“ਮਾਵਾਂ ਵਰਗਾ ਪਿਆਰ, ਮਾਵਾਂ ਵਰਗੀਆਂ ਅਸੀਸਾਂ ਅਤੇ ਮਾਵਾਂ ਵਰਗੀ ਕੁਰਬਾਨੀ ...”
(9 ਮਈ 2021)
ਮਾਵਾਂ ਠੰਢੀਆਂ ਛਾਵਾਂ, ਛਾਵਾਂ ਕੌਣ ਕਰੇ …
ਮਾਂ ਦਿਵਸ, ਮਾਵਾਂ ਨੂੰ ਖਾਸ ਮਹਿਸੂਸ ਕਰਵਾਉਣ ਦੇ ਦਿਨ ਦੇ ਤੌਰ ’ਤੇ ਮਨਾਇਆ ਜਾਣਾ ਚਾਹੀਦਾ ਹੈ। ਹਰ ਦਿਨ ਮਾਂ ਦਿਵਸ ਅਤੇ ਮਾਂ ਲਈ ਹੋਣਾ ਚਾਹੀਦਾ ਹੈ। ਕਦੇ ਬਚਪਨ ਨੂੰ ਯਾਦ ਕਰਕੇ ਵੇਖੀਏ ਤਾਂ ਮਾਂ ਦਾ ਦਿਨ ਰਾਤ ਸਾਡੇ ਦੁਆਲੇ ਹੀ ਘੁੰਮਦਾ ਰਹਿੰਦਾ ਸੀ। ਜੇਕਰ ਗੁੱਸਾ ਵੀ ਕਰਦੀ ਹੈ ਮਾਂ ਤਾਂ ਅਖੀਰ ਵਿੱਚ ਆਪ ਨੂੰ ਹੀ ਕੋਸਦੀ ਹੈ।
ਮਾਂ ਦਿਵਸ ਦੇ ਪਿਛੋਕੜ ਵੱਲ ਜੇਕਰ ਧਿਆਨ ਮਾਰੀਏ ਤਾਂ ਸੰਯੁਕਤ ਰਾਜ ਅਮਰੀਕਾ ਵਿੱਚ ਸੰਨ 1908 ਤੋਂ ਮਾਂ ਦਿਵਸ ਮਨਾਇਆ ਜਾ ਰਿਹਾ ਹੈ। ਸੰਨ 1832 ਵਿੱਚ ਪੱਛਮੀ ਵਰਜੀਨੀਆ ਵਿੱਚ ਜਨਮੇ ਸਮਾਜ ਸੇਵਕ ਏਨੀ ਮੈਰੀ ਰੀਸ ਨੇ ਮਦਰਜ਼ ਡੇ ਵਰਕ ਕਲੱਬ ਦੀ ਸਥਾਪਨਾ ਕੀਤੀ। ਮਈ ਸੰਨ 1905 ਵਿੱਚ ਦੂਸਰੇ ਐਤਵਾਰ ਉਸਦੀ ਮੌਤ ਹੋ ਗਈ। ਉਸਦੀ ਬੇਟੀ ਅੰਨਾ ਨੇ ਆਪਣੀ ਮਾਂ ਦੀ ਯਾਦ ਵਿੱਚ ਮਾਵਾਂ ਨੂੰ ਸਨਮਾਨਿਤ ਕਰਨ ਲਈ ਇਸ ਦਿਨ ਛੁੱਟੀ ਘੋਸ਼ਿਤ ਹੋਵੇ, ਲਈ ਸੰਘਰਸ਼ ਕੀਤਾ। ਇਸ ਤਰ੍ਹਾਂ ਸੰਯੁਕਤ ਰਾਜ ਅਮਰੀਕਾ ਵਿੱਚ ਸੰਨ 1908 ਤੋਂ 10 ਮਈ ਨੂੰ ਮਾਂ ਦਿਵਸ ਦੇ ਰੂਪ ਵਿੱਚ ਮਨਾਇਆ ਜਾਣ ਲੱਗਾ। ਮਾਵਾਂ ਲਈ ਇੱਕ ਦਿਨ ਖਾਸ ਹੋਣਾ, ਮਾਵਾਂ ਨੂੰ ਖੁਸ਼ੀ ਤਾਂ ਦਿੰਦਾ ਹੀ ਹੈ।
ਮਾਵਾਂ ਵਰਗਾ ਪਿਆਰ, ਮਾਵਾਂ ਵਰਗੀਆਂ ਅਸੀਸਾਂ ਅਤੇ ਮਾਵਾਂ ਵਰਗੀ ਕੁਰਬਾਨੀ ਹੋਰ ਕੋਈ ਨਹੀਂ ਕਰ ਸਕਦਾ। ਮੁਨੱਵਰ ਰਾਣਾ ਨੇ ਲਿਖਿਆ ਹੈ, “ਲਬੋਂ ਪਰ ਉਸ ਕੇ ਕਭੀ ਬਦ ਦੁਆ ਨਹੀਂ ਹੋਤੀ, ਬੱਸ ਏਕ ਮਾਂ ਹੈ, ਜੋ ਕਭੀ ਖਫ਼ਾ ਨਹੀਂ ਹੋਤੀ।”
ਮਾਵਾਂ ਨੌ ਮਹੀਨੇ ਪੇਟ ਵਿੱਚ ਆਪਣੇ ਖੂਨ ਅਤੇ ਆਪਣੇ ਸਾਹਾਂ ਨਾਲ ਬੱਚਿਆਂ ਨੂੰ ਪਾਲਦੀਆਂ ਹਨ। ਜਨਮ ਤੋਂ ਬਾਅਦ ਵੀ ਰਾਤ ਦਿਨ ਬੱਚਿਆਂ ਦੀ ਸੇਵਾ ਕਰਦੀਆਂ ਹਨ। ਮਾਂ ਹਮੇਸ਼ਾ ਖੁਸ਼ੀ ਖੁਸ਼ੀ ਅਤੇ ਭੱਜ ਭੱਜ ਕੇ ਬੱਚਿਆਂ ਲਈ ਕੰਮ ਕਰਦੀ ਰਹੇਗੀ। ਕਦੇ ਥਕਾਵਟ ਤਾਂ ਉਸਦੇ ਨੇੜੇ ਵੀ ਨਹੀਂ ਆਉਂਦੀ। ਮਾਵਾਂ ਵਰਗਾ ਘਣਛਾਵਾਂ ਰੁੱਖ ਹੋਰ ਕੋਈ ਨਹੀਂ ਹੋ ਸਕਦਾ। ਮਾਂ ਦੀ ਬੁੱਕਲ ਵਿੱਚ ਨਿੱਘ ਵੀ ਹੈ ਅਤੇ ਠੰਢ ਵੀ ਹੈ। ਲੱਖ ਗਲਤੀਆਂ ਬੱਚੇ ਕਰਨ, ਮਾਵਾਂ ਉਨ੍ਹਾਂ ਨੂੰ ਕੁੱਟ ਤੋਂ ਜਾਂ ਝਿੜਕਾਂ ਤੋਂ ਬਚਾ ਹੀ ਲੈਂਦੀਆਂ ਹਨ। ਮੁਨੱਵਰ ਰਾਣਾ ਨੇ ਮਾਂ ਬਾਰੇ ਬੜੀ ਕਮਾਲ ਦਾ ਲਿਖਿਆ ਹੈ, “ਇਸ ਤਰ੍ਹਾਂ ਮੇਰੇ ਗੁਨਾਹੋਂ ਕੋਈ ਵੋ ਧੋ ਦੇਤੀ ਹੈ, ਮਾਂ ਬਹੁਤ ਗੁੱਸੇ ਮੇਂ ਹੋਤੀ ਹੈ ਤੋ ਰੋ ਦਿੱਤੀ ਹੈ। ਮਾਂ ਗੁੱਸਾ ਕਰਨ ਤੋਂ ਬਾਅਦ ਸਾਰਾ ਕੁਝ ਭੁਲਾ ਕੇ ਹਿੱਕ ਨਾਲ ਲਗਾ ਲੈਂਦੀ ਹੈ। ਮੂੰਹ ਚੁੰਮਦੀ ਹੈ ਅਤੇ ਸੌ ਵਾਰ ਆਪਣੇ ਆਪ ਨੂੰ ਬੁਰਾ ਭਲਾ ਕਹਿੰਦੀ ਹੈ। ਅਜਿਹਾ ਸਿਰਫ਼ ਮਾਂ ਹੀ ਕਰਦੀ ਹੈ ਤੇ ਕਰ ਸਕਦੀ ਹੈ। ਮਾਵਾਂ ਹੀ ਹਨ ਜੋ ਹਮੇਸ਼ਾ ਬੱਚਿਆਂ ਨੂੰ ਪੁੱਛਦੀਆਂ ਹਨ ਕਿ ਰੋਟੀ ਖਾਧੀ ਹੈ ਜਾਂ ਨਹੀਂ। ਬਾਕੀ ਸਾਰੇ ਰਿਸ਼ਤੇ ਤੁਹਾਡੀ ਕਮਾਈ ਪੁੱਛਣਗੇ। ਸਾਲ ਵਿੱਚ ਇੱਕ ਵਾਰ ਤੋਹਫੇ ਦੇ ਕੇ ਮਾਵਾਂ ਦਾ ਕਰਜ਼ ਨਹੀਂ ਉਤਾਰਿਆ ਜਾ ਸਕਦਾ। ਹਾਂ, ਮਾਂ ਨੂੰ ਇਹ ਖੁਸ਼ੀ ਜ਼ਰੂਰ ਹੁੰਦੀ ਹੈ ਕਿ ਮੇਰੇ ਬੱਚਿਆਂ ਨੇ ਮੈਂਨੂੰ ਯਾਦ ਕੀਤਾ, ਮੇਰਾ ਖਿਆਲ ਰੱਖਿਆ ਅਤੇ ਉਸ ਤੋਂ ਵੀ ਵਧ ਖੁਸ਼ੀ ਹੁੰਦੀ ਹੈ ਕਿ ਉਹ ਕਮਾਈ ਕਰ ਰਿਹਾ ਹੈ। ਉਸ ਨੂੰ ਤੋਹਫੇ ਨਾਲੋਂ ਪਿਆਰ ਵਧੇਰੇ ਸਮਝ ਆਉਂਦਾ ਹੈ। ਉਸ ਨੂੰ ਤੋਹਫੇ ਦੀ ਕੀਮਤ ਨਾਲੋਂ, ਬੱਚਿਆਂ ਦੀਆਂ ਭਾਵਨਾਵਾਂ ਵਧੇਰੇ ਖੁਸ਼ੀ ਦਿੰਦੀਆਂ ਹਨ।
ਮਾਵਾਂ ਰੱਬ ਦਾ ਦੂਜਾ ਰੂਪ ਹਨ। ਕਹਿੰਦੇ ਨੇ ਰੱਬ ਹਰ ਥਾਂ ਆਪ ਨਹੀਂ ਜਾ ਸਕਦਾ ਸੀ, ਇਸ ਕਰਕੇ ਉਸਨੇ ਮਾਂ ਬਣਾਈ। ਮਾਂ ਕਦੇ ਸਵਾਰਥ ਨਾਲ ਬੱਚਿਆਂ ਦੇ ਕੰਮ ਨਹੀਂ ਕਰਦੀ। ਪਿਆਰ ਵੀ ਨਿਰਸਵਾਰਥ ਹੁੰਦਾ ਹੈ। ਮਾਂ ਦੀ ਥਾਂ ਹੋਰ ਕੋਈ ਵੀ ਨਹੀਂ ਲੈ ਸਕਦਾ। ਫਿਦਾ ਬੁਖਾਰੀ ਨੇ ਕਿਹਾ ਹੈ, “ਮੈਂ ਜਦ ਸੁਣਿਆ ਰੱਬ ਨੇ ਮਾਂ ਦੇ ਪੈਰੀਂ ਜੰਨਤ ਰੱਖੀ, ਮੈਂਨੂੰ ਮੇਰਾ ਵਿਹੜਾ ਉੱਚਾ ਲੱਗਦਾ ਹੈ ਮੱਕੇ ਨਾਲੋਂ।”
ਮਾਵਾਂ ਦਾ ਰੁਤਬਾ ਬਹੁਤ ਉੱਚਾ ਹੈ। ਮਾਵਾਂ ਵਾਸਤੇ ਮਾਂ ਦਿਵਸ ਦੀ ਜ਼ਰੂਰਤ ਨਹੀਂ, ਹਰ ਦਿਨ ਮਾਂ ਵਾਸਤੇ ਹੋਣਾ ਚਾਹੀਦਾ ਹੈ। ਪਰ ਜੇਕਰ ਮਾਂ ਦਿਵਸ ਦੀ ਗੱਲ ਹੋ ਹੀ ਰਹੀ ਹੈ ਤਾਂ ਮਾਂ ਦਾ ਮਾਂ ਦਿਵਸ ਬਹੁਤ ਖਾਸ ਹੋਣਾ ਚਾਹੀਦਾ ਹੈ। ਜਿਵੇਂ ਮਾਵਾਂ ਹਰ ਖੁਸ਼ੀ ਤੁਹਾਨੂੰ ਦਿੰਦੀਆਂ ਸਨ, ਉਨ੍ਹਾਂ ਨੂੰ ਵੀ ਹਰ ਖੁਸ਼ੀ ਦਿਉ। ਉਸ ਨੂੰ ਹਰ ਮਾਂ ਦਿਵਸ ਪਿਛਲੇ ਮਾਂ ਦਿਵਸ ਨਾਲੋਂ ਵੀ ਖਾਸ ਲੱਗੇ। ਮਾਵਾਂ ਨਾਲ ਹਨ ਤਾਂ ਦੁਆਵਾਂ ਨਾਲ ਹਨ। ਮਾਵਾਂ ਵਾਂਗ ਹੋਰ ਕੋਈ ਪਿਆਰ ਨਹੀਂ ਕਰਦਾ। ਇਨ੍ਹਾਂ ਨੂੰ ਸੰਭਾਲੋ। ਵਿਜਯਪਾਟਨੀ ਨੇ ਲਿਖਿਆ ਹੈ, “ਬੜੇ ਖੁਸ਼ਨਸੀਬ ਹੈਂ ਜਿਨਕੇ ਸਿਰ ਪਰ ਮਾਂ ਕਾ ਸਾਇਆ ਹੈ।”
ਮਾਂ ਦਿਵਸ ’ਤੇ ਮਾਂ ਨੂੰ ਢੇਰ ਸਾਰਾ ਪਿਆਰ ਦਿਉ। ਉਸਦੀਆਂ ਛੋਟੀਆਂ ਛੋਟੀਆਂ ਖੁਸ਼ੀਆਂ ਪੂਰੀਆਂ ਕਰੋ। ਇਹ ਹਕੀਕਤ ਹੈ, “ਮਾਵਾਂ ਠੰਢੀਆਂ ਛਾਵਾਂ, ਛਾਵਾਂ ਕੌਣ ਕਰੇ।”
***
‘ਜੈ ਜਵਾਨ‘ ਜੈ ਕਿਸਾਨ’ ਦੇ ਨਾਅਰੇ ਦੀਆਂ ਉਡਾਈਆਂ ਜਾ ਰਹੀਆਂ ਨੇ ਧੱਜੀਆਂ
‘ਜੈ ਜਵਾਨ, ਜੈ ਕਿਸਾਨ’ ਦਾ ਨਾਅਰਾ ਲਗਾਇਆ ਸੀ ਦੇਸ਼ ਦੇ ਹਿਤ ਲਈ। ਜਦੋਂ ਇਸ ਨਾਅਰੇ ਨੂੰ ਲਿਆਂਦਾ ਗਿਆ ਉਸ ਵਕਤ ਦੇ ਪ੍ਰਧਾਨ ਮੰਤਰੀ ਅਤੇ ਪੂਰੀ ਸਰਕਾਰ ਨੂੰ ਸੈਨਿਕਾਂ ਅਤੇ ਕਿਸਾਨਾਂ ਤੋਂ ਬਗੈਰ ਹੋਰ ਕੋਈ ਵੀ ਦੇਸ਼ ਨੂੰ ਬਚਾਉਣ ਵਾਲਾ ਨਹੀਂ ਲੱਗ ਰਿਹਾ ਸੀ। ਦੇਸ਼ ਵਿੱਚ ਅਨਾਜ ਦੀ ਥੁੜ ਸੀ ਅਤੇ ਗੁਆਂਢੀ ਮੁਲਕਾਂ ਨਾਲ ਰਿਸ਼ਤੇ ਬੇਹੱਦ ਖਰਾਬ ਸਨ। ਅਨਾਜ ਕਿਸਾਨਾਂ ਨੇ ਪੈਦਾ ਕਰਨਾ ਸੀ ਅਤੇ ਕਿਸਾਨਾਂ ਦੇ ਪੁੱਤਾਂ ਨੇ ਸਰਹੱਦਾਂ ’ਤੇ ਦੇਸ਼ ਖਾਤਰ ਲੜਨਾ ਸੀ। ਦੂਰਅੰਦੇਸ਼ੀ ਦਾ ਨਤੀਜਾ ਸਾਹਮਣੇ ਹੈ। ਦੇਸ਼ ਕੋਲ ਅਨਾਜ ਵੀ ਵਾਧੂ ਹੈ ਅਤੇ ਸਰਹੱਦਾਂ ਵੀ ਸੁਰੱਖਿਅਤ ਹਨ। ਪਰ ਜੇਕਰ ਮੌਜੂਦਾ ਸਰਕਾਰਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਜਵਾਨਾਂ ਅਤੇ ਕਿਸਾਨਾਂ ਦੀ ਹਾਲਤ ਕਾਫੀ ਮਾੜੀ ਕਰ ਦਿੱਤੀ ਹੈ। ਕਿਸਾਨਾਂ ਨੂੰ ਤਾਂ ਘਰਾਂ ਵਿੱਚੋਂ ਨਿਕਲ ਕੇ ਸੜਕਾਂ ’ਤੇ ਬੈਠਣ ਲਈ ਮਜਬੂਰ ਕਰ ਦਿੱਤਾ ਹੈ। ਉਨ੍ਹਾਂ ਨਾਲ ਹਰ ਵਰਗ, ਹਰ ਧਰਮ, ਮੁਲਾਜ਼ਮ, ਛੋਟੇ ਵਪਾਰੀ ਅਤੇ ਮਜ਼ਦੂਰ ਵਰਗ ਜੁੜਿਆ ਹੋਇਆ ਹੈ। ਸਾਬਕਾ ਸੈਨਿਕਾਂ ਨੇ ਵੀ ਕਿਸਾਨਾਂ ਨੂੰ ਸਮਰਥਨ ਦਿੱਤਾ ਹੈ। ਅਸਲ ਵਿੱਚ ਕਿਸਾਨਾਂ ਦੇ ਪੁੱਤ ਹੀ ਵਧੇਰੇ ਕਰਕੇ ਸੈਨਾ ਵਿੱਚ ਹੁੰਦੇ ਹਨ। ਜਿਨ੍ਹਾਂ ਸੈਨਿਕਾਂ ਕਰਕੇ ਅਸੀਂ ਸਾਰੇ ਆਪਣੇ ਘਰਾਂ ਵਿੱਚ ਚੈਨ ਨਾਲ ਅਤੇ ਸਕੂਨ ਨਾਲ ਰਹਿ ਰਹੇ ਹਾਂ, ਅਸੀਂ ਉਨ੍ਹਾਂ ਸੈਨਿਕਾਂ ਦੀ ਜੇਕਰ ਇੱਜ਼ਤ ਨਹੀਂ ਕਰ ਸਕਦੇ ਤਾਂ ਲਾਹਨਤ ਹੈ ਸਾਡੇ ’ਤੇ। ਯੂ ਪੀ ਦੀ ਪੁਲਿਸ ਵੱਲੋਂ ਸਾਬਕਾ ਸੈਨਿਕ ਨੂੰ ਬੇਹੱਦ ਬੁਰੀ ਤਰ੍ਹਾਂ ਕੁੱਟਿਆ ਗਿਆ, ਉਹ ਵੀ ਉਸਦੀ ਮਾਂ ਅਤੇ ਭੈਣਾਂ ਦੇ ਸਾਹਮਣੇ। ਜਿਵੇਂ ਉਸਦੇ ਦੁਆਲੇ ਬਹੁਤ ਸਾਰੇ ਪੁਲਿਸ ਵਾਲੇ ਸਨ, ਲੱਗਦਾ ਸੀ ਕੋਈ ਬਹੁਤ ਵੱਡੇ ਗਰੋਹ ਦਾ ਬੰਦਾ ਫੜ ਲਿਆ ਹੋਵੇ। ਜਦੋਂ ਲੋਕ ਮੁਸੀਬਤ ਵਿੱਚ ਹੁੰਦੇ ਹਨ ਤਾਂ ਇਹ ਸਭ ਕੁਝ ਹੋ ਜਾਣ ਤੋਂ ਬਾਅਦ ਹੀ ਵਧੇਰੇ ਕਰਕੇ ਪਹੁੰਚਦੇ ਹਨ। ਪੁਲਿਸ ਨੂੰ ਕਿਸਨੇ ਹੱਕ ਦਿੱਤਾ ਹੈ ਕਿ ਇਹ ਲੋਕਾਂ ਨੂੰ ਸੜਕਾਂ ’ਤੇ ਇਵੇਂ ਕੁੱਟੇ? ਪੁਲਿਸ ਲੋਕਾਂ ਦੀ ਮਦਦ ਲਈ ਹੈ ਨਾ ਕਿ ਕੁੱਟਣ ਲਈ। ਉਸ ਸੈਨਿਕ ਨੇ ਵੀਡੀਓ ਵਿੱਚ ਸਾਰਾ ਕੁਝ ਵਿਖਾਇਆ। ਬੇਹੱਦ ਦੁੱਖ ਹੋਇਆ। ਇੱਕ ਜਣੇ ਨੂੰ ਸਸਪੈਂਡ ਕਰਨ ਦੀ ਗੱਲ ਸਾਹਮਣੇ ਆ ਵੀ ਰਹੀ ਹੈ।
ਪੁਲਿਸ ਨੂੰ ਪਹਿਲਾਂ ਇਹ ਜ਼ਰੂਰ ਵੇਖਣਾ ਅਤੇ ਸਮਝਣਾ ਚਾਹੀਦਾ ਹੈ ਕਿ ਅਸੀਂ ਆਪਣਾ ਕੰਮ ਕਿੰਨੀ ਇਮਾਨਦਾਰੀ ਅਤੇ ਜ਼ਿੰਮੇਵਾਰੀ ਨਾਲ ਕਰ ਰਹੇ ਹਾਂ। ਵਰਦੀ ਦਾ ਮਤਲਬ ਅਨੁਸ਼ਾਸਨ ਹੁੰਦਾ ਹੈ। ਜੇਕਰ ਲੋਕ ਪੁਲਿਸ ਦੀਆਂ ਜ਼ਿਆਦਤੀਆਂ ਤੋਂ ਤੰਗ ਆ ਕੇ ਪੁਲਿਸ ’ਤੇ ਹੱਥ ਚੁੱਕਣ ਤਾਂ ਵਰਦੀ ਦੀ ਤੌਹੀਨ ਕਰਵਾਉਣ ਵਿੱਚ ਪੁਲਿਸ ਦਾ ਆਪਣਾ ਹੱਥ ਵਧੇਰੇ ਹੈ।
ਪੁਲਿਸ ਕੋਲੋਂ ਅਤੇ ਪ੍ਰਸ਼ਾਸਨ ਕੋਲੋਂ ਜਦੋਂ ਵਿਗੜੇ ਹਾਲਾਤ ਜਾਂ ਵਿਗਾੜੇ ਹੋਏ ਹਾਲਾਤ ਕਾਬੂ ਵਿੱਚ ਨਹੀਂ ਆਉਂਦੇ ਤਾਂ ਸੈਨਾ ਨੂੰ ਬੁਲਾਇਆ ਜਾਂਦਾ ਹੈ। ਪੁਲਿਸ ਅਤੇ ਪ੍ਰਸ਼ਾਸਨ ਨੂੰ ਇਵੇਂ ਜ਼ਿਆਦਤੀਆਂ ਕਰਨ ਦੀ ਥਾਂ ਬਿਹਤਰ ਤਰੀਕੇ ਨਾਲ ਕੰਮ ਕਰਨ ਅਤੇ ਸਿੱਖਣ ਵੱਲ ਧਿਆਨ ਦੇਣਾ ਚਾਹੀਦਾ ਹੈ। ਇਸ ਵੇਲੇ ਕਰੋਨਾ ਕਰਕੇ ਹਾਹਾਕਾਰ ਮਚੀ ਹੋਈ ਹੈ ਅਤੇ ਪੁਲਿਸ ਦੀਆਂ ਇਸ ਤਰ੍ਹਾਂ ਦੀਆਂ ਜ਼ਿਆਦਤੀਆਂ ਦੀਆਂ ਖਬਰਾਂ ਹਰ ਰੋਜ਼ ਪੜ੍ਹਨ ਅਤੇ ਵੇਖਣ ਨੂੰ ਮਿਲ ਰਹੀਆਂ ਹਨ। ਸਾਬਕਾ ਸੈਨਿਕ ’ਤੇ ਇੰਝ ਕੀਤੀ ਜ਼ਿਆਦਤੀ ਬੇਹੱਦ ਸ਼ਰਮਨਾਕ ਹੈ। ਇਸ ’ਤੇ ਹੋਰ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਸਾਬਕਾ ਫੌਜੀਆਂ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਵਿਗਾੜ ਹੋਏ ਕੰਮ ਦਰੁਸਤ ਕਰਨ ਅਤੇ ਹਾਲਾਤ ਉੱਤੇ ਕਾਬੂ ਪਾਉਣ ਲਈ ਸੈਨਿਕ, ਚੋਪੜੀਆਂ ਅਤੇ ਦੋ-ਦੋ ਖਾਣ ਨੂੰ ਪੁਲਿਸ। ਜਦੋਂ ਜਵਾਨਾਂ ਅਤੇ ਕਿਸਾਨਾਂ ਦੀ ਇੱਜ਼ਤ ਘੱਟ ਜਾਵੇ ਤਾਂ ਦੇਸ਼ ਦੇ ਹਾਲਾਤ ਵਿਗੜੇ ਹੋਏ ਸਮਝਣੇ ਚਾਹੀਦੇ ਹਨ। ਅੱਜ ਵੀ ਕਰੋਨਾ ਦੇ ਵਿਗੜੇ ਹਾਲਾਤ ਵਿੱਚ ਸੈਨਾ ਦੀ ਮਦਦ ਲਈ ਜਾ ਰਹੀ ਹੈ।
ਠੀਕ ਹੈ ਲੋਕਾਂ ਨੂੰ ਬਚਾਉਣ ਵਾਸਤੇ ਹਰ ਕਿਸੇ ਦੀ ਮਦਦ ਲੈਣੀ ਚਾਹੀਦੀ ਹੈ ਪਰ ਇਹ ਪੁਲਿਸ ਸਿਰਫ ਲੋਕਾਂ ਨੂੰ ਕੁੱਟਣ ਅਤੇ ਭ੍ਰਿਸ਼ਟਾਚਾਰ ਕਰਨ ਲਈ ਰੱਖੀ ਹੋਈ ਹੈ। ਇਨ੍ਹਾਂ ਨੂੰ ਵੀ ਅਨੁਸ਼ਾਸਨ ਵਿੱਚ ਰਹਿਕੇ ਕੰਮ ਕਰਨਾ ਕਿਉਂ ਨਹੀਂ ਸਿਖਾਇਆ ਜਾਂਦਾ?
