BalbirMadhopuri7ਵਿਹੜੇ-ਮੁਹੱਲੇ ਦੇ ਲੋਕ ਘਰਾਂ ਤੋਂ ਬਾਹਰ ਨਿਕਲ ਆਏ। ਕਿਸੇ ਨੇ ਸਿਰ ਉੱਤੇ ਚਾਦਰ ...
(25 ਅਕਤੂਬਰ 2020)

 

ਰੱਬਾ ਰੱਬਾ ਮੀਂਹ ਵਰ੍ਹਾ, ਸਾਡੀ ਕੋਠੀ ਦਾਣੇ ਪਾ।
ਕਾਲੀਆਂ ਇੱਟਾਂ ਕਾਲੇ ਰੋੜ, ਮੀਂਹ ਵਰ੍ਹਾ ਦੇ ਜ਼ੋਰੋ-ਜ਼ੋਰ।

ਸਕੂਲ ਦੀ ਪੜ੍ਹਾਈ ਲਈ ਲੱਗੀ ਕਿਤਾਬ ਵਿੱਚੋਂ ਯਾਦ ਕੀਤੀਆਂ ਉਤਲੀਆਂ ਕਾਵਿ-ਤੁਕਾਂ ਸਾਡੇ ਮੁਹੱਲੇ ਦੇ ਨਿਆਣਿਆਂ ਦੀ ਟੋਲੀ ਕਦੀ ਕਿਸੇ ਗਲ਼ੀ ਤੇ ਕਦੀ ਕਿਸੇ ਗਲ਼ੀ ਵਿਚ ਦੁੜੰਗੇ ਮਾਰਦੀ ਇਕ ਆਵਾਜ਼ ਵਿਚ ਬੋਲਦੀ ਲੰਘਦੀ। ਅਸੀਂ ਧਰਤੀ ਉੱਤੇ ਦੌੜਦੇ ਤੇ ਬੱਦਲ ਅਸਮਾਨ ਵਿਚ। ਉਤਾਂਹ ਨੂੰ ਦੇਖਦੇ ਤਾਂ ਇਉਂ ਲਗਦਾ ਜਿਵੇਂ ਬੱਦਲ-ਬੱਦਲੀਆਂ ਨੇ ਸਾਡੇ ਵਾਂਗ ਇੱਕ-ਦੂਜੇ ਤੋਂ ਅੱਗੇ ਭੱਜ ਨਿਕਲਣ ਦੀ ਬੁਰਦ ਲਾਈ ਹੋਵੇ। ਬਹੁਤੀ ਵਾਰ ਅਸਮਾਨ ਵਿਚਲੇ ਬੱਦਲਾਂ ਨੂੰ ਦੇਖਦਿਆਂ ਸਾਨੂੰ ‘ਕਾਲੀਆਂ ਇੱਟਾਂ ਕਾਲੇ ਰੋੜ ...,’ ਦੀਆਂ ਤੁਕਾਂ ਕੁਝ ਚਿਰ ਲਈ ਵਿਸਰ ਜਾਂਦੀਆਂ ਅਤੇ ਆਪਣਾ-ਆਪ ਭੁੱਲ ਜਾਂਦਾ। ਅਕਸਰ ਵਣ੍ਹਿਆਂ (ਮੁਸਲਮਾਨ ਪਰਿਵਾਰਾਂ ਦੇ ਲਹਿੰਦੇ ਪੰਜਾਬ ਚਲੇ ਜਾਣ ਕਾਰਣ ਉਜਾੜ ਵਿਚ ਬਦਲ ਚੁੱਕਾ ਕਬਰਸਤਾਨ ਜਿੱਥੇ ਵਣ੍ਹਾ, ਨੜਾ, ਸਰਵਾੜ੍ਹ, ਭੰਗ ਤੇ ਹੋਰ ਕਈ ਬੂਟੇ ਉੱਗੇ ਹੁੰਦੇ ਸਨ।) ਕੋਲ ਫਿਰਨੀ ਉੱਤੇ ਸਾਡੀ ਢਾਣੀ ਖੜ੍ਹੀ ਹੋ ਕੇ ਗੱਲਾਂ ਕਰਦੀ:

ਬੱਦਲਾਂ ਨੂੰ ਸਾਡੀ ‘ਵਾਜ ਨਈਂ ਸੁਣੀ ਹੋਣੀ! ਨਹੀਂ ਤਾਂ ਉਨ੍ਹਾਂ ਨੇ ਏਥੇ ਹੀ ਵਰ੍ਹ ਜਾਣਾ ਸੀ ...!’

ਦੇਖੋ ਬੱਦਲ ਕਿੱਦਾਂ ਪਾਣੀ ਢੋਈ ਜਾਂਦੇ ਆ! ਆਪਣੇ ਤੋਂ ਮੋਹਰੇ ਗਿਆਂ ਨੂੰ ਪਾਣੀ ਦੇ ਕੇ ਫਿਰ ਆ ਜਾਂਦੇ ਆ, ਹੋਰ ਪਾਣੀ ਲੈਣ!’

ਅਜੇ ਦੂਰ ਆਲਿਆਂ ਲਈ ਢੋਂਦੇ ਆ - ਸਾਡੀ ਨੇੜੇ ਆਲਿਆਂ ਦੀ ਬਾਰੀ ਬਾਅਦ ‘ਚ ਆਊ!’

ਇਸੇ ਦੌਰਾਨ ਕਈ ਵਾਰ ਦੂਰ ਚੜ੍ਹਦੇ ਜਾਂ ਲਹਿੰਦੇ ਪਾਸੇ ਬੁੱਢੀ ਮਾਈ ਦੀ ਸਤਰੰਗੀ ਪੀਂਘ ਬਹੁਤ ਵੱਡੀ ਚਾਪ ਦੇ ਆਕਾਰ ਦੀ ਦਿਸਦੀ। ਅਸੀਂ ਰੰਗਾਂ ਦੇ ਨਾਂ ਬੋਲ-ਬੋਲ ਗਿਣਦੇ। ਸਭ ਤੋਂ ਪਹਿਲਾਂ ਜਾਮਣੀ, ਫਿਰ ਗੂੜ੍ਹਾ ਨੀਲਾ, ਨੀਲਾ, ਹਰਾ, ਪੀਲਾ, ਸੰਤਰੀ ਤੇ ਇਨ੍ਹਾਂ ਸਾਰਿਆਂ ਤੋਂ ਉੱਤੇ ਲਾਲ। ਆਮ ਤੌਰ ’ਤੇ ਅਸੀਂ ਬੇਵਾਕ ਤੇ ਹੈਰਾਨ ਹੋ ਕੇ ਰਹਿ ਜਾਂਦੇ ਕਿ ਰੰਗ ਅਸਮਾਨ ਵਿਚ ਕਿਵੇਂ ਚੜ੍ਹ ਗਏ! ਫਿਰ ਸਾਡੇ ਵਿੱਚੋਂ ਕੋਈ ਦੰਦਾਂ ਵਿਚਾਲੇ ਉਂਗਲ ਲੈ ਕੇ ਕਹਿੰਦਾ, ‘ਬੁੱਢੀ ਮਾਈ ਕੋਲ ਏਨੇ ਈ ਰੰਗ ਹੋਣੇ ਆ।

ਇਹ ਸਾਰੇ ਸੂਰਜ ਦੇ ਰੰਗ ਆ।' ਫੁੰਮ੍ਹਣ ਤੋਂ ਸੁਣਿਆ ਮੈਂ ਦੱਸਿਆ। ਸਾਰੀ ਟੋਲੀ ਦਾ ਖਲਾਅ ਵਿਚ ਇਕ ਨਿੱਕਾ ਜਿਹਾ ਹਾਸਾ ਉੱਚਾ ਹੋਇਆ। ਮੈਂ ਫਿਰ ਆਖਿਆ, ‘ਫੁੰਮ੍ਹਣ ਦੱਸਦਾ ਸੀ ਪਈ ਇਨ੍ਹਾਂ ਸਾਰੇ ਰੰਗਾਂ ਦਾ ਇਕ ਰੰਗ ਆ - ਧੁੱਪ।’

ਸਾਨੂੰ ਤਾਂ ਧੁੱਪ ਤੋਂ ਬਗੈਰ ਕੋਈ ਰੰਗ ਨਈਂ ਦਿਸਦਾ!’

ਕਹਿੰਦੇ ਮੋਟੇ ਤਿਕੋਨੇ ਸ਼ੀਸ਼ੇ ਥਾਣੀਂ ਰੰਗ ਦਿਸਣ ਲੱਗ ਪੈਂਦੇ ਆ।’ ਮੈਂ ਸੁਣਿਆ ਹੋਇਆ ਹੋਰ ਦੱਸਿਆ।

ਐਮੀਂ ਯਭਲੀਆਂ ਮਾਰਨ ਡਿਹਾ ਆ - ਚਲੋ ਔਹ ਪਹਾੜ ਦੇਖੀਏ।' ਮੈਂ ਇਹ ਸੁਣ ਕੇ ਨਿੰਮੋਝੂਣਾ ਜਿਹਾ ਹੋ ਜਾਂਦਾ ਕਿ ਖ਼ਬਰੇ ਫੁੰਮ੍ਹਣ ਨੇ ਫੜ੍ਹ ਹੀ ਮਾਰ ਦਿੱਤੀ ਹੋਵੇ। ਜਦੋਂ ਉਹਦੇ ਵਲੋਂ ਭਰੋਸੇ ਭਰੀ ਗੱਲ ਦਾ ਮੈਨੂੰ ਚੇਤਾ ਆਉਂਦਾ ਤਾਂ ਲਗਦਾ ਫੁੰਮ੍ਹਣ ਦੀ ਗੱਲ ਠੀਕ ਹੋਵੇਗੀ। ਇਸ ਖ਼ਿਆਲ ਨਾਲ ਮੇਰਾ ਸਵੈ-ਭਰੋਸਾ ਹੋਰ ਪੱਕਾ ਹੋ ਜਾਂਦਾ।

ਇੱਥੇ ਹੀ ਅਸੀਂ ਉੱਚੇ ਥਾਂ ਅੱਡੀਆਂ ਚੁੱਕ-ਚੁੱਕ ਪੱਬਾਂ ਭਾਰ ਖੜ੍ਹੇ ਹੋ-ਹੋ ਉੱਤਰ-ਪੂਰਬ ਵਲ ਨੀਝ ਨਾਲ ਦੇਖਦੇ ਤਾਂ ਪਹਾੜਾਂ ਦੀਆਂ ਨੀਲੀਆਂ ਧਾਰਾਂ ਆਕਾਸ਼ ਨਾਲ ਇਕਮਿਕ ਹੋਈਆਂ ਦਿਸਦੀਆਂ। ਨਿੱਖਰੀਆਂ ਚਮਕਾਂ ਮਾਰਦੀਆਂ ਚੋਟੀਆਂ ਅੱਖਾਂ ਸਾਹਮਣੇ ਤਸਵੀਰਾਂ ਬਣ-ਬਣ ਉੱਭਰਦੀਆਂ ਜਿਨ੍ਹਾਂ ਵਿੱਚੋਂ ਬਹੁਤੀਆਂ ਉੱਡਦੀਆਂ ਪਰੀਆਂ ਦਾ ਰੂਪ ਧਾਰਦੀਆਂ ਚੰਗੀਆਂ-ਚੰਗੀਆਂ ਲਗਦੀਆਂ। ਬਰਫ਼ਾਂ ਲੱਦੀਆਂ ਉੱਚੀਆਂ ਚਿੱਟੀਆਂ ਚੋਟੀਆਂ ਵਿੱਚੋਂ ਇਕ ਬਾਰੇ ਮੈਂ ਕਿਆਫ਼ਾ ਲਾਉਂਦਾ ਕਿ ਇਹ ਹੀ ਹਿਮਾਲੀਆ ਦੀ ਸਭ ਤੋਂ ਉੱਚੀ ਚੋਟੀ ਹੋਵੇਗੀ ਜਿਸ ਨੂੰ ਸਰ ਐਡਮੰਡ ਹਿਲੇਰੀ ਤੇ ਤੇਨਜ਼ਿੰਗ ਨੋਰਕੇ ਨੇ 1953 ਵਿਚ ਸਰ ਕੀਤਾ ਸੀ। ਉਸ ਐਵਰੈਸਟ ਚੋਟੀ ਉੱਤੇ ਚੜ੍ਹਨ ਵਾਲੇ ਉਹ ਪਹਿਲੇ ਆਦਮੀ ਸਨ। ਇਹ ਸੋਚਦਿਆਂ ਮੈਨੂੰ ਇਉਂ ਲਗਦਾ ਜਿਵੇਂ ਆਪਣਾ ਸਬਕ ਯਾਦ ਕਰ ਰਿਹਾ ਹੋਵਾਂ।

... ਤੇ ਅਸੀਂ ਫਿਰ ਘਰਾਂ ਵੱਲ ਨੂੰ ਛੂਟਾਂ ਵੱਟਦੇ ਉੱਚੀ-ਉੱਚੀ ਬੋਲਦੇ ਜਾਂਦੇ:

ਰੱਬਾ ਰੱਬਾ ਮੀਂਹ ਵਰ੍ਹਾ, ...

ਕਾਲੀਆਂ ਇੱਟਾਂ ਕਾਲੇ ਰੋੜ, ...

ਇਨ੍ਹਾਂ ਤੁਕਾਂ ਦੇ ਦੁਹਰਾਅ ਤੇ ਭੱਜ-ਦੌੜ ਦੌਰਾਨ ਇਕ ਦਿਨ ਅਚਾਨਕ ਹਵਾ ਥੰਮ੍ਹ ਗਈ। ਸਾਰੇ ਬੱਦਲ ਆਪਸ ਵਿਚ ਘੁਲਮਿਲ ਗਏ ਤੇ ਉਨ੍ਹਾਂ ਦਾ ਰੂਪ ਬਦਲ ਗਿਆ। ਆਸਮਾਨ ਕਿਧਰੇ ਵੀ ਖਾਲੀ ਨਹੀਂ ਸੀ ਦਿਸਦਾ। ਬਸ, ਬੱਦਲ ਹੀ ਬੱਦਲ ਨਜ਼ਰੀਂ ਪੈਂਦੇ। ਬੰਦੇ-ਪਰਿੰਦੇ ਆਪੋ-ਆਪਣੇ ਘਰਾਂ-ਆਲ੍ਹਣਿਆਂ ਅੰਦਰ ਜਿਵੇਂ ਲੁਕ-ਛੁਪ ਗਏ ਸਨ। ਦਿਨ ਦੇ ਤੀਜੇ ਪਹਿਰ ਹੀ ਹਨੇਰ ਪੈ ਗਿਆ। ਜਦੋਂ ਬਿਜਲੀ ਕੜਕਦੀ ਤਾਂ ਉਹਦੀ ਲਿਸ਼ਕੋਰ ਨਾਲ ਦੂਰ-ਦੂਰ ਦੇ ਦਰਖ਼ਤਾਂ ਤੇ ਘਰਾਂ ਦਾ ਉੱਥੇ ਹੋਣ ਦਾ ਪਤਾ ਲਗਦਾ। ਫਿਰ ਬੱਦਲ ਗੜ੍ਹਕਣੋਂ ਹਟ ਗਏ। ਇਕਦਮ ਬੱਦਲ ਜਿਵੇਂ ਪਾਟ ਕੇ ਹੇਠਾਂ ਡਿੱਗ ਪਏ ਹੋਣ। ਸੱਚਮੁੱਚ ਮੋਹਲੇਧਾਰ ਮੀਂਹ। ਮੋਟੀਆਂ ਛਿੱਟਾਂ ਏਨੇ ਜ਼ੋਰ ਨਾਲ ਵਰਸਦੀਆਂ ਜਿਵੇਂ ਸਾਡੇ ਘਰਾਂ ਵਿੱਚੋਂ ਮੇਰੀ ਦਾਦੀ ਲਗਦੀ ਅੰਨ੍ਹੀ ਸੰਤੀ ਉੱਖਲੀ ਵਿਚ ਚੌਲ ਛੜਨ ਵੇਲੇ ਦੋਹਾਂ ਹੱਥਾਂ ਨਾਲ ਭਾਰਾ ਮੋਹਲ਼ਾ ਵਰ੍ਹਾਉਂਦੀ ਸੀ।

ਉਸ ਦਿਨ ਮੈਨੂੰ ਇਉਂ ਲੱਗਿਆ ਜਿਵੇਂ ਦਿਨ ਹਨੇਰੇ ਵਿਚ ਗੁਆਚ ਗਿਆ ਹੋਵੇ। ਪਲਾਂ ਵਿਚ ਹੀ ਜਲ-ਥਲ ਇੱਕ ਹੋ ਗਿਆ। ਮੀਂਹ ਦਾ ਹੁਣ ਜ਼ੋਰ ਲੱਗ ਚੁੱਕਾ ਸੀ ਤੇ ਅਸਲੀ ਗੂੜ੍ਹਾ ਹਨੇਰਾ ਪਸਰ ਚੁੱਕਾ ਸੀ। ਭਾਈਆ ਬੂਹੇ ਥਾਣੀਂ ਬਾਹਰ ਨੂੰ ਦੇਖਦਾ ਹੋਇਆ ਕੋਈ ਬਿੜਕ ਲੈਂਦਾ ਲਗਦਾ। ਉਹ ਚੋਏ ਵਾਲੇ ਥਾਵਾਂ ਉੱਤੇ ਭਾਂਡੇ ਰੱਖਦਾ ... ਪਹਿਰਾ ਦਿੰਦਾ ਜਾਪਦਾ। ਰਾਤ ਜਿਵੇਂ-ਕਿਵੇਂ ਬੈਠ-ਉੱਠ ਕੇ ਕੱਟ ਹੋ ਗਈ। ਦਿਨ ਦੇ ਚੜ੍ਹਾਅ ਨਾਲ ਬਾਰਸ਼ ਮੁੜ ਤੇਜ਼ ਹੋ ਗਈ ਤੇ ਭਾਈਏ ਦਾ ਅੰਮ੍ਰਿਤ ਵੇਲੇ ਅਖੰਡ ਪ੍ਰਵਾਹ ਆਰੰਭ ਹੋ ਗਿਆ; ‘ਹੋਰ ਗੱਡਣ ਗੁੱਡੇ-ਗੁੱਡੀਆਂ, ਹੋਰ ਬੰਡਣ ਖੁਆਜੇ ਖਿਜਰ (ਖ਼ਵਾਜ਼ਾ ਖ਼ਿਜ਼ਰ) ਦਾ ਦਲ਼ੀਆ ...!’

