“ਇਹ ਇੱਕ ਬਹੁਤ ਹੀ ਸਿਆਣੀ ਬਿਮਾਰੀ ਹੈ ਜੋ ਨਫਾ ਨੁਕਸਾਨ ਵੇਖ ਕੇ ਹੁੰਦੀ ਹੈ ਤੇ ਇਸਦਾ ...”
(23 ਫਰਵਰੀ 2021)
(ਸ਼ਬਦ: 1130)
ਕਈ ਅਫਸਰ, ਲੀਡਰ ਜਾਂ ਅਮੀਰ ਆਦਮੀਆਂ ਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਹੈ। ਐਵੇਂ ਸਾਰਾ ਦਿਨ ਖਿਝੇ ਰਹਿੰਦੇ ਹਨ ਤੇ ਆਪਣੇ ਜੂਨੀਅਰਾਂ ਨੂੰ ਵੱਢ ਖਾਣ ਨੂੰ ਪੈਂਦੇ ਹਨ। ਕਈ ਆਦਮੀ ਆਪਣੀਆਂ ਪਤਨੀਆਂ ਅਤੇ ਬੱਚਿਆਂ ਨੂੰ ਵੀ ਹਰ ਵੇਲੇ ਬਿਨਾ ਮਤਲਬ ਡਾਂਟਦੇ ਰਹਿੰਦੇ ਹਨ। ਇਹ ਬਹੁਤ ਹੀ ਅਜੀਬ ਬਿਮਾਰੀ ਹੈ। ਗਰੀਬਾਂ, ਬੇਸਹਾਰਿਆਂ, ਮਤਹਿਤਾਂ ਅਤੇ ਪਰਿਵਾਰ ਦੇ ਜੀਆਂ ’ਤੇ ਹਾਈ ਹੋਣ ਵਾਲਾ ਬਲੱਡ ਪ੍ਰੈੱਸ਼ਰ ਆਪਣੇ ਸੀਨੀਅਰ ਦੇ ਸਾਹਮਣੇ ਇੱਕ ਦਮ ਲੋਅ ਹੋ ਜਾਂਦਾ ਹੈ। ਹਰੇਕ ਨੂੰ ਟੁੱਟ ਕੇ ਪੈਣ ਵਾਲਾ ਵਿਅਕਤੀ ਸਰ ਕਰਦਾ ਫਿਰਦਾ ਹੈ। ਕਿਵੇਂ ਸੀਨੀਅਰ ਦੀ ਪਲੇਟ ਵਿੱਚ ਭੱਜ ਭੱਜ ਕੇ ਸਮੋਸੇ ਰੱਖਦਾ ਹੈ ਤੇ ਜੀ ਹਜ਼ੂਰੀ ਕਰਦਾ ਹੈ। ਪਰ ਸੀਨੀਅਰਾਂ ’ਤੇ ਇਸਦਾ ਕੋਈ ਬਹੁਤਾ ਅਸਰ ਨਹੀਂ ਹੁੰਦਾ ਕਿਉਂਕਿ ਉਹ ਚਮਚਾਗਿਰੀ ਨੂੰ ਆਪਣਾ ਹੱਕ ਸਮਝਦੇ ਹਨ।
ਅਸੀਂ ਜਦੋਂ ਟਰੇਨਿੰਗ ਕਰਦੇ ਸੀ ਤਾਂ ਸਾਡੇ ਇੱਕ ਸਾਥੀ ਨੂੰ ਵੀ ਇਹ ਬਿਮਾਰੀ ਸੀ। ਕਦੇ ਉਸ ਨੇ ਕਿਸੇ ਦੇ ਗੱਲ ਪੈ ਜਾਣਾ ਤੇ ਕਦੇ ਕਿਸੇ ਦੇ। ਪੁੱਛਣ ’ਤੇ ਕਹਿਣਾ ਕਿ ਮੇਰਾ ਬਲੱਡ ਪ੍ਰੈੱਸ਼ਰ ਹਾਈ ਹੋ ਜਾਂਦਾ ਹੈ। ਪਰ ਜਦੋਂ ਉਸ ਨੇ ਉਸਤਾਦ (ਟਰੇਨਿੰਗ ਦੇਣ ਵਾਲਾ ਇੰਸਟਰਕਟਰ) ਦੇ ਸਾਹਮਣੇ ਜਾਣਾ ਤਾਂ ਇੱਕ ਦਮ ਫਰਮਾਬਰਦਾਰ ਬਰਖੁਰਦਾਰ ਬਣ ਕੇ ਉਸਤਾਦ ਜੀ, ਉਸਤਾਦ ਜੀ ਕਰਦੇ ਫਿਰਨਾ। ਉਸਤਾਦ ਵੱਲੋਂ ਦਿੱਤੀ ਸਜ਼ਾ ਵੀ ਖਿੜੇ ਮੱਥੇ ਪ੍ਰਵਾਨ ਕਰ ਲੈਣੀ ਅਸੀਂ ਇੱਕ ਵਾਰ ਉਸ ਨੂੰ ਪੁੱਛਿਆ ਕਿ ਸਾਡੇ ਨਾਲ ਤਾਂ ਤੂੰ ਮਰਨ ਮਾਰਨ ਤਕ ਪਹੁੰਚਾ ਜਾਂਦਾ ਹੈਂ, ਉਸਤਾਦ ਸਾਹਮਣੇ ਕਿਉਂ ਨਹੀਂ ਤੇਰਾ ਬਲੱਡ ਪ੍ਰੈੱਸ਼ਰ ਹਾਈ ਹੁੰਦਾ? ਉਹ ਦੰਦੀਆਂ ਜਿਹੀਆਂ ਕੱਢ ਕੇ ਬੋਲਿਆ ਕਿ ਉੱਥੇ ਪੰਗਾ ਲੈ ਕੇ ਮਰਨਾ ਹੈ, ਟਰੇਨਿੰਗ ਨਹੀਂ ਪੂਰੀ ਕਰਨੀ?
ਜ਼ਿਆਦਤਾਰ ਅਫਸਰਾਂ, ਲੀਡਰਾਂ ਅਤੇ ਅਮੀਰ ਵਿਅਕਤੀਆਂ ਦਾ ਵਿਹਾਰ ਜਗ੍ਹਾ ਅਤੇ ਮੌਕੇ ਮੁਤਾਬਕ ਬਦਲਦਾ ਰਹਿੰਦਾ ਹੈ। ਤੁਸੀਂ ਇਨ੍ਹਾਂ ਨੂੰ ਆਮ ਲੋਕਾਂ ਨੂੰ ਮਿਲਦੇ ਵੇਖੋ ਤੇ ਆਪਣੇ ਤੋਂ ਵੱਡੇ ਬੰਦੇ ਨੂੰ ਮਿਲਦੇ ਵੇਖੋ। ਮਾੜੇ ਬੰਦੇ ਨੂੰ ਮਿਲਣ ਲੱਗਿਆਂ ਅੱਖਾਂ ਮੱਥੇ ’ਤੇ ਲੱਗੀਆਂ, ਧੌਣ ਆਕੜੀ ਤੇ ਮੂੰਹ ਇਸ ਤਰ੍ਹਾਂ ਬਣਾਇਆ ਹੁੰਦਾ ਹੈ ਜਿਵੇਂ ਮਿਰਚਾਂ ਖਾਧੀਆਂ ਹੋਣ। ਪਰ ਆਪ ਤੋਂ ਵੱਡੇ ਬੰਦੇ ਨੂੰ ਮਿਲਣ ਸਮੇਂ ਇਹ ਨਿਮਰਤਾ ਦੀ ਮੂਰਤ ਬਣ ਜਾਂਦੇ ਹਨ। ਵੱਡਾ ਬੰਦਾ ਚਾਹੇ 10 ਘੰਟੇ ਇੰਤਜ਼ਾਰ ਕਰਵਾਏ, ਚੁੱਪ ਚਾਪ ਖਿੜੇ ਮੱਥੇ ਬੈਠੇ ਰਹਿੰਦੇ ਹਨ। ਜੂਨੀਅਰ ਦੀ ਛੋਟੀ ਜਿਹੀ ਗਲਤੀ ’ਤੇ ਇਨ੍ਹਾਂ ਦਾ ਬਲੱਡ ਪ੍ਰੈੱਸ਼ਰ ਹਾਈ ਹੋ ਜਾਂਦਾ ਹੈ ਤੇ ਉਸ ਨੂੰ 100-100 ਲਾਹਨਤਾਂ ਪਾ ਦਿੰਦੇ ਹਨ। ਪਰ ਜਦੋਂ ਸੀਨੀਅਰ ਲਾਹ ਪਾਹ ਕਰਦਾ ਹੈ ਤਾਂ ਅੱਖਾਂ ਮੀਟ ਕੇ ਚੁੱਪ ਚਾਪ ਪੀ ਜਾਂਦੇ ਹਨ। ਅਦਾਲਤਾਂ ਵਿੱਚ ਵੱਡੇ ਤੋਂ ਵੱਡੇ ਪਾਟੇ ਖਾਨ ਵੀ ਗਊ ਦੇ ਜਾਏ ਬਣ ਕੇ ਖੜ੍ਹੇ ਹੁੰਦੇ ਹਨ। ਨਜ਼ਰਾਂ ਝੁਕਾ ਕੇ, ਹੱਥ ਜੋੜ ਕੇ ਹਰ ਪ੍ਰਕਾਰ ਦੀ ਡਾਂਟ ਡਪਟ ਝੱਲ ਜਾਂਦੇ ਹਨ। ਪਾਕਿਸਤਾਨ ਦੇ ਰਾਸ਼ਟਰਪਤੀ ਜਨਰਲ ਜ਼ਿਆ ਉਲ ਹੱਕ ਨੇ ਆਪਣੇ ਤੋਂ ਪਹਿਲੇ ਪ੍ਰਧਾਨ ਮੰਤਰੀ ਜ਼ੁਲਫਿਕਾਰ ਅਲੀ ਭੁੱਟੋ ਨੂੰ ਫਾਂਸੀ ਲਗਾਇਆ ਸੀ। ਕਹਿੰਦੇ ਹਨ ਕਿ ਜਦੋਂ ਉਸ ਨੇ ਮੁੱਖ ਜਰਨੈਲ ਬਣਨਾ ਸੀ ਤਾਂ ਉਸ ਨੇ ਇੱਕ ਵਾਰ ਭੁੱਟੋ ਦੇ ਬੂਟਾਂ ’ਤੇ ਡਿੱਗੀ ਚਾਹ ਆਪਣੇ ਰੁਮਾਲ ਨਾਲ ਸਾਫ ਕੀਤੀ ਸੀ। ਪਰ ਜਰਨੈਲੀ ਮਿਲਦੇ ਸਾਰ ਉਸ ਦਾ ਬਲੱਡ ਪ੍ਰੈੱਸ਼ਰ ਹਾਈ ਹੋ ਗਿਆ ਤੇ ਉਸ ਨੇ ਤਖਤਾ ਪਲਟ ਕੇ ਭੁੱਟੋ ਨੂੰ ਫਾਂਸੀ ’ਤੇ ਟੰਗ ਦਿੱਤਾ।
ਕਈ ਵਾਰ ਕੋਈ ਅਫਸਰ ਆਪਣੇ ਜੂਨੀਅਰ ਦੀ ਬੇਇੱਜ਼ਤੀ ਕਰ ਰਿਹਾ ਹੁੰਦਾ ਹੈ ਤਾਂ ਉਸੇ ਵੇਲੇ ਉਸ ਦਾ ਸੀਨੀਅਰ ਆ ਜਾਂਦਾ ਹੈ। ਸੀਨੀਅਰ ਉਲਟੇ ਉਸ ਦੀ ਹੀ ਲਾਹ ਪਾਹ ਕਰ ਦਿੰਦਾ ਹੈ ਤਾਂ ਬਲੱਡ ਪ੍ਰੈੱਸ਼ਰ ਇੱਕ ਦਮ ਲੋਅ ਹੋ ਜਾਂਦਾ ਹੈ। ਸੀਨੀਅਰ ਦੇ ਸਾਹਮਣੇ ਉਹ ਚੂੰ ਵੀ ਨਹੀਂ ਕਰਦਾ। ਪਰ ਉਸ ਦੇ ਜਾਂਦੇ ਸਾਰ ਬਲੱਡ ਪ੍ਰੈੱਸ਼ਰ ਫਿਰ ਹਾਈ ਹੋ ਜਾਂਦਾ ਹੈ। ਐਨੀ ਛੇਤੀ ਤਾਂ ਗਿਰਗਿਟ ਵੀ ਰੰਗ ਨਹੀਂ ਬਦਲਦਾ।
ਜਦੋਂ ਕੋਈ ਨੇਤਾ ਕਿਸੇ ਟੂਰਨਾਮੈਂਟ, ਇਮਾਰਤ, ਪੁਲ ਦਾ ਉਦਘਾਟਨ ਕਰ ਰਿਹਾ ਹੁੰਦਾ ਹੈ ਤਾਂ ਉਸ ਦੀ ਸ਼ਕਲ ਵੇਖਣ ਵਾਲੀ ਹੁੰਦੀ ਹੈ। ਅੱਖਾਂ ਉੱਪਰ ਨੂੰ, ਮੁੱਛ ਖੜ੍ਹੀ, ਧੌਣ ਕਿਰਲੇ ਵਾਂਗ ਆਕੜੀ ਹੋਈ ਹੁੰਦੀ ਹੈ। ਵਿਚਾਰੀ ਜਨਤਾ ਭੱਜ ਭੱਜ ਕੇ ਉਸ ਦੇ ਪੈਰੀਂ ਹੱਥ ਲਾਉਂਦੀ ਹੈ ਤੇ ਉਹ ਬਹੁਤ ਸਟਾਈਲ ਨਾਲ ਮਾੜਾ ਜਿਹਾ ਮੋਢੇ ’ਤੇ ਹੱਥ ਲਾਵੇਗਾ ਤਾਂ ਜੋ ਕਿਤੇ ਕਿਸੇ ਦੇ ਮੁੜ੍ਹਕੇ ਨਾਲ ਹੱਥ ਖਰਾਬ ਨਾ ਹੋ ਜਾਣ। ਅਗਲੇ ਦਿਨ ਉਸੇ ਨੇਤਾ ਦੀ ਦਿੱਲੀ ਵਿਖੇ ਆਪਣੇ ਕਿਸੇ ਰਹਿਨੁਮਾ ਨਾਲ ਮੁਲਾਕਾਤ ਦੀ ਫੋਟੋ ਛਪਦੀ ਹੈ। ਕਿਰਲੇ ਵਾਂਗ ਆਕੜਿਆ ਉਹ ਹੀ ਨੇਤਾ ਫੁੱਲਾਂ ਦਾ ਵੱਡਾ ਸਾਰਾ ਗੁਲਦਸਤਾ ਫੜੀ ਪਾਈਆ ਕੁ ਦਾ ਬਣ ਕੇ ਕਮਾਨ ਵਾਂਗ ਦੋਹਰਾ ਹੋਇਆ ਸੀਨੀਅਰ ਦੇ ਪੈਰ ਪਕੜਨ ਤਕ ਪਹੁੰਚਿਆ ਹੁੰਦਾ ਹੈ। ਜਦੋਂ ਇਨ੍ਹਾਂ ਲੋਕਾਂ ਦੀ ਅਮਰੀਕਾ ਇੰਮੀਗਰੇਸ਼ਨ ਵਾਲੇ ਕੱਪੜੇ ਲੁਹਾ ਕੇ ਜਾਮਾਤਲਾਸ਼ੀ ਕਰਦੇ ਹਨ, ਉਦੋਂ ਵੀ ਇਨ੍ਹਾਂ ਦਾ ਬਲੱਡ ਪ੍ਰੈੱਸ਼ਰ ਹਾਈ ਨਹੀਂ ਹੁੰਦਾ। ਕ੍ਰਿਕਟ ਮੈਚ ਦੌਰਾਨ ਗਰੀਬ ਸਕਿਉਰਟੀ ਗਾਰਡ ਨੂੰ ਸ਼ਰ੍ਹੇਆਮ ਗਾਲ੍ਹਾਂ ਕੱਢਣ ਵਾਲਾ ਸ਼ਾਹਰੁਖ ਖਾਨ ਵੀ ਉੱਥੇ ਚੁੱਪ ਚਾਪ ਕੱਪੜੇ ਉਤਾਰ ਦਿੰਦਾ ਹੈ।
ਇਹ ਇੱਕ ਬਹੁਤ ਹੀ ਸਿਆਣੀ ਬਿਮਾਰੀ ਹੈ ਜੋ ਨਫਾ ਨੁਕਸਾਨ ਵੇਖ ਕੇ ਹੁੰਦੀ ਹੈ ਤੇ ਇਸਦਾ ਇਲਾਜ ਵੱਡੇ ਤੋਂ ਵੱਡੇ ਹਾਰਟ ਸਪੈਸ਼ਲਿਸਟ ਕੋਲ ਵੀ ਨਹੀਂ ਹੈ। ਜੋ ਵਿਅਕਤੀ ਤੁਹਾਡਾ ਨੁਕਸਾਨ ਜਾਂ ਫਾਇਦਾ ਕਰ ਸਕਦਾ ਹੈ, ਉੱਥੇ ਇਹ ਲੋਅ ਹੋ ਜਾਂਦੀ ਹੈ, ਜਿਸ ਵਿਅਕਤੀ ਦਾ ਤੁਸੀਂ ਨਫਾ-ਨੁਕਸਾਨ ਕਰ ਸਕਦੇ ਹੋ, ਉੱਥੇ ਇਹ ਹਾਈ ਹੋ ਜਾਂਦੀ ਹੈ। ਪਿਉ ਦੀ ਉਮਰ ਦੇ ਜੂਨੀਅਰ ਜਾਂ ਗਰੀਬ ਵਿਅਕਤੀ ਦੀ ਬੇਇੱਜ਼ਤੀ ਕਰ ਦੇਣ ਵਾਲੇ ਮਤਲਬ ਪੈਣ ’ਤੇ ਆਪਣੇ ਬੇਟੇ ਦੀ ਉਮਰ ਦੇ ਸੀਨੀਅਰ ਦੇ ਪੈਰੀਂ ਹੱਥ ਲਗਾਉਣ ਤੋਂ ਵੀ ਨਹੀਂ ਝਿਜਕਦੇ। ਅਜਿਹੇ ਦ੍ਰਿਸ਼ ਆਮ ਹੀ ਸਰਕਾਰੀ ਪ੍ਰੋਗਰਾਮਾਂ ਵੇਲੇ ਵੇਖਣ ਨੂੰ ਮਿਲ ਜਾਂਦੇ ਹਨ। ਸਾਡੇ ਪਿੰਡ ਇੱਕ ਵਿਅਕਤੀ ਦੀ ਨਹਿਰੀ ਪਾਣੀ ਦੀ ਵਾਰੀ ਸੀ। ਉਸ ਨੇ ਜਾਣ ਬੁੱਝ ਕੇ ਅੱਧਾ ਘੰਟਾ ਪਹਿਲਾਂ ਹੀ ਪਾਣੀ ਵੱਢ ਲਿਆ। ਜਿਨ੍ਹਾਂ ਵਿਅਕਤੀਆਂ ਦਾ ਪਾਣੀ ਵੱਢਿਆ ਸੀ, ਉਨ੍ਹਾਂ ਲਲਕਾਰਾ ਮਾਰਿਆ ਤਾਂ ਡਰ ਦਾ ਮਾਰਾਉਹ ਵਿਅਕਤੀ ਭੱਜ ਕੇ ਪਿੰਡ ਆ ਵੜਿਆ। ਘਰ ਆ ਕੇ ਪੰਜ ਸੱਤ ਡਾਂਗਾਂ ਝੋਟੇ ਦੇ ਕੱਢ ਮਾਰੀਆਂ ਤੇ ਉੱਚੀ ਉੱਚੀ ਦੁਸ਼ਮਣਾਂ ਨੂੰ ਗਾਲ੍ਹਾਂ ਕੱਢਣ ਲੱਗ ਪਿਆ। ਘਰ ਵਾਲੀ ਨੂੰ ਉਸ ਦੀ ਕਰਤੂਤ ਬਾਰੇ ਪਤਾ ਲੱਗ ਗਿਆ ਸੀ। ਉਹ ਬੋਲੀ ਕਿ ਜਿੱਥੇ ਲੜਨਾ ਸੀ, ਉੱਥੋਂ ਤਾਂ ਪਿੱਠ ਵਿਖਾ ਕੇ ਭੱਜ ਆਇਆ ਹੈਂ, ਹੁਣ ਇਸ ਬੇਜ਼ੁਬਾਨ ਨੂੰ ਕਿਉਂ ਕੁੱਟੀ ਜਾਨਾਂ? ਉਹ ਬੇਸ਼ਰਮ ਅੱਗੋਂ ਪੂਰੀ ਢੀਠਤਾਈ ਨਾਲ ਬੋਲਿਆ ਕਿ ਇਸ ਨੇ ਕਿਹੜਾ ਕੁਝ ਕਹਿਣਾ ਆ? ਉਹ ਤਾਂ ਕੁੱਟ ਕੁੱਟ ਕੇ ਮੇਰਾ ਮਲੀਦਾ ਬਣਾ ਦਿੰਦੇ।
ਮੈਂ ਇੱਕ ਜ਼ਿਲ੍ਹੇ ਵਿੱਚ ਡੀ.ਐੱਸ.ਪੀ. ਲੱਗਿਆ ਹੋਇਆ ਸੀ ਤੇ ਉੱਥੋਂ ਦਾ ਐੱਸ.ਐੱਸ.ਪੀ. ਬਹੁਤ ਹੀ ਸਖਤ ਕਿਸਮ ਦਾ ਇਨਸਾਨ ਸੀ। ਉਸ ਨੂੰ ਵੇਖ ਦੇ ਸਭ ਦਾ ਬਲੱਡ ਪ੍ਰੈੱਸ਼ਰ ਲੋਅ ਹੋ ਜਾਂਦਾ ਸੀ। ਉਸ ਨੇ ਇੱਕ ਦਿਨ ਸਾਰੇ ਮੁਲਾਜ਼ਮਾਂ ਵਾਸਤੇ ਮੈਡੀਕਲ ਕੈਂਪ ਰੱਖ ਲਿਆ। ਗੁਰਦੀਪ ਸਿੰਘ ਨਾਮ ਦਾ ਇੱਕ ਡੀ.ਐੱਸ.ਪੀ. ਬਹੁਤ ਹੀ ਮਜ਼ਾਕੀਆ ਸੁਭਾਅ ਦਾ ਸੀ। ਜਦੋਂ ਡਾਕਟਰ ਨੇ ਉਸਦਾ ਬਲੱਡ ਪ੍ਰੈੱਸ਼ਰ ਚੈੱਕ ਕੀਤਾ ਤਾਂ 200 ਤੋਂ ਵੀ ਉੱਪਰ ਜਾਵੇ। ਡਾਕਟਰ ਨੇ ਫਟਾਫਟ ਐੱਸ.ਐੱਸ.ਪੀ. ਨੂੰ ਜਾ ਦੱਸਿਆ। ਐੱਸ.ਐੱਸ.ਪੀ. ਨੇ ਜਦੋਂ ਖੁਦ ਆਪ ਜਾ ਕੇ ਗੁਰਦੀਪ ਸਿੰਘ ਦਾ ਬਲੱਡ ਪ੍ਰੈੱਸ਼ਰ ਚੈੱਕ ਕਰਵਾਇਆ ਤਾਂ ਬਿਲਕੁਲ ਨਾਰਮਲ ਨਿਕਲ ਆਇਆ। ਉਸ ਨੇ ਗੁਰਦੀਪ ਸਿੰਘ ਨੂੰ ਪੁੱਛਿਆ ਕਿ ਇਹ ਕੀ ਚੱਕਰ ਹੈ? ਹੁਣੇ ਤਾਂ ਤੇਰਾ ਬਲੱਡ ਪ੍ਰੈੱਸ਼ਰ ਹਾਈ ਸੀ ਤੇ ਹੁਣੇ ਇਹ ਨਾਰਮਲ ਕਿਵੇਂ ਹੋ ਗਿਆ। ਗੁਰਦੀਪ ਸਿੰਘ ਅੱਗੋਂ ਬੋਲਿਆ, “ਜਨਾਬ, ਸਾਡਾ ਬਲੱਡ ਪ੍ਰੈੱਸ਼ਰ ਤਾਂ ਤੁਹਾਨੂੰ ਵੇਖ ਕੇ ਹੀ ਹਾਈ ਲੋਅ ਹੁੰਦਾ ਹੈ। ਜਦੋਂ ਜ਼ਰਾ ਪਰ੍ਹਾਂ ਚਲੇ ਜਾਉਗੇ ਤਾਂ ਹਾਈ ਹੋ ਜਾਵੇਗਾ ਤੇ ਜਦੋਂ ਆ ਕੇ ਸਿਰ ’ਤੇ ਖੜ੍ਹ ਜਾਉਗੇ ਤਾਂ ਡਰ ਦੇ ਮਾਰੇ ਲੋਅ ਹੋ ਜਾਵੇਗਾ।”
ਇਹ ਜ਼ਿੰਦਗੀ ਸਿਰਫ ਇੱਕ ਵਾਰ ਹੀ ਮਿਲਣੀ ਹੈ। ਜੇ ਰੱਬ ਨੇ ਕੋਈ ਅਹੁਦਾ ਜਾਂ ਤਾਕਤ ਬਖਸ਼ੀ ਹੈ ਤਾਂ ਵੱਧ ਤੋਂ ਵੱਧ ਲੋਕਾਂ ਦੇ ਕੰਮ ਆਉਣਾ ਚਾਹੀਦਾ ਹੈ ਤੇ ਖੁਸ਼ੀਆਂ ਵੰਡਣੀਆਂ ਚਾਹੀਦੀਆਂ ਹਨ। ਤਾਕਤ ਆਉਣ ਜਾਣ ਵਾਲੀ ਚੀਜ਼ ਹੈ, ਇੱਕ ਵਾਰ ਖਤਮ ਹੋ ਜਾਣ ਤੋਂ ਬਾਅਦ ਫਿਰ ਕੋਈ ਨਹੀਂ ਪੁੱਛਦਾ। ਸੁਖਨਾ ਝੀਲ ’ਤੇ ਤੁਹਾਨੂੰ ਅਨੇਕਾਂ ਹੀ ਅਜਿਹੇ ਲੋਕ ਨਿਮਾਣੇ ਜਿਹੇ ਬਣ ਕੇ ਸੈਰ ਕਰਦੇ ਮਿਲ ਜਾਣਗੇ, ਜੋ ਕਿਸੇ ਵੇਲੇ ਨੱਕ ’ਤੇ ਮੱਖੀ ਵੀ ਨਹੀਂ ਸੀ ਬੈਠਣ ਦਿੰਦੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2601)
(ਸਰੋਕਾਰ ਨਾਲ ਸੰਪਰਕ ਲਈ: