“ਮੈਂ ਠੇਕਾ ਲਿਆ ਹੋਇਆ ਐ ਦੇਸ਼ ਦੀਆਂ ਸਮੱਸਿਆਵਾਂ ਦਾ? ਅਸੀਂ ਇਲੈਕਸ਼ਨ ਜਿੱਤੀਏ ਕਿ ਲੋਕਾਂ ਦੇ ਸਿਆਪੇ ...”
(20 ਮਾਰਚ 2019)
ਚੋਣਾਂ ਦਾ ਐਲਾਨ ਹੁੰਦੇ ਸਾਰ ਲੀਡਰਾਂ ਵਿੱਚ ਅਦਭੁਤ ਤਾਕਤ ਤੇ ਚੁਸਤੀ ਫੁਰਤੀ ਆ ਜਾਂਦੀ ਹੈ। ਬਿਮਾਰ, ਬੁੱਢੇ ਤੇ ਮਰਨ ਕਿਨਾਰੇ ਪਏ ਨੇਤਾ ਵੀ ਜੰਗਲੀ ਘੋੜੇ ਵਾਂਗ ਦੁਲੱਤੇ ਮਾਰਨ ਲੱਗ ਜਾਂਦੇ ਹਨ। ਕਿਰਲੇ ਵਾਂਗ ਆਕੜੀਆਂ ਧੌਣਾਂ ਕਮਾਨ ਵਾਂਗ ਦੋਹਰੀਆਂ ਹੋ ਕੇ ਵੋਟਰ ਬਾਦਸ਼ਾਹ ਅੱਗੇ ਝੁਕ ਜਾਂਦੀਆਂ ਹਨ, ਜ਼ੁਬਾਨ ਵਿੱਚ ਮਿਸ਼ਰੀ ਘੁਲ ਜਾਂਦੀ ਹੈ। ਚੋਣ ਕਮਿਸ਼ਨ ਜੋ ਮਰਜ਼ੀ ਕਹੇ, ਚੋਣਾਂ ਹਮੇਸ਼ਾ ਦੋ ਚਰਣਾਂ ਵਿੱਚ ਹੁੰਦੀਆਂ ਹਨ। ਵੋਟਾਂ ਤੋਂ ਪਹਿਲਾਂ ਲੀਡਰ ਵੋਟਰ ਦੇ ਚਰਣਾਂ ਵਿੱਚ ਤੇ ਵੋਟਾਂ ਤੋਂ ਬਾਅਦ ਵੋਟਰ ਲੀਡਰ ਦੇ ਚਰਣਾਂ ਵਿੱਚ। ਹਰੇਕ ਪਾਰਟੀ ਚੁਣਾਵੀ ਜੰਗ ਜਿੱਤਣ ਦੀਆਂ ਤਿਆਰੀਆਂ ਕੱਸ ਲੈਂਦੀ ਹੈ। ਅਣਗੌਲੇ, ਤੋੜ ਮਰੋੜ ਕੇ ਨੁੱਕਰਾਂ ਵਿੱਚ ਸੁੱਟੇ ਜੰਗਾਲ ਲੱਗੇ ਵਰਕਰਾਂ ਦਾ ਦੁਬਾਰਾ ਮੁੱਲ ਪੈਣਾ ਸ਼ੁਰੂ ਹੋ ਜਾਂਦਾ ਹੈ। ਰੁੱਸਿਆਂ ਨੂੰ ਦਸ ਰੁਪਏ ਦਾ ਪਲਾਸਟਿਕ ਦੇ ਫੁੱਲਾਂ ਵਾਲਾ ਹਾਰ ਪਹਿਨਾ ਕੇ ਪਾਰਟੀ ਦੀ ਇੱਜ਼ਤ ਦਾ ਵਾਸਤਾ ਦੇ ਕੇ ਗੱਲ ਨਾਲ ਲਗਾਇਆ ਜਾਂਦਾ ਹੈ। ਪੈਂਫਲਿਟ, ਬੈਨਰ, ਪੋਸਟਰ ਆਦਿ ਛਪਣ ਲੱਗ ਪੈਂਦੇ ਹਨ ਤੇ ਘਰਾਂ-ਦੁਕਾਨਾਂ ਉੱਪਰ ਝੰਡੇ ਝੂਲਣ ਲੱਗ ਜਾਂਦੇ ਹਨ। ਵੋਟਾਂ ਭੋਟਣ ਲਈ ਸਿਆਸੀ ਪਾਰਟੀਆਂ ਦਾ ਇੱਕ ਅਹਿਮ ਕੰਮ ਹੁੰਦਾ ਹੈ ਚੋਣ ਮੈਨੀਫੈਸਟੋ ਜਾਰੀ ਕਰਨਾ। ਚੋਣ ਮੈਨੀਫੈਸਟੋ ਤਿਆਰ ਕਰਨ ਲਈ ਬਹੁਤ ਹੀ ਹੰਢੇ ਵਰਤੇ ਤੇ ਘਾਗ ਕਿਸਮ ਦੇ ਅਹੁਦੇਦਾਰਾਂ ਦੀ ਡਿਊਟੀ ਲਾਈ ਜਾਂਦੀ ਹੈ, ਤਾਂ ਜੋ ਲੋਕਾਂ ਨੂੰ ਕੁਝ ਸਮੇਂ ਲਈ (ਇਲੈਕਸ਼ਨ ਖਤਮ ਹੋਣ ਤੱਕ) ਮਿੱਠੇ ਮਿੱਠੇ ਸੁਪਨੇ ਵਿਖਾਏ ਜਾ ਸਕਣ। ਕਈ ਤਰ੍ਹਾਂ ਦੇ ਅਸੰਭਵ ਅਤੇ ਅਜੀਬ ਵਾਅਦੇ ਕੀਤੇ ਜਾਂਦੇ ਜੋ ਅਮਰੀਕਾ ਵਰਗੇ ਵਿਕਸਤ ਦੇਸ਼ ਲਈ ਵੀ ਪੂਰੇ ਕਰਨੇ ਮੁਸ਼ਕਲ ਹਨ, ਇੰਡੀਆ ਨੇ ਤਾਂ ਕਰਨੇ ਹੀ ਕੀ ਨੇ। ਵੈਸੇ ਅੱਜ ਕੱਲ੍ਹ ਦੇਸ਼ ਭਗਤੀ ਦਾ ਫੈਸ਼ਨ ਚੱਲ ਰਿਹਾ ਹੈ। ਹਰ ਕੋਈ ਆਪਣੇ ਆਪ ਨੂੰ ਦੂਸਰੇ ਨਾਲੋਂ ਵੱਡਾ ਦੇਸ਼ ਭਗਤ ਸਾਬਤ ਕਰਨ ਦੀ ਹੋੜ ਵਿੱਚ ਰੁੱਝਾ ਹੋਇਆ ਹੈ। ਕਾਲਾ ਧੰਨ, ਬੇਰੋਜ਼ਗਾਰੀ ਅਤੇ ਵਿਕਾਸ ਆਦਿ ਦੇ ਜ਼ਰੂਰੀ ਮੁੱਦੇ ਬਹੁਤ ਪਿੱਛੇ ਸੁੱਟ ਦਿੱਤੇ ਗਏ ਹਨ। ਬੱਸ ਪਾਕਿਸਤਾਨ ਮੁਰਦਾਬਾਦ!
ਅਜਿਹੀ ਹੀ ਇੱਕ ਸਿਆਸੀ ਪਾਰਟੀ ਦਾ ਪ੍ਰਧਾਨ ਪਾਰਟੀ ਦਫਤਰ ਵਿੱਚ ਬੈਠਾ ਆ ਰਹੀਆਂ ਚੋਣਾਂ ਦੀ ਰਣਨੀਤੀ ਬਣਾਉਣ ਬਾਰੇ ਪਾਰਟੀ ਦੇ ਖਾਸ ਅਹੁਦੇਦਾਰਾਂ ਨਾਲ ਸਲਾਹ ਮਸ਼ਵਰਾ ਕਰ ਰਿਹਾ ਸੀ। ਉਸੇ ਵੇਲੇ ਮੈਨੀਫੈਸਟੋ ਤਿਆਰ ਕਰਨ ਵਾਲੀ ਕਮੇਟੀ ਦੇ ਚੇਅਰਮੈਨ ਨੇ ਚੋਣ ਮੈਨੀਫੈਸਟੋ ਦਾ ਖਰੜਾ ਉਸ ਅੱਗੇ ਲਿਆ ਰੱਖਿਆ ਤਾਂ ਜੋ ਪ੍ਰਧਾਨ ਚੈੱਕ ਕਰ ਲਵੇ ਤੇ ਜੇ ਕੋਈ ਕਮੀ ਪੇਸ਼ੀ ਹੋਵੇ ਤਾਂ ਦੂਰ ਕੀਤੀ ਜਾ ਸਕੇ। ਪ੍ਰਧਾਨ ਨੇ ਧਿਆਨ ਨਾਲ ਖਰੜਾ ਪੜ੍ਹਨਾ ਸ਼ੁਰੂ ਕਰ ਦਿੱਤਾ। ਦਸ ਕੁ ਲਾਈਨਾਂ ਪੜ੍ਹਨ ਤੋਂ ਬਾਅਦ ਪ੍ਰਧਾਨ ਦੇ ਮੱਥੇ ਵੱਟ ਪੈ ਗਏ। ਉਹ ਸੜ ਬਲ ਕੇ ਚੇਅਰਮੈਨ ਨੂੰ ਪੈ ਨਿਕਲਿਆ, “ਆਹ ਕੀ ਬਕਵਾਸ ਲਿਖੀ ਆ? ਅਖੇ ਜੇ ਸਾਡੀ ਪਾਰਟੀ ਦੀ ਸਰਕਾਰ ਬਣ ਗਈ ਤਾਂ ਅਸੀਂ ਪਰਿਵਾਰ ਨਿਯੋਜਨ ਨੂੰ ਸਖਤੀ ਨਾਲ ਲਾਗੂ ਕਰਾਂਗੇ। ਦੋ ਤੋਂ ਵੱਧ ਬੱਚੇ ਪੈਦਾ ਕਰਨ ਵਾਲਿਆਂ ਦੀਆਂ ਸਾਰੀਆਂ ਸਰਕਾਰੀ ਸਹੂਲਤਾਂ ਬੰਦ ਕਰ ਦਿਆਂਗੇ। ਉਹਨਾਂ ਦੀ ਹਰ ਪ੍ਰਕਾਰ ਦੀ ਸਰਕਾਰੀ ਸਬਸਿਡੀ ਤੇ ਰਿਜ਼ਰਵੇਸ਼ਨ ਬੰਦ ਕਰ ਦਿੱਤੀ ਜਾਵੇਗੀ। ਹੱਦ ਹੋ ਗਈ, ਤੂੰ ਯਾਰ ਚੀਨ ਵਿੱਚ ਬੈਠਾ ਏਂ?”
ਚੇਅਰਮੈਨ ਬੜੇ ਅਦਬ ਨਾਲ ਬੋਲਿਆ, “ਪ੍ਰਧਾਨ ਜੀ ਦੇਸ਼ ਦੀਆਂ ਕੁੱਲ ਸਮੱਸਿਆਵਾਂ ਦੀ ਜੜ੍ਹ ਇਹ ਸ਼ੈਤਾਨ ਦੀ ਆਂਤ ਵਾਂਗ ਵਧਦੀ ਜਾ ਰਹੀ ਅਬਾਦੀ ਹੀ ਹੈ। ਇਹ ਸਾਰੀਆਂ ਸਰਕਾਰੀ ਯੋਜਨਾਵਾਂ ਨੂੰ ਖਾ ਜਾਂਦੀ ਹੈ। ਵੇਖੋ ਸੜਕਾਂ, ਹਸਪਤਾਲਾਂ, ਸਰਕਾਰੀ ਦਫਤਰਾਂ, ਅਦਾਲਤਾਂ, ਬੱਸਾਂ, ਟਰੇਨਾਂ, ਬਜ਼ਾਰਾਂ ਵਿੱਚ ਲੋਕ ਕਿਵੇਂ ਕੁਰਬਲ ਕੁਰਬਲ ਕਰਦੇ ਫਿਰਦੇ ਨੇ। ਵਧਦੀ ਅਬਾਦੀ ਕਾਰਨ ਜੁਰਮ ਵੀ ਵਧਦੇ ਜਾ ਰਹੇ ਨੇ। ਦੇਸ਼ ਦੀ ਆਰਥਿਕਤਾ ਇੰਨੀ ਤੇਜ਼ੀ ਨਾਲ ਵਧਦੀ ਅਬਾਦੀ ਦਾ ਭਾਰ ਨਹੀਂ ਝੱਲ ਸਕਦੀ। ਹਰ ਸਾਲ ਬੇਰੋਜ਼ਗਾਰਾਂ ਦੀ ਇੱਕ ਨਵੀਂ ਫੌਜ ਤਿਆਰ ਹੋ ਜਾਂਦੀ ਹੈ। ਦੇਸ਼ ਦੇ ਕੁਦਰਤੀ ਸੋਮੇ ਖਤਮ ਹੋ ਰਹੇ ਹਨ। ਬਾਕੀ ਗੱਲਾਂ ਛੱਡੋ, ਕੁਝ ਸਾਲਾਂ ਬਾਅਦ ਤਾਂ ਇੰਨੀ ਅਬਾਦੀ ਨੂੰ ਪੀਣ ਵਾਲਾ ਪਾਣੀ ਦੇਣਾ ਵੀ ਮੁਸ਼ਕਲ ਹੋ ਜਾਵੇਗਾ। ਇਕੱਲੀ ਅਬਾਦੀ ਕੰਟਰੋਲ ਕਰਨ ਨਾਲ ਹੀ ਦੇਸ਼ ਦੀਆਂ ਨੱਬੇ ਫੀਸਦੀ ਸਮੱਸਿਆਵਾਂ ਹੱਲ ਹੋ ਸਕਦੀਆਂ ਨੇ।”
ਪ੍ਰਧਾਨ ਸੁਣ ਕੇ ਅੱਗ ਬਬੂਲਾ ਹੋ ਗਿਆ। ਖਰੜਾ ਚੇਅਰਮੈਨ ਦੇ ਮੂੰਹ’ਤੇ ਮਾਰਿਆ, “ਮੈਂ ਠੇਕਾ ਲਿਆ ਹੋਇਆ ਐ ਦੇਸ਼ ਦੀਆਂ ਸਮੱਸਿਆਵਾਂ ਦਾ? ਅਸੀਂ ਇਲੈਕਸ਼ਨ ਜਿੱਤੀਏ ਕਿ ਲੋਕਾਂ ਦੇ ਸਿਆਪੇ ਹੱਲ ਕਰੀਏ? ਇਹ ਤੇਰਾ ਅਬਾਦੀ ਘੱਟ ਕਰਨ ਵਾਲਾ ਫਾਰਮੂਲਾ ਜੇ ਕਿਤੇ ਪਬਲਿਕ ਨੇ ਸੁਣ ਲਿਆ ਨਾ, ਸਾਡੀ ਪਾਰਟੀ ਨੂੰ ਇੱਕ ਵੋਟ ਨਹੀਂ ਮਿਲਣੀ। ਕਈ ਸਾਲ ਪਹਿਲਾਂ ਤੇਰੇ ਵਰਗੇ ਇੱਕ ਨੈਸ਼ਨਲ ਲੈਵਲ ਦੇ ਲੀਡਰ ਨੇ ਅਬਾਦੀ ਘਟਾਉਣ ਦੀ ਕੋਸ਼ਿਸ਼ ਕੀਤੀ ਸੀ, ਅਗਲੀ ਇਲੈਕਸ਼ਨ ਵਿੱਚ ਉਸਦੀ ਪਾਰਟੀ ਗਧੇ ਦੇ ਸਿਰ ਤੋਂ ਸਿੰਗਾਂ ਵਾਂਗ ਗਾਇਬ ਹੋ ਗਈ ਸੀ। ਛੱਡ ਅਬਾਦੀ ਦਾ ਫਿਕਰ, ਤੂੰ ਮੈਨੀਫੈਸਟੋ ਵਿੱਚ ਲਿਖ ਕਿ ਬੇਰੋਜ਼ਗਾਰੀ ਖਤਮ ਕਰ ਦਿੱਤੀ ਜਾਵੇਗੀ। ਸਾਰੇ ਪੜ੍ਹੇ ਲਿਖਿਆਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਬੱਚਿਆਂ ਦੀ ਸਾਰੀ ਪੜ੍ਹਾਈ ਤੇ ਵਿਆਹ ਦਾ ਖਰਚਾ ਸਰਕਾਰ ਕਰੇਗੀ। ਗਰੀਬਾਂ ਨੂੰ ਮਕਾਨ, ਮੋਟਰ ਸਾਈਕਲ, ਕਣਕ, ਚਾਵਲ, ਦਾਲ, ਦੇਸੀ ਘਿਉ, ਮਸਾਲੇ, ਗੈਸ, ਕੱਪੜੇ, ਜੁੱਤੀਆਂ, ਟੀ.ਵੀ., ਫਰਿੱਜ, ਬਿਜਲੀ, ਪਾਣੀ, ਸਫਰ ਅਤੇ ਇਲਾਜ, ਸਭ ਸਹੂਲਤਾਂ ਫਰੀ ਦਿੱਤੀਆਂ ਜਾਣਗੀਆਂ। ਵਪਾਰੀਆਂ ਦੇ ਟੈਕਸ ਅਤੇ ਕਿਸਾਨਾਂ ਦੇ ਸਾਰੇ ਕਰਜ਼ੇ ਮੁਆਫ ਕਰ ਦਿੱਤੇ ਜਾਣਗੇ। ਫਿਰ ਵੇਖੀਂ ਕਿਵੇਂ ਪੈਂਦੀਆਂ ਆਪਣੀ ਪਾਰਟੀ ਨੂੰ ਵੋਟਾਂ। ਦੂਜੀਆਂ ਪਾਰਟੀਆਂ ਦੇ ਉਮੀਦਵਾਰਾਂ ਦੀਆਂ ਜਮਾਨਤਾਂ ਨਾ ਜ਼ਬਤ ਹੋ ਗਈਆਂ ਤਾਂ ਮੇਰਾ ਨਾਮ ਬਦਲ ਦੇਈਂ।”
ਚੋਣ ਮੈਨੀਫੈਸਟੋ ਕਮੇਟੀ ਦਾ ਚੇਅਰਮੈਨ ਵਿਚਾਰਾ ਮਨ ਮਸੋਸ ਕੇ ਰਹਿ ਗਿਆ ਤੇ ਨਵਾਂ ਘੋਸ਼ਣਾ ਪੱਤਰ ਤਿਆਰ ਕਰਨ ਲਈ ਤੁਰ ਪਿਆ।
*****
(ਨੋਟ: ਹਰ ਲੇਖਕ ਆਪਣੀ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1515)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)