BalrajSidhu7ਅਜਿਹੇ ਕਾਰੋਬਾਰੀ ਕਿਸਮ ਦੇ ਜ਼ਿਆਦਾਤਰ ਵਿਆਹਾਂ ਦਾ ਅੰਜਾਮ ...
(22 ਨਵੰਬਰ 2019)

 

ਭਾਰਤ ਅਤੇ ਵਿਸ਼ੇਸ਼ ਤੌਰ ਉੱਤੇ ਪੰਜਾਬ ਵਿੱਚ ਦਹੇਜ਼ ਦੀ ਲਾਹਨਤ ਇੱਕ ਅਜਿਹੀ ਵਾਇਰਸ ਦਾ ਰੂਪ ਧਾਰਨ ਕਰ ਚੁੱਕੀ ਹੈ ਜਿਸਦਾ ਨੇੜ ਭਵਿੱਖ ਵਿੱਚ ਕੋਈ ਇਲਾਜ ਨਜ਼ਰ ਨਹੀਂ ਆਉਂਦਾਵਿਆਹਾਂ ਦੇ ਖਰਚਿਆਂ ਨੇ ਲੋਕਾਂ ਦਾ ਧੂੰਆਂ ਕੱਢ ਛੱਡਿਆ ਹੈਲੜਕੀ ਵਾਲੇ ਇੱਕ ਵਿਆਹ ਤੋਂ ਬਾਅਦ ਕਈ ਸਾਲ ਤੱਕ ਕਰਜ਼ੇ ਲਾਹੁੰਦੇ ਮਰ ਜਾਂਦੇ ਹਨਵਿਆਹ ਦਾ ਫੰਕਸ਼ਨ ਵੀ ਇੱਕ ਨਹੀਂ, ਸਗੋਂ ਚਾਰ ਚਾਰ ਹੋਣ ਲੱਗ ਪਏ ਹਨਪਹਿਲਾਂ ਸ਼ਗਨ, ਲੇਡੀਜ਼ ਸੰਗੀਤ, ਸ਼ਾਦੀ ਅਤੇ ਫਿਰ ਰਿਸੈਪਸ਼ਨ10-15 ਲੱਖ ਤਾਂ ਇਕੱਲੇ ਮੈਰਿਜ਼ ਪੈਲੇਸ ਵਾਲੇ ਹੀ ਲੈ ਲੈਂਦੇ ਹਨਇੱਕ ਮੱਧ ਵਰਗੀ ਪਰਿਵਾਰ ਨੂੰ ਵੀ ਲੜਕੀ ਦਾ ਵਿਆਹ ਇੱਕ ਕਰੋੜ ਦੇ ਲਾਗੇ ਚਾਗੇ ਪੈ ਜਾਂਦਾ ਹੈਕਰਜ਼ੇ ਉੱਤੇ ਲੈ ਕੇ ਟਰੈਕਟਰ ਵੇਚਣਾ, ਲਿਮਟਾਂ ਤੋਂ ਪੈਸੇ ਚੁੱਕਣਾ ਤੇ ਆੜ੍ਹਤੀਆਂ ਦੇ ਤਰਲੇ ਕੱਢਣੇ ਪੈਂਦੇ ਹਨਫਿਰ ਕਈ ਸਾਲਾਂ ਤੱਕ ਮੋਟਾ ਵਿਆਜ ਭਰਦੇ ਹਨ ਤੇ ਕਈ ਹੋਰ ਕੋਈ ਚਾਰਾ ਨਾ ਚੱਲਦਾ ਵੇਖ ਕੇ ਸਪਰੇਅ ਪੀ ਕੇ ਸਾਰੀਆਂ ਮੁਸੀਬਤਾਂ ਤੋਂ ਛੁਟਕਾਰਾ ਪਾ ਜਾਂਦੇ ਹਨ

ਲੋਕਾਂ ਨੂੰ ਇਸ ਮੁਸੀਬਤ ਤੋਂ ਬਚਾਉਣ ਦਾ ਕੰਮ ਭਾਰਤ ਜਾਂ ਪੰਜਾਬ ਸਰਕਾਰ ਨੂੰ ਕਰਨਾ ਚਾਹੀਦਾ ਸੀ, ਪਰ ਇਹਨਾਂ ਨੇ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਂਗ ਦਹੇਜ਼ ਵਿਰੋਧੀ ਕਾਨੂੰਨ ਬਣਾ ਕੇ ਹੀ ਆਪਣੀ ਜ਼ਿੰਮੇਵਾਰੀ ਤੋਂ ਮੁਕਤੀ ਪ੍ਰਾਪਤ ਕਰ ਲਈ ਹੈਰੱਬ ਭਲਾ ਕਰੇ ਆਸਟਰੇਲੀਆ, ਨਿਊਜ਼ੀਲੈਂਡ, ਇੰਗਲੈਂਡ, ਕੈਨੇਡਾ ਅਤੇ ਅਮਰੀਕਾ ਦੀਆਂ ਸਰਕਾਰਾਂ ਦਾ, ਜਿਹਨਾਂ ਨੇ ਆਈਲੈਟਸ ਰਾਹੀਂ ਪੀ.ਆਰ. ਦੇਣ ਦੀ ਸ਼ੁਰੂਆਤ ਕਰ ਕੇ ਹਜ਼ਾਰਾਂ ਗਰੀਬ ਮਾਪਿਆਂ ਦੀਆਂ ਹੋਣਹਾਰ ਧੀਆਂ ਦੀ ਕਿਸਮਤ ਖੋਲ੍ਹ ਦਿੱਤੀ ਹੈਆਈਲੈਟਸ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਇੰਗਲੈਂਡ ਨੇ 1989 ਵਿੱਚ ਸ਼ੁਰੂ ਕੀਤੀ ਸੀ ਜੋ ਹੌਲੀ ਹੌਲੀ ਉਪਰੋਕਤ ਅੰਗਰੇਜ਼ੀ ਭਾਸ਼ੀ ਚਾਰ ਦੇਸ਼ਾਂ ਨੇ ਵੀ ਅਪਣਾ ਲਈਇੰਗਲੈਂਡ ਦਾ ਟੈੱਸਟ ਜ਼ਿਆਦਾ ਸਖਤ ਹੋਣ ਕਾਰਨ ਬਹੁਤੇ ਲੋਕ ਪਾਸ ਨਹੀਂ ਸਨ ਕਰ ਸਕਦੇਇਸ ਲਈ ਸੰਨ 2000 ਤੋਂ ਬਾਅਦ ਆਸਟਰੇਲੀਆ, ਨਿਊਜ਼ੀਲੈਂਡ, ਅਮਰੀਕਾ ਅਤੇ ਕੈਨੇਡਾ ਨੇ ਆਈਲੈਟਸ ਟੈਸਟ ਸੌਖੇ ਕਰ ਦਿੱਤੇ ਤਾਂ ਪੰਜਾਬੀਆਂ ਨੇ ਇਹਨਾਂ ਦੇਸ਼ਾਂ ਵੱਲ ਵਹੀਰਾਂ ਘੱਤ ਦਿੱਤੀਆਂਜਿਸ ਕੋਲ ਵੀ 25-30 ਲੱਖ ਦਾ ਪ੍ਰਬੰਧ ਹੈ (ਚਾਹੇ ਜ਼ਮੀਨ ਵੇਚ ਕੇ ਹੋਵੇ) ਤੇ ਬੱਚਾ 6-7 ਬੈਂਡ ਲੈਣ ਜੋਗਾ ਹੋਵੇ, ਉਹ ਇਹਨਾਂ ਦੇਸ਼ਾਂ ਵਿੱਚ ਪਹੁੰਚ ਗਿਆ ਹੈ

ਕੈਨੇਡਾ ਸਰਕਾਰ ਇਸ ਸਬੰਧੀ ਕੁਝ ਜ਼ਿਆਦਾ ਹੀ ਨਰਮ ਹੋਣ ਕਾਰਨ ਸਭ ਤੋਂ ਵਧ ਪੰਜਾਬੀ ਵਿਦਿਆਰਥੀ ਉੱਥੇ ਜਾਣ ਨੂੰ ਪਹਿਲ ਦਿੰਦੇ ਹਨਟਰੈਵਲ ਏਜੰਟਾਂ ਦਾ ਕਹਿਣਾ ਹੈ ਕਿ ਇਹ ਰੁਝਾਨ ਸੰਨ 2001 ਤੋਂ ਬਾਅਦ ਸ਼ੁਰੂ ਹੋਇਆ ਹੈ ਤੇ ਹਰ ਸਾਲ ਇਹ ਗਿਣਤੀ ਵਧਦੀ ਹੀ ਜਾ ਰਹੀ ਹੈ2018 ਦੌਰਾਨ ਕੈਨੇਡਾ ਵਿੱਚ ਕੁਲ ਸੰਸਾਰ ਤੋਂ 5 ਲੱਖ ਵਿਦਿਆਰਥੀ ਆਏ ਜਿਹਨਾਂ ਵਿੱਚੋਂ 125000 ਪੰਜਾਬੀ ਸਨ ਅਤੇ ਸਿਰਫ 24000 ਪੰਜਾਬੀ ਬਾਕੀ ਚਾਰ ਦੇਸ਼ਾਂ ਵਿੱਚ ਗਏਜੇ ਇੱਕ ਵਿਦਿਆਰਥੀ ਦਾ ਖਰਚ ਔਸਤਨ ਵੀਹ-ਬਾਈ ਲੱਖ ਰੁਪਏ ਵੀ ਲਗਾਈਏ ਤਾਂ ਪੰਜਾਬੀ 27000 ਕਰੋੜ ਰੁਪਇਆ ਸਲਾਨਾ ਸਿਰਫ ਕੈਨੇਡਾ ਨੂੰ ਹੀ ਦੇ ਰਹੇ ਹਨਇਸ ਸਾਲ ਇਹ ਰਕਮ ਦੋ-ਚਾਰ ਸੌ ਕਰੋੜ ਹੋਰ ਵਧ ਜਾਣ ਦੀ ਉਮੀਦ ਹੈਆਈਲੈਟਸ ਦੇ ਇਸ ਵਪਾਰ ਨੇ ਲੱਖਾਂ ਲੋਕਾਂ ਨੂੰ ਰੋਟੀ ਵਿੱਚ ਪਾਇਆ ਹੋਇਆ ਹੈਕੋਚਿੰਗ ਸੈਂਟਰ, ਟਰੈਵਲ ਏਜੰਟ, ਮਨੀ ਐਕਸਚੇਂਜ, ਏਅਰ ਲਾਈਨਾਂ ਅਤੇ ਕੈਨੇਡਾ ਵਿੱਚ ਖੁੰਬਾਂ ਵਾਂਗ ਖੁੱਲ੍ਹੇ ਦੋ-ਦੋ ਕਮਰਿਆਂ ਦੇ ਡਿਪਲੋਮਾ ਕਾਲਜ ਰੱਜ ਕੇ ਇਸ ਗੰਗਾ ਵਿੱਚ ਹੱਥ ਧੋ ਰਹੇ ਹਨਵਿਦਿਆਰਥੀਆਂ ਦੇ ਦਾਖਲਿਆਂ ਵਾਲੇ ਮਹੀਨਿਆਂ ਸਮੇਂ ਏਅਰਲਾਈਨਾਂ ਦਾ ਕਿਰਾਇਆ ਡਬਲ ਹੋ ਜਾਂਦਾ ਹੈਇੱਧਰ ਪੰਜਾਬ ਦੇ ਕਾਲਜਾਂ-ਯੂਨੀਵਰਸਿਟੀਆਂ ਨੂੰ ਵਿਦਿਆਰਥੀਆਂ ਦੇ ਲਾਲੇ ਪਏ ਹੋਏ ਹਨ ਤੇ ਕਲਾਸ ਰੂਮ ਵਿਦਿਆਰਥੀਆਂ ਬਿਨਾਂ ਭਾਂ ਭਾਂ ਕਰ ਰਹੇ ਹਨਹਰ ਕੋਈ ਪਲੱਸ ਟੂ ਕਰ ਕੇ ਬਾਹਰ ਨੂੰ ਭੱਜ ਰਿਹਾ ਹੈਬਹੁਤੇ ਸਕੂਲਾਂ ਕਾਲਜਾਂ ਨੇ ਦੁਖੀ ਹੋ ਕੇ ਖੁਦ ਹੀ ਆਈਲੈਟਸ ਕੋਚਿੰਗ ਕੋਰਸ ਸ਼ੁਰੂ ਕਰ ਦਿੱਤੇ ਹਨਅੱਜ ਸੰਸਾਰ ਦੇ 140 ਦੇਸ਼ਾਂ ਦੇ 35 ਲੱਖ ਵਿਦਿਆਰਥੀ ਹਰ ਸਾਲ ਆਈਲੈਟਸ ਦਾ ਪੇਪਰ ਦਿੰਦੇ ਹਨ ਤੇ ਇਸ ਲਈ ਵਿਸ਼ਵ ਪੱਧਰ ਉੱਤੇ 1110 ਸੈਂਟਰ ਬਣੇ ਹੋਏ ਹਨ

ਪੰਜਾਬ ਵਿੱਚ ਵੰਡ ਦਰ ਵੰਡ ਹੋਣ ਕਾਰਨ ਜ਼ਮੀਨਾਂ ਬਹੁਤ ਘੱਟ ਰਹਿ ਗਈਆਂ ਹਨ ਤੇ ਜ਼ਿਆਦਾਤਰ ਲੋਕ ਵੱਧ ਤੋਂ ਵੱਧ 10-12 ਕਿੱਲਿਆਂ ਦੇ ਮਾਲਕ ਹਨਆਈਲੈਟਸ ਦਾ ਰਿਵਾਜ਼ ਸ਼ੁਰੂ ਹੋਣ ਤੋਂ ਪਹਿਲਾਂ 5-7 ਕਿੱਲਿਆਂ ਵਾਲਾ ਵੀ ਦਹੇਜ਼ ਵਿੱਚ ਕਾਰ ਭਾਲਦਾ ਸੀ, ਸਰਕਾਰੀ ਮੁਲਾਜ਼ਮਾਂ ਦੀ ਤਾਂ ਬੋਲੀ ਹੀ 20 ਲੱਖ ਤੋਂ ਉੱਪਰ ਸ਼ੁਰੂ ਹੁੰਦੀ ਸੀਪਰ ਸੱਚੇ ਪਾਤਸ਼ਾਹ ਨੇ ਅੱਜ ਹੋਣਹਾਰ ਲੜਕੀਆਂ ਦੇ ਹੱਥਾਂ ਵਿੱਚ ਆਈਲੈਟਸ ਨਾਮ ਦਾ ਅਜਿਹਾ ਹਥਿਆਰ ਪਕੜਾ ਦਿੱਤਾ ਹੈ ਕਿ 6-7 ਬੈਂਡ ਆਉਂਦੇ ਸਾਰ ਵੱਡੇ ਤੋਂ ਵੱਡੇ ਧਨਾਢ ਵੀ ਗਰੀਬ ਘਰਾਂ ਦੀਆਂ ਲੜਕੀਆਂ ਦੇ ਤਰਲੇ ਕੱਢਣ ਲੱਗ ਪੈਂਦੇ ਹਨਜ਼ਾਤ ਪਾਤ ਵਰਗੇ ਕਲੰਕ ਨੂੰ ਮਿਟਾਉਣ ਦਾ ਜਿਹੜਾ ਕੰਮ ਸਾਡੇ ਧਾਰਮਿਕ ਰਹਿਨੁਮਾ ਨਹੀਂ ਕਰ ਸਕੇ, ਉਸ ਆਈਲੈਟਸ ਨੇ ਕਰ ਵਿਖਾਇਆ ਹੈਵਿਆਹ ਵੇਲੇ ਸਿਰਫ ਬੈਂਡ ਵੇਖੇ ਜਾਂਦੇ ਹਨ, ਜ਼ਾਤ ਪਾਤ ਕੋਈ ਨਹੀਂ ਪੁੱਛਦਾਪੰਜਾਬ ਵਿੱਚ ਵੇਖੀਏ ਤਾਂ ਪਹਿਲੀ ਜ਼ਮਾਤ ਤੋਂ ਲੈ ਕੇ ਬੀ.ਏ., ਐੱਮ.ਏ. ਤੱਕ ਦੇ ਇਮਤਿਹਾਨਾਂ ਵਿੱਚ ਕੁੜੀਆਂ ਦੀ ਝੰਡੀ ਹੈਮੈਡੀਕਲ, ਆਈ.ਆਈ.ਟੀ. ਅਤੇ ਇੰਜੀਨੀਅਰਿੰਗ ਆਦਿ ਵਿੱਚ ਹਰ ਸਾਲ ਕੁੜੀਆਂ ਹੀ ਟਾਪ ਕਰ ਰਹੀਆਂ ਹਨਪੰਜਾਬ ਦੇ ਲਾਡਲੇ ਤੇ ਪੋਲੜ ਮੁੰਡਿਆਂ ਦੇ ਮਨਾਂ ਵਿੱਚ ਇਹ ਗੱਲ ਘਰ ਕਰ ਗਈ ਹੈ ਕਿ ਪੜ੍ਹਨ ਦੀ ਕੀ ਜ਼ਰੂਰਤ ਹੈ? ਪਿਉ ਕੋਲ ਵਾਧੂ ਪੈਸੇ ਹਨ, 6 ਬੈਂਡ ਵਾਲੀ ਕੁੜੀ ਨਾਲ ਵਿਆਹ ਕਰਵਾ ਕੇ ਕੈਨੇਡਾ ਤਾਂ ਚਲੇ ਹੀ ਜਾਣਾ ਹੈਇਹ ਢੀਠ ਅਤੇ ਨਿਕੰਮੇ ਆਈਲੈਟਸ ਪਾਸ ਕਰਨ ਜੋਗੇ ਵੀ ਨਹੀਂ ਰਹੇਵੱਡੇ ਵੱਡੇ ਲੈਂਡਲਾਰਡ ਹੁਣ ਦਾਜ ਲੈਣ ਦੀ ਬਜਾਏ 50-50 ਲੱਖ ਰੁਪਇਆ ਕੁੜੀ ਵਾਲਿਆਂ ਨੂੰ ਦੇਣ ਲਈ ਚੁੱਕੀ ਫਿਰਦੇ ਹਨ ਕਿ ਕਿਸੇ ਤਰ੍ਹਾਂ ਮੁੰਡਾ ਬਾਹਰ ਚਲਾ ਜਾਵੇਇੱਥੋਂ ਤੱਕ ਕਿ ਵਿਆਹ ਦਾ ਸਾਰਾ ਖਰਚਾ ਵੀ ਮੁੰਡੇ ਵਾਲੇ ਹੀ ਕਰਦੇ ਹਨ

ਪਰ ਅਜਿਹੇ ਕਾਰੋਬਾਰੀ ਕਿਸਮ ਦੇ ਜ਼ਿਆਦਾਤਰ ਵਿਆਹਾਂ ਦਾ ਅੰਜਾਮ ਠੀਕ ਨਹੀਂ ਨਿਕਲਦਾਲੜਕੀ ਅਤੇ ਲੜਕੇ ਦੇ ਮਨ ਆਪਸ ਵਿੱਚ ਨਹੀਂ ਭਿੱਜਦੇ, ਉਹ ਪਿਆਰ ਹੀ ਨਹੀਂ ਪਨਪਦਾ ਜੋ ਅਸਲੀ ਵਿਆਹ ਕਾਰਨ ਪਨਪਣਾ ਚਾਹੀਦਾ ਹੈਦੋਵਾਂ ਦੇ ਦਿਲਾਂ ਵਿੱਚ ਇੱਕ ਗੁੱਝਾ ਡਰ ਬੈਠਾ ਹੁੰਦਾ ਹੈ ਕਿ ਸਾਡਾ ਵਿਆਹ ਇੱਕ ਸੌਦੇਬਾਜ਼ੀ ਅਧੀਨ ਹੋਇਆ ਹੈਬਹੁਤੇ ਲੜਕਿਆਂ ਨੇ ਪਹਿਲਾਂ ਹੀ ਸਕੀਮ ਲਗਾਈ ਹੁੰਦੀ ਹੈ ਕਿ ਕੈਨੇਡਾ ਵਿੱਚ ਪੱਕੇ ਹੁੰਦੇ ਸਾਰ ਉਡਾਰੀ ਮਾਰ ਜਾਣੀ ਹੈ ਤੇ ਪਿਛਲਾ ਘਾਟਾ ਪੂਰਾ ਕਰਨ ਲਈ ਪੰਜਾਬ ਜਾ ਕੇ ਮੋਟਾ ਦਹੇਜ਼ ਲੈ ਕੇ ਦੁਬਾਰਾ ਵਿਆਹ ਕਰਵਾਉਣਾ ਹੈਪੰਜਾਬ ਵਿੱਚ ਤਾਂ ਕੈਨੇਡਾ ਦੇ ਨਾਮ ਉੱਤੇ ਭਾਵੇਂ 100 ਸਾਲ ਦਾ ਬੁੱਢਾ ਵਿਆਹ ਲਉਲੜਕੀ ਨੂੰ ਵੀ ਪਤਾ ਹੁੰਦਾ ਹੈ ਕਿ ਇਸ ਨੇ ਮੇਰੇ ਨਾਲ ਸਿਰਫ ਬਾਹਰ ਆਉਣ ਖਾਤਰ ਵਿਆਹ ਕਰਵਾਇਆ ਹੈਕਈ ਵਾਰ ਲੜਕੀਆਂ ਵੀ ਬਾਹਰ ਪਹੁੰਚ ਕੇ ਲੜਕੇ ਨੂੰ ਪੇਪਰ ਨਹੀਂ ਭੇਜਦੀਆਂਅਗਲਾ ਲੜਕੀ ਨੂੰ ਵਿਦੇਸ਼ ਭੇਜਣ ਦੇ ਪੈਸੇ ਵੀ ਖਰਚ ਬੈਠਦਾ ਹੈ ਤੇ ਹੱਥ ਵੀ ਕੁਝ ਨਹੀਂ ਆਉਂਦਾਪੁਲਿਸ ਕੋਲ ਰੋਜ਼ਾਨਾ ਅਜਿਹੀਆਂ ਸੈਂਕੜੇ ਦਰਖਾਸਤਾਂ ਪਹੁੰਚ ਰਹੀਆਂ ਹਨ ਜਿਸ ਵਿੱਚ ਲੜਕੀ ਵਾਲੇ, ਲੜਕੇ ਵਾਲਿਆਂ ਉੱਤੇ ਦਹੇਜ਼ ਮੰਗਣ ਦਾ ਇਲਜ਼ਾਮ ਲਗਾ ਰਹੇ ਹਨ ਤੇ ਲੜਕੇ ਵਾਲੇ, ਲੜਕੀ ਵਾਲਿਆਂ ਉੱਤੇ 35-40 ਲੱਖ ਦੀ ਠੱਗੀ ਮਾਰਨ ਦਾਇਸ ਲਈ ਅਜਿਹੇ ਵਪਾਰਿਕ ਰਿਸ਼ਤੇ ਕਾਇਮ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਤੇ ਸਮਾਜਿਕ ਮਰਿਆਦਾਵਾਂ ਨੂੰ ਭੰਗ ਨਹੀਂ ਕਰਨਾ ਚਾਹੀਦਾਪਰਿਵਾਰ ਵਾਲਿਆਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜਿਹੜਾ ਲੜਕਾ ਇੱਥੇ ਆਈਲੈਟਸ ਪਾਸ ਨਹੀਂ ਕਰ ਸਕਦਾ, ਉਹ ਕੈਨੇਡਾ ਜਾ ਕੇ ਵੀ ਕੀ ਸ਼ੇਰ ਮਾਰ ਲਵੇਗਾ?

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1818)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

Balraj Singh Sidhu (A.I.G. Retired)
Phone: (91 - 95011 - 00062)
Email: (bssidhupps@gmail.com)

More articles from this author