“ਕਦੇ ਪੰਜਾਬ ਖੁਸ਼ਹਾਲ ਸੀ ਸਿਆਸਤਦਾਨੋ, ਅੱਜ ਪੰਜਾਬ ਦਾ ਪੋਟਾ-ਪੋਟਾ ਕਰਜ਼ਾਈ ਹੈ ...”
(13 ਨਵੰਬਰ 2021)
ਪੰਜਾਬ ਦਾ ਆਮ ਆਦਮੀ ਕੀ ਕਹਿੰਦਾ ਹੈ, ਸੁਣਿਆ ਕਦੇ ਪੰਜਾਬ ਦੇ ਸਿਆਸਤਦਾਨੋ? ਕਿ ਬੱਸ ਉਸ ਨੂੰ ਆਪਣੀ ਹੀ ਸੁਣਾਈ ਜਾਂਦੇ ਹੋ? ਘੁੱਗ ਵਸਦੇ, ਚਹਿਕਦੇ-ਦਹਿਕਦੇ-ਮਹਿਕਦੇ ਪੰਜਾਬ ਦੀ ਹਾਲਤ ਵੇਖੀ-ਸੁਣੀ ਹੈ ਕਦੇ? ਕਿ ਆਪਣੇ ਮਹਿਲੀਂ ਅੰਦਰ ਵੜੀ ਬੱਸ ਆਪਣੇ ਸੁਪਨੇ ਸਾਕਾਰ ਕਰਨ ਵਿੱਚ ਹੀ ਰੁੱਝੇ ਹੋਏ ਹੋ?
ਲਓ ਸੁਣੋ, ਪੰਜਾਬ ਦੇ ਆਮ ਆਦਮੀ ਦੀ ਆਵਾਜ਼! ਪੰਜਾਬ ਝੁਲਸ ਰਿਹਾ। ਪੰਜਾਬ ਦਾ ਵਾਤਾਵਰਣ ਖਰਾਬ ਹੋ ਗਿਆ। ਪੰਜਾਬ ਰੇਗਸਤਾਨ ਬਣ ਰਿਹਾ। ਪੰਜਾਬ ਲੁੱਟਿਆ ਜਾ ਰਿਹਾ, ਵੇਚਿਆ ਜਾ ਰਿਹਾ। ਪੰਜਾਬ ਦੀ ਜਵਾਨੀ ਗਾਲ਼ੀ ਜਾ ਰਹੀ ਹੈ, ਵਤਨੋਂ ਦੂਰ ਜਲਾਵਤਨ ਕੀਤੀ ਜਾ ਰਹੀ ਹੈ। ਪੰਜਾਬ ਦਾ ਕਿਸਾਨ ਖੁਦਕੁਸ਼ੀ ਕਰ ਰਿਹਾ ਹੈ। ਪੰਜਾਬ ਦਾ ਮਜ਼ਦੂਰ ਖ਼ੂਨ ਦੇ ਅੱਥਰੂ ਰੋ ਰਿਹਾ ਹੈ, ਬੇਰੁਜ਼ਗਾਰ ਟੈਂਕੀਆਂ ਤੇ ਚੜ੍ਹ, ਸੜਕਾਂ ’ਤੇ ਖੜ੍ਹ ਭੁੱਖੇ ਢਿੱਡੀਂ ਵਿਰਲਾਪ ਕਰ ਰਿਹਾ ਹੈ। ਪੰਜਾਬ ਦੀ ਹੋਂਦ ਨੂੰ ਖ਼ਤਰਾ ਪੈਦਾ ਹੋ ਗਿਆ ਹੈ, ਪੰਜਾਬ ਦੇ ਸਿਅਸਤਦਾਨੋ! ਪੰਜਾਬੀਆਂ ਦਾ ਪੰਜਾਬ ਵਿੱਚ ਜੀਅ ਲਗਣੋਂ ਹਟ ਗਿਆ ਹੈ। ਜੀਅ ਲੱਗੇ ਵੀ ਕਿਵੇਂ? ਪੰਜਾਬ ਵਿੱਚ ਸੇਵਕਾਂ ਦਾ ਰਾਜ-ਭਾਗ ਨਹੀਂ, ਮਾਫ਼ੀਏ ਦੀ ਤੂਤੀ ਬੋਲਦੀ ਹੈ। ਨਿਧੜਕ ਪੰਜਾਬੀਆਂ ਦੇ ਮਨਾਂ ਵਿੱਚ ਦਹਿਸ਼ਤ ਹੈ, ਖੌਫ਼ ਹੈ, ਔਲਾਦ ਲਈ ਚਿੰਤਾ ਹੈ।
ਸੁਣੋ ਪੰਜਾਬ ਦੇ ਪਿੰਡਾਂ ਦੀ ਦਾਸਤਾਨ, ਐ ਪਿਆਰੇ ਸਿਆਸਤਦਾਨੋ! ਪਿੰਡ ਧੜਿਆਂ ਵਿੱਚ ਵੰਡਿਆ ਪਿਆ ਹੈ। ਅਸਲੀਅਤ ਤਾਂ ਇਹ ਹੈ ਕਿ ਸਿਆਸਤਦਾਨੋ ਆਪਣੀ ਵੋਟ ਦੀ ਖਾਤਰ ਪਿੰਡ ਨੂੰ ਤੁਸੀਂ ਵੰਡਿਆ ਹੈ। ਤੁਹਾਡੇ ਦਲਾਲ ਪਿੰਡ ਵਿੱਚ ਨਸ਼ਾ ਵੇਚਦੇ ਹਨ, ਲੋਕਾਂ ਤੋਂ ਦਫ਼ਤਰੀਂ ਕੰਮ ਕਰਾਉਣ ਲਈ ਪੈਸੇ ਲੈਂਦੇ ਹਨ। ਆਪਣਿਆਂ ਨੂੰ ਰਿਆਇਤਾਂ, ਸਹੂਲਤਾਂ ਦਿੰਦੇ ਹਨ। ਵਿਰੋਧੀਆਂ ਨੂੰ ਨਿੱਤ-ਦਿਹਾੜੇ ਥਾਣੇ ਕਚਹਿਰੀਆਂ ਦੇ ਰਾਹ ਪਾਈ ਰੱਖਦੇ ਹਨ। ਵੋਟਾਂ ਵਿੱਚ ਨਸ਼ੇ ਵੰਡੇ ਜਾਂਦੇ ਹਨ, ਵੋਟਰਾਂ ਦੀ ਖ਼ਰੀਦੋ-ਫ਼ਰੋਖਤ ਦਲਾਲਾਂ ਹੱਥ ਹੈ। ਧੌਂਸ, ਧੜਾ ਕਾਇਮ ਰੱਖਣ ਲਈ ਆਹ ਜਿਹੜੀਆਂ ਪਿੰਡ ਪੰਚੈਤਾਂ ਬਣੀਆਂ ਹੋਈਆਂ ਹਨ, ਉਹਨਾਂ ਨੂੰ ਗ੍ਰਾਂਟਾਂ ਦਾ ਲਾਲਚ ਦੇ ਕੇ ਆਪਣੇ ਨਾਲ ਤੋਰਿਆ ਜਾਂਦਾ। ਦਲਾਲ, ਬਾਬੂ, ਅਫਸਰ, ਗ੍ਰਾਂਟਾਂ ਵਿੱਚੋਂ ਕਮਿਸ਼ਨ ਲੈਂਦੇ ਹਨ, ਆਮ ਆਦਮੀ ਦੇ ਹੱਕ ਡਕਾਰ ਜਾਂਦੇ ਹਨ। ਕੋਈ ਪੁੱਛਣ-ਦੱਸਣ, ਸਾਰ ਲੈਣ ਵਾਲਾ ਹੀ ਨਹੀਂ।
ਛੋਟੇ-ਛੋਟੇ ਖੇਤ ਹਨ। ਕਰਜ਼ੇ ਲੈ ਕੇ ਫਸਲਾਂ ਪਾਲੀਆਂ ਜਾਂਦੀਆਂ ਹਨ। ਕਰਜ਼ਿਆਂ ਦੀਆਂ ਲਿਮਟਾਂ ਬਣਾਈਆਂ ਜਾਂਦੀਆਂ ਹਨ। ਕਰਜ਼ੇ ਨਹੀਂ ਲੱਥਦੇ ਤਾਂ ਸ਼ਤੀਰਾਂ ਨੂੰ ਜੱਫੇ ਪਾਏ ਜਾਂਦੇ ਹਨ। ਧੀਆਂ, ਪੁੱਤਾਂ ਦੇ ਵਿਆਹ ਰਿਸ਼ਤੇ ਸ਼ਾਨੋ-ਸ਼ੌਕਤ ਨਾਲ ਕਰਨ ਦੀ ਹੋੜ ਵਿੱਚ ਸਿਰ ਕਰਜ਼ੇ ਚੜ੍ਹਾਏ ਜਾਂਦੇ ਹਨ। ਬੇਰੁਜ਼ਗਾਰੀ ਦਾ ਦਰਦ ਹੰਢਾ ਰਹੇ, ਨਸ਼ਿਆਂ ਦੀ ਮਾਰ ਸਹਿ ਰਹੇ ਪੁੱਤਾਂ-ਧੀਆਂ ਨੂੰ ਬੇਗਾਨੇ ਦੇਸ਼ਾਂ ਵਿੱਚ ਭੇਜਣ ਲਈ ਆਪਣੇ ਖੇਤ ਵੇਚਣਾ ਤਾਂ ਉਹਨਾਂ ਦੀ ਮਜਬੂਰੀ ਬਣ ਚੁੱਕੀ ਹੈ। ਰਹੀ ਗੱਲ ਲਹਿੰਦੇ, ਚੜ੍ਹਦੇ, ਵਸੀਆਂ ਆਬਾਦੀਆਂ ਦੀ, ਉਹ ਸਿਆਸਤਦਾਨਾਂ ਵੱਲੋਂ ਲੋਕਾਂ ਨੂੰ ਮੰਗਤੇ ਬਣਾਉਣ ਦੀ ਸਾਜ਼ਿਸ਼ ਦਾ ਸ਼ਿਕਾਰ ਹਨ। ਮਹੀਨੇ ਦੇ ਪਹਿਲੇ ਹਫ਼ਤੇ ਜਾਂ ਤਿਮਾਹੀ ਦੇ ਪਹਿਲੇ ਹਫ਼ਤੇ ਇੱਕ ਰੁਪਏ ਕਿਲੋ ਰਾਸ਼ਨ ਕਣਕ, ਚਾਵਲ ਉਡੀਕਣ ਲਈ ਮਜਬੂਰ ਕਰ ਦਿੱਤੇ ਹਨ! ਇਹ ਮੰਗਤਾ ਸਭਿਆਚਾਰ ਤਾਂ ਪੰਜਾਬ ਦਾ ਕਦੇ ਵੀ ਨਹੀਂ ਸੀ, ਪੰਜਾਬ ਦੇ ਸਿਆਸਤਦਾਨੋ?
ਪੁੱਛਦੇ ਰਹਿੰਦੇ ਨੇ ਪੇਂਡੂ ਭਾਈ, ਸਾਨੂੰ ਕੋਈ ਕੰਮਕਾਰ ਦੇ ਦਿਓ। ਸਾਡੇ ਬੱਚਿਆਂ ਨੂੰ ਰੁਜ਼ਗਾਰ ਦੇ ਦਿਓ। ਪੜ੍ਹਾਈ ਤੇ ਸਿਹਤ ਸਹੂਲਤਾਂ ਸਾਡੇ ਪੱਲੇ ਪਾ ਦਿਓ। ਸਾਡੇ ਪਿੰਡਾਂ ਦਾ ਵਾਤਾਵਰਣ ਸੁਧਾਰ ਦਿਓ! ਤੁਸੀਂ ਰੁਜ਼ਗਾਰ ਦੇ ਨਾਮ ਉੱਤੇ ਖੈਰਾਤਾਂ, ਪੜ੍ਹਾਈ ਉਹਨਾਂ ਸਕੂਲਾਂ ਵਿੱਚ ਜਿੱਥੋਂ ਟੀਚਰ ਤੇ ਬੁਨਿਆਦੀ ਢਾਂਚੇ ਦੀ ਕਮੀ ਹੈ, ਪਾਉਂਦੇ ਹੋ। ਸਿਹਤ ਸਹੂਲਤਾਂ ਦਾ ਤਾਂ ਤੁਸੀਂ ਸੋਚਣਾ ਹੀ ਛੱਡ ਦਿੱਤਾ। ਸਰਕਾਰੀ ਹਸਪਤਾਲ ਵਿੱਚ ਨਾ ਸਿਹਤ ਅਮਲਾ ਨਾ ਦਵਾਈਆਂ। ਬੱਚਾ ਜੰਮਣ ਲਈ ਔਰਤਾਂ ਕਰਾਹੁੰਦੀਆਂ ਹਨ, ਮਜਬੂਰੀ ਵੱਸ ਸਰਕਾਰੀ ਦੀ ਥਾਂ ਪ੍ਰਾਈਵੇਟ ਹਸਪਤਾਲ ਦੇ ਵੱਡੇ ਖ਼ਰਚਿਆਂ ਦਾ ਸ਼ਿਕਾਰ ਹੁੰਦੀਆਂ ਹਨ। ਜਿਹਨਾਂ ਕੋਲ ਕੁਝ ਨਹੀਂ ਬੱਸ ਉਹ ਕੁਦਰਤ ਆਸਰੇ! ਗਰੀਬ ਲਈ ਆਹ ਜਾਰੀ ਬੀਮਾ ਕਾਰਡ ਉਹਨਾਂ ਦੇ ਕਿਸੇ ਕੰਮ ਨਹੀਂ ਆਉਂਦੇ। ਸੱਤ ਦਹਾਕਿਆਂ ਵਿੱਚ ਪਿੰਡ ਦਾ ਵਿਕਾਸ ਨਾਲੀਆਂ ਦੇ ਗੰਦੇ ਪਾਣੀ ਅਤੇ ਗਲੀਆਂ ਪੱਕੀਆਂ ਕਰਨ ਤੋਂ ਅੱਗੇ ਨਹੀਂ ਹੋ ਸਕਿਆ। ਮਹੱਲਿਆਂ ਵਿੱਚ ਗੰਦਗੀ, ਘਰਾਂ ਵਿੱਚ ਕੂੜੇ ਦੇ ਢੇਰ! ਘਰਾਂ ਦੀਆਂ ਬਰੂਹਾਂ ਵਿੱਚ ਬੁੱਢੇ ਪਤੀ, ਪਤਨੀ ਦੇ ਕੰਬਦੇ ਹੱਥ ਅਤੇ ਸਾਂਭਣ ਵਾਲਾ ਕੋਈ ਨਹੀਂ। ਕਿੱਥੇ ਹੈ ਸਿਆਸਤਦਾਨੋ ਤੁਹਾਡੀ ਕਲਿਆਣਕਾਰੀ ਸਰਕਾਰ, ਜਿਹੜੀ ਬੁੱਢਿਆਂ ਨੂੰ ਬੁਢਾਪੇ ਦੇ ਸਹਾਰੇ ਲਈ ਸਿਰਫ਼ 750 ਰੁਪਏ ਤੋਂ 1500 ਰੁਪਏ ਤਕ ਪੈਨਸ਼ਨ ਦੇ ਕੇ ਸੁਰਖ਼ੁਰੂ ਹੋ ਗਿਆ ਸਮਝਦੀ ਹੈ? ਕਦੇ ਸੋਚਿਆ ਸਿਆਸਤਦਾਨ ਜੀ, ਹੁਣ ਤਾਂ ਗੈਸ ਸਿਲੰਡਰ ਦੀ ਕੀਮਤ ਵੀ 1000 ਰੁਪਇਆ ਹੋ ਗਈ ਹੈ ਤੇ ਸਰ੍ਹੋਂ ਦਾ ਤੇਲ 225 ਰੁਪਏ ਲਿਟਰ ਹੋ ਗਿਆ ਹੈ? ਦਾਲਾਂ, ਸਬਜ਼ੀਆਂ ਦੀ ਤਾਂ ਗੱਲ ਹੀ ਛੱਡੋ। ਕਦੇ ਸੋਚਿਆ ਸਿਆਸਤਦਾਨੋ ਇਹ ਪੇਂਡੂ ਪਰਿਵਾਰ ਕਿਵੇਂ ਜਿਊਂਦੇ ਹਨ? ਪਿੰਡ ਵਿੱਚ ਫੈਲੀ ਆਫ਼ਤ ਸਮੇਂ, ਫੈਲੀਆਂ ਬੀਮਾਰੀਆਂ ਸਮੇਂ ਕਿਵੇਂ ਬੀਮਾਰੀਆਂ ਦਾ ਮੁਕਾਬਲਾ ਕਰਦੇ ਹਨ। ਇਹ ਇੱਕ ਪਿੰਡ ਦੀ ਨਹੀਂ, ਇੱਕ ਘਰ ਦੀ ਨਹੀਂ, ਘਰ-ਘਰ ਦੀ ਕਹਾਣੀ ਹੈ। ਉਸ ਘਰ ਦੀ ਵੀ ਜਿਹੜਾ ਥੋੜ੍ਹੀ ਵੱਧ ਆਮਦਨ ਵਾਲਾ ਟੱਬਰ ਹੈ, ਜਿਸਨੇ ਆਪਣੀ ਚਾਦਰ ਨਾਲੋਂ ਵੱਧ ਪੈਰ ਪਸਾਰਣ ਦਾ ਢੌਂਗ ਰਚਿਆ ਹੋਇਆ ਹੈ।
ਸਿਆਸਤਦਾਨੋ, ਪੰਜਾਬ 1947 ਵਿੱਚ ਤੁਹਾਡੀਆਂ ਮਿਹਰਬਾਨੀਆਂ ਨਾਲ ਵੰਡਿਆ ਗਿਆ। ਯਾਦ ਹੈ ਨਾ? ਲੱਖਾਂ ਮਰੇ, ਲੱਖਾਂ ਜ਼ਖ਼ਮੀ ਹੋਏ, ਲੱਖਾਂ ਉੱਜੜੇ, ਲੱਖਾਂ ਔਰਤਾਂ ਦੀਆਂ ਇੱਜਤਾਂ ਨਾਲ ਖਿਲਵਾੜ ਹੋਇਆ। ਪੰਜਾਬ ਤਾਰ-ਤਾਰ ਹੋਇਆ। ਪੰਜਾਬੀਆਂ ਦੇ ਦਿਲ ਵਲੂੰਧਰੇ ਗਏ। ਸਮਾਂ ਪਾ ਕੇ ਬਹਾਦਰ ਸਿਰੜੀ, ਹੌਸਲੇ ਵਾਲੇ ਪੰਜਾਬੀ ਥਾਂ ਸਿਰ ਹੋਏ! ਦੇਸ਼ ਦੀਆਂ ਸਰਹੱਦਾਂ ’ਤੇ ਲੜੇ। ਦੇਸ਼ ਨੂੰ ਅੰਨ ਦੀ ਤੋਟ ਆਈ ਤਾਂ ਆਪਣੀ ਜ਼ਮੀਨ ਦੀ ਕੁੱਖੋਂ ਪਾਣੀ ਕੱਢ ਪੂਰੇ ਦੇਸ਼ ਦੇ ਅੰਨ ਦਾਤਾ ਬਣੇ, ਆਪਣਾ ਜਿਸਮ ਸਾੜਿਆ, ਆਪਣੀ ਜ਼ਮੀਨ ਨਸ਼ੀਲੀ ਕਰ ਲਈ, ਆਪਣਾ ਵਾਤਾਵਰਣ ਕੀੜੇ ਮਾਰ ਦਵਾਈਆਂ, ਖਾਦਾਂ ਪਾ-ਪਾ ਦੂਸ਼ਿਤ ਕਰ ਲਿਆ। ਜਾਨ ਲੇਵਾ ਬਿਮਾਰੀਆਂ ਸਹੇੜ ਲਈਆਂ ਅਤੇ “ਮਾਂ ਵਰਗੀ ਜ਼ਮੀਨ” ਦੀ ਕੁੱਖ ਵਿੱਚੋਂ ਪਾਣੀ ਕੱਢ-ਕੱਢ ਇਸ ਨੂੰ ਬੰਜਰ ਬਣਾ ਲਿਆ। ਪੱਲੇ ਕੀ ਪਿਆ? ਘਾਟੇ ਦੀ ਖੇਤੀ!
ਇਕੱਲੇ ਪਿੰਡ ਦੀ ਨਹੀਂ, ਪੰਜਾਬ ਦੇ ਸ਼ਹਿਰ ਦੀ ਹਾਲਤ ਵੀ ਵੱਖਰੀ ਨਹੀਂ! ਕਦੇ ਵੇਖੇ ਹਨ ਸਿਆਸਤਦਾਨੋ, ਸ਼ਹਿਰਾਂ ਦੇ ਸਲੱਮ ਖੇਤਰ ਦੇ ਲੋਕ! ਕਦੇ ਵੇਖੇ ਹਨ ਝੁੱਗੀਆਂ, ਝੌਂਪੜੀਆਂ, ਬਸਤੀਆਂ ਵਿੱਚ ਇੱਕ-ਇੱਕ, ਦੋ-ਦੋ ਮਰਲੇ ਘਰਾਂ ਵਿੱਚ ਰਹਿੰਦੇ ਲੋਕ! ਲੁਧਿਆਣਾ ਵਰਗੇ ਦੂਸ਼ਿਤ ਸ਼ਹਿਰ ਵਿੱਚ ਰਹਿੰਦੇ ਲੋਕਾਂ ਬਾਰੇ ਕਦੇ ਜਾਣਿਆ ਹੈ? ਕਦੇ ਉਹਨਾਂ ਦਾ ਫ਼ਿਕਰ ਕੀਤਾ ਹੈ? ਬੁੱਢਾ ਨਾਲਾ ਜੋ ਸਾਫ਼-ਸੁਥਰੇ ਪਾਣੀ ਦਾ ਸਰੋਤ ਸੀ, ਹੁਣ ਸ਼ਹਿਰ ਦੀ ਗੰਦਗੀ ਦਾ ਸਰੋਤ ਹੈ! ਹੁਣ ਤਾਂ ਹਰ ਸ਼ਹਿਰ ਲੁਧਿਆਣਾ ਬਣਦਾ ਜਾ ਰਿਹਾ ਹੈ। ਮੁਰਝਾਏ, ਕੁਮਲਾਏ, ਮਜ਼ਦੂਰਾਂ ਦੇ ਚਿਹਰੇ ਪਛਾਨਣ ਦਾ ਕਦੇ ਯਤਨ ਕੀਤਾ ਹੈ ਤੁਸੀਂ? ਇਹਨਾਂ ਵਿੱਚ ਉਹ ਪੰਜਾਬੀ ਕਿਸਾਨ ਵੀ ਹਨ, ਜਿਹੜੇ ਪਿੰਡਾਂ ਵਿੱਚੋਂ ਥੋੜ੍ਹੀ-ਬਹੁਤੀ ਹਿੱਸੇ ਆਉਂਦੀ ਜ਼ਮੀਨ ਵੇਚ ਵੱਟ ਕੇ ਸ਼ਹਿਰ ਆ ਮਜ਼ਦੂਰੀ ਕਰ ਰਹੇ ਹਨ! ਰਿਕਸ਼ਾ ਚਲਾ ਰਹੇ ਹਨ। ਲੇਬਰ ਚੌਂਕਾਂ ਵਿੱਚ ਖੜ੍ਹ ਮਜ਼ਦੂਰੀ ਵੇਚਣ ਲਈ ਮਜਬੂਰ ਹਨ। ਉਹਨਾਂ ਦੇ ਬੱਚਿਆਂ ਦਾ ਕੀ ਭਵਿੱਖ ਹੈ? ਉਹਨਾਂ ਦੇ ਬੁਢਾਪੇ ਦਾ ਸਹਾਰਾ ਕੌਣ ਹੈ? ਉਹਨਾਂ ਦੇ ਦੁੱਖ-ਦਰਦ ਸੁਣਨ ਜਾਨਣ ਵਾਲਾ ਕੌਣ ਹੈ? ਸਿਆਸਤਦਾਨਾ, ਤੂੰ ਤਾਂ ਸਵਾਰਥੀ ਹੋ ਗਿਆ ਹੈਂ। ਤੈਨੂੰ ਇਹ ਲੋਕ ਨਹੀਂ, ਸਿਰਫ਼ ਵੋਟਰ ਵਿਖਾਈ ਦਿੰਦੇ ਹਨ, ਜਿਹਨਾਂ ਨੂੰ ਪੰਜੀਂ ਸਾਲੀਂ ਤੂੰ ਵਰਤਦਾ ਹੈਂ ਅਤੇ ਆਪਣੇ ਰਾਹ ਪੈਂਦਾ ਹੈਂ। ਇਹ ਲੋਕ ਪ੍ਰੇਸ਼ਾਨ ਹਨ, ਕਿਉਂਕਿ ਇਹਨਾਂ ਅਤੇ ਇਹਨਾਂ ਦੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਨਹੀਂ। ਇਹ ਲੋਕ ਪ੍ਰੇਸ਼ਾਨ ਹਨ ਕਿਉਂਕਿ ਇਹਨਾਂ ਪੱਲੇ ਧੇਲਾ ਨਹੀਂ ਅਤੇ ਸਰਕਾਰੀ ਸਕੀਮਾਂ ਇਹਨਾਂ ਦੀ ਪਹੁੰਚ ਵਿੱਚ ਨਹੀਂ।
ਕਦੇ ਪੰਜਾਬ ਖੁਸ਼ਹਾਲ ਸੀ ਸਿਆਸਤਦਾਨੋ, ਅੱਜ ਪੰਜਾਬ ਦਾ ਪੋਟਾ-ਪੋਟਾ ਕਰਜ਼ਾਈ ਹੈ। ਪੰਜਾਬ ਸੁਖੀ ਸੀ ਸਿਆਸਤਦਾਨੋ! ਅੱਜ ‘84, ਨਸ਼ਿਆਂ ਅਤੇ ਮਾਫੀਏ ਦਾ ਭੰਨਿਆ ਕਰਾਹ ਰਿਹਾ ਹੈ। ਪੰਜਾਬ ਵਿੱਚ ਚੱਲੀਆਂ ਤੱਤੀਆਂ ਲਹਿਰਾਂ ਸਮੇਂ ਸਿਆਸਤਦਾਨੋ ਤੁਹਾਡੀ ਚੁੱਪੀ ਕੀ ਕਿਸੇ ਸਾਜ਼ਿਸ਼ ਤੋਂ ਘੱਟ ਸੀ? ਹਜ਼ਾਰਾਂ ਨੌਜਵਾਨ ਸ਼ਹੀਦ ਕੀਤੇ ਗਏ। ਹਜ਼ਾਰਾਂ ਨੌਜਵਾਨ ਗਾਇਬ ਕੀਤੇ ਗਏ, ਹਜ਼ਾਰਾਂ ਘਰ ਤਬਾਹ ਹੋਏ, ਪਰ ਤੁਹਾਡੇ ਸੰਘੋਂ ਹਮਦਰਦੀ ਦੇ ਦੋ ਬੋਲ ਵੀ ਨਾ ਨਿਕਲੇ। ਪੰਜਾਬ ਅਣਖੀ ਸੀ ਸਿਆਸਤਦਾਨੋ, ਪਰ ਦਲਾਲਾਂ ਨੇ, ਆਪਣੇ ਪੰਜਾਬੀ ਦਲਾਲਾਂ ਨੇ, ਇਸਦੀ ਸਿਆਸਤ, ਇਸਦੀ ਆਰਥਿਕਤਾ ਦਿੱਲੀ ਕੋਲ ਗਿਰਵੀ ਰੱਖ ਦਿੱਤੀ। ਅੱਜ ਪੰਜਾਬ ਦਿੱਲੀ ਵੱਲ ਝਾਕਦਾ ਹੈ, ਕਦੇ ਦਿੱਲੀ ਪੰਜਾਬ ਵੱਲ ਝਾਕਦੀ ਸੀ। ਕਿਹੋ ਜਿਹੀ ਹਾਲਾਤ ਬਣਾ ਦਿੱਤੀ ਹੈ ਸੋਹਣੇ, ਰੰਗਲੇ, ਜੋਸ਼ੀਲੇ, ਅਣਖੀ ਪੰਜਾਬ ਦੀ, ਐ ਪਿਆਰੇ ਪੰਜਾਬ ਦੇ ਸਵਾਰਥੀ ਸਿਆਸਤਦਾਨੋ!
ਸਿਆਸਤਦਾਨੋ, ਚੋਣਾਂ ਲੜਦੇ ਹੋ ਤਾਂ ਲੜੋ! ਇਹ ਸਭ ਦਾ ਸੰਵਾਧਾਨਿਕ ਹੱਕ ਹੈ ਪਰ ਜਿਸ ਢੰਗ ਨਾਲ ਪੈਸਾ, ਨਸ਼ਾ ਚੋਣਾਂ ਵਿੱਚ ਪਾਣੀ ਦੀ ਤਰ੍ਹਾਂ ਵਹਾਉਂਦੇ ਹੋ, ਲੋਕਾਂ ਦੇ ਟੈਕਸਾਂ ਨਾਲ ਇਕੱਠੇ ਹੋਏ ਪੈਸੇ ਉੱਤੇ ਐਸ਼ਾਂ ਕਰਦੇ ਹੋ, ਵੋਟਾਂ ਬਟੋਰਨ ਲਈ ਰਿਆਇਤਾਂ ਦੀ ਬੁਰਕੀ ਗਰੀਬਾਂ ਦੇ ਪੱਲੇ ਪਾਉਂਦੇ ਹੋ, ਇਹ ਕਿਹੜਾ ਪੰਜਾਬ ਦਾ ਭਲਾ ਕਰਦੇ ਹੋ? ਕਿਸ ਦੇ ਹਿਤ ਪੂਰਦੇ ਹੋ? ਜੇਕਰ ਪੰਜਾਬ ਲਈ ਰਤਾ ਕੁ ਵੀ ਦਰਦ ਹੈ ਤੁਹਾਡੇ ਮਨਾਂ ਵਿੱਚ, ਤਾਂ ਉੱਜੜ ਰਹੇ ਪੰਜਾਬ ਨੂੰ ਬਚਾ ਲਓ! ਬਚਾ ਲਓ, ਪੰਜਾਬ ਦੀ ਜਵਾਨੀ! ਬਚਾ ਲਓ ਪੰਜਾਬ ਦੀ ਕਿਰਸਾਨੀ!
ਜੇਕਰ ਤੁਹਾਡਾ ਮਨ ਸੱਚੀਂ-ਮੁੱਚੀਂ ਪੰਜਾਬ ਲਈ ਕੁਝ ਕਰਨਾ ਲੋਚਦਾ ਹੈ, ਜੇਕਰ ਤੁਸੀਂ ਸੱਚੇ-ਸੁੱਚੇ ਪੰਜਾਬੀ ਹੋ, ਜੇਕਰ ਤੁਹਾਡੇ ਮਨਾਂ ਵਿੱਚ ਪੰਜਾਬ ਦੇ ਲੋਕਾਂ ਲਈ ਕੁਝ ਕਰਨ ਦੀ ਲਾਲਸਾ ਹੈ ਤਾਂ ਪਹਿਲਾ ਪੰਜਾਬ ਦੀ ਬੇਰੁਜ਼ਗਾਰੀ ਖ਼ਤਮ ਕਰੋ। ਨੌਜਵਾਨਾਂ ਨੂੰ ਵਿਦੇਸ਼ਾਂ ਦੇ ਔਝੜ ਰਾਹਾਂ ਤੋਂ ਰੋਕੋ। ਉਹਨਾਂ ਲਈ ਚੰਗੀ ਪੜ੍ਹਾਈ ਦਾ ਪ੍ਰਬੰਧ ਪੰਜਾਬ ਵਿੱਚ ਕਰੋ! ਖੇਤੀ-ਅਧਾਰਤ ਉਦਯੋਗ ਲਗਾਓ! ਪਿੰਡਾਂ ਵਿੱਚ ਫਸਲੀ ਸਟੋਰੇਜ, ਮੰਡੀਕਰਨ ਦੀਆਂ ਸਹੂਲਤਾਂ ਪੈਦਾ ਕਰੋ। ਪੰਜਾਬ ਵਿੱਚ ਵੱਡੇ ਉਦਯੋਗ ਲਗਾਓ।
ਦੂਜਾ, ਖੇਤੀ ਨੂੰ ਲਾਹੇਵੰਦ ਕਿੱਤਾ ਬਣਾਉਣ ਲਈ ਅਤੇ ਧਰਤੀ ਹੇਠਲੇ ਪਾਣੀ ਦੀ ਵਰਤੋਂ ਦੀ ਥਾਂ ਨਹਿਰੀ ਪਾਣੀਆਂ ਦਾ ਖੇਤ-ਸਿੰਚਾਈ ਲਈ ਵਿਆਪਕ ਪ੍ਰਬੰਧ ਕਰੋ। ਇਸਰਾਈਲੀ ਤੁਪਕਾ ਸਿੰਚਾਈ ਸਕੀਮ ਕਾਰਗਰ ਸਾਬਤ ਹੋ ਸਕਦੀ ਹੈ। ਖੇਤੀ ਨਾਲ ਸਬੰਧਤ ਹੋਰ ਕਿੱਤਿਆਂ ਨੂੰ ਉਤਸ਼ਾਹਿਤ ਕਰੋ।
ਤੀਜਾ, ਪੰਜਾਬ ਵਿੱਚ ਹੱਥੀਂ-ਕਿੱਤਾ ਸਿਖਲਾਈ ਦਾ ਵਿਆਪਕ ਪ੍ਰਬੰਧ ਕਰਕੇ ਨੌਜਵਾਨਾਂ ਨੂੰ ਸਵੈ-ਰੁਜ਼ਗਾਰਤ ਹੋਣ ਦੇ ਮੌਕੇ ਦਿਓ।
ਚੌਥਾ, ਪੰਜਾਬ ਦੀ ਆਰਥਿਕਤਾ ਨੂੰ ਠੁੰਮਣਾ ਦੇਣ ਲਈ ਟੈਕਸ ਚੋਰੀ ਰੋਕਣਾ ਜ਼ਿਆਦਾ ਜ਼ਰੂਰੀ ਹੈ। ਵੱਡੇ ਉਦਯੋਗ ਅਤੇ ਆਈ ਟੀ ਕਾਰੋਬਾਰ ਖੋਲ੍ਹਣੇ ਸਮੇਂ ਦੀ ਮੰਗ ਹੈ।
ਪੰਜਵਾਂ, ਪੰਜਾਬ ਦੇ ਪਾਣੀਆਂ ਉੱਤੇ ਜੋ ਡਾਕਾ ਪਿਆ ਹੈ, ਉਸਦਾ ਹੱਲ ਰਿਪੇਰੀਅਨ ਕਾਨੂੰਨ ਅਨੁਸਾਰ ਹੋਵੇ ਤਾਂ ਕਿ ਸੂਬੇ ਨੂੰ ਪਾਣੀਆਂ ਦਾ ਮੁੱਲ ਮਿਲ ਸਕੇ ਅਤੇ ਇਸਦੀ ਆਰਥਿਕਤਾ ਵਿੱਚ ਸੁਧਾਰ ਹੋਵੇ।
ਛੇਵਾਂ, 1966 ਵਿੱਚ ਪੰਜਾਬੀ ਸੂਬੇ ਦੀ ਸਥਾਪਨਾ ਸਮੇਂ ਸਾਜ਼ਿਸ਼ਾਨਾਂ ਚੰਡੀਗੜ੍ਹ ਤੇ ਪੰਜਾਬੀ ਬੋਲਦੇ ਇਲਾਕੇ ਪੰਜਾਬੋਂ ਬਾਹਰ ਕਰ ਦਿੱਤੇ ਗਏ ਸਨ। ਇਹ ਇਲਾਕੇ ਪੰਜਾਬ ਲਈ ਪ੍ਰਾਪਤ ਕਰਨ ਹਿਤ ਵਿਆਪਕ ਯਤਨ ਹੋਣ।
ਸੱਤਵਾਂ, ਪੰਜਾਬੀ, ਪੰਜਾਬ ਦੀ ਮਾਤ ਭਾਸ਼ਾ ਹੈ। ਇਸਦਾ ਸਕੂਲਾਂ, ਕਾਲਜਾਂ, ਦਫਤਰਾਂ, ਕਚਹਿਰੀਆਂ, ਕਾਰੋਬਾਰਾਂ ਵਿੱਚ ਚੱਲਣ ਜ਼ਰੂਰੀ ਹੋਵੇ।
ਅੱਠਵਾਂ, ਭ੍ਰਿਸ਼ਟਾਚਾਰ, ਮਾਫੀਆ ਅਤੇ ਨਸ਼ੇ ਨੇ ਪੰਜਾਬ ਭੰਨ ਸੁੱਟਿਆ ਹੈ, ਇਹ ਲੋਕਾਂ ਦੇ ਰਗ-ਰਗ ਵਿੱਚ ਫੈਲਾ ਦਿੱਤਾ ਗਿਆ ਹੈ। ਇਹਨਾਂ ਤੋਂ ਮੁਕਤੀ ਪੰਜਾਬ ਦੇ ਲੋਕਾਂ ਦੀ ਵੱਡੀ ਜਿੱਤ ਹੋਏਗੀ।
ਨੌਂਵਾਂ, ਪੰਜਾਬ ਵਿੱਚ ਪੰਜਾਬੀਆਂ ਲਈ ਚੰਗੀ ਪੜ੍ਹਾਈ, ਚੰਗੀਆਂ ਸਿਹਤ ਸਹੂਲਤਾਂ, ਚੰਗਾ ਵਾਤਾਵਰਣ ਉਸਾਰਨ ਲਈ ਵਿਆਪਕ ਪ੍ਰਬੰਧ ਹੋਣ।
ਦਸਵਾਂ, ਸੂਬਿਆਂ ਲਈ ਵੱਧ ਅਧਿਕਾਰ ਪ੍ਰਾਪਤ ਕਰਨੇ ਜ਼ਰੂਰੀ ਹਨ ਤਾਂ ਕਿ ਸਥਾਨਕ ਪੱਧਰ ਉੱਤੇ ਫ਼ੈਸਲੇ ਹੋਣ ਅਤੇ ਸਥਾਨਕ ਸਰਕਾਰਾਂ ਵੀ ਸਹੀ ਕੰਮ ਕਰ ਸਕਣ।
ਸਿਆਸਤਦਾਨੋ! ਗੱਲਾਂ ਤਾਂ ਹੋਰ ਵੀ ਬਥੇਰੀਆਂ ਹਨ। ਪੰਜਾਬ ਵਿੱਚ ਚੋਣਾਂ ਦਾ ਵਿਗਲ ਵੱਜ ਗਿਆ ਹੈ। ਤੁਹਾਡੇ ਵੱਲੋਂ ਰੈਲੀਆਂ ਦਾ ਦੌਰ ਚੱਲ ਪਿਆ ਹੈ। ਭੀੜਾਂ ਇਕੱਠੀਆਂ ਕੀਤੀਆਂ ਜਾਣ ਲੱਗ ਪਈਆਂ ਹਨ। ਮਾਫੀਆ, ਅਪਰਾਧਿਕ ਪਿਛੋਕੜ ਵਾਲੇ ਅਤੇ ਤਿਕੜਮ ਲੜਾਉਣ ਵਾਲੇ ਪੂਰੀ ਤਰ੍ਹਾਂ ਸਰਗਰਮ ਹੋ ਗਏ ਹਨ। ਉਹਨਾਂ ਢੁੱਠਾਂ ਨੂੰ ਤੇਲ ਲਾ ਲਏ ਹਨ। ਇੱਕ ਵੇਰ ਫੇਰ ਉਹ ਪੰਜਾਬੀਆਂ ਨੂੰ ਠੱਗਣ ਅਤੇ ਮਾਤ ਦੇਣ ਦੀ ਤਿਆਰੀ ਵਿੱਚ ਹਨ। ਦਿੱਲੀਓਂ ਨਿੱਤ ਸਿਆਸੀ ਸੁਨੇਹੇ ਆ ਰਹੇ ਹਨ। ਪੰਜਾਬੀਆਂ ਨੂੰ ਕਾਬੂ ਕਰਨ ਦੀਆਂ ਵਿਉਂਤਾਂ ਗੁੰਦੀਆਂ ਜਾ ਰਹੀਆਂ ਹਨ। ਇੱਕ ਦੂਜੇ ਦੀਆਂ ਪਾਰਟੀਆਂ ਦੇ ਨੇਤਾਵਾਂ ਦੀ ਖ਼ਰੀਦੋ-ਫ਼ਰੋਖਤ ਸ਼ੁਰੂ ਹੋ ਗਈ ਹੈ। ਸਿਆਸਤਦਾਨੋ! ਕਿੱਥੇ ਗਈ ਅਸੂਲਾਂ ਦੀ ਰਾਜਨੀਤੀ ਜਿਸ ਉੱਤੇ ਪੰਜਾਬੀ ਰਸ਼ਕ ਕਰਦੇ ਸਨ? ਕੀ ਭੁੱਲ ਗਏ ਹੋ ਲੋਕ ਸਰੋਕਾਰ? ਕੀ ਕੁਰਸੀ ਪ੍ਰਾਪਤੀ ਹੀ ਤੁਹਾਡਾ ਮੁੱਖ ਨਿਸ਼ਾਨਾ ਹੈ ਜਾਂ ਲੋਕ ਹਿਤ ਵੀ ਕਿਧਰੇ ਤੁਹਾਡੇ ਸਿਆਸੀ ਕਿਤਾਬਚੇ ਵਿੱਚ ਹਨ?
ਯਾਦ ਰੱਖਿਓ, ਪੰਜਾਬ ਦੇ ਲੋਕ ਬਹੁਤ ਸਿਆਣੇ ਹਨ। ਉਹਨਾਂ ਨੂੰ ਆਪਣੇ ਭਲੇ-ਬੁਰੇ ਦੀ ਪਛਾਣ ਹੈ। ਇਹ ਵੱਖਰੀ ਗੱਲ ਹੈ ਕਿ ਕਦੇ ਕਦਾਈਂ ਉਹ ਉਤੇਜਿਤ ਹੋ ਕੇ, ਭਾਵੁਕ ਹੋ ਕੇ ਉਲਾਰ ਹੋ ਜਾਂਦੇ ਹਨ। ਪਰ ਉਹ ਭੈੜੇ ਸਿਆਸਤਦਾਨਾਂ ਦੀਆਂ ਭੈੜੀਆਂ ਲੂੰਬੜ ਚਾਲਾਂ ਤੋਂ ਜਾਣੂ ਹਨ।
ਸਿਆਸਤਦਾਨੋ! ਤੁਸੀਂ ਆਪਸ ਵਿੱਚ ਲੜਦੇ ਹੋ! ਅਸੰਬਲੀ ਵਿੱਚ ਗਾਲੀ-ਗਲੋਚ ਕਰਦੇ ਹੋ। ਇੱਕ ਦੂਜੇ ਉੱਤੇ ਦੂਸ਼ਣਬਾਜ਼ੀ ਕਰਦੇ ਹੋ। ਆਪਣੇ ਆਪ ਨੂੰ ਚੰਗਾ, ਦੂਜੇ ਨੂੰ ਮਾੜਾ ਕਹਿੰਦੇ ਹੋ। ਤੁਹਾਨੂੰ ਪੰਜਾਬ ਨਹੀਂ, ਪੰਜਾਬ ਦੇ ਮੁੱਦੇ ਨਹੀਂ, ਸਿਰਫ਼ ਕੁਰਸੀ ਪਿਆਰੀ ਹੈ। ਦਿੱਲੀ ਦੇ ਇਸ਼ਾਰਿਆਂ ਉੱਤੇ ਪੰਜਾਬ ਦੇ ਲੋਕਾਂ ਨੂੰ ਭੜਕਾਉਂਦੇ ਹੋ, ਭੁਚਲਾਉਂਦੇ ਹੋ, ਵਰਾਉਂਦੇ ਹੋ, ਚੰਗਾ ਨਹੀਂ ਕਰਦੇ! ਕਦੇ ਇਕੱਲੇ ਬੈਠ ਕੇ ਸੋਚੋ ਤਾਂ ਸਹੀ ਪੰਜਾਬ ਤੁਹਾਡਾ ਹੈ? ਕਦੇ ਸੋਚੋ ਤਾਂ ਸਹੀ ਪੰਜਾਬੀ ਤੁਹਾਡੇ ਹਨ?
ਆਖ਼ਰੀ ਗੱਲ, ਪੰਜਾਬ ਦਾ ਕਿਸਾਨ, ਦਿੱਲੀ ਹਾਕਮਾਂ ਨਾਲ ਆਪਣੀ ਹੋਂਦ ਬਚਾਉਣ ਦੀ ਲੜਾਈ ਲੜ ਰਿਹਾ ਹੈ। ਪੰਜਾਬੀ ਸਿਆਸਤਦਾਨੋ ਮਨੋਂ, ਧਨੋਂ, ਤਨੋਂ ਉਹਨਾਂ ਨਾਲ ਖੜ੍ਹਨਾ ਤੁਹਾਡਾ ਇਖ਼ਲਾਕੀ ਫ਼ਰਜ਼ ਹੈ। ਉਹ ਲੋਕਾਂ ਦੀ ਲੜਾਈ ਲੜ ਰਹੇ ਹਨ। ਉਹ ਕਾਰਪੋਰੇਟਾਂ ਵਿਰੁੱਧ, ਜਿਹੜੇ ਲੋਕਾਂ ਦਾ ਸਭ ਕੁਝ ਹੜੱਪਣ ਦੇ ਰਾਹ ਹਨ, ਵਿਰੁੱਧ ਡਟ ਕੇ ਖੜ੍ਹੇ ਹਨ। ਉਹ ਕੇਂਦਰੀ ਹਾਕਮਾਂ ਦੀ ਬਦਨੀਤੀ ਵਿਰੁੱਧ ਹੋਕਾ ਦੇ ਰਹੇ ਹਨ। ਪੰਜਾਬੀ ਸਿਆਸਤਦਾਨੋ! ਤੁਹਾਡੇ ਕਿਸੇ ਵੱਲੋਂ ਕੀਤੀ ਗਈ ਦਲਾਲੀ-ਰਾਜਨੀਤੀ, ਸਿਆਸੀ ਸੌੜੀ ਕੁਤਾਹੀ ਪੰਜਾਬ ਤੇ ਪੰਜਾਬੀਆਂ ਦੇ ਇਸ ਸਮੇਂ ਲਿਖੇ ਜਾ ਰਹੇ ਇਤਿਹਾਸ ਵਿੱਚ ਤੁਹਾਡੇ ਉੱਤੇ ਕਾਲ਼ਾ ਦਾਗ ਲਾ ਦੇਵੇਗੀ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3143)
(ਸਰੋਕਾਰ ਨਾਲ ਸੰਪਰਕ ਲਈ: