“ਗੰਨਮੈਨ ਕਲਚਰ ਨੇ ਪੰਜਾਬ ਦੀ ਆਰਥਿਕਤਾ ਉੱਤੇ ਬਹੁਤ ਵੱਡਾ ਬੋਝ ਪਾਇਆ ਹੋਇਆ ਹੈ ...”
(29 ਮਈ 2019)
ਪੰਜਾਬ ਵਿੱਚ ਲੋਕਾਂ ’ਤੇ ਰੋਅਬ ਪਾਉਣ ਦਾ ਸਭ ਤੋਂ ਸੌਖਾ ਤਰੀਕਾ ਸਮਝਿਆ ਜਾਂਦਾ ਹੈ ਸਰਕਾਰੀ ਗੰਨਮੈਨ ਲੈ ਕੇ ਲਾਲ ਬੱਤੀ ਵਾਲੀ ਗੱਡੀ ਵਿੱਚ ਘੁੰਮਣਾ। ਜਦੋਂ ਵੀ ਸਰਕਾਰ ਬਦਲਦੀ ਹੈ, ਸੱਤਾਧਾਰੀ ਕਥਿਤ ਵੀ.ਆਈ.ਪੀਆਂ. ਦੀ ਜਾਨ ਨੂੰ ਖਤਰਾ ਵਧ ਜਾਂਦਾ ਹੈ ਤੇ ਉਹਨਾਂ ਵਿੱਚ ਗੰਨਮੈਨ ਲੈਣ ਦੀ ਹੋੜ ਮੱਚ ਜਾਂਦੀ ਹੈ। ਬਲਾਕ ਪ੍ਰਧਾਨ ਵੀ 2-2, 3-3 ਗੰਨਮੈਨ ਅਲਾਟ ਕਰਵਾ ਲੈਂਦਾ ਹੈ। ਮੇਅਰ-ਡਿਪਟੀ ਮੇਅਰ ਵੀ ਕਈ ਕਈ ਗੰਨਮੈਨ ਲਈ ਫਿਰਦੇ ਹਨ। ਵੈਸੇ ਵਿਚਾਰੇ ਪੰਚਾਂ-ਸਰਪੰਚਾਂ ਨੂੰ ਅਜੇ ਗੰਨਮੈਨ ਮਿਲਣੇ ਸ਼ੁਰੂ ਨਹੀਂ ਹੋਏ। ਕਿਸੇ ਬੰਦੇ ਦੀ ਰਾਜਸੀ ਪਹੁੰਚ ਉਸ ਦੇ ਗੰਨਮੈਨਾਂ ਦੀ ਗਿਣਤੀ ਅਤੇ ਹਥਿਆਰਾਂ ਦੀ ਕਿਸਮ ਤੋਂ ਨਿਸ਼ਚਿਤ ਹੁੰਦੀ ਹੈ। ਜਿਸਦੇ ਗੰਨਮੈਨ ਕੋਲ ਏ.ਕੇ. 47 ਹੋਵੇ, ਉਹ ਵਿਅਕਤੀ ਵੱਡਾ ਵੀ.ਆਈ.ਪੀ. ਸਮਝਿਆ ਜਾਂਦਾ ਹੈ। ਮੈਂ ਅਜਿਹੇ ਕਈ ਠੱਗਾਂ ਨੂੰ ਜਾਣਦਾ ਹਾਂ ਜਿਹਨਾਂ ਨੇ ਲੋਕਾਂ ਦੇ ਕਰੋੜਾਂ ਰੁਪਏ ਮਾਰੇ ਹੋਏ ਹਨ, ਪਰ ਸਿਰਫ ਗੰਨਮੈਨਾਂ ਦੇ ਸਿਰ ’ਤੇ ਛਿੱਤਰਾਂ ਤੋਂ ਬਚੇ ਹੋਏ ਹਨ।
ਕਈ ਵਿਚਾਰੇ ਤਾਂ ਸਿਰਫ ਚਾਰ ਦਿਨ ਗੰਨਮੈਨਾਂ ਦਾ ਸਵਾਦ ਵੇਖਣ ਲਈ ਹੀ ਹਰੇਕ ਵਿਧਾਨ ਸਭਾ ਅਤੇ ਪਾਰਲੀਮੈਂਟ ਚੋਣ ਵੇਲੇ ਕਾਗਜ਼ ਭਰ ਦਿੰਦੇ ਹਨ। ਬਹੁਤੇ ਲੀਡਰਾਂ ਦੀ ਜਾਨ ਨੂੰ ਸਿਰਫ ਪੰਜ ਸਾਲ ਖਤਰਾ ਰਹਿੰਦਾ ਹੈ, ਸਰਕਾਰ ਬਦਲਦੇ ਸਾਰ ਖਤਰਾ ਖਤਮ ਹੋ ਜਾਂਦਾ ਹੈ ਤੇ ਗੰਨਮੈਨ ਵਾਪਸ ਲੈ ਲਏ ਜਾਂਦੇ ਹਨ। ਕਿਸੇ ਸੱਤਾਧਾਰੀ ਵਾਸਤੇ ਆਪਣੇ ਹਮਾਇਤੀ ਨੂੰ ਖੁਸ਼ ਕਰਨ ਦਾ ਸਭ ਤੋਂ ਸੌਖਾ ਤਰੀਕਾ ਹੈ ਕਿ ਉਸ ਨੂੰ ਗੰਨਮੈਨ ਅਲਾਟ ਕਰ ਦਿੱਤੇ ਜਾਣ। ਪੰਜਾਬ ਵਿੱਚ ਅੱਤਵਾਦ ਦੇ ਸਮੇਂ ਖਾੜਕੂਆਂ ਨੇ ਇੱਕ ਵਾਰ ਐਲਾਨ ਕੀਤਾ ਸੀ ਕਿ ਅਸੀਂ ਲਾਲ ਬੱਤੀ ਵਾਲੀਆਂ ਗੱਡੀਆਂ ਅਤੇ ਗੰਨਮੈਨਾਂ ਵਾਲੇ ਵਿਅਕਤੀਆਂ ’ਤੇ ਹਮਲੇ ਕਰਾਂਗੇ, ਰਾਤੋ ਰਾਤ ਕਥਿਤ ਵੀ.ਆਈ.ਪੀਆਂ ਦੀਆਂ ਲਾਲ ਬੱਤੀਆਂ ਗਾਇਬ ਹੋ ਗਈਆਂ ਸਨ।
ਗੰਨਮੈਨ ਇੱਕ ਅਜਿਹਾ ਵਿਅਕਤੀ ਹੈ ਜਿਸ ਦੀ ਰੱਜ ਕੇ ਦੁਰਵਰਤੋਂ ਕੀਤੀ ਜਾਂਦੀ ਹੈ। ਉਸ ਦੀ ਵਰਤੋਂ ਸੁਰੱਖਿਆ ਲਈ ਕਰਨ ਦੀ ਬਜਾਏ ਡਰਾਈਵਰ ਅਤੇ ਟੋਲ ਟੈਕਸ ਬਚਾਉਣ ਵਾਲੇ ਵਜੋਂ ਕੀਤੀ ਜਾਂਦੀ ਹੈ। ਜਦੋਂ ਵੀ ਕੋਈ ਕਥਿਤ ਵੀ.ਆਈ.ਪੀ ਗੰਨਮੈਨ ਅਲਾਟ ਕਰਵਾਉਂਦਾ ਹੈ ਤਾਂ ਉਸ ਦੀ ਸਭ ਤੋਂ ਪਹਿਲੀ ਮੰਗ ਇਹੀ ਹੁੰਦੀ ਹੈ ਕਿ ਉਸ ਨੂੰ ਗੱਡੀ ਚਲਾਉਣੀ ਆਉਂਦੀ ਹੋਵੇ ਤੇ ਉਸ ਨੂੰ ਏ.ਕੇ.47 ਅਲਾਟ ਕੀਤੀ ਜਾਵੇ। ਪੰਜਾਬੀਆਂ ਵਿੱਚ ਗੰਨਮੈਨ ਲੈਣ ਦੀ ਇੰਨੀ ਤੀਬਰ ਇੱਛਾ ਪਾਈ ਜਾਂਦੀ ਹੈ ਕਿ ਕਈ ਥਾਂਈਂ ਲੋਕਾਂ ਨੇ ਖੁਦ ਆਪਣੇ ਆਪ ’ਤੇ ਫਾਇਰਿੰਗ ਕਰਵਾਈ। ਕਥਿਤ ਵੀ.ਆਈ.ਪੀਆਂ ਨੂੰ ਕਈ ਲੋਕ ਵੀ ਫੁਕਰੀ ਵਿਖਾਉਣ ਖਾਤਰ ਆਪਣੇ ਵਿਆਹ ਸ਼ਾਦੀਆਂ ਵਿੱਚ ਬੁਲਾ ਲੈਂਦੇ ਹਨ। ਉਸ ਨਾਲ ਆਈ ਗੰਨਮੈਨਾਂ ਦੀ ਧਾੜ ਬਰਾਤ ਲਈ ਸਜਾਇਆ ਸਾਰਾ ਖਾਣਾ ਚਟਮ ਕਰ ਜਾਂਦੀ ਹੈ ਤੇ ਬਿਨਾਂ ਕਿਸੇ ਸ਼ਰਮ ਭੈਅ ਦੇ ਵਿਆਹ ਵਾਲੇ ਘਰ ਦੀਆਂ ਔਰਤਾਂ ਵਿੱਚ ਵੱਜਦੇ ਫਿਰਦੇ ਹਨ।
ਸਰੀਰ ਨਾਸ਼ਵਾਨ ਹੈ, ਮੌਤ ਤੋਂ ਨਹੀਂ ਡਰਨਾ ਚਾਹੀਦਾ ਅਤੇ ਆਤਮਾ ਅਮਰ ਹੈ - ਦੀ ਸਿੱਖਿਆ ਸ਼ਰਧਾਲੂਆਂ ਨੂੰ ਦੇਣ ਵਾਲੇ ਸਾਡੇ ਮੁਸ਼ਟੰਡੇ ਬਾਬੇ ਵੀ ਗੰਨਮੈਨ ਲੈਣ ਵਿੱਚ ਕਿਸੇ ਤੋਂ ਪਿੱਛੇ ਨਹੀਂ। ਮਾੜੇ ਤੋਂ ਮਾੜਾ ਬਾਬਾ ਬਾਬਾ ਵੀ 5-7 ਗੰਨਮੈਨ ਲਏ ਬਗੈਰ ਸੰਗਤਾਂ ਨੂੰ ਪ੍ਰਵਚਨ ਦੇਣ ਬਾਹਰ ਨਹੀਂ ਨਿਕਲਦਾ। ਪੰਜਾਬ ਦੀ ਇੱਕ ਸੱਜੇ ਪੱਖੀ ਕੱਟੜਪੰਥੀ ਜਮਾਤ ਗੰਨਮੈਨ ਲੈਣ ਵਿੱਚ ਸਭ ਤੋਂ ਅੱਗੇ ਹੈ। ਇਸਦਾ ਜੋ ਵੀ ਲੀਡਰ 1984 ਦੀ ਵਰ੍ਹੇਗੰਢ ’ਤੇ ਇੱਕ ਖਾਸ ਧਾਰਮਿਕ ਵਿਅਕਤੀ ਦਾ ਪੁਤਲਾ ਫੂਕਣ ਦਾ ਐਲਾਨ ਕਰਦਾ ਹੈ, ਉਸੇ ਨੂੰ ਝੱਟ ਗੰਨਮੈਨ ਮਿਲ ਜਾਂਦੇ ਹਨ।
ਕੈਨੇਡਾ-ਅਮਰੀਕਾ ਦੇ ਕਈ ਪੱਤਰਕਾਰ ਤੇ ਨੇਤਾ ਉੱਥੇ ਕੰਧਾਂ ਵਿੱਚ ਵੱਜਦੇ ਫਿਰਦੇ ਹਨ, ਪਰ ਦਿੱਲੀ ਉੱਤਰਦੇ ਸਾਰ ਉਹਨਾਂ ਨੂੰ ਕਈ ਕਈ ਗੰਨਮੈਨ ਮਿਲ ਜਾਂਦੇ ਹਨ। ਉੱਥੇ ਇਹ ਸਾਡੇ ਕਲਚਰ ਨੂੰ ਰੇਡੀਓ, ਅਖਬਾਰਾਂ ਵਿੱਚ ਰੱਜ ਕੇ ਭੰਡਦੇ ਹਨ, ਪਰ ਇੱਥੇ ਆਣ ਕੇ ਉਹੀ ਕਰਤੂਤਾਂ ਕਰਦੇ ਹਨ। ਕੈਨੇਡਾ ਦੇ ਦੋ ਤਿੰਨ ਪੱਤਰਕਾਰ ਤਾਂ ਇਸ ਕੰਮ ਲਈ ਖਾਸ ਤੌਰ ’ਤੇ ਬਦਨਾਮ ਹਨ। ਕਈ ਇਲੈਕਸ਼ਨਾਂ ਹਾਰ ਚੁੱਕੀ ਕੈਨੇਡਾ ਦੀ ਇੱਕ ਫਲਾਪ ਸਾਬਕਾ ਮਹਿਲਾ ਐੱਮ.ਪੀ. ਨੂੰ ਪੰਜਾਬ ਆਉਣ ’ਤੇ ਪੁਲਿਸ ਦੀ ਸੁਰੱਖਿਆ ਗੱਡੀ ਮਿਲਦੀ ਹੁੰਦੀ ਸੀ। ਕਈ ਕਥਿਤ ਵੀ.ਆਈ.ਪੀ ਗੰਨਮੈਨ ਤਾਂ ਲੈ ਲੈਂਦੇ ਹਨ ਪਰ ਗੰਨਮੈਨਾਂ ਨੂੰ ਰੋਟੀ ਖਵਾਉਣ ਅਤੇ ਰਿਹਾਇਸ਼ ਦੇਣ ਦੀ ਉਹਨਾਂ ਦੀ ਔਕਾਤ ਨਹੀਂ ਹੁੰਦੀ। ਮਾਝੇ ਦੇ ਇੱਕ ਮਹਾਂ ਸ਼ਿਕਾਇਤੀ ਸੱਜੇ ਪੱਖੀ ਕੱਟੜਵਾਦੀ ਲੀਡਰ ਦੀ ਭੀੜੀ ਜਿਹੀ ਗਲੀ ਵਿੱਚ ਛੋਟੀ ਜਿਹੀ ਦੁਕਾਨ ਅਤੇ ਘਰ ਹੈ। ਉਸ ਨੇ ਗੰਨਮੈਨਾਂ ਵਾਸਤੇ ਆਪਣੇ ਘਰ ਦੇ ਬਾਹਰ ਗਲੀ ਵਿੱਚ ਟੈਂਟ ਲਗਵਾਏ ਹੋਏ ਹਨ, ਵਿਚਾਰੇ ਗਰਮੀ ਸਰਦੀ ਵਿੱਚ ਬਾਹਰ ਹੀ ਠਰਦੇ ਸੜਦੇ ਰਹਿੰਦੇ ਹਨ। ਕਈ ਕਥਿਤ ਵੀ.ਆਈ.ਪੀ. ਸਾਇਕਲਾਂ-ਮੋਟਰ ਸਾਇਕਲਾਂ ਪਿੱਛੇ ਗੰਨਮੈਨ ਬਿਠਾਈ ਫਿਰਦੇ ਹਨ।
ਕਈ ਲੋਕ ਇੰਨੇ ਜੁਗਾੜੀ ਹੁੰਦੇ ਹਨ ਕਿ ਸਰਕਾਰ ਚਾਹੇ ਕਿਸੇ ਪਾਰਟੀ ਦੀ ਹੋਵੇ, ਇੱਧਰੋਂ ਉੱਧਰੋਂ ਗੋਟੀਆਂ ਫਿੱਟ ਕਰ ਕੇ ਗੰਨਮੈਨ ਲੈ ਹੀ ਲੈਂਦੇ ਹਨ। ਪੰਜਾਬ ਵਿੱਚ ਗੰਨਮੈਨ ਲੈਣ ਵਾਲੇ 90% ਲੋਕਾਂ ਨੂੰ ਕੋਈ ਖਤਰਾ ਨਹੀਂ ਹੈ। ਉਹ ਸਿਰਫ ਸ਼ਾਨ ਵਧਾਉਣ ’ਤੇ ਲੋਕਾਂ ਉੱਤੇ ਰੋਹਬ ਗੱਠਣ ਲਈ ਹੀ ਗੰਨਮੈਨ ਲੈਂਦੇ ਹਨ। ਕਹਿੰਦੇ ਹਨ ਇੱਕ ਟਟਪੂੰਜੀਆ ਲੀਡਰ ਆਪਣੇ ਗੰਨਮੈਨ ਨੂੰ ਕਹਿਣ ਲੱਗਾ ਕਿ ਜੇ ਕੋਈ ਮੈਂਨੂੰ ਮਾਰਨ ਵਾਸਤੇ ਆਇਆ ਤਾਂ ਤੂੰ ਮੈਂਨੂੰ ਬਚਾ ਲਵੇਂਗਾ? ਗੰਨਮੈਨ ਅੱਗੋਂ ਬੋਲਿਆ ਕਿ ਜੇ ਕੋਈ ਪੂਰੀ ਤਿਆਰੀ ਨਾਲ ਆਇਆ ਤਾਂ ਮੈਂ ਤੁਹਾਨੂੰ ਕਿਵੇਂ ਬਚਾ ਸਕਦਾ ਹਾਂ? ਲੀਡਰ ਕਹਿੰਦਾ ਕਿ ਫਿਰ ਤੂੰ ਮੇਰੇ ਪਿੱਛੇ ਕਿਉਂ ਖੜ੍ਹਾ ਹੈਂ? “ਸਰ ਮੈਂ ਉਸ ’ਤੇ ਪਰਚਾ ਦਰਜ ਕਰਵਾਂਗਾ, ਮੌਕੇ ਦਾ ਗਵਾਹ ਬਣ ਕੇ ਗਵਾਹੀ ਦੇਵਾਂਗਾ ਤੇ ਉਸ ਨੂੰ ਫਾਂਸੀ ਲਗਵਾਵਾਂਗਾ।” ਗੰਨਮੈਨ ਨੇ ਸਚਾਈ ਦੱਸੀ।
ਗੰਨਮੈਨ ਕਲਚਰ ਨੇ ਪੰਜਾਬ ਦੀ ਆਰਥਿਕਤਾ ਉੱਤੇ ਬਹੁਤ ਵੱਡਾ ਬੋਝ ਪਾਇਆ ਹੋਇਆ ਹੈ। ਹਰ ਮਹੀਨੇ ਸਰਕਾਰ ਦੇ ਕਰੋੜਾਂ ਰੁਪਏ ਗੰਨਮੈਨਾਂ ਦੀ ਤਨਖਾਹ ਅਤੇ ਟੀ.ਏ. - ਡੀ.ਏ. ਵਿੱਚ ਹੀ ਨਿਕਲ ਜਾਂਦੇ ਹਨ। ਆਮ ਡਿਊਟੀ ਕਰਨ ਲਈ ਜਵਾਨ ਨਹੀਂ ਲੱਭਦੇ। ਇਲੈਕਸ਼ਨ ਡਿਊਟੀ ਵੇਲੇ ਧੱਕੇ ਨਾਲ ਗੰਨਮੈਨ ਵਾਪਸ ਲੈਣੇ ਪੈਂਦੇ ਹਨ। ਉਸ ਵੇਲੇ ਕਥਿਤ ਵੀ.ਆਈ.ਪੀਆਂ ਦੀ ਹਾਲਤ ਵੇਖਣ ਵਾਲੀ ਹੁੰਦੀ ਹੈ। ਕਈ ਤਾਂ ਵਿਚਾਰੇ ਸ਼ਰਮ ਦੇ ਮਾਰੇ ਬਾਹਰ ਹੀ ਨਹੀਂ ਨਿਕਲਦੇ। ਗੰਨਮੈਨ ਕਲਚਰ ਵੇਖਣਾ ਹੋਵੇ ਤਾਂ ਸਵੇਰੇ ਸ਼ਾਮ ਸੁੱਖਣਾ ਝੀਲ ’ਤੇ ਸੈਰ ਕਰਨ ਜਾਣਾ ਚਾਹੀਦਾ ਹੈ। ਬਹੁਤੇ ਲੋਕ ਸਿਰਫ ਗੰਨਮੈਨ ਵਿਖਾਉਣ ਲਈ ਹੀ ਸੈਰ ਕਰਨ ਆਉਂਦੇ ਹਨ। ਉਹਨਾਂ ਦੀਆਂ ਧੌਣਾਂ ਕਿਰਲੇ ਵਾਂਗ ਆਕੜੀਆਂ ਹੁੰਦੀਆਂ ਹਨ। ਇਹਨਾਂ ਕਥਿਤ ਵੀ.ਆਈ.ਪੀਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਆਮ ਲੋਕ ਹੁਣ ਪਿੱਠ ਪਿੱਛੇ ਫੁਕਰਾ ਕਹਿ ਕੇ ਉਹਨਾਂ ਦਾ ਮਖੌਲ ਉਡਾਉਂਦੇ ਹਨ। ਜਿਸ ਨੂੰ ਸਹੀ ਅਰਥਾਂ ਵਿੱਚ ਖਤਰਾ ਹੋਵੇ, ਉਹ ਅਜਿਹੇ ਰਿਸਕ ਨਹੀਂ ਲੈਂਦਾ, ਬਹੁਤ ਸਾਵਧਾਨੀ ਨਾਲ ਬਾਹਰ ਨਿਕਲਦਾ ਹੈ। ਪਰ ਇਹ ਲੋਕ ਸਮਝਦੇ ਹਨ ਕਿ ਜੇ ਗੰਨਮੈਨ ਕਿਸੇ ਨੇ ਵੇਖਿਆ ਹੀ ਨਾ ਤਾਂ ਫਿਰ ਲੈਣ ਦਾ ਕੀ ਫਾਇਦਾ? ਪਿੱਛੇ ਜਿਹੇ ਇੱਕ ਵਿਧਾਇਕ ਨਾਲ ਹੋਈ ਕੁੱਟਮਾਰ ਜਨਤਾ ਨੇ ਸ਼ਰੇਆਮ ਟੀ.ਵੀ. ’ਤੇ ਵੇਖੀ ਸੀ। ਉਸ ਦੇ ਗੰਨਮੈਨਾਂ ਨੇ ਉਸ ਨੂੰ ਬਚਾਉਣ ਦੀ ਬਜਾਏ ਦੂਸਰੇ ਪਾਸੇ ਮੂੰਹ ਕਰ ਲਿਆ ਸੀ। ਇਸ ਲਈ ਗੰਨਮੈਨਾਂ ਦੇ ਸਿਰ ’ਤੇ ਕਦੇ ਵੀ ਪੁੱਠੇ ਪੰਗੇ ਨਹੀਂ ਲੈਣੇ ਚਾਹੀਦੇ, ਸਖਤ ਬੇਇੱਜ਼ਤੀ ਹੋ ਸਕਦੀ ਹੈ।
ਦਿੱਲੀ ਵਿੱਚ ਸਾਰੇ ਭਾਰਤ ਤੋਂ ਵੀ.ਆਈ.ਪੀ. ਆਉਂਦੇ ਹਨ, ਪਰ ਪੰਜਾਬ ਤੋਂ ਗਏ ਕਥਿਤ ਵੀ.ਆਈ.ਪੀ ਦੂਰੋਂ ਹੀ ਪਛਾਣੇ ਜਾਂਦੇ ਹਨ। ਕਿਸੇ ਮਾਲ ਵਿੱਚ ਵੀ ਜਾਣ ਤਾਂ ਵੀ ਗੰਨਮੈਨਾਂ ਦੀ ਫੌਜ ਨਾਲ ਲੈ ਕੇ ਜਾਂਦੇ ਹਨ। ਬਹੁਤੇ ਕਥਿਤ ਵੀ.ਆਈ.ਪੀ. ਤਾਂ ਗੰਨਮੈਨ ਦੇ ਚਾਕਰ ਬਣ ਜਾਂਦੇ ਹਨ ਕਿ ਕਿਤੇ ਗੰਨਮੈਨ ਸਾਹਿਬ ਨਰਾਜ਼ ਹੋ ਕੇ ਚਲੇ ਨਾ ਜਾਣ। ਆਪ ਰੋਟੀ ਖਾਣ ਤੋਂ ਪਹਿਲਾਂ ਗੰਨਮੈਨ ਨੂੰ ਖਵਾਉਂਦੇ ਹਨ ਤੇ ਆਪ ਸੌਣ ਤੋਂ ਪਹਿਲਾਂ ਗੰਨਮੈਨ ਨੂੰ ਸਵਾਉਂਦੇ ਹਨ। ਕਈ ਗੰਨਮੈਨ ਜ਼ਿਆਦਾ ਹੀ ਚਟਕ ਹੁੰਦੇ ਹਨ, ਉਹ ਘਰ ਦੇ ਅੰਦਰ ਤੱਕ ਪਹੁੰਚ ਬਣਾ ਲੈਂਦੇ ਹਨ। ਕਈ ਕਥਿਤ ਵੀ.ਆਈ.ਪੀ ਅੱਯਾਸ਼ੀ ਕਰਦੇ ਹੋਏ ਗੰਨਮੈਨਾਂ ਦੁਆਰਾ ਉਹਨਾਂ ਦੀਆਂ ਪਤਨੀਆਂ ਕੋਲ ਚੁਗਲੀ ਕਰ ਕੇ ਪਕੜਵਾਏ ਗਏ ਹਨ। ਇੱਕ ਗੰਨਮੈਨ ਨੇ ਤਾਂ ਕਥਿਤ ਵੀ.ਆਈ.ਪੀ. ਦੇ ਘਰ ਅੰਦਰ ਹੀ ਨਿੱਘੇ ਸੰਬੰਧ ਬਣਾ ਲਏ ਸਨ, ਵਿਚਾਰੇ ਵੀ.ਆਈ.ਪੀ. ਨੂੰ ਆਪਣਾ ਘਰ ਬਚਾਉਣ ਖਾਤਰ ਗੰਨਮੈਨ ਵਾਪਸ ਕਰਨੇ ਪਏ। ਇੱਦਾਂ ਵੀ ਨਹੀਂ ਹੈ ਕਿ ਕੋਈ ਮੁਲਾਜ਼ਮ ਗੰਨਮੈਨ ਲੱਗ ਕੇ ਖੁਸ਼ ਨਹੀਂ, ਕਈ ਤਾਂ ਅਜਿਹੇ ਸੂਰਮੇ ਹਨ ਜੋ ਸਾਰੀ ਨੌਕਰੀ ਗੰਨਮੈਨੀ ਕਰ ਕੇ ਹੀ ਕੱਢ ਦਿੰਦੇ ਹਨ। ਜੇ ਕਿਤੇ ਉਹਨਾਂ ਨੂੰ ਕਿਸੇ ਖਾਸ ਕਥਿਤ ਵੀ.ਆਈ.ਪੀ. ਨਾਲੋਂ ਹਟਾ ਦਿੱਤਾ ਜਾਵੇ ਤਾਂ ਉਹਨਾਂ ਦੀ ਜਾਨ ਨਿਕਲ ਜਾਂਦੀ ਹੈ। ਸਿਫਾਰਸ਼ਾਂ ਪਾ ਕੇ ਦੁਬਾਰਾ ਉੱਥੇ ਹੀ ਵਾਪਸ ਪਹੁੰਚ ਜਾਂਦੇ ਹਨ। ਕਈ ਤਾਂ ਆਪਣਾ ਹੁਲੀਆ ਵੀ ਆਪਣੇ ਮਾਲਕ ਵਰਗਾ ਬਣਾ ਲੈਂਦੇ ਹਨ। ਕੋਈ ਦਾਹੜ੍ਹੀ ਖੁੱਲ੍ਹੀ ਛੱਡੀ ਲੈਂਦਾ ਹੈ, ਕੋਈ ਨੀਲੀ ਪੱਗ ਬੰਨ੍ਹੀ ਫਿਰਦਾ ਹੈ ਤੇ ਕੋਈ ਵੱਡਾ ਸਾਰਾ ਤਿਲਕ ਲਗਾ ਲੈਂਦਾ ਹੈ।
ਪੰਜਾਬ ਵਿੱਚ ਕਥਿਤ ਵੀ.ਆਈ.ਪੀਆਂ ਦੀਆਂ ਦੋ ਤਿੰਨ ਅਹਿਮ ਨਿਸ਼ਾਨੀਆਂ ਹਨ, ਚਮਕਦਾ ਹੋਇਆ ਮਾਂਡੀ ਲੱਗਾ ਕੁੜਤਾ ਪਜਾਮਾ, ਫਾਰਚੂਨਰ ਗੱਡੀ, ਰਿਬੌਕ ਦੇ ਬੂਟ, ਐਪਲ ਦਾ ਲੇਟੈਸਟ ਆਈਫੋਨ ਅਤੇ ਦੋ ਤਿੰਨ ਅਸਾਲਾਟਾਂ ਵਾਲੇ ਗੰਨਮੈਨ।
ਜਦ ਤੱਕ ਪੰਜਾਬ ਵਿੱਚ ਵੀ.ਆਈ.ਪੀ. ਕਲਚਰ ਚੱਲਦਾ ਰਹੇਗਾ, ਗੰਨਮੈਨ ਲੈਣ ਦਾ ਰੁਝਾਨ ਵੀ ਚਲਦਾ ਰਹੇਗਾ।
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1610)
(ਸਰੋਕਾਰ ਨਾਲ ਸੰਪਰਕ ਲਈ: