BalbirMadhopuri7ਧਿਆਨ ਨੇ ਮੈਂਨੂੰ ਦੂਜੇ ਪਾਸੇ ਦੌੜਨ ਲਈ ਕਿਹਾ ਕਿ ਘੱਟੋ-ਘੱਟ ਇੱਕ ਜਣਾ ਤਾਂ ਬਚ ਜਾਵੇਗਾ। ਮੇਰੇ ਸੱਜੇ ਹੱਥ ...
(1 ਅਪਰੈਲ 2021)
(ਸ਼ਬਦ: 1540)


“ਇਸ ਕੰਜਰ ਦੇ ਪੁੱਤ ਨੇ ਆਪ ਤਾਂ ਮਰਨਾ
, ਨਾਲ ਸਾਨੂੰ ਬੀ ਮਰਾਉਣਾ! ਇਹਨੂੰ ਚਾਰ ਭੁਆਂਟਣੀਆਂ (ਵਿਆਹ ਦੀਆਂ ਲਾਮਾਂ) ਦੇ ਕੇ ਨਰੜ ਦੇ ਕਿਤੇ - ਆਪੇ ਰੰਨ ਨਾ ਪੁੱਤ ਬਣ ਜਾਊ - ਨਾਲੇ ਫੇ ਦੇਖਾਂਗੇ ਸਾਡਾ ਕਿੰਨਾ ਕੁ ਹਾਲਚਾਲ ਪੁੱਛਣ ਆਉਂਦਾ ...।” ਭਾਈਆ ਆਪਣੇ ਗੁਸੈਲ ਸੁਭਾਅ ਮੁਤਾਬਿਕ ਉੱਲਰ-ਉੱਲਰ ਪਿਆ ਪਰ ਮਾਂ ਪੱਥਰ-ਚੁੱਪ ਤੇ ਅਹਿਲ ਖੜ੍ਹੀ ਸੀਭਾਈਏ ਦਾ ਇੱਕੋ ਸਾਹੇ ਬੋਲਦੇ ਦਾ ਇਕਹਿਰਾ ਸਰੀਰ ਹਲਕਾ ਜਿਹਾ ਕੰਬਦਾ-ਕੰਬਦਾ ਲਗਦਾਉਹਦੀਆਂ ਅੱਖਾਂ ਕਦੀ ਅੰਦਰ ਤੇ ਕਦੀ ਰਾਹ ਵੱਲ ਨੂੰ ਫ਼ੁਰਤੀ ਨਾਲ ਦੇਖਦੀਆਂ

ਐਤਕੀਂ ਮੈਂ ਆਪਣੀ ਮਰਜ਼ੀ ਨਾਲ ਥੋੜ੍ਹੋ ਆਇਆਂ - ਧੁਆਡਾ ...।”

ਚੁੱਪ ਕਰ ਜਾ ਕੁੱਤੇ ਦਿਆ ਤੁਖਮਾਂ! ਨਹੀਂ ਤਾਂ ਜੁੱਤੀਆਂ ਮਾਰ-ਮਾਰ ਖੋਪਰ ਭੰਨ ਦਊਂ!” ਭਾਈਏ ਦੇ ਬੋਲ ਇੰਨੇ ਉੱਚੇ ਸਨ ਕਿ ਵਿਹੜੇ ਦੇ ਤੇ ਕੁਝ ਗਵਾਂਢੀ ਘਰਾਂ ਦੇ ਜੀਅ ਪਲਾਂ ਵਿੱਚ ਆ ਜੁੜੇ

‘ਬਾਰੀਆਂਦੇ ਗੁਰਮੁਖ ਨੇ ਆਉਂਦਿਆਂ ਹੀ ਪੁੱਛਿਆ, ‘ਅਸੀਂ ਤਾਂ ਪੈਛੜ ਸੁਣੀ ਪਈ ਖੇਤਾਂ ਦੇ ਖੋਭੇ ਵਿੱਚ ਕੌਣ ਦੌੜਦਾ ਆ ਰਿਹਾ!”

ਯਾਰ ਹੱਦ ਹੋ ਗਈ! ਗੱਲ ਤਾਂ ਦੱਸੋ ...।” ਤਾਏ ਰਾਮ ਸਿੰਘ ਨੇ ਆਪਣੇ ਵਿਰਲੇ ਜਿਹੇ ਦਾਹੜੇ ਉੱਤੇ ਹੱਥ ਫੇਰਦਿਆਂ ਕਾਹਲੀ ਨਾਲ ਪੁੱਛਿਆ

ਹੋਣਾ ਕੀ ਆ? ਅੱਤਬਾਦੀਆਂ ਨੇ ਘੇਰ ਲਿਆ!” ਭਾਈਏ ਨੇ ਦੱਸਿਆ

ਹਲਾ! ਕਿੱਥੇ?” ਤਾਏ ਨੇ ਫਿਰ ਉਤਸੁਕਤਾ ਨਾਲ ਪੁੱਛਿਆ

ਹਾਅ ਪੀਰ ਦੀ ਖ਼ਾਨਗਾਹ ਦੇ ਪਰਲੇ ਪਾਸੇ!”

ਹੈਂ? ਦਿਨੇ ਈ ਨ੍ਹੇਰ! ਪਿੰਡ ਦੇ ਬਾਹਰ ਈ! ਅਜੇ ਤਾਂ ਅੱਠ ਬੀ ਨਹੀਂ ਬੱਜੇ? ਇਕੱਲਾ ਸੀ ਤੂੰ ਕਿ ਕੋਈ ਨਾਲ ਬੀ ਸੀ?” ਤਾਏ ਨੇ ਬੜੀ ਤਵੱਜੋ ਨਾਲ ਸਵਾਲਾਂ ਦੀ ਝੜੀ ਲਾ ਦਿੱਤੀ

ਧਿਆਨ ਤਾਂ ਮੈਂ ਸਿਗੇ!” ਮੈਂ ਦੱਸਿਆ

ਪੁੱਛ-ਪੜਤਾਲ ਜਾਰੀ ਸੀ ਕਿ ਧਿਆਨ ਆ ਗਿਆਉਹਦੇ ਪਿੱਛੇ-ਪਿੱਛੇ ‘ਬਾਬਿਆਂਦਾ ਸਾਧੂਉਹਨੇ ਆਪਣੇ ਸਦਾ ਖ਼ੁਸ਼ਕ ਰਹਿੰਦੇ ਸੰਘ ਵਿੱਚੀਂ ਹੌਲੀ ਦੇਣੀ ਖੰਗੂਰਾ ਮਾਰਦਿਆਂ ਕਿਹਾ, ‘ਚੰਦ ਦੀ ਚਾਨਣੀ (ਸ਼ਾਇਦ ਪੁੰਨਿਆਂ ਜਾਂ ਇੱਕ-ਦੋ ਦਿਨ ਬਾਅਦ ਦੀ ਰਾਤ) ਵਿੱਚ ਇਨ੍ਹਾਂ ਵੱਲ ਤਾਣੀ ਛੋਟੀ ਬੰਦੂਕ (ਏ ਕੇ ਸੰਤਾਲੀ) ਦੇਖ ਮੈਂ ਪਿੱਛੇ ਈ ਹਰਨਾੜੀ ਰੋਕ ਲਈ ਤੇ ...।”

ਮੈਂ ਦੇਖਿਆ ਕਿ ਧਿਆਨ ਦਾ ਸਾਹ ਨਾਲ ਸਾਹ ਨਹੀਂ ਰਲ਼ ਰਿਹਾ ਸੀਤੀਵੀਆਂ-ਬੰਦੇ ਸਾਡੇ ਮੂੰਹਾਂ ਵਲ ਤਰਸ ਤੇ ਦਇਆ ਭਰੀਆਂ ਨਜ਼ਰਾਂ ਨਾਲ ਦੇਖਦੇ ਖ਼ਾਮੋਸ਼ ਖੜ੍ਹੇ ਸਾਰੀ ਵਾਰਦਾਤ ਨੂੰ ਗਹੁ ਨਾਲ ਸੁਣ ਰਹੇ ਸਨ

... ਤੇ ਮੈਂ ਹਰਨਾਲੀ ਵੱਢ ਵਿੱਚੀਂ ਪਾ ਲਈ, ਜਿੱਥੇ ਗੁਰਮੁਖ ਹੁਰਾਂ ਦੀ ਕਣਕ ਦੀਆਂ ਭਰੀਆਂ ਹਾਲੇ ਵੀ ਪਈਆਂ ਪੁੰਗਰ ਰਹੀਆਂ! ... ਪੈਰ-ਖੁੱਭਦੇ ਆ!” ਬਾਬਾਸਾਧੂ ਫਿਰ ਸੰਘ ਘਰੋੜ ਕੇ ਬੋਲਿਆ

ਸਾਰੀ ਕਬੀਲਦਾਰੀ ਅਜੇ ਨਜਿੱਠਣ ਆਲੀ ਆ, ਬੜਾ ਆਪ ਟੱਬਰਦਾਰ ਹੋ ਗਿਆ। ਅਸੀਂ ਹੁਣ ਤੇਰੇ ਹੱਥਾਂ ਅਲ ਈ ਦੇਖਦੇ ਆਂ ...! ਚਾਹੇ ਮੈਮ੍ਹੀਂ ਅਜੇ ਦਿਹਾੜੀ-ਢੱਪਾ ਕਰ ਲਈਨਾ ...।” ਭਾਈਏ ਨੇ ਆਪਣੇ ਭਵਿੱਖ ਦੀ ਚਿੰਤਾ ਭਰੀ ਕਹਾਣੀ ਦਾ ਸੰਖੇਪ ਸਾਰ ਪੇਸ਼ ਕੀਤਾਉਹਦੇ ਬੁੱਲ੍ਹ ਤੇ ਚਿਹਰੇ ਦਾ ਮਾਸ ਫ਼ਰਕਦੇ ਦਿਸੇ

ਠਾਕਰਾ, ਅਕਾਲ-ਪੁਰਖ ਦਾ ਸ਼ੁਕਰ ਮਨਾ, ਮੁੰਡੇ ਬਚ ਗਏ। ਬੁੱਲਾ ਆਇਆ, ਨਿਕਲ ਗਿਆ।” ਤਾਏ ਨੇ ਦਿਲਾਸਾ ਦਿੱਤਾ

... ਤੁਸੀਂ ਫਿਕਰ ਨਾ ਕਰੋ, ਤਸੱਲੀ ਰੱਖੋ!” ਮੈਂ ਆਪਣੇ ਭਾਈਏ ਤੇ ਮਾਂ ਨੂੰ ਹੌਸਲਾ ਦੇਣ ਦੀ ਕੋਸ਼ਿਸ਼ ਕੀਤੀ ਮੈਂਨੂੰ ਮਾਂ ਦੀਆਂ ਅੱਖਾਂ ਵਿੱਚ ਭਰਿਆ ਪਾਣੀ ਉਨ੍ਹਾਂ ਵਿੱਚੋਂ ਬਾਹਰ ਨੂੰ ਟਪਕਣ ਲਈ ਕਾਹਲਾ ਜਾਪਿਆ

ਮੈਨੂੰ ਲੱਗਿਆ ਪਈ ਅੱਜ ਸਾਡਾ ਨੰਬਰ ਲੱਗ ਗਿਆ ਪਰ ...।” ਧਿਆਨ ਤਾਜ਼ਾ ਬੀਤੀ ਦੱਸਣ ਦੀ ਕੋਸ਼ਿਸ਼ ਕਰਨ ਲੱਗਾ, “ਸਾਨੂੰ ਦੋਹਾਂ ਨੂੰ ਉਨ੍ਹਾਂ ਨੇ ਆਪਣੇ ਮੋਹਰੇ ਦਸ-ਪੰਦਰਾਂ ਫੁੱਟ ’ਤੇ ਬਰੋ-ਬਰੋਬਰ ਖੜ੍ਹੇ ਕਰ ਲਿਆ, ਕਹਿੰਦੇ ... ਸਾਲ਼ੇ ਸੜਕਾਂ ਉੱਤੇ ਬੀੜੀਆਂ ਪੀਂਦੇ ਫਿਰਦੇ ਆਆਹ ‘ਬਾਬੇਨੇ ਜਦੋਂ ਹਰਨਾੜੀ ਖੇਤ ਵਿੱਚ ਪਾ ਲਈ ਤਾਂ ਉਨ੍ਹਾਂ ਦਾ ਧਿਆਨ ਉੱਧਰ ਹੋ ਗਿਆ ਤੇ ਮੈਮ੍ਹੀਂ ਹੁਸ਼ਿਆਰੀ ਨਾਲ ਖੇਤੀਂ ਪੈ ਗਿਆ! ਦੌੜ ਨਾ ਹੋਵੇ, ਪੈਰ ਖੁੱਭਦੇ ਜਾਣ। ਮੈਂ ਫੇਰ ਵੀ ਦੌੜਦਾ ਰਿਹਾ! ਉਹ ਕਹਿੰਦੇ ਰਹੇ ਰੁਕ ਜਾ, ਨਹੀਂ ਤਾਂ ਗੋਲੀ ਮਾਰ ਦਿਆਂਗੇ।”

ਧਿਆਨ ਨੇ ਮੈਂਨੂੰ ਦੂਜੇ ਪਾਸੇ ਦੌੜਨ ਲਈ ਕਿਹਾ ਕਿ ਘੱਟੋ-ਘੱਟ ਇੱਕ ਜਣਾ ਤਾਂ ਬਚ ਜਾਵੇਗਾ। ਮੇਰੇ ਸੱਜੇ ਹੱਥ ਕੰਡਿਆਲੀ ਤਾਰ ਤੇ ਢੇਰ ਸਿਗੇ, ਭੱਜ ਕੇ ਜਾਣਾ ਕਿੱਥੇ ਸੀ?” ਮੈਂ ਦੱਸਿਆ

ਫੇਰ?

ਉਹ ਬੇਹਿਯਾ ਗਾਲ੍ਹਾਂ ਕੱਢਣ ਲੱਗੇ। ਇੱਕ ਨੇ ਕਿਹਾ, ਗੋਲੀ ਪਾਰ ਕਰ ਤੇ ਕੰਮ ਨਿਬੇੜ। ਬਹੁਤੀਆਂ ਗੱਲਾਂ ਨਾ ਕਰ।”

ਅੱਛਾ? ਫੇਰ?

ਉਸ ਏ ਕੇ ਸੰਤਾਲੀ ਵਾਲੇ ਦੇ ਚਿੱਤ ਵਿੱਚ ਪਤਾ ਨੲ੍ਹੀਂ ਕੀ ਆਇਆ ਤੇ ਮੈਂਨੂੰ ਆਖਣ ਲੱਗਾ, ਤੂੰ ਸਾਡਾ ਸਿੱਖ ਭਰਾ ਆਂ, ਅੱਜ ਤੈਨੂੰ ਬਖਸ਼ ਤਾ ... ਅੱਗੇ ਤੋਂ ਸ਼ਰਾਬ ਪੀਤੀ ਜਾਂ ਅੰਗਰੇਜ਼ੀ ਬੋਲੀ ਤਾਂ ਉੜਾ ਦਿਆਂਗੇ ...।”

ਇਹਦਾ ਮਤਲਬ ਪਈ ਗੁੱਡ ਤੈਨੂੰ ਪੱਗ ਨੇ ਬਚਾ ਲਿਆ! ... ਤੇ ਫਿਰ ਉਹ ਚਲੇ ਗਏ?” ਤਾਏ ਰਾਮ ਸਿੰਘ ਨੇ ਮੁੜ ਪੁੱਛਿਆ

ਤਾਇਆ, ਉਨ੍ਹੀਂ ਸਾਇਕਲ ’ਤੇ ਲੱਤ ਦਿੱਤੀ ਤੇ ਚਲੇ ਗਏ। ਲੋਈਆਂ ਦੀਆਂ ਬੁੱਕਲਾਂ ਮਾਰੀਆਂ ਸਿਗੀਆਂ... ਤੇ ਮੈਂ ਦੌੜ ਕੇ ਸਿੱਧਾ ਜੁਗਿੰਦਰ ਫੌਜੀ ਦੇ ਘਰ ਗਿਆ ਪਈ ਰਫਲ ਕੱਢ ਕੇ ਉਨ੍ਹਾਂ ਦਾ ਪਿੱਛਾ ਕਰੀਏ!”

ਫਿਰ!”

ਉਹ ਕਹਿੰਦਾ ਪੁਲਿਸ ਨੇ ਹਥਿਆਰ ਠਾਣੇ ਜਮ੍ਹਾਂ ਕਰਾਇਓ ਆ!” ਮੈਂ ਦੱਸਿਆ

ਪੁਲਿਸ ਆਲੇ ਆਪ ਡਰਦੇ ਜਾਨ ਲੁਕੋਂਦੇ ਫਿਰਦੇ ਆ ...।” ਤਾਇਆ ਮਿੰਨ੍ਹਾ ਜਿਹਾ ਹੱਸਿਆ

ਅਸੀਂ ਪੰਜ-ਸੱਤ ਜਣੇ ਡਾਂਗਾਂ-ਟਕੂਏ ਲੈ ਕੇ ਗਏ ਪਰ ਰਾਸਗੂੰਆਂ ਤੋਂ ਮੁੜ ਆਏ ...।” ਮੈਂ ਸਾਰਿਆਂ ਨੂੰ ਹੋਰ ਦੱਸਿਆ ਤੇ ਉਨ੍ਹਾਂ ਦਾ ਨਿੱਕਾ ਜਿਹਾ ਹਾਸਾ ਨਿਕਲ ਗਿਆ

ਭਾਈਏ ਨੇ ਮਲਕ ਦੇਣੀ ਆਖਿਆ, ‘ਉੱਲੂ ਦੇ ਪੱਠੇ! ਕਿੱਥੇ ਡਾਂਗਾਂ! ਕਿੱਥੇ ਏ ਕੇ ਸੰਤਾਲੀ?

ਕਈ ਵਾਰੀ ਸ਼ਿਕਾਰ ਸਾਧਾਰਨ ਤੇ ਰਵਾਇਤੀ ਹਥਿਆਰਾਂ ਨਾਲ ਵੀ ਕਾਬੂ ਆ ਜਾਂਦਾ। ਦ੍ਰਿੜ੍ਹ ਇਰਾਦਾ ਤੇ ਹੌਸਲਾ ਹੋਣਾ ਚਾਹੀਦਾ ... ਇਹੋ ਜਿਹੇ ਫ਼ਸਲੀ ਬਟੇਰੇ ਹਥਿਆਰਾਂ ਦੇ ਸਿਰ ’ਤੇ ਸ਼ੇਰ ਆ। ਉੱਦਾਂ ਦਬਕਾ ਮਾਰਿਆ ਹੋਵੇ ਤਾਂ ਬੂਟਾਂ ਵਿੱਚ ਪਾਣੀ ਭਰ ਜਾਂਦਾ ...! ਨਾਲੇ ਅਸੀਂ ਇੰਨੇ ਤੇ ਉਹ ਦੋ ਜਣੇ ਸਿਗੇ ...!” ਮੈਂ ਆਖਿਆ ਤੇ ਅੱਗਿਓਂ ਕਿਸੇ ਨੇ ‘ਹੂੰ-ਹਾਂਨਾ ਕੀਤੀ

... ਤੇ ਇਸ ਹਾਲਾਤ ਵਿੱਚ ਵੀ ਮੈਂਨੂੰ ਉਸ ਗੋਲੇ (ਸੜਕ) ਦਾ ਬਦੋਬਦੀ ਚੇਤਾ ਆ ਗਿਆ ਜਿੱਥੋਂ ਅਸੀਂ ਪਿਛਾਂਹ ਨੂੰ ਮੁੜੇ ਸੀ ਤੇ ਜਿਸ ਨੂੰ ਅੱਠ-ਨੌਂ ਸਾਲ ਪਹਿਲਾਂ ਆਪਣੇ ਕਾਲਜ ਦੀਆਂ ਜੂਨ-ਜੁਲਾਈ ਦੀਆਂ ਛੁੱਟੀਆਂ ਦੌਰਾਨ ਕੜਾਕੇਦਾਰ ਧੁੱਪ-ਗਰਮੀ ਵਿੱਚ ਮੈਂ ਬਾਂਸ ਦੇ ਝਾੜੂ ਨਾਲ ਸਾਫ਼ ਕਰਦਿਆਂ ਤੇ ਮਿੱਟੀ ਹੂੰਝਦਿਆਂ ਹੋਰਾਂ ਮਜ਼ਦੂਰਾਂ ਨਾਲ ਲੁਕ ਪਾਈ ਸੀਆਪਣੇ ਸਿਰ ਉਤਲੇ ਮਧੇੜ ਤੋਂ ਥੋੜ੍ਹਾ ਉੱਚਾ ਕਰ ਕੇ ਦੋਹਾਂ ਹੱਥਾਂ-ਬਾਹਾਂ ਨਾਲ ਬਰੀਕ ਬਜਰੀ ਦੀਆਂ ਟੋਕਰੀਆਂ ਨੂੰ ਚੱਕਰੀ ਵਾਂਗ ਘੁਮਾ ਕੇ ਮਾਰਨ ਤੇ ਉਨ੍ਹਾਂ ਦੀ ਪਤਲੀ ਜਿਹੀ ਪਰਤ ਦਾ ਨਜ਼ਾਰਾ ਮੇਰੀਆਂ ਅੱਖਾਂ ਸਾਹਮਣੇ ਆ ਗਿਆ ਜਿਸ ਵਿੱਚੋਂ ਧੂੜ ਦਾ ਨਿੱਕਾ ਜਿਹਾ ਗ਼ੁਬਾਰ ਜਿਹਾ ਉੱਠਦਾ ਦਿਸਿਆ ਤੇ ਪਲ ਕੁ ਪਿੱਛੋਂ ਉਹਦੀ ਹੋਂਦ ਖਤਮ ਹੋ ਜਾਂਦੀਪਰ ਕੜਾਹੇ ਹੇਠ ਬਲਦੀ ਅੱਗ ਦੀ ਲੰਬ ਨੂੰ ਹੋਰ ਵੱਡੀ ਕਰਨ ਲਈ ਲੱਕੜਾਂ ਪਾਉਂਦੇ ਸਮੇਂ ਅਚਾਨਕ ਛੋਟੀ ਜਿਹੀ ਬੱਦਲ਼ੀ ਵਿੱਚੋਂ ਮੋਟੀਆਂ-ਮੋਟੀਆਂ ਛਿੱਟਾਂ ਵਰ੍ਹੀਆਂ ਤੇ ਉਨ੍ਹਾਂ ਨਾਲ ਉੱਬਲ ਰਹੀ ਲੁਕ ਦੇ ਛਿੱਟੇ ਬਾਹਰ ਨੂੰ ਨਿਕਲ ਕੇ ਮੇਰੀ ਸੱਜੀ ਬਾਂਹ ਉੱਤੇ ਪੈ ਗਏ ਸਨ ਤੇ ਮੈਂ ਤੜਫ਼ ਕੇ ਰਹਿ ਗਿਆ ਸੀ

ਗੁੱਡ! ... ਕਿੱਧਰ ਗੁਆਚ ਗਿਆਂ?” ਤਾਏ ਨੇ ਮੇਰੀ ਬਾਂਹ ਫੜ ਕੇ ਹਲੂਣਿਆ

... ਹੂੰ! ਕਹਿੰਦੇ ਸਤਿਗੁਰ ਨੇ ਤੈਨੂੰ ਬਖਸ਼ ਤਾ - ਹੁਣ ਜੋ ਤੇਰੇ ਕੋਲ ਆ ਭੁੰਜੇ ਰੱਖਦੇ ਤੇ ਦਫ਼ਾ ਹੋ ਜਾ! ਜੇ ਪਿੱਛੇ ਮੁੜ ਕੇ ਦੇਖਿਆ ਜਾਂ ਪਿੰਡ ਜਾ ਕੇ ਦੱਸਿਆ ਤਾਂ ਗੋਲੀ ਮਾਰ ਦਿਆਂਗੇ - ਭੱਜ ਇੱਥੋਂ ਭੈਣ ਦਿਆ ...ਫਿਰ ਦੂਜਾ ਬੋਲਿਆ, ‘ਸਾਲ਼ਾ ਰਵਿਆਂ ਦਾ ਮਜਾਜ ਨਾਲ ਤੁਰਿਆ ਟਰ-ਟਰ ਕਰੀ ਜਾਂਦਾ, ਮਾਰ ਗੋਲੀ ਮਾਂ ਦੇ ... ਦੇ।” ਮੈਂ ਵੇਰਵੇ ਭਰਿਆ ਬਿਆਨ ਦਿੱਤਾ

ਤਾਇਆ ... ਮੈਂਨੂੰ ਲੱਗਣ ਲੱਗ ਪਿਆ ਕਿ ਅਗਲਾ ਸਾਹ ਤੇ ਇਹ ਸਾਰਾ ਨਜ਼ਾਰਾ ਮੈਂ ਅਗਲੇ ਪਲ ਦੇਖ ਨਹੀਂ ਸਕਣਾਦਸ-ਪੰਦਰਾਂ ਸਕਿੰਟਾਂ ਮਗਰੋਂ ਮੇਰਾ ਹੌਸਲਾ ਥੋੜ੍ਹਾ ਵਧ ਗਿਆ ਪਈ ਮਾਰਨਾ ਹੁੰਦਾ ਤਾਂ ਹੁਣ ਤਕ ਮਾਰ ਦਿੰਦੇਇੰਨੀਆਂ ਗੱਲਾਂ ’ਤੇ ਬਹਿਸ ਕਾਹਦੇ ਲਈ ਕਰਨੀ ਆ ...।”

ਚੰਗੇ ਸਿੱਖੀ ਦੇ ਚੱਕਿਓ ਆ ...! ਬੋਲ-ਬਾਣੀ, ਲੁੱਟ-ਖੋਹ ਤੇ ਮਾਰ-ਵੱਢ ਦੇ ਕਾਰਨਾਮੇ ਤਾਂ ਦੇਖੋ ਇਨ੍ਹਾਂ ‘ਗੁਰਮੁਖਾਂਦੇ ...।” ਤਾਏ ਨੇ ਆਪਣੇ ਗਾਤਰੇ ਨੂੰ ਕੱਢ ਕੇ ਤੇ ਉਹਦੇ ਉੱਤੇ ਹੱਥ ਫੇਰਨ ਪਿੱਛੋਂ ਮੁੜ ਛੋਟੇ ਜਿਹੇ ਮਿਆਨ ਵਿੱਚ ਪਾ ਲਿਆਸੁਝਾਅ ਦਿੱਤਾ, ‘ਦਿਨ ਖੜ੍ਹੇ-ਖੜ੍ਹੇ ਬਾਹਰ-ਅੰਦਰ ਜਾ ਆਇਆ ਕਰੋ। ਇਸ ਨ੍ਹੇਰੀ ਦਾ ਪਤਾ ਨਹੀਂ ਕਿਸ ਨੂੰ ਕਿੱਧਰ ਨੂੰ ਉੜਾ ਲਿਜਾਵੇ।”

... ਤੇ ਗੁੱਡ ਤੂੰ ਫੇ ਦੇਤਾ ਜੋ ਤੇਰੇ ਕੋਲ ਸੀ?” ਗੁਰਮੁਖ ਨੂੰ ਜਿਵੇਂ ਅਚਨਚੇਤ ਚੇਤਾ ਆਇਆ ਹੋਵੇ

ਬਟੂਆ, ਘੜੀ ਬਗੈਰਾ ... ਮੈਂ ਭੁੰਜੇ ਰੱਖ ਦਿੱਤੇ ਤੇ ਪਿੰਡ ਅਲ ਨੂੰ ਤੁਰ ਪਿਆ।”

ਤਾਇਆ ਰਾਮ ਸਿੰਘ ਜਾਂਦਾ-ਜਾਂਦਾ ਕਹਿਣ ਲੱਗਾ, ‘ਨਿਰਦੋਸ਼ਾਂ-ਮਾਸੂਮਾਂ ਨੂੰ ਮਾਰ ਕੇ ਇਨ੍ਹਾਂ ਪਾਪੀਆਂ ਦੇ ਪੱਲੇ ਕੀ ਪੈਣਾ? ਜਿਨ੍ਹਾਂ ਪਾਕਿਸਤਾਨ ਬਣਦਾ ਦੇਖਿਆ, ਉਹ ਭੁੱਲ ਕੇ ਵੀ ਖਾਲਿਸਤਾਨ ਦਾ ਨਾਂ ਨਹੀਂ ਲੈ ਸਕਦੇ।”

ਸੋਲਾਂ ਆਨੇ ਸੱਚ!” ਕੁਝ ਆਵਾਜ਼ਾਂ ਸੁਣੀਆਂਆਂਢ-ਗਵਾਂਢ ਤੋਂ ਆਏ ਲੋਕ ਆਪੋ-ਆਪਣੇ ਘਰਾਂ ਨੂੰ ਤੁਰ ਪਏ

ਅਸੀਂ ਸਾਰਾ ਟੱਬਰ ਅੱਧੀ ਰਾਤ ਤਕ ਵਿਹੜੇ ਵਿੱਚ ਬੈਠੇ ਗੱਲਾਂ ਕਰਦੇ ਰਹੇਮੇਰੀਆਂ ਭੈਣਾਂ ਦੇ ਮੂੰਹਾਂ ਉੱਤੇ ਜਿਵੇਂ ਤਾਲੇ ਲੱਗੇ ਹੋਣ। ਉਨ੍ਹਾਂ ਦੇ ਚਿਹਰੇ ਉੱਤਰੇ ਹੋਏ ਹੋਣ ਕਰ ਕੇ ਇਉਂ ਲਗਦਾ ਸੀ ਜਿਵੇਂ ਉਹ ਜਿਊਂਦੀਆਂ ਹੀ ਮੂਰਤੀਆਂ ਵਿੱਚ ਬਦਲ ਗਈਆਂ ਹੋਣ ਮੈਂਨੂੰ ਮਹਿਸੂਸ ਹੋਇਆ ਜਿਵੇਂ ਉਹ ਮੇਰੀ ਲੰਮੀ ਉਮਰ ਦੀਆਂ ਮਨ ਹੀ ਮਨ ਅਰਦਾਸਾਂ ਕਰ ਰਹੀਆਂ ਹੋਣ

ਇਸੇ ਦੌਰਾਨ ਦੂਰ ਦੇ ਪਿੰਡ ਤੋਂ ਠਾਹ-ਠਾਹ ਦੀਆਂ ਦੋ ਆਵਾਜ਼ਾਂ ਆਈਆਂਸਾਰਿਆਂ ਦੀ ਧੜਕਣ ਇੱਕ ਵਾਰ ਫਿਰ ਤੇਜ਼ ਹੋ ਗਈ

ਸਾਨੂੰ ਪਤਾ ਦਿੱਲੀ ਤੇਰਾ ਚਿੱਤ ਨਹੀਂ ਲਗਦਾਤੇਰਾ ਤਨ ਉੱਥੇ ਹੁੰਦਾ ਤੇ ਮਨ ਇੱਥੇਅਸੀਂ, ਤੇਰੇ ਦੋਸਤ-ਮਿੱਤਰ ਇੱਥੇ ਆਂ ਪਰ ...।” ਮਾਂ ਨੇ ਅੱਗੇ ਗੱਲ ਤੋਰੀ, ‘ਭਾਟੀਆ ਆਪਣੀ ਭੂਆ ਦੀ ਜਿਹੜੀ ਧੀ ਦੱਸਦਾ, ਉਹਨੂੰ ਦੇਖ ਆ ਬੁੱਧਵਾਰ!”

ਬੁੱਧਵਾਰ? ਉੱਦਣ ਨੂੰ ਤਾਂ ਮੈਂ ਵਾਪਸ ਮੁੜਨਾ! ਇੱਕ ਦਿਨ ਪਹਿਲਾਂ ਦੇਖ ਲਵਾਂਗੇ!” ਮੈਂ ਆਪਣੀ ਦਫ਼ਤਰੀ ਮਜਬੂਰੀ ਦਾ ਸੰਖੇਪ ਵਿੱਚ ਇਸ਼ਾਰਾ ਕੀਤਾ

ਮੰਗਲਵਾਰ?” ਮਾਂ ਨੇ ਹੈਰਾਨੀ ਜ਼ਾਹਿਰ ਕੀਤੀ

ਮੇਰਾ ਜਨਮ ਮੰਗਲਵਾਰ ਦਾ! ਜਨਮ-ਮਰਨ ਲਈ ਤਾਂ ਇਹ ਦਿਨ ਬੁਰਾ ਨਹੀਂਸੂਰਜ ਤਾਂ ਹਰ ਵੇਲੇ ਰਹਿੰਦਾ। ਧਰਤੀ ਘੁੰਮਦੀ ਆ ਤੇ ਦਿਨ ਰਾਤ ਬਣ ਜਾਂਦੇ ਆ!” ਮੈਂ ਸਮਝਾਉਣ ਦੇ ਇਰਾਦੇ ਨਾਲ ਵਿਸਥਾਰ ਦਿੱਤਾ

ਸਾਡੀ ਸਮਝ ਵਿੱਚ ਨਹੀਂ ਆਉਂਦੀਆਂ ਤੇਰੀਆਂ ਗੱਲਾਂ - ਆਪਣਾ ਟੈਮ ਦੇਖ ਤੇ ਕੁੜੀ ਨੂੰ ਝਾਤੀ ਮਾਰ ਆ!” ਮਾਂ ਨੇ ਆਪਣੇ ਮਨ ਦੀ ਇੱਛਾ ਦੁਹਰਾਈ ਮੈਂਨੂੰ ਜਾਪਿਆ ਜਿਵੇਂ ਮੇਰੇ ਮਾਪੇ ਮੇਰੀ ਘਰ-ਗ੍ਰਹਿਸਤੀ ਨੂੰ ਛੇਤੀ ਵਧਦਾ-ਫੁੱਲਦਾ ਦੇਖਣਾ ਚਾਹੁੰਦੇ ਹੋਣ

ਗੱਲਾਂ ਕਰਦਿਆਂ-ਕਰਦਿਆਂ ਤਾਰੀਖ਼ ਬਦਲ ਗਈ

ਹੁਣ ਮੈਂ ਆਪਣੇ ਕਮਰੇ ਵਿੱਚ ਇਕੱਲਾ ਸੀਮੇਰੇ ਮਨ ਵਿੱਚ ਬੇਸ਼ੁਮਾਰ ਖ਼ਿਆਲਾਂ ਦੀ ਕਾਂਗ ਚੜ੍ਹਦੀ-ਉੱਤਰਦੀ ਰਹੀਭਾਈਏ ਦਾ ਨਿੱਕਾ ਜਿਹਾ ਹੋਇਆ ਮੂੰਹ ਮੈਂਨੂੰ ਕਈ ਅਹਿਮ ਫ਼ੈਸਲੇ ਲੈਣ ਲਈ ਮਜਬੂਰ ਕਰਦਾਉਹਦਾ ਆਖਿਆ ਮੇਰੇ ਕੰਨਾਂ ਵਿੱਚ ਮੁੜ-ਮੁੜ ਸੁਣਦਾ, ‘ਇਹ ਨ੍ਹੇਰੀ ਨੰਘ ਲੈਣ ਦੇ, ਫੇ ਜਿੱਦਾਂ ਮਰਜ਼ੀ ਆਇਆ-ਜਾਇਆ ਕਰੀਂਸਾਰੀ ਕਬੀਲਦਾਰੀ ਅਜੇ ...।” ਇਹ ਸ਼ਬਦ ਮੈਂਨੂੰ ਜ਼ਿੰਦਗੀ ਅਤੇ ਮੌਤ ਵਿਚਾਲੇ ਦੇ ਤਾਜ਼ਾ ਤੱਕੇ ਪਲਾਂ ਦਾ ਇਹਸਾਸ ਕਰਾਉਂਦੇਜ਼ਰਾ ਕੁ ਬਾਅਦ ਮੈਂਨੂੰ ਮਹਿਸੂਸ ਹੋਇਆ ਕਿ ਛੇਤੀ ਹੀ ਦਿਨ ਚੜ੍ਹਨ ਵਾਲਾ ਹੈ

ਇਉਂ 12-13 ਜੂਨ, 1987 ਦੀ ਵਿਚਕਾਰਲੀ ਰਾਤ ਮੇਰੀ ਜ਼ਿੰਦਗੀ ਤੇ ਮੌਤ ਵਿਚਾਲੇ ਇਤਿਹਾਸਕ ਪਲਾਂ ਵਾਲੀ ਹੋ ਨਿੱਬੜੀਮੈਂ ਨਵੇਂ ਨਿੱਖਰੇ ਦਿਨ ਦੀ ਉਡੀਕ ਕਰਨ ਲੱਗਾ

**

(ਅਗਾਂਹ ਪੜ੍ਹੋ, ਕਾਂਡ ਵੀਹਵਾਂ: ਮਾਨਵਵਾਦੀ ਥੱਪੜ)

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2681)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

 

About the Author

ਬਲਬੀਰ ਮਾਧੋਪੁਰੀ

ਬਲਬੀਰ ਮਾਧੋਪੁਰੀ

Delhi, India.
Phone: (011 - 91 - 93505 - 48100)

Email: (bmadhopuri@yahoo.in)

More articles from this author