BalrajSidhu7ਸ੍ਰੀ ਲੰਕਾ ਦੀ ਆਰਥਿਕ ਹਾਲਤ ਐਨੀ ਖਰਾਬ ਹੋ ਚੁੱਕੀ ਹੈ ਕਿ ਇਸਦਾ ਵਿਦੇਸ਼ੀ ਮੁਦਰਾ ਭੰਡਾਰ ...
(21 ਮਈ 2022)
ਮਹਿਮਾਨ: 304.


ਸ੍ਰੀ ਲੰਕਾ ਵਿੱਚ ਇਸ ਵੇਲੇ ਭਿਆਨਕ ਸਰਕਾਰ ਵਿਰੋਧੀ ਦੰਗੇ ਚੱਲ ਰਹੇ ਹਨ। ਲੋਕਾਂ ਨੇ ਰਾਜਪਕਸ਼ਾ ਪਰਿਵਾਰ ਅਤੇ ਸੱਤਾਧਾਰੀ ਪਾਰਟੀ (ਸ਼੍ਰੀ ਲੰਕਾ ਪੋਡੂਜਨਾ ਪੇਰੂਨਮਾ) ਦੇ ਸਾਂਸਦਾਂ ਅਤੇ ਮੰਤਰੀਆਂ ਦੇ ਸੈਂਕੜੇ ਸਰਕਾਰੀ ਅਤੇ ਨਿੱਜੀ ਮਕਾਨ ਤੇ ਵਪਾਰਿਕ ਅਦਾਰਿਆਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਹੈ। ਹਾਲਾਤ ਐਨੇ ਖਰਾਬ ਹਨ ਕਿ ਅਸਤੀਫਾ ਦੇ ਚੁੱਕੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਨੂੰ ਜਾਨ ਬਚਾਉਣ ਲਈ ਪਰਿਵਾਰ ਸਮੇਤ ਤ੍ਰਿਨਕੋਮਾਲੀ ਸਮੁੰਦਰੀ ਅੱਡੇ ਵਿੱਚ ਸ਼ਰਣ ਲੈਣੀ ਪਈ ਹੈ। ਉਸ ਦੇ ਲੜਕੇ ਨਾਮਾਲ ਰਾਜਪਕਸ਼ੇ ਦੇ ਇੱਕ ਪੰਜ ਸਿਤਾਰਾ ਹੋਟਲ ਸਮੇਤ ਰਾਜਪਕਸ਼ਾ ਪਰਿਵਾਰ ਵੱਲੋਂ ਆਪਣੇ ਪਿੰਡ ਵਿੱਚ ਬਣਾਇਆ ਗਿਆ ਇੱਕ ਅਜਾਇਬਘਰ ਵੀ ਫੂਕ ਦਿੱਤਾ ਗਿਆ। ਭ੍ਰਿਸ਼ਟਾਚਾਰ ਦਾ ਪ੍ਰਤੀਕ ਇਹ ਨਿੱਜੀ ਅਜਾਇਬਘਰ ਰਾਜਪਕਸ਼ਾ ਪਰਿਵਾਰ ਨੇ ਆਪਣੇ ਮਾਤਾ ਪਿਤਾ ਦੀ ਯਾਦ ਵਿੱਚ ਉਸਾਰਿਆ ਸੀ। ਪਰ ਬਾਅਦ ਵਿੱਚ ਇਸਦੀ ਲਾਗਤ ਜੋ ਕਰੀਬ
