BalrajSidhu7ਜੈਮਲ ਫੱਤਾ ਦੀਆਂ ਵਾਰਾਂ ਪੰਜਾਬੀ ਨੌਜਵਾਨਾਂ ਨੂੰ ਹਿੰਮਤ ਅਤੇ ਉਤਸ਼ਾਹ ਦਿੰਦੀਆਂ ਸਨ ਕਿ ...
(19 ਜੁਲਾਈ 2018)

 

ਪੰਜਾਬ ਦੇ ਲੋਕ ਨਾਇਕਾਂ ਵਿੱਚ ਪੰਜਾਬ ਤੋਂ ਬਾਹਰ ਦੇ ਅਜਿਹੇ ਸੂਰਮੇ ਬਹੁਤ ਘੱਟ ਸ਼ਾਮਲ ਹਨ, ਜਿਹਨਾਂ ਬਾਰੇ ਵਾਰਾਂ ਬਣੀਆਂ ਹਨ। ਮੁੱਖ ਕਿੱਸਿਆਂ ਵਿੱਚ ਸਿੰਧ ਦਾ ਕਿੱਸਾ ਸੱਸੀ ਪੁਨੂੰ ਅਤੇ ਯੋਧਿਆਂ-ਸੂਰਬੀਰਾਂ ਵਿੱਚ ਸਿਰਫ ਰਾਜਸਥਾਨ ਦੇ ਸੂਰਮਿਆਂ ਰਾਵਤ ਜੈ ਮੱਲ ਰਾਠੌਰ, ਉਰਫ ਜੈਮਲ ਅਤੇ ਰਾਵਤ ਫੱਤਾ ਸਿਸੋਦੀਆ, ਉਰਫ ਫੱਤਾ ਨੂੰ ਇਹ ਮਾਣ ਹਾਸਲ ਹੈ। ਜੈਮਲ ਫੱਤਾ ਦੀਆਂ ਵਾਰਾਂ ਪੰਜਾਬ ਦੇ ਕੁਲਦੀਪ ਮਾਣਕ ਵਰਗੇ ਅਨੇਕਾਂ ਨਾਮਵਰ ਢਾਡੀਆਂ, ਕਵੀਸ਼ਰਾਂ ਅਤੇ ਗਾਇਕਾਂ ਨੇ ਗਾਈਆਂ ਹਨ।

20 ਅਕਤੂਬਰ 1567 ਨੂੰ ਭਾਰਤ ਦੇ ਸ਼ਹਿਨਸ਼ਾਹ ਅਕਬਰ ਨੇ ਰਾਜਪੂਤਾਨੇ ਨੂੰ ਆਪਣੇ ਕਬਜ਼ੇ ਹੇਠ ਕਰਨ ਲਈ ਰਾਜਸਥਾਨ ਦੀ ਸਭ ਤੋਂ ਮਜ਼ਬੂਤ ਰਿਆਸਤ ਮੇਵਾੜ ਦੀ ਰਾਜਧਾਨੀ ਚਿਤੌੜਗੜ੍ਹ ’ਤੇ ਆਪ ਖੁਦ ਹਮਲਾ ਬੋਲ ਦਿੱਤਾ। ਰਾਜਪੂਤਾਂ ਨੇ ਅਤਿਅੰਤ ਬਹਾਦਰੀ ਨਾਲ ਮੁਗਲ ਫੌਜ ਦਾ ਸਾਹਮਣਾ ਕੀਤਾ ਤੇ ਉਸ ਨੂੰ 23 ਫਰਵਰੀ 1568 ਤੱਕ ਰੋਕੀ ਰੱਖਿਆ। ਮੇਵਾੜ ਦਾ ਮਹਾਰਾਣਾ ਉਦੇ ਸਿੰਘ ਆਤਮ ਸਮਰਪਣ ਕਰਨ ਦੀ ਬਜਾਏ ਪਰਿਵਾਰ ਸਮੇਤ ਚਿਤੌੜਗੜ੍ਹ ਨੂੰ ਆਪਣੇ ਸੈਨਾਪਤੀਆਂ ਜੈਮਲ ਅਤੇ ਫੱਤਾ ਦੇ ਸਹਾਰੇ ਛੱਡ ਕੇ ਗੋਗੁੰਡਾ ਦੇ ਕਿਲੇ ਵਿੱਚ ਚਲਾ ਗਿਆ। ਜੈਮਲ ਅਤੇ ਫੱਤਾ ਨੇ 8000 ਸੈਨਿਕਾਂ ਅਤੇ 35000 ਕਿਸਾਨਾਂ-ਮਜ਼ਦੂਰਾਂ ਦੀ ਮਦਦ ਨਾਲ ਅਕਬਰ ਦੇ ਲੱਖਾਂ ਸੈਨਿਕਾਂ ਨੂੰ ਚਾਰ ਮਹੀਨੇ ਤੱਕ ਕਿਲੇ ਦੇ ਨੇੜੇ ਨਾ ਫੜਕਣ ਦਿੱਤਾ। ਆਖਰ 22 ਫਰਵਰੀ 1568 ਨੂੰ ਜੈਮਲ ਅਤੇ 23 ਫਰਵਰੀ 1568 ਨੂੰ ਫੱਤਾ ਵੀਰਗਤੀ ਨੂੰ ਪ੍ਰਾਪਤ ਹੋ ਗਏ ਤੇ ਕਿਲਾ ਮੁਗਲਾਂ ਦੇ ਹੱਥ ਆ ਗਿਆ। ਇਸ ਜੰਗ ਵਿੱਚ ਸਾਰੇ ਦੇ ਸਾਰੇ 8000 ਰਾਜਪੂਤ ਸੈਨਿਕ ਮਾਰੇ ਗਏ ਤੇ ਹਜ਼ਾਰਾਂ ਔਰਤਾਂ ਨੇ ਬੱਚਿਆਂ ਸਮੇਤ ਜੌਹਰ ਕਰ ਲਿਆ। (ਜੌਹਰ ਕਰਨਾ = ਆਤਮ ਸਨਮਾਨ ਲਈ ਅੱਗ ਵਿੱਚ ਭਸਮ ਹੋ ਜਾਣਾ - ਸੰਪਾਦਕ)। ਅਕਬਰ ਦੀ ਖਿਝੀ ਖਪੀ ਸੈਨਾ ਨੇ 30 ਹਜ਼ਾਰ ਆਮ ਨਾਗਰਿਕਾਂ ਦਾ ਵੀ ਕਤਲ ਕਰ ਦਿੱਤਾ। ਇਸ ਜਿੱਤ ਦੀ ਖੁਸ਼ੀ ਮਨਾਉਣ ਲਈ ਅਕਬਰ ਇੱਕ ਹਫਤਾ ਚਿਤੌੜਗੜ੍ਹ ਵਿੱਚ ਰਿਹਾ। ਅਕਬਰ ਜੈਮਲ ਅਤੇ ਫੱਤਾ ਦੀ ਬਹਾਦਰੀ ਤੋਂ ਐਨਾ ਖੁਸ਼ ਹੋਇਆ ਕਿ ਦੋਵਾਂ ਦੇ ਕਾਲੇ ਸੰਗਮਰਮਰ ਦੇ ਹਾਥੀ ’ਤੇ ਸਵਾਰ ਬੁੱਤ ਆਗਰੇ ਦੇ ਕਿਲੇ ਦੇ ਮੁੱਖ ਦਰਵਾਜ਼ੇ ਦੇ ਬਾਹਰ ਸਥਾਪਿਤ ਕਰਵਾਏ।

ਰਾਵਤ ਜੈ ਮੱਲ ਰਾਠੌਰ - ਜੈਮਲ ਦਾ ਜਨਮ 17 ਸਤੰਬਰ 1507 ਨੂੰ ਮੇਵਾੜ ਦੀ ਰਿਆਸਤ ਮੇਰਟਾ ਵਿਖੇ ਹੋਇਆ ਸੀ। ਉਸ ਦੇ ਪਿਤਾ ਦਾ ਨਾਮ ਰਾਵਤ ਵਿਕਰਮ ਰਾਠੌਰ (ਮੇਰਟਾ ਦਾ ਜਾਗੀਰਦਾਰ) ਅਤੇ ਮਾਤਾ ਦਾ ਨਾਮ ਰਾਣੀ ਗੋਰਾਜੀਆ ਕੰਵਰ ਸੀ। ਜੈਮਲ ਆਪਣੇ ਪਿਤਾ ਦੇ ਮਰਨ ਤੋਂ ਬਾਅਦ ਮੇਰਟਾ ਰਿਆਸਤ ਦਾ ਜਾਗੀਰਦਾਰ ਬਣ ਗਿਆ ਤੇ ਕੁਝ ਹੀ ਸਮੇਂ ਵਿੱਚ ਆਪਣੀ ਬਹਾਦਰੀ ਦੇ ਬਲ ’ਤੇ ਤਰੱਕੀ ਕਰਦਾ ਹੋਇਆ ਚਿਤੌੜਗੜ੍ਹ ਦਾ ਕਿਲੇਦਾਰ ਥਾਪ ਦਿੱਤਾ ਗਿਆ। ਉਸ ਨੇ ਮੇਵਾੜ ਦੀਆਂ ਫੌਜਾਂ ਵੱਲੋਂ ਲੜਦੇ ਹੋਏ ਅਨੇਕਾਂ ਜਿੱਤਾਂ ਪ੍ਰਾਪਤ ਕੀਤੀਆਂ। ਉਸਦੀਆਂ ਸੇਵਾਵਾਂ ਦਾ ਮਾਣ ਰੱਖਦੇ ਹੋਏ ਰਾਣਾ ਉਦੇ ਸਿੰਘ ਨੇ ਉਸ ਨੂੰ 1000 ਹੋਰ ਪਿੰਡ ਜਾਗੀਰ ਵਜੋਂ ਦੇ ਦਿੱਤੇ। ਰਾਣਾ ਉਦੇ ਸਿੰਘ ਦੇ ਕਿਲਾ ਛੱਡਣ ਤੋਂ ਬਾਅਦ ਮੁਗਲ ਫੌਜ ਨਾਲ ਰੋਜ਼ਾਨਾ ਝੜਪਾਂ ਹੋਣ ਲੱਗੀਆਂ। ਦੋਵਾਂ ਧਿਰਾਂ ਦੇ ਅਨੇਕਾਂ ਸੂਰਮੇ ਮਾਰੇ ਗਏ। ਮੁਗਲ ਤੋਪਖਾਨੇ ਦੀ ਲਗਾਤਾਰ ਗੋਲਾਬਾਰੀ ਕਾਰਨ ਚਿਤੌੜਗੜ੍ਹ ਵਰਗੇ ਅਜਿੱਤ ਕਿਲੇ ਦੀਆਂ ਦੀਵਾਰਾਂ ਵੀ ਕਮਜ਼ੋਰ ਹੋ ਕੇ ਡਿੱਗਣ ਲੱਗ ਪਈਆਂ। ਪਰ ਜਿੱਥੇ ਵੀ ਪਾੜ ਪੈਂਦਾ, ਰਾਜਪੂਤ ਝਟਪਟ ਰੇਤ ਦੀਆਂ ਬੋਰੀਆਂ ਤੇ ਪੱਥਰਾਂ ਨਾਲ ਉਸ ਨੂੰ ਪੂਰ ਦਿੰਦੇ। ਪਰ ਐਨੀ ਵੱਡੀ ਹਕੂਮਤ ਨਾਲ ਮੱਥਾ ਲਗਾਉਣਾ ਮੁਸ਼ਕਲ ਹੁੰਦਾ ਹੈ। ਘੇਰੇ ਵਿੱਚ ਆਈ ਫੌਜ ਦੇ ਸਾਧਨ ਹੌਲੀ ਹੌਲੀ ਖਤਮ ਹੋਣ ਲੱਗ ਜਾਂਦੇ ਹਨ ਤੇ ਘੇਰਾ ਪਾਉਣ ਵਾਲੀ ਫੌਜ ਨੂੰ ਰਸਦ ਅਤੇ ਯੁੱਧ ਸਮਗਰੀ ਦੀ ਸਪਲਾਈ ਨਿਰੰਤਰ ਜਾਰੀ ਰਹਿੰਦੀ ਹੈ।

ਜੈਮਲ ਦੀ ਮੌਤ ਵੀ ਇੱਕ ਅਜਿਹਾ ਪਾੜ ਪੂਰਦੇ ਸਮੇਂ ਅਕਬਰ ਦੀ ਗੋਲੀ ਕਾਰਨ ਹੋਈ ਸੀ। ਜੈਮਲ ਦੀ ਮੌਤ ਬਾਰੇ ਮੌਕੇ ’ਤੇ ਹਾਜ਼ਰ ਅਕਬਰ ਦਾ ਜੀਵਨੀਕਾਰ ਅਬੁਲਫਜ਼ਲ, ਅਕਬਰਨਾਮਾ ਵਿੱਚ ਲਿਖਦਾ ਹੈ, “ਇਸ ਸਮੇਂ ਬਾਦਸ਼ਾਹ ਸਮਝ ਗਿਆ ਕਿ ਸ਼ਾਨਦਾਰ ਕਵਚ ਪਹਿਨ ਕੇ ਪਾੜ ਦੀ ਮੁਰੰਮਤ ਕਰਵਾ ਰਿਹਾ ਇਹ ਸ਼ਖਸ਼ ਕੋਈ ਵੱਡਾ ਸੈਨਾਪਤੀ ਹੈ। ਪਰ ਬਾਦਸ਼ਾਹ ਦੇ ਸਲਾਹਕਾਰਾਂ ਵਿੱਚੋਂ ਕੋਈ ਵੀ ਉਸ ਦਾ ਨਾਮ ਨਹੀਂ ਸੀ ਜਾਣਦਾ। ਬਾਦਸ਼ਾਹ ਨੇ ਆਪਣੀ ਖਾਸ ਤੌਰ ’ਤੇ ਤਿਆਰ ਕੀਤੀ ਹੋਈ ਸੰਗਰਾਮ ਨਾਮਕ ਰਾਈਫਲ ਚੁੱਕੀ ਤੇ ਉਸ ਨੂੰ ਨਿਸ਼ਾਨਾ ਬਣਾ ਦਿੱਤਾ। ਅਗਲੇ ਦਿਨ ਜਿੱਤ ਤੋਂ ਬਾਅਦ ਇਹ ਸ਼ਨਾਖਤ ਹੋਈ ਕਿ ਮਰਨ ਵਾਲਾ ਕਿਲੇ ਦਾ ਗਵਰਨਰ ਜੈਮਲ ਸੀ। ਮਹਾਨ ਬਾਦਸ਼ਾਹ ਨੇ ਇੱਕ ਹੀ ਗੋਲੀ ਨਾਲ ਜੈਮਲ ਅਤੇ ਚਿਤੌੜਗੜ੍ਹ ਦੇ ਕਿਲੇ ਨੂੰ ਨਸ਼ਟ ਕਰ ਦਿੱਤਾ।”

ਜੈਮਲ ਦੇ ਦੋ ਪੁੱਤਰ ਸਨ। ਵੱਡਾ ਬੇਟਾ ਰਾਉ ਮੁਕੰਦ ਰਾਠੌਰ ਵੀ ਚਿਤੌੜਗੜ੍ਹ ਦੀ ਲੜਾਈ ਵਿੱਚ ਮਾਰਿਆ ਗਿਆ ਤੇ ਛੋਟਾ ਬੇਟਾ ਰਾਮਦਾਸ ਰਾਠੌਰ ਮੇਰਟਾ ਦੀ ਗੱਦੀ ’ਤੇ ਬੈਠਾ ਜੋ ਮਹਾਰਾਣਾ ਪ੍ਰਤਾਪ ਵੱਲੋਂ ਹਲਦੀਘਾਟੀ ਦੇ ਮੈਦਾਨ ਵਿੱਚ ਲੜਦਾ ਹੋਇਆ ਮਾਰਿਆ ਗਿਆ।

ਰਾਵਤ ਫੱਤਾ ਸਿਸੋਦੀਆ - ਫੱਤਾ ਸਿਸੋਦੀਆ ਮੇਵਾੜ ਦੇ ਸ਼ਾਹੀ ਖਾਨਦਾਨ ਦਾ ਨੇੜਲਾ ਰਿਸ਼ਤੇਦਾਰ ਸੀ ਤੇ ਕੇਲਾਵਾ ਰਿਆਸਤ ਦਾ ਜਾਗੀਰਦਾਰ ਸੀ। ਉਸ ਦੇ ਬਾਪ ਦਾ ਨਾਮ ਰਾਵਤ ਜਗਤ ਅਤੇ ਮਾਤਾ ਦਾ ਨਾਮ ਰਾਣੀ ਸੱਜਣ ਬਾਈ ਸੋਂਗਰ ਚੌਹਾਨ ਸੀ। ਫੱਤਾ ਦਾ ਦਾਦਾ, ਪਿਤਾ ਅਤੇ ਦੋ ਚਾਚੇ ਮੇਵਾੜ ਖਾਤਰ ਯੁੱਧਾਂ ਵਿੱਚ ਸ਼ਹੀਦ ਹੋਏ ਸਨ। ਫੱਤਾ ਦਾ ਦਾਦਾ ਰਾਵਤ ਸੀਹਾ ਜੀ ਦੀ ਮੌਤ ਰਾਣਾ ਸਾਂਗਾ ਵੱਲੋਂ ਬਾਬਰ ਦੇ ਖਿਲਾਫ ਖਨੁਵਾ ਦੀ ਲੜਾਈ ਵਿੱਚ ਲੜਦੇ ਸਮੇਂ ਹੋਈ ਸੀ। ਫੱਤਾ ਦੀਆਂ 9 ਪਤਨੀਆਂ, 5 ਧੀਆਂ, ਅਤੇ 6 ਪੁੱਤਰ ਸਨ। ਉਸਦੀਆਂ ਸਾਰੀਆਂ ਪਤਨੀਆਂ, ਧੀਆਂ ਅਤੇ ਦੋ ਪੁੱਤਰ ਚਿਤੌੜਗੜ੍ਹ ਦੇ ਜੌਹਰ ਵਿੱਚ ਸੜ ਕੇ ਆਪਣੀਆਂ ਜਾਨਾਂ ਦੇ ਗਏ ਸਨ। ਉਸ ਦੀ ਮੌਤ ਤੋਂ ਬਾਅਦ ਉਸ ਦਾ ਵੱਡਾ ਪੁੱਤਰ ਰਾਵਤ ਕਾਲਾ ਸਿਸੋਦੀਆ ਕੇਲਾਵਾ ਦੀ ਗੱਦੀ ’ਤੇ ਬੈਠਾ ਜੋ ਹਲਦੀਘਾਟੀ ਦੇ ਮੈਦਾਨ ਵਿੱਚ ਰਾਣਾ ਪ੍ਰਾਤਪ ਵੱਲੋਂ ਲੜਦਾ ਹੋਇਆ ਮਾਰਿਆ ਗਿਆ।

ਜੈਮਲ ਦੀ ਮੌਤ ਤੋਂ ਬਾਅਦ ਰਾਜਪੂਤਾਂ ਦੀ ਕਮਾਂਡ ਫੱਤਾ ਦੇ ਹੱਥ ਵਿੱਚ ਆ ਗਈ। ਜੈਮਲ ਵਰਗੇ ਗਾਥਾਮਈ ਯੋਧੇ ਦੇ ਮਰ ਜਾਣ ਕਾਰਨ ਰਾਜਪੂਤ ਫੌਜ ਵਿੱਚ ਘੋਰ ਨਿਰਾਸ਼ਾ ਫੈਲ ਗਈ ਸੀ। ਪਰ ਫੱਤਾ ਨੇ ਉਹਨਾਂ ਨੂੰ ਹਿੰਮਤ ਬੰਨ੍ਹਵਾਈ। ਨਿਸ਼ਚਿਤ ਹਾਰ ਸਾਹਮਣੇ ਵੇਖ ਕੇ ਵੀ ਉਸ ਨੇ ਹਥਿਆਰ ਸੁੱਟ ਕੇ ਸ਼ਰਮਿੰਦਗੀ ਦੀ ਜ਼ਿੰਦਗੀ ਜਿਊਣ ਦੀ ਬਜਾਏ ਇੱਕ ਸਿਪਾਹੀ ਦੀ ਮੌਤ ਚੁਣੀ। ਅਗਲੇ ਦਿਨ ਜਦੋਂ ਮੁਗਲ ਫੌਜ ਨੇ ਕਿਲੇ ਵਿੱਚ ਪ੍ਰਵੇਸ਼ ਕੀਤਾ ਤਾਂ ਰਾਜਪੂਤ ਔਰਤਾਂ ਨੇ ਚਿਤਾ ਵਿੱਚ ਕੁੱਦ ਕੇ ਜੌਹਰ ਕਰ ਲਿਆ ਅਤੇ ਰਾਜਪੂਤ ਯੋਧੇ ਫੱਤਾ ਦੀ ਅਗਵਾਈ ਹੇਠ ਕੇਸਰੀ ਕੱਪੜੇ ਪਹਿਨ ਕੇ ਤੇ ਸ਼ਹੀਦੀ ਗਾਨੇ ਬੰਨ੍ਹ ਕੇ ਮੁਗਲ ਫੌਜ ’ਤੇ ਟੁੱਟ ਪਏ। ਫੱਤਾ ਮੁਗਲਾਂ ਵਿੱਚ ਮਾਰ ਕਾਟ ਮਚਾਉਂਦਾ ਹੋਇਆ ਅੱਗੇ ਹੀ ਅੱਗੇ ਵਧਦਾ ਗਿਆ। ਆਖਰ ਜਦੋਂ ਉਹ ਕਿਸੇ ਤਰ੍ਹਾਂ ਕਾਬੂ ਨਾ ਆਇਆ ਤਾਂ ਉਸ ਨੂੰ ਇੱਕ ਹਾਥੀ ਦੇ ਥੱਲੇ ਕੁਚਲ ਦਿੱਤਾ ਗਿਆ। ਜਦੋਂ ਉਸ ਨੂੰ ਪਹਿਚਾਣ ਕੇ ਅਕਬਰ ਦੇ ਸਾਹਮਣੇ ਪੇਸ਼ ਕੀਤਾ ਗਿਆ ਤਾਂ ਉਹ ਅਜੇ ਜ਼ਿੰਦਾ ਸੀ, ਪਰ ਜਲਦੀ ਹੀ ਉਸ ਦੀ ਮੌਤ ਹੋ ਗਈ।

ਜੈਮਲ ਫੱਤਾ ਦੀਆਂ ਵਾਰਾਂ ਪੰਜਾਬੀ ਨੌਜਵਾਨਾਂ ਨੂੰ ਹਿੰਮਤ ਅਤੇ ਉਤਸ਼ਾਹ ਦਿੰਦੀਆਂ ਸਨ ਕਿ ਕਿਵੇਂ ਉਲਟ ਪ੍ਰਸਥਿਤੀਆਂ ਵਿੱਚ ਵੀ ਆਪਣੀ ਆਨ ਬਾਨ ਅਤੇ ਸ਼ਾਨ ਕਾਇਮ ਰੱਖੀ ਜਾ ਸਕਦੀ ਹੈ। ਪਰ ਅਜੋਕੀ ਪੰਜਾਬੀ ਪੀੜ੍ਹੀ ਨੂੰ ਆਪਣੇ ਪੜਦਾਦੇ ਨਾਮ ਚੇਤੇ ਨਹੀਂ, ਇਹਨਾਂ ਨੇ ਜੈਮਲ ਫੱਤਾ ਨੂੰ ਕਿੱਥੇ ਯਾਦ ਰੱਖਣਾ ਹੈ।

*****

(1233)

About the Author

ਬਲਰਾਜ ਸਿੰਘ ਸਿੱਧੂ

ਬਲਰਾਜ ਸਿੰਘ ਸਿੱਧੂ

Balraj Singh Sidhu (SP)
Email: (bssidhupps@gmail.com)
Phone: (91 - 95011 - 00062)

More articles from this author