“ਸ਼ਿਕਾਰ ਹੱਥੋਂ ਨਿਕਲਦਾ ਵੇਖ ਕੇ ਸਾਰੀ ਟੀਮ ਤੇ ਪੁਲਿਸ ਐਲੀ ਐਲੀ ਕਰਦੀ ਉਹਨਾਂ ਮਗਰ ...”
(16 ਅਕਤੂਬਰ 2019)
ਜਦੋਂ ਅਸੀਂ ਪੜ੍ਹਦੇ ਸੀ, ਉਦੋਂ ਸ਼ਹਿਰ ਦੇ ਸਕੂਲਾਂ ਵਿੱਚ ਪੜ੍ਹਨ ਵਾਲੇ ਪੇਂਡੂ ਵਿਦਿਆਰਥੀਆਂ ਲਈ ਸਮੇਂ ਸਿਰ ਸਕੂਲ ਪਹੁੰਚਣਾ ਕਿਸੇ ਸੰਘਰਸ਼ ਤੋਂ ਘੱਟ ਨਹੀਂ ਸੀ ਹੁੰਦਾ। ਪਹਿਲਾਂ ਤਾਂ ਗਰਮੀ, ਸਰਦੀ ਅਤੇ ਮੀਂਹ ਹਨੇਰੀ ਵਿੱਚ 8-9 ਕਿ.ਮੀ. ਸਾਇਕਲ ਚਲਾ ਕੇ ਨਜ਼ਦੀਕੀ ਬੱਸ ਅੱਡੇ ਉੱਤੇ ਪਹੁੰਚਣਾ ਤੇ ਫਿਰ ਬਾਂਦਰ ਵਾਂਗ ਬੱਸਾਂ ਪਿੱਛੇ ਲਟਕ ਕੇ ਜਾਂ ਛੱਤ ਉੱਤੇ ਚੜ੍ਹ ਕੇ ਸ਼ਹਿਰ ਪਹੁੰਚਣਾ। ਉੱਥੋਂ ਫਿਰ ਬੱਸ ਸਟੈਂਡ ਤੋਂ 3-4 ਕਿ.ਮੀ. ਤੁਰ ਕੇ ਸਕੂਲ-ਕਾਲਜ ਜਾਣਾ। ਬੱਸਾਂ ਵਾਲਿਆਂ ਨੂੰ ਵਿਦਿਆਰਥੀ ਵੇਖ ਕੇ ਅੱਗ ਲੱਗ ਜਾਂਦੀ ਸੀ ਕਿ ਕਿੱਥੋਂ ਸਵੇਰੇ ਸਵੇਰ ਮੁਫਤਖੋਰੇ ਟੱਕਰ ਗਏ। ਵਿਦਿਆਰਥੀਆਂ ਕੋਲ ਬੱਸ ਪਾਸ ਹੋਣ ਕਾਰਨ ਉਹਨਾਂ ਦੀ ਟਿਕਟ ਨਹੀਂ ਸੀ ਲੱਗਦੀ। ਡਰਾਈਵਰ ਸਵਾਰੀਆਂ ਉਤਾਰਨ ਲਈ ਜਾਣ ਬੁੱਝ ਕੇ ਬੱਸਾਂ ਅੱਡੇ ਤੋਂ ਅੱਗੇ ਪਿੱਛੇ ਰੋਕਦੇ ਸਨ ਕਿ ਵਿਦਿਆਰਥੀ ਨਾ ਚੜ੍ਹ ਸਕਣ। ਅਸੀਂ ਮਿਲਖਾ ਸਿੰਘ ਵਾਂਗ ਕਦੇ ਅੱਗੇ ਨੂੰ 100 ਮੀਟਰ ਦੀ ਛੂਟ ਵੱਟਣੀ ਤੇ ਕਦੇ ਪਿੱਛੇ ਨੂੰ, ਜਿਵੇਂ ਉਲੰਪਿਕ ਮੈਡਲ ਜਿੱਤਣਾ ਹੋਵੇ। ਜੇ ਕੋਈ ਸਾਡਾ ਟਾਈਮ ਨੋਟ ਕਰਦਾ ਤਾਂ ਕਈ ਵਰਲਡ ਰਿਕਾਰਡ ਟੁੱਟ ਜਾਣੇ ਸਨ। ਪ੍ਰਾਈਵੇਟ ਬੱਸਾਂ ਵਾਲਿਆਂ ਨਾਲ ਤਾਂ ਸਾਡਾ ਇੱਟ ਖੜੱਕਾ ਚੱਲਦਾ ਹੀ ਰਹਿੰਦਾ ਸੀ। ਉਹਨਾਂ ਕਹਿਣਾ ਕਿ ਪਾਸ ਸਿਰਫ ਸਰਕਾਰੀ ਬੱਸਾਂ ਲਈ ਜਾਇਜ਼ ਹੈ ਤੇ ਅਸੀਂ ਕਹਿਣਾ ਸਾਰੀਆਂ ਬੱਸਾਂ ਵਾਸਤੇ ਹੈ। ਇਸ ਮੁੱਦੇ ਉੱਤੇ ਵਿਦਿਆਰਥੀਆਂ ਦੇ ਪ੍ਰਾਈਵੇਟ ਬੱਸਾਂ ਵਾਲਿਆਂ ਨਾਲ ਕਈ ਲੜਾਈ ਝਗੜੇ ਹੋਏ ਸਨ। ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿਦਿਆਰਥੀਆਂ ਨੇ ਤਾਂ ਇਸ ਕਾਰਨ ਕਈ ਵਾਰ ਹੜਤਾਲਾਂ ਕੀਤੀਆਂ ਤੇ ਬੱਸਾਂ ਦੇ ਸ਼ੀਸ਼ੇ ਭੰਨੇ। ਉਦੋਂ ਪ੍ਰਈਵੇਟ ਬੱਸਾਂ ਬਹੁਤ ਘੱਟ ਹੁੰਦੀਆਂ ਸਨ ਤੇ ਸਰਕਾਰੀ ਖਟਾਰਾ ਤਾਂ ਕਦੇ ਕਦੇ ਹੀ ਦਰਸ਼ਨ ਦਿੰਦੀਆਂ ਸਨ। ਉੱਪਰੋਂ ਲੇਟ ਜਾਂ ਗੈਰਹਾਜ਼ਰ ਹੋਣ ਉੱਤੇ ਮਾਸਟਰਾਂ ਨੇ ਮੌਲਾ ਬਖਸ਼ (ਡੰਡਾ) ਨਾਲ ਚੰਗੀ ਆਉ ਭਗਤ ਕਰਨੀ। ਹੁਣ ਤਾਂ ਕਿਸੇ ਬੱਚੇ ਨੂੰ ਟੀਚਰ ਦਬਕਾ ਵੀ ਨਹੀਂ ਮਾਰ ਸਕਦਾ।
ਜਿਸ ਪਿੰਡ ਤੋਂ ਅਸੀਂ ਬੱਸ ਚੜ੍ਹਦੇ ਸੀ, ਉੱਥੋਂ ਪੱਟੀ-ਅੰਮ੍ਰਿਤਸਰ ਵਾਲੀ ਲੋਕਲ ਟਰੇਨ ਗੁਜ਼ਰਦੀ ਸੀ ਤੇ ਸਟੇਸ਼ਨ ਵੀ ਨਜ਼ਦੀਕ ਸੀ। ਕਈ ਵਾਰ ਜਦੋਂ ਬੱਸ ਨਾ ਹੀ ਮਿਲਣੀ ਤਾਂ ਮਜਬੂਰੀ ਵੱਸ ਟਰੇਨ ਪਕੜਨੀ ਪੈਣੀ। ਇਹ ਸਿਰਫ ਐਮਰਜੈਂਸੀ ਵਾਸਤੇ ਸੀ, ਕਿਉਂਕਿ ਅੰਮ੍ਰਿਤਸਰ ਰੇਲਵੇ ਸਟੇਸ਼ਨ ਮੇਰੇ ਸਕੂਲ ਤੋਂ ਬਹੁਤ ਦੂਰ ਸੀ। ਉੱਥੋਂ ਸਕੂਲ ਤੱਕ ਪਹੁੰਚਣ ਵਾਸਤੇ ਰਿਕਸ਼ਾ ਜਾਂ ਥਰੀਵੀਲਰ ਲੈਣਾ ਪੈਂਦਾ ਸੀ ਜੋ ਬਹੁਤ ਮਹਿੰਗਾ ਸੌਦਾ ਸੀ, ਕਿਉਂਕਿ ਘਰੋਂ 5-10 ਰੁਪਏ ਤੋਂ ਵਧ ਜੇਬ ਖਰਚ ਨਹੀਂ ਸੀ ਮਿਲਦਾ। ਇੱਕ ਦਿਨ ਸਕੂਲੇ ਪੇਪਰ ਸੀ ਤੇ ਮਾੜੀ ਕਿਸਮਤ ਨੂੰ ਬੱਸ ਨਹੀਂ ਸੀ ਮਿਲ ਰਹੀ। ਉਸੇ ਵੇਲੇ ਤਰਨ ਤਾਰਨ ਵੱਲੋਂ ਚੀਕਾਂ ਮਾਰਦੀ ਟਰੇਨ ਸਟੇਸ਼ਨ ਵੱਲ ਆਉਂਦੀ ਦਿਖੀ। ਅਸੀਂ ਸਾਰੇ ਦੌੜ ਕੇ ਬਿਨਾਂ ਟਿਕਟ ਹੀ ਟਰੇਨ ਵਿੱਚ ਸਵਾਰ ਹੋ ਗਏ। ਟਰੇਨ ਵਿੱਚ ਰੋਜ਼ਾਨਾ ਸਫਰ ਕਰਨ ਵਾਲੇ ਵਿਦਿਆਰਥੀ ਵੀ ਸਨ ਜਿਹਨਾਂ ਦੇ ਪਾਸ ਬਣੇ ਹੋਏ ਸਨ। ਅਸੀਂ ਸਾਰੇ ਗੱਲਾਂਬਾਤਾਂ ਮਾਰਦੇ ਹੋਏ ਖੁਸ਼ੀ ਖੁਸ਼ੀ ਅੰਮ੍ਰਿਤਸਰ ਵੱਲ ਜਾ ਰਹੇ ਸੀ। ਉਹਨੀ ਦਿਨੀਂ ਟਰੇਨਾਂ ਵਿੱਚ ਚੈਕਿੰਗ ਘੱਟ ਹੀ ਹੁੰਦੀ ਸੀ ਤੇ ਸਾਡੇ ਚਿੱਤ ਚੇਤਾ ਵੀ ਨਹੀਂ ਸੀ ਕਿ ਟਿਕਟ ਵੀ ਲੈਣੀ ਹੈ।
ਪਰ ਉਸ ਦਿਨ ਕਿਸਮਤ ਧੋਖਾ ਦੇ ਗਈ। ਟਰੇਨ ਸਟੇਸ਼ਨ ਤੋਂ ਕਾਫੀ ਬਾਹਰ ਆਊਟਰ ਸਿਗਨਲ ਉੱਤੇ ਰੁਕ ਗਈ ਤੇ ਟੀ.ਟੀਆਂ ਦੀ ਧਾੜ ਸਮੇਤ ਪੁਲਿਸ ਟਰੇਨ ਵਿੱਚ ਸਪੈਸ਼ਲ ਚੈਕਿੰਗ ਕਰਨ ਲਈ ਘੁਸ ਗਈ। ਸਾਡੇ ਹੱਥਾਂ ਦੇ ਤੋਤੇ ਉੱਡ ਗਏ, ਕਿਉਂਕਿ ਕਿਸੇ ਕੋਲ ਵੀ ਜ਼ੁਰਮਾਨਾ ਭਰਨ ਜੋਗੇ ਪੈਸੇ ਨਹੀਂ ਸਨ। ਸਾਰਿਆਂ ਨੇ ਸੋਚਿਆ ਕਿ ਅੱਜ ਇੱਜ਼ਤ ਵੀ ਗਈ ਤੇ ਪੇਪਰ ਵੀ ਗਿਆ। ਸਕੂਲ ਤੋਂ ਤਾਂ ਛਿੱਤਰ ਪੈਣੇ ਹੀ ਹਨ, ਘਰ ਵਾਲਿਆਂ ਜਿਹੜੇ ਕੰਨ ਲਾਲ ਕਰਨੇ ਆ ਸੋ ਅਲੱਗ। ਚੈਕਿੰਗ ਟੀਮ ਸਾਡੇ ਡੱਬੇ ਤੋਂ ਅਜੇ ਕੁਝ ਪਿੱਛੇ ਸੀ। ਅਸੀਂ ਵੇਖਿਆ ਕਿ ਸਾਡੇ ਵਰਗੇ ਕੁਝ ਹੋਰ ਮਹਾਂਪੁਰਸ਼ਾਂ ਨੇ ਵੀ ਭੱਜਣ ਦੀ ਕੋਸ਼ਿਸ਼ ਕੀਤੀ ਜੋ ਪੁਲਿਸ ਨੇ ਧੌਣੋਂ ਨੱਪ ਕੇ ਨਕਾਮ ਕਰ ਦਿੱਤੀ ਤੇ ਘਸੀਟਦੇ ਹੋਏ ਵਾਪਸ ਲੈ ਆਏ, ਸਭ ਦੇ ਪ੍ਰਾਣ ਖੁਸ਼ਕ ਹੋ ਗਏ। ਸਾਡੇ ਵਿੱਚੋਂ ਇੱਕ ਤੇਜ਼ ਤੱਰਾਟ ਬੇਟਿਕਟੇ ਵਿਦਿਆਰਥੀ ਦੇ ਸ਼ਾਤਰ ਦਿਮਾਗ ਵਿੱਚ ਇੱਕ ਆਈਡੀਆ ਆਇਆ (ਉਹ ਬਾਅਦ ਵਿੱਚ ਨੇਤਾ ਬਣ ਗਿਆ)। ਉਸ ਅਨੁਸਾਰ ਅਸੀਂ ਰੇਲਵੇ ਪਾਸਾਂ ਵਾਲੇ ਵਿਦਿਆਰਥੀਆਂ ਨਾਲ ਇੱਕ ਮਤਾ ਪਕਾਇਆ। ਪਹਿਲਾਂ ਤਾਂ ਉਹ ਡਰਦੇ ਮਾਰੇ ਨਾ ਮੰਨੇ, ਪਰ ਪੇਪਰਾਂ ਦਾ ਵਾਸਤਾ ਤਰਲੇ ਪਾ ਕੇ ਮਨਾ ਹੀ ਲਏ ਗਏ। ਸਾਰੇ ਆਪੋ ਆਪਣੇ ਬਸਤੇ ਸੰਭਾਲ ਕੇ ਕਮਾਂਡੋ ਐਕਸ਼ਨ ਲਈ ਤਿਆਰ ਗਏ। ਮੁੰਡੇ ਖੁੰਡੇ ਹੋਣ ਕਾਰਨ ਸਾਨੂੰ ਪਤਾ ਸੀ ਕਿ ਢਿੱਡਲ ਪੁਲਿਸ ਵਾਲੇ ਸਾਨੂੰ ਪਕੜ ਨਹੀਂ ਸਕਣਗੇ।
ਜਦੋਂ ਚੈਕਿੰਗ ਟੀਮ ਸਾਡੇ ਡੱਬੇ ਵਿੱਚ ਪਹੁੰਚੀ ਤਾਂ ਪਾਸਾਂ ਵਾਲੇ ਵਿਦਿਆਰਥੀ ਇੱਕ ਦਮ ਖਰਗੋਸ਼ਾਂ ਵਾਂਗ ਛਾਲਾਂ ਮਾਰ ਕੇ ਹਿਰਨ ਹੋ ਗਏ। ਸ਼ਿਕਾਰ ਹੱਥੋਂ ਨਿਕਲਦਾ ਵੇਖ ਕੇ ਸਾਰੀ ਟੀਮ ਤੇ ਪੁਲਿਸ ਐਲੀ ਐਲੀ ਕਰਦੀ ਉਹਨਾਂ ਮਗਰ ਪੈ ਪਈ। ਕੁਝ ਦੂਰ ਜਾ ਕੇ ਸਾਰੇ ਜਾਣ ਬੁੱਝ ਕੇ ਪਕੜੇ ਗਏ ਤੇ ਚੁੱਪ ਚਾਪ ਪਾਸ ਕੱਢ ਕੇ ਵਿਖਾ ਦਿੱਤੇ। ਟੀ.ਟੀ. ਸਿਰ ਪਿੱਟ ਕੇ ਰਹਿ ਗਿਆ ਕਿ ਜੇ ਤੁਹਾਡੇ ਕੋਲ ਪਾਸ ਸਨ ਤਾਂ ਤੁਸੀਂ ਭੱਜੇ ਕਿਉਂ? ਉਹਨਾਂ ਬਹਾਨਾ ਬਣਾ ਦਿੱਤਾ ਕਿ ਅਸੀਂ ਪੁਲਿਸ ਵੇਖ ਕੇ ਡਰ ਗਏ ਸੀ। ਇਸ ਰੌਲੇ ਗੌਲੇ ਦੌਰਾਨ ਅਸੀਂ ਦੂਸਰੇ ਪਾਸੇ ਦੀ ਉੱਤਰ ਕੇ ਭੀੜ ਭਾੜ ਵਾਲੇ ਬਜ਼ਾਰ ਵਿੱਚ ਗਾਇਬ ਹੋ ਗਏ। ਜਦੋਂ ਟੀ.ਟੀ. ਵਾਪਸ ਆਏ ਤਾਂ ਡੱਬਾ ਖਾਲੀ ਸੀ, ਉਹਨਾਂ ਨੂੰ ਸਾਰੀ ਸਕੀਮ ਸਮਝ ਆ ਗਈ। ਉਹ ਖਿਝ ਕੇ ਪਾਸਾਂ ਵਾਲੇ ਵਿਦਿਆਰਥੀਆਂ ਵੱਲ ਹੋਏ ਤਾਂ ਉਹ ਵੀ ਗਧੇ ਦੇ ਸਿਰ ਤੋਂ ਸਿੰਗਾਂ ਵਾਂਗ ਛਿਪਨ ਹੋ ਚੁੱਕੇ ਸਨ। ਅਸੀਂ ਸਾਹੋ ਸਾਹੀ ਹੋਏ ਸਕੂਲ ਪਹੁੰਚੇ ਤਾਂ ਘੰਟੀ ਵੱਜਣ ਹੀ ਵਾਲੀ ਸੀ, ਸੁੱਖੀ ਸਾਂਦੀ ਪੇਪਰ ਹੋ ਗਿਆ। ਸਾਰੇ ਬੇਟਿਕਟਿਆਂ ਨੇ ਪਾਸਾਂ ਵਾਲੇ ਵਿਦਿਆਰਥੀਆਂ ਦਾ ਇੱਜ਼ਤ ਤੇ ਪੇਪਰ ਬਚਾਉਣ ਲਈ ਸਕੂਲ ਦੀ ਕੈਂਟੀਨ ਵਿੱਚ ਚਾਹ ਸਮੋਸੇ ਖਵਾ ਕੇ ਲੱਖ ਲੱਖ ਧੰਨਵਾਦ ਕੀਤਾ ਤੇ ਉਸ ਦਿਨ ਤੋਂ ਮੈਂ ਟਰੇਨ ਵਿੱਚ ਬੇਟਿਕਟੇ ਨਾ ਬੈਠਣ ਦੀ ਸਹੁੰ ਪਾ ਦਿੱਤੀ ਕਿ ਸਾਰੇ ਰਸਤੇ ਜਾਨ ਸੁੱਕੀ ਰਹਿੰਦੀ ਹੈ। ਤੇ ਫਿਰ ਜਦੋਂ ਵੀ ਪੇਪਰ ਹੁੰਦਾ, ਮੈਂ ਬੱਸ ਜਾਂ ਟਰੇਨ ਉਡੀਕਣ ਦੀ ਬਜਾਏ ਆਪਣਾ ਬਿਨਾ ਚੇਨਕਵਰ ਵਾਲਾ ਸਾਇਕਲ ਸਿੱਧਾ ਹੀ ਸ਼ਹਿਰ ਵੱਲ ਚੁੱਕ ਦਿੰਦਾ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1771)
(ਸਰੋਕਾਰ ਨਾਲ ਸੰਪਰਕ ਲਈ: