“ਮਿੰਦੋ ਤੇ ਸ਼ਿੰਦੋ ਮਾਸੀ ਨੇ ਜਿਹੜਾ ਨੈਕਲੈਸ, ਵਾਲੀਆਂ ਤੇ ਛਾਪ ਮੰਗੀ ਸੀ, ਉਹ ਬੀਜੀ ਨੇ ...”
(31 ਅਕਤੂਬਰ 2018)
ਕੈਨੇਡਾ ਅਮਰੀਕਾ ਤੋਂ ਜਦੋਂ ਵੀ ਕਿਸੇ ਦਾ ਰਿਸ਼ਤੇਦਾਰ ਇੰਡੀਆ ਆਉਂਦਾ ਹੈ ਤਾਂ ਹਰ ਬੰਦਾ ਉਸ ਵੱਲ ਘੱਟ ਤੇ ਉਸ ਦੇ ਪਹੀਆਂ ਵਾਲੇ ਵੱਡੇ ਸਾਰੇ ਅਟੈਚੀ ਵੱਲ ਵੱਧ ਵੇਖਦਾ ਹੈ। ਹਰ ਕਿਸੇ ਨੂੰ ਉਮੀਦ ਹੁੰਦੀ ਹੈ ਕਿ ਇਸ ਜਾਦੂ ਦੀ ਪਿਟਾਰੀ ਵਿੱਚੋਂ ਉਸ ਵਾਸਤੇ ਕੋਈ ਨਾ ਕੋਈ ਗਿਫਟ ਜ਼ਰੂਰ ਨਿਕਲੇਗੀ। ਕੈਨੇਡਾ ਅਮਰੀਕਾ ਵਿੱਚ ਪੈਸਾ ਕਿੰਨਾ ਮੁਸ਼ਕਿਲ ਬਣਦਾ ਹੈ, ਇਹ ਸਾਡੇ ਲੋਕ ਨਹੀਂ ਸੋਚਦੇ। ਉਹਨਾਂ ਨੂੰ ਇਹੀ ਲੱਗਦਾ ਹੈ ਕਿ ਉੱਥੇ ਏਅਰਪੋਰਟ ਤੋਂ ਬਾਹਰ ਨਿਕਲਦੇ ਸਾਰ ਹੀ ਡਾਲਰ ਸੜਕਾਂ ਤੇ ਖਿਲਰੇ ਹੁੰਦੇ ਹਨ, ਜਿੰਨੇ ਮਰਜ਼ੀ ਚੁੱਕ ਲਵੋ। ਪਰ ਉੱਥੇ ਸਾਰੀ ਉਮਰ ਕੰਮ ਕਰ ਕਰ ਕੇ ਘਰਾਂ ਅਤੇ ਗੱਡੀਆਂ ਦੀਆਂ ਕਿਸ਼ਤਾਂ ਹੀ ਨਹੀਂ ਲੱਥਦੀਆਂ। ਬੱਚੇ ਵੱਡੇ ਹੁੰਦੇ ਸਾਰ ਪੰਛੀਆਂ ਵਾਂਗ ਉਡਾਰੀ ਮਾਰ ਕੇ ਔਹ ਜਾਂਦੇ ਨੇ। ਗੋਡੇ ਗੋਡੇ ਬਰਫ ਵਿੱਚ ਕੰਮ ’ਤੇ ਜਾਣਾ ਕਿਸੇ ਭਗਤੀ ਤੋਂ ਘੱਟ ਨਹੀਂ। ਕੈਨੇਡਾ ਅਮਰੀਕਾ ਤੋਂ ਇੰਡੀਆ ਆਉਂਦੇ ਕੁਝ ਲੋਕ ਵੀ ਇੱਥੇ ਆ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਹਨ। ਉਹ ਮੋਟੀਆਂ ਚੇਨਾਂ, ਕੜੇ ਅਤੇ ਹੋਰ ਨਿਕ ਸੁੱਕ ਵਿਖਾ ਕੇ ਇੰਜ ਵਿਖਾਵਾ ਕਰਦੇ ਹਨ ਕਿ ਉੱਥੇ ਤਾਂ ਬੱਸ ਮੌਜਾਂ ਹੀ ਮੌਜਾਂ ਹੋ ਰਹੀਆਂ ਹਨ। ਆਪਣੀ ਹੱਡ ਭੰਨਵੀਂ ਮਿਹਨਤ ਦੀ ਗੱਲ ਉਹ ਲੁਕਾ ਜਾਂਦੇ ਹਨ। ਸਾਡੇ ਕਬੱਡੀ ਟੂਰਨਾਮੈਂਟਾਂ ਵਿੱਚ ਕਮੈਂਟਰੀ ਕਰਦੇ ਕਮੈਂਟੇਟਰ ਵੀ ਕਿਸੇ ਬਾਹਰੋਂ ਖੇਡ ਕੇ ਆਏ ਪਲੇਅਰ ਬਾਰੇ ਇਸ ਤਰ੍ਹਾਂ ਬੋਲਦੇ ਹਨ, “ਇਹ ਹੈ ਕਾਲਾ ਹਨੇਰੀ, ਪੰਡੋਰੀ ਸਿੱਧਵਾਂ ਵਾਲਾ। ਇਹ ਜਵਾਨ ਹੁਣੇ ਹੁਣੇ ਡਾਲਰਾਂ ਦੀ ਧਰਤੀ ਕੈਨੇਡਾ ਤੋਂ ਖੇਡ ਕੇ ਆਇਆ ਹੈ।”
ਬਾਹਰਲੇ ਦੇਸ਼ਾਂ ਵਿੱਚ ਪੈਸਾ ਬਹੁਤ ਮੁਸ਼ਕਲ ਬਣਦਾ ਹੈ। ਜੋ ਕੰਮ ਆਪਾਂ ਇੱਥੇ ਕਰਨ ਬਾਰੇ ਸੋਚ ਵੀ ਨਹੀਂ ਸਕਦੇ, ਉਹ ਉੱਥੇ ਕਰਨੇ ਪੈਂਦੇ ਹਨ। ਲੰਬਰ ਮਿੱਲਾਂ ਵਿੱਚ ਕੰਮ ਕਰਨ ਵਾਲਿਆਂ ਦੇ ਪੱਕੇ ਕੁੱਬ ਪੈ ਜਾਂਦੇ ਹਨ। ਸਾਡੀ ਕਿਸੇ ਡਿਗਰੀ ਦਾ ਉੱਥੇ ਕੋਈ ਮੁੱਲ ਨਹੀਂ ਹੈ। ਡਾਕਟਰ, ਇੰਜੀਨੀਅਰ, ਪੁਲਿਸ ਵਾਲੇ, ਤਹਿਸੀਲਦਾਰ, ਸਭ ਉੱਥੇ ਲੇਬਰ ਕਰਦੇ ਹਨ। ਇੱਥੋਂ ਦੇ ਰਿਟਾਇਰਡ ਅਫਸਰ ਉੱਥੇ ਲੋਕ ਲਾਜ ਤੋਂ ਡਰਦੇ ਦਿਨ ਦੀ ਬਜਾਏ ਰਾਤ ਦੇ ਹਨੇਰੇ ਵਿੱਚ ਚੌਕੀਦਾਰਾ ਕਰਦੇ ਹਨ। ਅਜਿਹੇ ਮਿਹਨਤ ਨਾਲ ਕਮਾਏ ਪੈਸੇ ਦਾ ਇੱਥੇ ਆ ਕੇ ਸਸਤਾ ਪ੍ਰਦਰਸ਼ਨ ਕਰਨਾ ਠੀਕ ਨਹੀਂ ਹੈ। ਮੇਰਾ ਇੱਕ ਦੋਸਤ ਟਰਾਂਟੋ ਚੰਗੀ ਨੌਕਰੀ ’ਤੇ ਲੱਗਾ ਹੋਇਆ ਹੈ। ਕੈਨੇਡਾ ਜਾਣ ਤੋਂ ਪਹਿਲਾਂ ਉਹ ਲੁਧਿਆਣੇ ਦੇ ਕਿਸੇ ਕਾਲਜ ਵਿੱਚ ਵਧੀਆ ਨੌਕਰੀ ਕਰਦਾ ਸੀ। ਇੱਕ ਦਿਨ ਉਹ ਆਪਣੇ ਕਿਸੇ ਵਾਕਫ ਬੈਂਕ ਮੈਨੇਜਰ ਕੋਲ ਬੈਂਕ ਵਿੱਚ ਬੈਠਾ ਸੀ ਕਿ ਇੱਕ ਵਲੈਤਣ ਆਈ ਤੇ ਪੰਜਾਹ ਹਜ਼ਾਰ ਰੁਪਏ ਕਢਵਾ ਲਏ। ਮੈਨੇਜਰ ਕਹਿਣ ਲੱਗਾ, “ਭੈਣ ਜੀ, ਤੁਸੀਂ ਤਾਂ ਦੋ ਦਿਨ ਪਹਿਲਾਂ ਹੀ ਇੱਕ ਲੱਖ ਕਢਵਾਇਆ ਸੀ?” ਵਲੈਤਣ ਬੜੀ ਬੇਪ੍ਰਵਾਹੀ ਨਾਲ ਕਹਿਣ ਲੱਗੀ, “ਭਾਜੀ, ਉਹ ਤਾਂ ਸ਼ੌਪਿੰਗ ਕਰਦੇ ਕਲ੍ਹ ਹੀ ਉੱਡ ਗਿਆ ਸੀ।” ਕੁਝ ਸਾਲਾਂ ਬਾਅਦ ਦੋਸਤ ਵੀ ਪੁਆਇੰਟ ਬੇਸ ’ਤੇ ਕੈਨੇਡਾ ਪਹੁੰਚ ਗਿਆ। ਕੈਨੇਡਾ ਜਾ ਕੇ ਉਸ ਨੇ ਵੇਖਿਆ ਕਿ ਉਹੀ ਔਰਤ ਰਾਤ ਨੂੰ ਉਸ ਦੀ ਬਿਲਡਿੰਗ ਵਿੱਚ ਸਫਾਈ ਕਰਨ ਆਉਂਦੀ ਸੀ। ਇਸ ਤੋਂ ਇਲਾਵਾ ਦੋ ਤਿੰਨ ਜੌਬਾਂ ਹੋਰ ਵੀ ਕਰਦੀ ਸੀ। ਪੁੱਛਣ ’ਤੇ ਉਸ ਔਰਤ ਨੇ ਡੂੰਘਾ ਹਉਕਾ ਭਰ ਕੇ ਕਿਹਾ, “ਭਰਾਵਾ, ਉਹੀ ਤਾਂ ਛੁੱਟੀਆਂ ਦੇ ਚਾਰ ਦਿਨ ਇੰਡੀਆ ਵਿਚ ਟੌਹਰ ਟਪੱਕਾ ਮਾਰਨ ਦੇ ਹੁੰਦੇ ਹਨ। ਬਾਕੀ ਸਾਰਾ ਸਾਲ ਤਾਂ ਇੱਥੇ ਚੱਲ ਸੋ ਚੱਲ ...।”
ਇਸੇ ਤਰ੍ਹਾਂ ਮੰਟੇ ਸੰਧੂ ਦੀ ਭੈਣ ਜੀਤੋ ਵੀ ਮੈਰਿਜ ਬੇਸ’‘ਤੇ ਗਈ ਹੋਣ ਕਾਰਨ ਕੈਨੇਡਾ ਵਿੱਚ ਪੱਕੀ ਸੀ। ਬਾਕੀ ਵਲੈਤੀਆਂ ਵਾਂਗ ਉਹ ਵੀ ਇੰਡੀਆ ਤੋਂ ਰੋਜ਼ ਰੋਜ਼ ਪੈਣ ਵਾਲੀਆਂ ਵਗਾਰਾਂ ਤੋਂ ਅੱਕੀ ਪਈ ਸੀ। ਮੰਟੇ ਦੇ ਮਾਂ ਬਾਪ ਵੀ ਉਸ ਕੋਲ ਹੀ ਬਰੈਂਪਟਨ ਰਹਿੰਦੇ ਸਨ। ਮਾਤਾ ਬਿਮਾਰ ਠਮਾਰ ਰਹਿੰਦੀ ਸੀ। ਸਰਦੀਆਂ ਦੇ ਇੱਕ ਦਿਨ ਉਸਦਾ ਭੌਰ ਉਡਾਰੀ ਮਾਰ ਗਿਆ। ਜੀਤੋ ਨੇ ਮੰਟੇ ਨੂੰ ਫੋਨ ਕਰ ਦਿੱਤਾ ਕਿ ਮਾਤਾ ਪੂਰੀ ਹੋ ਗਈ ਹੈ ਤੇ ਫਲਾਣੀ ਫਲਾਇਟ ’ਤੇ ਉਸ ਦੀ ਮ੍ਰਿਤਕ ਦੇਹ ਦਿੱਲੀ ਪਹੁੰਚ ਰਹੀ ਹੈ। ਛੁੱਟੀਆਂ ਨਾ ਮਿਲਣ ਕਾਰਨ ਉਹ ਤੇ ਉਸ ਦਾ ਪਤੀ ਆਪ ਨਹੀਂ ਆ ਸਕਦੇ। ਜਦੋਂ ਮਾਤਾ ਦੀ ਦੇਹ ਵਾਲਾ ਬਕਸਾ ਘਰ ਲਿਆ ਕੇ ਖੋਲ੍ਹਿਆ ਗਿਆ ਤਾਂ ਮਾਤਾ ਦੀ ਦੇਹ ਬਕਸੇ ਵਿੱਚ ਬੜੀ ਠੂਸ ਕੇ ਪੈਕ ਕੀਤੀ ਹੋਈ ਸੀ ਤੇ ਨਾਲ ਇੱਕ ਚਿੱਠੀ ਵੀ ਸੀ।
ਚਿੱਠੀ ਵਿੱਚ ਲਿਖਿਆ ਸੀ, “ਸਾਰੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ। ਮੈਂ ਬੀਜੀ ਦੀ ਦੇਹ ਭੇਜ ਰਹੀ ਹਾਂ ਕਿਉਂਕਿ ਬੀਜੀ ਦੀ ਆਖਰੀ ਇੱਛਾ ਸੀ ਕਿ ਉਹਨਾਂ ਦਾ ਅੰਤਿਮ ਸੰਸਕਾਰ ਪੰਜਾਬ ਵਿੱਚ ਆਪਣੇ ਪਿੰਡ ਹੀ ਹੋਵੇ। ਬੀਜੀ ਦੀ ਦੇਹ ਥੱਲੇ ਦਸ ਪੈਕਟ ਬਦਾਮਾਂ ਦੇ ਪਏ ਹਨ, ਆਪਸ ਵਿੱਚ ਵੰਡ ਲਿਉ। ਬੀਜੀ ਨੇ ਜਿਹੜੇ ਦਸ ਨੰਬਰ ਦੇ ਰਿਬੌਕ ਦੇ ਬੂਟ ਪਹਿਨੇ ਹਨ, ਉਹ ਬਲਜੀਤ (ਛੋਟਾ ਭਰਾ) ਨੂੰ ਦੇ ਦਿਉ। ਬੀਜੀ ਨੇ ਛੇ ਟੌਮੀ ਹਿਲਫਾਈਗਰ ਦੀਆਂ ਟੀ ਸ਼ਰਟਾਂ ਪਾਈਆਂ ਹੋਈਆਂ ਹਨ, ਉਹ ਆਪਣੇ ਹਿਸਾਬ ਨਾਲ ਵੰਡ ਲਿਉ ਤੇ ਲਾਰਜ ਸਾਈਜ਼ ਦੀਆਂ ਦੋ ਟੀ ਸ਼ਰਟਾਂ ਸਤਿੰਦਰ (ਵੱਡਾ ਭਤੀਜਾ) ਵਾਸਤੇ ਹਨ। ਜਿਹੜੀਆਂ ਬੀਜੀ ਨੇ ਚਾਰ ਨਵੀਆਂ ਜੀਨਜ਼ ਪਾਈਆਂ ਹਨ, ਉਹ ਬੱਚਿਆਂ ਵਾਸਤੇ ਹਨ। ਰਾਡੋ ਦੀ ਘੜੀ ਜਿਹੜੀ ਪ੍ਰੀਤੋ (ਛੋਟੀ ਭੈਣ) ਨੇ ਮੰਗੀ ਸੀ, ਉਹ ਬੀਜੀ ਦੇ ਸੱਜੇ ਗੁੱਟ ’ਤੇ ਬੱਝੀ ਹੈ ਤੇ ਮੰਟੇ ਵਾਸਤੇ ਰੋਲੈਕਸ ਦੀ ਘੜੀ ਖੱਬੇ ਗੁੱਟ ’ਤੇ। ਮਿੰਦੋ ਤੇ ਸ਼ਿੰਦੋ ਮਾਸੀ ਨੇ ਜਿਹੜਾ ਨੈਕਲੈਸ, ਵਾਲੀਆਂ ਤੇ ਛਾਪ ਮੰਗੀ ਸੀ, ਉਹ ਬੀਜੀ ਨੇ ਪਹਿਨੇ ਹੋਏ ਹਨ, ਚੇਤੇ ਨਾਲ ਲਾਹ ਲਿਉ। ਬੀਜੀ ਨੇ ਛੇ ਜੋੜੇ ਜੁਰਾਬਾਂ ਪਹਿਨੀਆਂ ਹੋਈਆਂ ਹਨ, ਉਹ ਬੱਚਿਆਂ ਵਿਚ ਵੰਡ ਦਿਉ। ਜੇ ਕੁਝ ਹੋਰ ਚਾਹੀਦਾ ਹੋਇਆ ਤਾਂ ਜਲਦੀ ਦੱਸ ਦਿਉ, ਕਿਉਂਕਿ ਭਾਪਾ ਜੀ ਵੀ ਕੁਝ ਠੀਕ ਮਹਿਸੂਸ ਨਹੀਂ ਕਰ ਰਹੇ। ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਤੁਹਾਡੀ ਪਿਆਰੀ ਭੈਣ ਜੀਤੋ।”
ਸਾਰੇ ਜਾਣੇ ਬੀਜੀ ਦਾ ਦੁੱਖ ਭੁੱਲ ਕੇ ਸਮਾਨ ਉਤਾਰਨ ਲੱਗ ਪਏ।
*****
(1371)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)