BalrajSidhu7ਤੂੰ ਸਾਰੀ ਉਮਰ ਕਾਫਰ ਬਣ ਕੇ ਕੱਢ ਦਿੱਤੀ ਏ। ਬੁੱਢਾ ਹੋ ਗਿਆ ਏਂਮਰਨ ਤੋਂ ਪਹਿਲਾਂ ਤਾਂ ...
(ਦਸੰਬਰ 23, 2015)

 

ਬਸ ਇੱਕ ਹਿੰਦ ਮੇਂ ਤੀਰਥ ਹੈ ਯਾਤਰਾ ਕੇ ਲੀਏ,
ਕਟਾਏ ਬਾਪ ਨੇ ਬੇਟੇ ਯਹਾਂ ਖੁਦਾ ਕੇ ਲੀਏ।

ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਅਤੇ ਦਸਵੇਂ ਪਾਤਸ਼ਾਹ ਦੀ ਮਹਾਨਤਾ ਦਾ ਵਰਨਣ ਕਰਨ ਲੱਗਿਆਂ ਆਮ ਤੌਰ ’ਤੇ ਸਿੱਖ ਵਿਦਵਾਨ, ਇਤਿਹਾਸਕਾਰ ਅਤੇ ਰਾਗੀ-ਢਾਡੀ ਅੱਲ੍ਹਾ ਯਾਰ ਖਾਨ ਯੋਗੀ ਦੇ ਦੋਹਿਆਂ ਦਾ ਸਹਾਰਾ ਲੈਂਦੇ ਹਨ। ਇਹਨਾਂ ਦਰਦ ਭਰੇ ਦੋਹਿਆਂ ਦੇ ਰਚੇਤਾ ਅੱਲ੍ਹਾ ਯਾਰ ਖਾਨ ਯੋਗੀ ਦਾ ਨਾਮ ਸਿੱਖ ਇਤਿਹਾਸ ਵਿੱਚ ਅਮਰ ਹੋ ਚੁੱਕਾ ਹੈ। ਹੋਰ ਕੋਈ ਕਵੀ ਸਾਹਿਬਜ਼ਾਦਿਆਂ ਦੀ ਸ਼ਹੀਦੀ ਅਤੇ ਦਸਵੇਂ ਪਾਤਸ਼ਾਹ ਦੇ ਜਿਗਰੇ ਬਾਰੇ ਇੰਨੇ ਕਰੁਣਾ ਰਸ ਅਤੇ ਵੇਦਨਾਮਈ ਲੈਅ ਵਿੱਚ ਕਵਿਤਾ ਨਹੀਂ ਲਿਖ ਸਕਿਆ। ਯੋਗੀ ਅੱਲ੍ਹਾ ਯਾਰ ਖਾਨ ਦਾ ਨਾਮ ਦਸਵੇਂ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਪੱਕੇ ਤੌਰ ’ਤੇ ਜੁੜ ਚੁੱਕਾ ਹੈ। ਉਸ ਦੇ ਜਨਮ ਦੀ ਪੱਕੀ ਤਾਰੀਖ ਮੁਹੱਈਆ ਨਹੀਂ ਹੈ। ਮੰਨਿਆ ਜਾਂਦਾ ਹੈ ਕਿ ਉਸਦਾ ਜਨਮ 19ਵੀਂ ਸਦੀ ਦੇ ਪਿਛਲੇ ਅੱਧ ਵਿੱਚ ਹੋਇਆ ਤੇ ਉਸ ਨੇ 20ਵੀਂ ਸਦੀ ਦੇ ਅੱਧ ਤੱਕ ਉਮਰ ਭੋਗੀ।

ਅੱਲ੍ਹਾ ਯਾਰ ਖਾਨ ਯੋਗੀ ਨੇ ਵੱਡੇ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਉਰਦੂ ਵਿੱਚ ਦੋ ਮਰਸੀਏ (ਆਪਣੇ ਪਿਆਰਿਆਂ ਦੀ ਮੌਤ ’ਤੇ ਬੋਲੀ ਜਾਣ ਵਾਲੀ ਕਵਿਤਾ) ਲਿਖੇ। ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਯਾਦ ਵਿੱਚ ਲਿਖੇ ਗੰਜ-ਏ-ਸ਼ਹੀਦਾਂਅਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਲਿਖੇ ਸ਼ਹੀਦਾਂ-ਏ-ਵਫਾਨਾਮਕ ਮਰਸੀਆਂ ਨੇ ਉਸ ਦਾ ਨਾਮ ਹਮੇਸ਼ਾ ਲਈ ਸਿੱਖ ਪੰਥ ਵਿੱਚ ਅਮਰ ਕਰ ਦਿੱਤਾ। ਜਦੋਂ ਵੀ ਕੋਈ ਲਿਖਾਰੀ ਸਾਕਾ ਸਰਹੰਦ ਜਾਂ ਸਾਕਾ ਚਮਕੌਰ ਬਾਰੇ ਲਿਖਦਾ ਹੈ ਤਾਂ ਯੋਗੀ ਅੱਲ੍ਹਾ ਯਾਰ ਖਾਨ ਦੇ ਦੋਹਿਆਂ ਦਾ ਹਵਾਲਾ ਦਿੱਤੇ ਬਗੈਰ ਰਚਨਾ ਅਧੂਰੀ ਲਗਦੀ ਹੈ। ਸ਼ਾਇਦ ਉਹ ਇਕੱਲਾ ਮੁਸਲਮਾਨ ਕਵੀ ਹੈ ਜਿਸ ਨੂੰ ਇਹ ਮਾਣ ਹਾਸਲ ਹੈ ਕਿ ਉਸ ਦੇ ਦੋਹੇ ਨੂੰ ਕਿਸੇ ਗੁਰਦਵਾਰੇ ਦੀ ਇਮਾਰਤ ਵਿੱਚ ਜਗ੍ਹਾ ਮਿਲੀ ਹੋਵੇ। ਉਸ ਦਾ ਹੇਠ ਲਿਖਿਆ ਦੋਹਾ ਗੁਰਦਵਾਰਾ ਕਤਲਗੜ੍ਹ ਸਾਹਿਬ, ਚਮਕੌਰ ਸਾਹਿਬ ਦੇ ਬਰਾਮਦੇ ਵਿੱਚ ਦਰਜ਼ ਹੈ;

ਭਟਕਤੇ ਫਿਰਤੇ ਹੈ ਕਿਉਂ? ਹਜ਼ ਕਰੇਂ ਯਹਾਂ ਆ ਕਰ,
ਯੇ ਕਾਅਬਾ ਪਾਸ ਹੈ, ਹਰ ਏਕ ਖਾਲਸਾ ਕੇ ਲੀਏ

ਹਕੀਮ ਅੱਲ੍ਹਾ ਖਾਨ ਯੋਗੀ ਅਨਾਰਕਲੀ, ਲਾਹੌਰ ਦਾ ਰਹਿਣ ਵਾਲਾ ਸੀ। ਉਸ ਦੇ ਪੁਰਖੇ ਦੱਖਣ ਭਾਰਤ ਦੇ ਬਾਸ਼ਿੰਦੇ ਸਨ। ਪਰ ਯੋਗੀ ਨੂੰ ਲਾਹੌਰ ਐਨਾ ਪਸੰਦ ਆਇਆ ਕਿ ਉਹ ਪੱਕੇ ਤੌਰ ’ਤੇ ਇੱਥੇ ਹੀ ਵੱਸ ਗਿਆ। ਸਮਕਾਲੀ ਵੇਰਵਿਆਂ ਮੁਤਾਬਿਕ ਉਹ ਸ਼ਾਹੀ ਅਚਕਨ ਪਹਿਨਦਾ ਸੀ, ਲੰਬਾ ਅਤੇ ਮਜ਼ਬੂਤ ਸਰੀਰ ਵਾਲਾ ਸੀ। ਛੋਟੀਆਂ ਮੁੱਛਾਂ ਅਤੇ ਦਾੜ੍ਹੀ ਰੱਖਦਾ ਸੀ। ਬੋਲ ਚਾਲ ਅਤੇ ਪਹਿਰਾਵੇ ਤੋਂ ਉਹ ਇਰਾਨੀ ਮੂਲ ਦਾ ਲਗਦਾ ਸੀ। ਉਸ ਦੇ ਮਰਸੀਏ ਚਮਕੌਰ ਅਤੇ ਸਰਹਿੰਦ ਦੇ ਦਰਦਨਾਕ ਸਾਕਿਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਦਾ ਛੋਟਾ ਜਿਹਾ ਪਰ ਗੰਭੀਰ ਯਤਨ ਹਨ। ਉਰਦੂ ਉੱਤੇ ਉਸ ਦੀ ਪਕੜ ਬਹੁਤ ਮਜ਼ਬੂਤ ਹੈ। ਉਸ ਦੀ ਸ਼ੈਲੀ ਇੰਨੀ ਦਰਦ ਭਰੀ ਹੈ ਕਿ ਕਵਿਤਾ ਪੜ੍ਹ ਕੇ ਬਦੋਬਦੀ ਅੱਖਾਂ ਵਿੱਚ ਪਾਣੀ ਆ ਜਾਂਦਾ ਹੈ। ਉਸ ਨੇ ਪਹਿਲਾ ਮਰਸੀਆ ਗੰਜ-ਏ-ਸ਼ਹੀਦਾਂ 1913 ਅਤੇ ਸ਼ਹੀਦਾਂ-ਏ-ਵਫਾ 1915 ਈ. ਦੇ ਕਰੀਬ ਲਿਖਿਆ ਸੀ। ਛੋਟੀ ਉਮਰ ਦੇ ਸਾਹਿਬਜ਼ਾਦਿਆਂ ਵੱਲੋਂ ਦਿਖਾਈ ਗਈ ਗੈਰ ਸਧਾਰਨ ਵੀਰਤਾ ਨੂੰ ਇਸ ਕਵਿਤਾ ਰਾਹੀਂ ਬੜੇ ਦਰਦਮਈ ਅਤੇ ਵੀਰ ਰਸ ਨਾਲ ਭਰਪੂਰ ਤਰੀਕੇ ਦੁਆਰਾ ਦਰਸਾਇਆ ਗਿਆ ਹੈ। ਜਿਸ ਕਰੂਰਤਾ ਨਾਲ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਤੇ ਜਿਸ ਬਹਾਦਰੀ ਨਾਲ ਉਹਨਾਂ ਨੇ ਆਪਣੇ ਧਰਮ ਦੀ ਖਾਤਰ ਕੁਰਬਾਨੀ ਦਿੱਤੀ, ਇਹਨਾਂ ਕਵਿਤਾਵਾਂ ਦਾ ਮੂਲ ਹੈ। ਇਹ ਕਵਿਤਾ ਸਿੱਧੀ ਇਨਸਾਨ ਦੇ ਦਿਲ ’ਤੇ ਅਸਰ ਕਰਦੀ ਹੈ।

ਅੱਲ੍ਹਾ ਯਾਰ ਖਾਨ ਯੋਗੀ 1920ਵਿਆਂ ਤੇ 30ਵਿਆਂ ਵਿੱਚ ਸਿੱਖ ਸਟੇਜਾਂ ਤੋਂ ਇਹਨਾਂ ਕਵਿਤਾਵਾਂ ਨੂੰ ਬੜੇ ਤਰੰਨੁਮ ਨਾਲ ਪੜ੍ਹਿਆ ਕਰਦਾ ਸੀ। ਉਹ ਆਪਣੇ ਜੀਵਨ ਕਾਲ ਵਿੱਚ ਹੀ ਬਹੁਤ ਮਸ਼ਹੂਰ ਹੋ ਗਿਆ ਸੀ। ਯੋਗੀ ਦਾ ਗੁਰੂ ਸਾਹਿਬ ਨਾਲ ਪਿਆਰ ਅਤੇ ਉਹਨਾਂ ਦੇ ਸਤਿਕਾਰ ਵਿੱਚ ਲਿਖੀਆਂ ਕਵਿਤਾਵਾਂ ਕੱਟੜ ਮੁਸਲਮਾਨਾਂ ਨੂੰ ਇਸਲਾਮ ਦੇ ਖਿਲਾਫ ਲਗਦੀਆਂ ਸਨ। ਉਹ ਇਸ ਨੂੰ ਇਸਲਾਮ ਦੀ ਬੇਇੱਜ਼ਤੀ ਸਮਝਦੇ ਸਨ। ਉਹਨਾਂ ਨੇ ਯੋਗੀ ਨੂੰ ਕਾਫਰ ਘੋਸ਼ਿਤ ਕਰ ਦਿੱਤਾ ਤੇ ਉਸ ਨੂੰ 30 ਸਾਲ ਤੱਕ ਕਿਸੇ ਮਸੀਤ ਵਿੱਚ ਨਹੀਂ ਵੜਨ ਦਿੱਤਾ

ਜਦੋਂ ਯੋਗੀ ਬਜ਼ੁਰਗ ਹੋ ਗਿਆ ਤਾਂ ਉਸਦਾ ਅੰਤ ਨਜ਼ਦੀਕ ਵੇਖ ਕੇ ਇੱਕ ਕਾਜ਼ੀ ਉਸਦੇ ਘਰ ਚਲਾ ਗਿਆ। ਉਸ ਨੇ ਯੋਗੀ ਨੂੰ ਪ੍ਰੇਰਨ ਦੀ ਕੋਸ਼ਿਸ਼ ਕੀਤੀ, “ਯੋਗੀਆ ਮੇਰੇ ਨਾਲ ਮਸੀਤ ਚੱਲ ਤੇ ਅੱਲ੍ਹਾ ਤੋਂ ਮਾਫੀ ਮੰਗ ਲੈ। ਤੂੰ ਸਾਰੀ ਉਮਰ ਕਾਫਰ ਬਣ ਕੇ ਕੱਢ ਦਿੱਤੀ ਏਬੁੱਢਾ ਹੋ ਗਿਆ ਏਂ, ਮਰਨ ਤੋਂ ਪਹਿਲਾਂ ਤਾਂ ਮੋਮਨ ਬਣ ਜਾ।

ਗੁਰੂ ਸਾਹਿਬ ਦੇ ਰੰਗ ਵਿੱਚ ਰੰਗੇ ਅੱਲ੍ਹਾ ਯਾਰ ਖਾਨ ਨੇ ਜਵਾਬ ਦਿੱਤਾ, “ਮੈਂ ਕੁਝ ਵੀ ਗਲਤ ਨਹੀਂ ਕੀਤਾ। ਮੈਂ ਤੇਰੇ ਵਰਗਿਆਂ ਵਾਸਤੇ ਕਾਫਰ ਹਾਂ, ਪਰ ਗੁਰੂ ਗੋਬਿੰਦ ਸਿੰਘ ਜੀ ਵਾਸਤੇ ਨਹੀਂ। ਮੈਂ ਜੋ ਵੀ ਗੁਰੂ ਸਾਹਿਬ ਅਤੇ ਸਾਹਿਬਜ਼ਾਦਿਆਂ ਬਾਰੇ ਲਿਖਿਆ ਹੈ, ਉਹ ਬਿਲਕੁਲ ਸੱਚ ਹੈ। ਮੈਂ ਸੱਚਾਈ ਤੋਂ ਮੂੰਹ ਨਹੀਂ ਮੋੜ ਸਕਦਾ।

ਇਹ ਸੁਣ ਕੇ ਕਾਜ਼ੀ ਗੁੱਸੇ ਵਿੱਚ ਆ ਗਿਆ ਤੇ ਬੋਲਿਆ, “ਤੂੰ ਕਾਫਰ ਮਰੇਂਗਾ ਤਾਂ ਜਹੱਨਮ ਵਿੱਚ ਜਾਵੇਂਗਾ।

ਯੋਗੀ ਨੇ ਹੱਸ ਕੇ ਜਵਾਬ ਦਿੱਤਾ, “ਮੈਨੂੰ ਤੇਰੇ ਬਹਿਸ਼ਤ ਦੀ ਜਰੂਰਤ ਨਹੀਂ ਹੈ। ਔਹ ਵੇਖ ਗੁਰੂ ਸਾਹਿਬ ਬਹਿਸ਼ਤਾਂ ਵਿੱਚ ਬੈਠੇ ਮੈਨੂੰ ਆਪਣੇ ਵੱਲ ਬੁਲਾ ਰਹੇ ਹਨ। ਮੈਨੂੰ ਗੁਰੂ ਸਾਹਿਬ ਦਾ ਪਿਆਰ ਚਾਹੀਦਾ ਹੈ ਤੇ ਮੈਂ ਉਹਨਾਂ ਦੇ ਸੇਵਕ ਵਜੋਂ ਹੀ ਮਰਨਾ ਚਾਹੁੰਦਾ ਹਾਂ।

ਕਾਜ਼ੀ ਕੌੜਾ ਫਿੱਕਾ ਬੋਲਦਾ ਆਪਣੇ ਰਾਹ ਪੈ ਗਿਆ ਅਤੇ ਯੋਗੀ ਨਾਸ਼ਵਾਨ ਸਰੀਰ ਤਿਆਗ ਕੇ ਆਪਣੇ ਪੀਰ-ਉ-ਮੁਰਸ਼ਦ ਦੇ ਚਰਨਾਂ ਵਿੱਚ ਜਾ ਸਜਿਆ।

*****

(134)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

Balraj S Sidhu

Balraj S Sidhu

Balraj Singh Sidhu (A.I.G. Retired)
Phone: (91 - 95011 - 00062)
Email: (bssidhupps@gmail.com)

More articles from this author