BalbirMadhopuri7ਕਹਿਣ ਨੂੰ ਦਲਿਤ ਹਿੰਦੂ ਧਰਮ ਦਾ ਹਿੱਸਾ ਹਨ ਪਰ ਅਸਲੀਅਤ ਵਿਚ ...
(19 ਸਤੰਬਰ 2020)

 

ਸਿੰਮ ਸਿੰਮ ਪਾਣੀਆਂ,
ਘੁੱਗੀ ਤਿਹਾਈ ਆ।

ਮੈਂ ਅਤੇ ਮੇਰੇ ਹਾਣੀ ਬਰਸਾਤਾਂ ਨੂੰ ਆਪਣੀਆਂ ਛੋਟੀਆਂ-ਛੋਟੀਆਂ ਉਂਗਲਾਂ ਨਾਲ ਜ਼ਮੀਨ ਵਿਚ ਨਿੱਕੀਆਂ-ਨਿੱਕੀਆਂ ਖੁੱਤੀਆਂ ਪੁੱਟਦੇ ਹੋਏ ਉੱਪਰਲੀ ਤੁਕ ਵਾਰ-ਵਾਰ ਬੋਲਦੇ। ਦੇਖਦਿਆਂ ਹੀ ਦੇਖਦਿਆਂ ਇਹ ਪਾਣੀ ਨਾਲ ਭਰ ਜਾਂਦੀਆਂ। ਜਦੋਂ ਅੱਡੀ ਭਾਰ ਘੁੰਮਦੇ - ਛੋਟੀ ਜਿਹੀ ਗੋਲ ਖੁੱਤੀ ਪਾਣੀ ਨਾਲ ਨੱਕੋ-ਨੱਕ ਭਰ ਜਾਂਦੀ ਅਤੇ ਪਾਣੀ ਬਾਹਰ ਨੂੰ ਵਗਣ ਲੱਗ ਪੈਂਦਾ।

ਦਰਅਸਲ ਮਾਧੋਪੁਰ (ਜ਼ਿਲ੍ਹਾ ਜਲੰਧਰ) ਬਿਆਸ ਦਰਿਆ ਦੇ ਮੰਡ ਵਿਚ ਵਸੇ ਪਿੰਡਾਂ ਵਿੱਚੋਂ ਹੈ। ਪੰਜ-ਨਦ ਯਾਨੀ ਪੰਜ ਨਦੀਆਂ ਵਾਲੇ ਇਲਾਕੇ ਪੰਜਾਬ ਵਿਚ ਵਹਿੰਦਾ ਬਿਆਸ ਦਰਿਆ ਰੋਹਤਾਂਗ (ਕੁੱਲੂ) ਕੋਲੋਂ ਨਿਕਲ ਕੇ ਜ਼ਿਲ੍ਹਾ ਕਾਂਗੜਾ (ਹਿਮਾਚਲ ਪ੍ਰਦੇਸ਼) ਅਤੇ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦਾ 290 ਮੀਲ ਦਾ ਪੈਂਡਾ ਤੈਅ ਕਰ ਕੇ ਕਪੂਰਥਲੇ ਦੀ ਹੱਦ ਉੱਤੇ ਸਤਲੁਜ ਦਰਿਆ ਵਿਚ ਜਾ ਰਲ਼ਦਾ ਹੈ। ਇਨ੍ਹਾਂ ਦੋਹਾਂ ਦਰਿਆਵਾਂ ਦਾ ਜਿੱਥੇ ਸੰਗਮ ਹੁੰਦਾ ਹੈ, ਉਸ ਨੂੰ 'ਹਰੀ ਕਾ ਪੱਤਣ' ਆਖਿਆ ਜਾਂਦਾ ਹੈ।

ਇੱਥੇ ਕਹਿਣ ਦਾ ਮਤਲਬ ਇਹ ਹੈ ਕਿ ਜਿਉਂ-ਜਿਉਂ ਇਹ ਦਰਿਆ ਲਹਿੰਦੇ ਵਲ ਨੂੰ ਢਾਹ ਲਾਉਂਦਾ ਗਿਆ, ਤਿਉਂ-ਤਿਉਂ ਚੜ੍ਹਦੇ ਕਿਨਾਰੇ ਦੇ ਮੰਡ ਵਿਚ ਟਾਵੀਂ-ਟਾਵੀਂ ਵਸੋਂ ਵਸਦੀ ਗਈ। ਖੇੜੇ ਬੱਝਦੇ ਗਏ ਤੇ ਪਿੰਡਾਂ ਦੀ ਸ਼ਕਲ ਇਖ਼ਤਿਆਰ ਕਰਦੇ ਗਏ। ਹੁਣ ਸਾਡੇ ਪਿੰਡ ਤੋਂ ਬਿਆਸ ਦਰਿਆ ਤਕਰੀਬਨ 21 ਕਿਲੋਮੀਟਰ ਦੇ ਫ਼ਾਸਲੇ ਉੱਤੇ ਹੈ।

ਸਤਲੁਜ ਅਤੇ ਬਿਆਸ ਵਿਚਾਲੇ ਦੇ ਜਲੰਧਰ, ਹੁਸ਼ਿਆਰਪੁਰ, ਨਵਾਂ ਸ਼ਹਿਰ ਅਤੇ ਕਪੂਰਥਲੇ ਦੇ ਇਲਾਕੇ ਨੂੰ ਦੁਆਬਾ ਕਿਹਾ ਜਾਂਦਾ ਹੈ। ਜ਼ਿਲ੍ਹਾ ਜਲੰਧਰ ਦੇ ਕੁਝ ਪਿੰਡਾਂ ਨੂੰ ਸੀਰੋਵਾਲਦਾ ਨਾਂ ਇਸ ਲਈ ਦਿੱਤਾ ਗਿਆ ਹੈ ਕਿ ਇੱਥੇ ਜ਼ਮੀਨ ਵਿੱਚੋਂ ਆਪਣੇ-ਆਪ ਸੀਰਾਂ ਫੁੱਟ ਪੈਂਦੀਆਂ ਸਨ। ਬਰੀਕ ਧਾਰ ਵਾਲੇ ਇਨ੍ਹਾਂ ਨਿੱਕੇ-ਨਿੱਕੇ ਖ਼ੂਬਸੂਰਤ ਝਰਨਿਆਂ ਦਾ ਪਾਣੀ ਇਕ ਛੋਟੀ ਜਿਹੀ ਕੂਲ੍ਹ ਦੀ ਸ਼ਕਲ ਧਾਰ ਲੈਂਦਾ। ਪਿੰਡ ਦੇ ਪੱਛਮ ਪਾਸੇ ਟਿੱਬੇ ਵਿੱਚੋਂ ਦੀ ਬਹੁਤ ਹੀ ਸਾਫ਼ ਤੇ ਪਾਰਦਰਸ਼ੀ ਪਾਣੀ ਦੀ ਵਗਦੀ ਇਸ ਚੋਈ ਵਿਚ ਅਸੀਂ ਗਰਮੀਆਂ ਨੂੰ ਨਹਾਉਂਦੇ। ਇਹ ਅਨੇਕ ਜੀਵ-ਜੰਤੂਆਂ, ਖ਼ਰਗੋਸ਼ਾਂ, ਪਸ਼ੂਆਂ-ਪੰਛੀਆਂ ਦਾ ਬੇਓੜਕ ਸਹਾਰਾ ਬਣਦੀ। ਇਹਦੇ ਕਿਨਾਰੇ ਟਾਹਲੀਆਂ ਦੀਆਂ ਝਿੜੀਆਂ ਤੇ ਹਰਿਆਲੀ ਸਦਾ ਬਹਾਰ ਸਨ।

ਨੀਵਾਂ ਇਲਾਕਾ ਹੋਣ ਕਰ ਕੇ ਸਾਡੇ ਪਿੰਡਾਂ ਦੇ ਖੂਹਾਂ ਦਾ ਪੱਤਣ ਬਹੁਤਾ ਡੂੰਘਾ ਨਹੀਂ ਸੀ। ਤੜਕੇ ਤੋਂ ਦੁਪਹਿਰ ਤਕ ਹਲਟ ਚਲਦਾ ਰਹਿੰਦਾ ਤਾਂ ਕਿਤੇ ਜਾ ਕੇ ਮਾਲ੍ਹ ਤਰਦੀ ਤੇ ਚਿੱਟੀ-ਕੱਕੀ ਰੇਤ ਚਮਕਦੀ ਦਿਸਦੀ। ਇਹ ਸਾਰਾ ਕੁਝ ਅਸੀਂ ਸਕੂਲ ਦੀ ਛੁੱਟੀ ਤੋਂ ਬਾਅਦ ਅਵਾਰਗੀ ਦੌਰਾਨ ਤੱਕਦੇ। ... ਤੇ ਨਵੇਂ ਖੂਹ ਲੱਗਣ ਦਾ ਨਜ਼ਾਰਾ ਦਿਲ ਨੂੰ ਧੂਹ ਪਾਉਣ ਵਾਲਾ ਹੁੰਦਾ। ਅੱਛਰੂ ਬਾਜ਼ੀਗਰ ਕਈ ਦਿਨ ਪਹਿਲਾਂ ਢੋਲ ਵਜਾਉਂਦਾ। ਖੂਹ ਦਾ ਪਾੜ ਪੁੱਟਣ ਲਈ ਟੱਕ ਲਾਉਣ ਵੇਲੇ ਅਰਦਾਸ ਹੁੰਦੀ। ਪਤਾਸਿਆਂ ਦਾ ਪ੍ਰਸ਼ਾਦ ਵੰਡਿਆ ਜਾਂਦਾ। ਵਿਆਹ ਸਮੇਂ ਧੀ ਦੀ ਡੋਲੀ ਤੋਰੇ ਜਾਣ ਵਕਤ ਵਾਂਗ ਪੈਸੇ ਵਰ੍ਹਾ ਕੇ ਸੁੱਟੇ ਜਾਂਦੇ। ਖ਼ੁਸ਼ੀਆਂ ਭਰਿਆ ਮਾਹੌਲ ਉਦੋਂ ਗੰਭੀਰ ਅਤੇ ਉਦਾਸ ਜਿਹਾ ਹੋ ਜਾਂਦਾ ਜਦੋਂ ਔਰਤਾਂ ਵਿਰਾਗ ਭਰੀ ਆਵਾਜ਼ ਵਿਚ ਗਾ ਕੇ ਵਾਰ-ਵਾਰ ਦੁਹਰਾਉਂਦੀਆਂ:

ਪ੍ਰਦੇਸਣ ਲੱਕੜੀ ਜੀ,
ਦਰਸ਼ਣ ਕਰ ਲਓ ਸਾਰੇ ਜੀ।

ਤੂਤ ਦੇ ਦਰਖ਼ਤ ਤੋਂ ਲੱਕੜ ਵਿਚ ਬਦਲ ਗਏ ਗੰਡ ਪ੍ਰਤੀ ਭਾਵੁਕ ਮੋਹ ਦਾ ਪ੍ਰਗਟਾਵਾ ਮਨ ਨੂੰ ਹਲੂਣ ਦਿੰਦਾ - ਕਈ ਅੱਖਾਂ ਨਮ ਹੋ ਜਾਂਦੀਆਂ ਕਿਉਂਕਿ 18 ਇੰਚ ਚੌੜੇ ਗੋਲ ਆਕਾਰ ਦੇ ਗੰਡ - ਲੱਕੜੀ ਨੇ ਹਮੇਸ਼ਾ ਧਰਤੀ ਅੰਦਰ ਰਹਿਣਾ ਹੁੰਦਾ ਸੀ। ਇਸ ਉੱਤੇ 13 ਇੰਚ ਦੀ ਦੀਵਾਰ ਦੀ ਚਿਣਾਈ ਹੁੰਦੀ। ਗੰਡ ਦੇ ਗੋਲ ਆਕਾਰ ਦਾ ਵਿਆਸ ਖੂਹ ਜਾਂ ਖੂਹੀ ਅਨੁਸਾਰ ਰੱਖਿਆ ਜਾਂਦਾ। ਚੋਭੇ ਅਕਸਰ ਝਿਊਰ ਬਿਰਾਦਰੀ ਦੇ ਹੁੰਦੇ ਜੋ ਖੂਹ ਦੇ ਪਾਣੀ ਅੰਦਰ ਉੱਤਰ ਕੇ ਝਾਮ ਨੂੰ ਮਿੱਟੀ ਨਾਲ ਭਰਦੇ। ਪਾਣੀ ਵਿਚ ਉਨ੍ਹਾਂ ਦੀ ਲੰਮੀ ਚੁੱਭੀ ਦੇਖਦਿਆਂ ਸਾਹ ਸੁੱਕਦਾ ਮਹਿਸੂਸ ਹੁੰਦਾ। ਖੂਹ ਲਾਏ ਜਾਣ ਦਾ ਸਾਰਾ ਕੰਮ ਥੋੜ੍ਹੇ ਦਿਨਾਂ ਵਿਚ ਮੁਕੰਮਲ ਹੋ ਜਾਂਦਾ ਤੇ ਖ਼ਵਾਜ਼ਾ ਖ਼ਿਜ਼ਰ ਦੀ ਹੋਈ ਮਿਹਰ ਲਈ ਦਲ਼ੀਆ ਵੰਡਿਆ ਜਾਂਦਾ। ਮਿਸਤਰੀ ਬੁੱਢਾ ਰਾਮ ਵਲਦ ਕੂੜਾ ਰਾਮ ਦਾ ਖੂਹ ਮੈਂ ਇੰਜ ਹੀ ਲੱਗਦਾ ਦੇਖਿਆ। ਇਸ ਮੌਕੇ ਮੈਂ ਆਪਣੇ ਤੋਂ ਵੱਡੇ ਜੱਟਾਂ ਦੇ ਮੁੰਡਿਆਂ ਨੂੰ ਇਹ ਟੋਟਕਾ ਕਹਿੰਦੇ ਸੁਣਿਆ ਜੋ ਕਿਸੇ ਕੁੜੀ ਨੂੰ ਸੁਣਾ ਕੇ ਕਹਿ ਰਹੇ ਸਨ:

ਖੂਹ ਦੇ ਚੱਕ ਆਂਙੂੰ,
ਤੈਂ ਮੁੜ ਕੇ ਨਹੀਂ ਆਉਣਾ।

ਜਦੋਂ ਜ਼ਮੀਨ ਦੇ ਪਾਣੀ ਦਾ ਪੱਧਰ ਨੀਵਾਂ ਹੁੰਦਾ ਗਿਆ ਤੇ ਹਰੇ ਇਨਕਲਾਬ ਦਾ ਨਾਅਰਾ ਲੱਗਾ ਤਾਂ ਟਿਊਬਵੈੱਲ ਲੱਗਣ ਲੱਗੇ, ਤਾਂ ਵੀ 'ਕੰਮੀਆਂ' ਦੇ ਨਿਆਣਿਆਂ ਨੂੰ ਦਲ਼ੀਆ ਲੈਣ ਆਉਣ ਲਈ ਜਾਗਰ ਚੌਂਕੀਦਾਰ ਵਲੋਂ ਹੋਕਾ ਦੇ ਕੇ ਸੱਦਿਆ ਜਾਂਦਾ।

ਮੇਰੇ ਪਿੰਡ ਦਾ ਸਭ ਤੋਂ ਪਹਿਲਾ ਦੋਹਲਟਾ ਖੂਹ (ਚੜ੍ਹਦੇ ਪਾਸੇ) ਸੰਨ 1800 ਵਿਚ (ਬਾਬਾ) ਸੰਗਤੀਆ ਵਲੋਂ ਲਗਾਇਆ ਗਿਆ। ਇਸ ਦਾ ਸਬੂਤ ਇਕ ਇੱਟ ਉੱਤੇ ਉੱਕਰੀ ਇਬਾਰਤ ਤੋਂ ਮਿਲਦਾ ਹੈ, ਜਿਸ ਨੂੰ 1981 ਵਿਚ ਮੈਂ ਖੂਹ ਦੀ ਦੀਵਾਰ ਵਿੱਚੋਂ ਕੱਢ ਕੇ ਉਸ ਦੀ ਫੋਟੋ ਲਈ ਤੇ ਫਿਰ 'ਜਠੇਰਿਆਂ' ਦੇ ਇਕ ਪੱਕੇ ਥੜ੍ਹੇ ਉੱਤੇ ਇਸ ਨੂੰ ਸਦਾ ਲਈ ਜੜਵਾ ਦਿੱਤਾ। ਇਸ ਇਤਿਹਾਸਕ ਇੱਟ ਉਤਲੀ ਇਬਾਰਤ ਦਾ ਤਰਜਮਾ ਇਸ ਤਰ੍ਹਾਂ ਹੈ:

'ਖੂਹ ਦੀ ਇਮਾਰਤ ਸੰਗਤੀਆ ਨੇ ਸੰਨ 1800 ਵਿਚ ਉਸਾਰੀ ਜਿਸ ਉੱਤੇ 419811 ਇੱਟਾਂ ਲੱਗੀਆਂ।' ... ਤੇ ਹਾਂ, ਇਸ ਖੂਹ ਦਾ ਪਾਣੀ 5-6 ਕਿਲੋਮੀਟਰ ਦੂਰ ਕੁਰੇਸ਼ੀਆਂ ਤਕ ਵੀ ਲਿਜਾਇਆ ਜਾਂਦਾ ਰਿਹਾ। ਸਾਰਾ ਪਿੰਡ ਪੀਣ ਲਈ ਇੱਥੋਂ ਪਾਣੀ ਭਰਦਾ।

ਸੰਗਤੀਆ ਪਿੱਛਿਓਂ ਮੁੱਗੋਵਾਲ (ਨੇੜੇ ਟੂਟੋ ਮਜਾਰਾ, ਜ਼ਿਲ੍ਹਾ ਹੁਸ਼ਿਆਰਪੁਰ) ਤੋਂ ਸੀ। ਅੰਗਰੇਜ਼ ਵਿਦਵਾਨ ਸਰ ਤੇਨਸਿਨ ਚਾਰਲਸ ਜੋਲਫ਼ ਏਸਬਸਟ ਅਤੇ ਈ.ਡੀ. ਮੈਕਲੈਂਗਨ ਦੀ ਖੋਜ ਅਨੁਸਾਰ ਮੁੱਗੋਵਾਲ ਤੋਂ ਉੱਠ ਕੇ ਸੰਘਾ ਗੋਤ ਦੇ ਜੱਟ ਸਕਰੂਲੀ, ਲੰਗੇਰੀ, ਨਰਿਆਲਾਂ (ਤੇ ਸ਼ਾਇਦ ਮਾਧੋਪੁਰ) ਵਿਚ ਜਾ ਵਸੇ (ਪੰਜਾਬੀ ਟ੍ਰਿਬਿਊਨ, 25 ਮਈ 2001)

(ਬਾਬਾ) ਸੰਗਤੀਆ ਦਾ ਪਿੰਡ ਚੋਆਂ ਦੀ ਮਾਰ ਹੇਠ ਸੀ। ਖੇਤੀਬਾੜੀ ਲਈ ਜ਼ਮੀਨ ਦੀ ਤਲਾਸ਼ ਦੌਰਾਨ ਉਸ ਨੇ ਹੀ ਇਸ ਹਰੇ-ਭਰੇ ਇਲਾਕੇ ਨੂੰ ਦੇਖ ਕੇ ਇਸ ਨੂੰ 'ਮਾਧੋ ਦੀ ਪੁਰੀ' ਆਖਿਆ - ਜਦੋਂ ਉਸ ਨੇ ਇੱਥੇ ਪੱਕਾ ਡੇਰਾ ਜਮਾ ਲਿਆ ਤਾਂ ਇਹ ਮਾਧੋਪੁਰ ਦੇ ਨਾਂ ਨਾਲ ਜਾਣਿਆ ਜਾਣ ਲੱਗਾ। ਅੰਗਰੇਜ਼ੀ ਸਰਕਾਰ ਦੇ ਡਾਕ-ਤਾਰ ਮਹਿਕਮੇ ਵਲੋਂ ਆਪਣੀ ਸਹੂਲਤ ਲਈ ਇਸ ਦਾ ਨਾਂ 'ਮਾਧੋਪੁਰ ਸੀਰੋਵਾਲ' ਕਰ ਦਿੱਤਾ ਗਿਆ ਕਿਉਂਕਿ ਜ਼ਿਲ੍ਹੇ ਵਿਚ ਇਸ ਨਾਂ ਦਾ ਇਕ ਹੋਰ ਪਿੰਡ ਵੀ ਹੈ।

