BalbirMadhopuri7ਜਨਮਾਂ-ਕਰਮਾਂ ਨੂੰ ਅੱਗ ਲਾਓ। ਕੋਈ ਜੁਗਤ ਸੋਚੋ ਇਨ੍ਹਾਂ ਜਾਲਮਾਂ ਤੋਂ ਖਹਿੜਾ ਛੁਡਾਉਣ ਦੀ ...”
(3 ਨਵੰਬਰ 2020)

 

ਗੁੱਡ ਤੂੰ ਤੇ ਰੋਸ਼ੀ (ਰੌਸ਼ਨ ਲਾਲ) ਪੱਠੇ ਬੱਢ ਕੇ ਕੁਤਰ ਆਓ!’ ਸੋਢੀ ਮਾਸਟਰ ਨੇ ਅਫ਼ੀਮ ਦੇ ਨਸ਼ੇ ਦੀ ਝੋਕ ’ਚੋਂ ਉੱਭੜਵਾਹੇ ਉੱਠ ਕੇ ਅੱਜ ਫਿਰ ਪਹਿਲਾਂ ਵਾਂਗ ਹੁਕਮ ਚਾੜ੍ਹਿਆਇਸੇ ਦੌਰਾਨ ਉਹਨੇ ਸੱਜੇ ਹੱਥ ਦੇ ਅੰਗੂਠੇ ਤੇ ਪਹਿਲੀ ਉਂਗਲ ਨਾਲ ਲੋਹੇ ਦੀ ਛੋਟੀ ਜਿਹੀ ਗੋਲ-ਲੰਮੀ ਡੱਬੀ ਵਿੱਚੋਂ ਨਸਵਾਰ ਦੀ ਚੂੰਢੀ ਭਰਨ ਮਗਰੋਂ ਆਖਿਆ, ‘ਫੁਰਤੀ ਨਾ ਬਗ ਜਾਓ, ਭੁੱਖੀਆਂ ਮੱਝਾਂ ਰੰਭਦੀਆਂ ਹੋਣੀਆਂ! ਨਾਲੇ ਪਾਣੀ ਡਾਹ ਕੇ ਨੁਹਾ ਆਇਓ!’

ਆਗਿਆਕਾਰੀ ਵਿਦਿਆਰਥੀਆਂ ਵਾਂਗ ਅਸੀਂ ਪਹਿਲਾਂ ਵਾਂਗ ਨਾ ਅੱਗੋਂ ਹੁੱਤ ਕੀਤੀ ਤੇ ਨਾ ਹੀ ਨਾਂਹ-ਨੁੱਕਰਅਸੀਂ ਆਪਣੇ ਵਿਹੜੇ ਦੇ ਜਮਾਤੀ ਮੁੰਡਿਆਂ ਹਵਾਲੇ ਝੋਲੇ ਕੀਤੇ ਤੇ ਸੋਢੀ ਮਾਸਟਰ ਦੇ ਪਿੰਡ ਸੋਹਲਪੁਰ (ਢਾਈ-ਤਿੰਨ ਕਿਲੋਮੀਟਰ ਦੇ ਫ਼ਾਸਲੇ ’ਤੇ ਪੂਰਬ-ਦੱਖਣ ਦੀ ਦਿਸ਼ਾ ’ਤੇ ਸਥਿਤ ਇੱਕ ਛੋਟਾ ਜਿਹਾ ਪਿੰਡ) ਨੂੰ ਤੁਰ ਪਏ

ਸਕੂਲ ਦੇ ਵਿਹੜੇ ਵਿੱਚੋਂ ਅਜੇ ਫਿਰਨੀ ਉੱਤੇ ਪਏ ਹੀ ਸੀ ਕਿ ਛੋਟੇ-ਛੋਟੇ ਸਕੂਲੀ ਵਿਦਿਆਰਥੀਆਂ ਦੀ ਚੱਲਦੀ ਪਾਲ ਵਰਗੇ ਖ਼ਿਆਲਾਂ ਦੀ ਇੱਕ ਲੜੀ ਮੇਰੇ ਮਨ ਵਿੱਚ ਮੇਰੇ ਤਨ ਦੇ ਪ੍ਰਛਾਵੇਂ ਵਾਂਗ ਨਾਲ-ਨਾਲ ਤੁਰਨ ਲੱਗ ਗਈਸੋਢੀ ਮਾਸਟਰ ਦੇ ਨਿਆਈਂ ਵਾਲੇ ਖੇਤ ਵਿੱਚ ਪਿਛਲੇ ਦਿਨੀਂ ਵੱਢੇ ਬਾਜਰੇ ਦਾ ਦ੍ਰਿਸ਼ ਸਾਕਾਰ ਹੋ ਗਿਆਉਦੋਂ ਇੱਕ ਦਿਨ ਪਹਿਲਾਂ ਪਏ ਮੀਂਹ ਕਾਰਨ ਬੰਨੇ ਉੱਤੇ ਜੰਗਲ-ਪਾਣੀ ਲਈ ਬੈਠੀਆਂ ਭਾਰੇ ਤੇ ਗੋਰੇ ਨਿਛੋਹ ਬਦਨ ਦੀਆਂ ਜ਼ਨਾਨੀਆਂ ਮੇਰੀ ਨਜ਼ਰੀਂ ਪਈਆਂ ਜਿਨ੍ਹਾਂ ਨੇ ਨੱਕ ਮੋਹਰੇ ਦੁਪੱਟੇ ਇਕੱਠੇ ਕਰ ਕੇ ਰੱਖੇ ਹੋਏ ਸਨਇਹ ਦ੍ਰਿਸ਼ ਦੇਖਦਿਆਂ ਮੈਂਨੂੰ ਆਪਣੇ ਪੈਰ ਜ਼ਮੀਨ ਵਿੱਚ ਖੁੱਭਦੇ ਦਿਸੇ ਤੇ ਨਾਲ ਹੀ ਟੱਟੀਆਂ ਦਾ ਮੁਸ਼ਕ ਸਿਰ ਨੂੰ ਚੜ੍ਹਦਾ ਮਹਿਸੂਸ ਹੋਇਆ ਜਿਸ ਨਾਲ ਮੇਰੀਆਂ ਸੋਚਾਂ ਨੂੰ ਵਿਸ਼ਰਾਮ ਚਿੰਨ੍ਹ ਲੱਗ ਗਿਆ ਜਿਵੇਂ ਅਸੀਂ ਇਮਲਾਹ ਲਿਖਦੇ ਵਕਤ ਲਾਉਂਦੇ ਹੁੰਦੇ ਸੀ

ਤੀਏ ਦਿਨ ਸਾਨੂੰ ਤੋਰ ਦਿੰਦਾ - ਜੱਟਾਂ ਦੇ ਮੁੰਡਿਆਂ ਨੂੰ ਤਾਂ ਕਦੀ ਨਹੀਂ ਕਈਂਦਾ ਪਈ ਪੱਠਾ-ਦੱਥਾ ਕਰ ਆਓ।’ ਅਚਾਨਕ ਪਹਿਲੀ ਵਾਰ ਅਜਿਹੇ ਫ਼ੁਰੇ ਫ਼ੁਰਨੇ ਨਾਲ ਮੈਂ ਗੱਲ ਤੋਰੀ

ਉਨ੍ਹਾਂ ਤੋਂ ਨਾਸਾਂ ਭਨਾਉਣੀਆਂ! ਅਖੇ ਚੂੜ੍ਹਿਆਂ ਦੇ ਪਠਾਣ ਬਗਾਰੀ! ਸੋਢੀਆਂ-ਖੱਤਰੀਆਂ ਨੂੰ ਤਾਂ ਜੱਟ ਟਿੱਚ ਸਮਝਦੇ ਆ!’ ਮੇਰੇ ਤੋਂ ਤਿੰਨ-ਚਾਰ ਸਾਲ ਵੱਡੇ ਰੋਸ਼ੀ ਨੇ ਦੱਸਿਆਪੰਜ-ਚਾਰ ਉਲਾਂਘਾਂ ਭਰਨ ਪਿੱਛੋਂ ਉਹਨੇ ਆਖਿਆ, ‘ਸੋਢੀਆਂ ਪੱਲੇ ਕੀ ਆ? ਸਿੱਖੀ? ਤੇ ਜੱਟ ਮਉਜਾਂ ਲੁੱਟਦੇ ਆ ਜ਼ਮੀਨਾਂ-ਜੈਦਾਦਾਂ ਦੇ ਸਿਰ ’ਤੇਐਮੀਂ ਥੋੜ੍ਹੋ ਗਲ਼ੀਆਂ ’ਚ ਗੇੜੇ ਮਾਰਦੇ ਬੁੱਕਦੇ ਰੲ੍ਹੀਂਦੇ ਆ!’

ਰੋਸ਼ੀ ਦੇ ਇਨ੍ਹਾਂ ਬੋਲਾਂ ਨੇ ਜਿਵੇਂ ਕਈ ਬੁਝਾਰਤਾਂ ਤੇ ਹਿਸਾਬ ਵਰਗੇ ਔਖੇ ਮੇਰੇ ਸਵਾਲਾਂ ਨੂੰ ਹੱਲ ਕਰ ਦਿੱਤਾ ਹੋਵੇਮੈਂ ਧੌਣ ਘੁਮਾ ਕੇ ਉਹਦੇ ਮੂੰਹ ਵਲ ਦੇਖਿਆ, ਜਿਸ ਤੋਂ ਤਲਖ਼ ਰੋਸ ਦੀ ਝਲਕ ਦਿਸੀ

ਸਾਡੇ ਪਰਿਵਾਰਾਂ ਵਿੱਚੋਂ ਤਾਏ ਦੇ ਪੁੱਤ ਰੋਸ਼ੀ ਨੂੰ ਬਹੁਤ ਸਾਰੀਆਂ ਉਨ੍ਹਾਂ ਗੱਲਾਂ ਦਾ ਵੀ ਪਤਾ ਸੀ ਜਿਨ੍ਹਾਂ ਦਾ ਵੱਡਿਆਂ ਨੂੰ ਪਤਾ ਹੁੰਦਾਦਰਅਸਲ, ਉਹ ਪਹਿਲੀ ਜਮਾਤ ਵਿੱਚ ਹੀ ਸਕੂਲ ਦੀ ਪੜ੍ਹਾਈ ਛੱਡ ਲਾਗਲੇ ਪਿੰਡ ਢੱਡਾ-ਸਨੌਰਾ ਦੇ ਇੱਕ ਜ਼ਿਮੀਂਦਾਰ ਸਰਦਾਰ ਮਦਨਜੀਤ ਸਿੰਘ ਦੇ ਨੌਕਰ ਲੱਗ ਗਿਆ ਸੀਉਹਦੇ ਘਰ ਵਾਲੀ ਬਚਿੰਤੀ ਸ਼ਰਾਬ ਵੇਚਣ ਦਾ ਧੰਦਾ ਕਰਦੀ ਤੇ ਵੈਲੀ ਬੰਦਿਆਂ ਨਾਲ ਮੇਲਜੋਲ ਰੱਖਦੀ ਸੀਜਦੋਂ ਪੁਲਿਸ ਪੈਂਦੀ ਤਾਂ ਬਚਿੰਤੀ ਨੂੰ ਫੜ ਕੇ ਭੋਗਪੁਰ ਦੀ ਚੌਂਕੀ ਲੈ ਜਾਂਦੀ ਉੱਧਰ ਰੋਸ਼ੀ ਉਹਦੇ ਮੁੰਡਿਆਂ ਨਾਲ ਮਾਲ-ਡੰਗਰ ਚਾਰਦਾ ਤੇ ਘਰ ਦਾ ਕੰਮ ਕਰਦਾ ਉੱਥੇ ਹੀ ਰਹਿੰਦਾਇਉਂ ਉਹ ਘਰ ’ਚ ਗਰੀਬੀ ਤੇ ਤੰਗੀ-ਤੁਰਸ਼ੀ ਕਾਰਨ ਤਿੰਨ ਕੁ ਸਾਲ ਨੌਕਰਰਹਿਣ ਪਿੱਛੋਂ ਮੁੜ ਪਿੰਡ ਆ ਗਿਆ ਤੇ ਸਾਡਾ ਜਮਾਤੀ ਬਣ ਗਿਆ

ਮੇਰਾ’ ’ਰਾਦਾ ਪਈ ਭਾਈਏ ਨੂੰ, ਨਾਲੇ ਤਾਏ ਨੂੰ ਦੱਸੀਏ ਪਈ ਸੋਢੀ ਚਾਰ ਅੱਖਰ ਸਾਨੂੰ ਬੀ ਪੜ੍ਹ ਲੈਣ ਦਏਸਬੇਰ ਨੂੰ ਬਾਰੀ (ਸਕੂਲ ਦੀ ਸਫ਼ਾਈ ਕਰਨੀ) ਲਾਈਏ ਤੇ ਫੇ ਏਹਦੇ ਪਸ਼ੂਆਂ ਲਈ ਖੱਜਲ-ਖੁਆਰ ਹੋਈਏ!’ ਮੈਂ ਦਿਲ ਦੀ ਗੱਲ ਆਖੀ ਮੈਂਨੂੰ ਲੱਗਿਆ ਜਿਵੇਂ ਮੈਂ ਕੋਈ ਤਜਵੀਜ਼ ਰੱਖੀ ਹੋਵੇ

ਮਖਾਂ ਠਹਿਰੋ ਜ਼ਰਾ, ਗੁੱਤਨੀਆਂ ਫੜ ਕੇ ਨਾ ਘੁੰਮਾਈਆਂ ਅੱਜ ਤਾਂ ਮੈਮ੍ਹੀਂ ਜੱਟ ਦਾ ਪੁੱਤ ਨਹੀਂ! ਇਨ੍ਹਾਂ ਚਮਾਰੀਆਂ ਨੂੰ ਮੇਰੇ ਖੇਤ ਈ ਦਿਸਦੇ ਆ ਮੁੱਛਣ ਨੂੰ!’ ਸੋਹਲਪੁਰ ਦੇ ਲੰਬੜ ਦੀ ਕੜਾਕੇਦਾਰ ਤੇ ਗੁੱਸੇ ਭਰੀ ਆਵਾਜ਼ ਨੇ ਚਾਣਚੱਕ ਸਾਡਾ ਧਿਆਨ ਖਿੱਚਿਆਸਾਡੀ ਗੱਲਬਾਤ ਦੀ ਤੰਦ ਅੱਧ-ਵਿਚਾਲੇ ਹੀ ਟੁੱਟ ਗਈ, ਜਿਵੇਂ ਭਾਈਏ ਦੀ ਖੱਡੀ ਦੀ ਤਾਣੀ ਦੇ ਧਾਗੇ ਟੁੱਟ ਜਾਂਦੇ ਸਨਲੰਬੜ ਵੱਟਾਂ-ਬੰਨਿਆਂ ਤੋਂ ਘਾਹ-ਪੱਠਾ ਖੋਤਦੀਆਂ ਤੀਵੀਆਂ ਵਲ ਦੂਹੋ ਦੂਹ ਜਾਈ ਜਾ ਰਿਹਾ ਸੀ

ਇਸੇ ਦੌਰਾਨ ਥੋੜ੍ਹੀ ਦੂਰ ਬੁੜ੍ਹਿਆਂ’ (ਜਿਨ੍ਹਾਂ ਦੇ ਸਾਡਾ ਟੱਬਰ ਖੇਤੀ ’ਤੇ ਹੋਰ ਕੰਮਾਂ ਵਿੱਚ ਸਹਾਇਕ ਸੀ) ਦੀ ਝਿੜੀ ਕੋਲ ਖੋਤੇ ਹੀਂਗਦੇ ਸੁਣੇ ਜਿਵੇਂ ਸੰਖ ਪੂਜਿਆ ਜਾ ਰਿਹਾ ਹੋਵੇਪਰ ਅਸੀਂ ਗੱਲਾਂ ਕਰਦੇ ਤੁਰਦੇ ਗਏ, ‘ਨਿੱਤ ਇਹੋ ਕੁੱਤੇ-ਖਾਣੀ ਹੁੰਦੀ ਆ ਹਰ ਥਾਂ, ਪੈਰ-ਪੈਰ 'ਤੇਭਲਾ ਸਾਡੇ ਕੋਲ ਪੈਲੀਆਂ ਕਿਉਂ ਨਹੀਂ ...?’ ਇਨ੍ਹੀਂ ਵਿਚਾਰੀਂ ਪਏ ਜਦੋਂ ਸੋਢੀ ਮਾਸਟਰ ਦੇ ਘਰ ਪਹੁੰਚੇ ਤਾਂ ਉਹਦੀ ਘਰਵਾਲੀ ਨੇ ਸਾਡੇ ਹੱਥ ਦਾਤੀਆਂ ਫੜਾ ਦਿੱਤੀਆਂ

ਸਿਖਰ ਦੁਪਹਿਰੇ ਅਣਮੰਨੇ ਮਨ ਨਾਲ ਨਿਆਈਆਂ ਵਾਲੇ ਖੇਤ ਵਿੱਚ ਗਏਤਾਜ਼ਾ ਤੇ ਖ਼ੁਸ਼ਕ ਟੱਟੀਆਂ ਤੋਂ ਆਪਣੇ ਪੈਰ ਬਚਾ-ਬਚਾ ਅੱਗੇ ਧਰਦੇਲਹੂ ਲਿੱਬੜੇ ਛੋਟੇ-ਛੋਟੇ ਕੱਪੜਿਆਂ ਨੂੰ ਦਾਤੀਆਂ ਦੀਆਂ ਨੋਕਾਂ ਨਾਲ ਘੁਮਾ ਕੇ ਪਰ੍ਹਾਂ ਮਾਰਦੇ ਤੇ ਕੋਲ ਘੁੰਮਦੇ ਦੋ-ਤਿੰਨ ਕਤੂਰੇ ਆਪਣੇ ਦੰਦਾਂ ਵਿਚਾਲੇ ਉਨ੍ਹਾਂ ਨੂੰ ਘੁੱਟ ਕੇ ਇੱਧਰ ਤੇ ਕਦੀ ਉੱਧਰ ਦੌੜਦੇ ਹੋਏ ਆਪਸ ਵਿੱਚ ਖੇਡਣ ਲੱਗ ਪਏਉਨ੍ਹਾਂ ਦੀਆਂ ਹਰਕਤਾਂ ਦੇਖ ਕੇ ਮਨ ਖ਼ੁਸ਼ ਹੁੰਦਾ ਪਰ ਹੁੰਮ ਕਾਰਨ ਚੁਫੇਰੇ ਮੁਸ਼ਕ ਇੰਨਾ ਫ਼ੈਲਿਆ ਹੋਇਆ ਸੀ ਕਿ ਸਿਰ ਨੂੰ ਚੜ੍ਹਦਾ ਜਾਵੇਹਵਾ ਬਿਲਕੁਲ ਬੰਦ ਸੀ ਤੇ ਸਾਹ ਲੈਣਾ ਔਖਾ ਹੋ ਗਿਆਕਾਣਤ ਕਾਰਨ ਕਚਿਆਣ ਨਾਲ ਮੇਰਾ ਚਿੱਤ ਉੱਥੋਂ ਭੱਜ ਜਾਣ ਨੂੰ ਕੀਤਾ ਕਿ ਕਿਹੜੀ ਘੜੀ ਸਾਫ਼ ਪਾਣੀ ਨਾਲ ਆਪਣੇ ਲੱਤਾਂ-ਪੈਰ ਧੋਵਾਂ... ਤੇ ਅਸੀਂ ਫਿਰ ਵੀ ਪੱਕੇ ਸਿੱਟਿਆਂ ਵਾਲਾ ਬਾਜਰਾ ਵੱਢਦੇ ਰਹੇਇੰਨੇ ਨੂੰ ਸੋਢਣ ਸਿਰ-ਮੂੰਹ ਦੁਆਲੇ ਦੁਪੱਟਾ ਲਪੇਟ ਕੇ ਬਾਜਰੇ ਦੇ ਪੂਲੇ ਬੰਨ੍ਹਣ ਲੱਗ ਪਈ... ਤੇ ਫਿਰ ਰੋਸ਼ੀ ਤੇ ਮੈਂ ਦੋਵੇਂ ਇਕੱਠੇ ਹੀ ਪੱਠੇ ਕੁਤਰਨ ਵਾਲੀ ਮਸ਼ੀਨ ਫੇਰਦੇ ਰਹੇ ਤੇ ਸੋਢਣ ਗਾਲ਼ਾ ਲਾਉਂਦੀ ਰਹੀਸਾਨੂੰ ਸਾਹ ਚੜ੍ਹ ਗਿਆ ਤੇ ਪਸੀਨਾ-ਪਸੀਨਾ ਹੋ ਗਏਮੈਂ ਚਿੱਤ ਵਿੱਚ ਸੋਢੀ ਨੂੰ ਗਾਲ੍ਹਾਂ ਕੱਢਦਾ ਰਿਹਾ ਜਿਨ੍ਹਾਂ ਦੇ ਬੋਲ ਨਾ ਬੋਲਿਆਂ ਵੀ ਮੈਂਨੂੰ ਮੇਰੇ ਕੰਨਾਂ ਵਿੱਚ ਸੁਣਦੇ ਰਹੇ

ਪਿੰਡ ਪਰਤਣ ਵੇਲੇ ਜਦੋਂ ਨਲ਼ਕੇ ਵਲ ਅਹੁਲੇ ਤਾਂ ਸੋਢਣ ਨੇ ਆਖਿਆ, ‘ਰੁਕੋ, ਮੈਂ ਪਲਾਉਂਨੀ ਆਂ!’

ਉਹਦੇ ਇਸ਼ਾਰੇ ਮੁਤਾਬਿਕ ਅਸੀਂ ਘਰ ਦੇ ਗੰਦੇ ਪਾਣੀ ਦੇ ਨਿਕਾਸ ਦੀ ਨਾਲ਼ੀ ਵਲ ਗਏ ਤੇ ਦੋਵਾਂ ਹੱਥਾਂ ਦੇ ਬੁੱਕ ਬਣਾਏਉਹਨੇ ਪਾਣੀ ਭਰੇ ਜੱਗ ਦਾ ਉੱਤੋਂ ਥੋੜ੍ਹੇ ਫਾਸਲੇ ਤੋਂ ਪਾਣੀ ਪਾਇਆਵਿਹੜਿਓਂ ਬਾਹਰ ਪੈਰ ਪਾਉਂਦਿਆਂ ਹੀ ਰੋਸ਼ੀ ਨੇ ਆਖਿਆ, ‘ਪੲ੍ਹੀਲਾਂ ਸਾਡੇ ਭਰਾ ਇਨ੍ਹਾਂ ਮਾਹਟਰਾਂ ਤੇ ਇਨ੍ਹਾਂ ਦੇ ਪਸ਼ੂਆਂ ਦੀ ਟਹਿਲ-ਸੇਬਾ ਕਰਦੇ ਰੲ੍ਹੇ ਆ ਤੇ ਹੁਣ ਅਸੀਂ - ਨਾ ਸਾਲ਼ਾ ਸੋਢੀ ਬਦਲਦਾ ਨਾ ਮਰਦਾ - ਕੋੜ੍ਹਾ ਜਿਹਾ ਲੰਮੂ ਅਮਲੀ!’

ਖੋਤਿਆਂ ਦੇ ਹੀਂਗਣ ਦੀ ਆਵਾਜ਼ ਫਿਰ ਸੁਣੀ ਤੇ ਅਸੀਂ ਛਾਲਾਂ ਮਾਰਦੇ ਭਈਆਂ ਦੇ ਡੇਰੇ ਵਲ ਦੌੜ ਪਏ ਜਿੱਥੇ ਛੋਟੇ-ਛੋਟੇ ਤੰਬੂ, ਸਿਰਕੀਆਂ ਜਾਂ ਕੁੱਲੀਆਂ ਬਣਾਈਆਂ ਹੋਈਆਂ ਸਨਟਾਵੇਂ-ਟਾਵੇਂ 'ਘਰ' ਕੋਲ ਬੱਕਰੀ ਬੰਨ੍ਹੀ ਹੋਈ ਤੇ ਛਲਾਰੂ ਟੱਪ-ਕੁੱਦ ਰਹੇ ਸਨਖੋਤੇ ਤੇ ਉਨ੍ਹਾਂ ਸਾਵੇਂ ਵਗਦੇ ਆਦਮੀ-ਔਰਤਾਂ ਕਦੀ ਘਰਾਂ ਅੰਦਰ ਜਾਂਦੇ ਜਾਂ ਬਾਹਰ ਨਿਕਲਦੇ ਦਿਖਾਈ ਦਿੱਤੇ

ਅੱਗੇ ਗਏ ਤਾਂ ਦੇਖਿਆ ਕਿ ਮੇਰਾ ਭਾਈਆ ਉਨ੍ਹਾਂ ਭਈਆਂ ਨਾਲ ਬੈਠਾ ਬੀੜੀ ਪੀ ਰਿਹਾ ਸੀ, ਜਿਨ੍ਹਾਂ ਨੂੰ ਸਾਡੇ ਲੋਕ 'ਪੂਰਬੀਏ' ਕਹਿੰਦੇ ਸਨਮੈਂ ਹੈਰਾਨ ਰਹਿ ਗਿਆ ਕਿ ਉਹ ਰਲੀ-ਮਿਲੀ ਹਿੰਦੀ-ਪੰਜਾਬੀ ਵਿੱਚ ਗੱਲਾਂ ਕਰ ਰਹੇ ਸਨ

... ਉੱਧਰ ਤੋਂ ਹਮ ਕੋ ਬੱਚੋਂ ਕੇ ਨਾਮ ਭੀ ਦਿਨੋਂ ਕੇ ਨਾਮੋਂ ਪਰ ਰਖਨੇ ਪੜਤੇ ਹੈਂ ਵੋਹ ਵੀ ਵਿਗਾੜ ਕਰ ਜੈਸੇ ਸੋਮੂ, ਮੰਗਲੂ, ਬੁੱਧੂ ਵਗੈਰਾ ਯਾ ਫਿਰ ਜੀਵ-ਜੰਤੂਓਂ ਪਸ਼ੂਓਂ-ਪਕਸ਼ੀਓਂ ਕੇ ਨਾਮੋਂ ਪਰ ਜੈਸੇ-ਮੇਰਾ ਹੀ ਨਾਮ ਹੈ ਮੱਛਰ ਦਾਸ, ਇਸ ਕਾ ਮੱਖੀ ਦਾਸ, ਉਸ ਕਾ ਤੋਤਾ ਰਾਮ ਔਰ ਵੋਹ ਖੜ੍ਹਾ ਹੈ ਚਿੜੀ ਰਾਮ ...!’

... ਤੇ ਔਹ ਖੜ੍ਹਾ ਹੱਗੀ (ਟੱਟੀ) ਰਾਮ ਤੇ ਔਹ ਮੂਤਰੂ ਰਾਮ?’ ਭਾਈਏ ਨੇ ਵਿੱਚੋਂ ਟੋਕਦਿਆਂ, ਜਿਵੇਂ ਭਈਏ ਦੀ ਸਮਾਜਕ ਪਰੇਸ਼ਾਨੀ ਦੀ ਪੁਸ਼ਟੀ ਲਈ ਗੱਲ ਤੋਰੀ ਹੋਵੇ

ਹਮਰੇ ਸਭੀ ਨਾਮ ਐਸੇ ਹੀ ਗੰਦਮੰਦ ਪਰ ਹੈਂ!’

... ਤੇ ਤੁਮ ਆਪਣੇ ਨਾਮ ਦੂਜੇ ਲੋਕਾਂ ਬਰਗੇ ਰੱਖ ਲੋ! ਇਸ ਮੇਂ ਕੀ ਦਿੱਕਤ ਹੈ!’ ਭਾਈਏ ਨੇ ਸਹਿਜ ਹੀ ਸੁਝਾਅ ਦਿੱਤਾ

'ਠਾਕੁਰੋਂ, ਰਾਜਪੂਤੋਂ ਜੈਸੇ! ਭਗਵਾਨ ਦਾ ਨਾਮ ਲੋ! ... ਮੇਰੇ ਮਾਂ-ਬਾਪ ਨੇ ਮੇਰੇ ਛੋਟੇ ਭਾਈ ਕਾ ਨਾਮ ਉਦੈ ਸਿੰਘ ਰੱਖ ਲੀਆ ਔਰ ਠਾਕੁਰ ਲੱਠ ਲੇ ਕਰ ਆ ਗਏ ਕਿ ਆਪ ਨੇ ਹਮਰੇ ਪਿਤਾ ਕਾ ਨਾਮ ਕਿਉਂ ਰਖਾ! ਕਹਿਨੇ ਲੱਗੇ ਕਿ ਤੁਮ ਹਮਰੇ ਬਾਪ ਬਨਨਾ ਚਾਹਤੇ ਹੋ? ਤੁਮੇ ਕਿਆ ਹੱਕ ਹੈ ਕਿ ਹਮਰੇ ਜੈਸੇ ਨਾਮ ਰੱਖੇਂ, ਅੱਛਾ ਚਾਹਤੇ ਹੋ ਤੋ ਯੇਹ ਨਾਮ ਛੋੜੋ - ਇਸੀ ਮੇਂ ਆਪ ਕੀ ਭਲਾਈ ਹੈ’ ਭਈਏ ਦੇ ਚਿਹਰੇ ਉੱਤੇ ਉਦਾਸੀ ਦੀ ਤਹਿ ਕਿਸੇ ਬਰਸਾਤੀ ਚੋ ਦੇ ਹੜ੍ਹ ਵਾਂਗ ਕਾਹਲੀ-ਕਾਹਲੀ ਚੜ੍ਹ ਰਹੀ ਸੀ

... ਤੇ ਫਿਰ ਉਨ੍ਹਾਂ ਦਾ ਕਿਹਾ ਮੰਨ ਲਿਆ ...?’ ਭਾਈਆ ਆਪਣੇ ਸ਼ੱਕ-ਸ਼ੁਬੇ ਦਾ ਨਿਤਾਰਾ ਕਰਦਾ ਲਗਦਾ ਸੀਉਹਨੇ ਆਪਣੇ ਝੱਗੇ ਦੇ ਬਗਲ ਵਾਲੇ ਖੀਸੇ ਵਿੱਚ ਹੱਥ ਪਾਇਆਬੀੜੀਆਂ ਦਾ ਬੰਡਲ ਤੇ ਤੀਲ੍ਹਾਂ ਦੀ ਡੱਬੀ ਕੱਢੇ

‘ਫਿਰ ਕਿਆ? ਪਿਟਾਈ ਕਰਵਾਨੀ ਥੀ? ਉਸ ਦਿਨ ਭਾਈ ਕਾ ਨਾਮ ਉਦੈ ਸਿੰਘ ਸੇ ਬੁੱਧੂ ਹੋ ਗਿਆ ...’ ਭੱਈਆ ਕਿਸੇ ਵਿਗੋਚੇ ਵਿੱਚ ਨਿੰਮੋਝੂਣਾ ਜਿਹਾ ਹੋ ਗਿਆ ਲਗਦਾ ਸੀਉਹਨੇ ਰੇਤਲੀ ਜ਼ਮੀਨ ਉੱਤੇ ਸੱਜੀ ਉਂਗਲ ਨਾਲ ਕੋਈ ਤਸਵੀਰ ਵਾਹੀ ਜਾਂ ਕੁਝ ਲਿਖਿਆਅਖੀਰ ਉਸੇ ਹੱਥ ਦਾ ਕਰਾਹ ਜਿਹਾ ਬਣਾ ਕੇ ਉਸ ਨੂੰ ਮਿਟਾ ਦਿੱਤਾ ਮੈਂਨੂੰ ਉਸ ਦੇ ਖੇਲ੍ਹ ਦੀ ਕੋਈ ਉੱਘ-ਸੁੱਘ ਨਾ ਲੱਗੀਭਾਈਏ ਦੇ ਮੂੰਹ ਤੋਂ ਉਹਦੀ ਉਤਸੁਕਤਾ ਸਾਫ਼ ਦਿਸ ਰਹੀ ਸੀ ਜਿਵੇਂ ਉਹ ਸੋਚਦਾ ਹੋਵੇ ਕਿ ਉਹ ਭੱਈਆ ਆਪਣੇ ਇਲਾਕੇ ਦੀਆਂ ਹੋਰ ਗੱਲਾਂ ਦੱਸੇ

... ਠਾਕੁਰ ਦਾਸ ਕੀ ਦੱਸੀਏ ਉਧਰ ਪੂਰਬੀ ਉੱਤਰ ਪ੍ਰਦੇਸ਼ ਮੇਂ ਹਮਰੀ ਹਾਲਤ ਬਹੂਤ ਖਰਾਬ ਹੈ ... ਹਮਰੀ ਕੰਮੀ-ਕਮੀਣੋਂ ਕੀ ਨਈ ਸ਼ਾਦੀ ਕੀ ਡੋਲੀ ਸੀਧੀ ਠਾਕੁਰੋਂ ਕੇ ਘਰ ਜਾਤੀ ਹੈਜਬ ਚਾਹਤੇ ਹੈਂ ਹਮਰੀ ਬਹੂ-ਬੇਟੀਓਂ ਕੋ ਅਪਨੀ ਹਵੇਲੀ ਬੁਲਾ ਲੇਤੇ ਹੈਂ ...’ ਇੱਕ ਭੱਈਆ ਆਪਣੇ ਇਲਾਕੇ ਦੀ ਦੁੱਖ-ਭਰੀ ਜ਼ਬਾਨ ਵਿੱਚ ਵਿਥਿਆ ਸੁਣਾ ਰਿਹਾ ਸੀ

ਇਹ ਸੁਣ ਕੇ ਭਾਈਆ ਫ਼ੁਰਤੀ ਨਾਲ ਪੈਰਾਂ ਭਾਰ ਬਹਿ ਗਿਆ। ਉਹਨੇ ਹੱਥ ਵਿਚਲੀ ਸੁਲਗਦੀ ਬੀੜੀ ਦੋਹਰੀ ਕਰ ਸੁੱਟੀ ਤੇ ਫਿਰ ਉਹਦੇ ਦੋ ਟੋਟੇ ਕਰ ਦਿੱਤੇਭਾਈਏ ਦਾ ਸਰੀਰ ਤਣ ਜਿਹਾ ਗਿਆਉਹਨੇ ਸਾਡੇ ਵਲ ਤਰਦੀ ਜਿਹੀ ਨਿਗਾਹ ਮਾਰੀ ਪਰ ਬੋਲਿਆ ਕੁਝ ਨਾ

‘ਔਰ ਦੱਸਾਂ?’ ਬੁਢਾਪੇ ਵਲ ਨੂੰ ਕਾਹਲੀ ਨਾਲ ਵਧ ਰਿਹਾ ਭੱਈਆ ਬੋਲਦਾ-ਬੋਲਦਾ ਰੁਕ ਗਿਆਉਹਦੀ ਆਵਾਜ਼ ਪਹਿਲਾਂ ਨਾਲੋਂ ਹੋਰ ਖ਼ਰਖ਼ਰੀ ਤੇ ਕੰਬਦੀ ਜਿਹੀ ਹੋ ਗਈ ਤੇ ਮੂੰਹ ਉੱਤੇ ਘੋਰ ਉਦਾਸੀ ਤੇ ਨਿਰਾਸ਼ਾ ਦੇ ਨਿਸ਼ਾਨ ਸਪਸ਼ਟ ਉੱਭਰ ਆਏਉਹਨੇ ਸ਼ਬਦਾਂ ਨੂੰ ਕਿਸੇ ਬੱਚੇ ਵਾਂਗ ਜੋੜਿਆ ਤੇ ਜਿਵੇਂ-ਕਿਵੇਂ ਹਿੰਮਤ ਕਰ ਕੇ ਆਖਿਆ, ‘ਹੋਲੀ ਕੇ ਦਿਨ ਮੱਤ ਪੂਛੋ ... ਸ਼ਾਮ ਕੋ ਠਾਕੁਰ ਸ਼ਰਾਬ ਪੀ ਕੇ ਔਰ ਲੱਠ ਲੈ ਕੇ ਆ ਜਾਂਦੇ ਆ ... ਹੁਕਮ ਕਰਤੇ ਹੈਂ ਆਪਣੀ ਔਰਤੋਂ ਕੋ ਕਹੋ ਹਮਰਾ ਮਨੋਰੰਜਨ ਕਰੇਂ ਇੱਧਰ ਆਏ ਹਾਂ ਔਰ ਆਪਣਾ ਬਾਲ-ਬੱਚਾ ਲੇਕਰ ਆਏ ਹੈਂ ...

ਮੈਂਨੂੰ ਲੱਗਿਆ ਭਈਏ ਕੋਲ ਜਿਵੇਂ ਸ਼ਬਦ ਹੀ ਮੁੱਕ ਗਏ ਹੋਣਉਹਦਾ ਗੱਚ ਭਰ ਆਇਆ ਤੇ ਅੱਖਾਂ ਵਿੱਚ ਪਾਣੀ ਛਲਕ ਪਿਆਉਹਦੀ ਧੌਣ ਹੇਠਾਂ ਨੂੰ ਇਉਂ ਲਮਕ ਗਈ ਸੀ ਜਿਵੇਂ ਕਿਸੇ ਮੁਰਗੇ ਦੀ ਧੌਣ ਮਰੋੜੀ ਗਈ ਹੋਵੇਇਹ ਸਭ ਦੇਖਦਿਆਂ-ਸੁਣਦਿਆਂ ਮੇਰੇ ਆਪਣੇ ਤਨ ਵਿੱਚ ਸਾਹ-ਸਤ ਨਾ ਰਿਹਾ ਤੇ ਮੂੰਹ ਸੂਤਿਆ ਜਿਹਾ ਗਿਆ

ਪਲ ਕੁ ਪਿੱਛੋਂ ਮੈਂਨੂੰ ਜਾਪਿਆ ਕਿ ਉਨ੍ਹਾਂ ਦੇ ਸਾਂਝੇ ਦੁੱਖਾਂ ਦੇ ਲੈਣ-ਦੇਣ ਨੇ ਬੋਲੀ ਤੇ ਇਲਾਕੇ ਦੇ ਭਿੰਨ-ਭੇਤਾਂ ਉੱਤੇ ਪੋਚਾ ਫੇਰ ਦਿੱਤਾ ਹੋਵੇਭਾਈਏ ਦੀਆਂ ਅੱਖਾਂ ਵਿੱਚ ਲਾਲਗੀ ਭਾ ਮਾਰਦੀ ਦਿਸੀਉਹਨੂੰ ਪਤਾ ਨਹੀਂ ਕੀ ਸੁੱਝਿਆ ਤੇ ਉਤਸੁਕਤਾ ਨਾਲ ਆਖਣ ਲੱਗਾ, ‘ਓਧਰ ਦੀ ਲਾਹਣਤੀ ਜ਼ਿੰਦਗੀ ਨਾਲੋਂ ਚੰਗਾ ਆ ਪਈ ਤੁਸੀਂ ਇੱਧਰ ਈ ਬੱਸ ਜਾਓ!’

‘ਸਾਰੀ ਰਿਸ਼ਤੇਦਾਰੀ ਉਧਰ ਹੈ, ਕਿਆ ਕਰੇਂ ... ਕੁਛ ਨਹੀਂ ਸੂਝਤਾ ... ਮਨ ਤੋਂ ਕਰਤਾ ਹੈ ਪੰਜਾਬ ਮੇਂ ਬੱਸ ਜਾਏਂ, ਜਹਾਂ ਸ਼ਰੇਆਮ ਤੋ ਕੁਛ ਨਹੀਂ ਹੈਨਾ ਹੀ ਇੰਨੀ ਛੂਆ-ਛੂਤ ਹੈ ...ਹਮਰੇ ਕੋ ਭੀ ਤੀਨ-ਚਾਰ ਸਾਲ ਹੋ ਗਏ ਹੈਂ ਜਹਾਂ ਰਹਤੇ ਔਰ ਦੇਖਤੇ ਹੂਏ

‘ਔਰਤਾਂ ਤਾਂ ਭਾਈ ਹਰ ਥਾਂ ਛੂਆ-ਛੂਤ ਤੋਂ ਪਰੇ ਆ ...!’ ਭਾਈਏ ਨੇ ਗੱਲ ਨੂੰ ਅੱਗੇ ਤੋਰਦਿਆਂ ਆਖਿਆ, ‘ਬਥੇਰੀਆਂ ਕੁਦੇਸੜਾਂ ਜੱਟਾਂ ਨੇ ਖਰੀਦ ਕੇ ਲਿਆਂਦੀਆਂ ਹੋਈਆਂ। ਬਹੁਤੀਆਂ ਪੂਰਬਣਾਂ ... ਹਾਅ ਸੋਹਲਪੁਰ ਦੀਆਂ ਨਹੀਂ ਹਮ ਕੋ ਤੁਮ ਕੋ ਕਰਦੀਆਂ, ਨਾਲ਼ੇ ਔਰਤ ਬਚਾਰੀ ਦਾ ਬੀ ਸਾਡੇ ਆਂਙੂੰ ਕੀ ਆ? ਨਾ ਧਰਮ, ਨਾ ਬਰਨ! ਪਾਣੀ ਨੂੰ ਜਿਹੜੀ ਮਰਜ਼ੀ ਚੀਜ਼ ’ਚ ਪਾ ਦਿਓ, ਉਹਦੇ ’ਚ ਈ ਰਮ ਜਾਂਦਾ ਉਸੇ ਰੰਗ ਦਾ ਹੋ ਜਾਂਦਾ ...!’ ਭਾਈਏ ਨੇ ਬਿਨਾਂ ਰੁਕਿਆਂ ਆਖਿਆ

ਭਈਏ ਨੇ ਸਿਰ ਨਾਲ 'ਹਾਂ' ਵਜੋਂ ਸਿਰ ਹੇਠਾਂ ਨੂੰ ਮਾਰ ਕੇ ਹੁੰਗਾਰਾ ਭਰਿਆ

‘ਯਾਰ ਏਕ ਗੱਲ ਮੇਰੇ ਕੋ ਯਾਦ ਆ ਰਹੀ ਹੈ। ਪਿਛਲੇ ਦਿਨੋਂ ਮੇਂ ਸਾਡੇ ਪਿੰਡ ਦਾ ਡਰੈਵਰ ਜੋ ਪਹਿਲਾਂ ਬੰਬੇ ਟਰੱਕ ਚਲਾਤਾ ਸੀ, ਬਤਾ ਰਹਾ ਸੀ ਕਿ ਵੇਸਵਾ ਦਾ ਪੇਸ਼ਾ ਉੱਚੀਆਂ-ਨੀਵੀਆਂ ਦੋਨੋਂ ਜਾਤਾਂ ਦੀਆਂ ਔਰਤਾਂ ਕਰਦੀਆਂ ਪਰ ਕਮਲਾ ਵਿਸ਼ਿਸ਼ਟ, ਬਿਮਲਾ ਵਰਮਾ, ਸ਼ਰਮਾ ਬਗੈਰਾ ਕਾ ਰੇਟ ਦੂਸਰੀਆਂ ਸੇ ਕਾਫ਼ੀ ਜ਼ਿਆਦਾ ਹੈ ... - ਭਾਈਏ ਨੇ ਆਪਣੇ ਵਲੋਂ ਨਵੀਂ ਜਾਣਕਾਰੀ ਦਿੰਦਿਆਂ ਆਖਿਆ, ‘ਏਕ ਹੀ ਪੇਸ਼ੇ ਵਿੱਚ ਕਿੰਨਾ ਫ਼ਰਕ ...! ਮੈਂ ਉਸ ਕੀ ਗੱਲ ਸੁਣ ਕੇ ਹੈਰਾਨ ਰਹਿ ਗਿਆ ਕਿ ਐਸੇ ਜਿਸਮ-ਫ਼ਰੋਸ਼ੀ ਕੇ ਧੰਦੇ ਵਿੱਚ ਵੀ ਗਾਹਕ ਜਾਤੀ-ਪਾਤੀ ਦੇਖਤੇ ਨੇ ...

'ਗੋਰੀ-ਚਿੱਟੀ ਹੋਤੀ ਹੈਂ - ਸ਼ਾਇਦ ਇਸ ਲੀਏ ...!’

‘ਚਲੋ ਛੋੜੋ ਕਹਾਂ ਕਹਾਂ ਕੀ ਗੱਲ ਕਰੀਏ ...’ ਭਾਈਏ ਨੇ ਆਪੇ ਸ਼ੁਰੂ ਕੀਤੀ ਗੱਲ ਨੂੰ ਸਮੇਟਦਿਆਂ ਆਖਿਆ

ਕੋਲ ਬੈਠੇ ਇੱਕ ਹੋਰ ਭਈਏ ਨੇ ਆਪਣੇ ਸੱਜੇ ਹੱਥ ਦੀ ਉਂਗਲ ਨਾਲ ਹੇਠਲੇ ਬੁੱਲ੍ਹ ਵਿੱਚੋਂ ਖੈਣੀ ਨੂੰ ਕੱਢ ਕੇ ਛੰਡਿਆ ਤੇ ਫਿਰ ਖੱਬੇ ਵਲ ਨੂੰ ਧੌਣ ਘੁਮਾ ਕੇ ਦੰਦਾਂ ਥਾਣੀਂ ਥੁੱਕ ਦੀ ਪਿਚਕਾਰੀ ਮਾਰੀ

ਭਾਈਏ ਤੇ ਭਈਆਂ ਦੇ ਚਿਹਰਿਆਂ ਨੂੰ ਦੇਖਦਿਆਂ ਇਨ੍ਹਾਂ ਗੱਲਾਂ ਨੇ ਮੇਰੇ ਮਨ ਵਿੱਚ ਉਥਲ-ਪੁਥਲ ਮਚਾ ਦਿੱਤੀਕਈ ਬੁਝਾਰਤਾਂ ਵਰਗੀਆਂ ਗੱਲਾਂ ਮੇਰੀ ਸਮਝ ਤੋਂ ਬਾਹਰ ਰਹਿ ਗਈਆਂਫਿਰ ਵੀ ਚਿੱਤ ’ਚ ਆਉਂਦਾ ਕਿ ਇਹ ਗੱਲਾਂ ਲਗਾਤਾਰ ਹੋਣ ਤੇ ਮੈਂ ਗਹੁ ਨਾਲ ਸੁਣਦਾ ਰਹਾਂਪਰ ਟੋਕਰੇ ਵਿੱਚ ਬਿਠਾਈ ਕਾਲੇ ਰੰਗ ਦੀ ਅਲਫ਼ ਨੰਗੀ ਤੇ ਸੀਂਢਲ ਜਿਹੀ ਨਿਆਣੀ ਕੁੜੀ ਦੇ ਮੁੜ ਇੱਕੋ ਸਾਹੇ ਉੱਚੀ-ਉੱਚੀ ਰੋਣ ਕਾਰਨ ਸਾਰਿਆਂ ਦਾ ਧਿਆਨ ਉੱਧਰ ਖਿੱਚਿਆ ਗਿਆਉਹਦੇ ਹੰਝੂ ਇਉਂ ਡਿਗ ਰਹੇ ਸਨ ਜਿਵੇਂ ਬਰਫ਼ ਦੀ ਕੁਲਫ਼ੀ ਖੁਰ ਰਹੀ ਹੋਵੇ

ਕੋਲ ਹੀ ਉਹਦੀ ਮਾਂ ਲਾਲ ਮਿਰਚਾਂ ਰਗੜਦੀ ਸਿਲ-ਵੱਟਾ ਛੱਡ ਕੇ ਤੇ ਸਾੜ੍ਹੀ ਦਾ ਪੱਲਾ ਸਿਰ ’ਤੇ ਸੁਆਰਨ ਪਿੱਛੋਂ ਉਹਨੂੰ ਵਰਾਉਣ ਲੱਗ ਪਈਰੋਂਦੂ ਕੁੜੀ ਦੇ ਖ਼ੁਸ਼ਕ ਖਿੱਲਰੇ ਵਾਲਾਂ ਦਾ ਆਹਲਣਾ ਜਿਹਾ ਬਣਿਆ ਹੋਇਆ ਸੀ ਤੇ ਉਹਦੀਆਂ ਗੱਲ੍ਹਾਂ ਉੱਤੇ ਹੰਝੂਆਂ ਦੀਆਂ ਧਰਾਲਾਂ ਦੀਆਂ ਲੀਕਾਂ ਅਜੇ ਵੀ ਦਿਸ ਰਹੀਆਂ ਸਨ, ਭਾਵੇਂ ਉਹ ਚੁੱਪ ਹੋ ਗਈ ਸੀ ਉੱਧਰ ਸਿਲ ਤੋਂ ਮਿਰਚਾਂ ਵਿਚਲੇ ਲਾਲ ਪਾਣੀ ਦੀ ਬਰੀਕ ਜਿਹੀ ਧਤੀਰੀ ਅਜੇ ਵੀ ਵਗ ਰਹੀ ਸੀ ਜੋ ਪਲ ਕੁ ਪਿੱਛੋਂ ਛੋਟੇ-ਛੋਟੇ ਤੁਪਕਿਆਂ ਵਿੱਚ ਬਦਲ ਗਈਜ਼ਰਾ ਕੁ ਬਾਅਦ ਮੈਂਨੂੰ ਲੱਗਿਆ ਕਿ ਲਾਲ ਮਿਰਚਾਂ ਸਾਡੇ ਸਾਰਿਆਂ ਦੇ ਦਿਲਾਂ ਉੱਤੇ ਪੈ ਗਈਆਂ ਹੋਣ ਤੇ ਉਨ੍ਹਾਂ ਨੇ ਮਨਾਂ ਅੰਦਰ ਭੜਥੂ ਪਾਉਣਾ ਸ਼ੁਰੂ ਕਰ ਦਿੱਤਾ ਹੋਵੇਸ਼ਾਇਦ ਇਸੇ ਕਾਰਨ ਹਿੱਕ ਉੱਤੇ ਰੱਖੀਆਂ ਮੇਰੀਆਂ ਬਾਹਾਂ ਆਪਣੇ ਆਪ ਖੁੱਲ੍ਹ ਕੇ ਹੇਠਾਂ ਨੂੰ ਲਮਕ ਗਈਆਂ ਤੇ ਹੱਥਾਂ ਵਿੱਚ ਅਜੀਬ ਜਿਹੀ ਹਰਕਤ ਆ ਗਈ, ਕੁਝ ਕਰਨ ਲਈ

ਕੁਝ ਕੁ ਪਲਾਂ ਦੀ ਖ਼ਾਮੋਸ਼ੀ ਮਗਰੋਂ ਭਾਈਏ ਨੇ ਫਿਰ ਗੱਲ ਤੋਰੀ, ‘ਯਾਰ ਮੈਂਨੂੰ ਕਦੀ-ਕਦੀ ਖ਼ਿਆਲ ਆਉਂਦਾ ਪਈ ਇਸ ਮੁਲਖ ’ਚ ਸਾਡਾ ਕੀ ਆ? ... ਤੂੰ ਹੋਰ ਸੁਣ ਲਾ। ਤੀਏ ਦਿਨ ਜਰੀਬ-ਝੰਡੀਆਂ ਚੱਕ ਕੇ ਪਮੈਸ਼ ਕਰਨ ਆ ਜਾਂਦੇ ਆ ਤੇ ਸਾਡੇ ਬਿਹੜੇ ਦੇ ਗੱਭੇ ਨਿਸ਼ਾਨ ਲਾਅੰਦੇ ਆ ਪਈ ਚਮਾਰਾਂ ਦੇ ਸਾਰੇ ਘਰ ਸਾਡੀ ਛੱਡੀ ਸ਼ਾਮਲਾਟ ਜ਼ਮੀਨ ’ਚ ਆ ...

‘ਤੁਮ ਲੋਗ ਜ਼ਮੀਨ ਕੇ ਟੁਕੜੇ ਦੀ ਗੱਲ ਕਰਦੇ ਹੋ, ਮੁਝੇ ਤੋਂ ਐਸਾ ਲਗਤਾ ਜੈਸੇ ਹਮ ਗਰੀਬੋਂ ਕੀ ਬਹੁ-ਬੇਟੀਆਂ ਉਨ ਕੀ ਸ਼ਾਮਲਾਤ ਹੋਂ ...’ ਭਈਏ ਨੇ ਭਾਈਏ ਦੀ ਗੱਲ ਵਿੱਚੋਂ ਟੋਕਦਿਆਂ ਜਿਵੇਂ ਕਿਸੇ ਰਾਜ਼ ਦੀ ਡੂੰਘੀ ਰਮਜ਼ ਮਾਰੀ ਹੋਵੇਸਿਰ ਦੇ ਛੋਟੇ-ਛੋਟੇ ਵਾਲਾਂ ਵਿੱਚ ਉਂਗਲੀਆਂ ਨਾਲ ਖਾਜ ਕਰਦਿਆਂ ਉਹਨੇ ਫਿਰ ਕਿਹਾ, ‘ਤੁਮ ਹਮਰੇ ਸੇ ਅੱਛੇ ਹੋ, ਜ਼ਮੀਨ ਨਹੀਂ ਤੋਂ ਕਿਆ? ਥੋੜ੍ਹੀ ਬਹੂਤ ਇੱਜ਼ਤ ਤੋਂ ਹੈ ...’ ਭਈਏ ਦੀ ਜ਼ਬਾਨ ਇੰਨੀ ਭਾਰੀ ਹੋ ਗਈ ਸੀ ਜਿਵੇਂ ਕਿਸੇ ਵੱਡੀ ਇਮਾਰਤ ਨਾਲ ਟਕਰਾ ਕੇ ਗੁੰਬਦੀ ਆਵਾਜ਼ ਵਿੱਚ ਬਦਲ ਗਈ ਹੋਵੇ

ਇਹ ਸੁਣ ਕੇ ਭਾਈਆ ਹੱਕਾ-ਬੱਕਾ ਰਹਿ ਗਿਆ ਤੇ ਉਹਦੇ ਮੂੰਹ ਵਲ ਦੇਖਦਾ ਰਹਿ ਗਿਆਭਈਆਂ ਤੇ ਭਾਈਏ ਦੇ ਮਸੋਸੇ ਚਿਹਰਿਆਂ ਨੂੰ ਦੇਖ ਕੇ ਸਾਡੇ ਆਪਣੇ ਮੂੰਹ ਲੱਥ ਜਿਹੇ ਗਏਮੇਰਾ ਮਨ ਉਚਾਟ ਜਿਹਾ ਹੋ ਗਿਆ

‘ਪਤਾ ਨਹੀਂ ਕਿਨ ਜਨਮੋਂ-ਕਰਮੋਂ ਕੀ ਸਜ਼ਾ ਝੇਲਨੀ ਪੜ੍ਹ ਰਹੀ ਹੈ!’ ਭਈਏ ਨੇ ਆਪਣੇ-ਆਪ ਨੂੰ ਸਵਾਲ ਕੀਤਾ. ਜੋ ਅਸੀਂ ਸਾਰਿਆਂ ਨੇ ਸੁਣਿਆ

‘ਜਨਮਾਂ-ਕਰਮਾਂ ਨੂੰ ਅੱਗ ਲਾਓ। ਕੋਈ ਜੁਗਤ ਸੋਚੋ ਇਨ੍ਹਾਂ ਜਾਲਮਾਂ ਤੋਂ ਖਹਿੜਾ ਛੁਡਾਉਣ ਦੀਜਿੱਦਾਂ ਸਾਡੇ ਬੰਦੇ ਕਾਂਗਰਸ ਅੱਗੇ ਮੰਗਾਂ ਰੱਖਦੇ ਆ, ਤੁਸੀਂ ਬੀ ਉੱਦਾਂ ਈ ਸੋਚੋ! ਸਿਰ ਸਿੱਟ ਕੇ ਤੇ ਰੋਣਹਾਕੇ ਹੋਣ ਨਾਲ ਕੁਛ ਨਹੀਂ ਬਣਨ ਆਲਾ ਇਸ ਬੇਈਮਾਨ ਮੁਲਖ ’ਚ ...’ ਭਾਈਆ ਤਜਵੀਜ਼ਾਂ ਪੇਸ਼ ਕਰਦਾ ਸਿਆਣੇ-ਸੁਲਝੇ ਇਨਸਾਨ ਦਾ ਝਾਉਲਾ ਪਾਉਂਦਾ ਲਗਦਾ ਇੱਕ ਵਾਰ ਤਾਂ ਮੇਰੇ ਚਿੱਤ ਵਿੱਚ ਆਇਆ ਪਈ ਅੱਗੇ ਤੋਂ ਮੇਰੀ ਮਾਂ ’ਤੇ ਹੱਥ ਨਾ ਚੁੱਕਿਆ ਕਰੇ ਤੇ ਨਾ ਹੀ ਉਹਦੀ ਧੀ-ਦੀ, ਭੈਣ-ਦੀ ਕਰਿਆ ਕਰੇਜੇ ਉਹ ਇੱਡਾ ਅਕਲ ਵਾਲਾ ਹੈਪਰ ਇਹ ਖ਼ਿਆਲ ਹਵਾ ਦੇ ਬੁੱਲੇ ਵਾਂਗ ਇਕਦਮ ਕਿਧਰੇ ਦੂਰ ਚਲਾ ਗਿਆ

ਸੂਰਜ ਦੇ ਥੋੜ੍ਹਾ ਲਹਿੰਦੇ ਪਾਸੇ ਜਾਣ ਨਾਲ ਪ੍ਰਛਾਵੇਂ ਪੂਰਬ ਵਲ ਨੂੰ ਲੰਮੇ ਹੋ ਰਹੇ ਸਨ ਐਨ ਭਈਆਂ ਤੇ ਭਾਈਏ ਹੁਰਾਂ ਦੇ ਦੁੱਖਾਂ-ਦਰਦਾਂ ਦੀ ਲੰਮੀ ਵਿਥਿਆ ਵਾਂਗਹਵਾ ਹੁਣ ਪਹਿਲਾਂ ਨਾਲੋਂ ਤੇਜ਼ ਵਗਣ ਲੱਗ ਪਈ ਸੀਝਿੜੀ ਦੀਆਂ ਟਾਹਲੀਆਂ ਦੇ ਪੱਤੇ ਉੱਡ-ਉੱਡ ਕੇ ਆਲੇ-ਦੁਆਲੇ ਡਿਗਣ ਲੱਗ ਪਏ ਤੇ ਕੁਝ ਸਾਡੇ ਪੈਰਾਂ ਵਿੱਚਖਾਲ਼ੇ ਵਿੱਚ ਬੰਬ-ਰੇਤਾ ਖਲਾਅ ਵਿੱਚ ਉੱਡਣ ਲੱਗ ਪਈਚੁਫ਼ੇਰੇ ਵਾ-ਵਰੋਲੇ ਉੱਠਣ ਲੱਗ ਪਏਪੂਰਬਣਾਂ ਆਪਣੇ ਨਿਆਣੇ ਚੁੱਕ ਕੇ ਤੰਬੂਆਂ ਅੰਦਰ ਚਲੇ ਗਈਆਂਅਸੀਂ ਅਡੋਲ ਖੜ੍ਹੇ ਰਹੇ ਤੇ ਹੱਥਾਂ ਨਾਲ ਅੱਖਾਂ ਨੂੰ ਮਿੱਟੀ ਤੋਂ ਬਚਾਉਣ ਲੱਗ ਪਏ

ਇਸੇ ਦੌਰਾਨ ਭਾਈਏ ਨੇ ਉੱਠਦਿਆਂ ਤੇ ਪਿੱਛਿਓਂ ਝੱਗਾ ਝਾੜਦਿਆਂ ਆਖਿਆ, ‘ਚੰਗਾ ਬਈ ਮੱਛਰ ਦਾਸ, ਇਹ ਹਵਾ ਹੁਣ ਥੰਮ੍ਹਣ ਆਲੀ ਨੲ੍ਹੀਂ। ਆਹ ਮੁੰਡੇ ਸਿਰ 'ਤੇ ਖੜ੍ਹੇ ਆ, ਇਨ੍ਹਾਂ ਨੂੰ ਬੀ ਮੰਜ਼ਿਲ ’ਤੇ ਪਚਾਉਣਾ ਆ ...

ਪਲ ਕੁ ਪਿੱਛੋਂ ਸਾਡੇ ਵਲ ਅੱਖਾਂ ਨਾਲ ਸੈਨਤ ਕਰਦਿਆਂ ਕਹਿਣ ਲੱਗਾ, ‘ਬੰਦੇ ਬਣ ਕੇ ਦੱਬ ਕੇ ਪੜ੍ਹਨ ਲਾੱਪਓ! ਸੋਢੀ ਅਮਲੀ ਤੇ ਹੋਰਨਾਂ ਮਾਹਟਰਾਂ ਨਾਲ ਕਪੱਤ ਕਰਦਾਂ ਭਲਕੇ, ਜਿਹੜੇ ਧੁਆਨੂੰ ਕਦੀ ਪੱਠੇ-ਦੱਥੇ ਨੂੰ ਤੇ ਕਦੀ ਡਾਕ ਦੇ ਕੇ ਜੰਡੀਰਾਂ ਆਲੇ ਭੰਗੇ ਦੇ ਖ਼ਰਾਸ ’ਤੇ ਤੇ ਕਦੀ ਭੂੰਦੀਆਂ (ਮਾਧੋਪੁਰ ਤੋਂ ਚਾਰ-ਪੰਜ ਕਿਲੋਮੀਟਰ ਦੂਰ ਪਿੰਡ) ਨੂੰ ਤੋਰੀ ਰੱਖਦੇ ਆ

'ਭਲਕੇ ਤਾਂ ਮਾਹਟਰ ਗੁਰਬੰਤਾ ਸੁੰਹ, ਜ਼ਰਾਇਤ ਵਜ਼ੀਰ ਨੇ ਸਕੂਲੇ ਆਉਣਾ!’ ਅਸੀਂ ਦੱਸਿਆ

‘ਉਹਦੇ ਲਈ ਅਸੀਂ ਸਾਰੀ ਬਰਾਦਰੀ ਨੇ ਪੲ੍ਹੀਲਾਂ ਈ ਮਤਾ ਪਕਾਇਆ ਪਈ ਸਾਨੂੰ ਬੀ ਜ਼ਮੀਨਾਂ ਦੇਬੇ ਕਾਂਗਰਸ’ ਭਾਈਏ ਨੇ ਸਾਡੇ ਨਾਲ ਇਉਂ ਗੱਲ ਕੀਤੀ ਜਿਵੇਂ ਅਸੀਂ ਇਸ ਸਾਰੇ ਸਿਲਸਿਲੇ ਨੂੰ ਸਮਝਦੇ ਹੋਈਏਉਹ ਫਿਰ ਦੱਸਣ ਲੱਗਾ, ‘ਗੁਰਬੰਤਾ ਸੁੰਹ ਬੀ ਮਾਹਟਰ ਰਿਹਾ ਪੲ੍ਹੀਲਾਂ। ਸਾਡੇ ਲੋਕਾਂ ਨੂੰ ਕਈਂਦਾ - ਅਖੇ ਜ਼ਮੀਨ ਰਬੜ ਆ ਜਿਹਨੂੰ ਖਿੱਚ ਕੇ ਬਧਾ ਦਿਆਂ ਤੇ ਧੁਆਨੂੰ ਵੰਡ ਦਿਆਂ - ਤੇ ਸਾਡੇ ਬੰਦੇ ਉਹਦੀ ਇਹ ਦਲੀਲ ਸੁਣ ਕੇ ਚੁੱਪ ਹੋ ਗਏ ਸੀ ਪਿਛਲੇ ਦਿਨੀਂ ਭੋਗਪੁਰਕਿਸੇ ਨੇ ਕਿਹਾ ਈ ਨਾ ਪਈ ਜਿਨ੍ਹਾਂ ਕੋਲ ਜਿਆਦੀ ਆ ਤੇ ਜ਼ਮੀਨ ਸਾਂਭੀ ਨਹੀਂ ਜਾਂਦੀ, ਉਹਦੇ ’ਚੋਂ ਕੱਟ ਕੇ ਕੰਮੀਆਂ ਨੂੰ ਪੱਠੇ-ਦੱਥੇ ਤੇ ਕੋਠੇ ਪਾਉਣ ਲਈ ਬੰਦੋਬਸਤ ਕਰਾ ਦੇਚਾਰ ਦਿਨ ਉਹ ਬੀ ਸੁਖ ਦਾ ਸਾਹ ਲੈ ਲੈਣ! ਕੋਈ ਨਹੀਂ ਸਾਡਾ ਬੇਲਾ ਬੀ ਆਊਗਾ ਕਿਸੇ ਦਿਨ!’

ਭਾਈਆ ਖ਼ਰ੍ਹਵਾ ਜਿਹਾ ਬੋਲਦਾ ‘ਬੁੜ੍ਹਿਆਂ’ ਦੇ ਖੇਤਾਂ ਵਲ ਨੂੰ ਤੁਰ ਪਿਆ ਤੇ ਅਸੀਂ ਮੌਕਾ ਤਾੜ ਕੇ ਖੋਤਿਆਂ ਨੂੰ ਹਿੱਕਣ ਲੱਗ ਪਏਜਦੋਂ ਬੰਨ੍ਹ ਵਾਲੀ ਥਾਂ ’ਤੇ ਖ਼ੁਰਜੀਆਂ ਖ਼ਾਲੀ ਹੁੰਦੀਆਂ, ਅਸੀਂ ਉੱਥੋਂ ਹੀ ਫ਼ੁਰਤੀ ਨਾਲ ਪਲਾਕੀ ਮਾਰ ਕੇ ਖੋਤਿਆਂ ਉੱਤੇ ਚੜ੍ਹ ਜਾਂਦੇ ਤੇ ਆਪਣੀਆਂ ਅੱਡੀਆਂ ਖੋਤਿਆਂ ਦੀਆਂ ਵੱਖੀਆਂ ਉੱਤੇ ਖਤਾਨਾਂ ਤਕ ਪਹੁੰਚਣ ਤਾਈਂ ਮਾਰਦੇ ਜਿਵੇਂ ਰਾਜੇ-ਮਹਾਰਾਜਿਆਂ ਦੀਆਂ ਤਸਵੀਰਾਂ ਉੱਤੇ ਦੇਖਿਆ ਹੋਇਆ ਸੀਇਉਂ ਅਸੀਂ ਕਿੰਨਾ ਚਿਰ ਮਿੱਟੀ ਤੇ ਖੋਤਿਆਂ ਨਾਲ ਖੇਡਦੇ ਰਹੇਪ੍ਰਛਾਵੇਂ ਹੋਰ ਲੰਮੇ ਹੋ ਗਏਅਸੀਂ ਪਿੰਡ ਨੂੰ ਚਾਲੇ ਪਾ ਲਏਵਾ-ਵਰੋਲੇ ਪਹਿਲਾਂ ਹੀ ਵਗਦੀ ਹਵਾ ਵਿੱਚ ਬਦਲ ਗਏ ਸਨ

ਪਤਾ ਨਹੀਂ ਥੱਕ ਗਏ ਸੀ ਕਿ ਰੋਸ਼ੀ ਨੇ ਤੇ ਮੈਂ ਰਾਹ ਵਿੱਚ ਬਹੁਤੀਆਂ ਗੱਲਾਂ ਨਾ ਕੀਤੀਆਂਭਾਈਏ ਦੀਆਂ ਦੁਪਹਿਰ ਵਾਲੀਆਂ ਵਿਚਾਰਾਂ ਸ਼ਾਮ ਤਕ ਮੇਰੇ ਮਨ ਵਿੱਚ ਵਾਰ-ਵਾਰ ਆ ਰਹੀਆਂ ਸਨ ਜਿਵੇਂ ਆਸਮਾਨ ਵਿਚਲੇ ਬੱਦਲਾਂ ਵਿੱਚੋਂ ਸੂਰਜ ਮੁੜ-ਮੁੜ ਝਾਤੀਆਂ ਮਾਰ ਰਿਹਾ ਸੀ

*****

(ਅਗਾਂਹ ਪੜ੍ਹੋ, ਕਾਂਡ ਅੱਠਵਾਂ: ਸਾਡਾ ਘਰ ਮੁਸੀਬਤਾਂ ਦਾ ਘਰ)

**

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2405)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਬਲਬੀਰ ਮਾਧੋਪੁਰੀ

ਬਲਬੀਰ ਮਾਧੋਪੁਰੀ

Delhi, India.
Phone: (011 - 91 - 93505 - 48100)

Email: (bmadhopuri@yahoo.in)

More articles from this author