“(2) ਇਨਸਾਨੀਅਤ ਨੂੰ ਖਤਮ ਨਾ ਕਰੋ”
(24 ਅਪਰੈਲ 2021)
ਸਾਡੇ ਬਜ਼ੁਰਗਾਂ ਦੀਆਂ ਕਹੀਆਂ ਗੱਲਾਂ ਉਨ੍ਹਾਂ ਦੀ ਜ਼ਿੰਦਗੀ ਦੇ ਤਜਰਬੇ ਹੁੰਦੇ ਹਨ। ਹਰ ਬੰਦੇ ਨੂੰ ਹਰ ਗੱਲ ਦੀ ਸਮਝ ਹੋਵੇ ਜਾਂ ਹਰ ਸਮੱਸਿਆ ਦੇ ਹੱਲ ਦਾ ਪਤਾ ਹੋਵੇ, ਸੰਭਵ ਨਹੀਂ ਹੈ। ਜਿਹੜੇ ਲੋਕ ਇਹ ਸਮਝਦੇ ਹਨ ਕਿ ਉਹ ਸਭ ਤੋਂ ਸਿਆਣੇ ਹਨ ਅਤੇ ਉਨ੍ਹਾਂ ਜਿੰਨੀ ਅਕਲ ਤੇ ਸਮਝ ਕਿਸੇ ਨੂੰ ਨਹੀਂ, ਅਜਿਹੇ ਲੋਕਾਂ ਨੂੰ ਅੱਖਾਂ ਵਿੱਚ ਘਸੁੰਨ ਦੇ ਕੇ ਰੋਂਦੇ ਵੇਖਿਆ ਹੈ। ਕੁਝ ਦਹਾਕੇ ਪਹਿਲਾਂ ਤਕ ਲੋਕ ਪੜ੍ਹੇ ਲਿਖੇ ਘੱਟ ਸਨ ਪਰ ਆਪਣੇ ਫੈਸਲੇ ਘਰਾਂ ਵਿੱਚ ਅਤੇ ਪੰਚਾਇਤਾਂ ਵਿੱਚ ਹੀ ਕਰ ਲੈਂਦੇ ਸਨ। ਇੱਕ ਦੂਜੇ ਨੂੰ ਪੁੱਛਣ ਦੱਸਣ ਅਤੇ ਸਲਾਹ ਮਸ਼ਵਰਾ ਕਰਨ ਦਾ ਰਿਵਾਜ਼ ਸੀ। ਉਹ ਇੱਕ ਦੂਜੇ ਨਾਲ ਦੁੱਖ ਸੁਖ ਸਾਂਝਾ ਕਰਦੇ ਸਨ। ਕੋਰਟ ਕਚਹਿਰੀ ਜਾਂ ਪੁਲਿਸ ਸਟੇਸ਼ਨ ਜਾਣਾ ਬੇਇੱਜ਼ਤੀ ਸਮਝਿਆ ਜਾਂਦਾ ਸੀ। ਪਰ ਹੁਣ ਘਰ ਵਿੱਚ ਵੀ ਗੱਲ ਕਰਨਾ ਠੀਕ ਨਹੀਂ ਸਮਝਿਆ ਜਾਂਦਾ। ਮਾਪਿਆਂ ਨੂੰ ਤਾਂ ਇਵੇਂ ਸਮਝਿਆ ਜਾਂਦਾ ਹੈ ਜਿਵੇਂ ਇਨ੍ਹਾਂ ਨੂੰ ਕੋਈ ਸਮਝ ਹੀ ਨਾ ਹੋਵੇ।
ਵਧੇਰੇ ਪੜ੍ਹਨ ਨਾਲ ਡਿਗਰੀਆਂ ਤਾਂ ਮਿਲ ਜਾਂਦੀਆਂ ਹਨ ਪਰ ਸਿਆਣਪ ਅਤੇ ਅਕਲ ਆ ਜਾਵੇ, ਇਹ ਜ਼ਰੂਰੀ ਨਹੀਂ। ਅੱਜ ਡਿਗਰੀਆਂ ਉੱਤੇ ਵਧੇਰੇ ਭਰੋਸਾ ਹੈ, ਇਸ ਕਰਕੇ ਸਮੱਸਿਆਵਾਂ ਵੀ ਵਧੇਰੇ ਹਨ। ਜਿਸ ਨੂੰ ਆਪਣੇ ਤਾਰੂ ਹੋਣ ਦਾ ਵਧੇਰੇ ਭਰੋਸਾ ਹੁੰਦਾ ਹੈ, ਡੁੱਬਦਾ ਵੀ ਉਹੋ ਹੀ ਹੈ। ਜਿਸ ਨੂੰ ਤਰਨਾ ਨਾ ਆਉਂਦਾ ਹੋਵੇ, ਉਹ ਕੋਈ ਨਾ ਕੋਈ ਸਹਾਰਾ ਜ਼ਰੂਰ ਲੱਭ ਲੈਂਦਾ ਹੈ।
ਆਪਣੇ ਉੱਤੇ ਵਿਸ਼ਵਾਸ ਹੋਣਾ ਠੀਕ ਹੈ ਪਰ ਜ਼ਰੂਰਤ ਤੋਂ ਵਧੇਰੇ ਵਿਸ਼ਵਾਸ ਨੁਕਸਾਨ ਕਰਵਾ ਸਕਦਾ ਹੈ। ਪਹਿਲਾਂ ਲੋਕ ਸੱਥਾਂ ਵਿੱਚ ਬੈਠਦੇ ਸੀ ਤਾਂ ਪਰਿਵਾਰਾਂ ਅਤੇ ਸਮਾਜ ਦੀਆਂ ਸਮੱਸਿਆਵਾਂ ਨੂੰ ਵਿਚਾਰਦੇ ਸੀ। ਉੱਥੋਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਸਮਝ ਆ ਜਾਂਦੀ ਸੀ। ਇਸ ਵੇਲੇ ਪਹਿਲਾਂ ਤਾਂ ਸੱਥਾਂ ਹੀ ਖਤਮ ਹੋ ਗਈਆਂ, ਦੂਸਰਾ ਘਰ ਦੀ ਗੱਲ ਘਰ ਵਿੱਚ ਸੁਲਝਾਉਣ ਦੀ ਥਾਂ ਪਹਿਲਾਂ ਦੂਸਰੇ ਘਰ ਜਾਂਦੀ ਹੈ ਅਤੇ ਕਈ ਵਾਰ ਉੱਥੋਂ ਪੁਲਿਸ ਸਟੇਸ਼ਨ ਅਤੇ ਅਦਾਲਤ ਵਿੱਚ ਪਹੁੰਚ ਜਾਂਦੀ ਹੈ। ਜਿਹੜੇ ਆਪਣੇ ਆਪ ਨੂੰ ਵਧੇਰੇ ਅਕਲਮੰਦ ਸਮਝਦੇ ਹਨ, ਵਧੇਰੇ ਕਰਕੇ ਉਹ ਹੀ ਰਿਸ਼ਤਿਆਂ ਨੂੰ ਡੋਬਦੇ ਹਨ।
ਇਸ ਵੇਲੇ ਪਰਿਵਾਰ ਟੁੱਟ ਰਹੇ ਹਨ, ਸਮਾਜ ਟੁੱਟ ਰਿਹਾ ਹੈ। ਜੇਕਰ ਕਾਨੂੰਨਾਂ ਦੀ ਗੱਲ ਕਰੀਏ ਤਾਂ ਆਪਣੀ ਸੁਵਿਧਾ ਮੁਤਾਬਿਕ ਕਾਨੂੰਨਾਂ ਨੂੰ ਸਮਝਿਆ ਜਾਂਦਾ ਹੈ। ਪਹਿਲਾਂ ਲੋਕ ਪੜ੍ਹੇ ਲਿਖੇ ਘੱਟ ਸਨ ਪਰ ਹਰ ਗੱਲ ਨੂੰ ਵਿਚਾਰਦੇ ਬੜੀ ਗੰਭੀਰਤਾ ਨਾਲ ਸਨ। ਕਈ ਵਾਰ ਅਸੀਂ ਵੇਖਦੇ ਹਾਂ ਕਿ ਬੱਸ ’ਤੇ ਪਲੇਟ ਲੱਗੀ ਹੁੰਦੀ ਹੈ ਕਿਸੇ ਸ਼ਹਿਰ ਕਸਬੇ ਦੇ ਨਾਮ ਦੀ ਪਰ ਘੱਟ ਪੜ੍ਹਿਆ ਲਿਖਿਆ ਫੇਰ ਵੀ ਪੁੱਛੇਗਾ। ਪਰ ਪੜ੍ਹਿਆ ਲਿਖਿਆ ਕਈ ਵਾਰ ਧੋਖਾ ਖਾ ਜਾਂਦਾ ਹੈ। ਜ਼ਿੰਦਗੀ ਦਾ ਇਹ ਕੌੜਾ ਸੱਚ ਹੈ ਕਿ ਜੇਕਰ ਸਲਾਹ ਮਸ਼ਵਰਾ ਕਰ ਲਿਆ ਜਾਵੇ ਅਤੇ ਕਿਸੇ ਤੋਂ ਪੁੱਛ ਲਿਆ ਜਾਵੇ ਤਾਂ ਜ਼ਿੰਦਗੀ ਵਧੇਰੇ ਉਲਝਦੀ ਨਹੀਂ। ‘ਇੱਕ ਇਕੱਲਾ ਦੋ ਗਿਆਰਾਂ।’ ਕਈ ਵਾਰ ਇਕੱਲਾ ਰਹਿਣ ਦੀ ਆਦਤ ਹੋਵੇ ਜਾਂ ਆਪਣੇ ਆਪ ਨੂੰ ਬਹੁਤ ਸਿਆਣਾ ਸਮਝ ਰਹੇ ਹੋਵੋ ਅਤੇ ਕਿਸੇ ਤੋਂ ਪੁੱਛਣ ਵਿੱਚ ਬੇਇੱਜ਼ਤੀ ਲੱਗੇ ਤਾਂ ਸਿਆਣੇ ਬਜ਼ੁਰਗ ਕਹਿੰਦੇ ਹਨ ਕਿ ਹੋਰ ਕੁਝ ਨਹੀਂ ਤਾਂ ਕੰਧ ਤੋਂ ਹੀ ਸਲਾਹ ਲੈ ਲਵੋ। ਮਤਲਬ ਇਹ ਹੈ ਕਿ ਇਕੱਲਾ ਬੰਦਾ ਕਦੇ ਵੀ ਜ਼ਿੰਦਗੀ ਵਿੱਚ ਸੌਖਾ ਨਹੀਂ ਰਹਿ ਸਕਦਾ।
**
ਇਨਸਾਨੀਅਤ ਨੂੰ ਖਤਮ ਨਾ ਕਰੋ
ਜਿਸ ਵਿਅਕਤੀ ਅੰਦਰ ਇਨਸਾਨੀਅਤ ਨਹੀਂ, ਉਹ ਸਮਾਜ ਲਈ ਕੈਂਸਰ ਹੈ। ਕੈਂਸਰ ਕਿੰਨਾ ਘਾਤਿਕ ਹੁੰਦਾ ਹੈ, ਇਸ ਬਾਰੇ ਦੱਸਣ ਦੀ ਕੋਈ ਜ਼ਰੂਰਤ ਹੀ ਨਹੀਂ। ਪਿਛਲੇ ਸਾਲ ਤੋਂ ਕਰੋਨਾ ਸ਼ੁਰੂ ਹੋਇਆ, ਜਿਸ ਨੇ ਲੋਕਾਂ ਦੀ ਜ਼ਿੰਦਗੀ ਲੀਹੋਂ ਲਾਹ ਦਿੱਤੀ। ਬਹੁਤ ਸਾਰੇ ਲੋਕਾਂ ਦੀਆਂ ਨੌਕਰੀਆਂ ਛੁੱਟ ਗਈਆਂ। ਘਰ ਚਲਾਉਣੇ ਔਖੇ ਹੋ ਗਏ, ਪਰ ਸਰਕਾਰ ਨੇ ਮਹਿੰਗਾਈ ਨੂੰ ਲਗਾਮ ਨਹੀਂ ਪਾਈ। ਸਰਕਾਰੀ ਹਸਪਤਾਲ ਵਿੱਚ ਬੀਮਾਰੀ ਦਾ ਇਲਾਜ ਹੋਵੇ, ਇਹ ਸਰਕਾਰ ਦੀ ਜ਼ਿੰਮੇਵਾਰੀ ਹੈ। ਪਰ ਉੱਥੇ ਤਾਂ ਪਹਿਲਾਂ ਹੀ ਸਰਕਾਰਾਂ ਨੇ ਭਾਂਡੇ ਮੂਧੇ ਮਾਰੇ ਹੋਏ ਹਨ। ਪ੍ਰਾਈਵੇਟ ਹਸਤਪਾਲ ਖੜ੍ਹੇ ਕਰਕੇ ਸਰਕਾਰੀ ਹਸਪਤਾਲਾਂ ਦੀ ਚੰਗੀ ਤਰ੍ਹਾਂ ਸੰਘੀ ਘੱਟ ਹੋਈ ਹੈ। ਲੋਕਾਂ ਨੂੰ ਸਰੇਆਮ ਲੁੱਟਿਆ ਜਾ ਰਿਹਾ ਹੈ। ਪੈਸੇ ਦੀ ਭੁੱਖ ਨੇ ਇਨਸਾਨੀਅਤ ਖਤਮ ਕਰ ਦਿੱਤੀ ਹੈ। ਜਿਸ ਪਰਿਵਾਰ ਲਈ ਅਤੇ ਬੱਚਿਆਂ ਲਈ ਇਹ ਬੇਈਮਾਨੀ ਕੀਤੀ ਜਾਂਦੀ ਹੈ, ਸਾਹ ਨਿਕਲਣ ਤੋਂ ਬਾਅਦ ਇੱਕ ਰਾਤ ਵੀ ਘਰ ਵਿੱਚ ਨਹੀਂ ਰੱਖਣਾ ਅਤੇ ਬੇਈਮਾਨੀ ਨਾਲ ਇਕੱਠਾ ਕੀਤਾ ਪੈਸਾ ਨਾਲ ਨਹੀਂ ਜਾਣਾ।
ਪਿਛਲੇ ਦਿਨੀਂ ਪੰਜਾਬ ਅਤੇ ਪੰਜਾਬ ਤੋਂ ਬਾਹਰ ਦੇ ਹਸਪਤਾਲਾਂ ਦੀਆਂ ਵੀਡੀਓ ਵੇਖਣ ਨੂੰ ਮਿਲੀਆਂ। ਜੋ ਹਸਪਤਾਲਾਂ ਵਿੱਚ ਹੋ ਰਿਹਾ ਹੈ, ਜੋ ਲੋਕ ਸੋਸ਼ਲ ਮੀਡੀਆ ’ਤੇ ਲੋਕ ਦੱਸ ਰਹੇ ਹਨ, ਉਹ ਬੇਹੱਦ ਚਿੰਤਾਜਨਕ ਹੈ। ਇਨ੍ਹਾਂ ਸਾਰੀਆਂ ਵੀਡੀਓ ਨੂੰ ਵੇਖਕੇ ਇੱਕ ਗੱਲ ਸਾਂਝੀ ਲੱਗੀ, ਮਰੀਜ਼ ਨੂੰ ਪਾਣੀ ਨਹੀਂ ਦਿੱਤਾ ਜਾ ਰਿਹਾ। ਅਸੀਂ ਆਮ ਕਰਕੇ ਮਹਿਸੂਸ ਕਰਦੇ ਹਾਂ ਕਿ ਜਦੋਂ ਪਿਆਸ ਲੱਗਣ ’ਤੇ ਪਾਣੀ ਨਾ ਮਿਲੇ ਤਾਂ ਸਰੀਰ ਨਿਢਾਲ ਹੋ ਜਾਂਦਾ ਹੈ। ਇਵੇਂ ਲੱਗਦਾ ਹੈ ਜਿਵੇਂ ਅਸੀਂ ਹੁਣੇ ਮਰ ਜਾਵਾਂਗੇ। ਫਿਰ ਸੋਚਣ ਵਾਲੀ ਗੱਲ ਹੈ ਕਿ ਪਾਣੀ ਨਾ ਦੇਣ ਦਾ ਮਤਲਬ ਕੀ ਹੈ। ਲੋਕ ਤਾਂ ਪਾਣੀ ਦੀਆਂ ਛਬੀਲਾਂ ਲਗਾਉਂਦੇ ਹਨ, ਪੰਛੀਆਂ ਲਈ ਪਾਣੀ ਰੱਖਦੇ ਹਨ, ਹੋਰ ਜਾਨਵਰਾਂ ਲਈ ਪਾਣੀ ਦਾ ਪ੍ਰਬੰਧ ਕਰਦੇ ਹਨ। ਇਹ ਇਨਸਾਨੀਅਤ ਹੈ। ਪਰ ਜਿਵੇਂ ਮਰੀਜ਼ ਪਾਣੀ ਲਈ ਉੱਥੇ ਤਰਸਦੇ ਵਿਖਾਏ ਗਏ ਅਤੇ ਘਰਦਿਆਂ ਨੇ ਕੈਮਰਿਆਂ ਸਾਹਮਣੇ ਦੱਸਿਆ, ਉਨ੍ਹਾਂ ਹਸਪਤਾਲਾਂ ਵਿੱਚ ਇਨਸਾਨੀਅਤ ਵਾਲੀ ਗੱਲ ਤਾਂ ਕੋਈ ਵਿਖਾਈ ਨਹੀਂ ਦਿੱਤੀ। ਜਿਹੜੇ ਵੀ ਹਸਪਤਾਲਾਂ ਵਿੱਚ ਅਤੇ ਜਿਹੜੇ ਡਾਕਟਰ ਅਜਿਹਾ ਕਰਦੇ ਹਨ, ਮੇਰਾ ਖਿਆਲ ਹੈ ਉਹ ਪੈਸੇ ਦੀ ਅੰਨ੍ਹੀ ਦੌੜ ਵਿੱਚ ਸਭ ਕੁਝ ਭੁੱਲ ਗਏ ਹਨ।
ਸਰਕਾਰਾਂ ਲੋਕਾਂ ਤੋਂ ਟੈਕਸ ਲੈਂਦੀਆਂ ਹਨ। ਉਨ੍ਹਾਂ ਦੀ ਡਿਊਟੀ ਬਣਦੀ ਹੈ ਕਿ ਲੋਕਾਂ ਨੂੰ ਸਿਹਤ ਸਹੂਲਤਾਂ ਮਿਆਰੀ ਦੇਵੇ। ਪਰ ਸਰਕਾਰਾਂ ਨੇ ਬਲੀ ਦੇ ਬੱਕਰੇ ਬਣਾ ਕੇ ਲੋਕਾਂ ਨੂੰ ਪ੍ਰਾਈਵੇਟ ਹਸਪਤਾਲਾਂ ਦੇ ਹੱਥਾਂ ਵਿੱਚ ਦੇ ਦਿੱਤਾ ਹੈ। ਝਟਕਾਓ ਜਾਂ ਹਲਾਲ ਕਰੋ, ਪ੍ਰਾਈਵੇਟ ਹਸਪਤਾਲਾਂ ਨੂੰ ਖੁੱਲ੍ਹੀ ਛੁੱਟੀ ਹੈ। ਪਿਛਲੇ ਦਿਨਾਂ ਵਿੱਚ ਸੋਸ਼ਲ ਮੀਡੀਆ ’ਤੇ ਹਸਪਤਾਲਾਂ ਬਾਰੇ ਬਹੁਤ ਕੁਝ ਵੇਖਿਆ ਪਰ ਕਿਸੇ ਹਸਪਤਾਲ ਉੱਤੇ ਕੋਈ ਕਾਰਵਾਈ ਹੋਈ ਦੀ ਖਬਰ ਸਾਹਮਣੇ ਨਹੀਂ ਆਈ। ਇਵੇਂ ਲੱਗਦਾ ਹੈ ਜਿਵੇਂ ਇਨਸਾਨੀਅਤ ਵਾਲੀ ਗੱਲ ਜਾਂ ਕਿਸੇ ਦਾ ਦਰਦ ਸਮਝਣ ਵਾਲੀ ਗੱਲ ਖਤਮ ਹੀ ਹੋ ਗਈ ਹੈ। ਪੈਸਾ ਨਾ ਕੋਈ ਨਾਲ ਲੈ ਕੇ ਗਿਆ ਅਤੇ ਨਾ ਕੋਈ ਲੈ ਕੇ ਜਾ ਸਕਦਾ ਹੈ। ਲਾਹਨਤ ਹੈ ਅਜਿਹੀ ਸੋਚ ਦੇ ਜੋ ਇਨਸਾਨੀਅਤ ਨੂੰ ਖਤਮ ਕਰ ਰਹੀ ਹੈ।
ਸਾਡਾ ਸਾਰਿਆਂ ਦਾ ਜਾਗਣਾ ਬਹੁਤ ਜ਼ਰੂਰੀ ਹੈ। ਜਿਹੜਾ ਸਿਆਸਤਦਾਨ ਸਾਡੀ ਵੋਟ ਖਰੀਦਣ ਦੀ ਗੱਲ ਕਰੇਗਾ, ਉਹ ਸਾਨੂੰ ਅੱਗੇ ਵੇਚਣ ਦੀ ਗੱਲ ਵੀ ਕਰੇਗਾ। ਕਦੇ ਉਹ ਪ੍ਰਾਈਵੇਟ ਹਸਪਤਾਲਾਂ ਕੋਲ ਵੇਚੇਗਾ ਅਤੇ ਕਦੇ ਪ੍ਰਾਈਵੇਟ ਸਕੂਲਾਂ, ਯੂਨੀਵਰਸਿਟੀਆਂ ਵਾਲਿਆਂ ਕੋਲ। ਆਟਾ ਦਾਲ ਮੁਫਤ ਦੇਣ ਵਾਲਿਆਂ ਨੂੰ ਕਹੋ ਕਿ ਸਾਡੀ ਨੌਜਵਾਨ ਪੀੜ੍ਹੀ ਨੂੰ ਰੁਜ਼ਗਾਰ ਦਿਉ, ਸਾਨੂੰ ਨੌਕਰੀਆਂ ਦਿਉ, ਅਸੀਂ ਰਾਸ਼ਨ ਆਪ ਖਰੀਦ ਲਵਾਂਗੇ। ਸਾਨੂੰ ਸਰਕਾਰਾਂ ਮਿਆਰੀ ਸਿੱਖਿਆ ਅਤੇ ਮਿਆਰੀ ਸਿਹਤ ਸਹੂਲਤਾਂ ਦੇਣ। ਸਵਾਲ ਜਵਾਬ ਸਲੀਕੇ ਵਿੱਚ ਰਹਿ ਕੇ ਕਰਨ ਦੀ ਆਦਤ ਪਾਉ। ਪਹਿਲਾਂ ਆਪ ਜਾਗੀਏ, ਫਿਰ ਸਿਆਸਤਦਾਨਾਂ ਨੂੰ ਜਗਾਈਏ। ਹਰ ਡਾਕਟਰ ਵਿੱਚ ਇਨਸਾਨੀਅਤ ਹੋਣਾ ਬਹੁਤ ਜ਼ਰੂਰੀ ਹੈ। ਜੇਕਰ ਉਸ ਵਿੱਚ ਇਨਸਾਨੀਅਤ ਨਹੀਂ ਤਾਂ ਉਹ ਮਰੀਜ਼ਾਂ ਨਾਲ ਦਰਿੰਦਿਆਂ ਵਾਂਗ ਪੇਸ਼ ਆਏਗਾ ਅਤੇ ਉਹ ਇਸ ਕਿੱਤੇ ਨੂੰ ਕਲੰਕਤ ਕਰੇਗਾ। ਜ਼ਿੰਦਗੀ ਹਰ ਕਿਸੇ ਦੀ ਕੀਮਤੀ ਹੁੰਦੀ ਹੈ, ਉਸ ਨੂੰ ਕੁਝ ਪੈਸਿਆਂ ਬਦਲੇ ਖਤਮ ਨਾ ਕਰੋ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2729)
(ਸਰੋਕਾਰ ਨਾਲ ਸੰਪਰਕ ਲਈ: