BalrajSidhu7ਅਸੀਂ ਇਨਸਾਨੀ ਜ਼ਿੰਦਗੀ ਨੂੰ ਹਰ ਚੀਜ਼ ਨਾਲੋਂ ਵੱਧ ਪਵਿੱਤਰ ਸਮਝਦੇ ਹਾਂ ...”
(ਸਤੰਬਰ 14, 2015)

 

ਭਾਰਤ ਦੇ ਮਹਾਨ ਕ੍ਰਾਂਤੀਕਾਰੀ ਸ਼ਹੀਦ ਭਗਤ ਸਿੰਘ ਦਾ ਜਨਮ ਮੌਜੂਦਾ ਪਾਕਿਸਤਾਨ ਦੇ ਜ਼ਿਲ੍ਹਾ ਲਾਇਲਪੁਰ ਦੀ ਤਹਿਸੀਲ ਜੜ੍ਹਾਂਵਾਲਾ ਦੇ ਪਿੰਡ ਚੱਕ ਨੰਬਰ 105 ਵਿਖੇ 27 ਸਤੰਬਰ 1907 ਨੂੰ ਮਾਤਾ ਵਿਦਿਆਵਤੀ ਦੀ ਕੁੱਖੋਂ ਹੋਇਆ ਸੀ। ਉਸ ਦੇ ਪਿਤਾ ਦਾ ਨਾਮ ਸ. ਕਿਸ਼ਨ ਸਿੰਘ ਸੀ ਤੇ ਉਹ ਸੰਧੂ ਗੋਤਰ ਦੇ ਕਿਸਾਨ ਪਰਿਵਾਰ ਨਾਲ ਸਬੰਧ ਰੱਖਦਾ ਸੀ। ਉਸ ਦੇ ਪਰਿਵਾਰ ਦਾ ਪਿਛਲਾ ਪਿੰਡ ਖਟਕੜ ਕਲਾਂ ਮੌਜੂਦਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਹੈ। ਉਸਦਾ ਪਰਿਵਾਰ ਦੇਸ਼ ਭਗਤਾਂ ਦਾ ਪਰਿਵਾਰ ਸੀ। ਉਸਦੇ ਜਨਮ ਵੇਲੇ ਉਸਦੇ ਪਿਤਾ ਜੀ ਅਤੇ ਦੋ ਚਾਚੇ, ਅਜੀਤ ਸਿੰਘ ਤੇ ਸਵਰਨ ਸਿੰਘ ਜੇਲ੍ਹ ਵਿੱਚੋਂ ਰਿਹਾ ਹੋਏ। ਉਸ ਦੇ ਪਿਤਾ ਅਤੇ ਚਾਚਿਆਂ ’ਤੇ ਗਦਰ ਲਹਿਰ ਦਾ ਬੜਾ ਪ੍ਰਭਾਵ ਸੀ। ਅਜੀਤ ਸਿੰਘ ਨੇ ਕਿਸਾਨੀ ਦੀਆਂ ਮੰਗਾਂ ਲਈ ਪੰਜਾਬ ਵਿੱਚ ਪਗੜੀ ਸੰਭਾਲ ਜੱਟਾ ਲਹਿਰ ਚਲਾਈ ਸੀ।

ਸਕੂਲ ਤੋਂ ਬਾਅਦ ਭਗਤ ਸਿੰਘ ਨੇ ਡੀ.ਏ.ਵੀ. ਕਾਲਜ ਲਾਹੌਰ ਦਾਖਲਾ ਲੈ ਲਿਆ। 1919 ਵਿੱਚ ਜਲ਼੍ਹਿਆਂਵਾਲਾ ਬਾਗ ਕਾਂਡ ਨੇ ਭਗਤ ਸਿੰਘ ਨੂੰ ਹਿਲਾ ਕੇ ਰੱਖ ਦਿੱਤਾ। 14 ਸਾਲ ਦੀ ਉਮਰ ਵਿੱਚ ਉਸ ਨੇ ਨਨਕਾਣਾ ਸਾਹਿਬ ਦੇ ਸਾਕੇ ਦੇ ਖਿਲਾਫ ਹੋਣ ਵਾਲੇ ਪ੍ਰਦਰਸ਼ਨਾਂ ਵਿੱਚ ਹਿੱਸਾ ਲਿਆ। 1922 ਵਿੱਚ ਜਦੋਂ ਮਹਾਤਮਾ ਗਾਂਧੀ ਨੇ ਚੌਰੀ ਚੌਰਾ ਕਾਂਡ ਤੋਂ ਬਾਅਦ ਨਾ ਮਿਲਵਰਤਨ ਅੰਦੋਲਨ ਵਾਪਸ ਲੈ ਲਿਆ ਤਾਂ ਭਗਤ ਸਿੰਘ ਦਾ ਮਨ ਖੱਟਾ ਹੋ ਗਿਆ, ਉਸਦਾ ਅਹਿੰਸਾ ਤੋਂ ਵਿਸ਼ਵਾਸ ਉੱਠ ਗਿਆ। 1923 ਵਿੱਚ ਉਹ ਲਾਲਾ ਲਾਜਪਤ ਰਾਏ ਵੱਲੋਂ ਸਥਾਪਿਤ ਨੈਸ਼ਨਲ ਕਾਲਜ ਲਾਹੌਰ ਵਿੱਚ ਦਾਖਲ ਹੋ ਗਿਆ। ਪੜ੍ਹਾਈ ਤੋਂ ਇਲਾਵਾ ਉਹ ਡਰਾਮੇ ਖੇਡਣ ਆਦਿ ਕਈ ਗਤੀਵਿਧੀਆਂ ਵਿੱਚ ਹਿੱਸਾ ਲੈਂਦਾ ਸੀ। ਉਸ ਨੇ ਇਟਲੀ ਦੇ ਕ੍ਰਾਂਤੀਕਾਰੀ ਗੁਈਸੈੱਪ ਮੈਜ਼ੀਨੀ ਦੀ ਸੰਸਥਾ ਯੰਗ ਇਟਲੀ ਤੋਂ ਪ੍ਰਭਾਵਿਤ ਹੋ ਕੇ ਮਾਰਚ 1926 ਵਿੱਚ ਨੌਜਵਾਨ ਭਾਰਤ ਸਭਾ ਦੀ ਨੀਂਹ ਰੱਖੀ। ਉਹ ਰਾਮ ਪ੍ਰਸ਼ਾਦ ਬਿਸਮਿਲ, ਚੰਦਰ ਸ਼ੇਖਰ ਅਜ਼ਾਦ ਅਤੇ ਅਸ਼ਫਾਕ ਉੱਲਾ ਵਰਗੇ ਮਹਾਨ ਕ੍ਰਾਂਤੀਕਾਰੀਆਂ ਦੀ ਸੰਸਥਾ ‘ਹਿੰਦੁਸਤਾਨ ਰਿਪਬਲੀਕਨ’ ਪਾਰਟੀ ਵਿੱਚ ਸ਼ਾਮਲ ਹੋ ਗਿਆ। 1927 ਵਿੱਚ ਵਿਆਹ ਤੋਂ ਬਚਣ ਲਈ ਉਹ ਕਾਨ੍ਹਪੁਰ ਚਲਾ ਗਿਆ। ਉਸ ਨੇ ਆਪਣੇ ਪਰਿਵਾਰ ਨੂੰ ਇੱਕ ਚਿੱਠੀ ਲਿਖੀ ਕਿ ਉਸ ਦੀ ਜ਼ਿੰਦਗੀ ਦੇਸ਼ ਦੀ ਅਜ਼ਾਦੀ ਲਈ ਸਮਰਪਿਤ ਹੈ, ਕੋਈ ਦੁਨਿਆਵੀ ਜ਼ਿੰਮੇਵਾਰੀ ਉਸ ਨੂੰ ਇਸ ਪਵਿੱਤਰ ਕਾਰਜ ਤੋਂ ਪਿੱਛੇ ਨਹੀਂ ਹਟਾ ਸਕਦੀ।

ਹੌਲੀ ਹੌਲੀ ਉਸਦੀਆਂ ਸਰਗਰਮੀਆਂ ਪੁਲਿਸ ਦੀ ਨਜ਼ਰ ਚੜ੍ਹਨ ਲੱਗੀਆਂ। ਮਈ 1927 ਵਿੱਚ ਉਸ ਨੂੰ ਪਹਿਲੀ ਵਾਰ ਲਾਹੌਰ ਬੰਬ ਕਾਂਡ ਦੇ ਝੂਠੇ ਦੋਸ਼ ਅਧੀਨ ਗ੍ਰਿਫਤਾਰ ਕੀਤਾ ਗਿਆ ਪਰ ਪੰਜ ਹਫਤੇ ਬਾਅਦ ਸੱਠ ਹਜ਼ਾਰ ਰੁਪਏ ਦੀ ਜ਼ਮਾਨਤ ’ਤੇ ਰਿਹਾ ਕਰ ਦਿੱਤਾ ਗਿਆ। ਉਹ ਪੰਜਾਬੀ ਅਤੇ ਉਰਦੂ ਅਖਬਾਰਾਂ ਲਈ ਲੇਖ ਲਿਖਣ ਲੱਗ ਪਿਆ। ਉਹ ਲਿਖਣ ਵੇਲੇ ਆਪਣਾ ਤਖੱਲਸ ਬਲਵੰਤ, ਰਣਜੀਤ ਅਤੇ ਵਿਦਰੋਹੀ ਆਦਿ ਵਰਤਦਾ ਸੀ। 1928 ਵਿੱਚ ਭਾਰਤ ਦੇ ਰਾਜਨੀਤਕ ਹਾਲਾਤ ਦਾ ਨਿਰੀਖਣ ਕਰਨ ਲਈ ਸਾਈਮਨ ਕਮਿਸ਼ਨ ਭਾਰਤ ਆਇਆ, ਜਿਸ ਵਿੱਚ ਕੋਈ ਵੀ ਭਾਰਤੀ ਮੈਂਬਰ ਨਹੀਂ ਸੀ। ਇਸ ਲਈ ਥਾਂ ਥਾਂ ਤੇ ਉਸ ਦਾ ਭਾਰੀ ਵਿਰੋਧ ਹੋਇਆ। 30 ਅਕਤੂਬਰ 1928 ਨੂੰ ਕਮਿਸ਼ਨ ਲਾਹੌਰ ਪਹੁੰਚਿਆ ਤਾਂ ਲਾਲਾ ਲਾਜਪਤ ਰਾਏ ਦੀ ਅਗਵਾਈ ਹੇਠ ਉਸ ਦੇ ਖਿਲਾਫ ਬਹੁਤ ਵੱਡਾ ਮੁਜ਼ਾਹਰਾ ਕੀਤਾ ਗਿਆ। ਲਾਹੌਰ ਦੇ ਐਸ.ਪੀ. ਜੇਮਜ਼ ਏ. ਸਕਾਟ ਨੇ ਲਾਠੀਚਾਰਜ ਦਾ ਹੁਕਮ ਦੇ ਦਿੱਤਾ। ਕਿਹਾ ਜਾਂਦਾ ਹੈ ਕਿ ਉਸ ਨੇ ਖੁਦ ਆਪ ਲਾਲਾ ਲਾਜਪਤ ਰਾਏ ਨੂੰ ਡਾਂਗਾਂ ਮਾਰੀਆਂ। ਲਾਲਾ ਲਾਜਪਤ ਰਾਏ ਜ਼ਖਮੀ ਹੋ ਗਏ ਤੇ 18 ਦਿਨ ਬਾਅਦ 17 ਨਵੰਬਰ 1928 ਨੂੰ ਉਹਨਾਂ ਦੀ ਮੌਤ ਹੋ ਗਈ। ਭਗਤ ਸਿੰਘ, ਸ਼ਿਵਰਾਮ ਰਾਜਗੁਰੂ, ਸੁਖਦੇਵ ਥਾਪਰ ਅਤੇ ਚੰਦਰ ਸ਼ੇਖਰ ਅਜ਼ਾਦ ਨੇ ਲਾਲਾ ਜੀ ਦਾ ਬਦਲਾ ਲੈਣ ਲਈ ਸਕਾਟ ਨੂੰ ਮਾਰਨ ਦੀ ਸਕੀਮ ਬਣਾਈ। ਪਰ 17 ਦਸੰਬਰ 1928 ਨੂੰ  ਗਲਤੀ ਨਾਲ ਡੀ.ਐਸ.ਪੀ. ਜਾਹਨ ਪੀ. ਸਾਂਡਰਸ ਮਾਰਿਆ ਗਿਆ ਜੋ ਲਾਹੌਰ ਪੁਲਿਸ ਹੈੱਡਕਵਾਟਰ ਤੋਂ ਬਾਹਰ ਨਿਕਲ ਰਿਹਾ ਸੀ। ਇਸ ਘਟਨਾ ਨੇ ਭਗਤ ਸਿੰਘ ਅਤੇ ਸਾਥੀਆਂ ਨੂੰ ਰਾਤੋ ਰਾਤ ਸਾਰੇ ਭਾਰਤ ਵਿੱਚ ਹੀਰੋ ਬਣਾ ਦਿੱਤਾ। ਪਰ ਮਹਾਤਮਾ ਗਾਂਧੀ ਨੇ ਇਸ ਨੂੰ ਅੱਤਵਾਦ ਦੀ ਘਟਨਾ ਕਹਿ ਕੇ ਨਿੰਦਿਆ। ਪੰਡਿਤ ਜਵਾਹਰ ਲਾਲ ਨਹਿਰੂ ਨੇ ਲਿਖਿਆ,ਭਗਤ ਸਿੰਘ ਸਾਂਡਰਸ ਨੂੰ ਮਾਰਨ ਕਾਰਨ ਪ੍ਰਸਿੱਧ ਨਹੀਂ ਹੋਇਆ, ਸਗੋਂ ਲਾਲਾ ਲਾਜਪਤ ਰਾਏ ਦਾ ਬਦਲਾ ਲੈ ਕੇ ਭਾਰਤ ਦਾ ਸਨਮਾਨ ਬਹਾਲ ਕਰਨ ਕਰਕੇ ਪ੍ਰਸਿੱਧ ਹੋਇਆ ਹੈ। ਕੁਝ ਹੀ ਸਮੇਂ ਵਿੱਚ ਉਸ ਦਾ ਨਾਮ ਉੱਤਰੀ ਭਾਰਤ ਦੇ ਹਰੇਕ ਪਿੰਡ ਅਤੇ ਸ਼ਹਿਰ ਵਿੱਚ ਗੂੰਜਣ ਲੱਗਾ ਹੈ। ਜਿੰਨੀ ਪ੍ਰਸਿੱਧੀ ਇਸ ਵਿਅਕਤੀ ਨੇ ਪ੍ਰਾਪਤ ਕੀਤੀ ਹੈ, ਉਹ ਅਤਿਅੰਤ ਹੈਰਾਨੀਜਨਕ ਹੈ।

ਸਾਂਡਰਸ ਨੂੰ ਮਾਰਨ ਤੋਂ ਬਾਅਦ ਭਗਤ ਸਿੰਘ ਸਾਥੀਆਂ ਸਮੇਤ ਡੀ.ਏ.ਵੀ. ਕਾਲਜ ਦੇ ਰਸਤੇ ਨਿੱਕਲ ਗਿਆ। ਪੰਜਾਬ ਪੁਲਿਸ ਦਾ ਇੱਕ ਹਵਾਲਦਾਰ ਚੰਨਣ ਸਿੰਘ (ਪਿੰਡ ਦਿਆਲਪੁਰਾ, ਥਾਣਾ ਭਿੱਖੀਵਿੰਡ, ਜ਼ਿਲ੍ਹਾ ਤਰਨ ਤਾਰਨ)ਭਗਤ ਸਿੰਘ ਨੂੰ ਪਕੜਨ ਦੀ ਕੋਸ਼ਿਸ਼ ਕਰਦਾ ਹੋਇਆ ਚੰਦਰ ਸ਼ੇਖਰ ਅਜ਼ਾਦ ਹੱਥੋਂ ਮਾਰਿਆ ਗਿਆ। ਪੁਲਿਸ ਨੇ ਉਹਨਾਂ ਦੀ ਤਲਾਸ਼ ਵਿੱਚ ਸਾਰਾ ਲਾਹੌਰ ਛਾਣ ਮਾਰਿਆ, ਸ਼ਹਿਰ ਵਿੱਚੋਂ ਨਿਕਲਣ ਦੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ। ਦੋ ਦਿਨਾਂ ਬਾਅਦ 19 ਦਸੰਬਰ ਨੂੰ ਕ੍ਰਾਂਤੀਕਾਰੀ ਭਗਵਤੀ ਚਰਨ ਵੋਹਰਾ ਦੀ ਪਤਨੀ ਦੁਰਗਾਵਤੀ ਦੇਵੀ (ਦੁਰਗਾ ਭਾਬੀ)ਦੀ ਮਦਦ ਨਾਲ ਭਗਤ ਸਿੰਘ ਪੱਛਮੀ ਪਹਿਰਾਵਾ ਪਹਿਨ ਕੇ ਤੇ ਰਾਜਗੁਰੂ ਉਹਨਾਂ ਦੇ ਨੌਕਰ ਦੇ ਭੇਸ ਵਿੱਚ ਲਾਹੌਰ ਸਟੇਸ਼ਨ ਤੋਂ ਟਰੇਨ ਤੇ ਸਵਾਰ ਹੋ ਕੇ ਕਲਕੱਤਾ ਪਹੁੰਚ ਗਏ। ਕਰੀਬ ਛੇ ਮਹੀਨੇ ਭਗਤ ਸਿੰਘ ਨੇ ਰੂਪੋਸ਼ ਹੋ ਕੇ ਗੁਜ਼ਾਰੇ। ਸੀ.ਆਈ.ਡੀ ਸਿਰਤੋੜ ਯਤਨਾਂ ਦੇ ਬਾਵਜੂਦ ਵੀ ਭਗਤ ਸਿੰਘ ਨੂੰ ਗ੍ਰਿਫਤਾਰ ਨਾ ਕਰ ਸਕੀ। 1929 ਵਿੱਚ ਭਗਤ ਸਿੰਘ ਨੇ ਹਿੰਦੁਸਤਾਨ ਰਿਪਬਲੀਕਨ ਪਾਰਟੀ ਦੇ ਲੀਡਰਾਂ ਸਾਹਮਣੇ ਤਜ਼ਵੀਜ਼ ਰੱਖੀ ਕਿ ਅੰਗਰੇਜ਼ ਸਰਕਾਰ ਨੂੰ ਜਗਾਉਣ ਲਈ ਸੈਂਟਰਲ ਲੈਜਿਸਲੇਟਿਵ ਅਸੈਂਬਲੀ ਦਿੱਲੀ ਵਿੱਚ ਬੰਬ ਵਿਸਫੋਟ ਕੀਤਾ ਜਾਵੇ। ਉਹਨਾਂ ਦਿਨਾਂ ਵਿੱਚ ਪਬਲਿਕ ਸੇਫਟੀ ਬਿੱਲ ਅਤੇ ਟਰੇਡ ਡਿਸਪਿਊਟ ਐਕਟ ਅਸੈਂਬਲੀ ਦੁਆਰਾ ਰੱਦ ਕਰ ਦਿੱਤੇ ਗਏ ਸਨ ਪਰ ਵਾਇਸਰਾਏ ਨੇ ਆਪਣੀਆਂ ਤਾਕਤਾਂ ਦੀ ਵਰਤੋਂ ਕਰਕੇ ਦੋਵੇਂ ਬਿੱਲ ਪਾਸ ਕਰ ਦਿੱਤੇ ਸਨ। ਕ੍ਰਾਂਤੀਕਾਰੀਆਂ ਦਾ ਅਸਲ ਮਕਸਦ ਗ੍ਰਿਫਤਾਰ ਹੋਣ ਤੋਂ ਬਾਅਦ ਅਦਾਲਤ ਦੀ ਵਰਤੋਂ ਕਰਕੇ ਲੋਕਾਂ ਤੱਕ ਆਪਣੀ ਅਵਾਜ਼ ਪਹੁੰਚਾਉਣਾ ਸੀ।

ਕ੍ਰਾਂਤੀਕਾਰੀ ਨੇਤਾ ਨਹੀਂ ਚਾਹੁੰਦੇ ਸਨ ਕਿ ਭਗਤ ਸਿੰਘ ਇਸ ਕੰਮ ਵਿੱਚ ਹਿੱਸਾ ਲਵੇ, ਕਿਉਂਕਿ ਸਾਂਡਰਸ ਕਤਲ ਕੇਸ ਕਾਰਨ ਭਗਤ ਸਿੰਘ ਨੂੰ ਫਾਂਸੀ ਲੱਗਣੀ ਤੈਅ ਸੀ। ਪਰ ਅਖੀਰ ਫੈਸਲਾ ਹੋਇਆ ਕਿ ਭਗਤ ਸਿੰਘ ਹੀ ਸਭ ਤੋਂ ਯੋਗ ਹੈ। 8 ਅਪਰੈਲ 1929 ਨੂੰ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਨੇ ਪਬਲਿਕ ਗੈਲਰੀ ਤੋਂ ਅਸੈਂਬਲੀ ਦੇ ਚਲਦੇ ਸ਼ੈਸ਼ਨ ਵਿੱਚ ਦੋ ਫੋਕੇ ਬੰਬ ਸੁੱਟ ਦਿੱਤੇ। ਉਹਨਾਂ ਦਾ ਮਕਸਦ ਕਿਸੇ ਨੂੰ ਮਾਰਨਾ ਨਹੀਂ ਸੀ, ਫਿਰ ਵੀ ਭਗਦੜ ਵਿੱਚ ਵਾਇਸਰਾਏ ਦਾ ਸਲਾਹਕਾਰ ਜਾਰਜ ਐਰਨੈਸਟ ਸ਼ੂਸਟਰ ਅਤੇ ਕਈ ਹੋਰ ਜ਼ਖਮੀ ਹੋ ਗਏ। ਜੇ ਭਗਤ ਸਿੰਘ ਅਤੇ ਦੱਤ ਚਾਹੁੰਦੇ ਤਾਂ ਧੂੰਏਂ ਦੀ ਆੜ ਵਿੱਚ ਬੜੇ ਅਰਾਮ ਨਾਲ ਭੱਜ ਸਕਦੇ ਸਨ। ਪਰ ਉਹ ਆਪਣੀ ਜਗ੍ਹਾ ’ਤੇ ਖੜ੍ਹੇ ਇਨਕਲਾਬੀ ਨਾਅਰੇ ਮਾਰਦੇ ਰਹੇ ਤੇ ਇਸ਼ਤਿਹਾਰ ਸੁੱਟਦੇ ਰਹੇ। ਉਹਨਾਂ ਨੂੰ ਗ੍ਰਿਫਤਾਰ ਕਰਕੇ ਦਿੱਲੀ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ। ਮਹਾਤਮਾ ਗਾਂਧੀ ਨੇ ਇੱਕ ਵਾਰ ਫਿਰ ਇਸ ਕੰਮ ਦੀ ਨਿੰਦਾ ਕੀਤੀ। ਭਗਤ ਸਿੰਘ ਅਤੇ ਦੱਤ ਨੇ ਜੇਲ੍ਹ ਵਿੱਚੋਂ ਚਿੱਠੀ ਲਿਖ ਕੇ ਇਸ ਨੁਕਤਾਚੀਨੀ ਦਾ ਜਵਾਬ ਦਿੱਤਾ,ਅਸੀਂ ਇਨਸਾਨੀ ਜ਼ਿੰਦਗੀ ਨੂੰ ਹਰ ਚੀਜ਼ ਨਾਲੋਂ ਵੱਧ ਪਵਿੱਤਰ ਸਮਝਦੇ ਹਾਂ। ਤਾਕਤ ਜੇ ਅੰਨ੍ਹੇਵਾਹ ਵਰਤੀ ਜਾਵੇ ਤਾਂ ਹਿੰਸਾ ਹੈ, ਪਰ ਜੇ ਕਿਸੇ ਅੱਛੇ ਕੰਮ ਦੀ ਪੂਰਤੀ ਲਈ ਵਰਤੀ ਜਾਵੇ ਤਾਂ ਨੈਤਿਕ ਅਤੇ ਨਿਆਂਪੂਰਣ ਹੈ।”

ਜੂਨ 1929 ਨੂੰ ਅਸੈਂਬਲੀ ਵਿੱਚ ਬੰਬ ਸੁੱਟਣ ਦੇ ਦੋਸ਼ ਹੇਠ ਭਗਤ ਸਿੰਘ ਅਤੇ ਦੱਤ ਨੂੰ ਉਮਰ ਕੈਦ ਦੀ ਸਜ਼ਾ ਦੇ ਦਿੱਤੀ ਗਈ। ਉਹਨਾਂ ਦਿਨਾਂ ਵਿੱਚ ਹੀ ਕ੍ਰਾਂਤੀਕਾਰੀਆਂ ਦੀਆਂ ਲਾਹੌਰ ਅਤੇ ਸਹਾਰਨਪੁਰ ਦੀਆਂ ਅਸਲ੍ਹਾ ਫੈਕਟਰੀਆਂ ਪਕੜੀਆਂ ਗਈਆਂ। ਰਾਜਗੁਰੂ, ਸੁਖਦੇਵ, ਕਿਸ਼ੋਰੀ ਲਾਲ ਅਤੇ ਜੈ ਗੋਪਾਲ ਆਦਿ ਕ੍ਰਾਂਤੀਕਾਰੀ ਗ੍ਰਿਫਤਾਰ ਕਰ ਲਏ ਗਏ। ਹੰਸ ਰਾਜ ਵੋਹਰਾ ਅਤੇ ਜੈ ਗੋਪਾਲ ਦੀ ਗੱਦਾਰੀ ਕਾਰਨ ਹੌਲੀ ਹੌਲੀ ਸਾਂਡਰਸ ਕਤਲ ਕੇਸ ਦੀਆਂ ਕੜੀਆਂ ਜੁੜਦੀਆਂ ਗਈਆਂ। ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਸਮੇਤ 21 ਕ੍ਰਾਂਤੀਕਾਰੀਆਂ ਦੇ ਖਿਲਾਫ ਸਾਂਡਰਸ ਕਤਲ ਕੇਸ ਚੱਲਿਆ। ਭਗਤ ਸਿੰਘ ਅਤੇ ਸਾਥੀਆਂ ਨੂੰ ਦਿੱਲੀ ਜੇਲ੍ਹ ਤੋਂ ਪੰਜਾਬ ਦੀ ਮੀਆਂਵਾਲੀ ਜੇਲ੍ਹ ਤਬਦੀਲ ਕਰ ਦਿੱਤਾ ਗਿਆ। ਜੇਲ੍ਹ ਵਿੱਚ ਉਸ ਨੇ ਵੇਖਿਆ ਕਿ ਕ੍ਰਾਂਤੀਕਾਰੀਆਂ ਨੂੰ ਆਮ ਬਦਮਾਸ਼ਾਂ ਨਾਲ ਰੱਖਿਆ ਜਾਂਦਾ ਸੀ, ਗੋਰੇ ਤੇ ਕਾਲੇ ਕੈਦੀਆਂ ਵਿੱਚ ਬੜਾ ਵਿਤਕਰਾ ਕੀਤਾ ਜਾਂਦਾ ਸੀ। ਭਗਤ ਸਿੰਘ ਤੇ ਸਾਥੀਆਂ ਨੇ ਰਾਜਨੀਤਕ ਕੈਦੀਆਂ ਵਾਲੀਆਂ ਸਹੂਲਤਾਂ, ਕਿਤਾਬਾਂ ਅਤੇ ਅਖਬਾਰਾਂ ਆਦਿ ਲੈਣ ਲਈ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਉਹਨਾਂ ਦੀ ਹਮਾਇਤ ਵਿੱਚ ਦੇਸ਼ ਵਿੱਚ ਜਬਰਦਸਤ ਲਹਿਰ ਚੱਲ ਪਈ, ਜਗਾਹ ਜਗਾਹ ਧਰਨੇ, ਪ੍ਰਦਰਸ਼ਨ ਅਤੇ ਹੜਤਾਲਾਂ ਹੋਣ ਲੱਗੀਆਂ। ਹੜਤਾਲ ਦੀ ਹਮਾਇਤ ਵਿੱਚ ਮੁਹੰਮਦ ਅਲੀ ਜ਼ਿਨਾਹ ਨੇ ਅਸੈਂਬਲੀ ਵਿੱਚ ਭਾਸ਼ਣ ਦਿੱਤਾ। ਜਵਾਹਰ ਲਾਲ ਨਹਿਰੂ ਨੇ ਭਗਤ ਸਿੰਘ ਨਾਲ ਮੀਆਂਵਾਲੀ ਜੇਲ੍ਹ ਵਿੱਚ ਮੁਲਾਕਾਤ ਕੀਤੀ।

ਸਰਕਾਰ ਨੇ ਭੁੱਖ ਹੜਤਾਲ ਤੋੜਨ ਲਈ ਬਹੁਤ ਯਤਨ ਕੀਤੇ। ਪਾਣੀ ਵਾਲੇ ਘੜਿਆਂ ਵਿੱਚ ਦੁੱਧ ਭਰ ਕੇ ਰੱਖਿਆ ਗਿਆ, ਜਬਰਦਸਤੀ ਖਾਣਾ ਖਵਾਉਣ ਦੇ ਯਤਨ ਕੀਤੇ ਗਏ, ਪਰ ਕ੍ਰਾਂਤੀਕਾਰੀ ਨਾ ਝੁਕੇ। ਦੇਸ਼ ਵਿੱਚ ਐਨੀ ਗੜਬੜ ਫੈਲ ਗਈ ਕਿ ਵਾਇਸਰਾਏ ਲਾਰਡ ਇਰਵਨ ਨੂੰ ਆਪਣੀਆਂ ਛੁੱਟੀਆਂ ਕੈਂਸਲ ਕਰਕੇ ਸ਼ਿਮਲੇ ਤੋਂ ਵਾਪਸ ਆਉਣਾ ਪਿਆ। ਲਾਹੌਰ ਸਾਜਿਸ਼ ਕੇਸ ਦੀ ਸੁਣਵਾਈ ਤੇਜ਼ ਕਰ ਦਿੱਤੀ ਗਈ ਤੇ ਭਗਤ ਸਿੰਘ ਨੂੰ ਮੀਆਂਵਾਲੀ ਜੇਲ੍ਹ ਤੋਂ ਬੋਰਸਟਲ ਜੇਲ੍ਹ ਲਾਹੌਰ ਤਬਦੀਲ ਕਰ ਦਿੱਤਾ ਗਿਆ। ਉਸ ਦਾ ਭਾਰ ਸੱਤ ਕਿੱਲੋ ਘੱਟ ਗਿਆ। ਕਮਜ਼ੋਰੀ ਕਾਰਨ ਉਸ ਨੂੰ ਸਟਰੇਚਰ ਤੇ ਅਦਾਲਤ ਵਿੱਚ ਪੇਸ਼ ਕੀਤਾ ਜਾਂਦਾ ਸੀ। 63 ਦਿਨ ਦੀ ਭੁੱਖ ਹੜਤਾਲ ਤੋਂ ਬਾਅਦ 13 ਸਤੰਬਰ 1929 ਨੂੰ ਕ੍ਰਾਂਤੀਕਾਰੀ ਜਤਿਨ ਨਾਥ ਦਾਸ ਸ਼ਹੀਦ ਹੋ ਗਿਆ। ਮੁਹੰਮਦ ਆਲਮ ਅਤੇ ਗੋਪੀ ਚੰਦ ਭਾਰਗੋ ਨੇ ਵਿਰੋਧ ਵਿੱਚ ਪੰਜਾਬ ਲੈਜਿਸਲੇਟਿਵ ਕਾਊਂਸਲ ਤੋਂ ਅਸਤੀਫਾ ਦੇ ਦਿੱਤਾ। ਮੋਤੀ ਲਾਲ ਨਹਿਰੂ ਨੇ ਦਿੱਲੀ ਸੈਂਟਰਲ ਅਸੈਂਬਲੀ ਵਿੱਚ ਨਿੰਦਾ ਪ੍ਰਸਤਾਵ ਪੇਸ਼ ਕੀਤਾ। ਭਗਤ ਸਿੰਘ ਨੇ ਆਖਰ ਕਾਂਗਰਸ ਵੱਲੋਂ ਪਾਸ ਕੀਤੇ ਪ੍ਰਸਤਾਵ ਕਾਰਨ 5 ਅਕਤੂਬਰ 1929 ਨੂੰ 116 ਦਿਨ ਬਾਅਦ ਭੁੱਖ ਹੜਤਾਲ ਖਤਮ ਕਰ ਦਿੱਤੀ। ਸਾਰੇ ਦੇਸ਼ ਵਿੱਚ ਉਸ ਦਾ ਨਾਮ ਪ੍ਰਸਿੱਧ ਹੋ ਗਿਆ। ਮੁਕੱਦਮੇ ਦੌਰਾਨ ਜਦੋਂ ਜੈ ਗੋਪਾਲ ਕ੍ਰਾਂਤੀਕਾਰੀਆਂ ਦੇ ਖਿਲਾਫ ਗਵਾਹੀ ਦੇਣ ਲਈ ਆਇਆ ਤਾਂ ਸਭ ਤੋਂ ਛੋਟੀ ਉਮਰ ਦੇ ਕ੍ਰਾਂਤੀਕਾਰੀ ਪ੍ਰੇਮ ਦੱਤ ਵਰਮਾ ਨੇ ਉਸ ਨੂੰ ਜੁੱਤੀ ਵਗਾਹ ਕੇ ਮਾਰੀ। ਮੈਜਿਸਟਰੇਟ ਨੇ ਹੁਕਮ ਜਾਰੀ ਦਿੱਤਾ ਕਿ ਅੱਗੇ ਤੋਂ ਦੇਸ਼ ਭਗਤਾਂ ਨੂੰ ਹੱਥਕੜੀਆਂ ਲਗਾ ਕੇ ਪੇਸ਼ ਕੀਤਾ ਜਾਵੇ। ਇਨਕਾਰ ਕਰਨ ਤੇ ਉਹਨਾਂ ਦੀ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ ਗਈ। ਵਿਰੋਧ ਵਿੱਚ ਕ੍ਰਾਂਤੀਕਾਰੀਆਂ ਨੇ ਅਦਾਲਤ ਜਾਣ ਤੋਂ ਇਨਕਾਰ ਕਰ ਦਿੱਤਾ। ਸਰਕਾਰ ਨੇ ਕੋਈ ਪ੍ਰਵਾਹ ਨਾ ਕੀਤੀ ਅਤੇ ਅਦਾਲਤੀ ਕਾਰਵਾਈ ਜਾਰੀ ਰੱਖੀ। ਸਾਰੇ ਨਿਯਮ ਛਿੱਕੇ ਟੰਗਦੇ ਹੋਏ ਉਹਨਾਂ ਦੀ ਗੈਰ ਮੌਜੂਦਗੀ ਵਿੱਚ ਹੀ 7 ਅਕਤੂਬਰ 1930 ਨੂੰ ਮੁਕੱਦਮੇ ਦਾ ਇੱਕ ਤਰਫਾ ਫੈਸਲਾ ਕੀਤਾ ਗਿਆ। ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਫਾਂਸੀ ਅਤੇ 12 ਕ੍ਰਾਂਤੀਕਾਰੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਭਗਤ ਸਿੰਘ ਅਤੇ ਸਾਥੀਆਂ ਨੇ ਫੈਸਲੇ ਦੇ ਖਿਲਾਫ ਅਪੀਲ ਕਰਨ ਤੋਂ ਇਨਕਾਰ ਕਰ ਦਿੱਤਾ।

ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਦੇਣ ਲਈ 24 ਮਾਰਚ 1931 ਦਾ ਦਿਨ ਚੁਣਿਆ ਗਿਆ। ਕ੍ਰਾਂਤੀਕਾਰੀਆਂ ਵੱਲੋਂ ਭਗਤ ਸਿੰਘ ਅਤੇ ਸਾਥੀਆਂ ਨੂੰ ਛੁਡਵਾਉਣ ਦਾ ਮਨਸੂਬਾ ਬਣਾਇਆ ਗਿਆ, ਜੋ ਬੰਬ ਬਣਾਉਂਦੇ ਸਮੇਂ ਬਾਰੂਦ ਫਟਣ ਕਾਰਨ ਭਗਵਤੀ ਚਰਣ ਵੋਹਰਾ ਦੇ ਮਾਰੇ ਜਾਣ ਕਰਕੇ ਅਸਫਲ ਹੋ ਗਿਆ। ਫਾਂਸੀ ਦੇਣ ਦਾ ਸਮਾਂ 11 ਘੰਟੇ ਅੱਗੇ ਵਧਾ ਕੇ 23 ਮਾਰਚ 1931 ਨੂੰ ਰਾਤ 7.30 ਵਜੇ ਤਿੰਨਾਂ ਨੂੰ ਲਾਹੌਰ ਜੇਲ੍ਹ ਵਿੱਚ ਫਾਂਸੀ ਦੇ ਦਿੱਤੀ ਗਈ। ਉਸ ਸਮੇਂ ਭਗਤ ਸਿੰਘ ਦੀ ਉਮਰ ਸਿਰਫ ਸਾਢੇ 23 ਸਾਲ ਸੀ। ਲੋਕ ਰੋਹ ਤੋਂ ਡਰਦੇ ਹੋਏ ਪ੍ਰਸ਼ਾਸਨ ਨੇ ਜੇਲ੍ਹ ਦੀ ਪਿਛਲੀ ਦੀਵਾਰ ਤੋੜ ਕੇ ਗੰਡਾ ਸਿੰਘ ਵਾਲਾ ਪਿੰਡ ਵਿੱਚ ਸ਼ਹੀਦਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਅਤੇ ਰਾਖ ਫਿਰੋਜ਼ਪੁਰ ਤੋਂ 10 ਕਿ.ਮੀ. ਦੂਰ ਸਤਲੁਜ ਦਰਿਆ ਵਿੱਚ ਵਹਾ ਦਿੱਤੀ। ਉੱਥੇ ਹੁਣ ਹੁਸੈਨੀਵਾਲਾ ਸਮਾਰਕ ਬਣਿਆ ਹੋਇਆ ਹੈ ਤੇ ਹਰ ਸਾਲ 23 ਮਾਰਚ ਨੂੰ ਸ਼ਹੀਦਾਂ ਦੀ ਯਾਦ ਵਿੱਚ ਸਮਾਗਮ ਹੁੰਦੇ ਹਨ। ਭਗਤ ਸਿੰਘ ਦੀ ਸ਼ਹੀਦੀ ਦਾ ਦੇਸ਼ ਤੇ ਬੜਾ ਗਹਿਰਾ ਪ੍ਰਭਾਵ ਪਿਆ। ਸਾਰੇ ਦੇਸ਼ ਵਿੱਚ ਹੜਤਾਲਾਂ ਮੁਜ਼ਾਹਰੇ ਹੋਣ ਲੱਗੇ। ਕਾਂਗਰਸ ਪਾਰਟੀ ਦੇ ਕਰਾਚੀ ਸੰਮੇਲਨ ਵਿੱਚ ਮਹਾਤਮਾ ਗਾਂਧੀ ਨੂੰ ਨੌਜਵਾਨਾਂ ਦੇ ਸਖਤ ਰੋਹ ਦਾ ਸਾਹਮਣਾ ਕਰਨਾ ਪਿਆ।

ਭਗਤ ਸਿੰਘ ਇੱਕੋ ਇੱਕ ਦੇਸ਼ ਭਗਤ ਹੈ ਜੋ ਭਾਰਤ ਅਤੇ ਪਾਕਿਸਤਾਨ ਵਿੱਚ ਇੱਕੋ ਜਿੰਨਾ ਮਕਬੂਲ ਹੈ। ਲਾਹੌਰ ਦੇ ਸ਼ਾਦਮਾਨ ਚੌਂਕ ਦਾ ਨਾਮ ਭਗਤ ਸਿੰਘ ਚੌਂਕ ਰੱਖਣ ਲਈ ਸੰਘਰਸ਼ ਚੱਲ ਰਿਹਾ ਹੈ। ਹੁਸੈਨੀਵਾਲਾ ਸਮਾਰਕ ਵਾਲੀ ਜਗਾਹ 1947 ਵਿੱਚ ਪਾਕਿਸਤਾਨ ਦੇ ਹਿੱਸੇ ਆ ਗਈ ਸੀ। 17 ਜਨਵਰੀ 1961 ਨੂੰ ਵਟਾਂਦਰੇ ਅਧੀਨ ਭਾਰਤ ਦੇ 12 ਪਿੰਡ ਪਾਕਿਸਤਾਨ ਨੂੰ ਦੇ ਕੇ ਇਹ ਜਗਾਹ ਲਈ ਗਈ। ਬਟੁਕੇਸ਼ਵਰ ਦੱਤ ਦੀ ਆਖਰੀ ਇੱਛਾ ਮੁਤਾਬਕ 19 ਜੁਲਾਈ 1965 ਨੂੰ ਉਸ ਦਾ ਇੱਥੇ ਅੰਤਿਮ ਸੰਸਕਾਰ ਕੀਤਾ ਗਿਆ ਸੀ। ਇਹ ਸਮਾਰਕ 1968 ਵਿੱਚ ਬਣਾਇਆ ਗਿਆ ਸੀ, ਪਰ 1971 ਦੀ ਜੰਗ ਵੇਲੇ ਪਾਕਿਸਤਾਨੀ ਫੌਜ ਦੇ ਕਬਜ਼ੇ ਹੇਠ ਆ ਗਿਆ। ਉਹ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੇ ਬੁੱਤ ਉਖਾੜ ਕੇ ਲੈ ਗਏ ਤੇ ਅੱਜ ਤੱਕ ਵਾਪਸ ਨਹੀਂ ਕੀਤੇ। ਇਸ ਕਰਕੇ ਇਹ ਸਮਾਰਕ 1973 ਵਿੱਚ ਦੁਬਾਰਾ ਉਸਾਰਿਆ ਗਿਆ। ਸ਼ਹੀਦ ਦੀ ਯਾਦ ਵਿੱਚ ਖਟਕੜ ਕਲਾਂ ਵਿਖੇ ਇੱਕ ਸ਼ਾਨਦਾਰ ਮੈਮੋਰੀਅਲ ਤੇ ਅਜਾਇਬਘਰ ਬਣਿਆ ਹੋਇਆ ਹੈ ਜਿਸ ਵਿੱਚ ਭਗਤ ਸਿੰਘ ਨਾਲ ਸਬੰਧਿਤ ਅਨੇਕਾਂ ਵਸਤਾਂ ਪਈਆਂ ਹਨ। ਅੱਜ ਵੀ ਕਰੋੜਾਂ ਲੋਕ ਉਸ ਦੇ ਜੀਵਨ ਤੋਂ ਪ੍ਰੇਰਣਾ ਲੈਂਦੇ ਹਨ।

2008 ਵਿੱਚ ਇੰਡੀਆ ਟੂਡੇ ਮੈਗਜ਼ੀਨ ਦੁਆਰਾ ਇੱਕ ਸਰਵੇਖਣ ਕਰਵਾਇਆ ਗਿਆ। ਇਸ ਵਿੱਚ ਭਗਤ ਸਿੰਘ, ਮਹਾਤਮਾ ਗਾਂਧੀ ਅਤੇ ਸੁਭਾਸ਼ ਚੰਦਰ ਬੋਸ ਨੂੰ ਪਿੱਛੇ ਛੱਡ ਕੇ ਦੁਨੀਆਂ ਦਾ ਸਭ ਤੋਂ ਮਹਾਨ ਭਾਰਤੀ ਚੁਣਿਆ ਗਿਆ। 15 ਅਗਸਤ 2008 ਨੂੰ ਉਸ ਦਾ ਕਾਂਸੀ ਦਾ ਬੁੱਤ ਭਾਰਤੀ ਪਾਰਲੀਮੈਂਟ ਵਿੱਚ ਸਥਾਪਿਤ ਕੀਤਾ ਗਿਆ। ਅਜ਼ਾਦੀ ਸੰਗਰਾਮ ਵਿੱਚ ਕਿਸੇ ਸ਼ਹੀਦ ਦੀ ਕੁਰਬਾਨੀ ਦਾ ਦੇਸ਼ ਵਾਸੀਆਂ ਤੇ ਇੰਨਾ ਪ੍ਰਭਾਵ ਨਹੀਂ ਪਿਆ ਜਿੰਨਾ ਭਗਤ ਸਿੰਘ ਦਾ ਪਿਆ ਹੈ। ਉਹ ਜਿਉਂਦੇ ਜੀਅ ਹੀ ਇੱਕ ਮਿਸਾਲ ਬਣ ਗਿਆ ਤੇ ਸ਼ਹੀਦੀ ਤੋਂ ਬਾਅਦ ਇੱਕ ਹੀਰੋ। ਭਗਤ ਸਿੰਘ, ਕਰਤਾਰ ਸਿੰਘ ਸਰਾਭਾ ਨੂੰ ਆਪਣਾ ਆਦਰਸ਼ ਮੰਨਦਾ ਸੀ ਤੇ ਹਰ ਵੇਲੇ ਉਸ ਦੀ ਫੋਟੋ ਆਪਣੀ ਜੇਬ ਵਿੱਚ ਰੱਖਦਾ ਸੀ।

*****

(63)

About the Author

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

Balraj Singh Sidhu (A.I.G. Retired)
Phone: (91 - 95011 - 00062)
Email: (bssidhupps@gmail.com)

More articles from this author