BalrajSidhu7ਉਸ ਨੇ ਸੋਚਿਆ, “ਚੱਲ ਕੋਈ ਨਹੀਂਇੱਕ ਗੋਲੀ ਵੱਧ ਖਾ ਲਵਾਂਗੇ ...
(11 ਮਈ 2017)

 

ਗੁਰਨਾਮ ਉਰਫ ਗੈਰੀ ਟਰਾਂਟੋ ਦਾ ਰਹਿਣ ਵਾਲਾ ਉੱਘਾ ਟਰਾਂਸਪੋਰਟਰ ਸੀ। ਖੁੱਲ੍ਹਾ ਖਾਣ ਪੀਣ ਦਾ ਸ਼ੌਕੀਨ ਗੈਰੀ ਯਾਰਾਂ ਦੀ ਮਹਿਫਲ ਵਿੱਚ ਬੈਠ ਕੇ ਸ਼ਰਾਬ ਅਤੇ ਮੀਟ-ਮੱਛੀ ਦੀਆਂ ਧੱਜੀਆਂ ਉਡਾ ਦੇਂਦਾ ਸੀ। ਟਰੱਕ ਚਲਾਉਣ ਵਾਲਿਆਂ ਨੂੰ ਵੈਸੇ ਵੀ ਬਹੁਤਾ ਬਾਹਰੋਂ ਰੈਸਟੋਰੈਂਟਾਂ ਤੋਂ ਪੀਜ਼ਾ ਬਰਗਰ ਖਾ ਕੇ ਹੀ ਗੁਜ਼ਾਰਾ ਕਰਨਾ ਪੈਂਦਾ ਹੈ। ਕਸਰਤ ਦਾ ਨਾ ਤਾਂ ਗੈਰੀ ਨੂੰ ਕੋਈ ਸ਼ੌਕ ਸੀ ਤੇ ਨਾ ਹੀ ਸਮਾਂ। ਹੌਲੀ ਹੌਲੀ ਮਾੜੀਆਂ ਆਦਤਾਂ ਦਿਲ ’ਤੇ ਅਸਰ ਕਰਨ ਲੱਗ ਪਈਆਂ। ਨਾੜੀਆਂ ਵਿੱਚ ਫੈਟ ਜੰਮਣ ਕਾਰਨ ਦਿਲ ਦੇ ਵਾਲਵ ਬੰਦ ਹੋ ਗਏ ਤੇ ਉਪਨ ਹਾਰਟ ਸਰਜਰੀ ਕਰਾਉਣੀ ਪੈ ਗਈ। ਦੋ ਚਾਰ ਮਹੀਨੇ ਅਰਾਮ ਕਰ ਕੇ ਉਹ ਹੌਲੀ ਹੌਲੀ ਤੁਰਨ ਫਿਰਨ ਯੋਗਾ ਹੋ ਗਿਆ। ਵਿਹਲੇ ਪਏ ਨੇ ਸੋਚਿਆ ਕਿ ਅਜੇ ਭਾਰਾ ਕੰਮ ਤਾਂ ਹੁੰਦਾ ਨਹੀਂ, ਚਲੋ ਪਿੱਛੇ ਪੰਜਾਬ ਹੀ ਗੇੜਾ ਮਾਰ ਆਈਏ।

ਜਦੋਂ ਉਸ ਨੇ ਆਪਣਾ ਵਿਚਾਰ ਪਤਨੀ ਨਾਲ ਸਾਂਝਾ ਕੀਤਾ ਤਾਂ ਉਹ ਅੱਗੋਂ ਟੁੱਟ ਕੇ ਪੈ ਗਈ, “ਕੁਝ ਤਾਂ ਸ਼ਰਮ ਹਯਾ ਕਰੋ। ਛੋਟੇ ਛੋਟੇ ਬੱਚੇ ਆ। ਪਹਿਲਾਂ ਹੀ ਅਗਲੇ ਜਹਾਨ ਹੱਥ ਲਾ ਕੇ ਮੁੜੇਓਂ। ਮੈਨੂੰ ਪਤਾ ਬਟਾਲੇ ਜਾ ਕੇ ਤੁਸੀਂ ਕੀ ਕੜ੍ਹੀ ਘੋਲਣੀ ਆ। ਡਾਕਟਰ ਨੇ ਪੰਜਾਹ ਪ੍ਰਹੇਜ਼ ਲਿਖੇ ਆ। ਨਾ ਤੁਸੀਂ ਖਾਣ ਲੱਗੇ ਸੋਚਣਾ ... ਨਾ ਪੀਣ ਲੱਗੇ।”

ਪਰ ਗੈਰੀ ਨਾ ਮੰਨਿਆ। ਉਸ ਦੇ ਦਿਲ ਉੱਪਰ ‘ਵਤਨ ਸੇ ਚਿੱਠੀ ਆਈ ਹੈ’ ਗਾਣੇ ਨੇ ਗਹਿਰਾ ਅਸਰ ਕੀਤਾ ਹੋਇਆ ਸੀ। ਅਖੀਰ ਉਸ ਦੀ ਜ਼ਿਦ ਅੱਗੇ ਹਾਰ ਕੇ ਪਤਨੀ ਨੇ ਹਥਿਆਰ ਸੁੱਟ ਦਿੱਤੇ। ਉਹ ਡੁਸਕਦੀ ਹੋਈ ਬੋਲੀ, “ਚੱਲ ਠੀਕ ਆ। ਤੂੰ ਤਾਂ ਵਾਪਸ ਆਉਂਦਾ ਨਹੀਂ ਲਗਦਾ ਜਿਊਂਦਾ ਜਾਗਦਾ। ਜਾਣ ਤੋਂ ਪਹਿਲਾਂ ਇੱਕ ਤਾਂ ਸਾਰੀਆਂ ਬੀਮਾ ਪਾਲਸੀਆਂ ਮੈਨੂੰ ਫੜਾ ਦੇ ਤੇ ਨਾਲੇ ਕੁੱਲ ਜਾਇਦਾਦ ਦੀ ਅਟਾਰਨੀ ਮੇਰੇ ਨਾਮ ਕਰ ਦੇ। ਜੇ ਕੋਈ ਭਾਣਾ ਵਾਪਰ ਗਿਆ, ਮੈਂ ਬੱਚਿਆਂ ਨੂੰ ਤਾਂ ਪਾਲ ਲਵਾਂਗੀ।”

ਗੈਰੀ ਨੇ ਸ਼ੁਕਰ ਮਨਾਇਆ। ਪਤਨੀ ਦੀਆਂ ਸਾਰੀਆਂ ਪੂਰੀਆਂ ਕਰ ਕੇ ਏਅਰ ਇੰਡੀਆ ਦੀ ਸਿੱਧੀ ਫਲਾਈਟ ਰਾਹੀਂ 14 ਘੰਟਿਆਂ ਵਿੱਚ ਦਿੱਲੀ ਆਣ ਉੱਤਰਿਆ।

ਅੱਗੇ ਦਿੱਲੀ ਛੋਟਾ ਭਰਾ ਚੰਨਾ ਇਨੋਵਾ ਲਈ ਉਡੀਕ ਰਿਹਾ ਸੀ। ਦੋਵੇਂ ਭਰਾ ਧਾਹ ਕੇ ਜੱਫੀ ਪਾ ਕੇ ਮਿਲੇ ਜਿਵੇਂ ਜਨਮਾਂ ਜਨਮਾਤਰਾਂ ਦੇ ਵਿੱਛੜੇ ਹੋਣ। ਉਹ ਪਹੀਆਂ ਵਾਲੇ ਅਟੈਚੀ ਟੈਕਸੀ ਵਿੱਚ ਰੱਖ ਕੇ ਪੰਜਾਬ ਵੱਲ ਹਵਾ ਹੋ ਗਏ। ਡਰਾਈਵਰ ਨੇ ਪਹਿਲੀ ਬਰੇਕ ਮੂਰਥਲ ਫੌਜੀ ਦੇ ਢਾਬੇ ’ਤੇ ਆਣ ਮਾਰੀ। ਮੂੰਹ ਹੱਥ ਧੋ ਕੇ ਚੰਨੇ ਨੇ ਦਾਲ ਤੜਕਾ ਤੇ ਆਲੂਆਂ ਵਾਲੇ ਪਰੌਂਠਿਆਂ ਦਾ ਆਰਡਰ ਛੱਡ ਦਿੱਤਾ ਤੇ ਨਾਲ ਮੱਖਣ ਦੀ ਟਿੱਕੀ। ਗੈਰੀ ਤ੍ਰਬਕ ਪਿਆ, “ਉਏ ਚੰਨਿਆ, ਤੂੰ ਮਾਰਨਾ ਮੈਨੂੰ? ਪਰੌਂਠੇ ਤੇ ਘਿਉ-ਮੱਖਣ ਤਾਂ ਜ਼ਹਿਰ ਨੇ ਮੇਰੇ ਲਈ। ਮੈਨੂੰ ਤਾਂ ਕੋਈ ਉੱਬਲੀ ਚੀਜ ਮੰਗਾ ਕੇ ਦੇ ਜਾਂ ਫਿੱਕੀ ਚਾਹ ਨਾਲ ਬਿਸਕੁਟਾਂ ਦਾ ਪੈਕਟ ਦੇ ਦੇ।”

ਚੰਨੇ ਨੇ ਸਵੇਰੇ ਹੀ ਕਾਂ ਦੇ ਸਿਰ ਜਿੰਨੀ ਡੁੰਗੀ ਹੋਈ ਸੀ, “ਉਏ ਛੱਡ ਪਰੇ ਵੱਡੇ ਭਾਈ। ਇਹ ਸਾਲੇ ਡਾਕਟਰਾਂ ਨੂੰ ਸਵਾਹ ਪਤਾ, ਕੀ ਖਾਣਾ ਤੇ ਕੀ ਪੀਣਾ? ਕਦੇ ਕੋਈ ਮੱਖਣ ਖਾ ਕੇ ਮਰਦਾ ਵੇਖਿਆ ਅੱਜ ਤੱਕ? ਇਹ ਚੀਜਾਂ ਤਾਂ ਸਗੋਂ ਦਿਲ ਨੂੰ ਤਾਕਤ ਦਿੰਦੀਆਂ। ਚੱਲ ਸ਼ੇਰ ਬਣ ਕੇ ਇੱਕ ਪਰੌਂਠਾ ਖਾ ਲੈ।” ਗੈਰੀ ਨੇ ਸੋਚਿਆ ਇਸ ਮੂਰਖ ਨਾਲ ਬਹਿਸ ਕਰਨ ਦਾ ਕੋਈ ਫਾਇਦਾ ਨਹੀਂ। ਉਸ ਨੇ ਚੁੱਪ ਕਰ ਕੇ ਬੁਰਕੀ ਤੋੜ ਕੇ ਮੂੰਹ ਵਿੱਚ ਪਾ ਲਈ। ਤਿੰਨ ਮਹੀਨਆਂ ਤੋਂ ਉੱਬਲੀਆਂ ਸਬਜ਼ੀਆਂ ਖਾ ਖਾ ਕੇ ਅੱਕੇ ਪਏ ਗੈਰੀ ਨੂੰ ਕੜਕ ਕਰਾਰੇ ਪਰੌਂਠਿਆਂ ਦਾ ਸਵਾਦ ਅਮ੍ਰਿਤ ਵਰਗਾ ਲੱਗਾ। ਉਹ ਹਾਬੜਿਆਂ ਵਾਂਗ ਤਿੰਨ ਪਰੌਂਠੇ ਅਤੇ ਪਾਈਆ ਮੱਖਣ ਵਲੇਟ ਗਿਆ। ਉਸ ਨੇ ਸੋਚਿਆ, “ਚੱਲ ਕੋਈ ਨਹੀਂ, ਇੱਕ ਗੋਲੀ ਵੱਧ ਖਾ ਲਵਾਂਗੇ ਅੱਜ ਬਲੱਡ ਪ੍ਰੈਸ਼ਰ ਦੀ। ਇੱਕ ਦਿਨ ਨਾਲ ਕੀ ਹੁੰਦਾ?”

ਸ਼ਾਮੀਂ ਛੇ ਕੁ ਵਜੇ ਉਹ ਪਿੰਡ ਪਹੁੰਚ ਗਏ। ਨਹਾ ਧੋ ਕੇ ਵਿਹਲੇ ਹੋਏ ਤਾਂ ਚੰਨਾ ਪਹਿਲੇ ਤੋੜ ਦੀ ਬੋਤਲ ਕੱਢ ਲਿਆਇਆ। ਗੈਰੀ ਬੋਲਿਆ, “ਉਏ ਚੰਨਿਆਂ! ਤੂੰ ਨਹੀਂ ਛੱਡਦਾ ਅੱਜ ਮੈਨੂੰ ਜਿਊਂਦਾ। ਮੈਨੂੰ ਤਾਂ ਪਾਣੀ ਵੀ ਮਨ੍ਹਾ ਕੀਤਾ ਡਾਕਟਰਾਂ ਨੇ ਬਾਹਰ ਦਾ ਤੇ ਤੂੰ ਬੋਤਲ ਕੱਢੀ ਫਿਰਦੈਂ।”

ਚੰਨਾ ਕੈਨੇਡੀਅਨ ਭਰਾ ਦੇ ਚਾਅ ਵਿੱਚ ਫੁੱਲਿਆ ਫਿਰਦਾ ਸੀ, “ਉਏ ਮੇਰਿਆ ਭੋਲਿਆ ਵੀਰਿਆ, ਇਹ ਸ਼ਰਾਬ ਨਹੀਂ, ਚੌਧਵਾਂ ਰਤਨ ਐ। ਰੋਡੂ ਬਾਣੀਏ ਦੀ ਹੱਟੀ ਦਾ ਸ਼ੁੱਧ ਗੁੜ ਤੇ ਪੰਜਾਹ ਦੇਸੀ ਮਸਾਲੇ ਪਾ ਕੇ ਕੱਢੀ ਆ। ਦਵਾਈ ਆ, ਨਿਰੀ ਦਵਾਈ। ਨਾਲੇ ਦੇਸੀ ਮੁਰਗਾ ਵੇਖ, ਲਾਲ ਕਲਗੀ ਵਾਲਾ, ਕਿੰਨਾ ਸਵਾਦ ਬਣਿਆ। ਤੁਪਕਾ ਪਾਣੀ ਨਹੀਂ ਪਾਇਆ, ਸਿਰਫ ਦੇਸੀ ਘਿਉ ਵਿੱਚ ਭੁੰਨਿਆ ਆ।”

ਨਾਂਹ ਨੁੱਕਰ ਕਰਦਿਆਂ ਗੈਰੀ ਤੇ ਚੰਨੇ ਨੇ ਨਾਲੇ ਬੋਤਲ ਖਾਲੀ ਕਰ ਦਿੱਤੀ ਤੇ ਨਾਲੇ ਸਾਰਾ ਪਤੀਲਾ ਚੱਟ ਗਏ। ਸਵੇਰੇ ਗੈਰੀ ਉੱਠਿਆ ਤਾਂ ਸਰੀਰ ਥੋੜ੍ਹਾ ਢਿੱਲਾ ਜਿਹਾ ਲੱਗਾ। ਅਜੇ ਮੂੰਹ ਹੱਥ ਧੋ ਕੇ ਵਿਹਲਾ ਹੀ ਹੋਇਆ ਸੀ ਕਿ ਬੇਬੇ ਨੇ ਸਾਗ ਨੂੰ ਦੇਸੀ ਘਿਉ ਦਾ ਤੜਕਾ ਲਾ ਕੇ ਮੱਕੀ ਦੀਆਂ ਰੋਟੀਆਂ ਲਾਹੁਣੀਆਂ ਸ਼ੁਰੂ ਕਰ ਦਿੱਤੀਆਂ। ਗੈਰੀ ਦੇ ਡੇਲੇ ਬਾਹਰ ਨੂੰ ਆ ਗਏ। ਉਸ ਨੇ ਸੋਚਿਆ, ਕੱਲ੍ਹ ਭਰਾ ਕੋਲੋਂ ਤਾਂ ਬਚ ਗਿਆ, ਅੱਜ ਮਾਤਾ ਨਹੀਂ ਛੱਡਦੀ।

ਉਹ ਕਸਾਈ ਅੱਗੇ ਬੱਝੀ ਬੱਕਰੀ ਵਾਂਗ ਮਿਮਿਆਇਆ, “ਬੇਬੇ ਮੈਂ ਇਹ ਸਭ ਨਹੀਂ ਖਾ ਸਕਦਾ। ਮੈਨੂੰ ਤਾਂ ਖੁਸ਼ਕ ਫੁਲਕਾ ਦੇ।”

ਮਾਤਾ ਨੇ ਬਹੁਤ ਪਿਆਰ ਨਾਲ ਉਸ ਦੇ ਸਿਰ ’ਤੇ ਹੱਥ ਫੇਰਿਆ, “ਹਾਏ ਮੇਰਾ ਕਮਲਾ ਪੁੱਤ! ਘਿਉ ਨਾਲ ਤਾਂ ਪੁੱਤਰਾ ਨਾੜਾਂ ਨਰਮ ਹੁੰਦੀਆਂ ਨੇ ਤੇ ਦਿਲ ਮਜਬੂਤ ਬਣਦਾ ਆ। ਸੁਣਿਆ ਨੀਂ? ਸੌ ਚਾਚਾ ਤੇ ਇੱਕ ਪਿਉ, ਸੌ ਦਾਰੂ ਤੇ ਇੱਕ ਘਿਉ। ਖਾ ਲੈ ਮੇਰਾ ਪੂੱਤ, ਖਾ ਲੈ। ਸਿਆਣਿਆਂ ਅੱਗੇ ਬਹੁਤਾ ਨਹੀਂ ਬੋਲੀਦਾ।” ਮਾਤਾ ਗੈਰੀ ਨੂੰ ਘਿਉ ਨਾਲ ਨੁੱਚੜਦੀਆਂ ਚਾਰ ਰੋਟੀਆਂ ਤੇ ਪਾਈਆ ਮੱਖਣ ਵਾਲਾ ਸਾਗ ਦਾ ਬਾਟਾ ਖਵਾ ਕੇ ਹੀ ਹਟੀ।

ਹੌਲੀ ਹੌਲੀ ਗੈਰੀ ਨੂੰ ਤਲੀਆਂ ਤੇ ਕਰਾਰੀਆਂ ਚੀਜ਼ਾਂ ਖਾਣ ਦੀ ਵਾਦੀ ਪੈ ਗਈ। ਪਤਨੀ ਦੀਆਂ ਦਿੱਤੀਆਂ ਮੱਤਾਂ ਬੇਵਕੂਫੀਆਂ ਲੱਗਣ ਲੱਗ ਪਈਆਂ। ਉਹ ਰੋਜ਼ਾਨਾ ਮੀਟ, ਸ਼ਰਾਬ, ਦੇਸੀ ਘਿਉ, ਮੱਖਣ ਤੇ ਪਰੌਂਠਿਆਂ ਨੂੰ ਗੇੜਾ ਦੇਣ ਲੱਗਾ।

ਬੱਸ ਫਿਰ ਕੀ ਸੀ? … ਪੰਦਰ੍ਹਾਂ ਕੁ ਦਿਨਾਂ ਬਾਅਦ ਹੀ ਡੱਬੇ ਵਿੱਚ ਸੀਲ ਬੰਦ ਹੋ ਕੇ ਗੈਰੀ ਟਰਾਂਟੋ ਪਹੁੰਚ ਗਿਆ।

ਗੈਰੀ ਦੀ ਲਾਸ਼ ਵੇਖ ਕੇ ਉਸ ਦੀ ਪਤਨੀ ਨੂੰ ਸਮਝ ਨਾ ਆਵੇ ਕਿ ਉਹ ਰੋਵੇ ਕਿ ਹੱਸੇ? ਉਹ ਹਉਕਾ ਜਿਹਾ ਲੈ ਕੇ ਬੋਲੀ, “ਇਹ ਤਾਂ ਹੋਣਾ ਈ ਸੀ ... ਇਹ ਤਾਂ ਮਰ ਜਾਣਾ ਪਹਿਲਾਂ ਈ ਲੱਕ ਨਾਲ ਮੌਤ ਬੰਨ੍ਹੀਂ ਫਿਰਦਾ ਸੀ।”

*****

(697)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਬਲਰਾਜ ਸਿੰਘ ਸਿੱਧੂ

ਬਲਰਾਜ ਸਿੰਘ ਸਿੱਧੂ

Balraj Singh Sidhu (SP)
Email: (bssidhupps@gmail.com)
Phone: (91 - 98151 - 24449)

More articles from this author