GurmitPalahi7ਕਿਉਂ ਦੇਸ਼ ਦਾ ਬੁੱਧੀਜੀਵੀਲੇਖਕਸਭਿਅਕ ਆਗੂਚੇਤੰਨ ਲੋਕਭਾਰਤੀ ਪਰੰਪਰਾਵਾਂ ਦੇ ਹਿਤ ਵਿੱਚ ਬੋਲਣ ਦੀ ਥਾਂ ...
(27 ਜੁਲਾਈ 2023)
ਇਸ ਸਮੇਂ ਪਾਠਕ: 356..


ਮਨੀਪੁਰ ਵਿੱਚ ਦੋ ਕਬਾਇਲੀ ਮਹਿਲਾਵਾਂ ਨੂੰ ਇੱਕ ਪਿੰਡ ਵਿੱਚ ਵੱਡੇ ਹਜ਼ੂਮ ਵੱਲੋਂ ਨੰਗਿਆਂ ਕਰਕੇ ਘੁਮਾਇਆ ਗਿਆ। ਇਹ ਘਟਨਾ ਚਾਰ ਮਈ
2023 ਦੀ ਹੈ, ਜਿਹੜੀ ਇੱਕ ਵੀਡੀਓ ਰਾਹੀਂ ਹੁਣ ਵਾਇਰਲ ਹੋਈ ਹੈ। ਵਿਸ਼ਵ ਭਰ ਵਿੱਚ ਇਸ ਘਟਨਾ ਦੀ ਨਿੰਦਿਆਂ ਹੋਈ ਹੈ। ‘ਮਹਾਨ ਦੇਸ਼ ਭਾਰਤ’ ਸ਼ਰਮਸਾਰ ਹੋਇਆ ਹੈ।

ਵੀਡੀਓ ਵਿਚਲੀਆਂ ਦੋ ਮਹਿਲਾਵਾਂ ਵਿੱਚੋਂ ਇੱਕ ਸਾਬਕਾ ਫੌਜੀ ਦੀ ਪਤਨੀ ਹੈ। ਇਸ ਫੌਜੀ ਨੇ ਕਾਰਗਿਲ ਜੰਗ ਲੜੀ ਸੀ। ਉਸ ਨੂੰ ਇਸ ਗੱਲ ਦਾ ਝੋਰਾ ਖਾ ਰਿਹਾ ਹੈ ਕਿ ਉਸਨੇ ਆਪਣੇ ਦੇਸ਼ ਨੂੰ ਤਾਂ ਮਹਿਫੂਜ਼ ਕਰ ਲਿਆ ਪਰ ਆਪਣੀ ਪਤਨੀ ਨੂੰ ਬੇਇੱਜ਼ਤ ਹੋਣ ਤੋਂ ਨਹੀਂ ਬਚਾ ਸਕਿਆ।

ਇਸ ਮੁੱਦੇ ਦੇ ਵੀਡੀਓ ਵਾਇਰਲ ਹੁੰਦਿਆਂ ਹੀ ਸੁਪਰੀਮ ਕੋਰਟ ਵੱਲੋਂ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਨੂੰ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿੰਦਿਆਂ ਚਿਤਾਵਨੀ ਦਿੱਤੀ ਗਈ ਕਿ ਜੇਕਰ ਉਹਨਾਂ ਵਲੋਂ ਕੋਈ ਐਕਸ਼ਨ ਨਾ ਲਿਆ ਗਿਆ ਤਾਂ ਸੁਪਰੀਮ ਕੋਰਟ ਆਪ ਕਾਰਵਾਈ ਕਰੇਗੀ। ਹੁਣ ਕੁਝ ਦਿਨਾਂ ਵਿੱਚ ਹੀ ਪੰਜ ਕਥਿਤ ਦੋਸ਼ੀ ਗ੍ਰਿਫ਼ਤਾਰ ਕਰ ਲਏ ਗਏ ਹਨ। ਦੋ ਮਹੀਨਿਆਂ ਤੋਂ ਵੱਧ ਸਮੇਂ ਬੀਤਣ ਬਾਅਦ ਵੀ ਆਖ਼ਰ ਸਰਕਾਰਾਂ ਨੇ ਕਾਰਵਾਈ ਕਿਉਂ ਨਹੀਂ ਕੀਤੀ? ਸਵਾਲ ਵੱਡਾ ਹੈ।

ਮੌਨਸੂਨ ਸੈਸ਼ਨ ਦੇ ਸ਼ੁਰੂ ਹੋਣ ਦੇ ਪਹਿਲੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਘਟਨਾ ਦੀ ਨਿੰਦਿਆ ਕੀਤੀ ਅਤੇ ਕਿਹਾ ਕਿ ਉਹ ਬਹੁਤ ਗੁੱਸੇ ਵਿੱਚ ਹਨ ਅਤੇ ਇਹ ਘਟਨਾ ਸ਼ਰਮਨਾਕ ਹੈ। ਇਸ ਘਟਨਾ ਸਬੰਧੀ ਵਿਸ਼ਵ ਪ੍ਰਸਿੱਧ ਅਖ਼ਬਾਰ ‘ਦੀ ਟੈਲੀਗ੍ਰਾਫ’ ਨੇ ਪਹਿਲੇ ਸਫ਼ੇ ’ਤੇ ਮਗਰਮੱਛ ਦੀ ਫੋਟੋ ਛਾਪਕੇ 79 ਦਿਨਾਂ ਦੀ ਕਾਰਵਾਈ ਛਾਪਕੇ ਲਿਖਿਆ ਹੈ ਕਿ ਆਖ਼ਰ ਘਟਨਾ ਦੇ 79ਵੇਂ ਦਿਨ ਮਨੀਪੁਰ, ਜੋ ਜਲ ਰਿਹਾ ਹੈ, ਸਬੰਧੀ ‘ਮਗਰਮੱਛ ਦੇ ਹੰਝੂ’ ਵਹਾਏ ਗਏ ਹਨ। ਇਹ ਅੱਥਰੂ ਕਿਸਦੇ ਹਨ, ਹਰ ਕੋਈ ਸਮਝ ਸਕਦਾ ਹੈ।

ਮਨੀਪੁਰ ਦੇ ਮੁੱਖ ਮੰਤਰੀ ਐੱਨ. ਬੀਰੇਨ ਨੇ ਮਨੀਪੁਰ ਵਿੱਚ ਵਾਪਰੀਆਂ ਘਟਨਾਵਾਂ ਸਬੰਧੀ ਕਿਹਾ ਕਿ ਸੂਬੇ ਮਨੀਪੁਰ ਵਿੱਚ ਇਹਨਾਂ ਦਿਨਾਂ ਵਿੱਚ ਸੈਂਕੜੇ ਘਟਨਾਵਾਂ ਵਾਪਰੀਆਂ ਹਨ। ਉਹਨਾਂ ਕਿਹਾ ਕਿ ਇਹਨਾਂ ਘਟਨਾਵਾਂ ਸਬੰਧੀ ਐੱਫ.ਆਈ.ਆਰ. (ਮੁਢਲੀਆਂ ਰਿਪੋਰਟਾਂ) ਦਰਜ਼ ਕੀਤੀਆਂ ਗਈਆਂ ਹਨ।

ਪਰ ਜਿਸ ਢੰਗ ਨਾਲ ਮਨੀਪੁਰ ਵਿੱਚ ਪੁਲਿਸ/ ਸਿਵਲ ਪ੍ਰਸ਼ਾਸਨ ਕੰਮ ਕਰ ਰਿਹਾ ਹੈ, ਉਸਦੀ ਇੱਕ ਮਿਸਾਲ ਇਹ ਹੈ ਕਿ ਇੱਕ ਕਬਾਇਲੀ ਮਹਿਲਾ ਨੇ ਸੈਕੁਲ ਥਾਣੇ ਵਿੱਚ ਸ਼ਿਕਾਇਤ ਦਰਜ਼ ਕਰਵਾਈ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਚਾਰ ਮਈ 2023 ਨੂੰ ਕੋਨੂ ਮਾਰਗ ਨੇੜੇ ਕਿਰਾਏ ਦੇ ਮਕਾਨ ਵਿੱਚ ਉਸਦੀ 21 ਸਾਲਾ ਧੀ ਅਤੇ ਧੀ ਦੀ 24 ਸਾਲਾ ਦੋਸਤ ਦਾ ਜਬਰ ਜਨਾਹ ਕੀਤਾ ਗਿਆ ਅਤੇ ਫਿਰ ਉਸ ਦੀ ਹੱਤਿਆ ਕਰ ਦਿੱਤੀ ਗਈ। ਪੁਲਿਸ ਵੱਲੋਂ ਇਸ ਸਬੰਧੀ 16 ਮਈ 2023 ਨੂੰ ਐੱਫ.ਆਈ.ਆਰ. ਦਰਜ ਕੀਤੀ ਗਈ। ਇਸ ਔਰਤ ਨੇ ਦੋਸ਼ ਲਾਇਆ ਕਿ 4 ਮਈ 2023 ਨੂੰ ਦੋਵਾਂ ਲੜਕੀਆਂ ਨਾਲ ਬਹੁ-ਗਿਣਤੀ ਭਾਈਚਾਰੇ ਨਾਲ ਸਬੰਧਤ ਵਿਅਕਤੀਆਂ ਨੇ ਜਬਰ ਜਨਾਹ ਕੀਤਾ। ਪਰ ਸਮੂਹਿਕ ਜਬਰ ਜਨਾਹ ਨਾਲ ਸਬੰਧਤ ਧਾਰਾ ਕੇਸ ਦਰਜ਼ ਕਰਨ ਲੱਗਿਆਂ ਦਰਜ਼ ਨਹੀਂ ਕੀਤੀ ਗਈ, ਪੁਲਿਸ ਵੱਲੋਂ ਮਾਮਲਾ ਦਬਾਉਣ ਦੀ ਕੋਸ਼ਿਸ਼ ਹੋਈ ਹੈ।

ਮਨੀਪੁਰ ਵਿੱਚ ਹਿੰਸਾ ਦੌਰਾਨ 150 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ। 5 ਹਜ਼ਾਰ ਘਰ ਸਾੜੇ ਜਾ ਚੁੱਕੇ ਹਨ। 60 ਹਜ਼ਾਰ ਲੋਕ ਘਰ ਛੱਡਕੇ ਹੋਰ ਸੁਰੱਖਿਅਤ ਥਾਂਵਾਂ ’ਤੇ ਨਿਵਾਸ ਕਰ ਰਹੇ ਹਨ। ਮਨੀਪੁਰ ਹਿੰਸਾ ਨਾਲ ਝੰਬਿਆ ਪਿਆ ਹੈ। ਮਨੀਪੁਰ ਵਿੱਚ ਪਿਛਲੇ ਕੁਝ ਮਹੀਨਿਆਂ ਤੋਂ ਕੁੱਕੀ ਅਤੇ ਮੈਤੇਈ ਭਾਈਚਾਰਿਆਂ ਵਿਚਕਾਰ ਟਕਰਾਅ ਚੱਲ ਰਿਹਾ ਹੈ। ਨਫ਼ਰਤ ਅਤੇ ਸਾੜੇ ਦੇ ਬੱਦਲ ਪੂਰੇ ਮਨੀਪੁਰ ’ਤੇ ਛਾਏ ਹੋਏ ਹਨ। ਆਖਰ ਕੌਣ ਜ਼ਿੰਮੇਵਾਰ ਹੈ ਇਸ ਨਫ਼ਰਤੀ ਮਾਹੌਲ ਦਾ?

ਮਨੀਪੁਰ ਵਿੱਚ ਘਟਨਾਵਾਂ ਤਾਂ ਸੈਂਕੜੇ ਵਾਪਰੀਆਂ ਹਨ ਜਾਂ ਵਾਪਰ ਰਹੀਆਂ ਹਨ ਪਰ ਔਰਤਾਂ ਉੱਤੇ ਜਬਰ ਜਨਾਹ ਦੀਆਂ ਘਟਨਾਵਾਂ 1984 ਵਿੱਚ ਦਿੱਲੀ ਅਤੇ ਹੋਰ ਸ਼ਹਿਰਾਂ ਵਿੱਚ ਵਾਪਰੀਆਂ ਇਹੋ ਜਿਹੀਆਂ ਘਟਨਾਵਾਂ ਦੀ ਯਾਦ ਤਾਜ਼ਾ ਕਰ ਰਹੀਆਂ ਹਨ, ਜਦੋਂ ਸਿੱਖਾਂ ਦਾ ਕਤਲੇਆਮ ਇਸੇ ਕਿਸਮ ਦੀਆਂ ਭੀੜਾਂ ਵੱਲੋਂ ਕੀਤਾ ਗਿਆ, ਉਹਨਾਂ ਦੇ ਘਰ ਸਾੜੇ ਗਏ, ਗਲਾਂ ਵਿੱਚ ਟਾਇਰ ਪਾਕੇ ਅੱਗ ਲਾ ਕੇ ਉਹਨਾਂ ਨੂੰ ਸਾੜਿਆ ਗਿਆ। ਸਿੱਖ ਔਰਤਾਂ ਨਾਲ ਸ਼ਰੇਆਮ ਬਲਤਕਾਰ ਹੋਏ। ਸੜਕਾਂ ਉੱਤੇ ਸ਼ਰੇਆਮ ਦਹਿਸ਼ਤੀ ਮਾਹੌਲ ਬਣਾਇਆ ਗਿਆ। ਇਹ ਸਭ ਕੁਝ ਹਾਕਮ ਧਿਰਾਂ ਦੇ ਪਾਲੇ “ਯੋਧਿਆਂ” ਦੀ ਕਮਾਨ ਹੇਠ ਹੋਇਆ।

ਮਨੀਪੁਰ ਦੀਆਂ ਘਟਨਾਵਾਂ ਵੀ ‘ਹਾਕਮ ਟੋਲੇ’ ਦੀ ਸ਼ਹਿ ਉੱਤੇ ਹੋਣ ਦੇ ਸਪਸ਼ਟ ਸੰਕੇਤ ਹਨ, ਕਿਉਂਕਿ ਜਿਹਨਾਂ ਦੋ ਔਰਤਾਂ ਨੂੰ ਨੰਗੇ ਘੁਮਾਇਆ ਗਿਆ, ਉਹਨਾਂ ਨੂੰ ਪਹਿਲਾਂ ਪੁਲਿਸ ਨੇ ਆਪਣੀ ਗੱਡੀ ਵਿੱਚ ਬੈਠਾਇਆ, ਫਿਰ ਥੋੜ੍ਹੀ ਦੇਰ ਬਾਅਦ ਵਿੱਚ ਭੀੜ ਦੇ ਹਵਾਲੇ ਕਰ ਦਿੱਤਾ। ਇਸ ਸਬੰਧੀ ਪੀੜਤ ਔਰਤਾਂ ਨੇ ਆਪਣੀ ਦਰਦ ਕਹਾਣੀ ਬਿਆਨ ਕੀਤੀ ਹੈ।

ਜਦੋਂ ਮਨੀਪੁਰ ਸੜ ਰਿਹਾ ਸੀ, ਕੇਂਦਰ ਸਰਕਾਰ ਚੁੱਪ ਰਹੀ। ਸਰਕਾਰੀ ਅਸਲਾਖਾਨੇ ਵਿੱਚੋਂ 4 ਹਜ਼ਾਰ ਸਵੈਚਾਲਿਤ ਹਥਿਆਰ ਅਤੇ ਗੋਲੀ ਬਰੂਦ ਲੁੱਟ ਲਿਆ ਗਿਆ, ਪਰ ਸੁਰੱਖਿਆ ਬਲ ਹੱਥ ’ਤੇ ਹੱਥ ਧਰਕੇ ਬੈਠੇ ਰਹੇ। ਦੇਸ਼ ਦੇ ਗ੍ਰਹਿ ਮੰਤਰੀ ਇੱਕ ਵਾਰ ਮਨੀਪੁਰ ਦੇ ਦੌਰੇ ’ਤੇ ਗਏ ਪਰ ਕੋਈ ਅਜਿਹਾ ਸਖ਼ਤ ਕਦਮ ਨਹੀਂ ਚੁੱਕਿਆ, ਜਿਸ ਨਾਲ ਘਟਨਾਵਾਂ ’ਤੇ ਕਾਬੂ ਪਾਇਆ ਜਾ ਸਕੇ। ਆਖ਼ਰ ਉੱਪਰਲੀ, ਹੇਠਲੀ ਸਰਕਾਰ ਨੇ ਇਹਨਾਂ ਘਟਨਾਵਾਂ ’ਤੇ ਚੁੱਪੀ ਕਿਉਂ ਵੱਟੀ ਰੱਖੀ?

ਮਨੀਪੁਰ ਭਾਰਤ ਦੇ ਉੱਤਰ-ਪੂਰਬ ਵਿੱਚ ਸਰਹੱਦੀ ਸੂਬਾ ਹੈ, ਜਿਸਦੀ 352 ਕਿਲੋਮੀਟਰ ਹੱਦ ਅੰਤਰਰਾਸ਼ਟਰੀ ਸਰਹੱਦਾਂ ਨਾਲ ਲਗਦੀ ਹੈ। ਇਸਦੇ ਉੱਤਰ ਵਿੱਚ ਨਾਗਾਲੈਂਡ, ਦੱਖਣ ਵਿੱਚ ਮੀਜ਼ੋਰਮ, ਪੂਰਬ ਵਿੱਚ ਮੀਆਂਮਾਰ ਅਤੇ ਪੱਛਮ ਵਿੱਚ ਆਸਾਮ ਦਾ ਇੱਕ ਜ਼ਿਲ੍ਹਾ ਕੱਚਰ ਲਗਦਾ ਹੈ।

ਮੌਜੂਦਾ ਘਟਨਾਵਾਂ ਦਾ ਆਰੰਭ ਉਸ ਵੇਲੇ ਹੋਇਆ ਜਦੋਂ ਸੂਬੇ ਦੇ ਦੋ ਗਰੁੱਪਾਂ ਕੁੱਕੀ ਅਤੇ ਮੈਤੇਈ ਵਿੱਚ ਹਿੰਸਕ ਝੜਪਾਂ ਤਿੰਨ ਮਈ 2023 ਨੂੰ ਆਰੰਭ ਹੋਈਆਂ। ਆਪਸੀ ਝੜਪਾਂ ਦਾ ਤਤਕਾਲੀ ਕਾਰਨ ਇਹ ਬਣਿਆ ਕਿ ਜਿਸ ਕੁੱਕੀ ਭਾਈਚਾਰੇ ਅਤੇ ਨਾਗਾ ਕਬੀਲਿਆਂ ਨੂੰ ਸ਼ਡਿਊਲਡ ਕਬੀਲੇ ਮੰਨਕੇ ਸਰਕਾਰ ਵੱਲੋਂ ਸਹੂਲਤਾਂ ਮਿਲਦੀਆਂ ਸਨ, ਉਹਨਾਂ ਵਿੱਚ ਮੈਤੇਈ ਕਬੀਲਿਆਂ ਨੂੰ ਵੀ ਸ਼ਾਮਲ ਕਰ ਲਿਆ ਗਿਆ ਤਾਂ ਕਿ ਉਹਨਾਂ ਨੂੰ ਵੀ ਬਣਦੇ ਆਰਥਿਕ ਲਾਭ ਮਿਲ ਸਕਣ। ਮੈਤੇਈ ਭਾਈਚਾਰਾ ਪਿਛਲੇ ਇੱਕ ਦਹਾਕੇ ਤੋਂ ਇਸਦੀ ਮੰਗ ਕਰ ਰਿਹਾ ਸੀ।

ਇਸ ਮੰਗ ਨੂੰ ਅਪਰੈਲ 2023 ਨੂੰ ਉਦੋਂ ਬਲ ਮਿਲਿਆ ਜਦੋਂ ਮਨੀਪੁਰ ਹਾਈਕੋਰਟ ਨੇ ਸਰਕਾਰ ਨੂੰ ਸਿਫਾਰਸ਼ ਕੀਤੀ ਕਿ ਇਹ ਮੰਗ ਮੰਨੀ ਜਾਏ। ਅਤੇ ਇਸੇ ਸਾਲ ਮਈ ਦੇ ਅੱਧ ਤਕ ਲਾਗੂ ਕੀਤੀ ਜਾਵੇ। ਇਸ ਤਹਿਤ ਮੈਤੇਈ ਕਬੀਲੇ ਨੂੰ ਸਿੱਖਿਆ ਅਤੇ ਸਰਕਾਰੀ ਨੌਕਰੀਆਂ ਵਿੱਚ ਹਿੱਸਾ ਮਿਲ ਜਾਣਾ ਹੈ, ਜਿਹੜਾ ਪਹਿਲਾਂ ਸਿਰਫ਼ ਕੁੱਕੀ ਅਤੇ ਨਾਗਾ ਕਬੀਲਿਆਂ ਨੂੰ ਮਿਲਦਾ ਹੈ।

ਕੁੱਕੀ ਅਤੇ ਨਾਗਾ ਕਬੀਲੇ ਪਹਾੜੀ ਹਿੱਸੇ ਵਿੱਚ ਰਹਿੰਦੇ ਹਨ, ਜਿਹੜੇ ਕੁੱਲ ਮਨੀਪੁਰ ਆਬਾਦੀ ਦਾ 43 ਫ਼ੀਸਦੀ ਹਨ ਅਤੇ ਉਸ ਖਿੱਤੇ ਵਿੱਚ ਰਹਿੰਦੇ ਹਨ ਜਿਹੜਾ ਕਿ ਵਿਕਸਤ ਨਹੀਂ ਹੈ ਜਦਕਿ ਮੈਤੇਈ ਕਬੀਲੇ ਦੇ ਲੋਕ (ਜਿਹਨਾਂ ਦੀ ਆਬਾਦੀ ਸੂਬੇ ਦੀ ਆਬਾਦੀ ਵਿੱਚੋਂ ਅੱਧ ਤੋਂ ਵੱਧ ਹੈ) ਵਿਕਸਿਤ ਇਲਾਕਿਆਂ ਵਿੱਚ ਰਹਿੰਦੇ ਹਨ।

ਮਨੀਪੁਰ ਸੂਬੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਰਾਜ ਸ਼ਾਸਨ ਹੈ ਅਤੇ ਇੱਥੋਂ ਦਾ ਮੁੱਖ ਮੰਤਰੀ ਬੀਰੇਨ ਸਿੰਘ, ਮੈਤੇਈ ਕਬੀਲੇ ਦਾ ਹੈ ਅਤੇ ਕੁੱਕੀ ਕਬੀਲੇ ਦੇ ਲੋਕਾਂ ਦਾ ਇਲਜ਼ਾਮ ਹੈ ਕਿ ਇਸ ਸਭ ਕੁਝ ਦੇ ਪਿੱਛੇ ਮੈਤੇਈ ਮੁੱਖ ਮੰਤਰੀ ਬੀਰੇਨ ਸਿੰਘ ਦੀ ਸਾਜ਼ਿਸ਼ ਹੈ ਅਤੇ ਉਹ ਹੀ ਇਹੋ ਜਿਹੀਆਂ ਘਟਨਾਵਾਂ ਖ਼ਾਸ ਕਰਕੇ ਪੁਲਿਸ ਪ੍ਰਾਸਾਸ਼ਨ ਨੂੰ ਚੁੱਪ ਕਰਾਉਣ-ਕਰਨ ਦੇ ਜ਼ਿੰਮੇਵਾਰ ਹਨ, ਜਿਹਨਾਂ ਦੀ ਸੂਬੇ ਵਿੱਚ ਸ਼ਾਂਤੀ ਬਹਾਲ ਕਰਨ ਦੀ ਜ਼ਿੰਮੇਵਾਰੀ ਹੈ।

ਇਸ ਵੇਲੇ ਮਨੀਪੁਰ ਗ੍ਰਹਿ ਯੁੱਧ ਝੱਲ ਰਿਹਾ ਹੈ। ਬਾਵਜੂਦ ਵੱਡੀ ਗਿਣਤੀ ਪੈਰਾ ਮਿਲਟਰੀ ਫੋਰਸਿਸ ਦੀ ਤਾਇਨਾਤੀ ਦੇ ਪੁਲਿਸ ਅਸਲਾ ਲੁੱਟਿਆ ਗਿਆ ਹੈ, ਸੈਂਕੜੇ ਚਰਚ ਅਤੇ ਇੱਕ ਦਰਜਨ ਮੰਦਿਰ ਢਾਹੇ ਗਏ ਹਨ। ਨਾਗਾ ਅਤੇ ਕੁੱਕੀ ਕਬੀਲਾ ਈਸਾਈ ਹੈ, ਮੈਤੇਈ ਬਹੁਤਾ ਕਰਕੇ ਹਿੰਦੂ ਹਨ, ਪਰ ਮੌਜੂਦਾ ਸੰਘਰਸ਼ ਧਾਰਮਿਕ ਨਹੀਂ ਹੈ।

ਭਾਵੇਂ ਲੰਮੇ ਸਮੇਂ ਤੋਂ ਮੈਤੇਈ, ਕੁੱਕੀ, ਨਾਗਾ ਕਬੀਲੇ ਇੱਕ-ਦੂਜੇ ਨਾਲ ਵੈਰ ਵਿਰੋਧ ਦੇ ਹੁੰਦਿਆਂ ਵੀ ਆਪਣੇ ਲਈ ਹੋਮ ਲੈਂਡ ਲਈ ਭਾਰਤ ਦੇ ਸੁਰੱਖਿਆ ਬਲਾਂ ਨਾਲ ਲੜਦੇ ਰਹੇ ਹਨ, ਪਰ ਹੁਣ ਵਾਲੀਆਂ ਘਟਨਾਵਾਂ ਪਿੱਛੇ ਹੋਰ ਵੀ ਵੱਡੇ ਕਾਰਨ ਹਨ, ਜਿਹਨਾਂ ਵਿੱਚ ਨੌਜਵਾਨਾਂ ਦੀ ਬੇਰੁਜ਼ਗਾਰੀ ਅਤੇ ਉਹਨਾਂ ਵਿੱਚ ਫੈਲੀ ਅਸੰਤੁਸ਼ਟਤਾ ਹੈ। ਇਹ ਮਨੀਪੁਰ ਦੇ ਸਾਰੇ ਵਰਗਾਂ ਦੇ ਲੋਕਾਂ ਵਿੱਚ ਹੈ। ਭਾਵੇਂ ਉਹ ਕਿਸੇ ਵੀ ਕਬੀਲੇ ਦੇ ਹਨ।

ਜਿਹੋ ਜਿਹੀ ਗੰਭਿਰ ਸਥਿਤੀ ਮਨੀਪੁਰ ਵਿੱਚ ਬਣੀ ਹੋਈ ਹੈ, ਉਹ ਚਿੰਤਾਜਨਕ ਹੈ। ਇਹੋ ਜਿਹੇ ਸਮਿਆਂ ਵਿੱਚ ਹਾਕਮਾਂ ਦੀ ਚੁੱਪੀ ਪ੍ਰੇਸ਼ਾਨ ਕਰਦੀ ਹੈ। ਦੇਸ਼ ਵਿੱਚ ਘੱਟ ਗਿਣਤੀ ਨੂੰ ਸਬਕ ਸਿਖਾਉਣ ਦਾ ਜੋ ਵਰਤਾਰਾ ਚੱਲ ਰਿਹਾ ਹੈ, ਉਸਦੀ ਝਲਕ ਮਨੀਪੁਰ ਵਿੱਚ ਵਿਖਾਈ ਦੇ ਰਹੀ ਹੈ।

ਮਨੀਪੁਰ ਵਿੱਚ ਵਸਦੇ ਕੁੱਕੀ ਤੇ ਮੈਤੇਈ ਭਾਈਚਾਰਿਆਂ ਵਿੱਚ ਸ਼ੱਕ, ਨਫ਼ਰਤ, ਹਿੰਸਾ ਦਾ ਮਾਹੌਲ ਹੈ। ਇਸੇ ਕਰਕੇ ਲਗਾਤਾਰ ਘਟਨਾਵਾਂ ਵਾਪਰ ਰਹੀਆਂ ਹਨ ਅਤੇ ਦਿਨੋ-ਦਿਨ ਵਧ ਰਹੀਆਂ ਹਨ। ਦੋਹਾਂ ਧਿਰਾਂ ਵਿੱਚ ਆਪਸੀ ਭਰੋਸਾ ਪੈਦਾ ਕਰਨ ਦੇ ਕੋਈ ਯਤਨ ਨਹੀਂ ਹੋ ਰਹੇ। ਨਾ ਸਰਕਾਰੀ, ਨਾ ਹੀ ਗੈਰ ਸਰਕਾਰੀ, ਨਾ ਸਿਆਸੀ।

ਸਵਾਲਾਂ ਦਾ ਸਵਾਲ ਇਹ ਹੈ ਕਿ ਭਾਰਤ ਦਾ ਗ੍ਰਹਿ ਵਿਭਾਗ ਇਹਨਾਂ ਵਾਪਰੀਆਂ ਘਟਨਾਵਾਂ ’ਤੇ ਚੁੱਪ ਕਿਉਂ ਹੈ? ਕੀ ਜੇਕਰ ਇਹ ਮਹਿਲਾਵਾਂ ਵਾਲੀ ਵੀਡੀਓ ਵਾਇਰਲ ਨਾ ਹੁੰਦੀ ਤਾਂ ਕੀ ਦੇਸ਼ ਦਾ ਪ੍ਰਧਾਨ ਮੰਤਰੀ ਚੁੱਪ ਹੀ ਬੈਠਾ ਰਹਿੰਦਾ? ਉਹ 79ਵੇਂ ਦਿਨ ਹੀ 4 ਮਈ ਦੀ ਸ਼ਰਮਨਾਕ ਘਟਨਾ ’ਤੇ ਕਿਉਂ ਬੋਲਿਆ?

4 ਮਈ 2023 ਦੀ ਘਟਨਾ ਸਬੰਧੀ ਦੇਸ਼ ਦਾ ਮੀਡੀਆ ਚੁੱਪ ਕਿਉਂ ਬੈਠਾ ਰਿਹਾ? ਕੀ ਦੇਸ਼ ਦੀਆਂ ਸਮਾਚਾਰ ਏਜੰਸੀਆਂ, ਵੱਡੇ-ਵੱਡੇ ਪ੍ਰਿੰਟ ਮੀਡੀਆ ਦੇ ਅਖ਼ਬਾਰ, ਚੈਨਲ ਇਹਨਾਂ ਘਟਨਾਵਾਂ ਦੀ ਥਾਹ ਹੀ ਨਾ ਪਾ ਸਕੇ? ਗੋਦੀ ਮੀਡੀਆ ਨੇ ਤਾਂ ਚੁੱਪ ਵੱਟ ਕੇ ਬੈਠੇ ਹੀ ਰਹਿਣਾ ਸੀ, ਪਰ ਦੂਜਾ ਮੀਡੀਆ ਵੀ ਇਹੋ ਜਿਹੀਆਂ ਘਟਨਾਵਾਂ ਨੂੰ ਲੋਕਾਂ ਸਾਹਮਣੇ ਕਿਉਂ ਨਹੀਂ ਲੈ ਕੇ ਆ ਸਕਿਆ? ਆਖ਼ਰ ਸੋਸ਼ਲ ਮੀਡੀਆ ਹੀ ਇਹੋ ਜਿਹੀਆਂ ਸ਼ਰਮਨਾਕ ਘਟਨਾਵਾਂ ਉੱਤੋਂ ਪਰਦਾ ਚੁੱਕ ਸਕਿਆ ਹੈ।

ਇੱਥੇ ਹੈਰਾਨੀ ਵਾਲਾ ਸਵਾਲ ਸਿਆਸੀ ਆਗੂਆਂ ਨੂੰ ਵੀ ਪੁੱਛਿਆ ਜਾਣਾ ਬਣਦਾ ਹੈ ਅਤੇ ਸਮਾਜਿਕ ਸੰਸਥਾਵਾਂ ਨੂੰ ਵੀ ਕਿ ਉਹ ਮਨੁੱਖ ਮਾਰੂ, ਔਰਤ ਵਿਰੋਧੀ, ਨਫਰਤ ਫੈਲਾਉਣ ਵਾਲੇ ਲੋਕਾਂ ਵਿਰੁੱਧ ਸਮੇਂ ਸਿਰ ਕਿਉਂ ਨਾ ਬੋਲ ਸਕੇ? ਕੀ ਇਨ੍ਹਾਂ ਘਟਨਾਵਾਂ ਦੀ ਸੂਚਨਾ ਉਹਨਾਂ ਤਕ ਪਹਿਲਾਂ ਨਹੀਂ ਪਹੁੰਚੀ? ਜਾਪਦਾ ਹੈ ਮਨੁੱਖ ਦਾ ਲਹੂ ਸਫੈਦ ਹੋ ਗਿਆ ਹੈ।

ਸਵਾਲ ਤਾਂ ਇਹ ਵੀ ਹੈ ਕਿ ਕਿਉਂ ਸਾਡੇ ਸਮਾਜ ਨੇ ਰੂੜੀਵਾਦੀ, ਭਰਾ ਮਾਰੂ, ਨਫਰਤੀ ਵਰਤਾਰੇ ਨੂੰ ਧਰਮ, ਜਾਤ ਦੇ ਨਾਂਅ ’ਤੇ ਵਧਣ ਫੁੱਲਣ ਦਿੱਤਾ ਹੋਇਆ ਹੈ? ਕਿਉਂ ਦੇਸ਼ ਦਾ ਬੁੱਧੀਜੀਵੀ, ਲੇਖਕ, ਸਭਿਅਕ ਆਗੂ, ਚੇਤੰਨ ਲੋਕ, ਭਾਰਤੀ ਪਰੰਪਰਾਵਾਂ ਦੇ ਹਿਤ ਵਿੱਚ ਬੋਲਣ ਦੀ ਥਾਂ ਡਰ ਦੇ ਮਾਹੌਲ ਵਿੱਚ ਜੀਊਣਾ ਸਿੱਖ ਰਹੇ ਹਨ।

ਫਿਲਾਸਫਰ ਸਾਰਤਰ ਦੇ ਸ਼ਬਦ ਯਾਦ ਆਉਂਦੇ ਹਨ, “ਸੱਤਾਧਾਰੀ ਸਾਡੀਆਂ ਜ਼ਬਾਨਾਂ ਬੰਦ ਕਰਨ ’ਤੇ ਲੱਗੇ ਹੋਏ ਹਨ, ਅਸੀਂ ਚੁੱਪ ਹਾਂ। ਅਸੀਂ ਹਰ ਵੇਲੇ ਕੈਦ, ਜਲਾਵਤਨੀ ਤੇ ਮੌਤ ਬਾਰੇ ਸੋਚਣ ’ਤੇ ਮਜਬੂਰ ਕਰ ਦਿੱਤੇ ਗਏ ਹਾਂ। ਅੱਜ ਹਰ ਪਾਸੇ ਕੰਧਾਂ ’ਤੇ, ਅਖ਼ਬਾਰਾਂ ਵਿੱਚ, ਮੀਡੀਆ ’ਤੇ ਸਾਨੂੰ ਆਪਣੀ ਬੇਪੱਤੀ ਵਾਲੀ ਤਸਵੀਰ ਵੇਖਣ ਨੂੰ ਮਿਲ ਰਹੀ ਹੈ, ਜੋ ਕਿ ਸਾਡੇ ਹੁਕਮਰਾਨ ਸਾਨੂੰ ਕਬੂਲ ਕਰਾਉਣਾ ਚਾਹੁੰਦੇ ਹਨ।”

ਇਹ ਸਭ ਕੁਝ ਕਦੇ ਫਰਾਂਸ ਵਿੱਚ ਵਾਪਰਦਾ ਸੀ, ਅੱਜ ਇੱਥੇ ਵਾਪਰ ਰਿਹਾ ਹੈ। ਕੀ ਭਾਰਤੀ ਬੇਵੱਸ ਹੋ ਗਏ ਹਨ?

ਬੋਲ ਕਿ ਲਬ ਆਜ਼ਾਦ ਹੈਂ ਤੇਰੇ,
ਬੋਲ ਜ਼ਬਾਂ ਅਬ ਤਕ ਤੇਰੀ ਹੈ, ... ਫ਼ੈਜ਼ ਅਹਿਮਦ ਫ਼ੈਜ਼

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4113)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਗੁਰਮੀਤ ਸਿੰਘ ਪਲਾਹੀ

ਗੁਰਮੀਤ ਸਿੰਘ ਪਲਾਹੀ

Journalist. (Phagwara, Punjab, India)
Phone:  (91 - 98158 - 02070)
Email: (gurmitpalahi@yahoo.com)

More articles from this author