BalbirMadhopuri7ਜਦੋਂ ਅਸੀਂ ਗੰਗਾ ਨਗਰ ਕਣਕ-ਛੋਲੇ ਬੱਢਣ ਜਾਈਦਾ, ਪਾਣੀ ਪੀਣ ਲਈ ਕਹੀਏ ਤਾਂ ...
(11 ਦਸੰਬਰ 2020)

 

ਧੁੰਦ ਦੇ ਬੱਦਲ ਦੌੜ-ਦੌੜ ਸੂਰਜ ਨੂੰ ਚੁਫੇਰਿਓਂ ਘੇਰ ਰਹੇ ਸਨਦੁਪਹਿਰ ਹੋਣ ਵਾਲੀ ਸੀ ਪਰ ਬੱਦਲਾਂ ਦੇ ਛਟਣ ਦਾ ਆਸਾਰ ਨਜ਼ਰ ਨਹੀਂ ਸੀ ਆਉਂਦਾਠੰਢੀ-ਯੱਖ ਵਗਦੀ ਹਵਾ ਕਾਰਨ ਸਕੂਲ ਦੇ ਬਹੁਤੇ ਨਿਆਣੇ ਅਜੇ ਵੀ ਠੁਰ-ਠੁਰ ਕਰ ਰਹੇ ਸਨਤਫ਼ਰੀਹ (ਅੱਧੀ ਛੁੱਟੀ) ਤੋਂ ਪਹਿਲਾਂ ਵੱਜੀ ਘੰਟੀ ਸੁਣ ਕੇ ਸਾਰੇ ਹੱਕੇ-ਬੱਕੇ ਰਹਿ ਗਏਕਿਸੇ ਨੇ ਕੋਈ ਅੰਦਾਜ਼ਾ ਲਾਇਆ ਤੇ ਕਿਸੇ ਨੇ ਕੋਈਮੇਰੇ ਚਿੱਤ ਵਿੱਚ ਆਇਆ ਕਿ ਮੋਹਨ ਲਾਲ ਜ਼ਰੂਰ ਆਪਣੀ ਡਾਕ-ਥੈਲੀ ਵਿੱਚ ਅਜਿਹੀ ਕੋਈ ਖ਼ਬਰ ਲਿਆਇਆ ਹੋਵੇਗਾ ਜਿਸ ਦੀ ਵਜਾਹ ਬੇਵਕਤੀ ਘੰਟੀ ਵੱਜੀ ਹੈ

ਪੰਜਾਂ ਹੀ ਜਮਾਤਾਂ ਦੇ ਵਿਦਿਆਰਥੀ ਪਾਲਾਂ ਬਣਾ ਕੇ ਇਵੇਂ ਬੈਠ ਗਏ ਜਿਵੇਂ ਸਵੇਰ ਦੀ ਪ੍ਰਾਰਥਨਾ ਸਭਾ ਜੁੜੀ ਹੋਵੇਹੈੱਡਮਾਸਟਰ ਚੇਤ ਰਾਮ ਸ਼ਰਮਾ ਸਾਨੂੰ ਮੁਖ਼ਾਤਿਬ ਹੋਏ, “ਬੜੇ ਅਫ਼ਸੋਸ ਨਾਲ ਦੱਸ ਰਿਹਾ ਹਾਂ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਲਾਲ ਬਹਾਦੁਰ ਸ਼ਾਸਤਰੀ ਜੀ ਕੱਲ੍ਹ (10 ਜਨਵਰੀ, 1966) ਤਾਸ਼ਕੰਦ ਵਿਖੇ ਹਿੰਦ-ਪਾਕਿ ਸਮਝੌਤੇ ਤੋਂ ਥੋੜ੍ਹਾ ਚਿਰ ਬਾਅਦ ਗੁਜ਼ਰ ਗਏ ਹਨ।”

ਵਿਦਿਆਰਥੀਆਂ-ਅਧਿਆਪਕਾਂ ਦੇ ਚਿਹਰਿਆਂ ਉੱਤੇ ਵਗਦੇ ਠੱਕੇ ਨੇ ਜਿਵੇਂ ਠੰਢੀ ਧੁੰਦ ਦੀ ਇੱਕ ਹੋਰ ਪਰਤ ਚੜ੍ਹਾ ਦਿੱਤੀ ਹੋਵੇਉਹ ਬੇਹਰਕਤ ਖੜ੍ਹੇ ਬੁੱਤ ਲਗਦੇ ਸਨ

ਹੈੱਡਮਾਸਟਰ ਜੀ ਦੱਸਣ ਲੱਗੇ, ‘ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸ਼ਾਸਤਰੀ ਜੀ ਬਹੁਤ ਗਰੀਬ ਪਰਿਵਾਰ ਵਿੱਚ ਪੈਦਾ ਹੋਏ ਸਨਉਹ ਇੱਕ ਸਾਲ ਦੇ ਸਨ ਕਿ ਉਨ੍ਹਾਂ ਦੇ ਪਿਤਾ ਜੀ ਪੂਰੇ ਹੋ ਗਏਵਾਰਾਨਸੀ ਪੜ੍ਹਨ ਜਾਣ ਲਈ ਉਨ੍ਹਾਂ ਨੂੰ ਕਈ ਵਾਰ ਗੰਗਾ ਨਦੀ ਤਰ ਕੇ ਜਾਣਾ ਪੈਂਦਾ ਸੀ ਕਿਉਂਕਿ ਉਨ੍ਹਾਂ ਕੋਲ ਕਿਸ਼ਤੀ ਰਾਹੀਂ ਦੂਜੇ ਕਿਨਾਰੇ ਜਾਣ ਲਈ ਭਾੜਾ ਨਹੀਂ ਹੁੰਦਾ ਸੀਉਹ ਬਹੁਤ ਗੰਭੀਰ ਤੇ ਸਖ਼ਤ ਮਿਹਨਤੀ ਸੁਭਾਅ ਦੇ ਸ਼ਾਗਿਰਦ ਸਨਉਨ੍ਹਾਂ ਚੜ੍ਹਦੀ ਜਵਾਨੀ ਵਿੱਚ ਦੇਸ਼ ਦੀ ਆਜ਼ਾਦੀ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀਅਹਿੰਸਾ ਵਿੱਚ ਯਕੀਨ ਰੱਖਣ ਅਤੇ ਸਾਦਾ ਜ਼ਿੰਦਗੀ ਬਤੀਤ ਕਰਨ ਵਾਲੇ ਇਨਸਾਨ ਸਨਉਹ ਕਈ ਮਹਿਕਮਿਆਂ ਦੇ ਵਜ਼ੀਰ ਰਹੇਛੋਟੇ ਕੱਦ ਦੇ ਸ਼ਾਸਤਰੀ ਜੀ ਨੂੰ ਉਨ੍ਹਾਂ ਦੀਆਂ ਵੱਡੀਆਂ ਪ੍ਰਾਪਤੀਆਂ ਸਦਕਾ ਹਮੇਸ਼ਾ ਯਾਦ ਰੱਖਿਆ ਜਾਵੇਗਾਹੁਣ ਮੈਂ ਉਨ੍ਹਾਂ ਦਾ ਦਿੱਤਾ ਨਾਹਰਾ ਤਿੰਨ ਵਾਰ ਲਾਵਾਂਗਾ, ਤੁਸੀਂ ਪਿੱਛੇ-ਪਿੱਛੇ ਜੋਸ਼ ਨਾਲ ਬੋਲਣਾ- ‘ਜੈ ਜਵਾਨ ਜੈ ਕਿਸਾਨ’, ‘ਸ਼੍ਰੀ ਲਾਲ ਬਹਾਦੁਰ ਸ਼ਾਸਤਰੀ ਅਮਰ ਰਹੇ

ਹਾਜ਼ਰ ਵਿਦਿਆਰਥੀਆਂ, ਇੱਕ ਮਾਸਟਰ ਤੇ ਭੈਣ ਜੀ ਨੇ ਇੱਕ ਆਵਾਜ਼ ਵਿੱਚ ਉੱਚੀ-ਉੱਚੀ ਨਾਹਰੇ ਬੋਲਦਿਆਂ ਆਪਣੇ ਸੱਜੇ ਹੱਥਾਂ ਦੀਆਂ ਮੁੱਠਾਂ ਹਵਾ ਵਿੱਚ ਉਲਾਰੀਆਂਫਿਰ ਹੈੱਡਮਾਸਟਰ ਜੀ ਨੇ ਸਲਾਹ ਵਰਗਾ ਹੁਕਮ ਕੀਤਾ, ‘ਹੁਣ ਆਪਾਂ ਦੋ ਮਿੰਟ ਦਾ ਮੌਨ ਰੱਖਾਂਗੇ!’

ਸਾਰੇ ਜਣੇ ਨੀਵੀਂ ਪਾ ਕੇ ਚੁੱਪ-ਚਾਪ ਖੜ੍ਹੇ ਸਨਖ਼ਾਮੋਸ਼ੀ ਦਾ ਪਹਿਰਾ ਪਸਰਿਆ ਹੋਇਆ ਸੀਮਾਸਟਰ ਰਾਮ ਕਿਸ਼ਨ ਜੀ ਦੇ ‘ਵਿਸ਼ਰਾਮਆਖਣ ਪਿੱਛੋਂ ਹੈੱਡਮਾਸਟਰ ਸ਼ਰਮਾ ਨੇ ਦੋ ਦਿਨ ਦੀ ਛੁੱਟੀ ਮਰਹੂਮ ਪ੍ਰਧਾਨ ਮੰਤਰੀ ਦੇ ਸੋਗ ਵਜੋਂ ਐਲਾਨੀਭਰਿਆ ਸਕੂਲ ਪਲ ਵਿੱਚ ਖਾਲੀ ਹੋ ਗਿਆਵਿਦਿਆਰਥੀ ਝੋਲੇ-ਫੱਟੀਆਂ ਚੁੱਕੀ ਦੌੜਦੇ ਇਉਂ ਜਾ ਰਹੇ ਸਨ ਜਿਵੇਂ ਜੇਲ੍ਹਖ਼ਾਨੇ ਤੋਂ ਛੁੱਟੇ ਕੈਦੀ, ਜਿਵੇਂ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਚਲਾਣੇ ਕਾਰਨ ਹੋਈ ਛੁੱਟੀ ਵਕਤ ਖ਼ੁਸ਼ੀਆਂ ਮਨਾਉਂਦੇ ਦੌੜੇ ਸਨ

ਖ਼ੈਰ, ਮੈਂ ਇਕੱਲਾ ਤੁਰਿਆ ਰਿਹਾਸ਼ਾਸਤਰੀ ਕੋਲ ਪੈਸਿਆਂ ਖੁਣੋ ਕਿਸ਼ਤੀ ਰਾਹੀਂ ਨਦੀ ਨਾ ਪਾਰ ਕਰ ਸਕਣ ਦੀ ਹਕੀਕਤ ਨੇ ਮੈਂਨੂੰ ਬੇਚੈਨ ਤੇ ਪਰੇਸ਼ਾਨ ਕਰ ਦਿੱਤਾਖ਼ਿਆਲ ਆਇਆ, ‘ਕੀ ਹੋਇਆ ਜੇ ਨਾਲ ਪੜ੍ਹਦੇ ਮੁੰਡੇ ਜਾਤ ਦਾ ਮਿਹਣਾ ਮਾਰਦੇ ਆ- ਸ਼ਾਸਤਰੀ ਕਿਹੜਾ ਬ੍ਰਾਹਮਣ ਸੀਕੀ ਹੋਇਆ ਜੇ ਮੇਰੇ ਕੋਲ ਹੋਰ ਕੱਪੜੇ ਨਹੀਂ- ਮੇਰੇ ਨਾਲ ਮੇਰਾ ਭਾਈਆ ਹੈ, ਸ਼ਾਸਤਰੀ ਕੋਲ ਤਾਂ ਉਹ ਵੀ ਨਹੀਂ ਸੀਜੇ ਸ਼ਾਸਤਰੀ ਆਪਣੀ ਗਰੀਬੀ ਦੌਰਾਨ ਮਿਹਨਤ ਤੇ ਦ੍ਰਿੜ੍ਹਤਾ ਨਾਲ ਇੱਥੇ ਤਕ ਪਹੁੰਚ ਸਕਦਾ ਹੈ ਤਾਂ ਮੈਂਨੂੰ ਹਿੰਮਤ ਨਾਲ ਪੜ੍ਹਾਈ ਕਰਨੀ ਚਾਹੀਦੀ ਹੈ

ਘਰ ਦੀ ਸਰਦਲ ਟੱਪਦਿਆਂ ਮੇਰੀਆਂ ਸੋਚਾਂ ਦੀ ਮਾਲ ਗੱਡੀ ਥਾਂ ਹੀ ਰੁਕ ਗਈਦੋ-ਤਿੰਨ ਦਿਨ ਪਹਿਲਾਂ ਮਿਲਣ ਆਈ ਹੋਈ ਮੇਰੀ ਕਰਮੀ ਭੂਆ ਰੋ ਰਹੀ ਸੀਉਹਦੀਆਂ ਲਾਲ ਹੋਈਆਂ ਅੱਖਾਂ ਤੋਂ ਲਗਦਾ ਸੀ ਕਿ ਉਹ ਚਿਰੋਕਣੀ ਹੰਝੂ ਵਹਾਉਂਦੀ ਹੋਵੇਗੀਮੇਰੀ ਮਾਂ ਤੇ ਦਾਦੀ ਉਹਦੇ ਕੋਲ ਬੈਠੀਆਂ ਸਨਭੂਆ ਦੁਪੱਟੇ ਨਾਲ ਅੱਖਾਂ ਪੂੰਝਦੀ ਬੋਲੀ, ‘ਰੱਬ ਉਹ ਦਿਨ ਕਿਸੇ ਬੈਰੀ-ਦੁਸ਼ਮਣ ਨੂੰ ਨਾ ਦਖਾਲੇ, ਮਾਂਵਾਂ ਦੇ ਸਾਹਮਣੇ ਉਨ੍ਹਾਂ ਦੇ ਸਰੂਆਂ ਅਰਗੇ ਪੁੱਤ ਮਾਰਤੇ, ਧੀਆਂ-ਭੈਣਾਂ ਦੀਆਂ ਦੋਧੀਆਂ ਵੱਢ ’ਤੀਆਂਲੋਕਾਂ ਨੇ ਆਪਣੇ ਹੱਥੀਂ ਧੀਆਂ ਨੂੰ ਵੱਢ ਕੇ ਖੂਹਾਂ ਵਿੱਚ ਸਿੱਟਤਾ ... ਬਹੁਤੀਆਂ ਨੂੰ ਜ਼ਹਿਰਾਂ ਦੇ ’ਤੀਆਂ

ਭੂਆ ਨੇ ਫਿਰ ਅੱਖਾਂ ਪੂੰਝੀਆਂ ਤੇ ਦੱਸਣ ਲੱਗੀ, ‘ਸਾਡੇ ਕਾਫ਼ਲੇ ਦੇ ਕਈ ਬੰਦੇ ਰਾਹ ਵਿੱਚ ਮਰ-ਖਪ ਗਏਲੋਥਾਂ ਦੇ ਦੇਖੇ ਢੇਰ ਜਦੋਂ ਰਾਤ ਨੂੰ ਅੱਖਾਂ ਮੋਹਰੇ ਆਉਂਦੇ ਆ ਤਾਂ ਹਾਲੇ ਬੀ ਨੀਂਦ ਨਹੀਂ ਆਉਂਦੀ... ਪਤਾ ਨਹੀਂ ਵਸਦੇ-ਰਸਦੇ ਲੋਕਾਂ ਦਾ ਲਹੂ ਦਿਨਾਂ ਵਿੱਚ ਕਿੱਦਾਂ ਪਾਣੀ ਬਣ ਗਿਆ - ਜਿਹਦਾ ਕਦੀ ਚਿੱਤ-ਚੇਤਾ ਨਹੀਂ ਸੀਨਿੱਜ ਹੋਣਾ ਨਾ ਪਾਕਸਤਾਨ ਬਣਦਾ ਨਾ ਲੋਕਾਂ ਦੀ ਇੱਦਾਂ ਦੁਰਦਸ਼ਾ ਹੁੰਦੀ ...

ਭੂਆ ਦੀਆਂ ਗੱਲਾਂ ਸੁਣਦਿਆਂ ਮੇਰੀ ਮਾਂ ਜ਼ਾਰੋਜ਼ਾਰ ਰੋਣ ਲੱਗ ਪਈ ਤੇ ਮੇਰੀਆਂ ਭੁੱਬਾਂ ਨਿਕਲ ਗਈਆਂ ਮੈਂਨੂੰ ਲੱਗਿਆ ਕਿ ਭੂਆ ਦੇ ਮਨ ਉੱਤੇ ਪਏ ਟੱਕ ਅਜੇ ਅੱਲੇ ਹਨਇਹ ਸੱਲ ਉਹਨੂੰ ਜਦੋਂ ਯਾਦ ਆਉਂਦਾ ਹੈ ਤਾਂ ਉਹ ਫਿੱਸ ਪੈਂਦੀ ਹੈ

ਮਾਂ ਨੇ ਮੈਂਨੂੰ ਆਪਣੇ ਕਲਾਵੇ ਵਿੱਚ ਲੈ ਕੇ ਤੇ ਭੂਆ ਨੂੰ ਦਿਲਾਸਾ ਦਿੰਦਿਆਂ ਆਖਿਆ, ‘ਬੀਬੀ ਕਿਸੇ ਦੇ ਬੱਸ ਦੀ ਗੱਲ ਨਹੀਂ, ਜੋ ਕਿਸਮਤ ਵਿੱਚ ਲਿਖਿਆ, ਉਹ ਹੋ ਕੇ ਰਹਿੰਦਾ ...!’

ਜਦੋਂ ਆਉਨੀ ਆਂ ਇਹੋ ਝੋਰਾ ਲੈ ਕੇ ਬਹਿ ਜਾਨੀ ਆਂਤੂੰ ਸ਼ੁਕਰ ਮਨਾ ਪਈ ਤੇਰਾ ਸਾਰਾ ਟੱਬਰ ਸਹੀ ਸਲਾਮਤ ਪਹੁੰਚ ਗਿਆ!’ ਦਾਦੀ ਨੇ ਆਪਣੀ ਚੁੱਪ ਤੋੜੀ

ਮੈਂ ਰੋਨੀ ਆਂ ਪਈ ਹਿੰਦਸਤਾਨ-ਪਾਕਸਤਾਨ ਬਣ ਗਿਆ- ਆਪਣੇ ਘਰ ਰਾਜ਼ੀ-ਖ਼ੁਸ਼ੀ ਰਹਿਣਲੋਕਾਂ ਨੂੰ ਚੈਨ ਨਾ ਵਸਣ ਦੇਣ ਇੱਕ-ਦੂਏ ਤੋਂ ਬਦਲਾ ਲਈਂਦੇ ਆ ਲੜਾਈ ਛੇੜ ਕੇਪਤਾ ਨਹੀਂ ਕਿੰਨੀਆਂ ਮਾਂਵਾਂ ਦੇ ਪੁੱਤ ਇਸ ਕਲਹਿਣੀ ਕਲਾ ਦੀ ਬਲੀ ਚੜ੍ਹੇ ਹੋਣਗੇਮੈਂ ਦਿਨ-ਰਾਤ ਸੁੱਖਾਂ-ਸੁੱਖਦੀ ਰਹੀ ਪਈ ਮੇਰਾ ਭਰਾ-ਭਤੀਜਾ (ਮੇਰਾ ਤਾਇਆ ਦੀਵਾਨ ਚੰਦ ਤੇ ਵੱਡੇ ਤਾਏ ਦਾ ਪੁੱਤ ਮੋਹਨ ਲਾਲ) ਸੁਖ-ਸੁਖੀਲੀ ਨਾ ਘਰ ਮੁੜ ਆਉਣਰੱਬ ਦਾ ਸ਼ੁਕਰ ਪਈ ਲੜਾਈ (ਸਤੰਬਰ, 1965 ਦੀ ਜੰਗ) ਬੰਦ ਹੋ ਗਈ’ ਭੂਆ ਦੀਆਂ ਅੱਖਾਂ ਥਾਣੀਂ ਪਰਲ-ਪਰਲ ਵਗਦਾ ਪਾਣੀ ਪਤਾ ਨਹੀਂ ਕਿੱਥੋਂ ਆਈ ਜਾ ਰਿਹਾ ਸੀਉਹਦੀ ਭਾਰੀ ਹੋਈ ਜ਼ੁਬਾਨ ਕਾਰਣ ਮੇਰਾ ਮਨ ਇੱਕ ਵਾਰ ਫਿਰ ਭਰ ਆਇਆ

ਇਸੇ ਦੌਰਾਨ ਭਾਈਏ ਨੇ ਥੋੜ੍ਹਾ ਨੀਵਾਂ ਹੋ ਕੇ ਦਲਾਨ ਦਾ ਬੂਹਾ ਲੰਘਦਿਆਂ ਆਟੇ ਦਾ ਬੋਰਾ ਦੁਵੱਲਿਓਂ ਹੱਥਾਂ ਵਿੱਚ ਫੜ ਕੇ ਭੁੰਜੇ ਰੱਖਿਆ, ਜੋ ਰਾਸ਼ਨ ਕਾਰਡ ’ਤੇ ਭੋਗਪੁਰ ਤੋਂ ਮਿਲਿਆ ਸੀ

ਉਹਨੇ ਲੱਸੀ ਗਟਗਟ ਚਾੜ੍ਹਨ ਮਗਰੋਂ ਖਾਲੀ ਗਲਾਸ ਮਾਂ ਨੂੰ ਫੜਾਉਂਦਿਆਂ ਕਿਹਾ, ‘ਮਰ ਜਾਣਾ ਦੁਨੀਆਂ ਨੇ ਲੜ-ਭਿੜ ਕੇ, ਕੁਛ ਹਮਲਿਆਂ (1947 ਵਿੱਚ ਮਿਲੀ ਆਜ਼ਾਦੀ ਜਿਸ ਨਾਲ ਭਾਰਤ-ਪਾਕਿ ਵੰਡ ਵੀ ਹੋਈ) ਵਿੱਚ ਮਰ ਗਏ, ਕੁਛ ਪਲੇਗ ਨਾਲ ਮਰ ਗਏ, ਕੁਛ ਆਹ ਲੜਾਈ ਵਿੱਚ ਮਰ ਗਏ ਤੇ ਰਹਿੰਦੇ-ਖੂੰਹਦੇ ਪਰੂੰ ਦੀ ਪਈਊ ਔੜ-ਸੌਕੇ ਨਾਲ ਭੁੱਖੇ ਮਰ ਜਾਣੇ ਆਖੂਹਾਂ ਦੇ ਤਲ਼ੇ ਸੁੱਕ ਗਏ ਆਫ਼ਸਲਾਂ ਨੇ ਝਾੜ ਕੀ ਦੇਣਾ!’

ਘਰ ਬੈਠੇ ਦੀ ਮੇਰੀ ਨਿਗਾਹ ਨਬੀਏ ਅਰਾਈਂ (ਪਾਕਿਸਤਾਨ ਬਣਨ ਵਕਤ ਲਹਿੰਦੇ ਪੰਜਾਬ ਚਲਾ ਗਿਆ) ਦੇ ਅੰਬ ਵਾਲੇ ਖੂਹ ਅੰਦਰ ਗਈ ਜਿਸ ਨੇ ਨਿੱਤਰੇ ਪਾਣੀ ਤੇ ਗੋਲ-ਚੱਕ ਉੱਤੇ ਕੀਤੀ ਵੱਖਰੀ ਤੇ ਚੌੜੀ ਚਿਣਾਈ ਦਿਸਣ ਲੱਗੀਪੇਤਲੇ ਜਿਹੇ ਪਾਣੀ ਅੰਦਰ-ਬਾਹਰ ਕੁਝ ਸੁੱਕੀਆਂ ਟਹਿਣੀਆਂ ਕਿਸੇ ਆਦਮੀ ਦੇ ਪਿੰਜਰ ਵਰਗੀਆਂ ਲਗਦੀਆਂ ਸਨ ਜੋ ਸਕਿੰਟ ਵਿੱਚ ਹੀ ਮੇਰੇ ਮਨ ਵਿੱਚ ਕਲਪਤ ਨਬੀਏ ਦੀ ਯਾਦ ਵਿੱਚ ਬਦਲ ਗਈਆਂ

ਭਾਈਨੇ ਨੇ ਸਾਡੇ ਸਾਰਿਆਂ ਵੱਲ ਦੇਖਦਿਆਂ ਫਿਰ ਆਖਿਆ, ‘ਸ਼ਹਿਰ ਅਖ਼ਬਾਰਾਂ ਪੜ੍ਹਦੇ ਲੋਕ ਦੱਸਦੇ ਸੀ ਪਈ ਹਾਲਾਤ ਬੰਗਾਲ ਦੇ ਕਾਲ (1943) ਅਰਗੇ ਬਣਦੇ ਜਾਂਦੇ ਆਉਦੋਂ ਟੱਬਰਾਂ ਦੇ ਟੱਬਰ ਮਰ ਗਏਘਰਾਂ ਦੇ ਘਰ ਖਾਲੀ ਹੋ ਗਏਲੋਕਾਂ ਨੇ ਦਸ-ਦਸ ਕਿਲੋ ਆਟੇ ਬਦਲੇ ਆਪਣੇ ਬੱਚੇ ਬੇਚ ਦਿੱਤੇ ਸੀ ਤੇ ਕੁੜੀਆਂ ਦਾ ਮੁੱਲ ਵੱਟਿਆ ਸੀਧੀਆਂ-ਭੈਣਾਂ ਘਰ ਛੱਡਣ ਲਈ ਮਜਬੂਰ ਹੋ ਗਈਆਂਕਈ ਸ਼ਹਿਰਾਂ ਵਿੱਚ ਧੰਦਾ ਕਰਨ ਲੱਗ ਪਈਆਂਟਾਵੀਆਂ-ਟਾਵੀਆਂ ਪੰਜਾਬ ਆ ਗਈਆਂਹਾਅ ਭਾਈ ਬਲਬੀਰ ਲੰਙੇ (ਸਾਡੇ ਘਰ ਦੀ ਪਿਛਾੜੀ ਰਹਿੰਦਾ ਪਰਿਵਾਰ) ਨੇ ਨਹੀਂ ਬੰਗਾਲਣ ਲਿਆਂਦੀਊ ...

ਭਾਈਏ ਦੀ ਅਗਲੀ ਗੱਲ ਸ਼ਾਇਦ ਮੈਂਨੂੰ ਸੁਣੀ ਨਹੀਂ ਸੀਮੇਰੇ ਮਨ ਦੇ ਸ਼ੀਸ਼ੇ ਉੱਤੇ ‘ਭਾਈ ਰਾਣੀ', ਤਾਈ ਆਤੋ ਦੇ ਕੋਠੇ ਦੀ ਛੱਤ ਉੱਤੋਂ ਹੇਠਾਂ ਵਿਹੜੇ ਵਿੱਚ ਉਹਦੇ ਨਾਲ ਗੱਲਾਂ ਕਰਦੀ ਉੱਭਰੀਉਹ ਪੱਕੇ ਰੰਗ ਦੀ ਗੁੰਦਵੇਂ ਤੇ ਗੱਦਰ ਸਰੀਰ ਦੀ ਉੱਚੀ-ਲੰਮੀ ਜਵਾਨ ਤੇ ਚੜ੍ਹਦੇ ਤੋਂ ਚੜ੍ਹਦਾ ਕੱਪੜਾ ਪਾਉਂਦੀ, ਸੁਰਖੀ-ਬਿੰਦੀ ਲਾ ਕੇ ਰੱਖਦੀਜਦੋਂ ਉਹ ਥੋੜ੍ਹਾ ਹਿੰਦੀ ਲਹਿਜ਼ੇ ਵਿੱਚ ਪੰਜਾਬੀ ਬੋਲਦੀ ਜਾਂ ਹੱਸ-ਹੱਸ ਗੱਲ ਕਰਦੀ ਤਾਂ ਉਹਦੇ ਚਿੱਟੇ ਦੰਦਾਂ ਦਾ ਮੋਤੀਆਂ ਵਾਂਗ ਜੜਿਆ ਪੀੜ ਫੱਬਦਾਭਾਈ ਰਾਣੀ ਦਾ ਮੇਰੇ ਮਨ ਤੋਂ ਅਕਸ ਉਦੋਂ ਅਲੋਪ ਹੋ ਗਿਆ ਜਦੋਂ ਬਾਹਰਲੇ ਬੂਹੇ ਤੋਂ ਮਰਦਾਨਾ ਤੇ ਜ਼ਨਾਨਾ ਆਵਾਜ਼ ਸੁਣੀ

ਮੈਂ ਬਾਹਰ ਨੂੰ ਅਹੁਲਦੇ ਵਕਤ ਦੇਖਿਆ ਕਿ ਮੇਰੀ ਮਾਂ, ਮੇਰੀ ਭੂਆ ਤੇ ਦਾਦੀ ਦੇ ਚਿਹਰੇ ਉੱਡੇ ਹੋਏ ਸਨ ਜਿਵੇਂ ਘਰ ਵਿੱਚ ਕੋਈ ਤਾਜ਼ਾ ਸੋਗੀ ਭਾਣਾ ਵਰਤਿਆ ਹੋਵੇਮਾਹੌਲ ਵਿਚਲੀ ਗਹਿਰੀ ਖ਼ਾਮੋਸ਼ੀ ਤੋਂ ਕੋਈ ਓਪਰਾ ਬੰਦਾ ਅੰਦਾਜ਼ਾ ਲਾ ਸਕਦਾ ਸੀ ਕਿ ਘਰ ਵਿੱਚ ਕੋਈ ਜੀਅ ਨਹੀਂ ਰਹਿੰਦਾਭੂਆ ਖੱਬੇ ਗੋਡੇ ਉੱਤੇ ਖੱਬੀ ਕੂਹਣੀ ਟਿਕਾ ਕੇ ਸਿਰ ਨੂੰ ਹੱਥ ਦਾ ਸਹਾਰਾ ਦੇ ਕੇ ਬੈਠੀ ਸੱਚਮੁੱਚ ਕੋਈ ਅਹਿੱਲ ਮੂਰਤੀ ਜਾਂ ਤਸਵੀਰ ਲਗਦੀ ਸੀ

ਪਲ ਭਰ ਦੀ ਇਸ ਰੁਕਣੀ ਮਗਰੋਂ ਮੈਂ ਫੁਰਤੀ ਨਾਲ ਬਾਹਰਲੇ ਬੂਹੇ ਵਲ ਗਿਆ ਜਦੋਂ ਤਰਲੇ ਭਰੀ ਆਵਾਜ਼ ਕੰਨਾਂ ਵਿੱਚ ਮੁੜ ਪਈ ਇੱਕ ਜਵਾਨ ਬੰਦੇ ਨੇ ਬੂਟੀਆਂ ਵਾਲੀ ਪੱਗ ਦੇ ਪੋਲੇ ਜਿਹੇ ਅਘੜ-ਦੁਘੜੇ ਲਪੇਟ ਮਾਰੇ ਹੋਏ ਸਨ ਗੱਲ ਚਿੱਟਾ ਕੁੜਤਾ ਤੇ ਤੇੜ ਧੋਤੀ ਬੰਨ੍ਹੀ ਹੋਈ ਸੀਉਹਦੇ ਘਰਵਾਲੀ ਸੁਹਣੀ-ਸੁਨੱਖੀ ਤੇ ਲਾਲ ਭਾ ਮਾਰਦਾ ਚਿਹਰਾਉਹਨੇ ਬਹੁ-ਰੰਗੀ ਸਾੜ੍ਹੀ ਤੇ ਉੱਤੋਂ ਦੀ ਗਰਮ ਸ਼ਾਲ ਦੀ ਬੁੱਕਲ ਮਾਰੀ ਹੋਈ ਸੀਲੱਕ ਦੁਆਲੇ ਚਾਂਦੀ ਦੀ ਗਹਿਣਾ-ਨੁਮਾ ਪੇਟੀ ਬੰਨ੍ਹੀ ਹੋਈ ਸੀਨੰਗੇ ਡੌਲਿਆਂ, ਬਾਹਾਂ ਤੇ ਗਿੱਟਿਆਂ ਵਿੱਚ ਚਾਂਦੀ ਦੇ ਮੋਟੇ ਗਜਰੇ, ਕੜੇ, ਛੱਲੇ ਤੇ ਕੰਙਣ ਪਾਏ ਹੋ ਸਨਉਨ੍ਹਾਂ ਦੀਆਂ ਗਾਚਣੀ ਰੰਗ ਦੀਆਂ ਦੇਸੀ ਜੁੱਤੀਆਂ ਦੀ ਦਿੱਖ ਖ਼ੂਬਸੂਰਤ ਸੀਉਨ੍ਹਾਂ ਦੋਹਾਂ ਨੇ ਇੱਕ-ਇੱਕ ਬੱਚਾ ਆਪੋ-ਆਪਣੀ ਹਿੱਕ ਨਾਲ ਲਾਇਆ ਹੋਇਆ ਸੀ

ਇਹ ਸਭ ਕੁਝ ਤੱਕਦਿਆਂ ਮੇਰੀ ਮਾਂ ਆਈਉਹ ਦੋਵੇਂ ਜਣੇ ਤਰਲੇ ਕਰਨ ਲੱਗੇ, ‘ਬੀਬੀ ਦੋ-ਦੋ ਰੋਟੀਆਂ ਦੇ ਦੇ ਯਾ ਆਟੇ ਕੀ ਦੋ ਮੁੱਠਾਂ ਦੇ ਦੇ - ਹਮ ਔਰ ਯੇਹ ਹਮਾਰੇ ਬੱਚੇ ਭੂਖੇ ਹੈਂਸੋਕਾ ਪੜ੍ਹ ਰਹਾ ਹੈ - ਫਸਲ ਨਹੀਂ ਹੋ ਰਹੀ - ਹਮ ਮਾਂਗਨੇ ਵਾਲੇ ਨਹੀਂ ਹੈਂ - ਬੱਸ ਦੋ ਰੋਟੀਆਂ ਯਾ ...

ਇਸ ਅਜਨਬੀ ਜੋੜੇ ਦੇ ਮਿੰਨਤਾਂ-ਤਰਲੇ ਦੇਖ ਕੇ ਮੈਂਨੂੰ ਤਰਸ ਆ ਗਿਆਛੋਟੇ ਬੱਚੇ ਨੇ ਆਪਣੀ ਮਾਂ ਦੀ ਬੁੱਕਲ ਵਿੱਚੋਂ ਸਾਡੇ ਵਲ ਓਪਰੀ ਜਿਹੀ ਨਜ਼ਰ ਮਾਰਦਿਆਂ ਤੇ ਆਪਣੀ ਮਾਂ ਦੇ ਮੋਢੇ ਨਾਲ ਸਿਰ ਲਾਉਂਦਿਆਂ ਉਹਨੂੰ ਘੁੱਟ ਲਿਆ

ਸਾਨੂੰ ਮਾਂ-ਪੁੱਤ ਨੂੰ ਦਲਾਨ ਅੰਦਰ ਵੜਦਿਆਂ ਦੇਖ ਭਾਈਏ ਨੇ ਪਹਿਲਾਂ ਵਰਗੀ ਗੱਲ ਫਿਰ ਤੋਰੀ, ‘ਦੇਖੋ ਹਾਅ ਜੋਰਾਵਰ ਕਈਂਦੇ ਕਹਾਉਂਦੇ ਰਾਜਪੂਤ ਭੁੱਖ ਨੇ ਕਿੱਦਾਂ ਅੱਝੇ ਕਰਤੇ ਆਇਨ੍ਹਾਂ ਨੂੰ ਸਾਡੇ ਬਿਹੜੇ-ਮੁਹੱਲੇ ਦਾ ਪਤਾ ਬੀ ਆਇਨ੍ਹਾਂ ਨੇ ਕਦੀ ਕੋਲ ਨਹੀਂ ਢੁੱਕਣ ਦਿੱਤਾਜਦੋਂ ਅਸੀਂ ਗੰਗਾ ਨਗਰ ਕਣਕ-ਛੋਲੇ ਬੱਢਣ ਜਾਈਦਾ, ਪਾਣੀ ਪੀਣ ਲਈ ਕਹੀਏ ਤਾਂ ਪਈਲਾਂ ਜਾਤ ਪੁੱਛਦੇ ਆ ਤੇ ਹੁਣ ਸਾਡੇ ਦਰਾਂ ’ਤੇ ਮੰਗਦੇ ਫਿਰਦੇ ਆਕੋਈ ਪੁੱਛਣ ਆਲਾ ਹੋਬੇ ਪਈ ਹੁਣ ਧੁਆਡੀ ਆਕੜ, ਹੰਕਾਰ ਤੇ ਦਬਦਬਾ ਕਿੱਥੇ ਗਿਆ? ਕਈਂਦੇ ਆ ਪਈ ਭੁੱਖ-ਮੁਸੀਬਤ ਬੇਲੇ ਕਿਸੇ ਨੇ ਆਪਣੀ ਮਾਂ ਦੇ ਯਾਰ ਨੂੰ ਬੀ ਬਾਪ ਬਣਾ ਲਿਆ ਸੀ

ਹੁੱਕੇ ਦੇ ਕੋ ਕਾਹਲੇ ਘੁੱਟ ਭਰਨ ਪਿੱਛੋਂ ਭਾਈਏ ਨੇ ਫਿਰ ਆਖਿਆ, ਸਾਡੀ ਗੱਲ ਸਮਝਣ ਦਾ ਕਿਸੇ ਕੋਲ ਟੈਮ ਈ ਨਹੀਂ ਪਈ ਜਾਤਾਂ-ਪਾਤਾਂ ਦਾ ਸਾਰਾ ਤਾਣਾ-ਬਾਣਾ ਰੱਬ ਨੇ ਨਹੀਂ, ਬੰਦੇ ਨੇ ਆਪਣੇ ਮੁਫ਼ਾਦ ਬਾਸਤੇ ਘੜਿਆ ਹੋਇਆ

ਭਾਈਏ ਵਲੋਂ ਲਗਾਤਾਰ ਕੀਤੀਆਂ ਗੱਲਾਂ ਨੂੰ ਘਰ ਦੇ ਜੀਆਂ ਨੇ ਗਹੁ ਨਾਲ ਸੁਣਿਆ ਪਰ ਭਰਵਾਂ ਹੁੰਗਾਰਾ ਕਿਸੇ ਨਾ ਭਰਿਆਮਾਂ ਨੇ ਮੇਰੀ ਨਵ-ਜੰਮੀ ਭੈਣ ਨੂੰ ਦੁੱਧ ਚੁੰਘਾਉਣ ਤੇ ਉਹਨੂੰ ਸੁੱਤੀ ਨੂੰ ਮੰਜੇ ਉੱਤੇ ਪਾਉਣ ਮਗਰੋਂ ਆਖਿਆ, ‘ਗੱਲ ਇੱਥੇ ਨਿੱਬੜਦੀ ਆ ਪਈ ਲਿਖੀਆਂ ਅੱਗੇ ਕਿਸੇ ਦਾ ਜੋਰ ਨਹੀਂ ...ਦੇਖੋ ਕਾਲ ਨੇ ਕਈਆਂ ਨੂੰ ਰਾਜਿਆਂ ਤੋਂ ਰੰਕ ਬਣਾਤਾ!’

ਭੂਆ ਨੇ ਸਿਰ ਹਿਲਾ ਕੇ ਮਾਂ ਦੇ ਬੋਲਾਂ ਦੀ ਹਾਮੀ ਭਰੀ ਤੇ ਦਾਦੀ ਮਾਂ ਨੇ ਪੈਰੀਂ ਜੁੱਤੀ ਪਾ ਕੇ ਹੱਥ ਵਿੱਚ ਸੋਟਾ ਫੜ ਲਿਆ

ਇਹਨੂੰ ਹੋਰਾਂ ਦੀ ਚਿੰਤਾ, ਆਪਣੀ ਨਹੀਂਅਸੀਂ ਨਿੱਤ ਫਾਕੇ ਕੱਟਦੇ ਆਂ, ਸਾਡੇ ’ਤੇ ਕਿਸੇ ਨੂੰ ਦਇਆ ਨਹੀਂ ਆਉਂਦੀ ਪਈ ਬਲੂਰ ਵਿਲਕਦੇ ਆਮਣ-ਮਣ ਅੰਨ ਦੇ ਦੇਈਏ, ਹਿਸਾਬ ਅੱਗੇ ਪਿੱਛੇ ਹੋ ਜਾਊਔਖੇ ਬੇਲੇ ਕੀਤੀ ਨੇਕੀ ਨੂੰ ਕਿਹੜਾ ਕੋਈ ਭੁੱਲਦਾ? ਅਖੇ ਰੱਬ ਦਾ ਭਾਣਾ, ਸਾਲਾ ਰੱਬ - ਨਿਰਾ ਜੱਬ੍ਹਹੋਬੇ ਤਾਂ ਸਾਡੀ ਫ਼ਰਿਆਦ ਨਾ ਸੁਣੇ? ਇਹੋ ਜਿਹੇ ਜ਼ਾਲਮ ਤੋਂ ਦੂਰ ਈ ਚੰਗੇ ...!’ ਭਾਈਏ ਨੇ ਮਨ ਦੀ ਭੜਾਸ ਕੱਢਦਿਆਂ ਆਪਣਾ ਦੋ-ਟੁੱਕ ਫੈਸਲਾ ਸੁਣਾਇਆ

ਮਾਂ ਨੂੰ ਚਾਣਚੱਕ ਜਿਵੇਂ ਕੁਝ ਚੇਤਾ ਆ ਗਿਆ ਸੀਉਹਨੇ ਆਪਣੇ ਵਲ ਆਉਣ ਲਈ ਹੱਥ ਦਾ ਇਸ਼ਾਰਾ ਕੀਤਾਫਿਰ ਉਹਨੇ ਸਿਲਵਰ ਦੀ ਬਾਲਟੀ ਵੱਲ ਦੇਖਦਿਆਂ ਮੂੰਹੋਂ ਆਖਿਆ, ‘ਮੰਤਰੀਆਂ ਦਿਓਂ ਮੈਲ ਦੀ ਬਾਲਟੀ ਭਰਾ ਲਿਆ - ਇਹਦੀਆਂ ਨਹੀਂ ਗੱਲਾਂ ਮੁੱਕਣੀਆਂ!’

ਨੱਕੋ ਨੱਕ ਭਰੀ ਮੈਲ ਦੀ ਬਾਲਟੀ ਲਿਆਉਂਦਿਆਂ ਬਾਲਟੀ ਦੇ ਛਲਕਣ ਕਾਰਨ ਮੇਰੇ ਸੱਜੇ ਪੈਰ ਉੱਤੇ ਮੈਲ ਡਿਗ ਪਈ ਜਦੋਂ ਮੈਂ ਬਾਲਟੀ ਦੂਜੇ ਹੱਥ ਬਦਲਣ ਲੱਗਾਨਿੱਕੇ-ਨਿੱਕੇ ਛਾਲੇ ਅਕਸਰ ਹੀ ਪੈਂਦੇ ਰਹਿੰਦੇਮਨ ਅਫ਼ਸੋਸ ਦੇ ਡੂੰਘੇ ਪਾਣੀਆਂ ਵਿੱਚ ਡੁੱਬਦਾ-ਘਿਰਦਾ, ਦੁੱਖ ਮਨਾਉਂਦਾ, ਸ਼ਰਮਿੰਦਗੀ ਦਾ ਇਹਸਾਸ ਹੋਰ ਤਿੱਖਾ ਤੇ ਤੀਬਰ ਹੁੰਦਾ ਜਦੋਂ ਜਮਾਤੀ ਜੱਟ ਮੁੰਡੇ ਬੇਪਰਵਾਹੀ ਨਾਲ ਕਦੀ ਸਹਿਜ ਤੇ ਕਦੀ ਤਲਖ਼ੀ ਨਾਲ ਫਿਕਰੇ ਕੱਸਦੇ, ‘ਮੈਲ ਪੀਣ ਨਾਲ ਧੁਆਡੇ ਰੰਗ ਮੈਲ ਅਰਗੇ ਹੋਇਓ ਆ! ... ਮੈਲ ਪੀਣੀ ਜਾਤ ਫੇ ਬੀ ਸਾਨ੍ਹ ਆਂਙੂੰ ਆਕੜਦੀ ਰਹਿੰਦੀ ਆ ... ਇਸ ਸਿਆਲ ਚੰਗਾ ਦਾਅ ਲੱਗਾ ਹੋਣਾ ਮਾਸ ਖਾਣ ਨੂੰ, ਬਥੇਰੇ ਕੱਟੇ-ਬੱਛੇ ਮਰਦੇ ਆ ਸੁੱਕੀ ਠੰਢ ’ਚ - ਕਿਉਂ ਗੁੱਡ?’

ਮੈਂ ਖਿਝ ਗਿਆਮਨ ਸੜ-ਬਲ ਗਿਆ ਜਿਵੇਂ ਆਲੂਆਂ ਦੀਆਂ ਵੇਲਾਂ ਜਾਂ ਛੋਟੇ ਨਰਮ ਪੌਦੇ ਠੰਢ ਨਾਲ ਝੁਲਸ ਗਏ ਸਨਚਿੱਤ ਵਿੱਚ ਆਉਂਦਾ ਕਿ ਕਹਿਣ ਵਾਲੇ ਦਾ ਸਿਰ-ਮੱਥਾ ਇੱਟ-ਰੋੜਾ ਮਾਰ ਕੇ ਪਾੜ ਦਿਆਂ ਤੇ ਕਹਾਂ- ਸਾਡੀ ਮਜਬੂਰੀ ਆ, ਕੋਈ ਸ਼ੌਕ ਥੋੜ੍ਹੋ ਆ? ਧੁਆਨੂੰ ਸਾਡੀ ਭੁੱਖ ਦਾ ਕੀ ਦੁੱਖ! ਤੁਸੀਂ ਖਾ-ਖਾ ਪਾਟਣ ਨੂੰ ਫਿਰਦੇ ਆਂ ਤੇ ਸਾਡੇ ਲੱਕੇ ਲਗਦੇ ਜਾਂਦੇ ਆ, ਲਿੱਸੇ ਬੌਲਦਾਂ ਵਾਂਗ

ਮਨ ਵਿੱਚ ਖ਼ਿਆਲਾਂ ਦੀ ਲੜੀ ਸਕੂਲ ਦੀ ਹਲਟੀ ਦੀਆਂ ਟਿੰਡਾਂ ਦੀ ਮਾਲ੍ਹ ਵਾਂਗ ਮੁੱਕਣ ਵਿੱਚ ਹੀ ਨਹੀਂ ਆ ਰਹੀ ਸੀਸੋਚਦਾ, ਬੱਸ ਥੋੜ੍ਹਾ ਚਿਰ ਰਹਿ ਗਿਆ ਪਿੰਡ ਦੀ ਜੂਹ ਵਿੱਚ ਜਾਤ ਦੇ ਮਿਹਣੇ ਸੁਣਨ ਤੇ ਝੱਲਣ ਦਾਜਦੋਂ ਗੀਗਨਵਾਲ ਸਕੂਲੇ ਪੜ੍ਹਨ ਲੱਗ ਪੈਣਾ, ਉਦੋਂ ਨਾ ਕੋਈ ਮੈਲ ਪੀਣ ਤੇ ਮਰੇ ਪਸ਼ੂਆਂ ਦੇ ਮਾਸ ਬਾਰੇ ਤਾਹਨੇ ਮਾਰੇਗਾ ਤੇ ਨਾ ਹੀ ਰਾਹਾਂ ਵਿੱਚੋਂ ਬਾਲਣ ਲਈ ਕੱਖ-ਪੱਤ ਹੂੰਝਦੇ ਨੂੰ ਦੇਖੇਗਾ

ਜਦੋਂ ਹੈੱਡਮਾਸਟਰ ਚੇਤ ਰਾਮ ਸ਼ਰਮਾ ਵਲੋਂ ਦੱਸੀਆਂ ਸ਼ਾਸਤਰੀ ਦੀ ਜ਼ਿੰਦਗੀ ਦੀਆਂ ਤਲਖ਼-ਹਕੀਕਤਾਂ ਦਾ ਚੇਤਾ ਆਇਆ ਤਾਂ ਮੇਰਾ ਹੌਸਲਾ ਹੋਰ ਬੁਲੰਦ ਹੋ ਗਿਆਜਦੋਂ ਭਾਈਏ ਦਾ ਬਿਆਨ ਯਾਦ ਆਇਆ ਕਿ ਜਹਿਮਤ, ਭੁੱਖ-ਪਿਆਸ ਨਾ ਪੁੱਛੇ ਜਾਤ, ਇਨ੍ਹਾਂ ਥੁੜਾਂ-ਥੋੜਾਂ ਕਰਕੇ ਸਾਡੇ ਲੋਕ ਲਿਫ਼ ਕੇ ਰੲ੍ਹੀਂਦੇ ਆ, ਮੈਂ ਤਾਂ ਚਾਹੁੰਨਾ ਭਲਕੇ ਸਾਡੀ ਔਲਾਦ ਆਪਣੇ ਪੈਰਾਂ ’ਤੇ ਖੜ੍ਹੀ ਹੋਵੇ, ਧੌਣ ਅਕੜਾ ਕੇ ਅਣਖ ਨਾਲ ਤੁਰੇਚਾਰ ਸਿਆੜ ਖਰੀਦੇ ਜਾਂ ਸਰਕਾਰ ਨਾਲ ਲੜ ਭਿੜ ਕੇ ਲਵੇ

ਭਾਈਏ ਦੀਆਂ ਖ਼ਾਹਿਸ਼ਾਂ ਉੱਤੇ ਖਰਾ ਉੱਤਰਨ ਲਈ ਮੈਂ ਲਗਾਤਾਰ ਤਰਲੋਮੱਛੀ ਹੁੰਦਾ ਰਹਿੰਦਾ ਮੈਂਨੂੰ ਲਗਦਾ ਕਿ ਦਿਨ ਪੁਰ ਦਿਨ ਮੇਰਾ ਰਾਹ ਰੌਸ਼ਨ ਹੁੰਦਾ ਜਾ ਰਿਹਾ ਹੈ ਜਿਸ ਸਦਕਾ ਮਨ ਹੀ ਮਨ ਮੈਂ ਅੰਬਰੋਂ ਤਾਰੇ ਤੋੜਨ ਦੀਆਂ ਵਿਉਂਤਾਂ ਬਣਾਉਂਦਾ ਨਾ ਥੱਕਦਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2459)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਬਲਬੀਰ ਮਾਧੋਪੁਰੀ

ਬਲਬੀਰ ਮਾਧੋਪੁਰੀ

Delhi, India.
Phone: (011 - 91 - 93505 - 48100)

Email: (bmadhopuri@yahoo.in)

More articles from this author