੋਰ ਵੱਡੇ ਅਫਸਰ ਬਣ ਜਾਵਾਂਗੇ ...।”

ਇਸ ਉਪਰੰਤ ਮੈਂ ਉਸ ਮਿੱਤਰ ਵਿੱਚ ਕੋਈ ਖ਼ਾਸ ਦਿਲਚਸਪੀ ਨਾ ਲਈ ਪਰ ਇੱਕ ਦਿਨ ਆਪਣੇ ਨਾਨਕਿਆਂ ਤੋਂ ਮੁੜਦਿਆਂ ਉਹਦੇ ਘਰ ਕੋਲੋਂ ਲੰਘਦਿਆਂ ਮੇਰਾ ਭਾਵੁਕ ਮੋਹ ਜਾਗ ਪਿਆ ਤੇ ਸਾਇਕਲ ਉਨ੍ਹਾਂ ਦੇ ਵਿਹੜੇ ਜਾ ਖੜ੍ਹਾ ਕੀਤਾਮਿੱਤਰ ਘਰ ਨਹੀਂ ਸੀ, ਉਹਦਾ ਭਰਾ ਮਿਲਿਆਮੈਂ ਸਹਿਜ ਹੀ ਪੁੱਛਿਆ, “ਡਾਕਟਰ ਸਾਹਬ ਤੇ ਡਾਕਟਰਨੀ ਭਰਜਾਈ ਅੱਜ ਕਿੱਥੇ ਆ? ਦਿਸਦੇ ਨਹੀਂ! ਛੁੱਟੀ ਵਾਲੇ ਦਿਨ ਤਾਂ ...।”

ਡਾਕਟਰ? ਭਾ ਜੀ ਤਾਂ ਕੰਪਾਊਂਡਰ ਆ ਤੇ ਭਰਜਾਈ ਮਾਹਟਰਨੀ ਆ ...।” ਉਸ ਨੇ ਵਿੱਚੋਂ ਟੋਕਦਿਆਂ ਅੱਗੋਂ ਭੋਲੇ-ਭਾਅ ਦੱਸਿਆ

ਯਾਰ ਤੇਰੀ ਨੌਕਰੀ ਦਾ ਕੀ ਬਣਿਆ? ... ਚੱਲ ਧੁਆਡੀ ਪੈਲ਼ੀ ਬਥੇਰੀ ਆ, ਨੌਕਰੀ ਮਿਲ ਗਈ ਤਾਂ ਹੋਰ ਵਧੀਆ।” ਮੈਂ ਗੱਲ ਬਦਲੀ ਤੇ ਆਪਣੀ ਜ਼ਬਾਨ ਉੱਤੇ ਪੂਰਾ ਕਾਬੂ ਰੱਖਿਆ

ਭਾ ਜੀ, ਆਪਣੇ ਬਾਤ੍ਹੀਆਂ (ਪਛੜੀਆਂ ਜਾਤੀਆਂ) ਦੀਆਂ ਕਿਹੜੀਆਂ ਪੈਲ਼ੀਆਂ? ਸਾਨੂੰ ਚਹੁੰ ਭਰਾਵਾਂ ਨੂੰ ਚਾਰ-ਚਾਰ ਕਨਾਲੀਂ ਵੀ ਹਿੱਸੇ ਨਹੀਂ ਆਉਂਦੀ!”

ਬਾਤ੍ਹੀ?

ਆਹੋ! ਬਾਤ੍ਹੀ ਆਪਣੇ ਇੱਧਰ ਘੱਟ ਆ, ਕੰਢੀ ਇਲਾਕੇ ਵਿੱਚ ਬਾਹਲੇ ਆ!” ਸਚਾਈ ਤੇ ਸਪਸ਼ਟਤਾ ਭਰੇ ਨਿਰਛਲ ਇਹ ਬੋਲ ਸੁਣ ਕੇ ਮੈਂ ਹੈਰਾਨ ਰਹਿ ਗਿਆ ਤੇ ਰੌਸ਼ਨਦਾਨ ਥਾਣੀਂ ਛਣ ਕੇ ਕਮਰੇ ਅੰਦਰ ਆਈ ਧੁੱਪ ਵਾਂਗ ਇਕਦਮ ਮੇਰੀਆਂ ਅੱਖਾਂ ਮੋਹਰੇ ਉਹ ਦਿਨ ਆ ਗਿਆ ਜਦੋਂ ਮੇਰੇ ਮਿੱਤਰ ਨੇ ਲਾਇਲਪੁਰ ਖ਼ਾਲਸਾ ਕਾਲਜ ਵਿੱਚ ਪੜ੍ਹਦੀ ਸਾਡੀ ਸਹਿਪਾਠੀ ਕੁੜੀ ਨੂੰ ਆਪਣੇ ਜੱਟ ਹੋਣ ਤੇ ਚੰਗੇ-ਖ਼ਾਸੇ ਜ਼ਿਮੀਂਦਾਰ ਹੋਣ ਦਾ ਲੰਮਾ ਵੇਰਵਾ ਦਿੱਤਾ ਸੀ

ਮੈਂਨੂੰ ਲੱਗਿਆ ਕਿ ਸਮਾਜ ਦੀਆਂ ਨਜ਼ਰਾਂ ਵਿੱਚ ਜਨਮ-ਜਾਤ ਤੋਂ ਉੱਚਾ-ਸੁੱਚਾ ਹੋਣ ਦਾ ਢੌਂਗ ਰਚ ਕੇ ਮੇਰਾ ਉਹ ਮਿੱਤਰ ਕਿਵੇਂ ‘ਹੀਣਤਾਦਾ ਬੋਝ ਢੋਅ ਰਿਹਾ ਹੈਦੋਹਰੀ ਜ਼ਿੰਦਗੀ ਜਿਊਂਦਾ ਪਲ-ਪਲ ਮਰ ਰਿਹਾ ਹੈ ਤੇ ਪਲ-ਪਲ ਬਨਾਵਟੀ ਜ਼ਿੰਦਗੀ ਜਿਉਂ ਰਿਹਾ ਹੈਮੈਂ ਸੋਚਦਾ, ਪਿਛੜੀਆਂ ਜਾਤੀਆਂ ਨੂੰ ਅਛੂਤ ਜਾਤੀਆਂ ਨਾਲ ਮਿਲ ਕੇ ਚੱਲਣ ਦੀ ਲੋੜ ਹੈਸਮਾਜਿਕ ਪਰਿਵਰਤਨ ਇਨਕਲਾਬ ਦਾ ਹੀ ਦੂਜਾ ਨਾਂ ਹੈਉਨ੍ਹਾਂ ਤਾਕਤਾਂ ਨੂੰ ਮਿਲ ਕੇ ਸੱਟ ਮਾਰੇ ਜਾਣ ਦੀ ਲੋੜ ਹੈ ਜੋ ਵਰਤਮਾਨ ਸਮਾਜਿਕ ਵਿਵਸਥਾ ਅਤੇ ਸਥਿਤੀਆਂ ਨੂੰ ਜਿਉਂ ਦਾ ਤਿਉਂ ਰੱਖਣ ਲਈ ਹਰ ਹੀਲਾ-ਵਸੀਲਾ ਵਰਤ ਰਹੀਆਂ ਹਨ

ਜ਼ਰਾ ਕੁ ਪਿੱਛੋਂ ਮੈਂਨੂੰ ਪੰਦਰ੍ਹਵੀਂ ਸਦੀ ਦੇ ਪ੍ਰਸਿੱਧ ਜਰਮਨ ਵਿਦਵਾਨ ਤੇ ਸਮਾਜ ਸੁਧਾਰਕ ਮਾਰਟੀਨ ਲੂਥਰ ਦਾ ਖ਼ਿਆਲ ਆਇਆ ਜਿਸ ਨੇ ਪੋਪ-ਪਦ ਨੂੰ ਸੰਸਾਰਕਤਾ ਨਾਲ ਗੂੜ੍ਹੀ ਤਰ੍ਹਾਂ ਓਤਪੋਤ ਦੇਖਿਆ ਸੀਸਿੱਟੇ ਵਜੋਂ ਉਸ ਨੇ ਪੋਪ ਤੇ ਪਾਦਰੀਆਂ ਦੀ ਵਿਸ਼ੇਸ਼ ਰੂਹਾਨੀ ਰਹਿਬਰੀ ਤੇ ਧਰਮ-ਗ੍ਰੰਥ ਦੀ ਵਿਆਖਿਆ ਦੀ ਅਥਾਰਿਟੀ ਨੂੰ ਲਲਕਾਰਦਿਆਂ 95 ਥੀਸਿਸ ਪੇਸ਼ ਕਰਕੇ ਉਸ ਨੂੰ ਮੁਕੰਮਲ ਤੌਰ ’ਤੇ ਰੱਦ ਕਰ ਦਿੱਤਾ ਸੀ

ਵਾਰ-ਵਾਰ ਖ਼ਿਆਲ ਉਪਜਦਾ ਕਿ ਸਾਡੇ ਮੁਲਕ ਵਿੱਚ ਧਰਮ ਅਤੇ ਰੂਹਾਨੀਅਤ ਦੇ ਨਾਂ ’ਤੇ ਵੰਡੇ ਜਾ ਰਹੇ ਅੰਧ ਵਿਸ਼ਵਾਸ, ਬੁੱਧੀ ਦੇ ਵਿਕਾਸ ਨੂੰ ਮਾਰੇ ਜਾ ਰਹੇ ਬੰਨ੍ਹ, ਅਗਲੇ-ਪਿਛਲੇ ਜਨਮਾਂ ਦੇ ਫਲ ਵਜੋਂ ਊਚ-ਨੀਚ ਤੋਂ ਛੁਟਕਾਰਾ ਪੁਆਉਣ ਹਿਤ ਕੌਣ ਅੱਗੇ ਆਵੇਗਾ? ਇਉਂ ਮੇਰੀਆਂ ਸੋਚਾਂ ਦੀਆਂ ਸੂਈਆਂ ਦੌੜਦੀਆਂ-ਦੌੜਦੀਆਂ ਡਾ. ਅੰਬੇਡਕਰ ਤੇ ਡਾ. ਰਾਮਾਸਵਾਮੀ ਨਾਇਕਰ ਪੇਰੀਆਰ ਉੱਤੇ ਜਾ ਰੁਕਦੀਆਂ

ਪਹਿਲਾਂ ਚੱਲ ਰਿਹਾ ਵਿਚਾਰ ਫਿਰ ਭਾਰੂ ਹੋ ਗਿਆ... ਤੇ ਹਾਂ ਦਹਿਸ਼ਤਗਰਦੀ ਦੇ ਇਸ ਭਰਾ-ਮਾਰੂ ਦੌਰ ਵਿੱਚ ਇੱਕ ਹੋਰ ਅਜਿਹਾ ਹਾਦਸਾ ਵਾਪਰ ਗਿਆ ਜਿਸ ਨੇ ਮੇਰੀ ਰਾਤਾਂ ਦੀ ਨੀਂਦ ਉੱਤੇ ਹਮਲਾ ਕੀਤਾ ਜਦੋਂ ਸਾਡੀ ਇੱਕ ਰਿਸ਼ਤੇਦਾਰ ਨੇ ਆ ਕੇ ਦੱਸਿਆ, “ਸਰਦਾਰਨੀ, ਜਿਹਦੇ ਮੈਂ ਗੋਹਾ-ਕੂੜਾ ਚੁੱਕਦੀ ਆਂ, ਇੱਕ ਦਿਨ ਬੜੀ ਖ਼ੁਸ਼ ਹੋ ਕੇ ਮੈਂਨੂੰ ਕਹਿਣ ਲੱਗੀ, ਭੈਣੇ ਖ਼ਾਲਿਸਤਾਨ ਹੁਣ ਬਣਿਆ ਸਮਝ, ਮੌਜਾਂ ਲੱਗ ਜਾਣੀਆਂ, ਹਿੰਦੂ ਇੱਥੋਂ ਚਲੇ ਜਾਣੇ ਆ ਪਰ ਤੁਸੀਂ ਸਾਡੇ ਨਾਲ ਖ਼ਾਲਿਸਤਾਨ ਵਿੱਚ ਈ ਰਹਿਓ!”

ਅਸੀਂ ਪੂਰੇ ਗਹੁ ਨਾਲ ਸੁਣ ਰਹੇ ਸੀਸਾਡੀਆਂ ਨਜ਼ਰਾਂ ਉਸ ਵਲ ਉਤਸੁਕਤਾ ਤੇ ਸਵਾਲੀਆ ਨਿਸ਼ਾਨ ਨਾਲ ਭਰੀਆਂ ਇੱਕ ਟੱਕ ਦੇਖ ਰਹੀਆਂ ਸਨਉਹਨੇ ਗੱਲ ਦਾ ਸਿਰਾ ਫਿਰ ਫੜਿਆ, “ਮੈਂ ਕਿਹਾ, ਸਰਦਾਰਨੀਏ ਧੁਆਨੂੰ ਤਾਂ ਮੌਜਾਂ ਲੱਗ ਜਾਣਗੀਆਂ, ਕੋਈ ਜਮੀਨ ਸਾਡੇ ਨਾਂ ਬੀ ਲੱਗ ਜਾਊ? ਨਾਲ਼ੇ ਸਾਨੂੰ ਕਾਹਨੂੰ ਗੱਲੀਂ-ਗੱਲੀਂ ਮਜਬੂਰ ਕਰਦੀ ਆਂ ਪਈ ਖ਼ਾਲਸਤਾਨ ਬਣੇ ਤਾਂ ਅਸੀਂ ਧੁਆਡੇ ਨਾਲ ਰਹੀਏ ? ਸਾਡੇ ਲਈ ਤਾਂ ਹਿੰਦੂ-ਸਿੱਖ ਇੱਕੋ ਜਿਹੇ ਈ ਆਬਹੁਤਾ ਪਿਆਰ ਏ ਸਰਦਾਰਨੀਏ ...”

ਫਿਰ?” ਅਸੀਂ ਕਾਹਲੀ ਨਾਲ ਪੁੱਛਿਆ

ਫਿਰ ਕੀ? ... ਕਹਿੰਦੀ, ਭੈਣੇ, ਪਿਆਰ ਕਰ ਕੇ ਕਹਿੰਨੀ ਪਈ ਆਂ, ਖ਼ਾਲਿਸਤਾਨ ਵਿੱਚ ਸਾਡਾ ਗੋਹਾ-ਕੂੜਾ ਕੌਣ ਚੁੱਕੂ!”

ਮੈਂਨੂੰ ਜਿਨਾਹ ਦੀ ਉਹ ਗੱਲ ਚੇਤੇ ਆ ਗਈ ਜਦੋਂ ਦੇਸ਼ ਦੀ ਵੰਡ ਵੇਲੇ ਉਸ ਨੇ ਇੱਕ ਮੀਟਿੰਗ ਵਿੱਚ ਅਛੂਤਾਂ ਦੀ ਸਮੱਸਿਆ ਬਾਰੇ ਬੋਲਦਿਆਂ ਆਖਿਆ ਸੀ ਕਿ ਉਨ੍ਹਾਂ ਦੀ ਆਬਾਦੀ ਅੱਧੀ-ਅੱਧੀ ਵੰਡ ਲੈਣੀ ਚਾਹੀਦੀ ਹੈ ਤੇ ਇਸ ਗੱਲ ਦੇ ਅਰਥ ਮੈਂਨੂੰ ਕਾਫ਼ੀ ਚਿਰ ਬਾਅਦ ਸਮਝ ਆਏ ਸਨ

ਦੂਜੇ-ਚੌਥੇ ਦਿਨ ਅਜਿਹੀਆਂ ਗੱਲਾਂ ਸੁਣਦਿਆਂ-ਦੇਖਦਿਆਂ ਮੈਂ ਪਰੇਸ਼ਾਨ ਹੋ ਕੇ ਰਹਿ ਜਾਂਦਾਪਾਰਟੀ ਦੀਆਂ ਅਮਨ ਰੈਲੀਆਂ, ਸ਼ਹੀਦਾਂ ਦੀਆਂ ਪਾਲਾਂ ਲਾਉਣ ਦੇ ਫ਼ੈਸਲੇ, ਵਾਰ-ਵਾਰ ਬੰਦ ਦੇ ਸੱਦੇ, ਜੁਝਾਰੂ ਦਸਤੇ ਬਣਾਉਣ ਲਈ ਕਿਸੇ ਦੀ ਕੋਈ ਚਿੰਤਾ ਨਹੀਂ, ਨਿਰਦੋਸ਼ਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਰਕਾਰ ਉੱਤੇ ਨਿਰਭਰਤਾ ਵਰਗੇ ਮੁੱਦਿਆਂ ਬਾਰੇ ਸਾਧਾਰਣ ਸੋਚ ਵਾਲੇ ਮੇਰੇ ਵਰਗੇ ਸਾਥੀ ਵਿਚਾਰਾਂ ਕਰਦੇਪਾਰਟੀ ਲੀਡਰਸ਼ਿੱਪ ਇਨ੍ਹਾਂ ਜਥੇਬੰਦੀਆਂ ਨੂੰ ਫਿਰਕੂ ਤਾਕਤਾਂ, ਪੂੰਜੀਵਾਦੀ ਤਾਕਤਾਂ ਦੇ ਢਹੇ ਚੜ੍ਹੀਆਂ ਤੇ ਇਨਕਲਾਬ ਦੇ ਰਾਹ ਵਿੱਚ ਅੜਿੱਕਾ ਦੱਸਦੀ

ਬੁਲੰਦ ਹੌਸਲਾ, ਦ੍ਰਿੜ੍ਹ ਨਿਸਚਾ ਹੋਣ ’ਤੇ ਵੀ ਮੇਰੇ ਮਨ ਅੰਦਰ ਕਦੀ-ਕਦੀ ਨਿਰਾਸ਼ਾ ਉਪਜਦੀ ਜਿਸਦਾ ਅਸੀਂ ਕਦੇ ਕਿਸੇ ਸਾਹਮਣੇ ਪ੍ਰਗਟਾਵਾ ਨਾ ਕਰਦੇਪਰ ਪੰਜਾਬ ਤੇ ਸਮੁੱਚੇ ਭਾਰਤ ਨੂੰ ਦਰਪੇਸ਼ ਇਸ ਖ਼ੌਫ਼ਨਾਕ ਤੇ ਦਹਿਸ਼ਤਗਰਦੀ ਦੇ ਹਾਲਾਤ ਵਿੱਚੋਂ ਛੇਤੀ ਨਿਕਲਦੇ ਦੇਖਣ ਬਾਰੇ ਵਿਚਾਰਾਂ ਕਰਦੇਦੁਨੀਆਂ ਦੀਆਂ ਖਾੜਕੂ ਜਥੇਬੰਦੀਆਂ ਦੀਆਂ ਸਰਗਰਮੀਆਂ ਦਾ ਅਤੇ ਇੱਥੋਂ ਦੀ ਬੁਰਸ਼ਾਗਰਦੀ, ਧੀਆਂ-ਭੈਣਾਂ ਦੀ ਇੱਜ਼ਤ ਮਹਿਫ਼ੂਜ਼ ਨਾ ਰਹਿਣ, ਧਰਮ ਆਧਾਰਤ ਰਾਜਨੀਤੀ ਵਾਲੇ ਦਲਾਂ ਵਲੋਂ ਕਤਲਾਂ ਤੇ ਸਮੂਹਕ ਕਤਲਾਂ ਦੀ ਨਿੰਦਾ ਨਾ ਕਰਨ ਆਦਿ ਦੀ ਤੁਲਨਾ ਮਨ ਵਿੱਚ ਹੁੰਦੀ ਰਹਿੰਦੀ

ਗੂੜ੍ਹੇ ਦੋਸਤਾਂ ਤੇ ਸਾਥੀਆਂ ਦੇ ਕਤਲਾਂ ਨੇ ਮੈਂਨੂੰ ਆਸ਼ਾ-ਨਿਰਾਸ਼ਾ ਦੀਆਂ ਸੋਚਾਂ ਦੇ ਘਣੇਰੇ ਜੰਗਲਾਂ ਵਿੱਚ ਧੱਕ ਦਿੱਤਾਖੱਬੇ ਪੱਖੀ ਪਾਰਟੀਆਂ ਦੇ ਕੰਮ ਦੇ ਤਰੀਕੇ ਨੇ ਬਹੁਤ ਸਾਰੇ ਕਾਰਕੁੰਨਾਂ ਨੂੰ ਪਹਿਲਾਂ ਹੀ ਉਪਰਾਮ ਕੀਤਾ ਹੋਇਆ ਸੀਕੋਈ ਸਾਥੀ ਭਾਰਤੀ ਕਮਿਊਨਿਸਟ ਪਾਰਟੀ ਤੋਂ ਟੁੱਟ ਕੇ ਮਾਰਕਸੀ ਪਾਰਟੀ ਵਿੱਚ ਚਲਾ ਜਾਂਦਾ ਤੇ ਕੋਈ ਉੱਧਰੋਂ ਇੱਧਰਰੂਸ ਵਿੱਚ ਜ਼ਾਰਸ਼ਾਹੀ ਦੀਆਂ ਚਾਲਾਂ ਚਲਾਉਣ ਤੇ ਫਿਰ ਖਾਤਮੇ ਲਈ ਉੱਥੋਂ ਦੀਆਂ ਛੋਟੀਆਂ-ਵੱਡੀਆਂ ਕਮਿਊਨਿਸਟ ਪਾਰਟੀਆਂ ਵਲੋਂ ਮਿਲ ਕੇ ਕੀਤੇ ਸੰਘਰਸ਼ ਦਾ ਖ਼ਿਆਲ ਆਉਂਦਾਸੋਚਦਾ, ਸਾਡੀਆਂ ਖੱਬੀਆਂ ਧਿਰਾਂ ਸੰਜੀਦਾ ਤੇ ਇਮਾਨਦਾਰ ਹੋ ਕੇ ਲੋਕਾਂ ਨੂੰ ਸੇਧ ਦੇਣ, ਹੈਂਕੜਬਾਜ਼ੀ ਦਾ ਤਿਆਗ ਕਰਨ

ਇਨ੍ਹਾਂ ਅਨਿਸ਼ਚਿਤ ਹਾਲਾਤ ਤੇ ਸ਼ਸ਼ੋਪੰਜ ਭਰੇ ਦਿਨਾਂ ਵਿੱਚ ਨਿਕੋਲਾਈ ਉਸਤ੍ਰੋਵਸਕੀ ਦਾ ਸੰਸਾਰ ਪ੍ਰਸਿੱਧ ਨਾਵਲ ‘ਕਬਹੂ ਨ ਛਾਡੈ ਖੇਤੁਕਿਤਾਬਾਂ ਫ਼ੋਲਦਿਆਂ ਇੱਕ ਵਾਰ ਮੇਰੀ ਨਜ਼ਰੀਂ ਚੜ੍ਹਿਆ ਜਿਸਦਾ ਅਨੁਵਾਦ ਡਾ. ਕਰਨਜੀਤ ਸਿੰਘ ਦਾ ਕੀਤਾ ਹੋਇਆ ਹੈਸਵੈਜੀਵਨੀ ਆਧਾਰਤ ਇਸ ਨਾਵਲ ਨੇ ਮੈਂਨੂੰ ਨਵੇਂ ਸਿਰਿਓਂ ਸੇਧ ਦਿੱਤੀਹਰ ਹਾਲਤ ਵਿੱਚ ਬੁਲੰਦ ਹੌਸਲਾ, ਲੋਕਾਂ ਖ਼ਾਤਰ ਲਗਾਤਾਰ ਜੂਝਣਾ, ਦੇਸ਼ ਵਾਸਤੇ ਮਰ ਮਿਟਣ ਦੀ ਭਾਵਨਾ ਤੇ ਨਵੇਂ ਵਿਚਾਰਾਂ ਦੀ ਤਲਾਸ਼ ਨੇ ਮੇਰੇ ਅੰਦਰ ਅਥਾਹ ਊਰਜਾ ਭਰੀਢਹਿੰਦੀਆਂ ਕਲਾਂ ਵਲ ਜਾ ਰਹੇ ਆਦਮੀ ਨੂੰ ਮੁੜ ਖੜ੍ਹਾ ਕਰਨ ਦੀ ਤਾਕਤ ਤੇ ਸਮਰੱਥਾ ਰੱਖਦੀ ਇਹ ਰਚਨਾ ਮੇਰੀ ਪ੍ਰੇਰਨਾ ਦਾ ਵੱਡਾ ਵਸੀਲਾ ਬਣ ਗਈ

ਇਸ ਨਾਵਲ ਦੇ ਬਹੁਤ ਸਾਰੇ ਵਿਚਾਰਾਂ ਨੂੰ ਮੈਂ ਆਪਣੇ ਦੋਸਤਾਂ ਨਾਲ ਸਾਂਝੇ ਕਰਦਾਪੱਲਿਓਂ ਪੈਸੇ ਖ਼ਰਚ ਕੇ ਇਸਦੀਆਂ ਸੱਤ-ਅੱਠ ਕਾਪੀਆਂ ਖ਼ਰੀਦੀਆਂ ਤੇ ਕਈਆਂ ਨੂੰ ਪੜ੍ਹਾਇਆਕਾਮਰੇਡ ਪ੍ਰਸ਼ੋਤਮ ਸ਼ਰਮਾ ਨੇ ਆਪਣੇ ਨਵੇਂ ਜੰਮੇ ਪੁੱਤ ਦਾ ਨਾਂ ਪਵੇਲ ਤੇ ਧੀ ਦਾ ਨਾਂ ਤੋਨੀਆ ਰੱਖ ਲਿਆਮਿਸਰਦੀਪ ਭਾਟੀਆ ਨੇ ਆਪਣੇ ਪੁੱਤ ਦਾ ਨਾਂ ਪਵੇਲ ਰੱਖਿਆ

ਜਦੋਂ ਇਕੱਲਾ ਹੁੰਦਾ ਤਾਂ ਮੈਂ ਸੋਚਦਾ, ਦੁਨੀਆਂ ਉਮੀਦ ’ਤੇ ਚੱਲਦੀ ਹੈਘੱਟੋ-ਘੱਟ ਨਿਕੋਲਾਈ ਉਸਤ੍ਰੋਵਸਕੀ ਦੀ ਭਾਵਨਾ ਨੂੰ ਬਰਕਰਾਰ ਰੱਖਣ ਲਈ ਸਾਡੀ ਮੌਜੂਦਾ ਤੇ ਨਵੀਂ ਪੀੜ੍ਹੀ ਜ਼ਰੂਰ ਤਿਆਰ ਹੋਵੇਗੀ

**

(ਅਗਾਂਹ ਪੜ੍ਹੋ: ਕਾਂਡ ਅਠਾਰ੍ਹਵਾਂ: ਦਿੱਲੀ ਲਈ ਰਵਾਨਗੀ)

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2651)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਬਲਬੀਰ ਮਾਧੋਪੁਰੀ

ਬਲਬੀਰ ਮਾਧੋਪੁਰੀ

Delhi, India.
Phone: (011 - 91 - 93505 - 48100)

Email: (bmadhopuri@yahoo.in)

More articles from this author