9 ਕਰੋੜ ਬਣਦੀ ਸੀ, ਸਰਕਾਰ ਤੋਂ ਵਸੂਲ ਲਈ ਸੀ। ਰਾਜਪਕਸ਼ਿਆਂ ਸਮੇਤ ਅਨੇਕ ਸੱਤਾਧਾਰੀ ਨੇਤਾਵਾਂ ਦੀਆਂ ਭ੍ਰਿਸ਼ਟਾਚਾਰ ਰਾਹੀਂ ਖਰੀਦੀਆਂ ਗਈਆਂ ਬੇਸ਼ਕੀਮਤੀ ਵਿਦੇਸ਼ੀ ਗੱਡੀਆਂ ਸਮੁੰਦਰ ਅਤੇ ਝੀਲਾਂ ਵਿੱਚ ਸੁੱਟ ਦਿੱਤੀਆਂ ਗਈਆਂ ਹਨ। ਅੰਦਲੋਨਕਾਰੀ ਰਾਸ਼ਟਰਪਤੀ ਗੋਟਾਬਾਏ ਰਾਜਪਕਸ਼ਾ ਦੇ ਅਸਤੀਫੇ ਦੀ ਮੰਗ ਕਰ ਰਹੇ ਹਨ। ਇਸ ਮਾਰ ਧਾੜ ਦੌਰਾਨ ਹੁਣ ਤਕ 150 ਤੋਂ ਵੱਧ ਨਾਗਰਿਕ ਹਲਾਕ ਅਤੇ 1000 ਤੋਂ ਜ਼ਖਮੀ ਹੋ ਚੁੱਕੇ ਹਨ।

ਅੰਦੋਲਨਕਾਰੀ ਸੱਤਾਧਾਰੀ ਨੇਤਾਵਾਂ ਦੀ ਜਾਨ ਦੇ ਦੁਸ਼ਮਣ ਬਣ ਗਏ ਹਨ। ਕੁਝ ਦਿਨ ਪਹਿਲਾਂ ਜਦੋਂ ਪ੍ਰਦਰਸ਼ਨਕਾਰੀਆਂ ਨੇ ਸੱਤਾਧਾਰੀ ਦਲ ਦੇ ਇੱਕ ਐੱਮ.ਪੀ. ਅੰਮਰਾਕੀਰਤੀ ਅੱਥੂਕੁਰਾਲਾ ਨੂੰ ਘੇਰ ਲਿਆ ਤਾਂ ਉਸ ਨੇ ਗੋਲੀਆਂ ਚਲਾ ਕੇ ਦੋ ਪ੍ਰਦਰਸ਼ਨਕਾਰੀਆਂ ਦੀ ਹੱਤਿਆ ਕਰ ਦਿੱਤੀ ਤੇ ਆਪ ਵੀ ਖੁਦਕੁਸ਼ੀ ਕਰ ਲਈ। ਗੋਟਾਬਾਏ ਫਿਲਹਾਲ ਕੁਰਸੀ ਨੂੰ ਚਿਪਕਿਆ ਹੋਇਆ ਹੈ। ਉਸ ਨੇ ਅਸਤੀਫਾ ਦੇਣ ਦੀ ਬਜਾਏ ਦੇਸ਼ ਵਿੱਚ ਐਮਰਜੈਂਸੀ ਲੱਗਾ ਦਿੱਤੀ ਹੈ ਤੇ ਫੌਜ ਨੂੰ ਪ੍ਰਦਸ਼ਨਕਾਰੀਆਂ ਨੂੰ ਗੋਲੀ ਮਾਰ ਦੇਣ ਦੇ ਅਧਿਕਾਰ ਦੇ ਦਿੱਤੇ ਹਨ। ਸ੍ਰੀ ਲੰਕਾ ਦੀ ਆਰਥਿਕ ਹਾਲਤ ਐਨੀ ਖਰਾਬ ਹੋ ਚੁੱਕੀ ਹੈ ਕਿ ਇਸਦਾ ਵਿਦੇਸ਼ੀ ਮੁਦਰਾ ਭੰਡਾਰ ਤਕਰੀਬਨ ਖਾਲੀ ਹੋ ਚੁੱਕਾ ਹੈ ਤੇ ਦੇਸ਼ ਦਿਵਾਲੀਆ ਹੋਣ ਦੇ ਕੰਢੇ ’ਤੇ ਪਹੁੰਚ ਚੁੱਕਾ ਹੈ। ਸ੍ਰੀ ਲੰਕਾ ਦੀ ਬਰਬਾਦੀ ਦਾ ਇੱਕੋ ਇੱਕ ਕਾਰਨ ਰਾਜਪਕਸ਼ਾ ਪਰਿਵਾਰ ਦੀ ਕੁਨਬਾਪਰਵਰੀ ਅਤੇ ਸਿਰੇ ਦਾ ਭ੍ਰਿਸ਼ਟਾਚਾਰ ਹੈ। ਲੰਕਾ ਸਰਕਾਰ ਦੇ ਜ਼ਿਆਦਾਤਰ ਮਹੱਤਵਪੂਰਨ ਅਹੁਦਿਆਂ ’ਤੇ ਇਸ ਪਰਿਵਾਰ ਦਾ ਹੀ ਕਬਜ਼ਾ ਹੈ।

ਮਹਿੰਦਾ ਰਾਜਪਕਸ਼ਾਇਸ ਪਰਿਵਾਰ ਦਾ ਮੁਖੀਆ 76 ਸਾਲਾ ਮਹਿੰਦਾ ਰਾਜਪਕਸ਼ਾ ਹੈ। ਇੱਕ ਰਸੂਖਵਾਨ ਰਾਜਨੀਤਕ ਪਰਿਵਾਰ ਵਿੱਚ ਪੈਦਾ ਹੋਇਆ ਮਹਿੰਦਾ ਰਾਜਪਕਸ਼ਾ ਬਹੁਤ ਤੇਜ਼ੀ ਨਾਲ ਸਫਲਤਾ ਦੀਆਂ ਪੌੜੀਆਂ ਚੜ੍ਹਿਆ ਹੈ। ਉਹ ਪੇਸ਼ੇ ਤੋਂ ਵਕੀਲ ਸੀ ਤੇ 1970 ਵਿੱਚ ਉਸ ਨੇ ਪਹਿਲੀ ਵਾਰ ਪਾਰਲੀਮੈਂਟ ਦੀ ਚੋਣ ਜਿੱਤੀ। 2005 ਵਿੱਚ ਰਾਸ਼ਟਰਪਤੀ ਚੁਣਿਆ ਗਿਆ ਤੇ ਇਸ ਅਹੁਦੇ ’ਤੇ 2015 ਤਕ ਰਿਹਾ। ਉਸ ਦੀ ਅਗਵਾਈ ਹੇਠ ਹੀ ਸ੍ਰੀ ਲੰਕਾ ਦੀ ਫੌਜ ਨੇ 39 ਸਾਲ ਦੀ ਜੰਗ ਤੋਂ ਬਾਅਦ 18 ਮਈ 2009 ਨੂੰ ਤਾਮਿਲ ਬਾਗੀਆਂ ਦੀ ਅੱਤਵਾਦੀ ਜਥੇਬੰਦੀ ਲਿੱਟੇ ਦਾ ਖਾਤਮਾ ਕੀਤਾ ਸੀ। ਇਸ ਜੰਗ ਵਿੱਚ ਜੇਤੂ ਹੋਣ ਕਾਰਨ ਉਹ ਘਰ ਘਰ ਵਿੱਚ ਮਸ਼ਹੂਰ ਹੋ ਗਿਆ ਤੇ 2010 ਵਿੱਚ ਦੁਬਾਰਾ ਰਾਸ਼ਟਰਪਤੀ ਚੁਣ ਲਿਆ ਗਿਆ। ਪਰ ਭ੍ਰਿਸ਼ਟਾਚਾਰ ਦੇ ਦੋਸ਼ਾਂ ਕਾਰਨ ਉਹ ਐਨਾ ਬਦਨਾਮ ਹੋ ਗਿਆ ਸੀ ਕਿ 2015 ਵਿੱਚ ਮੈਥਰੀਪਾਲਾ ਸਿਰੀਸੇਨਾ ਹੱਥੋਂ ਬੁਰੀ ਤਰ੍ਹਾਂ ਹਾਰ ਗਿਆ। 2019 ਵਿੱਚ ਉਸ ਨੇ ਖੁਦ ਰਾਸ਼ਟਰਪਤੀ ਦੀ ਚੋਣ ਲੜਨ ਦੀ ਬਜਾਏ ਆਪਣੇ ਭਰਾ ਗੋਟਾਬਾਏ ਰਾਜਪਕਸ਼ਾ ਨੂੰ ਚੋਣ ਲੜਵਾ ਕੇ ਰਾਸ਼ਟਰਪਤੀ ਬਣਾ ਦਿੱਤਾ ਤੇ ਖੁਦ ਪ੍ਰਧਾਨ ਮੰਤਰੀ ਬਣ ਗਿਆ। ਉਸ ਨੇ ਕੁਨਬਾਪਰਵਰੀ ਅਤੇ ਭ੍ਰਿਸ਼ਟਾਚਾਰ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਰਾਜਪਕਸ਼ਾ ਪਰਿਵਾਰ ਦਾ ਕੋਈ ਬਦਕਿਸਮਤ ਮੈਂਬਰ ਹੀ ਹੋਵੇਗਾ ਜਿਸ ਨੂੰ ਉਸ ਨੇ ਕੋਈ ਸਰਕਾਰੀ ਅਹੁਦਾ ਨਾ ਦਿੱਤਾ ਹੋਵੇ। ਇਸਦਾ ਖੁਦ ਦਾ ਵੱਡਾ ਲੜਕਾ ਨਾਮਾਲ ਮੰਤਰੀ ਅਤੇ ਛੋਟਾ ਯੋਸ਼ੀਤਾ ਪ੍ਰਧਾਨ ਮੰਤਰੀ ਦਫਤਰ ਦਾ ਚੀਫ ਆਫ ਸਟਾਫ ਸੀ।

ਗੋਟਾਬਾਏ ਰਾਜਪਕਸ਼ਾ - 72 ਸਾਲਾ ਗੋਟਾਬਾਏ, ਮਹਿੰਦਾ ਰਾਜਪਕਸ਼ਾ ਦਾ ਛੋਟਾ ਭਰਾ ਅਤੇ ਸਭ ਤੋਂ ਭਰੋਸੇਯੋਗ ਸਾਥੀ ਹੈ। ਜਦੋਂ ਮਹਿੰਦਾ ਰਾਜਪਕਸ਼ਾ ਰਾਸ਼ਟਰਪਤੀ ਸੀ ਤਾਂ ਗੋਟਾਬਾਇਆ ਕੋਲ ਰੱਖਿਆ ਅਤੇ ਗ੍ਰਹਿ ਮੰਤਰੀ ਵਰਗੇ ਤਾਕਤਵਰ ਮਹਿਕਮੇ ਸਨ। 2019 ਵਿੱਚ ਉਸ ਨੇ ਪਰਿਵਾਰ ਦੀ ਮਰਜ਼ੀ ਨਾਲ ਰਾਸ਼ਟਰਪਤੀ ਦੀ ਚੋਣ ਲੜੀ ਕਿਉਂਕਿ ਮਹਿੰਦਾ ਰਾਜਪਕਸ਼ਾ ਬਹੁਤ ਬਦਨਾਮ ਹੋ ਚੁੱਕਾ ਸੀ। ਉਸ ਦੇ ਰਾਸ਼ਟਰਪਤੀ ਬਣਦੇ ਸਾਰ ਸ਼੍ਰੀ ਲੰਕਾ ਦੇ ਬੁਰੇ ਦਿਨ ਸ਼ੁਰੂ ਹੋ ਗਏ। ਸਭ ਤੋਂ ਪਹਿਲਾਂ ਕਰੋਨਾ ਮਹਾਂਮਾਰੀ ਨੇ ਦੇਸ਼ ਦਾ ਬੇਹੱਦ ਮੁਨਾਫਾਬਖਸ਼ ਸੈਰ ਸਪਾਟਾ ਉਦਯੋਗ ਤਬਾਹ ਕਰ ਕੇ ਰੱਖ ਦਿੱਤਾ। ਜਿੱਤਣ ਸਮੇਂ ਲੋਕਾਂ ਨਾਲ ਕੀਤੇ ਚੋਣ ਵਾਅਦੇ ਅਨੁਸਾਰ 2019 ਵਿੱਚ ਉਸ ਨੇ ਟੈਕਸਾਂ ਨੂੰ ਅੱਧਾ ਕਰ ਦਿੱਤਾ ਜਿਸ ਕਾਰਨ ਦੇਸ਼ ਦਾ ਖਜ਼ਾਨਾ ਖਾਲੀ ਹੋ ਗਿਆ। 2021 ਵਿੱਚ ਉਸ ਨੇ ਸ਼੍ਰੀ ਲੰਕਾ ਦੇ ਕਿਸਾਨਾਂ ਨੂੰ ਇੱਕ ਤੁਗਲਕੀ ਹੁਕਮ ਜਾਰੀ ਕਰ ਦਿੱਤਾ ਕਿ ਉਹ ਸਿਰਫ ਆਰਗੈਨਿਕ ਖਾਦਾਂ ਅਤੇ ਰੂੜੀ ਦੀ ਵਰਤੋਂ ਕਰਨ ਕਿਉਂਕਿ ਉਹ ਦੇਸ਼ ਨੂੰ ਸੰਸਾਰ ਦਾ ਪਹਿਲਾ 100% ਆਰਗੈਨਿਕ ਖੇਤੀਬਾੜੀ ਦੇਸ਼ ਬਣਾਉਣਾ ਚਾਹੁੰਦਾ ਸੀ। ਜਦੋਂ ਕਿਸਾਨ ਨਾ ਮੰਨੇ ਤਾਂ ਉਸ ਨੇ ਰਸਾਇਣਕ ਖਾਦਾਂ ਅਤੇ ਕੀਟ ਨਾਸ਼ਕਾਂ ਦੀ ਇੰਪੋਰਟ ਹੀ ਬੰਦ ਕਰ ਦਿੱਤੀ। ਉਸ ਦੇ ਇਸ ਮੂਰਖਾਨਾ ਫੈਸਲੇ ਕਾਰਨ ਫਸਲਾਂ ਬਰਬਾਦ ਹੋ ਗਈਆਂ ਤੇ ਕਿਸਾਨ ਸੜਕਾਂ ’ਤੇ ਆ ਗਏ। ਇੱਥੋਂ ਤਕ ਕਿ ਸਭ ਤੋਂ ਵੱਧ ਵਿਦੇਸ਼ੀ ਮੁਦਰਾ ਕਮਾਉਣ ਵਾਲੇ ਚਾਹ ਦੇ ਬਾਗ ਵੀ ਦਿਵਾਲੀਆ ਹੋ ਗਏ।

ਉਹ ਭਾਰਤ ਦਾ ਕੱਟੜ ਵਿਰੋਧੀ ਹੈ ਤੇ ਉਸ ਦੇ ਰਾਜ ਕਾਲ ਦੌਰਾਨ ਲੰਕਾ ਚੀਨ ਦੇ ਨਜ਼ਦੀਕ ਹੁੰਦਾ ਚਲਾ ਗਿਆ। ਉਸ ਨੇ ਫਜ਼ੂਲ ਦੇ ਪ੍ਰੋਜੈਕਟਾਂ ਲਈ, ਜੋ ਬਾਅਦ ਵਿੱਚ ਚਿੱਟੇ ਹਾਥੀ ਸਾਬਤ ਹੋਏ, 70 ਕਰੋੜ ਡਾਲਰ (ਕਰੀਬ 5000 ਕਰੋੜ ਰੁਪਏ) ਚੀਨ ਤੋਂ ਕਰਜ਼ਾ ਲਿਆ ਜਿਸ ਵਿੱਚੋਂ ਜ਼ਿਆਦਾਤਰ ਪੈਸਾ ਰਾਜਪਕਸ਼ਾ ਪਰਿਵਾਰ ਦੀਆਂ ਜੇਬਾਂ ਵਿੱਚ ਚਲਾ ਗਿਆ। ਰੱਖਿਆ ਮੰਤਰੀ ਹੁੰਦੇ ਸਮੇਂ ਗੋਟਾਬਾਏ ਆਪਣੇ ਵਿਰੋਧੀਆਂ ਨੂੰ ਅਗਵਾ ਕਰ ਕੇ ਗਾਇਬ ਕਰਨ ਲਈ ਚਿੱਟੇ ਰੰਗ ਦੀਆਂ ਕਾਲੇ ਸ਼ੀਸ਼ਿਆ ਵਾਲੀਆਂ ਵੈਨਾਂ ਵਰਤਦਾ ਹੁੰਦਾ ਸੀ। ਇਹ ਵੈਨਾਂ ਸ੍ਰੀ ਲੰਕਾ ਵਿੱਚ ਐਨੀਆਂ ਬਦਨਾਮ ਸਨ ਕਿ ਜਿਸ ਘਰ ਅੱਗੇ ਰੁਕ ਜਾਂਦੀਆਂ ਸਨ, ਉਸ ਘਰ ਦੇ ਕਿਸੇ ਨਾ ਕਿਸੇ ਮੈਂਬਰ ਦੀ ਮੌਤ ਨਿਸ਼ਚਿਤ ਸੀ। ਉਸ ਦੁਆਰਾ ਕੀਤੇ ਗਏ ਇਸ ਕਤਲੇਆਮ ਕਾਰਨ ਉਸ ਨੂੰ ਟਰਮੀਨੇਟਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਹੁਣ ਉਸ ਨੇ ਵਿਰੋਧੀ ਧਿਰ ਦੇ ਇੱਕ ਨੇਤਾ ਰਾਨਿਲ ਵਿਕਰਮਸਿੰਘੇ ਨੂੰ ਪ੍ਰਧਾਨ ਮੰਤਰੀ ਥਾਪ ਦਿੱਤਾ ਹੈ ਪਰ ਉਸ ਦੇ ਇਸ ਕਦਮ ਨਾਲ ਵੀ ਜਨਤਾ ਦਾ ਗੁੱਸਾ ਸ਼ਾਂਤ ਨਹੀਂ ਹੋਇਆ। ਲੱਗਦਾ ਹੈ ਕਿ ਅਖੀਰ ਗੋਟਾਬਾਏ ਨੂੰ ਵੀ ਅਸਤੀਫਾ ਦੇਣਾ ਹੀ ਪਏਗਾ ਕਿਉਂਕਿ ਉਸ ਵੱਲੋਂ ਫੌਜ ਨੂੰ ਦੰਗਾਕਾਰੀਆਂ ਨੂੰ ਗੋਲੀ ਮਾਰਨ ਦੇ ਦਿੱਤੇ ਨਿਰਦੇਸ਼ਾਂ ਤੋਂ ਬਾਅਦ ਵੀ ਸੁਰੱਖਿਆ ਸੈਨਾਵਾਂ ਇਸ ਹੁਕਮ ’ਤੇ ਅਮਲ ਕਰਨ ਵਿੱਚ ਹਿਚਕਿਚਾ ਰਹੀਆਂ ਹਨ।

ਬਾਸਿਲ ਰਾਜਪਕਸ਼ਾ - 6 ਵਾਰ ਦਾ ਮੈਂਬਰ ਪਾਰਲੀਮੈਂਟ ਬਾਸਿਲ ਰਾਜਪਕਸ਼ਾ ਉਰਫ ਮਿਸਟਰ 10% (ਉਮਰ 70 ਸਾਲ) ਵੀ ਮਹਿੰਦਾ ਰਾਕਪਕਸ਼ਾ ਦਾ ਭਰਾ ਹੈ। ਗੋਟਾਬਾਏ ਸਰਕਾਰ ਵਿੱਚ ਵਿੱਤ ਮੰਤਰੀ ਬਾਸਿਲ ਨੇ ਚੱਲ ਰਹੇ ਅੰਦੋਲਨ ਕਾਰਨ 3 ਅਪਰੈਲ 2022 ਨੂੰ ਅਸਤੀਫਾ ਦੇ ਦਿੱਤਾ। ਇਸ ਤੋਂ ਪਹਿਲਾਂ ਮਹਿੰਦਾ ਰਾਜਪਕਸ਼ਾ ਦੇ ਰਾਸ਼ਟਰਪਤੀ ਕਾਲ ਸਮੇਂ ਵੀ ਉਹ 2010 ਤੋਂ ਲੈ ਕੇ 2015 ਤਕ ਵਿੱਤ ਮੰਤਰੀ ਰਹਿ ਚੁੱਕਾ ਹੈ। 2005 ਤੋਂ ਲੈ ਕੇ 2010 ਤਕ ਉਹ ਮਹਿੰਦਾ ਰਾਜਪਕਸ਼ਾ ਦਾ ਮੁੱਖ ਸਲਾਹਕਾਰ ਸੀ। ਸਰਕਾਰੀ ਠੇਕਿਆਂ ਵਿੱਚੋਂ ਭਾਰੀ ਕਮਿਸ਼ਨ ਲੈਣ ਕਾਰਨ ਉਸ ਦਾ ਨਾਮ ਮਿਸਟਰ 10% ਪੱਕ ਗਿਆ ਹੈ ਤੇ ਉਹ ਸ਼੍ਰੀ ਲੰਕਾ ਦੀ ਜਨਤਾ ਵਿੱਚ ਬੇਹੱਦ ਬਦਨਾਮ ਹੈ। ਉਸ ਦੇ ਖਿਲਾਫ ਭ੍ਰਿਸ਼ਟਾਚਾਰ ਤੇ ਸਰਕਾਰੀ ਪੈਸਾ ਗਬਨ ਕਰਨ ਦੇ ਅਨੇਕਾਂ ਕੇਸ ਅਦਾਲਤਾਂ ਵਿੱਚ ਚੱਲ ਰਹੇ ਹਨ ਜਿਨ੍ਹਾਂ ਨੂੰ ਉਸ ਦੇ ਤਾਕਤਵਰ ਰਾਸ਼ਟਰਪਤੀ ਭਰਾ ਵੀ ਖਤਮ ਨਹੀਂ ਕਰਵਾ ਸਕੇ। ਅਸਤੀਫਾ ਦੇਣ ਤੋਂ ਬਾਅਦ ਉਹ ਕਿਸੇ ਅਗਿਆਤ ਜਗ੍ਹਾ ’ਤੇ ਲੁਕਿਆ ਬੈਠਾ ਹੈ ਤੇ ਉਸ ਦਾ ਘਰ ਘਾਟ ਅਤੇ ਮਹਿੰਗੀਆਂ ਗੱਡੀਆਂ ਅੰਦੋਲਨਕਾਰੀਆਂ ਨੇ ਫੂਕ ਦਿੱਤੀਆਂ ਹਨ। ਉਸ ਦਾ ਲੜਕਾ ਸ਼ਾਸ਼ੀਂਦਰਾ ਰਾਜਪਕਸ਼ਾ ਵੀ ਗੋਟਾਬਾਇਆ ਸਰਕਾਰ ਵਿੱਚ ਮੰਤਰੀ ਸੀ।

ਚਮਾਲ ਰਾਜਪਕਸ਼ਾ - ਚਮਾਲ ਰਾਜਪਕਸ਼ਾ ਇਸ ਪਰਿਵਾਰ ਦਾ ਸਭ ਤੋਂ ਵੱਡਾ ਭਰਾ ਹੈ। ਮਹਿੰਦਾ ਰਾਜਪਕਸ਼ਾ ਦੇ ਰਾਸ਼ਟਰਪਤੀ ਕਾਲ ਸਮੇਂ ਉਹ ਪਾਰਲੀਮੈਂਟ ਦਾ ਸਪੀਕਰ ਅਤੇ ਜਹਾਜ਼ਰਾਨੀ ਅਤੇ ਹਵਾਬਾਜ਼ੀ ਮੰਤਰੀ ਰਿਹਾ ਹੈ। ਉਹ ਗੋਟਾਬਾਇਆ ਦੇ ਰਾਜ ਸਮੇਂ 22 ਨਵੰਬਰ 2019 ਤੋਂ ਲੈ ਕੇ 3 ਅਪਰੈਲ 2022 ਨੂੰ ਅਸਤੀਫਾ ਦੇਣ ਤਕ, ਮੰਤਰੀ ਸੀ ਤੇ ਉਸ ਕੋਲ ਸਿੰਚਾਈ, ਉਦਯੋਗ, ਖੇਤੀਬਾੜੀ, ਸਿੰਚਾਈ ਅਤੇ ਪੇਂਡੂ ਵਿਕਾਸ ਸਮੇਤ ਅਨੇਕਾਂ ਮਹੱਤਵਪੂਰਣ ਮਹਿਕਮੇ ਸਨ। ਮਹਿੰਦਾ ਅਤੇ ਗੋਟਬਾਇਆ ਰਾਜਪਕਸ਼ਾ ਦੀ ਨਿੱਜੀ ਸੁਰੱਖਿਆ ਦਾ ਇੰਚਾਰਜ ਹੋਣ ਕਾਰਨ ਉਸ ਨੂੰ ਸ੍ਰੀ ਲੰਕਾ ਵਿੱਚ ਬਾਡੀਗਾਰਡ ਕਹਿ ਕੇ ਪੁਕਾਰਿਆ ਜਾਂਦਾ ਹੈ।

ਨਾਮਾਲ ਰਾਜਪਕਸ਼ਾ - ਨਾਮਾਲ ਰਾਜਪਕਸ਼ਾ, ਮਹਿੰਦਾ ਰਾਜਪਕਸ਼ਾ ਦਾ ਸਭ ਤੋਂ ਵੱਡਾ ਲੜਕਾ ਸੀ ਜਿਸ ਨੂੰ ਭਵਿੱਖ ਦੇ ਰਾਸ਼ਟਰਪਤੀ ਵਜੋਂ ਤਿਆਰ ਕੀਤਾ ਜਾ ਰਿਹਾ ਸੀ। ਉਹ 2010 ਵਿੱਚ ਸਿਰਫ 24 ਸਾਲ ਦੀ ਉਮਰ ਵਿੱਚ ਪਾਰਲੀਮੈਂਟ ਲਈ ਚੁਣਿਆ ਗਿਆ ਤੇ ਇਸ ਵੇਲੇ ਖੇਡ ਅਤੇ ਯੁਵਕ ਭਲਾਈ ਮੰਤਰੀ ਵਜੋਂ (12 ਅਗਸਤ 2020 ਤੋਂ 3 ਅਪਰੈਲ 2022 ਤਕ) ਕੰਮ ਕਰਦਾ ਰਿਹਾ ਸੀ। ਇਸ ਅੰਦੋਲਨ ਕਾਰਨ ਉਸ ਨੂੰ ਵੀ ਅਸਤੀਫਾ ਦੇਣਾ ਪਿਆ ਅਤੇ ਇਸ ਵੇਲੇ ਉਹ ਆਪਣੇ ਪਿਤਾ ਨਾਲ ਜਲ ਸੈਨਾ ਦੀ ਛਾਉਣੀ ਵਿੱਚ ਸ਼ਰਣ ਲਈ ਬੈਠਾ ਹੈ। ਆਪਣੇ ਮੰਤਰੀ ਕਾਲ ਦੇ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਉਸ ’ਤੇ ਭ੍ਰਿਸ਼ਟਾਚਾਰ ਦੇ ਅਨੇਕ ਦੋਸ਼ ਲੱਗ ਗਏ ਸਨ ਤੇ ਉਸ ਦੇ ਖਿਲ਼ਾਫ ਸ਼੍ਰੀ ਲੰਕਾ ਦੇ ਪ੍ਰਸਿੱਧ ਰਗਬੀ ਖਿਡਾਰੀ ਵਾਸੀਮ ਤਾਜੁਦੀਨ ਦੇ ਕਤਲ ਦੀ ਜਾਂਚ ਵੀ ਚੱਲ ਰਹੀ ਹੈ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3578)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.) 

About the Author

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

Balraj Singh Sidhu (A.I.G. Retired)
Phone: (91 - 95011 - 00062)
Email: (bssidhupps@gmail.com)

More articles from this author