BalbirMadhopuri7ਭਾਈਏ ਨੂੰ ਵਿੱਚੋਂ ਟੋਕਦਿਆਂ ਉਹਨੇ ਆਖਿਆ, ‘ਤੂੰ ਐਮੀਂ ਲੋਕਾਂ ਦੀਆਂ ਗੱਲਾਂ ਵਿੱਚ ਨਾ ਆਇਆ ਕਰ ...
(14 ਜਨਵਰੀ 2021)

 

ਬਿਰਜੂ, ਖਿਆਲ ਨਾ ਮੇਰੀ ਗੱਲ ਸੁਣਜਿੱਦਾਂ-ਕਿੱਦਾਂ ਦਸਮੀਂ ਕਰ ਲਾ - ਤੇਰਾ ਮਾਮਾ ਡੀ ਸੀ ਲੱਗਾ ਆ - ਕਿਤੇ ਨੌਕਰੀ ਲੁਆ ਦਊ - ਤੇਰੀ ਜੂਨ ਸੁਧਰ ਜਾਊ ...।” ਭਾਈਏ ਤੇ ਮਾਂ ਨੇ ਮੇਰੇ ਤੋਂ ਚਾਰ ਸਾਲ ਵੱਡੇ ਭਰਾ ਨੂੰ ਮੁੜ-ਮੁੜ ਸਮਝਾਇਆਬਖਸ਼ੀ (ਬਿਰਜੂ) 1970 ਵਿੱਚ ਆਪਣੀ ਦਸਵੀਂ ਦੀ ਪੜ੍ਹਾਈ ਅੱਧ-ਵਿਚਾਲੇ ਛੱਡ ਕੇ ਘਰ ਬਹਿ ਗਿਆਮੈਂ ਉਸੇ ਸਾਲ ਨੌਵੀਂ ਵਿੱਚ ਹੋਇਆ‘ਡੀ.ਸੀ.’ ਸ਼ਬਦ ਸੁਣਨ ਸਾਰ ਹੀ ਮੈਂਨੂੰ ਉਹ ਨਿੱਖਰਿਆ ਦਿਨ (1964) ਚੇਤੇ ਆਇਆ ਜਦੋਂ ਬੋਹੜ-ਪਿੱਪਲ ਥੱਲੇ ਭਾਈਆ, ਤਾਇਆ ਰਾਮਾ ਤੇ ਵਿਹੜੇ ਦੇ ਹੋਰ ਬੰਦੇ ਖੱਡੀਆਂ ਵਿੱਚ ਬੈਠੇ ਬੁਣਾਈ ਕਰ ਰਹੇ ਸਨ ਅਤੇ ਜਲੰਧਰ ਤੋਂ ਬਜਾਜੀ ਵੇਚਣ ਆਏ ਹੰਸਰਾਜ ਤੇ ਭਵਗਾਨ, ਜੋ ਆਪਸੀ ਵਿੱਚ ਸਾਲਾ-ਭਣੋਈਆ ਸਨ, ਕੱਪੜਿਆਂ ਦੀ ਚੱਲਦੀ-ਫਿਰਦੀ ਖੁੱਲ੍ਹੀ ਦੁਕਾਨ ਪਹਿਲਾਂ ਵਾਂਗ ਸਜਾ ਕੇ ਗਾਹਕਾਂ ਦੀ ਪਸੰਦ ਦੇ ਥਾਨ ਉਨ੍ਹਾਂ ਮੋਹਰੇ ਸੁੱਟ ਰਹੇ ਸਨ

ਮਾਂ ਨੇ ਕਾਹਲੀ ਨਾਲ ਆ ਕੇ ਭਾਈਏ ਦੀ ਖੱਡੀ ਕੋਲ ਬੈਠੇ ਬਖਸ਼ੀ ਨੂੰ ਖ਼ਤ (ਪੋਸਟ-ਕਾਰਡ) ਪੜ੍ਹਨ ਲਈ ਕਿਹਾ ਸੀਸਾਰੇ ਜਣੇ ਬਖਸ਼ੀ ਦੇ ਮੂੰਹ ਵਲ ਦੇਖਦੇ ਚੁੱਪ-ਚਾਪ ਗੌਰ ਨਾਲ ਸੁਣਨ ਲੱਗੇ, “ਮੈਂ ਆਈ ਏ ਐੱਸ ਬਣ ਗਿਆ ਹਾਂ – ਵਧਾਈ!

ਆਈ ਏ ਐੱਸ ਬਣਨ ਵਾਲੀ ਗੱਲ ਦਾ ਮਤਲਬ ਸਮਝ ਨਾ ਪਵੇਫਿਰ ਹੰਸਰਾਜ ਨੇ ਚਿੱਠੀ ਫੜੀ ਤੇ ਪੜ੍ਹੀ, ਨਾਲ਼ੇ ਕਿਹਾ, “ਪਹਿਲਾਂ ਲੱਡੂ ਮੰਗਵਾਓ - ਫਿਰ ਦੱਸਾਂਗਾ ਕੀ ਗੱਲ ਏ!”

ਕੋਲ ਖੜ੍ਹਿਆਂ ਦੇ ਸਾਡੇ ਸਾਰਿਆਂ ਦੇ ਚਿਹਰੇ ਖਿੜ ਗਏ ਸਨਭਾਈਏ ਨੇ ਕਾਹਲਾ ਪੈਂਦਿਆਂ ਪੁੱਛਿਆ ਸੀ, “ਲਾਲਾ, ਦਬਾ ਸੱਟ ਦੱਸ ਇਹ ਕੀ ਹੁੰਦਾ?”

ਆਈ ਏ ਐੱਸ ਡੀ.ਸੀ. ਲੱਗਦੇ ਨੇ, ਸੀਬੋ ਭੈਣੇ ਵਧਾਈ, ਤੇਰਾ ਭਰਾ ਇੰਨਾ ਵੱਡਾ ਅਫਸਰ ਬਣ ਗਿਆ ਏ!”

ਭਾਈਆ ਭੱਜ ਕੇ ਜੈਰਾਮ ਦੀ ਹੱਟੀ ਤੋਂ ਲੱਡੂਆਂ ਦਾ ਥਾਲ ਭਰਾ ਲਿਆਇਆ ਜੋ ਸਾਰੇ ਵਿਹੜੇ ਵਿੱਚ ਵੰਡੇ ਗਏ ਤੇ ਉਹ ਇਕੱਲੇ-ਇਕੱਲੇ ਜਾਂ ਝੁਰਮਟ ਬਣਾ ਕੇ ਵਧਾਈਆਂ ਦੇਣ ਲਈ ਸਾਡੇ ਘਰ ਆਏ

ਵਰੋਲੇ ਵਾਂਗ ਆਇਆ ਇਹ ਖ਼ਿਆਲ ਮੁੜ ਮਨ ਦੀ ਕਿਸੇ ਨੁੱਕਰ ਵਿੱਚ ਸਮਾ ਗਿਆ ਤੇ ਬਖਸ਼ੀ ਦਾ ਮਾੜਕੂ ਜਿਹਾ ਚਿਹਰਾ ਸਾਹਮਣੇ ਆ ਗਿਆ

... ਤੇ ਬਖਸ਼ੀ ਨੇ ਇੱਕੋ ‘ਨੰਨਾਫੜਿਆ ਹੋਇਆ ਸੀ- “ਚਾਹੇ ਇੱਕ ਬਾਰੀ ਕਹਾ ਲਓ, ਚਾਹੇ ਸੌ ਬਾਰੀ - ਮੈਂ ਨਈਂ ਪੜ੍ਹਨਾ!”

ਚੱਲ ਗੱਲ ਮੁੱਕੀ ... ਭਲਕੇ ਤੋਂ ਸਾਡੇ ਨਾਲ ਦਿਹਾੜੀ ਚੱਲੀਂ!” ਭਾਈਏ ਨੇ ਨਹੋਰੇ ਨਾਲ ਕਿਹਾ ਕਿ ਸ਼ਾਇਦ ਨਿੱਤ ਦੇ ਔਖੇ ਕੰਮ ਤੇ ਦਬਕੇ-ਝਿੜਕੇ ਦਾ ਸੋਚ ਕੇ ਅਜੇ ਵੀ ਪੜ੍ਹਨ ਲਈ ‘ਹਾਂਕਰ ਦੇਵੇਗਾ

ਦਿਹਾੜੀ-ਦੱਪੇ ਲਈ ਨਮਾਂ ਜਾਣਾ? ਚਹੁੰ-ਪੰਜਾਂ ਸਾਲਾਂ ਤੋਂ ਜਾਨਾਂ ਜਦੋਂ ਤਿੰਨ ਰੁਪਏ ਦਿਹਾੜੀ ਦੇ ਤੇਰੇ ਹੱਥ ’ਤੇ ਰੱਖਦਾ ਹੁੰਦਾ ਸੀ - ਚੇਤਾ ਭੁੱਲ ਗਿਆ?” ਬਖਸ਼ੀ ਨੇ ਚਿਤਾਰਿਆ

ਚੰਗਾ, … ਜਿੱਦਾਂ ਤੇਰੀ ਮਰਜ਼ੀ!” ਭਾਈਏ ਨੇ ਨਾ ਚਾਹੁੰਦਿਆਂ ਵੀ ਆਪਣੀ ਸਹਿਮਤੀ ਦੇ ਦਿੱਤੀਭਾਈਏ ਦਾ ਕਈ ਦਿਨਾਂ ਤਕ ਮਨ ਉਦਾਸ ਰਿਹਾ, ਜਿਵੇਂ ਕਿਸੇ ਚੀਜ਼ ਦੇ ਗੁਆਚਣ ਦਾ ਵਿਗੋਚਾ ਲੱਗ ਗਿਆ ਹੋਵੇਉਹਨੇ ਹੁੱਕੇ ਦੀ ਨੜੀ ਆਪਣੇ ਵਲ ਘੁਮਾਈ ਤੇ ਲੰਮਾ ਸੂਟਾ ਖਿੱਚਣ ਪਿੱਛੋਂ ਆਖਿਆ, ‘ਸਾਰੀਆਂ ਆਸਾਂ-ਉਮੀਦਾਂ ’ਤੇ ਪਾਣੀ ਫਿਰ ਗਿਆ ...।”

ਇੰਨੇ ਨੂੰ ਤਾਏ ਰਾਮੇ ਨੇ ਬਾਹਰਲੇ ਬੂਹੇ ਦੀ ਸਰਦਲ ਟੱਪ ਕੇ ਅੰਦਰ ਆਉਂਦਿਆਂ ਤੇ ਸਾਨੂੰ ਦੋਹਾਂ ਭਰਾਵਾਂ ਨੂੰ ਦਾਦੀ ਦੀ ਮੰਜੀ ਉੱਤੇ ਬੈਠਿਆਂ ਦੇਖ ਕੇ ਆਪਣੇ ਮਖ਼ੌਲੀਏ ਸੁਭਾਅ ਮੁਤਾਬਿਕ ਕਿਹਾ,

ਬਿਰਜੂ ਤੇ ਘਿਰਜੂ ਨੇ

ਠਾਣੇਦਾਰ ਦੇ ਗੜਾਸੀ ਮਾਰੀ।”

ਤਾਏ ਨੇ ਲਾਡ ਨਾਲ ਸਾਡੇ ਕਈ ਨਾਂ-ਕੁਨਾਂ ਪਾਏ ਹੋਏ ਸਨਉਹ ‘ਖੰਘਕੇ ਘਰ ਆਉਣ ਦੀ ਬਜਾਇ ਸਾਡੇ ਬਾਰੇ ਕੋਈ ਟੋਟਕਾ, ਕਦੀ ਕੋਈ ਤੁਕ ਬੋਲ ਕੇ ਆਉਂਦਾ ਤੇ ਮੇਰੀ ਮਾਂ ਫੁਰਤੀ ਨਾਲ ਦੋ ਗਿੱਠਾਂ ਲੰਮਾ ਘੁੰਡ ਕੱਢ ਲੈਂਦੀ

ਭਾਈਏ ਕੋਲ ਤਾਏ ਦੇ ਬੈਠਣ ਦੀ ਦੇਰ ਸੀ ਕਿ ਉਹਨੇ ਨੜੀ ਤਾਏ ਵਲ ਮੋੜ ਦਿੱਤੀਉਹਨੇ ਲੰਮੇ-ਲੰਮੇ ਤੇ ਕਾਹਲੇ-ਕਾਹਲੇ ਘੁੱਟ ਭਰੇਤਾਇਆ ਧੂੰਆਂ ਮੂੰਹ ਥਾਣੀਂ, ਕਦੀ ਨਾਸਾਂ ਵਿੱਚੀਂ ਕੱਢਦਾ ਤੇ ਕਈ ਵਾਰੀ ਪਤਾ ਹੀ ਨਾ ਲਗਦਾ ਕਿ ਧੂੰਆਂ ਕਿੱਧਰ ਚਲਾ ਗਿਆਉਹ ਉਸ ਨੂੰ ਕਿੰਨਾ ਚਿਰ ਮੂੰਹ ਅੰਦਰ ਹੀ ਰੋਕ ਰੱਖਦਾਫਿਰ ਉਸ ਨੇ ਸਹਿਵਨ ਹੀ ਪੁੱਛਿਆ, “ਕਿੱਦਾਂ ਮਸੋਸੇ ਬੈਠਿਓਂ ਆਂ, ਜਿੱਦਾਂ ਕੁੜੀ ਦੱਬ ਕੇ ਆਏ ਹੋਮੋ! ਦੱਸੋ ਤਾਂ ਸਹੀ!”

ਇਹਦੇ ਮਾਮੇ ਨੂੰ ਕੀ ਦੱਸਾਂਗੇ? ਪੜ੍ਹਦਾ ਨਹੀਂ ਜਾਂ ਸਾਤੋਂ ਨਹੀਂ ਪੜ੍ਹਾ ਹੁੰਦਾ? ਕੀ ਸੋਚੂਗਾ ਉਹ ਸਾਡੇ ਬਾਰੇ?” ਭਾਈਏ ਨੇ ਸਵਾਲ ਉੱਤੇ ਸਵਾਲ ਖੜ੍ਹੇ ਕਰ ਦਿੱਤੇ, ਜਿਨ੍ਹਾਂ ਵਿੱਚੋਂ ਜਵਾਬ ਝਲਕਦੇ

ਹੋਰ ਪੜ੍ਹ-ਲਿਖ ਕੇ ਕਿਤੇ ਆਹਰੇ ਲੱਗ ਜਾਊਂਗਾ - ਅੱਗੇ ਤੂੰ ਆਪਣਾ ਪੜ੍ਹਿਆ ਬਚਾਰ ਲਾ!” ਤਾਏ ਨੇ ਕੁਝ ਦਿਨ ਪਹਿਲਾ ਵਾਂਗ ਬਖਸ਼ੀ ਨੂੰ ਫਿਰ ਸਮਝਾਇਆ

ਮੈਂ ਦੇਖਿਆ, ਭਾਈਏ ਦਾ ਅੱਧਖੜ ਉਮਰ ਦਾ ਚਿਹਰਾ ਮੁਰਝਾ ਗਿਆਉਹ ਇੱਕ ਟੱਕ ਧਰਤੀ ਵਲ ਦੇਖਦਾ ਰਿਹਾ ਜਿਵੇਂ ਗੁੰਮ ਚੀਜ਼ ਨੂੰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੋਵੇਮੈਂ ਦੇਖਿਆ ਕਿ ਭਾਈਏ ਦੇ ਮੂੰਹ ਉਤਲੀ ਤਿੰਨ-ਚਾਰ ਦਿਨਾਂ ਦੀ ਉੱਗੀ ਦਾਹੜੀ ਵਿੱਚ ਚਿੱਟੇ ਵਾਲਾਂ ਦੀ ਗਿਣਤੀ ਦਿਨ-ਪੁਰ-ਦਿਨ ਵਧਦੀ ਜਾ ਰਹੀ ਹੈ

... ਤੇ ਫਿਰ ਬਖਸ਼ੀ ਭਾਈਏ ਹੁਰਾਂ ਨਾਲ ਦਿਹਾੜੀ-ਡਗਾਰੇ ਜਾਣ ਲੱਗ ਪਿਆਪਤਲਾ, ਫੁਰਤੀਲਾ ਤੇ ਨਿੱਗਰ ਹੱਡੀ ਦਾ ਕਾਲਾ ਸਰੀਰ ਕਿੰਨਾ-ਕਿੰਨਾ ਭਾਰ ਚੁੱਕਦਾ, ਕਹੀ ਵਾਹੁੰਦਾ, ਇੱਟਾਂ ਚੁੱਕਦਾ, ਉਲਾਰਦਾ ਤੇ ਗਾਰੇ ਦੀ ਘਾਣੀ ਕਰਦਾ ਨਾ ਅੱਕਦਾਉਹਨੇ ਮੁਸੀਬਤਾਂ ਦਾ ਫਾਹਾ ਆਪਣੇ ਗੱਲ ਆਪੇ ਹੀ ਪਾ ਲਿਆਥੋੜ੍ਹੇ ਕੁ ਦਿਨਾਂ ਬਾਅਦ ਮੈਂਨੂੰ ਲੱਗਿਆ ਜਿਵੇਂ ਉਹਦਾ ਨਾ-ਪੜ੍ਹਨ ਦਾ ਚਾਅ ਲੱਥਣ ਲੱਗ ਪਿਆ ਹੋਵੇਉਹ ਆਪਣੇ ਮੂੰਹ ਉੱਤੇ ਉੱਗਦੇ ਵਿਰਲੇ-ਵਿਰਲੇ ਮੋਟੇ ਵਾਲਾਂ ਨੂੰ ਸੱਜੇ ਹੱਥ ਦੇ ਅੰਗੂਠੇ ਤੇ ਉਂਗਲ ਨਾਲ ਕਾਹਲੀ-ਕਾਹਲੀ ਗੁੱਸੇ ਵਿੱਚ ਪੁੱਟਦਾ ਇਉਂ ਲਗਦਾ ਜਿਵੇਂ ਆਪਣੀ ਭਾਵੀ ਨਾਲ ਜੂਝਣ ਦਾ ਯਤਨ ਕਰ ਰਿਹਾ ਹੋਵੇਮੂੰਹ ਉਤਲੇ ਕਿੱਲਾਂ-ਫਿੰਸੀਆਂ ਤੋਂ ਜਾਪਦਾ ਜਿਵੇਂ ਉਹਦੀ ਜ਼ਿੰਦਗੀ ਵੀ ਹੁਣ ਸਾਵੀਂ-ਪੱਧਰੀ ਨਾ ਰਹੀ ਹੋਵੇਜਦੋਂ ਉਹ ਉਨ੍ਹਾਂ ਨੂੰ ਘੁੱਟ-ਘੁੱਟ ਪੀਕ ਤੇ ਕਿੱਲ ਕੱਢਦਾ ਤਾਂ ਉਹਦੇ ਚਿਹਰੇ ਦੇ ਕਈ ਰੂਪ ਬਦਲਦੇ ਜਿਵੇਂ ਕਿਸੇ ਨਿਆਣੇ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਿਹਾ ਹੋਵੇ

ਭਾਈਆ ਤੇ ਮਾਂ ਬਖਸ਼ੀ ਬਾਰੇ ਸੋਚਦੇ, ਫਿਕਰ ਕਰਦੇ ਤੇ ਗੱਲਾਂ ਕਰਦੇ, ‘ਸਾਰੀ ਉਮਰ ਇੱਦਾਂ ਈ ਚੰਮ ਲੁਹਾਊ ਇਹ! ਮੈਂ ਤਾਂ ਕਈਨਾ ਪਈ ਤੂੰ ਡੀ ਸੀ ਸਾਹਬ ਨਾਲ ਗੱਲ ਕਰਕਿਤੇ ਪੁਲਿਸ ਵਿੱਚ ਭਰਤੀ ਕਰਾ ਦੇਣ! ਤਈਨੂੰ ਪਤਾ! ਪੁਲਿਸ ਆਲੇ ਲੋਕਾਂ ਦੇ ਜੁੱਤੀਆਂ ਮਾਰਦੇ ਆ, ਨਾਲੇ ਅਗਲੇ ਤੋਂ ਪੈਹੇ ਲਈਂਦੇ ਆ।”

ਇਹ ਸੁਣਦਿਆਂ ਹੀ ਮਾਮਾ ਜੀ ਦਾ ਭਰਵੀਆਂ, ਕੱਟੀਆਂ, ਫੱਬਦੀਆਂ ਨਿੱਕੀਆਂ ਮੁੱਛਾਂ ਵਾਲਾ ਗੋਰਾ ਨਿਛੋਹ ਰੋਹਬਦਾਰ ਚਿਹਰਾ, ਸਿਰ ਦੇ ਪਿਛਾਂਹ ਨੂੰ ਵਾਹੇ ਛੋਟੇ ਵਾਲ ਅਤੇ ਛਾਂਟਵਾਂ ਉੱਚਾ-ਲੰਮਾ ਜਵਾਨ ਸਰੀਰ ਮੇਰੀਆਂ ਅੱਖਾਂ ਮੋਹਰੇ ਆ ਗਿਆਨਾਲ ਹੀ ਤਿੱਤਰ-ਖੰਭੀ ਬੱਦਲਾਂ ਵਰਗੇ ਖ਼ਿਆਲ ਮਨ ਦੇ ਰੌਂ ਮੁਤਾਬਿਕ ਜੁੜਨ ਲੱਗੇਪਲ ਵਿੱਚ ਹੀ ਪਿਛਲੇ ਸਿਆਲਾਂ ਵਿੱਚ ਮਾਮਾ ਜੀ ਤੇ ਭਾਈਏ ਵਿਚਾਲੇ ਹੋਈਆਂ ਗੱਲਾਂ ਸੁਣਨ ਲੱਗੀਆਂ ਤੇ ਦ੍ਰਿਸ਼ ਦਿਸਣ ਲੱਗਾ

ਭਾਈਏ ਨੇ ਪਿੰਡ ਆਏ ਮਾਮਾ ਜੀ ਨੂੰ ਆਪਣੇ ਟੱਬਰ ਦੀਆਂ ਮਜਬੂਰੀਆਂ ਦੀ ਅਕੱਥ-ਕਥਾ ਸੁਣਾਉਣ ਖਾਤਰ ਗੱਲ ਤੋਰੀ ਸੀ, ‘ਸਾਹਬ, ਜੇ ਮਿੱਲ ਵਿੱਚ ਜੀ.ਐੱਮ. ਨੂੰ ਕਹਿ ਕੇ ਮੈਂਨੂੰ ਐਤਕੀਂ ਪੱਕਾ ਕਰਾ ਦਿਓ ਤਾਂ ਘਰ ਦਾ ਤੋਰਾ ਵਾਹਵਾ ਤੁਰ ਪਊ ...!”

ਭਾਈਆ, ਮੈਂ ਗੱਲ ਕਰਾਂਗਾ ...।” ਮਾਮਾ ਜੀ ਨੇ ਭਰੋਸਾ ਦਿਵਾਇਆ

ਨਿਆਣੇ ਠੀਕ-ਠਾਕ ਪੜ੍ਹ ਜਾਣਗੇ - ਰੁਜਗਾਰ ਦਾ ਵਸੀਲਾ ਬਣ ਜਾਊ - ਉਮਰ ਦੇ ਚਾਰ ਦਿਨ ਸਉਖੇ ਨੰਘ ਜਾਣਗੇ ...।” ਪਲ ਭਰ ਦੀ ਖ਼ਾਮੋਸ਼ੀ ਪਿੱਛੋਂ ਆਪਣੇ ਗੂੜ੍ਹੇ ਰਿਸ਼ਤੇ ਦਾ ਇਹਸਾਸ ਕਰਦਿਆਂ ਅਪਣੱਤ ਭਰੇ ਬੋਲਾਂ ਨਾਲ ਤਰਲਾ ਜਿਹਾ ਕੀਤਾ

ਠਾਕਰ ਦਾਸ, ਫ਼ਿਕਰ ਨਾ ਕਰੋ - ਮੈਂ ਗੱਲ ਕਰਾਂਗਾ - ਛੇਤੀ ਪਤਾ ਦਿਆਂਗਾ।” ਮਾਮਾ ਜੀ ਨੇ ਫਿਰ ਯਕੀਨ ਦਿਵਾਇਆ

ਭਾਈਏ ਨੂੰ ਘਰ ਦੀ ਤਰੱਕੀ ਤੇ ਖ਼ੁਸ਼ਹਾਲੀ ਮਿੱਲ ਵਿੱਚ ਗੰਨੇ ਦੀ ਪਿੜਾਈ ਰੁੱਤ ਜਾਂ ਬਾਰਾਂ-ਮਹੀਨੇ ਦੀ ਨੌਕਰੀ ਵਿੱਚ ਦਿਖਾਈ ਦਿੰਦੀਇਸੇ ਕਰ ਕੇ ਉਹ ਮਾਮਾ ਜੀ ਦੇ ਖਹਿੜੇ ਪਿਆ ਹੋਇਆ ਵਾਰ-ਵਾਰ ਕਹਿੰਦਾ-ਸੁਣਦਾ ਝਿਜਕਦਾ ਨਹੀਂ ਸੀ, ‘ਚਲੋ, ਐਤਕੀਂ ਨਹੀਂ ਤਾਂ ਅਗਲੇ ਸੀਜ਼ਨ ’ਤੇ ਦੇਖ ਲਿਓ ...।”

ਮਈਨੂੰ ਪੰਦਰਾਂ ਸਾਲ ਹੋ ਚੱਲੇ ਹਰ ਸੀਜ਼ਨ ’ਤੇ ਕੰਮ ਕਰਦੇ ਨੂੰ - ਜਿਨ੍ਹਾਂ ਦੀਆਂ ਮਾੜੀਆਂ-ਮੋਟੀਆਂ ਸਪਾਰਸ਼ਾਂ (ਸਿਫ਼ਾਰਸ਼ਾਂ) ਸਿਗੀਆਂ, ਉਹ ਪੱਕੇ ਹੋ ਗਏਜਾਂ ਫੇ ਉਹ ਪੱਕੇ ਹੋ ਗਏ ਜਿਨ੍ਹਾਂ ਨੇ ਚੜ੍ਹਾਵਾ ਚੜ੍ਹਾ ’ਤਾਅਸੀਂ ਅੱਠ-ਦਸ ਓਹੀ ਬੰਦੇ ਰਹਿ ਗਏ ਆਂ ਜਿਨ੍ਹਾਂ ਦਾ ਕੋਈ ਬੇਲੀ-ਵਾਰਸ ਨਹੀਂ, ਜੇ ...।” ਭਾਈਆ ਦਲੀਲਾਂ ਦੇ ਕੇ ਚੁੱਪ ਹੋ ਗਿਆਸ਼ਾਇਦ ਉਹਨੂੰ ਹੁਣ ਮਾਮੀ ਜੀ ਰਾਹੀਂ ਮਾਮਾ ਜੀ ਦੀਆਂ ਨਿੱਜੀ ਮਜਬੂਰੀਆਂ ਦੀ ਸੋਝੀ ਜਾਂ ਯਾਦ ਆਉਣ ਲੱਗ ਪਈ ਸੀ

ਮਾਮਾ ਜੀ ਖ਼ਾਮੋਸ਼ ਬੈਠੇ ਆਪਣੀ ਨਕਟਾਈ ਉੱਤੇ ਵਾਰ-ਵਾਰ ਹੱਥ ਫੇਰਦੇ ਜਿਵੇਂ ਉਹਦਾ ਕੋਈ ਵਲ-ਵੱਟ ਕੱਢ ਰਹੇ ਹੋਣ

ਮਿੱਲ ਦੀ ਗੰਨਾ ਪਿੜਾਈ ਰੁੱਤਾਂ ਪਹਿਲਾਂ ਵਾਂਗ ਆਉਂਦੀਆਂ ਤੇ ਜਾਂਦੀਆਂ ਰਹੀਆਂਜਦੋਂ ਮਾਮਾ ਜੀ ਸਹਿਕਾਰਤਾ ਤੇ ਹੋਰ ਵਿਭਾਗਾਂ ਦੇ ਸਕੱਤਰ ਬਣੇ ਤਾਂ ਭਾਈਆ ਤੇ ਮਾਂ ਬੇਹੱਦ ਖੁਸ਼ ਹੋਏਹਨ੍ਹੇਰੇ ਭਵਿੱਖ ਵਿੱਚ ਆਸ-ਵਿਸ਼ਵਾਸ ਦਾ ਇੱਕ ਜਗਦਾ ਚਿਰਾਗ਼ ਨਜ਼ਰ ਆਇਆ

ਭਾਈਏ ਨਾਲ ਮਿੱਲ ਵਿੱਚ ਮਜ਼ਦੂਰੀ ਕਰਦੇ ਵਿਹੜੇ ਦੇ ਬੰਦੇ ਕਹਿਣ ਲੱਗੇ, ‘ਲੈ ਬਈ ਠਾਕਰਾ, ਤੇਰੀਆਂ ਪੌਂ ਬਾਰਾਂ ਹੋ ਗਈਆਂ ਸਮਝਬਾਰਾਂ ਮਹੀਨੇ ਪੱਕੀ ਨਉਕਰੀ ਲੱਗੀ ਜਾਣ - ਜੱਟਾਂ ਦੀਆਂ ਬੁੱਤੀਆਂ ਤੋਂ ਪਿੱਛਾ ਛੁੱਟ ਜਾਊਰੋਹਬ ਨਾਲ ਕਹਿ, ਤੇਰਾ ਹੱਕ ਬਣਦਾ - ਯਾਰ ਇੱਦਾਂ ਨਾ ਸੋਚ - ਮੁੱਲਾਂ ਸਬਕ ਨਾ ਦਊ ਤਾਂ ਘਰ ਬੀ ਨਾ ਆਉਣ ਦਊ!”

ਅਜਿਹੀਆਂ ਗੱਲਾਂ ਨੇ ਭਾਈਏ ਨੂੰ ਉਕਸਾਇਆ ਤੇ ਹੱਲਾਸ਼ੇਰੀ ਦਿੱਤੀਉਹਨੇ ਸੰਗ-ਸੰਕੋਚ ਨੂੰ ਛੰਡਦਿਆਂ ਹਿੰਮਤ ਕਰ ਕੇ ਇੱਕ ਵਾਰ ਫਿਰ ਆਖਿਆ, ‘ਸਾਹਬ, ਹੁਣ ਤਾਂ ਸਬ ਕੁਛ ਧੁਆਡੇ ਹੱਥ-ਵੱਸ ਆਮਿਹਰਬਾਨੀ ਕਰ ਕੇ ਜੇ ...।”

ਠਾਕਰ ਦਾਸ, ਤੁਹਾਡੀ ਗੱਲ ਆਪਣੇ ਥਾਂ ਠੀਕ ਹੈ ਪਰ ਲੇਬਰ ਵਾਸਤੇ ਮੈਂ ਕਿਸੇ ਨੂੰ ਨਹੀਂ ਕਹਿਣਾ ... ਠੀਕ ਹੈ! ਕਿਸੇ ਪੜ੍ਹੇ ਲਿਖੇ ਲਈ ਸਿਫ਼ਾਰਸ਼ ਕਰਨੀ ਹੋਵੇ ਤਾਂ ਹੋਰ ਗੱਲ ਹੈ ...।” ਮਾਮਾ ਜੀ ਨੇ ਆਪਣੇ ਮਨ ਦੀ ਗੱਲ ਸਾਫ਼ ਤੇ ਸਪਸ਼ਟ ਦੱਸ ਦਿੱਤੀ

ਭਾਈਏ ਦੀ ਚਿਰੋਕਣੀ ਕੁੱਤਾ-ਝਾਕ ਇੱਕ ਪਲ ਵਿੱਚ ਮੁੱਕ ਗਈ

ਬਲਿਹਾਰੇ ਕੇ ਉਹਨੇ ਆਸ ਦਾ ਪੱਲਾ ਨਾ ਛੱਡਿਆ ਜਿਵੇਂ ਪਿਛਲੇ ਪੰਦਰਾਂ ਸਾਲ ਦੀ ਮਿੱਲ ਵਿਚਲੀ ਮੌਸਮੀ ਮਜ਼ਦੂਰੀ ਉਹਦੀ ਪੱਕੀ ਨੌਕਰੀ ਦਾ ਹੱਕ ਬਣ ਗਈ ਹੋਵੇਹੁਣ ਉਹ ਵੱਡੇ ਸਰਪੰਚ ਮਾਮਾ ਜੀ ਦੁਆਲੇ ਗੇੜੇ ਮਾਰਨ ਲੱਗ ਪਿਆ ਸੀਸਿਰ ਤੋੜ ਯਤਨਾਂ ਦੇ ਬਾਵਜੂਦ ਪਰਨਾਲਾ ਉੱਥੇ ਦਾ ਉੱਥੇ ਹੀ ਰਿਹਾ

ਮੇਰੇ ਮਨ ਵਿੱਚ ਇਨ੍ਹਾਂ ਖ਼ਿਆਲਾਂ ਦੇ ਗੜੇ ਪੈਣੋਂ ਉਦੋਂ ਰੁਕੇ ਜਦੋਂ ਭਾਈਏ ਨੇ ਮਾਂ ਨੂੰ ਠਰ੍ਹੰਮੇ ਨਾਲ ਸਲਾਹ ਦਿੱਤੀ, “ਮੇਰੀ ਗੱਲ ਛੱਡ ਤੂੰ, ਬਿਰਜੂ ਦੇ ਮਾਮੇ ਨੂੰ ਆਪ ਇੱਕ ਬਾਰੀ ਕਹਿ ਕੇ ਦੇਖ - ਜੇ ਥੋੜ੍ਹੀ ਜਿਹੀ ਤੁਲ ਮਾਰ ਦੇਣ ਤਾਂ ਸਮਝ ਲਈਂ ਕੁਲ ਤਰ ਗਈਅਸੀਂ ਤਾਂ ਆਪਣਾ ਟੈਮ ਨੰਘਾਈ ਜਾਨੇ ਆਂ ਪਰ ਇਹਦੇ ਅਲ ਦੇਖ ਕੇ ਮਨ ਨੂੰ ਡੋਬੂ ਪਈਂਦਾ - ਅਜੇ ਸਾਰੀ ਉਮਰ ਪਈ ਆਭਲਕੇ ਵਿਆਹ-ਸ਼ਾਦੀ ਹੋਣੀ ਆ - ਜੱਟਾਂ ਦੇ ਸਾਕ ਪੈਲ਼ੀਆਂ ਨੂੰ ਹੁੰਦੇ ਆ ਤੇ ਸਾਡੇ ਦੇਖਦੇ ਆ ਪਈ ਮੁੰਡਾ ਕੰਮ ਕੀ ਕਰਦਾ ਆ - ਸੌ ਗੱਲਾਂ ਪੁੱਛਦੇ ਆ! ਨਾਲ਼ੇ ...।”

ਭਾਈਏ ਨੇ ਥੋੜ੍ਹਾ ਕੁ ਰੁਕ ਕੇ ਫਿਰ ਆਖਿਆ, ‘ਤੂੰ ਜਾਹ, ਕਹਿ ਕੇ ਦੇਖ, ਦਸ ਪਾਸ ਨਹੀਂ ਤਾਂ ਕੀ ਹੋਇਆ, ਫੇਲ ਤਾਂ ਹੈ ਈ!”

ਭਾਈਏ ਨੇ ਹਾਲਾਤ ਮੁਤਾਬਿਕ ਫੈਸਲਾ ਲਏ ਜਾਣ ਲਈ ਕਿਸੇ ਟੋਏ ਨੂੰ ਛੜੱਪਾ ਮਾਰ ਕੇ ਟੱਪਣ ਵਾਸਤੇ ਲੰਮੀ ਲਾਂਘ ਪੁੱਟੀ ਮੈਂਨੂੰ ਲੱਗਿਆ ਕਿ ਬਖਸ਼ੀ ਦੇ ਭਲਕ ਦਾ ਝੋਰਾ ਉਹਨੂੰ ਅੰਦਰੋ-ਅੰਦਰ ਢੋਰਾ ਬਣ ਕੇ ਖਾਣ ਲੱਗ ਪਿਆ ਹੈ

ਮਾਂ ਦੇ ਮੁੜ-ਮੁੜ ਕਹਿਣ ’ਤੇ ਮਾਮਾ ਜੀ ਨੇ ਬਖਸ਼ੀ ਨੂੰ ਪੁਲਿਸ ਭਰਤੀ ਲਈ ਸੱਦਿਆਮਾਂ ਮੁਤਾਬਿਕ ਸਮੇਂ ਦਾ ਸਾਥ ਹੱਥਾਂ ਦੀਆਂ ਲਕੀਰਾਂ ਵਿੱਚ ਬਦਲ ਗਿਆਭਾਈਆ ਮਾਂ ਨੂੰ ਉਹਦੇ ਭਰਾਵਾਂ ਦੇ ਮਿਹਣੇ ਮਾਰਦਾ, ਪੁੱਠਾ-ਸਿੱਧਾ ਬੋਲਦਾਗੁੱਸੇ ਵਿੱਚ ਕਈ ਚੀਜ਼ਾਂ ਚੁੱਕ-ਚੁੱਕ ਮਾਰਦਾ... ਤੇ ਮਾਂ ਜਿਵੇਂ ਹਿੱਕ ’ਤੇ ਪੱਥਰ ਰੱਖ ਕੇ ਸਭ ਕੁਝ ਜ਼ਰ ਲੈਂਦੀ ਬੱਸ ਇੰਨਾ ਹੀ ਕਹਿੰਦੀ, ‘ਭਲਾ ਮੇਰੇ ਹੱਥ-ਵੱਸ ਕੀ ਆ? ਕਹਿਣ-ਸੁਣ ਈ ਹੁੰਦਾ ...।”

ਉਨ੍ਹਾਂ ਹੀ ਦਿਨਾਂ ਵਿੱਚ ਮਾਮਾ ਜੀ ਦਾ ਸੁਨੇਹਾ ਬਖਸ਼ੀ ਲਈ ਸਉਣ-ਭਾਦੋਂ ਦੇ ਬੱਦਲ ਵਾਂਗ ਆਇਆ ਜੋ ਕਦੀ ਵਰ੍ਹ ਜਾਂਦਾ ਤੇ ਕਦੀ ਨਾਲ ਦਾ ਬੰਨਾ ਹੀ ਛੱਡ ਜਾਂਦਾ ਹੈ

ਰੁੱਖਾਂ ਉੱਤੇ ਗੂੜ੍ਹੀ ਹਰਿਆਲੀ ਵਾਂਗ ਸਾਰੇ ਟੱਬਰ ਦੇ ਤਨ-ਮਨ ’ਤੇ ਖ਼ੁਸ਼ੀ ਲਫ਼ਾਂ ਮਾਰਨ ਲੱਗੀ ਜਿਵੇਂ ਪਿੰਡ ਕੋਲ ਦੇ ਚੋਅ ਵਿੱਚ ਹੜ੍ਹ ਬਿਨਾਂ ਬਰਸਾਤ ਹੀ ਆ ਗਿਆ ਸੀ ਤੇ ਲੋਕ ਗੱਲਾਂ ਕਰ ਰਹੇ ਸਨ - ਦੂਰ ਪਹਾੜਾਂ ਉੱਤੇ ਮੀਂਹ ਬਹੁਤ ਵਰ੍ਹਿਆ, ਤਾਂ ਹੀ ਹੜ੍ਹ ਆਇਆ - ਉੱਥੇ ਭਲਾ ਕੀ ਲੋੜ ਆ ਮੀਂਹ ਦੀ - ਉੱਥੇ ਉੱਚੇ ਥਾਵਾਂ ਉੱਤੇ ਤਾਂ ਵਰ੍ਹਦਾ ਈ ਰਹਿੰਦਾ! ਇੱਧਰ ਬਿਨਾਂ ਬਾਰਸ਼ ਤੋਂ ਈ ਲੋਕਾਂ ਦਾ ਕਿੰਨਾ ਕੁਛ ਹੜ੍ਹ ਵਿੱਚ ਹੜ੍ਹ ਗਿਆ ਮੈਂਨੂੰ ਲੱਗਿਆ, ਭਾਈਏ ਦੇ ਪਹਿਲੇ ਗਿਲੇ-ਸ਼ਿਕਵੇ, ਤਾਹਨੇ-ਮਿਹਣੇ ਤੇ ਬੇਉਮੀਦੀ ਮਾਮਾ ਜੀ ਦੇ ਸੁਨੇਹੇ ਨਾਲ ਰੁੜ੍ਹ ਕੇ ਦੂਰ ਚਲੇ ਗਏ ਹੋਣ

ਮਾਮਾ ਜੀ ਦੀ ਸਲਾਹ, ‘ਪੁਲਿਸ ਨਾਲੋਂ ਰੋਡਵੇਜ਼ ਦੀ ਕੰਡਕਟਰੀ ਕਿਤੇ ਚੰਗੀ ਆਬਖਸ਼ੀ ਨੂੰ ਕਹੋ, ਲਾਇਸੰਸ ਬਣਾ ਲਵੇ!”

ਬਖਸ਼ੀ ਨੇ ਜਲੰਧਰ ਦੇ ਗੇੜੇ ਮਾਰ-ਮਾਰ ਕੰਡਕਟਰ-ਲਾਇਸੰਸ ਦਿਨਾਂ ਵਿੱਚ ਹੀ ਬਣਾ ਲਿਆਉਹਨੇ ਪਿੰਡ ਤੋਂ ਸੌ ਕਿਲੋਮੀਟਰ ਦੂਰ ਪਠਾਨਕੋਟ ਤੋਂ ਇੱਕ ਮਹੀਨੇ ਦੀ ਮੁੱਢਲੀ ਡਾਕਟਰੀ ਸਹਾਇਤਾ ਸਿਖਲਾਈ ਲੈ ਲਈਨਿੱਤ ਦੇ ਕਿਰਾਏ-ਭਾੜੇ ਦੀ ਤੰਗੀ ਦੇ ਬਾਵਜੂਦ ਉਹਦੇ ਪੈਰ ਧਰਤੀ ’ਤੇ ਨਾ ਲਗਦੇਉਹਦੀਆਂ ਸੋਚਾਂ ਰਾਕਟੀ ਰਫ਼ਤਾਰ ਵਾਂਗ ਤੇਜ਼ ਦੌੜਦੀਆਂਘਰ ਵਿੱਚ ਹੈਰਾਨੀ-ਭਰੀ ਖ਼ੁਸ਼ੀ ਦੀਆਂ ਗੱਲਾਂ ਹੋਣ ਲੱਗੀਆਂ ਜਿਵੇਂ ਪਿਛਲੇ ਦਿਨੀਂ ਅਮਰੀਕਾ ਦੇ ਚੰਦ ਉੱਤੇ ਜਾਣ, ਉੱਥੋਂ ਮਿੱਟੀ-ਪੱਥਰ ਤੇ ਫੋਟੋ ਖਿੱਚ ਲਿਆਉਣ ਦੀਆਂ ਖ਼ਬਰਾਂ ਬਾਰੇ ਲੋਕ ਗੱਲਾਂ ਕਰ-ਕਰ ਹੈਰਾਨ ਹੁੰਦੇ ਸਨਪੜ੍ਹੇ-ਲਿਖੇ ‘ਤਕਨੀਕੀ ਜੁਗਤਾਂਦੱਸ ਕੇ ਤਰੱਕੀ ਦਾ ਕਮਾਲ ਤੇ ਹੰਢੇ-ਵਰਤੇ ਬਜ਼ੁਰਗ ‘ਅਫ਼ਵਾਹਾਂਕਹਿ ਕੇ ਇਸ ਨੂੰ ਸਹਿਜ ਹੀ ਪਲ ਵਿੱਚ ਰੱਦ ਕਰ ਦਿੰਦੇ

ਗੁੱਡ, ਤਈਨੂੰ ਸੱਚ ਦੱਸਾਂ! ਰਾਤ ਨੂੰ ਸੁਫ਼ਨਿਆਂ ਵਿੱਚ ਮੈਂ ਬੱਸ ਡਰੈਵਰ ਨੂੰ ਸੀਟੀਆਂ ਮਾਰਦਾ ਰਹਿੰਨਾ! ਭੋਗਪੁਰ, ਕਾਲਾ ਬੱਕਰਾ, ਕਿਸ਼ਨਗੜ੍ਹ ਤੇ ਹੋਰ ਸਾਰੇ ਅੱਡਿਆਂ ਤੋਂ ਸਵਾਰੀਆਂ ਚੱਕਦਾਂ, ਲਾਹੁੰਨਾਬੜਾ ਮਜ਼ਾ ਆਉਂਦਾ ਜਦੋਂ ਡਰੈਵਰ ਮੇਰੇ ਸੀਟੀ ਮਾਰਨ ’ਤੇ ਬੱਸ ਰੋਕਦਾ ਤੇ ਚਲਾਉਂਦਾ ਜ਼ਰਾ ਕੁ ਬਾਅਦ ਉਹ ਕਹਿਣ ਲੱਗਾ ਸੀ, ‘ਹੁਣ ਪੱਕੀ ਨੌਕਰੀ ਮਿਲ ਜਾਣੀ ਆ - ਤੂੰ ਜਿੰਨਾ ਮਰਜ਼ੀ ਪੜ੍ਹ ਲਈਂ - ਕਾਪੀਆਂ-ਕਿਤਾਬਾਂ ਦੀ ਟੋਟ ਨਹੀਂ ਆਉਣ ਦਊਂਗਾਮਾਮੇ ਆਂਙੂੰ ਬੜਾ ਅਫਸਰ ਬਣ ਜਾਈਂ ...।” ਬਖਸ਼ੀ ਨੇ ਮੈਂਨੂੰ ਆਖਿਆ

ਵੱਡੇ ਭਰਾ ਦਾ ਇਹ ਭਰੋਸਾ ਸੁਣ ਕੇ ਮੈਂਨੂੰ ਪਲ ਦੀ ਪਲ ਲੱਗਿਆ ਸੀ ਜਿਵੇਂ ਮੇਰਾ ਕੱਦ ਹੱਥ ਭਰ ਹੋਰ ਉੱਚਾ ਹੋ ਗਿਆ ਹੋਵੇਮੈਂ ਮਨ ਹੀ ਮਨ ਹਵਾ ਵਿੱਚ ਉੱਡਣ ਲੱਗਾ ਤੇ ਨਾਲ ਦੇ ਮੁੰਡਿਆਂ ਕੋਲ ਕਈ ਤਰ੍ਹਾਂ ਦੀਆਂ ਫੜ੍ਹਾਂ ਮਾਰਨ ਲੱਗਾਥੋੜ੍ਹੇ ਕੁ ਚਿਰ ਬਾਅਦ ਮੈਂਨੂੰ ਜਾਪਿਆ - ਮੈਂ ਛੜੱਪਾ ਮਾਰ ਕੇ ਸੋਲਾਂ ਦੀਆਂ ਸੋਲਾਂ ਜਮਾਤਾਂ ਪਾਸ ਕਰ ਲਈਆਂ ਹੋਣ ਤੇ ਮਹੀਨੇ ਦੇ ਮਹੀਨੇ ਆਪਣੀ ਤਨਖਾਹ ਦੇ ਨੋਟਾਂ ਦੀ ਦੱਥੀ ਲਿਆ ਕੇ ਆਪਣੀ ਮਾਂ ਦੀ ਤਲ਼ੀ ’ਤੇ ਧਰਨ ਲੱਗ ਪਿਆ ਹੋਵਾਂਆਪਣੇ ਮਨ ਦੀ ਖ਼ੁਸ਼ੀ ਨੂੰ ਮਾਰਿਆ ਬੰਨ੍ਹ ਟੁੱਟਣ-ਟੁੱਟਣ ਕਰਦਾ

ਪਰ ਸਾਰੇ ਟੱਬਰ ਦੇ ਚਿਹਰਿਆਂ ਉੱਤੇ ਖ਼ੁਸ਼ੀ ਦੀਆਂ ਚੜ੍ਹੀਆਂ ਛੱਲਾਂ ਛੇਤੀ ਲਹਿ ਗਈਆਂ ਜਿਵੇਂ ਚੋਅ ਦਾ ਸਿਖਰ ਦੁਪਹਿਰ ਨੂੰ ਲੱਫ਼ਾਂ ਮਾਰਦਾ ਪਾਣੀ ਸੂਰਜ ਦੇ ਛਿਪਣ ਨਾਲ ਹੀ ਲਹਿ ਗਿਆ ਸੀ ਜਦੋਂ ਪੁੱਛ-ਪ੍ਰਤੀਤ ਦੇ ਜਵਾਬ ਵਿੱਚ ਇਸ ਵਾਰ ਮਾਮੀ ਜੀ ਨੇ ਦੱਸਿਆ, ‘ਬਖਸ਼ੀ ਬਾਰੇ ਕਹਿੰਦੇ ਨੇ ਕਿ ... ਨੂੰ ਮੈਂ ਕਹਿਣਾ ਨਹੀਂ, ਉਹ ਉਨ੍ਹਾਂ ਤੋਂ ਬਹੁਤ ਸੀਨੀਅਰ ਨੇ, ਤੇ ... ਨੂੰ ਇਸ ਕਰ ਕੇ ਨਹੀਂ ਕਹਿਣਾ ਕਿ ਉਹ ਉਨ੍ਹਾਂ ਤੋਂ ਬਹੁਤ ਜੂਨੀਅਰ ਹੈ ... ਕਹਿੰਦੇ ਨੇ ਫਿਰ ਵੀ ਤੁਸੀਂ ਫ਼ਿਕਰ ਨਾ ਕਰੋ ...।”

ਮੈਂਨੂੰ ਲੱਗਿਆ ਜਿਵੇਂ ਦਲਾਨ ਦੀ ਪਿਛਲੀ ਕੋਠੜੀ ਦਾ ਤੋੜਾ ਫਿਰ ਤਿੜਕ ਗਿਆ ਹੈ ਜੋ ਭਾਈਏ ਤੋਂ ਬਿਨਾਂ ਕਿਸੇ ਦੀ ਨਜ਼ਰ ਨਾ ਪਿਆ ਹੋਵੇ ਤੇ ਉਹ ਕਿਸੇ ਹੋਰ ਥੰਮ੍ਹੀ ਦੀ ਤਲਾਸ਼ ਕਰਨ ਲੱਗ ਪਿਆ ਹੋਵੇਉਹਦਾ ਬੁਲੰਦ ਹੌਸਲਾ ਇਸਦੀ ਸ਼ਾਹਦੀ ਭਰਦਾ ਜਾਪਦਾ

ਭਾਈਏ ਨੇ ਖ਼ਾਮੋਸ਼ੀ ਦਾ ਸਾਗਰ ਪਾਰ ਕਰਦਿਆਂ ਜ਼ਰਾ ਕੁ ਪਿੱਛੋਂ ਮਾਂ ਨੂੰ ਆਖਿਆ, ‘ਜੇ ਮੇਰੀ ਸੱਸ ਜਿਊਂਦੀ ਹੁੰਦੀ ਤਾਂ ਉਹ ਤੇਰੇ ਦੁੱਖੜੇ ਸੁਣਦੀ ...।”

ਇਹ ਗੱਲ ਮੇਰੇ ਕੰਨੀਂ ਪੈਣ ਦੀ ਦੇਰ ਸੀ ਕਿ ਮੇਰੀਆਂ ਅੱਖਾਂ ਮੋਹਰੇ ਇਕਦਮ ਮੇਰੀ ਅੰਨ੍ਹੀ ਨਾਨੀ ਦਾ ਲਾਖੇ ਅਖਰੋਟ ਵਰਗਾ ਝੁਰੜੀਆਂ ਭਰਿਆ ਸ਼ਾਂਤ ਚਿਹਰਾ ਆ ਗਿਆਉਸ ਨੂੰ ਮੈਂ ਕਦੀ ਸੁਜਾਖੀ ਨਹੀਂ ਸੀ ਦੇਖਿਆਉਹ ਵੱਡੇ ਅੱਧ-ਉਜਾਲੇ ਵਾਲੇ ਦਲਾਨ ਅੰਦਰ ਬੈਠੀ ਆਪਣੇ ਧੀਆਂ-ਪੁੱਤਾਂ, ਪੋਤਿਆਂ-ਪੋਤੀਆਂ ਤੇ ਪ੍ਰਾਹੁਣਿਆਂ ਦੀ ਉਡੀਕ ਕਰਦੀ, ਬਿੜਕਾਂ ਲੈਂਦੀ ਰਹਿੰਦੀ ਮੈਂਨੂੰ ਉਹ ਪਲ ਚੇਤੇ ਆਏ ਤੇ ਨਾਲ ਹੀ ਮਨ ਭਰ ਆਇਆ ਜਦੋਂ (1964) ਨਾਨੀ ਮੈਂਨੂੰ ਟੋਹ-ਟੋਹ ਦੇਖਦੀ ਕਿ ਮੈਂ ਕਿੰਨਾ ਕੁ ਉੱਚਾ ਤੇ ਤਕੜਾ ਹੋ ਗਿਆ ਹਾਂਉਹ ਮੇਰੇ ਸਿਰ ’ਤੇ ਮੁੜ-ਮੁੜ ਹੱਥ ਫੇਰਦੀ, ਕਲਾਵੇ ਭਰਦੀ, ਲਾਡ ਕਰਦੀ ਤੇ ਕਹਿੰਦੀ, ‘ਅਈਧਰੋਂ ਬੀ ਬੁੱਗੀ ਦੇਹ ਮੇਰਾ ਪੁੱਤ, ਦੀਦਿਆਂ ਦੀ ਜੋਤ ਹੁੰਦੀ ਤਾਂ ਆਪਣੇ ਦੋਹਤੇ ਨੂੰ ਦੇਖਦੀ - ਹੁਣ ਨੌਂ ਵਰ੍ਹਿਆਂ ਦਾ ਹੋ ਗਿਆ ਗੁੱਡ, ਹਨਾ ਸੀਬੋ? ਰੱਬ ਇਹਦੀ ਉਮਰ ਲੰਮੀ ਕਰੇ, ਸੁੱਖ ਰੱਖੇ ...।”

ਮੈਂ ਆਪਣੀਆਂ ਸੋਚਾਂ ਵਿੱਚ ਦੂਰ ਪਿਛਾਂਹ ਗਿਆ ਉਦੋਂ ਪਰਤਿਆ ਜਦੋਂ ਬਾਹਰਲੇ ਬੂਹੇ ਤੋਂ ਤਾਏ ਰਾਮੇ ਦੇ ਬੋਲ ਮੈਂਨੂੰ ਸੁਣੇ

ਉਹਨੇ ਘਰ ਵਿੱਚ ਫੈਲੀ ਮਾਤਮ ਵਰਗੀ ਉਦਾਸੀ ਦੀ ਵਜਾਹ ਪੁੱਛੀ ਤੇ ਭਾਈਏ ਨੇ ਫਿਰ ਓਹੀ ਦਾਸਤਾਨ ਸੰਖੇਪ ਵਿੱਚ ਦੱਸੀ

ਹੋਰਨਾਂ ਨੂੰ ਮੱਤਾਂ ਦਿੰਨਾ ਪਈ ਆਪਣੇ ਪੈਰਾਂ ’ਤੇ ਆਪ ਖੜ੍ਹੇ ਹੋਬੋ, ਪੱਕਾ ਇਰਾਦਾ ਰੱਖੋ - ਤੇ ਆਪ ਕਿਉਂ ਹੁਣ ਡੋਲਦਾਂ?” ਤਾਏ ਨੇ ਹੁੱਕੇ ਦੀ ਨੜੀ ਪਰੇ ਕਰਨ ਪਿੱਛੋਂ ਮੁੱਛਾਂ ਉੱਤੇ ਸੱਜੇ ਹੱਥ ਦਾ ਬਣਾਇਆ ਗੁੱਠੂ ਫੇਰਦਿਆਂ ਆਖਿਆਪਤਾ ਨਹੀਂ ਉਹਦੇ ਚਿੱਤ ਵਿੱਚ ਕੀ ਆਇਆ ਤੇ ਕਹਿਣ ਲੱਗਾ, ‘ਇਕ ਗੱਲ ਹੋਰ ਦੱਸਾਂ, ਗੁੱਡ ਦਾ ਮਾਮਾ ਸਾਧੂ ਸੁਭਾਅ ਆ ...।”

ਹੋਰਨਾਂ ਦੇ ਕੰਮ ਬੀ ਤਾਂ ...! ਸਾਤੋਂ ਖਬਨੀ ਦੂਰ ਈ ਹੋਣਾ ਚਾਹੁੰਦੇ ਆ - ਜਿਹੜਾ ਜ਼ਰਾ ਕੁ ਵੱਡਾ ਆਫ਼ਸਰ ਬਣ ਜਾਂਦਾ - ਉਹ ਪਿੱਛਾ ਈ ਭੁੱਲ ਜਾਂਦਾ ...।’

ਭਾਈਏ ਨੂੰ ਵਿੱਚੋਂ ਟੋਕਦਿਆਂ ਉਹਨੇ ਆਖਿਆ, ‘ਤੂੰ ਐਮੀਂ ਲੋਕਾਂ ਦੀਆਂ ਗੱਲਾਂ ਵਿੱਚ ਨਾ ਆਇਆ ਕਰ ...ਲੋਕੀਂ ਬਥੇਰਾ ਕੁਛ ਕਈਂਦੇ ਆ ਪਈ ਬੜੇ ਅਫਸਰਾਂ ਦੀ ਇੱਕ ਅਲੱਗ ਜਮਾਤ ਬਣ ਗਈ ਆ ਤੇ ਉਹ ਗੂੜ੍ਹੀ ਸਕੀਰੀ ਨੂੰ ਛੱਡ ਤੁਰੇ ਆਗੁੱਡ ਦਾ ਮਾਮਾ ਤਾਂ ਅਜੇ ਫੇ ਆਉਂਦਾ-ਜਾਂਦਾ।”

ਭਾਈਏ ਦਾ ਮੂੰਹ ਹੋਰ ਨਿੱਕਾ ਜਿਹਾ ਹੋ ਗਿਆਉਹਦੇ ਮੱਥੇ ਉੱਤੇ ਤਿਊੜੀਆਂ ਉੱਭਰ ਆਈਆਂਉਹਨੇ ਜ਼ਰਾ ਕੁ ਸੋਚਣ ਪਿੱਛੋਂ ਆਖਿਆ, ‘ਮੈਂ ਸੋਚਦਾ ਸੀ ਸੀਬੋ ...।”

ਮੈਂਨੂੰ ਅੰਦਰੋ-ਅੰਦਰ ਮਹਿਸੂਸ ਹੋਇਆ ਕਿ ਭਾਈਏ ਨੂੰ ਉਹ ਵਕਤ ਨਹੀਂ ਭੁੱਲ ਰਿਹਾ ਜਦੋਂ ਮਾਂ ਜੱਟਾਂ ਦੇ ਸੁਰਜਨ ਸੁੰਹ ਹੁਰਾਂ ਦੀ ਹਵੇਲੀ ਪਸ਼ੂਆਂ ਦਾ ਗੋਹਾ-ਕੂੜਾ ਚੁੱਕਦੀ ਹੁੰਦੀ ਸੀਮਾਂ ਨਾਲ ਕਦੀ ਵੱਡਾ ਭਰਾ ਤੇ ਕਦੀ ਮੈਂ ਜਾਂਦਾਸਿਆਲਾਂ ਨੂੰ ਉਹ ਜਦੋਂ ਹੱਥਾਂ ਦਾ ਬੁੱਕ ਬਣਾ ਕੇ ਪਸ਼ੂਆਂ ਦੀ ਮੋਕ ਜਾਂ ਮੁਤਰਾਲ ਚੁੱਕਦੀ ਤਾਂ ਮੈਂਨੂੰ ਕਾਣਤ ਆਉਂਦੀਸਾਹ ਰੁਕਣ-ਰੁਕਣ ਕਰਦਾਮੇਰਾ ਜੀਅ ਕਰਦਾ ਕਿ ਦੌੜ ਕੇ ਕਿਸੇ ਖੁੱਲ੍ਹੇ ਥਾਂ ਵਿੱਚ ਚਲਾ ਜਾਵਾਂ ਵਿੱਚ-ਵਿਚਾਲੇ ਸੋਚ ਆਉਂਦੀ ਕਿ ਮੈਂ ਮਾਂ ਦੀ ਕੋਈ ਖ਼ਾਸ ਮਦਦ ਨਹੀਂ ਕਰ ਰਿਹਾ ਤੇ ਉਹਦੇ ਨਾਲ ਆਉਂਦਾ ਕੀ ਕਰਨ ਹਾਂ? ਫਿਰ ਮੈਂਨੂੰ ਲਗਦਾ ਜਿਵੇਂ ਮੈਂ ਉਹਦਾ ਆਸਰਾ ਹੋਵਾਂ ਜਾਂ ਉਹਦਾ ਪਹਿਰੇਦਾਰ

ਦੱਸ, ਕੀ ਸੋਚਦਾ ਸੀ?” ਤਾਏ ਨੇ ਦੋ-ਟੁੱਕ ਪੁੱਛਿਆ

ਇਹੀ ਪਈ ਬਿਰਜੂ ਦਾ ਕਿਤੇ ਕੰਮ ਬਣ ਜਾਂਦਾ ਤਾਂ ਚਾਰ ਦਿਨ ਅਸੀਂ ...।” ਭਾਈਏ ਤੋਂ ਅੱਗੇ ਬੋਲਿਆ ਨਾ ਗਿਆ ਜਿਵੇਂ ਭਵਿੱਖ ਨੇ ਉਹਦੀ ਜੀਭ ਪਲਟ ਦਿੱਤੀ ਹੋਵੇ ਜਾਂ ਧੂਹ ਲਈ ਹੋਵੇ

ਫਿਰ ਇੱਕਦਮ ਭਾਈਆ ਕੋਠੜੀ ਦੇ ਇੱਕ ਖੂੰਜੇ ਪਈ ਮਾਂ ਦੀ ਦਾਜ ਵਾਲੀ ਪੇਟੀ ਵਿੱਚ ਸੰਭਾਲ ਕੇ ਰੱਖੀਆਂ ਚਿੱਠੀਆਂ (ਪੋਸਟਕਾਰਡ) ਕੱਢ ਲਿਆਇਆਦੂਜੇ ਹੱਥ ਕਹੇਂ ਦੀ ਫੜੀ ਥਾਲ਼ੀ ਨੂੰ ਜ਼ਮੀਨ ਉੱਤੇ ਰੱਖ ਕੇ ਤੇ ਉਹਦੇ ਅੰਦਰ ਚਿੱਠੀਆਂ ਟਿਕਾ ਦੇ ਖੀਸੇ ਵਿੱਚੋਂ ਤੀਲਾਂ ਦੀ ਡੱਬੀ ਕੱਢੀਅੱਗ ਲਾਉਂਦਿਆਂ ਕਹਿਣ ਲੱਗਾ, ‘ਲੂਹ ਕੇ ਇਨ੍ਹਾਂ ਦਾ ਤੇਲ ਇਸ ਹੱਥ ’ਤੇ ਲਾਊਂਗਾ - ਕਈਂਦੇ ਦਾਦ-ਖੁਜਲੀ ਹਮੇਸ਼ਾ ਲਈ ਹਟ ਜਾਂਦੀ ਆ।”

ਜ਼ਰਾ ਕੁ ਰੁਕ ਕੇ ਆਖਣ ਲੱਗਾ, ‘ਗੱਲਾਂ ਤਾਂ ਮੁੱਕਣੀਆਂ ਨਹੀਂ, ਮੈਂ ਸੋਚਿਆ ਅੱਜ ਇਹੀ ਕੰਮ ਮੁਕਾ ਲਮਾਂ।”

ਭਾਈਏ ਦੀਆਂ ਗੱਲਾਂ ਦਾ ਕਿਸੇ ਨੇ ਬਹੁਤਾ ਹੁੰਗਾਰਾ ਨਾ ਭਰਿਆ

ਗੁੱਡ ਦਾ ਮਾਮਾ ਅਸੂਲਾਂ ਦਾ ਬੰਦਾ! ਨਾਲ਼ੇ ਉਹ ਸਰਕਾਰ ਦਾ ਲੂਣ ਖਾਂਦਾ ...! ਤਾਹੀਓਂ ਕਈਂਦਾ - ਪੜ੍ਹਦੇ ਹੈ ਨਹੀਂ, ਨੌਕਰੀਆਂ ਕਿੱਥੋਂ ਮਿਲ ਜਾਣ! ਉਹ ਗਲਤ ਨਹੀਂ ਕਈਂਦਾ ਪਈ ਚੰਗੇ ਨੰਬਰ ਲੈ ਕੇ ਆਪੇ ਅੱਗੇ ਆਬੋ! ਨਾਲ਼ੇ ਸਾਨੂੰ ਤਾਂ ਇਹੋ ਭਾ ਬਥੇਰਾ ਪਈ ਉਹ ਗੁੱਡ ਹੁਣਾਂ ਦਾ ਮਾਮਾ!” ਤਾਏ ਨੇ ਪੂਰੇ ਭਰੋਸੇ ਨਾਲ ਆਖਿਆ

ਭਾਈਏ ਨੂੰ ਜਿਵੇਂ ਤਾਏ ਦਾ ਕਿਹਾ ਸੁਣਿਆ ਹੀ ਨਾ ਹੋਵੇ “ਮੌਸਮਾਂ ਦੇ ਹੇਰ-ਫੇਰ ਆਂਙੂੰ ਇਨ੍ਹਾਂ ਨੇ ਰਾਤ ਨੂੰ ਫੇ ਸਤਾਉਣਾ।” ਕਹਿ ਕੇ ਉਹ ਫੁਰਤੀ ਨਾਲ ਉੱਠਿਆ ਤੇ ਵਾਗਲੇ ਦੀ ਕੰਧ ਸਹਾਰੇ ਖੜ੍ਹੇ ਮੰਜੇ ਨੂੰ ਡਾਹ ਕੇ ਦੂਹੋ-ਦੂਹ ਡਾਂਗਾਂ ਵਰ੍ਹਾਉਣ ਲੱਗ ਪਿਆਉਹਦੇ ਵਿੱਚੋਂ ਝੜਦੇ ਮਾਂਗਣੂਆਂ-ਖਟਮਲਾਂ ਨੂੰ ਪੈਰ ਦੀ ਜੁੱਤੀ ਨਾਲ ਘਸਾ-ਘਸਾ ਮਾਰਨ ਲੱਗ ਪਿਆਮੈਂ ਵੀ ਦੱਸਣ ਲੱਗ ਪਿਆ, ‘ਇਕ ਔਹ ਜਾਂਦਾ - ਇੱਕ ਆਹ ਜਾਂਦਾ।”

ਮੰਜੇ ਦੀ ਪੈਂਦ ’ਤੇ, ਕਦੀ ਸਿਰਾਹਣੇ ਡਾਂਗਾਂ ਮਾਰਦੇ ਭਾਈਏ ਦੇ ਮੱਥੇ ਤੋਂ ਪਸੀਨਾ ਚੋਣ ਲੱਗ ਪਿਆਅਖੀਰ ਉਹ ਹੰਭ ਗਿਆਉਹਨੇ ਡਾਂਗ ਖੱਬੇ ਹੱਥ ਫੜ ਕੇ ਸੱਜੇ ਹੱਥ ਦੀ ਪਹਿਲੀ ਉਂਗਲ ਨਾਲ ਪਸੀਨਾ ਪੂੰਝਿਆ ਤੇ ਬਾਹਰ ਬੋਹੜ-ਪਿੱਪਲ ਦੀ ਗੂੜ੍ਹੀ ਛਾਂ ਹੇਠ ਬੈਠੀ ਮੇਰੀ ਦਾਦੀ ਕੋਲ ਜਾਂਦਿਆਂ ਕਹਿਣ ਲੱਗਾ, ‘ਇਹ ਬਰਸਾਤ ਕਹਿਣ ਨੂੰ ਆ - ਔੜ ਪਤਾ ਨਹੀਂ ਅਜੇ ਹੋਰ ਕਿੰਨਾ ਚਿਰ ਰਹਿਣੀ ਆ!”

ਮੈਂ ਭਾਈਏ ਦੀਆਂ ਗੱਲਾਂ ਨੂੰ ਵਿਚਾਰਦਾ ਉਹਦੇ ਮਗਰ-ਮਗਰ ਤੁਰ ਪਿਆ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2523)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਬਲਬੀਰ ਮਾਧੋਪੁਰੀ

ਬਲਬੀਰ ਮਾਧੋਪੁਰੀ

Delhi, India.
Phone: (011 - 91 - 93505 - 48100)

Email: (bmadhopuri@yahoo.in)

More articles from this author