“ਲੋਕਾਂ ਨੂੰ ਸਰਕਾਰਾਂ ਕੋਲੋਂ ਮੁਫ਼ਤ ਵਿੱਚ ਬਿਜਲੀ ਅਤੇ ਆਟਾ ਦਾਲ ਮੰਗਣ ਦੀ ਥਾਂ ...”
(17 ਮਈ 2018)
ਕਿਸਾਨਾਂ ਦੀਆਂ ਖੁਦਕੁਸ਼ੀਆਂ ਰੁਕਣ ਦਾ ਨਾਮ ਹੀ ਨਹੀਂ ਲੈਂਦੀਆਂ। ਹਰ ਰੋਜ਼ ਇਹ ਮੰਦਭਾਗੀਆਂ ਖਬਰਾਂ ਪੜ੍ਹਨ ਨੂੰ ਮਿਲ ਜਾਂਦੀਆਂ ਹਨ। ਇਸ ਦੇ ਨਾਲ ਹੀ ਮਜ਼ਦੂਰਾਂ ਦੀਆਂ ਅਤੇ ਹੋਰ ਖੁਦਕੁਸ਼ੀਆਂ ਦੀ ਖਬਰਾਂ ਵੀ ਹੁੰਦੀਆਂ ਹਨ। ਇਸ ਤੋਂ ਵੀ ਮੰਦਭਾਗੀ ਗੱਲ ਇਹ ਹੈ ਕਿ ਅਖਬਾਰਾਂ ਦੇ ਮੁੱਖ ਪੰਨਿਆਂ ਤੋਂ ਖਿਸਕਦੀਆਂ ਹੋਈਆਂ ਇਹ ਦੁੱਖਦਾਈ ਖਬਰਾਂ ਪਿਛਲੇ ਪੰਨਿਆਂ ਤਕ ਪਹੁੰਚ ਗਈਆਂ ਹਨ।
ਹਰ ਵਰਗ ਪ੍ਰੇਸ਼ਾਨ ਹੈ, ਤੰਗ ਹੈ, ਉਸਦੀ ਕਿਧਰੇ ਵੀ ਸੁਣਵਾਈ ਨਹੀਂ। ਉਹ ਬੇਰੁਜ਼ਗਾਰੀ ਨਾਲ ਜੂਝ ਰਿਹਾ ਹੈ, ਉਹ ਮਹਿੰਗਾਈ ਦੀ ਮਾਰ ਝੱਲ ਰਿਹਾ ਹੈ। ਛੋਟੇ ਮੋਟੇ ਕਰਜ਼ੇ ਆਮ ਬੰਦੇ ਦੀ ਜਾਨ ਦਾ ਖੌ ਬਣੇ ਹੋਏ ਹਨ ਅਤੇ ਦੂਸਰੇ ਪਾਸੇ ਹਜ਼ਾਰਾਂ ਕਰੋੜ ਰੁਪਏ ਦੇ ਕਰਜ਼ੇ ਲੈ ਕੇ ਅਮੀਰ ਤਬਕਾ ਵਿਦੇਸ਼ਾਂ ਵਿੱਚ ਚਾਲੇ ਪਾ ਰਿਹਾ ਹੈ। ਉਨ੍ਹਾਂ ਨੂੰ ਤਾਂ ਕੋਈ ਹੱਥ ਨਹੀਂ ਪਾਉਂਦਾ। ਉਨਾਂ ਦਾ ਬੋਝ ਆਮ ਲੋਕਾਂ ’ਤੇ ਪੈ ਜਾਂਦਾ ਹੈ।
ਕਿਸਾਨਾਂ ਦੇ ਕਰਜ਼ੇ ਮੁਆਫੀ ਦੀ ਗੱਲ ਕਰੀਏ ਤਾਂ ਸਰਕਾਰਾਂ ਬੋਝ ਪੈਣ ਦੀ ਗੱਲ ਕਰਦੀਆਂ ਹਨ। ਬੈਕਾਂ ਵਾਲੇ ਕਿਸਾਨਾਂ ਦੇ ਘਰ ਜਾ ਕੇ ਤੰਗ ਪ੍ਰੇਸ਼ਾਨ ਕਰਨ ਲੱਗ ਜਾਂਦੇ ਹਨ। ਪਤਾ ਨਹੀਂ ਜਦੋਂ ਥੋੜ੍ਹੇ ਜਿਹੇ ਕਰਜ਼ੇ ਪਿੱਛੇ ਕਿਸਾਨ ਅਤੇ ਮਜ਼ਦੂਰ ਖ਼ੁਦਕੁਸ਼ੀ ਕਰਦਾ ਹੈ ਤਾਂ ਪ੍ਰਸ਼ਾਸਨ ਅਤੇ ਸਰਕਾਰਾਂ ਕਿਉਂ ਨਹੀਂ ਜਾਗਦੀਆਂ। ਡਾਕਟਰ ਪੀ. ਸਾਈਨਾਥ (ਪੱਤਰਕਾਰ) ਨੇ ਪੰਜਾਬ ਦੇ ਕਿਸਾਨਾਂ ਦੀ ਜ਼ਮੀਨੀ ਹਕੀਕਤ ਜਾਣਨ ਵਾਸਤੇ ਉਨ੍ਹਾਂ ਵਿਧਵਾਵਾਂ ਨਾਲ ਗੱਲਬਾਤ ਕੀਤੀ, ਜਿਨ੍ਹਾਂ ਘਰਾਂ ਵਿੱਚ ਪਰਿਵਾਰ ਦੇ ਮੈਂਬਰ ਖੁਦਕਸ਼ੀ ਕਰ ਗਏ ਸਨ। ਬਜ਼ੁਰਗ ਔਰਤਾਂ ਦੀ ਹਾਲਤ ਤਰਸਯੋਗ ਸੀ। ਕਿੱਥੇ ਹੈ ਸੋਸ਼ਲ ਸਕਿਓਰਟੀ? ਕੌਣ ਸੰਭਾਲੇਗਾ ਇਨ੍ਹਾਂ ਨੂੰ? ਸਭ ਤੋਂ ਵੱਡਾ ਪ੍ਰਸ਼ਨ ਇਹ ਹੈ ਕਿ ਇਨ੍ਹਾਂ ਦੀ ਇਸ ਹਾਲਤ ਦਾ ਜ਼ਿੰਮੇਵਾਰ ਕੌਣ ਹੈ?
ਜਦੋਂ ਕੈਂਸਰ ਘਰ ਵਿੱਚ ਵੜ ਜਾਂਦਾ ਹੈ ਤਾਂ ਘਰ ਦਾ ਹਰ ਕੋਨਾ ਖਾਲੀ ਹੋ ਜਾਂਦਾ ਹੈ। ਸਰਕਾਰ ਤਾਂ ਸਿਹਤ ਸਹੂਲਤਾਂ ਦੇਣ ਤੋਂ ਵੀ ਭੱਜ ਚੁੱਕੀ ਹੈ। ਪ੍ਰਾਈਵੇਟ ਹਸਪਤਾਲਾਂ ਦਾ ਇਲਾਜ ਸਭ ਕੁਝ ਵਿਕਾ ਦਿੰਦਾ ਹੈ। ਕਿਸਾਨ ਦੀ ਫਸਲ ਦਾ ਮੁੱਲ ਉਸ ਨੂੰ ਪੂਰਾ ਕਿਉਂ ਨਹੀਂ ਦਿੱਤਾ ਜਾਂਦਾ? ਜਦੋਂ ਨਕਲੀ ਦਵਾਈਆਂ ਅਤੇ ਸਪਰੇਅ ਨਾਲ ਫ਼ਸਲ ਤਬਾਹ ਹੁੰਦੀ ਹੈ ਤਾਂ ਸਖਤ ਕਦਮ ਕਿਉਂ ਨਹੀਂ ਚੁੱਕੇ ਜਾਂਦੇ? ਕੁਦਰਤੀ ਕਰੋਪੀ ਹੋਵੇ ਤਾਂ ਉਸਦੇ ਮੁਆਵਜ਼ੇ ਦੇਣ ਲੱਗਿਆ ਲੋਕਾਂ ਨਾਲ ਤਕਰੀਬਨ ਮਜ਼ਾਕ ਵਾਲੀ ਗੱਲ ਹੀ ਹੁੰਦੀ ਹੈ।
ਕਿਸਾਨ ਨੂੰ ਬਦਲਵੀਂ ਫਸਲ ਬੀਜਣ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਉਸਦੀ ਖਰੀਦ ਵਾਸਤੇ ਮਾਰਕੀਟ ਅਤੇ ਸਿਸਟਮ ਕੋਈ ਤਿਆਰ ਕੀਤਾ ਹੀ ਨਹੀਂ ਜਾਂਦਾ। ਜ਼ਿੰਦਗੀ ਖਤਮ ਕਰਨੀ, ਫ਼ਾਹਾ ਲੈਣਾ ਅਤੇ ਸਲਫ਼ਾਸ ਪੀਣ ਦਾ ਕਦਮ ਚੁੱਕਣਾ ਸੌਖਾ ਨਹੀਂ ਹੈ। ਜਿਹੜਾ ਅੰਨਦਾਤਾ ਸਭ ਦਾ ਪੇਟ ਭਰਦਾ ਸੀ, ਅੱਜ ਉਸ ਲਈ ਆਪਣੇ ਪਰਿਵਾਰ ਨੂੰ ਪਾਲਣਾ ਵੀ ਔਖਾ ਹੋ ਗਿਆ ਹੈ।
ਜਦੋਂ ਇਸ ਸਮੇਂ ਹਰ ਰੋਜ਼ ਕਈ ਕਈ ਖੁਦਕੁਸ਼ੀਆਂ ਹੋ ਰਹੀਆਂ ਹਨ ਕੋਈ ਇਸ ਨੂੰ ਗੰਭੀਰਤਾ ਨਾਲ ਲੈਣ ਲਈ ਤਿਆਰ ਕਿਉਂ ਨਹੀਂ ਹੈ? ਇਹ ਕਰਜ਼ੇ ਮੁਆਫ਼ੀਆਂ ਅਤੇ ਮੁਫ਼ਤ ਬਿਜਲੀ ਨਾਲ ਕਿਸਾਨਾਂ ਦੀ ਹਾਲਤ ਨਹੀਂ ਸੁਧਰਨੀ, ਉਸ ਦੀ ਫ਼ਸਲ ਦਾ ਭਾਅ ਪੂਰਾ ਦਿਉ ਤਾਂ ਕਿ ਉਹ ਇੱਜ਼ਤ ਨਾਲ ਆਪਣੀ ਜ਼ਿੰਦਗੀ ਜਿਉਂ ਸਕੇ।
ਸਰਕਾਰਾਂ ਨੂੰ ਹਰ ਇੱਕ ਨੂੰ ਵਧੀਆ ਇਲਾਜ, ਵਧੀਆ ਸਿੱਖਿਆ ਅਤੇ ਚੰਗੀ ਜ਼ਿੰਦਗੀ ਜਿਉਣ ਲਈ ਸਹੂਲਤਾਂ ਦੇਣ ਦੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਸਰਕਾਰ ਦੀਆਂ ਲਾਪ੍ਰਵਾਹੀਆਂ ਕਰਕੇ ਖੁੰਬਾਂ ਵਾਂਗ ਪ੍ਰਾਈਵੇਟ ਸਕੂਲਾਂ ਅਤੇ ਕਾਲਜਾਂ ਦੀ ਫ਼ਸਲ ਤਿਆਰ ਹੋ ਚੁੱਕੀ ਹੈ।
ਲੋਕਾਂ ਨੂੰ ਸਰਕਾਰਾਂ ਕੋਲੋਂ ਮੁਫ਼ਤ ਵਿੱਚ ਬਿਜਲੀ ਅਤੇ ਆਟਾ ਦਾਲ ਮੰਗਣ ਦੀ ਥਾਂ, ਆਪਣੇ ਮੌਲਿਕ ਅਧਿਕਾਰ ਮੰਗਣੇ ਚਾਹੀਦੇ ਹਨ। ਸਰਕਾਰ ਨੂੰ ਕਿਸਾਨਾਂ ਦੀਆਂ ਖੁਦਕੁਸ਼ੀਆਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਅਤੇ ਨਾਲ ਹੀ ਸਮਾਜ ਦੇ ਹੋਰਾਂ ਵਰਗਾਂ ਵਿੱਚ ਵਧ ਰਹੀਆਂ ਖੁਦਕਸ਼ੀਆਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।
ਕਿਸਾਨ ਬਾਰੇ ਕਿਹਾ ਜਾਂਦਾ ਹੈ ਕਿ ਉਹ ਵਿੱਤੋਂ ਬਾਹਰਾ ਖਰਚ ਕਰਦਾ ਹੈ। ਇਹ ਕਿਸੇ ਹੱਦ ਤੱਕ ਠੀਕ ਵੀ ਹੋਵੇਗਾ, ਪਰ ਜਿਵੇਂ ਅੱਜਕਲ ਮਹਿੰਗਾਈ ਹੈ, ਜਦੋਂ ਇੱਕ ਫਸਲ ਗੜੇਮਾਰ ਹੇਠਾਂ ਆ ਜਾਵੇ, ਦੂਸਰੀ ਸੁੰਡੀ ਖਾ ਜਾਵੇ ਤਾਂ ਮੁੜ ਪੈਰਾਂ ਸਿਰ ਹੋਣਾ ਔਖਾ ਹੋ ਜਾਣਾ ਕੁਦਰਤੀ ਹੈ।
*****
(1154)