ਮੈਂਨੂੰ ਪੁਲਿਸ ਦਾ ਇਵੇਂ ਸੈਨਿਕ ਨੂੰ ਉਸਦੀ ਮਾਂ ਅਤੇ ਭੈਣਾਂ ਸਾਹਮਣੇ ਕੁੱਟਣਾ ਬਿਲਕੁਲ ਚੰਗਾ ਨਹੀਂ ਲੱਗਿਆ। ਮੈਂਨੂੰ ਉਸਦੀ ਤਕਲੀਫ਼ ਵੀ ਹੋਈ ਹੈ ਅਤੇ ਦਰਦ ਵੀ। ਜਿਨ੍ਹਾਂ ਨੇ ਉਸ ਸੈਨਿਕ ਨੂੰ ਕੁੱਟਿਆ ਹੈ, ਉਨ੍ਹਾਂ ਸਾਰਿਆਂ ਨੂੰ ਸਸਪੈਂਡ ਕਰਕੇ ਦੋ ਮਹੀਨੇ ਸਾਇਚਨ ਦੇ ਵਿੱਚ ਛੱਡ ਦੇਣਾ ਚਾਹੀਦਾ ਹੈ। ਜਦੋਂ ਪਰਿਵਾਰ ਤੋਂ ਦੂਰ ਅਤੇ ਬਰਫਾਂ ਵਿੱਚ ਦੂਰ ਦੂਰ ਤਕ ਕੁਝ ਵੀ ਵਿਖਾਈ ਨਾ ਦਿੱਤਾ ਤਾਂ ਪਤਾ ਲੱਗੇਗਾ ਕਿ ਸੈਨਿਕਾਂ ਦੀ ਇੱਜ਼ਤ ਕਰਨੀ ਕਿਉਂ ਜ਼ਰੂਰੀ ਹੈ। ਜਿੱਥੇ ਬਰੱਸ਼ ਕਰਨ ਲਈ ਲਿਆ ਪਾਣੀ ਵੀ ਜੰਮ ਜਾਂਦਾ ਹੈ, ਆਲੂ ਅਤੇ ਪਿਆਜ਼ ਵੀ ਜੰਮ ਜਾਂਦੇ ਹਨ, ਇਹ ਉੱਥੇ ਬੈਠਕੇ ਸਾਡੀ ਰਾਖੀ ਕਰਦੇ ਹਨ। ਬੇਹੱਦ ਗੈਰ ਜ਼ਿੰਮੇਵਾਰੀ ਵਾਲੀ ਹਰਕਤ ਹੈ ਇਹ। ਕਦੇ ਇਹ ਨਾ ਸੋਚੋ ਕਿ ਕਿਸਾਨਾਂ ਅਤੇ ਜਵਾਨਾਂ ਦੀ ਜ਼ਰੂਰਤ ਨਹੀਂ। ਇਹ ਦੋਵੇਂ ਹਨ ਤਾਂ ਦੇਸ਼ ਹੈ ਅਤੇ ਬਾਕੀ ਸਭ ਕੁਝ ਚੱਲਦਾ ਹੈ। ਇਸ ਵਕਤ ਕਿਸਾਨਾਂ ’ਤੇ ਵੀ ਡੰਡੇ ਚਲਾਏ ਜਾ ਰਹੇ ਹਨ ਅਤੇ ਜਵਾਨਾਂ ’ਤੇ ਵੀ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅੱਜ ‘ਜੈ ਜਵਾਨ, ਜੈ ਕਿਸਾਨ’ ਦੇ ਨਾਅਰੇ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2765)
(ਸਰੋਕਾਰ ਨਾਲ ਸੰਪਰਕ ਲਈ: