BalbirMadhopuri7ਖੇਤੀ ਲਈ ਤਾਂ ਕੀਕੋਠਾ ਪਾਉਣ ਨੂੰ ਵੀ ਥਾਂ ਖਰੀਦਣ ਦਾ ਹੱਕ ਨਹੀਂ ਸੀ ...
(2 ਫਰਵਰੀ 2021)
(ਸ਼ਬਦ: 5720 )

 

ਆਹ ਬੋਹੜ-ਪਿੱਪਲ ਵਿਚਾਲੇ ਅਈਨਾ ਫਾਸਲਾ ਸੀ ਪਈ ਅਸੀਂ ਨਿਆਣੇ ਹੁੰਦੇ ਗੱਭਿਓਂ ਦੀ ਨੰਘ ਜਾਈਦਾ ਸੀ।” ਇੱਕ ਦਿਨ ਲੋਰ ਵਿੱਚ ਆਏ ਭਾਈਏ ਨੇ ਘਰ ਮੋਹਰਲੇ ਬੋਹੜ-ਪਿੱਪਲ ਦਾ ਇਤਿਹਾਸਕ ਪ੍ਰਸੰਗ ਛੋਹ ਲਿਆ, ਜਿਸ ਬਾਰੇ ਜਾਨਣ ਦੀ ਮੇਰੀ ਦਿਲੀ ਇੱਛਾ ਨੂੰ ਸਹਿਵਨ ਹੀ ਬੂਰ ਪੈ ਗਿਆ

ਹੁਣ ਦੇਖ ਲਾ ਪਈ ਦੋਹਾਂ ਨੇ ਇੱਕ ਦੂਏ ਨੂੰ ਕਿੱਦਾਂ ਜੱਫੀ ਪਾਈਊ ਆ, ਵਿੱਚੋਂ ਦੀ ਹਵਾ ਨਈਂ ਨੰਘਦੀ!” ਇੰਨਾ ਕਹਿ ਕੇ ਭਾਈਆ ਚੁੱਪ ਜਿਹਾ ਹੋ ਗਿਆ ਪਰ ਮੈਂ ਕਾਹਲਾ ਸੀ ਕਿ ਗੱਲ ਜਾਰੀ ਰਹੇ

ਇਨ੍ਹਾਂ ਬੇਜਬਾਨਾਂ ਨੇ ਬਿਨਾਂ ਬੋਲਿਆਂ, ਬਿਨਾਂ ਤੁਰਿਆਂ, ਜਵਾਨ ਹੋ ਕੇ ਇੱਕ ਦੂਏ ਨੂੰ ਗੱਲ ਲਾ ਲਿਆ - ਤੇ ਇੱਧਰ ਬੰਦਾ ਆ, ਸਾਲਾ ਬੰਦੇ ਨੂੰ ਨੇੜੇ ਨਹੀਂ ਫੜਕਣ ਦਿੰਦਾ।” ਭਾਈਏ ਨੇ ਖ਼ਾਮੋਸ਼ੀ ਦਾ ਨਿੱਕਾ ਜਿਹਾ ਦਰਿਆ ਪਾਰ ਕਰਦਿਆਂ ਗੱਲ ਅੱਗੇ ਤੋਰੀ ਪਰ ਉਹਦੇ ਲਾਖੇ ਮੱਥੇ ਉੱਤੇ ਆਲੂਆਂ ਵਾਲੇ ਖੇਤ ਦੀਆਂ ਵੱਟਾਂ ਵਰਗੀਆਂ ਤਿਊੜੀਆਂ ਉੱਭਰ ਆਈਆਂ ਮੈਂਨੂੰ ਆਪਣੇ ਭਾਈਏ ਦੇ ਚਿਹਰੇ ਉੱਤੇ ਉਸ ਅੰਦਰ ਜ਼ਰਬ-ਤਕਸੀਮ ਹੋਣ ਦਾ ਇਹਸਾਸ ਹੋਇਆਅੱਖਾਂ ਸਾਹਮਣੇ ਬੋਹੜ-ਪਿੱਪਲ ਦੇ ਖੜਖੜ ਕਰਦੇ ਪੱਤਿਆਂ ਦੇ ਝੜਨ ਦਾ ਦ੍ਰਿਸ਼ ਸਾਕਾਰ ਹੋ ਗਿਆ ਅਤੇ ਨਾਲ ਹੀ ਨਵੀਆਂ ਕਰੂੰਬਲਾਂ ਲਿਸ਼ਕੋਰਾਂ ਮਾਰਦੀਆਂ ਦਿਸੀਆਂ

ਤਈਨੂੰ ਹੋਰ ਦੱਸਾਂ - ਇਹ ਬੋਹੜ-ਪਿੱਪਲ ਸਾਡੇ ਬਾਪੂ (ਪਿਤਾ, ਰਾਮ ਦਿੱਤਾ) ਤੇ ਝੀਰਾਂ ਦੇ ਰਾਮ ਸੁੰਹ ਦੇ ਬਾਬੇ (ਦਾਦਾ) ਠਾਕਰ ਨੇ ’ਕੱਠਿਆਂ ਨੇ ਲਾਏ ਸੀ।” ਇਹ ਸੁਣ ਕੇ ਮੈਂ ਇਨ੍ਹਾਂ ਰੁੱਖਾਂ ਤੇ ਮਨੁੱਖਾਂ ਦੀਆਂ ਉਮਰਾਂ ਦੇ ਹਿਸਾਬ ਵਿੱਚ ਪੈ ਗਿਆਆਪਣੇ ਦਾਦਾ ਦੀ ਮੌਤ, ਦਾਦੀ ਅਤੇ ਆਪਣੇ ਭਾਈਏ ਦੀ ਉਮਰ ਤੋਂ ਮੈਂ ਇਹ ਅੰਦਾਜ਼ਾ ਲਾ ਲਿਆ ਕਿ ਇਨ੍ਹਾਂ ਦੋਹਾਂ ਰੁੱਖਾਂ ਨੂੰ 1876 ਤੋਂ 1880 ਈਸਵੀ ਦੇ ਵਿਚਾਲੇ ਲਾਇਆ ਗਿਆ ਹੋਵੇਗਾ

ਜੇ ਬਾਹਲਾ ਈ ਖਹਿੜੇ ਪਿਆਂ ਤਾਂ ਹੋਰ ਸੁਣ ਲਾ - ਆਹ ਬੋਹੜ ਹੇਠਲਾ ਖੱਡੀਆਂ ਆਲਾ 16 ਮਰਲੇ ਕੱਚਾ ਥਾਂ ਆਪਣੀ ਬਿਰਾਦਰੀ ਦੇ ਲੋਕਾਂ ਨੇ ਰਲ ਕੇ ਨੀਵੇਂ ਵਿਹੜੇ ਆਲੇ ਕਰਤਾਰ ਸੁੰਹ ਤੋਂ ਬਿਨਾਂ ਲਿਖਤ-ਪੜ੍ਹਤ ਦੇ ਖਰੀਦਿਆ ਸੀ ਤੇ ਪੱਕਿਆਂ ਆਲੇ ਭਾਈ ਹਰਬੰਸ ਸੁੰਹ ਨੇ ਇਹਨੂੰ ਨਾਪਿਆ ਸੀਉਨ੍ਹੀਂ ਦਿਨੀਂ ਕੰਮੀਆਂ ਨੂੰ ਖੇਤੀ ਲਈ ਤਾਂ ਕੀ, ਕੋਠਾ ਪਾਉਣ ਨੂੰ ਵੀ ਥਾਂ ਖਰੀਦਣ ਦਾ ਹੱਕ ਨਹੀਂ ਸੀਇੰਤਕਾਲੇ ਅਰਾਜੀ ਕਾਨੂੰਨ ਲਾਗੂ ਸੀ - ਉਸ ਤਹਿਤ ਚਮਾਰ-ਚੂਹੜੇ ਪੈਸੇ ਦੇ ਕੇ ਵੀ ਆਪਣੇ ਨਾਂ ਜ਼ਮੀਨ ਨਹੀਂ ਖਰੀਦ ਸਕਦੇ ਸੀ।” ਭਾਈਆ ਇੱਕ ਖ਼ਾਸ ਵਹਿਣ ਵਿੱਚ ਵਹਿ ਤੁਰਿਆ ਜਿਸ ਮੋਹਰੇ ਮੈਂ ਕਿਸੇ ਤਰ੍ਹਾਂ ਦਾ ਬੰਨ੍ਹ ਨਹੀਂ ਮਾਰਨਾ ਚਾਹੁੰਦਾ ਸੀ

ਜੱਟ, ਬਾਹਮਣ, ਤਰਖਾਣ, ਨਾਈ, ਝੀਰ, ਸਰੈਹੜੇ ਵਗੈਰਾ ਜਾਤਾਂ ਦਾ ਸਤਨਾਜਾ ਸਾਡੀ ਬੋਹੜ ਨੂੰ ‘ਚਮਾਰਾਂ ਦਾ ਬੋਹੜਹੀ ਕਹਿੰਦੇਕਦੀ ਪਿੰਡ ਦਾ ਕੋਈ ਜੱਟ ਦੂਜੇ ਨੂੰ ਪੁੱਛਦਾ ਕਿ ਕਿੱਧਰੋਂ ਆਇਆਂ ਤਾਂ ਉਹ ਅੱਗੋਂ ਦੱਸਦਾ, ‘ਚਮ੍ਹਾਰਲੀ ਅਲ ਗਿਆ ਸੀਚਾਰ ਚਮਾਰ ਕਮਾਦ ਦਾ ਡਗਾਰਾ ਲਾਉਣ ਲਈ ਕਰ ਕੇ ਆਇਆਂ।” ਕਈ ‘ਚਮ੍ਹਾਰੜੀਸ਼ਬਦ ਦੀ ਵਰਤੋਂ ਕਰਦੇਭਾਈਆ ਜੱਟ ਦੇ ਚਲੇ ਜਾਣ ਮਗਰੋਂ ਕਈ ਵਾਰ ‘ਸਾਲਾ ਚਮਾਰਾਂ ਦਾਵਰਗੀਆਂ ਗਾਲ੍ਹਾਂ ਕੱਢ ਕੇ ਆਪਣੇ ਮਨ ਦੀ ਭੜਾਸ ਕੱਢਦਾ

ਵਾਢੀਆਂ ਦੇ ਦਿਨਾਂ ਵਿੱਚ ਖਾਓ-ਪੀਓ ਵੇਲੇ ਜੱਟ ਸਾਡੀ ਬੋਹੜ ਥੱਲੇ ਜਾਂ ਸਾਡੇ ਮੁਹੱਲੇ ਲਾਵੀ ’ਤੇ ਕਣਕ ਵੱਢਣ ਲਈ ਗੇੜੇ ਮਾਰਦੇਕਈਆਂ ਨੇ ਤੇੜ ਕੱਛਾ ਤੇ ਗੱਲ ਮੈਲਾ ਜਿਹਾ ਕੁੜਤਾ ਜਾਂ ਬਨੈਣ ਪਾਏ ਹੁੰਦੇਪਰਨਾ ਮੋਢੇ ਉੱਤੇ ਲਮਕਾਇਆ ਹੁੰਦਾ ਜਿਸ ਨੂੰ ਉਹ ਲੱਤਾਂ ਤੋਂ ਕੁਤੜੀ ਜਾਂ ਮੱਛਰ ਹਟਾਉਣ ਲਈ ਵਾਰ ਵਾਰ ਵਰਤਦਾਉਹਦੇ ਜਾਣ ਪਿੱਛੋਂ ਭਾਈਆ ਅਕਸਰ ਹੀ ਕਹਿੰਦਾ, ‘ਪਤਾ ਨਹੀਂ ਇਨ੍ਹਾਂ ਜੱਟਾਂ ਨੂੰ ਕਦੋਂ ਅਕਲ ਆਉਣੀ ਆਂ? ਪਈ ਤੂੰ ਘਰ ਵਿੱਚ ਆਇਆਂ, ਤੇੜ ਧੋਤੀ-ਪਰਨਾ ਈ ਬੰਨ੍ਹ ਲਈਂਦਾ।’

ਸਾਡੇ ਸਾਰੇ ਟੱਬਰਾਂ ਦੇ ਬੰਦਿਆਂ ਨੂੰ ਪਤਾ ਹੁੰਦਾ ਕਿ ਕਿਹਦੀ ਰੋਹੀ, ਕਿਹਦੀ ਮੈਰੇ, ਕਿਹਦੀ ਰੱਕੜ ਵਾਲੀ, ਕਿਹਦੀ ਛੱਲ ਵਾਲੀ, ਤੇ ਕਿਹਦੀ ਘੜੱਲਾਂ ਵਾਲੀ ਕਣਕ ਭਾਰੀ ਹੈਟਿੱਬੇ ਵਾਲੀ ਕਣਕ ਦੀ ਵਾਢੀ ਨੂੰ ਬਹੁਤੇ ਲੋਕ ਮੂੰਹ ਹੀ ਨਾ ਕਰਦੇਕਹਿੰਦੇ, ‘ਕਿਹੜਾ ਸਾਲਾ ਭੱਸੜ ਭਨਾਏ, ਟਿੱਬੇ ਵਿੱਚ ਹੁੱਲੀਊ ਕਣਕ ਨੂੰ।’

ਕੋਈ ਜਣਾ ਕਣਕ ਲਾਵੀ ’ਤੇ ਵੱਢਣੀ ਤੈਅ ਕਰ ਲੈਂਦਾਤਿੰਨੋਂ ਵੇਲੇ ਰੋਟੀ ਤੇ ਦੋ ਵਾਰ ਚਾਹ ਮਿਲਦੀਕਈ ਜੱਟਾਂ ਨੂੰ ਮੇਰਾ ਭਾਈਆ ਤੇ ਮੇਰੇ ਤਾਇਆਂ ਦੇ ਪੁੱਤ ਜਵਾਬ ਦੇ ਦਿੰਦੇ ਕਿ ਫਲਾਨੇ ਦੇ ਜਾਣਾਮਗਰੋਂ ਕਹਿੰਦੇ, ‘ਭਰੀ ਹਾੜ ਕੇ ਚਕਾਉਂਦਾ ਮਾਮਾ, - ਮਾੜੀ ਨੀਤ ਆਲਾ, ਨਾਲੇ ਖਾਹ-ਮਖਾਹ ਖਹਿਬੜਦਾ ਰਹਿੰਦਾ, ਅਖੇ ਤੁਸੀਂ ਹੁੱਕਾ-ਬੀੜੀ ਬਾਹਲਾ ਪੀਂਨੇ ਆਂਭਲਾ ਇਸ ਬਹਾਨੇ ਦਮ ਨਾ ਮਾਰੀਏ ਤਾਂ ਇਹ ਟਿਕਣ ਕਿੱਥੇ ਦੇਣ! ਸਾਰਾ ਦਿਨ ਚੰਮ ਲੂਸ ਜਾਂਦਾ ਤੇ ਭਰੀ ਬਾਰੀ ਸੌ ਸੌ ਨਖਰੇ ਕਰਦੇ ਆ।’

ਪਿੱਪਲ ਦੇ ਸਿਖਰ ਦੇ ਡਾਹਣਿਆਂ ਉੱਤੇ ਮੋਰ ਤ੍ਰਕਾਲਾਂ-ਸਵੇਰੇ ਬਹਿੰਦੇ ਤੇ ‘ਐਇਉਆਂਦੀਆਂ ਆਵਾਜ਼ਾਂ ਕੱਢਦੇਫਿਰ ਉੱਥੋਂ ਉੱਠ ਕੇ ਸਾਡੇ ਘਰਾਂ ਦੀਆਂ ਛੱਤਾਂ ਉੱਤੇ ਪੈਲਾਂ ਪਾਉਣ ਲੱਗ ਪੈਂਦੇਅਸੀਂ ਚੋਗਾ ਪਾਉਂਦੇ, ਉਹ ਸਾਡੇ ਤੋਂ ਬਹੁਤਾ ਨਾ ਡਰਦੇਕਾਂ ਬੋਹੜ ਦੀਆਂ ਗੋਹਲਾਂ ਨੂੰ ਠੂੰਗੇ ਮਾਰਦੇਚਿੜੀਆਂ ਵਾਰ-ਵਾਰ ਉੱਡਦੀਆਂ ਤੇ ਫਿਰ ਬਹਿੰਦੀਆਂਬੋਹੜ-ਪਿੱਪਲ ਦੁਆਲੇ ਮੈਂ ਕਈ ਮੌਕਿਆਂ ਉੱਤੇ ਮੌਲੀ ਦੇ ਧਾਗੇ ਬੰਨ੍ਹੇ ਦੇਖੇ ਜਿਸ ਬਾਰੇ ਇੱਕ ਦਿਨ ਮੈਂ ਭਾਈਏ ਨੂੰ ਸਹਿਜ ਹੀ ਪੁੱਛਿਆ

ਪਿੰਡ ਦੇ ਚੜ੍ਹਦੇ ਪਾਸੇ ‘ਵਲੀਆਂ ਵਿਹੜੇਦੇ ਬੋਹੜ ਤੇ ਸਾਡੇ ਬੋਹੜ ਦੇ ਵਿਆਹ ਪੂਰੀਆਂ ਰਸਮਾਂ ਨਾ ਕੀਤੇ ਗਏ ਸੀ - ਪਿੰਡ ਦੇ ਲੋਕਾਂ ਨੇ ਬੜੀ ਖੈਰ-ਸੁਖ ਮਨਾਈ ਸੀ।” ਭਾਈਆ ਪਿੱਪਲ ਤੇ ਬੋਹੜ ਦੇ ਕਾਫ਼ੀ ਮੋਟੇ-ਲੰਮੇ ਡਾਹਣਿਆਂ ਅਤੇ ਉਨ੍ਹਾਂ ਦੀਆਂ ਸੰਘਣੀਆਂ ਛਾਵਾਂ ਵੱਲ ਇਸ਼ਾਰਾ ਕਰ ਕੇ ਕਹਿੰਦਾ, ‘ਸਾਡੇ ਲਈ ਤਾਂ ਇਨ੍ਹਾਂ ਰੁੱਖਾਂ ਨੇ ਬਥੇਰੀਆਂ ਲਹਿਰਾਂ-ਬਹਿਰਾਂ ਲਾਈਆਂ ਹੋਈਆਂ, ਐਵੇਂ ਕਹੀਏਇਨ੍ਹਾਂ ਦੀ ਸੁਖ ਲਈ ਮੌਲੀ ਬੰਨ੍ਹ ਦਿੰਦੇ ਆ, ਹੋਰ ਕੀ ...।’

ਇਨ੍ਹਾਂ ਥੱਲੇ ਸਾਡੀ ਬਿਰਾਦਰੀ ਦੇ ਬਹੁਤੇ ਪਰਿਵਾਰਾਂ ਦੀਆਂ ਖੱਡੀਆਂ ਸਨ ਅਤੇ ਰੋਟੀ-ਰੋਜ਼ੀ ਇਨ੍ਹਾਂ ਉੱਤੇ ਨਿਰਭਰ ਸੀਖੱਡੀ ਦੇ ਕੰਮ ਵਿੱਚ ਘਰ ਦੇ ਸਾਰੇ ਜੀਆਂ ਨੂੰ ਰੁੱਝਣਾ ਪੈਂਦਾਪਹਿਲਾਂ ਸੂਤ ਦੀਆਂ ਅੱਟੀਆਂ ਦੇ ਚੀਰੂ ਬਣਾਏ ਜਾਂਦੇ, ਫਿਰ ਉਨ੍ਹਾਂ ਨੂੰ ਚਰਖੜੀ ਉੱਤੇ ਚੜ੍ਹਾ ਕੇ ਚਰਖੇ ਦੀ ਤੱਕਲੀ ਉੱਤੇ ਨੜੇ ਵੱਟੇ ਜਾਂਦੇਭਾਈਆ ਤਾਣੀ ਲਈ ਕਾਨੇ ਗੱਡਦਾ ਜੋ ਹੇਠੋਂ ਜੁੜਵੇਂ ਅਤੇ ਉੱਤੋਂ ਅੰਗਰੇਜ਼ੀ ਦੀ ‘ਵੀਦੀ ਸ਼ਕਲ ਦੇ ਹੁੰਦੇਇਹ ਇੱਕ ਲੰਮੀ ਇਕਹਿਰੀ ਪਾਲ ਹੁੰਦੀਕਦੀ ਉਹ ਦੋ ਦੇ ਮੋਹਰੇ ਦੋ ਹੋਰ ਕਾਨਿਆਂ ਦੀ ਦੋਹਰੀ ਕਤਾਰ ਗੱਡਦਾਤੱਕਲੀਆਂ ਨਾਲ ਗੱਡੇ ਹੋਏ ਕਾਨਿਆਂ ਦੀਆਂ ਸੰਧਾਂ ਵਿੱਚ ਦੀ ਤਾਣਾ ਤਣਦਾਇਸ ਕਾਰਜ ਨਾਲ ਖੜ੍ਹੇ ਪਾਣੀ ਉੱਤੇ ਹਵਾ ਨਾਲ ਬਣਦੀ ਇੱਕ ਲਹਿਰ ਜਿਹੀ ਦਿਸਦੀਜਦੋਂ ਨੜੇ ਦਾ ਧਾਗਾ ਮੁੱਕ ਜਾਂਦਾ ਤਾਂ ਨਵੇਂ ਨੜੇ ਦੇ ਧਾਗੇ ਦੀ ਮਰੋੜੀ ਥੁੱਕ ਦੀ ਲਬ ਨਾਲ ਪਹਿਲੇ ਧਾਗੇ ਨੂੰ ਦਿੰਦਾਸ਼ਾਮ ਤਕ ਕਾਹਲੀ ਕਾਹਲੀ ਤਾਣਾ ਤਣਦਾਮੇਰਾ ਵੱਡਾ ਭਰਾ ਬਖਸ਼ੀ ਵੀ ਇਸ ਕੰਮ ਵਿੱਚ ਹੱਥ ਵਟਾਉਂਦਾਭਾਈਆ ਅਗਲੇ ਦਿਨ ਤਾਣੀ ਖਿੱਚ ਕੇ ਪਾਣ ਚੜ੍ਹਾਉਂਦਾਉੱਤੋਂ ਦੀ ਇੱਕ ਵੱਡੇ ਕੁੱਚ ਨੂੰ ਫੇਰਦਾ ਕਿ ਧਾਗੇ ਆਪਸ ਵਿੱਚ ਜੁੜ ਨਾ ਜਾਣਫਿਰ ਤਾਣੀ ਇਕੱਠੀ ਕਰਦਾ ਤੇ ਰੱਸ਼ ਨਾਲ ਉਹਦਾ ਇੱਕ ਇਕ ਧਾਗਾ ਥੁੱਕ ਨਾਲ ਮਰੋੜੀਆਂ ਦੇ ਕੇ ਜੋੜਦਾਫਿਰ ਪੱਲੇ ਲਈ ਖੱਡੀ ’ਤੇ ਚੜ੍ਹਾਉਂਦਾਹੁਣ ਬਾਣੇ ਲਈ ਨਲੀਆਂ ਵੱਟੀਆਂ ਜਾਂਦੀਆਂਭਾਈਆ ਖੱਡੀ ਵਿੱਚ ਲੱਤਾਂ ਲਮਕਾ ਕੇ ਬਹਿੰਦਾਉਹ ਪੈਰਾਂ ਨਾਲ ਪੰਜਾਲੇ ਦੀਆਂ ਪਸਾਰਾਂ ਵਾਰੋ-ਵਾਰੀ ਦਬਾ ਕੇ ਤਾਣੀ ਵਿੱਚੀਂ ਨਾਲ ਕਦੇ ਸੱਜੇ ਹੱਥ ਨਾਲ ਖੱਬੇ ਵੱਲ ਨੂੰ ਫੁਰਤੀ ਨਾਲ ਲੰਘਾਉਂਦਾ ਤੇ ਕਦੇ ਖੱਬੇ ਹੱਥ ਨਾਲ ਸੱਜੇ ਵੱਲ ਨੂੰਜੇ ਨੋਕੀਲੀ ਨਾਲ (ਜਿਸ ਵਿੱਚ ਨਲੀ-ਧਾਗਾ ਹੁੰਦਾ) ਜਿੱਡੀ ਚਲਦੀ ਤਾਂ ਉਸ ਦੁਆਲੇ ਸਰ੍ਹੋਂ ਦੇ ਤੇਲ ਦਾ ਹੱਥ ਮਲਦਾਉਂਜ ਵੀ ਕਾਲੀ ਲੱਕੜ ਦੀ ਨਾਲ ਘਸ ਕੇ ਇੰਨੀ ਮੁਲਾਇਮ ਹੋ ਜਾਂਦੀ ਕਿ ਹੱਥਾਂ ਵਿੱਚੋਂ ਤਿਲਕਦੀ ਜਾਂਦੀ

ਭਾਈਏ ਤੇ ਤਾਏ ਦੀ ਖੱਡੀ ਕੋਲ ਕੁਝ ਗਵਾਂਢੀ ਜੱਟ ਗੱਲਾਂ ਕਰਨ ਦੇ ਬਹਾਨੇ ਆ ਬਹਿੰਦੇਇਨ੍ਹਾਂ ਵਿੱਚੋਂ ਤਾਇਆ ਹਰੀ ਸਿੰਘ, ਜਿਸ ਨੂੰ ਪਿੰਡ ਦੇ ਸਾਰੇ ਲੋਕ ਹਰੀ ਰਾਮ ਜਾਂ ਲੁੰਜ ਹੀ ਸੱਦਦੇ ਜਾਂ ਉਹਦਾ ਵੱਡਾ ਭਰਾ ਚੰਨੂ ਮੈਂਨੂੰ ਹਾਕ ਮਾਰ ਕੇ ਕਹਿੰਦੇ, ‘ਗੁੱਡ, ਰੱਤੇ ਬਾਹਮਣ ਦਿਓਂ ਲੰਪ ਦੀ ਡੱਬੀ ਫੜ ਲਿਆ ਦੌੜ ਕੇ।” ਤਾਇਆ ਚੰਨੂ ਸਿਰ ਖਨੂੰਹਦਾ ਤੇ ਭੋਗਪੁਰ ਦੀ ਖੰਡ ਮਿੱਲ ਵਿੱਚ ਹੋਈਆਂ ਘਟਨਾਵਾਂ ਨੂੰ ਹੱਸ-ਹੱਸ ਸੁਣਾਉਂਦਾ

ਮੈਂ ਛੂਟ ਵੱਟ ਕੇ ਹੱਟੀ ਜਾਂਦਾ ਤੇ ਸਕਿੰਟਾਂ ਵਿੱਚ ਸਿਗਰਟਾਂ ਲੈ ਆਉਂਦਾਤਾਏ ਹੁਰੀਂ ਦੋਵੇਂ ਭਰਾ ਕਦੀ ਇਕੱਠੇ ਤੇ ਕਦੀ ਇਕੱਲਾ-ਇਕੱਲਾ ਖੱਡੀਆਂ ਵਿੱਚ ਆ ਕੇ ਸਿਗਰਟਾਂ ਦੇ ਬੰਬੇ ਕੱਢਦੇਉਨ੍ਹਾਂ ਦੇ ਤਾਏ ਦਾ ਪੁੱਤ ਰੇਸ਼ੂ (ਰੇਸ਼ਮ ਸਿੰਘ) ਆਪਣੇ ਕੋਲ ਰੇਡੀਓ ਰੱਖਦਾ ਤੇ ਤ੍ਰਕਾਲਾਂ ਨੂੰ ਘੁਸਮੁਸਾ ਹੋਣ ਤਕ ਇੱਥੇ ਬੈਠਾ ਰਹਿੰਦਾਉਸਦਾ ਸਿਰ ਗੱਭਿਓਂ ਗੋਲਾਕਾਰ ਵਿੱਚ ਮੁੰਨਿਆਂ ਦੇਖ ਕੇ ਮੇਰਾ ਮੱਲੋਮੱਲੀ ਹਾਸਾ ਨਿੱਕਲ ਜਾਂਦਾ ਮੈਂਨੂੰ ਇਹ ਵਾਰ ਵਾਰ ਦੇਖਣ ਦਾ ਮੌਕਾ ਮਿਲਦਾ ਜਦੋਂ ਤਾਇਆ ‘ਕੇਸਸੁਕਾਉਂਦਾ ਜਾਂ ਸਿਰ ਨੂੰ ਹਵਾ ਲੁਆਉਂਦਾਕਈ ਵਾਰ ਗਿਆਨੂੰ ਨਾਈ ਉਹਦੇ ਸਿਰ ਵਿਚਕਾਰੋਂ ਵਾਲ ਇੱਥੇ ਹੀ ਮੁੰਨ ਦਿੰਦਾ ਤੇ ਕਦੀ ਦਾਹੜੀ ਦਾ ਖਤ ਕਰ ਦਿੰਦਾਜਿੱਥੋਂ ਤਕ ਮੈਂਨੂੰ ਯਾਦ ਹੈ ਤਾਏ ਦੇ ਰੇਡੀਓ ਤੋਂ ਮੈਂ ਪਹਿਲੀ ਵਾਰ ਆਸਾ ਸਿੰਘ ਮਸਤਾਨਾ ਦਾ ਗਾਇਆ ਕਿੱਸਾ ਪੂਰਨ ਭਗਤ ਤੇ ਕਿੱਸਾ ਹੀਰ ਵਾਰਿਸ ਸ਼ਾਹ ਸੁਣਿਆ ਸੀਤਾਇਆ ਅਣਵਿਆਹਿਆ ਹੋਣ ਕਰ ਕੇ ਕਈ ਉਹਨੂੰ ਪਿੱਠ ਪਿੱਛੇ ਛੜਾ ਜਾਂ ਬੋਕ-ਬੱਕਰਾ ਵੀ ਕਹਿੰਦੇ ਇੰਨੇ ਨੂੰ ਕਦੀ ਕਦੀ ਤੋਤਿਆਂ ਦੀ ਕੋਈ ਡਾਰ ਤੀਰ ਦਾ ਨਿਸ਼ਾਨ ਬਣਾਉਂਦੀ ਸਾਡੇ ਸਿਰਾਂ ਉੱਤੋਂ ਦੀ ਉੱਡਦੀ-ਬੋਲਦੀ ਲੰਘ ਜਾਂਦੀ

ਭਾਈਆ ਜਦੋਂ ਖੱਡੀ ਵਿੱਚੋਂ ਉੱਠ ਕੇ ਘਰੋਂ ਨਲ਼ੀਆਂ ਲੈਣ ਜਾਂ ਪਿਸ਼ਾਬ ਕਰਨ ਉੱਠਦਾ ਤਾਂ ਮੈਂ ਚੋਰੀ-ਚੋਰੀ ਹੁੱਕੇ ਦਾ ਸੂਟਾ ਮਾਰ ਲੈਂਦਾਭਾਈਆ ਮੇਰੀ ਇਹ ਕਰਤੂਤ ਦੇਖ ਕੇ ਦੂਰੋਂ ਹੀ ਮੇਰੀ ਧੀ-ਦੀ ਭੈਣ-ਦੀ ਇੱਕ ਕਰਦਾ

ਇੰਨੇ ਨੂੰ ਪਿੰਡ ਦੀ ਕੋਈ ਜੱਟੀ ਆ ਜਾਂਦੀਬਹੁਤੀਆਂ ਜੱਟੀਆਂ ਆਪਣੇ ਕੋਲੋਂ ਸੂਤ ਜਾਂ ਰੂੰ ਦੇ ਕੇ ਭਾਈਏ ਕੋਲੋਂ ਡੱਬੀਆਂ, ਚਿੱਟੀਆਂ ਖੇਸ-ਖੇਸੀਆਂ, ਚਤਿਹੀਆਂ, ਚਾਦਰਾਂ ਬੁਣਵਾਉਂਦੀਆਂਉਹ ਮੇਰੀ ਮਾਂ ਨੂੰ ਆਪਣੇ ਘਰ ਸੱਦ ਕੇ ਸੂਤ ਜਾਂ ਰੂੰ ਤੱਕੜੀ ਵਿੱਚ ਤੋਲ ਕੇ ਦਿੰਦੀਆਂਮਾਂ ਨਾਲ ਹਿਸਾਬ ਕਰ ਕੇ ਬਦਲੇ ਵਿੱਚ ਮਿਹਨਤ ਵਜੋਂ ਕਣਕ ਜਾਂ ਮੱਕੀ ਦੇ ਦਾਣੇ ਦਿੰਦੀਆਂਕਈ ਵਾਰ ਮੈਂ ਵੀ ਮਾਂ ਨਾਲ ਉਨ੍ਹਾਂ ਦੇ ਘਰੀਂ ਜਾਣ ਦੀ ਜ਼ਿੱਦ ਕਰਦਾ

ਜਦੋਂ ਮੇਰੀ ਮਾਂ ਨੂੰ ਜੱਟੀ ਸੂਤ ਜਾਂ ਲੋਗੜੇ-ਰੂੰ ਦੀ ਪੰਡ ਚੁਕਾਉਂਦੀ ਤਾਂ ਨਾਲ ਹੀ ਕਹਿੰਦੀ, ‘ਸੀਬੋ ਰੁਕੀਂ ਜ਼ਰਾ, ਮੁੰਡੇ ਨੂੰ ਗੁੜ ਦੀ ਪੇਸੀ ਦੇ ਦਿਆਂ, ਵਰਾ ਹੋ ਜਾਉ।” ਮੇਰੇ ਚਿਹਰੇ ’ਤੇ ਰੌਣਕ ਆ ਜਾਂਦੀਮੂੰਹ ਵਿੱਚ ਪਾਣੀ ਆ ਜਾਂਦਾਮੈਂ ਆਪਣੇ ਸਦਾ ਵਗਦੇ ਨੱਕ ਨੂੰ ਆਪਣੇ ਝੱਗੇ ਦੇ ਮੋਢਿਆਂ-ਡੌਲਿਆਂ ਉਤਲੇ ਹਿੱਸੇ ਨਾਲ ਬਿਨਾਂ ਹੱਥ ਲਾਇਆਂ ਪੂੰਝ ਲੈਂਦਾਮਾਂ ਤੋਂ ਮੋਹਰੇ ਦੌੜ ਕੇ ਘਰ ਪਹੁੰਚ ਜਾਂਦਾ

ਇਨ੍ਹਾਂ ਖੱਡੀਆਂ ਉੱਤੇ ਫ਼ੌਜ ਲਈ ਤੌਲੀਏ ਬੁਣੇ ਜਾਂਦੇਲਹਿਰੀਆ ਬੁਣਿਆ ਜਾਂਦਾਸਿਲਕ-ਲੀਲਨ ਦੀ 110-110 ਗ਼ਜ਼ ਦੀ ਤਾਣੀ ਅਤੇ 30-30 ਗਜ਼ ਦਾ ਥਾਨ ਹੁੰਦਾਜਦੋਂ ਸਿਲਕੀ ਤਾਣੀ ਨੂੰ ਖੱਡੀ ਅਤੇ ਖੁੰਡੇ ਵਿਚਾਲਿਓਂ ਕੁਝ ਝੋਲ ਪੈ ਜਾਂਦਾ ਤਾਂ ਭਾਈਆ ਮੂੰਹ ਵਿੱਚ ਪਾਣੀ ਭਰ ਕੇ ਫ਼ਰਾਟਾ ਮਾਰਦਾਮੈਂ ਆਪਣੇ ਵਰਗਾ ਨਿੱਕਾ ਜਿਹਾ ਹਾਸਾ ਹੱਸਦਾਭਾਈਆ ਦੋ ਤਿੰਨ ਵਾਰ ਇਉਂ ਪਾਣੀ ਬੁਲਕਦਾ ਤਾਂ ਤਾਣੀ ਐੱਨ ਤਣ ਜਾਂਦੀਉਹ ਫਿਰ ਹੱਥਾਂ ਦੇ ਦਸਾਂ ਨਹੁੰਆਂ ਤੇ ਪੈਰਾਂ ਦੇ ਦਸਾਂ ਨਹੁੰਆਂ ਨੂੰ ਫ਼ੁਰਤੀ ਨਾਲ ਹਰਕਤ ਵਿੱਚ ਲੈ ਆਉਂਦਾ

ਤਾਣੀ ਦਾ ਉਦੋਂ ਸਾਲਾ ਮਿਲਦਾ ਕੀ ਸੀ, ਪੰਜ ਰੁਪਏ ਥਾਨ ਦੇਤਾਣੀ ਦਾ ਸਾਰਾ ਕੱਚਾ ਮਾਲ ਹੁਸ਼ਿਆਰਪੁਰ ਦੇ ਪਿੰਡਾਂ ਜੌੜਾ, ਖ਼ਾਨਪੁਰ, ਚੰਡਿਆਲ, ਖ਼ਲਾਸਪੁਰ ਦੇ ਮੁਸਲਮਾਨ ਜੁਲਾਹਿਆਂ ਤੇ ਨੈਣੋਆਲੀਏ ਮੁਣਸ਼ੀ ਤੋਂ ਬੁਣਨ ਲਈ ਲਿਆਈਦਾ ਸੀਸਾਰਾ ਪੈਂਡਾ ਪੈਰੀਂ ਤੈਅ ਕਰਨਾ ਤੇ ਦੋ-ਦੋ ਮਣ ਦੀਆਂ ਗੰਢਾਂ ਸਿਰ ਉੱਤੇ ਚੁੱਕ ਕੇ ਲਿਆਉਣੀਆਂਕਦੀ ਕੜਾਕੇ ਦੀ ਧੁੱਪ, ਕਦੀ ਮੀਂਹ, ਕਦੀ ਨ੍ਹੇਰੀ, ਕਦੀ ਕਹਿਰ ਦੀ ਠੰਢਫਿਰ ਵੀ ਤੁਰੇ ਰਹੀਦਾ ਸੀ।” ਭਾਈਏ ਨੇ ਝੂਰਦਿਆਂ ਹੋਇਆਂ ਇੱਕ ਹੋਰ ਅਕੱਥ-ਕਥਾ ਆਰੰਭ ਲਈਹੁਣ ਮੈਂ ਦੇਖਦਾ ਹਾਂ ਕਿ ਇਹ ਪਿੰਡ ਸੱਤ ਤੋਂ ਸਤਾਈ ਕਿਲੋਮੀਟਰ ਦੀ ਦੂਰੀ ਉੱਤੇ ਵਸੇ ਹੋਏ ਹਨ

ਅਸੀਂ ਤਾਂ ਖਬਰੇ ਪੈਦਾ ਈ ਜ਼ੁਲਮ ਝੱਲਣ ਨੂੰ ਹੋਏ ਆਂ, ਕਾਹਦਾ ਜੀਣਾ ਸੀ ਉਦੋਂ ਸਾਡਾ।” ਭਾਈਏ ਨੇ ਦੁਖਦੀ ਰਗ਼ ’ਤੇ ਇੱਕ ਵਾਰ ਫਿਰ ਹੱਥ ਰੱਖਿਆ

ਇਕ ਵਾਰੀ ਪਤਾ ਕੀ ਹੋਇਆ? ਭੋਗਪੁਰ ਦੀ ਚੌਂਕੀ ਦਾ ਦਰੋਗਾ ਅਈਥੇ ਖੱਡੀਆਂ ਵਿੱਚ ਆ ਗਿਆਧਰਮ ਨਾ ਬੜਾ ਜਵਾਨ ਸੀ ਸਾਲਾ ਉਹ ਲਾਲਾਮਈਨੂੰ ਤੇ ਧੰਨੇ ਨੂੰ ਕਹਿਣ ਲੱਗਾ ਪਈ ਭਲਕੇ ਥਾਨ ਲੈ ਕੇ ਠਾਣੇ ਆਇਓਬੰਨ੍ਹੋਗਿਰੀ ਨੂੰ ਅਸੀਂ ਕਿੰਨੇ ਸਾਰੇ ਥਾਨ ਲੈ ਗਏਉਹਨੇ ਇੱਕ ਇਕ ਥਾਨ ਸਾਡੇ ਦੋਹਾਂ ਕੋਲੋਂ ਛਾਂਟ ਕੇ ਰੱਖ ਲਿਆਅਸੀਂ ਖੜ੍ਹੇ ਰਹੇ ਪਈ ਕੁਛ ਦਊਗਾਸਗੋਂ ਉਲਟਾ ਦਬਕਾ ਮਾਰ ਕੇ ਭੈਣ ਦਾ ਖਸਮ ਕਹਿਣ ਲੱਗਾ, ਦੌੜ ਜਾਓ, ਮੇਰੇ ਮੂੰਹ ਅਲ ਕੀ ਦੇਖਦੇ ਆਂਧਰਮ ਨਾ ਸਾਡੀਆਂ ਲੱਤਾਂ ਕੰਬਣ ਲੱਗ ਪਈਆਂਅਸੀਂ ਦਬਾ ਸੱਟ ਠਾਣਿਓਂ ਨਿਕਲ ਪਏ ਪਈ ਕਿਤੇ ਕੋਈ ਹੋਰ ਮਾਂ ਦਾ ਯਾਰ ਆ ਕੇ ਠੱਗੀ ਨਾ ਮਾਰ ਲਏ।” ਭਾਈਆ ਗੱਲ ਨੂੰ ਵਿਸਥਾਰ ਦਿੰਦਾ ਰਿਹਾਕੁਝ ਪਲਾਂ ਬਾਅਦ ਉਹ ਫਿਰ ਆਪਣੀ ਪਹਿਲੀ ਗੱਲ ਉੱਤੇ ਆ ਗਿਆ, ‘ਇਨ੍ਹਾਂ ਖੱਡੀਆਂ ਵਿੱਚ ਬੜੀਆਂ ਰੌਣਕਾਂ ਹੁੰਦੀਆਂ ਸੀ।’

ਇਹ ਸੁਣ ਕੇ ਮੈਂਨੂੰ ਬਾਲ-ਵਰੇਸ ਵਿੱਚ ਇਸ ਬੋਹੜ ਦੇ ਝੜ ਗਏ ਪੀਲੇ ਪੱਤਿਆਂ ਦੀਆਂ ਬਣਾਈਆਂ ਭੰਬੀਰੀਆਂ ਘੁੰਮਦੀਆਂ ਦਿਸੀਆਂ ਜਦੋਂ ਮੈਂ ਹਵਾ ਦੇ ਉਲਟ ਦੌੜਦਾ ਹਵਾ ਹੋ ਜਾਂਦਾ ਸੀਇਹ ਚੇਤੇ ਕਰਦਿਆਂ ਮੇਰੇ ਤਨ-ਮਨ ਉੱਤੇ ਰੌਣਕ ਇਸ ਬੋਹੜ-ਪਿੱਪਲ ਦੀ ਛਾਂ ਵਾਂਗ ਪਸਰ ਗਈਵਿਆਹਾਂ-ਸ਼ਾਦੀਆਂ ਵੇਲੇ ਬੋਹੜ ਦੇ ਡਾਹਣਿਆਂ ਨਾਲ ਬੰਨ੍ਹੇ ਲਾਊਡ ਸਪੀਕਰ ਸਾਕਾਰ ਹੋ ਗਏਜਾਦੂਗਰਾਂ ਤੇ ਤਮਾਸ਼ਾ ਦਿਖਾਉਣ ਵਾਲਿਆਂ ਵਲੋਂ ਦੇਸੀ ਠੇਕੇ ਦੀ ਸ਼ਰਾਬ ਦੀਆਂ ਬੋਤਲਾਂ, ਅਣਸੀਤੇ ਕੱਪੜਿਆਂ ਦੇ ਸੂਟ ਤੇ ਹੋਰ ਕਿੰਨਾ ਸਾਮਾਨ ਕੱਢੇ ਜਾਣ ਨਾਲ ਮੈਂ ਅੰਦਰ ਹੀ ਅੰਦਰ ਖ਼ੁਸ਼ ਹੋ ਕੇ ਰਹਿ ਗਿਆਪਿੱਤਲ ਦੇ ਭਾਂਡੇ ਕਲੀ ਕਰਦੇ ਕਾਰੀਗਰ ਦੀ ਅੰਗੀਠੀ ਦੇ ਧੂੰਏਂ ਨਾਲ ਮੈਂਨੂੰ ਹੁੱਥੂ ਆਉਂਦਾ ਮਹਿਸੂਸ ਹੋਇਆ

ਸਾਡਾ ਦਵਾਨ (ਮੇਰਾ ਤਾਇਆ ਦੀਵਾਨ ਚੰਦ) ਹੀਰ ਦਾ ਕਿੱਸਾ ਪੜ੍ਹ ਕੇ ਸੁਣਾਉਂਦਾ ਹੁੰਦਾ ਸੀਬੜੀ ਹਾਲੇ ਦੀ ’ਵਾਜ ਸੀਅੱਧਾ ਪਿੰਡ ’ਕੱਠਾ ਹੋ ਜਾਂਦਾ ਸੀ।” ਭਾਈਏ ਨੇ ਕਿਹਾਹੁਣ ਉਹਦੇ ਮੂੰਹ ’ਤੇ ਹਲਕੀ ਜਿਹੀ ਮੁਸਕਾਨ ਉੱਭਰੀ

ਇਸੇ ਦੌਰਾਨ ਮੈਂਨੂੰ ਅੰਨ੍ਹੇ ਸਾਧ, ਗਰੀਬ ਦਾਸ ਦਾ ਖ਼ਿਆਲ ਆਇਆ ਜੋ ਗਰਮੀਆਂ ਨੂੰ ਬੋਹੜ ਥੱਲੇ ਪੂਰਨ ਭਗਤ, ਕੌਲਾਂ, ਤਾਰਾ ਰਾਣੀ ਅਤੇ ਦਹੂਦ ਦਾ ਕਿੱਸਾ ਸੁਣਾਉਂਦਾ ਹੁੰਦਾ ਸੀਉਹ ਇੱਕ ਹੱਥ ਨਾਲ ਤੂੰਬਾ (ਇਕ ਤਾਰਾ) ਅਤੇ ਦੂਜੇ ਹੱਥ ਵਿੱਚ ਪਾਈਆਂ ਖੜਤਾਲਾਂ ਵਜਾਉਂਦਾਉਹ ਵਿੱਚ-ਵਿਚਾਲੇ ਪ੍ਰਸੰਗ ਸਹਿਤ ਕਥਾ-ਵਿਆਖਿਆ ਕਰਦਾਨਾਲ਼ੋ ਨਾਲ ਹੁੱਕੇ ਦਾ ਘੁੱਟ ਵੀ ਭਰ ਲੈਂਦਾਉਹਦੀ ਲੰਮੀ, ਭਰਵੀਂ ਬੱਗੀ ਦਾਹੜੀ ਤੇ ਮੁੱਛਾਂ ਧੁਆਂਖ ਹੋ ਕੇ ਲਾਖੇ ਰੰਗ ਦੀਆਂ ਹੋ ਗਈਆਂ ਸਨ ਅਤੇ ਉਹਦੇ ਗੇਰੂਏ ਰੰਗ ਦੇ ਚੋਲੇ ਨਾਲ ਇਕਮਿਕ ਹੋਣ ਦਾ ਝਉਲਾ ਪੈਂਦਾ ਸੀਉਹਦੇ ਸੰਘਣੇ ਕੇਸਾਂ ਵਿੱਚ ਜੂੰਆਂ ਤੇ ਲੀਖਾਂ ਦੀ ਭਰਮਾਰ ਦਾ ਦੂਰੋਂ ਹੀ ਪਤਾ ਲੱਗ ਜਾਂਦਾ ਜਦੋਂ ਉਹ ਆਪਣੀ ਪੱਗ ਹੇਠਾਂ ਲਗਾਤਾਰ ਖਨੂਹਾ ਫੇਰਦਾਗਰੀਬ ਦਾਸ ਨੂੰ ਸਾਰੇ ‘ਅੰਨ੍ਹਾ ਸਾਧਹੀ ਕਹਿੰਦੇਗਾਉਣ ਦੌਰਾਨ ਕਈ ਵਾਰ ਉਹ ਮੈਂਨੂੰ ਕਹਿੰਦਾ, ‘ਗੁੱਡ, ਚਿਲਮ ਵਿੱਚ ਅੱਗ ਧਰ ਦੇ।” ਉਹ ਅੱਧੀ-ਅੱਧੀ ਰਾਤ ਤਕ ਗਾਉਂਦਾ ਰਹਿੰਦਾਤੁਰਨ ਵੇਲੇ ਉਹਨੂੰ ਕੋਈ ਨਿਉਂਦਾ ਦਿੰਦਾ, ‘ਮਾਰ੍ਹਾਜ ਭਲਕੇ ਸਾਡੇ ਅਲ ਪ੍ਰਸ਼ਾਦਾ ਛਕ ਲਿਓ।’

