“ਇਸ ਤੋਂ ਬਾਅਦ ਇਸ ਨੇ ਇੱਥੇ ਡੇਰਾ ਬਣਾ ਕੇ ਬਦਮਾਸ਼ੀਆਂ ਸ਼ੁਰੂ ਕਰ ਦਿੱਤੀਆਂ ...”
(15 ਅਪਰੈਲ 2020)
ਕੁਝ ਸਾਲ ਪਹਿਲਾਂ ਮੈਂ ਟੀ.ਵੀ. ’ਤੇ ਹਾਲੀਵੁੱਡ ਦੀ ਅਕੈਡਮੀ ਅਵਾਰਡ ਜੇਤੂ ਸੁਪਰ ਡੁਪਰ ਹਿੱਟ ਫਿਲਮ “ਸੇਵਿੰਗ ਪ੍ਰਾਈਵੇਟ ਰੇਆਨ” ਵੇਖੀ ਸੀ। ਉਸ ਵਿੱਚ ਅਮਰੀਕੀ ਫੌਜ ਦੇ ਇੱਕ ਬਹਾਦਰ ਜਵਾਨ ਦਾ ਹੱਥ ਜਰਮਨਾਂ ਦੀ ਫਾਇਰਿੰਗ ਕਾਰਨ ਵੱਢਿਆ ਜਾਂਦਾ ਹੈ ਪਰ ਉਹ ਬਿਨਾਂ ਘਬਰਾਏ ਉਸ ਨੂੰ ਚੁੱਕ ਕੇ ਤੁਰ ਪੈਂਦਾ ਹੈ। ਉਸ ਵੇਲੇ ਇਹ ਗੱਲ ਮੰਨਣ ਨੂੰ ਦਿਲ ਨਹੀਂ ਸੀ ਕਰਦਾ ਕਿ ਕੋਈ ਵਿਅਕਤੀ ਅਜਿਹੀ ਹਿੰਮਤ ਵੀ ਕਰ ਸਕਦਾ ਹੈ। ਪਰ 12 ਅਪਰੈਲ ਨੂੰ ਭੰਗ ਨਾਲ ਅੰਨ੍ਹੇ ਹੋਏ ਕਥਿਤ ਨਿਹੰਗਾਂ ਵੱਲੋਂ ਜ਼ਖਮੀ ਕੀਤੇ ਜਾਣ ਦੇ ਬਾਵਜੂਦ ਥਾਣੇਦਾਰ ਹਰਜੀਤ ਸਿੰਘ ਵੱਲੋਂ ਵਿਖਾਈ ਬਹਾਦਰੀ ਵੇਖ ਕੇ ਸਾਰੇ ਸ਼ੰਕੇ ਨਵਿੱਰਤ ਹੋ ਗਏ ਹਨ। ਜਦੋਂ ਕਥਿਤ ਨਿਹੰਗ ਬਲਵਿੰਦਰ ਸਿੰਘ ਨੇ ਹਰਜੀਤ ਸਿੰਘ ਦਾ ਹੱਥ ਗੁੱਟ ਨਾਲੋਂ ਅਲੱਗ ਕੀਤਾ ਤਾਂ ਇੱਕ ਵਾਰ ਤਾਂ ਉਹ ਧਰਤੀ ’ਤੇ ਡਿੱਗ ਪਿਆ, ਪਰ ਨਾਲ ਦੀ ਨਾਲ ਬਿਨਾਂ ਕਿਸੇ ਦੀ ਮਦਦ ਦੇ ਛਾਲ ਮਾਰ ਕੇ ਉੱਠਿਆ ਤੇ ਜ਼ਖਮ ’ਤੇ ਸਾਫਾ ਬੰਨ੍ਹ ਕੇ ਆਪਣਾ ਕੱਟਿਆ ਹੋਇਆ ਹੱਥ ਬਿਨਾਂ ਕਿਸੇ ਘਬਰਾਹਟ ਦੇ ਪਕੜ ਲਿਆ। ਇਸ ਤੋਂ ਬਾਅਦ ਉਹ ਇਸ ਤਰ੍ਹਾਂ ਸਕੂਟਰ ਦੇ ਪਿੱਛੇ ਬੈਠ ਕੇ ਰਜਿੰਦਰਾ ਹਸਪਤਾਲ ਨੂੰ ਚਲਾ ਗਿਆ ਜਿਵੇਂ ਬਾਂਹ ਵਿੱਚ ਕੋਈ ਕੰਡਾ ਚੁਭਿਆ ਹੋਵੇ। ਇਸ ਸਾਰੇ ਵਾਕਿਆ ਦੌਰਾਨ ਨਾ ਤਾਂ ਉਹ ਚੀਖਿਆ ਤੇ ਨਾ ਹੀ ਕੋਈ ਹਾਲ ਪਾਹਰਿਆ ਮਚਾਈ। ਉਸ ਦੀ ਬਹਾਦਰੀ ਵੇਖ ਕੇ ਪੁਰਾਤਨ ਧਰਮ ਯੋਧਿਆਂ ਦੀ ਯਾਦ ਤਾਜ਼ਾ ਹੋ ਜਾਂਦੀ ਹੈ।
ਜਿਨ੍ਹਾਂ ਨੂੰ ਕਦੇ ਸੱਟ ਨਾ ਲੱਗੀ ਹੋਵੇ, ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜ਼ਿਆਦਾ ਖੂਨ ਵਗਣ ਕਾਰਨ ਇੱਕ ਵਾਰ ਤਾਂ ਦਿਲ ਨੂੰ ਘੇਰ ਪੈਣ ਲੱਗ ਪੈਂਦੇ ਹਨ ਤੇ ਦਿਮਾਗ ਚੱਕਰ ਖਾ ਜਾਂਦਾ ਹੈ। ਕਈ ਵਿਅਕਤੀ ਤਾਂ ਬਲੇਡ ਦਾ ਚੀਰਾ ਲੱਗਣ ਨਾਲ ਹੀ ਚੀਕਾਂ ਮਾਰਨ ਲੱਗ ਜਾਂਦੇ ਹਨ ਤੇ ਕਈ ਦੂਸਰਿਆਂ ਨੂੰ ਸੱਟ ਲੱਗੀ ਵੇਖ ਕੇ ਬੇਹੋਸ਼ ਹੋ ਜਾਂਦੇ ਹਨ। ਪਰ ਹਰਜੀਤ ਸਿੰਘ ਨੇ ਸ਼ੇਰ ਵਰਗਾ ਜ਼ਿਗਰਾ ਰੱਖਿਆ ਤੇ ਬਹਾਦਰੀ ਦੀ ਮਿਸਾਲ ਪੈਦਾ ਕੀਤੀ। ਪਰ ਉਸ ਦੀ ਬਹਾਦਰੀ ਦੀ ਤਾਰੀਫ ਕਰਨ ਦੀ ਬਜਾਏ ਲੁਧਿਆਣੇ ਦੇ ਇੱਕ ਮਹਾਂ ਭੌਂਕੇ, ਬਿਜਲੀ ਚੋਰ ਤੇ ਥਰਡ ਕਲਾਸ ਲੀਡਰ ਨੇ ਉਸ ਦੀ ਹੀ ਨੁਕਤਾਚੀਨੀ ਕਰ ਦਿੱਤੀ ਹੈ। ਉਸ ਘਟੀਆ ਬੰਦੇ ਨੂੰ ਪੁੱਛਣਾ ਚਾਹੀਦਾ ਹੈ ਕਿ ਜੇ ਪੁਲਿਸ ਐਨੀ ਹੀ ਬੁਰੀ ਹੈ ਤਾਂ ਉਹ ਕਿਉਂ ਆਪਣੇ ਨਾਲ ਪੁਲਿਸ ਦੇ ਗੰਨਮੈਨ ਲਈ ਫਿਰਦਾ ਹੈ? ਵੈਸੇ ਵੀ ਉਸ ਨੂੰ ਮਹੀਨੇ ਦਸਾਂ ਦਿਨਾਂ ਬਾਅਦ ਪੁਲਿਸ ਕੋਲੋਂ ਸਰਵਿਸ ਕਰਵਾਉਣ ਦਾ ਬੇਹੱਦ ਸ਼ੌਕ ਹੈ। ਇਸ ਲੀਡਰ ਵਾਂਗ ਹਰਜੀਤ ਸਿੰਘ ਅਤੇ ਪੁਲਿਸ ਪਾਰਟੀ ’ਤੇ ਹਮਲਾ ਕਰਨ ਵਾਲਾ ਕਥਿਤ ਨਿਹੰਗ ਬਲਵਿੰਦਰ ਸਿੰਘ ਵੀ ਜ਼ਰਾਇਮ ਪੇਸ਼ਾ ਵਿਅਕਤੀ ਹੈ। ਇਸ ਦੁਸ਼ਟ ਨੇ ਬਲਬੇੜਾ ਪਿੰਡ ਦੀ ਪੰਚਾਇਤੀ ਜ਼ਮੀਨ ’ਤੇ ਕਬਜ਼ਾ ਕੀਤਾ ਹੋਇਆ ਹੈ। ਅਜਿਹੇ ਲੋਕ ਮਹੰਤ ਨਰਾਇਣ ਦਾਸ ਤੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ ਹਨ। ਇਸ ਕੋਲ ਸਾਰੇ ਇਲਾਕੇ ਦੇ ਜ਼ਰਾਇਮ ਪੇਸ਼ਾ ਲੋਕ ਆ ਕੇ ਪਨਾਹ ਲੈਂਦੇ ਸਨ ਤੇ ਲੋਕਾਂ ਦੀਆਂ ਧੀਆਂ-ਭੈਣਾਂ ਅਤੇ ਜਾਇਦਾਦਾਂ ’ਤੇ ਬੁਰੀ ਨਿਗਾਹ ਰੱਖਦੇ ਹਨ। ਅਜਿਹੇ ਸਖਤ ਕਰਫਿਊ ਦੇ ਸਮੇਂ ਲੋਕਾਂ ਕੋਲ ਤਾਂ ਖਾਣ ਨੂੰ ਰੋਟੀ ਨਹੀਂ ਹੈ ਤੇ ਇਹ 39 ਲੱਖ ਰੁਪਏ ਰੱਖੀ ਬੈਠਾ ਹੈ। ਇਸ ਬਾਰੇ ਤਫਤੀਸ਼ ਕਰਨੀ ਬਣਦੀ ਹੈ ਕਿ ਇਸ ਨੇ ਕਿਸ ਧੰਦੇ ਰਾਹੀਂ ਇੰਨਾ ਪੈਸਾ ਕਮਾਇਆ ਹੈ?
ਬਲਵਿੰਦਰ ਸਿੰਘ ਨੇ ਕੁਝ ਸਾਲ ਪਹਿਲਾਂ ਬਲਬੇੜਾ ਪਿੰਡ ਦੇ ਇੱਕ ਬੇਅਬਾਦ ਛੱਪੜ ’ਤੇ ਕਬਜ਼ਾ ਜਮਾ ਕੇ ਕੂੜ ਪ੍ਰਚਾਰ ਸ਼ੁਰੂ ਕੀਤਾ ਸੀ ਕਿ ਇਸ ਛੱਪੜ ਨੂੰ ਨੌਂਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਚਰਨ ਛੋਹ ਪ੍ਰਾਪਤ ਹੈ। ਇਸ ਤੋਂ ਬਾਅਦ ਇਸ ਨੇ ਇੱਥੇ ਡੇਰਾ ਬਣਾ ਕੇ ਬਦਮਾਸ਼ੀਆਂ ਸ਼ੁਰੂ ਕਰ ਦਿੱਤੀਆਂ। ਪਹਿਲਾਂ ਤਾਂ ਇਸ ਨੇ ਗਰੀਬ ਕਿਸਾਨਾਂ ਨੂੰ ਤੰਗ ਕਰ ਕੇ ਨਾਲ ਲੱਗਦੀ ਜ਼ਮੀਨ ਖਰੀਦੀ ਤੇ ਫਿਰ ਇਲਾਕੇ ਦੇ ਲੋਕਾਂ ਨੂੰ ਡਰਾਉਣਾ ਧਮਕਾਉਣਾ ਸ਼ੁਰੂ ਕਰ ਦਿੱਤਾ। ਅਜਿਹੇ ਨੀਚ ਲੋਕ ਧਰਮ ਦੀ ਆੜ ਹੇਠ ਵਿਭਚਾਰ ਕਰਦੇ ਹਨ। ਇਸਦੇ ਡੇਰੇ ਵਿੱਚੋਂ ਭੰਗ ਦੀਆਂ 6 ਬੋਰੀਆਂ ਅਤੇ ਦਰਜ਼ਨਾਂ ਮਾਰੂ ਹਥਿਆਰ ਬਰਾਮਦ ਹੋਏ ਹਨ। ਇਸਦੇ ਖਿਲਾਫ ਅਨੇਕਾਂ ਪੀੜਤ ਲੋਕਾਂ ਵੱਲੋਂ ਦਿੱਤੀਆਂ ਗਈਆਂ ਦਰਖਾਸਤਾਂ ਕਈ ਥਾਣਿਆਂ ਵਿੱਚ ਪੈਂਡਿੰਗ ਹਨ ਪਰ ਪੁਲਿਸ ਨੇ ਇਸਦੀ ਦਹਿਸ਼ਤ ਕਾਰਨ ਕੋਈ ਖਾਸ ਕਾਰਵਾਈ ਨਹੀਂ ਕੀਤੀ। ਅਜਿਹੇ ਸਪੋਲੀਏ ਦਾ ਸਿਰ ਤਾਂ ਸੱਪ ਬਣਨ ਤੋਂ ਪਹਿਲਾਂ ਹੀ ਫੇਹ ਦਿੱਤਾ ਜਾਣਾ ਚਾਹੀਦਾ ਸੀ।
ਬਲਵਿੰਦਰ ਸਿੰਘ ਅਜਿਹਾ ਪਹਿਲਾ ਸਾਧ ਨਹੀਂ ਜਿਸ ਨੂੰ ਪਿੰਡ ਵਾਲਿਆਂ ਨੇ ਆਪਣੇ ਸਿਰ ’ਤੇ ਆਪ ਬਿਠਾਇਆ ਹੋਵੇ। ਇਸ ਤੋਂ ਪਹਿਲਾਂ ਵੀ ਸੈਂਕੜੇ ਸਾਧ ਪੰਚਾਇਤੀ ਅਤੇ ਸਰਕਾਰੀ ਜ਼ਮੀਨਾਂ ਉੱਤੇ ਕਬਜ਼ਾ ਜਮਾਈ ਬੈਠੇ ਹਨ। ਹਰੇਕ ਪਿੰਡ ਜਾਂ ਸ਼ਹਿਰ ਵਿੱਚ ਕਈ ਅਜਿਹੀਆਂ ਸਾਂਝੀਆਂ ਥਾਵਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਲੋਕ ਮਨਹੂਸ ਜਾਂ ਭੂਤੀਆ ਸਮਝਦੇ ਹਨ। ਇਹ ਚਲਾਕ ਸਾਧ ਅਜਿਹੀਆਂ ਥਾਵਾਂ ’ਤੇ ਕਬਜ਼ਾ ਕਰ ਕੇ ਲੋਕਾਂ ਨੂੰ ਅਖੌਤੀ ਭੂਤਾਂ ਤੋਂ ਮੁਕਤੀ ਦਿਵਾ ਦਿੰਦੇ ਹਨ। ਪਰ ਬਾਅਦ ਵਿੱਚ ਜਦੋਂ ਸਾਧਾਂ ਦੇ ਪੈਰ ਜੰਮ ਜਾਂਦੇ ਹਨ ਤੇ ਵੋਟਾਂ ਖਾਤਰ ਲੀਡਰ ਉੱਥੇ ਗੇੜੇ ਮਾਰਨ ਲੱਗ ਪੈਂਦੇ ਹਨ ਤਾਂ ਸਾਧ ਪਿੰਡ ਵਾਲਿਆਂ ਦੇ ਹੀ ਨੱਕ ਵਿੱਚ ਦਮ ਲਿਆ ਦਿੰਦੇ ਹਨ। ਲੁਧਿਆਣੇ ਲਾਗੇ ਇੱਕ ਸਾਧ ਨੇ ਇੱਕ ਪਿੰਡ ਦੇ 100 ਏਕੜ ਜੰਗਲ ’ਤੇ ਕਬਜ਼ਾ ਜਮਾਇਆ ਹੋਇਆ ਹੈ ਤੇ ਮੂਨਕ ਲਾਗੇ ਮੇਨ ਸੜਕ ’ਤੇ ਬਲਵਿੰਦਰ ਸਿੰਘ ਵਰਗਾ ਇੱਕ ਅਖੌਤੀ ਨਿਹੰਗ ਸ਼ਾਮਲਾਟ ਜ਼ਮੀਨ ਦੱਬੀ ਬੈਠਾ ਹੈ। ਹੁਣ ਪਿੰਡ ਵਾਲਿਆ ਦੀ ਹਿੰਮਤ ਨਹੀਂ ਕਿ ਉਹ ਉਸ ਜ਼ਮੀਨ ਵੱਲ ਤੱਕ ਵੀ ਸਕਣ।
ਪਰ ਇਸ ਸਭ ਕੁਝ ਦੇ ਬਾਵਜੂਦ ਹਰਜੀਤ ਸਿੰਘ ਦੀ ਬਹਾਦਰੀ ਦੀ ਸਿਫਤ ਕਰਨੀ ਬਣਦੀ ਹੈ। ਪੰਜਾਬ ਸਰਕਾਰ ਦੀ ਸਹਾਇਤਾ ਕਾਰਨ ਉਸ ਦਾ ਇਲਾਜ ਪੀ.ਜੀ.ਆਈ. ਵਿੱਚ ਚੱਲ ਰਿਹਾ ਹੈ ਤੇ ਸਫਲ ਉਪਰੇਸ਼ਨ ਤੋਂ ਬਾਅਦ ਹੱਥ ਦੁਬਾਰਾ ਜੋੜ ਦਿੱਤਾ ਗਿਆ ਹੈ। ਇਸ ਬਹਾਦਰ ਪੁਲਿਸ ਅਫਸਰ ਨੇ ਬਹਾਦਰੀ ਦੀ ਜੋ ਮਿਸਾਲ ਪੈਦਾ ਕੀਤੀ ਹੈ, ਉਸ ਕਾਰਨ ਉਹ ਘੱਟੋ ਘੱਟ ਇੱਕ ਤਰੱਕੀ ਅਤੇ ਗੈਲੈਂਟਰੀ ਅਵਾਰਡ ਦਾ ਹੱਕਦਾਰ ਬਣਦਾ ਹੈ।
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2057)
(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)







































































































