BalbirMadhopuri7ਅਸੀਂ ਚੋਏ ਵਾਲੇ ਥਾਂ ਵੱਡੇ ਭਾਂਡੇ ਰੱਖਦੇ। ਜਿੱਥੇ ਕਿਤੇ ਤਿੱਪ-ਤਿੱਪ ਚੋਂਦਾ ਉੱਥੇ ...
(20 ਨਵੰਬਰ 2020)

 

ਬੱਸ ਅਈਦਾਂ ਈ ਸਾਰਾ ਪਿੰਡ ਠਾਂਹ ਨੂੰ ਬਹਿ ਗਿਆ ਜਿਹੜਾ ਬਚਿਆ, ਉਹ ਹੜ੍ਹਾਂ ’ਚ ਹੜ੍ਹ ਗਿਆ?” ਦਾਦੀ ਆਪਣਾ ਸੱਜਾ ਹੱਥ ਉਤਾਂਹ ਨੂੰ ਹਵਾ ਵਿੱਚ ਚੁੱਕ ਕੇ, ਫਿਰ ਹੇਠਾਂ ਨੂੰ ਕਾਹਲੀ ਨਾਲ ਲਿਜਾਂਦੀ ਹੋਈ ਅਕਸਰ ਸਾਨੂੰ ਇਹ ਵਾਕਿਆ ਦੱਸਦੀਅਸੀਂ ਦਹਿਲ ਜਾਂਦੇ

ਪਿੰਡ ਤਾਂ ਹੁਣ ਵੀ ਹੈਗਾ - ਭਾਈਏ ਹੁਣੀ ਦੇਵੀ ਮਾਂ ਦੀ ਸੁੱਖਣਾ ਜੁ ਲਾਹੁਣ ਜਾਂਦੇ ਆ ਉੱਥੇ?” ਮੈਂ ਕਿਹਾ

ਹੈਗਾ ਤਾਂ ਹੈ, ਜਿਹੜਾ ਥੇਹ ਆ, ਪਹਿਲਾਂ ਪਿੰਡ ਉੱਥੇ ਹੁੰਦਾ ਸੀ - ਹੁਣ ਤਾਂ ਪਰਲੇ ਬੰਨੇ ਖੇੜਾ ਬੱਝਾ ਆ।” ਦਾਦੀ ਨੇ ਥੋੜ੍ਹਾ ਜਿਹਾ ਰੁਕ ਕੇ ਫਿਰ ਦੱਸਿਆ, “ਤੇਰੇ ਬਾਬੇ ਦੇ ਗੋਤੀ ਨੱਥੂ ਦੀ ਅਲਾਦ ਆ ਸਾਰੇ ਉਹ ਟੱਬਰਤੇਰੇ ਬਾਬੇ ਦੀ ਇੱਕ ਭੈਣ ਸੀ

“... ਤੇ ਤੇਰੇ ਸੱਸ-ਸਹੁਰਾ?”

ਤਈਨੂੰ ਅੱਗੇ ਵੀ ਬਰਜਿਆ ਪਈ ਬਹੁਤੀਆਂ ਪਤੀਣਾਂ ਨਾ ਪੱਟਿਆ ਕਰ।” ਦਾਦੀ ਨੇ ਮੈਂਨੂੰ ਦਬਕ ਕੇ ਬਿਠਾਉਣ ਦੀ ਕੋਸ਼ਿਸ਼ ਕੀਤੀ

“ਮਾਂ ਤੇਰੇ ਸਹੁਰੇ ਦਾ ਕੀ ਨਾਂ ਸੀ?” ਮੈਂ ਤਰਲੇ ਨਾਲ ਪੁੱਛਿਆਉਹਨੂੰ ਜਿਵੇਂ ਇਹਦੇ ਵਿੱਚ ਕੋਈ ਭੇਦ ਦਿਸਿਆਉਹ ਆਪਣੀ ਇਸ ਉਮਰੇ ਵੀ ਆਪਣੇ ਮਰਹੂਮ ਸਹੁਰੇ ਦਾ ਨਾਂ ਮੂੰਹੋਂ ਨਹੀਂ ਬੋਲਣਾ ਚਾਹੁੰਦੀ ਸੀਮੈਂ ਫਿਰ ਲੇਲ੍ਹੜੀ ਕੱਢੀ, “ਮਾਂ ਦੱਸ ਤਾਂ ਸਹੀ।”

ਸੁਦਾਗਰ।” ਉਸ ਨੇ ਝਿਜਕ ਕੇ ਦੱਸਿਆ, “ਓਦਾਂ ਤਾਂ ਆਪਣੇ ਬਡਾਰੂਆਂ ਦਾ ਚੇਤਾ ਰੱਖਣਾ ਚਾਹੀਦਾ - ਤੇਰਾ ਪੜਦਾਦਾ ਫੌਜ ਵਿੱਚ ਸੀ।”

ਫੌਜ ਵਿੱਚ?”

ਤਾਂ ਹੋਰ ਨਹੀਂ - ਕਿਸੇ ਅੰਗਰੇਜ਼ ਅਬਸਰ (ਅਫਸਰ) ਦਾ ਅਹਿਲਕਾਰ ਸੀ।” ਉਸ ਨੇ ਮੈਲ਼ ਜੰਮੀ ਐਨਕ ਦੀ ਸੱਜੀ ਟੁੱਟੀ ਡੰਡੀ ਦੀ ਥਾਂ ਪਾਈ ਡੋਰ ’ਤੇ ਹੱਥ ਫੇਰਿਆ ਤੇ ਐਨਕ ਨੂੰ ਨੱਕ ਉੱਤੇ ਚੰਗੀ ਤਰ੍ਹਾਂ ਟਿਕਾਇਆ

“ਹਲ੍ਹਾ

ਉਹਨੂੰ ਮਰੱਬਾ ਜ਼ਮੀਨ ਮਿਲੀ ਸੀ - ਮਾਂਬਲਾ (ਮਾਮਲਾ) ਨਾ ਤਰਿਆ ਤੇ ਜ਼ਮੀਨ ...।”

ਕੀ ਬਣਿਆ ਫੇ ਜ਼ਮੀਨ ਦਾ?”

ਤੇਰੇ ਪੜਦਾਦੇ ਨੂੰ ਕੁਛ ਸੈਣੀਆਂ ਨੇ ਤੇ ਕੁਛ ਆਪਣਿਆਂ ਨੇ ਪਤਿਆ ਕੇ ਹੱਥਾਂ ’ਤੇ ਚੜ੍ਹਾ ਲਿਆ ਤੇ ਸਾਰੀ ਜੈਦਾਤ (ਜਾਇਦਾਦ) ਹੜੱਪ ਲਈ - ਪਤਾ ਨਹੀਂ ਕਾਗਤਾਂ ’ਚ ਕੀ ਕੀ ਲਿਖਾ ਲਿਆ।” ਦਾਦੀ ਨੇ ਸਾਰੀ ਗੱਲ ਸੰਖੇਪ ਵਿੱਚ ਸੁਣਾ ਕੇ ਨਿਬੇੜ ਦਿੱਤੀ, ਜਿਸ ਨੇ ਮੇਰੇ ਮਨ ਵਿੱਚ ਭਰਵਾਂ ਥਾਂ ਮੱਲ ਲਿਆ

“ਤੇ ਆਹ ਘਰ?” ਮੈਂ ਆਪਣੇ ਘਰ ਬਾਰੇ ਗੱਲ ਤੋਰੀ

“ਇਹ ਤਾਂ ਤੇਰੇ ਬਾਬੇ ਦੀ ਨਾਨਕਾ-ਢੇਰੀ ਆ, ਉਹਦੇ ਮਾਮੇ ਦਾ ਕੋਈ ਧੀਆ-ਪੁੱਤਾ ਨਹੀਂ ਸੀਔਂਤ ਕਹਾਉਣ ਦੇ ਡਰੋਂ ਉਹ ਤੇਰੇ ਬਾਬੇ ਨੂੰ ਨਿਆਣੀ ਉਮਰੇ ਈ ਆਪਣੇ ਕੋਲ ਲੈ ਆਏ ਸੀਥੋੜ੍ਹਾ ਚਿਰ ਬਾਅਦ ਈ ਬਾਕਰਪੁਰ ਪਡੋਰੀ (ਬਾਕਰਪੁਰ ਪੰਡੋਰੀ ਜੋ ਹੁਸ਼ਿਆਰਪੁਰ-ਟਾਂਡਾ ਸੜਕ ’ਤੇ ਸਥਿਤ ਪਿੰਡ ਹੈਸਰਕਾਰੀ ਕਾਗ਼ਜ਼ਾਂ ਵਿੱਚ ਇਸਦਾ ਨਾਂ ਪੰਡੋਰੀ ਮੈਲ਼-ਪੱਤੀ ਬਾਕਰਪੁਰ ਹੈ) ਗਰਕ ਗਿਆ ਸੀ।”

ਮੈਂ ਹਿਸਾਬ ਲਾਇਆ ਕਿ ਕੁਦਰਤ ਦਾ ਇਹ ਕਹਿਰ 1860 ਤੋਂ ਬਾਅਦ ਅਤੇ 1868 ਤੋਂ ਪਹਿਲਾਂ ਵਰਤਿਆ ਹੋਵੇਗਾਸ਼ਿਵਾਲਕ ਦੀਆਂ ਪਹਾੜੀਆਂ ਦਾ ਬਰਸਾਤੀ ਪਾਣੀ ਇਸੇ ਨਿਵਾਣ ਵਾਲੇ ਇਲਾਕੇ ਨੂੰ ਵਗਦਾ ਹੈਨਤੀਜੇ ਵਜੋਂ ਹੁਸ਼ਿਆਰਪੁਰ ਜ਼ਿਲ੍ਹੇ ਵਿਚਲੇ ਤੇਜ਼ ਵਹਾ ਨਾਲ ਵਗਦੇ ਇਨ੍ਹਾਂ ਚੋਆਂ ਦੇ ਬੰਨ੍ਹ ਟੁੱਟ ਜਾਂਦੇ ਹਨ ਅਤੇ ਦੁਆਬੇ ਦੇ ਬਹੁਤ ਸਾਰੇ ਪਿੰਡ ਇਨ੍ਹਾਂ ਦੀ ਮਾਰ ਹੇਠ ਆ ਜਾਂਦੇ ਹਨਜ਼ਿਲ੍ਹੇ ਦੇ ਇਨ੍ਹਾਂ ਚੋਆਂ ਦੀ ਬਹੁ-ਗਿਣਤੀ ਕਾਰਣ ਇਹ ਲੋਕ ਮੁਹਾਵਰਾ ਪ੍ਰਚੱਲਤ ਹੈ: ‘ਬਾਰਾਂ ਕੋਹ ਤੇ ’ਠਾਰਾਂ ਚੋਅ

ਤਕਰੀਬਨ ਸਾਢੇ ਤਿੰਨ ਮਰਲਿਆਂ ਵਿੱਚ ਬਣੇ ਸਾਡੇ ਇਸ ਘਰ ਦੀ ਨਾ ਕਿਸੇ ਨਾਲ ਪਿੱਠ ਲਗਦੀ ਹੈ ਤੇ ਨਾ ਹੀ ਇਹਦੀ ਕੋਈ ਕੰਧ ਕਿਸੇ ਨਾਲ ਸਾਂਝੀ ਹੈਉੱਤਰ ਦੀ ਬਾਹੀ ਨਾਲ ਮੇਰੇ ਬਾਬੇ ਦੇ ਮਾਮੇ ਦੇ ਪੁੱਤਾਂ ਦੇ ਘਰਾਂ ਨੂੰ ਜਾਂਦੀ ਕੱਚੀ ਬੀਹੀਘਰ ਦੇ ਮੱਥੇ ਯਾਨੀ ਲਹਿੰਦੇ ਪਾਸੇ ਵੱਡਾ ਰਾਹ ਤੇ ਚੜ੍ਹਦੇ-ਲਹਿੰਦੇ ਨੂੰ ਪਿੰਡ ਦੀ ਵੱਡੀ ਪ੍ਰਮੁੱਖ ਗਲ਼ੀ

ਭਾਰਤ ਦੀ ਸਮਾਜਕ ਵਿਵਸਥਾ ਅਨੁਸਾਰ ਸਾਡਾ ਮੁਹੱਲਾ ਵੀ ਸਾਡੇ ਪਿੰਡ ਮਾਧੋਪੁਰ ਦੇ ਲਹਿੰਦੇ ਪਾਸੇ ਹੈਸਿਵਾਏ ਬਾਬਾ ਛੱਜੂ (ਮੇਰੇ ਬਾਬੇ ਦੇ ਮਾਮੇ ਦਾ ਪੁੱਤ) ਹੁਰਾਂ ਦੇ ਇੱਕ ਘਰ ਦੇ ਬਾਕੀ ਸਾਰੇ ਘਰ ਕੱਚੇ ਸਨ ਇਸਦੀ ਦੱਖਣੀ ਬਾਹੀ ’ਤੇ ਸਾਡਾ ਘਰ ਹੈਪਿੰਡ ਨੂੰ ਜਾਂਦੀ ਜੱਟਾਂ ਦੀ ਗਲੀ ਦੇ ਮੋੜ ’ਤੇ ਪਹਿਲਾ ਘਰ ਜਿਸ ਕਰਕੇ ਉਨ੍ਹਾਂ ਨਾਲ ਖੇਤਾਂ ਵਿੱਚ ਕੰਮ ਬਾਰੇ ਗੱਲ ਹੁੰਦੀ ਰਹਿੰਦੀ “ਠਾਕਰਾ ਗੱਲ ਸੁਣੀਂ।” ਭਾਈਆ ਦਬਾਸੱਟ ਬਾਹਰਲੇ ਬੂਹੇ ’ਤੇ ਜਾਂਦਾਆਵਾਜ਼ ਮਾਰਨ ਵਾਲਾ ਕਈ ਵਾਰ ਮੇਰੀ ਉਮਰ ਦਾ ਮੇਰੇ ਨਾਲ ਸਕੂਲ ਵਿੱਚ ਪੜ੍ਹਦਾ ਮੁੰਡਾ ਵੀ ਹੁੰਦਾਜੱਟਾਂ ਦੇ ਹੌਲ਼ੀ ਉਮਰ ਦੇ ਸਾਰੇ ਮੁੰਡੇ-ਕੁੜੀਆਂ ਮੇਰੇ ਭਾਈਏ ਨੂੰ ਉਹਦਾ ਨਾਂ ਲੈ ਕੇ ਬੁਲਾਉਂਦੇ “ਬਾਬਿਆਂ ਦਾ ਜੈਬ ਲਗਦਾ ਜਾਂ ਸਾਧਾਂ ਦਾ ਮੀਤਾ ਹੋਊ, ਬੰਬ ਤਾਂ ਹੋ ਨਹੀਂ ਸਕਦਾ।” ਹਾਕ ਮਾਰਨ ਵਾਲੇ ਦਾ ਅਸੀਂ ਅੰਦਰ ਬੈਠੇ ਅੰਦਾਜ਼ਾ ਲਾਉਂਦੇ

“ਮੰਤਰੀਆਂ ਦਾ ਬਖਸ਼ਾ ਸਿਗਾ।” ਭਾਈਆ ਆ ਕੇ ਦੱਸਦਾ, “ਕਹਿੰਦਾ ਪਈ ਜੇ ਪੱਕਿਆਂ ਆਲਿਆਂ ਦੀ ਮੂੰਗਫਲੀ ਪੱਟ ਹੋ ਗਈ ਤਾਂ ਸਾਡੇ ਤਾਂਗੜ ਤੋੜ ਦਿਓ ਭਲਕੇ।” ਇਉਂ ਅਸੀਂ ਅੱਲ ਦੀ ਵਰਤੋਂ ਬੰਦੇ ਦੇ ਨਾਂ ਨਾਲੋਂ ਪਹਿਲਾਂ ਕਰਦੇਦਾਦੀ ਆਪਣੀ ਨਿਗਾਹ ਬਾਹਰਲੇ ਬੂਹੇ ਵੱਲ ਰੱਖਦੀ

ਕਈ ਵਾਰ ਗੱਲਾਂਬਾਤਾਂ ਦੌਰਾਨ ਮੈਂ ਉਹਦੇ ਨਾਲ ਆਪਣੇ ਦਾਦੇ ਬਾਰੇ ਗੱਲ ਤੋਰਦਾ ਕਿ ਉਹਦੇ ਬਾਰੇ ਪਤਾ ਲੱਗੇਉਹ ਚੁੱਪ ਹੋ ਜਾਂਦੀਪਰ ਭਾਈਆ ਗੱਲ ਨੂੰ ਠੁੰਮ੍ਹਣਾ ਦਿੰਦਾ, “ਬਈ ਮਈਨੂੰ ਮਾੜਾ ਜਿਹਾ ਚੇਤਾ ਆ - ਸਾਡਾ ਬਾਪੂ ਬਹੁਤ ਕਾਲਾ - ਬੜਾ ਉੱਚਾ ਲੰਮਾ ਤੇ ਤਖੜਾ ਸੀਅਈਡਾ ਅਈਡਾ ਤਾਂ ਦਾਹੜਾ ਸੀਦੱਸਦੇ ਆ ਪਈ ਉਹਨੂੰ ਗੱਲ ਬੜੀ ਫੁਰਦੀ ਸੀ - ਬੜਾ ਮਖੌਲੀਆ ਸੀ।”

ਮਾਂ ਕੁਛ ਤੂੰਮ੍ਹੀ ਬੋਲ?” ਮੈਂ ਵਿੱਚੋਂ ਟੋਕ ਕੇ ਕਿਹਾ

“ਮਾਂ ਤਾਂ ਬਾਪੂ ’ਤੇ ਰੋਹਬ ਈ ਰੱਖਦੀ ਰਹੀ ਆ, ਬੋਲੇ ਕਿੱਦਾਂ।” ਭਾਈਏ ਨੇ ਦੱਸਿਆ

“ਆਪ ਅੰਗਰੇਜ਼ਾਂ ਬਰਗੀ ਗੋਰੀ ਤੇ ਜਵਾਨ ਕਰਕੇ।” ਮੈਂ ਦਾਦੀ ਕੋਲ ਬੈਠੇ ਨੇ ਕਿਹਾ

“ਹੈਹਾ ਫੁੜਕੀ ਪੈਣਿਓਂ, ਕੋਲ ਬਹਿ ਕੇ ਹੁੱਜਤਾਂ ਕਰਦੇ ਆਂ?” ਉਹ ਇਕਦਮ ਭੁੜਕ ਪਈਐਨਕ ਸੰਭਾਲਦਿਆਂ ਉਸ ਨੇ ਜੁੱਤੀ ਚੁੱਕੀ ਇੰਨੇ ਨੂੰ ਮੈਂ ਪੱਤਰਾ ਵਾਚ ਗਿਆ

... ਤੇ ਇਸ ਘਰ ਵਿੱਚ ਦਾਦੀ ਨੂੰ ਸੱਤ ਨਿਆਣੇ ਜੰਮੇਯਾਨੀ ਮੇਰੇ ਤਿੰਨ ਤਾਏ, ਤਿੰਨ ਭੂਆ ਤੇ ਸਭ ਤੋਂ ਛੋਟਾ ਮੇਰਾ ਭਾਈਆਇੱਥੇ ਹੀ ਉਸ ਨੇ ਆਪਣੀਆਂ ਚੌਹਾਂ ਨੂੰਹਾਂ ਦੇ ਸਿਰਾਂ ਤੋਂ ਪਾਣੀ ਵਾਰ ਕੇ ਪੀਤਾ ਤੇ ਦੋ ਧੀਆਂ ਦੇ ਡੋਲੇ ਤੋਰੇ ਸਨ ਇੱਕ ਭੂਆ ਭਰ ਜਵਾਨੀ ਵਿੱਚ ਬੁਖ਼ਾਰ ਨਾਲ ਮਰ ਗਈ ਸੀ

ਮੇਰੀਆਂ ਤਾਈਆਂ ਦੀਆਂ ਕੁੱਖਾਂ ਹਰੀਆਂ ਹੁੰਦੀਆਂ ਗਈਆਂਘਰ ਦਾ ਵਿਹੜਾ ਨਿਆਣਿਆਂ ਨਾਲ ਭਰਦਾ ਗਿਆ ਜਾਂ ਇਉਂ ਸਮਝੋ ਕਿ ਸੁੰਗੜਦਾ ਗਿਆਅਣਸਰਦੇ ਨੂੰ ਹਮਲਿਆਂ ਤੋਂ ਬਾਅਦ ਪਿੰਡ ਦੇ ਇੱਕ ਜੱਟ ਤੋਂ ਘਰ ਦੇ ਨੇੜੇ ਹੀ ਜ਼ਮੀਨ ਖਰੀਦ ਲਈ ਗਈਭਾਈਏ ਦੇ ਹਿੱਸੇ ਮੇਰੀ ਦਾਦੀ ਤੇ ਇਹ ‘ਜੱਦੀ’ ਘਰ ਆਏ

ਸਾਡੇ ਘਰ ਦੇ ਪਿੱਛੇ ਚਾਰ ਖ਼ਾਨਿਆਂ ਦੀ ਇੱਕ ਕੋਠੜੀ ਸੀ ਜੋ ਹਮੇਸ਼ਾ ਹਨੇਰੇ ਨਾਲ ਭਰੀ ਰਹਿੰਦੀ ਇਸਦੀ ਛੱਤ ਤੋੜੇ, ਕੜੀਆਂ ਤੇ ਕਾਨਿਆਂ ਦੀ ਸੀਇਸ ਉੱਤੇ ਚੂਹੇ ਦਿਨ ਰਾਤ ਛੂਹਣ-ਛੁਹਾਈ ਖੇਡਦੇ, ਟੁੱਕ ਟੁੱਕ ਕਰਦੇਮਿੱਟੀ ਕਿਰਦੀਅਸੀਂ ਛੀ-ਛੀ ਕਰਦੇ ਤਾਂ ਉਹ ਵਾਹੋਦਾਹੀ ਦੌੜ ਕੇ ਆਪੋ-ਆਪਣੀਆਂ ਖੁੱਡਾਂ ਵਿੱਚ ਲੁਕ ਜਾਂਦੇਕਈ ਵਾਰ ਤਾਂ ਅਸੀਂ ਉਨ੍ਹਾਂ ਨਾਲ ਇੱਕ ਤਰ੍ਹਾਂ ਖੇਡਣ ਹੀ ਲੱਗ ਪੈਂਦੇ

ਸਾਡੀ ਕੋਈ ਮੱਝ ਘੜੀ-ਮੁੜੀ ਕੰਧ ਵਿੱਚ ਸਿੰਗ ਮਾਰਦੀਕੰਧ ਨੂੰ ਕੋਈ ਨੁਕਸਾਨ ਨਾ ਪਹੁੰਚੇ, ਭਾਈਏ ਨੇ ਆਪਣੀ ਖੱਡੀ ਦੀ ਪੁਰਾਣੀ ਤੁਰ (ਖੱਡੀ ਉੱਤੇ ਕੱਪੜਾ ਬੁਣਦੇ ਵਕਤ ਜਿਸ ਚੌਰਸ-ਲੰਮੀ ਲੱਕੜ ਦੁਆਲੇ ਥਾਨ ਲਪੇਟ ਹੁੰਦਾ ਰਹਿੰਦਾ ਹੈ) ਕੰਧ ਨਾਲ ਖੜ੍ਹੇ ਦਾਅ ਗੱਡੀ ਹੋਈ ਸੀਉਹ ਇਸ ਵਿੱਚ ਸਿੰਗ-ਸਿਰ ਨਾਲ ਠੱਕ-ਠੱਕ ਟੱਕਰ ਮਾਰਦੀਭਾਈਆ ਅੱਧੀ ਰਾਤ ਨੂੰ ਵੀ ਉਹਨੂੰ ਉੱਚੀ-ਉੱਚੀ ਬੋਲਦਾ, “ਤੇਰਾ ਚੰਮ ਲਾਹ ਦਊਂ ਕੰਜਰ ਦੀਏ ਮਾਰੇ, ਹੁਣ ਤਾਂ ਹਟ ਜਾ, ਸੌਣ ਲੈਣ ਦੇ।” ਮੈਨੂੰ ਕਦੀ ਜਾਗ ਆਉਂਦੀ ਤਾਂ ਹੈਰਾਨ ਰਹਿ ਜਾਂਦਾ ਕਿ ਮੱਝ ਨੇ ਭਾਈਏ ਦੀ ਬੋਲ-ਬਾਣੀ ਉੱਤੇ ਅਮਲ ਕਰ ਲਿਆ ਹੈਕਈ ਵਾਰ ਤਾਂ ਭਾਈਆ ਉੱਠ ਕੇ ਮੱਝ ਦੇ ਹੂਰਾ-ਮੁੱਕੀ ਵੀ ਕਰਦਾ

ਸਿਆਲ ਵਿੱਚ ਦਾਦੀ ਦੀ ਮੰਜੀ ਇਸ ਕੋਠੜੀ ਵਿੱਚ ਹੁੰਦੀਸਾਰੇ ਪਸ਼ੂ ਇਸ ਅੰਦਰ ਹੀ ਬੰਨ੍ਹੇ ਜਾਂਦੇਮੁਤਰਾਲ ਦਾ ਮੁਸ਼ਕ ਦਲਾਨ ਤਕ ਆਉਂਦਾਬੱਕਰੀ-ਛੇਲੇ ਦੀਆਂ ਮੇਂਗਣਾਂ ਟੱਪਾ ਖਾ ਕੇ ਕੋਠੜੀ ਦੇ ਬੂਹੇ ਦੀ ਸਰਦਲ ਤਕ ਆ ਜਾਂਦੀਆਂ

ਗਰਮੀਆਂ ਨੂੰ ਜਦੋਂ ਸੂਰਜ ਦੀ ਅੱਗ ਵਰ੍ਹਦੀ, ਬਾਹਰ ਕਾਂ ਦੀ ਅੱਖ ਨਿਕਲਦੀ ਤਾਂ ਇਸ ਕੋਠੜੀ ਦੀ ਠੰਢ ਵਿੱਚ ਬੈਠਣ-ਸੌਣ ਦਾ ਆਪਣਾ ਹੀ ਮਜ਼ਾ ਹੁੰਦਾਵੱਡਾ ਭਰਾ, ਤਾਏ ਦਾ ਪੁੱਤ ਮੱਦੀ ਤੇ ਮੈਂ ਦਾਦੀ ਵਾਲੀ ਮੰਜੀ ਉੱਤੇ ਰੱਖੇ ਲੀੜਿਆਂ ਉੱਤੇ ਅੱਧ-ਲੇਟੇ ਪਏ ਰਹਿੰਦੇਛੱਤ ਨਾਲ ਵਲਿੰਗ (ਡਾਂਗ, ਜਿਸਦੇ ਦੋਵੇਂ ਸਿਰਿਆਂ ਉੱਤੇ ਰੱਸੀਆਂ ਪਾ ਕੇ ਛੱਤ ਦੀਆਂ ਕੜੀਆਂ ਨਾਲ ਬੰਨ੍ਹਿਆ ਹੁੰਦਾ ਸੀ, ਨੂੰ ਟੰਗਣਾ ਵੀ ਕਹਿੰਦੇ ਹਨ) ਉਤਲੀਆਂ ਰਜਾਈਆਂ ਤੇ ਖੇਸੀਆਂ ਨੂੰ ਝੂਲੇ ਵਾਂਗ ਝੂਟੇ ਦਿੰਦੇਦੁਪਹਿਰ ਨੂੰ ਇੱਥੇ ਬਹਿ ਕੇ ਰੋਟੀ ਖਾਂਦੇਆਪਣੀ ਮਾਂ ਨੂੰ ਕਹਿੰਦੇ, “ਸੀਬੋ, ਰੋਟੀਆਂ ’ਤੇ ਲੂਣ-ਮਿਰਚ ਭੁੱਕ ਦੇ

ਦੇਹ ਮਾਮਿਆਂ ਨੂੰ ਦੁੱਪੜਾਂ ਪਕਾ ਕੇਹਰ ਬੇਲੇ ਹਾਬੜਿਓ ਈ ਰਈਂਦੇ ਆਮੈਂ ਤਾਂ ਕਈਨਾ ਪਈ ਦੋ ਆਲੂ-ਭੁੱਬਲ ’ਚ ਭੁੰਨ ਕੇ ਮੱਥਾ ਡੰਬ੍ਹ ਪਰ੍ਹੇ ਇਨ੍ਹਾਂ ਦਾ।” ਭਾਈਆ ਆਪਣੀ ਆਦਤ ਮੁਤਾਬਿਕ ਕਹਿੰਦਾ

ਮਾਂ ਸਾਨੂੰ ਕਦੀ ਗੰਢੇ, ਗੁੜ, ਰਾਬ, ਆਚਾਰ ਜਾਂ ਲੱਸੀ ਦੇ ਖੱਟੇ ਨਾਲ ਰੋਟੀ ਦਿੰਦੀਕਈ ਵਾਰ ਅਸੀਂ ਰੋਟੀ ਛਾਬੇ ਵਿੱਚ ਪੈਣ ਹੀ ਨਾ ਦਿੰਦੇ ਤੇ ਆਪੇ ਹੀ ਛਤੜੀ (ਰਸੋਈ) ਵਿੱਚ ਜਾ ਕੇ ਤਵੇ ਤੋਂ ਲਹਿੰਦੀ-ਲਹਿੰਦੀ ਰੋਟੀ ਚੁੱਕ ਲਿਆਉਂਦੇਮਾਂ ਕਹਿੰਦੀ, “ਰਤਾ ਸਬਰ ਤਾਂ ਕਰੋ, ਹੱਥ ਲੂਹ ਹੋ ਜਾਊ, ਕਿੱਦਾਂ ਚਾਮ੍ਹਲਿਓ ਆ, ਕੋਈ ਲਾਹਾ, ਘੜੀ ਨੂੰ ਫੇ ਕਹਿਣਾ, ਸੀਬੋ ਰੋਟੀ ਦੇ।” ਆਪਣੇ ਹੋਰਨਾਂ ਲੋਕਾਂ ਵਾਂਗ ਅਸੀਂ ਮਾਂ ਨੂੰ ਉਹਦਾ ਨਾਂ ਲੈ ਕੇ ਹੀ ਬੁਲਾਉਂਦੇਸੁੱਚਾ-ਜੂਠਾ ਤਾਂ ਸਾਡੇ ਘਰਾਂ ਦੇ ਸ਼ਬਦ-ਕੋਸ਼ ਵਿੱਚ ਹੀ ਨਹੀਂ ਸੀ

ਸਿਆਲ ਵਿੱਚ ਤੇ ਮਾਰਚ-ਅਪ੍ਰੈਲ ਮਹੀਨਿਆਂ ਵਿੱਚ ਅਨਾਜ ਦੀ ਬਾਹਲੀ ਤੰਗੀ ਆ ਜਾਂਦੀ ਇਸਦਾ ਇੱਕੋ ਇੱਕ ਬਦਲ ਗੰਨਿਆਂ ਦੀ ਰਸ ਦੀ ਪੱਤ ਤੋਂ ਲਾਹੀ ਮੈਲ਼ ਹੁੰਦਾਪਿੰਡ ਤੋਂ ਕਾਫ਼ੀ ਹਟਵੇਂ ਮੰਤਰੀਆਂ ਤੇ ਤਜਰਬੀਆਂ ਦੇ ਵੇਲਣੇ ਤੋਂ ਮੈਲ਼ ਲੈਣ ਜਾਣ ਲਈ ਕਦੀ ਵੱਡਾ ਭਰਾ ਤੇ ਕਦੀ ਮੈਂ ਜਾਂਦਾ ਤੇ ਕਈ ਵਾਰ ਦੋਵੇਂ ਇਕੱਠੇ ਹੀਉੱਥੇ ਚੁੱਭੇ ਉੱਤੇ ਕਈ ਕੁੱਤਿਆਂ ਦਾ ਪੱਕਾ ਡੇਰਾ ਸੀਜਦੋਂ ਅਸੀਂ ਚੁੱਭੇ ਕੋਲ ਮੈਲ਼ ਲਈ ਬਾਲਟੀਆਂ ਰੱਖਦੇ ਤਾਂ ਉਹ ਇੱਕ ਦੂਜੇ ਤੋਂ ਮੋਹਰੇ ਹੁੰਦੇਬਾਲਟੀਆਂ ਵਿੱਚ ਮੈਲ ਪਾਉਣ ਤੋਂ ਪਹਿਲਾਂ ਝੋਕਾ ਇੱਕ ਡੋਰ੍ਹਾ ਭਰ ਕੇ ਪਰ੍ਹੇ ਵਰ੍ਹਾਉਂਦਾਕੁੱਤੇ ਉਸ ਨੂੰ ਕਾਹਲੀ-ਕਾਹਲੀ ਆਪਣੀਆਂ ਜੀਭਾਂ ਨਾਲ ਚੱਟਦੇਚੰਨੂ ਦਾ ਸਾਹਬ ਤੇ ਸੋਹਣ ਬਾਲਟੀਆਂ ਸਣੇ ਅਕਸਰ ਵੇਲਣੇ ’ਤੇ ਹੀ ਮਿਲਦੇ

ਅਸੀਂ ਛੋਟੀਆਂ ਪਰ ਭਰੀਆਂ ਲੋਹੇ-ਪਿੱਤਲ ਦੀਆਂ ਬਾਲਟੀਆਂ ਨੂੰ ਹੁਸ਼ਿਆਰੀ ਨਾਲ ਲਿਆਉਂਦੇ ਕਿ ਮੈਲ਼ ਛਲਕ ਕੇ ਸਾਡੇ ਲੱਤਾਂ-ਪੈਰਾਂ ਉੱਤੇ ਨਾ ਪੈ ਜਾਵੇਕੁੱਤੇ ਸਾਡੇ ਮਗਰ-ਮਗਰ ਤੁਰੇ ਰਹਿੰਦੇਅਸੀਂ ਪਿੱਛੇ ਨੂੰ ਧੌਣਾਂ ਘੁਮਾ ਕੇ ਮੁੜ-ਮੁੜ ਦੇਖਦੇ - ਉਨ੍ਹਾਂ ਨੂੰ ਘੂਰੀਆਂ ਵੱਟ-ਵੱਟ ਤਾੜਦੇਅਸੀਂ ਬਾਲਟੀ ਦੂਜੇ ਹੱਥ ਫੜਨ ਵੇਲੇ ਦਮ ਮਾਰਦੇ ਤਾਂ ਉਹ ਵੀ ਰੁਕ ਜਾਂਦੇਅਸੀਂ ਘਰਾਂ ਨੇੜੇ ਪਹੁੰਚਦੇ ਤਾਂ ਉਹ ਪਿਛਾਂਹ ਨੂੰ ਮੁੜ ਜਾਂਦੇ

ਮੈਲ਼ ਢੋਂਹਦਿਆਂ ਮੈਂਨੂੰ ਬੜੀ ਸ਼ਰਮ ਆਉਂਦੀਸੋਚਦਾ ਕਿ ਕਿਸੇ ਪੰਛੀ ਵਾਂਗ ਉੱਡ ਜਾਵਾਂ ਤੇ ਆਪਣੇ ਘਰ ਜਾ ਕੇ ਉਤਾਰਾ ਕਰਾਂਰਾਹ ਵਿੱਚ ਨਾ ਮੈਂਨੂੰ ਕੋਈ ਦੇਖੇ ਤੇ ਨਾ ਹੀ ਮੈਂਨੂੰ ਮਿਲੇਜਦੋਂ ਨਾਲ ਪੜ੍ਹਦਾ ਕੋਈ ਕੁੜੀ-ਮੁੰਡਾ ਮਿਲ ਪੈਂਦਾ ਤਾਂ ਮੈਂ ਮੂੰਹ ਦੂਜੇ ਪਾਸੇ ਨੂੰ ਕਰ ਕੇ ਕਾਹਲੀ ਨਾਲ ਲੰਘ ਜਾਂਦਾਮੈਂ ਆਪਣੀ ਮਾਂ ਤੇ ਭਾਈਏ ਨੂੰ ਆਪਣੇ ਮਨ ਦੀ ਦੁਬਿਧਾ ਦੱਸਦਾਭਾਈਆ ਉੱਲਰ ਕੇ ਪੈਂਦਾ, “ਮਾਮਾ ਮੈਲ਼ ਡੱਫਣ ਬਾਰੀ ਤਾਂ ਕਈਨਾ ਪਈ ਸਾਰੀ ਮਈਨੂੰ ਦੇ ਦਿਓਨਾਲੇ ਤੂੰ 'ਕੱਲਾ ਜਾਨਾਂ? ਸਾਰੀ ਚਮ੍ਹਾਰਲੀ ਲਿਆਉਂਦੀ ਆਅਸੀਂ ਸਿਰਾਂ ’ਤੇ ਮੈਲ਼ ਦੀਆਂ ਚਾਟੀਆਂ ਆਪਣੀਆਂ ਭੈਣਾਂ ਤੇ ਹੋਰ ਸਕੀਰੀ ਵਿੱਚ ਪਚਾਈ ਦੀਆਂ ਸੀਔਹ ਕਿੱਥੇ ਆ ਬਸੀ ਮੂਦਾ ਤੇ ਬਜੁਆੜਾ(ਜ਼ਿਲ੍ਹਾ ਹੁਸ਼ਿਆਰਪੁਰ ਦੇ ਦੋ ਪਿੰਡ ਬਸੀ ਮੂਦਾ ਤੇ ਬਜਵਾੜਾ ਜੋ ਮਾਧੋਪੁਰ ਤੋਂ 30-34 ਕਿਲੋਮੀਟਰ ਦੇ ਫ਼ਾਸਲੇ ’ਤੇ ਸਥਿਤ ਹਨ।)

ਮਾਂ ਵਿੱਚੋਂ ਟੋਕਦੀ, “ਤੇ ਕਾਹਨੂੰ ਜ਼ੁਬਾਨ ਗੰਦੀ ਕਰੀ ਜਾਨਾਂ - ਹੋਰ ਪੰਜਾਂ-ਸੱਤਾਂ ਸਾਲਾਂ ਨੂੰ ਇਨ੍ਹਾਂ ਨੇ ਉਡਾਰੂ ਹੋ ਜਾਣਾ - ਆਪੇ ਈ ਕੰਮ ਚੱਕ ਲੈਣਾ ਇਨ੍ਹਾਂ ਨੇ

“ਫੇ ਸਾਲ਼ਿਆਂ ਨੇ ਖਬਨੀ ਬੱਢੀ ਉਂਗਲੀ ’ਤੇ ਮੂਤਣਾ ਬੀ ਕਿ ਨਹੀਂਇਹ ਈ ਮਾਮਾ ਬਾਹਲਾ ਭੂਤਰਿਆ ਆ - ਬੜੇ ਨੂੰ ਜਿੱਥੇ ਮਰਜ਼ੀ ਡਾਹ ਦਿਓ - ਮੋਹਰੇ ਹੁੱਤ ਨਹੀਂ ਕਰਦਾ, ਚੁੱਪ ਕਰ ਕੇ ਬਗ ਜਾਂਦਾ।” ਏਨੇ ਨੂੰ ਇੱਕ ਦਿਨ ਵੱਡੇ ਭਰਾ ਨੇ ਕਾਹਲੀ ਨਾਲ ਕਿਹਾ, “ਆਪਣੀ ਥਾਲ਼ੀ ਇੱਧਰ ਲੈ ਆ - ਮਾਮਾ ਆ ਗਿਆ।” ਅਸੀਂ ਫੁਰਤੀ ਨਾਲ ਆਪਣੀਆਂ ਥਾਲ਼ੀਆਂ-ਛੰਨੇ ਕੋਠੜੀ ਵਿੱਚ ਮੱਝ ਲਈ ਬਣਾਈ ਹੋਈ ਛੋਟੀ ਜਿਹੀ ਖ਼ੁਰਲੀ ਵਿੱਚ ਟਿਕਾ ਕੇ ਲੁਕੋ ਦਿੱਤੀਆਂਉਦੋਂ ਮੈਂ ਚੌਥੀ ਵਿੱਚ (1964) ਪੜ੍ਹਦਾ ਸੀ ਜਦੋਂ ਸਾਡਾ ਇੱਕ ਆਈ.ਏ.ਐੱਸ. ਮਾਮਾ ਸਿਖਰ ਦੁਪਹਿਰੇ ਕਾਰ ਵਿੱਚ ਆ ਗਿਆਅਗਲੇ ਸਾਲ ਤਾਂ ਕਾਲ ਹੀ ਪੈ ਗਿਆਦੂਜਾ, ਪਾਕਿਸਤਾਨ ਨਾਲ ਲੜਾਈ ਲੱਗ ਗਈਲੋਕ ਅੰਨ ਲਈ ਅੱਕੀਂ-ਪਲਾਹੀਂ ਹੱਥ ਮਾਰਨ ਲੱਗੇਪਿੰਡ ਦੇ ਸਰਪੰਚ ਤੇ ਲੰਬੜਦਾਰ ਦੀ ਹੋਰ ਵੀ ਪੁੱਛ-ਪ੍ਰਤੀਤ ਹੋਣ ਲੱਗ ਪਈ

ਲੰਬੜਦਾਰ ਭਾਵੇਂ ਕਰਮ ਸਿੰਘ ਸੀ ਪਰ ਲੰਬੜਦਾਰੀ ਉਹਦੇ ਘਰਦੀ ਜੈ ਕੌਰ ਹੀ ਕਰਦੀਸਾਰੇ ਪਿੰਡ ਵਿੱਚ ਉਹਦਾ ਵਾਹਵਾ ਅਸਰ-ਰਸੂਖ਼ ਸੀਉਹ ਸਾਡੀ ਬਿਰਾਦਰੀ ਦੇ ਲੋਕਾਂ ਦਾ ਪੈਸੇ-ਧੇਲੇ ਦਾ ਬੁੱਤਾ ਸਾਰ ਦਿੰਦੀਉਹ ਮਰਦਾਂ ਵਾਂਗ ਗੱਲ ਕਰਦੀ ਜੋ ਪੁੱਗ ਵੀ ਜਾਂਦੀਉਹਦੇ ਕਹੇ ਨੂੰ ਲੋਕ ਆਦਰ ਨਾਲ ਮੰਨਦੇਤੰਗੀ ਦੇ ਦਿਨਾਂ ਵਿੱਚ ਉਹ ਅਨਾਜ ਉਧਾਰ ਦੇ ਦਿੰਦੀਕਾਲ ਤੋਂ ਬਾਅਦ ਵੀ ਸਾਡੇ ਅਤੇ ਸਾਡੇ ਲੋਕਾਂ ਉੱਤੇ ਪਈ ਸਥਾਈ ਭੁੱਖਮਰੀ ਦੀ ਆਫ਼ਤ ਕਾਰਣ ਮੈਲ਼ ਪੀਣ ਦਾ ਸਿਲਸਿਲਾ ਕਈ ਸਾਲਾਂ ਤਕ ਚਲਦਾ ਰਿਹਾ ਭਾਵੇਂ ਮੈਂ ਹਾਈ ਸਕੂਲ ਦੀ ਆਖ਼ਰੀ ਜਮਾਤ ਵਿੱਚ ਵੀ ਹੋ ਗਿਆ ਸੀ

ਜੱਟਾਂ ਦੇ ਨਿਆਣੇ ਤੇ ਮੇਰੇ ਹਾਣੀ ਸਾਨੂੰ ਮੈਲ਼ ਪੀਣੇ ਲੋਕ ਕਹਿੰਦੇਜਦੋਂ ਕਦੀ ਤੂੰ-ਤੂੰ, ਮੈਂ-ਮੈਂ ਹੋ ਜਾਂਦੀ ਤਾਂ ਉਹ ‘ਚਮਾਰ - ਮਾਂ ਦੇ ਯਾਰ’ ਵਰਗੇ ਕਾਵਿਕ ਫਿਕਰੇ ਬਣਾ ਕੇ ਕੱਸਦੇਸਾਡੇ ਵਿੱਚੋਂ ਕੋਈ ਜਣਾ ਵੀ ਤਿੱਖਾ ਵਿਰੋਧ ਨਾ ਕਰਦਾ

ਗਰਮੀਆਂ ਵਿੱਚ ਕੋਠੜੀ ਠੰਢੀ ਰਹਿਣ ਦਾ ਕਾਰਣ ਕੱਚੀਆਂ ਕੰਧਾਂ ਅਤੇ ਪਿੰਡ ਅੰਦਰ ਨੂੰ ਜਾਂਦੀ ਗਲੀ ਦੀ ਨਾਲੀ ਅਤੇ ਬਰਸਾਤਾਂ ਦੇ ਹਰਲ-ਹਰਲ ਕਰਦੇ-ਫਿਰਦੇ ਪਾਣੀ ਤੋਂ ਬਚਾ ਲਈ ਕੰਧ ਨਾਲ ਮਿੱਟੀ ਦੀ ਇੱਕ ਵੱਡੀ ਉੱਚੀ ਖੰਦਕ ਬਣਾਈ ਹੋਈ ਸੀ ਜਿਸ ਉੱਤੇ ਹਰਾ-ਸੰਘਣਾ ਵਿਛਵਾਂ ਘਾਹ ਸੀ ਜਿਵੇਂ ਕਿਸੇ ਲਾਅਨ ਵਿੱਚ ਮਿੱਟੀ ਨੂੰ ਉੱਚਾ-ਨੀਵਾਂ ਆਕਾਰ ਦੇ ਕੇ ਇੱਕ ਖ਼ਾਸ ਸ਼ਕਲ ਦੇ ਕੇ ਉਸਾਰਿਆ ਹੁੰਦਾ ਹੈਬਰਸਾਤਾਂ ਨੂੰ ਇਸ ਪਾਸੇ ਦੀ ਕੰਧ ਨੂੰ ਸਲ੍ਹਾਬ ਉਤਾਂਹ ਤਕ ਚੜ੍ਹ ਜਾਂਦੀ ਜਿਸ ਦੀ ਹਬਕ ਨੱਕ ਨੂੰ ਚੜ੍ਹਦੀ

ਸਾਉਣ ਦੀਆਂ ਝੜੀਆਂ ਦੌਰਾਨ ਸਾਡੇ ਘਰ ਦੀ ਛੱਤ ਉੱਤੇ ਭਰਵੀਂ ਹਰਿਆਲੀ ਹੋ ਜਾਂਦੀਫੁੱਟ-ਡੇਢ ਫੁੱਟ ਦੇ ਕਰੀਬ ਉੱਚਾ ਡੀਲਾ, ਬੁੰਬਲਾਂ ਵਾਲੇ ਘਾਹ ਸਣੇ ਵਿਛਵੀਂ ਬੂਟੀ ਫੈਲ ਜਾਂਦੀਥੋੜ੍ਹਾ ਦੂਰੋਂ ਕਿਸੇ ਹੋਰ ਛੱਤ ਤੋਂ ਇਵੇਂ ਲਗਦਾ ਜਿਵੇਂ ਬਰਸੀਨ ਦੇ ਦੋ ਕਿਆਰੇ ਹੋਣ, ਕਿਉਂਕਿ ਦਲਾਨ ਤੇ ਕੋਠੜੀ ਦੀ ਛੱਤ ਭਾਵੇਂ ਬਰੋ-ਬਰੋਬਰ ਸੀ ਪਰ ਵਿਚਾਲੇ ਦੀ ਨਿੱਕੀ ਜਿਹੀ ਬਨੇਰੀ ਉਨ੍ਹਾਂ ਨੂੰ ਆਪਸ ਵਿੱਚ ਅਲੱਗ ਕਰਦੀ ਸੀ

ਕੀੜੀਆਂ ਨੇ ਕਾਫ਼ਲਿਆਂ ਦੇ ਰੂਪ ਵਿੱਚ ਛੱਤ ਦੇ ਹੇਠਾਂ ਉੱਤੇ ਜਾਣ-ਆਉਣ ਲਈ ਕੰਧਾਂ ਵਿੱਚੀਂ ਬੇਰੋਕ ਮਾਰਗ ਬਣਾਏ ਹੋਏ ਸਨਜਦੋਂ ਰਚਵਾਂ, ਰੱਜਵਾਂ ਜਾਂ ਮੋਹਲੇਧਾਰ ਮੀਂਹ ਵਰ੍ਹਦਾ ਤਾਂ ਛੱਤ ਵਿੱਚੋਂ ਪਾਣੀ ਦੀਆਂ ਧਰਾਲਾਂ ਵਗਣ ਲੱਗ ਪੈਂਦੀਆਂਅਸੀਂ ਚੋਏ ਵਾਲੇ ਥਾਂ ਵੱਡੇ ਭਾਂਡੇ ਰੱਖਦੇਜਿੱਥੇ ਕਿਤੇ ਤਿੱਪ-ਤਿੱਪ ਚੋਂਦਾ ਉੱਥੇ ਕੌਲੀਆਂ-ਬਾਟੀਆਂ ਤੇ ਗਲਾਸ ਰੱਖ ਦਿੰਦੇਕਈ ਵਾਰ ਘਰ ਦੇ ਭਾਂਡੇ ਵੀ ਪੂਰੇ ਨਾ ਪੈਂਦੇ ਤੇ ਚੋਏ ਨਾਲ ਥਾਂ-ਥਾਂ ਖੁੱਤੀਆਂ ਪੈ ਜਾਂਦੀਆਂਪਾਣੀ ਦਲਾਨ ਦੇ ਇੱਕੋ-ਇੱਕ ਲਹਿੰਦੇ ਵੱਲ ਦੇ ਬੂਹੇ ਦੀ ਸਰਦਲ ਕੋਲ ਨੀਵੀਂ ਆਇਤਾਕਾਰ ਥਾਂ ਵਿੱਚ ਭਰ ਜਾਂਦਾਮੈਂ ਵੱਡੇ ਭਰਾ ਨਾਲ ਇਸ ਨੂੰ ਚਾਅ-ਚਾਅ ਵਿੱਚ ਬੁੱਕਾਂ ਨਾਲ ਬਾਹਰ ਨੂੰ ਝੱਟਦਾ ਇਸੇ ਦੌਰਾਨ ਕਦੀ ਮੈਂਨੂੰ ਜਾਂ ਵੱਡੇ ਭਰਾ ਨੂੰ ਤੇਜ਼ ਮੀਂਹ-ਨ੍ਹੇਰੀ ਵਿੱਚ ਛੱਤੜੀ ਉੱਤੋਂ ਦੀ ਚੋਏ ਨੂੰ ਰੋਕਣ ਲਈ ਝੱਗਾ ਲਹਾ ਕੇ ਚੜ੍ਹਾਇਆ ਜਾਂਦਾਮੈਂ ਛੱਤ ਦੇ ਬਨੇਰੇ ਕੋਲ ਹੇਠਾਂ ਨੂੰ ਬੂਹੇ ਵੱਲ ਮੂੰਹ ਕਰ ਕੇ ਪੁੱਛਦਾ, “ਹੋ ਗਿਆ ਬੰਦ? '“ਨਈਂ, ਹਾਲੇ ਨਹੀਂ।” ਘਰ ਦਾ ਕੋਈ ਜੀਅ ਉੱਚੀ ਦੇਣੀ ਬੋਲ ਕੇ ਦੱਸਦਾ “ਲੈ ਆਹ ਥੋਬਾ ਰੱਖ।” ਭਾਈਆ ਵਿਹੜੇ ਵਿੱਚੋਂ ਗਿੱਲੀ ਮਿੱਟੀ ਮਲ਼ ਕੇ ਫੜਾਉਂਦਾ

“ਸਾਲ਼ਿਆ ਬਥੇਰੀ ਭੈਣ ਮਰਾ ਲਈ, ਹੁਣ ਤਾਂ ਬੱਸ ਕਰ।” ਭਾਈਆ ਮੀਂਹ ਤੇ ਰੱਬ ਉੱਤੇ ਆਪਣੀਆਂ ਭਾਰੀਆਂ-ਭਾਰੀਆਂ ਗਾਲ੍ਹਾਂ ਦੀ ਵਾਛੜ ਕਰਦਾ

“ਕਿਉਂ ਬਕਾਬਾਦ ਕਰ ਕੇ ਮੂੰਹ ਗੰਦਾ ਕਰੀ ਜਾਨਾਂ - ਆਪਾਂ ਬੀ ਲੋਕਾਂ ਨਾਲ ਈ ਆਂ - ਤੇਰੇ ਕਹੇ ਹਟ ਜਾਣਾ ਭਲਾ?” ਮਾਂ ਭਾਈਏ ਨੂੰ ਸਮਝਾਉਣ ਦੇ ਲਹਿਜ਼ੇ ਨਾਲ ਕਹਿੰਦੀ

“ਚੜ੍ਹਦੇ ਪਾਸੇ ਦੇ ਸਾਰੇ ਘਰ ਪੱਕੇ ਆ - ਆਪਾਂ ਉਨ੍ਹਾਂ ਨਾਲ ਕਿੱਦਾਂ ਰਲ ਗਏਉਹ ਦੋ ਕਨਾਲੀਂ ਜ਼ਮੀਨ ਗਿਰੋਂ ਕਰ ਦੇਣ ਤਾਂ ਹੋਰ ਪੱਕਾ ਕੋਠਾ ਪਾ ਸਕਦੇ ਆ।” ਜ਼ਰਾ ਕੁ ਰੁਕ ਕੇ ਭਾਈਆ ਕਹਿੰਦਾ, “ਮੇਰਾ ਤਾਂ ’ਰਾਦਾ ਪਈ ਬਿਹੜੇ ਵਿੱਚ ਸਿਰਕੀ ਲਾ ਲਈਏ

“ਸਿਰਕੀ ਵੀ ਲਾ ਲਾਜੇ ਬਿਧ ਮਾਤਾ ਨੇ ਸਾਡੇ ਕਰਮਾਂ ਵਿੱਚ ਈ ਇੱਦਾਂ ਲਿਖਿਆ ਆ ਤਾਂ ਫੇ ਕੀ ਕਰਨਾ।” ਮਾਂ ਦਿਲਾਸਾ ਦਿੰਦੀ

“ਸਾਲੀ ਬਿਧ ਮਾਤਾ ਦਾ ਫਲੂਹਾ ਬਰਸਾਤਾਂ-ਔੜਾਂ ਵਿੱਚ ਸਾਡੇ ’ਤੇ ਈ ਡਿਗਦਾ - ਬਾਕੀ ਮੁਲਖ ਬੀ ਤਾਂ ਇੱਥੇ ਈ ਬਸਦਾ

“ਚੱਲ ਦਫ਼ਾ ਕਰ।”

ਭਾਈਆ ਬੂਹੇ ਵਿੱਚੋਂ ਬਾਹਰ ਨਿਕਲ ਕੇ ਆਸ ਨਾਲ ਦੱਸਦਾ, “ਬੱਦਲ ਪਾਟ ਗਿਆ ਸੀਬੋ, ਹੁਣ ਮੀਂਹ ਹੱਲ੍ਹਾ ਹੋ ਜਾਣਾ?”

ਇਕ ਬਰਸਾਤ ਦੌਰਾਨ ਵਿਹੜੇ ਵਿੱਚ ਬਾਜ਼ੀਗਰਾਂ ਦੀ ਕੁੱਲੀ ਵਰਗੀ ਸਿਰਕੀ ਵੀ ਲਾਈ ਗਈ - ਚੋਏ ਕਾਰਣ ਅੰਦਰ ਬਹਿਣ-ਖਲੋਣ ਨੂੰ ਥਾਂ ਹੀ ਨਹੀਂ ਰਿਹਾ ਸੀ

ਭਾਈਏ ਨੂੰ ਜਿਵੇਂ ਕੋਈ ਚੇਤਾ ਆ ਜਾਂਦਾ, ਨਿੰਮੋਝੂਣਾ ਜਿਹਾ ਹੋ ਕੇ ਕਹਿੰਦਾ, “ਅਸੀਂ ਆਦਮਪੁਰ ਦੀ ਨਹਿਰ ਪੱਟ ਤੀ - ਅੰਬ ਦੇ ਠਾਣੇ ਤਾਈਂ ਸੜਕ ਬਣਾ ਤੀ, ਪਰ ਮੇਤੋਂ ਸਾਲਾ ਚਾਰ-ਖ਼ਾਨੇ ਕੋਠਾ ਨਾ ਪਿਆ।” ਥੋੜ੍ਹੇ ਚਿਰ ਪਿੱਛੋਂ ਉਹ ਮੰਜੇ ਹੇਠੋਂ ਰੰਬਾ-ਦਾਤੀ ਕੱਢ ਕੇ ਛੱਤ ਉੱਤੇ ਚੜ੍ਹ ਜਾਂਦਾਸਾਰੇ ਚਹੇ ਦੀ ਗੁੱਡ-ਪੱਟ ਕਰਦਾਮੀਂਹ ਦੀ ਕਿਣਮਿਣ ਵਾਂਗ ਆਪਣੀ ਸ਼ਬਦ-ਵਰਖਾ ਜਾਰੀ ਰੱਖਦਾਉਹ ਘਾਹ ਬੂਟੀ ਨੂੰ ਜੜ੍ਹੋਂ ਪੁੱਟ ਕੇ ਕੱਢਦਾ - ਨਾਲ ਹੀ ਬੇਹਿਯਾ ਗਾਲ੍ਹਾਂ, “ਕਿੱਦਾਂ ਚਹੁੰ ਦਿਨਾਂ ਵਿੱਚ ਈ ਮੱਲ ਗਿਆ ਮਾਂ ਦਾ ਖਸਮ।”

ਜਦੋਂ ਕੜਾਕੇ ਦੀ ਜਾਂ ਬੱਦਲਾਖੀ ਧੁੱਪ ਲਗਦੀ ਤਾਂ ਪਿੰਡ ਵੱਲ ਦੀ ਕੰਧ ਹਰੇਕ ਸਾਲ ਜਾਂ ਸਾਲ ਛੱਡ ਕੇ ਡਿਗ ਪੈਂਦੀ - ਨਾਲ ਹੀ ਇੱਕ ਖ਼ਾਨਾ ਛੱਤਨਾਲ ਦੇ ਖ਼ਾਨੇ ਦੇ ਤਿੜਕੇ ਤੋੜੇ ਹੇਠਲੀ ਥੰਮ੍ਹੀ ਕਿਸੇ ਭਰੋਸੇ ਦੀ ਸ਼ਾਹਦੀ ਭਰਦੀ ਤਾਂ ਦਿਸਦੀ ਪਰ ਪਾਰੇ ਵਾਂਗ ਡੋਲਦੇ ਸਾਡੇ ਮਨਾਂ ਦਾ ਧਿਜਾ ਨਾ ਬੱਝਦਾਡਿਗੇ ਮਲਬੇ ਵਿੱਚੋਂ ਅਣਗਿਣਤ ਕੀੜੀਆਂ, ਠੂੰਹੇਂ, ਟਿੱਡੀਆਂ, ਕੰਨਖਜੂਰੇ ਤੇ ਕਿਰਲੀਆਂ ਦੌੜ-ਦੌੜ ਲੁਕਦੇਪਿੰਡ ਦੇ ਲੋਕ ਹਮਦਰਦੀ ਕਰਦੇ, “ਚਲ ਠਾਕਰਾ, ਕੰਧ ਤਾਂ ਮੁੜ ਕੇ ਬਣ ਜਾਊ, ਸ਼ੁਕਰ ਕਰ ਪਈ ਜੀਅ ਬਚ ਗਏ।”

ਕਦੀ ਕੋਈ ਕੰਧ ਡਿਗ ਪੈਂਦੀ ਤੇ ਕਦੀ ਕੋਈਜਿਸ ਸਾਲ ਕੋਠੇ ਦੀ ਕੰਧ ਨਾ ਡਿਗਦੀ ਤਾਂ ਵਿਹੜੇ ਦੇ ਵਗਲੇ ਦੀ ਢਹਿ ਜਾਂਦੀ, ਜਿਸ ਨੂੰ ਜ਼ਮੀਨ ਬਰੋਬਰੋਂ ਕੱਲਰ ਨੇ ਖਾ ਲਿਆ ਹੁੰਦਾ ਤੇ ਉਹ ਉਤਲੇ ਹਿੱਸੇ ਨਾਲੋਂ ਕਾਫ਼ੀ ਪਤਲੀ ਹੋ ਜਾਂਦੀਭਾਈਆ ਫਿਰ ਮਿੱਟੀ ਦੇ ਗੱਡੇ ਭਰ ਕੇ ਲਿਆਉਂਦਾਭਿੱਤ (ਕੱਚੀ ਕੰਧ ਉਸਾਰੀ ਦੀ ਇੱਕ ਤਕਨੀਕ ਜਿਸ ਵਿੱਚ ਦਰਵਾਜ਼ੇ ਦੇ ਦੋ ਤਖ਼ਤੇ ਆਹਮੋ-ਸਾਹਮਣੇ ਵੱਖ ਭਾਰ ਖੜ੍ਹੇ ਕਰ ਕੇ ਅਤੇ ਉਨ੍ਹਾਂ ਵਿਚਾਲੇ ਮਿੱਟੀ ਭਰ ਕੇ ਉਸ ਦੀ ਮੋਹਲਿਆਂ ਨਾਲ ਕੁਟਾਈ ਕੀਤੀ ਜਾਂਦੀ ਹੈ) ਕੁੱਟ ਹੁੰਦੇ

ਦਬਾਸੱਟ ਬਾਹਰ ਨਿਕਲ ਆਓ, ਗਭਲੀ ਸਤੀਰੀ ਬਹਿ ਗਈ ਆ।” ਭਾਈਏ ਨੇ ਇੱਕ ਬਰਸਾਤੀ ਰਾਤ ਦੀ ਸਵੇਰ ਨੂੰ ਲੁਆਲਾ ਲੱਗਣ ਤੋਂ ਪਹਿਲਾਂ ਹੀ ਸਾਨੂੰ ਖ਼ਬਰਦਾਰ ਕਰਨ ਲਈ ਉੱਚੀ ਦੇਣੀ ਦੁਹਾਈ ਪਾ ਕੇ ਕਿਹਾ

ਮਿੰਟਾਂ ਵਿੱਚ ਹੀ ਸਾਰਾ ਵਿਹੜਾ-ਮੁਹੱਲਾ ਇਕੱਠਾ ਹੋ ਗਿਆ “ਰੱਬ ਦਾ ਸ਼ੁਕਰ ਕਰੋ ਪਈ ਜਾਨਾਂ ਬਚ ਗਈਆਂ - ਠਾਕਰਾ ਹੁਣ ਸਤੀਰੀਆਂ ਥੱਲੇ ਕੌਲੇ ਕੱਢ ਲਾ, ਅਉਖਾ-ਸਉਖਾ।” ਕੋਈ ਸਲਾਹ ਦਿੰਦਾ

ਭਾਈਆ ਬੋਲਿਆਂ ਦੇ ਸੁਰਜੀਤ ਸਿੰਘ ਤੋਂ ਗਰਜ਼ ਮੁਤਾਬਿਕ ਪੈਸੇ ਲੈਣ ਲਈ ਭੋਗਪੁਰ ਜਾ ਕੇ ਪਰਨੋਟ ਉੱਤੇ ਅੰਗੂਠਾ ਲਾ ਆਉਂਦਾਸੁਰਜੀਤ ਸਿੰਘ ਸ਼ਾਹੂਕਾਰਾ ਕਰਦਾ ਸੀਉਹਦੀ ਵੱਡੀ ਭੈਣ ਜੁਆਲੀ ਗਲੀ ਥਾਣੀਂ ਲੰਘਦੀ ਤਾਂ ਅਸੀਂ ਸਾਰੇ ਨਿਆਣੇ ਉਹਦੇ ਪਿੱਛੇ ਜਾ ਕੇ ਇੱਕੋ ਸੁਰ ਵਿੱਚ ਕਹਿੰਦੇ, “ਜੁਆਲੀਏ ਦੇ ਚਰਖੇ ਨੂੰ ਗੇੜਾ ...।” ਉਹ ਅਣਵਿਆਹੀ ਸੀ ਤੇ ਅੰਮ੍ਰਿਤ ਛਕ ਕੇ ਨਿਹੰਗਾਂ ਵਾਲਾ ਬਾਣਾ ਪਾਉਂਦੀ ਸੀਉਹ ਇੱਟ ਰੋੜਾ ਚੁੱਕ ਕੇ ਉਲਾਰਦੀ ਪਰ ਘੱਟ ਹੀ ਮਾਰਦੀ, ਕਹਿੰਦੀ, “ਧੁਆਡੇ ਕੋਲੋਂ ਜੁਆਲਾ ਸੁੰਹ ਨਹੀਂ ਕਹਿ ਹੁੰਦਾ - ਮੈਂ ਹੁਣ ਨਹੰਗ ਨਹੀਂ ਲਗਦਾ।”

ਬਰਸਾਤ ਤੋਂ ਬਾਅਦ ਦੁਸਹਿਰੇ ਦੁਆਲੇ ਸਾਡੇ ਘਰ ਮੋਹਰਲੀ ਬੋਹੜ-ਪਿੱਪਲ ਥੱਲੇ ਖੋਤੇ ਹੀਂਗਦੇਨਾਲ ਹੀ ਹੋਕਾ ਸੁਣਦਾ, “ਗੋਲੂ-ਮਿੱਟੀ ਲੈ ਲਓ, ਗੋਲੂ-ਮਿੱਟੀ।” ਬੁੜ੍ਹੀਆਂ ਦਾ ਝੁਰਮੁਟ ਪੈ ਜਾਂਦਾਭਾਅ ਤੈਅ ਹੋਣ ਨੂੰ ਕਿੰਨਾ ਚਿਰ ਲੱਗ ਜਾਂਦਾਪਹਾੜ ਵੱਲੋਂ ਆਇਆ ਬਾਰੂ ਚਮਾਰ ਜਾਂ ਪਾਰ (ਬਿਆਸ ਦਰਿਆ) ਤੋਂ ਆਇਆ ਫੇਰੀ ਵਾਲਾ ਘੁਮਿਆਰ ਦੱਸਦਾ, “ਭੈਣੇ ਇਸ ਖੋਤੀ ਦੀਆਂ ਦੋਵੇਂ ਖੁਰਜੀਆਂ ਰਾਸਤਗੋ ਖਾਲੀ ਕਰ ਕੇ ਆਇਆ ਵਾਂ।” ਮੇਰੀ ਮਾਂ ਸਣੇ ਮੁਹੱਲੇ ਦੀਆਂ ਮੇਰੀਆਂ ਚਾਚੀਆਂ-ਤਾਈਆਂ ਗੋਲੂ ਖ਼ਰੀਦ ਲੈਂਦੀਆਂਮਾਂ ਨੇ ਪਹਿਲਾਂ ਹੀ ਡਿੱਗੇ ਹੋਏ ਲੇਆਂ ਦੀ ਥਾਂ ਨੂੰ ਮਿੱਟੀ ਦੇ ਥੋਬੇ ਲਾ ਕੇ ਭਰਿਆ ਤੇ ਲਿੱਪਿਆ ਹੁੰਦਾਉਸ ਨੂੰ ਬਾਕੀ ਕੰਧ ਨਾਲ ਇਉਂ ਸਾਵਾਂ ਤੇ ਇਕਮਿਕ ਕੀਤਾ ਹੁੰਦਾ ਕਿ ਬਹੁਤੀ ਵਾਰ ਪਤਾ ਹੀ ਨਾ ਲਗਦਾ ਕਿ ਲੇਅ ਕਿੱਥੋਂ ਡਿਗਿਆ ਸੀ। ਜਦੋਂ ਉਹ ਇਸ ਉੱਤੇ ਗੋਲੂ-ਮਿੱਟੀ ਦਾ ਦੋਹਰਾ ਪੋਚਾ ਮਾਰ ਲੈਂਦੀ ਤਾਂ ਥੋੜ੍ਹੇ ਚਿਰ ਬਾਅਦ ਆਪਣੇ ਆਪ ਨੂੰ ਕਹਿੰਦੀ, “ਚਲ ਮਨਾ ਕੰਧ ਬੀ ਸੁੱਕ ਗਈ ਤੇ ਲੇਅ ਵੀ ਆਠਰ ਗਏ ਆ।” ਫਿਰ ਉਹ ਤਵੇ ਦੇ ਪਿਛਲੇ ਪਾਸੇ ਦੀ ਕਾਲੋਂ ਉੱਤੇ ਆਪਣਾ ਗਿੱਲਾ ਕੀਤਾ ਸੱਜਾ ਹੱਥ ਘਸਾਉਂਦੀ ਤੇ ਠਾਹ-ਠਾਹ ਮਾਰ ਕੇ ਕੰਧਾਂ ਉੱਤੇ ਛਾਪਦੀਮੈਂ ਉਹਦੀ ਰੀਸ ਕਰਦਾ ਤੇ ਆਪਣੇ ਨਿੱਕੇ-ਨਿੱਕੇ ਹੱਥਾਂ ਦੀ ਛਾਪ ਦੇਖ ਕੇ ਹੁੱਬਦਾ

ਇੰਨੇ ਨੂੰ ਭਾਈਆ ਕਦੀ-ਕਦੀ ਬਾਹਰੋਂ ਵਿਹੜੇ ਵਿੱਚ ਆ ਜਾਂਦਾ “ਲੈ ਨਜ਼ਰ-ਟਪਾਰ ਦਾ ਕੰਮ ਬੀ ਮੁੱਕ ਗਿਆ।” ਮਾਂ ਦੀ ਇਹ ਗੱਲ ਸੁਣ ਕੇ ਭਾਈਆ ਮੁਸਕਰਾਉਂਦਾਉਹਦੇ ਬਰੀਕ ਤੇ ਛੋਟੇ ਦੰਦ ਬਦੋਬਦੀ ਨੰਗੇ ਹੋ ਜਾਂਦੇ ਸਾਲੇ ਇਸ ਕੋਠੇ ਦਾ ਦਕੰਮਣ ਹਰ ਸਾਲ ਆਟ੍ਹਾ ਪਈਂਦਾਪਤਾ ਨਹੀਂ ਕਦੋਂ ਇਹਦਾ ਜੱਭ ਮੁੱਕਣਾ।” ਭਾਈਆ ਨਿਹੋਰੇ ਨਾਲ ਕੱਚੇ ਕੋਠੇ ਦੀ ਅਮੁੱਕ ਕਹਾਣੀ ਨੂੰ ਸਮੇਟਦਾ

“ਸਦਾ ਦਿਨ ਇੱਕ ਜਏ ਨਹੀਂ ਰਹਿੰਦੇ।” ਮਾਂ ਢਲਦੇ ਸੂਰਜ ਦੀਆਂ ਕਿਰਨਾਂ ਫੜਦੀ ਲਗਦੀ

ਕੋਠੜੀ ਦੇ ਇੱਕ ਖੂੰਜੇ ਵਿੱਚ ਮੇਰੀ ਮਾਂ ਦੀ ਦਾਜ ਵਾਲੀ ਛੋਟੀ ਪੇਟੀ ਹੁੰਦੀ ਸੀ ਜਿਸ ਉੱਤੇ ਮੋਰ-ਮੋਰਨੀਆਂ, ਉਨ੍ਹਾਂ ਦੇ ਬੱਚੇ, ਫੁੱਲ-ਵੇਲਾਂ ਤੇ ਹੋਰ ਬੂਟੇ ਹੁੰਦੇ ਸਨਇਹ ਸਲੇਟੀ, ਹਰੇ, ਲਾਲ ਤੇ ਕਾਸ਼ਨੀ ਰੰਗਾਂ ਨਾਲ ਚਿੱਤਰੇ ਹੋਏ ਸਨਇਸ ਪੇਟੀ ਵਿੱਚ ਇੱਕ ਹੋਰ ਸੰਦੂਕੜੀ ਹੁੰਦੀ ਸੀਉਸ ਉੱਤੇ ਵੀ ਅਜਿਹੀ ਚਿੱਤਰਕਲਾ ਸੀ

ਜਦੋਂ ਮੇਰੀ ਮਾਂ ਪੇਟੀ ਖੋਲ੍ਹ ਕੇ ਉਸ ਵਿੱਚੋਂ ਕੋਈ ਚੀਜ਼ ਕੱਢਦੀ ਤਾਂ ਕਈ ਵਾਰ ਮੈਂ ਤੇ ਵੱਡਾ ਭਰਾ ਉਹਦੇ ਕੋਲ ਹੁੰਦੇਸਾਡੀ ਨਜ਼ਰੇ ਦਾਦੀ ਤੇ ਮਾਂ ਦੇ ਸੂਫ਼ ਦੇ ਕਾਲੇ ਘੱਗਰੇ ਪੈਂਦੇਅਸੀਂ ਉਨ੍ਹਾਂ ਨੂੰ ਫੈਲਾਉਂਦੇ ਤਾਂ ਉਹ ਤੰਬੂਆਂ ਜਿੱਡੇ ਹੁੰਦੇਕਾਨਿਆਂ-ਤੀਲ੍ਹਾਂ ਉੱਤੇ ਰੰਗ-ਬਰੰਗੇ ਧਾਗਿਆਂ ਨਾਲ ਫੁੱਲਕਾਰੀ ਨੁਮਾ ਕਢਾਈ ਵਾਲਾ ਵੱਡਾ ਹੱਥ-ਪੱਖਾ ਦਿਸਦਾਉਸ ਨੂੰ ਕੱਢ ਕੇ ਅਸੀਂ ਵਾਰੋ-ਵਾਰੀ ਝੱਲਦੇਉਹਦੇ ਤਿੰਨਾਂ ਪਾਸਿਆਂ ਉੱਤੇ ਗੁਲਾਬੀ ਕੱਪੜੇ ਦੀ ਝਾਲਰ ਲੱਗੀ ਹੁੰਦੀ ਸੀਡੰਡੇ ਵਾਲੇ ਪਾਸੇ ਉਸ ਦੇ ਐਨ੍ਹ ਗੱਭੇ ਚੌਰਸ ਆਕਾਰ ਵਾਲੀ ਥਾਂ ਬੜੀ ਜੁਗਤ ਨਾਲ ਡੰਡਾ ਹੱਥ ਵਿੱਚ ਫੜਨ ਲਈ ਛੱਡੀ ਹੋਈ ਸੀਜਦੋਂ ਜ਼ੋਰ ਨਾਲ ਝੱਲ ਮਾਰਦੇ ਤਾਂ ਦਲਾਨ ਦੀ ਪੈਰਾਂ ਹੇਠਲੀ ਮਿੱਟੀ ਵੀ ਉਡਣ ਲੱਗ ਪੈਂਦੀਵਿਆਹ ਜਾਂ ਕੱਠ ਵੇਲੇ ਇਹ ਪੱਖਾ ਪਿੰਡ ਦੇ ਕਈ ਘਰਾਂ ਵਿੱਚ ਜਾਂਦਾਕੋਰਿਆਂ ਉੱਤੇ ਪਾਲਾਂ ਵਿੱਚ ਬੈਠੇ ਬਰਾਤੀ ਜਾਂ ’ਕੱਠ ’ਤੇ ਆਏ ਲੋਕ ਇਸਦੀ ਹਵਾ ਮਾਣਦੇ

ਪੇਟੀ ਦੇ ਕੋਲ ਹੀ ਵੱਡੇ ਮੱਟ, ਘੜੇ, ਤੌੜੀ, ਕੁੱਜੇ, ਵਲ੍ਹਣੀ, ਝੱਕਰੀ ਆਦਿ ਦੀ ਟੇਕਣ ਲੱਗੀ ਹੁੰਦੀਉਨ੍ਹਾਂ ਵਿੱਚ ਭਾਂਤ-ਭਾਂਤ ਦਾ ਅੰਨ, ਗੁੜ, ਸ਼ੱਕਰ, ਦਾਲਾਂ, ਰੋਟੀਆਂ ਦੇ ਸੁਕਾਏ ਟੁਕੜੇ ਬਗੈਰਾ ਹੁੰਦੇਸਭ ਤੋਂ ਉਤਲੇ ਭਾਂਡੇ ਵਿੱਚ ਲੂਣ ਹੁੰਦਾ ਤੇ ਉਹ ਚੱਪਣ ਨਾਲ ਢਕਿਆ ਹੁੰਦਾਇਨ੍ਹਾਂ ਭਾਂਡਿਆਂ ਵਿੱਚੋਂ ਕਿਸੇ ਇੱਕ ਵਿੱਚ ਭਾਈਆ ਦੇਸੀ ਸ਼ਰਾਬ ਦੀ ਬੋਤਲ ਲੁਕੋ ਕੇ ਰੱਖਦਾਜਦੋਂ ਕਦੀ ਉਹ ਹਾੜਾ ਲਾ ਲੈਂਦਾ ਤਾਂ ਆਪਣੀਆਂ ਨਿੱਕੀਆਂ-ਨਿੱਕੀਆਂ ਮੁੱਛਾਂ ਉੱਤੇ ਹੱਥ ਫੇਰਦਾਬੀੜੀ ਪੀਂਦਾਮਾਂ ਨੂੰ ਕਹਿੰਦਾ, “ਤੇਰੀ ਗੱਲ ਸੲ੍ਹੀ ਆ ਪਈ ਦਿਨ ਫਿਰ ਜਾਣੇ ਆਤਖੜੇ ਹੋ ਕੇ ਇਨ੍ਹਾਂ ਨੇ ਆਪੇ ਈ ਚੱਕਣ ਚੱਕ ਲੈਣਾਸੀਬੋ, ਮੈਂ ਧਰਮੋ-ਧਰਮੀ ਕੲ੍ਹੀਨਾ ਪਈ ਤੇਰੀਆਂ ਗੱਲਾਂ ਨਾ ਮੇਰਾ ਧਜਾ ਬੱਝ ਜਾਂਦਾ।”

ਪੇਟੀ ਨਾਲ ਹੀ ਇੱਕ ਕੱਚੀ ਕੋਠੀ ਸੀ ਜਿਸ ਵਿੱਚ ਕਿੰਨਾ ਹੀ ਨਿਕਸੁਕ ਪਿਆ ਹੁੰਦਾਕੋਠੀ ਦੀ ਗਹੀ ਵਿੱਚ ਦਾਦੀ ਪਿੰਡ ਦੀਆਂ ਜੱਟੀਆਂ ਤੋਂ ਮਿਲਿਆ ਗੁੜ, ਸ਼ੱਕਰ ਜਾਂ ਰਾਬ ਦੀ ਭਰੀ ਕੌਲੀ ਰੱਖਦੀ ਤੇ ਇਸਦੀ ਨਿੱਕੀਆਂ ਤਾਕੀਆਂ ਵਾਲੀ ਕੁੰਡੀ ਨੂੰ ਵੱਡਾ ਜਿੰਦਾ ਮਾਰ ਕੇ ਕੁੰਜੀ ਆਪਣੇ ਦੁਪੱਟੇ ਦੇ ਲੜ ਬੰਨ੍ਹ ਲੈਂਦੀਕਈ ਵਾਰ ਉਹ ਦੀਵੇ ਦੀ ਲੋਅ ਨਾਲ ਕੋਠੀ ਵਿੱਚੋਂ ਚੀਜ਼ਾਂ ਟੋਹਲਦੀ

ਕੋਠੀ ਦੇ ਹੇਠਾਂ ਅਤੇ ਉੱਤੇ ਭਾਈਏ ਦਾ ਜੁੱਤੀਆਂ ਬਣਾਉਣ ਵਾਲਾ ਸਮਾਨ ਹੁੰਦਾ ਜਿਸ ਵਿੱਚ ਕਵਾਈ, ਕਲਬੂਤ, ਰੰਬੀ, ਕੁੰਡੀ, ਫ਼ਰਮੇ, ਜਮੂਰ ਤੇ ਹਥੌੜੀ ਸੀਮੈਂ ਕਈ ਵਾਰ ਇਨ੍ਹਾਂ ਸੰਦਾਂ ਨਾਲ ਖੇਡਦਾਭਾਈਆ ਝਈ ਜਿਹੀ ਲੈ ਕੇ ਇਨ੍ਹਾਂ ਨੂੰ ਮੇਰੇ ਕੋਲੋਂ ਖੋਂਹਦਾ ਤੇ ਗਾਲ੍ਹਾਂ ਕੱਢਦਾਇਹ ਸੰਦ ਸਾਡੇ ਕੋਲੋਂ ਕਈ ਗਵਾਂਢੀ ਜੱਟ ਤੇ ਝੀਰ ਮੰਗ ਕੇ ਲੈ ਜਾਂਦੇਉਹ ਕਿੱਲ, ਮੇਖਾਂ ਖੁਰੀਆਂ ਆਪੇ ਹੀ ਠੋਕ-ਜੜ ਲੈਂਦੇ

“ਜੇ ਮੈਂ ਉਦੋਂ ਭਾਈਏ (ਮੇਰਾ ਫੁੱਫੜ ਗੁਲਜ਼ਾਰੀ ਲਾਲ) ਤੋਂ ਲਹੌਰ ਵਿੱਚ ਪੂਰਾ ਕੰਮ ਸਿੱਖ ਲਈਂਦਾ ਤਾਂ ਕਾਰੀਗਰ ਬਣ ਜਾਣਾ ਸੀਸ਼ੈਹਰ ਵਿੱਚ ਕਿਸੇ ਦਰਖਤ ਹੇਠਾਂ ਬਹਿ ਕੇ ਪੈਹੇ ਰੋਲੀ ਜਾਣੇ ਸੀ - ਹੁਣ ਮਾਂਗੂੰ ਜੱਟਾਂ ਦਾ ਅੱਝਾ ਤਿਨਾ (ਤਾਂ ਨਾ) ਹੁੰਦਾ।” ਇਨ੍ਹਾਂ ਸੰਦਾਂ ਨੂੰ ਦੇਖ ਭਾਈਆ ਆਪਣੀ ਦਾਸਤਾਨ ਕਿਸੇ ਵਿਗੋਚੇ ਵਾਂਗ ਸ਼ੁਰੂ ਕਰ ਲੈਂਦਾ

ਕੋਠੀ ਦੇ ਮੋਹਰੇ ਇੱਕ ਨੁੱਕਰ ਵਿੱਚ ਚੱਕੀ ਹੁੰਦੀ ਸੀਜਦ ਮੈਂ ਨਿੱਕਾ ਜਿਹਾ ਸੀ ਤਾਂ ਮੇਰੀ ਮਾਂ ਇਸ ’ਤੇ ਸਾਰੇ ਟੱਬਰ ਲਈ ਆਟਾ ਪੀਂਹਦੀਨਾਲੇ ਗਾਉਂਦੀ:

ਪੁੱਤਾਂ ਨੂੰ ਦਿੰਦਾ ਬਾਬਲ ਮੈਲ੍ਹ ਤੇ ਮਾੜੀਆਂ,
ਧੀਆਂ ਨੂੰ ਦਿੰਦਾ ਦੇਸ ਪਰਾਏ,
ਬੇ ਮੇਰੇ ਧਰਮੀਆਂ ਬਾਬਲਾ

ਉਹ ਆਪਣੇ ਨਵੇਂ ਜਣੇਪੇ ਤੋਂ ਪਹਿਲਾਂ ਹੀ ਆਪਣੇ ਲਈ ਸੌਂਫ਼, ਸੁੰਢ, ਛੋਲੇ, ਕਣਕ ਤੇ ਹੋਰ ਚੀਜ਼ਾਂ ਪੀਹ ਕੇ ਰੱਖ ਲੈਂਦੀਬਾਅਦ ਵਿੱਚ ਭਾਈਆ ਉਨ੍ਹਾਂ ਨੂੰ ਭੁੰਨ ਕੇ ਦੇਸੀ ਘਿਓ ਵਿੱਚ ਰਲਾਉਂਦਾ - ਇਸ ਨੂੰ ਅਸੀਂ ਗਜਾ ਕਹਿੰਦੇਉੱਪਰੋਥਲੀ ਜੰਮੀਆਂ ਮੇਰੀਆਂ ਭੈਣਾਂ ਤੇ ਭਰਾ ਦੇ ਜਨਮਾਂ ਵੇਲੇ ਇਹ ਖੁਰਾਕ ਖਾਣ ਨੂੰ ਮੇਰਾ ਵੀ ਦਾਅ ਲੱਗਾ ਰਹਿੰਦਾ

ਗਰਮੀਆਂ ਦੀ ਇੱਕ ਸਿਖਰ ਦੁਪਹਿਰ ਨੂੰ ਭਾਈਆ ਕਿਸੇ ਜੱਟ ਦੇ ਖੇਤ ਵਿੱਚ ਅੱਧੀ ਦਿਹਾੜੀ ਲਾ ਕੇ ਘਰ ਆਇਆਉਹਦੇ ਖੱਬੇ ਮੋਢੇ ਉੱਤੇ ਸਾਫ਼ਾ ਲਮਕਦਾ ਸੀ ਤੇ ਉਹਦੇ ਉੱਤੇ ਕਹੀ ਸੀਮਾਂ ਮੰਜੇ ਉੱਤੇ, ਸ਼ਾਹ ਕੁ ਵੇਲੇ ਜੰਮੀ ਮੇਰੀ ਦੂਜੀ ਛੋਟੀ ਭੈਣ ਨਾਲ ਲੰਮੀ ਪਈ ਹੋਈ ਸੀ ਤੇ ਮੱਥੇ ਦੁਆਲੇ ਦੁਪੱਟਾ ਲਪੇਟਿਆ ਹੋਇਆ ਸੀਮੈਂ ਕੋਲ ਖੇਡ ਰਿਹਾ ਸੀਭਾਈਏ ਨੇ ਦਲਾਨ ਵਿੱਚ ਵੜਦਿਆਂ ਹੀ ਅੱਖ ਨਾਲ ਇਸ਼ਾਰਾ ਕਰਦਿਆਂ ਤੇ ਮੂੰਹੋਂ ਬੋਲ ਕੇ ਪੁੱਛਿਆ, “ਕੀ ਹੋਇਆ?

ਕੁੜੀ?” ਮਾਂ ਨੇ ਦੱਸਿਆ

ਦੁਰ ਫਿਟੇ ਮੂੰਹ ਤੇਰੇ

ਮੁੰਡਾ ਜੰਮਣਾ ਮੇਰੇ ਬੱਸ ਦੀ ਗੱਲ ਆ ਭਲਾ।” ਮਾਂ ਨੇ ਬੇਵਸੀ ਵਰਗੀ ਗੱਲ ਕੀਤੀ ਮੈਂਨੂੰ ਲੱਗਿਆ ਕਿ ਭਾਈਆ ਐਤਕੀਂ ਮੁੰਡੇ ਦੀ ਆਸ ਰੱਖਦਾ ਸੀਉਹਨੇ ਕਹੀ ਹੇਠਾਂ ਰੱਖੀ ਤੇ ਕਾਹਲੀ ਨਾਲ ਖੁਰੇ ਵੱਲ ਨੂੰ ਹੱਥ-ਮੂੰਹ ਧੋਣ ਚਲਾ ਗਿਆਪਰ ਮੈਂਨੂੰ ਰੂੰ ਵਰਗੀਆਂ ਨਰਮ ਛੋਟੀਆਂ ਦੋਵੇਂ ਭੈਣਾਂ ਚੰਗੀਆਂ ਲਗਦੀਆਂਮੈਂ ਉਨ੍ਹਾਂ ਨੂੰ ਕਦੀ ਕੁੱਛੜ ਚੁੱਕਦਾ ਤੇ ਕਦੀ ਕੰਧੇੜੀਲਾਡ ਕਰਦਾ ਤੇ ਗੁਦਗੁਦੀਆਂ ਕੱਢਦਾਛੀ-ਛੀ ਕਰਕੇ ਹਸਾਉਂਦਾਉਹ ਵੀ ਅੱਗੋਂ ਹੁੰਗਾਰੇ ਭਰਦੀਆਂਮੈਂ ਉਨ੍ਹਾਂ ਨੂੰ ਝੂਟੇ ਦੇਣ ਲਈ ਉਤਾਵਲਾ ਰਹਿੰਦਾ

ਮਾਂ ਨੇ ਜਦੋਂ ਲੀੜਾ-ਕੱਪੜਾ, ਪੋਤੜਾ ਜਾਂ ਚੁੱਲ੍ਹੇ-ਚੌਂਕੇ ਵਿੱਚ ਕੋਈ ਕੰਮ ਕਰਨਾ ਹੁੰਦਾ ਤਾਂ ਦਲਾਨ ਅੰਦਰ ਹਮੇਸ਼ਾ ਡੱਠੇ ਰਹਿੰਦੇ ਆਪਣੇ ਦਾਜ ਵਾਲੇ ਵੱਡੇ ਮੰਜੇ ਦੀ ਬਾਹੀ ਨਾਲ ਆਪਣੇ ਦੁਪੱਟੇ ਜਾਂ ਪਰਨੇ ਦੀ ਝੋਲੀ ਬਣਾਉਂਦੀਉਹ ਮੇਰੀ ਨਵ-ਜੰਮੀ ਨਿੱਕੀ ਭੈਣ ਨੂੰ ਉਹਦੇ ਵਿੱਚ ਪਾ ਦਿੰਦੀ ਮੈਂਨੂੰ ਕਹਿੰਦੀ, “ਪੁੱਤ, ਇਹਨੂੰ ਝੂਟੇ ਦਈਂ - ਰੋਬੇ ਨਾਮੈਂ ਦਾਲ ਰਿੰਨ੍ਹਣੀ ਧਰ ਦਿਆਂ - ਨਾਲੇ ਖੂਹ ’ਚੋਂ ਦੋ ਡੋਲ ਪਾਣੀ ਦੇ ਭਰ ਲਿਆਮਾਂ।”

ਮੇਰੀ ਮਾਂ ਨੂੰ ਮੇਰੀ ਤੀਜੀ ਭੈਣ ਜੰਮਣ ਮਗਰੋਂ ਸੂਤਕੀ ਤਾਪ ਚੜ੍ਹ ਗਿਆ ਜੋ ਹੌਲੀ ਹੌਲੀ ਮਿਆਦੀ ਬੁਖ਼ਾਰ ਵਿੱਚ ਬਦਲ ਗਿਆਉਹਦੇ ਸਿਰ ਦੇ ਵਾਲ ਝੜਨ ਲੱਗ ਪਏ ਤੇ ਡੇਢ ਕੁ ਮਹੀਨੇ ਵਿੱਚ ਬਾਹਲੇ ਹੀ ਵਿਰਲੇ ਹੋ ਗਏਫਿਰ ਗੰਜ ਪੈ ਗਿਆਉਹ ਸਿਰ ’ਤੇ ਦੁਪੱਟਾ ਜਾਂ ਪਰਨਾ ਬੰਨ੍ਹ ਕੇ ਰੱਖਦੀਉਹਦੇ ਲਿੱਸੇ ਸਰੀਰ ਕਾਰਣ ਮੂੰਹ ਤੇ ਅੱਖਾਂ ਡਰਾਉਣੇ ਜਿਹੇ ਹੋ ਗਏਬੁਖ਼ਾਰ ਟੁੱਟਣ ਵਿੱਚ ਨਹੀਂ ਆ ਰਿਹਾ ਸੀਸਿਆਣੀਆਂ ਬੁੜ੍ਹੀਆਂ ਆਉਂਦੀਆਂ, ਪੁੱਛਦੀਆਂ, “ਗੰਗੋ (ਦਾਈ) ਕੀ ਕਹਿੰਦੀ ਆ ਠਾਕਰਾ? ਜਿੱਦਾਂ ਦੱਸਦੀ ਆ, ਉੱਦਾਂ ਈ ਓਹੜ-ਪੋਹੜ ਕਰੀ ਜਾਹ।”

ਭਾਈਆ ਸਾਡੇ ਵਿੱਚੋਂ ਕਿਸੇ ਨੂੰ ਕਹਿੰਦਾ, “ਹਾਅ ਮੂੜ੍ਹਾ ਚਾਚੀ ਨੂੰ ਦੇਹ।” ਬਾਸਮਤੀ ਦੀ ਪਰਾਲੀ ਦੇ ਮੂੜ੍ਹੇ ਉਹ ਆਪੇ ਹੀ ਚੌਰਸ ਜਾਂ ਗੋਲਾਕਾਰ ਵਿੱਚ ਬਣਾ ਲੈਂਦਾਪਹਿਲਾਂ ਉਹ ਪਰਾਲੀ ਛਾਂਟ ਕੇ ਇਸਦੀਆਂ ਮੀਢੀਆਂ ਗੁੰਦਦਾ ਹੁੰਦਾ ਸੀ

“ਕਧਾਲੇ (ਕੰਧਾਲਾ ਜੱਟਾਂ) ਆਲੇ ਚਰੰਜੀ ਲਾਲ (ਮਸ਼ਹੂਰ ਹਕੀਮ) ਕੋਲ ਕਰੂਰਾ ਲੈ ਕੇ ਗਿਆ ਸੀ ਪਰਸੋਂ ਕਹਿੰਦਾ ਮਾਤਾ ਨਿੱਕਲ ਆਈ ਆਅਸੀਂ ਤਾਂ ਪਹਿਲਾਂ ਤੇਈਆ ਤਾਪ ਈ ਸਮਝਦੇ ਸੀ।” ਭਾਈਆ ਖ਼ਬਰ ਪੁੱਛਣ ਆਏ ਬੰਦੇ-ਤੀਵੀਆਂ ਨੂੰ ਦੱਸਦਾਉਹਦਾ ਮੂੰਹ ਫ਼ਿਕਰ ਨਾਲ ਲੱਥ ਜਿਹਾ ਜਾਂਦਾ

ਹਜੇ (ਅਜੇ) ਤਾਂ ਛੋਟਾ-ਛੋਟਾ ਜੀਆ-ਜੰਤ ਆ ਭਾਈ, ਰੱਬ ’ਰਾਮ ਦੇਬੇ, ਸੀਬੋ ਹੌਸਲਾ ਰੱਖਦੇਹ ਨੂੰ ਰੋਗ ਲਗਦੇ ਈ ਰਹਿੰਦੇ ਆ - ਤਖੜੀ ਹੋ, ਉੱਠ ਕੇ ਨਿਆਣੇ ਸਮ੍ਹਾਲ।” ਮੁਹੱਲੇ ਦੀ ਕੋਈ ਸਿਆਣੀ ਬੁੜ੍ਹੀ ਆਪਣੀ ਪਾਟੀ ਸਲਵਾਰ ਨੂੰ ਸੁਆਰਦੀ, ਜਿਸ ਥਾਣੀਂ ਉਹਦੇ ਕਾਲੇ ਗੋਡੇ ਉਹਦੇ ਮੈਲ਼ੇ ਲੀੜਿਆਂ ਨਾਲ ਮੇਲ ਖਾਂਦੇ ਦਿਸਦੇ

ਬਜ਼ੁਰਗ ਤੀਵੀਆਂ ਮੇਰੀ ਮਾਂ ਤੇ ਭਾਈਏ ਨੂੰ ਦਿਲਾਸਾ ਦਿੰਦੀਆਂ ਤੇ ਮੱਤ ਵੀਉੱਠਣ ਲੱਗੀਆਂ ਅਸੀਸਾਂ ਦਿੰਦੀਆਂ, “'ਠਾਕਰਾ ਓਦਰ ਨਾ, ਰੱਬ ਭਲੀ ਕਰੂਗਾਜੇ ਮਾਤਾ ਤਾਂ ਰੱਖ-ਫਰਬੇਜ (ਪ੍ਰਹੇਜ਼) ਰੱਖ।” ਉਨ੍ਹਾਂ ਦੇ ਜਾਣ ਮਗਰੋਂ ਭਾਈਆ ਹੱਥ ਮਲ਼ਦਾ ਹੋਇਆ ਕਹਿੰਦਾ, “ਰੱਬ ਸਾਲਾ ਬੀ ਸਾਡਾ ਇਮਥਿਆਨ ਲੈਣ ’ਤੇ ਹੋਇਆ ਆਪਤਾ ਨਹੀਂ ਇਹ ਦਲਿੱਦਰ ਕਦੋਂ ਤਾਈਂ ਰਹਿਣਾਦਿਹਾੜੀ-ਢੱਪੇ ਤੋਂ ਬੀ ਘਰ ਬਹਿ ਗਿਆਂਕਿੰਨਾ ਕੁ ਚਿਰ ਅਧਾਰ (ਉਧਾਰ) ਫੜ ਫੜ ਬੁੱਤਾ ਲਾਈ ਜਾਮਾ।”

ਕਦੀ ਕਹਿੰਦਾ, “ਸੀਬੋ ਅਉਖੀ-ਸਉਖੀ ਝੱਗੇ ਨੂੰ ਦੋ ਤੋਪੇ ਤਾਂ ਲਾ ਦੇ - ਦੇਖ ਕਿੱਡਾ ਲਗਾਰ ਆ ਗਿਆ - ਪਸੀਨੇ ਨਾਲ ਖੱਦਾ ਹੋ ਹੋ।”

ਓਧਰ ਅਸੀਂ, ਆਪਣੀ ਭੈਣ ਨੂੰ ਦੁੱਧ ਚਮਚਿਆਂ ਨਾਲ ਪਿਆ ਕੇ ਖ਼ੁਸ਼ ਹੁੰਦੇਉਹ ਕਿਲਕਾਰੀਆਂ ਮਾਰਦੀਭਾਈਆ ਹੱਸ ਕੇ ਮਾਂ ਨੂੰ ਦੱਸਦਾ, “ਦੇਖ ਸੀਬੋ, ਬੱਕਰੀ ਦਾ ਦੁੱਧ ਪੀ-ਪੀ ਕਿੱਦਾਂ ਫਿੱਟਦੀ ਜਾਂਦੀ ਆ

ਐਮੀਂ ਨਜ਼ਰ ਨਾ ਲਾ ਦਈਂ - ਖਨੀ ਇਸੇ ਧੀ-ਧਿਆਣੀ ਕਰ ਕੇ ਮੇਰੀ ਜਾਨ ਬਚ ਚੱਲੀ ਆ।” ਮਾਂ ਮੁਸਕਰਾ ਕੇ ਹੌਲੀ ਦੇਣੀ ਬੋਲਦੀ

ਜਦੋਂ ਮੇਰੀ ਇਹ ਭੈਣ ਪੰਜ-ਛੇ ਸਾਲ ਦੀ ਹੋਈ ਤਾਂ ਇੱਕ ਦਿਨ ਉਹ ਸਿਰ ਵਿੱਚ ਖਨੂਹਾ ਫੇਰੀ ਜਾਵੇਮਾਂ ਨੇ ਸੋਚਿਆ ਜੂੰਆਂ ਪੈ ਗਈਆਂਉਸ ਨੇ ਉਹਦੇ ਵਾਲਾਂ ਵਿੱਚ ਬਰੀਕ ਕੰਘੀ ਫੇਰੀ ਤਾਂ ਉਨ੍ਹਾਂ ਦੀ ਫੋਲ-ਫਲਾਈ ਕੀਤੀਕੁਝ ਨਾ ਦਿਸਿਆਹਲਕੇ ਜਿਹੇ ਬੁਖ਼ਾਰ ਦੌਰਾਨ ਵੀ ਕੋਸੇ ਪਾਣੀ ਨਾਲ ਉਹਦੇ ਸਿਰ ਦੇ ਵਾਲ ਧੋਤੇਸਿਰ ਦੇ ਗੱਭੇ ਥੋੜ੍ਹਾ ਕੁ ਥਾਂ ਖੁਸ਼ਕ ਤੇ ਫੁੱਲਿਆ ਹੋਇਆ ਸੀਮਾਂ ਨੇ ਉੱਥੇ ਹੱਥ ਲਾਇਆ ਤਾਂ ਉਹ ਪਿਲਪਿਲ ਕਰ ਰਿਹਾ ਸੀਚਾਣਚੱਕ ਨਹੁੰ ਲੱਗਣ ਦੀ ਦੇਰ ਸੀ ਕਿ ਮਾਂ ਨੇ ਘਬਰਾਈ ਜ਼ਬਾਨ ਵਿੱਚ ਭਾਈਏ ਨੂੰ ਉੱਚੀ ਦੇਣੀ ਆਵਾਜ਼ ਮਾਰੀ, “ਹਈਥੇ ਕੀ ਕਰਦਾਂ! ਮੈਂ ਹਾਕਾਂ ਮਾਰੀ ਜਾਨੀ ਆਂ!”

ਕੀ ਕਹਾਰੀ ਆ ਗਈ ਤਈਨੂੰ?” ਭਾਈਏ ਨੇ ਅੰਦਰੋਂ ਕਿਹਾ

“ਕੁੜੀ ਦੇ ਸਿਰ ਵਿੱਚ ਤਾਂ ਕੀੜੇ ਕੁਰਬਲ-ਕੁਰਬਲ ਕਰਦੇ ਆ?” ਇਹ ਸੁਣ ਕੇ ਅਸੀਂ ਸਾਰੇ ਜਣੇ ਹੱਕੇ-ਬੱਕੇ ਰਹਿ ਗਏਸਿਰ ਦੇਖਿਆ ਕਿ ਅੰਗੂਠੇ ਦੀ ਦਾਬ ਜਿੰਨਾ ਥਾਂ ਚਿੱਟੇ ਮੋਟੇ-ਲੰਮੇ ਕੀੜਿਆਂ ਨਾਲ ਭਰਿਆ ਪਿਆ ਸੀ ਤੇ ਦੋ ਕੁ ਬਾਹਰ ਵੀ ਨਿੱਕਲ ਆਏ ਸਨ “ਛੇਤੀ ਨਾ ਪਾਣੀ ਤੱਤਾ ਕਰ।” ਭਾਈਏ ਨੇ ਮਾਂ ਨੂੰ ਆਖਿਆ

ਭਾਈਏ ਨੇ ਗਰਮ ਪਾਣੀ ਨਾਲ ਬਲਜਿੰਦਰ ਦਾ ਸਿਰ ਧੋਤਾਮਾਂਜੇ ਦੀ ਤੀਲ ਨਾਲ ਕੀੜੇ ਕੱਢੇ, ਜੋ ਇੱਕ ਚਿੱਟੇ ਬਰੀਕ ਜਿਹੇ ਤੰਤੂ-ਜਾਲ ਵਿੱਚ ਫਸੇ ਹੋਏ ਸਨਫਿਰ ਭਾਈਏ ਨੇ ਡਾਕਟਰ ਵਾਂਗ ਮੈਂਨੂੰ ਹੁਕਮ ਕੀਤਾ, “ਗੁੱਡ, ਔਹ ਆਲੇ ’ਚੋਂ ਫਰਨੈਲ (ਫਿਨੈਲ) ਦੀ ਬੋਤਲ ਚੱਕ ਲਿਆ ਜਿਹਦੇ ਨਾਲ ਗਾਂ ਦੀ ਪਛਾੜੀ ਦੇ ਕੀੜੇ ਧੋਈਦੇ ਆ

ਕੋਈ ਅਕਲ ਕਰ, ਇਹਨੂੰ ਭੋਗਪੁਰ ਲੈ ਜਾ।” ਭਾਈਏ ਨੂੰ ਮਾਂ ਨੇ ਸਲਾਹ ਦਿੱਤੀ

ਭਾਈਆ ਬਲਜਿੰਦਰ ਨੂੰ ਸਾਇਕਲ ’ਤੇ ਬਿਠਾ ਕੇ ਮੋਗਾ ਸੋਕੜਾ ਫਾਰਮੇਸੀ ਵਾਲਿਆਂ ਦੇ ਪੱਟੀ ਕਰਵਾਉਣ ਚਲਾ ਗਿਆ

ਬਾਅਦ ਵਿੱਚ ਮੈਂ ਆਪਣੀ ਇਸ ਭੈਣ ਨੂੰ ਪੱਟੀ ਕਰਾਉਣ ਲਈ ਲਿਜਾਂਦਾ ਰਿਹਾਮੇਰੀ ਹੈਰਾਨੀ ਦੀ ਉਦੋਂ ਕੋਈ ਹੱਦ ਨਾ ਰਹਿੰਦੀ ਜਦੋਂ ਡਾਕਟਰ ਕੀੜਿਆਂ ਵਾਲੀ ਥਾਂ ਹੋਈ ਮੋਰੀ ਵਿੱਚ ਦਵਾਈ ਲੱਗੀਆਂ ਡੇਢ-ਦੋ ਪੱਟੀਆਂ ਕੈਂਚੀ-ਚਿਮਟੀ ਨਾਲ ਧੱਕ ਦਿੰਦਾਹਰੇਕ ਤੀਜੇ ਦਿਨ ਪੱਟੀ ਕਰਾਉਣ ਦੇ ਬਾਵਜੂਦ ਜ਼ਖਮ ਭਰਨ ਨੂੰ ਮਹੀਨਾ ਲੱਗ ਗਿਆਜਦੋਂ ਉਹ ਪੂਰੀ ਤਰ੍ਹਾਂ ਤੰਦਰੁਸਤ ਹੋ ਗਈ ਤਾਂ ਮਾਂ ਨੇ ਸ਼ਾਹ ਰੌਸ਼ਨ ਵਲੀ (ਪਿੰਡ ਤੋਂ ਇੱਕ ਕਿਲੋਮੀਟਰ ਲਹਿੰਦੇ ਪਾਸੇ ਨੂੰ ਇੱਕ ਮੁਸਲਮਾਨ ਫ਼ਕੀਰ ਦਾ ਰੌਜ਼ਾ) ਦੇ ਰੋੜੇ (ਭੁੰਨੀ ਹੋਈ ਕਣਕ ਵਿੱਚ ਰਲਾਇਆ ਗੁੜ) ਚੜ੍ਹਾ ਕੇ ਸੁੱਖਣਾ ਲਾਹੀ

ਬਰਸਾਤਾਂ-ਸਿਆਲਾਂ ਨੂੰ ਅਸੀਂ ਦਲਾਨ ਵਿੱਚ ਸੌਂਦੇਕੋਠੜੀ-ਦਲਾਨ ਵਾਲੀ ਗਭਲੀ ਕੰਧ ਵਿਚਲੇ ਆਲੇ ਵਿੱਚ ਰੱਖੇ ਦੀਵੇ ਦੀ ਲੋਅ ਵਿੱਚ ਅਸੀਂ ਦੋਵੇਂ ਭਰਾ ਪੜ੍ਹਦੇ - ਇੱਕ ਮੰਜੇ ’ਤੇ ਸੌਂਦੇ ਇੱਕ ਵਾਰ ਦੀਵਾਲੀ ਤੋਂ ਪੰਜ-ਸੱਤ ਦਿਨ ਬਾਅਦ ਰਾਤ ਨੂੰ ਜਦੋਂ ਵੱਡਾ ਭਰਾ ਪੜ੍ਹ ਰਿਹਾ ਸੀ ਤੇ ਮੇਰੇ ਹੁੱਝਾਂ ਮਾਰੀ ਜਾਵੇਉਹ ਮੂੰਹੋਂ ਕੁਝ ਨਾ ਬੋਲੇਮੈਂ ਫਿਰ ਸੌਂ ਜਾਂਦਾਅਖੀਰ ਉਸ ਨੇ ਵੱਟ ਕੇ ਚਪੇੜ ਮਾਰੀ ਤੇ ਹੌਲੀ ਦੇਣੀ ਬੋਲਿਆ, “ਔਹ ਦੇਖ ਸੱਪ, ਰੋਸ਼ਨਦਾਨ ਥਾਣੀਂ ਆਇਆ।” ਅਸੀਂ ਤ੍ਰਭਕ ਗਏ - ਪਰ ਮੰਜੇ ਤੋਂ ਨਾ ਉੱਤਰੇਉਸ ਕਾਲੀ ਸ਼ਾਹ ਚਮਕਦੀ ਖੱਲ ਵਾਲੇ ਫ਼ਨੀਅਰ ਨਾਗ ਨੇ ਆਪਣੀ ਪੂਛ ਦਾ ਵਲ ਕਲੰਡਰ ਲਮਕਾਉਣ ਲਈ ਗੱਡੇ ਕਿੱਲ ਨਾਲ ਪਾਇਆ ਹੋਇਆ ਸੀਉਹ ਆਪਣੇ ਚੌੜੇ ਫੰਨ ਨਾਲ ਕਿੰਨਾ ਸਾਰਾ ਕੰਧ ਤੋਂ ਅਗਾਂਹ ਖਿਲਾਅ ਵਿੱਚ ਆ ਜਾਂਦਾਜ਼ਰਾ ਕੁ ਪਿੱਛੋਂ ਉਹ ਭੁੰਜੇ ਉੱਤਰ ਆਇਆਅਸੀਂ ਇੱਕ ਦੂਜੇ ਨਾਲ ਜੁੜ ਗਏਫਿਰ ਉਹ ਫ਼ੁਰਤੀ ਨਾਲ ਕੋਠੜੀ ਵਿੱਚ ਵੜ ਗਿਆਅਸੀਂ ਭਾਈਏ ਹੋਰਾਂ ਨੂੰ ਜਗਾਇਆਅਜੇ ਪਸ਼ੂ ਅੰਦਰ ਬੰਨ੍ਹਣੇ ਸ਼ੁਰੂ ਨਹੀਂ ਕੀਤੇ ਸਨ

ਸਾਡੀ ਹਫ਼ੜਾ-ਤਫ਼ੜੀ ਤੇ ਉੱਚੇ ਬੋਲਾਂ ਨੂੰ ਸੁਣ ਕੇ ਆਲੇ-ਦੁਆਲੇ ਦੇ ਜੀਅ ਉੱਠ ਪਏਤਾਇਆਂ ਦੇ ਪੁੱਤ ਵੀ ਆ ਗਏਉਨ੍ਹਾਂ ਕੋਠੜੀ ਵਿੱਚੋਂ ਸਾਰਾ ਨਿਕਸੁਕ ਤੇ ਪਾਥੀਆਂ ਨੂੰ ਕੱਢ ਕੇ ਵਿਹੜੇ ਵਿੱਚ ਰੱਖ ਦਿੱਤਾਉਹ ਸੱਪ ਨੂੰ ਬਚ-ਬਚ ਟੋਲਦੇ, ਛੱਤ ਦੀਆਂ ਕੜੀਆਂ ਵਿੱਚ ਡਾਂਗਾਂ ਮਾਰ-ਮਾਰ ਜਾਚਦੇਬਾਂਸਾਂ ਦੀਆਂ ਕੜੀਆਂ ਵਿੱਚ ਡੰਡੇ ਪਾ ਪਾ ਦੇਖਦੇ ਕਿ ਇਨ੍ਹਾਂ ਦੀਆਂ ਖਾਲੀ ਪੋਰਾਂ ਵਿੱਚ ਨਾ ਵੜ ਗਿਆ ਹੋਵੇਪਰ ਕੁਝ ਵੀ ਪਤਾ ਨਾ ਲੱਗਾ ਕਿ ਸੱਪ ਗਿਆ ਕਿੱਧਰ!

ਵਿਹੜੇ ਵਿੱਚ ਕਿਸੇ ਨੇ ਕਿਹਾ, “ਮੁੰਡਿਆਂ ਨੂੰ ਭੁਲੇਖਾ ਲੱਗ ਗਿਆ ਲਗਦਾ।”

ਕੋਈ ਕਹਿੰਦਾ, “ਹੁਣ ਇੰਨੇ ਨਿਆਣੇ ਥੋੜ੍ਹੇ ਆ - ਨਾਲੇ ਦੀਵਾ ਜਗਦਾ ਸੀ।”

ਕਿਸੇ ਨੇ ਕਿਹਾ, “ਬਈ ਸਾਰੀ ਧਰਤੀ ਇਨ੍ਹਾਂ ਦੀ ਆ, ਨਾਲੇ ਧਰਤੀ ਬਿਹਲ ਦੇ ਦਿੰਦੀ ਆ ਇਨ੍ਹਾਂ ਨੂੰ - ਫੇ ਬੀ ਸਰਦਲ ਮੋਹਰੇ ਸੁਆਹ ਛਾਣ ਦਿਓ ਤੇ ਗੁੱਗਲ ਧੁਖਾ ਦਿਓ - ਆਪੇ ਈ ਸਬੇਰ ਨੂੰ ਪਤਾ ਲੱਗ ਜਾਊ ਜੇ ਲੀਕ ਲੱਗ ਗਈ ਤਾਂ, ਕਿਉਂ ਠਾਕਰਾ?”

ਸੁਆਹ ਛਾਨਣ ਮਗਰੋਂ ਭਾਈਏ ਨੇ ਦੋ ਟੁੱਕ ਕਿਹਾ, “ਆਹ ਅੱਧੇ ਗੁਰਦੁਆਰੇ ਵਿੱਚ ਤਾਂ ਬਣ ਚੜ੍ਹਿਆ ਆਜਿੰਨਾ ਚਿੱਕਰ ਕੇੜਿਆਂ, ਅੱਕੜਿਆਂ, ਠੋਹਰਾਂ, ਬਾਂਸਾਂ, ਝਾੜ-ਬੂਝੇ ਦੇ ਕਸੁੱਸਰ ਦਾ ਬਢਾਂਗਾ ਨਹੀਂ ਹੁੰਦਾ ਉੰਨਾ ਚਿੱਕਰ ਇੱਦਾਂ ਈ ਰਹਿਣੀ ਆ“ ਹਾਅ ਦੇਖੀ ਨਹੀਂ ਗਲੋ ਕਿੱਦਾਂ ਮੱਲੀਊ ਆ।” ਗੁਰਦੁਆਰੇ ਦੇ ਵਗਲੇ ਵਜੋਂ ਕੰਡਿਆਲੇ ਪੌਦਿਆਂ ਤੇ ਰੁੱਖਾਂ ਦੀ ਵਾੜ ਕੀਤੀ ਹੋਈ ਸੀਦਰਅਸਲ, ਇਹ ਵਾੜ ਸਹਿਆਂ, ਸੱਪਾਂ, ਗੋਹਾਂ, ਨਿਓਲਿਆਂ ਆਦਿ ਦੀ ਵੱਡੀ ਪਨਾਹਗਾਹ ਸੀਰਾਜਪੁਰ (ਮਾਧੋਪੁਰ ਤੋਂ ਲਹਿੰਦੇ ਵੱਲ ਨੂੰ ਛੇ ਕਿਲੋਮੀਟਰ ਦੇ ਫ਼ਾਸਲੇ ਉੱਤੇ ਜ਼ਿਲ੍ਹਾ ਜਲੰਧਰ ਦਾ ਪਿੰਡ) ਦੇ ਸਾਂਸੀ ਆਪਣੇ ਸ਼ਿਕਾਰੀ, ਲੰਡੇ, ਖੰਡੇ ਤੇ ਸਾਧਾਰਣ ਕੁੱਤਿਆਂ ਦੀ ਫ਼ੌਜ ਨਾਲ ਆਉਂਦੇਉਨ੍ਹਾਂ ਦੇ ਹੱਥਾਂ ਵਿੱਚ ਡਾਂਗਾਂ-ਕੁਦਾਲੀਆਂ ਹੁੰਦੀਆਂਉਹ ਫ਼ੁਰਤੀ ਨਾਲ ਸ਼ਿਕਾਰ ’ਤੇ ਝਪਟਣ ਲਈ ਕੁੱਤਿਆਂ ਨੂੰ ਸ਼ਸ਼ਕੇਰਦੇਮੂੰਹੋਂ ਹਿਲ੍ਹਾ-ਹਿਲ੍ਹਾ ਕਹਿੰਦੇ ਤੇ ਵੱਖ-ਵੱਖ ਆਵਾਜ਼ਾਂ ਕੱਢਦੇਹਾਲਾ-ਲਾਲਾ ਮਚਾਉਂਦੇਪਲਾਂ ਵਿੱਚ ਹੀ ਉਨ੍ਹਾਂ ਵਿੱਚੋਂ ਕਿਸੇ ਦੇ ਮੋਢੇ ਉੱਤੇ ਰੱਖੀ ਡਾਂਗ ਦੇ ਸਿਰੇ ਉੱਤੇ ਸਹਿਆ ਜਾਂ ਗੋਹ ਲਮਕਦੇ ਹੁੰਦੇ

ਖ਼ੈਰ, ਅਗਲੀ ਸਵੇਰ ਨੂੰ ਸੱਪ ਦੀ ਕੋਈ ਲੀਕ ਨਾ ਲੱਗੀਮੈਂ ਡਰਦਾ ਕਈ ਦਿਨ ਕੋਠੜੀ ਅੰਦਰ ਨਾ ਵੜਿਆਜੇ ਦਿਨ ਵੇਲੇ ਕਿਸੇ ਕੰਮ ਅੰਦਰ ਜਾਂਦਾ ਤਾਂ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਤੇ ਲੱਤਾਂ ਕੰਬਣ ਲੱਗ ਪੈਂਦੀਆਂਕੁਝ ਦਿਨਾਂ ਪਿੱਛੋਂ ਸਭ ਕੁਝ ਆਮ ਵਾਂਗ ਹੋ ਗਿਆਮਾਂ ਪਹਿਲਾਂ ਵਾਂਗ ਤੜਕੇ ਨੂੰ ਦੁੱਧ ਰਿੜਕਦੀ ਹੋਈ ਗਾਉਣ ਲੱਗ ਪਈ:

ਸੁਣ ਨੀ ਮਾਂਏਂ ਮੇਰੀਏ,
ਧੀਆਂ ਕਿਉਂ ਦਿੱਤੀਆਂ ਦੂਰ,
ਸੁਣ ਨੀ ਮਾਂਏਂ ਮੇਰੀਏ ...।

***

(ਅਗਾਂਹ ਪੜ੍ਹੋ, ਕਾਂਡ ਨੌਵਾਂ: ਬ੍ਰਹਮਾ ਦੇ ਫੋਕੇ-ਥੋਥੇ ਚੱਕਰਵਿਊ)

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2424)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਬਲਬੀਰ ਮਾਧੋਪੁਰੀ

ਬਲਬੀਰ ਮਾਧੋਪੁਰੀ

Delhi, India.
Phone: (011 - 91 - 93505 - 48100)

Email: (bmadhopuri@yahoo.in)

More articles from this author