ਇੱਕ ਹੋਰ ਅੰਨ੍ਹੇ ਸਾਧ ਦਾ ਮੈਂਨੂੰ ਚੇਤਾ ਆਇਆ ਜਿਸ ਨੇ ਆਪਣਾ ਨਾਂ ਅਸਲਾਮ ਰੱਖਿਆ ਹੋਇਆ ਸੀਉਹ ਬਹੁਤ ਭਰਵੇਂ ਜੁੱਸੇ ਦਾ ਸੀਹੱਥ ਵਿੱਚ ਸੰਮਾਂ ਵਾਲੀ ਡਾਂਗ ਰੱਖਦਾ ਤੇ ਹਰਾ ਚੋਲਾ ਤੇ ਹਰੀ ਟੋਪੀ ਪਹਿਨਦਾਸਾਲ ਵਿੱਚ ਦੋ ਤਿੰਨ ਵਾਰ ਆ ਕੇ ਸਾਡੇ ਪਿੰਡ ਕੁਝ ਦਿਨਾਂ ਤਕ ਰਹਿੰਦਾਸਾਡੇ ਘਰ ਦੇ ਬਿਲਕੁਲ ਨਾਲ ਦੇ ਘਰ - ਮੇਰੇ ਭਾਈਏ ਹੁਰਾਂ ਦੇ ਤਾਏ ਦੇ ਪੁੱਤ ਕੋਲਉਹ ਕੱਵਾਲੀ, ਕਾਫ਼ੀ ਤੇ ਹੋਰ ਧਾਰਮਿਕ ਗੀਤ ਗਾਉਂਦਾਉਹ ਹਾਰਮੋਨੀਅਮ ਜਾਂ ਸਾਰੰਗੀ ਵਜਾਉਂਦਾਉਹਦੇ ਹੋਰ ਮੁਰੀਦ ਜੋੜੀ ਤੇ ਸਾਰੰਗੀ ਵਜਾਉਂਦੇਉਹਨੂੰ ਹਾਲ ਜਿਹਾ ਚੜ੍ਹ ਜਾਂਦਾਉਹਦੀ ਆਵਾਜ਼ ਉੱਚੀ ਹੁੰਦੀ ਜਾਂਦੀ ਜੋ ਥੰਮ੍ਹਣ ਵਿੱਚ ਨਾ ਆਉਂਦੀਉਹ ਸਾਧ ਸੀ ਤਾਂ ਸਾਡੀ ਬਰਾਦਰੀ ਦਾ ਪਰ ਉਸ ਨੇ ਇਸਲਾਮ ਨੂੰ ਅੰਗੀਕਾਰ ਕਰ ਲਿਆ ਸੀ, ਸਮਾਜਿਕ ਬਰਾਦਰੀ ਖ਼ਾਤਰਉਹਦੇ ਪ੍ਰਵਚਨਾਂ ਸਦਕਾ ਮੇਰੇ ਆਪਣੇ ਤਾਏ ਦੇ ਤਿੰਨਾਂ ਪੁੱਤਰਾਂ ਨੇ ਉਸ ਨੂੰ ਆਪਣਾ ਮੁਰਸ਼ਦ ਬਣਾ ਲਿਆ ਸੀਉਹਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਭਰਪੂਰ ਗਿਆਨ ਸੀਉਹ ਕਈ ਗ੍ਰੰਥੀਆਂ ਦੇ ਗ਼ਲਤ ਗੁਰਬਾਣੀ ਉਚਾਰਣ ਨੂੰ ਫੜ ਲੈਂਦਾ ਤੇ ਸਰੇਆਮ ਫ਼ਿਟਕਾਰਦਾਉਹ ਲਲਕਾਰਦਾ, ‘ਮੇਰੇ ਕੋਲੋਂ ਪੁੱਛੋ ਕਿਹੜਾ ਸ਼ਬਦ ਕਿੰਨਵੇਂ ਸਫ਼ੇ ’ਤੇ ਆ - ਮੇਰੇ ਕੋਲੋਂ ਗੁਰੂ ਗ੍ਰੰਥ ਸਾਹਿਬ ਭਾਵੇਂ ਪਿਛਲੇ ਪਾਸਿਓਂ ਪੜ੍ਹਾ ਲਵੋ।” ਪਿੰਡ ਦੇ ਕਈ ਲੋਕ ਉਹਦੇ ਵਿਚਾਰ ਸੁਣਨ ਲਈ ਆਉਂਦੇ

ਇਕ ਵਾਰ ਸਾਡੇ ਮਹਿਨੇ ਵਾਲੇ ਸੰਤਾਂ ਨੇ ਇਨ੍ਹਾਂ ਖੱਡੀਆਂ ਵਾਲੇ ਥਾਂ, ਇਸ ਬੋਹੜ ਥੱਲੇ ਦਰਬਾਰ ਸਾਹਿਬ ਦਾ ਖੰਡ (ਅਖੰਡ) ਪਾਠ ਕਰਾਇਆ।” ਇਹ ਗੱਲ ਤੋਰ ਕੇ ਭਾਈਏ ਨੇ ਜਿਵੇਂ ਮੇਰੇ ਖ਼ਿਆਲਾਂ ਦੀ ਲੜੀ ਹੋਰ ਜੋੜਨ ਤੋਰਨ ਦੀ ਕੋਸ਼ਿਸ਼ ਕੀਤੀਭਾਵੇਂ ਮੈਂ ਬਹੁਤ ਛੋਟਾ ਸੀ ਪਰ ਮੇਰੇ ਸਾਹਮਣੇ ਸੰਤ ਰਾਮ ਲਾਲ ਦਾ ਗੋਰਾ ਨਿਛੋਹ ਚਿਹਰਾ ਪ੍ਰਗਟ ਹੋਇਆ ਜੋ ਉਨ੍ਹਾਂ ਦੀ ਦੁੱਧ ਵਰਗੀ ਚਿੱਟੀ ਦਾਹੜੀ ਨਾਲ ਮੇਲ ਖਾ ਰਿਹਾ ਸੀਗੁਣੀ-ਗਿਆਨੀ ਹੋਣ ਕਰ ਕੇ ਸਾਰੇ ਪਿੰਡ ਵਿੱਚ ਉਨ੍ਹਾਂ ਦੀ ਚੰਗੀ ਮਾਨਤਾ ਸੀਭੋਗ ਵੇਲੇ ਪਿੰਡ ਦੀਆਂ ਤਕਰੀਬਨ ਸਾਰੀਆਂ ਬਿਰਾਦਰੀਆਂ ਦੇ ਲੋਕ ਉਨ੍ਹਾਂ ਦੇ ਬਚਨ ਸੁਣਨ ਆਏਜਦੋਂ ਪ੍ਰਸ਼ਾਦ ਵੰਡ ਹੋਣ ਲੱਗਾ ਤਾਂ ਉਹ ਵਾਰੋ-ਵਾਰੀ ਹੱਥ ਧੋਣ ਜਾਂ ਪਿਸ਼ਾਬ ਕਰਨ ਦੇ ਬਹਾਨੇ ਖਿਸਕ ਗਏਇਸ ਵਾਕਿਆ ਦੀ ਚਰਚਾ ਸਾਡੇ ਲੋਕ ਕਈ ਦਿਨਾਂ ਤਕ ਕਰਦੇ ਰਹੇਕਹਿੰਦੇ, ‘ਭਲਾ ਜੇ ਪ੍ਰਸ਼ਾਦ ਨਹੀਂ ਲੈਣਾ ਸੀ ਤਾਂ ਆਏ ਥਣ ਲੈਣ ਸੀ?

... ਤੇ ਬਰਸਾਤਾਂ ਨੂੰ ਬੁਣਾਈ ਦਾ ਕੰਮ ਬਾਹਲਾ ਹੀ ਘਟ ਜਾਂਦਾਇਸ ਕਰਕੇ ਕਿ ਮੇਰੇ ਇਨ੍ਹਾਂ ਲੋਕਾਂ ਨੇ ਪਿੰਡ ਦੇ ਜਾਂ ਲਾਗਲੇ ਪਿੰਡਾਂ ਸੋਹਲਪੁਰ, ਮਾਣਕਢੇਰੀ, ਰਾਸਤਗੋ, ਸਿਕੰਦਰਪੁਰ, ਢੱਡਾ-ਸਨੌਰਾ ਦੇ ਜੱਟਾਂ-ਜ਼ਮੀਂਦਾਰਾਂ ਤੋਂ ਮੱਝਾਂ ਅਧਿਆਰੇ ਉੱਤੇ ਜਾਂ ਪੰਜ-ਦਵੰਜੀ ਹਿੱਸੇ ਉੱਤੇ ਲਈਆਂ ਹੁੰਦੀਆਂ ਜਿਨ੍ਹਾਂ ਨੂੰ ਬੋਹੜ ਥੱਲੇ ਬੰਨ੍ਹਦੇਲੱਸੀ-ਦਹੀਂ ਨਾਲ ਬੋਹੜ ਕੋਲ ਦੇ ਖੂਹ ਵਿੱਚੋਂ ਪਾਣੀ ਦੇ ਡੋਲ ਕੱਢ ਕੇ ਨਹਾਉਂਦੇਪੂਛਾਂ ਮੁੰਨਦੇ, ਧਲਿਆਰੇ ਪਾਉਂਦੇਮੇਰਾ ਭਾਈਆ ਮੱਝਾਂ ਦੇ ਗੱਲਾਂ ਵਿੱਚ ਟੱਲੀਆਂ ਤੇ ਪੈਰਾਂ ਵਿੱਚ ਝਾਂਜਰਾਂ ਪਾਉਂਦਾਸਾਡਾ ਸਾਰਾ ਟੱਬਰ ਇਨ੍ਹਾਂ ਦੇ ਅੱਗੇ ਪਿੱਛੇ ਹੀ ਰੁੱਝਾ ਰਹਿੰਦਾਅਸੀਂ, ਮੇਰਾ ਭਾਈਆ, ਮੇਰਾ ਵੱਡਾ ਭਰਾ ਤੇ ਮੈਂ ਪਿੰਡ ਕੋਲੋਂ ਦੀ ਵਗਦੇ ਚੋਅ ਵਿੱਚੋਂ ਜਾਂ ਟਿੱਬੇ ਤੋਂ ਰੇਤਾ ਲਿਆ ਕੇ ਇਨ੍ਹਾਂ ਦੇ ਥੱਲੇ ਪਾਉਂਦੇਸਿਆਲਾਂ ਨੂੰ ਮੈਂ ਤੇ ਬਖਸ਼ੀ ਰਾਹਾਂ ਕਿਨਾਰੇ ਦੀਆਂ ਟਾਹਲੀਆਂ ਤੋਂ ਝੜੇ-ਖਿੱਲਰੇ ਪੱਤਿਆਂ ਨੂੰ ਹੂੰਝ ਲਿਆਉਂਦੇਕਦੀ-ਕਦੀ ਖੇਤਾਂ ਵਿੱਚੋਂ ਗੰਨਿਆਂ ਦੀ ਖੋਰੀ ਜੱਟਾਂ ਤੋਂ ਚੋਰੀ ਇਕੱਠੀ ਕਰ ਲਿਆਉਂਦੇ ਤੇ ਪਸ਼ੂਆਂ ਹੇਠਾਂ ਪਾਉਂਦੇ

ਜਦੋਂ ਮੱਝਾਂ-ਝੋਟੀਆਂ ਸੂਣ ਵਾਲੀਆਂ ਹੁੰਦੀਆਂ ਤਾਂ ‘ਵਾਜਬਮੁੱਲ ਪੈਂਦਾਅਕਸਰ ਜੱਟ ਖ਼ਰੀਦਦੇਇਉਂ ਮੇਰਾ ਭਾਈਆ ਸਾਲ, ਡੇਢ ਸਾਲ ਬਾਅਦ ਮੱਝ ਦਾ ਰੱਸਾ-ਸੰਗਲ ਖੋਲ੍ਹ ਕੇ ਜੱਟ ਦੇ ਹੱਥ ਫੜਾਉਂਦਾਘਰ ਦੇ ਜੀਆਂ ਦੇ ਮੂੰਹ ਲੱਥ ਜਿਹੇ ਜਾਂਦੇ

ਕਦੀ-ਕਦੀ ਮੱਝ ਸਾਡੇ ਘਰ ਹੀ ਸੂਅ ਪੈਂਦੀਮੈਂ ਕੱਟੀ-ਕੱਟੇ ਨਾਲ ਖੇਡਦਾ, ਲਾਡ ਕਰਦਾਜਦੋਂ ਕਟੜੂ ਰੱਸਾ ਚੱਬਦਾ ਤਾਂ ਮੈਂ ਹੁੱਬਦਾਮੈਂ ਉਹਦੇ ਮੂੰਹ ਵਿੱਚ ਘਾਹ ਦੀਆਂ ਲੈਰੀਆਂ-ਲੈਰੀਆਂ ਤਿੜ੍ਹਾਂ ਪਾਉਂਦਾ ਤਾਂ ਉਹ ਉਸ ਨੂੰ ਤੇ ਮੇਰੇ ਹੱਥ ਨੂੰ ਚੱਬਣ ਦੀ ਕੋਸ਼ਿਸ਼ ਕਰਦਾ ਤੇ ਮੇਰੀਆਂ ਅੱਖਾਂ ਨਮ ਹੋ ਜਾਂਦੀਆਂਪਲ ਭਰ ਬਾਅਦ ਮੈਂ ਉਹਦਾ ਸਿਰ ਪਲੋਸਣ ਲੱਗ ਪੈਂਦਾਇਸ ਮੋਹ ਕਾਰਣ ਹੀ ਮੈਂ ਮੱਝ ਪਿੱਛੇ ਜਾ ਰਹੇ ਕਟੜੂ ਲਈ ਅੜੀ ਕਰਦਾ

ਆਪਾਂ ਇੱਕ ਹੋਰ ਮੱਝ ਲੈ ਆਮਾਂਗੇ - ਪੰਜ ਕਲਿਆਣੀ, ਬੂਰੀ - ਮੀਮੀਂ ਜਿਹੀ।” ਕਈ ਵਾਰ ਮਾਂ ਮੈਂਨੂੰ ਪਤਿਆਉਂਦੀ

ਭਾਈਆ ਆਪਣੇ ਪਹਿਲੇ ਘਰ ਗਈ ਮੱਝ ਦੀਆਂ ਸਿਫ਼ਤਾਂ ਕਰਦਾ ਨਾ ਥੱਕਦਾ, ‘ਧਰਮ ਨਾ ਬੜੀ ਸੁਨੱਖੀ ਸੀਚੱਡਾ ਬੜਾ ਭਾਰਾ ਸੀ।” ਕਦੀ ਕਹਿੰਦਾ, ‘ਸਾਡੇ ਕੋਲ ਪੈਹੇ ਹੁੰਦੇ ਤਾਂ ਅਸੀਂ ਰੱਖ ਲੈਣੀ ਸੀ - ਸਾਨੂੰ ਤਾਰ ਦੇਣਾ ਸੀ ਉਹਨੇ - ਬੜੇ ਰਵੇ ਦੀ ਸੀਪਰ ਸਾਡੀ ਸਾਲ਼ੀ ਕਿਸਮਤ ਕਿੱਥੇ ...?’

ਇਸ ਬੋਹੜ ਥੱਲੇ ਰੁਲੀਆ ਨਾਈ ਸਾਡੀਆਂ ਹਜਾਮਤਾਂ ਕਰਦਾਅਸੀਂ ਸਾਰੇ ਨਿਆਣੇ ਉਹਨੂੰ ਤਾਇਆ ਸੱਦਦੇ ਹੁੰਦੇ ਸੀਸਿਰ ਦੇ ਵਾਲ ਮੁੰਨਣ ਵੇਲੇ ਉਹ ਸਾਨੂੰ ਭੁੰਜੇ ਬਿਠਾ ਲੈਂਦਾ ਤੇ ਗਲੋਂ ਝੱਗਾ ਲੁਹਾ ਲੈਂਦਾਉਹ ਕੋਲ ਬੈਠੇ ਤਾਏ ਮਹਿੰਗੇ ਜਾਂ ਦਲੀਪੇ ਤੋਂ ਹੁੱਕੇ ਦਾ ਘੁੱਟ ਭਰਦਾ ਰਹਿੰਦਾਕਿੰਨਾ-ਕਿੰਨਾ ਚਿਰ ਬੈਠਾ ਮੈਂ ਅੱਕ-ਥੱਕ ਜਾਂਦਾ ਤੇ ਵਾਲ ਸੂਈਆਂ ਵਾਂਗ ਚੁੱਭਣ ਲੱਗ ਪੈਂਦੇਕੈਂਚੀ, ਮਸ਼ੀਨ ਤੋਂ ਪਿੱਛੋਂ ਉਹਦਾ ਆਖ਼ਰੀ ‘ਹਥਿਆਰਉਸਤਰਾ ਹੁੰਦਾਜਦੋਂ ਉਹ ਆਪਣੀ ਗੁੱਛੀ ਵਿੱਚੋਂ ਕੱਢਦਾ ਤਾਂ ਚਮੜੇ ਦੇ ਇੱਕ ਗੋਲ ਆਕਾਰ ਟੁਕੜੇ ਉੱਤੇ ਦੋ ਚਾਰ ਵਾਰ ਕਦੇ ਇੱਕ ਪਾਸੇ ਨੂੰ ਤੇ ਕਦੇ ਦੂਜੇ ਪਾਸੇ ਨੂੰ ਰਗੜ ਕੇ ਘਸਾਉਂਦਾਫਿਰ ਉਹਦੀ ਧਾਰ ਨੂੰ ਜਾਚਦਾ ਤੇ ਸੱਜੇ ਹੱਥ ਦੀਆਂ ਅੰਗੂਠੇ ਨਾਲ ਦੀਆਂ ਦੋ ਉਂਗਲਾਂ ਨੂੰ ਪਾਣੀ ਭਰੀ ਕੌਲੀ ਵਿੱਚ ਭਿਉਂ ਕੇ ਪੁੜਪੜੀਆਂ ਤੇ ਕੰਨਾਂ ਵਿਚਾਲੇ ਦੀ ਥਾਂ ਤਰ ਕਰਦਾਮੈਂ ਦਹਿਲ ਜਾਂਦਾ ਉਹ ‘ਬਸ-ਬਸਕਹਿੰਦਾ ਤਾਂ ਉਹਦੇ ਕੰਨਾਂ ਦੀਆਂ ਨੱਤੀਆਂ ਝੂਟੇ ਲੈ ਜਾਂਦੀਆਂਉਹ ਫਿਰ ਮੇਰੇ ਸਾਹਮਣੇ ਜ਼ਮੀਨ ’ਤੇ ਰੱਖੇ ਛੋਟੇ ਜਿਹੇ ਸ਼ੀਸ਼ੇ ਨੂੰ ਚੁੱਕ ਕੇ ਆਪਣੀ ਕਤਰੀ ਦਾਹੜੀ ਤੇ ਮੁੱਛਾਂ ਨੂੰ ਸੁਆਰਦਾਆਪਣੀਆਂ ਜਟੂਰੀਆਂ ਨੂੰ ਚਿੱਟੀ ਪਰ ਮੈਲ਼ੀ ਪੱਗ ਹੇਠਾਂ ਕਰਦਾਜਦੋਂ ਭਾਈਆ ਕੱਟੇ ਵਾਲਾਂ ਨੂੰ ਦੇਖਦਾ ਤਾਂ ਟਿੱਪਣੀ ਕਰਦਾ, ‘ਕੰਜਰ ਦੀ ਸਾਰੀ ਉਮਰ ਨੰਘ ਗਈ - ਵਾਲ ਮੁੰਨਣੇ ਨਾ ਆਏ, ਦੇਖ ਕਿੱਦਾਂ ਧਲ਼ੀਆਂ ਪਾ ਤੀਆਂਦੇਖ ਤਾਂ ਸਈ ਸੀਬੋ, ਸਾਲ਼ੇ ਨੇ ਇੱਧਰ ਵੀ ਮੁੰਡੇ ਦੇ ਹਰੜਾਂ ਪਾ ਤੀਆਂ।’

ਇੱਕ ਵਾਰੀ ਮੈਂ ਭਾਈਏ ਤੋਂ ਪੁੱਛਿਆ, ‘ਤਾਇਆ ਸਾਡੇ ਵਾਲ ਕੱਟਣ ਢੱਡਿਆਂ (ਚਾਰ ਕਿਲੋਮੀਟਰ ਦੂਰ ਪਿੰਡ) ਤੋਂ ਆਉਂਦਾ ਆ, ਸਾਡੇ ਪਿੰਡ ਤਾਇਆ ਗਿਆਨੂੰ ਤੇ ਉਹਦਾ ਭਾਈਆ, ਬਾਬਾ ਨੱਥਾ ਸੁੰਹ ਜੁ ਹੈਗੇ ਆ।’

ਉਹ ਹਿੰਦੂ ਨਾਈ ਆਸਾਡੇ ਵਾਲ ਨਹੀਂ ਮੁੰਨਦੇ।” ਭਾਈਆ ਇਹ ਕਹਿ ਕੇ ਕਿਸੇ ਹੋਰ ਕੰਮ ਵਿੱਚ ਰੁੱਝ ਗਿਆਗੱਲ ਬਹੁਤੀ ਮੇਰੇ ਪੱਲੇ ਨਾ ਪਈਪਰ ਤਾਏ ਗਿਆਨੂੰ ਨੂੰ ਮੈਂ ਕਈ ਵਾਰ ਜੱਟਾਂ ਦੇ ਪਸ਼ੂਆਂ ਦੀਆਂ ਪੂਛਾਂ ਮੁੰਨਦੇ ਦੇਖਿਆ ਸੀ

ਬੋਹੜ-ਪਿੱਪਲ ਹੇਠਲੀ ਖੱਡੀਆਂ ਵਾਲੀ ਖੁੱਲ੍ਹੀ ਸਾਫ਼-ਸੁਥਰੀ ਥਾਂ ਕਾਰਣ ਇੱਥੇ ਕੋਈ ਨਾ ਕੋਈ ਸਰਗਰਮੀ ਰਹਿੰਦੀਕੁੜੀਆਂ-ਮੁੰਡਿਆਂ ਦੇ ਵਿਆਹਾਂ ਦੇ ਦਿਨ ਬੰਨ੍ਹ ਹੁੰਦੇਵਿਆਹ ਹੁੰਦੇਜਨੇਤਾਂ ਦੇ ਉਤਾਰੇ ਹੁੰਦੇਮਰਗ ਵੇਲੇ ਲੋਕ ਇੱਥੇ ਫੂਹੜੀ ’ਤੇ ਬਹਿੰਦੇ

ਇਸ ਬੋਹੜ-ਪਿੱਪਲ ਸਦਕਾ ਸਾਡਾ ਮੁਹੱਲਾ ਸਮੁੱਚੇ ਪਿੰਡ ਦੇ ਮਨੋਰੰਜਨ ਦਾ ਸਾਧਨ ਵੀ ਸੀਇਸ ਥਾਂ ਨਕਲਾਂ ਹੁੰਦੀਆਂ ‘ਸਾਲਹੁੰਦਾ ‘ਸਾਲਦੀ ਰਸਮ ਸਾਲ ਪਿੱਛੋਂ ਅਕਸਰ ਬਰਸਾਤ ਤੋਂ ਬਾਅਦ ਮਾਲ-ਡੰਗਰ ਦੀ ਖ਼ੈਰ-ਸੁਖ ਲਈ ਨਿਭਾਈ ਜਾਂਦੀ ਜੋ ਚਮਾਰਾਂ ਦੇ ਫ਼ਰਜ਼ਾਂ ਵਿੱਚ ਸ਼ਾਮਿਲ ਸੀ ਇਸਦੀਆਂ ਤਿਆਰੀਆਂ ਮਹੀਨਾ ਭਰ ਪਹਿਲਾਂ ਹੀ ਸ਼ੁਰੂ ਹੋ ਜਾਂਦੀਆਂਅਸੀਂ ਚੜ੍ਹਦੀ ਉਮਰ ਦੇ ਮੁੰਡੇ ਆਪਣੇ ਤੋਂ ਵੱਡਿਆਂ ਨਾਲ ‘ਸਾਲਵਾਸਤੇ ਸਮੱਗਰੀ ਤੇ ਹੋਰ ਰਸਮਾਂ ਨਿਭਾਉਣ ਵਾਲੇ ਚੇਲਿਆਂ ਅਤੇ ਨਕਲੀਆਂ ਵਾਸਤੇ ਰਸਦ ਲਈ ਪੰਜ-ਪਾ-ਪੂਛ ਦੇ ਹਿਸਾਬ ਨਾਲ ਅਨਾਜ ਘਰ-ਪਰਤੀ ਉਗਰਾਹੁਣ ਜਾਂਦੇਸਾਡੇ ਅਤੇ ਕਈ ਹੋਰ ਗਰੀਬ ਜੱਟ ਪਰਿਵਾਰਾਂ ਦੇ ਘਰੀਂ ਦਾਣੇ ਫ਼ੱਕੇ ਦੀ ਕਮੀ ਹੁੰਦੀ ਜਿਸ ਕਰ ਕੇ ਉਹ ਆਪਣੇ ਪਸ਼ੂਆਂ ਦੀ ਗਿਣਤੀ ਘਟਾ ਕੇ ਦੱਸਦੇ

ਸਾਲਪਸ਼ੂਆਂ ਦੀ ਮੂੰਹ-ਖੁਰ ਦੀ ਬੀਮਾਰੀ ਨੂੰ ਹਟਾਉਣ ਤੇ ‘ਸਿੱਧਦੇਵਤੇ ਨੂੰ ਰਿਝਾਉਣ ਲਈ ਹੁੰਦਾ ਇਸਦੀਆਂ ਰਸਮਾਂ ਸੰਪੂਰਨ ਕਰਨ ਵਾਲੇ ‘ਭਗਤਾਂਦਾ ਮੁਖੀਆ ਕਡਿਆਣੇ ਵਾਲਾ ਕਿਰਪਾ ਹੁੰਦਾਉਹ ਬਹੁਤ ਉੱਚਾ-ਲੰਮਾ ਤੇ ਚੌੜੀ ਛਾਤੀ ਵਾਲਾ ਸੀਉਸ ਨੇ ਭਗਵੇਂ ਕੱਪੜੇ ਪਾਏ ਹੁੰਦੇ ਤੇ ਗੱਲ ਵਿੱਚ ਕਈ ਮਾਲਾਉਹਦੀ ਧੀ ਨੰਤੀ ਸਾਡੇ ਘਰਾਂ ਵਿੱਚ ਵਿਆਹੀ ਹੋਈ ਸੀ ਤੇ ਉਹਦਾ ਜਵਾਈ ਮੱਸਾ ਵੀ ਚੇਲਿਆਈ ਕਰਦਾ ਸੀਉਹ ਆਪਣੇ ਆਪ ਨੂੰ ਮੱਸਾ ਸਿੰਘ ਕਹਾਉਂਦਾ ਪਰ ਮਢੀਰ ਉਹਨੂੰ ਮੱਸਾ ਰੰਘੜ ਹੀ ਕਹਿੰਦੀ - ਪਿੱਠ ਪਿੱਛੇਕਿਸੇ ਦੀ ਮੱਝ-ਗਾਂ ਦੁੱਧ ਨਾ ਦਿੰਦੀ ਤਾਂ ਉਹ ਆਟੇ ਦੇ ਪੇੜੇ ਨੂੰ ਹੱਥ ਵਿੱਚ ਫੜ ਕੇ ਮੂੰਹ ਵਿੱਚ ਬੁੜਬੁੜ ਕਰਦਾ ਤੇ ਫਿਰ ਰੁਕ-ਰੁਕ ਫੂਕਾਂ ਮਾਰਦਾਬਾਅਦ ਵਿੱਚ ਪੇੜਾ ਕਰਾਉਣ ਆਈ ਬਾਰੇ ਹੁੱਬ ਕੇ ਕਹਿੰਦਾ, “ਸਾਲੀ ਰਵਿਆਂ ਦੀ, ਗਾਂ ਨੂੰ ਪੱਠੇ ਪਾਉਂਦੀ ਨਹੀਂ, ਦੁੱਧ ਕਿਤੇ ਅਸਮਾਨੋਂ ਡਿਗ ਪੈਣਾ ਭਲਾ!” ਉਹ ਗੱਲਾਂ-ਗੱਲਾਂ ਵਿੱਚ ਮਿੱਠੀਆਂ ਮਸ਼ਕਰੀਆਂ ਵੀ ਕਰ ਲੈਂਦਾ, ‘ਆ ਗਈ ਲੈ ਕੇ ਹੱਥ ਹੌਲਾ ਕਰਾਉਣ, ਅਖੇ ਭਾਈਆ ਵਹੁਟੀ ਦੇ ਪੈਰ ਭਾਰੇ ਨਹੀਂ ਹੁੰਦੇ - ਪਈ ਭਾਈਆ ਇਹਦੇ ਵਿੱਚ ਕੀ ਕਰੇ ...।” ਉਹ ਕਈ ਵਾਰ ਮਸ਼ਕੂਲੇ ਵਾਲੀ ਗੱਲ ਨੱਕ ਵਿੱਚ ਬੋਲਦਾ

‘ਸਾਲਦੀ ਸ਼ੁਰੂਆਤ ਸਾਡੇ ਘਰ ਪਿਛਲੀ ਚੜ੍ਹਦੀ ਕੱਚੀ ਕੰਧ ਨਾਲ ਮਿੱਟੀ ਦੀ ਇੱਕ ਨਿੱਕੀ ਜਿਹੀ ਲਿੱਪੀ ਪੋਚੀ ਥੜ੍ਹਾ ਨੁਮਾ ਢੇਰੀ ਉੱਤੇ ਬਾਬਾ ਸਿੱਧ ਚਾਨੋ ਦੇ ਨਾਂ ’ਤੇ ਕੁਝ ਸਲੋਕ-ਮੰਤਰ ਪੜ੍ਹਨ ਨਾਲ ਹੁੰਦੀਸੰਗਰਾਂਦ-ਮੱਸਿਆ ਨੂੰ ਸਾਡੇ ਵਿਹੜੇ ਦੇ ਲੋਕ ਆਪਣੇ ਪਸ਼ੂਆਂ ਦੀ ਤੰਦਰੁਸਤੀ ਲਈ ਇਸ ਥੜ੍ਹੇ ਉੱਤੇ ਰੋਟ-ਮੰਨੀ ਤੇ ਚੂਰਮਾ ਨਿਆਣਿਆਂ ਨੂੰ ਵੰਡਦੇ ਜੋ ਆਮ ਤੌਰ ’ਤੇ ਕਣਕ-ਮੱਕੀ ਦੇ ਆਟੇ ਤੇ ਗੁੜ ਦੇ ਰਲਾਅ ਨਾਲ ਪਕਾਏ-ਬਣਾਏ ਹੁੰਦੇ

ਬਾਬਾ ਸਿੱਧ ਚਾਨੋ ਜਾਂ ਬਾਬਾ ਸਿੱਧ ਵਲੀ ਚਮਾਰਾਂ ਦਾ ਇੱਕ ਪ੍ਰਸਿੱਧ ਸ਼ਕਤੀਸ਼ਾਲੀ ਦੇਵਤਾ ਅਤੇ ਪਸ਼ੂਆਂ ਦਾ ਰਖਵਾਲਾ ਮੰਨਿਆ ਜਾਂਦਾ ਹੈਸਵੇਰੇ-ਸ਼ਾਮ ਬਾਬਾ ਸਿੱਧ ਚਾਨੋ ਤੇ ਭਗਵਾਨ ਕ੍ਰਿਸ਼ਨ ਦਾ ‘ਅਖਾੜਾਲਗਦਾਹਰਮੋਨੀਆ ਵਜਾਉਂਦਾ ‘ਭਗਤਸਲੋਕ ਪੜ੍ਹਦਾ ਤੇ ‘ਦੋ ਭਗਤਆਪਸ ਵਿੱਚ ਮੱਲਾਂ ਵਾਂਗ ‘ਕੁਸ਼ਤੀਲੜਦੇਭਗਤ ਕਥਾ ਸੁਣਾਉਂਦਾ ਕਿ ਕ੍ਰਿਸ਼ਨ ਜੀ ਮਹਾਰਾਜ ਬੜੇ ਨੀਤੀਵੇਤਾ ਤੇ ਜੋਧਾ ਸਨ ਇੱਕ ਵਾਰ ਉਨ੍ਹਾਂ ਦੀ ਬਾਬਾ ਸਿੱਧ ਚਾਨੋ ਨਾਲ ਟੱਕਰ ਹੋ ਗਈਅਠਾਰਾਂ ਦਿਨ ਤਕ ‘ਅਖਾੜਾਲੱਗਾ ਰਿਹਾਕ੍ਰਿਸ਼ਨ ਜੀ ਬਾਬਾ ਸਿੱਧ ਨੂੰ ਚਿੱਤ ਨਾ ਕਰ ਸਕੇਅਖੀਰ, ਦਿਨ ਛਿਪਣ ਤੋਂ ਬਾਅਦ ਕ੍ਰਿਸ਼ਨ ਨੇ ਆਪਣੇ ਪੈਰ ਦੇ ਪਦਮ ਸਦਕਾ ਇਉਂ ਕਰ ਦਿੱਤਾ ਕਿ ਅਜੇ ਸੂਰਜ ਅਸਤ ਨਹੀਂ ਹੋਇਆ - ਤੇ ਆਰਾਮ ਕਰ ਰਹੇ ਬਾਬਾ ਸਿੱਧ ਨੂੰ ਧੋਖੇ ਭਰੀ ਚਾਲ ਨਾਲ ਚਿੱਤ ਕਰ ਦਿੱਤਾ ...।’

ਅਖਾੜੇਵਾਲੇ ਆਖ਼ਰੀ ਦਿਨ ਦੀ ਰਾਤ ਨੂੰ ‘ਸਾਲਹੁੰਦਾਪਿੰਡ ਦੇ ਲੋਕਾਂ ਸਣੇ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕ ਇੰਨੀ ਵੱਡੀ ਗਿਣਤੀ ਵਿੱਚ ਆਉਂਦੇ ਕਿ ਘਰਾਂ ਦੇ ਬਨੇਰਿਆਂ ਉੱਤੇ ਤੀਵੀਆਂ, ਨਿਆਣਿਆਂ, ਸਿਆਣਿਆਂ ਦੀਆਂ ਪਾਲਾਂ ਨਾਲ ਇੱਕ ਹੋਰ ਦੀਵਾਰ ਉਸਰਦੀ ਦਿਸਦੀਆਰਤੀ-ਅਰਦਾਸ ਹੁੰਦੀ - ਗੁਰੂ ਰਵਿਦਾਸ ਦੀ ਮਹਿਮਾ ਹੁੰਦੀ ਤਾਂ ‘ਭੌਰਾਚਿਮਟੇ ਨਾਲ ਮਘਦੇ ਕੋਲੇ ਫੜ-ਫੜ ਨਿਗਲਦਾ -ਚੱਬ ਕੇ ਵੀ ਖਾਂਦਾਕਦੇ ਦੰਦਾਂ ਵਿਚਾਲੇ ਕੱਸ ਲੈਂਦਾ - ਅੰਦਰੋਂ ਬਾਹਰ ਨੂੰ ਫ਼ਰਾਟਾ ਮਾਰਦਾ, ਚੰਗਿਆੜੇ ਕੱਢਦਾ ‘ਭਗਤਨਾਲੋ-ਨਾਲ ਗਾਉਂਦੇ ਰਹਿੰਦੇ, ‘ਭੌਰਾ ਅੱਗ ਖਾਏਗਾ ...।” ਲੋਕ ਹੈਰਾਨ ਹੁੰਦੇਜਿਉਂ ਹੀ ਰਸਮ ਪੂਰੀ ਹੁੰਦੀ ਤਾਂ ਸਾਜਿੰਦੇ ਪੈਰੋਂ ਹੀ ਆਵਾਜ਼ ਚੁੱਕ ਦਿੰਦੇ, ‘ਥਾਅ ਥੱਈਆ, ਥਾਅ ਥੱਈਆ ਨਾਲ ਹੀ ਨਚਾਰ, ਜਿਸ ਨੇ ਕੁੜੀਆਂ ਵਾਲਾ ਲਿਬਾਸ ਪਾਇਆ ਹੁੰਦਾ, ਛਾਲ ਮਾਰ ਕੇ ਜੋੜੀ-ਵਾਜੇ ਵਾਲਿਆਂ ਕੋਲ ਪਿੜ ਵਿੱਚ ਆ ਜਾਂਦਾ ਤੇ ਬੋਲ ਚੁੱਕਦਾ:

ਵਿੱਚ ਭਾਫ਼ਾਂ ਛੱਡੇ ਸਰੀਰ
ਕੁੜਤੀ ਮਲਮਲ ਦੀ

ਜਾਂ

ਲੱਕ ਮਿਣ ਨਾ ਦਰਜੀਆ ਮੇਰਾ
ਸੂਟ ਸੀ ਦੇ ਵੰਨ ਪੀਸ ਦਾ

ਜਾਂ

ਗਲਗਲ ਵਰਗੀ ਜੱਟੀ
ਖਾ ਲਈ ਓ ਕਾਲੇ ਨਾਗ ਨੇ

ਇਸਦੇ ਨਾਲ ਹੀ ਰੁਪਏ-ਰੁਪਏ ਦੀਆਂ ਵੇਲਾਂ ਦੀ ਸ਼ੁਰੂਆਤ ਹੋ ਜਾਂਦੀਜਦੋਂ ਲਾਂਭਲੇ ਪਿੰਡ ਦਾ ਕੋਈ ਜਣਾ ਜਾਂ ਪਿੰਡ ਦੇ ਇੱਕ ਧੜੇ ਦਾ ਆਦਮੀ ਪੰਜ ਸੌ ਇੱਕ ਦੀ ਵੇਲ ਕਰਾਉਂਦਾ ਤਾਂ ਵੇਲਾਂ ਦਾ ਸਿਲਸਿਲਾ ਵੇਲ ਵਾਂਗ ਲੰਮਾ ਹੁੰਦਾ ਜਾਂਦਾਨੋਟ ਟਕੂਏ, ਡਾਂਗ, ਖੂੰਡੇ ਜਾਂ ਬਰਛੇ ਨਾਲ ਬੰਨ੍ਹ ਕੇ ਉੱਚੇ ਕੀਤੇ ਜਾਂਦੇਨਚਾਰ ਮੁੰਡਾ ਸੱਜੇ ਹੱਥ ਦੇ ਅੰਗੂਠੇ ਤੇ ਪਹਿਲੀ ਉਂਗਲੀ ਨੂੰ ਮੂੰਹ ਵਿੱਚ ਪਾ ਕੇ ਸੀਟੀ ਵਜਾਉਂਦਾ ਤਾਂ ਸਾਜਿੰਦੇ ਪਲ ਭਰ ਲਈ ਸਾਜ਼ਾਂ ਦੀਆਂ ਆਵਾਜ਼ਾਂ ਮੱਠੀਆਂ ਕਰ ਲੈਂਦੇ, ‘ਵੇਲ ਰੁਪਏ ਦੀ ਵੇਲ, ਇੱਕ ਸੌ ਇੱਕ ਰੁਪਏ ਦੀ ਵੇਲ, ਮੀਤੇ ਛੜੇ ਦੀ ਵੇਲ - ਮੇਰੇ ਖਸਮ ਮੀਤੇ ਦੀ ਵੇਲਇਹੋ ਜਿਹੀਆਂ ਵੇਲਾਂ ਛੜੇ ਆਪਣੇ ਲਈ ਕਹਿ ਕੇ ਕਰਾਉਂਦੇ ਸਨਕਈ ਵਾਰ ਕੋਈ ਸ਼ਰਾਬੀ ਇਸ ‘ਕੁੜੀਨੂੰ ‘ਫੜਲੈਂਦਾਉਹ ਵੀ ਅੱਗੋਂ ਅੱਖ ਦੱਬ ਕੇ ਸ਼ਰਾਬੀ ਢਾਣੀਆਂ ਨੂੰ ਖ਼ੁਸ਼ ਕਰਦੇ ਹੋਏ ਉਨ੍ਹਾਂ ਦੀਆਂ ਜੇਬਾਂ ਖ਼ਾਲੀ ਕਰਾਉਣ ਵਿੱਚ ਸੋਲਾਂ ਕਲਾਂ ਸੰਪੂਰਨ ਹੋਣ ਦਾ ਸਬੂਤ ਦਿੰਦੇ

ਸਾਡੇ ਪਿੰਡ ਨਕਲਾਂ ਲਈ ਮਾਣਕਢੇਰੀ (ਹੁਸ਼ਿਆਰਪੁਰ) ਦੇ ਮਰਾਸੀ ਆਉਂਦੇ, ਇਨ੍ਹਾਂ ਮਰਾਸੀਆਂ ਨੂੰ ਉੱਥੋਂ ਦੇ ਲੋਕਾਂ ਨੇ ਹਮਲਿਆਂ ਵਿੱਚ ਪਾਕਿਸਤਾਨ ਨਹੀਂ ਜਾਣ ਦਿੱਤਾ ਸੀ ‘ਸਾਲਵਾਲੇ ‘ਭਗਤਤੇ ਨਕਲੀਏ ਪਿੱਪਲਾਂ ਵਾਲਾ (ਹੁਸ਼ਿਆਰਪੁਰ) ਪਿੰਡ ਦੇ ਚਮਾਰ ਬਿਰਾਦਰੀ ਦੇ ਸਨਨਕਲੀਏ ‘ਭਗਤਜੱਟ ਤੇ ਸੀਰੀ ਦੇ ਰੂਪ ਵਿੱਚ ਨਕਲ ਲਾਉਂਦੇ ਜਿਸਦੇ ਸੰਵਾਦ ਇਉਂ ਹੁੰਦੇ:

ਜੱਟ: ਹਾਂ ਬਈ ਧੰਨਿਆ ਨੌਕਰ ਲੱਗੇਂਗਾ?

ਕੰਮੀ: ਜੀ ਸਰਕਾਰ

ਜੱਟ: ਬੋਲ ਕੀ ਮੰਗਦਾਂ?

ਕੰਮੀ: ਖਾਊਂ-ਪੀਊਂਗਾ ਧੁਆਡੇ ਸਿਰ

ਜੱਟ: ਖਾਣਾ ਪੀਣਾ ਸਾਡੇ ਸਿਰ

ਕੰਮੀ: ਲੀੜਾ-ਕੱਪੜਾ ਪਾੜੂੰ ਧੁਆਡੇ ਸਿਰ

ਜੱਟ: ਲੀੜਾ ਕੱਪੜਾ ਸਾਡੇ ਸਿਰਹੋਰ ...?

ਕੰਮੀ: ਤੇਲ ਸਾਬਣ ਧੁਆਡੇ ਸਿਰ

ਜੱਟ: ਹਾਂ, ਤੇਲ ਸਾਬਣ ਸਾਡੇ ਸਿਰਹੋਰ ...?

ਕੰਮੀ: ਜੁੱਤੀ ਤੋੜੂੰ ਧੁਆਡੇ ਸਿਰ

ਇਸਦੇ ਨਾਲ ਹੀ ਹਾਸਿਆਂ ਦੇ ਗ਼ੁਬਾਰੇ ਹੋਰ ਉੱਚੇ ਹੋ ਜਾਂਦੇ ‘ਜੱਟਇਸ ‘ਕੰਮੀਦੀਆਂ ਸੱਜੀਆਂ ਪੱਸਲੀਆਂ ਉੱਤੇ ਚਮੜੇ ਦੀ ਤਿਕੋਨੀ ਪਟਾਕੀ ਵਰ੍ਹਾਉਂਦਾਨਕਲ ਲਾਉਣ ਵਾਲੇ ਨੇ ਤਾਂ ਪਹਿਲਾਂ ਹੀ ਝੱਗਾ ਗੱਲ ਤਕ ਚੁੱਕਿਆ ਹੁੰਦਾ

ਇਉਂ ਮਨੋਰੰਜਨ ਭਰੀ ਰਾਤ ਦਾ ਤੀਜਾ ਪਹਿਰ ਹੋ ਜਾਂਦਾ ‘ਸਾਲਵਾਲਾ ‘ਭਗਤਵਿੱਚੋਂ ਟੋਕ ਕੇ ਕਹਿੰਦਾ, ‘ਖੁਸ਼ੀਆ, ਭੀਮਾ ਜਿੱਥੇ ਵੀ ਬੈਠੇ ਆ, ਥੜ੍ਹੇ ’ਤੇ ਚਲੇ ਜਾਣ।’

ਸਾਲਦੀਆਂ ਅੰਤਮ ਰਸਮਾਂ ਨੂੰ ਸਿਰੇ ਚੜ੍ਹਾਉਣ ਲਈ ‘ਭਗਤਕਿਰਪੇ ਨੂੰ ਮੰਜੇ ਉੱਤੇ ਬਿਠਾ ਕੇ ਚਾਰ ਜਣੇ ਮੋਢੇ ਦੇ ਕੇ ਪਿੰਡ ਦੇ ਲਹਿੰਦੇ ਬਸੀਮੇ ਲੈ ਜਾਂਦੇ ਜਿੱਥੇ ਉਹ ਇੱਕ ਟੂਣਾ ਕਰਦਾ ਤੇ ਪਸ਼ੂਆਂ ਉੱਤੇ ਪਈ ‘ਭਾਰੀਪਿੰਡੋਂ ਬਾਹਰ ‘ਕੱਢਦਾ'ਮੰਜੇ ਦੇ ਮੋਹਰਲੇ ਪਾਸੇ ਨੂੰ ਹਾਥੀ ਦਾ ਸੁੰਡ ਬਣਾ ਕੇ ‘ਹਾਥੀ ਦੀ ਸਵਾਰੀਦਾ ਝਾਉਲਾ ਪਾਇਆ ਹੁੰਦਾਜਾਂਦੇ ਵਕਤ ਆਪਸ ਵਿੱਚ ਗੱਲਬਾਤ ਨਾ ਕਰਨ ਦੀ ਸਖ਼ਤ ਹਦਾਇਤ ਹੁੰਦੀਦੋ ਕੁ ਵਾਰ ਇਹ ਰਸਮਾਂ ਦੇਖਣ ਮੈਂ ਵੀ ਨਾਲ ਗਿਆਬਸੀਵੇਂ ਤੋਂ ਥੋੜ੍ਹਾ ਪਹਿਲਾਂ ਹੀ ਸਾਨੂੰ ਰੋਕ ਦਿੱਤਾ ਜਾਂਦਾ ਕਿ ‘ਚੀਜ਼ਨਿਆਣਿਆਂ ’ਤੇ ਵਾਰ ਨਾ ਕਰ ਦੇਵੇ

ਬਈ ਐਤਕੀਂ ਬੜਾ ਭਾਰ ਪਿਆ - ਬੜੀ ਭਾਰੀ ਸੀ ਪਸ਼ੂਆਂ ’ਤੇ।” ਆਉਂਦਿਆਂ ਹੋਇਆਂ ਗੱਲ ਚੱਲੀ

ਕਿਰਪੇ ਭਗਤ ਦਾ ਭਾਰ ਕਿਹੜਾ ਘੱਟ ਆ - ਖ਼ੁਸ਼ੀਆ ਸਾਰਿਆਂ ਨਾਲੋਂ ਮਧਰਾ ਹੈ, ਤਾਂ ਹੀ ਜ਼ਿਆਦਾ ਭਾਰ ਉਹਦੇ ਉੱਤੇ ਪਿਆ।” ਮੈਂ ਸੋਚਿਆ

ਲੁਆਲਾ ਲੱਗਣ ਤੋਂ ਪਹਿਲਾਂ ਹੀ ਜਾਗਰ ਚੌਕੀਦਾਰ ਹੋਕਾ ਦਿੰਦਾ, ‘ਮਾਲ-ਡੰਗਰ ਸਾਲ ਹੇਠੋਂ ਦੀ ਨੰਘਾਓ ਬਈ।’

ਪਿੰਡ ਦੇ ਇੱਕ-ਇੱਕ ਪਸ਼ੂ ਨੂੰ ਸਿਆਲਕੋਟੀਆਂ ਦੇ ਬੋਹੜ ਦੇ ਡਾਹਣੇ ਨਾਲ-ਲਾਲ ਕੱਪੜੇ ਵਿੱਚ ਲਪੇਟ ਕੇ ਬੰਨ੍ਹੇ ਲਲੇਰਾਂ, ਸਮੱਗਰੀ ਤੇ ਮੌਲੀ ਦੇ ਧਾਗਿਆਂ ਹੇਠੋਂ ਦੀ ਲੰਘਾਇਆ ਜਾਂਦਾਇਹ ਡਾਹਣਾ ਪੂਰੇ ਰਸਤੇ ਉੱਤੇ ਇਉਂ ਫੈਲਿਆ ਹੋਇਆ ਸੀ ਜਿਉਂ ਕਿਸੇ ਸ਼ਾਹੀ ਦਰਵਾਜ਼ੇ ਦਾ ਸੇਰੂ ਹੋਵੇਇਸ ਰਸਮ ਪਿੱਛੋਂ ਸਾਰੇ ਪਿੰਡ ਦੇ ਘਰਾਂ-ਹਵੇਲੀਆਂ ਅੰਦਰ ਜਲ ਦੇ ਛਿੱਟੇ ਦਿੱਤੇ ਜਾਂਦੇਗੁੱਗਲ ਧੂਫ਼ ਦੀ ਧੂਣੀ ਦਿੱਤੀ ਜਾਂਦੀਕੁਝ ਸਮੱਗਰੀ ਵਰਤਾਈ ਜਾਂਦੀ ਤਾਂ ਕਿ ਅਗਲੇ ਦਿਨਾਂ ਵਿੱਚ ਲੋਕ ਇਸਦੀ ਧੂਫ਼ ਪਸ਼ੂਆਂ ਨੂੰ ਦਿੰਦੇ ਰਹਿਣ

ਸਾਡੇ ਬੋਹੜ-ਪਿੱਪਲ ਥੱਲੇ ਗਰਮੀਆਂ-ਬਰਸਾਤਾਂ ਨੂੰ ਬਾਰਾਂ-ਟਾਹਣੀ, ਨੱਕਾ-ਪੂਰ ਤੇ ਤਾਸ਼ ਖਿਡਾਰੀਆਂ ਦੀਆਂ ਢਾਣੀਆਂ ਜੁੜਦੀਆਂਹੁੱਕਿਆਂ ਦੀ ਗੁੜਗੁੜ ਹੁੰਦੀਕਈ ਵਾਰ ਤਾਂ ਬੋਹੜ ਤੋਂ ਥੋੜ੍ਹੀ ਵਿੱਥ ’ਤੇ ‘ਨਾਂਗਿਆਂ ਦੇ ਛੱਪੜਉੱਤੇ ਬੋਲਦੇ ਬਰਸਾਤੀ ਡੱਡੂਆਂ ਦੀ ਗੜੈਂ-ਗੜੈਂ ਤੇ ਹੁੱਕਿਆਂ ਦੀ ਗੁੜ-ਗੁੜ ਇੱਕ ਦੂਜੇ ਵਿੱਚ ਸਮਾਂ ਜਾਂਦੇ

ਇਨ੍ਹਾਂ ਦਿਨਾਂ ਵਿੱਚ ਮੇਰੀ ਭੂਆ ਤੇ ਹੋਰ ਧੀਆਂ-ਧਿਆਣੀਆਂ ਆਪਣੇ ਭਰਾਵਾਂ-ਭਤੀਜਿਆਂ ਦੇ ਰੱਖੜੀਆਂ ਬੰਨ੍ਹਣ ਆਉਂਦੀਆਂਰੱਖੜੀ ਵਾਲੇ ਦਿਨ ਇਹ ਰੱਖੜੀਆਂ ਭਾਈਏ ਹੁਰੀਂ ਗੁੱਟਾਂ ’ਤੇ ਘੰਟਾ ਦੋ ਘੰਟਾ ਤੇ ਫਿਰ ਇਨ੍ਹਾਂ ਨੂੰ ਹੁੱਕੇ ਦੀ ਨੜੀ ਨਾਲ ਸਜ਼ਾ ਕੇ ਬੰਨ੍ਹ ਲੈਂਦੇ ਜੋ ਮਹੀਨਾ ਭਰ ਬੱਝੀਆਂ ਰਹਿੰਦੀਆਂ

ਬੋਹੜ ਦੇ ਛੋਟੇ ਡਾਹਣਿਆਂ ਉੱਤੇ ਛੋਟੇ ਨਿਆਣਿਆਂ ਲਈ ਪੀਂਘਾਂ ਪਾਈਆਂ ਜਾਂਦੀਆਂਵੱਡੀਆਂ ਤੀਵੀਆਂ, ਮੁਟਿਆਰਾਂ ਲਈ ਪਿੱਪਲ ਦੇ ਮੋਟੇ ਡਾਹਣਿਆਂ ਉੱਤੇ ਪੀਂਘਾਂ ਬੰਦੇ ਪਾ ਕੇ ਦਿੰਦੇਤਾਈ ਤਾਰੋ (ਜੱਟੀ) ਤੇ ਚਾਚੀ ਛਿੰਨੀ ਇੰਨੀ ਉੱਚੀ ਪੀਂਘ ਚੜ੍ਹਾਉਂਦੀਆਂ ਤੇ ਹੰਘਾਉਂਦੀਆਂ ਕਿ ਮੇਰੇ ਵਰਗੇ ਨਿਆਣੀ ਉਮਰ ਦਿਆਂ ਦੇ ਦਿਲ ਨੂੰ ਹੌਲ ਜਿਹਾ ਪੈਣ ਲਗਦਾ ਤੇ ਕਈ ਵਾਰ ਉਤਲਾ ਸਾਹ ਉੱਤੇ ਤੇ ਹੇਠਲਾ ਹੇਠਾਂ ਰਹਿ ਜਾਂਦਾ

ਸਾਡਾ ਬੋਹੜ ਜਿੱਥੇ ਬਰਸਾਤਾਂ ਨੂੰ ਸਮੁੱਚੇ ਪਿੰਡ ਲਈ ਪੂੜਿਆਂ ਵਾਸਤੇ ਪੱਤੇ ਮੁਹਈਆ ਕਰਾਉਣ ਤੇ ਹੋਰ ਖ਼ੁਸ਼ੀਆਂ ਦਾ ਵਸੀਲਾ ਬਣਦਾ ਉੱਥੇ ਤੌਖ਼ਲੇ, ਤਣਾਅ ਤੇ ਲੜਾਈ-ਝਗੜੇ ਦੀ ਸਾਖੀ ਵੀ ਬਣਦੀਜਦੋਂ ਕਦੀ ਜੱਟਾਂ ਦਾ ਕੋਈ ਮੁੱਛ-ਫੁੱਟ ਗਭਰੂ ਆਪਣਾ ਗੱਡਾ ਸਾਡੇ ਘਰਾਂ ਮੋਹਰਿਓਂ ਦੀ ਲਿਜਾਂਦਾ ਤੇ ਗੱਡੇ ’ਤੇ ਖੜ੍ਹਾ ਹੋ ਕੇ ਬਲਦਾਂ ਦੀਆਂ ਨੱਥਾਂ ਨੂੰ ਪਾਏ ਰੱਸਿਆਂ ਨੂੰ ਫੜ ਕੇ ਪੁਚਕਾਰਦਾ ਤੇ ਗਾਉਂਦਾਸਾਡੇ ਘਰਾਂ ਦੇ ਓਟਿਆਂ ਵਰਗੇ ਵਗਲਿਆਂ ਉੱਤੋਂ ਦੀ ਸਾਡੀਆਂ ਮਲੂਕ ਜਿਹੀਆਂ ਧੀਆਂ-ਭੈਣਾਂ ਨੂੰ ਤਾੜਦਾਸਾਡੇ ਬੰਦਿਆਂ ਵਿੱਚੋਂ ਕੋਈ ਜਣਾ ਬਾਹਬਰ ਕੇ ਬੋਲਦਾ, ‘ਮਾਮਾ ਗੱਡਾ ਫਿਰਨੀ ਤੋਂ ਦੀ ਨਹੀਂ ਜਾਂਦਾਜਾਂ ਕਹਿੰਦਾ, ‘ਤੇਤੋਂ ਗੱਡੇ, ’ਤੇ ਬੈਠ ਕੇ ਨਹੀਂ ਜਾ ਹੁੰਦਾ।” ਕੋਈ ਹੋਰ ਜਣਾ ਮੂੰਹ ਵਿੱਚ ਬੁੜਬੁੜ ਕਰਦਾ, ‘ਬਣਿਆਂ ਫਿਰਦਾ ਸਾਲਾ ਰਾਣੀ ਖਾਂ ਦਾਹਰ ਵੇਲੇ ਧੌਂਸ ਦਿੰਦੇ ਆ, ਹੱਗਣਾ-ਮੂਤਣਾ ਬੰਦ ਕਰ ਦਿਆਂਗੇ-ਭਲਾ ਤੁਸੀਂ ਰੱਬ ਨੂੰ ਢੂਹਾ ਦੇ ਕੇ ਆਇਓਂ ਆਂ ਜਿਹੜੀਆਂ ਧੁਆਨੂੰ ਜ਼ਮੀਨਾਂ ਮਿਲ ਗਈਆਂ-ਅਸੀਂ ਨਹੀਂ ਧੁਆਡੇ ਵਰਗੇ।’

ਕਈ ਵਾਰ ਸ਼ਰਾਬ ਵਿੱਚ ਧੁੱਤ ਬਖਤੌਰਾ ਜਾਂ ਉਹਦਾ ਛੋਟਾ ਭਰਾ ‘ਲੰਮਾ ਸੋਢੀਆ ਕੇ ਬੁਲ੍ਹਬਲੀਆਂ ਮਾਰ ਦਿੰਦੇ ਮਾੜੀ-ਧਾੜ ਚਮ੍ਹਾਰਲੀਦੋਹਾਂ ਬਿਰਾਦਰੀਆਂ ਦਾ ਆਹਮਣੇ-ਸਾਹਮਣੇ ਟਕਰਾ ਹੋ ਜਾਂਦਾਡਾਂਗਾਂ ਹਵਾ ਵਿੱਚ ਉੱਲਰਦੀਆਂਦਵੱਲਿਓਂ ਗਾਲ੍ਹਾਂ ਦੀਆਂ ਮਿਜ਼ਾਇਲਾਂ ਦਾਗੀਆਂ ਜਾਂਦੀਆਂਪੰਜ-ਸੱਤ ਮਿੰਟ ਦੀ ਇਹ ਘਟਨਾ ਉਦੋਂ ਖ਼ਤਮ ਹੁੰਦੀ ਜਦੋਂ ਤਾਇਆ ਚੰਨਣ ਸਿੰਘ ਆਪਣੇ ਪੁੱਤਾਂ ਨੂੰ ਬੁਰਾ-ਭਲਾ ਬੋਲਦਾ ਤੇ ਸਾਡੇ ਬੰਦਿਆਂ ਨੂੰ ਕਹਿੰਦਾ, ‘ਹਊ-ਪਰੇ ਕਰੋ, ਮੇਰੀ ਧੌਲ਼ੀ ਦਾਹੜੀ ਰੋਲ ‘ਤੀ ਅਲਾਦ ਨੇ।’

ਇਸ ਬੋਹੜ ਥੱਲੇ ਸਾਡੇ ਨਾਲ ਕੀ ਕੀ ਨਹੀਂ ਹੋਇਆ', ਭਾਈਏ ਨੇ ਆਪਣੇ ਅੰਦਰ ਦੀ ਗੱਲ ਇਸ ਲਹਿਜ਼ੇ ਨਾਲ ਕੀਤੀ ਜਿਵੇਂ ਉਹ ਸਾਨੂੰ ਕੁਝ ਦੱਸਣਾ ਚਾਹੁੰਦਾ ਹੋਵੇਇਹ ਰਾਤ ਦੀ ਰੋਟੀ ਖਾਣ ਤੋਂ ਬਾਅਦ ਦਾ ਵੇਲਾ ਸੀ

ਹਾਂ, ਦੱਸ ਭਾਈਆ।” ਮੈਂ ਬੇਸਬਰੀ ਨਾਲ ਪੁੱਛਿਆ

ਹਮਲਿਆਂ ਤੋਂ ਪਹਿਲਾਂ ਲੰਬੜਦਾਰ ਸ਼ੇਰ ਸੁੰਹ ਸਿੱਧਾ ਇੱਥੇ ਸਾਡੀਆਂ ਖੱਡੀਆਂ ’ਤੇ ਆਉਂਦਾਹੁਕਮ ਚਾੜ੍ਹਦਾ-'ਠਾਕਰਾ ਤੂੰ ਤੇ ਖੁਸ਼ੀਆ ਭਲਕੇ ਠਾਣੇਦਾਰ ਦੀ ਘੋੜੀ ਲਈ ਘਾਹ ਲਿਜਾਣਾ।’

ਮੀਂਹ ਜਾਵੇ ਜਾਂ ਨ੍ਹੇਰੀ, ਅਸੀਂ ਬੱਧੇ-ਰੁੱਧੇ ਠਾਣੇ ਘਾਹ ਲਿਜਾਂਦੇਪਹਿਲਾਂ ਲੰਬੜਦਾਰ ਨੂੰ ਘਾਹ ਦੀਆਂ ਪੰਡਾਂ ਦਿਖਾਲਦੇਉਹ ਦੋਹਾਂ ਹੱਥਾਂ ਨਾਲ ਪੰਡ ‘ਤਾਂਹ ਨੂੰ ਚੁੱਕ ਕੇ ਹਾੜਦਾ-ਨਾਲੇ ਦੇਖਦਾ ਪਈ ਘਾਹ ਬਧੀਆ ਵੀ ਆਠਾਣੇ ਜਾ ਕੇ ਅਸੀਂ ਉੱਦਾਂ ਡਈਂਬਰ ਜਾਂਦੇਜਿੰਨਾ ਚਿੱਕਰ ਮੁਣਸ਼ੀ ਦੀ ਤਸੱਲੀ ਨਾ ਹੁੰਦੀ-ਅਸੀਂ ਪੰਡਾਂ ਕੋਲ ਖੜ੍ਹੇ ਰਹਿੰਦੇਬੜੇ ਮਾੜੇ ਦਿਨ ਸੀਡਾਕਟਰ ਅੰਬੇਦਕਰ ਤੇ ਮੰਗੂ ਰਾਮ ਉੱਠੇ ਤਾਂ ਕੁਛ ਇਹ ਹੱਲ੍ਹੇ ਹੋਏਹਮਲਿਆਂ ਤੋਂ ਬਾਅਦ ਵੀ ਪੁਲਿਸ ਆਲੇ ਆਉਂਦੇ ਰਹੇਪਰ ਅਸੀਂ ਘਾਹ ਲਿਜਾਣਾ ਬੰਦ ਕਰ ‘ਤਾ ਪਈ ਹੁਣ ਮੁਲਖ ਅਜ਼ਾਦ ਹੋ ਗਿਆ।’

ਹੋਰ ਦੱਸਾਂ।” ਭਾਈਏ ਦੀਆਂ ਅੱਖਾਂ ਵਿੱਚ ਲਾਲਗੀ ਚਮਕ ਰਹੀ ਸੀ।’

ਦੱਸ, ‘ ਅਸੀਂ ਕਿਹਾ

ਇਕ ਵਾਰ ਜੈਲਦਾਰ ਅੱਛਰ ਸੁੰਹ (ਪਿੰਡ ਲੜੋਆ) ਤੇ ਸ਼ੇਰ ਸੁੰਹ ਲੰਬੜ ਅਈਥੋਂ ਦੀ ਨੰਘਦੇ ਸੀਅਸੀਂ ਸਾਰੇ ਜਣੇ ਆਪਣੇ ਧਿਆਨ ਖੱਡੀਆਂ ’ਤੇ ਬੁਣਾਈ ਕਰਦੇ ਸੀਚਾਣਚੱਕ ਜੈਲਦਾਰ ਘੋੜੀ ਤੋਂ ਉੱਤਰਿਆਚਾਚੇ ਛੱਜੂ ਦੇ ਡੰਡੇ ਵਰ੍ਹਾਉਣ ਲੱਗ ਪਿਆਕਹੇ-ਮੇਰੀ ਘੋੜੀ ਦੀਆਂ ਬਾਗਾਂ ਨਹੀਂ ਫੜੀਆਂਚਾਚੇ ਨੇ ਬਥੇਰੇ ਤਰਲੇ ਪਾਏ ਪਈ ਸਰਦਾਰ ਜੀ ਧੁਆਨੂੰ ਦੇਖਿਆ ਨਹੀਂ ... ਨਹੀਂ ਤਾਂ ਬਾਗਾਂ ਫੜ ਲੈਣੀਆਂ ਸੀਸਾਰੀ ਚਮ੍ਹਾਰਲੀ ਨੂੰ ਨੌਲਦਾ ਰਿਹਾਕਹੇ-ਪਈ ਘੋੜੀ ਦੇ ਪੌੜਾਂ ਦੀ ਪੈਛੜ ਨਹੀਂ ਸੁਣੀ? ਧਰਮ ਨਾ ਅਸੀਂ ਖੱਡੀਆਂ ਛੱਡ ਕੇ ਆਪੋ-ਆਪਣੇ ਥਾਂਈਂ ਥਰ-ਥਰ ਕੰਬਦੇ ਰਹੇਅਖੀਰ ਸ਼ੇਰ ਸੁੰਹ ਨੇ ਜੈਲਦਾਰ ਨੂੰ ਕਿਹਾ-ਛੱਡੋ ਪਰ੍ਹਾਂ ਹੁਣ ਸਰਦਾਰ ਜੀਛੱਜੂ ਰਾਮਾ ਅੱਗੇ ਤੋਂ ਖਿਆਲ ਰੱਖਣਾ, ਕਹਿ ਕੇ ਦੋਨੋਂ ਜਣੇ ਘੋੜੀਆਂ ’ਤੇ ਚੜ੍ਹ ਕੇ ਰਾਸਗੂੰਆਂ ਵਲ ਨੂੰ ਚਲੇ ਗਏਜੈਲਦਾਰ ਸਾਲ਼ੇ ਨੂੰ ਜੱਜ ਜਿੰਨੇ ਹੱਕ ਸੀ-ਜਿਹਨੂੰ ਮਰਜ਼ੀ ਅੰਦਰ ਕਰਾਉਂਦਾ ਸੀ, ਜਿਹਨੂੰ ਮਰਜ਼ੀ ਛਡਾਉਂਦਾ ਸੀਸੱਤ ਖੂਨ ਮੁਆਫ ਸੀ ਸਾਲ਼ੇ ਨੂੰ-ਤਾਹੀਓਂ ਦੁਨੀਆਂ ਡਰਦੀ ਸੀ ਉਹਤੋਂਬਗਾਰਾਂ ਬੁੱਤੀਆਂ ਕਰਾਉਣ ਨੂੰ ਸਾਡੇ ਕਿੰਨੇ ਈ ਬੰਦੇ ਲੈ ਜਾਂਦਾ ਸੀ, ਭੈਣ ਦਾ ਖਸਮ।’

ਭਾਈਏ ਦਾ ਰੋਹ ਕਿਸੇ ਜਵਾਲਾਮੁਖੀ ਵਾਂਗ ਫੁੱਟ ਪਿਆ ਸੀਫਿਰ ਮੈਂਨੂੰ ਲੱਗਿਆ ਕਿ ਉਹ ਸਾਨੂੰ ਜਿਵੇਂ ਆਜ਼ਾਦੀ ਦੇ ਅਸਲ ਅਰਥਾਂ ਨੂੰ ਸਮਝਣ ਲਈ ਪਰੇਰ ਰਿਹਾ ਹੋਵੇ

ਅੰਗਰੇਜ਼ੀ ਸਰਕਾਰ ਦੇ ਪਿੱਠੂ ਇਸ ਜ਼ੈਲਦਾਰ ਸਰਦਾਰ ਨੂੰ ਮੈਂ ਭੋਗਪੁਰ ਠਾਣੇ ਲਾਗੇ ਕਈ ਮੌਕਿਆਂ ਉੱਤੇ ਘੁੰਮਦਿਆਂ ਦੇਖਿਆਉਸ ਨੂੰ ਉਨ੍ਹਾਂ ਦਿਨਾਂ ਵਿੱਚ ਵੀ ਦੇਖਿਆ ਜਦੋਂ ਉਹ ਮਰਿਆਂ ਤੁੱਲ ਜ਼ਿੰਦਗੀ ਕੱਟ ਰਿਹਾ ਸੀ ਪਰ ਉਹਦੀ ਪੱਗ ਦਾ ਕੁੱਲਾ ਉਦੋਂ ਵੀ ਕਿਸੇ ਹੈਂਕੜ ਦੀ ਹਾਮੀ ਭਰਦਾ ਸਿਰ ਤੋਂ ਉਤਾਂਹ ਨੂੰ ਉੱਚਾ ਉੱਲਰਦਾ ਦਿਸਦਾ ਸੀ

ਭਾਈਏ ਨੇ ਕਿਹਾ, ‘ਏਦਾਂ ਹੁੰਦੀ ਰਹੀ ਸਾਡੇ ਨਾਲ-ਔਖੇ-ਸੌਖੇ ਪੜ੍ਹ ਲਿਖ ਲਓ ਸਹੁਰੀ ਦਿਓ, ਜ਼ਿੰਦਗੀ ਸੁਧਰ ਜਾਉਹੁਣ ਤਾਂ ਪਹਿਲਾਂ ਨਾਲੋਂ ਜ਼ਮੀਨ-ਅਸਮਾਨ ਦਾ ਫਰਕ ਆ।’

ਫਿਰ ਉਹ ਦਿਨ ਵੀ ਆ ਗਿਆ ਜਿਸਦਾ ਮੈਂ ਕਦੇ ਕਲਪਨਾ ਵਿੱਚ ਵੀ ਨਹੀਂ ਸੋਚਿਆ ਸੀ ਤੇ ਉਹ ਮੇਰੀ ਯਾਦ ਦਾ ਇੱਕ ਨਾ ਭੁੱਲਣਯੋਗ ਵਾਕਿਆ ਬਣ ਗਿਆਇਹ 1972 ਦੇ ਫਰਵਰੀ ਮਹੀਨੇ ਦੀ ਗੱਲ ਹੈਮੈਂ ਦਸਵੀਂ ਜਮਾਤ ਦੇ ਆਖ਼ਰੀ ਦਿਨਾਂ ਵਿੱਚ ਸੀਸਕੂਲੋਂ ਪਰਤਿਆ ਤਾਂ ਦੇਖਿਆ ਕਿ ਸਾਡੇ ਬੋਹੜ-ਪਿੱਪਲ ਦੇ ਮੋਛੇ ਪੈ ਚੁੱਕੇ ਸਨਛਾਂਗ ਦੇਖਣ ਨੂੰ ਨਹੀਂ ਸੀਕਿਸੇ ਪੁਰਾਣੇ ਸਮੇਂ ਵਿੱਚ ਜੰਗ ਵਿੱਚ ਸ਼ਹੀਦ ਹੋਏ ਸੂਰਬੀਰ ਦੇ ਡੱਕਰਿਆਂ ਵਾਂਗ ਬੋਹੜ-ਪਿੱਪਲ ਦੇ ਲੰਮੇ-ਲੰਮੇ, ਮੋਟੇ-ਮੋਟੇ ਡਾਹਣੇ ਜ਼ਮੀਨ ਉੱਤੇ ਪਏ ਸਨਤਣੇ ਦੀ ਹਿੱਕ ਉੱਤੇ ਜਾਗਰ ਚੌਕੀਦਾਰ ਤੇ ਉਹਦੇ ਪੁੱਤ ਜਲਾਦਾਂ ਵਾਂਗ ਕਾਹਲੀ-ਕਾਹਲੀ ਆਰਾ ਫੇਰ ਰਹੇ ਸਨ

ਤਾਜ਼ਾ ਲੰਘੇ ਭਰ ਸਿਆਲ ਦਾ ਮੈਂਨੂੰ ਆਪ-ਮੁਹਾਰੇ ਚੇਤਾ ਆ ਗਿਆ ਜਦੋਂ ਭਾਰਤ-ਪਾਕਿਸਤਾਨ ਜੰਗ ਦੌਰਾਨ ਸਾਡੇ ਬਹੁਤੇ ਪਰਿਵਾਰਾਂ ਨੇ ਬਲੈਕ-ਆਊਟ ਰਾਤਾਂ ਨੂੰ ਇਸਦੀ ਸ਼ਰਨ ਲਈ ਸੀ ਇਸਦੀ ਓਟ ਹੇਠ ਮੋਰਚੇ ਪੁੱਟੇ ਗਏ ਸਨਜਦੋਂ ਆਦਮਪੁਰ ਹਵਾਈ ਅੱਡੇ ਜਾਂ ਸ਼ੂਗਰ ਮਿਲ ਭੋਗਪੁਰ ਦੇ ਨੇੜੇ-ਤੇੜੇ ਪਾਕਿਸਤਾਨੀ ਬੰਬ ਗਿਗਦਾ ਤਾਂ ਲੋਕ ਦੌੜ ਕੇ ਇਨ੍ਹਾਂ ਮੋਰਚਿਆਂ ਵਿੱਚ ਜਾ ਲੁਕਦੇ

ਇਨ੍ਹਾਂ ਡਰਾਉਣੀਆਂ ਰਾਤਾਂ ਵਿੱਚ ਇਸ ਬੋਹੜ-ਪਿੱਪਲ ਥੱਲੇ ਠੀਕਰੀ ਪਹਿਰੇ ਲਈ ਪਿੰਡ ਦੇ ਲੋਕ ਇਕੱਠੇ ਹੁੰਦੇਖ਼ੌਫ਼ ਦੌਰਾਨ ਵੀ ਮੈਂ ਇੱਥੇ ਜ਼ਿੰਦਗੀ ਨੂੰ ਧੜਕਦਿਆਂ ਦੇਖਿਆ-ਸੁਣਿਆਹਾਸੇ-ਮਖ਼ੌਲ ਨੂੰ ਇੰਦਰ ਸੁੰਹ ਦਾ ਸਵਰਨਾ ਤੁਲ ਦੇ ਕੇ ਸਿਖਰਾਂ ’ਤੇ ਪਹੁੰਚਾਉਂਦਾ ਜਦੋਂ ਉਹ ਹੁੱਝ ਮਾਰ ਕੇ ਉੱਚੀ ਦੇਣੀ ਹੱਸ ਕੇ ਕਹਿੰਦਾ, ‘ਇਨ੍ਹਾਂ ਸਿਆਲਾਂ ਦੀਆਂ ਰਾਤਾਂ ਦੀਆਂ ‘ਚੋਰੀਆਂਦਾ ਭੇਦ ਦੁਸਹਿਰੇ ਤੋਂ ਪਹਿਲਾਂ ਈ ਖੁੱਲ੍ਹ ਜਾਣਾ, ਕਿਉਂ ਕਿਸ਼ਨਿਆਂ।” ਅਸੀਂ ਹੌਲ਼ੀ ਉਮਰ ਦੇ ਸਾਰੇ ਮੁੰਡੇ ਰਾਜ਼ ਵਾਲੀ ਗੱਲ ਸਮਝ ਜਾਂਦੇ

ਬੋਹੜ-ਪਿੱਪਲ ਦੇ ਮੋਛਿਆਂ ਨੂੰ ਦੇਖ ਮੈਂਨੂੰ ਜਾਪਿਆ ਜਿਵੇਂ ਸਾਡੇ ਸਿਰਾਂ ਤੋਂ ਸੱਚਮੁੱਚ ਸਾਇਆ ਚੁੱਕਿਆ ਗਿਆ ਹੋਵੇਖੱਡੀਆਂ ਵਾਲਾ ਥਾਂ ਪੱਤਹੀਣ, ਨੰਗਾ ਜਿਹਾ ਹੋ ਗਿਆਸਾਡੇ ਲੋਕਾਂ ਉੱਤੇ ਹੁੰਦੇ ਜ਼ੁਲਮਾਂ ਦੇ ਗਵਾਹਾਂ ਦਾ ਖ਼ਾਤਮਾ ਕਰ ਦਿੱਤਾ ਗਿਆ

ਇਸ ਦੁੱਖਦਾਈ ਘਟਨਾ ਨਾਲ ਮੇਰੇ ਘਰਦਿਆਂ ਦੇ ਚਿਹਰੇ ਉੱਤੇ ਅਫਸੋਸ ਦਾ ਮਾਤਮੀ ਪਹਿਰਾ ਪ੍ਰਤੱਖ ਦਿਖਾਈ ਦੇ ਰਿਹਾ ਸੀਦਾਦੀ ਨੇ ਝੁਸਮੁਸਾ ਹੋਣ ਤਕ ਵੀ ਘਰ ਦੀ ਸਰਦਲ ਦੇ ਬਾਹਰ ਬਦ ਅਸੀਸਾਂ ਦੀ ਝੜੀ ਲਾਈ ਹੋਈ ਸੀ, ‘ਦਾਦੇ ਮਰਾਉਣਿਓਂ ਧੁਆਡਾ ਤੁਖਮ ਨਾ ਰਹੇਜਿੱਦਾਂ ਤੁਸੀਂ ਮੇਰਾ ਦਿਲ ਦੁਖਾਇਆ - ਰੱਬ ਧੁਆਡੇ ਨਾਲ ਬੀ ਇੱਦਾਂ ਹੀ ਕਰੇ।’

ਦਾਦੀ ਨੇ ਵਿਆਹੀ ਆਉਣ ਤੋਂ ਲੈ ਕੇ ਇਸ ਬੋਹੜ-ਪਿੱਪਲ ਨੂੰ ਵੱਡੇ ਹੁੰਦਿਆਂ ਦੇਖਿਆ ਤੇ ਛਾਵਾਂ ਮਾਣੀਆਂ ਸਨਉਹਦੇ ਦਿਲ ਨੂੰ ਡੋਬੂ ਪਾਉਣ ਵਾਲੀ ਗੱਲ ਇਹ ਵੀ ਸੀ ਕਿ ਉਹਦੇ ਪਤੀ ਦੇ ਹੱਥੀਂ ਲਾਈ ਇਸ ਨਿਸ਼ਾਨੀ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ ਗਿਆ ਸੀ

ਭਾਈਏ ਨੇ ਵੀ ਬੜਾ ਦੁੱਖ ਮਨਾਇਆਪਰ ਉਸ ਨੇ ਇਹ ਕਹਿ ਕੇ ਦਿਲ ਨੂੰ ਧਰਵਾਸ ਦੇ ਲਿਆ, ‘ਚਲੋ, ਜੋ ਹੋ ਗਿਆ ਸੋ ਹੋ ਗਿਆ, ਹੁਣ ਜੱਟਾਂ ਦੀ ਮਢੀਰ ਤਾਂ ਨਾ ਆ ਕੇ ਬੈਠੂ ਇੱਥੇ।’

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2561)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਬਲਬੀਰ ਮਾਧੋਪੁਰੀ

ਬਲਬੀਰ ਮਾਧੋਪੁਰੀ

Delhi, India.
Phone: (011 - 91 - 93505 - 48100)

Email: (bmadhopuri@yahoo.in)

More articles from this author