(ਬਾਬਾ) ਸੰਗਤੀਆ ਵਲੋਂ ਇੱਥੇ ਰਹਿੰਦਿਆਂ ਕੁਝ ਸਾਲਾਂ ਵਿਚ ਹੀ ਪੱਕੇ ਮਕਾਨਾਂ ਦੀ ਉਸਾਰੀ ਕਰ ਲਈ ਗਈ। ਸਿੱਟੇ ਵਜੋਂ, ਉਸ ਦੀਆਂ ਅਗਲੀਆਂ ਪੀੜ੍ਹੀਆਂ ਨੂੰ 'ਪੱਕਿਆਂ ਵਾਲੇ' ਤੇ ਜਿੱਥੋਂ ਮਿੱਟੀ ਪੁੱਟੀ ਗਈ, ਉਸ ਨੂੰ ਹੁਣ ਤਕ 'ਗੋਰਾ ਛੱਪੜ' ਕਿਹਾ ਜਾਂਦਾ ਹੈ। ਪਟਵਾਰੀ ਦੇ ਕਾਗ਼ਜ਼ਾਂ ਮੁਤਾਬਿਕ ਇਹ ਸ਼ਾਮਲਾਤ ਹੈ ਅਤੇ ਨਿਮਨ ਜਾਤੀਆਂ ਨੂੰ ਇੱਥੋਂ ਮਿੱਟੀ ਪੁੱਟ ਕੇ ਆਪਣੇ ਘਰ ਲਿੱਪਣ-ਪੋਚਣ ਦੀ ਖੁੱਲ੍ਹ ਹੈ। ਆਪਣੇ ਪਰਿਵਾਰ ਦੇ ਜੀਆਂ ਨਾਲ ਮੈਂ ਵੀ ਇੱਥੋਂ ਕਈ ਵਾਰ ਮਿੱਟੀ ਪੁੱਟ ਕੇ ਲਿਆਇਆ ਹਾਂ। ਖ਼ੈਰ, ਪਿੰਡ ਦੇ ਹੋਰ ਛੱਪੜਾਂ ਵਾਂਗ ਜੱਟ ਇਨ੍ਹਾਂ ਨੂੰ ਪੂਰ ਕੇ ਆਪਣੀ ਜਾਇਦਾਦ ਦਾ ਹਿੱਸਾ ਬਣਾਈ ਜਾ ਰਹੇ ਹਨ।

'ਵਿਰਦੀ' ਗੋਤ ਦਾ ਇਕ ਆਦਿਧਰਮੀ (ਚਮਾਰ) ਪਰਿਵਾਰ (ਬਾਬਾ) ਸੰਗਤੀਆ ਨੇ ਆਪਣੇ ਜੱਦੀ ਪਿੰਡ ਦੇ ਲਾਗਲੇ ਪਿੰਡ ਪੰਡੋਰੀ ਤੋਂ ਲਿਆ ਕੇ ਵਸਾ ਲਿਆ। ਪੰਜਾਬ ਸਿੰਘ ਰਾਮਦਾਸੀਆ ਸੈਨਪੁਰ (ਹੁਸ਼ਿਆਰਪੁਰ) ਤੋਂ ਡੇਢ ਸਦੀ ਪਹਿਲਾਂ ਆ ਵਸਿਆ। ਜਿੱਥੇ ਉਹ ਜੁੱਤੀਆਂ ਬਣਾਉਣ ਦਾ ਕੰਮ ਕਰਦਾ ਸੀ, ਉਸ ਨੂੰ 'ਗਾਂਢਿਆਂ ਦਾ ਛੱਪੜ' ਆਖਿਆ ਜਾਂਦਾ ਹੈ। ਇਕ ਝਿਊਰ ਪਰਿਵਾਰ ਲੜੋਏ (5 ਕਿਲੋਮੀਟਰ ਦੂਰ ਪਿੰਡ, ਜ਼ਿਲ੍ਹਾ ਜਲੰਧਰ) ਦੇ ਸਰਦਾਰਾਂ ਨੂੰ ਸੰਗਤੀਆ ਵਲੋਂ ਕੀਤੀ ਬੇਨਤੀ ਉੱਤੇ ਮਾਧੋਪੁਰ ਆ ਟਿਕਿਆ। ਇਉਂ ਬਾਹਮਣ, ਸੁਨਿਆਰੇ, ਤਰਖਾਣ, ਨਾਈ ਤੇ ਇਕ ਪੂਰਬੀਆ ਧੋਬੀ ਪਰਿਵਾਰ ਆ ਵਸੇ।

ਪਿੰਡ ਦੇਖਣ ਨੂੰ ਭਾਵੇਂ ਇਕੱਠਾ ਪਰ ਪੀਣ ਦੇ ਪਾਣੀ ਲਈ ਖੂਹ ਆਪੋ-ਆਪਣਾ। ਉਪਰੰਤ ਕੁਝ ਮੁਸਲਮਾਨ ਵੀ ਪਿੰਡ ਵਿੱਚ ਜ਼ਮੀਨਾਂ ਦੇ ਮਾਲਕ ਹੋ ਗਏ। ਉਹ ਹਿੰਦੂਆਂ-ਸਿੱਖਾਂ ਵਾਂਗ ਨੀਚ ਜਾਤੀਆਂ ਨਾਲ ਛੂਆ-ਛੂਤ ਨਾ ਕਰਦੇ - ਸ਼ਾਇਦ ਇਸ ਲਈ ਕਿ ਉਨ੍ਹਾਂ ਵਿੱਚੋਂ ਬਹੁਤਿਆਂ ਦਾ ਪਿਛੋਕੜ ਅਛੂਤਾਂ ਤੇ ਕੰਮੀ-ਕਾਰੀਗਰ ਜਾਤੀਆਂ ਵਾਲਾ ਸੀ।

ਦੂਜੇ ਪਾਸੇ, ਜੇ ਅਛੂਤਾਂ (ਚਮਾਰਾਂ-ਚੂਹੜਿਆਂ) ਦਾ ਕੋਈ ਮੁੰਡਾ ਨਹਾ-ਧੋ ਕੇ ਤੇ ਬੋਦਾ ਵਾਹ ਕੇ ਘਰੋਂ ਬਾਹਰ ਨਿਕਲਦਾ ਤਾਂ ਰੁੱਖ ਹੇਠ ਜਾਂ ਥੜ੍ਹੇ ਉੱਤੇ ਬੈਠੀ ਜੱਟਾਂ ਦੀ ਢਾਣੀ ਵਿੱਚੋਂ ਕੋਈ ਜਣਾ ਉਹਦੇ ਸਿਰ ਵਿਚ ਮਿੱਟੀ ਪਾ ਦਿੰਦਾ। ਜੇ ਉਹ ਵਿਰੋਧ ਕਰਦਾ ਤਾਂ ਉਹਨੂੰ ਫ਼ੈਂਟਾ ਚਾੜ੍ਹਿਆ ਜਾਂਦਾ। ਇੰਜ ਹੀ ਅਛੂਤ ਜਾਤੀ ਦੇ ਕਿਸੇ ਆਦਮੀ ਵਲੋਂ ਨਵੇਂ ਕੱਪੜੇ ਪਹਿਨ ਕੇ ਨਿਕਲਣ ਤੇ ਉਹਦੀ ਮਾਰ-ਕੁੱਟ ਕੀਤੀ ਜਾਂਦੀ ਕਿ ਤੁਸੀਂ ਸਾਡੀ ਨਕਲ ਜਾਂ ਰੀਸ ਕਰਦੇ ਹੋ। ਇਉਂ ਜੱਟ ਕੰਮੀਆਂ ਲਈ 'ਹਊਆ' ਸਨ ਤੇ ਪਤਾ ਨਹੀਂ ਸੀ ਹੁੰਦਾ ਕਿ ਅਜਿਹੀ ਘਟਨਾ ਕਦੋਂ ਤੇ ਕਿੱਥੇ ਵਾਪਰ ਜਾਵੇ।

ਜ਼ੈਲਦਾਰ, ਜਾਗੀਰਦਾਰ, ਸਫ਼ੈਦਪੋਸ਼ ਤੇ ਲੰਬੜਦਾਰ ਤੋਂ ਸਾਰੇ ਲੋਕ ਥਰ-ਥਰ ਕੰਬਦੇ ਸਨ। ਜ਼ੈਲਦਾਰ ਦੀ ਜ਼ੈਲ ਵਿਚ ਕਈ-ਕਈ ਪਿੰਡ ਹੁੰਦੇ। ਉਹ ਕਚਹਿਰੀ ਲਾਉਂਦਾ - ਫ਼ੈਸਲੇ ਸੁਣਾਉਂਦਾ। ਉਹਦੇ ਕੋਲ ਅਦਾਲਤ ਦੇ ਜੱਜ ਵਾਂਗ ਹੱਕ ਹੁੰਦੇ ਸਨ। ਸੁਣਾਈ ਸਜ਼ਾ ਅਨੁਸਾਰ ਜੁਰਮਾਨਾ, ਹਰਜਾਨਾ ਤੇ ਹੋਰ ਡੰਨ ਭਰਨਾ ਪੈਂਦਾ। ਹਾਲਾਤ ਤੇ ਸੂਰਤ ਮੁਤਾਬਿਕ ਕਿਸੇ ਨੂੰ ਕੋਈ ਸਜ਼ਾ ਦਿੱਤੀ ਜਾਂਦੀ ਤੇ ਕਿਸੇ ਨੂੰ ਕੋਈ। ਕਹਿੰਦੇ ਹਨ ਕਿ ਕਿਸੇ ਜ਼ੈਲਦਾਰ ਨੂੰ ਪੰਜ ਤੇ ਕਿਸੇ ਨੂੰ ਸੱਤ ਖ਼ੂਨ ਮਾਫ਼ ਹੁੰਦੇ ਸਨ - ਇਸ ਕਰ ਕੇ ਲੋਕ ਉਹਦੇ ਮੋਹਰੇ ਧੌਣ ਅਕੜਾ ਕੇ ਗੱਲ ਕਰਨ ਦੀ ਕਦੇ ਜ਼ੁਰਅਤ ਨਾ ਕਰਦੇ। ... ਤੇ ਕਮੀਨਾਂ, ਖ਼ਾਸ ਕਰਕੇ ਅਛੂਤਾਂ ਪ੍ਰਤਿ ਉਹਦਾ ਰਵੱਈਆ ਅਕਸਰ ਡਰਾਉਣਾ ਤੇ ਅੱਤਿਆਚਾਰੀ ਹੁੰਦਾ। ਉਹ ਖੇਤੀਬਾੜੀ ਅਤੇ ਉਸਾਰੀ ਦੇ ਕੰਮਾਂ ਵਿਚ ਬਗਾਰ ਕਰਾਉਂਦਾ। ਜੇ ਇਨ੍ਹਾਂ ਦੋਹਾਂ ਖੇਤਰਾਂ ਵਿਚ ਕੋਈ ਕੰਮ ਨਾ ਹੁੰਦਾ ਤਾਂ ਉਹ ਬਗਾਰ ਦੇ ਨਿਸਚਤ ਦਿਨਾਂ ਵਿਚ ਖੇਤਾਂ ਵਿੱਚੋਂ ਮਿੱਟੀ ਪੁੱਟਵਾ ਕੇ ਪਿੰਡ ਦੇ ਬਾਹਰਵਾਰ ਸੁਟਵਾਉਂਦਾ। ਕਹਿਣ ਦਾ ਭਾਵ ਕਿ ਮਿਥੀ ਹੋਈ ਬਗਾਰ ਨੂੰ ਨਾ ਬਖ਼ਸ਼ਦਾ। ਮਿਸਾਲ ਵਜੋਂ, ਇਸ ਹਕੀਕਤ ਦੇ ਸਬੂਤ ਉਨ੍ਹਾਂ ਪਿੰਡਾਂ ਵਿਚ ਥੇਹਾਂ ਦੀ ਸ਼ਕਲ ਵਿਚ ਅੱਜ ਵੀ ਦੇਖੇ ਜਾ ਸਕਦੇ ਹਨ ਜਿਨ੍ਹਾਂ ਪਿੰਡਾਂ ਦੇ ਜ਼ੈਲਦਾਰ ਹੁੰਦੇ ਸਨ।

ਜਾਗੀਰਦਾਰ ਅੰਗਰੇਜ਼ੀ ਹਕੂਮਤ ਦੀ ਮਦਦ ਵਾਸਤੇ 15 ਤੋਂ 30 ਘੋੜੇ ਪਾਲਦਾ - ਆਪਣੇ ਦੇਸ਼ ਵਾਸੀਆਂ ਅੰਦਰ ਉੱਠਦੇ ਵਿਦਰੋਹ ਵਿਰੁੱਧ ਅੰਗਰੇਜ਼ਾਂ ਦਾ ਸਾਥ ਦੇ ਕੇ ਜਾਗੀਰਾਂ ਹਾਸਲ ਕਰਦਾ। ਉਹ ਵੀ ਅਛੂਤਾਂ ਤੋਂ ਬਗਾਰ ਕਰਾਉਂਦਾ ਤੇ ਇਨਾਮ ਵਜੋਂ ਧੌਲ਼-ਧੱਫਾ ਤੇ ਗਾਲ੍ਹਾਂ ਦੀ ਵਰਖਾ ਕਰਦਾ। ਗੱਲ ਕੀ, ਰੋਹਬ ਰੱਖਦਾ ਤੇ ਅਛੂਤਾਂ ਦੇ ਅਧਿਕਾਰ - ਰੋਹ ਨੂੰ ਪਨਪਣ ਨਾ ਦਿੰਦਾ।

ਸਫ਼ੈਦਪੋਸ਼ (ਚਿੱਟ-ਕੱਪੜੀਆ) ਦੋ-ਚਾਰ ਘੋੜੇ ਰੱਖਦਾ - ਕੁਝ ਪਿੰਡ ਉਹਦੇ ਮਤਹਿਤ ਹੁੰਦੇ। ਬਗਾਰ-ਬੁੱਤੀ ਲਈ ਅਛੂਤ ਹਾਜ਼ਰ ਰਹਿੰਦੇ। ਸਫ਼ੈਦਪੋਸ਼ ਸਰਕਾਰੀ ਏਜੰਟ ਵਾਂਗ ਕੰਮ ਕਰਦਾ - ਮੁਖ਼ਬਰੀ ਕਰਦਾ। ਆਪਣਾ ਇੰਜ ਦਾ ਰੁਤਬਾ ਕਾਇਮ ਰੱਖਦਿਆਂ ਸਰਕਾਰ ਤੋਂ 'ਬਖਸ਼ੀਸ਼' ਹਾਸਿਲ ਕਰਦਾ ਰਹਿੰਦਾ।

ਲੰਬੜਦਾਰ ਪਿੰਡ ਪੱਧਰ ਉੱਤੇ ਸਰਕਾਰੀ ਮੁਲਾਜ਼ਮ ਸੀ। ਉਹ ਆਪਣੇ ਉਤਲਿਆਂ ਦੀ ਸੇਵਾ ਲਈ ਉਤਾਵਲਾ ਰਹਿੰਦਾ। ਅਛੂਤਾਂ ਤੋਂ ਮਨ-ਮਰਜ਼ੀ ਨਾਲ ਬਿਨਾਂ ਇਵਜ਼ ਦੇ ਕੰਮ ਕਰਾਉਂਦਾ। ਉਸ ਤੋਂ ਕਮੀਆਂ ਸਮੇਤ ਬਾਕੀ ਲੋਕ ਬਹੁਤ ਡਰ ਕੇ ਰਹਿੰਦੇ ਕਿਉਂਕਿ ਉਹ ਠਾਣੇ ਵਿਚ ਜਾਂ ਜ਼ੈਲਦਾਰ ਕੋਲ ਜਾ ਕੇ ਕਿਸੇ ਦੀ ਵੀ ਸ਼ਿਕਾਇਤ ਕਰ ਸਕਦਾ ਸੀ। ਉਹਦੀ ਹਰ ਥਾਂ ਯਾਨੀ ਸਰਕਾਰੇ-ਦਰਬਾਰੇ ਸੁਣੀ ਜਾਂਦੀ। ਉਹਦੀ ਇੱਛਾ ਅਨੁਸਾਰ ਹੀ ਫੈਸਲੇ ਲਏ ਜਾਂਦੇ। ਉਹ ਲੋਕਾਂ ਨੂੰ ਸਰਕਾਰ ਪੱਖੀ ਸੋਚ ਰੱਖਣ ਤੇ ਸਰਕਾਰੀ ਨੀਤੀਆਂ ਦੀ ਹਿਮਾਇਤ ਕਰਨ ਵਿਚ ਨਿਵੇਕਲੀ ਭੂਮਿਕਾ ਨਿਭਾਉਂਦਾ। ਇਸੇ ਕਰ ਕੇ ਆਮ ਤੌਰ ਤੇ ਇਨ੍ਹਾਂ ਸਾਰਿਆਂ ਅਹੁਦੇਦਾਰਾਂ ਨੂੰ 'ਟੋਡੀ' ਜਾਂ ਸਰਕਾਰ ਦੇ 'ਪਿੱਠੂ' ਆਖਿਆ ਜਾਂਦਾ ਰਿਹਾ ਹੈ। ਇਨ੍ਹਾਂ ਵੱਲ ਦੇਖ ਕੇ ਹੀ ਜ਼ਿਮੀਦਾਰ ਅਛੂਤਾਂ ਦੇ ਖ਼ਿਲਾਫ਼ ਜਿਸਮਾਨੀ ਤਸ਼ੱਦਦ ਕਰਦੇ ਰਹਿੰਦੇ। ਅਜਿਹੀਆਂ ਉਦਾਹਰਣਾਂ 65-70 ਸਾਲ ਦੀ ਉਮਰ ਦੇ ਅਨੁਸੂਚਿਤ ਜਾਤੀਆਂ ਦੇ ਲੋਕਾਂ ਤੋਂ ਅੱਜ ਵੀ ਚੋਖੀ ਗਿਣਤੀ ਵਿਚ ਪੁੱਛੀਆਂ-ਸੁਣੀਆਂ ਜਾ ਸਕਦੀਆਂ ਹਨ।

ਸੋ, ਇਸ ਤਰ੍ਹਾਂ ਦੀ ਹੈ ਮੇਰੀ ਜੰਮਣ-ਭੋਂ। ... ਤੇ ਮਾਧੋਪੁਰ 'ਮੇਰਾ' ਪਿੰਡ ਬਹੁਤਾ ਵੱਡਾ ਨਹੀਂ (ਆਬਾਦੀ 1200 ਦੇ ਕਰੀਬ) ਤੇ ਨਾ ਹੀ ਬਹੁਤ ਪੁਰਾਣਾ - ਸਿਰਫ਼ 250 ਵਰ੍ਹਿਆਂ ਦਾ। 1914-15 ਦੇ ਬੰਦੋਬਸਤ ਮੁਤਾਬਿਕ ਇਸ ਦਾ ਕੁੱਲ ਰਕਬਾ 505 ਘੁਮਾਂ (4044 ਕਨਾਲ ਤੇ 11 ਮਰਲੇ) ਤੇ 12 ਖੂਹ ਸਨ। 885 ਰੁਪਏ ਮਾਮਲਾ ਤਰਦਾ ਸੀ। ਹੁਣ ਇਹ 154 ਏਕੜ ਹੈ (380.38 ਕਿੱਲੇ) ਤੇ ਮਾਮਲਾ 1200 ਰੁਪਏ ਤਰਦਾ ਹੈ। ਸ਼ਾਮਲਾਤ 134 ਕਨਾਲ 9 ਮਰਲੇ - ਇਹਦੇ ਵਿਚ ਰਾਹ ਤੇ ਛੱਪੜ ਆਦਿ ਸ਼ਾਮਿਲ ਹਨ। 30 ਦੇ ਕਰੀਬ ਖੂਹ ਖੇਤਾਂ ਵਿਚ ਸਨ। ਇਸ ਪਿੰਡ ਵਿਚ ਸਾਡੀ ਅਛੂਤਾਂ ਦੀ ਜ਼ਮੀਨ? ਸਿਫ਼ਰ ਦੇ ਬਰਾਬਰ! ਇਸ ਪ੍ਰਸੰਗ ਵਿਚ ਕੁਝ ਹਕੀਕਤਾਂ ਪੇਸ਼ ਹਨ। ਸਮੁੱਚੇ ਪੰਜਾਬ ਦੀ ਕੁੱਲ ਜ਼ਮੀਨ ਦੇ ਤਿੰਨ ਬੰਦੋਬਸਤ (ਮੁਰੱਬੇਬੰਦੀ) ਅੰਗਰੇਜ਼ ਸਰਕਾਰ ਵਲੋਂ ਕਰਵਾਏ ਗਏ। ਪਹਿਲਾ 1849-50 ਵਿਚ, ਦੂਜਾ 1880 ਤੇ ਤੀਜਾ 1914-15 ਵਿਚ। ਆਖ਼ਰੀ ਬੰਦੋਬਸਤ ਦੀਆਂ ਕੁਝ ਮੱਦਾਂ ਆਪਣੇ ਪਿੰਡ ਨਾਲ ਸੰਬੰਧਤ ਪੜ੍ਹਨ ਨੂੰ ਮਿਲੀਆਂ ਜੋ ਰਿਵਾਜ ਵਜੋਂ ਮਸ਼ਹੂਰ ਸਨ। ਦਸਤੂਰ ਨੰਬਰ-10 ਮੁਤਾਬਿਕ ਕਮੀਨ ਬਿਰਾਦਰੀਆਂ ਲਈ ਪਾਬੰਦੀਆਂ ਅਤੇ ਉਨ੍ਹਾਂ ਦੇ ਜ਼ਿੰਮੇ ਲਾਏ ਕੰਮ ਇਸ ਪ੍ਰਕਾਰ ਹਨ:

(ਬੰਦੋਬਸਤ (ਰਿਵਾਜ) ਪਿੰਡ ਮਾਧੋਪੁਰ, ਜ਼ਿਲ੍ਹਾ ਜਲੰਧਰ 1914-15)

ਕੰਮ ਕਰਨ ਵਾਲਾ: ਤਰਖਾਣ

ਕੰਮ: ਘਰੇਲੂ ਅਤੇ ਖੇਤੀਬਾੜੀ ਦੇ ਸਾਮਾਨ ਦੀ ਮੁਰੰਮਤ ਕਰਨੀ, ਪਰ ਲੱਕੜ ਮਾਲਕ ਦੇਵੇਗਾ।

ਕਿਸਾਨ ਦੇਵੇਗਾ: ਹਾੜ੍ਹੀ/ਸਾਉਣੀ ਫੀ ਹਲ਼ ਇਕ ਭਰੀ, ਹਾੜ੍ਹੀ ਫੀ ਹਲ਼ 15 ਦੇਰ ਕੱਚਾ ਅਨਾਜ। ਲੜਕੀ ਦੇ ਵਿਆਹ ਤੇ ਬੇਦੀ ਬਣਾਉਣ ਸਮੇਂ 8 ਆਨੇ।

ਘੁਮਿਆਰ:

ਕੰਮ: ਖੂਹ ਦੀਆਂ ਟਿੰਡਾਂ ਅਤੇ ਜ਼ਰੂਰਤ ਅਨੁਸਾਰ ਮਿੱਟੀ ਦੇ ਭਾਂਡੇ ਬਣਾਉਣੇ (ਘਰ ਦੀ ਜ਼ਰੂਰਤ ਅਤੇ ਵਿਆਹ ਲਈ)।

ਕਿਸਾਨ ਦੇਵੇਗਾ: ਹਾੜ੍ਹੀ/ਸਾਉਣੀ ਫੀ ਹਲ਼ ਇੱਕ ਭਰੀ, ਧੀ ਅਤੇ ਪੁੱਤਰ ਦੀ ਸ਼ਾਦੀ ਸਮੇਂ 8 ਆਨੇ।

ਲੁਹਾਰ:

ਕੰਮ: ਘਰੇਲੂ ਅਤੇ ਖੇਤੀਬਾੜੀ ਦੇ ਲੋਹੇ ਦੇ ਸਾਮਾਨ ਦੀ ਮੁਰੰਮਤ ਅਤੇ ਕੜਾਹੇ ਦੀ ਮੁਰੰਮਤ ਕਰਨੀ।

ਕਿਸਾਨ ਦੇਵੇਗਾ: ਕਪਾਹ ਦੀ ਆਖਰੀ ਚੁਗਾਈ ਵਿੱਚੋਂ ਅੱਧਾ ਹਿੱਸਾ, ਧੀ ਅਤੇ ਪੁੱਤਰ ਦੀ ਸ਼ਾਦੀ ਸਮੇਂ 8 ਆਨੇ।

ਨਾਈ:

ਕੰਮ: ਹਜਾਮਤ ਕਰਨੀ, ਬੁੱਤੀ ਕਰਨੀ, ਖਾਣਾ ਬਣਾਉਣਾ ਅਤੇ ਸ਼ਾਦੀ-ਗ਼ਮੀ ਵੇਲੇ ਹਾਜ਼ਰ ਰਹਿਣਾ।

ਕਿਸਾਨ ਦੇਵੇਗਾ: ਹਾੜ੍ਹੀ/ਸਾਉਣੀ ਫੀ ਹਲ਼ ਇਕ ਭਰੀ, ਫੀ ਹਲ਼ 5 ਸੇਰ ਕੱਚਾ ਗੁੜ। ਧੀ ਦੀ ਸ਼ਾਦੀ ਸਮੇਂ 5 ਆਨੇ ਅਤੇ ਪੁੱਤਰ ਦੀ ਸ਼ਾਦੀ ਸਮੇਂ 4 ਆਨੇ।

ਚੂੜ੍ਹਾ ਜਾਂ ਚਮਾਰ:

ਕੰਮ: ਕਾਰ-ਬਗਾਰ ਕਰਨੀ।

ਕਿਸਾਨ ਦੇਵੇਗਾ: ਬਗਾਰ ਵਿੱਚ ਮੁਰਦਾ ਪਸ਼ੂ ਚੁੱਕਣ ਲਈ ਦੇਣਾ।

ਧੋਬੀ:

ਕੰਮ: ਕੱਪੜਿਆਂ ਦੀ ਧੁਲਾਈ ਅਤੇ ਕੋਰੇ।

ਕਿਸਾਨ ਦੇਵੇਗਾ: ਹਾੜ੍ਹੀ/ਸਾਉਣੀ ਇੱਕ ਭਰੀ ਫੀ ਹਲ਼, 5 ਸੇਰ ਕੱਚਾ ਗੁੜ।

ਝਿਊਰ:

ਕੰਮ: ਬੁੱਤੀ ਕਰਨੀ, ਇੱਕ ਘੜਾ ਸਵੇਰੇ ਅਤੇ ਇੱਕ ਘੜਾ ਸ਼ਾਮ ਪਾਣੀ ਦਾ ਦੇਣਾ। ਸ਼ਾਦੀ-ਗ਼ਮੀ ਮੌਕੇ ਹਾਜ਼ਰ ਰਹਿ ਕੇ ਕੰਮ ਕਰਨਾ।

ਕਿਸਾਨ ਦੇਵੇਗਾ: ਪਾਣੀ ਭਰਾਈ ਇੱਕ ਮਣ ਕੱਚਾ ਅਨਾਜ ਫੀ ਛਿਮਾਹੀ। ਧੀ ਅਤੇ ਪੁੱਤਰ ਦੇ ਵਿਆਹ ਵੇਲੇ 4 ਆਨੇ।

ਉਪਰੋਕਤ ਤੋਂ ਪਤਾ ਲੱਗਦਾ ਹੈ ਕਿ ਚੂੜ੍ਹੇ/ਚਮਾਰਾਂ ਭਾਵ ਅਛੂਤਾਂ ਦੇ ਅਧਿਕਾਰਾਂ ਵਿਚ ਸਿਰਫ਼ ਬਗਾਰ ਤੇ ਬੁੱਤੀ ਕਰਨੀ ਸ਼ਾਮਿਲ ਸੀ। ਮਨੁੱਖੀ ਅਧਿਕਾਰਾਂ ਤੋਂ ਵੰਚਿਤ ਇਨ੍ਹਾਂ ਲੋਕਾਂ ਨੂੰ ਇਵਜ਼ ਵਿਚ ਮੁਰਦਾ ਪਸ਼ੂ ਚੁੱਕਣ ਲਈ ਦਿੱਤੇ ਜਾਂਦੇ - ਉਹ ਵੀ ਅਹਿਸਾਨ ਵਜੋਂ ਕਿ ਉਹ ਉਨ੍ਹਾਂ ਦੇ ਕੰਮੀ ਜਾਂ ਕਮੀਨ ਹਨ। ਸਮਾਜਿਕ-ਆਰਥਿਕ ਅਬਰਾਬਰੀ ਦੇ ਲੰਮੇ ਇਤਿਹਾਸ ਨੂੰ ਬਰਕਰਾਰ ਰੱਖਣ ਦੀ ਇਸ ਸਰਕਾਰੀ ਪੈਰਵੀ ਅਤੇ ਸਮਾਜਿਕ ਵਿਵਸਥਾ ਦੇ ਪੈਰੋਕਾਰਾਂ ਨੇ ਮੇਰੇ ਮਨ ਵਿਚ ਕਈ ਸਵਾਲ ਉਭਾਰੇ ਤੇ ਪਰੇਸ਼ਾਨੀ ਦਾ ਲੰਮਾ ਸਿਲਸਿਲਾ ਸ਼ੁਰੂ ਕੀਤਾ

ਅੰਗਰੇਜ਼ ਭਾਵੇਂ ਮੁਲਕਾਂ ਨੂੰ ਫ਼ਤਹਿ ਕਰਦੇ ਰਹੇ ਪਰ ਉਨ੍ਹਾਂ ਬਾਰੇ ਇਹ ਧਾਰਣਾ ਅਜੇ ਤਕ ਪ੍ਰਚੱਲਤ ਹੈ ਕਿ ਉਹ ਨਿਆਂ-ਪਸੰਦ ਤੇ ਵਿਗਿਆਨਕ ਦ੍ਰਿਸ਼ਟੀ ਵਾਲੇ ਹਨ। ਉਨ੍ਹਾਂ ਆਪਣੀਆਂ ਗੁਲਾਮ ਬਸਤੀਆਂ-ਮੁਲਕਾਂ ਦਾ ਭਰਵਾਂ ਵਿਕਾਸ ਕੀਤਾ। ਅਨੇਕ ਵੱਡੀਆਂ ਪਰਿਯੋਜਨਾਵਾਂ ਨੂੰ ਸਿਰੇ ਚੜ੍ਹਾਇਆ। ਲੋਕਾਂ ਨੂੰ ਵਿੱਦਿਆ ਰਾਹੀਂ ਆਪਣੇ ਸੱਭਿਆਚਾਰ, ਸੱਭਿਅਤਾ ਅਤੇ ਇਤਿਹਾਸ ਤੋਂ ਜਾਣੂ ਕਰਵਾਇਆ - ਉਨ੍ਹਾਂ ਅੰਦਰ ਇਕ ਨਿਵੇਕਲਾ ਨਜ਼ਰੀਆ ਪ੍ਰਫੁੱਲਤ ਕੀਤਾ ਪਰ ਅਛੂਤਾਂ ਦੇ ਸੰਦਰਭ ਵਿਚ ਉਨ੍ਹਾਂ ਦੇ ਵਿਚਾਰਾਂ ਉੱਤੇ ਪ੍ਰਸ਼ਨ ਚਿੰਨ੍ਹ ਲੱਗਦੇ ਹਨ।

ਪੰਜਾਬ ਵਿਚ ਅੰਗਰੇਜ਼ ਭਾਰਤ ਦੇ ਬਾਕੀਆਂ ਹਿੱਸਿਆਂ ਨਾਲੋਂ ਸਭ ਤੋਂ ਬਾਅਦ ਆਏ ਤੇ ਉਨ੍ਹਾਂ ਇੱਥੋਂ ਦੇ ਅਛੂਤਾਂ ਨੂੰ ਬਰਾਬਰੀ, ਸਿੱਖਿਆ, ਜਾਇਦਾਦ, ਵਿਚਾਰ ਪ੍ਰਗਟ ਕਰਨ ਦੇ ਅਧਿਕਾਰ ਕਿਉਂ ਨਹੀਂ ਦਿੱਤੇ? ਸਪਸ਼ਟ ਹੈ ਕਿ ਵਰਣ-ਵਿਵਸਥਾ ਦੇ ਕੱਟੜ ਸਮਰਥਕਾਂ ਨਾਲ ਉਨ੍ਹਾਂ ਦਾ ਗੱਠਜੋੜ ਸੀ ਤੇ ਉਹ ਉਨ੍ਹਾਂ ਦੇ ਪ੍ਰਭਾਵ ਹੇਠ ਸਨ। ਪੰਜਾਬ ਵਿਚ ਆਪਣੀ 100 ਸਾਲ ਦੇ ਕਰੀਬ ਹਕੂਮਤ ਦੌਰਾਨ ਇੰਤਕਾਲੇ ਅਰਾਜੀ ਐਕਟ ਜਿਸ ਤਹਿਤ ਅਛੂਤ ਆਪਣੇ ਪੈਸੇ ਇਕੱਠੇ ਕਰ ਕੇ ਵੀ ਜ਼ਮੀਨ ਨਹੀਂ ਖਰੀਦ ਸਕਦੇ ਸਨ, ਲਾਗੂ ਰਿਹਾ - ਮੌਰੂਸੀ (ਪਿੰਡ ਦੇ ਜ਼ਿਮੀਂਦਾਰਾਂ ਵਲੋਂ ਕੰਮੀਆਂ-ਕਮੀਨਾਂ ਲਈ ਰਿਹਾਇਸ਼ ਵਾਸਤੇ ਦਿੱਤੀ ਸਾਂਝੀ ਜ਼ਮੀਨ) ਮਲਕੀਅਤ ਨਾ ਬਣੀ। ਅਛੂਤ ਜਾਗੀਰਦਾਰਾਂ ਤੇ ਭੂਮੀ ਮਾਲਕਾਂ ਦੇ ਰਹਿਮ ਉੱਤੇ ਵਿਚਰਦੇ, ਡਰ-ਡਰ ਕੇ ਵਕਤ-ਕਟੀ ਕਰਦੇ। ਜ਼ਮੀਨ ਮਾਲਕ ਇਸੇ ਆਧਾਰ ਉੱਤੇ ਉਨ੍ਹਾਂ ਨਾਲ ਧੱਕੇਸ਼ਾਹੀ ਕਰਦੇ - ਜ਼ਬਰਦਸਤੀ ਬਗਾਰ ਕਰਾਉਂਦੇ। ਨਾਂਹ-ਨੁੱਕਰ ਕਰਨ ਤੇ ਲਾਹ-ਪਾਹ ਅਤੇ ਕੁੱਟਮਾਰ ਸ਼ਰੇਆਮ ਕਰਦੇ। ਅੰਗਰੇਜ਼ਾਂ ਕੋਲੋਂ ਆਜ਼ਾਦੀ ਦੀ ਮੰਗ ਉਹ ਲੋਕ ਕਰਦੇ ਜੋ ਉਨ੍ਹਾਂ ਦੇ ਗੁਲਾਮ ਸਨ - ਪਰ ਉਨ੍ਹਾਂ ਨੂੰ ਆਪਣੇ ਅਧੀਨ ਗ਼ੁਲਾਮਾਂ ਦੀ ਆਜ਼ਾਦੀ ਦਾ ਕਦੇ ਖ਼ਿਆਲ ਹੀ ਨਾ ਆਇਆ - ਸਗੋਂ ਆਪਣੇ ਧਰਮ ਗ੍ਰੰਥਾਂ ਦੇ ਨਿਯਮਾਂ ਅਨੁਸਾਰ ਉਨ੍ਹਾਂ ਨੂੰ ਗ਼ੁਲਾਮ ਬਣਾਈ ਰੱਖਣਾ ਆਪਣਾ ਜਨਮ-ਸਿੱਧ ਅਧਿਕਾਰ ਸਮਝਿਆ। ਇਹੀ ਤੱਥ ਸਮਾਜ ਤੇ ਦੇਸ਼ ਦੇ ਪਤਨ ਲਈ ਜ਼ੁੰਮੇਵਾਰ ਰਹੇ।

ਅਜਿਹੀ ਹਜ਼ਾਰਾਂ ਸਾਲਾਂ ਦੀ ਅਨਿਆਂ, ਵਿਤਕਰੇ ਤੇ ਅਬਰਾਬਰੀ ਭਰੀ ਸਮਾਜਿਕ ਵਿਵਸਥਾ ਦੀ ਮਿਸਾਲ ਪੂਰੀ ਦੁਨੀਆਂ ਵਿਚ ਕਿਧਰੇ ਨਹੀਂ ਮਿਲਦੀ। ਪੂਰੇ ਵਿਸ਼ਵ ਵਿਚ ਅਜਿਹਾ ਕੋਈ ਧਰਮ ਨਹੀਂ ਜੋ ਨਫ਼ਰਤ, ਗ਼ੈਰ-ਇਖ਼ਲਾਕੀ ਰਹੁ-ਰੀਤਾਂ, ਭੇਦਭਾਵ ਭਰੇ ਆਦੇਸ਼ਾਂ ਤੇ ਅਣਮਨੁੱਖੀ ਪਰੰਪਰਾਵਾਂ ਦਾ ਝੰਡਾ-ਬਰਦਾਰ ਹੋਵੇ। ਕਿਰਤੀ ਵਰਗ ਤੇ ਇਸਤਰੀਆਂ ਪ੍ਰਤਿ ਅਜਿਹਾ ਅੱਤਿਆਚਾਰੀ, ਦਮਨਕਾਰੀ ਵਤੀਰਾ ਤੇ ਮਨੁੱਖਾਂ ਦੀ ਵੰਡ ਦਾ ਸਿਲਸਿਲਾ ਕਿਸੇ ਮੁਲਕ ਵਿਚ ਨਹੀਂ ਪਰ ਭਾਰਤ ਵਿਚ ਇਸ ਵਿਵਸਥਾ ਉੱਤੇ ਗੌਰਵ ਕੀਤਾ ਜਾਂਦਾ ਹੈ ਕਿ ਇਸ ਦੇ ਚੱਲਦਿਆਂ ਸਮੁੱਚੇ ਭਾਰਤੀ ਸਮਾਜ ਅੰਦਰ ਕਦੇ ਤਣਾਅ ਅਤੇ ਹਿੰਸਾ ਨਹੀਂ ਹੋਈ। ਇਸ ਵਿਚਾਰ ਦੇ ਧਾਰਨੀ ਪ੍ਰਗਤੀਵਾਦੀ ਸਮਝੇ ਜਾਂਦੇ ਲੋਕ ਵੀ ਸ਼ਾਮਿਲ ਹਨ ਜੋ ਉੱਚ ਜਾਤੀਆਂ ਨਾਲ ਸੰਬੰਧਤ ਹਨ ਤੇ ਅਛੂਤਾਂ ਦੀ ਵਜ੍ਹਾ ਜ਼ਿੰਦਗੀ ਦਾ ਲੁਤਫ਼ ਲੈ ਰਹੇ ਹਨ। ... ਭਲਾ ਅਜਿਹੀ ਘੋਰ ਅਨਿਆਂ-ਭਰੀ ਵਿਵਸਥਾ ਚੱਲ ਕਿਵੇਂ ਸਕਦੀ ਸੀ ਜੇ 'ਮਨੂੰ ਸਿਮ੍ਰਿਤੀ' ਵਰਗੀ ਪੁਸਤਕ ਸ਼ੂਦਰਾਂ ਅਤੇ ਅਤਿ ਸ਼ੂਦਰਾਂ ਵਿਰੁੱਧ ਕਠੋਰ ਸਮਾਜਿਕ ਨਿਯਮਾਂ ਨੂੰ ਪੱਕੀ ਕਰਨ ਵਾਲੀ ਨਾ ਹੁੰਦੀ। ਅਜਿਹੀਆਂ ਪੁਸਤਕਾਂ ਦੇ ਸੰਦਰਭ ਵਿਚ ਡਾ. ਭੀਮਰਾਓ ਅੰਬੇਡਕਰ ਨੇ ਲਿਖਿਆ ਹੈ, ‘ਜਿਨ੍ਹਾਂ ਪੁਸਤਕਾਂ ਨੂੰ ਪਵਿੱਤਰ ਗ੍ਰੰਥ ਕਿਹਾ ਜਾਂਦਾ ਹੈ ਉਹ ਅਜਿਹੀਆਂ ਜਾਹਲਸਾਜ਼ੀਆਂ ਨਾਲ ਭਰੇ ਪਏ ਹਨ, ਜਿਨ੍ਹਾਂ ਦੀ ਪ੍ਰਵਿਰਤੀ ਰਾਜਨੀਤਕ ਹੈ; ਜਿਨ੍ਹਾਂ ਦੀ ਰਚਨਾ ਪੱਖਪਾਤੀ ਹੈ ਤੇ ਉਨ੍ਹਾਂ ਦਾ ਮਨੋਰਥ ਤੇ ਪ੍ਰਯੋਜਨ ਹੈ ਕਪਟ ਤੇ ਛਲ।’

ਇਸ ਦੇ ਨਾਲ ਹੀ ਮੈਨੂੰ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਸ਼ਬਦ ਯਾਦ ਆਉਂਦੇ ਹਨ, “ਹਿੰਦੂ ਨਿਸ਼ਚਤ ਤੌਰ ’ਤੇ ਉਦਾਰ ਤੇ ਸਹਿਣਸ਼ੀਲ ਨਹੀਂ ਹੈ। ਹਿੰਦੂ ਤੋਂ ਜ਼ਿਆਦਾ ਸੰਕੀਰਣ ਵਿਅਕਤੀ ਦੁਨੀਆਂ ਵਿਚ ਕਿਧਰੇ ਨਹੀਂ ਹੈ।ਕਾਰਲ ਮਾਰਕਸ ਦਾ ਇਹ ਵਿਚਾਰ ਅਤੇ ਨਿਸਚਤਤਾ ਕਦੇ ਨਹੀਂ ਭੁੱਲਦੀ ਕਿ ਦੁਨੀਆਂ ਭਰ ਵਿਚ ਜੇ ਕਿਤੇ ਵੀ ਅਨਿਆਂ ਵਿਰੁੱਧ ਤੇ ਸਮਾਜਿਕ-ਆਰਥਿਕ ਬਰਾਬਰੀ ਲਈ ਇਕ ਹੱਥ ਉੱਠਦਾ ਹੈ ਤਾਂ ਮੇਰੇ ਦੋਵੇਂ ਹੱਥ ਉਸ ਨਾਲ ਹੋਣਗੇ।

ਇਸੇ ਤਰ੍ਹਾਂ ਦੀ ਭਾਵਨਾ ਨਾਲ ਇਕ ਨਿਧੜਕ ਪੰਜਾਬੀ ਸੂਰਮਾ ਸਮਾਜਿਕ ਇਨਸਾਫ਼ ਲਈ ਉੱਠਿਆ ਤੇ ਅਜੀਬ ਇਤਫ਼ਾਕ ਦੀ ਗੱਲ ਹੈ ਕਿ ਉਹ ਸੰਗਤੀਆ ਦੇ ਪਿੰਡ ਮੁੱਗੋਵਾਲ ਦਾ ਗ਼ਦਰੀ ਬਾਬਾ ਬਾਬੂ ਮੰਗੂ ਰਾਮ ਮੁੱਗੋਵਾਲ ਸੀ ਜਿਨ੍ਹਾਂ ਅੰਗਰੇਜ਼ਾਂ ਵਿਰੁੱਧ ਦੇਸ਼ ਦੀ ਆਜ਼ਾਦੀ ਖ਼ਾਤਰ ਜੇਲ੍ਹਾਂ ਕੱਟੀਆਂ, ਫ਼ਾਂਸੀ ਦੇ ਤਖ਼ਤੇ ਤੋਂ ਫ਼ਰਾਰ ਹੋ ਕੇ, ਜੰਗਲਾਂ ਵਿਚ ਆਦਿਵਾਸੀਆਂ ਨਾਲ ਤਿੰਨ ਵਰ੍ਹੇ ਗੁਜ਼ਾਰੇ। 1925 ਵਿਚ ਉਹ ਮਨੀਲਾ ਛੱਡ ਕੇ ਭਾਰਤ ਦੇ ਦੱਖਣੀ-ਪੱਛਮੀ ਇਲਾਕਿਆਂ ਥਾਣੀਂ ਹੁੰਦੇ ਹੋਏ ਆਪਣੇ ਪਿੰਡ ਆ ਗਏ। ਉਨ੍ਹਾਂ ਅਛੂਤਾਂ ਦੀ ਦਲਿੱਦਰ ਤੇ ਦੁੱਭਰ ਜ਼ਿੰਦਗੀ ਨੂੰ ਮੁੜ ਤੱਕਿਆ। ਦੋਹਰੀ-ਤੇਹਰੀ ਗੁਲਾਮੀ ਦੇ ਅਹਿਸਾਸ ਨੇ ਉਨ੍ਹਾਂ ਨੂੰ ਹਿਲਾ ਕੇ ਰੱਖ ਦਿੱਤਾ। ਲਾਲਾ ਹਰਦਿਆਲ ਦੀ ਜਵਾਬੀ ਚਿੱਠੀ ਮਿਲਣ ਉੱਤੇ ਉਹ ਅਛੂਤਾਂ ਦੇ ਉਧਾਰ ਲਈ ਪੂਰੀ ਤਨਦੇਹੀ ਨਾਲ ਕੰਮ ਕਰਨ ਲੱਗੇ। 11-12 ਜੂਨ, 1926 ਨੂੰ ਆਪਣੇ ਪਿੰਡ ਮੁੱਗੋਵਾਲ ਵਿਚ 36 ਜਾਤਾਂ ਦੇ ਲੋਕਾਂ ਦਾ ਵਿਸ਼ਾਲ ਸੰਮੇਲਨ ਕੀਤਾ ਤੇ 'ਆਦਿਧਰਮ ਮੰਡਲ' ਦੀ ਸਥਾਪਨਾ ਕੀਤੀ। ਇਹ ਇਕ ਤਰ੍ਹਾਂ ਦਾ ਸੱਭਿਆਚਾਰਕ ਅੰਦੋਲਨ ਸੀ। ਉਨ੍ਹਾਂ ਸਮਾਜਿਕ ਅਸਮਾਨਤਾ ਦੇ ਖ਼ਿਲਾਫ਼ ‘ਆਦਿ ਡੰਕਾ’ ਨਾਂ ਦਾ ਅਖ਼ਬਾਰ ਚਾਲੂ ਕੀਤਾ। ਸਮਾਜਿਕ, ਰਾਜਨੀਤਕ ਤੇ ਆਰਥਿਕ ਸੰਘਰਸ਼ ਸਦਕਾ ਉਹ 1946 ਵਿਚ ਆਪਣੇ 3 ਹੋਰ ਸਾਥੀਆਂ ਨਾਲ ਐੱਮ.ਐੱਲ.ਏ.ਬਣੇ। 1936 ਵਿਚ ਆਦਿਧਰਮ ਦੇ 8 ਐੱਮ.ਐੱਲ.ਏ. ਬਣੇ ਸਨ।

ਇੱਥੇ ਜੋ ਸਬੱਬ ਦੀ ਗੱਲ ਹੈ, ਉਹ ਇਹ ਕਿ ਬਾਬੂ ਮੰਗੂ ਰਾਮ ਸਾਡੇ ਪਿੰਡ ਮਾਧੋਪੁਰ 1947 ਤੋਂ ਪਹਿਲਾਂ ਤੇ ਬਾਅਦ ਆਏ। ਦੱਸਦੇ ਹਨ ਕਿ ਉਨ੍ਹਾਂ ਦਾ ਬਹੁਤ ਭਰਵਾਂ ਸਵਾਗਤ ਕੀਤਾ ਗਿਆ ਤੇ ਇਸ ਵਿਚ ਸਮੁੱਚਾ ਪਿੰਡ ਸ਼ਾਮਿਲ ਸੀ। ਦੇਸ਼ ਦੀ ਆਜ਼ਾਦੀ ਤੇ ਅਛੂਤਾਂ ਦੇ ਉਧਾਰ ਵਾਸਤੇ ਉਨ੍ਹਾਂ ਦੇ ਸੰਘਰਸ਼ ਨੂੰ ਭਾਰਤ ਦੇ ਲੋਕ ਸਦਾ ਯਾਦ ਕਰਦੇ ਰਹਿਣਗੇ।

... ਤੇ ਚੌਥਾ ਬੰਦੋਬਸਤ ‘ਦਿ ਈਸਟ ਪੰਜਾਬ ਲੈਂਡ (ਐਂਡ ਪ੍ਰੀਵੈਸ਼ਨ ਫਰੈਗਮੈਂਟੇਸ਼ਨ) ਆਫ਼ ਹੋਲਡਿੰਗ ਐਕਟ, 1943 ਤਹਿਤ ਅੰਗਰੇਜ਼ਾਂ ਦੇ ਭਾਰਤ ਛੱਡ ਜਾਣ ਮਗਰੋਂ, 1948 ਵਿਚ ਹੋਇਆ ਜੋ 1960 ਤਕ ਚਲਦਾ ਰਿਹਾ। ਇਸ ਅਨੁਸਾਰ ਹਰ 'ਕੰਮੀ' ਪਰਿਵਾਰ ਨੂੰ ਦੋ-ਦੋ ਮਰਲੇ ਜ਼ਮੀਨ ਘਰਾਂ ਦਾ ਢੇਰ-ਕੂੜਾ ਸੁੱਟਣ ਲਈ ਦਿੱਤੀ ਗਈ। ਇਸ ਤੋਂ ਪਹਿਲਾਂ ਬੇਜ਼ਮੀਨੇ ਤੇ ਗ਼ੈਰਕਾਸ਼ਤਕਾਰ ਲੋਕਾਂ ਦਾ ਢੇਰ-ਕੂੜਾ ਮਾਲਕ ਮਾਲਕੀ ਦੇ ਹਿੱਸੇ ਅਨੁਸਾਰ ਤਕਸੀਮ ਕਰ ਲੈਂਦੇ ਸਨ। ਜਿਹੜੇ ਗ਼ੈਰ-ਮਾਲਕ ਕਾਸ਼ਤਕਾਰੀ ਕਰਦੇ ਸਨ ਉਹ ਆਪਣੇ ਖੇਤਾਂ ਵਿਚ ਪਾ ਲੈਂਦੇ ਸਨ। ਗ਼ੈਰ-ਮਾਲਕ ਨੂੰ ਢੇਰ-ਕੂੜਾ ਵੇਚਣ ਦਾ ਹੱਕ ਨਹੀਂ ਸੀ।

ਬਰਤਾਨਵੀ ਸਰਕਾਰ ਦੇ ਗੁਲਾਮ 15 ਅਗਸਤ, 1947 ਨੂੰ ਆਜ਼ਾਦ ਹੋ ਗਏ। ਉਨ੍ਹਾਂ ਨੂੰ ਅਨੇਕ ਹੋਰ ਅਧਿਕਾਰ ਪ੍ਰਾਪਤ ਹੋ ਗਏ ਪਰ 'ਰਜਅਤਨਾਮਾ' (ਜਾਗੀਰਦਾਰੀ ਬੰਦੋਬਸਤ ਤਹਿਤ ਸਰਦਾਰੀ, ਚੌਧਰ ਨੂੰ ਬਰਕਰਾਰ ਰੱਖਣ ਵਾਲਾ ਕਾਨੂੰਨ) ਜਿਉਂ ਦਾ ਤਿਉਂ ਰਿਹਾ ਭਾਵੇਂ ਕਿ 26 ਜਨਵਰੀ 1950 ਨੂੰ ਭਾਰਤ ਦਾ ਆਪਣਾ ਸੰਵਿਧਾਨ ਲਾਗੂ ਹੋ ਗਿਆ। ਲੰਬੀ ਜੱਦੋਜਹਿਦ ਤੇ ਅਧਿਕਾਰ ਚੇਤਨਾ ਸਦਕਾ 1957 ਵਿਚ 'ਮੌਰੂਸੀ' ਦਾ ਹੱਕ ਖ਼ਤਮ ਹੋ ਗਿਆ - ਭਾਵ 'ਕੰਮੀਆਂ' ਨੂੰ ਇਸ ਦੀ ਮਾਲਕੀ ਦੇ ਹੱਕ ਹਾਸਿਲ ਹੋ ਗਏ। ਵਸੋਂ ਲਈ ਅਛੂਤਾਂ ਨੂੰ ਦਿੱਤੀ ਮੌਰੂਸੀ (ਵਿਰਾਸਤ ਵਿਚ ਮਿਲੀ ਜ਼ਮੀਨ) ਬਦਲੇ ਬਗਾਰ ਕਰਾਉਣ ਦਾ ਹੱਕ; ਰਜਅਤਨਾਮਾ ਟੁੱਟ ਗਿਆ। ਅਛੂਤਾਂ ਦਾ ਜਬਰੀ ਤੇ ਮੁਫ਼ਤ ਕੰਮ ਕਰਵਾਏ ਜਾਣ ਵਾਲੇ ਕਾਨੂੰਨ ਤੋਂ ਛੁਟਕਾਰਾ ਹੋ ਗਿਆ। ਇੰਤਕਾਲੇ ਅਰਾਜੀ ਐਕਟ ਪਹਿਲਾਂ ਹੀ ਖ਼ਤਮ ਹੋ ਚੁੱਕਾ ਸੀ ਤੇ ਅਨੁਸੂਚਿਤ ਜਾਤੀਆਂ ਨੂੰ ਜਾਇਦਾਦ ਖ਼ਰੀਦਣ-ਵੇਚਣ ਦਾ ਸੰਪੂਰਨ ਅਧਿਕਾਰ ਪ੍ਰਾਪਤ ਹੋ ਗਿਆ।

ਅਛੂਤਾਂ ਦੇ ਮੁਹੱਲੇ/ਬਸਤੀਆਂ ਪੰਜਾਬ ਤੇ ਭਾਰਤ ਦੇ ਪਿੰਡਾਂ ਵਿਚ ਲਹਿੰਦੇ ਪਾਸੇ ਹਨ। ਇਸ ਲਈ ਕਿ ਇਹ ਵਰਗ ਹਿੰਦੂ ਸਮਾਜਿਕ ਵਿਵਸਥਾ ਅਨੁਸਾਰ ਚਹੁੰ ਵਰਣਾਂ ਵਿੱਚੋਂ ਕਿਸੇ ਵਿਚ ਵੀ ਨਹੀਂ ਆਉਂਦੇ ਤੇ ਵਿਵਸਥਾ ਸਮਰਥਕਾਂ ਅਨੁਸਾਰ ਉਨ੍ਹਾਂ ਦਾ ਪ੍ਰਛਾਵਾਂ ਵੀ ਨਹੀਂ ਲਿਆ ਜਾਣਾ ਚਾਹੀਦਾ। ਕਹਿਣ ਨੂੰ ਦਲਿਤ ਹਿੰਦੂ ਧਰਮ ਦਾ ਹਿੱਸਾ ਹਨ ਪਰ ਅਸਲੀਅਤ ਵਿਚ ਇਹ ਧਰਮ ਉਨ੍ਹਾਂ ਨੂੰ ਗੁਲਾਮ ਬਣਾਉਣ ਦਾ ਇਕ ਮਾਧਿਅਮ ਹੈ। ਇਸੇ ਕਰਕੇ ਇਨ੍ਹਾਂ ਲੋਕਾਂ ਨੂੰ ਸਮਾਜ ਦੀ 'ਮੁੱਖਧਾਰਾ' ਤੋਂ ਵੱਖ ਰੱਖਿਆ ਗਿਆ। ਦੂਜੀ ਇਹ ਸੋਚ ਸੀ ਕਿ ਪਿੰਡ ਦਾ ਗੰਦਾ ਪਾਣੀ ਹਮੇਸ਼ਾ ਨੀਵੇਂ ਪਾਸੇ ਯਾਨੀ ਲਹਿੰਦੇ ਨੂੰ ਵਗਦਾ ਹੈ - ਇਸ ਕਰ ਕੇ ਅਜਿਹੇ ਲੋਕਾਂ ਦਾ ਵਾਸ ਗੰਦਮੰਦ ਵਿਚ ਹੀ ਉਚਿਤ ਹੈ। ਅਜਿਹੀ ਘਟੀਆ ਤੇ ਘਿਨਾਉਣੀ ਵਿਵਸਥਾ ਦਾ ਪ੍ਰਤੱਖ ਪ੍ਰਮਾਣ ਅੱਜ ਵੀ ਸਮੂਹ ਪਿੰਡਾਂ ਵਿਚ ਦੇਖਿਆ ਜਾ ਸਕਦਾ ਹੈ।

ਖ਼ੈਰ, 1947 ਤੋਂ ਪਹਿਲਾਂ ਸਾਡੀ ਬਿਰਾਦਰੀ ਦੇ ਜਿਸ ਪਰਿਵਾਰ ਨੇ ਕਿਸੇ ਜੱਟ ਦੇ ਨਾਂ ਉੱਤੇ ਜ਼ਮੀਨ ਖ਼ਰੀਦੀ ਸੀ - ਉਸਨੇ ਬਾਅਦ ਵਿਚ ਪੂਰੀ ਈਮਾਨਦਾਰੀ ਨਾਲ ਉਸ ਦਲਿਤ ਦੇ ਨਾਂ ਚੜ੍ਹਵਾ ਦਿੱਤੀ। ਇਹ ਪਰਿਵਰਤਨ ਤੇ ਕ੍ਰਾਂਤੀ ਦਾ ਇਕ ਚਿੰਨ੍ਹ ਹੋ ਨਿੱਬੜੀ। ਆਜ਼ਾਦੀ ਦਾ ਅਹਿਸਾਸ ਚੁਫ਼ੇਰੇ ਫੈਲਣ ਲੱਗਾ। ਸੰਵਿਧਾਨਕ ਦ੍ਰਿਸ਼ਟੀ ਤੋਂ ਸਭ ਭਾਰਤ ਵਾਸੀ ਹਰ ਖੇਤਰ ਵਿਚ ਬਰਾਬਰ ਸਮਝੇ ਜਾਣ ਲੱਗੇ। ਅਛੂਤ ਹੁਣ ਹਰੀਜਨਾਂ ਤੋਂ ਅਨੁਸੂਚਿਤ ਜਾਤੀਆਂ ਦਾ ਸਫ਼ਰ ਕਰ ਗਏ। ਪਰ ਸਮਾਜਿਕ ਵਰਤਾਰਾ ਤੇ ਉੱਚ ਜਾਤੀਆਂ ਦੀ ਮਾਨਸਿਕਤਾ ਵਿਚ ਓਨਾ ਬਦਲਾਅ ਨਹੀਂ ਆਇਆ ਜਿੰਨੀ ਤੇਜ਼ੀ ਨਾਲ ਇਸ ਵਿਗਿਆਨਕ ਯੁੱਗ ਵਿਚ ਆਉਣਾ ਚਾਹੀਦਾ ਸੀ। ਬਹੁਤ ਸਾਰੇ ਕਾਨੂੰਨ ਜਿਸ ਭਾਵਨਾ ਨਾਲ ਬਣਾਏ ਗਏ, ਉਹ ਅਸਲ ਮਾਅਨਿਆਂ ਵਿਚ ਆਪਣਾ ਉਚਿਤ ਸਥਾਨ ਹਾਸਿਲ ਨਹੀਂ ਕਰ ਸਕੇ। ਸੰਖੇਪ ਵਿਚ, ਸਮਾਜਿਕ ਪਰਿਵਰਤਨ ਬਹੁਤ ਸਾਰਾ ਉੱਦਮ, ਸਾਹਸ ਤੇ ਦਲੇਰੀ ਨੂੰ ਸਮਾਜ ਦੇ ਸਾਰੇ ਵਰਗਾਂ ਤੋਂ ਲੋੜਦਾ ਹੈ। ਤਰਕਵਾਦੀ ਦਰਸ਼ਨ ਦੀ ਅਹਿਮ ਜ਼ਰੂਰਤ ਹੈ। ਦਲਿਤ ਸਮੁੱਚੇ ਦੇਸ਼ ਨੂੰ ਪ੍ਰਫੁੱਲਤ ਹੁੰਦਾ ਦੇਖਣਾ ਚਾਹੁੰਦੇ ਹਨ - ਅਜਿਹਾ ਮੈਂ ਪਿਛਲੇ ਸਾਲਾਂ ਦੌਰਾਨ ਵੱਖ-ਵੱਖ ਦਲਿਤ ਬੁੱਧੀਜੀਵੀਆਂ ਦੀਆਂ ਬੈਠਕਾਂ ਵਿਚ ਮਹਿਸੂਸ ਕੀਤਾ ਹੈ।

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2343)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com)

About the Author

ਬਲਬੀਰ ਮਾਧੋਪੁਰੀ

ਬਲਬੀਰ ਮਾਧੋਪੁਰੀ

Delhi, India.
Phone: (011 - 91 - 93505 - 48100)

Email: (bmadhopuri@yahoo.in)

More articles from this author