BalbirMadhopuri7ਬਹੁਤੇ ਪਰਿਵਾਰ ਆਪਣੀਆਂ ਮੱਝਾਂ-ਗਾਂਵਾਂਕੱਟੀਆਂ-ਵੱਛੀਆਂ ਰਿਸ਼ਤੇਦਾਰਾਂ ਦੇ ਛੱਡਣ ਲਈ ਮਜਬੂਰ ...
(19 ਦਸੰਬਰ 2020)

 

ਲੈ ਬਈ ਚਾਚਾ, ਗੁੱਡ ਐਤਕੀਂ ਪੂਰਾ ਹਾਲ਼ੀ ਹੋ ਗਿਆ - ਝੋਨਾ ਲਾਉਣ ਤੇ ਤਾਲਣ ਚਮਿਆਰੀ, ਰਾਸਗੂੰਆਂ (ਰਾਸਤਗੋ), ਖੜ੍ਹਬੜਾਂ (ਸਿਕੰਦਰਪੁਰ), ਢੱਡਿਆਂ ਤੇ ਸੋਹਲਪੁਰ ਤਕ ਜਾਣ ਲੱਗ ਪਿਆ - ਆਪਣੇ ਪਿੰਡ ਤਾਂ ਪਰੂੰ ਬੀ ‘ਬਾਬਿਆਂਦੇ ਜਾਂਦਾ ਰਿਹਾਕਮਾਦ-ਜੁਆਰ (ਮੱਕੀ) ਗੁੱਡਣ ਦਾ ਰੁਕ ਬੀ ਆ ਗਿਆ... ਇੱਕ ਗੱਲ ਆ ਪਈ ਗੁੱਡ ਦਾ ਲੱਕ ਭਾਮੇਂ ਸ਼ਿਕਾਰੀ ਕੁੱਤੇ ਅਰਗਾ ਪਰ ਹੱਡੀ ਨਰੋਈ ਆ ...’ ਮੇਰੇ ਤਾਏ ਦੇ ਪੁੱਤ ਮੰਗੀ ਨੇ ਮੇਰੇ ਮੋਢੇ ਉਤਲੇ ਪਰਨੇ ਅੰਦਰ ਲਪੇਟੇ ਤੇ ਪਿੱਠ ਪਾਸੇ ਲਮਕਦੇ ਗਲਾਸ ਵੱਲ ਦੇਖਦਿਆਂ ਇੱਕ ਦੁਪਹਿਰ ਖ਼ੁਸ਼ੀ ਭਰੇ ਲਹਿਜ਼ੇ ਵਿੱਚ ਭਾਈਏ ਨਾਲ ਗੱਲ ਤੋਰੀ

ਮੈਂ ਓਪਰਾ ਜਿਹਾ ਮੁਸਕਰਾ ਕੇ ਦਲਾਨ ਅੰਦਰ ਚਲਾ ਗਿਆਮੇਰਾ ਲੱਕ ਤੇ ਧੌਣ ਫੱਟੇ ਵਾਂਗ ਆਕੜੇ ਹੋਏ ਸਨ, ਸਾਰੇ ਸਰੀਰ ਅੰਦਰ ਟੁੱਟ-ਭੱਜ ਤੇ ਦਰਦ ਮਹਿਸੂਸ ਹੋ ਰਹੇ ਸਨਕੱਦੂ ਕੀਤੇ ਖੇਤ ਵਿੱਚ ਝੋਨੇ ਦੀ ਪਨੀਰੀ ਲਾਉਂਦਿਆਂ ਮੇਰੇ ਸੱਜੇ ਹੱਥ ਦੇ ਅੰਗੂਠੇ ਦੇ ਨਹੁੰ ਮੋਹਰਲਾ ਹਿੱਸਾ ਚਿੱਟਾ ਹੋ ਗਿਆ ਸੀ, ਜਿਵੇਂ ਉਹਦੇ ਵਿੱਚ ਪੀਕ ਪੈ ਗਈ ਹੋਵੇਪੈਰਾਂ ਦੀਆਂ ਉਂਗਲੀਆਂ ਵਿਚਲੀਆਂ ਵਿੱਥਾਂ ਵਿੱਚ ਕਰੋਹੀਆਂ ਹੋ ਗਈਆਂ ਸਨ ਜਿਨ੍ਹਾਂ ਅੰਦਰ ਮੁੜ-ਮੁੜ ਖਾਜ ਕਰਨ ਨੂੰ ਚਿੱਤ ਕਰਦਾਸੋਚਦਾ, ਸਕੂਲੋਂ ਛੁੱਟੀਆਂ ਕਾਹਦੀਆਂ ਹੋਈਆਂ, ਮੇਰੇ ਲਈ ਮੁਸੀਬਤਾਂ ਦੀ ਬਰਸਾਤ ਲੈ ਕੇ ਆਈਆਂਛੁੱਟੀਆਂ ਦੀ ਇਹ ਕੇਹੀ ਰੁੱਤ - ਸਿਰ ’ਤੇ ਵੱਢ ਖਾਣੀ ਧੁੱਪ ਤੇ ਪੈਰ ਤੱਤੇ ਪਾਣੀ ਵਿੱਚਮੇਰੇ ਨਾਲ ਪੜ੍ਹਦੇ ਕਈ ਕੁੜੀਆਂ-ਮੁੰਡੇ ਆਪਣੇ ਮਾਮਿਆਂ-ਮਾਸੀਆਂ ਦੇ ਗਏ ਹੋਏ ਆ ਤੇ ਮੈਂ ਆਪਣੇ ਭਾਈਏ ਤੇ ਭਾਈ ਨਾਲ ਥੁੜਾਂ-ਥੋੜਾਂ ਦੀ ਦਲਦਲ ਵਿੱਚ ਫਸਿਆ ਹੋਇਆ ਹਾਂਅਜਿਹੀਆਂ ਸੋਚਾਂ ਸੋਚਦਿਆਂ ਮੇਰੀਆਂ ਅੱਖਾਂ ਨਮ ਹੋ ਗਈਆਂ

ਕੁਝ ਦਿਨ ਪਹਿਲਾਂ ਜਦੋਂ ‘ਬਾਰੀਆਂਦੇ ਸੋਹਣ ਹੁਰਾਂ ਦੇ ਨਿਆਈਂ ਵਾਲੇ ਨੀਵੇਂ ਖੇਤ ਵਿੱਚ ਝੋਨਾ ਲਾਉਣ ਦਾ ਚੇਤਾ ਆਇਆ ਤਾਂ ਮੇਰੀਆਂ ਅੱਖਾਂ ਸਾਹਮਣੇ ਪਾਣੀ ਉੱਤੇ ਤਰਦੀਆਂ ਸੁੱਕੀਆਂ ਟੱਟੀ-ਲੇਂਡੀਆਂ, ਮੁਸ਼ਕ ਮਾਰਦੇ ਗੋਹੇ, ਕੱਖ-ਪੱਤ ਤੇ ਬੇਰੀ ਦੀਆਂ ਸੁੱਕੀਆਂ ਨਿੱਕੀਆਂ-ਨਿੱਕੀਆਂ ਕੰਡਿਆਲੀਆਂ ਟਾਹਣੀਆਂ ਦੇ ਕੰਡੇ ਪੈਰਾਂ ਵਿੱਚ ਚੁੱਭਣ ਅਤੇ ਆਪਣੇ ਸਰੀਰ ਦੇ ਵੱਡੇ ਪ੍ਰਸ਼ਨ ਚਿੰਨ੍ਹ ਵਾਂਗ ਝੁਕੇ ਹੋਣ ਦਾ ਦ੍ਰਿਸ਼ ਸਾਕਾਰ ਹੋ ਗਿਆਰੋਸ-ਕ੍ਰੋਧ ਮਨ ਵਿੱਚ ਤੱਤੇ ਪਾਣੀ ਵਾਂਗ ਉਬਾਲੇ ਮਾਰਦੇਮੈਂ ਧੜੰਮ ਕਰ ਕੇ ਮੰਜੇ ਉੱਤੇ ਡਿਗ ਜਾਣਾ ਚਾਹੁੰਦਾ ਕਿ ਬੱਸ ਸੌਂ ਜਾਵਾਂ

... ਚਾਚਾ, ਚੱਲ ਹੋਰ ਦੋ ਸਾਲਾਂ ਨੂੰ ਗੁੱਡ ਰਲਿਆ ਸਮਝ ਸਾਡੇ ਨਾਲ!’ ਮੰਗੀ ਨੇ ਫਿਰ ਆਖਿਆ

ਇਹ ਸੁਣਦਿਆਂ ਹੀ ਜਿਵੇਂ ਅਸਮਾਨੀ ਬਿਜਲੀ ਬਿਨਾਂ ਬੱਦਲਾਂ ਤੋਂ ਹੀ ਮੇਰੇ ਉੱਤੇ ਆਣ ਡਿੱਗੀ ਹੋਵੇਕੋਠੇ ਦੀ ਛੱਤ ਉੱਤੇ ਸ਼ਾਮ-ਸਵੇਰੇ ਦੇਖੀਆਂ ਅਮੁੱਕ ਸ਼ਿਵਾਲਿਕ ਪਹਾੜੀਆਂ ਅਤੇ ਹਿਮਾਲਿਆ ਪਰਬਤ ਦੀਆਂ ਅਸਮਾਨ ਛੋਹੰਦੀਆਂ ਚੋਟੀਆਂ ਆਪਣੇ ਮੋਹਰੇ ਲੰਮੀ ਦਿਖਾਈ ਦਿੰਦੀ ਜ਼ਿੰਦਗੀ ਵਾਂਗ ਮੁੜ-ਮੁੜ ਅੱਖਾਂ ਮੋਹਰੇ ਆਉਣ ਲੱਗ ਪਈਆਂਮੇਰੇ ਚਿੱਤ ਵਿੱਚ ਆਇਆ ਕਿ ਮੰਗੀ ਦਾ ਸਿਰ ਇੱਟ-ਰੋਟਾ ਮਾਰ ਕੇ ਪਾੜ ਦਿਆਂ ਤੇ ਭਾਈਏ ਦਾ ਵੀ, ਜੋ ਇਹੋ ਜਿਹੀਆਂ ਦਿਲ-ਢਾਹੂ ਗੱਲਾਂ ਸੁਣੀ ਜਾ ਰਿਹਾ ਉਸੇ ਪਲ ਖ਼ਿਆਲ ਆਇਆ - ਮੇਰੀ ਵੱਡੀ ਭੂਆ ਦੇ ਪੁੱਤ ਦਿੱਲੀ ਵਿੱਚ ਸਰਕਾਰੀ ਅਫਸਰ ਆ - ਮੇਰਾ ਮਾਮਾ ਡੀ.ਸੀ. ਲੱਗਾ ਹੋਇਆ ... ਮੈਂ ਅਨਪੜ੍ਹ ਰਹਾਂ? ਸਾਰੀ ਬਿਰਾਦਰੀ ਵਾਂਗ ਦੂਜਿਆਂ ਦੀ ਗੁਲਾਮੀ ਕਰਾਂ ਤੇ ਚੱਟੀਆਂ ਭਰਾਂ? ਮੇਰੇ ਕੋਲੋਂ ਇਹ ਨਹੀਂ ਹੋ ਸਕਦਾ!

ਭਾਈਏ ਨੇ ਮੰਗੀ ਦੀ ਗੱਲ ਉੱਤੇ ਜਿਵੇਂ ਗੌਰ ਹੀ ਨਾ ਕੀਤਾ ਜਾਂ ਅਣਸੁਣੀ ਕਰ ਦਿੱਤੀਹੁੱਕੇ ਦੀ ਚਿਲਮ ਵਿੱਚ ਅੱਗ ਪਾਉਣ ਲਈ ਉਹ ਛੱਤੜੀ ਅੰਦਰ ਨੂੰ ਜਾਂਦਾ-ਜਾਂਦਾ ਕਹਿਣ ਲੱਗਾ, ‘ਮੈਂ ਤਾਂ ਇਹਨੂੰ ਕੲ੍ਹੀਨਾ ਪਈ ਸਕੂਲ ਦੀ ਬਰਦੀ ਜੋਗੇ ਪੈਹੇ ਕਰ ਲਾ ਜਾਂ ਫੇ ਝੱਗਾ-ਪਜਾਮਾ ਸਮਾਂ ਲਈਂ ...

ਪਰੂੰ ਬੀ ਇੱਦਾਂ ਈ ਕੲ੍ਹੀਂਦਾ ਸੀ - ਮਗਰੋਂ ਆਣੀ ਕੋਠੇ ਦੀ ਛੱਤ ਲਈ ਲਿਆਂਦੇ ਕੱਲਰ ਦੇ ਦੋ ਗੱਡਿਆਂ ਦੇ ਪੈਹੇ ਦੇ ਆਇਆ ਸੀ ਮੈਂ ਵਿੱਚੋਂ ਟੋਕ ਕੇ ਆਖਿਆ

ਤੇਰਾ ਪਤੰਦਰ ਵੀਹ ਤਾਂ ਗੇੜੇ ਮਾਰ ਗਿਆ ਸੀ ... ਉਹਨੂੰ ਗਲ਼ੋਂ ਨੀਂ ਸੀ ਲਾਹੁਣਾ!’

‘‘.. ਤੇ ਐਤਕੀਂ?’

ਖੜ੍ਹਾ ਹੋ ਜਰਾਤਈਨੂੰ ਲਿਖ ਕੇ ਦੇਮਾ ਮਾਮਾ ਹੀਰ ਦਿਆ!’ ਭਾਈਆ ਕਾਹਲੀ ਨਾਲ ਚੁੱਲ੍ਹੇ ਮੋਹਰਿਓਂ ਉੱਠਦਿਆਂ ਮੇਰੇ ਵਲ ਆਇਆ ਤੇ ਮੈਂ ਦੌੜ ਕੇ ਬਾਹਰ ਬੋਹੜ-ਪਿੱਪਲ ਥੱਲੇ ਚਲਾ ਗਿਆ

ਲਹਿੰਦੀ ਫਿਰਨੀ ਵਲੋਂ ਜੋਸ਼ ਭਰੀ ਇੱਕ ਜ਼ੋਰਦਾਰ ਆਵਾਜ਼ ਆ ਰਹੀ ਸੀਬੋਲਣ ਵਾਲਾ ‘ਲੰਬੜਾਂ’- ਹੈਕਨਾਂ’ ਦੀਆਂ ਹਵੇਲੀਆਂ ਓਹਲੇ ਸੀਆਵਾਜ਼ ਹੋਰ ਨੇੜੇ ਆ ਰਹੀ ਸੀ

... ਭੈਣੋ ਤੇ ਭਰਾਵੋ, ਇਸ ਵੇਲੇ ਜੋ ਸਖ਼ਤ ਜ਼ਰੂਰਤ ਹੈ - ਉਹ ਹੈ ਸੰਸਾਰ ਅਮਨ ਦੀ!’

ਇਹ ਤਾਂ ਭੂੰਦੀਆਂ ਆਲਾ ਕਾਮਰੇਡ ਰਾਮ ਕਿਸ਼ਨ ਆ - ਭੋਗਪੁਰ ਨਾਈ ਦੀ ਦੁਕਾਨ ਕਰਦਾ!’ ਦਾਦੀ ਕੋਲ ਬੈਠੇ ਫੁੰਮ੍ਹਣ ਨੇ ਦੱਸਿਆ

ਉਹ ਸੱਜੇ ਹੱਥ ਵਿੱਚ ਸਾਇਕਲ ਦਾ ਹੈਂਡਲ ਤੇ ਖੱਬੇ ਹੱਥ ਧੁੱਤਰੂ ਫੜ ਕੇ ਬੋਲਦਾ ਆ ਰਿਹਾ ਸੀ, ‘ਜੇ ਅਮਨ-ਅਮਾਨ ਹੋਊ ਤਾਂ ਅਸੀਂ ਗਰੀਬੀ ਦੇ ਖ਼ਿਲਾਫ਼ ਹੋਰ ਬੀੜਾ ਚੁੱਕ ਸਕਦੇ ਹਾਂਸਰਕਾਰ ਉੱਤੇ ਜ਼ਮੀਨ ਦੀ ਹੱਦਬੰਦੀ ਤੈਅ ਕਰਨ ਲਈ ਦਬਾਅ ਪਾ ਸਕਦੇ ਹਾਂ - ਉਜਰਤਾਂ ਤੈਅ ਕਰਾ ਸਕਦੇ ਹਾਂ - ਲਾਗੂ ਕਰਾ ਸਕਦੇ ਹਾਂਜਿਣਸਾਂ ਦੇ ਭਾਅ ਵਧਾਉਣ ਤੇ ਖਾਦਾਂ ਉੱਤੇ ਸਬਸਿਡੀ ਵਧਾਉਣ ਲਈ ਧਰਨੇ-ਮੋਰਚੇ ਲਾ ਸਕਦੇ ਹਾਂ

ਜ਼ਰਾ ਕੁ ਰੁਕ ਕੇ ਉਹਨੇ ਸਾਇਕਲ ਸਟੈਂਡ ਉੱਤੇ ਖੜ੍ਹਾ ਕਰ ਕੇ ਪੁੱਠੇ ਸੱਜੇ ਹੱਥ ਨਾਲ ਮੱਥੇ ਦਾ ਪਸੀਨਾ ਪੂੰਝਿਆ ਤੇ ਧੁੱਤਰੂ ਵਿੱਚ ਮੁੜ ਬੋਲਣ ਲੱਗਾ, ‘ਸਾਥੀਓ! ਜੇ ਸਰਹੱਦਾਂ ਉੱਤੇ ਚਿੱਟੇ ਝੰਡੇ ਝੁੱਲਣਗੇ ਤਾਂ ਤਰੱਕੀ ਦੇ ਅਸਾਰ ਜ਼ਿਆਦਾ ਹੋ ਸਕਦੇ ਆ - ਮੈਂ ਦੱਸਣਾ ਚਾਹੁੰਨਾ ਕਿ ਇੱਕ ਟੈਂਕ, ਇੱਕ ਜਹਾਜ਼ ਤੇ ਇੱਕ ਮਿਸਾਇਲ ਉੱਤੇ ਜਿੰਨਾ ਖਰਚ ਆਉਂਦਾ, ਉਸ ਨਾਲ ਕਈ ਸਕੂਲ, ਕਈ ਹਸਪਤਾਲ ਤੇ ਕਈ ਭਲਾਈ ਸਕੀਮਾਂ ਚਲਾਏ ਜਾ ਸਕਦੇ ਆ... ਅਸੀਂ ਇਨ੍ਹਾਂ ਦਿਨਾਂ ਵਿੱਚ ਸੰਸਾਰ ਅਮਨ ਰੈਲੀ ਕਰਾਂਗੇ - ਤੁਸੀਂ ਹੁੰਮ ਹੁਮਾ ਕੇ ਆਉਣਾ - ਦਿਨ ਤੇ ਤਰੀਕ ...

ਇਨਕਲਾਬ – ਜ਼ਿੰਦਾਬਾਦ, ਇਨਕਲਾਬ - ਜ਼ਿੰਦਾਬਾਦ!’ ਫੁੰਮ੍ਹਣ ਨੇ ਅਚਾਨਕ ਸੱਜੀ ਬਾਂਹ ਹਵਾ ਵਿੱਚ ਉਲਾਰ ਕੇ ਅਤੇ ਹੱਥ ਦਾ ਮੁੱਕਾ ਬਣਾ ਕੇ ਨਾਅਰੇ ਲਾਏ

ਤਮਾਸ਼ਾ ਦੇਖਣ ਵੇਲੇ ਵਾਂਗ ਅਰਧ ਗੋਲਾਕਾਰ ਬਣਾ ਕੇ ਖੜ੍ਹੇ ਪਿੰਡ ਦੇ ਨਿਆਣਿਆਂ-ਸਿਆਣਿਆਂ ਤੇ ਮੁੰਡਿਆਂ ਵਿੱਚ ਨਵੇਕਲੀ ਹਰਕਤ ਆ ਗਈਨੌਜਵਾਨਾਂ ਦੇ ਸੀਨੇ ਤਣ ਗਏਡੌਲ਼ੇ ਫਰਕਣ ਲੱਗੇ ਤੇ ਹੱਥਾਂ ਦੀਆਂ ਪੰਜੇ ਉਂਗਲਾਂ ਮੁੱਕਿਆਂ ਵਿੱਚ ਬਦਲ ਗਈਆਂ

ਪੁਰੇ ਦੀ ਹਵਾ ਬਗਣ ਲੱਗ ਪਈ!’ ਕਿਸੇ ਨੇ ਕਿਹਾ, ‘ਲਗਦਾ ਕਿਤੇ ਬਾਰਿਸ਼ ਹੋ ਗਈ ...ਕੋਹ-ਕਾਫ਼ ਤੋਂ ਪਾਰ ਦੀਆਂ ਹਵਾਵਾਂ ਕਿਤੇ ਇੱਧਰ ਬੀ ਆ ਜਾਣ ਤਾਂ ਲਹਿਰਾਂ-ਬਹਿਰਾਂ ਹੋ ਜਾਣ ...ਰੁੱਖਾਂ ’ਤੇ ਨਿਖ਼ਾਰ ਆ ਜਾਵੇ

ਇੱਕ ਹੋਰ ਨੇ ਕਿਹਾ, ‘ਸਾਡੇ ਕਹਿਣ ਨਾਲ ਭਲਾ ਜੰਗ ਰੁਕ ਜਾਊ!’

ਸਾਰੇ ਪੁਆੜੇ ਦੀ ਜੜ੍ਹ ਅਮਰੀਕਾ! ਪਾਕਸਤਾਨ ਨੂੰ ਚੱਕੋਪਾਈ ਕਰਦਾ, ਨਾਲੇ ਆਪਣੇ ਹਥਿਆਰ ਬੇਚੀ ਜਾਂਦਾ।’ ਕਾਮਰੇਡ ਅਜੈਬ ਸਿੰਘ ਨੇ ਲੋਕਾਂ ਨੂੰ ਦੱਸਿਆ, ‘ਜਿੰਨਾ ਚਿੱਕਰ ਰੂਸ ਸਾਡੇ ਮੁਲਕ ਨਾਲ ਆ - ਕਿਸੇ ਦੀ ਮਜ਼ਾਲ ਨਹੀਂ ਪਈ ਇਹਦੇ ਅਲ ਅੱਖ ਚੱਕ ਕੇ ਦੇਖੇ! ਜੇ ਰੂਸ ਨਾਲ ਹੋਰ ਸੰਧੀ ਹੋ ਜਾਏ ਤਾਂ ਸਮਝੋ ਮੁਲਕ ਤਰੱਕੀ ਦੀਆਂ ਲੀਹਾਂ ’ਤੇ ਪੈ ਜਾਊ!’

ਜੇ ਮੁਲਖ ਵਿੱਚੋਂ ਬੇਈਮਾਨੀ ਹਟ ਜਾਏ ਜਾਂ ਘਟ ਜਾਏ ਤਾਂਮ੍ਹੀ ਸਾਡੀ ਹਾਲਤ ਸੁਧਰ ਜਾਏ ...।’ ਮੇਰੇ ਤਾਏ ਰਾਮੇ ਨੇ ਆਖਿਆ

ਐਮੀਂ ਵਿਹਲਿਆਂ ਦੀਆਂ ਗੱਲਾਂ - ਲੜਾਈ ਧੁਆਤੋਂ ਪੁੱਛ ਕੇ ਲੱਗਣੀ ਆ!’ ਮੰਗੀ ਨੇ ਕਿਹਾ

ਬਈ ਇੱਕ ਦਬਾਅ ਬਣਾਉਣਾ ਹੁੰਦਾ - ਦੁਨੀਆਂ ਦੇ ਲੋਕਾਂ ਦੀ ਇੱਕ ਰਾਏ ਬਣਾਉਣੀ ਹੁੰਦੀ ਆ!’ ਕਾਮਰੇਡ ਮੀਤਾ ਬੋਲਿਆ

ਬਈ ਗੱਲਾਂ ਭੂੰਦੀਆਂ ਆਲਾ ਕਾਮਰੇਡ ਖ਼ਰੀਆਂ ਕਰਦਾ - ਐਮੇਂ ਕਹੀਏ ...ਕਿਸੇ ਦਿਨ ਇਹਦੇ ਕੋਲੋਂ ਬਹਿ ਕੇ ਹੋਰ ਗੱਲਾਂ ਸੁਣਾਂਗੇ ...।’ ਭਾਈਏ ਨੇ ਹੋਰਾਂ ਨੂੰ ਸੁਣਾ ਕੇ ਆਖਿਆ

ਇੰਨੇ ਨੂੰ ਇਕਹਿਰੇ ਤੇ ਫ਼ੁਰਤੀਲੇ ਸਰੀਰ, ਤਿੱਖੀਆਂ ਭਰਵੀਆਂ ਕਾਲੀਆਂ ਮੁੱਛਾਂ ਵਾਲੇ ਕਾਮਰੇਡ ਨੇ ਸਾਇਕਲ ’ਤੇ ਲੱਤ ਦਿੱਤੀ ਤੇ ਔਹ ਗਿਆਮੇਰੀ ਨਿਗਾਹ ਕਿੰਨਾ ਚਿਰ ਉਹਦੀ ਪਿੱਠ ਦਾ ਪਿੱਛਾ ਕਰਦੀ ਰਹੀ

ਔਰਤਾਂ ਘਰੋ-ਘਰੀ ਮੁੜਨ ਲੱਗੀਆਂਦਿਹਾੜੀਦਾਰ ਖੇਤਾਂ ਨੂੰ ਜਾਣ ਲਈ ਅਹੁਲੇਇੰਨੇ ਨੂੰ ਧਿਆਨ ਨੇ ਹਾਕ ਮਾਰੀ, ‘ਗੁੱਡ ਆ ਹੁਣ ...।’

ਮੈਂ ਫਿਰ ਪਰਨੇ ਦੇ ਲੜ ਗਲਾਸ ਬੰਨ੍ਹਿਆ ਤੇ ਪਿੱਠ ਉੱਤੇ ਲਮਕਾ ਕੇ ਲੰਬੜਾਂ ਦੇ ‘ਘੜੱਲਾਂਵਾਲੇ ਖੇਤ ਵਿੱਚ ਝੋਨਾ ਤਾਲਣ ਤੁਰ ਪਿਆਲੱਤਾਂ-ਬਾਹਾਂ ਸਣੇ ਮੇਰਾ ਸਰੀਰ ਕੜਾਕੇਦਾਰ ਧੁੱਪਾਂ ਨਾਲ ਲੂਹ ਹੋ ਕੇ ਹੋਰ ਕਾਲਾ ਹੋ ਗਿਆ ਐਨ ਝੋਟੇ ਦੇ ਚੰਮ ਵਰਗਾਸੋਚਦਾ - ਹੱਥੀਂ ਕੰਮ ਕਰਨ ਵਾਲਿਆਂ ਨੂੰ ਜਿਮੀਂਦਾਰਾਂ ਦੇ ਨਰਮ ਉਮਰ ਦੇ ਮੁੰਡੇ ਬੰਨ੍ਹਿਆ ਉੱਤੇ ਟਹਿਲਦੇ ਦਬਕਾ-ਝਿੜਕਾ ਮਾਰਦੇ ਉਮਰ ਦਾ ਲਿਹਾਜ਼ ਨਹੀਂ ਕਰਦੇ - ਤੇ ਸਾਡੇ ਬੰਦੇ ਉਨ੍ਹਾਂ ਮੋਹਰੇ ਕੁਸਕਦੇ ਵੀ ਨਹੀਂਜੇ ਮੈਂ ਨਾ ਪੜ੍ਹ ਸਕਿਆ ਤਾਂ ਪਹਾੜ ਜਿੱਡੀ ਲੰਮੀ ਉਮਰ ਦੌਰਾਨ ਇਹ ਸਭ ਕੁਝ ਕਿਵੇਂ ਝੱਲਾਂਗਾ! ਇਹ ਸਵਾਲ ਮੈਂਨੂੰ ਵਿੱਚੋਂ-ਵਿੱਚ ਘੁਣ ਵਾਂਗ ਖਾਣ ਲਈ ਕਾਹਲਾ ਜਾਪਦਾਕਦੀ-ਕਦੀ ਮੈਂਨੂੰ ਲਗਦਾ ਜਿਵੇਂ ਮੈਂ ਟਾਹਲੀ ਦਾ ਕਾਲਾ-ਸ਼ਾਹ ਮੋਛਾ ਹੋਵਾਂ ਤੇ ਘੁਣ ਮੇਰਾ ਕੁਝ ਵੀ ਵਿਗਾੜ ਨਹੀਂ ਸਕਦਾ

ਓਹਅ ...।’ ਢੱਡਿਆਂ ਦੇ ਬਸੀਮੇ ਕੋਲ ਮੇਰੇ ਖੱਬੇ ਪੈਰ ਵਿੱਚ ਲੱਗੀ ਠੋਕ੍ਹਰ ਕਾਰਨ ਮੇਰੇ ਮੂੰਹੋਂ ਨਿਕਲਿਆਅੰਗੂਠੇ ਨਾਲ ਦੀ ਉਸ ਤੋਂ ਲੰਮੀ ਉਂਗਲ ਦਾ ਨਹੁੰ ਥੋੜ੍ਹਾ ਜਿਹਾ ਉਤਾਂਹ ਚੁੱਕ ਹੋ ਗਿਆ ਤੇ ਹਲਕਾ ਜਿਹਾ ਲਹੂ ਸਿੰਮ ਪਿਆ

ਓਦਾਂ ਨੀਮੀ ਪਾ ਕੇ ਤੁਰਿਆ ਆਂ, ਦੇਖ ਕੇ ਤੁਰ ਤਾਂ ...।’ ਧਿਆਨ ਨੇ ਪਹਿਲਾਂ ਮੇਰੇ ਪੈਰ ਵਲ ਤੇ ਫਿਰ ਮੂੰਹ ਵਲ ਦੇਖਦਿਆਂ ਆਖਿਆ ਜਿਸ ਨਾਲ ਮੈਂਨੂੰ ਇਹਸਾਸ ਹੋਇਆ ਕਿ ਉਹ ਮੇਰੇ ਨਾਲ ਹੈ

ਜਖਮ ’ਤੇ ਦਬਾਸੱਟ ਮੂਤ ਕਰ ਲਾ - ਆਪੇ ਈ ਠੀਕ ਹੋ ਜਾਣਾ ਇਹ।’ ਧਿਆਨ ਨੇ ਸਲਾਹ ਦਿੱਤੀ ਤੇ ਮੈਂ ਝੱਟ ਦੇਣੀ ਅਮਲ ਵਿੱਚ ਆ ਗਿਆਅਸੀਂ ਫਿਰ ਪਹਿਲਾਂ ਵਾਂਗ ਆਪਣੀ ਮੰਜ਼ਲ ਵਲ ਵਧਣ ਲੱਗ ਪਏ

ਦੇਖਦਿਆਂ ਹੀ ਦੇਖਦਿਆਂ ਰੁੱਤ ਬਦਲ ਗਈ ਪਰ ਸਾਡੇ ਦਿਨ ਨਾ ਬਦਲੇ।’ ਇੱਕ ਦਿਨ ਸਹਿਜ ਹੀ ਖ਼ਿਆਲ ਆਇਆਭਰ ਸਿਆਲ ਵਿੱਚ ਉਮੀਦਾਂ ਦਾ ਜੋਸ਼ ਨਿੱਘ ਦਾ ਸਬੱਬ ਬਣਨ ਲੱਗਾ

ਇਨ੍ਹਾਂ ਬੋਟਾਂ (ਵੋਟਾਂ) ਆਲਿਆਂ ਨੂੰ ਚੈਨ ਨਹੀਂ ਆਉਂਦੀ, ਚੋਣਾਂ ਵਿੱਚ ਪੂਰਾ ਡੂੜ੍ਹ ਮਹੀਨਾ ਪਿਆ ਅਜੇ।’ ਤਾਏ ਮਹਿੰਗੇ ਨੇ ਬੰਦਿਆਂ ਨਾਲ ਭਰੇ ਇੱਕ ਟੈਂਪੂ ਨੂੰ ਆਉਂਦਿਆਂ ਦੇਖ ਕੇ ਆਖਿਆਆਵਾਜ਼ ਆਈ:

ਝੰਡੀਏ ਤਿੰਨ ਰੰਗੀਏ,
ਤੈਨੂੰ ਵੋਟ ਕਿਸੇ ਨਹੀਂ ਪਾਉਣੀ,
ਝੰਡੀਏ ਤਿੰਨ ਰੰਗੀਏ ...

ਮਾਇਕ ਵਿੱਚ ਤੂੰਬੀ ਨਾਲ ਗਾਉਂਦੇ ਸਾਡੇ ਫੁੰਮ੍ਹਣ ਦੇ ਇਹ ਬੋਲ ਕਿਸੇ ਰੋਸ ਤੇ ਰੋਹ ਦਾ ਪ੍ਰਗਟਾ ਲਗਦੇ ਸਨਉਹ ਕਦੀ ਭਾਸ਼ਨ ਕਰਨ ਡਹਿ ਪੈਂਦਾ - ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਤੇ ਹੋਰ ਅਨੇਕ ਸ਼ਹੀਦਾਂ ਦੀਆਂ ਕੁਰਬਾਨੀਆਂ ਬਾਰੇ ਤੇ ਕਦੀ ਉੱਚੀ, ਜੋਸ਼ ਭਰੀ ਆਵਾਜ਼ ਵਿੱਚ ਨਾਅਰੇ ਮਾਰਨ ਲੱਗ ਪੈਂਦਾ - ਇਨਕਲਾਬ ਜ਼ਿੰਦਾਬਾਦ!

ਵਿੱਚ-ਵਿੱਚ ਕਾਮਰੇਡ ਰਾਏ ਨਾਅਰਾ ਲਾਉਂਦਾ- ਗਲ਼ੀ - ਗਲ਼ੀ ’ਚੋਂ ਆਈ ਆਵਾਜ਼’, ਟੈਂਪੂ ਅੰਦਰ ਖੜ੍ਹੀ ਮਢੀਰ ਤੇ ਹੋਰ ਬੰਦੇ ਜਵਾਬ ਵਿੱਚ ਬੋਲਦੇ, ‘ਦਾਤੀ ਸਿੱਟਾ ਕਾਮਯਾਬ!’

ਜਿੱਤੂਗਾ ਬਈ ਜਿੱਤੂਗਾ!’ -ਰਾਏ

‘ਕਾਮਰੇਡ ਕੁਲਵੰਤ ਜਿੱਤੂਗਾ! -ਲੋਕ

ਮੋਹਰ ਕਿੱਥੇ ਲਾਉਣੀ ਆ?’ -ਰਾਏ

‘ਦਾਤੀ ਸਿੱਟੇ ‘ਤੇ!’ -ਲੋਕ

ਫੁੰਮ੍ਹਣ ਨਾਲ ਮੈਂ ਵੀ ਦੋ-ਚਾਰ ਵਾਰ ਟੈਂਪੂ ਵਿੱਚ ਚੜ੍ਹ ਕੇ ਲਾਗਲੇ ਪਿੰਡਾਂ ਵਿੱਚ ਗਿਆਕਈ ਵਾਰ ਜਦੋਂ ‘ਰੋਕੋ, ਟੈਂਪੂ ਰੋਕੋਦੀਆਂ ਇਕੱਠੀਆਂ ਆਵਾਜ਼ਾਂ ਆਉਂਦੀਆਂ ਤੇ ਝੂਟਿਆਂ ਲਈ ਚੜ੍ਹੀ ਚੀਂਗਰਪੋਟ ਕਾਹਲੀ-ਕਾਹਲੀ ਥੱਲੇ ਉੱਤਰ ਜਾਂਦੀ

ਅਸੀਂ ਥੱਕ-ਟੁੱਟ ਕੇ ਖਾਓ-ਪੀਏ ਵੇਲੇ ਘਰ ਵੜਦੇਭਾਈਆ ‘ਬੁੜ੍ਹਿਆਂਦੇ ਮਾਰਖੰਡ ਬਲਦ ਵਾਂਗ ਰੱਸਾ ਤੁੜਾ ਕੇ ਮੈਂਨੂੰ ਢਾਉਣ ਨੂੰ ਪੈਂਦਾਕਹਿੰਦਾ, ‘ਅਗਲੇ ਮਹੀਨੇ (ਮਾਰਚ, 1969) ਤੇਰੇ ਅੱਠਮੀਂ ਦੇ ਇਮਤਿਹਾਨ ਆ - ਤੂੰ ਆਪਣੀਆਂ ਕਿਤਾਬਾਂ ਨੂੰ ਹੱਥ ਨਹੀਂ ਲਾਉਨਾ - ਸਕੂਲ ਦੀ ਲੈਬਰੇਰੀ ’ਚੋਂ ਲੈ-ਲੈ ਬਾਹਰਲੇ ਮੁਲਖਾਂ ਦੀਆਂ ਪੜ੍ਹਨ ਲੱਗ ਪਿਆਂ! ਚੰਗਾ ਤਾਰੂੰਗਾ ਸਾਨੂੰ - ਜਿਹੜਾ ਹੁਣੇ ਸਾਲਾ ਅਫ਼ਲਾਤੂਨ ਦਾ ਬਣਦਾ ਫਿਰਦਾਂ! ਉੱਤੋਂ ਕਾਮਰੇਡਾਂ ਪਿੱਛੇ ਲੱਗਣ ਲੱਗ ਪਿਆਂ, ਜਿੱਦਾਂ ਉਨ੍ਹਾਂ ਨੇ ਸਾਡੇ ਨਾਂ ਜ਼ਮੀਨ ਬੈ ਕਰਾ ਦੇਣੀ ਆ - ਕੁਲਵੰਤ ਦੀ ਤਿੰਨ ਸੌ ਕਿੱਲਾ ਪੈਲ਼ੀ ਆ - ਦੋ-ਦੋ ਕਿਲੇ ਕੰਮੀਆਂ ਨੂੰ ਦੇ ਦਏ - ਹੋਰ ਨਹੀਂ ਤਾਂ ਆਪਣੇ ਸੀਰੀਆਂ-ਨਉਕਰਾਂ ਦੇ ਨਾਂ ਲੁਆ ਦਏ ...।’

ਪਾਰਟੀ ਆਲੇ ਕਹਿੰਦੇ ਸੀ ਪਈ ਜੇ ਇੱਕ ਜਿਮੀਂਦਾਰ ਲੋਕਾਂ ਨੂੰ ਜ਼ਮੀਨ ਦੇ ਬੀ ਦੇਬੇ ਤਾਂ ਕੀ ਫ਼ਰਕ ਪੈ ਜਾਊ - ਸਾਰੇ ਮੁਲਕ ਵਿੱਚ ਜਮੀਨੀ-ਸੁਧਾਰਾਂ ਦਾ ਬੀੜਾ ਚੁੱਕਣਾ! ਕਹਿੰਦੇ ਸੀ, ਜੇ ਇਨਕਲਾਬ ਆ ਗਿਆ ਤਾਂ ਸਾਰੇ ਲੋਕ ਬਰਾਬਰ ਹੋ ਜਾਣਗੇ!’ ਕਾਮਰੇਡਾਂ ਦੀਆਂ ਸੁਣੀਆਂ ਗੱਲਾਂ ਮੈਂ ਦੱਸੀਆਂ

ਗੱਲਾਂ ਤਾਂ ਚੰਗੀਆਂ ਕਰਦੇ ਆ ਪਰ ਅਮਲਾਂ ਵਿੱਚ ... ਜ਼ਮੀਨਾਂ ਦੇਣੀਆਂ ਤਾਂ ਇੱਕ ਪਾਸੇ ਰਹੀਆਂ - ਇਨ੍ਹਾਂ ਵਿੱਚ ਜੱਟਪੁਣਾ ਹੋਰਨਾਂ ਨਾਲੋਂ ਘੱਟ ਆ ਕਿਤੇ, ਜਿਹੜੇ ਐਡੀਆਂ ਉੱਚੀਆਂ ਫੜ੍ਹਾਂ ਮਾਰਦੇ ਆ।’

ਮੈਂ ਗੱਲਾਂ ਕਰਦੇ ਸੁਣੇ ਸੀ ਪਈ ਜਿੰਨਾ ਚਿਰ ਕੁਲਵੰਤ ਕੰਮ ਦਿੰਦਾ, ਲਈ ਚਲੋ, ਸਾਡੀ ਸੋਚ ਦਾ ਪ੍ਰਚਾਰ ਹੋ ਰਿਹਾ - ਪਾਰਟੀ ਕੋਲ ਕਿਹੜੇ ਪੈਸੇ ਆ ...।’

ਜਿਮੀਂਦਾਰਾਂ ਤੇ ਸਰਮਾਏਦਾਰਾਂ ਨੂੰ ਚੌਧਰ ਚਾਹੀਦੀ ਆ - ਜਿੱਧਰ ਮਰਜ਼ੀ ਮਿਲ ਜਾਏ! ਚਾਹੇ ਕੁਲਵੰਤ ਨਾਲ ਦਾ ਇਲਾਕੇ ਵਿੱਚ ਬੰਦਾ ਨਈ ਪਰ ਆਹ ਬਾਤ ਦਾ ਬਤੰਗੜ ਬਣਾਉਣ ਆਲਿਆਂ ਦਾ ਕੋਈ ਕੀ ਕਰੇ ਜਿਹੜੇ ਇਹ ਸਾਬਤ ਕਰਨ ’ਤੇ ਟਿੱਲ ਲਾਂਅਦੇ ਆ ਪਈ ਸਾਡੇ ਨਾਲੋਂ ਸੱਚਾ-ਸੁੱਚਾ ਕੋਈ ਨਹੀਂ।’

ਫਿਰ ਪਤਾ ਨਹੀਂ ਭਾਈਆ ਉਸ ਦਿਨ ਕਦੋਂ ਬੋਲਣੋਂ ਹਟਿਆ ਹੋਵੇਗਾ ਮੈਂਨੂੰ ਇੰਨੀ ਗੂੜ੍ਹੀ ਨੀਂਦ ਆਉਂਦੀ ਕਿ ਸੁੱਧ-ਬੁੱਧ ਹੀ ਨਾ ਰਹਿੰਦੀ ਕਿ ਪਾਸਾ ਵੀ ਲਿਆ ਹੋਵੇਗਾ

ਉੱਥੇ ਅਮਲਾਂ ਨਾਲ ਹੋਣਗੇ ਨਿਬੇੜੇ,
ਜਾਤ ਕਿਸੇ ਪੁੱਛਣੀ ਨਹੀਂ

ਸਾਢੇ ਤਿੰਨ ਹੱਥ ਧਰਤੀ ਤੇਰੀ,
ਬਾਹਲੀਆਂ ਜਗੀਰਾਂ ਵਾਲਿਆਂ

ਰੱਬ ਮਿਲਦਾ ਗਰੀਬੀ ਦਾਵ੍ਹੇ,
ਦੁਨੀਆਂ ਗੁਮਾਨ ਕਰਦੀ

ਇੱਕ ਤੜਕੇ ਨੂੰ ਇਹ ਲੋਕ-ਬੋਲੀਆਂ ਟਿਕਾ-ਟਿਕਾ ਤੇ ਦੁਹਰਾਅ-ਦੁਹਰਾਅ ਕੇ ਗਾਉਂਦੇ ਉਸ ਰਮਤੇ-ਮੰਗਤੇ ਸਾਧੂ ਦੀ ਮਨ ਨੂੰ ਧੂਹ ਪਾਉਣ ਵਾਲੀ ਵੈਰਾਗ ਭਰੀ ਆਵਾਜ਼ ਨਾਲ ਮੇਰੀ ਅੱਖ ਖੁੱਲ੍ਹੀਮੈਂ ਮਲਕ ਦੇਣੀ ਝੁੱਲ ਵਿੱਚੋਂ ਮੂੰਹ ਬਾਹਰ ਕੱਢਿਆ

ਹਾਂ, ਝੁੱਲ! ਦਰਅਸਲ, ਇਹ ਝੁੱਲ ਪਿਛਲੇ ਤਿੰਨ ਸਿਆਲਾਂ ਤੋਂ ਸਾਡੀ ‘ਰਜਾਈਸੀ - ਦੋਹਾਂ ਭਰਾਵਾਂ ਦੀਭਾਈਏ ਵਲੋਂ ਸ਼ੂਗਰ ਮਿਲ ਭੋਗਪੁਰ ਵਿੱਚ ਦਿਹਾੜੀਦਾਰ ਵਜੋਂ ਸਿਫ਼ਟ ਡਿਊਟੀ ਕਰਨ ਪਿੱਛੋਂ ਰਾਤ ਨੂੰ ਘਰ ਮੁੜਦਿਆਂ ਉਹਨੂੰ ਇਹ ਰਾਹ ਵਿੱਚੋਂ ਲੱਭਾ ਸੀਬਲਦ ਪਾਲਣ ਦੇ ਕਿਸੇ ਸ਼ੌਕੀਨ ਜ਼ਿਮੀਂਦਾਰ ਵਲੋਂ ਫੁੱਲ-ਬੂਟਿਆਂ ਵਾਲਾ ਇਹ ਝੁੱਲ ਬੜੀ ਰੀਝ ਨਾਲ ਨਵਾਂ ਭਰਾਇਆ ਲਗਦਾ ਸੀ ਤੇ ਸ਼ਾਇਦ ਪਹਿਲੀ ਵਾਰ ਉਸ ਨੇ ਉਸ ਰਾਤ ਆਪਣੇ ਬਲਦ ਨੂੰ ਕੋਰੇ ਅਤੇ ਠੰਢ ਤੋਂ ਬਚਾਉਣ ਲਈ ਉਹਦੇ ਉੱਤੇ ਦੇਣਾ ਸੀਗੰਨੇ ਲੱਦੇ ਗੱਡੇ ਜਦੋਂ ਜਿਮੀਂਦਾਰ ਮਿੱਲ ਨੂੰ ਲਿਜਾਂਦੇ ਤਾਂ ਗੱਡੇ ਦੀ ਲੱਦ ਦੀ ਸਿਖਰ ਤੋਂ ਕਈ ਵਾਰ ਉਨ੍ਹਾਂ ਦੀ ਚਾਦਰ, ਪਰਨਾ ਜਾਂ ਅਜਿਹੀ ਕੋਈ ਹੋਰ ਚੀਜ਼ ਡਿਗ ਪੈਂਦੀ - ਜਿਵੇਂ ਇਹ ਝੁੱਲ

ਪਲ ਦੀ ਪਲ ਮੈਂਨੂੰ ਲੱਗਿਆ ਜਿਵੇਂ ਝੁੱਲ ਵਿੱਚ ਲੁਕਿਆ ਵੱਛਾ ਹੋਵਾਂ ਜਿਸ ਨੇ ਲਗਾਤਾਰ ਗੱਡੇ, ਹਲ-ਪੰਜਾਲੀ ਤੇ ਅੱਗ ਵਾਂਗ ਵਰ੍ਹਦੀ ਧੁੱਪ ਵਿੱਚ ਫਲ੍ਹੇ ਅੱਗੇ ਜੁੜਨਾ ਹੈ ਤੇ ਫਿਰ ਕੰਨ੍ਹ ਪੈਣੀ ਹੈਮੈਂ ਤ੍ਰਬਕ ਕੇ ਉੱਠਿਆ ਤੇ ਮੰਜੇ ’ਤੇ ਬਹਿ ਗਿਆਉਸ ਸਾਧੂ ਦੇ ਬੋਲ ਮੈਂਨੂੰ ਵਿਸਰ ਗਏ ਮੈਂਨੂੰ ਬੈਠੇ-ਬੈਠੇ ਨੂੰ ਨੀਂਦ ਦੀ ਝੋਕ ਜਿਹੀ ਲੱਗ ਗਈਨਾਲ ਪਿਆ ਵੱਡਾ ਭਰਾ ਜਾਗ ਪਿਆ - ਮੈਂਨੂੰ ਝਟਕਾ ਜਿਹਾ ਲੱਗਾ ਜਿਵੇਂ ਕੋਈ ਸੁਪਨਾ ਟੁੱਟ ਗਿਆ ਹੋਵੇਰਮਤੇ ਸਾਧੂ ਦੇ ਬੋਲ ਗਲ਼ੀਆਂ ਵਿੱਚ ਫਿਰ ਗੂੰਜੇ:

ਉੱਥੇ ਜਾਤ ਨਹੀਂ ਕਿਸੇ ਨੇ ਪੁੱਛਣੀ,
ਬੰਦਿਆਂ ਤੂੰ ਮਾਣ ਨਾ ਕਰੀਂ

ਨਾਮਦੇਵ ਦੀ ਬਣਾਈ ਛੱਪਰੀ,
ਧੰਨੇ ਦੀਆਂ ਗਊਆਂ ਚਾਰੀਆਂ

ਨਾਮ ਜਪ ਲਾ ਨਿਮਾਣੀਏ ਜਿੰਦੇ,
ਔਖੀ ਵੇਲੇ ਕੰਮ ਆਊਗਾ

ਅਜਿਹੀਆਂ ਲੋਕ-ਗੀਤ ਨੁਮਾ ਬੋਲੀਆਂ ਪਹਿਲਾਂ ਵੀ ਤੜਕੇ ਨੂੰ ਸਵੇਰ ਹੋਣ ਤਕ ਸੁਣੀਆਂ ਹੋਈਆਂ ਸਨ ਪਰ ਅੱਜ ਵਾਲੇ ਸਾਧੂ ਦੀ ਵਾਜੇ (ਹਰਮੋਨੀਅਮ) ਦੀ ਸੁਰ ਵਿੱਚ ਸਮਾਈ ਸੁਰ ਸਦਕਾ ਮੇਰੇ ਮਨ ਅੰਦਰ ਬੇਸ਼ੁਮਾਰ ਖ਼ਿਆਲ ਪਨਪਣ ਲੱਗੇਮੈਂ ਉੱਠਿਆ ਤੇ ਬਾਹਰਲੇ ਬੂਹੇ ਨੂੰ ਮਲਕ ਦੇਣੀ ਖੋਲ੍ਹ ਕੇ, ਸਰਦਲ ਵਿੱਚ ਖੜ੍ਹਾ ਹੋ ਕੇ, ਸਿਰ ਬਾਹਰ ਨੂੰ ਕੱਢ ਕੇ ਆਲੇ-ਦੁਆਲੇ ਝਾਕਿਆਉਹ ਹਲਕੀ ਜਿਹੀ ਧੁੰਦ ਨੂੰ ਚੀਰਦਾ, ਠੰਢ ਵਿੱਚ ਆਪਣੇ ਨਿੱਘੇ ਬੋਲਾਂ ਨੂੰ ਉਚਾਰਦਾ, ਖਲਾਅ ਵਿੱਚ ਸੋਚਾਂ ਨੂੰ ਖਿਲਾਰਦਾ ਸਹਿਜੇ-ਸਹਿਜੇ ਤੁਰਿਆ ਆ ਰਿਹਾ ਸੀਮੇਰੇ ਬਰੋਬਰੋਂ ਲੰਘਦਿਆਂ ਉਹਨੇ ਅਸ਼ੀਰਵਾਦ ਦੀ ਮੁਦਰਾ ਵਾਂਗ ਆਪਣਾ ਸੱਜਾ ਹੱਥ ਹਵਾ ਵਿੱਚ ਚੁੱਕਿਆਮੈਂ ਮਨ ਹੀ ਮਨ ਪ੍ਰਸੰਨ ਹੋ ਗਿਆ

ਮੈਂ ਦੇਖਿਆ ਕਿ ਉਹਨੇ ਆਪਣੇ ਵਾਜੇ ਦੇ ਦੁਵੱਲੇ ਕੁੰਡਿਆਂ ਵਿੱਚ ਪਰਨਾ ਬੰਨ੍ਹ ਕੇ ਗੱਲ ਵਿੱਚ ਪਾਇਆ ਹੋਇਆ ਸੀ ਤੇ ਆਪ ਭਗਵਾਂ ਪਹਿਰਾਵਾ ਇਸੇ ਦੌਰਾਨ ‘ਹੈਕਨਾਂਦਾ ਕਾਲੂ (ਕੁੱਤਾ) ਮੋਹਰਿਓਂ ਦੌੜਦਾ ਆਉਂਦਾ ਭੌਂਕ ਪਿਆ ਪਰ ਸਾਧੂ ਜੱਟਾਂ ਦੀ ਗਲ਼ੀ ਅੰਦਰ ਨੂੰ ਆਪਣੀ ਮਸਤੀ ਵਿੱਚ ਵਾਜਾ ਵਜਾਉਂਦਾ ਤੇ ਗਾਉਂਦਾ ਜਾਈ ਜਾ ਰਿਹਾ ਸੀ ਉੱਧਰ ਮੇਰੇ ਜ਼ਿਹਨ ਵਿੱਚ ਮੇਰੀਆਂ ਸੋਚਾਂ ਰਗ਼ਾਂ ਵਿੱਚ ਦੌੜਦੇ ਲਹੂ ਵਾਂਗ ਤੇਜ਼ ਰਫ਼ਤਾਰ ਨਾਲ ਸਰਪੱਟ ਦੌੜਨ ਲੱਗੀਆਂ - ਭਾਈਆ, ਮਾਂ ਤੇ ਉਨ੍ਹਾਂ ਦੇ ਬਜ਼ੁਰਗ ਕਈ ਪੀੜ੍ਹੀਆਂ ਤੋਂ ਗਰੀਬੀ-ਭੁੱਖ ਦੇ ਘੋਰ ਦਲਿੱਦਰ, ਹੀਣ-ਜਾਤ ਦੇ ਤਸ਼ੱਦਦ ਦੇ ਸ਼ਿਕਾਰ ਨੇ, ਰੱਬ ਉਨ੍ਹਾਂ ਦੇ ਰਹਿਣ-ਬਹਿਣ ਦੇ ਹਾਲਾਤ ਤੋਂ ਵਾਕਿਫ਼ ਨਹੀਂ ਹੋਣਾ, ਨਹੀਂ ਤਾਂ ਧੰਨੇ ਦੀ ਛੱਪਰੀ ਵਾਂਗ ਸਾਡਾ ਵੀ ਕਾਰਜ ਸੁਆਰ ਦਿੰਦਾਜੇ ਉਹ ਗਰੀਬੀ ਦਾਵ੍ਹੇ ਮਿਲਦਾ ਹੈ ਤਾਂ ਘੱਟੋ-ਘੱਟ ਮਿਲ ਕੇ ਹੀ ਹਾਲਚਾਲ ਪੁੱਛ ਜਾਂਦਾਸਾਡੇ ਕੋਲ ਜਾਂ ਸਾਡੇ ਨਾਲ ਉਹ ਸਭ ਕੁਝ ਹੈ ਜੋ ਉਹਦੇ ਮਿਲਣ ਦੇ ਮੁਤਾਬਿਕ ਹੋਣਾ ਚਾਹੀਦਾ ਹੈ ਜਿਵੇਂ ਉਹ ਸਾਧੂ ਆਖ ਰਿਹਾ ਹੈ

ਇਸੇ ਦੌਰਾਨ ਅਚਾਨਕ ਮੈਂਨੂੰ ਕਾਮਰੇਡ ਮਲਕੀਤ ਚੰਦ ਮੇਹਲੀ ਦਾ ਪਿਛਲੇ ਦਿਨੀਂ ਸਾਡੇ ਪਿੰਡ ਹੋਏ ਜਲਸੇ ਵਿੱਚ ਦਿੱਤੀ ਤਕਰੀਰ ਦਾ ਖ਼ਿਆਲ ਆਇਆ- ਸਵਰਗ ਦਾ ਲਾਰਾ, ਮਨੁੱਖ ਵਲੋਂ ਮਨੁੱਖ ਨੂੰ ਲੁੱਟਣ ਦੀ ਇੱਕ ਸੋਚੀ-ਸਮਝੀ ਚਤਰਾਈ ਭਰੀ ਚਾਲ ਐ - ਇਹ ਵਿਹਲੜ ਟੋਲਾ ਜਿਸ ਮਿਹਨਤੀ ਸਮਾਜ ’ਤੇ ਪਲਦਾ - ਉਹਨੂੰ ਹੀ ਕੋਸਦਾ - ਮੋਹ-ਮਾਇਆ ਤੋਂ ਦੂਰ ਰਹਿਣ ਲਈ ਕਹਿੰਦਾ ਤੇ ਆਪ ਗਲ-ਗਲ ਤਕ ਇਸ ਵਿੱਚ ਧੱਸਿਆ ਹੋਇਆ ਹੈ - ਇਹ ਸਾਰਾ ਦੰਭ ਐ, ਪਖੰਡ ਐਧੁਆਡੇ ਦੁੱਖ-ਦਲਿੱਦਰ, ਗਰੀਬੀ ਤੇ ਭੁੱਖਮਰੀ ਦਾ ਇੱਕੋ- ਇੱਕ ਰਾਹ ਹੈ- ਇਨਕਲਾਬ, ਸਾਰੇ ਸਮਾਜ ਦੀ ਭਾਈਵਾਲੀਤੁਸੀਂ ਸਾਥ ਦਿਓ, ਇਨਕਲਾਬ ਸਾਡੀਆਂ ਬਰੂਹਾਂ ’ਤੇ ਐ।’ ਫਿਰ ਉਹਨੇ ਨਾਅਰੇ ਲਾਏ ਸਨ - 'ਦੁਨੀਆਂ ਭਰ ਦੇ ਮਜ਼ਦੂਰੋ ਇੱਕ ਹੋ ਜਾਓ, ਕਿਸਾਨ-ਮਜ਼ਦੂਰ ਏਕਤਾ - ਜ਼ਿੰਦਾਬਾਦ। ਇਨਕਲਾਬ - ਜ਼ਿੰਦਾਬਾਦ!’

ਬੋਲਦੇ ਵਕਤ ਕਾਮਰੇਡ ਮੇਹਲੀ ਦੀ ਧੌਣ ਦੀਆਂ ਨਾੜਾਂ ਫੁੱਲ ਗਈਆਂ ਸਨ ਜਿਵੇਂ ਉਨ੍ਹਾਂ ਅੰਦਰ ਲਹੂ ਨਹੀਂ ਹਵਾ ਭਰ ਗਈ ਹੋਵੇਕਾਲਾ ਚਿਹਰਾ ਲਾਖਾ ਹੋ ਗਿਆ ਤੇ ਅੱਖਾਂ ਵਿੱਚ ਲਾਲਗੀ ਦਿਸਣ ਲੱਗੀਰੋਹ ਤੇ ਵਿਦਰੋਹ ਨੇ ਉਹਦੇ ਹੁਣ ਵਾਲੇ ਤੇ ਪਹਿਲੇ ਚਿਹਰੇ ਵਿੱਚ ਵੱਡਾ ਫ਼ਰਕ ਪਾ ਦਿੱਤਾਜਦੋਂ ਉਹ ਆਪਣੇ ਸੱਜੇ ਹੱਥ-ਬਾਂਹ ਨੂੰ ਚੁੱਕ-ਚੁੱਕ ਹਵਾ ਵਿੱਚ ਉਲਾਰਦਾ ਤਾਂ ਉਹਦਾ ਸਰੀਰ ਵੀ ਕਦੇ ਅੱਗੇ ਤੇ ਕਦੇ ਪਿੱਛੇ ਨੂੰ ਹੁੰਦਾ ਜਿਵੇਂ ਚਾਬੀ ਵਾਲਾ ਖਿਡੌਣਾ ਛਣਕਾਟਾ ਪਾਉਂਦਾ ਅਗਾਂਹ-ਪਿਛਾਂਹ ਹੁੰਦਾ ਹੈ

ਸਕੂਲ ਦੇ ਵੱਡੇ-ਖੁੱਲ੍ਹੇ ਵਿਹੜੇ ਵਿੱਚ ਬੈਠੇ ਲੋਕਾਂ ਵਿੱਚ ਜੋਸ਼ ਤੇ ਜਜ਼ਬਾ ਪ੍ਰਤੱਖ ਦਿਸਦਾ ਸੀਮੈਂ ਸੋਚਾਂ ਵਿੱਚ ਹੈਰਾਨ ਹੋ ਕੇ ਰਹਿ ਗਿਆ ਕਿ ਅੱਧਖੜ ਉਮਰ ਦੇ ਉਸ ਸਾਧਾਰਣ ਦਿੱਖ ਦੇ ਦਰਮਿਆਨੇ ਜਿਹੇ ਕੱਦ-ਕਾਠ ਵਾਲੇ ਪੱਕੇ ਰੰਗ ਦੇ ਬੰਦੇ, ਜਿਸਦੇ ਮੂੰਹ ਉੱਤੇ ਚੇਚਕ ਦੇ ਡੂੰਘੇ ਤੇ ਵੱਡੇ ਦਾਗ਼ ਹਨ, ਨੂੰ ਗੱਲਾਂ ਕਿੱਥੋਂ ਉੱਤਰਦੀਆਂ ਹਨ! ਰੱਬ ਕੋਲੋਂ ਉੱਕਾ ਭੈ ਨਹੀਂ ਖਾਂਦਾ

ਇਹ ਸਭ ਸੋਚਦਿਆਂ ਮੇਰੀਆਂ ਰਗ਼ਾਂ ਵਿੱਚ ਇੱਕ ਵਾਰ ਫਿਰ ਖ਼ੂਨ ਖੌਲਣ ਲੱਗ ਪਿਆਰਮਤੇ ਸਾਧੂ ਦੇ ਬੋਲ ਗਲ਼ੀਆਂ ਵਿੱਚ ਗੂੰਜਦੇ ਹੋਏ ਹੁਣ ਹਵਾ ਵਿੱਚ ਰਲ ਰਹੇ ਸਨਮੈਂ ਮੁੜ ਦਲਾਨ ਅੰਦਰ ਆਪਣੇ ਝੁੱਲ ਵਿੱਚ ਜਾ ਲੁਕਿਆ

ਜੱਟਾਂ-ਜਿਮੀਦਾਰਾਂ ਨੂੰ ਕਿੱਥੇ ਸੁਣਦਾ - ਸਾਢੇ ਤਿੰਨ ਹੱਥ ਧਰਤੀ ਤੇਰੀ, ਬਾਹਲੀਆਂ ਜਗੀਰਾਂ ਆਲਿਆ! ਜੇ ਸੁਣ ਪਿਆ ਹੁੰਦਾ ਤਾਂ ਸਾਡੇ ਬਾਰੇ ਬੀ ਸੋਚਦੇ ਪਈ ਇਨ੍ਹਾਂ ਹਮਾਤੜਾਂ ਨੂੰ ਨਾ ਦੁਰਕਾਰੋ, ਬਗਾਰਾਂ-ਬੁੱਤੀਆਂ ਨਾ ਕਰਾਓ, ਕੁਛ ਥਾਂ-ਥੱਥਾ ਦਿਓ, ਅਈਨੇ ਚਿਰਾਂ ਤੋਂ ਧੁਆਡੀ ਸੇਬਾ ਕਰਦੇ ਆ।’ ਭਾਈਏ ਨੇ ਮੰਜੇ ਤੋਂ ਉੱਠਦਿਆਂ ਜਿਵੇਂ ਸਾਨੂੰ ਸੁਣਾ ਕੇ ਆਖਿਆ ਹੋਵੇਜ਼ਰਾ ਕੁ ਬਾਅਦ ਜੋ ਉਹਦੇ ਚਿੱਤ ਵਿੱਚ ਆਇਆ ਕਹਿਣ ਲੱਗਾ, ‘ਨਾਮ ਜਾਂ ਭਾਗਾਂ ਦੇ ਖੇਲ੍ਹ ਨੇ ਕੀ ਸੁਆਰਨਾ, ਬਥੇਰਾ ਕਰਮ ਕਰੀਦਾ, ਦਿਨ-ਰਾਤ ਸਖ਼ਤ ਮਿਹਨਤ ਕਰਦਿਆਂ ਦਾ ਖੋਪਰ ਘਸ ਚੱਲਾ - ਕੁਝ ਨਹੀਂ ਬਣਿਆਜੇ ਕੋਈ ਸੱਚ ਪੁੱਛੇ ਤਾਂ ਮੈਂ ਕੲ੍ਹੀਨਾ ਪਈ ਮਨ ਵਿੱਚ ਪੱਕਾ ਭਰੋਸਾ ਰੱਖੋ ਤੇ ਆਪਣੇ ਬਲਬੂਤੇ ਖੜ੍ਹੇ ਹੋਬੋ!’

ਝੁੱਲ ਵਿੱਚ ਸਾਨੂੰ ਦੋਹਾਂ ਭਰਾਵਾਂ ਨੂੰ ਘੁਸਰ-ਮੁਸਰ ਕਰਦਿਆਂ ਦੇਖ ਭਾਈਏ ਨੇ ਆਖਿਆ, ‘ਬਿਰਜੂ ਤੂੰ ਤਾਂ ਬਥੇਰਾ ਹੱਥ-ਪੱਲਾ ਪੁਆਉਨਾ ਪਰ ਹਾਅ ਬਦਨੀਤਾ ਡੱਕਾ ਭੰਨ ਕੇ ਦੋਹਰਾ ਨਹੀਂ ਕਰਦਾ! ਰੋਟੀਆਂ ਭੰਨਣ ’ਤੇ ਹੋਇਆ ਬੱਸ।’

ਮੇਰੇ ਮਨ ਵਿੱਚ ਖ਼ਿਆਲਾਂ ਦੀ ਸੂਈ ਤੇਜ਼-ਤੇਜ਼ ਪਿਛਾਂਹ ਨੂੰ ਚੱਲਣ ਲੱਗੀ – ਚਾਰ-ਪੰਜ ਕਿਲੋਮੀਟਰ ਦੂਰ ਆਪਣੇ ਮਿਡਲ ਸਕੂਲ ਗੀਗਨਵਾਲ ਨੂੰ ਤੁਰ ਕੇ ਪੜ੍ਹਨ ਜਾਨਾਂ - ਆਉਂਦਾ ਹੋਇਆ ਬਗਲ ਵਿੱਚ ਝੋਲੇ ਸਣੇ ਸੋਹਲਪੁਰੋਂ ਬਰਸੀਨ, ਛਟਾਲਾ, ਸੇਂਜੀ ਤੇ ਕਦੀ ਕੜਬ ਦੀਆਂ ਦੋ-ਦੋ ਭਰੀਆਂ ਇਕੱਠੀਆਂ ਸਿਰ ’ਤੇ ਚੁੱਕ ਕੇ ਲਿਆਉਨਾ - ਕਦੀ ਭਾਈਏ ਜਾਂ ਬੜੇ ਭਰਾ ਨਾਲ ਗੰਨੇ ਛਿੱਲਣ ਜਾਨਾਂ - ਢੱਡੇ-ਸਨੌਰੇ ਤੋਂ ਕਣਕ ਤੇ ਮੱਕੀ ਦਾ ਪੰਦਰਾਂ-ਵੀਹ ਕਿਲੋ ਆਟਾ ਪਿਸਾ ਕੇ ਲਿਆਉਨਾ - ਹੋਰ ਮੈਂ ਕੀ ਕਰਾਂ! ਮੈਂ ਕਈ ਦਲੀਲਾਂ ਸੋਚਦਾ ਕਿ ਹੋਰ ਕੀ-ਕੀ ਕਰਾਂ ਕਿ ਭਾਈਆ ਗੰਦ-ਮੰਦ ਬੋਲਣੋਂ ਹਟ ਜਾਵੇ ਤੇ ਮੈਂਨੂੰ ਵੱਢੂੰ-ਟੁੱਕੂੰ ਨਾ ਕਰੇ ਤੇ ਨਾ ਹੀ ਲਾਹ-ਪਾਹ ਕਰੇ

ਥੋੜ੍ਹਾ ਕੁ ਚਿਰ ਬਾਅਦ ਮੈਂਨੂੰ ਲੱਗਿਆ ਜਿਵੇਂ ਸਿਆਲ ਦੀ ਰੁੱਤ ਕਿਸੇ ਕਾਮਰੇਡ ਦੀ ਤਕਰੀਰ ਵਾਂਗ ਹੋਰ ਲੰਮੀ ਹੁੰਦੀ ਜਾ ਰਹੀ ਹੋਵੇਠੰਢ ਨੇ ਆਪਣਾ ਸ਼ਿਕੰਜਾ ਦਿਨ-ਰਾਤ ਸਾਡੇ ਉੱਤੇ ਕੱਸਿਆ ਹੋਇਆ ਸੀਨੰਗੇ ਪੈਰ ਤੇ ਤਨ ਢਕਣ ਲਈ ਅਸਮਾਨੀ ਰੰਗ ਦੇ ਮਲੇਸ਼ੀਏ ਦੇ ਝੱਗੇ-ਪਜਾਮੇ ਥਾਣੀਂ ਸਰੀਰ ਨੂੰ ਚੀਰਦੀ ਹਵਾ ਜਿਵੇਂ ਮੇਰੀ ਜ਼ਿੰਦਗੀ ਦਾ ਮਲ਼ੀਆਮੇਟ ਕਰਨ ਵਿੱਚ ਜੁਟੀ ਹੋਵੇਸਕੂਲ ਜਾਂਦਿਆਂ ਮਨ ਨੂੰ ਧੁੜਕੂ ਲੱਗਾ ਰਹਿੰਦਾ ਕਿ ਮਾਸਟਰ ਕਿਸ਼ਨ ਚੰਦ ਅੱਜ ਫਿਰ ਨਾ ਪੁੱਛ ਲਵੇ ...ਪ੍ਰਾਰਥਨਾ ਪਿੱਛੋਂ ਉਹ ਵਿਦਿਆਰਥੀਆਂ ਨੂੰ ਅਕਸਰ ਮੁਖ਼ਾਤਿਬ ਹੁੰਦਾ ਤੇ ਪੁੱਛਦਾ, ‘ਜਿਨ੍ਹਾਂ-ਜਿਨ੍ਹਾਂ ਨੇ ਵਰਦੀ ਨਹੀਂ ਪਾਈ ਹੋਈ, ਖੜ੍ਹੇ ਹੋ ਜਾਓ!’

ਮੇਰੇ ਸਣੇ ਸਾਰੇ ਸਕੂਲ ਵਿੱਚੋਂ ਗਿਣਤੀ ਦੇ ਦਸ-ਬਾਰਾਂ ਕੁੜੀਆਂ-ਮੁੰਡੇ ਖੜ੍ਹੇ ਹੁੰਦੇਮਨ ਰੋਣਹਾਕਾ ਹੋ ਜਾਂਦਾਬਗਲੇ ਵਰਗੀ ਮੇਰੀ ਲੰਮੀ-ਪਤਲੀ ਧੌਣ ਸ਼ਰਮ ਵਿੱਚ ਹੋਰ ਨੀਵੀਂ ਹੋ ਜਾਂਦੀਮਹਿਸੂਸ ਹੁੰਦਾ ਜਿਵੇਂ ਮੈਂ ਧਰਤੀ ਵਿੱਚ ਗਰਕ ਹੋਈ ਜਾ ਰਿਹਾ ਹੋਵਾਂਖ਼ਿਆਲ ਆਉਂਦਾ - ਸ਼ੁਕਰ ਆ ਪਈ ਠੁਰਠੁਰ ਕਰਦਾ ਸਕੂਲ ਪਹੁੰਚ ਗਿਆਂ - ਕਿਤੇ ਰਾਹ ਵਿੱਚ ਹੀ ਨਹੀਂ ਡਿਗ ਪਿਆ ਜਿਵੇਂ ਸੋਹਲਪੁਰ ਵਾਲੇ ‘ਬੁੜ੍ਹਿਆਂਦਾ ਕੱਟਾ ਸਿਆਲ ਦੀ ਠੰਢ ਨਾਲ ਫੁੜਕ ਕੇ ਡਿਗ ਪਿਆ ਸੀਜ਼ਮੀਨ ’ਤੇ ਪਈ ਉਹਦੀ ਲਾਸ਼ ਦੀ ਖੱਬੀ ਖੁੱਲ੍ਹੀ ਅੱਖ ਦਾ ਚੇਤਾ ਆਉਂਦਿਆਂ ਮੇਰਾ ਤਨ-ਮਨ ਝੁਣਝਣੀ ਖਾ ਗਿਆ

ਜਿਨ੍ਹਾਂ-ਜਿਨ੍ਹਾਂ ਕੋਲ ਘਰ ਤੇ ਸਕੂਲ ਵਾਸਤੇ ਇਹੋ ਕੱਪੜੇ ਆ - ਉਹ ਖੜ੍ਹੇ ਰਹਿਣ, ਬਾਕੀ ਬਹਿ ਜਾਓ!’ ਉਮਰ ਦੀਆਂ ਤ੍ਰਕਾਲਾਂ ਵਲ ਕਾਹਲੀ ਨਾਲ ਵਧ ਰਿਹਾ, ਦਰਮਿਆਨੇ ਕੱਦ, ਗੋਰੇ ਰੰਗ, ਚਿੱਟੀਆਂ ਮੁੱਛਾਂ, ਸਿਰ ’ਤੇ ਪਾਧਾ-ਪੱਗ, ਗੱਲ-ਕਮੀਜ਼ ਤੇ ਤੇੜ ਪਜਾਮਾ ਪਹਿਨਦੇ ਮਾਸਟਰ ਕਿਸ਼ਨ ਚੰਦ ਨੇ ਆਪਣੀ ਭਾਰੀ ਆਵਾਜ਼ ਵਿੱਚ ਫਿਰ ਪੁੱਛਿਆ

ਧੁੰਦ ਦੇ ਉੱਡਦੇ-ਜੁੜਦੇ ਬੱਦਲਾਂ ਵਾਂਗ ਮੇਰੇ ਮਨ ਵਿੱਚ ਖ਼ਿਆਲਾਂ ਦੀਆਂ ਲੜੀਆਂ ਜੁੜਨ ਲੱਗੀਆਂ - ਮੇਰੇ ਨਵੇਂ ਸਕੂਲ ਵਿੱਚ ਮੇਰੀ ਹੀਣੀ ਜਾਤ, ਘੋਰ ਗਰੀਬੀ ਕਾਰਨ ਲਾਚਾਰੀਆਂ, ਮਜਬੂਰੀਆਂ ਦਾ ਕਿਸੇ ਨੂੰ ਪਤਾ ਨਹੀਂ ਹੋਵੇਗਾ ਪਰ ਇਹ ਸਭ ਕੁਝ ਸਕੂਲ ਅੰਦਰ ਪੈਰ ਪਾਉਣ ਦੇ ਕੁਝ ਦਿਨਾਂ ਵਿੱਚ ਹੀ ਤੇ ਮਾਸਟਰਾਂ ਦੇ ਨਿੱਤ ਨਵੇਂ ਵਰਦੀ-ਸਿਆਪੇ ਨਾਲ ਕਿਸੇ ਦੁਰਗੰਧ ਵਾਂਗ ਫ਼ੈਲ ਚੁੱਕਾ ਸੀਮਨ ਦੇ ਆਕਾਸ਼ ਵਿੱਚ ਤੇਜ਼ ਰਫ਼ਤਾਰ ਨਾਲ ਨ੍ਹੇਰੀ-ਝੱਖੜ ਝੁੱਲਣ ਲੱਗ ਪਿਆ ਜਿਸ ਨੇ ਮੇਰੇ ਸਵੈਮਾਣ ਦੀਆਂ ਜੜ੍ਹਾਂ ਹਿਲਾਉਣ, ਤਨ-ਤਣਾ ਭੰਨਣ-ਤੋੜਨ ਵਿੱਚ ਟਿੱਲ ਲਾਇਆਫਿਰ ਖ਼ਿਆਲ ਆਉਂਦਾ - ਸਾਨੂੰ ਸਾਰਿਆਂ ਕੁੜੀਆਂ-ਮੁੰਡਿਆਂ ਦੇ ਪਿੰਡਾਂ ਦੀਆਂ ਪੱਤੀਆਂ, ਜਾਤਾਂ, ਮਾਸਟਰਾਂ ਦਾ ਵੀ ਅੱਗਾ-ਪਿੱਛਾ ਪਤਾ - ਮੇਰੇ ਬਾਰੇ ਪਤਾ ਲੱਗਣਾ ਕਿਹੜੀ ਜੱਗੋਂ ਬਾਹਰੀ ਗੱਲ ਹੈ! ਇਸ ਸਚਾਈ ਨੇ ਮੇਰੇ ਸਵੈ ਭਰੋਸੇ ਉੱਤੇ ਛਾਏ ਬੱਦਲਾਂ ਨੂੰ ਛੰਡ ਦਿੱਤਾਮੇਰਾ ਹੌਸਲਾ ਫਿਰ ਬੁਲੰਦ ਹੋ ਗਿਆਮਨ ਕਾਫ਼ੀ ਹੱਦ ਤਕ ਹੌਲਾ ਹੋ ਗਿਆ

ਠੰਢ ਕੋਸੀਆਂ ਧੁੱਪਾਂ ਵਿੱਚ ਬਦਲ ਗਈਰੁੱਖਾਂ ਉੱਤੇ ਪਤਝੜ ਸਵਾਰ ਹੋ ਗਈਨਿਪੱਤਰੇ ਬਿਰਖ ਇਉਂ ਲਗਦੇ ਜਿਵੇਂ ਮੇਰੇ ਆਪਣੇ ਸਕੇ-ਸੰਬੰਧੀ ਤੇ ਭੈਣ-ਭਰਾ ਹੋਣਮਿਹਨਤੀ ਬੰਦਿਆਂ ਵਾਂਗ ਨੰਗੇ ਤਨ ਕੜਾਕੇਦਾਰ ਗਰਮੀਆਂ-ਸਰਦੀਆਂ ਝੱਲਦੇ ਹਨਔੜਾਂ-ਥੁੜਾਂ ਵਿੱਚ ਛਾਵਾਂ ਵੰਡਦੇ ਹਨ - ਬਰਸਾਤਾਂ ਨੂੰ ਓਟ ਦਿੰਦੇ ਹਨਜਦੋਂ ਉਹ ਫੈਲਣ ਲਗਦੇ ਹਨ ਤਾਂ ਮਾਲਕਾਂ ਵਲੋਂ ਬੇਰਹਿਮੀ ਨਾਲ ਉਨ੍ਹਾਂ ਦੇ ਸਿਰ ਕਲਮ ਕਰ ਦਿੱਤੇ ਜਾਂਦੇ ਹਨ - ਲੱਤਾਂ-ਬਾਹਾਂ ਵਰਗੇ ਟਾਹਣ ਵੱਢ ਦਿੱਤੇ ਜਾਂਦੇ ਹਨਅਜਿਹੇ ਖ਼ਿਆਲ ਆਉਂਦਿਆਂ ਤੀਜਾ-ਚੌਥਾ ਹਿੱਸਾ ਛਾਂਗੇ ਰੁੱਖ ਮੇਰੇ ਭਾਈਏ, ਤਾਇਆਂ ਤੇ ਉਨ੍ਹਾਂ ਦੇ ਪੁੱਤਾਂ ਵਿੱਚ ਬਦਲ ਗਏ

ਡਰਾਉਣਾ ਸਿਆਲ ਫਿਰ ਛਾਲਾਂ ਮਾਰਦਾ ਆ ਰਿਹਾ ਸੀਕਮਿਊਨਿਸਟ ਸਹਿਕਾਰੀ ਖੰਡ ਮਿਲ ਭੋਗਪੁਰ ਨੂੰ ਆਪਣੀਆਂ ਸਰਗਰਮੀਆਂ ਦਾ ਕੇਂਦਰ ਬਣਾਉਣ ਦੇ ਦਾਅ-ਪੇਚਾਂ ਵਿੱਚ ਲੱਗੇ ਹੋਏ ਸਨਕਿਸਾਨ-ਮਜ਼ਦੂਰ ਏਕਤਾ ਦੇ ਨਾਅਰੇ ਐਤਕੀਂ ਹੋਰ ਜ਼ੋਰਦਾਰ ਆਵਾਜ਼ ਵਿੱਚ ਗੂੰਜਣ ਲੱਗੇਨਤੀਜਾ- ਨਵੇਂ ਬਣੇ ਐੱਮ.ਐੱਲ.ਏ. ਕਾਮਰੇਡ ਕੁਲਵੰਤ ਸਿੰਘ ਦੀ ਅਗਵਾਈ ਹੇਠ ਪੂਰੀਆਂ ਤਿਆਰੀਆਂ ਪਿੱਛੋਂ ਵੱਡੀ ਗਿਣਤੀ ਵਿੱਚ ਗ੍ਰਿਫ਼ਤਾਰੀਆਂ

ਮੇਰੇ ਚਿੱਤ ਵਿੱਚ ਆਉਂਦਾ ਕਿ ਮੈਂਨੂੰ ਕਾਮਰੇਡਾਂ ਦੇ ਮੂੰਹ ਚੜ੍ਹੀਆਂ ਗੱਲਾਂ ਨਾਲੋਂ ਵੀ ਵੱਧ ਵਿਚਾਰ - ਜਾਣਕਾਰੀ ਹੋਵੇਥੋੜ੍ਹਾ ਹੋਰ ਵੱਡਾ ਹੋ ਕੇ ਜੋਸ਼ੀਲੇ - ਫ਼ਰਾਟੇਦਾਰ ਭਾਸ਼ਨ ਕਰਾਂ ਤੇ ਲੋਕਾਂ ਨੂੰ ਕਾਇਲ ਕਰਾਂਜਦੋਂ ਕੋਈ ਰੂਸ ਅੰਦਰ ਸਮਾਜਿਕ ਬਰਾਬਰੀ ਤੇ ਇਕਸਾਰ ਤਰੱਕੀ ਦੀਆਂ ਗੱਲਾਂ ਕਰਦਾ ਤਾਂ ਮੈਂ ਆਪਣੇ ਭਵਿੱਖ ਦੀ ਸੁੱਖਾਂ-ਭਰੀ ਕਲਪਨਾ ਕਰ ਕੇ ਮਨ ਹੀ ਮਨ ਹੁੱਬਦਾ

... ਤੇ ਲੋਕ ਮਿਲ ਦੀਆਂ ਗ੍ਰਿਫ਼ਤਾਰੀਆਂ ਦੀਆਂ ਗੱਲਾਂ ਕਰਦੇ, ਖ਼ਾਸ ਕਰਕੇ ਜੱਟ ਭਾਈਏ ਹੁਰਾਂ ਨੂੰ ਪੁੱਛਦੇ, ‘ਈਸਰ, ਦੌਲਤੀ ਤੇ ਮੁਣਸ਼ਾ ਸੁੰਹ ਛੜੇ ਦਾ ਕਿਹੜਾ ਕਮਾਦ ਆ ਜਿਹੜਾ ਭਾਅ ਵਧਾਉਣ ਤੇ ਬਿਜਲੀ ਚੌਵੀ ਘੰਟੇ ਕਰਾਉਣ ਲਈ ਜੇਲ ਵਿੱਚ ਬਈਠੇ ਆ... ਬੜੇ ਕਾਮਰੇਡੀ ਦੇ ਚੱਕਿਓ ਆ।’

ਅੱਜ ਸਾਡੇ ਬੰਦੇ ਧੁਆਡਾ ਸਾਥ ਦਿੰਦੇ ਆ - ਭਲਕੇ ਤੁਸੀਂ ਸਾਡੇ ਨਾਲ ਤੁਰੂੰਗੇ! ਕਿਉਂ? ਕੀ ਖਿਆਲ ਆ?’ ਭਾਈਏ ਨੇ ‘ਪੱਕਿਆਂ ਵਾਲਿਆਂਦੇ ਬਜ਼ੁਰਗ ਵਤਨ ਸਿੰਘ ਨੂੰ ਮੋੜਵਾਂ ਸਵਾਲ ਕੀਤਾ ਜਦੋਂ ਅਸੀਂ ਉਨ੍ਹਾਂ ਦੇ ਟਿੱਬੇ ਵਿੱਚੋਂ ਮੂੰਗਫਲੀ ਪੱਟ ਕੇ ਘਰਾਂ ਨੂੰ ਮੁੜ ਰਹੇ ਸੀ

ਵਤਨ ਸਿੰਘ ਨੇ ਆਪਣੇ ਸ਼ੇਰ ਵਰਗੇ ਮੂੰਹ ਉਤਲੇ ਚਿੱਟੇ-ਫੱਬਵੇਂ ਤੇ ਲੰਮੇ ਦਾਹੜੇ ਉੱਤੇ ਹੱਥ ਫੇਰਦਿਆਂ ਖੁਣਸੀ ਜਿਹਾ ਹਾਸਾ ਹੱਸਿਆ ਤੇ ਮੂੰਹੋਂ ਕੁਝ ਵੀ ਨਾ ਬੋਲਿਆਫਿਰ ਆਪਣੀ ਧੁੱਦਲ ਭਰੀ ਲੱਕੀ ਜੁੱਤੀ ਨੂੰ ਪ੍ਰੈਣ ਨਾਲ ਝਾੜਨ ਪਿੱਛੋਂ ਕਿਸੇ ਫ਼ਖ਼ਰ ਨਾਲ ਬੰਬੀ ਵਲ ਨੂੰ ਤੁਰ ਪਿਆਤਾਇਆਂ ਦੇ ਪੁੱਤ ਮੰਗੀ - ਸੋਹਣੂ ਖ਼ਾਮੋਸ਼ ਖੜ੍ਹੇ ਸਨ

ਭਾਈਏ ਨੇ ਵਤਨ ਸਿੰਘ ਦੀ ਪਿੱਠ ਵਲ ਦੇਖਦਿਆਂ ਟਿੱਪਣੀ ਕੀਤੀ, ‘ਬੜੇ ਨਸ਼ੁਕਰੇ ਆ ਇਹ ਲੋਕ - ਕਿਸੇ ਦੇ ਖ਼ਿਆਲਾਂ ਦੀ ਉੱਕੀ ਪ੍ਰਬਾਹ ਨਹੀਂਇਨ੍ਹਾਂ ਖਾਤਰ ਆਪਣਾ ਦਿਹਾੜੀ-ਢੱਪਾ ਛੱਡ ਕੇ ਜੇਲ ਬਈਠੇ ਆ ਤੇ ਇਹ ਟਾਂਚਾਂ ਕਰਦੇ ਨਹੀਂ ਥੱਕਦੇਐਮੀਂ ਥੋੜ੍ਹੋ ਕੲ੍ਹੀਂਦੇ ਆ, ਜੱਟ ਕੀ ਜਾਣੇ ਗੁਣ ਨੂੰ, ਲੋਹਾ ਕੀ ਜਾਣੇ ਘੁਣ ਨੂੰ!’

ਸਾਡੀ ਬਿਰਾਦਰੀ ਦੇ ਜੇਲ ਗਏ ਕਮਿਊਨਿਸਟ-ਹਮਦਰਦਾਂ ਬਾਰੇ ਕਈ ਦਿਨਾਂ ਤਕ ਗੱਲਾਂ ਹੁੰਦੀਆਂ ਰਹੀਆਂ ਭਾਵੇਂ ਉਹ ਵਾਪਸ ਘਰਾਂ ਨੂੰ ਮੁੜ ਆਏ ਸਨਕੋਈ ਕਹਿੰਦਾ, ‘ਇਹ ਸਾਰਾ ਕੁਛ ਪਾਰਟੀ ਦੀ ਲੀਡਰੀ ਚਮਕਾਉਣ ਲਈ ਆ।’ ਕੋਈ ਕਹਿੰਦਾ, ‘ਇਹ ਸਾਰੇ ਵੱਡੇ ਜਿਮੀਂਦਾਰਾਂ ਦੇ ਢਹੇ ਚੜ੍ਹਿਓ ਆ।’

ਤੇ ਜਦੋਂ ਝੋਨਿਆਂ ਦੀ ਲਵਾਈ, ਤਾਲਾਈ ਤੇ ਮੱਕੀਆਂ ਦੀ ਗੁਡਾਈ ਆਈ ਤਾਂ ਵਿਹੜੇ ਦੇ ਕੰਮੀਆਂ ਨੇ ਬੋਹੜ-ਪਿੱਪਲ ਥੱਲੇ ਏਕਾ ਕਰ ਕੇ ਇੱਕ ਰੁਪਇਆ ਦਿਹਾੜੀ ਵਧਾਉਣ ਦਾ ਮਤਾ ਪਕਾਇਆਇਹਦੀ ਖ਼ਬਰ ਰਾਤੋ-ਰਾਤ ਸਾਰੇ ਪਿੰਡ ਘਰ-ਘਰ ਪਹੁੰਚ ਗਈ

ਅਗਲੀ ਸਵੇਰ ਪਿੰਡ ਵਿੱਚ ਐਸੀ ਹਵਾ ਵਗੀ ਕਿ ਮਾਹੌਲ ਵਿੱਚ ਖ਼ਾਮੋਸ਼ੀ ਭਰ ਗਈਜੱਟਾਂ-ਜਿਮੀਂਦਾਰਾਂ ਤੇ ਕੰਮੀਆਂ ਵਿਚਾਲੇ ਖਲਾਅ ਹੀ ਦੀਵਾਰ ਬਣ ਕੇ ਖੜ੍ਹਾ ਹੋ ਗਿਆਜੱਟਾਂ ਦੇ ਮੁੰਡੇ ਮੁੱਛਾਂ ਨੂੰ ਤਾਅ ਦਿੰਦੇ ਹੋਏ ਡਾਂਗਾਂ ਲੈ ਕੇ ਤਕਾਲੀਂ-ਸਵੇਰੇ ਫਿਰਨੀ ਉੱਤੇ ਗੇੜੇ ਮਾਰਨ ਲੱਗੇ ਕਿ ਉਨ੍ਹਾਂ ਦੇ ਖੇਤਾਂ ਵਿੱਚ ਕੋਈ ਕੰਮੀ-ਕਮੀਣ ਟੱਟੀ ਫਿਰਨ ਲਈ ਨਾ ਬੈਠੇਬੰਦੇ ਨਾਲ ਦੇ ਪਿੰਡਾਂ ਵਿੱਚ ਜੰਗਲ-ਪਾਣੀ ਜਾਣ ਲੱਗ ਪਏਔਰਤਾਂ, ਬੱਚਿਆਂ ਨੂੰ ਬਾਹਲੀ ਤੰਗੀ ਹੋ ਗਈ

ਬਿਰਾਦਰੀ ਦੇ ਬੰਦੇ ਨਾਲ ਦੇ ਪਿੰਡਾਂ ਵਿਚਲੇ ਕੰਮੀਆਂ ਨੂੰ ਪੱਕਾ ਕਰ ਕੇ ਆਏ ਕਿ ਉਹ ਮਾਧੋਪੁਰ ਦਿਹਾੜੀ ਕਰਨ ਲਈ ਨਾ ਆਉਣਹਾਲਤ ਕਾਹਲੀ ਨਾਲ ਚਿੰਤਾ ਫ਼ਿਕਰ ਤੇ ਤਣਾਅ ਵਾਲੇ ਹੋ ਗਏਬਹੁਤੇ ਪਰਿਵਾਰ ਆਪਣੀਆਂ ਮੱਝਾਂ-ਗਾਵਾਂ, ਕੱਟੀਆਂ-ਵੱਛੀਆਂ ਰਿਸ਼ਤੇਦਾਰਾਂ ਦੇ ਛੱਡਣ ਲਈ ਮਜਬੂਰ ਹੋ ਗਏਕੁਝ ਕੁ ਦੇ ਹੌਸਲੇ ਅਜੇ ਬੁਲੰਦ ਸਨ ਤੇ ਕਈਆਂ ਦੇ ਮੂੰਹ ਸੂਤੇ ਜਿਹੇ ਲਗਦੇ ਸਨ

ਪੰਜਾਂ-ਛੇਆਂ ਦਿਨਾਂ ਬਾਅਦ ਸਾਡੇ ਵਿਹੜੇ ਦੇ ਲੋਕ ਫਿਰ ਅਗਲੀ ਕਾਰਵਾਈ ਲਈ ਸਿਰ ਜੋੜ ਕੇ ਸਲਾਹ ਲਈ ਬੈਠੇਤਾਏ ਰਾਮੇ ਨੇ ਦੱਸਿਆ, ‘ਬਈ ਜਿਮੀਂਦਾਰਾਂ ਨੇ ਸਨੇਹਾ ਘੱਲਿਆ ਕਿ ਦਿਹਾੜੀ ਵਧਾਉਣ ਦੀ ਮੰਗ ਛੱਡ ਦਿਓ - ਨਹੀਂ ਤਾਂ ਹੋਰ ਸਖਤ ਨਾਕਾਬੰਦੀ ਕਰਾਂਗੇ।’

ਕਿੰਨੇ ਕੁ ਦਿਨ ਕਰ ਲੈਣਗੇ! ਮੋਹਰੇ ਫ਼ਸਲਾਂ ਨਹੀਂ ਦਿਸਦੀਆਂਆਪੇ ਆ ਜਾਣਾ ਟਿਕਾਣੇ ਉਨ੍ਹਾਂ ਨੇ, ਜ਼ਰਾ ਜਿਗਰਾ ਰੱਖੋ!’

ਮੇਰਾ ’ਰਾਦਾ ਪਈ ਕਾਮਰੇਡ ਅਜੈਬ ਤੇ ਮੀਤੇ ਹੁਰਾਂ ਨਾਲ ਗੱਲ ਕਰੀਏ - ਉਹ ਮਸਲਾ ਸੁਲਝਾ ਸਕਦੇ ਆ - ਫਿਰ ਬੀ ਸਾਡੇ ਬੰਦੇ ਉਨ੍ਹਾਂ ਨਾਲ ਮੇਲਜੋਲ ਰੱਖਦੇ ਆ - ਉਨ੍ਹਾਂ ਨਾਲ ਜੇਲ ਕੱਟ ਕੇ ਆਏ ਆ!’ ਇੱਕ ਨੇ ਸਲਾਹ ਦਿੱਤੀ

ਮੈਂ ਉਨ੍ਹਾਂ ਕੋਲੋਂ ਹੋ ਕੇ ਆਇਆਂ - ਉਹ ਕੲ੍ਹੀਂਦੇ ਆ, ਸਾਡੀ ਹਮਦਰਦੀ ਧੁਆਡੇ ਨਾਲ ਆਅਸੀਂ ’ਕੱਲੇ ਕਿੱਦਾਂ ਦਿਹਾੜੀ ਬਧਾਈਏ? ਬਿਰਾਦਰੀ ਦਾ ਮਸਲਾ - ਅਸੀਂ ਉਨ੍ਹਾਂ ਤੋਂ ਬਾਹਰੇ ਨਹੀਂ ਹੋ ਸਕਦੇ! ਭਲਕੇ ਵੋਟਾਂ ਵੀ ਲੈਣੀਆਂ - ਸਰਪੰਚੀ ਦੀਆਂ ਤੇ ਫਿਰ ...।’ ਇੱਕ ਹਮਦਰਦ ਕਾਮਰੇਡ ਨੇ ਵਰੋਲੇ ਵਾਂਗ ਆਉਂਦਿਆਂ ਇੱਕੋ ਸਾਹੇ ਦੱਸਿਆ

ਇਹ ਸੁਣਦਿਆਂ ਹੀ ਉਮੀਦਾਂ ਦਾ ਮਹਿਲ ਰੇਤ ਦੀ ਇਮਾਰਤ ਵਾਂਗ ਢਹਿ-ਢੇਰੀ ਹੋ ਗਿਆਸਾਰੇ ਹੈਰਾਨ ਹੋ ਕੇ ਰਹਿ ਗਏਸਾਡੇ ਲੋਕ ਜੱਟਾਂ ਦੇ ਸਲੂਕ ਦੀ ਬਦਖੋਈ ਕਰਨ ਲੱਗੇ - ਜੱਟ ਜੱਟਾਂ ਦੇ ਸਾਲੇ, ਕਰਦੇ ਘਾਲੇ ਮਾਲੇਆਪ ਚੰਗਾ ਖਾਂਦੇ, ਮੰਦਾ ਬੋਲਦੇਸ਼ਰਾਬਾਂ ਕੱਢਦੇ, ਵੇਚਦੇ, ਵਲੈਤੀ ਖਰੀਦਦੇ ਤੇ ਫਿਰ ਹੋਰਾਂ ’ਤੇ ਖੇੜਦੇਖ਼ਰਮਸਤੀਆਂ ਕਰਦੇ ...ਸਾਡੇ ਸਿਰ ’ਤੇ ਬੁੱਲੇ ਲੁੱਟਦੇ ਆ ਇਹ - ਦਿਹਾੜੀ ਦਾ ਰੁਪਈਆ ਬਧਾ ਦਿੰਦੇ ਤਾਂ ਕੀ ਦੋਗਾੜਾ ਲੱਗ ਜਾਣਾ ਸੀ - ਮਹਿੰਗਾਈ ਤਾਂ ਦੇਖਣ - ਹਰ ਸ਼ੈਅ ਨੂੰ ਅੱਗ ਲੱਗੀਊ ਆ, ਲੀੜਾ-ਕੱਪੜਾ ਤਾਂ ਇੱਕ ਪਾਸੇ ਰਿਹਾ, ਚਾਹ-ਪੱਤੀ ਨਹੀਂ ਮਾਣ!

‘ਓਦਣ ਮੇਹਲੀ ਕਿੱਦਾਂ ਸੰਘ ਪਾੜ-ਪਾੜ ਕਹਿੰਦਾ ਸੀ, ਕਿਸਾਨ-ਮਜ਼ਦੂਰ ਏਕਤਾ ਸਮੇਂ ਦੀ ਲੋੜ ਆ - ਇੱਕ ਦੂਜੇ ਦਾ ਸਾਥ ਦਿਓ, ਸਹਾਰਾ ਬਣੋਜਿੱਦਣ ਆਊਗਾ, ਪੁੱਛਾਂਗੇ ਪਈ ਤੂੰ ਐੱਸ ਏਕਤਾ-ਸਹਾਰੇ ਦੀ ਸ਼ਾਹਦੀ ਭਰਦਾ ਸੀ - ਖੇਤ ਮਜ਼ਦੂਰ ਸਭਾ ਕਿਹੜੇ ਕੰਮ ਲਈ ਆ!’ ਭਾਈਏ ਨੇ ਕਿਸੇ ਵਿਗੋਚੇ ਨਾਲ ਆਖਿਆ

ਭਰਾਵੋ ਘਬਰਾਓ ਨਾ, ਕੋਈ ਨਾ ਕੋਈ ਰਾਹ ਜ਼ਰੂਰ ਨਿਕਲ ਆਊਗਾ!’ ਕਾਮਰੇਡ ਮੁਣਸ਼ਾ ਸਿੰਘ ਛੜਾ ਆਪਣੀ ਖੱਬੀ ਵੱਖੀ ਉੱਤੇ ਲਮਕਦੇ ਗਾਤਰੇ ਉੱਤੇ ਹੱਥ ਫੇਰਦਾ ਆਖਣ ਲੱਗਾਚਿਹਰੇ ਤੋਂ ਇਉਂ ਮਹਿਸੂਸ ਹੁੰਦਾ ਸੀ ਜਿਵੇਂ ਉਸ ਨੇ ਉਮੀਦ ਦਾ ਪੱਲਾ ਘੁੱਟ ਕੇ ਫੜਿਆ ਹੋਵੇਉਸ ਨੇ ਧੀਰਜ ਨਾਲ ਕਿਹਾ; ‘ਜੱਟਪੁਣੇ ਨਾਲ ਭਰੇ ਮਨਾਂ ਨੂੰ ਬਦਲਣਾ ਕਿਤੇ ਸਉਖਾ, ਮੁੰਡੇ ਅੱਗੇ ਪੜ੍ਹ - ਲਿਖ ਕੇ ਸ਼ੈਦ ...।’

ਮੈਂਨੂੰ ਲੱਗਿਆ ਜਿਵੇਂ ਕਾਮਰੇਡ ਮੁਣਸ਼ਾ ਸਿੰਘ ਆਪਣੇ ਸਰੀਰ ਉਤਲੀ ਦਾਦ-ਖਾਜ ਨਾਲ ਪਏ ਡੱਬ-ਖੜੱਬੇ ਦਾਗਾਂ ਵਰਗੇ ਸਮਾਜਿਕ ਕਲੰਕੀ-ਧੱਬਿਆਂ ਨੂੰ ਕੋਸ ਰਿਹਾ ਹੋਵੇ ਜਿਨ੍ਹਾਂ ਤੋਂ ਸਰੀਰਕ ਮਿਹਨਤ ਵੇਚਣ ਵਾਲੇ ਲੋਕ ਹਰ ਵਕਤ ਤੰਗ-ਪਰੇਸ਼ਾਨ ਰਹਿੰਦੇ ਹਨਆਪਣੇ ਪਿੰਡੇ ਦੇ ਜ਼ਖ਼ਮਾਂ ਉੱਤੇ ਮੰਲ੍ਹਮ ਮਲਣ ਦੀ ਉਹਦੀ ਹਰਕਤ ਤੇ ਇਸ ਨਾਮੁਰਾਦ ਬੀਮਾਰੀ ਦੇ ਖ਼ਿਲਾਫ਼ ਖਨੂਹੇ ਭਰੀ ਜੱਦੋਜਹਿਦ ਤੋਂ ਮੈਂਨੂੰ ਇਉਂ ਲੱਗਿਆ ਜਿਵੇਂ ਉਹ ਸਮਾਜਿਕ ਆਰਥਿਕ ਕਾਣੀ-ਵੰਡ ਦੇ ਕੋਹੜ ਵਿਰੁੱਧ ਇੱਕ ਲੰਮੀ ਲੜਾਈ ਲੜਨ ਲਈ ਕਮਰਕੱਸੇ ਕਰਨ ਲਈ ਉਤੇਜਤ ਕਰ ਰਿਹਾ ਹੋਵੇ

ਜ਼ਰਾ ਕੁ ਬਾਅਦ ਮੈਂਨੂੰ ਜਾਪਿਆ ਕਿ ਵਿਰਾਨ-ਬੰਜਰ ਜ਼ਮੀਨਾਂ ਵਰਗੀਆਂ ਜ਼ਿੰਦਗੀਆਂ ਵਿੱਚ ਹਰਿਆਵਲ ਲਈ ਸਭ ਨੇ ਮਿਲ ਕੇ ਲਗਾਤਾਰ ਹੋਰ ਉੱਦਮ ਕਰਨਾ ਹੈਇਸ ਲਈ ਕਿ ਸਾਡੀ ਵਿਥਿਆ ਦਰ ਵਿਥਿਆ ਜੁੱਗਾਂ ਪੁਰਾਣੀ ਹੈ ਜਿਸ ਨੂੰ ਕਿਸੇ ਨੇ ਨਾ ਕਦੇ ਸੁਣਿਆ, ਤੇ ਨਾ ਹੀ ਮਹਿਸੂਸ ਕੀਤਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2474)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

ਬਲਬੀਰ ਮਾਧੋਪੁਰੀ

ਬਲਬੀਰ ਮਾਧੋਪੁਰੀ

Delhi, India.
Phone: (011 - 91 - 93505 - 48100)

Email: (bmadhopuri@yahoo.in)

More articles from this author