“ਜਿਹੜੇ ਕੰਡੇ ਜਾਣੇ ਅਣਜਾਣੇ ਵਿੱਚ ਖਿਲਾਰੇ ਜਾ ਰਹੇ ਹਨ, ਉਨ੍ਹਾਂ ਤੇ ਚੱਲਣ ਦੀ ਕਦੇ ਵੀ ਵਾਰੀ ...”
(20 ਨਵੰਬਰ 2021)
ਦੋਵਾਂ ਧਿਰਾਂ ਦਾ ਦਰਦ ਸਮਝਕੇ ਜਦੋਂ ਕੋਈ ਫੈਸਲਾ ਹੋਵੇ ਤਦ ਹੀ ਇਨਸਾਫ਼ ਸੰਭਵ ਹੈ। ਕਾਨੂੰਨ ਇਹ ਨਹੀਂ ਕਹਿੰਦਾ ਕਿ ਇੱਕ ਦੇ ਹੱਕ ਵਿੱਚ ਫੈਸਲਾ ਦੇ ਕੇ ਦੂਸਰੇ ਦੀ ਸਾਰੀ ਜ਼ਿੰਦਗੀ ਤਬਾਹ ਕਰ ਦਿਉ। ਮੀਰਾ ਬਾਈ ਅਨੁਸਾਰ, “ਦੁਖੀ ਵਿਅਕਤੀ ਦੀ ਪੀੜ ਨੂੰ ਸਿਰਫ਼ ਦੂਜਾ ਦੁਖੀ ਵਿਅਕਤੀ ਹੀ ਸਮਝ ਸਕਦਾ ਹੈ।” ਅੱਜ ਸਮਾਜ ਵਿੱਚ ਕਾਨੂੰਨ ਤਾਂ ਹਨ ਪਰ ਉਥਲ ਪੁਥਲ ਬਹੁਤ ਹੈ। ਰਿਸ਼ਤੇ ਤਾਰ ਤਾਰ ਹੋ ਰਹੇ ਹਨ। ਹਕੀਕਤ ਇਹ ਹੈ ਕਿ ਕਾਨੂੰਨ ਨਾਲ ਰਿਸ਼ਤੇ ਮਜ਼ਬੂਤ ਨਹੀਂ ਕੀਤੇ ਜਾ ਸਕਦੇ, ਸਿਰਫ਼ ਘਸੀਟੇ ਜਾ ਸਕਦੇ ਹਨ।
ਬਹੁਤ ਸਮੇਂ ਤੋਂ ਦਹੇਜ ਦੇ ਝੂਠੇ ਕੇਸਾਂ ਤੋਂ ਪ੍ਰੇਸ਼ਾਨ ਲੜਕੇ/ਮਰਦ ‘ਵੁਮੈਨ ਕਮਿਸ਼ਨ’ ਦੀ ਤਰ੍ਹਾਂ ਹੀ ਮਰਦਾਂ ਦੇ ਕਮਿਸ਼ਨ ਦੀ ਮੰਗ ਕਰ ਰਹੇ ਹਨ ਪਰ ਹੈਰਾਨੀ ਹੈ ਕਿ ਉਨ੍ਹਾਂ ਦੀ ਆਵਾਜ਼ ਕੋਈ ਨਹੀਂ ਸੁਣ ਰਿਹਾ। ਬਹੁਤ ਵਾਰ ਅਸੀਂ ਸੁਣਿਆ ਹੈ ਕਿ ਔਰਤਾਂ ਦੀਆਂ ਦੁਸ਼ਮਣ ਔਰਤਾਂ ਹੁੰਦੀਆਂ ਹਨ। ਮਤਲਬ ਔਰਤਾਂ ਹੀ ਔਰਤਾਂ ਦੀ ਮਦਦ ਨਹੀਂ ਕਰਦੀਆਂ। ਹੁਣ ਤਾਂ ਇਹ ਵੀ ਕਿਹਾ ਜਾ ਸਕਦਾ ਹੈ ਕਿ ਮਰਦਾਂ ਦੇ ਦੁਸ਼ਮਣ ਮਰਦ ਹਨ। ਅੱਜ ਦਹੇਜ ਦੇ ਝੂਠੇ ਕੇਸਾਂ ਵਿੱਚ ਲੜਕਿਆਂ ਨੂੰ ਫਸਾਉਣ ਲਈ ਬਹੁਤ ਕੁਝ ਹੋ ਰਿਹਾ ਹੈ। ਲੜਕੀਆਂ/ਔਰਤਾਂ ਦੀ ਮਦਦ ਲਈ ਕਾਨੂੰਨ ਬਣਾਇਆ ਗਿਆ, ਪਰ ਉਹ ਕਾਨੂੰਨ ਘੱਟ, ਹਥਿਆਰ ਵਧੇਰੇ ਬਣ ਗਿਆ। ਇਸ ਕਾਨੂੰਨ ਦੀ ਵਧਦੀ ਦੁਰਵਰਤੋਂ ਦਾ ਸਿਹਰਾ ਪੁਲਿਸ, ਪ੍ਰਸ਼ਾਸਨ, ਵਕੀਲਾਂ, ਮਾਣਯੋਗ ਜੱਜਾਂ ਅਤੇ ਇੱਕ ਤਰਫੀ ਸੋਚ ਰੱਖਣ ਵਾਲਿਆਂ ਦੇ ਸਿਰ ਹੈ।
ਜੱਜਾਂ ਅਤੇ ਪੁਲਿਸ ਅਫਸਰਾਂ ’ਤੇ ਵੀ ਹੁਣ ਦਹੇਜ ਦੇ ਕੇਸ ਦਰਜ ਹੋਣੇ ਸ਼ੁਰੂ ਹੋ ਗਏ ਹਨ। ਇਹ ਸੱਚੇ ਹਨ ਜਾਂ ਝੂਠੇ ਇਹ ਮਸਲਾ ਬਾਅਦ ਦਾ ਹੈ, ਹਕੀਕਤ ਇਹ ਹੈ ਕਿ ਕਾਨੂੰਨ ਦੀ ਦੁਰਵਰਤੋਂ ਜ਼ੋਰਾਂ-ਸ਼ੋਰਾਂ ਨਾਲ ਹੋ ਰਹੀ ਹੈ। ਪਰ ਇਸਦੇ ਬਾਵਜੂਦ ਲੜਕਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਗੱਲ ਸੁਣਨ ਨੂੰ ਕੋਈ ਤਿਆਰ ਨਹੀਂ। ਉਨ੍ਹਾਂ ਨੂੰ ਕਈ ਵਾਰ ਬੇਕਸੂਰ ਹੁੰਦਿਆਂ ਵੀ ਬੇਇੱਜ਼ਤ ਕੀਤਾ ਜਾਂਦਾ ਹੈ। ਮੋਟੀਆਂ ਰਕਮਾਂ ਉਨ੍ਹਾਂ ਕੋਲੋਂ ਕੁੜੀਆਂ ਵਾਲੇ ਮੰਗਦੇ ਹਨ ਅਤੇ ਹਰ ਕੋਈ ਉਨ੍ਹਾਂ ਦਾ ਤਮਾਸ਼ਾ ਵੇਖਦਾ ਹੈ। ਇੱਕ ਗੱਲ ਮੈਂਨੂੰ ਸਮਝ ਨਹੀਂ ਆਉਂਦੀ ਕਿ ਮਰਦ ਹੋ ਕੇ ਮਰਦਾਂ ਦਾ ਦਰਦ ਨਹੀਂ ਸਮਝਦੇ। ਮਰਦ ਹੋ ਕੇ ਮਰਦਾਂ ਦੇ ਦੁਸ਼ਮਣ ਬਣ ਜਾਂਦੇ ਹਨ। ਮੈਂ ਇਹ ਇਸ ਕਰਕੇ ਕਿਹਾ ਹੈ ਕਿ ਹਰ ਕੋਈ ਬੜੇ ਆਰਾਮ ਨਾਲ ਕਹਿ ਦਿੰਦਾ ਹੈ ਕਿ ਔਰਤ ਹੀ ਔਰਤ ਦੀ ਦੁਸ਼ਮਣ ਹੈ। ਸਮਾਜ ਨੂੰ ਚਲਾਉਣ ਅਤੇ ਪਰਿਵਾਰਾਂ ਨੂੰ ਟੁੱਟਣ ਤੋਂ ਬਚਾਉਣ ਲਈ ਇੱਕ ਪਾਸੜ ਗੱਲ ਕਰਨੀ ਬੰਦ ਕਰਨੀ ਪਵੇਗੀ। ਜੱਜ ਸਾਹਿਬ ’ਤੇ ਕੇਸ ਉਨ੍ਹਾਂ ਦੀ ਪਤਨੀ ਨੇ ਦਹੇਜ ਮੰਗਣ ਅਤੇ ਤੰਗ ਕਰਨ ਦਾ ਕੀਤਾ। ਸੁਭਾਵਿਕ ਹੈ ਬਾਕੀ ਧਾਰਾਵਾਂ ਵੀ ਲੱਗੀਆਂ ਹੋਣਗੀਆਂ। ਹਾਂ, ਜੱਜ ਸਾਹਿਬ ਦੀ ਗ੍ਰਿਫਤਾਰੀ ’ਤੇ ਰੋਕ ਲੱਗ ਗਈ। ਆਮ ਲੜਕਿਆਂ ਦਾ ਤਾਂ ਪੁਲਿਸ ਵਾਲੇ ਜਿਊਣਾ ਹਰਾਮ ਕਰ ਦਿੰਦੇ ਹਨ।
ਇਸ ਕਾਨੂੰਨ ਨੂੰ ਹਥਿਆਰ ਦੀ ਤਰ੍ਹਾਂ ਵਰਤਿਆ ਜਾ ਰਿਹਾ ਹੈ। ਇਸ ਕਾਨੂੰਨ ਦੀ ਹੋ ਰਹੀ ਦੁਰਵਰਤੋਂ ਨੂੰ ਰੋਕਣਾ ਬੇਹੱਦ ਜ਼ਰੂਰੀ ਹੈ। ਕਾਨੂੰਨ ਦੀ ਸੋਧ, ਇਸਦੀ ਦੁਰਵਰਤੋਂ ਕਰਨ ਵਾਲਿਆਂ ’ਤੇ ਸਖ਼ਤ ਕਾਰਵਾਈ ਕਰਨੀ ਬਹੁਤ ਜ਼ਰੂਰੀ ਹੈ। ਸਮਾਜ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਚਾਹੀਦਾ ਹੈ ਕਿ ਸਿਰਫ਼ ਲੜਕੀਆਂ ਦਾ ਪੱਖ ਨਾ ਪੂਰਨ, ਜਿਹੜਾ ਵੀ ਗਲਤ ਹੈ, ਉਸ ’ਤੇ ਕਾਰਵਾਈ ਹੋਵੇ, ਇਸ ’ਤੇ ਹੀ ਜ਼ੋਰ ਦੇਣ। ਹਰ ਵਾਰ ਲੜਕੇ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਗਲਤ ਸਾਬਿਤ ਕਰਨ ’ਤੇ ਜ਼ੋਰ ਨਾ ਲਗਾਉ। ਲੜਕਿਆਂ ਦੇ ਪਰਿਵਾਰਾਂ ਉੱਤੇ ਪੈਸੇ ਦਾ ਬੋਝ ਪਾ ਕੇ ਸਮਾਜ ਦਾ ਸਾਰਾ ਢਾਂਚਾ ਹੀ ਵਿਗਾੜ ਦਿੱਤਾ ਗਿਆ ਹੈ। ਜਿਸਦਾ ਜੋ ਸਮਾਨ ਹੈ, ਰਸੀਦਾਂ ਵਿਖਾ ਕੇ ਵਾਪਸ ਲੈਣ ਦੇਣ ਕਰ ਲਿਆ ਜਾਵੇ। ਪਰਿਵਾਰਾਂ ਵਿੱਚ ਮੁੰਡੇ ਅਤੇ ਕੁੜੀਆਂ ਹਨ। ਇਹ ਅੱਗ ਸਭ ਕੁਝ ਤਬਾਹ ਕਰ ਦੇਵੇਗੀ। ਜੱਜਾਂ ਦੇ ਘਰਾਂ ਵਿੱਚ ਵੀ ਵੜ ਰਹੀ ਹੈ, ਇਸ ਕਰਕੇ ਫੈਸਲੇ ਲੈਣ ਲੱਗੇ ਵੀ ਲੜਕੀਆਂ ਦਾ ਪੱਖ ਨਾ ਪੂਰਿਆ ਜਾਵੇ। ਜ਼ਬਰਦਸਤੀ ਘਰ ਨਹੀਂ ਵਸਾਏ ਜਾ ਸਕਦੇ।
ਸਮਾਜ ਵਿੱਚ ਬਹੁਤ ਕੁਝ ਵਿਗੜ ਗਿਆ ਹੈ। ਉਸਦਾ ਵੱਡਾ ਕਾਰਨ ਇਹ ਹੈ ਕਿ ਕਾਨੂੰਨਾਂ ਦੀ ਦੁਰਵਰਤੋਂ। ਦਹੇਜ ਦੇ ਕਾਨੂੰਨ ਵਿੱਚ ਦਹੇਜ ਦੇਣ ਅਤੇ ਲੈਣ ਵਾਲੇ ਦੋਵੇਂ ਗੁਨਾਹਗਾਰ ਹਨ। ਪਰ ਲੜਕੀ ਵਾਲਿਆਂ ਦੇ ਕਹਿਣ ’ਤੇ ਕਿ ਅਸੀਂ ਦਹੇਜ ਦਿੱਤਾ ਹੈ, ਕਦੇ ਕੇਸ ਦਰਜ ਨਹੀਂ ਕੀਤਾ ਜਾਂਦਾ। ਲੜਕੇ ਵਾਲੇ ਲੱਖ ਕਹਿਣ ਕਿ ਅਸੀਂ ਦਹੇਜ ਨਹੀਂ ਮੰਗਿਆ, ਇਨ੍ਹਾਂ ਨੇ ਆਪਣੀ ਮਰਜ਼ੀ ਨਾਲ ਸਮਾਨ ਦਿੱਤਾ ਹੈ, ਫੇਰ ਵੀ ਲੜਕੇ ਅਤੇ ਉਸਦੇ ਪਰਿਵਾਰ ਉੱਤੇ ਕੇਸ ਦਰਜ ਕਰ ਲਿਆ ਜਾਂਦਾ ਹੈ। ਵੱਡੀਆਂ ਰਕਮਾਂ ਮੰਗਣ ਦਾ ਰਿਵਾਜ਼ ਹੋ ਗਿਆ ਹੈ। ਜਿਸ ਦਿਨ ਲੜਕੀ ਅਤੇ ਉਸਦੇ ਪਰਿਵਾਰ ’ਤੇ ਦਹੇਜ ਦੇਣ ਦਾ ਕੇਸ ਦਰਜ ਹੋਣ ਲੱਗ ਗਿਆ, ਦਹੇਜ ਦੇ ਕੇਸ ਲੜਕਿਆਂ ਦੇ ਅਤੇ ਉਨ੍ਹਾਂ ਦੇ ਪਰਿਵਾਰਾਂ ਉੱਤੇ ਦਰਜ ਹੋਣ ਦੀ ਗਿਣਤੀ ਤੇਜ਼ੀ ਨਾਲ ਘਟ ਜਾਵੇਗੀ।
ਪੁਲਿਸ, ਵਕੀਲਾਂ ਅਤੇ ਜੱਜਾਂ ਨੂੰ ਸਮਾਜ ਵਿੱਚ ਜੋ ਹਕੀਕਤ ਵਿੱਚ ਹੋ ਰਿਹਾ ਹੈ, ਉਹ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਜਿਹੜੇ ਕੰਡੇ ਜਾਣੇ ਅਣਜਾਣੇ ਵਿੱਚ ਖਿਲਾਰੇ ਜਾ ਰਹੇ ਹਨ, ਉਨ੍ਹਾਂ ਤੇ ਚੱਲਣ ਦੀ ਕਦੇ ਵੀ ਵਾਰੀ ਕਿਸੇ ਦੀ ਧੀ ਆ ਸਕਦੀ ਹੈ। ਅਦਾਲਤਾਂ ਵਿੱਚ ਖੱਜਲ ਹੋ ਰਹੇ ਪਰਿਵਾਰਾਂ ਦੇ ਦਰਦ ਨੂੰ ਸਮਝਣਾ ਬਹੁਤ ਜ਼ਰੂਰੀ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3156)
(ਸਰੋਕਾਰ ਨਾਲ ਸੰਪਰਕ ਲਈ: