BalrajSidhu7ਆਪਾਂ ਕਈ ਮਹੀਨੇ ’ਕੱਠੇ ਰਹੇ ਆਂਪਰ ਹੁਣ ਮੇਰੇ ਨਾਲ ਗੱਲਬਾਤ ਜ਼ਰਾ ਹਿਸਾਬ ਨਾਲ ਕਰਿਉੁ ...
(16 ਦਸੰਬਰ 2017)

 

IndianPolice1

 

ਭਾਰਤ ਵਿੱਚ ਸਰਕਾਰੀ ਨੌਕਰੀ ਬਹੁਤ ਮੁਸ਼ਕਿਲ ਅਤੇ ਮਿਹਨਤ ਨਾਲ ਮਿਲਦੀ ਹੈ। ਪੇਪਰ ਅਤੇ ਇੰਟਰਵਿਊ ਦੇ ਦੇ ਕੇ ਚਪਲਾਂ ਘਸ ਜਾਂਦੀਆਂ ਹਨ। ਅਫਸਰ ਰੈਂਕ ਵਿੱਚ ਭਰਤੀ ਹੋਣ ਲਈ ਤਾਂ ਹੋਰ ਵੀ ਕਰੜੀ ਮਿਹਨਤ ਕਰਨੀ ਪੈਂਦੀ ਹੈ। ਸਰਕਾਰੀ ਕਰਮਚਾਰੀ ਜ਼ਿਆਦਾਤਰ ਗਰੀਬ ਜਾਂ ਮੱਧਵਰਗੀ ਪਰਿਵਾਰਾਂ ਵਿੱਚੋਂ ਆਉਂਦੇ ਹਨ। ਟਾਟੇ-ਬਿਰਲੇ ਦੇ ਮੁੰਡੇ ਨੂੰ ਤਾਂ ਨੌਕਰੀ ਕਰਨ ਦੀ ਜ਼ਰੂਰਤ ਨਹੀਂ ਹੈ। ਪਰ ਵੇਖਿਆ ਗਿਆ ਹੈ ਕਿ ਅਫਸਰ ਬਣਦੇ ਸਾਰ ਬਹੁਤਿਆਂ ਦੀਆਂ ਅੱਖਾਂ ਮੱਥੇ ਨੂੰ ਜਾ ਲੱਗਦੀਆਂ ਹਨ ਤੇ ਪੈਰ ਜ਼ਮੀਨ ਤੋਂ ਚੁੱਕੇ ਜਾਂਦੇ ਹਨ। ਆਪਣੇ ਵਰਗੇ ਲੋਕਾਂ ਤੋਂ ਹੀ ਮੁਸ਼ਕ ਆਉਣ ਲੱਗ ਜਾਂਦਾ ਹੈ। ਕਈ ਤਾਂ ਅਜਿਹੇ ਸੂਰਮੇ ਹਨ ਜੋ ਆਪਣੇ ਅਣਪੜ੍ਹ ਗਰੀਬ ਮਾਪਿਆਂ, ਭੈਣਾਂ-ਭਰਾਵਾਂ ਤੋਂ ਵੀ ਰਿਸ਼ਤਾ ਤੋੜ ਲੈਂਦੇ ਹਨ। ਅਫਸਰ ਬਣ ਕੇ ਬਹੁਤਿਆਂ ਦਾ ਮੋਟੇ ਦਹੇਜ਼ ਦੇ ਲਾਲਚ ਕਾਰਨ ਅਮੀਰ ਖਾਨਦਾਨਾਂ ਵਿੱਚ ਵਿਆਹ ਹੋ ਜਾਂਦਾ ਹੈ। ਵੱਡੇ ਘਰਾਂ ਦੀਆਂ ਕੁੜੀਆਂ ਪਤੀ ਦੇ ਗਰੀਬ ਰਿਸ਼ਤੇਦਾਰਾਂ ਨੂੰ ਬਰਦਾਸ਼ਤ ਨਹੀਂ ਕਰਦੀਆਂ, ਕਿਤੇ ਸੁਸਾਇਟੀ ਵਿੱਚ ਬੇਇੱਜ਼ਤੀ ਨਾ ਹੋ ਜਾਵੇ। ਬਹੁਤੇ ਆਪਣੇ ਆਪ ਨੂੰ ਰਾਜਿਆਂ-ਜਗੀਰਦਾਰਾਂ ਦੇ ਖਾਨਦਾਨ ਦਾ ਦੱਸਣ ਲੱਗ ਜਾਂਦੇ ਹਨ। ਪਾਕਿਸਤਾਨ ਵਿੱਚ ਰਹਿ ਗਏ ਸੈਂਕੜੇ ਏਕੜਾਂ ਅਤੇ ਸ਼ਾਹਾਨਾ ਹਵੇਲੀਆਂ ਬਾਰੇ ਗੱਲਾਂ ਸੁਣਾਈਆਂ ਜਾਂਦੀਆਂ ਹਨ (ਪਰ ਅਸਲ ਵਿੱਚ ਸਭ ਨੂੰ ਇੱਕ ਦੂਸਰੇ ਦੀ ਔਕਾਤ ਪਤਾ ਹੀ ਹੁੰਦੀ ਹੈ)।

ਮੈਂ ਪੰਜਾਬ ਪੁਲਿਸ ਵਿੱਚ ਇੰਸਪੈਕਟਰ ਭਰਤੀ ਹੋਇਆ ਸੀ ਤੇ ਟਰੇਨਿੰਗ ਕਰਨ ਤੋਂ ਬਾਅਦ ਤਿੰਨ ਮਹੀਨੇ ਲਈ ਇੱਕ ਥਾਣੇ ਵਿੱਚ ਮੁੱਢਲੀ ਸਿਖਲਾਈ ਹਾਸਲ ਕਰ ਰਿਹਾ ਸੀ। ਏ.ਐੱਸ.ਆਈ., ਇੰਸਪੈਕਟਰ, ਡੀ.ਐੱਸ.ਪੀ. ਅਤੇ ਆਈ.ਪੀ.ਐੱਸ. ਅਫਸਰਾਂ ਨੂੰ ਫੀਲਡ ਵਿੱਚ ਤਾਇਨਾਤ ਕਰਨ ਤੋਂ ਪਹਿਲਾਂ ਸਰਕਾਰੀ ਵਕੀਲ, ਥਾਣੇ ਦੇ ਮੁਨਸ਼ੀ, ਤਫਤੀਸ਼ੀ ਅਤੇ ਐੱਸ.ਐੱਚ.ਓ. ਆਦਿ ਦਾ ਕੰਮ ਸਿਖਾਇਆ ਜਾਂਦਾ ਹੈ। ਐੱਸ.ਐੱਚ.ਓ. ਆਮ ਤੌਰ ’ਤੇ ਸੱਬ ਇੰਸਪੈਕਟਰ ਜਾਂ ਇੰਸਪੈਕਟਰ ਰੈਂਕ ਦਾ ਅਫਸਰ ਹੁੰਦਾ ਹੈ। ਥਾਣੇ ਵਿੱਚ ਮੈਂ ਤੇ ਤਿੰਨ ਹੋਰ ਥਾਣੇਦਾਰ ਇੱਕ ਹੀ ਕਵਾਟਰ ਵਿੱਚ ਰਹਿੰਦੇ ਸੀ। ਸਾਰਿਆਂ ਦੀ ਆਪਸ ਵਿੱਚ ਬਹੁਤ ਬਣਦੀ ਸੀ। ਇੱਕ ਦਿਨ ਅਸੀਂ ਮੈੱਸ ਵਿੱਚ ਬੈਠੇ ਦਾਲ-ਰੋਟੀ ਛਕ ਰਹੇ ਸੀ ਕਿ ਵਾਇਰਲੈੱਸ ਉਪਰੇਟਰ ਭੱਜਿਆ ਆਇਆ। ਉਸ ਨੇ ਸਾਡੇ ਵਿੱਚੋਂ ਇੱਕ ਛੱਜਾ ਸਿੰਘ (ਕਾਲਪਨਿਕ ਨਾਮ) ਨੂੰ ਖਿੱਚ ਕੇ ਸਲੂਟ ਮਾਰਿਆ ਤੇ ਦੱਸਿਆ ਕਿ ਪਹਿਲੇ ਐੱਸ.ਐੱਚ. ਓ. ਦੀ ਬਦਲੀ ਪੁਲਿਸ ਲਾਈਨ ਦੀ ਹੋ ਗਈ ਹੈ ਤੇ ਉਸ ਨੂੰ ਇਸੇ ਥਾਣੇ ਦਾ ਐੱਸ.ਐੱਚ.ਓ. ਲੱਗਾ ਦਿੱਤਾ ਗਿਆ ਹੈ। ਬਾਕੀ ਥਾਣੇਦਾਰ ਅੰਦਰੋਂ ਸੜ ਕੇ ਕੋਲਾ ਹੋ ਗਏ ਪਰ ਉੱਪਰੋਂ ਝੂਠੀ ਜਿਹੀ ਖੁਸ਼ੀ ਜ਼ਾਹਰ ਕਰਦੇ ਹੋਏ ਉਸ ਨੂੰ ਵਧਾਈਆਂ ਦੇਣ ਲੱਗੇ। ਛੱਜਾ ਸਿੰਘ ਦੇ ਤਾਂ ਪਲਾਂ ਵਿੱਚ ਹੀ ਤੌਰ ਬਦਲ ਗਏ। ਉਹ ਇੱਕ ਦਮ ਰੋਟੀ ਛੱਡ ਕੇ ਖੜ੍ਹਾ ਹੋ ਗਿਆ ਤੇ ਮੁੱਛਾਂ ’ਤੇ ਹੱਥ ਫੇਰਦਾ ਹੋਇਆ ਗੁੱਗੂ ਗਿੱਲ ਵਾਂਗ ਚੱਬ ਕੇ ਡਾਇਲਾਗ ਬੋਲਿਆ, “ਠੀਕ ਆ, ਆਪਾਂ ਕਈ ਮਹੀਨੇ ’ਕੱਠੇ ਰਹੇ ਆਂ, ਪਰ ਹੁਣ ਮੇਰੇ ਨਾਲ ਗੱਲਬਾਤ ਜ਼ਰਾ ਹਿਸਾਬ ਨਾਲ ਕਰਿਉੁ। ਮੈਂ ਹੁਣ ਐੱਸ.ਐੱਚ.ਓ. ਆਂ ਐੱਸ.ਐੱਚ.ਓ.।” ਉਸ ਨੂੰ ਇੱਕ ਦਮ ਗਿਰਗਿਟ ਵਾਂਗ ਰੰਗ ਬਦਲਦਾ ਵੇਖ ਕੇ ਸਾਰਿਆਂ ਦੇ ਮੂੰਹ ਟੱਡੇ ਗਏ।

ਸਿਖਲਾਈ ਪੂਰੀ ਹੋਣ ’ਤੇ ਮੇਰੀ ਪੋਸਟਿੰਗ ਵੀ ਇੱਕ ਥਾਣੇ ਵਿੱਚ ਐੱਸ.ਐੱਚ.ਓ. ਵਜੋਂ ਹੋ ਗਈ। ਇੱਕ ਤਾਂ ਛੋਟੀ ਉਮਰ ਵਿੱਚ ਐੱਸ.ਐੱਚ.ਓ. ਲੱਗ ਗਿਆ ਤੇ ਦੂਸਰੇ ਮੈਨੂੰ ਸਲਾਹਕਾਰ ਵੀ “ਵਧੀਆ” ਖਰਲ ਕੀਤੇ ਹੋਏ ਮਿਲ ਗਏ। ਉਹਨਾਂ ਨੇ ਮੇਰੇ ਵਰਗੇ ਪਤਾ ਨਹੀਂ ਕਿੰਨੇ ਕੁ ਐੱਸ.ਐੱਚ.ਓ. ਭੁਗਤਾਏ ਹੋਏ ਸਨ। ਛੋਟੇ ਮੁਲਾਜ਼ਮ ਆਮ ਤੌਰ ’ਤੇ ਆਸ ਪਾਸ ਦੇ ਪਿੰਡਾਂ ਦੇ ਹੁੰਦੇ ਹਨ ਤੇ ਥਾਣੇ ਵਿੱਚ ਕਈ ਕਈ ਸਾਲਾਂ ਤੱਕ ਲੱਗੇ ਰਹਿੰਦੇ ਹਨ, ਪਰ ਐੱਸ.ਐੱਚ.ਓ. ਦੀ ਬਦਲੀ ਸਾਲ-ਛੇ ਮਹੀਨੇ ਬਾਅਦ ਹੋ ਜਾਂਦੀ ਹੈ। ਇਲਾਕੇ ਵਿੱਚੋਂ ਬਦਮਾਸ਼ੀ ਖਤਮ ਕਰਨ ਦੇ ਜੋਸ਼ ਵਿੱਚ ਮੈਂ ਕੁਝ ਜ਼ਿਆਦਾ ਹੀ ਸਖਤੀ ਸ਼ੁਰੂ ਕਰ ਦਿੱਤੀ। ਪੁਰਾਣੇ ਮੁਲਾਜ਼ਮ ਮੈਨੂੰ ਹੋਰ ਫੂਕ ਛਕਾਉਣ ਲੱਗੇ, “ਜਨਾਬ, ਝੋਟੇ ਕੁੱਟ ਠਾਣੇਦਾਰ ਤੋਂ ਬਾਅਦ ਤੁਸੀਂ ਹੀ ਸਭ ਤੋਂ ਘੈਂਟ ਅਫਸਰ ਆਏ ਓ ਇਸ ਠਾਣੇ ਵਿੱਚ।” ਘੈਂਟਪੁਣੇ ਦੇ ਚੱਕਰ ਵਿੱਚ ਦੋ ਕੁ ਵਾਰ ਤਾਂ ਮੈਂ ਮੁਅੱਤਲ ਹੁੰਦਾ ਹੁੰਦਾ ਮਸਾਂ ਬਚਿਆ। ਪਰ ਮੇਰੇ ਚਾਲੇ ਠੀਕ ਨਾ ਹੋਏ। ਜਦੋਂ ਪੁਲਿਸ ਅਫਸਰ ਦੇ ਮਨ ਵਿੱਚ ਹੰਕਾਰ ਆ ਜਾਵੇ ਕਿ ਮੈਂ ਆਪਣੇ ਇਲਾਕੇ ਵਿੱਚ ਆਹ ਨਹੀਂ ਹੋਣ ਦੇਣਾ, ਔਹ ਨਹੀਂ ਹੋਣ ਦੇਣਾ ਤਾਂ ਉਹ ਲਾਜ਼ਮੀ ਧੋਖਾ ਖਾ ਜਾਂਦਾ ਹੈ। ਅਜਿਹੇ ਵਿਚਾਰ ਮਨ ਵਿੱਚ ਆਉਣ ਤਾਂ ਕੁਰਸੀ ਦੇ ਪਿੱਛੇ ਲੱਗੇ ਤਾਇਨਾਤੀ ਬੋਰਡ ਉੱਪਰ ਨਜ਼ਰ ਮਾਰ ਲੈਣੀ ਚਾਹੀਦੀ ਹੈ ਕਿ ਤੁਹਾਡੇ ਤੋਂ ਪਹਿਲਾਂ ਇੱਥੇ ਕਿੰਨੇ ਅਫਸਰ ਆਏ ਤੇ ਕਿੰਨੇ ਗਏ। ਇਲਾਕਾ ਕਿਸੇ ਅਫਸਰ ਦਾ ਨਹੀਂ, ਸਗੋਂ ਉੱਥੇ ਵਸਣ ਵਾਲੇ ਲੋਕਾਂ ਦਾ ਹੁੰਦਾ ਹੈ। ਅਫਸਰ ਤਾਂ ਆਉਂਦੇ ਜਾਂਦੇ ਰਹਿੰਦੇ ਹਨ। ਅੱਜ ਮਰੇ, ਕੱਲ੍ਹ ਦੂਸਰਾ ਦਿਨ।

ਮੇਰੇ ਨਾਲ ਦੇ ਥਾਣੇ ਦਾ ਐੱਸ.ਐੱਚ.ਓ. ਗੱਜਣ ਸਿੰਘ ਇੰਸਪੈਕਟਰ ਲੱਗਾ ਹੋਇਆ ਸੀ। ਉਹ ਮੇਰੇ ਨਾਲ ਬਹੁਤ ਪਿਆਰ ਭਾਵ ਰੱਖਦਾ ਸੀ ਤੇ ਗਾਹੇ ਬਗਾਹੇ ਪੁਲਿਸ ਦੇ ਕੰਮ ਕਾਰ ਬਾਰੇ ਸਿੱਖਿਆ ਵੀ ਦਿੰਦਾ ਰਹਿੰਦਾ ਸੀ। ਪਰ ਜਵਾਨੀ ਵਿੱਚ ਬੁੱਢਿਆਂ ਦੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਕਿ ਇਹਨਾਂ ਦਾ ਤਾਂ ਖੂਨ ਠੰਢਾ ਹੋ ਗਿਆ ਹੈ। ਨਵੀਆਂ ਕਰੂੰਬਲਾਂ ਹਮੇਸ਼ਾ ਝੜ੍ਹ ਰਹੇ ਪੁਰਾਣੇ ਪੱਤਿਆਂ ਨੂੰ ਮਜ਼ਾਕ ਕਰਦੀਆਂ ਹਨ, ਪਰ ਭੁੱਲ ਜਾਂਦੀਆਂ ਹਨ ਕਿ ਅਗਲੀ ਪੱਤਝੜ੍ਹ ਨੂੰ ਉਹਨਾਂ ਦਾ ਨੰਬਰ ਵੀ ਲੱਗਣ ਵਾਲਾ ਹੈ। ਮੈਂ ਵੀ ਗੱਜਣ ਸਿੰਘ ਦੀਆਂ ਗੱਲਾਂ ਨੂੰ ਬਹੁਤਾ ਨਾ ਗੌਲਦਾ ਤੇ ਐਵੇਂ ਹੂੰ ਹਾਂ ਕਰ ਛੱਡਦਾ। ਇਕ ਦਿਨ ਜ਼ਿਲ੍ਹਾ ਹੈੱਡਕਵਾਟਰ ’ਤੇ ਕੋਈ ਮੀਟਿੰਗ ਸੀ ਜੋ ਕਾਫੀ ਲੰਬੀ ਚੱਲੀ। ਸ਼ਾਮ ਦੇ ਨੌਂ ਵੱਜ ਗਏ ਤੇ ਕਾਫੀ ਹਨੇਰਾ ਹੋ ਗਿਆ। ਮੇਰਾ ਅਤੇ ਗੱਜਣ ਸਿੰਘ ਵਾਲਾ ਥਾਣਾ ਦੋਵੇਂ ਇੱਕੇ ਪਾਸੇ ਪੈਂਦੇ ਸਨ। ਉਸ ਵੇਲੇ ਅੱਤਵਾਦ ਭਾਵੇਂ ਆਖਰੀ ਸਾਹਾਂ ’ਤੇ ਸੀ ਪਰ ਖਤਰਾ ਅਜੇ ਵੀ ਬਰਕਰਾਰ ਸੀ। ਇਸ ਲਈ ਅਸੀਂ ਦੋਵੇਂ ਇਕੱਠੇ ਸਫਰ ਕਰਨ ਲੱਗੇ। ਗੱਜਣ ਸਿੰਘ ਮੇਰੀ ਜਿਪਸੀ ਵਿੱਚ ਬੈਠ ਗਿਆ ਤੇ ਮੈਂ ਚਲਾਉਣ ਲੱਗ ਪਿਆ।

ਗੱਜਣ ਸਿੰਘ ਥੋੜ੍ਹਾ ਜਿਹਾ ਪੈੱਗ-ਪਿਆਲੇ ਦਾ ਸ਼ੌਕੀਨ ਸੀ। ਗਰਮੀਆਂ ਦੇ ਦਿਨ ਸਨ, ਸ਼ਹਿਰੋਂ ਬਾਹਰ ਆ ਕੇ ਉਸ ਨੇ ਆਪਣੇ ਗੰਨਮੈਨ ਨੂੰ ਇੱਕ ਠੇਕੇ ਤੋਂ ਬੀਅਰ ਲੈਣ ਲਈ ਭੇਜ ਦਿੱਤਾ। ਉਹਨਾਂ ਸਮਿਆਂ ਵਿੱਚ ਖਾੜਕੂ ਸ਼ਰਾਬ ਦੇ ਠੇਕੇਦਾਰਾਂ ਦੇ ਪਿੱਛੇ ਪਏ ਹੋਏ ਸਨ। ਅਨੇਕਾਂ ਠੇਕੇ ਫੂਕ ਦਿੱਤੇ ਗਏ ਸਨ ਤੇ ਕਈ ਠੇਕੇਦਾਰ ਮਾਰ ਦਿੱਤੇ ਗਏ ਸਨ। ਇਸ ਲਈ ਸਕਿਉਰਿਟੀ ਲੈਣ ਖਾਤਰ ਠੇਕੇਦਾਰ ਪੁਲਿਸ ਵਾਲਿਆਂ ਦੀ ਬਹੁਤ ਆਉ ਭਗਤ ਕਰਦੇ ਸਨ। ਕਰਿੰਦੇ ਨੂੰ ਭੇਜਣ ਦੀ ਬਜਾਏ ਠੇਕੇਦਾਰ ਆਪ ਹੀ ਬੀਅਰ ਦੀਆਂ ਦੋ ਠੰਢੀਆਂ ਬੋਤਲਾਂ ਅਖਬਾਰ ਵਿੱਚ ਵਲੇਟ ਕੇ ਭੱਜਾ ਆਇਆ। ਗੱਜਣ ਸਿੰਘ ਨੇ ਪੈਸੇ ਦੇਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਝੂਠੀ ਜਿਹੀ ਮੁਸਕਾਨ ਨਾਲ ਲੈਣ ਤੋਂ ਇਨਕਾਰ ਕਰ ਦਿੱਤਾ (ਦਿਲ ਵਿੱਚ ਭਾਵੇਂ ਸਾਨੂੰ ਕੋਸਦਾ ਹੀ ਹੋਵੇ)। ਮੈਂ ਗੱਡੀ ਤੋਰ ਲਈ ਤੇ ਗੱਜਣ ਸਿੰਘ ਬੀਅਰ ਪੀਣ ਲੱਗ ਪਿਆ। ਅਗਲਾ ਅੱਡਾ ਆਉਂਦੇ ਆਉਂਦੇ ਬੀਅਰ ਖਤਮ ਹੋ ਗਈ। ਉੱਥੇ ਵੀ ਠੇਕੇਦਾਰ ਦੇ ਕਰਿੰਦੇ ਭੱਜ ਕੇ ਗੱਡੀ ਵੱਲ ਆਏ। ਉਹਨਾਂ ਨੇ ਵੀ ਬੀਅਰ ਦੇ ਪੈਸੇ ਨਾ ਲਏ। ਇਸ ਤੋਂ ਬਾਅਦ ਅਸੀਂ ਰਸਤੇ ਵਿੱਚ ਪੈਂਦੇ ਮਸ਼ਹੂਰ ਠੇਕੇਦਾਰ ਸੱਤਪਾਲ ਖਨੌਰੀ ਦੇ ਦਫਤਰ ਚਲੇ ਗਏ। ਖੁੱਲ੍ਹੇ ਸੁਭਾਅ ਦਾ ਹੋਣ ਕਾਰਨ ਉਸ ਕੋਲ ਮੁਲਾਜ਼ਮਾਂ ਦਾ ਆਉਣ ਜਾਣ ਲੱਗਾ ਰਹਿੰਦਾ ਸੀ। ਉਸ ਨੇ ਵੀ ਰੱਜ ਕੇ ਰੋਟੀ ਪਾਣੀ ਦੀ ਸੇਵਾ ਕੀਤੀ।

ਜਦੋਂ ਗੱਜਣ ਸਿੰਘ ਵਾਹਵਾ ਸਰੂਰ ਜਿਹੇ ਵਿੱਚ ਹੋ ਗਿਆ ਤਾਂ ਮੈਨੂੰ ਕਹਿਣ ਲੱਗਾ, “ਹਾਂ ਭਈ ਜਵਾਨਾ, ਵੇਖੇ ਈ ਰੱਬ ਦੇ ਰੰਗ? ਇਹ ਸੇਠ ਕਿਸੇ ਨੂੰ ਸ਼ਰਾਬ ਦੀ ਖਾਲੀ ਬੋਤਲ ਨਾ ਦੇਣ, ਆਪਣੇ ਅੱਗੇ ਪਿਛੇ ਵੇਖ ਲੈ ਕਿਵੇਂ ਭੱਜੇ ਫਿਰਦੇ ਨੇ। ਆਪਣੀ ਕਿਸਮਤ ਚੰਗੀ ਸੀ ਜੋ ਆਮ ਘਰਾਂ ਵਿੱਚੋਂ ਉੱਠ ਕੇ ਅਫਸਰ ਬਣ ਗਏ ਆਂ। ਆਪਣੇ ਤੋਂ ਕਿਤੇ ਵੱਧ ਪੜ੍ਹੇ ਲਿਖੇ ਲੋਕ ਬੇਰੋਜ਼ਗਾਰੀ ਕਾਰਨ ਧੱਕੇ ਖਾਂਦੇ ਫਿਰਦੇ ਨੇ। ਜੇ ਤੈਨੂੰ ਨੌਕਰੀ ਮਿਲ ਈ ਗਈ ਆ ਤਾਂ ਬੰਦਿਆਂ ਵਾਂਗ ਕਰ। ਦਿਮਾਗ ਠੰਢਾ ਰੱਖ। ਯਾਦ ਰੱਖੀਂ, ਤੇਰੇ ਨਾਲ ਜਿਹੜੇ ਮੁੰਡੇ ਪੜ੍ਹਦੇ ਹੁੰਦੇ ਸੀ ਉਹ ਅਜੇ ਡੰਗਰਾਂ ਲਈ ਪੱਠੇ ਲੈ ਕੇ ਘਰ ਨਹੀਂ ਮੁੜੇ ਹੋਣੇ।” ਗੱਜਣ ਸਿੰਘ ਦੀ ਕੋਰੀ ਕਰਾਰੀ ਗੱਲ ਮੇਰੇ ਦਿਲ ’ਤੇ ਲੜ ਗਈ। ਇਸ ਘਟਨਾ ਨੂੰ 24 ਸਾਲ ਹੋ ਗਏ ਹਨ ਪਰ ਕੱਲ੍ਹ ਵਾਂਗ ਜਾਪਦੀ ਹੈ। ਅੱਜ ਵੀ ਜਦੋਂ ਕਿਸੇ ਆਕੜਖੋਰ ਸਰਕਾਰੀ ਅਧਿਕਾਰੀ ਜਾਂ ਨੇਤਾ ਨੂੰ ਆਮ ਪਬਲਿਕ ਜਾਂ ਮਾਹਤਿਤਾਂ ਨਾਲ ਬੁਰਾ ਵਿਵਹਾਰ ਕਰਦਾ ਵੇਖਦਾ ਹਾਂ ਤਾਂ ਗੱਜਣ ਸਿੰਘ ਦੀ ਗੱਲ ਚੇਤੇ ਆ ਜਾਂਦੀ ਹੈ।

*****

(931)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

Balraj Singh Sidhu (A.I.G. Retired)
Phone: (91 - 95011 - 00062)
Email: (bssidhupps@gmail.com)

More articles from this author