ਧੜੰਮ’ ਜਿਹੇ ਦੀ ਚਾਣਚੱਕ ਆਈ ਆਵਾਜ਼ ਨੇ ਭਾਈਏ ਦੀ ਗੱਲ ਅੱਧ-ਵਿਚਾਲੇ ਹੀ ਰੋਕ ਦਿੱਤੀ ... ਨਹੀਂ ਤਾਂ ਪਤਾ ਨਹੀਂ ਅਜੇ ਹੋਰ ਕੀ-ਕੀ ਸਲੋਕ-ਬਾਣੀ ਪੜ੍ਹਦਾ। ਸਾਡੀ ਛਤੜੀ ਤੇ ਵਗਲ਼ੇ ਦੀ ਅੱਧੀਓਂ ਜ਼ਿਆਦਾ ਕੰਧ ਗਲ਼ੀ ਵਲ ਨੂੰ ਡਿੱਗ ਪਈ ਜਿਸ ਨੇ ਗਲ਼ੀ ਵਿਚ ਹਰਲ-ਹਰਲ ਕਰਦੇ ਪਾਣੀ ਨੂੰ ਡੱਕ ਦਿੱਤਾ ਜੋ ਪਲਾਂ ਵਿਚ ਹੀ ਪਿੰਨੀਆਂ ਤਕ ਚੜ੍ਹ ਗਿਆ। ਗਲ਼ੀਆਂ-ਨਾਲੀਆਂ ਦਾ ਫ਼ਰਕ ਤਾਂ ਪਹਿਲਾਂ ਹੀ ਮਿਟਿਆ ਹੋਇਆ ਸੀ।

ਦਬਾਸੱਟ ਉੱਠੋ, ਕਿਤੇ ਦਲਾਨ-ਕੋਠੜੀ ਦੀ ਕੰਧ ਈ ਨਾ ਬਹਿ ਜਾਏ।’ ਭਾਈਏ ਨੇ ਸਰਦਲ ਤੋਂ ਬਾਹਰ ਨਿੱਕਲਦਿਆਂ ਚਿੰਤਾ ਭਰੀ ਆਵਾਜ਼ ਵਿਚ ਆਖਿਆ, ਜਿਸ ਨਾਲ ਸਾਰਾ ਟੱਬਰ ਘਬਰਾ ਗਿਆ।

ਵਿਹੜੇ-ਮੁਹੱਲੇ ਦੇ ਲੋਕ ਘਰਾਂ ਤੋਂ ਬਾਹਰ ਨਿਕਲ ਆਏ। ਕਿਸੇ ਨੇ ਸਿਰ ਉੱਤੇ ਚਾਦਰ ਦਾ ਝੁੰਬ ਮਾਰਿਆ ਹੋਇਆ ਸੀ ਤੇ ਕਿਸੇ ਨੇ ਖਾਦ ਵਾਲੇ ਬੋਰੇ ਵਿਚਲੇ ਮੋਮਜਾਮੇ ਦੀ ਤਿਕੋਨੀ ਜਿਹੀ ਬਰਸਾਤੀ ਬਣਾਈ ਹੋਈ ਸੀ। ਭਾਈਆ ਡਿੱਗੀ ਕੰਧ ਦੀ ਮਿੱਟੀ ਦੀਆਂ ਕਹੀਆਂ ਭਰ-ਭਰ ਦੂਹੋ-ਦੂਹ ਵਗਾਹ-ਵਗਾਹ ਘਰ ਦੇ ਵਿਹੜੇ ਅੰਦਰ ਸੁੱਟਣ ਲੱਗ ਪਿਆ। ਅਖ਼ੀਰ ਗਲ਼ੀ ਦਾ ਪਾਣੀ ਇਕ ਨਹਿਰ ਦਾ ਰੂਪ ਧਾਰ ਗਿਆ ਜਿਸ ਵਿਚ ਗੋਹਾ, ਕੁੱਤਿਆਂ-ਬਿੱਲੀਆਂ ਦੀਆਂ ਸੁੱਕੀਆਂ ਟੱਟੀਆਂ ਤੇ ਹੋਰ ਕੱਖ-ਪੱਤ ਤਰਦਾ ਜਾ ਰਿਹਾ ਸੀ।

ਜ਼ਰਾ ਕੁ ਬਾਅਦ ਭਾਈਏ ਨੇ ਵਿਗੋਚੇ ਨਾਲ ਆਖਿਆ, ‘ਸਾਰੀ ਮਿੱਟੀ ਰੁੜ੍ਹਦੀ ਜਾਂਦੀ ਆ!’

ਮੈਨੂੰ ਲੱਗਿਆ ਜਿਵੇਂ ਭਾਈਏ ਦਾ ਮਜ਼ਬੂਤ ਹੌਸਲਾ ਰੁੜ੍ਹਦੀ ਜਾ ਰਹੀ ਮਿੱਟੀ ਵਾਂਗ ਖੁਰਨ-ਰੁੜ੍ਹਨ ਲੱਗ ਪਿਆ ਹੋਵੇ। ਉਹਦੇ ਸਿਰ ਉੱਤੇ ਫ਼ਿਕਰਾਂ ਦਾ ਇਕ ਹੋਰ ਜ਼ੋਰਦਾਰ ਛਰਾਟਾ ਵਰ੍ਹ ਗਿਆ ਹੋਵੇ। ਉਹਨੇ ਕੋਲ ਖੜ੍ਹੇ ਬੰਦਿਆਂ ਨੂੰ ਸੁਣਾ ਕੇ ਕਿਹਾ, ‘ਐਮੀਂ ਥੋੜ੍ਹੋ ਕਹਿੰਦੇ ਆ ਪਈ;

ਊਠ, ਜੁਲਾਹਾ, ਭੱਖੜਾ, ਚੌਥਾ ਗਾਡੀਵਾਨ।
ਚਾਰੇ ਮੀਂਹ ਨਾ ਮੰਗਦੇ, ਭਾਮੇਂ ਉੱਜੜ ਜਾਏ ਜਹਾਨ।’

ਆਪਣੇ ਸੰਤ ਸਾਖੀ ਸੁਣਾਉਂਦੇ ਹੁੰਦੇ ਸੀ ਪਈ ਇਕ ਰਾਜੇ ਤੋਂ ਬਾਰ੍ਹਾਂ ਘੜੀਆਂ ਦਾ ਮੀਂਹ ਨਈਂ ਸੀ ਝੱਲ ਹੋਇਆ ਤੇ ਉਹਨੇ ਪਰਜਾ ਦੀ ਸਲਾਮਤੀ ਖਾਤਰ ਰੱਬ ਤੋਂ ਬਾਰ੍ਹਾਂ ਵਰ੍ਹਿਆਂ ਦੀ ਔੜ ਮੰਗ ਲਈ ਸੀ।' ਕੋਲ ਖੜ੍ਹਿਆਂ ਵਿੱਚੋਂ ਕਿਸੇ ਨੇ ਕਿਹਾ।

ਇਨ੍ਹਾਂ ਗੱਲਾਂ ਦੌਰਾਨ ਅਚਾਨਕ ਇਕ ਜਨਾਨਾ ਆਵਾਜ਼ ਖਲਾਅ ਵਿਚ ਗੂੰਜੀ, ‘ਸਾਧੂ ਦਾ ਕੇਬਲ ਕੋਠੇ ਥੱਲੇ ਆ ਗਿਆ ਲੋਕੋ - ਬਚਾਓ, ਦੌੜ ਕੇ ਆਓ! ਬਚਾਓ ...!’

ਮੀਂਹ ਹਲਕੀ ਜਿਹੀ ਬੂੰਦਾ-ਬਾਂਦੀ ਵਿਚ ਬਦਲ ਚੁੱਕਾ ਸੀ। ਭਾਈਆ, ਮੈਂ, ਹੋਰ ਬੰਦੇ-ਤੀਵੀਆਂ ਤੇ ਨਿਆਣੇ ਸਾਧੂ ਦੇ ਘਰ ਵਲ ਨੂੰ ਬਿਨਾਂ ਵਕਤ ਗੁਆਇਆਂ ਦੌੜ ਪਏ। ਹਾਕਾਂ ਮਾਰਨ ਲੱਗੇ, ‘ਕੇਬਲਾ ਕਿੱਧਰ ਆਂ? ਕੇਬਲਾ ਕਿੱਧਰ ਆਂ?

ਏਧਰ ਆਂ!ਕੋਠੇ ਦੇ ਦੋ ਖ਼ਾਨੇ ਜਿੱਧਰ ਢਹਿ ਗਏ ਸਨ, ਵਿੱਚੋਂ ਦੁੱਖ ਭਰੀ ਪਰ ਜਾਨਦਾਰ ਆਵਾਜ਼ ਆਈ। ਇਸ ਇਸ਼ਾਰੇ ਨਾਲ ਮਲਬੇ ਨੂੰ ਫ਼ੁਰਤੀ ਨਾਲ ਹਟਾਇਆ ਜਾਣ ਲੱਗਾ। ਕੜੀਆਂ, ਤੋੜਾ ਇੱਕ ਪਾਸੇ ਕੀਤੇ ਗਏ। ਕੇਵਲ ਇੱਕ ਖੂੰਜੇ ਵਿਚ ਸਿੱਧਾ ਖੜ੍ਹਾ ਸੀ। ਉਹਦਾ ਸਿਰ ਤੇ ਸਰੀਰ ਮਿੱਟੀ-ਗਾਰੇ ਨਾਲ ਲਿੱਬੜੇ ਹੋਏ ਸਨ। ਬਾਹਰ ਨਿਕਲ ਕੇ ਉਹਨੇ ਸਿਰ-ਧੜ ਨੂੰ ਇਉਂ ਹਲੂਣਿਆ ਜਿਵੇਂ ਭਿੱਜਾ ਹੋਇਆ ਬੱਕਰਾ ਆਪਣੇ ਲੂੰਆਂ ਤੋਂ ਪਾਣੀ ਛੰਡਦਾ ਹੈ। ਉਹਦੀਆਂ ਲੱਤਾਂ-ਬਾਹਾਂ ਉੱਤੇ ਲੱਗੀਆਂ ਰਗੜਾਂ ਵਿੱਚੋਂ ਲਹੂ ਸਿੰਮ ਰਿਹਾ ਸੀ ਤੇ ਲੱਤਾਂ ਥਿੜ੍ਹਕ ਰਹੀਆਂ ਸਨ।

ਰੱਬ ਨੇ ਦੂਆ ਜਰਮ (ਜਨਮ) ਦਿੱਤਾ ਮੇਰੇ ਪੁੱਤ ਨੂੰ!ਬੰਤੀ ਨੇ ਹੱਥ ਜੋੜ ਕੇ ਜ਼ਮੀਨ ਵਲ ਨੂੰ ਸਿਰ ਝੁਕਾ ਕੇ ਆਖਣ ਪਿੱਛੋਂ ਕੇਵਲ ਦੇ ਸਿਰ ’ਤੇ ਹੱਥ ਫੇਰਿਆ।

ਕੋਲ ਖੜ੍ਹੇ ਨਿਆਣਿਆਂ-ਸਿਆਣਿਆਂ ਦੇ ਚਿਹਰਿਆਂ ਉੱਤੇ ਖ਼ੁਸ਼ੀ ਦੀ ਫ਼ੁਹਾਰ ਵਰਸ ਗਈ। ਲੋਕ ਆਪੋ-ਆਪਣੇ ਘਰਾਂ ਨੂੰ ਗੱਲਾਂ ਕਰਦੇ ਤੁਰ ਪਏ। ਤਾਏ ਬੰਤੇ ਨੇ ਸਹਿਵਨ ਹੀ ਦੱਬਵੀਂ ਜਿਹੀ ਜੀਭੇ ਆਖਿਆ, ‘ਰੱਬ ਸਹੁਰਾ ਬੀ ਗਰੀਬਾਂ ’ਤੇ ਈ ਜੁਲਮ ਢਾਹੁੰਦਾ।’

ਔੜ ਲੱਗੇ ਭਾਮੇਂ ਬਰਸਾਤ, ਭੁੱਖ, ਦੁੱਖ-ਦਲਿੱਦਰ, ਚਿੰਤਾ-ਫਿਕਰ ਸਾਡੇ ਲਈ ਈ ਰੱਖਿਓ ਆ ਸਾਲ਼ੇ।’ ਭਾਈਏ ਨੇ ਕਿਹਾ

ਘਰ ਪਹੁੰਚ ਕੇ ਪਤਾ ਨਹੀਂ ਭਾਈਏ ਨੂੰ ਕੀ ਸੁੱਝਿਆ, ਉਹ ਛੋਹਲੇ ਪੈਰ ਪੁੱਟਦਾ ਹੋਇਆ ਛੱਤੜੀ ਨਾਲ ਦੀ ਮਿੱਟੀ ਦੇ ਮੋਟੇ ਪੌਡਿਆਂ ਵਾਲੀ ਪੌੜੀ ਚੜ੍ਹ ਗਿਆ। ਮੈਂ ਵੀ ਮਗਰ-ਮਗਰ ਕੋਠੇ ਦੀ ਛੱਤ ਉੱਤੇ ਪਹੁੰਚ ਗਿਆ। ਭਾਈਆ ਬਨੇਰਿਆਂ ਦੇ ਨਾਲ-ਨਾਲ ਚੋਏ ਵਾਲੀਆਂ ਥਾਵਾਂ ਪੈਰਾਂ ਨਾਲ ਪੋਲਾ-ਪੋਲਾ ਦਬਾ-ਦਬਾ ਕੇ ਚੋਆ ਬੰਦ ਕਰਨ ਲੱਗ ਪਿਆ। ਮੈਂ ਆਲੇ-ਦੁਆਲੇ ਦੇਖਿਆ ਕਿ ਸਾਡੀ ਬਰਾਦਰੀ ਦੇ ਕਈ ਲੋਕ ਛੱਤਾਂ ਉੱਤੇ ਚੜ੍ਹੇ ਹੋਏ ਸਨ ਅਤੇ ਛੱਤਾਂ ਦੀ ਮੁਰੰਮਤ ਦੇ ਆਹਰ ਵਿਚ ਸਨ। ਦੂਰ ਜਿੱਥੇ ਤਕ ਵੀ ਮੇਰੀ ਨਿਗਾਹ ਜਾਂਦੀ ਝੋਨੇ ਪਾਣੀ ਵਿਚ ਡੁੱਬੇ ਹੋਏ ਤੇ ਮੱਕੀ, ਚਰ੍ਹੀ, ਬਾਜਰੇ ਦੇ ਸਿਰ ਝੁਕੇ-ਮੁੜੇ ਹੋਏ ਸਨ ਪਰ ਹਰੇ-ਭਰੇ ਕਮਾਦਾਂ ਉੱਤੇ ਪੂਰਾ ਜੋਬਨ ਸੀ। ਰੁੱਖ ਅਡੋਲ ਤੇ ਸਿਰ ਉੱਚਾ ਕਰ ਕੇ ਖੜ੍ਹੇ ਇਉਂ ਲੱਗਦੇ ਸਨ ਜਿਵੇਂ ਉਹ ਸਭ ਕੁਝ ਚੁੱਪ-ਚਾਪ ਦੇਖ ਰਹੇ ਹੋਣ। ਲੋਕ ਮੂਧੇ ਹੋ ਕੇ ਪੱਠੇ-ਗਾਚਾ ਵੱਢਦੇ ਇਉਂ ਜਾਪਦੇ ਸਨ ਜਿਵੇਂ ਝੋਨਾ ਲਾ ਜਾਂ ਤਾਲ਼ ਰਹੇ ਹੋਣ। ਪਾਣੀ ਨੇ ਪਿੰਡ ਨੂੰ ਪੂਰੀ ਤਰ੍ਹਾਂ ਘੇਰਿਆ ਹੋਇਆ ਸੀ। ਉਸ ਦੀ ਲਪੇਟ ਵਿਚ ਹਰ ਜੀਵ-ਜੰਤੂ, ਰੁੱਖ ਤੇ ਮਨੁੱਖ ਆਏ ਹੋਏ ਸਨ।

ਚੁਫ਼ੇਰੇ ਪਾਣੀ ਦੀ ਪਸਰੀ ਇਹ ਮੈਲ਼ੀ-ਘਸਮੈਲ਼ੀ ਚਾਦਰ ਰਾਸਤਗੋ, ਮਾਣਕਢੇਰੀ, ਸਿਕੰਦਰਪੁਰ ਤੇ ਢੱਡਾ-ਸਨੌਰਾ ਦੇ ਪਿੰਡਾਂ ਤਕ ਵਿਛੀ ਹੋਈ ਦਿਸੀ। ਰੇਲ-ਗੱਡੀ ਦੀ ਅਚਾਨਕ ਵੱਜੀ ਸੀਟੀ ਤੇ ਛੱਕ-ਛੱਕ ਦੀ ਆਵਾਜ਼ ਵਲ ਮੇਰਾ ਧਿਆਨ ਇਕਦਮ ਗਿਆ। ਮੈਂ ਦੇਖਿਆ ਕਿ ਢੱਡਿਆਂ ਕੋਲੋਂ ਦੀ ਲੰਘਦੀ ਗੱਡੀ ਗੂਹੜਾ ਕਾਲ਼ਾ ਧੂੰਆਂ ਛੱਡਦੀ ਤੇਜ਼ ਰਫ਼ਤਾਰ ਨਾਲ ਭੱਜੀ ਜਾ ਰਹੀ ਸੀ। ਮੇਰਾ ਜੀਅ ਕੀਤਾ ਕਿ ਮੈਂ ਦੌੜ ਕੇ ਲੰਬੜਾਂ ਜਾਂ ਬਾਹਮਣਾਂ ਦੇ ਚੁਬਾਰੇ ਉੱਤੇ ਚੜ੍ਹ ਜਾਵਾਂ ਤੇ ਪੂਰੀ ਗੱਡੀ ਨੂੰ ਦੇਖਾਂ ਜੋ ਸਫ਼ੈਦਿਆਂ, ਉੱਚੀਆਂ ਟਾਹਲੀਆਂ ਤੇ ਹੋਰ ਰੁੱਖਾਂ ਕਾਰਨ ਵਿਚ-ਵਿਚਾਲਿਓਂ ਕਦੀ ਥੋੜ੍ਹੀ ਤੇ ਕਦੀ ਥੋੜ੍ਹੀ ਜ਼ਿਆਦਾ ਦਿਸ ਪੈਂਦੀ। ਇਹ ਲੁਕਣ-ਮੀਟੀ ਖੇਡ ਦੇਖ ਹੀ ਰਿਹਾ ਸੀ ਕਿ ਗਲ਼ੀ ਵਿਚ ਖੁਸ਼ੀਆ ਤੇ ਤਿੰਨ-ਚਾਰ ਹੋਰ ਮੁੰਡੇ ਡਾਂਗਾਂ ਚੁੱਕੀ ਲੰਮੀਆਂ ਲਾਂਘਾਂ ਭਰਦੇ ਜਾ ਰਹੇ ਸਨ। ਕਿਸੇ ਨੇ ਕੁਝ ਪੁੱਛਿਆ ਤਾਂ ਉਹ ਤੁਰਿਆ ਜਾਂਦਾ ਉੱਚੀ-ਉੱਚੀ ਬੋਲ ਕੇ ਦੱਸ ਰਿਹਾ ਸੀ, ‘ਮੱਛੀਆਂ ਦਾ ਸ਼ਿਕਾਰ ਕਰਨ ਚੱਲੇ ਆਂ, ਮਾਣਕਢੇਰੀ ਆਲੀ ਢਾਬ ‘ਚ ਹੜ੍ਹ ਆ ਗਿਆ। ਆ ਜਾ ਤੂੰਮ੍ਹੀਂ!’

ਮੇਰੀ ਉਤਸੁਕਤਾ ਵਧੀ ਕਿ ਦੌੜ ਕੇ ਖ਼ੁਸ਼ੀਏ ਹੁਰਾਂ ਨਾਲ ਜਾ ਰਲਾਂ। ਮੱਛੀਆਂ ਨੂੰ ਪਰ ਮਾਰਦੀਆਂ ਇੱਧਰ-ਉੱਧਰ ਤਰਦੀਆਂ ਦੇਖਾਂ ... ਹੱਥਾਂ ਵਿੱਚੋਂ ਤਿਲਕਦੀਆਂ ਮੱਛੀਆਂ ਦਾ ਸੋਚ ਕੇ ਮੇਰਾ ਮਨ ਪ੍ਰਸੰਨਤਾ ਦੇ ਡੂੰਘੇ ਪਾਣੀਆਂ ਵਿਚ ਤਾਰੀਆਂ ਲਾਉਂਦਾ ਪ੍ਰਤੀਤ ਹੋ ਰਿਹਾ ਸੀ। ਜਦੋਂ ਆਲੇ-ਦੁਆਲੇ ਡੂੰਘੇ ਤੇ ਪਸਰੇ ਪਾਣੀ ਦਾ ਖ਼ਿਆਲ ਆਇਆ ਤਾਂ ਮੇਰਾ ਤ੍ਰਾਹ ਜਿਹਾ ਨਿਕਲ ਗਿਆ - ਮੈਂ ਜਿਵੇਂ ਅਸਲੀਅਤ ਦੇ ਰੂ-ਬ-ਰੂ ਹੋ ਗਿਆ ਹੋਵਾਂ।

ਛੱਤ ਤੋਂ ਉੱਤਰੇ ਤਾਂ ਮੈਂ ਦੇਖਿਆ ਕਿ ਸਾਡੇ ਮੁਹੱਲੇ ਦੇ ਕਈ ਬੰਦੇ ਢਾਣੀਆਂ ਬਣਾ ਕੇ ਘੁਸਰ-ਮੁਸਰ ਕਰ ਰਹੇ ਸਨ। ਉਨ੍ਹਾਂ ਦੇ ਮੂੰਹਾਂ ਉੱਤੇ ਕਿਸੇ ਚਿੰਤਾ-ਸੋਗ ਦਾ ਜਿਵੇਂ ਦੋਹਰਾ ਪੋਚਾ ਫਿਰ ਗਿਆ ਹੋਵੇ। ਉਹ ਗੱਲਾਂ ਕਰ ਰਹੇ ਸਨ, ‘ਉਹ ਤਾਂ ਰਾਤ ਦੀ ਮਰੀਊ ਆ। ਸਿਵਿਆਂ ‘ਚ ਪਾਣੀ ਲੱਫਾਂ ਮਾਰਦਾ ਫਿਰਦਾ - ਮਾਣਕਢੇਰੀ ਆਲੀ ਢਾਬ ਦਾ ਹੜ੍ਹ। ਲੌਢੇ ਵੇਲੇ ਤਾਈਂ ਪਾਣੀ ਉੱਤਰ ਗਿਆ ਤਾਂ ਚੜ੍ਹਦੇ ਪਾਸੇ ਅਲ ਫੂਕ ਦਿਆਂਗੇ। ਓਧਰਲਾ ਥਾਂ ਉੱਚਾ - ਉੱਥੇ ਕੁ ਤਾਂ ਪਾਣੀ ਹੁਣ ਬੀ ਓਪਰਾ ਜਿਹਾ ਈ ਬਗਦਾ!’

ਸਿਵਿਆਂ ਦਾ ਉਹ ਪਾਸਾ ਤਾਂ ਸਾਡੇ ਜੋਗਾ ਈ ਆ!ਜੁਗਿੰਦਰ ਸਰੈਹੜੇ (ਰੂੰ-ਪੇਂਜਾ ਬਰਾਦਰੀ ਨਾਲ ਸੰਬੰਧਤ) ਨੇ ਅਚਾਨਕ ਆਏ ਛਰਾਟੇ ਵਾਂਗ ਆਮ ਨਾਲੋਂ ਰਤਾ ਕੁ ਉੱਚੀ ਆਵਾਜ਼ ਵਿਚ ਆਖਿਆ। ਉਹਦੇ ਇਹ ਬੋਲ ਸੁਣ ਕੇ ਤਾਏ ਬੰਤੇ ਦੇ ਧੂੰਆਂਖੇ ਤੇ ਕਰੇੜਾ ਖਾਧੇ ਹੋਏ ਬੋੜੇ ਦੰਦ ਦਿਸੇ।

ਅਸਲ ਵਿਚ, ਕੰਮੀਆਂ ਦੇ ਸਿਵੇ ਸਾਂਝੇ ਸਨ ਪਰ ਸਾਡੇ ਪਿੰਡ ਤੋਂ ਰਾਸਤਗੋ ਨੂੰ ਜਾਂਦਾ ਰਾਹ ਇਨ੍ਹਾਂ ਨੂੰ ਦੋ ਹਿੱਸਿਆਂ ਵਿਚ ਵੰਡਦਾ ਸੀ। ਆਬਾਦੀ ਦੇ ਹਿਸਾਬ ਲਹਿੰਦਾ ਵੱਡਾ ਹਿੱਸਾ ਆਦਿਧਰਮੀਆਂ/ਰਾਮਦਾਸੀਆਂ ਦਾ ਸੀ ਤੇ ਚੜ੍ਹਦਾ ਪਾਸਾ ਸਰੈਹੜਿਆਂ ਦਾ ਮੰਨ ਲਿਆ ਹੋਇਆ ਸੀ। ਭਾਵੇਂ ਕੁਝ ਚਿਰ ਪਹਿਲਾਂ ਹੋਈ ਮੁਰੱਬੇਬੰਦੀ ਕਾਰਣ ਰਾਹ ਸਿਵਿਆਂ ਦਾ ਹਿੱਸਾ ਬਣ ਗਿਆ ਸੀ ਪਰ ਅਜੇ ਪਹਿਲੀ ਪਰੰਪਰਾ ਕਦੀ-ਕਦੀ ਆਪਣਾ ‘ਜਲਵਾ' ਸਹਿਵਨ ਹੀ ਦਿਖਾ ਦਿੰਦੀ ਸੀ। ਛੇਤੀ ਹੀ ਮੁੜ ਇਹ ਜ਼ਮੀਨ-ਟੁਕੜਾ ਸਾਂਝੇ ਸਿਵਿਆਂ ਵਿਚ ਬਦਲ ਗਿਆ।

ਸੂਰਜ ਤੇ ਬੱਦਲ ਆਪਸ ਵਿਚ ਲੁਕਣ-ਮੀਟੀ ਖੇਡ ਖੇਡਦੇ ਰਹੇ ਜੋ ਬਹੁਤਾ ਚਿਰ ਨਾ ਚੱਲ ਸਕੀ। ਬੱਦਲ ਫਿਰ ਜੁੜ ਗਏ। ਆਸਮਾਨ ਵਿਚ ਹਨੇਰ ਪੈ ਗਿਆ। ਮੀਂਹ ਕਹਿਰ ਬਣ ਕੇ ਵਰਸਣ ਲੱਗ ਪਿਆ। ਲੋਕਾਂ ਦੇ ਚਿਹਰੇ ਮਸੋਸੇ ਗਏ।

ਲੌਢੇ ਵੇਲੇ ਤਕ ਸਾਡੀ ਬਰਾਦਰੀ ਦੇ ਟਾਵੇਂ-ਟਾਵੇਂ ਘਰ ਢਹਿ ਗਏ ਜਾਂ ਕੰਧਾਂ ਡਿੱਗ ਪਈਆਂ। ਪਿੰਡ ਦੇ ਗੁਰਦੁਆਰੇ ਦੀ ਇਮਾਰਤ ਦੇ ਬਾਹਰਲਾ ਨਿੱਕੀਆਂ ਇੱਟਾਂ ਦਾ ਵੱਡਾ-ਚੌੜਾ-ਉੱਚਾ ਬੁਰਜ਼ ਥੋੜ੍ਹਾ-ਥੋੜ੍ਹਾ ਕਰ ਕੇ ਮੇਰੀਆਂ ਅੱਖਾਂ ਸਾਹਮਣੇ ਡਿਗਣਾ ਸ਼ੁਰੂ ਹੋ ਗਿਆ। ਤਾਈ ਤਾਰੋ (ਜੱਟ) ਹੁਰਾਂ ਦਾ ਪਸੂਆਂ ਵਾਲਾ ਕੌਲਿਆਂ ਉੱਤੇ ਖੜ੍ਹਾ ਢਾਰਾ ਡਿਗ ਪਿਆ। ਵਰ੍ਹਦੇ ਮੀਂਹ ਵਿਚ ਸਾਡੇ ਘਰਾਂ ਦੀਆਂ ਕੰਜਕਾਂ ਯਾਨੀ ਕੁਆਰੀਆਂ ਕੁੜੀਆਂ ਨੇ ਆਪਣੇ ਘਰਾਂ ਦੇ ਪਰਨਾਲਿਆਂ ਥਾਣੀਂ ਡਿਗਦੀਆਂ ਪਾਣੀ ਦੀਆਂ ਧਾਰਾਂ ਹੇਠ ਮਾਂਹ ਦੱਬੇ। ਚੁਰਾਹਿਆਂ ਵਿਚ ਗੁੱਡੀਆਂ-ਗੁੱਡੇ ਫੂਕੇ, ਲਾਲ-ਕਾਲੇ ਕੱਪੜੇ ਉੱਤੇ ਮਾਂਹ ਰੱਖ ਕੇ ਟੂਣੇ ਕੀਤੇ ਕਿ ਮੀਂਹ ਹਟ ਜਾਵੇ। ਆਲੇ-ਦੁਆਲੇ ਦੇ ਪਾਣੀ ਭਰੇ ਖੇਤਾਂ ਵਿਚ ਵੱਡੇ-ਵੱਡੇ ਪੀਲੇ ਰੰਗ ਦੇ ਡੱਡੂਆਂ ਦੀ ਗੜੈਂ-ਗੜੈਂ ਤੇ ਗੂੜ੍ਹੇ ਬੱਦਲ ਇਉਂ ਲਗਦੇ ਜਿਵੇਂ ਉਹ ਵੀ ਕਿਸੇ ਗਰੀਬ-ਮਾਰ ਸਾਜਿਸ਼ ਵਿਚ ਭਾਈਵਾਲ ਹੋਣ।

ਬਹੁਤੇ ਲੋਕਾਂ ਦੇ ਚਿਹਰੇ ਚਿੰਤਾ-ਫ਼ਿਕਰ ਦੀਆਂ ਮੂਰਤਾਂ ਵਿਚ ਤਬਦੀਲ ਹੋ ਗਏ ਪਰ ਮੈਂ ਤੇ ਮੇਰੇ ਹਾਣੀ ਡੱਡੂਆਂ ਦਾ ਕਿਸੇ ਸ਼ਿਕਾਰੀ ਵਾਂਗ ਪਿੱਛਾ ਕਰ ਕੇ ਹੁੱਬ ਰਹੇ ਸੀ। ਗੰਡੋਇਆਂ ਦੇ ਦੋ ਡੱਕਰੇ ਕਰ ਕੇ ਹੋਰ ਖ਼ੁਸ਼ ਹੁੰਦੇ ਕਿ ਉਹ ਕਿਵੇਂ ਇਕੱਲਾ-ਇਕੱਲਾ ਹੋ ਕੇ ਰੀਂਗਣ ਲੱਗ ਪਏ ਹਨ। ਜਾਂ ਅਸੀਂ ਠੀਕਰੀਆਂ ਨੂੰ ਪਾਣੀ ਉੱਤੇ ਰੇੜ੍ਹਵਾਂ ਜਿਹਾ ਮਾਰ ਕੇ ਤੇ ਉਨ੍ਹਾਂ ਨੂੰ ਦੂਰ ਤਕ ਤਰ ਕੇ ਜਾਂਦੀਆਂ ਦੇਖ ਕੇ ਹੁੱਬਦੇ।

... ਤੇ ਹੋਰਨਾਂ ਵਾਂਗ ਸਾਡਾ ਚੁੱਲ੍ਹਾ ਵੀ ਠੰਢਾ ਸੀ। ਬਾਲਣ-ਪਾਥੀਆਂ ਗਿੱਲੇ ਹੋ ਗਏ ਸਨ। ਭਾਈਏ ਨੇ ਕੋਠੜੀ ਦੀ ਛੱਤ ਦੀਆਂ ਦੋ ਕੜੀਆਂ ਲਾਹੀਆਂ ਤੇ ਗੰਡਾਸੇ ਨਾਲ ਪਾੜ ਕੇ ਮੇਰੀ ਮਾਂ ਨੂੰ ਆਖਿਆ, ‘ਲੈ ਹੁਣ ਦੀ ਰੋਟੀ ਦਾ ਡੰਗ ਸਾਰ ... ਸਬੇਰ ਆਊ ਤਾਂ ਫੇ ਦੇਖੀ ਜਾਊ।’

ਮੀਂਹ ਪੈਣਾ ਰਾਤ ਨੂੰ ਹੀ ਰੁਕ ਗਿਆ ਸੀ ਪਰ ਹੜ੍ਹ ਦਾ ਪਾਣੀ ਅਗਲੀ ਸਵੇਰ ਵੀ ਫਿਰਨੀ ਦੇ ਨੀਵੇਂ ਥਾਵਾਂ ਉੱਤੋਂ ਦੀ ਵਗ ਰਿਹਾ ਸੀ। ਲੋਕਾਂ ਨੂੰ ਜੰਗਲ-ਪਾਣੀ ਦੀ ਬਾਹਲੀ ਤੰਗੀ ਸੀ - ਬਜ਼ੁਰਗਾਂ ਲਈ ਹੋਰ ਵੀ ਕਿਤੇ ਜ਼ਿਆਦਾ। ਜਿਨ੍ਹਾਂ ਦੇ ਘਰ-ਕੰਧਾਂ ਢਹਿ ਗਏ ਸਨ ਉਹ ਮੁੜ ਉਨ੍ਹਾਂ ਦੀ ਉਸਾਰੀ ਦੇ ਕਾਰਜਾਂ ਵਿਚ ਜੁਟ ਗਏ।

ਪਰੂੰ ਦੀ ਕਸਰ ਕੱਢਤੀ ਐਂਤਕੀ! ਖੂਹਾਂ ਦਾ ਦੋ-ਤਿਨ ਹੱਥ ਪਾਣੀ ਚੜ੍ਹ ਜਾਣਾ। ਹੁਣ ਦੋ ਸਾਲ ਖੂਹਾਂ ਦੇ ਤਲ਼ੇ ਨਈਂ ਸੁੱਕਣ ਲੱਗੇ।' ਇਕ ਜ਼ਿਮੀਦਾਰ ਨੇ ਮੋਢੇ ਉੱਤੋਂ ਕਹੀ ਭੁੰਜੇ ਰੱਖਦਿਆਂ ਬੋਹੜ-ਪਿੱਪਲ ਥੱਲੇ ਖੜ੍ਹੇ ਬੰਦਿਆਂ ਨਾਲ ਖ਼ੁਸ਼ੀ ਦੀ ਰੌਂਅ ਵਿਚ ਗੱਲ ਤੋਰੀ।

ਇੰਨੇ ਨੂੰ ਘੋੜਿਆਂ ਦਾ ਮੋਹਣੀ ਆਉਂਦਾ ਹੀ ਪੁੱਛਣ ਲੱਗ ਪਿਆ, ‘ਸੁਣਾ ਬਈ ਜੱਟਾ, ਮਾਰ ਆਇਆਂ ਪੈਲ਼ੀਆਂ ਅਲ ਗੇੜਾ? ਮੀਂਹ ਨੇ ਧੰਨ-ਧੰਨ ਕਰਾਤੀ - ਲਹਿਰਾਂ-ਬਹਿਰਾਂ ਲਾ ਤੀਆਂ।’ ਫਿਰ ਉਸ ਨੇ ਬਿਨਾਂ ਜਵਾਬ ਉਡੀਕਿਆਂ ਪੁੱਛਿਆ, ‘ਤੇਰੇ ਵਹਿੜੇ ਦਾ ਕੀ ਹਾਲ ਆ, ਸੱਚ ਜਿਹੜਾ ਮੰਡੀਓਂ ਝੋਟਾ ਲਿਆਂਦਾ ਉਹ ਉੱਤੇ ਚੰਗਾ ਬਗਦਾ ਕਿ ਹੇਠਾਂ?’ ਉਹ ਬਿਨਾਂ ਜਵਾਬ ਉਡੀਕਿਆਂ ਕਹਿਣ ਲੱਗਾ, ‘ਜਦੋਂ ਦਾ ਅਸੀਂ ਸਾਵਾ ਵੇਚਿਆ, ਉਦੋਂ ਦਾ ਬੱਗਾ ਓਦਰਿਆ ਰਹਿੰਦਾ!’

ਇਹ ਸੁਣਦਿਆਂ ਹੀ ਭਾਈਆ ਮੱਥੇ ਤੀੜੀਆਂ ਪਾਉਂਦਾ ਘਰ ਵਲ ਨੂੰ ਹੋ ਤੁਰਿਆ ਤੇ ਮੂੰਹੋਂ ਬੋਲੀ ਜਾ ਰਿਹਾ ਸੀ, ‘ਇਨ੍ਹੀਂ ਖੂਹਾਂ ਦੇ ਦੋ-ਤਿੰਨ ਹੱਥ ਪਾਣੀ ਚੜ੍ਹਨ ਦੀ ਗੱਲ ਫੜੀਊ ਆ - ਸਾਡੇ ਭਾ ਦਾ ਤਾਂ ਹੁਣੇ ਈ ਗਲ਼-ਗਲ਼ ਚੜ੍ਹਿਆ ਆ। ਪਸੂਆਂ ਦਾ ਹਾਲ-ਚਾਲ ਪੁੱਛਣ ਡਹਿਓ ਆ - ਮੈਨੂੰ ਕਿਸੇ ਨੇ ਪੁੱਛਿਆ ਪਈ ਤੇਰੀ ਬੀਹੀ ਅਲ ਦੀ ਕੰਧ ਢਹਿ ਗਈ, ਮਾੜਾ ਹੋਇਆ।' ਫਿਰ ਕਹਿਣ ਲੱਗਾ, ‘ਅਖੇ ਪਿੰਡ ਵਸਦਾ, ਕੱਟੇ ਨੂੰ ਮਣ ਦੁੱਧ ਦਾ ਕੀ ਲੇਸ!’

ਦਰਅਸਲ, ਸਾਡੀ ਬਰਾਦਰੀ ਦੇ ਲੋਕਾਂ ਲਈ ਅਜਿਹੀ ਕਹਿਰਵਾਨ ਤੇ ਭਿਆਨਕ ਬਰਸਾਤ ਪਹਿਲੀ ਵਾਰ ਨਹੀਂ ਸੀ ਆਈ। ਉਹ ਤਕਰੀਬਨ ਹਰੇਕ ਬਰਸਾਤ ਦਾ ‘ਚਮਤਕਾਰ’ ਦੇਖਦੇ। ਜਦੋਂ ਇਕ-ਦੋ ਦਿਨ ਮੀਂਹ ਲਗਾਤਾਰ ਪੈਂਦਾ ਤਾਂ ਕੱਚੇ ਕੋਠਿਆਂ ਦੀ ਦਾਸਤਾਨ ਬਰਸਾਤ ਵਾਂਗ ਲੰਮੇਰੀ ਹੋ ਜਾਂਦੀ। ਕੰਧਾਂ ਦੇ ਲੇਅ ਫੁੱਲ ਕੇ ਹੌਲੀ-ਹੌਲੀ ਡਿਗਣ ਲੱਗ ਪੈਂਦੇ ਤੇ ਇਨ੍ਹਾਂ ਹੇਠੋਂ ਕੀੜੀਆਂ ਆਪਣੇ ਚਿੱਟੇ ਆਂਡੇ ਚੁੱਕੀ ਜਾਂਦੀਆਂ ਤੇਜ਼-ਰਫ਼ਤਾਰ ਨਾਲ ਇੱਧਰ-ਉੱਧਰ ਦੌੜਦੀਆਂ ਦਿਸਦੀਆਂ। ਕੰਧਾਂ ਢਹਿੰਦੀਆਂ ਤਾਂ ਚੂਹੇ-ਚਕੂੰਧਰਾਂ, ਕੰਨਖਜੂਰੇ ਤੇ ਹੋਰ ਨਿੱਕੇ-ਨਿੱਕੇ ਜੀਵ-ਜੰਤੂਆਂ ਦੇ ਲੁਕਣ ਦੀ ਭੱਜ-ਦੌੜ ਦਿਸਦੀ। ਇਹ ਨਜ਼ਾਰਾ ਦੇਖਣ ਨੂੰ ਚੰਗਾ ਲਗਦਾ ਪਰ ਭਾਈਏ ਦਾ ਚਿੰਤਾ-ਫਿਕਰ ਪੂਰੀ ਰਕਮ ਵਾਂਗ ਮੁਕੰਮਲ ਰਹਿੰਦਾ ਹੋਇਆ ਵੀ ਇਉਂ ਲਗਦਾ ਜਿਵੇਂ ਸਾਡੇ ਸਾਰਿਆਂ ਵਿਚ ਤਕਸੀਮ ਹੋ ਗਿਆ ਹੋਵੇ। ਹਿਸਾਬ ਦੇ ਸਵਾਲਾਂ ਵਾਂਗ ਇਉਂ ਜਾਪਦਾ ਜਿਵੇਂ ਮੇਰੀਆਂ ਸੋਚਾਂ ਵਿਚ ਉਨ੍ਹਾਂ ਨੇ ਖ਼ਾਸ ਖ਼ਾਨਾ ਬਣਾ ਲਿਆ ਹੋਵੇ।

ਅੱਠਾਂ-ਦਸਾਂ ਦਿਨਾਂ ਵਿਚ ਲੱਥੇ ਲੇਅ ਇਉਂ ਭਰ ਕੇ ਲਿੱਪ-ਪੋਚ ਦਿੱਤੇ ਜਾਂਦੇ ਕਿ ਕੰਧ ਦੀ ਖ਼ਸਤਾ ਹੋਈ ਹਾਲਤ ਦਾ ਉੱਕਾ ਹੀ ਪਤਾ ਨਾ ਲਗਦਾ ਜਿਵੇਂ ਪਿੰਡੇ ਉਤਲੇ ਜ਼ਖ਼ਮ ਭਰਨ ਪਿੱਛੋਂ ਅਕਸਰ ਉਨ੍ਹਾਂ ਦਾ ਨਾਮੋ-ਨਿਸ਼ਾਨ ਮਿਟ ਜਾਂਦਾ ਹੈ। ਕੰਧਾਂ-ਘਰਾਂ ਦੀ ਮੁੜ-ਉਸਾਰੀ ਸਦਕਾ ਇਨ੍ਹਾਂ ਦੀ ਦਿੱਖ ਪਹਿਲਾਂ ਨਾਲੋਂ ਚੰਗੀ ਲਗਦੀ। ਸਾਡੇ ਗ਼ਰੀਬ-ਗ਼ੁਰਬੇ ਲੋਕਾਂ ਦੇ ਬੁੱਲਾਂ ’ਤੇ ਮੁਸਕਾਨ ਭਾਦੋਂ ਦੇ ਟਾਵੇਂ-ਟਾਵੇਂ ਛਰਾਟਿਆਂ ਵਾਂਗ ਆ ਜਾਂਦੀ। ਉਨ੍ਹਾਂ ਦੀ ਆਪਸੀ ਗੱਲਬਾਤ ਤੋਂ ਲਗਦਾ ਜਿਵੇਂ ਬਰਸਾਤ ਦਾ ਕਹਿਰ ਬੀਤੇ ਦੀ ਮਨਹੂਸ ਯਾਦ ਬਣ ਕੇ ਰਹਿ ਗਿਆ ਹੋਵੇ। ਬੋਹੜ-ਪਿੱਪਲ ਥੱਲੇ ਫਿਰ ਸਾਡੇ ਲੋਕ ਢਾਣੀਆਂ ਬਣਾ ਕੇ ਬੈਠਣ ਲੱਗੇ - ਗੱਲਾਂ ਦਾ ਸਿਲਸਿਲਾ ਤੁਰਨ ਲੱਗਾ।

ਐਤਕੀਂ ਅਜੇ ਰਾਸਗੂਈਏ (ਰਾਸਤਗੋ ਪਿੰਡ ਜੋ ਮਾਧੋਪੁਰ ਤੋਂ ਅੱਧਾ ਕੁ ਮੀਲ ਦੂਰ ਉੱਤਰ ਦਿਸ਼ਾ ਵਿਚ ਹੈ।) ਗੁੱਗੇ ਆਲ਼ੇ ਨਈਂ ਬੌਹੁੜੇ! ਕਾਰਾਂ ਵੀ ਮੁੱਕ ਚਲੀਆਂ!ਤਾਏ ਮਹਿੰਗੇ ਨੇ ਹੁੱਕੇ ਦੀ ਨੜੀ ਤਾਏ ਬੰਤੇ ਵਲ ਮੋੜਦਿਆਂ ਅਚਾਨਕ ਗੱਲ ਤੋਰੀ। ਜ਼ਰਾ ਕੁ ਰੁਕ ਕੇ ਫਿਰ ਆਖਣ ਲੱਗਾ, ‘ਭਲਕੇ -ਪਰਸੋਂ ਖ਼ਬਰੇ ਗੁੱਗਾ ਨੌਮੀ ਆ।’

ਕੰਧਾਂ-ਕੋਠਿਆਂ ਤੋਂ ਬਿਹਲੇ ਹੋ ਗਏ ਆ - ਕਿਸੇ ਹੋਰ ਪਾਸੇ ਮੰਗਣ ਚੜ੍ਹਿਓ ਹੋਣਗੇ! ਓਅ ਜੀ, ਓਅ ਜੀ!ਤਾਏ ਬੰਤੇ ਨੇ ਪਿਛਲੇ ਬੋਲਾਂ ਨੂੰ ਲਮਕਾਅ ਕੇ ਬੋਲਦਿਆਂ ਸਾਂਗ ਲਾਈ।

ਇਸੇ ਦੌਰਾਨ ਜਾਗਰ ਚੌਕੀਦਾਰ ਦੇ ਘਰਾਂ ਵਲੋਂ ਡੌਰੂਆਂ ਦੇ ਵੱਜਣ ਤੇ ਇਕ ਰਲੀ-ਮਿਲੀ ਹਲਕੀ ਜਿਹੀ ਆਵਾਜ਼ ਵਿਚ ਇਹ ਬੋਲ ਸੁਣੇ;

ਗੁੱਗਾ ਜੋ ਜੰਮਿਆ, ਚੌਰੀਆਂ ਵਾਲਾ
ਚਾਨਣ ਹੋਇਆ ਘਰ ਬਾਹਰ
ਜੈਮਲ ਰਾਜਿਆ, ਕੰਤਾ ਮੇਰਿਆ
ਓਅ ਜੀ, ਓਅ ਜੀ, ਓਅ ਜੀ।

... ਤੇ ਫਿਰ ਉਨ੍ਹਾਂ ਗੁੱਗਾ ਭਗਤਾਂ ਨੇ ਸਾਡੇ ਬੋਹੜ-ਪਿੱਪਲ ਹੇਠਾਂ ਪੜਾਅ ਕੀਤਾ। ਉਨ੍ਹਾਂ ਵਿੱਚੋਂ ਇੱਕ ਨੇ ਸਾਰਿਆਂ ਤੋਂ ਮੋਹਰੇ ਤੁਰਿਆਂ ਗੁੱਗੇ ਦਾ ਝੰਡਾ ਚੁੱਕਿਆ ਹੋਇਆ ਸੀ ਜਿਸ ਨੂੰ ਰੰਗ-ਬਰੰਗੇ ਰੁਮਾਲਿਆਂ-ਟਾਕੀਆਂ, ਮੋਰ ਦੇ ਖੰਭਾਂ, ਨਾਰੀਅਲਾਂ ਤੇ ਕੌਡਾਂ ਨਾਲ ਸ਼ਿੰਗਾਰਿਆ ਹੋਇਆ ਸੀ।

ਗਾਉਣ ਤੋਂ ਦਮ ਮਾਰਨ ਬਹਾਨੇ ਉਹ ਆਪਣੇ ਨਾਲ਼ ਲਿਆਂਦੇ ਹੁੱਕੇ ਦੇ ਲੰਮੇ-ਲੰਮੇ ਸੂਟੇ ਖਿੱਚਦੇ। ਜਥੇ ਦਾ ਮੋਹਰੀ ਭਗਤ ਕਥਾ ਸੁਣਾਉਂਦਾ, ‘ਗੁੱਗੇ ਪੀਰ ਦੀ ਮਾਂ ਦਾ ਨਾਂ ਬਾਛਲ ਤੇ ਉਹਦੀ ਮਾਸੀ ਦਾ ਨਾਂ ਕਾਛਲ ਸੀ। ਗੁੱਗੇ ਦੇ ਦੋ ਮਸੇਰੇ ਭਰਾ ਹੋਏ ਆ - ਸੁਰਜਣ ਤੇ ਅਰਜਣ। ਉਹ ਹੁਆਣ ਮੱਤ ਤੋਂ ਈ ਗੁੱਗੇ ਨਾਲ ਬੈਰ-ਬਰੋਧ ਰੱਖਦੇ ਸੀਗੁੱਗੇ ਦੇ ਘਰ ਆਲੀ ਰਾਣੀ ਸਿਲੀਅਰ ਬੜੀ ਖੂਬਸੂਰਤ ਤੇ ਦਿਲ ਭਰਮਾ ਲੈਣ ਆਲੀ ਸੀ। ਸੁਰਜਣ ਸਿਲੀਅਰ ਨਾਲ ਆਪ ਬਿਆਹ ਕਰਾਉਣਾ ਚਾਹੁੰਦਾ ਸੀ। ਉਸ ਨੂੰ ਹਾਸਿਲ ਕਰਨ ਲਈ ਸੁਰਜਣ ਤੇ ਅਰਜਣ ਨੇ ਗੁੱਗੇ ਨਾਲ ਲੜਾਈ ਕੀਤੀ ਜਿਸ ਵਿਚ ਉਹ ਦੋਨੋਂ ਜਣੇ ਗੁੱਗੇ ਹੱਥੋਂ ਮਾਰੇ ਗਏ।’

ਕਥਾ ਸੁਣਾਉਂਦੇ ਭਗਤ ਨੇ ਮੋਢੇ ਉਤਲੇ ਪਰਨੇ ਨਾਲ ਆਪਣੀਆਂ ਧੁਆਂਖੀਆਂ ਮੁੱਛਾਂ ਤੇ ਮੂੰਹ ਸਾਫ਼ ਕਰਦਿਆਂ ਪ੍ਰਸੰਗ ਅੱਗੇ ਤੋਰਿਆ, ‘ਜਦੋਂ ਬਾਛਲ ਨੂੰ ਇਸ ਸਾਰੀ ਦੁੱਖ ਭਰੀ ਵਿਥਿਆ ਦਾ ਪਤਾ ਲੱਗਾ ਤਾਂ ਉਸ ਨੇ ਆਪਣੇ ਪੁੱਤਰ ਗੁੱਗੇ ਤੋਂ ਮੂੰਹ ਫੇਰ ਲਿਆ। ਗੁੱਗੇ ਨੇ ਬੇਹੱਦ ਦੁਖੀ ਹੋ ਕੇ ਧਰਤੀ ਮਾਤਾ ਤੋਂ ਸ਼ਰਨ ਮੰਗੀ ਪਰ ਧਰਤੀ ਨੇ ਗੁੱਗੇ ਨੂੰ ਆਪਣੇ ਅੰਦਰ ਸਮਾਉਣ ਤੋਂ ਇਸ ਲਈ ਨਾਂਹ ਕਰ ‘ਤੀ ਪਈ ਉਹ ਹਿੰਦੂ ਆ - ਏਸੇ ਕਰ ਕੇ ਗੁੱਗਾ ਮੁਸਲਮਾਨ ਬਣ ਗਿਆ - ਧਰਤੀ ਨੇ ਬਿਹਲ ਦੇ ’ਤੀ - ਉਹ ਕਲਮਾ ਪੜ੍ਹਦਾ-ਪੜ੍ਹਦਾ ਘੋੜੇ ਸਣੇ ਧਰਤੀ ਅੰਦਰ ਚਲਾ ਗਿਆ।’

ਏਨੀ ਕੁ ਕਥਾ ਮਗਰੋਂ ਡੌਰੂਆਂ ਉੱਤੇ ਲਗਦੇ ਨਿੱਕੇ-ਨਿੱਕੇ ਡਗਿਆਂ ਤੇ ਗੁੱਗਾ ਭਗਤਾਂ ਦੀ ਸੁਰ ਬੱਧ ਆਵਾਜ਼ ਉੱਚੀ ਹੋਈ,

ਅੱਗੇ ਤਾਂ ਬੈਠੇ, ਅਰਜਣ ਤੇ ਸੁਰਜਣ
ਜੁੱਧ ਜੋ ਕਰਦੇ ਦੂਲੇ ਰਾਜਿਆ
ਨਹੀਂ ਦੇਣੀ ਸਿਲੀਅਰ ਨਾਰ
ਓਅ ਜੀ, ਓਅ ਜੀ, ਓਅ ਜੀ।

ਕਥਾ ਸੁਣਾਉਂਦਾ ਭਗਤ ਹੁੱਕਾ ਗੁੜਗੜਾਉਣ ਲੱਗ ਪਿਆ ਤੇ ਦੋ-ਤਿੰਨ ਹੋਰ ਭਗਤ ਘਿਓ, ਸਰ੍ਹੋਂ ਦਾ ਤੇਲ, ਗੁੜ, ਕਣਕ, ਆਟਾ ਆਪਣੇ ਬਰਤਣਾਂ-ਝੋਲੀਆਂ ਵਿਚ ਪੁਆਉਣ ਲੱਗ ਪਏ। ਜਦੋਂ ਝੰਡਾ ਚੁੱਕ ਕੇ ਅਗਲੇ ਪੜਾਅ ਲਈ ਪਿੰਡ ਵਾਲੀ ਗਲੀ ਪੈ ਗਏ ਤਾਂ ਸਾਡੀ ਸਾਰੇ ਨਿਆਣਿਆਂ ਦੀ ਟੋਲੀ ਨੇ ਇੱਕੋ ਬੋਲੀ ਬੋਲੀ, ਉਹ ਵੀ ਵਿਗਾੜ ਕੇ;

ਗੁੱਗੇ ਦੇ ਨੌਂ ਨਿਆਣੇ,
ਗੁੱਗਾ ਪੀਰ ਆਪ ਜਾਣੇ।
ਓਅ ਜੀ, ਉਅ ਜੀ,
ਓਅ ਜੀ, ਓਅ ਜੀ।

ਮੋਮਜਾਮੇ ਅੰਦਰ ਪਹਿਲਾਂ ਹੀ ਲਪੇਟੀਆਂ ਬਾਟੀਆਂ-ਕੌਲੀਆਂ ਉੱਤੇ ਅਸੀਂ ਨਿੱਕੇ-ਨਿੱਕੇ ਹੱਥਾਂ ਵਿਚ ਫੜੇ ਟਾਹਣੀਆਂ ਤੋੜ ਕੇ ਬਣਾਏ ਡਗੇ ਆਪਣੇ ਵਲੋਂ ਪੂਰੀ ਤਾਨ ਕੱਢਣ ਦੇ ਹਿਸਾਬ ਮਾਰਦੇ। ਉੱਧਰ ਤਾਏ ਬੰਤੇ ਨੇ ਹੋਰਨਾਂ ਨੂੰ ਸੁਣਾ ਕੇ ਆਖਿਆ, ‘ਕਦੇ ਅੰਨ੍ਹੇ ਘੋੜੇ ਦਾ ਦਾਨ ਮੰਗਣ ਤੁਰ ਪਏ, ਕਦੀ ਗੁੱਗਾ ... ਕੀ ਕੰਮ ਫੜਿਆ ਹੋਇਆ ਇਨ੍ਹਾਂ ਨੇ - ਜਿੱਦਾਂ ਗੁੱਗਾ ਇਨ੍ਹਾਂ ਦੀ ਮਾਸੀ ਦਾ ਪੁੱਤ ਹੋਬੇ।’

ਇਹ ਬੀ ਆਪਣੇ ਅਰਗੇ ਈ ਆ, ਗਰੀਬ ਬਚਾਰੇ - ਸਾਡੇ ਆਂਙੂੰ, ਇਨ੍ਹਾਂ ਕੋਲ ਬੀ ਕਿਹੜੀ ਜੈਦਾਦ ਆ! ਬਹਾਨੇ ਨਾਲ ਚਾਰ-ਮਣ ਦਾਣੇ ਕਮਾ ਲਈਂਦੇ ਆ।’ ਭਾਈਏ ਨੇ ਤਾਏ ਹੁਰਾਂ ਕੋਲ ਬਹਿੰਦਿਆਂ ਕਿਹਾ।

ਰਾਸਗੂੰਆਂ ਆਲਾ ਕਾਣਾ ਪਖੀਰ ਤੇਰਾ ਸੱਜਣ ਜੂ ਆ, ਹਾੜਾ ਲਾਉਣ ਦਾ ਸਾਂਝੀ! ਅਸੀਂ ਅੱਜ ਤਾਈਂ ਨਈਂ ਇਨ੍ਹਾਂ ਦੇ ਘਰੀਂ ਗਏ, ਨਾ ਇਨ੍ਹਾਂ ਦੇ ਘਰੀਂ ਕਦੀ ਹੁੱਕਾ ਪੀਤਾ, ਨਾ ਪਾਣੀ। ਤਈਨੂੰ ਬੜਾ ਹੇਜ ਆਉਂਦਾ ਇਨ੍ਹਾਂ ਮੰਗ ਖਾਣਿਆਂ ਦਾ!’

ਸਾਨੂੰ ਕਿਹੜਾ ਜੱਟ ਨੇੜੇ ਢੁੱਕਣ ਦਿੰਦੇ ਆ - ਬਿਹੜੇ ‘ਚ ਭੁੰਜੇ ਬਹਾਲਦੇ ਆ - ਕੁੱਤੇ ਜਿੰਨੀ ਕਦਰ ਨਈਂ!ਭਾਈਏ ਨੇ ਮੋੜਵਾਂ ਜਵਾਬ ਦਿੱਤਾ।

ਜੱਟ ਫੇ ਜਮੀਨ-ਜੈਦਾਦ (ਜਾਇਦਾਦ) ਆਲੇ ਆ - ਹਾਅ ਰਮਦਾਸੀਆਂ ਨੂੰ ਦੇਖ ਲਾ - ਸਾਡੇ ’ਚੋਂ ਸਿੱਖ ਬਣੇ ਆ - ਪਈਲਾਂ ਏਸੇ ਖੂਹ ਤੋਂ ਪਾਣੀ ਭਰਦੇ ਸੀ - ਹੁਣ ਆਪਣੀ ਖੂਹੀ ਲਾ ਲਈ ਆ - ਅਖੇ ਖੂਹ ਕੋਲੋਂ ਹੁੱਕਿਆਂ ਦੇ ਡੋਲ੍ਹੇ ਪਾਣੀ ਦੀ ਡਾਡ ਆਉਂਦੀ ਆ - ਸਿੱਧਾ ਨਈਂ ਕਹਿੰਦੇ ਪਈ ਅਸੀਂ ਹੁਣ ਪਈਲਾਂ ਆਲ਼ੇ ਨਈਂ ਰਹੇ।’

ਸਾਡੀ ਮਾਂ ਤਾਂ ਹੁਣ ਤਾਈਂ ਮੁਣਸ਼ਾ ਸੁੰਹ ਦੀ ਮਾਂ ਨੂੰ ਭੂਆ ਸੱਦਦੀ ਰਈ ਆ।' ਭਾਈਏ ਨੇ ਦੱਸਿਆ।

ਅਖੇ ਸੀਤਾ ਰਾਮ ਦੀ ਮਾਸੀ ਲਗਦੀ ਸੀ ਕਿ ...?’ ਤਾਏ ਬੰਤੇ ਨੇ ਹੁੱਕੇ ਦੀ ਨੜੀ ਪਰੇ ਨੂੰ ਘੁਮਾਉਂਦਿਆਂ ਤੇ ਨੱਕ ਵਿਚ ਅਧੂਰਾ ਵਾਕ ਬੋਲਦਿਆਂ ਕਿਹਾ। ਨਾਲ ਹੀ ਨਿੱਕਾ ਜਿਹਾ ਹਾਸਾ ਹੱਸਿਆ, ‘ਹੋਰ ਮੈਂ ਤਈਨੂੰ ਕੀ ਦੱਸਦਾ ਹਟਿਆਂ - ਸਾਰੀ ਇੱਕੋ ਗੱਲ ਸੀ - ਸਾਂਝੀ ਸਕੀਰੀ ਸੀ - ਚਾਲ੍ਹੀਆਂ-ਪੰਜਾਹਾਂ ਸਾਲਾਂ ਤੋਂ ਸਾਰਾ ਫ਼ਰਕ ਪਿਆ ਏਹੋ। ਇਨ੍ਹਾਂ ਦੇ ਟੱਬਰ ’ਚੋਂ ਈ ਸਿਗਾ ਸੰਤ ਰਾਮ ਜਿਹੜਾ ਆਰੀਆ ਸਮਾਜੀ ਬਣ ਗਿਆ ਸੀ - ਓਨੇ ਮੁੜ ਕੇ ਇਨ੍ਹਾਂ ਅਲ ਬੱਤੀ ਨਈਂ ਬਾਹੀ।' ਤਾਏ ਨੇ ਪਲ ਕੁ ਰੁਕ ਕੇ ਫਿਰ ਪਹਿਲੀ ਗੱਲ ’ਤੇ ਆਉਂਦਿਆਂ ਆਖਿਆ, ‘ਹੁਣ ਮੁੱਕਦੀ ਗੱਲ ਇਹ ਆ ਪਈ ਸਾਡੇ ਆਪਣੇ ਆਪਣੇ ਨਈਂ ਰਹੇ ਤੇ ਤੂੰ ਸਾਨੂੰ ਚੂਹੜਿਆਂ ਨਾਲ਼ ਨਾ ਰਲਾਈ ਜਾਹ - ਸਾਡੀ ਉਨ੍ਹਾਂ ਨਾ ਕਾਹਦੀ ਸਾਂਝ? ਕੋਈ ਲੈਣ ਨਈਂ, ਕੋਈ ਦੇਣ ਨਈਂ - ਕੋਈ ਸਾਕ-ਸਕੀਰੀ ਨਈਂ। ਸੋ ਬਹੁਤਾ ਸਿਰ ’ਤੇ ਨਈਂ ਚੜ੍ਹਾਈਦਾ ਇਹੋ ਜਿਹੀ ਜਾਹਲ ਕੌਮ ਨੂੰ।'

ਧੌਲ਼ੀ ਦਾਹੜੀ ਦਾ ਕੁਛ ਖਿਆਲ ਰੱਖ - ਜੇ ਅਸੀਂ ਚੂਹੜਿਆਂ ਦੇ ਘਰ ਜੰਮ ਪਈਂਦੇ? ਜੇ ਜੰਮਣਾ ਬੱਸ ‘ਚ ਹੁੰਦਾ ਤਾਂ ਮੈਂ ਚਮਾਰਾਂ ਦੇ ਘਰ ਈ ਜੰਮਦਾ?’ ਭਾਈਆ ਹੁੱਕੇ ਦਾ ਘੁੱਟ ਭਰੇ ਬਿਨਾਂ ਹੀ ਉਨ੍ਹਾਂ ਕੋਲੋਂ ਉੱਥੋਂ ਉੱਠ ਪਿਆ। ਘਰ ਵੱਲ ਨੂੰ ਅਹੁਲਦਿਆਂ ਉੱਚੀ-ਉੱਚੀ ਬੋਲੀ ਜਾ ਰਿਹਾ ਸੀ, ‘ਇਹ ਕੋੜ੍ਹ ਨਈਂ ਨਿਕਲਣਾ ਸਾਡੇ ਲੋਕਾਂ ‘ਚੋਂ, ਸਾਰਾ ਪੁਆੜਾ ਬਾਹਮਣਾਂ ਦਾ ਪਾਇਆ ਆ - ਪੁਆੜਾ ਕਾਹਦਾ ਪਾੜਾ ਪਾਇਆ ਆ - ਬਿਹਲੇ ਬਹਿ ਕੇ ਖਾਣ ਨੂੰ ਤੇ ਸਾਡੇ ਅਰਗਿਆਂ ਤੋਂ ਹੋਰਾਂ ਲਈ ਬਗਾਰਾਂ-ਬੁੱਤੀਆਂ ਕਰੌਣ ਨੂੰ।’

ਭਾਈਏ ਦੀ ਵਿਚਾਰ-ਲੜੀ ਮੁੱਕਣ ਦਾ ਨਾਂ ਹੀ ਨਹੀਂ ਲੈ ਰਹੀ ਸੀ। ਉਹ ਫਿਰ ਆਖਣ ਲੱਗਾ, ‘ਸਾਡੀ ਕੀ ਜੂਨ ਹੋਈ? ਨਾ ਤਿੰਨਾਂ ‘ਚ ਨਾ ਤੇਰ੍ਹਾਂ ’ਚ। ਕਹਿਣ ਨੂੰ ਅਸੀਂ ਹਿੰਦੂ, ਕੋਈ ਦੱਸੇ ਤਾਂ ਸਈ ਪਈ ਬਾਹਮਣਾਂ, ਖੱਤਰੀਆਂ, ਬੈਸ਼ਾਂ, ਸ਼ੂਦਰਾਂ ’ਚੋਂ ਅਸੀਂ ਕਿਨ੍ਹਾਂ ’ਚ ਆਉਨੇ ਆਂ, ਨਾ ਸਾਡਾ ਧਰਮ, ਨਾ ਬਰਨ! ਕੋਈ ਪੁੱਛਣ ਆਲਾ ਹੋਬੇ ਪਈ ਅਸੀਂ ਹਿੰਦੂ ਕਿੱਦਾਂ ਹੋਏ।’ ਭਾਈਆ ਬੋਲਦਾ-ਬੋਲਦਾ ਜਿਵੇਂ ਹਫ਼ ਗਿਆ ਸੀ ਤੇ ਦਮ ਮਾਰ ਕੇ ਜਿਵੇਂ ਫਿਰ ਬੋਲਣ ਲੱਗ ਪਿਆ, ‘ਕਈ ਬਾਰੀ ਮੇਰਾ ਚਿੱਤ ਕਰਦਾ ਪਈ ਆਪਾਂ ਸਿੱਖ ਬਣ ਜਾਈਏ।’

ਤਈਨੂੰ ਕਿਸੇ ਨੇ ਰੋਕਿਆ? ਮੈਨੂੰ ਤਾਂ ਹਿੰਦੂਆਂ-ਸਿੱਖਾਂ ‘ਚ ਫ਼ਰਕ ਨਈਂ ਦਿਸਦਾ - ਨਾਲੇ ਸਾਰੇ ਇੱਕੋ ਰੱਬ ਨੂੰ ਮੰਨਦੇ ਆ।' ਮਾਂ ਨੇ ਗੱਲਾਂ-ਬਾਤਾਂ ਵਿਚ ਜਿਵੇਂ ਹਿੱਸਾ ਲੈਣ ਦੀ ਕੋਸ਼ਿਸ਼ ਕੀਤੀ ਹੋਵੇ।

ਤੇਰੀ ਗੱਲ ਬੀ ਸਈ ਆ ਪਈ ਇਸ ਜਾਤਪਾਤ ਬਾਰੇ ਸਿੱਖਾਂ ‘ਚ ਬੀ ਹਿੰਦੂਆਂ ਆਲਾ ਇਹ ਕਲੰਕ ਆ।' ਭਾਈਏ ਨੂੰ ਫਿਰ ਪਤਾ ਨਹੀਂ ਕੀ ਅਹੁੜਿਆ ਤੇ ਬੋਲਣ ਲੱਗ ਪਿਆ, ‘ਮੈਂ ਤਾਂ ਕਈਨਾ ਪਈ ਕਿਸੇ ਇਕ ਪਾਸੇ ਹੋ ਕੇ ਮਰ ਜਾਓ ਸਾਰੇ ਜਣੇ - ਚਾਹੇ ਜਿੱਧਰ ਮਰਜੀ ਮਰ ਜਾਓ। ਚਾਹੇ ਸਿੱਖ ਬਣ ਜਾਓ ਚਾਹੇ ਕੁਛ ਹੋਰ ਪਰ ਹਿੰਦੂ ਨਾ ਰਹੋ - ਏਸ ਨਰਕ ’ਚੋਂ ਨਿੱਕਲੋ।’ ਭਾਈਏ ਨੂੰ ਜਿਵੇਂ ਕੁਝ ਚੇਤਾ ਆ ਗਿਆ ਤੇ ਦੱਸਣ ਲੱਗਾ, ‘ਥੋੜ੍ਹੇ ਕੁ ਦਿਨ ਪਈਲਾਂ ਲਾਹੌਰੀ ਰਾਮ ਬਾਲੀ ਨੇ ਇਕ ਜਲਸੇ ‘ਚ ਤਕਰੀਰ ਕਰਦਿਆਂ ਕਿਹਾ ਸੀ ਪਈ ਡਾਕਟਰ ਅੰਬੇਦਕਰ ਨੇ ਪਿੱਛੇ ਜਿਹੇ ਗਰੀਬਾਂ, ਕੰਮੀਆਂ-ਕਮੀਣਾਂ ਨੂੰ ਕਿਹਾ ਪਈ ਬੋਧੀ ਬਣ ਜਾਓ, ਜਿੱਥੇ ਨਾ ਬਰਨ ਨਾ ਜਾਤ, ਸਾਰੇ ਬਰਾਬਰ ਆ। ਹਿੰਦੂ ਪਤਾ ਨਈਂ ਕਿਹੜੇ ਗੁਮਾਨ ’ਚ ਤੁਰੇ-ਫਿਰਦੇ ਆ - ਅਖੇ ਅਸੀਂ ਫਲਾਨੇ-ਫਲਾਨੇ ਨਾਲੋਂ ਉੱਚੇ ਆਂ - ਹਰਦੂ-ਲਾਹਣਤ - ਡੁੱਬ ਕੇ ਮਰ ਜਾਓ ਪਰੇ ਕਿਤੇ ਜਾਲਮੋ - ਮਰਿਆਂ ਨੂੰ ਮਾਰਨ ਆਲਿਓ!’

ਕਿਉਂ ਆਪਣਾ ਲਹੂ ਲੂਹੀ ਜਾਨਾ - ਛੱਡ ਪਰੇ ਹੁਣ!ਮਾਂ ਨੇ ਦੱਬਵੀਂ ਜੀਭੇ ਸਲਾਹ ਦਿੱਤੀ।

ਭਾਈਏ ਨੂੰ ਜਿਵੇਂ ਕੁਝ ਹੋਰ ਚੇਤਾ ਆ ਗਿਆ ਸੀ ਤੇ ਉਹ ਬਿਨਾਂ ਪੁੱਛੇ ਦੱਸਣ ਲੱਗ ਪਿਆ, ‘ਹਾਅ ਇੰਦਰ ਸੁੰਹ ਪਿੱਛੇ ਜਹੇ ਮਾਂ ਨੂੰ ਉਲਾਮਾਂ ਦੇ ਗਿਆ, ਅਖੇ ਹਰੋ, ਪ੍ਰਾਹੁਣੇ (ਮੇਰਾ ਫੁੱਫੜ ਗੁਲਜ਼ਾਰੀ ਲਾਲ) ਨੂੰ ਕਹੀਂ ਪਈ ਅੱਗੇ ਤੋਂ ਆੜ ’ਚੋਂ ਪਾਣੀ ਪੀਬੇ, ਪਾਰਸ਼ੇ ਨੂੰ ਮੂੰਹ ਲਾ ਕੇ ਪੀਤਾ ਤਾਂ ਮੇਤੋਂ ਬੁਰਾ ਕੋਈ ਨਈਂ ! ... ਓਦਾਂ ਸਬਿਹਾਰ ਨੂੰ ਸਾਰੀ ਉਮਰ ਗੁਰਦੁਆਰੇ ਢੋਲਕੀ ਕੁੱਟਦਿਆਂ ਤੇ ਛੈਣੇ ਬਜਾਉਂਦਿਆਂ ਗਾਲ਼ ਲਈ।’

ਮੇਰੀਆਂ ਅੱਖਾਂ ਸਾਹਮਣੇ ਪਿਛਲੇ ਦਿਨੀਂ ਰਾਮ ਗਊਆਂ ਦੇ ਉੱਥੇ ਪਾਣੀ ਪੀਣ ਦਾ ਦ੍ਰਿਸ਼ ਸਾਕਾਰ ਹੋ ਗਿਆ। ਮੈਨੂੰ ਮਹਿਸੂਸ ਹੋਇਆ ਕਿ ਅਸੀਂ ਪਸੂਆਂ ਨਾਲੋਂ ਵੀ ਬਦਤਰ ਹਾਂ। ਸਾਡੇ ਨਾਲੋਂ ਪੱਥਰ ਤੇ ਬੇਜ਼ੁਬਾਨ ਪਸ਼ੂ ਚੰਗੇ ਜਿਨ੍ਹਾਂ ਦੀ ਇੰਨੀ ਕਦਰ ਆ। ਪੂਜਾ ਹੋ ਰਹੀ ਆ! ਪਲ ਕੁ ਪਿੱਛੋਂ ਮੈਨੂੰ ਲੱਗਿਆ ਜਿਵੇਂ ਪਾਰਸ਼ੇ ਦੀ ਨਸਾਰ ਦਾ ਡਿਗਦਾ ਪਾਣੀ ਇਕਦਮ ਖੌਲਣ ਲੱਗ ਪਿਆ ਹੋਵੇ ਤੇ ਫਿਰ ਘੁੰਮਣਘੇਰੀ ਵਿਚ ਬਦਲ ਗਿਆ ਹੋਵੇ।

ਕਿਉਂ ਸੁਆਹ ਫੋਲੀ ਜਾਨਾ - ਬੁਝੀਓ ਅੱਗ ਨੂੰ ਫੂਕਾਂ ਮਾਰ ਕੇ ਐਮੀਂ ਨਾ ਲੋਹਾ-ਲਾਖਾ ਹੋਈ ਜਾਹ!’

ਮੇਰੇ ਅੰਦਰ ਭਾਂਬੜ ਬਲਦਾ - ਉੱਤੋਂ ਤੂੰ ਸਮਝਾਉਣ ਡਹੀਓਂ ਆਂ। ਜੇ ਹਿੰਦੁਸਤਾਨ-ਪਾਕਸਤਾਨ ਨਾ ਬਣਦਾ ਤਾਂ ਭਾਈਏ (ਮੇਰਾ ਫੁੱਫੜ ਗੁਲਜ਼ਾਰੀ ਲਾਲ) ਨੇ ਇੱਥੇ ਛਿੱਕੂ ਲੈਣ ਆਉਣਾ ਸੀ ਲਹੌਰੋਂ, ਜਿੱਥੇ ਇਹੋ ਜਿਹਾ ਕੰਜਰਖਾਨਾ ਫਿਰ ਵੀ ਘੱਟ ਈ ਆ।’

ਇਹ ਸਭ ਕੁਝ ਸੁਣਦਿਆਂ ਮੇਰੇ ਮਨ ਵਿਚ ਖ਼ਿਆਲਾਂ ਦੀ ਇਕ ਹੋਰ ਮਾਲ੍ਹ ਚੱਲਣ ਲੱਗ ਪਈ ਸੀ - ਫੁੱਫੜ ਅੰਗਰੇਜ਼ਾਂ ਵਰਗਾ ਗੋਰਾ-ਨਿਛੋਹ, ਉੱਚਾ-ਲੰਮਾ ਛਾਂਟਵਾਂ ਜੁਆਨ, ਚੜ੍ਹਦੇ ਤੋਂ ਚੜ੍ਹਦਾ ਲੀੜਾ ਪਾਉਂਦਾ - ਜੇ ਉਹਨੇ ਵਗਦੇ ਖੂਹ ਦੇ ਪਾਰਸ਼ੇ ਨੂੰ ਮੂੰਹ ਲਾ ਕੇ ਪਾਣੀ ਪੀ ਲਿਆ ਤਾਂ ਬਾਬਾ ਇੰਦਰ ਸੁੰਹ ਨੂੰ ਟਿੰਡਾਂ, ਬੈੜ, ਲੱਠ, ਗਾਧੀ ਰਾਹੀਂ ਭਿੱਟ ਦੀ ਜ਼ਹਿਰ ਕਿੱਦਾਂ ਚੜ੍ਹ ਗਈ।

ਇਨ੍ਹੀਂ ਵਿਚਾਰੀਂ ਪਿਆਂ ਪਲ ਦੀ ਪਲ ਖ਼ਿਆਲਾਂ ਦੀ ਇਹ ਮਾਲ੍ਹ ਖੂਹ ਦੀਆਂ ਟਿੰਡਾਂ ਵਿਚ ਬਦਲ ਗਈ ਤੇ ਖੂਹ ਦਾ ਪੱਤਣ ਨਿੱਤਰੇ ਪਾਣੀ ਦੀ ਥਾਂ ਇਕ ਸ਼ੀਸ਼ਾ ਬਣ ਕੇ ਸਾਹਮਣੇ ਆ ਗਿਆ। ਕਈ ਅਕਸ ਬਣਦੇ ਮਿਟਦੇ। ਕਦੀ ਇਨ੍ਹਾਂ ਨਾਲ ਉੱਚੇ-ਉੱਚੇ ਪਹਾੜ ਬਣਦੇ ਦਿਸਦੇ ਤੇ ਕਦੀ ਇਨ੍ਹਾਂ ਵਿੱਚੋਂ ਫੁੱਟਦਾ ਜਵਾਲਾ। ਸਰੀਰ ਇਕਦਮ ਝੰਜੋੜਿਆ ਜਾਂਦਾ। ਸੋਚਦਾ ਕਿ ਮੈਂ ਕਿਤੇ ਇਸ ਵਿਚ ਝੁਲਸ ਨਾ ਜਾਵਾਂ। ਇਨ੍ਹਾਂ ਸੋਚਾਂ ਦਾ ਸਿਲਸਿਲਾ ਪਤਾ ਨਹੀਂ ਅਜੇ ਹੋਰ ਕਿੰਨਾ ਚਿਰ ਲਗਾਤਾਰ ਜਾਰੀ ਰਹਿੰਦਾ ਜੇ ਧਿਆਨ ਮੇਰਾ ਮੋਢਾ ਜ਼ੋਰ ਨਾਲ ਹਿਲਾ ਕੇ ਤੇ ਉੱਚੀ ਦੇਣੀ ਬੋਲ ਕੇ ਨਾ ਕਹਿੰਦਾ ‘ਕੱਲ੍ਹ ਨੂੰ ਸੇਮੀਆਂ ਖਾਣ ਨੂੰ ਦਾਅ ਲੱਗੂ! ਐਤਕੀਂ ਦੋਹਲਟੇ ਖੂਹ ’ਤੇ ਚਲਾਂਗੇ!’

ਗੁੱਗਾ ਨੌਵੀਂ ਦੇ ਦਿਨ ਸਾਡੇ ਵਿਹੜੇ ਦੀਆਂ ਮੇਰੀਆਂ ਚਾਚੀਆਂ-ਤਾਈਆਂ ਬੋਹੜ ਵਾਲੇ ਗੁਰਦਾਸ ਹੁਰਾਂ ਦੀ ਜਗ੍ਹਾ ਉੱਤੇ ਦੀਵੇ ਜਗਾਉਂਦੀਆਂ, ਮੱਥਾ ਟੇਕਦੀਆਂ। ਕੱਚੀ ਲੱਸੀ ਦੇ ਛਿੱਟੇ ਦਿੰਦੀਆਂ। ਥਾਲ਼ ਦੀਆਂ ਸੇਵੀਂਆਂ ਨਿਆਣਿਆਂ ਨੂੰ ਵੰਡਦੀਆਂ ਜੋ ਪਹਿਲਾਂ ਹੀ ਕੌਲੀਆਂ-ਬਾਟੀਆਂ ਖੜਕਾਉਂਦੇ-ਵਜਾਉਂਦੇ ਤੇ ਰੌਲ਼ਾ ਪਾ ਰਹੇ ਹੁੰਦੇ।

ਪਿੰਡ ਦੇ ਚੜ੍ਹਦੇ ਪਾਸੇ ਦੋਹਲਟੇ ਖੂਹ ਉੱਤੇ ਸਿਰਫ਼ ਜੱਟੀਆਂ, ਬਾਹਮਣੀਆਂ ਤੇ ਸੁਨਿਆਰੀਆਂ ਹੀ ਸੇਵੀਂਆਂ ਚੜ੍ਹਾਉਣ ਜਾਂਦੀਆਂ। ਉਨ੍ਹਾਂ ਨੇ ਖੱਬੀ ਕੋਹਣੀ ਉਤਾਂਹ ਨੂੰ ਮੋੜ ਕੇ ਆਪਣੇ ਮੋਢੇ ਬਰਾਬਰ ਕੀਤੇ ਤੇ ਫੈਲਾਏ ਹੋਏ ਹੱਥ ਉੱਤੇ ਥਾਲ਼ ਟਿਕਾਏ ਹੁੰਦੇ ਜੋ ਕਰੋਸ਼ੀਏ ਨਾਲ ਬੁਣੇ ਚਿੱਟੇ ਪੋਣਿਆਂ ਨਾਲ ਢਕੇ ਹੁੰਦੇ ਤੇ ਸੱਜੇ ਹੱਥ ਕੱਚੀ ਲੱਸੀ ਭਰਿਆ ਗਲਾਸ-ਗੜਵੀ ਫੜੇ ਹੁੰਦੇ। ਨਵੇਂ ਫੱਬਵੇਂ ਕੱਪੜਿਆਂ ਤੇ ਤੋਰ ਵਿਚ ਇਕ ਭਰੋਸਾ ਦੇਖਦਿਆਂ ਮੇਰੇ ਖ਼ਿਆਲਾਂ ਵਿਚ ਅਨੁਪਾਤ, ਜਮ੍ਹਾਂ, ਘਟਾਓ ਜਾਂ ਤਕਸੀਮ ਦੇ ਸਵਾਲਾਂ ਵਰਗਾ ਸਿਲਸਿਲਾ ਸ਼ੁਰੂ ਹੋ ਜਾਂਦਾ। ਵਿਹੜੇ ਦੀਆਂ ਔਰਤਾਂ, ਧੀਆਂ-ਭੈਣਾਂ ਦੀ ਤਰਸ ਭਰੀ ਹਾਲਤ ਵਲ ਜਾਣ ਨੂੰ ਇਕ ਪਲ ਵੀ ਨਾ ਲਗਦਾ ਜਿਨ੍ਹਾਂ ਦੇ ਲੀੜੇ ਮੈਲ਼ੇ, ਟਾਕੀਆਂ ਲੱਗੇ ਜਾਂ ਘਸੇ-ਛਣੇ ਹੁੰਦੇ। ਬੇਰੌਣਕ ਚਿਹਰੇ ਪਾਲਾਂ ਬਣ ਕੇ ਮੇਰੇ ਸਾਹਮਣੇ ਆ ਖੜ੍ਹੇ ਹੁੰਦੇ ਤੇ ਉਨ੍ਹਾਂ ਦੀ ਤੋਰ ਵਿਚ ਜਿਮੀਂਦਾਰਨੀਆਂ ਵਰਗੀ ਮੜ੍ਹਕ ਨਾ ਦਿਸਦੀ ਸਗੋਂ ਉਹ ਨੰਗੇ ਪੈਰੀਂ ਇਕ ਹੱਥ ਰੰਬੇ-ਦਾਤੀਆਂ ਤੇ ਇਕ ਹੱਥ ਲੀੜੇ ਜਾਂ ਸਿਰ ’ਤੇ ਘਾਹ ਦੀ ਪੰਡ ਜਾਂ ਗੋਹਾ-ਕੂੜਾ ਚੁੱਕਦੀਆਂ ਜਾਂ ਆਪਣੇ ਨਿਆਣਿਆਂ ਦੇ ਕੁਟਾਪਾ ਚਾੜ੍ਹਦੀਆਂ ਤੇ ਉਨ੍ਹਾਂ ਨੂੰ ਬੁਰਾ-ਭਲਾ ਬੋਲਦੀਆਂ ਸੁਣਦੀਆਂ ਦਿਸਦੀਆਂ।

ਖ਼ੈਰ, ਸਾਡੇ ਮੁਹੱਲੇ ਦੇ ਨਿਆਣੇ ਦੋਹਲਟੇ ਖੂਹ ’ਤੇ ਵੀ ਗੇੜਾ ਮਾਰ ਲੈਂਦੇ। ਇਸ ਵਾਰ ਧਿਆਨ, ਰਾਮ ਪਾਲ ਤੇ ਸੁੱਚੇ ਹੁਰਾਂ ਨਾਲ ਮੈਂ ਵੀ ਬਾਟੀ ਚੁੱਕ ਗੱਭਲੀ ਗਲ਼ੀ ਤੁਰ ਪਿਆ। ਸੇਮੀਆਂ ਲੈਂਦਿਆਂ ਇਕ-ਦੂਜੇ ਤੋਂ ਮੋਹਰੇ ਹੋਣਾ ਆਮ ਜਿਹੀ ਗੱਲ ਹੁੰਦੀ। ਜਦੋਂ ਜਾਤ ਦੇ ਨਾਂ ’ਤੇ ਦਬਕਾ-ਝਿੜਕਾ ਤੇ ਮਿਹਣਾ ਕਿਸੇ ਨੇ ਮਾਰਿਆ ਤਾਂ ਮੈਂ ਉੱਥੋਂ ਮਲਕ ਦੇਣੀ ਖਿਸਕ ਪਿਆ। ਮੇਰੀਆਂ ਸੋਚਾਂ ਵਿਚ ਇਕ ਖਲਬਲੀ ਮਚ ਗਈ। ਇਸ ਥਾਂ ਉੱਤੇ ਸੇਮੀਆਂ ਲੈਣ ਜਾਣ ਲਈ ਮੇਰਾ ਇਹ ਪਹਿਲਾ ਤੇ ਆਖ਼ਰੀ ਮੌਕਾ ਸੀ।

ਪਰ ਤ੍ਰਕਾਲਾਂ ਤਕ ਮੇਰੇ ਚਿੱਤ ‘ਚ ਆਕਾਸ਼ ਵਿਚ ਉੱਠਦੀਆਂ ਘਟਾਵਾਂ ਵਾਂਗ ਬੱਦਲ ਚੜ੍ਹਦੇ ਰਹੇ ਜੋ ਘੋਰ-ਉਦਾਸੀ ਦਾ ਰੂਪ ਧਾਰਨ ਕਰਨ ਕਰ ਕੇ ਵਰ੍ਹਨ ਹੀ ਲੱਗ ਪਏ। ਕੁਝ ਦਿਨ ਤਕ ਮੇਰਾ ਰੋਮ-ਰੋਮ ਇਨ੍ਹਾਂ ਖ਼ਿਆਲਾਂ ਨਾਲ ਭਰਦਾ-ਫਿੱਸਦਾ ਰਿਹਾ। ਤੇ ਅਚਾਨਕ ਮਨ ਦੀ ਇਹ ਰੌਂਅ ਉਦੋਂ ਬਦਲੀ ਜਦੋਂ ਖੱਖਰ ਦੇ ਭੂੰਡਾਂ ਵਾਂਗ ਸਾਡੇ ਮੁਹੱਲੇ ਦੇ ਨਿਆਣਿਆਂ ਦੇ ਟੋਲੇ ਢੋਲ ਦੀ ਆਵਾਜ਼ ਵਲ ਨੂੰ ਇਕ-ਦੂਜੇ ਤੋਂ ਮੋਹਰੇ ਹੋ ਕੇ ਦੌੜਨ ਲੱਗੇ ਜਿਵੇਂ ਆਪਸ ਵਿਚ ਸ਼ਰਤ ਲਾਈ ਹੋਵੇ। ਕੋਈ ਗਲ਼ੋਂ ਨੰਗਾ ਸੀ ਤੇ ਕੋਈ ਤੇੜੋਂ। ਪਲਾਂ ਵਿਚ ਢੋਲੀ ਕੋਲ ਪਹੁੰਚ ਕੇ ਸਾਰੇ ਜਣੇ ਭੰਗੜਾ ਪਾਉਣ ਲੱਗ ਪਏ। ਪਿੰਡਿਆਂ ਤੋਂ ਨਿੱਚੜਦੇ ਪਸੀਨੇ ਦੀ ਕਿਸੇ ਨੂੰ ਕੋਈ ਪਰਵਾਹ ਨਹੀਂ ਸੀ।

ਦਰਅਸਲ, ਬਿਨਪਾਲਕੇ (ਮਾਧੋਪੁਰ ਤੋਂ ਦੱਖਣ ਪਾਸੇ ਚਾਰ ਕੁ ਕਿਲੋਮੀਟਰ ਦੀ ਵਿੱਥ ’ਤੇ ਪਿੰਡ) ਦਾ ਅੱਧਖੜ ਉਮਰ ਦਾ ਇਕਹਿਰੇ ਸਰੀਰ ਦਾ ਅੱਛਰੂ ਜਿਸ ਦੇ ਮੂੰਹ ਉੱਤੇ ਮਾਤਾ ਦੇ ਦਾਗ, ਛੋਟੀਆਂ ਬਿੱਲੀਆਂ ਅੱਖਾਂ, ਵਿਰਲੀ-ਪਤਲੀ ਦਾੜ੍ਹੀ, ਗਲ਼ ਦੁਆਲੇ ਕਾਲੀ ਡੋਰ ਵਿਚ ਲਮਕਦਾ ਕੈਂਠਾ, ਸਿਰ ’ਤੇ ਸਿੱਧੀ-ਸਾਦੀ ਲੜ ਲਮਕਦੀ ਚਿੱਟੀ-ਮੈਲ਼ੀ ਜਾਂ ਮੋਤੀਆ ਰੰਗ ਦੀ ਪੱਗ, ਗਲ਼ ਕੁੜਤਾ, ਤੇੜ ਧੋਤੀ ਤੇ ਪੈਰੀਂ ਕਾਲੇ ਕਰੋਮ ਦੀ ਜੁੱਤੀ ਪਾਈ ਢੋਲ ਵਜਾਉਂਦਾ ਇਉਂ ਛੋਹਲੀ ਚਾਲੇ ਚਲਦਾ ਜਿਵੇਂ ਉਸ ਨੇ ਅਜੇ ਬਹੁਤ ਪੈਂਡਾ ਤੈਅ ਕਰਨਾ ਹੋਵੇ। ਜਦੋਂ ਅਸੀਂ ਛੋਟੇ ਨਿਆਣੇ ਉਹਦੇ ਮੋਹਰੇ ਹੋ-ਹੋ ਢੋਲ ਦੀ ਤਾਲ ’ਤੇ ਨੱਚਦੇ-ਟੱਪਦੇ ਤਾਂ ਉਹ ਜ਼ਰਾ ਕੁ ਜਿੰਨਾ ਰੁਕ ਕੇ ਢੋਲ ਵਜਾਉਣ ਲੱਗ ਪੈਂਦਾ ਤੇ ਅਗਾਂਹ ਨੂੰ ਵਧਾਇਆ ਆਪਣਾ ਸੱਜਾ ਪੈਰ ਵਾਰ-ਵਾਰ ਜ਼ਮੀਨ ਉੱਤੇ ਤਾਲ ਨਾਲ ਮਾਰਨ ਡਹਿ ਪੈਂਦਾ ਜਿਵੇਂ ਉਹ ਵੀ ਸਭ ਕੁਝ ਭੁੱਲ ਕੇ ਕੋਈ ਬਾਲ-ਵਰੇਸ ਦਾ ਨਿਆਣਾ ਬਣ ਗਿਆ ਹੋਵੇ!

ਫਿਰਨੀ ਉੱਤੇ ਇਉਂ ਜਾਂਦਿਆਂ ਅਸੀਂ ਸਾਰੇ ਪਿੰਡ ਦੀ ਪਰਕਰਮਾ ਕਰ ਲੈਂਦੇ ਅਤੇ ਬਾਜ਼ੀ ਦੀ ਖ਼ੁਸ਼ਖ਼ਬਰੀ ਨਾਲ ਦੇ ਪਿੰਡਾਂ ਵਿਚ ਮਹੀਨਾ-ਵੀਹ ਦਿਨ ਪਹਿਲਾਂ ਪਹੁੰਚ ਜਾਂਦੀ। ਬਾਜ਼ੀਗਰਾਂ ਨੇ ਬਾਜ਼ੀ ਪੁਆਉਣ ਲਈ ਪਿੰਡ ਵੰਡੇ ਹੁੰਦੇ ਤੇ ਸਾਡਾ ਪਿੰਡ ਅੱਛਰੂ ਕੋਲ ਸੀ।

ਬਾਜ਼ੀ ਅਕਸਰ ਲੌਢੇ ਵੇਲੇ ਤੇ ਸਿਆਲਕੋਟੀਆਂ ਦੀ ਬੋਹੜ ਥੱਲੇ ਪੈਂਦੀ। ਬੋਹੜ ਦੇ ਵੱਡੇ-ਵੱਡੇ ਦੂਰ ਤਕ ਫੈਲੇ ਡਾਹਣਿਆਂ ਦੀ ਛਾਂ ਹੇਠ ਕੁੜੀਆਂ-ਬੁੜ੍ਹੀਆਂ, ਨਿਆਣਿਆਂ-ਸਿਆਣਿਆਂ ਤੇ ਜੁਆਨਾਂ ਸਣੇ ਸਾਰਾ ਪਿੰਡ ਬਾਜ਼ੀਗਰ ਗੱਭਰੂਆਂ ਦੇ ਜੌਹਰ ਦੇਖਣ ਲਈ ਆ ਜੁੜਦਾ। ਢੋਲੀਆਂ ਨੇ ਤਾਂ ਜਿਵੇਂ ਪਹਿਲਾਂ ਹੀ ਜ਼ਿੱਦ ਕੇ ਮੁਕਾਬਲੇਬਾਜ਼ੀ ਕੀਤੀ ਹੁੰਦੀ ਜਿਸ ਕਰ ਕੇ ਸਾਰੇ ਮਾਹੌਲ ਵਿਚ ਜੋਸ਼ ਭਰਿਆ ਜਾਂਦਾ।

ਬਾਜ਼ੀ ਤੋਂ ਤਿੰਨ-ਚਾਰ ਦਿਨ ਪਹਿਲਾਂ ਹੀ ਉਨ੍ਹਾਂ ਨੇ ਮਿੱਟੀ ਦਾ ਇਕ ਢਾਲਵਾਂ ਛੋਟਾ ਜਿਹਾ ਰਾਹ ਬਣਾਇਆ ਹੁੰਦਾ ਜੋ ਅੱਗਿਓਂ ਕਾਫ਼ੀ ਉੱਚਾ ਹੁੰਦਾ ਜਿਸ ਨੂੰ ‘ਅੱਡਾ' ਕਹਿੰਦੇ। ਉੱਚੇ ਕਿਨਾਰੇ ਦੇ ਐਨ ਮੋਹਰਲੇ ਹਿੱਸੇ ਨਾਲ ਲੰਮੇ ਦਾਅ ਅੱਠ-ਦਸ ਫੁੱਟ ਦਾ ਇਕ ਪਟੜਾ (ਸਾਗਵਾਨ ਦੀ ਲੰਮੀ-ਪਤਲੀ ਮੁਲਾਇਮ ਸ਼ਤੀਰੀ) ਗੱਡਦੇ। ਮਿੱਟੀ ਪੁੱਟੇ ਥਾਂ ਦੀ ਮਿੱਟੀ ਨੂੰ ਵਾਰ-ਵਾਰ ਗੁੱਡਦੇ ਤੇ ਉਹਨੂੰ ਚੰਗੀ ਤਰ੍ਹਾਂ ਬਰੀਕ ਕਰਦੇ। ਠੀਕਰੀਆਂ, ਸ਼ੀਸ਼ੇ, ਕਿੱਲ-ਪੱਤੀ ਤੇ ਹੋਰ ਚੀਜ਼ਾਂ ਚੁੱਭਣ ਦੇ ਡਰੋਂ ਉਨ੍ਹਾਂ ਨੂੰ ਨੀਝ ਨਾਲ ਚੁਗਦੇ। ਛਾਲਾਂ ਮਾਰਨ ਦਾ ਅਭਿਆਸ ਕਰਦੇ।

ਫ਼ੁਰਤੀਲੇ, ਤੇਜ਼-ਤਰਾਰ, ਕਲਾਕਾਰ ਬਾਜ਼ੀਗਰ ਜੁਆਨਾਂ ਨੇ ਬਾਜ਼ੀ ਵੇਲੇ ਆਪਣੇ ਜਾਂਘੀਏ ਕੱਸ ਕੇ ਬੰਨ੍ਹੇ ਹੋਏ ਹੁੰਦੇ। ਉਨ੍ਹਾਂ ਦੇ ਪਿੰਡੇ ਗੱਦਰ, ਗੱਠੇ ਹੋਏ ਤੇ ਤਿਲਕਵੇਂ-ਲਿਸ਼ਕਵੇਂ ਹੁੰਦੇ ਕਿ ਉਨ੍ਹਾਂ ’ਤੇ ਮੱਖੀ ਨਾ ਠਹਿਰਦੀ। ਉਹ ਲਹਿੰਦੇ ਤੋਂ ਚੜ੍ਹਦੇ ਨੂੰ ਪਟੜੇ ਤਕ ਦੌੜਨ ਤੋਂ ਪਹਿਲਾਂ ਆਪਣੇ ਦੋਹਾਂ ਡੌਲਿਆਂ ਉੱਤੇ ਹੱਥ ਵਾਰ-ਵਾਰ ਮਾਰਦੇ। ਫਿਰ ਛੂਟ ਵੱਟ ਕੇ ਖੱਬਾ ਪੈਰ ਜ਼ੋਰ ਨਾਲ ਪਟੜੇ ਉੱਤੇ ਮਾਰ ਕੇ ਹੁਲਾਰਾ ਲੈਂਦਿਆਂ ਪਿਛਾਂਹ ਨੂੰ ਹਵਾ ਵਿੱਚ ਛਾਲ ਮਾਰ ਕੇ ਆਪਣੀ ਅਗਲੀ ਕਲਾਬਾਜ਼ੀ ਦੀ ਕਾਮਯਾਬੀ ਲਈ ਯਤਨ-ਜਾਂਚ ਕਰਦੇ। ਇਕ-ਦੋ ਮੁੱਛ-ਫੁੱਟ ਗੱਭਰੂ ਦੌੜ ਕੇ ਆ ਕੇ ਜ਼ਮੀਨ ਉੱਤੇ ਹੱਥ ਲਾ ਕੇ ਸਿਰ ਥੱਲੇ ਨੂੰ ਤੇ ਲੱਤਾਂ ਉਤਾਂਹ ਨੂੰ ਕਰ ਕੇ ਏਨੀ ਫ਼ੁਰਤੀ ਨਾਲ ਘੁਮਾ-ਘੁਮਾ ਕੇ ਚੱਕਰ ਜਿਹਾ ਬਣਾ ਦਿੰਦੇ ਜਿਵੇਂ ਖੂਹ ਦਾ ਬੈੜ ਘੁੰਮਦਾ ਹੋਵੇ। ਬਜ਼ੁਰਗ ਗੱਲਾਂ ਕਰਦੇ, ‘ਬੜਾ ਸਰੀਰ ਸਾਂਭਿਆ ਆ ਮੁੰਡਿਆਂ ਨੇ।’

ਧਰਮ ਨਾ ਰੂਹ ਖ਼ੁਸ਼ ਹੋ ਗਈ ਮੁੰਡਿਆਂ ਅਲ ਦੇਖ ਕੇ - ਬਈ ਮੇਹਨਤ ਨਾ ਸਰੀਰ ਕਮਾ ਹੁੰਦੇ ਆ। ਸਾਡੇ ਮੁੰਡੇ ਸ਼ਰਾਬਾਂ ਪੀ-ਪੀ ਢਿੱਡ ਬਧਾਈ ਜਾਂਦੇ ਆ।' ਇਕ ਜ਼ਿਮੀਂਦਾਰ ਨੇ ਜਿਵੇਂ ਆਪਣੀ ਬਰਾਦਰੀ ਦੇ ਮੁੰਡਿਆਂ ’ਤੇ ਹਿਰਖ ਕੀਤਾ ਹੋਵੇ।

ਇਸੇ ਦੌਰਾਨ ਢੋਲਾਂ ਦੀ ਆਵਾਜ਼ ਹੋਰ ਉੱਚੀ ਹੁੰਦੀ। ਬਾਜ਼ੀ ਪਾਉਂਦੇ ਜੁਆਨਾਂ ਤੇ ਲੋਕਾਂ ਵਿਚ ਜੋਸ਼ ਦਾ ਜਿਵੇਂ ਹੜ੍ਹ ਆ ਜਾਂਦਾ। ਬਾਜ਼ੀ ਬਾਕਾਇਦਾ ਸ਼ੁਰੂ ਹੁੰਦੀ - ਸਾਡੇ ਛੋਟੇ ਨਿਆਣਿਆਂ ਦੇ ਹੱਥ ਬਦੋਬਦੀ ਡੌਲਿਆਂ ਉੱਤੇ ਹਰਕਤ ਕਰਨ ਲੱਗ ਪੈਂਦੇ - ਬਾਜ਼ੀ ਕਲਾਕਾਰਾਂ ਦੀ ਨਿਰੀ ਨਕਲ।

ਬਾਜ਼ੀ ਕਲਾਕਾਰ ਕਦੀ ਸਿੱਧੀਆਂ ਤੇ ਕਦੀ ਪੁੱਠੀਆਂ ਛਾਲਾਂ ਮਾਰਦੇ। ਮਾਹੌਲ ਵਿਚ ਹੋਰ ਵੀ ਉਤਸ਼ਾਹ ਭਰ ਜਾਂਦਾ। ਜਦੋਂ ਕੋਈ ਗੱਭਰੂ ਹੱਥਾਂ ਉੱਤੇ ਸਿਰ ਹੇਠਾਂ ਤੇ ਲੱਤਾਂ ਉਤਾਂਹ ਨੂੰ ਕਰ ਕੇ ਤੁਰਦਾ ਤਾਂ ਢੋਲੀ ਤੇ ਹੋਰ ਬਜ਼ੁਰਗ ਬਾਜ਼ੀਗਰ ਸਾਥ ਦੇਣ ਵਜੋਂ ਇਕ ਆਵਾਜ਼ ਵਿਚ ਗਾਉਂਦੇ:

ਕਾਲੀਆਂ ਘਟਾਂ ਚੜ੍ਹ ਆਈਆਂ,
ਮੋਰਾਂ ਨੇ ਪੈਲਾਂ ਪਾਈਆਂ।’

ਉਹ ਉਤਲੀ ਤੁਕ ਨੂੰ ਵਾਰ-ਵਾਰ ਦੁਹਰਾਉਂਦੇ।

ਉਹ ਦੂਰੋਂ ਦੌੜ ਕੇ ਪਟੜੇ ਦੇ ਸਿਖਰ ਉੱਤੇ ਪੈਰ ਨਾਲ ਸਹਾਰਾ ਲੈਂਦਿਆਂ ਲੰਮੀਆਂ ਛਾਲਾਂ ਮਾਰਦੇ - ਲੰਬਾਈ ਨਾਪਦੇ। ਇਉਂ ਹੀ ਤੇਜ਼ ਰਫ਼ਤਾਰ ਨਾਲ ਦੌੜ ਕੇ ਪਟੜੇ ਉੱਤੇ ਪੈਰ ਲਾ ਕੇ ਛਾਲ ਮਾਰਦੇ ਤੇ ਗੁੱਛਾ-ਮੁੱਛਾ ਕੀਤੇ ਸਰੀਰ ਦੀਆਂ ਬੰਦ-ਬਾਜ਼ੀਆਂ ਕੱਢਦੇ। ਕਈ ਵਾਰ ਪੁੱਠੀਆਂ ਛਾਲਾਂ ਮਰਦੇ, ਯਾਨੀ ਹੱਥਾਂ ਦੇ ਭਾਰ ’ਤੇ ਪੈਰਾਂ-ਲੱਤਾਂ ਨੂੰ ਫ਼ੁਰਤੀ ਨਾਲ ਪਿਛਾਂਹ ਲੈ ਜਾਂਦੇ। ਲੋਕਾਂ ਦੇ ਜੋਸ਼ ਤੇ ਉਤਸ਼ਾਹ ਵਿਚ ਜਿਵੇਂ ਨਵੀਂ ਜਾਨ ਪੈ ਜਾਂਦੀ।

ਧਰਮ ਨਾ ਬੜੀ ਸਫਾਈ ਨਾ ਤ੍ਰੇਹਟੀ ਛਾਲ ਮਾਰ ਗਿਆ ਮੁੰਡਾ!ਕੋਈ ਬਜ਼ੁਰਗ ਕਿਸੇ ਗੱਭਰੂ ਦੀ ਸਿਫ਼ਤ ਕਰਦਾ ਤੇ ਅੱਛਰੂ ਨੂੰ ਰੁਪਏ-ਦੋ ਰੁਪਏ ਦਾ ਨੋਟ ਫੜਾਉਂਦਾ ਜੋ ਅੱਗੋਂ ਢੋਲ ਵਾਲੇ ਨੂੰ ਹੱਥ ਦੇ ਇਸ਼ਾਰੇ ਨਾਲ ਰੋਕ ਕੇ ਲੋਕਾਂ ਵਲ ਮੂੰਹ ਕਰ ਕੇ ਕਹਿੰਦਾ, ‘ਰੱਜੇ ਰਹੋ ਸਰਦਾਰੋ, ਧੁਆਡੀਆਂ ਬੇਲਾਂ ਹਰੀਆਂ ਰਹਿਣ।’

ਜਿੰਨਾ ਚਿਰ ਉੱਚੀ ਛਾਲ ਮਾਰੇ ਜਾਣ ਦੀ ਤਿਆਰੀ ਕੀਤੀ ਜਾਂਦੀ ਉੰਨਾ ਚਿਰ ਅੱਡੇ ਦੇ ਨੇੜੇ ਲੋਹੇ ਦੇ ਇਕ ਕੜੇ ਵਿੱਚੋਂ ਦੀ ਲੰਘਣ ਲਈ ਇਕ ਜੁਆਨ ਜ਼ਮੀਨ ’ਤੇ ਲੰਮਾ ਪੈ ਜਾਂਦਾ ਤੇ ਦੂਜਾ ਉਸ ਦੇ ਪੈਰਾਂ-ਲੱਤਾਂ ਵਲੋਂ ਦੀ ਕੜੇ ਵਿੱਚੋਂ ਦੀ ਬੜੀ ਮੁਸ਼ਕਿਲ ਨਾਲ ਪਹਿਲਾਂ ਸਿਰ ਲੰਘਾਉਂਦਾ ਤੇ ਫਿਰ ਧੜ। ਉਨ੍ਹਾਂ ਦੋਹਾਂ ਜਣਿਆਂ ਦੇ ਪਿੰਡਿਆਂ ਉੱਤੇ ਲਾਸਾਂ ਪੈ ਜਾਂਦੀਆਂ। ਢੋਲੀ ਪੁੱਛਦਾ, ‘ਕਿਉਂ ਬਈ ਜੁਆਨੋ ਲੁਹਾਰ ਸੱਦ ਕੇ ਕੜਾ ਬਢਾਈਏ?

ਨਈਂ! ਬਿਲਕੁਲ ਨਈਂ!ਔਖੇ ਇਮਤਿਹਾਨ ਪਿਆਂ ਉਨ੍ਹਾਂ ਦੀ ਦੱਬਵੀਂ ਆਵਾਜ਼ ਸੁਣਦੀ। ਕੋਲ ਹੀ ਇਕ ਬਜ਼ੁਰਗ ਆਪਣੇ ਦੋਹਰੇ ਕੀਤੇ ਸਰੀਰ ਨੂੰ ਇਕ ਛੋਟੇ ਕੜੇ ਥਾਣੀਂ ਕੱਢਦਾ ਤੇ ਤਾੜੀਆਂ ਮਾਰ ਕੇ ਗੁਣਗਣੀ ਆਵਾਜ਼ ਵਿਚ ਗਾਉਂਦਾ ਤੇ ਹੇਠ ਲਿਖੀ ਤੁਕ ਨੂੰ ਦੁਹਰਾਉਂਦਾ:

ਕਰ ਲਓ ਜਤਨ ਹਜਾਰ,
ਤੋਤੇ ਨੇ ਉੜ ਜਾਣਾ।’

ਫਿਰ ਵਾਰੀ ਆਉਂਦੀ ਅੱਗ ਨਾਲ ਖੇਡਣ ਦੀ। ਤੂਤ ਦੀਆਂ ਛਿਟੀਆਂ ਨੂੰ ਗੋਲ-ਕੜੇ ਵਰਗਾ ਆਕਾਰ ਦਿੱਤਾ ਹੁੰਦਾ ਤੇ ਫੜਨ ਲਈ ਇਕ-ਇਕ ਲੰਮੀ ਛਿਟੀ ਬੰਨ੍ਹੀ ਹੁੰਦੀ। ਗੋਲ ਚੱਕਰ ਵਾਲੇ ਹਿੱਸੇ ਦੁਆਲੇ ਲੀਰਾਂ ਲਪੇਟੀਆਂ ਹੁੰਦੀਆਂ। ਜਦੋਂ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਦਿੱਤੀ ਜਾਂਦੀ ਤਾਂ ਦੋਹਾਂ ਪਾਸਿਆਂ ਤੋਂ ਦੋ ਬੰਦੇ ਆਪਣੀ ਹਿੱਕ ਦੇ ਬਰਾਬਰ ਫੜ ਕੇ ਖੜ੍ਹੇ ਹੋ ਜਾਂਦੇ। ਅੱਗ ਦੀਆਂ ਲਾਟਾਂ ਵੱਡੀਆਂ ਹੁੰਦੀਆਂ। ਦੋ ਕੁ ਖ਼ਾਸ ਕਲਾਬਾਜ਼ ਦੌੜ ਕੇ ਆਉਂਦੇ। ਉਨ੍ਹਾਂ ਦੇ ਹੱਥ-ਬਾਹਾਂ ਮੋਹਰ ਨੂੰ ਤੇ ਸਰੀਰ ਇਉਂ ਤਣੇ ਹੁੰਦੇ ਜਿਵੇਂ ਖੂਹ ਵਿਚ ਗੋਤਾ ਲਾਉਣਾ ਹੋਵੇ। ਉਹ ਅਗਨੀ-ਚੱਕਰ ਲੰਘ ਜਾਂਦੇ ਪਰ ਕਦੀ-ਕਦੀ ਉਨ੍ਹਾਂ ਦੇ ਪਿੰਡਿਆਂ ਜਾਂ ਹੋਰ ਅੰਗਾਂ ਨੂੰ ਅੱਗ ਛੋਹ ਜਾਂਦੀ ਤੇ ਚਮੜੀ ਲੂਹ ਹੋਣ ਦਾ ਹਲਕਾ ਜਿਹਾ ਨਿਸ਼ਾਨ ਪੈ ਜਾਂਦਾ।

ਇਸ ਤਰ੍ਹਾਂ ਹੀ ਕੋਈ ਕਲਾਕਾਰ ਜੁਆਨ ਪੱਟੀ ਬੱਧੀਆਂ ਅੱਖਾਂ ਤੇ ਕਿਰਪਾਨ ਦੰਦਾਂ ਵਿਚਾਲੇ ਫੜ ਜਿਸ ਦੇ ਸਿਰਿਆਂ ਨਾਲ ਬੰਨ੍ਹੀਆਂ ਲੀਰਾਂ ਤੋਂ ਲੰਬਾਂ ਨਿਕਲਦੀਆਂ ਹੁੰਦੀਆਂ, ਪੈਰੋਂ ਹੀ ਉਲਟੀ ਛਾਲ ਮਾਰਦਾ ਤੇ ਉਸੇ ਥਾਂ ਪਹਿਲਾਂ ਵਾਂਗ ਫਿਰ ਖੜ੍ਹਾ ਹੋ ਜਾਂਦਾ।

ਇਹ ਕਮਾਲ ਦੇਖਦਾ ਮੈਂ ਹੈਰਾਨ ਰਹਿ ਜਾਂਦਾ। ਮੇਰੇ ਚਿੱਤ ਵਿਚ ਆਉਂਦਾ ਕਿ ਮੈਂ ਇਉਂ ਦੀ ਕਲਾਬਾਜ਼ੀ ਸਿੱਖਾਂ। ਮੇਰੀ ਵੀ ਪੁੱਛ-ਪ੍ਰਤੀਤ ਵਧੇ। ਮੇਰੇ ਜੌਹਰ ਦੇਖ ਕੇ ਲੋਕ ਤਾੜੀਆਂ ਮਾਰਨ ਤੇ ਮੈਂ ਖੁਸ਼ ਹੋਇਆ ਕਰਾਂ।

ਅਖ਼ੀਰ, ਉੱਚੀ ਛਾਲ ਦਾ ਨਜ਼ਾਰਾ ਦੇਖਣ ਵਾਲਾ ਹੁੰਦਾ। ਪਟੜੇ ਅੱਗੇ ਬਾਂਸਾਂ ਦੇ ਸਿਖਰ ਉੱਤੇ ਮੰਜਾ ਇਸ ਜੁਗਤ ਨਾਲ ਬੰਨ੍ਹਿਆ ਹੁੰਦਾ ਕਿ ਕੋਈ ਕਲਾਬਾਜ਼ ਆਪਣੇ ਨਿਸ਼ਾਨੇ ਤੋਂ ਉੱਕ ਜਾਵੇ ਤਾਂ ਮੰਜੇ ਉੱਤੇ ਡਿਗ ਪਵੇ। ਕਿਸੇ ਗੰਭੀਰ ਸੱਟ-ਚੋਟ ਤੋਂ ਬਚ ਜਾਵੇ। ਜਦੋਂ ਸਾਰੇ ਕਲਾਬਾਜ਼ ਇਕ-ਇਕ ਕਰ ਕੇ ਛਾਲ ਮਾਰ ਲੈਂਦੇ ਤਾਂ ਪਟੜਾ ਉਤਾਂਹ ਨੂੰ ਖਿਸਕਾ ਕੇ ਉੱਚਾ ਕੀਤਾ ਜਾਂਦਾ। ਅਗਲੀ ਕਲਾਬਾਜ਼ੀ ਦੇਖਣ ਲਈ ਸਾਰੇ ਉਤਾਵਲੇ ਹੋ ਜਾਂਦੇ।

ਸਰਦਾਰੋ ਇਕ ਉੱਚਾ-ਲੰਮਾ ਜੁਆਨ ਦਿਓ।' ਬਾਜ਼ੀ ਪੁਆਉਣ ਵਾਲਾ ਪ੍ਰਮੁੱਖ ਬਾਜ਼ੀਗਰ ਉੱਚੀ ਤੇ ਭਰੋਸੇ ਭਰੀ ਆਵਾਜ਼ ਵਿਚ ਕਹਿੰਦਾ।

ਨੋਬਿਆਂ ਦਾ ਮ੍ਹਿੰਦਰ ਕਿੱਥੇ ਆ? ਨਈਂ ਤਾਂ ਅਕਬਾਲ ਸੁੰਹ ਨੂੰ ਖੜ੍ਹਾ ਕਰ ਲਓ!ਕੋਈ ਜਣਾ ਕਹਿੰਦਾ।

ਮਹਿੰਦਰ ਸਿੰਘ ਤੇ ਇਕਬਾਲ ਸਿੰਘ ਜਾਂ ਬਾਰਾ ਸਿੰਘ ਦਾ ਭਜੀ ਤਿੰਨੋਂ ਛਾਂਟਵੇਂ ਦਰਸ਼ਨੀ ਗੱਭਰੂ - ਛੇ ਫੁੱਟ ਦੋ-ਤਿੰਨ ਤਿੰਨ ਇੰਚ ਉੱਚੇ। ਭਰਵੇਂ ਜੁੱਸੇ - ਨਾ ਹੰਕਾਰ ਨਾ ਕਿਸੇ ਨਾਲ ਲਾਗ-ਡਾਟ। ਉਹ ਤਿੰਨੋਂ ਜਣੇ ਵਾਰੋ-ਵਾਰੀ ਪੌੜ-ਸਾਂਗ ਜਿਹੇ ਉਤਲੇ ਮੰਜੇ ਉੱਤੇ ਹੱਥਾਂ ਬਾਹਾਂ ਨਾਲ ਛੱਜ ਫੜ ਕੇ ਖੜ੍ਹੇ ਹੁੰਦੇ - ਕਦੀ ਇਕ ਜਣਾ - ਕਦੀ ਦੂਜਾ ਜਣਾ। ਕਲਾਬਾਜ਼ ਪੂਰੀ ਦ੍ਰਿੜਤਾ ਤੇ ਭਰੋਸੇ ਨਾਲ ਬਿਨਾਂ ਛੱਜ ਛੋਹਿਆਂ ਇਸ ਨੂੰ ਟੱਪ ਕੇ ਤੇਹਰੀ ਛਾਲ ਮਾਰ ਲੈਂਦੇ। ਨਾਲ ਹੀ ਢੋਲ ’ਤੇ ਧਮਾਲਾਂ ਪੈਂਦੀਆਂ। ਤਾੜੀਆਂ ਤੇ ਹੋਰ ਹੌਸਲਾ ਬੁਲੰਦ ਆਵਾਜ਼ਾਂ ਮਾਹੌਲ ਵਿਚ ਉੱਚੀਆਂ ਹੁੰਦੀਆਂ। ਨਾਲ ਦੇ ਪਿੰਡਾਂ ਤੋਂ ਆਏ ਲੋਕ ਖਿਸਕਣ ਲਗਦੇ - ਕੋਈ ਕਿਸੇ ਨੂੰ ਆਪਣੇ ਘਰ ਚਾਹ-ਪਾਣੀ ਲਈ ਲੈ ਜਾਂਦਾ। ਇਉਂ ਹੌਲੀ ਹੌਲੀ ਇਹ ਨਿੱਕਾ ਜਿਹਾ ਬਾਜ਼ੀ-ਮੇਲਾ ਛਿੜ ਜਾਂਦਾ।

ਦੇਖਦਿਆਂ ਹੀ ਦੇਖਦਿਆਂ ਬਾਜ਼ੀ-ਪਿੜ ਕੋਲ ਕਣਕ ਦਾ ਵੱਡਾ ਬੋਹਲ ਲੱਗ ਜਾਂਦਾ। ਗੁੜ, ਦਾਲਾਂ ਤੇ ਚੌਲਾਂ ਦੇ ਢੇਰ ਲੱਗ ਜਾਂਦੇ। ਦੇਸੀ ਘਿਓ ਤੇ ਸਰ੍ਹੋਂ ਦੇ ਤੇਲ ਨਾਲ ਬਰਤਨ ਅੱਧੇ-ਪੌਣੇ ਭਰ ਜਾਂਦੇ। ਕੁਝ ਨਕਦ ਰੁਪਏ ਇਕੱਠੇ ਹੋ ਜਾਂਦੇ। ਅੱਛਰੂ ਤੇ ਉਹਦੇ ਘਰ ਵਾਲੀ ਅਤਿ ਸੁੰਦਰ ਬੰਤੀ ਜਿਸ ਦੀ ਠੋਡੀ ਉੱਤੇ ਫੁੱਲ ਤੇ ਬਾਹਾਂ ਉੱਤੇ ਮੋਰਨੀਆਂ ਜ਼ਹਿਰ-ਮੌਹਰੇ ਰੰਗ ਦੀਆਂ ਸਨ ਤੇ ਜੋ ਪਿੰਡ ਵਿਚ ਕੰਘੀਆਂ ਸੂਈਆਂ ਵੇਚਦੀ ਹੁੰਦੀ, ਲਈ ਕਈ ਜੱਟੀਆਂ ਥਾਲ ਵਿਚ ਨਵੇਂ ਅਣਸੀਤੇ ਕੱਪੜੇ ਰੱਖ ਕੇ ਲਿਆਉਂਦੀਆਂ। ਉਨ੍ਹਾਂ ਦੇ ਚਿਹਰਿਆਂ ਉੱਤੇ ਖ਼ੁਸ਼ੀ ਦੀਆਂ ਲਹਿਰਾਂ ਚੜ੍ਹਦੀਆਂ ਨਜ਼ਰ ਆਉਂਦੀਆਂ। ਉਨ੍ਹਾਂ ਦੋਹਾਂ ਜੀਆਂ ਦੇ ਗੱਭਰੂ ਪੁੱਤ ਜੁਗਿੰਦਰ ਜਾਂ ਭਤੀਜਾ ਬਿੱਲੂ ਫ਼ੁਰਤੀ ਨਾਲ ਕਦੀ ਗੁੜ, ਘਿਓ ਤੋਂ ਮੱਖੀਆਂ ਹਟਾਉਂਦਾ ਤੇ ਕਦੀ ਉਨ੍ਹਾਂ ਉੱਤੇ ਕੱਪੜਾ ਪਾਉਂਦਾ।

ਇਸੇ ਦੌਰਾਨ ਇਕ ਜ਼ਿਮੀਂਦਾਰ ਨੇ ਕਿਹਾ, ‘ਚੱਲ ਅੱਛਰੂ ਰਾਮਾ ਇਸ ਬਹਾਨੇ ਚਾਰ ਮਣ ਦਾਣੇ ਹੋ ਗਏ - ਹੁਣ ਤੇਰਾ ਸਾਲ ਬੰਨੇ - ਕੁਛ ਬੇਚ-ਬੱਟ ਲਈਂ! ਨਾਲੇ ਤੂੰ ਕੀ ਲੱਤ ਫੇਰੀ ਆ - ਚਾਰ ਦਿਨ ਢੋਲ ਈ ਬਜਾਇਆ।'

ਸਰਦਾਰਾ ਓਹ ਤਾਂ ਤੇਰੀ ਗੱਲ ਸਈ ਆ ਪਰ ਐਂਤਕੀ ਲਾਗਤ ਬੀ ਬਾਹਲੀ ਆ ਗਈ ... ਮਹਿੰਗਾਈ ਦੇਖ ਤਾਂ ਕਿੰਨੀ ਆ! ਨਾਲੇ ਮਹੀਨਾ ਹੋ ਗਿਆ ਜੁੱਤੀਆਂ ਘਸਾਉਂਦੇ ਨੂੰ।’

ਓਧਰ ਦਾਣਿਆਂ ਦੇ ਢੇਰ ਨੇੜੇ ਗੁੜ-ਘਿਓ ਉੱਤੇ ਬਹਿੰਦੀਆਂ-ਉਡਦੀਆਂ ਮੱਖੀਆਂ ਵਲ ਅਜੇ ਸ਼ਾਇਦ ਮੈਂ ਇਕ ਟੱਕ ਹੋਰ ਦੇਖਦਾ ਰਹਿੰਦਾ ਜੇ ਧਿਆਨ ਮੈਨੂੰ ਝੰਜੋੜ ਕੇ ਨਾ ਕਹਿੰਦਾ, ‘ਗੁੱਡ ਤਾਂਹ ਨੂੰ ਦੇਖ, ਬਾਰੀਆਂ ਦੇ ਬਿੱਕਰ ਦੇ ਚੀਨੇ ਕਬੂਤਰ ਕਿੱਦਾਂ ਬਾਜੀਆਂ ਪਾਉਂਦੇ ਆ।’

ਇਹ ਨਜ਼ਾਰਾ ਦੇਖਦਿਆਂ-ਦੇਖਦਿਆਂ ਮੈਨੂੰ ਲੱਗਿਆ ਜਿਵੇਂ ਕੁਝ ਪਲਾਂ ਲਈ ਮੈਂ ਵੀ ਚੀਨਾ ਕਬੂਤਰ ਬਣ ਕੇ ਗੂਹੜੇ-ਨੀਲੇ ਨਿੱਖਰੇ ਆਸਮਾਨ ਵਿਚ ਉਡਣ ਲੱਗ ਪਿਆ ਹੋਵਾਂ। ਪਰ ਮੇਰੀ ਪਰਵਾਜ਼ ਅਚਾਨਕ ਉਦੋਂ ਧਰਤੀ ਉੱਤੇ ਆ ਉੱਤਰੀ ਜਦੋਂ ਮੈਨੂੰ ਓਸ ਜ਼ਿਮੀਂਦਾਰ ਦੇ ਬੋਲ ਚੇਤੇ ਆਏ - ‘ਕੀ ਲੱਤ ਫੇਰੀ ਆ - ਚਾਰ ਦਿਨ ਢੋਲ ਈ ਬਜਾਇਆ!’

ਇਸ ਤਲਖ਼-ਟਿੱਪਣੀ ਦੇ ਨਾਲ ਹੀ ਇਕ ਹੋਰ ਖ਼ਿਆਲ ਆਇਆ ਜਿਸ ਵਿਚ ਭਾਈਆ ਆਪਣੇ ਲਾਖੇ ਚਿਹਰੇ ਉੱਤੇ ਤਿਊੜੀਆਂ ਪਾਉਂਦਾ ਮੇਰੇ ਮਨ ਦੇ ਆਕਾਸ਼ ਉੱਤੇ ਪ੍ਰਗਟ ਹੋਇਆ। ਇਹ ਨਿਰਾ ਖ਼ਿਆਲ ਹੀ ਨਹੀਂ ਸਗੋਂ ਹਕੀਕਤ ਸੀ। ਜਦੋਂ ਮੈਂ ਘਰ ਪਹੁੰਚਾ ਤਾਂ ਭਾਈਆ ਮੈਨੂੰ ਜਿਵੇਂ ਸਮਝਾਉਣ ਲੱਗ ਪਿਆ - ‘ਬਾਜੀ ਆਲੇ ਮੁੰਡਿਆਂ ਨੇ ਸਰੀਰ ਤੋੜ-ਤੋੜ ਸਿੱਟਤਾ - ਰੌਣਕ-ਮੇਲਾ ਕਰ ਕੇ ਲੋਕਾਂ ਦਾ ਚਿੱਤ ਪਰਚਾ ’ਤਾ ਪਰ ਇਨ੍ਹਾਂ ਜਿਮੀਂਦਾਰਾਂ ਨੂੰ ਧੇਲੇ ਜਿੰਨੀ ਕਦਰ ਨਈਂ - ਅਖੇ ਕੰਮੀਆਂ-ਕਮੀਣਾਂ ਦਾ ਕੰਮ ਈ ਸੇਵਾ ਤੇ ਮਨ ਪਰਚਾਵਾ ਕਰਨਾ ਆ - ਮੈਂ ਤਾਂ ਕਈਨਾ ਪਈ ਸਾਡੇ ਮੁਲਖ ’ਚੋਂ ਊਚ-ਨੀਚ ਦਾ ਕਲੰਕ ਬਗੈਰ ਜੁੱਤੀ ਦੇ ਨਈਂ ਮਿਟਣਾ। ਜੇ ਚਾਰ ਕਿੱਲੇ ਸਾਡੇ ਕੋਲ ਬੀ ਪੈਲ਼ੀ ਹੋ ਜਾਏ ਤਾਂ ਫਿਰ ਕੌਣ ਪਛਾਣੇ ਇਨ੍ਹਾਂ ਬੇਕਦਰੇ ਜ਼ਿਮੀਂਦਾਰਾਂ ਨੂੰ! ਇਨ੍ਹਾਂ ਦੀਆਂ ਨਫ਼ਰਤਾਂ ਭਰੀਆਂ ਨਿਗਾਹਾਂ ਪਤਾ ਨਈਂ ਅਜੇ ਕਦੋਂ ਤਕ ਘੂਰ-ਘੂਰ ਦੇਖਦੀਆਂ ਰਹਿਣਗੀਆਂ। ਪਰ ਜੀਂਦੇ ਰਹਿਣ ਲਈ ਇਹ ਸਭ ਕੁਛ ਝੱਲਣਾ ਪਈਂਦਾ। ਹੋਰ ਕੀ ਕਰੀਏ ਹੁਣ? ਅੰਦਰੋ-ਅੰਦਰ ਈ ਜਲ-ਭੁੱਜ ਕੇ ਰਹਿ ਜਾਈਦਾ!’

ਰਤਾ ਕੁ ਚੁੱਪ ਰਹਿ ਕੇ ਭਾਈਆ ਮੈਨੂੰ ਅਚਨਚੇਤ ਉੱਲਰ ਕੇ ਪਿਆ, ‘ਮਾਮਾ ਚਾਰ ਅੱਖਰ ਪੜ੍ਹ ਲਿਆ ਕਰ, ਨਈਂ ਤਾਂ ਸਾਡੇ ਆਂਙੂੰ ਜਿਮੀਂਦਾਰਾਂ ਦੀ ਗੁਲਾਮੀ ਕਰਿਆ ਕਰੂੰਗਾ - ਸਾਰਾ ਦਿਨ ਭੱਸੜ ਭਨਾਇਆ ਕਰੂੰਗਾ ਤੇ ਮਗਰੋਂ ਆਣੀ ਮਿਲਣਾ ਦਬਕ-ਝਿੜਕਾਂ, ਦੋ ਡੰਗ ਦੀ ਰੁੱਖੀ-ਸੁੱਕੀ ਰੋਟੀ! ਜਿਹਦੇ ਨਾਲ ਬੰਦਾ ਨਾ ਮਰ ਸਕੇ ਨਾ ਜੀ ਸਕੇ!’

ਭਾਈਆ ਜਦੋਂ ਵੀ ਅਜਿਹੀਆਂ ਗੱਲਾਂ ਤੋਂ ਗੁੱਸੇ ਹੁੰਦਾ ਤਾਂ ਸਿੱਧਾ ਮੇਰੇ ਉੱਤੇ ਹੀ ਵਰ੍ਹਦਾ- ਮੈਨੂੰ ਉਹਦੀਆਂ ਗੱਲਾਂ ਜਚਦੀਆਂ ਪਰ ਸਮਝ ਨਾ ਆਉਂਦੀਆਂ ਕਿ ਮੁੜ-ਘਿੜ ਮੈਨੂੰ ਕਿਉਂ ਵੱਢੂੰ-ਟੁੱਕੂੰ ਕਰਦਾ ਰਹਿੰਦਾ ਹੈ। ਉਹਦੀਆਂ ਗੱਲਾਂ-ਵਿਚਾਰਾਂ ਨੂੰ ਸੁਣਦਿਆਂ ਮੈਨੂੰ ਇਉਂ ਲੱਗਿਆ ਜਿਵੇਂ ਉਹ ਤੇ ‘ਕੰਮੀ-ਕਮੀਣ' ਲੋਕ ਆਪਣੇ ਦੁੱਖਾਂ ਦੇ ਸਾਂਝੀ ਬਣ ਰਹੇ ਹੋਣ ਤੇ ਔਖੇ ਵਕਤਾਂ ਵਿਚ ਇਕ-ਦੂਜੇ ਦੇ ਸੱਚੇ ਹਮਦਰਦ ਬਣ ਰਹੇ ਹੋਣ ਅਤੇ ਇਕੱਠੇ ਹੋ ਕੇ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਖਾਤਰ ਜੂਝਣ ਲਈ ਕੰਡਿਆਲੇ ਰਾਹਾਂ ਦੇ ਰਾਹੀ ਬਣ ਰਹੇ ਹੋਣ ਜਿਨ੍ਹਾਂ ਨੇ ਪੱਛ ਤੇ ਲਹੂ-ਲੁਹਾਣ ਹੋ ਕੇ ਵੀ ਪਤਾ ਨਹੀਂ ਅਜੇ ਹੋਰ ਕਿੰਨਾ ਪੈਂਡਾ ਤਹਿ ਕਰਨਾ ਹੋਵੇ!

**

(ਅਗਾਂਹ ਪੜ੍ਹੋ, ਕਾਂਡ ਸੱਤਵਾਂ: ਬੱਦਲਾਂ ਵਿੱਚੋਂ ਝਾਕਦਾ ਸੂਰਜ)

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2392)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਬਲਬੀਰ ਮਾਧੋਪੁਰੀ

ਬਲਬੀਰ ਮਾਧੋਪੁਰੀ

Delhi, India.
Phone: (011 - 91 - 93505 - 48100)

Email: (bmadhopuri@yahoo.in)

More articles from this author